You are here

ਪੰਜਾਬ

ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਦੀਆਂ ਸਮੱਸਿਆਵਾਂ ਨੂੰ  ਹੱਲ ਕਰਨ ਦੀ ਬੱਝੀ ਆਸ.... ਸੂਬਾ ਪ੍ਰਧਾਨ ਡਾ ਬਾਲੀ.....

MPAP ਦੀਆਂ ਸਮੱਸਿਆਵਾਂ ਨੂੰ ਕਰਾਂਗੇ ਜਲਦ ਹੱਲ.... ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ....  
ਬਰਨਾਲਾ /ਮਹਿਲ ਕਲਾਂ- 13 ਮਈ- (ਗੁਰਸੇਵਕ ਸੋਹੀ ) -ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਅੱਜ ਇਕ ਸੂਬਾਈ  ਵਫਦ ਪੰਜਾਬ ਦੇ ਖ਼ਜ਼ਾਨਾ  ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਨੂੰ ਮਿਲਿਆ। ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਵਿੱਚ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ, ਸੂਬਾ ਮੀਤ ਪ੍ਰਧਾਨ ਡਾ ਧਰਮਪਾਲ ਸਿੰਘ, ਸੂਬਾ ਮੀਤ ਪ੍ਰਧਾਨ  ਡਾ ਅਨਵਰ ਭਸੌੜ,ਸੂਬਾਈ ਆਗੂ ਡਾ ਬਲਜਿੰਦਰ ਸਿੰਘ ਮਲੇਰਕੋਟਲਾ ਆਦਿ ਨੇ ਆਮ ਆਦਮੀ ਪਾਰਟੀ ਦੇ ਖਜ਼ਾਨਾ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਨਾਲ ਆਪਣੀਆਂ ਸਮੱਸਿਆਵਾਂ ਸਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ।ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਸੂਬਾ ਪ੍ਰੈੱਸ ਮੀਡੀਆ ਇੰਚਾਰਜ ਪੰਜਾਬ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਦੱਸਿਆ ਕਿ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਚਰਚਾ ਕਰਦਿਆਂ ਵਿੱਤ ਮੰਤਰੀ ਨੂੰ   ਕਿਹਾ ਕਿ  ਪਿੰਡਾਂ ਵਿੱਚ ਵਸਦੇ 80% ਲੋਕਾਂ ਨਾਲ ਜ਼ਮੀਨੀ ਪੱਧਰ ਤੇ  ਸਿੱਧੇ ਜੁੜੇ ਹੋਏ ਆਰ.ਐਮ.ਪੀ ਡਾਕਟਰਾਂ ਦੇ ਮਸਲੇ ਨੂੰ ਕਾਂਗਰਸ ਨੇ 2017 ਵਿੱਚ ਆਪਣੇ ਚੋਣ ਮੈਨੀਫੈਸਟੋ ਦੇ 16 ਨੰਬਰ ਮੱਦ ਤੇ ਲਿਖਤੀ ਵਾਅਦਾ ਕੀਤਾ ਸੀ ਅਤੇ ਅਕਾਲੀ ਭਾਜਪਾ ਸਰਕਾਰ ਨੇ 2012 ਵਿੱਚ 9 ਨੰਬਰ ਮੱਧ ਤੇ ਲਿਖਤੀ ਵਾਅਦਾ ਕੀਤਾ ਸੀ। ਪਰ ਇਹ ਪਾਰਟੀਆਂ ਲਿਖਤੀ ਵਾਅਦੇ ਕਰਕੇ ਮੁੱਕਰ ਚੁੱਕੀਆਂ ਹਨ।
ਡਾ ਬਾਲੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਮੌਜੂਦਾ ਰਾਜ ਵਿਚ ਮਸਲੇ ਨੂੰ ਉਲਝਾਉਣ ਦੀ ਹੀ ਕੋਸ਼ਿਸ਼ ਕੀਤੀ  ਹੈ। ਮਸਲੇ ਨੂੰ ਸੁਲਝਾਉਣ ਦੀ ਕੋਈ ਵੀ ਕੋਸ਼ਿਸ਼ ਨਹੀਂ ਕੀਤੀ।ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਭਾਰਤ  ਦੇ ਕਈ ਸੂਬੇ ਜਿਵੇਂ ਕਰਨਾਟਕ, ਮਹਾਰਾਸ਼ਟਰ,ਆਂਧਰਾ ਪ੍ਰਦੇਸ਼ , ਬਿਹਾਰ, ਬੰਗਾਲ ਆਦਿ ਦੀਆਂ ਸਰਕਾਰਾਂ ਨੇ ਉਥੋਂ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਸਦੇ ਆਰ.ਐੱਮ.ਪੀ ਡਾਕਟਰਾਂ ਨੂੰ ਰੀਫਰੈਸ਼ਰ ਕੋਰਸ ਕਰਵਾ ਕੇ,ਮੁੱਢਲੀਆਂ ਸਿਹਤ ਸੇਵਾਵਾਂ ਦੇ ਕੰਮ ਕਰਨ ਦੀ ਮਾਨਤਾ ਦਿੱਤੀ ਹੈ।ਡਾ ਬਾਲੀ ਨੇ ਕਿਹਾ ਕਿ ਅਸੀਂ ਵੀ ਪੰਜਾਬ ਵਿੱਚ ਮੰਗ ਕਰਦੇ ਹਾਂ ਕਿ ਬਾਕੀ ਸੂਬਿਆਂ ਦੀ ਤਰਜ਼ ਤੇ ਆਰ.ਐਮ.ਪੀ ਡਾਕਟਰਾਂ ਨੂੰ ਰਜਿਸਟਰਡ ਕਰ ਕੇ/ਰਿਫ੍ਰੈਸ਼ਰ ਕੋਰਸ ਸੁਰੂ ਕਰਵਾ ਕੇ ਪੰਜਾਬ ਵਿੱਚ ਕੰਮ ਕਰਨ ਦੀ ਮਾਨਤਾ ਦਿੱਤੀ ਜਾਵੇ। ਕਿਉਂਕਿ ਪਿਛਲੇ ਸਮੇਂ ਕਰੋਨਾ ਦੀ ਮਹਾਂਮਾਰੀ ਵਿੱਚ ਵੀ ਇਨ੍ਹਾਂ ਡਾਕਟਰਾਂ ਨੇ ਆਪਣੇ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਵੱਡੀ ਪੱਧਰ ਤੇ ਬਚਾਇਆ ਹੈ।ਉਨ੍ਹਾਂ ਅੱਗੇ ਦੱਸਿਆ ਕਿ ਸਾਡੀ ਜਥੇਬੰਦੀ ਵੱਲੋਂ ਸਮੇਂ ਸਮੇਂ ਤੇ ਵੱਖ ਵੱਖ ਫਰੀ ਮੈਡੀਕਲ ਕੈਂਪ ਲਗਾਏ ਜਾਂਦੇ ਹਨ।
 ਡਾ ਬਾਲੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੇ ਖਜ਼ਾਨਾ ਮੰਤਰੀ ਸਰਦਾਰ  ਹਰਪਾਲ ਸਿੰਘ ਚੀਮਾ ਨੂੰ ਮਿਲ ਕੇ ਇਕ ਆਸ ਬੱਝੀ ਹੈ ਕਿ ਉਨ੍ਹਾਂ ਨੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਪੰਜਾਬ ਵਿੱਚ ਵੱਸਦੇ ਡੇਢ ਲੱਖ ਆਰ ਐੱਮ ਪੀ ਡਾਕਟਰਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ  ਉਨ੍ਹਾਂ ਵਾਅਦਾ ਕੀਤਾ ਕਿ ਜਲਦ ਹੀ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ ।

ਸ੍ਰੀ ਰਾਮ ਕਾਲਜ ਡੱਲਾ ਦੀ ਟੀਮ ਨੇ ਨਾਟਕ ਪੇਸ ਕੀਤਾ

ਹਠੂਰ,13,ਮਈ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਅਗਾਹਵਧੂ ਵਿਿਦਅਕ ਸੰਸਥਾ ਸ੍ਰੀ ਰਾਮ ਕਾਲਜ ਡੱਲਾ ਵਿਖੇ ਨੁੱਕੜ ਨਾਟਕ ਖੇਡਿਆ ਗਿਆ।ਇਸ ਨਾਟਕ ਦੀ ਪੇਸਕਾਰੀ ‘ਰੈਡ ਆਰਟਸ ਪੰਜਾਬ’ਸੰਸਥਾ ਦੀ ਟੀਮ ਵੱਲੋ ਦੀਪਕ ਨਿਆਜ ਦੀ ਅਗਵਾਈ ਹੇਠ ਕੀਤੀ ਗਈ।ਇਸ ਮੌਕੇ ਨਸ਼ਿਆ ਦੇ ਖਿਲਾਫ‘ਆਖਰ ਕਦੋ ਤੱਕ’ਵਿਸੇ ਤੇ ਨੁੱਕੜ ਨਾਟਕ ਪੇਸ ਕਰਕੇ ਸਮਾਜ ਨੂੰ ਨਵੀ ਸੇਧ ਦੇਣ ਦਾ ਯਤਨ ਕੀਤਾ ਗਿਆ।ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਸਤਵਿੰਦਰ ਕੌਰ ਨੇ ਨਾਟਕ ਦੀ ਟੀਮ ਨੂੰ ਸਨਮਾਨਿਤ ਕਰਦਿਆ ਕਿਹਾ ਕਿ ਅਜਿਹੇ ਸਮਾਜ ਨੂੰ ਸੇਧ ਦੇਣ ਵਾਲੇ ਨਾਟਕ ਪੇਸ ਕਰਨੇ ਅੱਜ ਸਮੇਂ ਦੀ ਮੁੱਖ ਲੋੜ ਹਨ ਕਿਉਕਿ ਅੱਜ ਦਾ ਨੌਜਵਾਨ ਵਰਗ ਸ਼ਹੀਦ ਭਗਤ ਸਿੰਘ,ਰਾਜਗੁਰੂ,ਸੁਖਦੇਵ ਅਤੇ ਗਦਰੀ ਬਾਬਿਆ ਦੀਆ ਅਣਮੁੱਲਿਆ ਕੁਰਬਾਨੀਆ ਨੂੰ ਭੁੱਲ ਕੇ ਨਸਿਆ ਦੀ ਦਲ-ਦਲ ਵਿਚ ਧਸਦਾ ਜਾ ਰਿਹਾ ਹੈ ਪਰ ਸਾਨੂੰ ਮੁੱਢਲਾ ਫਰਜ ਬਣਦਾ ਹੈ ਕਿ ਕੁਰਾਹੇ ਪੈ ਰਹੀ ਜਵਾਨੀ ਨੂੰ ਸਿੱਧੇ ਰਸਤੇ ਤੇ ਲਿਆਦਾ ਜਾਵੇ।ਇਸ ਮੌਕੇ ਉਨ੍ਹਾ ਨਾਲ ਸੈਕਟਰੀ ਸੂਬੇਦਾਰ ਦੇਵੀ ਚੰਦ ਸ਼ਰਮਾਂ,ਮਾ:ਅਵਤਾਰ ਸਿੰਘ,ਭਗਵਾਨ ਸਿੰਘ,ਪ੍ਰਭਜੀਤ ਸਿੰਘ ਅੱਚਰਵਾਲ ਅਤੇ ਕਾਲਜ ਦਾ ਸਟਾਫ ਹਾਜ਼ਰ ਸੀ।

ਸੜਕ ਤੇ ਜਲਦੀ ਪ੍ਰੀਮਿਕਸ ਪਾਉਣ ਦੀ ਕੀਤੀ ਮੰਗ

ਹਠੂਰ,13,ਮਈ-(ਕੌਸ਼ਲ ਮੱਲ੍ਹਾ)-ਪਿੰਡ ਕਮਾਲਪੁਰਾ ਤੋ ਪਿੰਡ ਦੇਹੜਕਾ ਤੱਕ ਲੰਿਕ ਸੜਕ ਨੂੰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ 804.68 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ।ਇਸ ਸੜਕ ਨੂੰ ਅਠਾਰਾ ਫੁੱਟ ਚੌੜੀ ਕਰਨ ਦਾ ਨੀਹ ਪੱਥਰ 11-12-2021 ਨੂੰ ਮੈਬਰ ਪਾਰਲੀਮੈਟ ਰਵਨੀਤ ਸਿੰਘ ਬਿੱਟੂ ਨੇ ਰੱਖਿਆ ਸੀ ਅਤੇ ਉਸ ਤੋ ਦੂਜੇ ਦਿਨ ਹੀ ਸੜਕ ਦਾ ਨਿਰਮਾਣ ਸੁਰੂ ਹੋ ਗਿਆ ਸੀ।ਇਹ ਸੜਕ ਪਿੰਡ ਕਮਾਲਪੁਰਾ ਤੋ ਚੀਮਾ ਤੋ ਭੰਮੀਪੁਰਾ ਕਲਾਂ ਦੀ ਹੱਦ ਤੱਕ ਬਣ ਤੇ ਤਿਆਰ ਹੋ ਚੁੱਕੀ ਹੈ ਪਰ ਪਿੰਡ ਭੰਮੀਪੁਰਾ ਕਲਾਂ ਤੋ ਪਿੰਡ ਦੇਹੜਕਾ ਤੱਕ ਲਗਭਗ ਪੰਜ ਕਿਲੋਮੀਟਰ ਸੜਕ ਤੇ ਪਾਇਆ ਪੱਥਰ ਪਿੰਡਾ ਦੇ ਲੋਕਾ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ।ਇਸ ਸਬੰਧੀ ਅੱਜ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਆਮ-ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਸੁਰਿੰਦਰ ਸਿੰਘ ਸੱਗੂ ਅਤੇ ਤੇਜਾ ਸਿੰਘ ਦੇਹੜਕਾ ਨੇ ਦੱਸਿਆ ਕਿ ਸੜਕ ਦਾ ਕੰਮ ਕੀੜੀ ਦੀ ਤੋਰ ਚੱਲ ਰਿਹਾ ਹੈ ਅਸੀ ਜਦੋ ਸਬੰਧਤ ਅਧਿਕਾਰੀਆ ਨਾਲ ਸੜਕ ਨੂੰ ਜਲਦੀ ਬਣਾਉਣ ਬਾਰੇ ਗੱਲਬਾਤ ਕਰਦੇ ਹਾਂ ਤਾਂ ਅਧਿਕਾਰੀ ਸਾਨੂੰ ਇਹ ਆਂਖ ਦਿੰਦੇ ਹਨ ਕਿ ਤੁਹਾਨੂੰ ਸੜਕ ਦੀ ਜਿਆਦਾ ਜਰੂਰਤ ਹੈ ਹੋਰ ਤਾ ਕੋਈ ਸੜਕ ਬਣਾਉਣ ਬਾਰੇ ਬੋਲਦਾ ਨਹੀ।ਉਨ੍ਹਾ ਕਿਹਾ ਕਿ ਪਿੰਡ ਦੇਹੜਕਾ,ਡੱਲਾ, ਮਾਣੂੰਕੇ ਅਤੇ ਭੰਮੀਪੁਰਾ ਕਲਾਂ ਆਦਿ ਪਿੰਡਾ ਦੀਆ ਸੜਕਾ ਪਿਛਲੇ ਲੰਮੇ ਸਮੇਂ ਤੋ ਪੁੱਟੀਆ ਪਈਆ ਹਨ ਜਿਸ ਕਾਰਨ ਅਨੇਕਾ ਹਾਦਸੇ ਵੀ ਵਾਪਰ ਚੁੱਕੇ ਹਨ ਪਰ ਮਹਿਕਮਾ ਸੜਕ ਤੇ ਪ੍ਰੀਮਿਕਸ ਪਾਉਣ ਵੱਲੋ ਕੋਈ ਧਿਆਨ ਨਹੀ ਦੇ ਰਿਹਾ।ਉਨ੍ਹਾ ਕਿਹਾ ਕਿ ਇਸ ਸਮੱਸਿਆ ਨੂੰ ਹੱਲ ਕਰਵਾਉਣ ਲਈ ਅਸੀ ਪਿੰਡ ਦੇਹੜਕਾ ਅਤੇ ਭੰਮੀਪੁਰਾ ਕਲਾਂ ਵਾਸੀ ਹਲਕਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਬੇਨਤੀ ਪੱਤਰ ਦੇਵਾਗੇ ਤਾਂ ਜੋ ਸੜਕਾ ਦਾ ਕੰਮ ਨੇਪੜੇ ਚਾੜਿਆ ਜਾ ਸਕੇ।ਇਸ ਮੌਕੇ ਉਨ੍ਹਾ ਨਾਲ ਡਾ:ਕੇਵਲ ਸਿੰਘ,ਕਾਮਰੇਡ ਹੁਕਮ ਰਾਜ ਦੇਹੜਕਾ,ਜਸਵਿੰਦਰ ਸਿੰਘ,ਮੰਗਲ ਸਿੰਘ,ਦਰਸਨ ਸਿੰਘ,ਬਾਬੂ ਸਿੰਘ,ਸੁਖਦੇਵ ਸਿੰਘ,ਜਰਨੈਲ ਸਿੰਘ, ਤੇਜਾ ਸਿੰਘ, ਸਰਬਜੀਤ ਸਿੰਘ ਆਦਿ ਹਾਜ਼ਰ ਸਨ।ਇਸ ਸਬੰਧੀ ਜਦੋ ਮੰਡੀਕਰਨ ਬੋਰਡ ਦੇ ਜੇ ਈ ਪ੍ਰਮਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਇਨ੍ਹਾ ਸੜਕਾ ਦਾ ਕੰਮ ਚੱਲ ਰਿਹਾ ਹੈ ਜਲਦੀ ਹੀ ਪ੍ਰੀਮਿਕਸ ਪਾਇਆ ਜਾਵੇਗਾ।

ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਹੋਈ

ਹਠੂਰ,13,ਮਈ-(ਕੌਸ਼ਲ ਮੱਲ੍ਹਾ)-ਕਿਰਤੀ ਕਿਸਾਨ ਯੂਨੀਅਨ ਜਿਲ੍ਹਾ ਲੁਧਿਆਣਾ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਕਾਉਂਕੇ ਕਲਾਂ ਦੀ ਪ੍ਰਧਾਨਗੀ ਹੇਠ ਪਿੰਡ ਮਾਣੂੰਕੇ ਵਿਖੇ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਸਕੱਤਰ ਗੁਰਤੇਜ ਸਿੰਘ ਅਖਾੜਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਤੋਂ ਯੁਨੀਅਨ ਮੰਗ ਕਰਦੀ ਹੈ ਕਿ ਕਿਸਾਨ ਜੱਥੇਬੰਦੀਆਂ ਨਾਲ ਹੋਈ ਮੀਟਿੰਗ ਵਿੱਚ ਮੂੰਗੀ ਦੀ ਫਸਲ ਤੇ ਐਮ ਐਸ ਪੀ ਦੇਣ ਵਾਂਗ ਬਾਕੀ ਫਸਲਾਂ ਬਾਸਮਤੀ ਅਤੇ ਮੱਕੀ ਆਦਿ ਤੇ ਵੀ ਐਮ ਐਸ਼ ਪੀ ਦੇਣ ਦੀ ਗਰੰਟੀ ਦਿੱਤੀ ਜਾਵੇ ਤਾਂ ਜੋ ਕਿਸਾਨ ਬਿਨਾਂ ਝਿਜਕ ਅਜਿਹੀਆਂ ਫਸਲਾਂ ਪੈਦਾ ਕਰ ਸਕਣ ਅਤੇ ਮੰਡੀਆਂ ਦੀ ਖੱਜਲ ਖੁਆਰੀ ਤੋਂ ਬਚ ਸਕਣ। ਇਸ ਮੌਕੇ ਸੂਬਾ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਸਰਕਾਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਕਿਸਾਨ ਤਿਆਰ ਹਨ ।ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੀ ਵਰਤਮਾਨ ਸਥਿਤੀ ਤੇ ਵੀ ਗਹਿਰੀ ਚਿੰਤਾ ਪ੍ਰਗਟ ਕੀਤੀ ਗਈ,ਉਨ੍ਹਾ ਕਿਹਾ ਕਿ ਦੇਸ, ਰਾਜ ਅਤੇ ਜਿਲ੍ਹਾ ਪੱਧਰ ਤੇ ਜਿਹੜੀਆਂ ਕਿਸਾਨ ਜੱਥੇਬੰਦੀਆਂ ਦਾ ਵਿਧਾਨ ਅਨੁਸਾਰ ਜੱਥੇਬੰਦਕ ਢਾਂਚਾ ਹੈ, ਇਸ ਦੇ ਕੁਝ ਨਿਯਮ ਹੋਣੇ ਚਾਹੀਦੇ ਹਨ।ਇਸ ਵਿੱਚ ਸਾਮਿਲ ਜੱਥੇਬੰਦੀਆਂ ਦਾ ਸਮਾਨਤਾ ਵਾਲਾ ਦਰਜਾ ਹੁੰਦਾ ਹੈ।ਇਸ ਮੌਕੇ ਉਨ੍ਹਾ ਨਾਲ ਹਰਦੇਵ ਸਿੰਘ ਸਮਰਾ,ਸੁਖਦੇਵ ਸਿੰਘ ਮਾਣੂੰਕੇ, ਹਰਨੇਕ ਸਿੰਘ ਅੱਚਰਵਾਲ,ਗੁਰਤੇਜ ਸਿੰਘ ਚਕਰ,ਗੁਰਚਰਨ ਸਿੰਘ ਮਾਣੂੰਕੇ ਆਦਿ ਹਾਜ਼ਰ ਸਨ ।

ਭਵਿੱਖ ਦੇ ਕਾਰੋਬਾਰੀ 'ਸਟਾਰਟ-ਅੱਪ ਚੈਲੈਂਜ' ਪ੍ਰਾਜੈਕਟ ਲਾਂਚ ਕਰਕੇ ਨਿਵੇਕਲਾ ਜ਼ਿਲ੍ਹਾ ਬਣਿਆ ਪਟਿਆਲਾ

-'ਫਿਊਚਰ ਟਾਈਕੂਨਜ਼' ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਚਾਹਵਾਨਾਂ ਨੂੰ ਢੁਕਵਾਂ ਮੰਚ ਤੇ ਸੁਖਾਵਾਂ ਵਾਤਾਵਰਨ ਪ੍ਰਦਾਨ ਕਰੇਗਾ-ਸਾਕਸ਼ੀ ਸਾਹਨੀ

 

ਪਟਿਆਲਾ, 13 ਮਈ ( ਰਣਜੀਤ ਸਿੱਧਵਾਂ) : ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਅਜਿਹੇ ਨਿਵੇਕਲੇ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਹੈ, ਜਿਸ ਤਹਿਤ ਵਿਦਿਆਰਥੀਆਂ, ਨੌਜਵਾਨਾਂ, ਸਵੈ-ਸਹਾਇਤਾ ਗਰੁੱਪਾਂ, ਮਹਿਲਾਵਾਂ, ਦਿਵਿਆਂਗਜਨਾਂ, ਛੋਟੇ-ਵੱਡੇ ਕਾਰੋਬਾਰੀਆਂ ਜਾਂ ਆਮ ਲੋਕਾਂ 'ਚੋਂ ਕਿਸੇ ਦੇ ਵੀ ਆਪਣੇ ਸੁਪਨਮਈ ਪ੍ਰਾਜੈਕਟ ਦੇ ਨਵੇਂ ਸੰਕਲਪਾਂ ਜਾਂ ਯੋਜਨਾਵਾਂ ਨੂੰ ਅੱਗੇ ਲਿਆ ਕੇ ਅਸਲ 'ਚ ਰੂਪਮਾਨ ਕਰਨ ਲਈ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ।

ਇਹ 'ਭਵਿੱਖ ਦੇ ਕਾਰੋਬਾਰੀ: ਸਟਾਰਟ-ਅੱਪ ਚੈਲੈਂਜ' ਪ੍ਰਾਜੈਕਟ, ਅੱਜ ਇੱਥੇ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦੇ ਆਡੀਟੋਰੀਅਮ ਵਿਖੇ ਕਰਵਾਏ ਇੱਕ ਸਾਦੇ ਸਮਾਗਮ 'ਚ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉਪਲ, ਏ.ਡੀ.ਸੀ. (ਸ਼ਹਿਰੀ ਵਿਕਾਸ) ਗੌਤਮ ਜੈਨ ਸਮੇਤ ਜ਼ਿਲ੍ਹੇ ਦੇ ਚੋਣਵੇਂ ਸਨਅਤਕਾਰਾਂ, ਸਵੈ-ਸਹਾਇਤਾ ਗਰੁੱਪਾਂ ਅਤੇ ਛੋਟੇ-ਵੱਡੇ ਕਾਰੋਬਾਰੀਆਂ ਵੱਲੋਂ ਸਾਂਝੇ ਤੌਰ 'ਤੇ ਲਾਂਚ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਨਾਭਾ ਹਲਕੇ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਤਹਿਤ ਜ਼ਿਲ੍ਹੇ ਦੇ ਹੁਨਰਮੰਦ ਨੌਜਵਾਨਾਂ ਤੇ ਵੱਖ-ਵੱਖ ਕਿੱਤਿਆਂ ਦੀ ਯੈਲੋ ਪੇਜੇਜ਼ ਡਾਇਰੈਕਟਰੀ ਜਾਰੀ ਕਰਨ ਦੀ ਵੀ ਪ੍ਰਸ਼ੰਸਾ ਕੀਤੀ। ਇਸ ਮੌਕੇ ਤ੍ਰਿਜਨ ਕਲਾ ਸੰਗਮ ਸੈਲਫ਼ ਹੈਲਪ ਗਰੁਪ ਨੂੰ 3 ਲੱਖ ਰੁਪਏ ਦਾ ਚੈਕ ਸਟਾਰਟ ਅਪ ਪੰਜਾਬ ਵੱਲੋਂ ਪ੍ਰਦਾਨ ਕੀਤਾ ਗਿਆ।

      ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਹ ਪ੍ਰਾਜੈਕਟ ਸ਼ੁਰੂ ਕਰਕੇ ਪਟਿਆਲਾ, ਪੰਜਾਬ ਹੀ ਨਹੀਂ ਬਲਕਿ ਦੇਸ਼ ਦਾ ਅਜਿਹਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ, ਜੋਕਿ ਸਮਾਜ ਦੇ ਉਨ੍ਹਾਂ ਲੋਕਾਂ, ਜੋਕਿ ਰੇਹੜੀ-ਫੜੀ ਲਗਾਉਂਦੇ ਹਨ ਜਾਂ ਸਵੈ-ਸਹਾਇਤਾ ਗਰੁੱਪਾਂ ਦੇ ਮੈਂਬਰ ਹਨ ਅਤੇ ਆਪਣਾ ਕੋਈ ਛੋਟਾ-ਵੱਡਾ ਕਾਰੋਬਾਰ ਕਰਦੇ ਹਨ, ਨੂੰ ਆਪਣੇ ਕਾਰੋਬਾਰ, ਸਨਅਤ ਜਾਂ ਉਦਮ ਨੂੰ ਹੋਰ ਪ੍ਰਫੁਲਤ ਲਈ ਇੱਕ ਢੁਕਵਾਂ ਮੰਚ ਪ੍ਰਦਾਨ ਕਰੇਗਾ। ਡੀ.ਸੀ. ਨੇ ਦੱਸਿਆ ਕਿ ਇਸ ਪ੍ਰਾਜੈਕਟ ਅਧੀਨ ਨੌਜਵਾਨਾਂ, ਮਹਿਲਾਵਾਂ, ਦਿਵਿਆਂਗਜਨਾਂ ਅਤੇ ਆਮ ਲੋਕਾਂ ਜਾਂ ਪਹਿਲਾਂ ਹੀ ਆਪਣੇ ਵੱਡੇ-ਛੋਟੇ ਕਾਰੋਬਾਰ ਕਰ ਰਹੇ ਲੋਕ, ਜੋਕਿ ਆਪਣਾ ਕਾਰੋਬਾਰ ਨੂੰ ਹੋਰ ਅੱਗੇ ਵਧਾਉਣਾ ਚਾਹੁੰਦੇ ਹਨ ਜਾਂ ਨਵਾਂ ਕਾਰੋਬਾਰ ਕਰਨਾ ਚਾਹੁੰਦੇ ਹਨ, ਤੋਂ ਨਵੇਂ ਉਦਮ ਜਾਂ ਕਾਰੋਬਾਰ ਸ਼ੁਰੂ ਲਈ ਉਨ੍ਹਾਂ ਦੇ ਸੰਕਲਪ, ਯੋਜਨਾ ਤੇ ਸੁਝਾਓ ਮੰਗੇ ਗਏ ਹਨ। ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇੱਕ ਮਹੀਨੇ ਦੇ ਅੰਦਰ-ਅੰਦਰ 12 ਜੂਨ ਤੱਕ, ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਕੋਲ ਪੁੱਜਣ ਵਾਲੇ ਸੰਕਲਪਾਂ 'ਚੋਂ ਚੁਣੇ ਸਭ ਤੋਂ ਬਿਹਤਰ ਸੰਕਲਪ ਜਾਂ ਯੋਜਨਾ ਭੇਜਣ ਵਾਲੇ ਭਵਿੱਖੀ ਕਾਰੋਬਾਰੀ ਆਪਣੀ ਪ੍ਰੈਜੈਂਟੇਸ਼ਨ ਦੇਣਗੇ ਅਤੇ ਹਰ ਵਰਗ ਦੇ ਜੇਤੂਆਂ ਨੂੰ 51-51 ਹਜਾਰ ਰੁਪਏ ਨਕਦ, ਸੀਡ ਫੰਡਿੰਗ, ਏਂਜਲ ਇਨਵੈਸਟਰ ਵੱਲੋਂ ਨਿਵੇਸ਼ ਸਹਾਇਤਾ ਤੋਂ ਇਲਾਵਾ ਕਰਜ਼ ਤੇ ਸਬਸਿਡੀ, ਸਟਾਰਟ-ਅੱਪ ਪੋਰਟਲ 'ਤੇ ਰਜਿਸਟ੍ਰੇਸ਼ਨ ਆਦਿ ਮੁਹੱਈਆ ਕਰਵਾਏਗਾ। ਜਦਕਿ ਹੋਰ ਵਧੀਆ ਸੁਝਾਓ ਭੇਜਣ ਵਾਲਿਆਂ ਨੂੰ ਬੈਂਕ ਟਾਈ-ਅਪ ਤੇ ਰਾਏ-ਮਸ਼ਵਰੇ ਦੀ ਸਹੂਲਤ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਰਕਾਰੀ ਤੇ ਗ਼ੈਰ ਸਰਕਾਰੀ ਨੌਕਰੀਆਂ ਪ੍ਰਦਾਨ ਕਰਨ ਦੇ ਨਾਲ-ਨਾਲ ਆਪਣੇ ਉਦਮ ਸ਼ੁਰੂ ਕਰਨ ਲਈ ਸੁਖਾਵਾਂ ਤੇ ਹਾਂ ਪੱਖੀ ਮਾਹੌਲ ਵੀ ਮੁਹੱਈਆ ਕਰਵਾਉਣ ਦਾ ਟੀਚਾ ਹੈ। ਇਸ ਟੀਚੇ ਦੀ ਪੂਰਤੀ ਲਈ ਜ਼ਿਲ੍ਹਾ ਪਟਿਆਲਾ ਵੱਲੋਂ 'ਫਿਊਚਰ ਟਾਈਕੂਨਜ਼' ਸਟਾਰਟ-ਅੱਪ ਚੈਲੈਂਜ ਪ੍ਰਾਜੈਕਟ, ਸ਼ੁਰੂ ਕਰਨ ਦਾ ਉਪਰਾਲਾ, ਇਕੱਲੇ ਪੰਜਾਬ ਹੀ ਨਹੀਂ ਬਲਕਿ ਦੇਸ਼ ਭਰ 'ਚੋਂ ਹੀ ਨਿਵੇਕਲਾ ਉਪਰਾਲਾ ਹੈ।ਸਾਕਸ਼ੀ ਸਾਹਨੀ ਨੇ ਅੱਗੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਸਿਹਤ, ਸਿੱਖਿਆ, ਖੇਤੀਬਾੜੀ ਤੇ ਸਹਾਇਕ ਧੰਦੇ, ਸੂਚਨਾ ਤਕਨੋਲੋਜੀ, ਬਾਇਉ ਤਕਨੋਲੋਜੀ, ਦਿਹਾਤੀ ਉਦਮੀਅਤਾ, ਸੋਸ਼ਲ ਫੈਬਰਿਕ, ਇਲੈਟ੍ਰੋਨਿਕਸ, ਵਾਤਾਵਰਣ ਤੇ ਊਰਜਾ ਆਦਿ ਧੰਦਿਆਂ ਸਮੇਤ ਕਿਸੇ ਸਮਾਜਿਕ ਮੁੱਦੇ 'ਤੇ ਆਪਣੇ ਨਵੇਂ ਵਿਚਾਰ ਜਾਂ ਯੋਜਨਾ ਪੇਸ਼ ਕੀਤੀ ਜਾ ਸਕਦੀ ਹੈ, ਜੋ ਕਿ ਉਨ੍ਹਾਂ ਦੀ ਅਸਲ 'ਚ ਜਿੰਦਗੀ ਨੂੰ ਬਦਲ ਸਕਦਾ ਹੈ।

ਸਮਾਗਮ ਮੌਕੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਅਫ਼ਸਰ ਸਿੰਪੀ ਸਿੰਗਲਾ, ਪਟਿਆਲਾ ਇੰਡਸਟ੍ਰੀਜ਼ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਐਚ.ਪੀ.ਐਸ. ਲਾਂਬਾ, ਫੋਕਲ ਪੁਆਇੰਟ ਰਾਜਪੁਰਾ ਦੇ ਐਮ.ਐਸ. ਐਮ.ਈ. ਫੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਦੀਪਕ ਸ੍ਰੀਵਾਸਤਵਾ, ਰੇਡੀਐਂਟ ਟੈਕਸਟਾਈਜ ਸਮਾਣਾ ਤੋਂ ਗਿਆਨ ਚੰਦ ਕਟਾਰੀਆ ਹਿੰਦੁਸਤਾਨ ਯੂਨੀਲਿਵਰ ਰਾਜਪੁਰਾ ਤੋਂ ਫੈਕਟਰੀ ਮੈਨੇਜਰ ਅਸ਼ਿਤਾ ਮਿੱਤਲ, ਨੈਸ਼ਨਲ ਸਕੱਤਰ ਲਘੂ ਉਦਯੋਗ ਭਾਰਤੀ ਤੋਂ ਸਰਵ ਦਮਨ ਭਾਰਤੀ, ਐਡਵੋਕੇਟ ਸੁਖਜਿੰਦਰ ਸਿੰਘ ਅਨੰਦ, ਪ੍ਰੈਜੀਡੈਂਟ ਟੈਕਸਟਾਈਲ ਮਿਲਜ਼ ਸਮਾਣਾ ਭਾਨੂ ਪ੍ਰਤਾਪ ਸਿੰਗਲਾ, ਪਟਿਆਲਾ ਚੈਂਬਰ ਆਫ਼ ਇੰਡਸਟ੍ਰੀਜ਼ ਤੋਂ ਹਰਮਿੰਦਰ ਸਿੰਘ, ਨਰੇਸ਼ ਗੁਪਤਾ, ਚਿਤਕਾਰਾ ਯੂਨੀਵਰਸਿਟੀ ਤੋਂ ਡਾ. ਆਦਰਸ਼ ਕੁਮਾਰ ਅਗਰਵਾਲ, ਥਾਪਰ ਇੰਸਟੀਚਿਊਟ ਤੋਂ ਡਾ. ਮਨਦੀਪ ਸਿੰਘ, ਪੰਜਾਬੀ ਯੂਨੀਵਰਸਿਟੀ ਤੋਂ ਡਾ. ਰਤਿੰਦਰ ਕੌਰ ਤੇ ਪ੍ਰਬੰਧਕੀ ਅਫ਼ਸਰ ਡਾ. ਪ੍ਰਭਲੀਨ ਸਿੰਘ, ਸਮੇਤ ਵੱਡੀ ਗਿਣਤੀ ਵਿਦਿਆਰਥੀ, ਸਵੈ ਸਹਾਇਤਾ ਸਮੂਹਾਂ ਦੇ ਮੈਂਬਰ ਤੇ ਉਦਮੀ ਅਤੇ ਵਿਭਾਗੀ ਅਧਿਕਾਰੀ ਵੀ ਮੌਜੂਦ ਸਨ।

ਕੁਦਰਤੀ ਸੋਮਿਆਂ ਦਾ ਰਖਵਾਲਾ ਕਿਸਾਨ ਰੁਪਿੰਦਰ ਸਿੰਘ ਕੰਗਣਵਾਲ ਬਣਿਆ ਹੋਰਨਾ ਕਿਸਾਨਾਂ ਲਈ ਚਾਨਣ ਮੁਨਾਰਾ

ਅਗਾਂਹਵਧੂ ਸੋਚ ਦੇ ਮਾਲਕ, ਕਿਸਾਨ ਰੁਪਿੰਦਰ ਸਿੰਘ ਕੰਗਣਵਾਲ :ਅਨਮੋਲਦੀਪ ਸਿੰਘ

 

 ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਦੀ ਵਿੱਤੀ ਸਹਾਇਤਾ ਮਿਲੇਗੀ- ਡਾ.ਕੁਲਵੀਰ ਸਿੰਘ

 

ਝੋਨੇ ਦੀ ਸਿੱਧੀ ਬਿਜਾਈ 20 ਮਈ ਤੋਂ

 

ਮਾਲੇਰਕੋਟਲਾ 13 ਮਈ   (ਰਣਜੀਤ ਸਿੱਧਵਾਂ)  : ਪੰਜਾਬ ਵਿੱਚ ਕਈ ਕਿਸਾਨਾਂ ਨੇ ਰਿਵਾਇਤੀ ਫ਼ਸਲੀ ਚੱਕਰ ਵਿੱਚ ਤਬਦੀਲੀ ਕਰਕੇ ਆਪਣੀ ਖੇਤੀ ਆਮਦਨ ਵਿੱਚ ਵਾਧਾ ਕਰਕੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਹੈ। ਇਹਨਾਂ ਹੀ ਕਿਸਾਨਾਂ ਵਿੱਚੋਂ ਇੱਕ ਹੈ ਬਲਾਕ ਅਹਿਮਦਗੜ੍ਹ ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਕੰਗਣਵਾਲ ਦਾ ਅਗਾਂਹਵਧੂ ਕਿਸਾਨ ਅਤੇ ਪਿੰਡ ਦਾ ਮੌਜੂਦਾ ਸਰਪੰਚ  ਰੁਪਿੰਦਰ ਸਿੰਘ ਕੰਗਣਵਾਲ।ਸ਼ੁਰੂ ਵਿੱਚ ਕਿਸਾਨ ਨੇ ਰਿਵਾਇਤੀ ਖੇਤੀ ਕਰਦਿਆਂ ਕਣਕ ਝੋਨੇ ਦਾ ਫ਼ਸਲੀ ਚੱਕਰ ਅਪਣਾਇਆ ਪਰ ਥੋੜ੍ਹੇ ਸਮੇਂ ਬਾਅਦ ਕੁਦਰਤੀ ਸੋਮਿਆਂ ਵਿੱਚ ਆਉਂਦੇ ਨਿਘਾਰ ਅਤੇ ਖੇਤੀ ਆਮਦਨ ਵਿੱਚ ਆਈ ਖੜੋਤ ਨੂੰ ਦੇਖਦੇ ਹੋਏ ਕਿਸਾਨ ਨੇ ਆਧੁਨਿਕ ਖੇਤੀ ਕਰਨ ਦਾ ਫ਼ੈਸਲਾ ਕੀਤਾ ਅਤੇ ਫ਼ਸਲੀ ਵਿਭਿੰਨਤਾ ਅਪਣਾ ਕੇ ਸੁਚੱਜੇ ਢੰਗ ਨਾਲ ਖੇਤੀ ਕਰਕੇ ਜਿੱਥੇ ਇਸ ਧੰਦੇ ਨੂੰ ਲਾਹੇਵੰਦ ਬਣਾਇਆ ਉੱਥੇ ਹੀ ਕੁਦਰਤੀ ਸੋਮਿਆਂ ਨੂੰ ਬਚਾਉਣ ਵਿੱਚ ਵੀ ਆਪਣਾ ਯੋਗਦਾਨ ਪਾਇਆ। ਰੁਪਿੰਦਰ ਸਿੰਘ ਕੰਗਣਵਾਲ ਨੇ ਦੱਸਿਆ  ਕਿ ਉਹ ਕੁੱਲ 50 ਏਕੜ ਜ਼ਮੀਨ (5 ਏਕੜ ਆਪਣੀ ਅਤੇ 45 ਏਕੜ ਠੇਕੇ ਤੇ) ਖੇਤੀ ਕਰਦਾ ਹੈ। ਪਿਛਲੇ 6 ਸਾਲਾਂ ਤੋਂ ਉਸ ਨੇ ਆਪਣੇ ਖੇਤ ਵਿੱਚ ਪਰਾਲੀ ਨੂੰ ਅੱਗ ਨਹੀਂ ਲਗਾਈ ਅਤੇ ਪਰਾਲੀ ਦੇ ਪ੍ਰਬੰਧਨ ਲਈ ਉਹ ਸਹਿਕਾਰੀ ਸਭਾ ਤੋਂ ਪਲਟਾਵੇਂ ਹਲ਼ ਲੈ ਕੇ ਪਰਾਲੀ ਨੂੰ ਖੇਤ ਵਿੱਚ ਹੀ ਮਿਲਾਉਂਦਾ ਜਿਸ ਨਾਲ ਨਾ ਹੀ ਸਿਰਫ਼ ਵਾਤਾਵਰਨ ਦੂਸ਼ਿਤ ਹੋਣ ਤੋਂ ਬਚਦਾ ਹੈ ਨਾਲ ਹੀ ਜ਼ਮੀਨ ਵਿਚਲੇ ਤੱਤ ਵੀ ਨਸ਼ਟ ਨਹੀਂ ਹੁੰਦੇ। ਉਹ 15 ਏਕੜ ਜ਼ਮੀਨ ਵਿੱਚ ਆਲੂ ਦੀ ਡਾਇਮੰਡ ਕਿਸਮ ਦੀ ਖੇਤੀ ਕਰਦਾ ਹੈ। ਜਿਸ ਵਿੱਚ ਸਿੰਚਾਈ ਦੇ ਪ੍ਰਬੰਧਨ ਲਈ ਉਸ ਨੇ ਭੂਮੀ ਅਤੇ ਪਾਣੀ ਰੱਖਿਆ ਵਿਭਾਗ ਤੋਂ ਸਬਸਿਡੀ ਤੇ 15 ਏਕੜ ਜ਼ਮੀਨ ਤੇ ਫੁਆਰਾ ਸਿੰਚਾਈ ਸਿਸਟਮ ਲਗਵਾਇਆ ਹੈ । ਜਿਸ ਨਾਲ ਸਿਰਫ਼ ਲੋੜ ਅਨੁਸਾਰ ਹੀ ਪਾਣੀ ਫ਼ਸਲ ਨੂੰ ਲਗਦਾ ਹੈ ਅਤੇ ਜ਼ਮੀਨ ਹੇਠਲੇ ਪਾਣੀ ਦੀ ਦੁਰਵਰਤੋਂ ਨਹੀਂ ਹੁੰਦੀ।ਇਸ ਦੇ ਨਾਲ ਹੀ ਕਿਸਾਨ ਲਗਭਗ 20 ਏਕੜ ਵਿੱਚ ਬਾਸਮਤੀ 1509 ਦੀ ਖੇਤੀ ਕਰਦਾ ਹੈ।ਕਿਸਾਨ ਵੱਲੋਂ ਖੇਤੀ ਤੋਂ ਇਲਾਵਾ ਸਹਾਇਕ ਧੰਦੇ ਵੱਜੋ 50 ਦੁਧਾਰੂ ਪਸ਼ੂ ਵੀ ਰੱਖੇ ਹਨ ਜਿਨ੍ਹਾਂ ਦੇ ਚਾਰੇ ਦੇ ਪ੍ਰਬੰਧਨ ਲਈ ਕਿਸਾਨ ਵੱਲੋਂ ਲਗਭਗ 20 ਏਕੜ ਵਿੱਚ ਚਾਰੇ ਵਾਲੀ ਮੱਕੀ ਦੀ ਖੇਤੀ ਕੀਤੀ ਜਾਂਦੀ ਹੈ ਅਤੇ ਮੱਕੀ ਦਾ ਆਚਾਰ ਪਾਕੇ ਉਹ ਪਸ਼ੂਆਂ ਲਈ ਸੰਤੁਲਿਤ ਖ਼ੁਰਾਕ ਤਿਆਰ ਕਰਦਾ ਹੈ ਜਿਸ ਨਾਲ ਦੁੱਧ ਦੀ ਵਧੀਆਂ ਕੁਆਲਟੀ ਦੀ ਪੈਦਾਵਾਰ ਕਰਕੇ ਕਿਸਾਨ ਚੋਖੀ ਆਮਦਨ ਕਮਾ ਰਿਹਾ ਹੈ। ਦੱਸ ਦੇਈਏ ਕਿ ਕਿਸਾਨ ਪਸ਼ੂਆਂ ਦੇ ਗੋਬਰ ਤੋਂ ਰੂੜੀ ਦੀ ਦੇਸੀ ਖਾਦ ਤਿਆਰ ਕਰਕੇ ਆਪਣੇ ਖੇਤਾਂ ਵਿੱਚ ਵਰਤੋਂ ਕਰਦਾ ਹੈ ਅਤੇ ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕਰਕੇ ਰਸਾਇਣਿਕ ਖਾਦਾਂ ਦੀ ਵਰਤੋਂ ਨੂੰ ਘਟਾਇਆ ਹੈ। ਇਸ ਦੇ ਨਾਲ ਹੀ ਕਿਸਾਨ ਘਰੇਲੂ ਬਗੀਚੀ ਲਗਾ ਕੇ ਲੋੜ ਅਨੁਸਾਰ ਜੈਵਿਕ ਤਰੀਕੇ ਨਾਲ ਸਬਜ਼ੀ ਵੀ ਉਗਾਉਂਦਾ ਹੈ। ਖੇਤੀਬਾੜੀ ਵਿਕਾਸ ਅਫ਼ਸਰ ਡਾ. ਅਨਮੋਲਦੀਪ ਸਿੰਘ, ਕੰਗਣਵਾਲ ਨੇ ਦੱਸਿਆ ਕਿ ਰੁਪਿੰਦਰ ਸਿੰਘ ਸਮੇਂ ਸਮੇਂ ਤੇ ਖੇਤੀਬਾੜੀ ਵਿਭਾਗ ਵੱਲੋਂ ਕੀਤੀਆਂ ਜਾਂਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਂਦਾ ਹੈ ਅਤੇ ਉਸ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਅਗਾਂਹਵਧੂ ਸੋਚ ਦੇ ਮਾਲਕ ਹਨ ਅਤੇ ਬਦਲਦੇ ਸਮੇਂ ਨਾਲ ਹਮੇਸ਼ਾ ਨਵੀਂਆਂ ਤਕਨੀਕਾਂ ਅਪਣਾਉਣ ਲਈ ਤਿਆਰ ਰਹਿੰਦੇ ਹਨ।ਕਿਸਾਨ ਦੁਆਰਾ ਇਸ ਵਾਰ ਪੰਜਾਬ ਸਰਕਾਰ ਵੱਲੋਂ ਚਲਾਈ ਪਾਣੀ ਬਚਾਉਣ ਦੀ ਮੁਹਿੰਮ ਨੂੰ ਦੇਖਦੇ ਹੋਏ ਕੁਛ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਵੀ ਮਨ ਬਣਾਇਆ ਹੈ।ਉਹ ਹੋਰਨਾ ਕਿਸਾਨਾਂ ਨੂੰ ਵੀ ਫ਼ਸਲੀ ਵਿਭਿੰਨਤਾ ਅਪਣਾਉਣ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦਾ ਸੁਨੇਹਾ ਦਿੰਦੇ ਹਨ।ਖੇਤੀਬਾੜੀ ਵਿਕਾਸ ਅਫ਼ਸਰ ਡਾ. ਕੁਲਵੀਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਨੂੰ ਰੁਪਿੰਦਰ ਸਿੰਘ ਤੋਂ ਸੇਧ ਲੈ ਕੇ  ਫਸਲੀ ਵਿਭਿੰਨਤਾ ਅਪਣਾ ਕੇ  ਆਪਣੀ ਆਮਦਨ ਵਿੱਚ  ਵਾਧਾ ਕਰਨਾ ਚਾਹੀਦਾ ਹੈ । ਉਨ੍ਹਾਂ ਕਿਹਾ  ਕਿ ਪਾਣੀ ਦੇ ਡਿੱਗਦੇ ਪੱਧਰ ਨੂੰ ਦੇਖਦਿਆਂ ਸਾਰੇ ਕਿਸਾਨ ਵੀਰਾਂ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦੇਣ।  ਖੇਤੀਬਾੜੀ ਵਿਭਾਗ ਜ਼ਿਲ੍ਹੇ ਵਿਚ ਇਸ ਬਿਜਾਈ ਦੇ ਬੀਤੇ ਕਈ ਸਾਲਾਂ ਤੋਂ ਸਫਲ ਤਜਰਬੇ ਕਰ ਚੁੱਕਾ ਹੈ ਅਤੇ ਸਿੱਧੀ ਬਿਜਾਈ ਕਰਨ ਨਾਲ ਝੋਨੇ ਦੇ ਝਾੜ ਵਿਚ ਕੋਈ ਕਮੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਸਰਕਾਰ ਵੱਲੋਂ ਪ੍ਰਤੀ ਏਕੜ 1500 ਰੁਪਏ ਦਿੱਤੇ ਜਾਣਗੇ । ਉਨ੍ਹਾਂ ਹੋਰ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ  20 ਮਈ ਤੋਂ ਕੀਤੀ ਜਾ ਸਕਦੀ।  ਖੇਤੀਬਾੜੀ ਵਿਭਾਗ ਇਹ ਤਕਨੀਕ ਅਪਣਾਉਣ ਵਾਲੇ ਕਿਸਾਨਾਂ ਲਈ ਹਰ ਤਰਾਂ ਦਾ ਤਕਨੀਕੀ ਸਹਿਯੋਗ ਦੇਣ ਲਈ ਤਿਆਰ ਹੈ ਅਤੇ ਕਿਸਾਨ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।  ਵਧੇਰੇ ਜਾਣਕਾਰੀ ਲਈ ਉਹ ਆਪਣੇ ਨੇੜਲੇ ਖੇਤੀਬਾੜੀ ਵਿਭਾਗ ਦੇ ਦਫ਼ਤਰ ਜਾਂ ਦਫ਼ਤਰ ਮੁੱਖ ਖੇਤੀਬਾੜੀ ਅਫ਼ਸਰ ਵਿਖੇ ਸੰਪਰਕ ਕਰ ਸਕਦੇ ਹਨ ।

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਕੇ ਮੁੱਖ ਮੰਤਰੀ ਵੱਲੋਂ ਐਲਾਨੀ 1500 ਪ੍ਰਤੀ ਏਕੜ ਵਿੱਤੀ ਸਹਾਇਤਾ ਹਾਸਲ ਕਰਨ ਦੀ ਅਪੀਲ

ਰਵਾਇਤੀ ਢੰਗ ਦੀ ਬਜਾਏ ਸਿੱਧੀ ਬਿਜਾਈ ਦੀ ਤਕਨੀਕ ਨਾਲ 20 ਮਈ ਤੋਂ ਝੋਨੇ ਦੀ ਲੁਆਈ ਸ਼ੁਰੂ ਕਰ ਸਕਣਗੇ ਕਿਸਾਨ-  ਸੁਖਪ੍ਰੀਤ ਸਿੰਘ ਸਿੱਧੂ

ਮਾਲੇਰਕੋਟਲਾ 13 ਮਈ  (ਰਣਜੀਤ ਸਿੱਧਵਾਂ)   : ਝੋਨੇ ਦੀ ਰਵਾਇਤੀ ਕੱਦੂ ਵਾਲੀ ਬਿਜਾਈ ਦੀ ਥਾਂ ਸਿੱਧੀ ਬਿਜਾਈ ਦੀ ਤਕਨੀਕ ਅਪਣਾ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਲਾਨੀ 1500 ਰੁਪਏ ਪ੍ਰਤੀ ਏਕੜ ਦੀ ਸਹਾਇਤਾ ਰਾਸ਼ੀ ਪ੍ਰਾਪਤ ਕਰਨ।

ਪਿਛਲੇ ਸਾਲ ਜ਼ਿਲ੍ਹੇ ਵਿੱਚ ਕਰੀਬ 53,061 ਹੈਕਟੇਅਰ ਰਕਬੇ ਵਿੱਚ ਰਵਾਇਤੀ ਤਰੀਕੇ ਨਾਲ ਝੋਨੇ ਦੀ ਬਿਜਾਈ ਕੀਤੀ ਗਈ ਸੀ, ਜਿਸ ਵਿੱਚੋਂ ਕਰੀਬ 1000 ਹੈਕਟੇਅਰ ਰਕਬੇ  ਅਧੀਨ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਸੀ । ਇਸ ਗੱਲ ਦੀ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਪਿਛਲੇ ਸਮੇਂ ਤੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨਾਲ ਵਿਉਂਤਬੰਦੀ ਕਰਨ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਦਿੱਤੀ । ਉਨ੍ਹਾਂ ਕਿਹਾ ਕਿ ਇਸ ਸਾਲ ਜ਼ਿਲ੍ਹੇ ਅੰਦਰ ਕਰੀਬ 14,700 ਹੈਕਟੇਅਰ ਰਕਬੇ ਨੂੰ ਝੋਨੇ ਦੀ ਸਿੱਧੀ ਬਿਜਾਈ ਤਕਨੀਕ (ਡੀ.ਐਸ.ਆਰ ) ਹੇਠ ਲਿਆਉਣ ਲਈ ਟੀਚਾ ਮਿਥਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਸਿੱਧੀ ਬਿਜਾਈ ਦੀ ਤਕਨੀਕ ਨਾਲ ਝੋਨੇ ਦੀ ਲੁਆਈ ਦੀ ਸ਼ੁਰੂਆਤ 20 ਮਈ, 2022 ਤੋਂ ਕਰਨ ਦੀ ਖੁੱਲ੍ਹ ਵੀ ਦਿੱਤੀ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਾਲ ਪਿਛਲੇ ਸਮੇਂ ਤੋਂ ਝੋਨੇ ਦੀ ਸਿੱਧੀ ਬਿਜਾਈ ਕਰਦੇ ਆ ਰਹੇ ਕਿਸਾਨਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਖੇਤੀਬਾੜੀ ਵਿਭਾਗ ਦੇ ਤਕਨੀਕੀ ਮਾਹਿਰਾਂ/ਡਾਕਟਰਾਂ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੌਰਾਨ ਦਰਪੇਸ਼ ਆਈਆਂ ਸਮੱਸਿਆਵਾਂ ਦਾ ਹੱਲ ਦੱਸਿਆ ਅਤੇ ਕਿਹਾ ਕਿ ਖੇਤੀਬਾੜੀ ਵਿਭਾਗ ਝੋਨੇ ਦੀ ਸਿੱਧੀ ਬਿਜਾਈ ਦੀ ਵਿਧੀ ਤੇ ਬੀਤੇ ਕਈ ਸਾਲਾਂ ਤੋਂ ਸਫਲ ਤਜਰਬੇ ਕਰ ਚੁੱਕਾ ਹੈ ਅਤੇ ਸਿੱਧੀ ਬਿਜਾਈ ਕਰਨ ਨਾਲ ਝੋਨੇ ਦੇ ਝਾੜ ਵਿਚ ਕੋਈ ਕਮੀ ਨਹੀਂ ਹੁੰਦੀ।  ਸ੍ਰੀ ਸਿੱਧੂ ਨੇ ਖੇਤੀਬਾੜੀ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਬਲਾਕ ਪੱਧਰ 'ਤੇ ਪਿੰਡਾਂ 'ਚ ਕੈਂਪ ਲਗਾ ਕੇ ਕਿਸਾਨਾਂ ਨੂੰ ਸਿੱਧੀ ਬਿਜਾਈ ਤਕਨੀਕ ਬਾਬਤ ਜਾਗਰੂਕ ਕਰਕੇ ਅਜਿਹੇ ਕਿਸਾਨਾਂ ਦੀਆਂ ਸੂਚੀਆਂ ਤਿਆਰ ਕਰਨ ਜੋ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਰਾਜ਼ੀ ਹੋਣ।  ਉਨ੍ਹਾਂ ਦੱਸਿਆ ਕਿ ਸਿੱਧੀ ਬਿਜਾਈ ਬਾਰੇ ਜਲਦੀ ਪੋਰਟਲ ਖੁੱਲ੍ਹ ਰਿਹਾ ਹੈ, ਜਿਸ 'ਤੇ ਸਿੱਧੀ ਬਿਜਾਈ ਕਰਨ ਦੇ ਚਾਹਵਾਨ ਕਿਸਾਨ ਸਿੱਧੇ ਤੌਰ 'ਤੇ ਰਜਿਸਟ੍ਰੇਸ਼ਨ ਕਰਵਾ ਸਕਣਗੇ ਅਤੇ ਜੇਕਰ ਕੋਈ ਮੁਸ਼ਕਿਲ ਆਵੇ ਤਾਂ ਉਹ ਖੇਤੀਬਾੜੀ ਅਧਿਕਾਰੀਆਂ ਨਾਲ ਸੰਪਰਕ ਵੀ ਕਰ ਸਕਦੇ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਨੂੰ ਇੱਕਜੁੱਟਤਾ ਨਾਲ ਅੱਗੇ ਆ ਕੇ ਪਾਣੀ ਦੇ ਪੱਧਰ ਨੂੰ ਹੋਰ ਹੇਠਾਂ ਜਾਣ ਤੋਂ ਰੋਕਣ ਲਈ ਸਾਂਝੇ ਉਪਰਾਲੇ ਕਰਨ ਦੀ ਲੋੜ ਹੈ । ਖੇਤੀ ਵਿਗਿਆਨੀਆਂ ਵੱਲੋਂ ਈਜਾਦ ਖੋਜਾਂ ਮੁਤਾਬਕ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਵਾਤਾਵਰਣ ਪੱਖੀ ਹੋਣ ਦੇ ਨਾਲ-ਨਾਲ ਕਿਸਾਨਾਂ ਲਈ ਆਰਥਿਕ ਤੌਰ 'ਤੇ ਵੀ ਲਾਹੇਵੰਦ ਹੈ। ਇਸ ਨਾਲ ਝੋਨੇ ਦੇ ਝਾੜ 'ਤੇ ਕੋਈ ਅਸਰ ਨਹੀਂ ਪੈਂਦਾ ਸਗੋਂ ਉਸ ਤੋਂ ਬਾਅਦ ਉਸੇ ਖੇਤ ਵਿਚ ਬੀਜੀ ਜਾਣ ਵਾਲੀ ਕਣਕ ਜਾਂ ਹੋਰ ਫ਼ਸਲ ਦਾ ਝਾੜ ਵੀ ਵੱਧ ਨਿਕਲਦਾ ਹੈ। ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਕੁਲਬੀਰ ਸਿੰਘ,ਡਾ ਨਵਦੀਪ ਕੁਮਾਰ, ਡਾ. ਕੁਲਦੀਪ ਕੌਰ, ਡਾ. ਅਨਮੋਲਦੀਪ ਸਿੰਘ ਤੋਂ ਇਲਾਵਾ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨ ਸੁਰਜੀਤ ਸਿੰਘ ਕੁਠਾਲਾ, ਹਰਵਿੰਦਰ ਸਿੰਘ ਹੈਦਰ ਨਗਰ, ਨਰੈਣ ਸਿੰਘ ਕੁਠਾਲਾ ,ਜਸਬੀਰ ਸਿੰਘ ਸੰਗਾਲਾ, ਜਸਵੰਤ ਸਿੰਘ ਫਲੋਡ ਖੁਰਦ, ਦਰਸ਼ਨ ਸਿੰਘ ਨੰਬਰਦਾਰ, ਜਸਵਿੰਦਰ ਸਿੰਘ ਅਹਿਮਦਗੜ੍ਹ ਛੰਨਾ,ਜਗਜੀਤ ਸਿੰਘ ਮੌਜੂਦ ਸਨ।

ਅਵਨੀਤ ਕੌਰ  ਨੇ ਫਤਹਿਗੜ੍ਹ ਸਾਹਿਬ ਦੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਵਜੋਂ ਕਾਰਜਭਾਰ ਸੰਭਾਲਿਆ

ਫਤਹਿਗੜ੍ਹ ਸਾਹਿਬ, 13 ਮਈ (ਰਣਜੀਤ ਸਿੱਧਵਾਂ)  : 2012 ਬੈਚ ਦੇ ਪੀ.ਸੀ.ਐੱਸ. ਅਫ਼ਸਰ ਸ੍ਰੀਮਤੀ ਅਵਨੀਤ ਕੌਰ ਨੇ ਅੱਜ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ(ਸ਼ਹਿਰੀ ਵਿਕਾਸ) ਵਜੋਂ ਆਪਣੇ ਆਹੁਦੇ ਦਾ ਕਾਰਜਭਾਰ ਸੰਭਾਲ ਲਿਆ ਹੈ। ਇਸ ਤੋਂ ਪਹਿਲਾ ਉਹ ਸੰਯੁਕਤ ਡਾਇਰੈਕਟਰ ਤਕਨੀਕੀ ਸਿੱਖਿਆ, ਜੁਆਇੰਟ ਸੀ.ਈ.ਓ. ਇਨਵੈਸਟ ਪੰਜਾਬ, ਸੰਯੁਕਤ ਕਮਿਸ਼ਨਰ ਮਿਊਂਸੀਪਲ ਕਾਰਪੋਰੇਸ਼ਨ ਮੁਹਾਲੀ, ਸਹਾਇਕ ਕਮਿਸ਼ਨਰ ਰੋਪੜ, ਐੱਸ.ਡੀ.ਐੱਮ  ਚਮਕੌਰ ਸਾਹਿਬ ਵੀ ਰਹਿ ਚੁੱਕੇ ਹਨ। ਸ਼੍ਰੀਮਤੀ ਅਵਨੀਤ ਕੌਰ ਨੇ ਕਿਹਾ ਕਿ ਉਹ ਜ਼ਿਲ੍ਹਾ  ਵਾਸੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਨਗੇ ਅਤੇ ਜ਼ਿਲ੍ਹੇ ਦੇ ਸ਼ਹਿਰੀ ਖੇਤਰ ਦੇ ਵਿਕਾਸ ਪ੍ਰਤੀ ਤਨਦੇਹੀ ਨਾਲ ਕੰਮ ਕਰਦੇ ਹੋਏ ਇਸਨੂੰ ਨਵੀਂ ਬੁਲੰਦੀਆਂ 'ਤੇ ਲੈ ਕੇ ਜਾਣ ਦੀ ਕੋਸ਼ਿਸ ਕਰਨਗੇ। ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਬੜੇ ਭਾਗਸ਼ਾਲੀ ਸਮਝਦੇ ਹਨ ਕਿ ਉਹਨ੍ਹਾਂ ਨੂੰ ਸ਼ਹੀਦਾਂ ਦੀ ਇਸ ਇਤਿਹਾਸਕ ਧਰਤੀ 'ਤੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ।

ਚੱਪੜਚਿੜੀ ਤੋਂ ਸ੍ਰੀ ਫਤਹਿਗਡ਼੍ਹ ਸਾਹਿਬ ਤਕ ਸਜਿਆ ਫਤਿਹ ਮਾਰਚ  

ਸ੍ਰੀ ਫਤਹਿਗੜ੍ਹ ਸਾਹਿਬ , 13 ਮਈ  (ਜਨ ਸ਼ਕਤੀ ਨਿਊਜ਼ ਬਿਊਰੋ  )ਸ਼੍ਰੋਮਣੀ ਕਮੇਟੀ ਵੱਲੋਂ ਸਰਹਿੰਦ ਫ਼ਤਿਹ ਦਿਵਸ ਮੌਕੇ ਚੱਪੜਚਿੜੀ ਤੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਤਕ ਸਜਾਇਆ ਗਿਆ ਫ਼ਤਿਹ ਮਾਰਚ।

ਨਿਹੰਗ ਸਿੰਘ ਜਥੇਬੰਦੀਆਂ ਤੇ ਸੰਗਤਾਂ ਨੇ ਕੀਤੀ ਭਰਵੀਂ ਸ਼ਮੂਲੀਅਤ। ਵਿਲੱਖਣ ਨਜ਼ਾਰਾ ਪੇਸ਼ ਕਰਦਾ  ਚੱਪੜਚਿੜੀ ਤੋਂ ਆਰੰਭ ਹੋਇਆ ਫ਼ਤਿਹ ਮਾਰਚ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਹੋਇਆ ਸੰਪੰਨ।

 

ਅੰਮ੍ਰਿਤਸਰ ਵਿੱਚ ਵੱਡਾ ਹਾਦਸਾ -ਗੈਰ ਕਾਨੂੰਨੀ ਨਿਰਮਾਣ ਦੌਰਾਨ ਬਿਲਡਿੰਗ ਦਾ ਹਿੱਸਾ ਡਿੱਗਿਆ

ਲੋਕ ਨਗਰ ਨਿਗਮ ਦੇ ਅਧਿਕਾਰੀਆਂ ਉੱਪਰ ਦਰਜ਼ ਕਰਵਾਉਣਗੇ FIR 

ਅੰਮ੍ਰਿਤਸਰ , 12 ਮਈ ( ਜਨ ਸ਼ਕਤੀ ਨਿਊਜ਼ ਬਿਊਰੋ  )

ਰੇਲਵੇ ਸ਼ਟੇਸ਼ਨ ਅੰਮ੍ਰਿਤਸਰ ਦੇ ਨਜਦੀਕ ਲਿਬਰਟੀ ਮਾਰਕਿਟ ਦੇ ਸਾਹਮਣੇ ਪਾਸ਼ ਕਾਲੋਨੀ ਗੁਰੂ ਨਾਨਕ ਨਗਰ ਦੇ ਦਰਜਨਾਂ ਘਰਾਂ ਦੀਆਂ ਇਮਾਰਤਾਂ ਨੂੰ ਉਸ ਸਮੇ ਭਾਰੀ ਨੁਕਸਾਨ ਪੁੱਜਾ ਜਦ ਨਜ਼ਦੀਕ ਬਣ ਰਹੀ ਇਕ ਹੋਟਲ ਦੀ ਇਮਾਰਤ ਨੂੰ ਜਮੀਨ ਦੋਜ ਕਰਨ ਲਈ 30 ਫੁੱਟ ਦੀ ਨਗਰ ਨਿਗਮ ਵਲੋ ਦਿੱਤੀ ਮਨਜੂਰੀ ਤੋ ਉਲਟ ਨਿਰਮਾਣਕਾਰ ਵਲੋ 50 ਤੋ 60 ਫੁੱਟ ਕਰਨ ਨਾਲ ਅੱਜ ਕਈ ਘਰਾਂ ਦੀਆ ਇਮਾਰਤਾਂ ਡਿੱਗ ਪਈਆ ਜਦ ਕਿ ਬਾਕੀ ਘਰਾਂ ਵਿੱਚ ਤਰੇੜਾਂ ਆਉਣ ਨਾਲ ਉਹੀ ਡਿੱਗਣ ਦੀ ਹਾਲਤ ਵਿੱਚ ਹਨ।

 

ਪੱਤਰਕਾਰਾਂ ਨੂੰ ਜਾਣਕਾਰੀ ਦੇਦਿਆਂ ਮਹੁੱਲਾ ਵਾਸੀਆਂ ਨੇ ਦੱਸਿਆ ਕਿ ਉਨਾਂ ਵਲੋ ਇਸ ਸਬੰਧੀ ਕਈ ਵਾਰ ਨਗਰ ਨਿਗਮ ਦੇ ਐਮ.ਟੀ ਵਿਭਾਗ ਅਤੇ ਕਮਿਸਨਰ ਨੂੰ ਲਿਖਤੀ ਸ਼ਕਾਇਤਾਂ ਕੀਤੀਆ ਗਈਆਂ ਸਨ , ਕਿ ਜਿਸ ਤਰਾਂ ਹੋਟਲ ਦੀ ਇਮਾਰਤ ਉਸਾਰੀ ਜਾ ਰਹੀ ਹੈ , ਉਸ ਨਾਲ ਉਨਾ ਦੇ ਘਰਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਪਰ ਉਨਾਂ ਵਲੋ ਇਸ ਪਾਸੇ ਧਿਆਨ ਨਹੀ ਦਿੱਤਾ ਗਿਆ ਅਤੇ ਨਾ ਹੀ ਉਨਾਂ ਦੀ ਸ਼ਕਾਇਤ ਦੂਰ ਕਰਨ ਲਈ ਕਦੇ ਸਪੰਰਕ ਕੀਤਾ ਗਿਆ ਹੈ ਸਗੋ ਨਗਰ ਨਿਗਮ ਦੀਆਂ ਟੀਮਾਂ ਨਿਰਮਾਣਕਾਰ ਨਾਲ ਗਾਂਢ ਸ਼ਾਂਢ ਕਰਕੇ ਵਾਪਸ ਮੁੜ ਜਾਂਦੀਆ ਰਹੀਆ ਹਨ । ਪੀੜਤ ਲੋਕਾਂ ਨੇ ਉਨਾਂ ਦੇ ਘਰਾਂ ਦੇ ਹੋੲ ਨੁਕਸਾਨ ਲਈ ਹੋਟਲ ਨਿਰਮਾਣਕਾਰ ਦੇ ਨਾਲ ਨਾਲ ਨਗਰ ਨਿਗਮ ਨੂੰ ਜੁਮੇਵਾਰ ਠਹਿਾਇਆ ਹੈ।

 

ਲੋਕਾਂ ਨੇ ਕਿਹਾ ਕਿ ਆਪਣੇ ਨੁਕਸਾਨ ਦੀ ਪੂਰਤੀ ਤੇ ਪ੍ਰਵਾਨਿਤ ਨਕਸ਼ੇ ਤੋ ੳਲਟ ਉਸਾਰੀ ਕਰਨ ਲਈ ਨਗਰ ਨਿਗਮ ਦੇ ਅਧਿਕਾਰੀਆ ਵਿਰੁੱਧ ਐਫ.ਆਈ.ਆਰ ਦਰਜ ਕਰਾਉਣ ਲਈ ਮਾਣਣੋਗ ਅਦਾਲਤ ਦਾ ਸਾਹਰਾ ਲੈਣਗੇ । ਕਿਉਕਿ ਵੱਡੀ ਪੱਧਰ ਤੇ ਲੋਕਾਂ ਦਾ ਹੋਏ ਨੁਕਸਾਨ ਦਾ ਪਤਾ ਲੱਗਣ ਦੇ ਬਾਵਜੂਦ ਨਗਰ ਨਿਗਮ ਦਾ ਕੋਈ ਅਧਿਕਾਰੀ ਇਹ ਖਬਰ ਲਿਖੇ ਜਾਣ ਤੱਕ ਮੌਕੇ ਤੇ ਨਹੀ ਪੁੱਜਾ ।

 

ਨੰਦ ਲਾਲ ਨੂਰਪੁਰੀ ਦੀ ਮੌਤ ‘ਤੇ ਵਿਸ਼ੇਸ਼ (13 ਮਈ 1966) ✍️ ਪ੍ਰੋ ਗਗਨਦੀਪ ਧਾਲੀਵਾਲ 

ਜੇਕਰ ਪੰਜਾਬ ਦੇ ਸਾਹਿਤ ਦੀ ਗੱਲ ਕਰੀਏ ਤਾਂ ਇਹ ਸਾਹਿਤ ਪੰਜਾਬੀ ਸਾਹਿਤਕਾਰਾਂ ਲੇਖਕਾਂ ਨਾਲ ਭਰਿਆ ਪਿਆ ਹੈ।ਇਹਨਾਂ ਵਿੱਚੋਂ ਹੀ ਇੱਕ ਪੰਜਾਬੀ ਲੇਖਕ ,ਕਵੀ ਨੰਦ ਲਾਲ ਨੂਰਪੁਰੀ ਬਾਰੇ ਚਰਚਾ ਕਰਾਂਗੇ ।ਨੰਦ ਲਾਲ ਪੁਰੀ ਦਾ ਜਨਮ 1906 ਈ. ਵਿੱਚ ਪਿੰਡ ਨੂਰਪੁਰ, ਜਿਲ੍ਹਾ ਲਾਇਲਪੁਰ ਵਿਖੇ ਹੋਇਆ। ਉਨ੍ਹਾਂ ਦੇ ਮਾਤਾ ਦਾ ਨਾਮ ਜਨਮ ਪਿਤਾ ਬਿਸ਼ਨ ਸਿੰਘ ਅਤੇ ਮਾਤਾ ਹੁਕਮ ਦੇਵੀ ਦੇ ਘਰ ਹੋਇਆ।ਬ੍ਰਿਟਿਸ਼ ਭਾਰਤ ਵਿੱਚ ਹੋਇਆ| ਉਨ੍ਹਾਂ ਆਪਣੀ ਪੜ੍ਹਾਈ ਖ਼ਾਲਸਾ ਸਕੂਲ ਅਤੇ ਖ਼ਾਲਸਾ ਕਾਲਜ ਲਾਇਲਪੁਰ ਤੋਂ ਕੀਤੀ।ਨੰਦ ਲਾਲ ਨੂਰਪੁਰੀ ਦਾ ਵਿਆਹ ਸੁਮਿਤ੍ਰਾ ਦੇਵੀ ਨਾਲ ਹੋਇਆ ਅਤੇ ਦੇਸ਼ ਦੀ ਵੰਡ ਤੋਂ ਬਾਅਦ ਉਹ ਜਲੰਧਰ ਆ ਵਸੇ। ਨੰਦ ਲਾਲ ਨੂਰਪੁਰੀ ਨੇ ਆਪਣਾ ਜੀਵਨ ਚੱਪਲਾਂ ਨਾਲ ਅਤੇ ਸਾਈਕਲ ਉੱਪਰ ਤੈਅ ਕੀਤਾ ਸੀ।1940ਈ. ਵਿੱਚ, ਉਨ੍ਹਾਂ ਨੇ ਪੁਲਿਸ ਦੀ ਨੌਕਰੀ ਛੱਡ ਦਿੱਤੀ ਅਤੇ ਵਾਪਸ ਪੰਜਾਬ ਆ ਗਿਆ ਅਤੇ ਪੰਜਾਬੀ ਫ਼ਿਲਮ ਮੰਗਤੀ ਲਈ ਗੀਤ ਲਿਖੇ। ਜਿਸਨੇ ਨੇ ਉਸਨੂੰ ਪੰਜਾਬ ਵਿੱਚ ਪਛਾਣ ਦਵਾਈ ਪਰ ਦੇਸ਼ ਦੀ ਵੰਡ ਨੇ ਉਸ ਲਈ ਸਭ ਕੁਝ ਬਦਲ ਦਿੱਤਾ। ਨੂਰਪੂਰੀ ਨੇ ਅਨੇਕਾਂ ਗੀਤ ਕਵਿਤਾਵਾਂ ਲਿਖੀਆਂ । ਨੰਦ ਲਾਲ ਨੂਰਪੁਰੀ ਪੰਜਾਬੀ ਦਾ ਮਹਾਨ ਕਵੀ ਜਿਸਨੇ ‘ਚੁੰਮ-ਚੁੰਮ ਰੱਖੋ ਨੀਂ ਇਹ ਕਲਗੀ ਜੁਝਾਰ ਦੀ’ ਜਾਂ ‘ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ’
ਗੋਰੀ ਦੀਆਂ ਝਾਂਜਰਾਂ ਜਾਂ ਜੁੱਤੀ ਕਸੂਰੀ ਪੈਰੀਂ ਨਾ ਪੂਰੀ ਵਰਗੇ ਨਾ ਮਿਟਣ ਵਾਲੇ ਗੀਤ ਲਿਖੇ - ਅੱਜ ਦੇ ਦਿਨ ਇਸ ਸੰਸਾਰ ਤੋਂ ਤੁਰ ਗਿਆ ਸੀ! ਫ਼ਿਲਮ ਮੰਗਤੀ ਦੀ ਕਹਾਣੀ, ਉਸ ਦੇ ਵਾਰਤਾਲਾਪ ਅਤੇ ਉਸ ਫ਼ਿਲਮ ਲਈ ਗੀਤ ਲਿਖੇ। ਸਿਹਤ ਦੀ ਖ਼ਰਾਬੀ ਅਤੇ ਆਰਥਿਕ ਮੰਦਹਾਲੀ ਤੋਂ ਤੰਗ ਆ ਕੇ ਉਨ੍ਹਾਂ ਨੇ ੧੫ ਮਈ ੧੯੬੬ ਨੂੰ ਖੂਹ ਵਿਚ ਛਾਲ ਮਾਰ ਕੇ ਜਾਨ ਦੇ ਦਿੱਤੀ ।ਨੰਦ ਲਾਲ ਨੂਰਪੁਰੀ ਦੀਆਂ ਰਚਨਾਵਾਂ ਹਨ : ਵੰਗਾਂ, ਜੀਉਂਦਾ ਪੰਜਾਬ, ਨੂਰ ਪਰੀਆਂ, ਚੰਗਿਆੜੇ, ਨੂਰਪੁਰੀ ਦੇ ਗੀਤ ਅਤੇ ਸੁਗਾਤ ਆਦਿ ਹਨ।
ਉਸਦੇ ਗੀਤਾਂ ਨੂੰ ਹਰਚਰਨ ਗਰੇਵਾਲ ,ਆਸਾ ਸਿੰਘ ਮਸਤਾਨਾ,ਪ੍ਰਕਾਸ਼ ਕੌਰ ,ਸੁਰਿੰਦਰ ਕੌਰ ਨੇ ਆਪਣੀ ਅਵਾਜ ਵਿੱਚ ਗਾਇਆ।ਨਰਿੰਦਰ ਨੰਦ ਲਾਲ ਪੁਰੀ ਦੇ ਕੁੱਝ ਮਸਹੂਰ ਗੀਤ ਇਸ ਤਰ੍ਹਾਂ ਹਨ-
1. ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ
2. ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ…
3. ਚੰਨ ਵੇ ਕਿ ਸ਼ੌਂਕਣ ਮੇਲੇ ਦੀ
4. ਨੀ ਮੈਨੂੰ ਦਿਓਰ ਦੇ ਵਿਆਹ ਵਿੱਚ ਨੱਚ ਲੈਣ ਦੇ
5. ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ
6. ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ
7. ਵੰਗਾਂ
ਕਿੱਥੇ ਮਾਤਾ ਤੋਰਿਆ, ਅਜੀਤ ਤੇ ਜੁਝਾਰ ਨੂੰ,
ਵਿਹੜੇ ਦੀਆਂ ਰੌਣਕਾਂ ਤੇ ਮਹਿਲਾਂ ਦੀ ਬਹਾਰ ਨੂੰ।
ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਕੁਰਬਾਨੀ ਨੂੰ ਚੇਤੇ ਕਰਦਿਆਂ ਹੋਇਆਂ ਨੰਦ ਲਾਲ ਨੂਰਪੁਰੀ ਨੇ ਇਹ ਕਵਿਤਾ ਲਿਖੀ।
ਇਹਨਾਂ ਗੀਤਾਂ ਵਿੱਚੋਂ ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਉਸ ਦਾ ਲਿਖਿਆ ਜੋ ਗੀਤ ਬਹੁਤ ਮਸ਼ਹੂਰ ਹੋਇਆ, ਉਸ ਦੇ ਬੋਲ ਇਸ ਤਰ੍ਹਾਂ ਹਨ-
ਚੰਨ ਵੇ ਸ਼ੌਂਕਣ ਮੇਲੇ ਦੀ,
ਪੈਰ ਧੋ ਕੇ ਝਾਂਜਰਾਂ ਪਾਉਂਦੀ,
ਮੇਲ੍ਹ ਦੀ ਆਉਂਦੀ,
ਕਿ ਸ਼ੌਂਕਣ ਮੇਲੇ ਦੀ।
ਭਾਸ਼ਾ ਵਿਭਾਗ ਪੰਜਾਬ ਨੇ 1960 ਵਿੱਚ ਸੁਗਾਤ ਕਾਵਿ-ਸੰਗ੍ਰਹਿ ਦੇ ਖਰੜੇ ਨੂੰ ਸ਼੍ਰੋਮਣੀ ਕਾਵਿ ਕਰਾਰ ਦੇ ਕੇ ਨੂਰਪੁਰੀ ਨੂੰ ਉੱਤਮ ਕਵੀ ਦੇ ਤੌਰ ‘ਤੇ ਸਨਮਾਨਿਤ ਕੀਤਾ।
ਸੱਠਾਂ ਸਾਲਾਂ ਦੀ ਉਮਰ 'ਚ ਉਸ ਸਮਾਜਿਕ-ਆਰਥਿਕ ਵਿਵਸਥਾ ਅਤੇ ਰਾਜ ਤੋਂ ਸਤਿਆ ਨਿਰਾਸ਼ ਹੋਏ ਅੰਤ ਘੋਰ ਗਰੀਬੀ ਦੀ ਹਾਲਤ ਵਿੱਚ 13 ਮਈ 1966 ਨੂੰ ਖੁਦਕੁਸ਼ੀ ਕਰ ਲਈ।ਇਹ ਮੌਤ ਜਲੰਧਰ ਵਿਖੇ ਹੋਈ । ਉਸ ਦੀ ਸਮੁੱਚੀ ਰਚਨਾ ਉਸ ਦੇ ਦਿਹਾਂਤ ਤੋਂ ਕਈ ਸਾਲ ਮਗਰੋਂ ‘ਪੰਜਾਬ ਬੋਲਿਆ’ ਦੇ ਨਾਂ ਹੇਠ ਕਿਤਾਬੀ ਰੂਪ ਵਿੱਚ ਸਾਹਮਣੇ ਆਈ ।ਉਹਨਾਂ ਦੀ ਯਾਦ ਵਿੱਚ ਨੰਦ ਲਾਲ ਨੂਰਪੁਰੀ ਸੁਸਾਇਟੀ ਕੁਝ ਸਾਲ ਪਹਿਲਾ ਕੁਝ ਵਿਦਵਾਨਾਂ, ਕਵੀਆਂ ਨੇ ਰਲ ਕੇ ਬਣਾਈ ਜਿਸਦਾ ਮਕਸਦ ਸਵ: ਨੰਦ ਲਾਲ ਨੂਰਪੁਰੀ ਦੇ ਵਿਚਾਰਾਂ ਨੂੰ ਪ੍ਰਫੁੱਲਤ ਕਰਨਾ ਹੈ ਅਤੇ ਹਰ ਸਾਲ ਕਿਸੇ ਇੱਕ ਕਲਾਕਾਰ ਨੂੰ ਪੁਰਸਕਾਰ ਵੀ ਦਿੰਦੀ ਹੈ।

ਅਸਿਸਟੈਂਟ ਪ੍ਰੋ. ਗਗਨਦੀਪ ਕੌਰ ਧਾਲੀਵਾਲ 

ਗੀਤਾਂ ਦੇ ਬਾਦਸ਼ਾਹ ਨੂੰ ਯਾਦ ਕਰਦਿਆਂ ✍️ ਸ. ਸੁਖਚੈਨ ਸਿੰਘ ਕੁਰੜ

13 ਮਈ 'ਤੇ ਵਿਸ਼ੇਸ਼ 
ਪੰਜਾਬੀ ਕਾਵਿ-ਜਗਤ ਵਿੱਚ ਸਾਹਿਤਿਕ ਗੀਤਕਾਰੀ ਨੂੰ ਨਿਭਾਉਣ ਵਾਲ਼ੀ ਜੇ ਕਿਸੇ ਕਲਮ ਨੂੰ ਸਭ ਤੋਂ ਵੱਧ ਸਤਿਕਾਰ ਦੇਣਾ ਹੋਵੇ ਤਾਂ ਮੇਰੇ ਧਿਆਨ ਵਿੱਚ ਸਭ ਤੋਂ ਪਹਿਲਾਂ ਨਾਂ ਨੰਦ ਲਾਲ ਨੂਰਪੁਰੀ ਦਾ ਹੀ ਆਉਂਦਾ ਹੈ। ਹੁਣ ਤੱਕ ਨੂਰਪੁਰੀ ਦੇ ਲਿਖੇ ਗੀਤਾਂ ਨੇ ਆਪਣੇ-ਆਪ ਨੂੰ ਲੋਕ ਗੀਤਾਂ ਦੇ ਹਾਣੀ ਬਣਾਕੇ ਨੂਰਪੁਰੀ ਨੂੰ ਜਿਉਂਦੇ ਰੱਖਿਆ ਹੋਇਆ ਹੈ। ਨੂਰਪੁਰੀ ਨੂੰ ਸਾਹਿਤਕ ਗੀਤਕਾਰੀ ਦੇ ਬਾਦਸ਼ਾਹ ਹੋਣ ਦਾ ਮਾਣ ਦਿੰਦਿਆਂ ਅੱਜ ਆਪਾਂ ਇੱਥੇ ਉਹਨਾਂ ਦੀ ਜ਼ਿੰਦਗੀ ਦੇ ਹਾਲਾਤ,ਸਾਹਿਤਕ ਸਫ਼ਰ ਤੇ ਗੀਤਕਾਰੀ ਬਾਰੇ ਵਿਚਾਰਾਂ ਦੀ ਸਾਂਝ ਬਣਾਵਾਂਗੇ।
ਨੰਦ ਲਾਲ ਦਾ ਜਨਮ 3 ਜੂਨ 1906 ਵਿੱਚ ਪਿੰਡ ਨੂਰਪੁਰ, ਜ਼ਿਲ੍ਹਾ ਲਾਇਲਪੁਰ, ਪਾਕਿਸਤਾਨ ਵਿਚ ਪਿਤਾ ਬਿਸ਼ਨ ਸਿੰਘ ਅਤੇ ਮਾਤਾ ਹੁਕਮ ਦੇਈ ਦੇ ਘਰ ਹੋਇਆ। ਆਪਣੇ ਪਿੰਡ ਦੇ ਨਾਂ ਨੂੰ ਹੀ ਆਪਣੇ ਨਾਂ ਨਾਲ਼ ਜੋੜਕੇ ਨੰਦ ਲਾਲ ਨੇ ਨੂਰਪਰ ਪਿੰਡ ਦੇ ਮਾਣ ਨੂੰ ਦੁਨੀਆਂ ਵਿੱਚ ਪਹਿਚਾਣ ਦਿੱਤੀ।  ਮੈਟ੍ਰਿਕ ਦੀ ਪ੍ਰੀਖਿਆ ਖ਼ਾਲਸਾ ਹਾਈ ਸਕੂਲ ਲਾਇਲਪੁਰ ਤੋਂ ਪਾਸ ਕਰਨ ਤੋਂ ਬਾਅਦ ਉਸ ਨੇ ਖ਼ਾਲਸਾ ਕਾਲਜ ਵਿਖੇ ਦਾਖ਼ਲਾ ਲੈ ਲਿਆ।ਬੀਕਾਨੇਰ ਵਿਖੇ ਹੀ ਸੁਮਿੱਤਰਾ ਦੇਵੀ ਨਾਲ ਨੰਦ ਲਾਲ ਨੂਰਪੁਰੀ ਦਾ ਵਿਆਹ ਹੋ ਗਿਆ, ਜਿਸਦੀ ਕੁੱਖੋਂ ਛੇ ਲੜਕੀਆਂ ਅਤੇ ਦੋ ਲੜਕੇ (ਸਤਿਨਾਮ ਤੇ ਸਤਿਕਰਤਾਰ) ਪੈਦਾ ਹੋਏ।
1934 ਤੋਂ 1940 ਤੱਕ ਨੂਰਪੁਰੀ ਨੇ ਪੁਲਿਸ ਦੀ ਨੌਕਰੀ ਕੀਤੀ। ਪੁਲਿਸ ਦੀ ਨੌਕਰੀ ਦੌਰਾਨ ਇੱਕ ਮੁਕਾਬਲੇ ਨੇ ਉਸ ਦੇ ਮਨ ਨੂੰ ਕਾਫ਼ੀ ਠੇਸ ਪਹੁੰਚਾਈ। ਉਹਦਾ ਕਵੀ ਮਨ ਕੁਰਲਾ ਉੱਠਿਆ, ਉਸ ਨੇ ਲਿਖਿਆ:-
ਏਥੋਂ ਉੱਡਜਾ ਭੋਲਿਆ ਪੰਛੀਆ, ਵੇ ਤੂੰ ਆਪਣੀ ਜਾਨ ਬਚਾ।
ਏਥੇ ਘਰ ਘਰ ਫਾਹੀਆਂ ਗੱਡੀਆਂ, ਵੇ ਤੂੰ ਛੁਰੀਆਂ ਹੇਠ ਨਾ ਆ।
ਪੁਲਿਸ ਦੀ ਨੌਕਰੀ ਛੱਡਣ ਤੋਂ ਬਾਅਦ ਪਰਿਵਾਰ ਦੇ ਗੁਜ਼ਾਰੇ ਲਈ ਨੂਰਪੁਰੀ ਨੇ ਉਸ ਸਮੇਂ ਲੋਕ ਸਪੰਰਕ ਵਿਭਾਗ ਤੇ ਰੇਡੀਓ ਰਾਹੀਂ ਕੁਝ ਸਮਾਂ ਆਪਣਾ ਵਕਤ ਲੰਘਾਇਆ। ਫਿਰ ਭਾਸ਼ਾ ਵਿਭਾਗ ਵਿੱਚ ਕੁੱਝ ਸਮੇਂ ਲਈ ਨੌਕਰੀ ਕੀਤੀ ਪਰ ਉਹ ਉੱਥੇ ਵੀ ਬਹੁਤਾ ਸਮਾਂ ਟਿਕ ਨਾ ਸਕਿਆ। ਇੱਕ ਸਮੇਂ ਉਸ ਦੀ ਸਾਹਿਤ-ਸੇਵਾ ਤੇ ਦੇਸ-ਸੇਵਾ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੇ 75 ਰੁਪਏ ਮਹੀਨਾ ਵਜ਼ੀਫ਼ਾ ਵੀ ਲਗਾ ਦਿੱਤਾ। ਮੁੱਖ ਮੰਤਰੀ ਕਾਮਰੇਡ ਰਾਮ ਕਿਸ਼ਨ ਝਾਂਗੀ ਨੇ ਆਪਣੇ ਸਮੇਂ ਨੂਰਪੁਰੀ ਨੂੰ ਦਿੱਤੀ ਜਾਂਦੀ ਸਰਕਾਰੀ ਸਹਾਇਤਾ ਬੰਦ ਕਰ ਦਿੱਤੀ ਸੀ। ਉਸ ਤੋਂ ਬਾਅਦ ਦੇ ਹਾਲਾਤਾਂ ਨੇ ਨੂਰਪੁਰੀ ਨੂੰ ਕਾਫ਼ੀ ਨਿਰਾਸ਼ ਕਰ ਦਿੱਤਾ, ਉਹ ਖ਼ੁਦ ਲਿਖਦਾ ਹੈ:-
ਬੜਾ ਦੁਨੀਆਂ ਦਾ ਮੈਂ ਸਤਾਇਆ ਹੋਇਆ ਹਾਂ।
ਕਿ ਤੰਗ ਇਸ ਜ਼ਿੰਦਗੀ ਤੋਂ ਆਇਆ ਹੋਇਆ ਹਾਂ।
ਕੱਫ਼ਨ ਵਿੱਚ ਜ਼ਰਾ ਸੌਣ ਦੇਵੋ ਨਾ ਬੋਲੋ,
ਮੈਂ ਜ਼ਿੰਦਗੀ ਦੇ ਪੰਧ ਦਾ ਥਕਾਇਆ ਹੋਇਆ ਹਾਂ।
1940 ਵਿਚ ਨੂਰਪੁਰੀ ਬੀਕਾਨੇਰ ਤੋਂ ਪੰਜਾਬ ਆ ਗਿਆ। ਪ੍ਰੋ.ਮੋਹਨ ਸਿੰਘ ਅਨੁਸਾਰ, "1940 ਵਿੱਚ ਸ਼ੋਰੀ ਫ਼ਿਲਮ ਕੰਪਨੀ ਦੀ ਫ਼ਰਮਾਇਸ਼ ਉੱਤੇ ਨੂਰਪੁਰੀ ਨੇ ਪ੍ਰਸਿੱਧ ਫ਼ਿਲਮ 'ਮੰਗਤੀ' ਦੇ ਗਾਣੇ ਲਿਖੇ, ਜਿਸ ਨਾਲ਼ ਇੱਕ ਫਿਲਮੀ ਗੀਤਕਾਰ ਵਜੋਂ ਉਸ ਦੀ ਧਾਂਕ ਬੈਠ ਗਈ।" ਇਸ ਤੋਂ ਇਲਾਵਾ  'ਗੀਤ ਬਹਾਰਾਂ ਦੇ' ਅਤੇ 'ਵਲਾਇਤ ਪਾਸ' ਫ਼ਿਲਮਾਂ ਦੇ ਗੀਤਾਂ ਨੇ ਆਪਣੇ ਸਮੇਂ ਨੂਰਪੁਰੀ ਦੇ ਨਾਂ ਨੂੰ ਖ਼ੂਬ ਚਮਕਾਇਆ।
ਇਸ ਰਾਂਗਲੇ ਕਵੀ ਨੇ ਸਵਾ ਕੁ ਸੌ ਕਾਵਿ-ਵੰਨਗੀਆਂ ਪੰਜਾਬੀ ਸਾਹਿਤ ਨੂੰ ਪ੍ਰਦਾਨ ਕੀਤੀਆਂ ਜਿਨ੍ਹਾਂ ਵਿਚ ਕਵਿਤਾਵਾਂ, ਗੀਤ ਤੇ ਗ਼ਜ਼ਲਾਂ ਸ਼ਾਮਲ ਹਨ। ਇਨ੍ਹਾਂ ਵਿਚ ਗੀਤਾਂ ਦੀ ਗਿਣਤੀ ਸਭ ਤੋਂ ਵੱਧ ਲੱਗਪਗ ਛੇ ਦਰਜਨ ਅਤੇ ਸਭ ਤੋਂ ਘੱਟ ਗ਼ਜ਼ਲਾਂ, ਜਿੰਨ੍ਹਾਂ ਦੀ ਗਿਣਤੀ 12 ਹੀ ਮਿਲ਼ਦੀ ਹੈ ।
ਨੰਦ ਲਾਲ ਨੂਰਪੁਰੀ ਦੀਆਂ ਵੱਖ-ਵੱਖ ਪ੍ਰਕਾਸ਼ਤ ਪੁਸਤਕਾਂ ਵਿੱਚ ਸਭ ਤੋਂ ਪਹਿਲਾਂ  'ਨੂਰੀ ਪਰੀਆਂ' ਦਾ ਨਾਂ ਆਉਂਦਾ ਹੈ ਜੋ ਕਿ ਉਸ ਸਮੇਂ ਲਹੌਰ ਤੋਂ ਛਪੀ ਸੀ। ਉਸ ਤੋਂ ਬਾਅਦ 'ਵੰਗਾਂ', ਦਾ ਜ਼ਿਕਰ ਆਉਂਦਾ ਹੈ ਜਿਸ ਦੇ ਗੀਤਾਂ ਨੂੰ "ਰੂਹ ਦੀ ਗਜ਼ਾ" ਦੇ ਤੌਰ ਤੇ ਵਡਿਆਇਆ ਹੋਇਆ ਮਿਲ਼ਦਾ ਹੈ। ਅੱਗੇ ਕਿਤਾਬ 'ਜਿਊਂਦਾ ਪੰਜਾਬ' ਦੀ ਗੱਲ ਕਰੀਏ ਤਾਂ ਉਸ ਦਾ ਮੁੱਖ ਵਿਸ਼ਾ ਪੰਜਾਬ ਹੀ ਹੈ। ਫਿਰ ਨੂਰਪੁਰੀ ਦੇ ਗੀਤ', ਉਸ ਤੋਂ ਬਾਅਦ 'ਸੁਗਾਤ' ਪੁਸਤਕ ਜਿਸਨੂੰ ਕਿ  'ਭਾਸ਼ਾ ਵਿਭਾਗ ਪੰਜਾਬ ਵਲੋਂ ਪਹਿਲਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਇਸ ਕਿਤਾਬ ਦੀ ਭੂਮਿਕਾ ਲਿਖਦਿਆਂ 'ਹੀਰਾ ਸਿੰਘ ਦਰਦ' ਨੂਰਪੁਰੀ ਦੇ ਗੀਤਾਂ ਨੂੰ "ਸਮਾਜ ਲਈ ਸੁਗਾਤ" ਮੰਨਦਾ ਹੈ।
ਨੂਰਪੁਰੀ ਦੀ ਸਮੁੱਚੀ ਰਚਨਾ ਨੂੰ ਪੰਜਾਬੀ ਯੂਨੀਵਰਸਟੀ ਪਟਿਆਲਾ ਵੱਲੋਂ ਪ੍ਰੋਫ਼ੈਸਰ ਮੋਹਨ ਸਿੰਘ ਦੀ ਸੰਪਾਦਨਾ ਹੇਠ 1969 ਵਿਚ 'ਨੰਦ ਲਾਲ ਨੂਰਪੁਰੀ ਕਾਵਿ-ਸੰਗ੍ਰਹਿ' ਨਾਂ ਹੇਠ ਛਾਪਿਆ ਗਿਆ ਸੀ। ਇਸ ਪੁਸਤਕ ਦੀ ਭੂਮਿਕਾ ਪ੍ਰੋ ਮੋਹਨ ਸਿੰਘ ਨੇ ਲਿਖੀ ਜੋ ਕਿ 11 ਸਫ਼ਿਆਂ ਦੀ ਲੰਮੀ ਭੂਮਿਕਾ ਸੀ।
ਹੁਣ ਅੱਗੇ ਗੀਤਾਂ ਦੇ ਬਾਦਸ਼ਾਹ ਦੀ ਗੀਤਕਾਰੀ ਦੀ ਸ਼ੁਰੂਆਤ ਦੀ ਗੱਲ ਕਰਨ ਤੋਂ ਪਹਿਲਾਂ ਨੂਰਪੁਰੀ ਦੇ ਗੀਤ ਲਿਖਣ ਸੰਬੰਧੀ ਇਹ ਵਿਚਾਰ ਸਮਝਣੇ ਬਹੁਤ ਜ਼ਰੂਰੀ ਹੋ ਜਾਂਦੇ ਹਨ‌‌। ਨੂਰਪੁਰੀ ਲਿਖਦਾ ਹੈ ਕਿ "ਗੀਤ ਲਿਖਣਾ ਕਵਿਤਾ ਲਿਖਣ ਨਾਲੋਂ ਔਖਾ ਹੈ। ਜਿਸ ਦੇਸ਼ ਦੇ ਗੀਤ ਜਿਊਂਦੇ ਹਨ, ਉਹ ਦੇਸ਼ ਸਦਾ ਜਿਊਂਦਾ ਰਹਿੰਦਾ ਹੈ। ਮੈਂ ਕੋਸ਼ਿਸ਼ ਕਰਦਾ ਰਿਹਾ ਹਾਂ ਕਿ ਅਪਣੇ ਗੀਤਾਂ ਰਾਹੀਂ ਲੋਕਾਂ ਨੂੰ ਕੁੱਝ ਦੇ ਸਕਾਂ, ਅਪਣੇ ਗੀਤਾਂ ਰਾਹੀਂ ਕੌਮ ਤੇ ਦੇਸ਼ ਦੀ ਖ਼ਿਦਮਤ ਕਰ ਸਕਾਂ।'' ਨੂਰਪੁਰੀ ਨੇ ਉਪਰੋਕਤ ਵਿਚਾਰ ਨੂੰ ਸਿਰਫ ਕਹਿਣ ਤੱਕ ਹੀ ਸੀਮਤ ਨਹੀਂ ਰੱਖਿਆ ਸਗੋਂ ਸਾਰੀ ਜ਼ਿੰਦਗੀ ਆਪਣੀ ਕਲਮ ਦੀ ਨੋਕ 'ਤੇ ਇਹਨਾਂ ਆਪਣੇ ਕਹੇ ਬੋਲਾਂ ਨੂੰ ਮਾਣ ਬਖ਼ਸ਼ਿਆ‌।
ਉਸ ਦਾ ਸਭ ਤੋਂ ਪਹਿਲਾ ਗੀਤ  'ਮੈਂ ਵਤਨ ਦਾ ਸ਼ਹੀਦ' ਜੋ ਕਿ ਉਸਨੇ 1925 ਵਿੱਚ ਲਿਖਿਆ ਸੀ।
ਮੈਂ ਵਤਨ ਦਾ ਸ਼ਹੀਦ ਹਾਂ, ਮੇਰੀ ਯਾਦ ਭੁਲਾ ਦੇਣੀ ।
ਮੇਰੇ ਖ਼ੂਨ ਦੀ ਇਕ ਪਿਆਲੀ, ਕਿਸੇ ਪਿਆਸੇ ਨੂੰ ਪਿਲਾ ਦੇਣੀ।
ਇੱਥੇ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਸ਼ੁਰੂਆਤ ਵਿੱਚ ਹੀ ਦੇਸ-ਪਿਆਰ ਨਾਲ਼ ਭਰੀ ਭਾਵਨਾ ਨਾਲ਼ ਨੂਰਪੁਰੀ ਆਪਣੀ ਕਲਮ ਨੂੰ ਗੁੜ੍ਹਤੀ ਦਿੰਦਾਂ ਹੋਇਆ ਮਿਲ਼ਦਾ ਹੈ।
ਉਸ ਦੇ ਲਿਖੇ ਗੀਤਾਂ ਨੂੰ ਉਸ ਸਮੇਂ ਦੇ ਚਰਚਿਤ ਕਲਾਕਾਰ ਗਾਕੇ ਆਪਣੇ ਆਪ ਨੂੰ ਭਾਗਾਂ ਵਾਲ਼ਾ ਸਮਝਦੇ ਸਨ। ਉਸ ਸਮੇਂ ਲਿਖੇ ਤੇ ਗਾਏ ਨੂਰਪੁਰੀ ਦੇ ਗੀਤ ਅੱਜ ਦੀ ਨਵੀਂ ਪੀੜ੍ਹੀ ਨੂੰ ਵੀ ਆਪਣੇ ਹਾਣੀ ਲੱਗਦੇ ਹਨ, ਮੱਲੋ-ਮੱਲੀ ਇਹਨਾਂ ਗੀਤਾਂ ਦੇ ਬੋਲ ਜਵਾਨ ਮੁੰਡੇ ਕੁੜੀਆਂ ਦੇ ਬੁੱਲਾਂ ਤੇ ਥਿਰਕਣ ਲੱਗ ਜਾਂਦੇ ਹਨ। ਨੂਰਪੁਰੀ ਦੇ ਲਿਖੇ ਗੀਤਾਂ ਨੂੰ ਸਭ ਤੋਂ ਵੱਧ ਗਾਉਣ ਦਾ ਮਾਣ ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ ਦੇ ਹਿੱਸੇ ਹੀ ਆਇਆ,ਆਓ ਆਪਾਂ ਨੂਰਪੁਰੀ ਦੇ ਲਿਖੇ ਉਹਨਾਂ ਗੀਤਾਂ ਵੱਲ ਇੱਕ ਝਾਤ ਪਾਈਏ, ਜੋ ਅੱਜ ਵੀ ਲੋਕ ਮਨਾਂ ਉੱਪਰ ਆਪਣੀ ਪਹਿਚਾਣ ਬਣਾਈ ਬੈਠੇ ਹਨ।
1.ਚੰਨ ਵੇ ! ਕਿ ਸ਼ੌਂਕਣ ਮੇਲੇ ਦੀ ।
ਪੈਰ ਧੋ ਕੇ ਝਾਂਜਰਾਂ ਪੌਂਦੀ, ਮੇਲ੍ਹਦੀ ਆਉਂਦੀ
ਕਿ ਸ਼ੌਂਕਣ ਮੇਲੇ ਦੀ ।
2.ਗੋਰੀ ਦੀਆਂ ਝਾਂਜਰਾਂ ਬੁਲੌਂਦੀਆਂ ਗਈਆਂ
ਗਲੀਆਂ ਦੇ ਵਿਚ ਡੰਡ ਪੌਂਦੀਆਂ ਗਈਆਂ-ਪ੍ਰਕਾਸ਼ ਕੌਰ
3. ਹਟੋ ਨੀ ਸਹੇਲੀਓ ਹਟਾਓ ਨਾ ਨੀ ਗੋਰੀਓ
ਗੁੜ ਵਾਂਗੂੰ ਮਿੱਠੀਓ ਨੀ ਗੰਨੇ ਦੀਉ ਪੋਰੀਓ
ਨੀ ਮੈਨੂੰ ਅੱਗ ਦੇ ਭਬੂਕੇ ਵਾਂਗੂੰ ਮੱਚ ਲੈਣ ਦੇ
ਨੀ ਮੈਨੂੰ ਦਿਉਰ ਦੇ ਵਿਆਹ ਵਿਚ ਨੱਚ ਲੈਣ ਦੇ-ਸੁਰਿੰਦਰ ਕੌਰ, ਪ੍ਰਕਾਸ਼ ਕੌਰ
4.ਜੁੱਤੀ ਕਸੂਰੀ ਪੈਰੀਂ ਨਾ ਪੂਰੀ,ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ।
ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ,ਉਹਨੀ ਰਾਹੀਂ ਵੇ ਮੈਨੂੰ ਮੁੜਨਾ ਪਿਆ’-ਸੁਰਿੰਦਰ ਕੌਰ
ਨੂਰਪੁਰੀ ਦਿਖਾਵੇ ਦੀ ਥਾਂ ਰੂਹ ਤੋਂ ਧਰਮ ਨੂੰ ਸਤਿਕਾਰ ਦੇਣ ਵਾਲ਼ਾ ਇਨਸਾਨ ਸੀ, ਉਸਦੀ ਇਹ ਸੱਚੀ-ਸੁੱਚੀ ਭਾਵਨਾ ਨੂੰ ਵੀ ਉਸ ਦੇ ਲਿਖੇ ਧਾਰਮਿਕ ਗੀਤਾਂ ਤੋਂ ਸਮਝਿਆ ਜਾ ਸਕਦਾ ਹੈ:-  
1.ਕਿੱਡੇ ਸੋਹਣੇ ਚੰਦ ਨੀ ਤੇ ਕਿੱਡੇ ਸੋਹਣੇ ਬਾਲ ਨੀ,
ਟੁਰੇ ਜਾਂਦੇ ਸੂਬੇ ਦੇ ਸਿਪਾਹੀਆਂ ਦੇ ਜੋ ਨਾਲ ਨੀ- ਪ੍ਰਕਾਸ਼ ਕੌਰ, ਸੁਰਿੰਦਰ ਕੌਰ
2.ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ,
ਵੇਹੜੇ ਦੀਆਂ ਰੌਣਕਾਂ ਤੇ ਮਹਿਲਾਂ ਦੀ ਬਹਾਰ ਨੂੰ-ਪ੍ਰਕਾਸ਼ ਕੌਰ, ਸੁਰਿੰਦਰ ਕੌਰ
3.ਅੱਧੀ ਰਾਤੀਂ ਮਾਂ ਗੁਜਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ,
ਅੱਖੀਆਂ ਦੇ ਤਾਰਿਆਂ ਦਾ, ਮੈਨੂੰ ਚਾਨਣਾ ਨਜ਼ਰ ਨਾ ਆਵੇ-ਪ੍ਰਕਾਸ਼ ਕੌਰ, ਸੁਰਿੰਦਰ ਕੌਰ
4. ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ
ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ- ਸੁਰਿੰਦਰ ਕੌਰ, ਪ੍ਰਕਾਸ਼ ਕੌਰ
ਪੰਜਾਬ ਪੰਜਾਬੀ ਤੇ ਪੰਜਾਬੀਅਤ ਨਾਲ਼ ਮੋਹ ਰੱਖਣ ਵਾਲ਼ੇ ਨੂਰਪੁਰੀ ਦੇ ਗੀਤਾਂ ਦਾ ਹਰ ਉਮਰ ਨੇ ਚਾਅ ਨਾਲ਼ ਹਾਣ ਪ੍ਰਵਾਨ ਕੀਤਾ, ਲੋਕਾਈ ਨੇ ਉਹਦੀ ਕਲਮ ਨੂੰ ਸਤਿਕਾਰ ਦਿੱਤਾ। ਔਰਤ ਦੇ ਵੱਖੋ-ਵੱਖ ਰਿਸ਼ਤਿਆਂ ਤੇ ਮਨ ਦੀਆਂ ਭਾਵਨਾਵਾਂ,ਉਹਨਾਂ ਦੇ ਚਾਵਾਂ ਨੂੰ ਸੱਚੇ-ਸੁੱਚੇ ਸ਼ਬਦਾਂ ਨਾਲ਼ ਗੀਤਾਂ ਵਿੱਚ ਪਰੋਣ ਦਾ ਸਭ ਤੋਂ ਵੱਡਾ ਮਾਣ ਵੀ ਨੂਰਪੁਰੀ ਦੀ ਕਲਮ ਦੇ ਹਿੱਸੇ ਹੀ ਆਇਆ ਹੈ। ਨੂਰਪੁਰੀ ਦੇ ਗੀਤ ਪੰਜਾਬੀ ਸੱਭਿਆਚਾਰ ਦਾ ਸ਼ੀਸ਼ਾ ਹਨ। ਨੂਰਪੁਰੀ ਦੇ ਗੀਤਾਂ 'ਤੇ ਜਿੰਨੀਂ ਵੀ ਚਰਚਾ ਕੀਤੀ ਜਾਵੇ ਥੋੜ੍ਹੀ ਹੀ ਰਹੇਗੀ ਕਿਉਂਕਿ ਹਰ ਗੀਤ ਵਿੱਚ ਪੰਜਾਬੀ ਸੁਭਾਅ ਦੀ ਸੱਭਿਅਕ ਪਹਿਚਾਣ ਨੂੰ ਮਾਣ ਬਖ਼ਸ਼ਿਆ ਹੋਇਆ ਹੈ। ਸੱਭਿਆਚਾਰਕ ਪੱਖ ਤੋਂ ਸ਼ਬਦਾਵਲੀ ਅਧਾਰਿਤ ਇੱਕ ਕਿਤਾਬ ਲਿਖੀ ਜਾ ਸਕਦੀ ਹੈ। ਇਸ ਮਹਾਨ ਕਲਮਕਾਰ ਨੂੰ ਜੋ ਮਾਣ ਸਨਮਾਨ ਉਹਦੇ ਜਿਉਂਦੇ ਜੀਅ ਮਿਲ਼ਨਾ ਚਾਹੀਦਾ ਸੀ ਉਹ ਨਹੀਂ ਮਿਲ਼ਿਆ। ਨੂਰਪੁਰੀ ਨੇ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਚੱਪਲਾਂ ਨਾਲ਼ ਅਤੇ ਸਾਈਕਲ ਨਾਲ਼ ਹੀ ਕੀਤਾ ਪਰ ਉਸ ਦੇ ਲਿਖੇ ਗੀਤਾਂ ਨੇ ਉਸ ਸਮੇਂ ਦੇ ਨਾਮਵਰ ਗਾਇਕਾਂ ਨੂੰ ਕੋਠੀਆਂ ਵਾਲੇ ਜ਼ਰੂਰ ਬਣਾ ਦਿੱਤਾ ਸੀ।
ਨੂਰਪੁਰੀ ਖ਼ੁਦ ਅਕਸਰ ਆਖਿਆ ਕਰਦਾ ਸੀ ਕਿ
"ਸ਼ੇਅਰ ਕਹਿਣਾ ਜਾਂ ਤਾਂ ਬਾਦਸ਼ਾਹਾਂ ਦਾ ਕੰਮ ਹੈ ਜਾਂ ਫਿਰ ਫ਼ਕੀਰਾਂ ਦਾ ਕਿਉਂਕਿ ਇਹ ਦੋਵੇਂ ਹੀ ਆਰਥਿਕ ਪੱਖੋਂ ਪੂਰੀਆਂ ਹੋਣ ਵਾਲੀਆਂ ਸਮੂਹਿਕ ਲੋੜਾਂ ਲਈ ਕਿਸੇ ਦੇ ਮੁਥਾਜ ਨਹੀਂ ਹੁੰਦੇ।"
ਨੰਦ ਲਾਲ ਨੂਰਪੁਰੀ ਇੱਕ ਵਿਸ਼ੇਸ਼ ਗੁਣ ਇਹ ਵੀ ਸੀ ਕਿ ਉਹਨੇ ਹੁਣ ਦੇ ਰਿਵਾਜ਼ਾਂ ਵਾਂਗ ਇਨਾਮ-ਸਨਮਾਨ ਲੈਣ, ਆਪਣੇ ‘ਤੇ ਗੋਸ਼ਟੀਆਂ ਕਰਾਉਣ, ਖੋਜ ਪ੍ਰਬੰਧ ਲਿਖਵਾ ਕੇ ਚਰਚਾ ਕਰਾਉਣ ਲਈ ਕਦੇ ਤਰਲੇ ਨਹੀਂ ਮਾਰੇ।
ਬੇਸ਼ੱਕ ਆਪਣੀ ਨਿੱਜੀ ਜ਼ਿੰਦਗੀ ਦੇ ਫ਼ਕੀਰਪੁਣੇ 'ਚ ਨੂਰਪੁਰੀ ਨੇ ਸ਼ਬਦਾਂ ਦਾ ਤਾਜ ਪਹਿਨਕੇ ਗੀਤਕਾਰੀ ਦੀ ਬਾਦਸਾਹੀ ਦਾ ਮਾਣ ਖੱਟਿਆ ਪਰ ਪਰਿਵਾਰ ਨੂੰ ਪਾਲਦਿਆਂ ਆਰਥਿਕ ਤੰਗੀਆਂ ਨਾਲ਼ ਜੂਝਦਾ ਅੰਦਰੋਂ-ਅੰਦਰੀ ਮਾਨਸਿਕ ਤੌਰ 'ਤੇ ਹਾਰਦਾ ਆਖਿਰ 13 ਮਈ 1966 ਨੂੰ ਖੂਹ ਵਿੱਚ ਛਾਲ ਮਾਰਕੇ ਖੁਦਕੁਸ਼ੀ ਕਰ ਗਿਆ।

ਸ. ਸੁਖਚੈਨ ਸਿੰਘ ਕੁਰੜ
(ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ

ਪੰਜਾਬ ਪੁਲਿਸ ਨੇ ਕੱਟੀ 8 ਸਾਬਕਾ ਮੰਤਰੀਆਂ ਦੀ ਸੁਰੱਖਿਆ; 127 ਮੁਲਾਜ਼ਮ ਵਾਪਸ ਲਏ ਗਏ ਹਨ

ਸਾਬਕਾ ਵਿਧਾਇਕ ਪਰਮਿੰਦਰ ਪਿੰਕੀ ਤੋਂ 26, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਤੋਂ 28 ਮੁਲਾਜ਼ਮ ਵਾਪਸ ਲਏ ਗਏ ਹਨ।

ਹਰਸਿਮਰਤ ਕੌਰ ਬਾਦਲ, ਸੁਨੀਲ ਜਾਖੜ ਅਤੇ ਰਜਿੰਦਰ ਕੌਰ ਭੱਠਲ ਸਾਬਕਾ ਮੰਤਰੀਆਂ ਵਿੱਚੋਂ ਹਨ ਜਿਨ੍ਹਾਂ ਦੀ ਸੁਰੱਖਿਆ ਵਿੱਚ ਕਟੌਤੀ ਕੀਤੀ ਗਈ ਹੈ।

ਚੰਡੀਗੜ੍ਹ, 11 ਮਈ ( ਹਰਪਾਲ ਸਿੰਘ ਦਿਓਲ)  ਪੰਜਾਬ ਸਰਕਾਰ ਨੇ ਬੁੱਧਵਾਰ ਨੂੰ ਸਾਬਕਾ ਮੰਤਰੀਆਂ ਦੀ ਸੁਰੱਖਿਆ ਵਿੱਚ ਕਟੌਤੀ ਕੀਤੀ ਅਤੇ 127 ਕਰਮਚਾਰੀ ਅਤੇ ਕੁੱਲ 9 ਵਾਹਨ ਵਾਪਸ ਲੈ ਲਏ।ਸਾਬਕਾ ਵਿਧਾਇਕ ਪਰਮਿੰਦਰ ਪਿੰਕੀ ਤੋਂ 26 ਅਤੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਤੋਂ 28 ਮੁਲਾਜ਼ਮ ਵਾਪਸ ਲੈ ਲਏ ਗਏ ਹਨ।ਸਰਕਾਰ ਨੇ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਦੀ ਸੁਰੱਖਿਆ ਤੋਂ 19 ਪੁਲਿਸ ਮੁਲਾਜ਼ਮਾਂ ਨੂੰ ਵੀ ਵਾਪਸ ਲੈ ਲਿਆ ਹੈ।ਇਸ ਤੋਂ ਇਲਾਵਾ ਪੁਲਿਸ ਨੇ ਸਾਬਕਾ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਸੁਰੱਖਿਆ ਵੀ ਘਟਾ ਦਿੱਤੀ ਹੈ।ਜਿਨ੍ਹਾਂ ਦੀ ਸੁਰੱਖਿਆ ਵਿੱਚ ਕਟੌਤੀ ਕੀਤੀ ਗਈ ਹੈ ਉਨ੍ਹਾਂ ਵਿੱਚ ਹਰਸਿਮਰਤ ਕੌਰ ਬਾਦਲ, ਨਵਤੇਜ ਚੀਮਾ ਅਤੇ ਵਿਜੇ ਇੰਦਰ ਸਿੰਗਲਾ ਸ਼ਾਮਲ ਹਨ।

ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 81ਵਾਂ ਦਿਨ    

ਸਮੁੱਚੀ ਕੌਮ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ,ਰਾਜਨੀਤੀ ਤਿਆਗ ਕੇ ਇਕੱਠੇ ਹੋਣਾ ਹੀ ਪਵੇਗਾ : ਦੇਵ ਸਰਾਭਾ  

ਮੁੱਲਾਂਪੁਰ ਦਾਖਾ 12 ਮਈ  (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 81ਵਾਂ ਦਿਨ ਪੂਰਾ ਹੋਇਆ।ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾ ਦੀ ਸਰਪ੍ਰਸਤੀ ਹੇਠ ਚੱਲ ਰਹੇ  ਮੋਰਚੇ 'ਚ ਨੌਜਵਾਨ, ਕਿਸਾਨ ,ਮਜਦੂਰ,ਯੂਨੀਅਨ ਸਹੀਦਾਂ ਦੇ ਆਗੂ ਅਰਸ਼ਪ੍ਰੀਤ ਤਲਵੰਡੀ ਰਾਇ,ਰੁਪਿੰਦਰ ਸਿੰਘ ਤਲਵੰਡੀ ਰਾਇ,ਕਰਨਬੀਰ ਸਿੰਘ ਤਲਵੰਡੀ ਰਾਇ ,ਗੁਰਪ੍ਰੀਤ ਸਿੰਘ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਜਿਨ੍ਹਾਂ ਨੌਜਵਾਨਾਂ ਨੇ ਪੰਜਾਬ ਦੀ ਵਾਗਡੋਰ ਸੰਭਾਲਣੀ ਸੀ ਅੱਜ ਮੰਦਭਾਗਾ ਸਾਨੂੰ ਉਨ੍ਹਾਂ ਨੂੰ ਸੰਭਾਲਣਾ ਪੈ ਰਿਹਾ ਇਹ ਸਭ ਪੰਜਾਬ ਵਿੱਚ ਬਣੀਆਂ ਨਿਕੰਮੀਆਂ ਸਰਕਾਰਾਂ ਦੀ ਦੇਣ , ਜੇਕਰ ਅੱਜ ਪੰਜਾਬ 'ਚ ਨਵੀਂ ਬਣੀ ਸਰਕਾਰ ਦੀ ਗੱਲ ਕਰੀਏ ਇਹ ਵੀ ਕੋਈ ਬਹੁਤਾ ਇਨਕਲਾਬ ਲਿਆਉਂਦੀ ਦਿਖਾਈ ਨਹੀਂ ਦਿੰਦੀ ।ਜਿਵੇਂ ਪੰਜਾਬ ਦੇ ਨੌਜਵਾਨ ਪਹਿਲਾਂ ਨਸ਼ਿਆਂ ਦੇ ਰਾਹ ਪੈ ਕੇ ਇੱਕ ਇੱਕ ਕਰਕੇ ਸਾਥੋਂ ਵਿੱਛੜਦੇ ਸੀ ਅੱਜ ਵੀ ਉਸੇ ਗਤੀ ਨਾਲ ਨੌਜਵਾਨਾਂ ਦੀਆਂ ਮੌਤਾਂ ਉਸੇ ਤਰ੍ਹਾਂ ਹੋ ਰਹੀਆਂ ਹਨ ।ਫਿਰ ਇੱਥੇ ਕਿਹੜਾ ਬਦਲਾਅ, ਕਿਹੜਾ ਰੰਗਲਾ ਪੰਜਾਬ ਸਭ ਗੰਦੀਆਂ ਰਾਜਨੀਤੀਆਂ ਹੁੰਦੀਆਂ ਨੇ ।ਬਸ ਇਉਂ ਕਹਿ ਲਓ ਨਸ਼ਿਆਂ ਨੇ ਪੱਟਤੇ ਪੰਜਾਬੀ ਗੱਭਰੂ ਸਿਆਸਤਾਂ ਨੇ ਪੱਟ ਤਾ ਪੰਜਾਬ । ਉਨ੍ਹਾਂ ਅੱਗੇ ਆਖਿਆ ਕਿ ਬੀਤੇ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿਖੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਮੁੱਚੀ ਕੌਮ ਦਾ ਇੱਕ ਪੰਥਕ ਇਕੱਠ ਹੋਇਆ । ਜਿਸ ਵਿਚ ਸਮੂਹ ਜਥੇਬੰਦੀਆਂ ਜਿਹੜੀਆਂ ਕਿ ਇਕ ਦੂਜੇ ਨਾਲ ਇੱਟ ਕੁੱਤੇ ਦਾ ਵੈਰ ਰੱਖਦੀਆਂ ਸੀ। ਉਹ ਵੀ   ਇੱਕ ਦੂਜੇ ਦੇ ਗੋਡੇ ਤੇ ਗੋਡਾ ਰੱਖ ਕੇ ਬੈਠੀਆਂ ਦਿਖਾਈ ਦਿੰਦੀਆਂ ਸਨ ।ਜਦ ਕਿ ਇਹ ਹੋਣਾ ਵੀ ਬੇਹੱਦ ਜ਼ਰੂਰੀ ਸੀ ਕਿਉਂਕਿ ਹੁਣ ਹੁਕਮ ਸਿੱਖ ਕੌਮ ਦੀ ਸਰਵ ਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸੀ। ਇਸ ਲਈ ਸਮੁੱਚੀ ਸਿੱਖ ਕੌਮ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਗੰਦੀ ਰਾਜਨੀਤੀ ਤਿਆਗ ਕੇ ਇਕੱਠੇ ਹੋਣਾ ਹੀ ਪਵੇਗਾ । ਉਨ੍ਹਾਂ ਆਖ਼ਰ ਵਿੱਚ ਆਖਿਆ ਕਿ ਭਾਵੇਂ ਬਾਦਲਕਿਆਂ ਨੇ ਸਿੱਖ ਕੌਮ ਨਾਲ ਬੜੀਆਂ ਵਧੀਕੀਆਂ ਕੀਤੀਆਂ ਪਰ ਹੁਣ ਸਾਨੂੰ ਗੁਰੂ ਦਾ ਹੁਕਮ ਮੰਨ ਕੇ ਸਿਰਫ਼ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਹੀ ਸੋਚਣਾ ਚਾਹੀਦਾ ਹੈ । ਹੁਣ ਆਪਣੇ ਨਿੱਜੀ ਵੈਰ ਵਿਰੋਧ ਛੱਡ ਕੇ ਆਪਣੇ ਜੁਝਾਰੂਆਂ ਨੂੰ ਰਿਹਾਅ ਕਰਵਾਉਣ ਲਈ ਕੋਈ ਵੱਡਾ ਸੰਘਰਸ਼ ਕਰੋ ਤਾਂ ਜੋ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾ ਸਕੀਏ। ਇਸ ਮੌਕੇ  ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਇੰਦਰਜੀਤ ਸਿੰਘ ਸਹਿਜਾਦ ,ਢਾਡੀ ਦਵਿੰਦਰ ਸਿੰਘ ਭਨੋਹੜ ,ਬਲਦੇਵ ਸਿੰਘ ਈਸ਼ਨਪੁਰ,ਸ਼ਿੰਗਾਰਾ ਸਿੰਘ ਟੂਸੇ,ਜਸਵਿੰਦਰ ਸਿੰਘ ਕਾਲਖ, ਭਿੰਦਰ ਸਿੰਘ ਬਿੱਲੂ ਸਰਾਭਾ,ਅੱਛਰਾ ਸਿੰਘ ਸਰਾਭਾ ਮੋਟਰਜ਼ ਵਾਲੇ,   ਜਗਧੂੜ ਸਿੰਘ ਸਰਾਭਾ, ਅਰਸਦੀਪ ਸਿੰਘ ਸਹੌਲੀ, ਅਮਰਜੀਤ ਸਿੰਘ ਸਰਾਭਾ,ਭੁਪਿੰਦਰ ਸਿੰਘ ਘੜੂੰਆਂ,
,ਜਸਵਿੰਦਰ ਸਿੰਘ ਕਾਲਖ,ਅੰਮ੍ਰਿਤਪਾਲ ਸਿੰਘ ਰੱਤੋਵਾਲ , ਕੁਲਦੀਪ ਸਿੰਘ ਕਿਲਾ ਰਾਏਪੁਰ,ਨਿਰਭੈ ਸਿੰਘ ਅੱਬੂਵਾਲ,ਸੁਖਦੇਵ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।

ਮੁਗ਼ਲ ਸਾਮਰਾਜ ਦਾ ਚੌਥਾ ਸ਼ਾਸਕ-ਜਹਾਂਗੀਰ ✍️ ਪੂਜਾ

ਜਹਾਂਗੀਰ ਦਾ ਮੁੱਢਲਾ ਨਾਮ ਸਲੀਮ ਸੀ।ਇਸਦਾ ਜਨਮ 30 ਅਗਸਤ 1579ਈ. ਨੂੰ ਫਤਿਹਪੁਰ ਸਿਕਰੀ ਵਿੱਚ ਸ਼ੇਖ ਸਲੀਮ ਚਿਸ਼ਤੀ ਦੀ ਕੁਟੀਆ ਵਿੱਚ ਹੋਇਆ।ਇਸਦੇ ਪਿਤਾ ਦਾ ਨਾਮ ਅਕਬਰ ਅਤੇ ਮਾਤਾ ਦਾ ਨਾਮ ਮਰਿਯਮ ਉੱਜਮਾਨੀ ਸੀ।ਅਕਬਰ ਸਲੀਮ ਨੂੰ ਸੇਖੂ ਬਾਬਾ ਕਿਹਾ ਕਰਦਾ ਸੀ। 1605ਈ. ਵਿੱਚ ਅਕਬਰ ਦੀ ਮੌਤ ਤੋਂ ਬਾਅਦ ਸਲੀਮ ਨਵੀਂ ਉਪਾਧੀ ਨਾਲ ਰਾਜਗੱਦੀ ਉੱਪਰ ਬੈਠਿਆ ਇਹ ਉਪਾਧੀ ਸੀ "ਨੂਰਦੀਨ ਮੁਹੰਮਦ ਜਹਾਂਗੀਰ ਬਾਦਸ਼ਾਹ ਗਾਜ਼ੀ"।ਇਸਨੇ 1605-1627ਤੱਕ ਰਾਜ ਕੀਤਾ। ਜਹਾਂਗੀਰ ਦਾ ਮਤਲਬ ਦੁਨੀਆ ਜਿੱਤਣ ਵਾਲਾ।ਜਹਾਂਗੀਰ ਦੇ ਸ਼ਾਸਨ ਕਾਲ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ - 1605-1611 ਤੱਕ ਉਸਨੇ ਸੁਤੰਤਰ ਰਾਜ ਕੀਤਾ ਅਤੇ 1611-1627 ਤੱਕ  ਰਾਜ ਵਿੱਚ ਨੂਰਜਹਾਂ ਦਾ ਪ੍ਰਭਾਵ ਵੀ ਰਿਹਾ।ਗੱਦੀ ਉੱਪਰ ਬੈਠਦੇ ਹੀ ਉਸਨੇ ਕਈ ਸੁਧਾਰ ਕੀਤੇ ਜਿਵੇਂ ਕੰਨ, ਨੱਕ ਅਤੇ ਹੱਥ ਕੱਟਣ ਦੀਆਂ ਸਜ਼ਾਵਾਂ ਰੱਦ ਕਰ ਦਿੱਤੀਆਂ। ਸਮਰਾਟ ਬਣਦੇ ਹੀ ਉਸਨੇ 12 ਆਦੇਸ਼ ਜਾਰੀ ਕੀਤੇ।ਉਸਨੇ ਤਮਗਾ ਅਤੇ ਬਹਰੋ ਨਾਮੀ ਕਰ ਲੈਣ ਦੀ ਮਨਾਹੀ ਕਰ ਦਿੱਤੀ।

ਜਹਾਂਗੀਰ ਇਕ ਧਾਰਮਿਕ ਕੱਟੜ ਮੁਸਲਮਾਨ ਸੀ।ਉਸਦੀ ਧਾਰਮਿਕ ਕੱਟੜਤਾ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਦਾ ਕਾਰਨ ਬਣੀ। ਜਹਾਂਗੀਰ ਨੇ ਮੁਗ਼ਲ ਸਾਮਰਾਜ ਦਾ ਵਿਸਥਾਰ ਕਰਨ ਲਈ ਮੇਵਾੜ ਦੇ ਰਾਜਾ ਅਮਰ ਸਿੰਘ ਵੱਲ ਤਿੰਨ ਮੁਹਿੰਮਾਂ ਭੇਜੀਆਂ ਜੋ ਕਿ ਅਸਫਲ ਰਹੀਆਂ ਅੰਤ 1615ਈ.ਵਿੱਚ ਦੋਹਾਂ ਵਿਚਕਾਰ ਸੰਧੀ  ਹੋਈ।

ਜਹਾਂਗੀਰ ਦੇ ਦੌਰ ਨੂੰ ਚਿੱਤਰਕਾਰੀ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ।ਜਹਾਂਗੀਰ ਦੇ ਸਮੇਂ ਵਿੱਚ ਇੱਕ ਮਹੱਤਵਪੂਰਨ ਚਿੱਤਰਕਾਰ ਮਨਸੂਰ ਸੀ, ਜਿਸਨੂੰ ਉਸਨੇ "ਨਾਦਿਰ-ਉਲ-ਅਸਤਰਾ" ਦਾ ਖਿਤਾਬ ਦਿੱਤਾ ਸੀ, ਮਨਸੂਰ ਇੱਕ ਪੰਛੀ ਵਿਗਿਆਨੀ ਸੀ ਅਤੇ ਪੰਛੀਆਂ ਦੀ ਚਿੱਤਰਕਾਰੀ ਲਈ ਬਹੁਤ ਮਸ਼ਹੂਰ ਸੀ।

ਜਹਾਂਗੀਰ ਨੇ ਨਿਆਂ ਪ੍ਰਣਾਲੀ ਨੂੰ ਸੁਧਾਰਨ ਲਈ ਸੋਨੇ ਦੀ ਜੰਜੀਰ ਲਟਕਾਈ ਸੀ।ਉਨ੍ਹਾਂ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਆਗਰਾ ਦੇ ਕਿਲ੍ਹੇ ਦੇ ਬਾਹਰ 60 ਘੰਟੀਆਂ ਵਾਲੀ ਸੋਨੇ ਦੀ ਜੰਜੀਰ ਲਗਾਈ ਹੋਈ ਸੀ, ਜਿਸ ਵਿਚ ਕਿਸੇ ਵੀ ਤਰ੍ਹਾਂ ਦੀ ਨਿਆਂਇਕ ਸਮੱਸਿਆ ਜਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨਾਲ ਕੋਈ ਗ਼ਲਤੀ ਹੋ ਰਹੀ ਹੈ ਤਾਂ ਉਹ ਆ ਕੇ ਇਨਸਾਫ਼ ਕਰਨਗੇ | ਜ਼ੰਜੀਰੀ ਦੀ ਘੰਟੀ ਵਜਾ ਸਕਦੀ ਸੀ ਅਤੇ ਸਿੱਧਾ ਰਾਜਾ ਉਸ ਘੰਟੀ ਦੀ ਅਵਾਜ਼ ਸੁਣਦਾ ਸੀ ਅਤੇ ਫਿਰ ਉਸ ਦੀ ਫਰਿਆਦ ਸੁਣੀ ਜਾਂਦੀ ਸੀ ਅਤੇ ਉਸ ਨਾਲ ਇਨਸਾਫ ਕੀਤਾ ਜਾਂਦਾ ਸੀ।ਜਹਾਂਗੀਰ ਦੇ ਸਮੇਂ ਦੌਰਾਨ ਕੁਝ ਵਿਦੇਸ਼ੀ ਭਾਰਤ ਆਏ ਸਨ ਅਤੇ ਉਸਦੇ ਦਰਬਾਰ ਵਿੱਚ ਆਏ ਸਨ ਜਿਵੇਂ ਕਿ ਕੈਪਟਨ ਹਾਕਿੰਸ, ਜੋ 1608 - 1611 ਵਿੱਚ ਬਰਤਾਨੀਆ ਦੇ ਕਿੰਗ ਜੇਮਸ ਪਹਿਲੇ ਦੇ ਦੂਤ ਵਜੋਂ ਜਹਾਂਗੀਰ ਦੇ ਦਰਬਾਰ ਵਿੱਚ ਆਇਆ ਸੀ।ਜਹਾਂਗੀਰ ਕੈਪਟਨ ਹਾਕਿੰਸ ਦੇ ਵਿਹਾਰ ਤੋਂ ਬਹੁਤ ਖੁਸ਼ ਹੋਇਆ ਅਤੇ ਉਸਨੂੰ 400 ਦਾ ਮਨਸਬ ਭੇਟ ਕਰਦਾ ਹੈ ਅਤੇ ਕੈਪਟਨ ਹਾਕਿੰਸ ਨੂੰ "ਅੰਗਰੇਜ਼ ਖਾਨ" ਦਾ ਖਿਤਾਬ ਵੀ ਦਿੱਤਾ ਗਿਆ ਹੈ।ਸਰ ਥਾਮਸ ਰੋ ਵੀ 1615-1619 ਵਿੱਚ ਭਾਰਤ ਆਏ ਸਨ।ਉਹ ਇਕੱਲਾ ਨਹੀਂ ਆਇਆ, ਉਸ ਦੇ ਨਾਲ ਐਡਵਰਡ ਟੈਰੀ ਨਾਂ ਦਾ ਪਾਦਰੀ ਵੀ ਸੀ।ਇਸ ਤਰ੍ਹਾਂ ਸਰ ਥਾਮਸ ਰੋ ਜਹਾਂਗੀਰ ਦੇ ਦਰਬਾਰ ਵਿਚ ਆਉਣ ਵਾਲਾ ਦੂਜਾ ਅੰਗਰੇਜ਼ ਹੈ।

ਜਹਾਂਗੀਰ ਇੱਕ ਉੱਚ ਕੋਟੀ ਦਾ ਲੇਖਕ ਸੀ।ਉਸਨੇ ਆਪਣੀ ਸਵੈ-ਜੀਵਨੀ "ਤੁਜ਼ੁਕ-ਏ-ਜਹਾਂਗੀਰੀ" ਲਿਖੀ ਅਤੇ ਇਹ ਸਵੈ-ਜੀਵਨੀ ਉਸਨੇ ਫ਼ਾਰਸੀ ਭਾਸ਼ਾ ਵਿੱਚ ਲਿਖੀ।ਬਾਦਸ਼ਾਹ ਜਹਾਂਗੀਰ ਆਪਣੀ ਸਵੈ-ਜੀਵਨੀ 'ਤੁਜ਼ੁਕ-ਏ-ਜਹਾਂਗੀਰੀ' ਵਿਚ ਲਿਖਦਾ ਹੈ ਕਿ ਗੁਲਾਬ ਤੋਂ ਅਤਰ ਕੱਢਣ ਦਾ ਤਰੀਕਾ ਨੂਰਜਹਾਂ ਬੇਗਮ (ਅਸਮਤ ਬੇਗਮ) ਦੀ ਮਾਂ ਦੁਆਰਾ ਖੋਜਿਆ ਗਿਆ ਸੀ।

ਜਹਾਂਗੀਰ ਦੀ ਸਵੈ-ਜੀਵਨੀ ਵਿੱਚ ਮੂਲ ਰੂਪ ਵਿੱਚ ਤਿੰਨ ਅਧਿਆਏ ਹਨ, ਪਹਿਲਾ ਉਸ ਦੇ ਮੁੱਢਲੇ ਜੀਵਨ ਬਾਰੇ, ਦੂਜਾ ਸਭ ਤੋਂ ਮਹੱਤਵਪੂਰਨ ਹਿੱਸਾ ਜਹਾਂਗੀਰ ਦੁਆਰਾ ਖੁਦ ਲਿਖਿਆ ਗਿਆ ਹੈ ਅਤੇ ਆਪਣੇ ਬਾਰੇ ਬਹੁਤ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ, ਪਰ ਜਦੋਂ ਉਹ ਮਰ ਜਾਂਦਾ ਹੈ ਤਾਂ ਇਸ ਵਿੱਚ ਇੱਕ ਤੀਜਾ ਅਧਿਆਏ ਜੋੜਿਆ ਜਾਂਦਾ ਹੈ, ਜਿਸ ਵਿੱਚ ਉਸਦੀ ਮੌਤ ਤੋਂ ਬਾਅਦ ਦੀਆਂ ਘਟਨਾਵਾਂ ਲਿਖੀਆਂ ਗਈਆਂ ਹਨ, ਜੋ ਮੁਹੰਮਦ ਹਾਦੀ ਦੁਆਰਾ ਪੂਰੀਆਂ ਕੀਤੀਆਂ ਗਈਆਂ ਹਨ।

ਇਸ ਤੋਂ ਇਲਾਵਾ ਜਹਾਂਗੀਰ ਨੇ ਇੱਕ ਫੌਜੀ ਸੁਧਾਰ ਕੀਤਾ ਸੀ, ਉਸਨੇ ਦੋ ਅਸਪਾ ਅਤੇ ਸਿੰਘ ਅਸਪਾ ਨਾਮਕ ਅਭਿਆਸ ਸ਼ੁਰੂ ਕੀਤਾ ਸੀ।ਉਦਾਹਰਨ ਲਈ, ਜੇਕਰ ਇੱਕ ਸਵਾਰ ਦਾ ਦਰਜਾ ਹੈ ਅਤੇ ਉਸਨੂੰ 1000 ਘੋੜੇ ਰੱਖਣ ਦੀ ਇਜਾਜ਼ਤ ਹੈ ਪਰ ਇਹ ਦੁੱਗਣਾ ਕਰ ਦਿੱਤਾ ਜਾਂਦਾ ਹੈ ਅਤੇ ਦਰਜਾ ਇੱਕ ਹੀ ਰਹਿੰਦਾ ਹੈ ਅਤੇ ਉਸਨੂੰ ਦੁੱਗਣੇ ਘੋੜੇ ਰੱਖਣੇ ਪੈਂਦੇ ਹਨ, ਤਾਂ ਉਸਨੂੰ ਦੋ ਅਸਪਾ ਕਿਹਾ ਜਾਂਦਾ ਹੈ ਅਤੇ ਇਸ ਵਿੱਚ ਜੇਕਰ ਇਹ ਤਿੰਨ ਗੁਣਾ ਹੈ ਉਹ ਸਿੰਘ ਅਸਪਾ ਵਜੋਂ ਜਾਣਿਆ ਜਾਂਦਾ ਸੀ।

ਜਹਾਂਗੀਰ ਦੇ ਸਮੇਂ ਭਵਨ ਉਸਾਰੀ ਘੱਟ ਹੋਈ।ਉਸਨੇ ਸਭ ਤੋਂ ਪਹਿਲਾਂ ਅਕਬਰ ਦੇ ਮਕਬਰੇ ਦਾ ਅਧੂਰਾ ਕੰਮ ਪੂਰਾ ਕੀਤਾ।ਇਸ ਤੋਂ ਇਲਾਵਾ ਆਗਰਾ ਵਿੱਚ  ਇਤਮਾਦ ਉਦ ਦੌਲਾ ਦਾ ਮਕਬਰਾ ਅਤੇ ਅਬਦੁਰ ਰਹੀਮ ਖਾਨਖਾਨਾ ਦਾ ਮਕਬਰਾ ਆਦਿ।

ਸੰਨ 1627 ਵਿਚ ਜਦੋਂ ਮੁਗਲ ਬਾਦਸ਼ਾਹ ਜਹਾਂਗੀਰ ਕਸ਼ਮੀਰ ਤੋਂ ਵਾਪਸ ਆ ਰਿਹਾ ਸੀ ਤਾਂ ਲਾਹੌਰ (ਪਾਕਿਸਤਾਨ) ਵਿਚ ਸਿਹਤ ਵਿਗੜਨ ਕਾਰਨ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ, ਜਹਾਂਗੀਰ ਦੀ ਮ੍ਰਿਤਕ ਦੇਹ ਨੂੰ ਲਾਹੌਰ ਵਿੱਚ ਰਾਵੀ ਨਦੀ ਦੇ ਕੰਢੇ ਬਣੇ ਬਾਗਸਰ ਦੇ ਕਿਲ੍ਹੇ ਵਿੱਚ ਅਸਥਾਈ ਤੌਰ 'ਤੇ ਦਫ਼ਨਾਇਆ ਗਿਆ।ਫਿਰ ਬਾਅਦ ਵਿਚ ਉਥੇ ਜਹਾਂਗੀਰ ਦੀ ਪਤਨੀ ਨੂਰਜਹਾਂ ਦੁਆਰਾ ਜਹਾਂਗੀਰ ਦਾ ਵਿਸ਼ਾਲ ਮਕਬਰਾ ਬਣਵਾਇਆ ਗਿਆ, ਜੋ ਅੱਜ ਵੀ ਲਾਹੌਰ ਵਿਚ ਸੈਲਾਨੀਆਂ ਦੀ ਖਿੱਚ ਦਾ ਮੁੱਖ ਕੇਂਦਰ ਹੈ।

ਪੂਜਾ 9815591967

ਰੋਸ ਧਰਨੇ ਵਿਚ ਸਾਮਲ ਹੋਣ ਲਈ ਲੋਕਾ ਨੂੰ ਕੀਤਾ ਲਾਮਬੰਦ                          

  ਹਠੂਰ,12,ਮਈ-(ਕੌਸ਼ਲ ਮੱਲ੍ਹਾ)-ਪਿਛਲੇ 48 ਦਿਨਾ ਤੋ ਪੰਜਾਬ ਪੁਲਿਸ ਥਾਣਾ ਸਿੱਟੀ ਜਗਰਾਓ ਦੇ ਮੁੱਖ ਗੇਟ ਤੇ ਚੱਲ ਰਹੇ ਰੋਸ ਧਰਨੇ ਨੂੰ ਹੋਰ ਮਜਬੂਤ ਕਰਨ ਲਈ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਣ ਸਿੰਘ ਝੋਰੜਾ ਦੀ ਅਗਵਾਈ ਹੇਠ ਪਿੰਡ ਰਸੂਲਪੁਰ,ਮੱਲ੍ਹਾ,ਲੱਖਾ ਅਤੇ ਬੁਰਜ ਕੁਲਾਰਾ ਦੇ ਲੋਕਾ ਨੂੰ ਸ਼ੰਘਰਸ ਵਿਚ ਸਾਮਲ ਹੋਣ ਲਈ ਲਾਮਵੰਦ ਕੀਤਾ ਗਿਆ।ਇਸ ਮੌਕੇ ਸੰਬੋਧਨ ਕਰਦਿਆ ਇਕਾਈ ਪ੍ਰਧਾਨ ਗੁਰਚਰਨ ਸਿੰਘ ਰਸੂਲਪੁਰ,ਕਾਮਰੇਡ ਅਵਤਾਰ ਸਿੰਘ ਰਸੂਲਪੁਰ ਅਤੇ ਕਾਮਰੇਡ ਨਿਰਮਲ ਸਿੰਘ ਨੇ ਕਿਹਾ ਕਿ ਸਮੇਂ-ਸਮੇਂ ਦੀਆ ਸਰਕਾਰਾ ਲੋਕਾ ਦੇ ਜਜਬਾਤਾ ਨਾਲ ਖੇਡਦੀਆ ਆ ਰਹੀਆ ਹਨ।ਉਨ੍ਹਾ ਕਿਹਾ ਕਿ ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਤੇ ਹੋਏ ਅੱਤਿਆਚਾਰ ਖਿਲਾਫ ਸੂਬੇ ਦੀਆ ਇਨਸਾਫਪਸੰਦ ਜੱਥੇਬੰਦੀਆ ਦਿਨ-ਰਾਤ ਸੰਘਰਸ ਕਰ ਰਹੀਆ ਹਨ ਅਤੇ ਅਨੇਕਾ ਵਾਰ ਪੁਲਿਸ ਦੇ ਉੱਚ ਅਧਿਕਾਰੀਆ ਦੇ ਦਫਤਰਾ ਅੱਗੇ ਰੋਸ ਧਰਨੇ ਵੀ ਦਿੱਤੇ ਜਾ ਚੁੱਕੇ ਹਨ ਪਰ ਸਮੇਂ-ਸਮੇਂ ਦੀਆ ਸਰਕਾਰਾ ਅਤੇ ਪੰਜਾਬ ਪੁਲਿਸ ਤਫਤੀਸ ਦਾ ਬਹਾਨਾ ਬਣਾ ਕੇ ਦੋਸੀਆ ਨੂੰ ਬਚਾਉਣ ਦੇ ਯਤਨ ਕਰਕੇ ਲੋਕਤੰਤਰ ਦੀਆ ਧੱਜੀਆ ਉਡਾ ਰਹੇ ਹਨ,ਇਸ ਕਰਕੇ ਇਨਸਾਫ ਪਸੰਦ ਜੱਥੇਬੰਦੀਆ ਕੁਲਵੰਤ ਕੌਰ ਰਸੂਲਪੁਰ ਤੇ ਅੱਤਿਆਚਾਰ ਕਰਨ ਵਾਲੇ ਪੁਲਿਸ ਅਫਸਰਾ ਨੂੰ ਇੱਕ ਦਿਨ ਜਰੂਰ ਜੇਲ ਦੀਆ ਸੀਖਾ ਵਿਚ ਜਾਣਾ ਪਵੇਗਾ।ਇਸ ਮੌਕੇ ਉਨ੍ਹਾ ਕਿਹਾ ਕਿ ਜਗਰਾਓ ਪੁਲਿਸ ਖਿਲਾਫ ਅਤੇ ਪੰਜਾਬ ਸਰਕਾਰ ਖਿਲਾਫ 14 ਮਈ ਦਿਨ ਸਨਿੱਚਰਵਾਰ ਨੂੰ ਵਿਸਾਲ ਮੋਟਰਸਾਇਕਲ ਮਾਰਚ ਕੱਢਿਆ ਜਾ ਰਿਹਾ ਹੈ।ਇਹ ਮੋਟਰਸਾਇਕਲ ਮਾਰਚ ਸਵੇਰੇ ਦਸ ਵਜੇ ਪੰਜਾਬ ਪੁਲਿਸ ਸਿੱਟੀ ਥਾਣਾ ਜਗਰਾਓ ਦੇ ਮੁੱਖ ਗੇਟ ਤੋ ਰਵਾਨਾ ਹੋ ਕੇ ਨਾਨਕਸਰ,ਕਾਉਕੇ ਕਲਾਂ,ਕਾਉਕੇਖੋਸਾ,ਡੱਲਾ,ਰਸੂਲਪੁਰ,ਮੱਲ੍ਹਾ,ਮਾਣੂੰਕੇ,ਜੱਟਪੁਰਾ,ਲੰਮਾ,ਸੱਤੋਵਾਲ,ਝੋਰੜਾ,ਬੱਸੀਆ,    ਇਤਿਹਾਸਕ ਗੁਰਦੁਆਰਾ ਸ੍ਰੀ ਟਾਹਲੀਆਣਾ ਸਾਹਿਬ ਰਾਏਕੋੋਟ ਵਿਖੇ ਸਮਾਪਤ ਹੋਵੇਗਾ।ਉਨ੍ਹਾ ਕਿਹਾ ਕਿ ਜੇਕਰ ਕੁਲਵੰਤ ਕੌਰ ਰਸੂਲਪੁਰ ਦੇ ਦੋਸੀਆ ਨੂੰ ਜਲਦੀ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾ ਵਿਚ ਸੰਘਰਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਕਾਮਰੇਡ ਗੁਰਚਰਨ ਸਿੰਘ ਰਸੂਲਪੁਰ,ਗੁਰਮੀਤ ਸਿੰਘ ਸਿੱਧੂ,ਕਾਮਰੇਡ ਸੁਖਮੰਦਰ ਸਿੰਘ,ਸਵਰਨਜੀਤ ਸਿੰਘ,ਬੂਟਾ ਸਿੰਘ,ਨਿਰਮਲ ਸਿੰਘ,ਅਜੈਬ ਸਿੰਘ,ਸੂੱਖਾ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:-ਪਿੰਡ ਰਸੂਲਪੁਰ ਵਿਖੇ ਮੀਟਿੰਗ ਕਰਦੇ ਹੋਏ ਪ੍ਰਧਾਨ ਤਰਲੋਚਣ ਸਿੰਘ ਝੋਰੜਾ,ਗੁਰਚਰਨ ਸਿੰਘ ਰਸੂਲਪੁਰ ਅਤੇ ਹੋਰ।

ਸੰਤ ਬਾਬਾ ਬੂਟਾ ਸਿੰਘ ਦੀ ਯਾਦ ਨੂੰ ਸਮਰਪਿਤ ਸਰਧਾਜਲੀ ਸਮਾਗਮ ਅੱਜ

ਹਠੂਰ,12,ਮਈ-(ਕੌਸ਼ਲ ਮੱਲ੍ਹਾ)-ਮਹਾਨ ਤਪੱਸਵੀ ਸੰਤ ਬਾਬਾ ਬੂਟਾ ਸਿੰਘ (ਦੈੜ੍ਹਾਂ ਵਾਲੇ)ਕੁਝ ਦਿਨ ਪਹਿਲਾ ਬ੍ਰਹਮਲੀਨ ਹੋ ਗਏ ਸਨ।ਉਨ੍ਹਾ ਦੀ ਯਾਦ ਨੂੰ ਸਮਰਪਿਤ ਅੱਜ ਪਿੰਡ ਰਸੂਲਪੁਰ(ਮੱਲ੍ਹਾ) ਵਿਖੇ ਸਰਧਾਜਲੀ ਸਮਾਗਮ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਲੋਕਲ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ ਨੇ ਦੱਸਿਆ ਕਿ ਇਸ ਸਰਧਾਜਲੀ ਸਮਾਗਮ ਵਿਚ ਸੰਤ,ਮਹਾਪੁਰਸ ਅਤੇ ਧਾਰਮਿਕ ਸੰਸਥਾਵਾ ਦੇ ਮੁੱਖੀ ਸੰਤ ਬਾਬਾ ਬੂਟਾ ਸਿੰਘ ਨੂੰ ਸਰਧਾਜਲੀਆ ਭੇਂਟ ਕਰਨਗੇ।
 

ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿੱਚ ਭਾਕਿਯੂ ਏਕਤਾ ਡਕੋਂਦਾ ਨੂੰ ਬਦਨਾਮ ਕਰਨ ਦਾ ਗੰਭੀਰ ਨੋਟਿਸ

ਪੁਲਿਸ ਅਤੇ ਸਿਆਸੀ ਸ਼ਹਿ`ਤੇ ਪਲ ਰਹੇ ਵੱਡੇ ਨਸ਼ਾ ਤਸਕਰਾਂ ਨੂੰ ਸਰਕਾਰ ਨਕੇਲ ਪਾਵੇ-ਮਨਜੀਤ ਧਨੇਰ

ਬਰਨਾਲਾ /ਮਹਿਲਕਲਾਂ - 12 ਮਈ   (ਗੁਰਸੇਵਕ ਸੋਹੀ)- ਪੰਜਾਬ ਪੁਲਿਸ ਵੱਲੋਂ ਕੱਲ੍ਹ ਨਸ਼ੀਲੀਆਂ ਗੋਲੀਆਂ/ਸ਼ੀਸ਼ੀਆਂ ਦੀ ਮਾਮੂਲੀ ਖੇਪ ਫੜ੍ਹਕੇ ਵੱਡੇ ਦਾਅਵੇ ਕੀਤੇ ਗਏ ਹਨ। ਪੁਲਿਸ ਵੱਲੋਂ ਇਸ ਵਿੱਚ ਦੋ ਵਿਅਕਤੀਆਂ ਜਗਦੀਪ ਸਿੰਘ ਅਤੇ ਗੋਗਾ ਸਿੰਘ ਦਾ ਸਬੰਧ ਭਾਕਿਯੂ ਏਕਤਾ ਡਕੌਂਦਾ ਦੇ ਮੈਂਬਰ ਵਜੋਂ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਸਾਰੇ ਮਾਮਲੇ ਸਬੰਧੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਭਾਕਿਯੂ ਏਕਤਾ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ,ਮੀਤ ਪ੍ਰਧਾਨ ਗੁਰਦੀਪ ਸਿੰਘ ਨੇ ਕਿਹਾ ਕਿ ਦਿੱਲੀ ਬਾਰਡਰਾਂ`ਤੇ ਸਾਲ ਭਰ ਤੋਂ ਵੱਧ ਸਮਾਂ ਚੱਲੇ ਇਤਿਹਾਸਕ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਅਕਸਰ ਹੀ ਬਹੁਤ ਸਾਰੇ ਵਿਅਕਤੀ ਜਥੇਬੰਦੀ ਦੇ ਝੰਡੇ/ਬੈਜ ਵਗੈਰਾ ਲੈ ਜਾਂਦੇ ਰਹੇ ਹਨ। ਹਾਲਾਂਕਿ ਜਥੇਬੰਦੀ ਦਾ ਸਪਸ਼ਟ ਨਿਰਦੇਸ਼ ਸੀ ਕਿ ਜਥੇਬੰਦੀ ਦੇ ਝੰਡੇ/ਬੈਜਾਂ ਦੀ ਵਰਤੋਂ ਕਿਸੇ ਵੀ ਗਲਤ/ਲੋਕ ਵਿਰੋਧੀ ਕੰਮ ਲਈ ਨਾਂ ਕਰੇ। ਫਿਰ ਵੀ ਹੋ ਸਕਦਾ ਹੈ ਕਿ ਜਥੇਬੰਦੀ ਦੇ ਝੰਡੇ/ਬੈਜ ਵਰਤ ਕੇ ਕੋਈ ਵਿਅਕਤੀ ਗਲਤ/ਲੋਕ ਵਿਰੋਧੀ ਕਾਰਨਾਮਿਆਂ ਵਿੱਚ ਸ਼ਾਮਿਲ ਰਹੇ ਹੋਣ। ਜਥੇਬੰਦੀ ਆਪਣੀ ਸਮਝ ਅਨੁਸਾਰ ਅਜਿਹੇ ਗਲਤ/ਲੋਕ ਵਿਰੋਧੀ ਕਾਰਨਾਮਿਆਂ ਵਿੱਚ ਸ਼ਾਮਿਲ ਰਹੇ ਵਿਅਕਤੀਆਂ ਦੀ ਬਿਲਕੁਲ ਵੀ ਮੱਦਦ ਨਹੀਂ ਕਰੇਗੀ। ਇਸ ਤੋਂ ਵੀ ਅੱਗੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਨਸ਼ਿਆਂ ਦੀਆਂ ਅਲਾਮਤਾਂ ਤੋਂ ਬਚਾਉਣ ਲਈ ਚੇਤਨਾ ਮੁਹਿੰਮ ਚਲਾਉਣ ਲਈ ਵਿਚਾਰ ਕਰ ਰਹੀ ਹੈ।ਮੌਜੂਦਾ ਸਮੇਂ ਫਿਲੌਰ ਪੁਲਿਸ ਅਕੈਡਮੀ ਅਤੇ ਜੇਲ੍ਹਾਂ ਅੰਦਰ ਵਿਕ ਰਹੇ ਨਸ਼ੇ ਨੇ ਪੁਲਿਸ ਦੀ ਪੋਲ ਖੋਲ੍ਹ ਦਿੱਤੀ ਹੈ। ਸਾਫ ਹੈ ਕਿ ਕੁੁੱਤੀ ਚੋਰਾਂ ਨਾਲ ਰਲਕੇ ਪੰਜਾਬ ਦੀ ਜਵਾਨੀ ਦਾ ਘਾਣ ਕਰ ਰਹੀ ਹੈ।ਇਸ ਲਈ ਕਿਸਾਨ ਆਗੂਆਂ ਨੇ ਜੋਰਦਾਰ ਮੰਗ ਕੀਤੀ ਕਿ ਪੰਜਾਬ ਵਿੱਚ ਸਿਖਰਾਂ ਛੂਹ ਰਹੀ ਬੇਰੁਜਗਾਰੀ ਦਾ ਹੱਲ ਕਰਨ ਲਈ ਠੋਸ ਪਹਿਲਕਦਮੀ ਕੀਤੀ ਜਾਵੇ। ਉਹਨਾਂ ਕਿਹਾ ਕਿ 5-10 ਗ੍ਰਾਮ ਨਸ਼ਾ ਵੇਚਣ ਵਾਲਿਆਂ ਨੂੰ ਫੜ੍ਹਕੇ ਖਾਨਾਪੂਰਤੀ ਕਰਨ ਦੀ ਥਾਂ ਇਸ ਬੁਰਾਈ ਦੇ ਧੁਰੇ ਵੱਲ ਵਧਿਆ ਜਾਵੇ। ਪੰਜਾਬ ਸਰਕਾਰ ਵੱਲੋਂ ਪੰਜਾਬ ਅੰਦਰ ਵਗ ਰਹੇ ਨਸ਼ਿਆਂ ਦੇ ਵਗ ਰਹੇ ਪੰਜਵੇਂ ਦਰਿਆਂ ਨੂੰ ਠੱਲਣ ਲਈ ਪੁਲਿਸ ਅਤੇ ਸਿਆਸਤਦਾਨਾਂ ਦੀ ਸ਼ਹਿ’ਤੇ ਨਸ਼ਿਆਂ ਦੇ ਵਧ ਫੁੱਲ ਰਹੇ ਵਪਾਰ ਨੂੰ ਨਕੇਲ ਪਾਉਣ ਲਈ ਖਾਨਾਪੂਰਤੀ ਦੀ ਥਾਂ ਠੋਸ ਕਦਮ ਉਠਾਏ ਜਾਣ ਦੀ ਮੰਗ ਕੀਤੀ।

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਨਸ਼ੇ ਵਿਰੁੱਧ ਬਿਗਲ  

DCs ਅਤੇ SSPs ਦੀ ਸੱਦੀ ਮੀਟਿੰਗ ਤੇ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ਉੱਪਰ ਨਾ ਬਖਸ਼ਣ ਦੇ ਸਖ਼ਤ ਦਿਸ਼ਾ ਨਿਰਦੇਸ਼  

 ਚੰਡੀਗਡ਼੍ਹ, 12 ਮਈ (ਜਨ ਸ਼ਕਤੀ ਨਿਊਜ਼ ਬਿਊਰੋ)  

ਅੱਜ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ  DCs ਤੇ SSPs ਦੀ ਮੀਟਿੰਗ ਸੱਦੀ ਗਈ । ਜਿਸ ਵਿੱਚ SSPs ਨੂੰ ਨਿਰਦੇਸ਼ ਦਿੱਤੇ ਕਿ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਾ ਜਾਵੇ। ਨਸ਼ੇ ਖ਼ਿਲਾਫ਼ ਅਸੀਂ ਵੱਡੀ ਜੰਗ ਛੇੜ ਰਹੇ ਹਾਂ । ਨਸ਼ੇ ਦੇ ਵਪਾਰ 'ਤੇ ਫ਼ੁੱਲ ਸਟਾਪ ਲੱਗਣ ਤੱਕ ਰੁਕਾਂਗੇ ਨਹੀਂ।

ਨਸ਼ੇ ਦੇ ਸ਼ਿਕਾਰ ਨੌਜਵਾਨਾਂ ਦੇ ਮੁੜ ਵਸੇਬੇ ਲਈ ਵੀ ਵੱਡੇ ਪੱਧਰ 'ਤੇ ਯੋਜਨਾ ਬਣਾ ਰਹੇ ਹਾਂ। ਜਿਸ ਨਾਲ ਨਸ਼ਾ ਛੱਡਣ ਵਾਲਿਆਂ ਦੀ ਦੇਖਭਾਲ ਕਰਨ ਲਈ ਪੁਖਤਾ ਪ੍ਰਬੰਧ ਅਤੇ ਉਨ੍ਹਾਂ ਦੇ ਰੁਜ਼ਗਾਰ ਵਲ ਵੀ ਦਿੱਤਾ ਜਾਵੇਗਾ ਪੂਰਾ ਧਿਆਨ  । 

ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਵੱਲੋਂ 101 ਕਲਮਕਾਰਾਂ ਦਾ ਸਨਮਾਨ ਸਮਾਰੋਹ, ਪੁਸਤਕ ਲੋਕ ਅਰਪਣ ਅਤੇ ਸ਼ਾਨਦਾਰ ਕਵੀ ਦਰਬਾਰ ਕਰਵਾਇਆ

ਫ਼ਰੀਦਕੋਟ, (ਜਨ ਸ਼ਕਤੀ ਨਿਊਜ਼ ਬਿਊਰੋ)  ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਵੱਲੋਂ ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ ਅਤੇ ਪ੍ਰਧਾਨ ਸ਼ਿਵਨਾਥ ਦਰਦੀ ਦੀ ਯੋਗ ਅਗਵਾਈ ਵਿੱਚ ਸਰਕਾਰੀ ਬ੍ਰਿਜਿੰਦਰਾ ਕਾਲਜ, ਫ਼ਰੀਦਕੋਟ ਵਿਖੇ ਸਾਂਝਾ ਕਾਵਿ ਸੰਗ੍ਰਹਿ 'ਕਲਮਾਂ ਦੇ ਰੰਗ' ਲੋਕ ਅਰਪਣ, 101 ਕਲਮਕਾਰਾਂ ਦਾ ਸਨਮਾਨ ਸਮਾਰੋਹ ਅਤੇ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ। ਇਸ ਸ਼ਾਨਦਾਰ ਸਮਾਰੋਹ ਵਿੱਚ ਸ. ਗੁਰਦਿੱਤ ਸਿੰਘ ਸੇਖੋਂ, ਹਲਕਾ ਵਿਧਾਇਕ ਫ਼ਰੀਦਕੋਟ ਨੇ ਮੁੱਖ ਮਹਿਮਾਨ ਵਜੋਂ ਅਤੇ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ (ਸਰਕਾਰੀ ਬ੍ਰਿਜਿੰਦਰਾ ਕਾਲਜ, ਫ਼ਰੀਦਕੋਟ), ਸ. ਹਰਿੰਦਰ ਸੰਧੂ (ਪ੍ਰਸਿੱਧ ਪੰਜਾਬੀ ਲੋਕ ਗਾਇਕ), ਜਸਬੀਰ ਜੱਸੀ (ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਸਿੱਖਿਆ ਵਿਭਾਗ, ਫ਼ਰੀਦਕੋਟ ਅਤੇ ਅੰਤਰਰਾਸ਼ਟਰੀ ਮੰਚ ਸੰਚਾਲਕ) ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ । ਪ੍ਰੋ. ਸਾਧੂ ਸਿੰਘ, ਸਾਬਕਾ ਮੈਂਬਰ ਪਾਰਲੀਮੈਂਟ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕਰਕੇ ਇਸ ਸਮਾਰੋਹ ਨੂੰ ਹੋਰ ਵਿਸ਼ੇਸ਼ ਬਣਾ ਦਿੱਤਾ । ਸਮਾਗਮ ਦੀ ਪ੍ਰਧਾਨਗੀ ਡਾ. ਦੇਵਿੰਦਰ ਸੈਫ਼ੀ (ਪ੍ਰਸਿੱਧ ਸਾਹਿਤਕਾਰ ਅਤੇ ਆਲੋਚਕ) ਨੇ ਕੀਤੀ।
ਮੁੱਖ-ਮਹਿਮਾਨ ਸ. ਗੁਰਦਿੱਤ ਸਿੰਘ ਸੇਖੋਂ, ਹਲਕਾ ਵਿਧਾਇਕ ਫ਼ਰੀਦਕੋਟ ਨੇ ਪੁਸਤਕ ‘ ਕਲਮਾਂ ਦੇ ਰੰਗ ’ ਸਾਂਝਾ ਕਾਵਿ-ਸੰਗ੍ਰਹਿ (ਮੁੱਖ-ਸੰਪਾਦਕ ਪ੍ਰੋ.ਬੀਰ ਇੰਦਰ ਸਰਾਂ) ਨੂੰ ਲੋਕ ਅਰਪਿਤ ਕੀਤਾ। ਪੁਸਤਕ ਬਾਰੇ ਡਾ. ਦੇਵਿੰਦਰ ਸੈਫ਼ੀ ਨੇ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ ਇਸ ਵਿੱਚ 23 ਕਵੀ ਸਾਹਿਬਾਨ ਦੀਆਂ ਰਚਨਾਵਾਂ ਸ਼ਾਮਿਲ ਹਨ। ਇਸ ਸਾਂਝੇ ਕਾਵਿ-ਸੰਗ੍ਰਹਿ ਦੇ ਸਹਿ-ਸੰਪਾਦਕ ਡਾ. ਨਿਰਮਲ ਕੌਸ਼ਿਕ, ਸ਼ਿਵਨਾਥ ਦਰਦੀ, ਵਤਨਵੀਰ ਵਤਨ, ਜਤਿੰਦਰਪਾਲ ਟੈਕਨੋ, ਧਰਮ ਪ੍ਰਵਾਨਾ ਹਨ। ਇਸ ਮੌਕੇ ਡਾ. ਨਿਰਮਲ ਕੌਸ਼ਿਕ ਦੀ ਪੁਸਤਕ ਮਹਿਕ ਬਚਪਨ ਦੀ ਵੀ ਰਿਲੀਜ਼ ਕੀਤੀ ਗਈ।
ਚੇਅਰਮੈਨ ਪ੍ਰੋ.ਬੀਰ ਇੰਦਰ ਸਰਾਂ ਅਤੇ ਪ੍ਰਧਾਨ ਸ਼ਿਵਨਾਥ ਦਰਦੀ ਨੇ ਦੱਸਿਆ ਕਿ ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਵੱਲੋਂ ਵੱਡਾ ਉਪਰਾਲਾ ਕਰਦਿਆਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਲੱਗਭਗ 101 ਕਲਮਕਾਰਾਂ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਇੱਕ ਵਿਸ਼ਾਲ ਕਵੀ ਦਰਬਾਰ ਵੀ ਕਰਵਾਇਆ ਗਿਆ, ਜਿਸ ਵਿੱਚ ਸ਼ਾਮਿਲ ਸਾਰੇ ਕਵੀ ਸਾਹਿਬਾਨ ਨੇ ਆਪਣੀਆਂ ਖੂਬਸੂਰਤ ਰਚਨਾਵਾਂ ਦੀ ਪੇਸ਼ਕਾਰੀ ਕੀਤੀ। ਇਸ ਸਮਾਰੋਹ ਲਈ ਸਭਾ ਦੇ ਮੁੱਖ-ਸਲਾਹਕਾਰ ਮੈਡਮ ਸੁੰਦਰਪਾਲ ਰਾਜਾਸਾਂਸੀ, ਕੈਨੇਡਾ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਤੋਂ ਇਲਾਵਾ ਸਹਿਯੋਗੀ ਸੱਜਣਾਂ ਵਿੱਚੋਂ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ, ਪ੍ਰੋ. ਸੰਦੀਪ ਸਿੰਘ, ਲੋਕ ਗਾਇਕ ਸ.ਹਰਿੰਦਰ ਸੰਧੂ, ਕੁਲਵਿੰਦਰ ਵਿਰਕ ਆਦਿ ਦੇ ਨਾਮ ਸ਼ਾਮਿਲ ਹਨ। ਇਹ ਸਮਾਰੋਹ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਸੀਨੀਅਰ ਮੀਤ ਪ੍ਰਧਾਨ ਸਰਬਰਿੰਦਰ ਸਿੰਘ ਬੇਦੀ, ਮੀਤ ਪ੍ਰਧਾਨ ਸਿਕੰਦਰ ਚੰਦਭਾਨ ਤੇ ਜਸਵੀਰ ਫ਼ੀਰਾ, ਸਕੱਤਰ ਰਾਜ ਗਿੱਲ ਭਾਣਾ, ਸੰਯੁਕਤ ਸਕੱਤਰ ਸੁਖਜਿੰਦਰ ਮੁਹਾਰ, ਸਹਾਇਕ ਸਕੱਤਰ ਸੁਖਵੀਰ ਸਿੰਘ ਬਾਬਾ, ਪ੍ਰਚਾਰ ਸਕੱਤਰ ਸਾਗਰ ਸ਼ਰਮਾ, ਸਹਾਇਕ ਖਜਾਨਚੀ ਕਸ਼ਮੀਰ ਸਿੰਘ ਮਾਨਾ, ਸਲਾਹਕਾਰ ਕੁਲਵਿੰਦਰ ਵਿਰਕ ਤੇ ਹੀਰਾ ਸਿੰਘ ਤੂਤ, ਕਾਨੂੰਨੀ ਸਲਾਹਕਾਰ ਐਡਵੋਕੇਟ ਪ੍ਰਦੀਪ ਸਿੰਘ, ਕਾਰਜਕਾਰੀ ਮੈਂਬਰ ਬਲਵਿੰਦਰ ਸਿੰਘ ਗਰਾਈਂ, ਤਾਰਾ ਸਿੰਘ ਕੰਮੇਆਣਾ, ਪਰਵਿੰਦਰ ਸਿੰਘ, ਗੁਰਮੀਤ ਰਾਜ, ਮੈਂਬਰ ਨਰਾਇਣ ਸਿੰਘ ਮੰਘੇੜਾ, ਜਸਵਿੰਦਰ ਜੱਸੀ ਲੁਧਿਆਣਾ, ਗਗਨ ਫੂਲ, ਪਰਮਪ੍ਰੀਤ ਮੁਕਤਸਰ ਆਦਿ ਦੇ ਸਹਿਯੋਗ ਸਦਕਾ ਹੀ ਸੰਭਵ ਹੋ ਸਕਿਆ ।
ਇਸ ਮੌਕੇ ਲਵਪ੍ਰੀਤ ਫ਼ੇਰੋਕੇ (ਠੇਕਾ ਕਿਤਾਬ) ਵੱਲੋਂ ਇੱਕ ਪੁਸਤਕ ਪ੍ਰਦਰਸ਼ਨੀ ਅਤੇ ਭੁਪਿੰਦਰਜੀਤ ਕੌਰ ਰਾਮਾਂ ਮੰਡੀ ਵੱਲੋਂ ਪੇਂਟਿੰਗ ਪ੍ਰਦਰਸ਼ਨੀ ਵੀ ਲਗਾਈ ਗਈ।  ਸਭਾ ਵਿੱਚ ਨਵੇਂ ਸ਼ਾਮਿਲ ਹੋਏ ਸਾਹਿਤਕਾਰਾਂ ਨੇ ਮੌਕੇ ‘ਤੇ ਸਭਾ ਦੇ ਮੈਂਬਰਸ਼ਿਪ ਫ਼ਾਰਮ ਵੀ ਭਰੇ ਅਤੇ ਆਗਾਮੀ ਗਤੀਵਿਧੀਆਂ ਲਈ ਸਹਿਯੋਗ ਰਾਸ਼ੀ ਵੀ ਭੇਂਟ ਕੀਤੀ । ਮੰਚ ਸੰਚਾਲਕ ਦੀ ਭੂਮਿਕਾ ਬੀਬਾ ਅਮਨਦੀਪ ਕੌਰ ਖੀਵਾ ਅਤੇ ਰਿਸ਼ੀ ਦੇਸ ਰਾਜ ਸ਼ਰਮਾ ਨੇ ਦਿਲਕਸ਼ ਢੰਗ ਨਾਲ ਨਿਭਾਈ। ਸੱਚਮੁੱਚ ਯਾਦਗਾਰੀ ਹੋ ਨਿਬੜਿਆ ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਦਾ ਇਹ ਵਿਸ਼ੇਸ਼ ਉਪਰਾਲਾ, ਜਿਸਦੀ ਸਾਹਿਤਿਕ ਖੇਤਰ ਵਿੱਚ ਕਾਫ਼ੀ ਸ਼ਲਾਘਾ ਹੋ ਰਹੀ ਹੈ।

ਫ਼ੋਟੋ ਕੈਪਸ਼ਨ :ਪ੍ਰੋ. ਸਾਧੂ ਸਿੰਘ ਸਾਬਕਾ ਐਮ.ਪੀ. ਸ. ਗੁਰਦਿੱਤ ਸਿੰਘ ਸੇਖੋਂ, ਵਿਧਾਇਕ ਫ਼ਰੀਦਕੋਟ, ਪ੍ਰਿੰ. ਡਾ. ਪਰਮਿੰਦਰ ਸਿੰਘ, ਡਾ.ਦੇਵਿੰਦਰ ਸੈਫ਼ੀ, ਸ.ਜਸਬੀਰ ਜੱਸੀ, ਪ੍ਰੋ.ਬੀਰ ਇੰਦਰ ਸਰਾਂ, ਸ਼ਿਵਨਾਥ ਦਰਦੀ, ਡਾ. ਨਿਰਮਲ ਕੌਸ਼ਿਕ, ਸਰਬਰਿੰਦਰ ਬੇਦੀ, ਹੀਰਾ ਸਿੰਘ ਤੂਤ, ‘ਕਲਮਾਂ ਦੇ ਰੰਗ’ ਪੁਸਤਕ ਨੂੰ ਲੋਕ ਅਰਪਣ ਕਰਨ ਸਮੇਂ