ਲੁਧਿਆਣਾ, 27 ਸਤੰਬਰ (ਟੀ. ਕੇ. ) - ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵਲੋਂ ਜਾਰੀ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਵਸਨੀਕਾਂ ਨੂੰ ਸੁਚਾਰੂ ਪ੍ਰਸ਼ਾਸ਼ਨਿਕ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਉਪ-ਮੰਡਲ ਮੈਜਿਸਟ੍ਰੇਟ ਲੁਧਿਆਣਾ ਪੂਰਬੀ ਡਾ. ਹਰਜਿੰਦਰ ਸਿੰਘ ਵਲੋਂ ਸਬ ਰਜਿਸਟਰਾਰ, ਲੁਧਿਆਣਾ (ਕੇਂਦਰੀ) ਦੀ ਅਚਨਚੇਤ ਚੈਕਿੰਗ ਕੀਤੀ ਗਈ।
ਚੈਕਿੰਗ ਦੌਰਾਨ ਐਸ.ਡੀ.ਐਮ. ਡਾ. ਹਰਜਿੰਦਰ ਸਿੰਘ ਵਲੋਂ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਮੌਕੇ 'ਤੇ ਸਬੰਧਤ ਸਾਰਾ ਸਟਾਫ ਡਿਊਟੀ 'ਤੇ ਮੌਜੂਦ ਸੀ। ਉਨ੍ਹਾਂ ਸਬੰਧਤ ਸਟਾਫ ਨੂੰ ਨਿਰਦੇਸ਼ ਜਾਰੀ ਕੀਤੇ ਆਮ ਲੋਕਾਂ ਦੇ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਜਾਣ ਅਤੇ ਕਿਸੇ ਵੀ ਨਾਗਰਿਕ ਨੂੰ ਖੱਜਲ ਖੁਆਰ ਨਾ ਕੀਤਾ ਜਾਵੇ।
ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਅਧਿਕਾਰੀ/ਕਰਮਚਾਰੀ ਉਨ੍ਹਾਂ ਪਾਸੋਂ ਕੰਮ ਕਰਵਾਉਣ ਦੇ ਬਦਲੇ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਮਾਣਯੋਗ ਮੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਐਂਟੀ ਕਰੱਪਸ਼ਨ ਲਾਈਨ ਤਹਿਤ ਜਾਰੀ ਵਟਸਐਪ ਨੰਬਰ 95012-00200 'ਤੇ ਵੀਡੀਓ/ਆਡੀਓ ਕਲਿੱਪ ਪਾ ਕੇ ਸ਼ਿਕਾਇਤ ਕੀਤੀ ਜਾ ਸਕਦੀ ਹੈ ਜਿਸ 'ਤੇ ਪੰਜਾਬ ਸਰਕਾਰ ਵਲੋਂ ਫੌਰੀ ਤੌਰ 'ਤੇ ਕਾਰਵਾਈ ਕੀਤੀ ਜਾਂਦੀ ਹੈ।
ਇਸ ਮੌਕੇ ਤਹਿਸੀਲਦਾਰ-ਕਮ-ਸਬ-ਰਜਿਸਟਰਾਰ, ਲੁਧਿਆਣਾ (ਕੇਂਦਰੀ) ਸ. ਨਵਪ੍ਰੀਤ ਸਿੰਘ ਸ਼ੇਰਗਿੱਲ ਵੱਲੋਂ ਦੱਸਿਆ ਗਿਆ ਕਿ ਰੋਜ਼ਾਨਾਂ ਦੀ ਰਜਿਸਟਰੀਆਂ ਦੀ ਔਸ਼ਤ ਤਕਰੀਬਨ 60 ਤੋਂ 70 ਤੱਕ ਦੀ ਹੁੰਦੀ ਹੈ ਅਤੇ ਅੱਜ ਵੀ 77 ਰਜਿਸਟਰੀਆਂ ਦੀ ਅਪੁਆਇੰਟਮੈਂਟ ਲੋਕਾਂ ਵੱਲੋਂ ਲਈ ਗਈ।
ਐਸ.ਡੀ.ਐਮ. ਡਾ. ਹਰਜਿੰਦਰ ਸਿੰਘ ਵਲੋਂ ਰਜਿਸਟਰੀਆਂ ਕਰਵਾਉਣ ਆਏ ਲੋਕਾਂ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਰਜਿਸਟਰੀਆਂ ਕਰਵਾਉਣ ਸਬੰਧੀ ਸੁੰਤਸ਼ਟੀ ਪ੍ਰਗਟ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਪਟਵਾਰ ਸਰਕਲ ਦੀ ਵੀ ਚੈਕਿੰਗ ਕੀਤੀ ਜਿੱਥੇ ਪਟਵਾਰ ਸਰਕਲ ਵਿੱਚ ਪ੍ਰਿੰਸ ਕੁਮਾਰ ਪਟਵਾਰੀ, ਦੀਪਕ ਸਿੰਗਲਾ ਪਟਵਾਰੀ, ਸਾਧੂ ਸਿੰਘ ਪਟਵਾਰੀ ਅਤੇ ਸੁਖਜਿੰਦਰ ਸਿੰਘ ਔਜਲਾ ਕਾਨੂੰਗੋ, ਦਲਜੀਤ ਸਿੰਘ ਕਾਨੂੰਗੋ ਅਤੇ ਵੁਰਣ ਕੁੁਮਾਰ ਕਾਨੂੰਗੋ ਹਾਜ਼ਰ ਪਾਏ ਗਏ।
ਉਨ੍ਹਾਂ ਰੈਵੀਨਿਊ ਸਟਾਫ ਨੂੰ ਹਦਾਇਤ ਕਰਦਿਆਂ ਕਿਹਾ ਕਿ ਆਮ ਪਬਲਿਕ ਜੋ ਇਨਕਮ ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ ਜਾਂ ਜਾਤੀ ਸਰਟੀਫਿਕੇਟ ਬਣਾਉਣ ਆਉਂਦੀ ਹੈ ਉਨ੍ਹਾਂ ਨੂੰ ਬਿਨ੍ਹਾਂ ਦੇਰੀ ਤੋਂ ਸਬੰਧਤ ਪਟਵਾਰੀ ਤੋਂ ਰਿਪੋਰਟ ਕਰਵਾਈ ਜਾਵੇ ਅਤੇ ਚੈਕਿੰਗ ਦੌਰਾਨ ਹਜ਼ਾਰ ਨੰਬਰਦਾਰ ਅਤੇ ਆਮ ਪਬਲਿਕ ਵੱਲੋਂ ਆਪਣੇ-ਆਪਣੇ ਕੰਮਾਂ ਸਬੰਧੀ ਸੁੰਤਸ਼ਟੀ ਪ੍ਰਗਟ ਕੀਤੀ ਗਈ।