You are here

ਪੰਜਾਬ

ਪਿੰਡਾ ਵਿਚ ਮਈ ਦਿਵਸ ਮਨਾਇਆ

ਹਠੂਰ,1,ਮਈ-(ਕੌਸ਼ਲ ਮੱਲ੍ਹਾ)-ਖੇਤ ਮਜਦੂਰ ਯੂਨੀਅਨ ਦੇ ਆਗੂ ਕਾਮਰੇਡ ਪਰਮਜੀਤ ਸਿੰਘ ਦੀ ਅਗਵਾਈ ਹੇਠ ਪਿੰਡ ਭੰਮੀਪੁਰਾ ਕਲਾਂ,ਰੂੰਮੀ,ਦੇਹੜਕਾ ਅਤੇ ਕਮਾਲਪੁਰਾ ਵਿਖੇ ਮਜਦੂਰ ਦਿਵਸ ਮਨਾਇਆ ਗਿਆ।ਇਸ ਮੌਕੇ ਵੱਖ-ਵੱਖ ਆਗੂਆ ਨੇ ਵੱਡੀ ਗਿਣਤੀ ਵਿਚ ਪੁੱਜੇ ਲੋਕਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਅੱਜ ਤੋ 122 ਸਾਲ ਪਹਿਲਾ 1886 ਨੂੰ ਮਜਦੂਰਾ ਨੇ ਅੱਠ ਘੰਟੇ ਕੰਮ ਕਰਨ ਲਈ ਅਮਰੀਕਾ ਦੇ ਵਿਚ ਹੜਤਾਲਾ ਅਤੇ ਮੁਜਾਹਰੇ ਕੀਤੇ,ਹਕੂਮਤ ਨੇ ਮਜਦੂਰਾ ਦੀ ਤਾਕਤ ਨੂੰ ਦਬਾਉਣਾ ਚਾਹਿਆ ਪਰ ਇਹ ਅੰਦੋਲਨ ਇਤਿਹਾਸਿਕ ਹੋ ਨਿਬੜਿਆ 11 ਨਵੰਬਰ 1887 ਨੂੰ ਮਜਦੂਰਾ ਦੀ ਜਿੱਤ ਹੋਈ ਅਤੇ ਅੱਠ ਘੰਟੇ ਕੰਮ ਕਰਨ ਦੀ ਦਿਹਾੜੀ ਲਾਗੂ ਹੋਈ।ਪ੍ਰੰਤੂ ਹੁਣ ਫਿਰ ਸਰਕਾਰਾ ਮਜਦੂਰਾ ਦੇ ਹੱਕਾ ਤੇ ਡਾਕੇ ਮਾਰ ਰਹੀਆ ਹਨ।ਉਨ੍ਹਾ ਕਿਹਾ ਕਿ ਅਸੀ ਮੰਗ ਕਰਦੇ ਹਾਂ ਕਿ ਭ੍ਰਿਸਟਾਚਾਰ ਦਾ ਪੂਰਨ ਰੂਪ ਵਿਚ ਖਾਤਮਾ ਕੀਤਾ ਜਾਵੇ,ਮਹਿੰਗਾਈ ਅਤੇ ਬੇਰੁਜਗਾਰੀ ਨੂੰ  ਨੱਥ ਪਾਈ ਜਾਵੇ ਲੋਕ ਵਿਰੋਧੀ ਅਤੇ ਕਿਸਾਨ ਵਿਰੋਧੀ ਨੀਤੀਆਂ ਖਤਮ ਕੀਤੀਆ ਜਾਣ ਕਿਸਾਨਾ ਅਤੇ ਹਰ ਪ੍ਰਕਾਰ ਦੇ ਬਜੁਰਗਾ ਨੂੰ 2500 ਰੁਪਏ ਪ੍ਰਤੀ ਮਹੀਨਾ ਪੈਨਸਨ ਦਿੱਤੀ ਜਾਵੇ ਵਿਿਦਆ ਅਤੇ ਸਿਹਤ ਸਹੂਲਤਾ ਮੁਫਤ ਦਿੱਤੀਆਂ ਜਾਣ,ਆਗਣਵਾੜੀ ਵਰਕਰਾ,ਆਸਾ ਵਰਕਰਾ ਐਨ.ਐਸ.ਐਮ ਕਾਮੇ ਜੰਗਲਾਤ ਵਿਭਾਗ ਵਿਚ ਕੰਮ ਕਰਦੇ ਠੇਕੇ ਤੇ ਭਰਤੀ ਮੁਲਾਜਮਾ ਨੂੰ ਜਲਦੀ ਪੱਕਾ ਕੀਤਾ ਜਾਵੇ ।ਇਸ ਮੌਕੇ ਉਨ੍ਹਾ ਨਾਲ ਭਰਪੂਰ ਸਿੰਘ,ਬਲਦੇਵ ਸਿੰਘ,ਕਰਮਜੀਤ ਸਿੰਘ,ਮੰਗੂ ਸਿੰਘ,ਪਾਲ ਸਿੰਘ,ਪਰਮਜੀਤ ਸਿੰਘ,ਮੱਖਣ ਸਿੰਘ,ਮੋਹਣ ਸਿੰਘ, ਹਾਕਮ ਸਿੰਘ ਡੱਲਾ,ਗਾਣੋ ਸਿੰਘ ਆਦਿ ਹਾਜਰ ਸਨ।

ਕਪੂਰਥਲਾ ਹਲਕੇ ਦੇ ਪਿੰਡ ਡਾਲਾ ਵਿਖੇ ਵਰਲਡ ਕੈਂਸਰ ਕੇਅਰ ਵੱਲੋਂ ਲਾਇਆ ਗਿਆ ਚੈੱਕਅੱਪ ਅਵੇਅਰ ਨੈੱਸ ਕੈਂਪ

ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕੀਤੀ ਉਚੇਚੇ ਤੌਰ ਤੇ ਸ਼ਿਰਕਤ

ਕਪੂਰਥਲਾ, 1 ਮਈ (ਜਨਸ਼ਕਤੀ ਨਿਊਜ਼ ਬਿਊਰੋ ) ਦੁਨੀਆਂ ਦੀ ਨਾਮਵਰ ਸੰਸਥਾ ਵਰਲਡ ਕੈਂਸਰ ਕੇਅਰ ਵੱਲੋਂ ਅੱਜ ਐੱਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਪਿੰਡ ਡਾਲਾ ਵਿਖੇ ਕੈਂਸਰ ਅਵੇਰਨੈਸ ਅਤੇ ਫ੍ਰੀ ਚੈੱਕਅਪ ਫ੍ਰੀ ਦਵਾਈਆਂ ਦਾ ਕੈਂਪ ਲਾਇਆ ਗਿਆ । ਜਿਸ ਵਿਚ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਆਖਿਆ ਵਰਲਡ ਕੈਂਸਰ ਕੇਅਰ ਦਾ ਇਹ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਜਿਹੜੇ ਕਿ ਵੱਡੀ ਪੱਧਰ ਉੱਪਰ ਲੋਕਾਂ ਨੂੰ ਕੈਂਸਰ ਅਤੇ ਹੋਰ ਭਿਆਨਕ ਬੀਮਾਰੀਆਂ ਦੇ ਚੈੱਕਅੱਪ ਕਰਕੇ ਮੌਕੇ ਤੇ ਹੀ ਇਲਾਜ ਪ੍ਰਤੀ ਜਾਗਰੂਕ ਕਰਦੇ ਹਨ । ਉਨ੍ਹਾਂ ਐੱਨਆਰਆਈ ਵੀਰਾਂ ਨੂੰ ਵਰਲਡ ਕੈਂਸਰ ਕੇਅਰ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ । ਇਸ ਸਮੇਂ ਵਰਲਡ ਕੈਂਸਰ ਕੇਅਰ ਵੱਲੋਂ ਡਾ ਧਰਮਿੰਦਰ ਨੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਦਾਨੀ ਵੀਰਾਂ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਵਰਲਡ ਕੈਂਸਰ ਕੇਅਰ ਦੇ ਕੈਂਪਾਂ ਤੋਂ ਫਾਇਦਾ ਲੈਣ ਦੀ ਬੇਨਤੀ ਕੀਤੀ ।

ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਤੇ ਸਕਿਉਰਿਟੀ ਇੰਪਲਾਈਜ਼ ਯੂਨੀਅਨ ਵੱਲੋਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ  

ਫ਼ਰੀਦਕੋਟ, ਮਈ   ( ਜਨਸ਼ਕਤੀ ਨਿਊਜ ਬਿਊਰੋ ) ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫਰੀਦਕੋਟ ਦੇ ਸਕਿਉਰਟੀ ਇੰਪਲਾਈਜ ਯੂਨੀਅਨ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ , ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਤੇ ਝੰਡਾ ਲਹਿਰਾਇਆ ਗਿਆ । ਇਸ ਸਮੇਂ ਹਲਕਾ ਵਿਧਾਇਕ ਸ੍ਰ ਗੁਰਦਿੱਤ ਸਿੰਘ ਸੇਖੋਂ ਜੀ ਨੇ ਸ਼ਰਧਾਂਜਲੀ ਭੇਟ ਕਰਦਿਆਂ , ਸਮੂਹ ਮੁਲਾਜ਼ਮਾਂ ਨੂੰ ਦੱਸਿਆ , ਆਮ ਆਦਮੀ ਪਾਰਟੀ ਹੱਥੀਂ ਕਿਰਤ ਕਰਨ ਵਾਲਿਆਂ ਦੀ ਪਾਰਟੀ ਹੈ । ਇਹ ਹਮੇਸ਼ਾ ਮੁਲਾਜ਼ਮਾਂ , ਮਜ਼ਦੂਰਾਂ ਤੇ ਕਿਸਾਨਾਂ ਦੇ ਹੱਕ ਚ' ਖੜਨ ਵਾਲੀ ਹੈ । ਭਵਿੱਖ  ਵਿੱਚ ਮੁਲਾਜ਼ਮਾਂ , ਮਜ਼ਦੂਰਾਂ ਤੇ ਕਿਸਾਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਬਹੁਤ ਵਧੀਆ ਸਕੀਮਾਂ ਘੜ ਰਹੀ ਹੈ । ਇਸ ਤੋਂ ਬਾਅਦ ਪੰਜਾਬ ਸੁਬਾਰਡੀਨੇਟ ਸਰਵਿਸਜ਼ ਯੂਨੀਅਨ ਫਰੀਦਕੋਟ ਦੇ ਸਾਬਕਾ ਪ੍ਰਧਾਨ ਸ੍ਰ ਪ੍ਰਦੀਪ ਸਿੰਘ ਬਰਾੜ ਨੇ ਸ਼ਿਕਾਗੋ ਦੇ ਸ਼ਹੀਦਾਂ ਦੇ ਬਾਰੇ ਪੂਰਨ ਜਾਣਕਾਰੀ ਦਿੱਤੀ । ਆਖ਼ਿਰ ਵਿਚ ਯੂਨੀਅਨ ਦੇ ਪ੍ਰਧਾਨ ਸ੍ਰ ਸੁਖਵਿੰਦਰ ਸਿੰਘ ਵੱਲੋਂ  , ਸਾਰੇ ਸਾਥੀਆਂ ਤੇ ਹਲਕਾ ਵਿਧਾਇਕ ਜੀ ਦਾ ਧੰਨਵਾਦ ਕੀਤਾ । ਇਸ ਸਮੇਂ ਹਾਜ਼ਿਰ , ਜਰਨਲ ਸਕੱਤਰ ਸ਼ਿਵਨਾਥ ਦਰਦੀ , ਖਜਾਨਚੀ ਰਾਜੀਵ ਸ਼ਰਮਾ , ਲਲਿਤ ਕੁਮਾਰ , ਸਤਨਾਮ ਸਿੰਘ , ਸੁਖਦੇਵ ਮਚਾਕੀ , ਜਗਸੀਰ ਸ਼ਾਹੀ , ਮਨਵੀਰ ਸਿੰਘ , ਰਣਜੀਤ ਸਿੰਘ , ਰਾਜਪ੍ਰੀਤ , ਰਾਜਵਿੰਦਰ ਸਿੰਘ , ਜਸਕਰਨ ਸਿੰਘ , ਦਵਿੰਦਰ ਢੁੱਡੀ , ਅੰਗਰੇਜ਼ ਸਿੰਘ , ਰਾਮ ਸਿੰਘ ਆਦਿ ।

ਡਾਕਟਰ ਅਮਨਦੀਪ ਸਿੰਘ ਦੀ 'ਸੁਣਿਓ! ਕੀ ਕਹਿੰਦੇ ਅੱਖਰ’ ਕਿਤਾਬ ਹੋਈ ਰਿਲੀਜ਼

ਮੋਗਾ, 1 ਮਈ (ਮਨਜਿੰਦਰ ਗਿੱਲ ) ਇੰਡੀਅਨ ਫਾਰਮਾਸਿਸਟ ਐਸੋਸੀਏਸ਼ਨ ਦੀ ਪੰਜਾਬ ਇਕਾਈ ਵੱਲੋਂ ਡਾਕਟਰ ਅਮਨਦੀਪ ਸਿੰਘ ਦੁਆਰਾ ਲਿਖਿਤ ਕਿਤਾਬ 'ਸੁਣਿਓ! ਕੀ ਕਹਿੰਦੇ ਅੱਖਰ’ (ਸਾਂਝਾ ਕਾਵਿ ਸੰਗ੍ਰਹਿ) ਰਿਲੀਜ਼ ਕੀਤੀ ਗਈl ਇਸ ਮੌਕੇ ਆਈ ਪੀ ਏ ਦੇ ਡਾ. ਸੰਜੇ ਬਾਂਸਲ ਪ੍ਰਧਾਨ, ਡਾ. ਅਰੁਣ ਕੌੜਾ ਜਨਰਲ ਸਕੱਤਰ, ਡਾ. ਵੀਰ ਵਿਕਰਮ ਚੇਅਰਮੈਨ ਵਿਗਿਆਨ ਅਤੇ ਖੋਜ ਕਮੇਟੀ, ਸ੍ਰੀ ਹਰਵਿੰਦਰ ਕਮਲ ਵਾਈਸ ਚੇਅਰਮੈਨ ਅਤੇ ਸੈਂਟਰਲ ਆਬਜ਼ਰਵਰ, ਡਾ. ਬਲਜਿੰਦਰ ਸਿੰਘ ਬਾਜਵਾ, ਸ੍ਰੀ ਕਮਲ ਕਾਂਤ, ਸ੍ਰੀ ਚਾਰੁਲ, ਸ੍ਰੀ ਕੈਲਾਸ਼ ਹਾਜ਼ਰ ਸਨ l ਇਸ ਮੌਕੇ ਹਰਵਿੰਦਰ ਕਮਲ ਜੀ ਨੇ ਦੱਸਿਆ ਕਿ ਡਾ. ਅਮਨਦੀਪ ਸਿੰਘ ਆਈ ਪੀ ਏ ਪੰਜਾਬ ਇਕਾਈ ਦੇ ਪ੍ਰੋਟੋਕੋਲ ਕਮੇਟੀ ਦੇ ਚੇਅਰਮੈਨ ਹੋਣ ਦੇ ਨਾਲ ਨਾਲ ਸਾਹਿਤਕ ਗਤਵਿਧੀਆਂ ਵਿੱਚ ਵੀ ਵਧ ਚੜ ਕੇ ਹਿੱਸਾ ਲੈਂਦੇ ਹਨ। ਡਾ. ਸੰਜੇ ਬਾਂਸਲ ਨੇ ਡਾ. ਅਮਨਦੀਪ ਸਿੰਘ ਬਾਰੇ ਕਿਹਾ ਕਿ ਇਨ੍ਹਾਂ ਦੀਆਂ ਪਹਿਲਾਂ ਵੀ ਅਨੇਕਾਂ ਹੀ ਕਵਿਤਾਵਾਂ ਦੇਸ਼ ਵਿਦੇਸ਼ ਦੇ ਨਾਮਵਰ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਇਸ ਦੌਰਾਨ ਡਾ. ਵੀਰ ਵਿਕਰਮ ਨੇ ਡਾ. ਅਮਨਦੀਪ ਸਿੰਘ ਦੇ ਰੇਡੀਓ ਪ੍ਰੋਗਰਾਮਾਂ ਵਿੱਚ ਵੀ ਆਪਣੀਆਂ ਕਵਿਤਾਵਾਂ ਦੀ ਵੰਨਗੀ ਪੇਸ਼ ਕਰਨ ਦੇ ਨਾਲ ਨਾਲ ਦੱਸਿਆ ਕਿ ਇਨ੍ਹਾਂ ਦੀਆਂ ਲਿਖਤਾਂ ਵਿੱਚੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਹਮੇਸ਼ਾ ਝਲਕਦੀ ਹੈ। ਇਨਾਂ ਦੀਆਂ ਕਵਿਤਵਾਂ ਸਮਾਜ ਨੂੰ ਸੇਧ ਦੇਣ ਵਾਲੀਆਂ ਹੁੰਦੀਆਂ ਹਨ । ਪ੍ਰੋਗਰਾਮ ਦੇ ਅੰਤ ਵਿੱਚ ਸਾਰੀ ਟੀਮ ਨੇ ਡਾ. ਅਮਨਦੀਪ ਸਿੰਘ ਲਈ ਭਵਿੱਖ ਵਿੱਚ ਕਾਮਯਾਬੀ ਲਈ ਦੁਆ ਕੀਤੀ

ਪੰਜਾਬ ਸਰਕਾਰ ਮਜ਼ਦੂਰ ਵਰਗ ਦੇ ਹਿੱਤਾਂ ਦੀ ਰਾਖੀ ਲਈ ਕੰਮ ਕਰ ਰਹੀ ਹੈ : ਬ੍ਰਹਮ ਸ਼ੰਕਰ ਜ਼ਿੰਪਾ

ਕੈਬਨਿਟ ਮੰਤਰੀ ਨੇ ਮਜ਼ਦੂਰ ਸਭਾ ਪਹੁੰਚ ਕੇ ਮਜ਼ਦੂਰਾਂ ਨੂੰ ਮਠਿਆਈ ਖਿਲਾ ਕੇ ਦਿੱਤੀ ਵਧਾਈ
ਹੁਸ਼ਿਆਰਪੁਰ, 01 ਮਈ (ਰਣਜੀਤ ਸਿੱਧਵਾਂ)   :  1 ਮਈ ਨੂੰ ਮਜ਼ਦੂਰ ਦਿਵਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਸ਼ੰਕਰ ਜ਼ਿੰਪਾ ਨੇ ਸਥਾਨਕ ਮਜ਼ਦੂਰ ਸਭਾ ਵਿੱਚ ਪਹੁੰਚ ਕੇ ਮਜ਼ਦੂਰਾਂ ਨੂੰ ਮਠਿਆਈਆਂ ਖਿਲਾ ਕੇ ਮਜ਼ਦੂਰ ਦਿਵਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸੂਬਾ ਸਰਕਾਰ ਹਮੇਸ਼ਾਂ ਹੀ ਮਜ਼ਦੂਰ ਵਰਗ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਵਲੋਂ ਇਲਾਕੇ ਦੇ ਮਜ਼ਦੂਰਾਂ ਦੇ ਹਿੱਤ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਦੌਰਾਨ ਉਨ੍ਹਾਂ 2 ਮਿੰਟ ਦਾ ਮੌਨ ਰੱਖ ਕੇ ਸ਼ਿਕਾਗੋ ਦੇ ਸ਼ਹੀਦ ਮਜ਼ਦੂਰਾਂ ਨੂੰ ਵੀ ਯਾਦ ਕੀਤਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮਜ਼ਦੂਰਾਂ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਹਰ ਬੁਨਿਆਦੀ ਸਹੂਲਤ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਹਾਜ਼ਰ ਵਰਕਰਾਂ ਨੂੰ ਸਰਕਾਰ ਵੱਲੋਂ ਉਨ੍ਹਾਂ ਦੇ ਹਿੱਤ ਵਿੱਚ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮਜ਼ਦੂਰ ਵਰਗ ਦੀਆਂ ਮੰਗਾਂ ਪ੍ਰਤੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਰਤੀ ਲੋਕਾਂ ਨੂੰ ਸਲਾਮ ਕਰਦੇ ਹਾਂ, ਕਿਉਂਕਿ ਦੇਸ਼ ਅਤੇ ਸਮਾਜ ਦੀ ਤਰੱਕੀ ਵਿੱਚ ਮਜ਼ਦੂਰ ਵਰਗ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ।  ਇਸ ਮੌਕੇ ਬਾਬਾ ਵਿਸ਼ਵਕਰਮਾ ਮਜ਼ਦੂਰ ਯੂਨੀਅਨ ਵੈਲਫੇਅਰ ਸੁਸਾਇਟੀ ਵੱਲੋਂ ਕੈਬਨਿਟ ਮੰਤਰੀ ਨੂੰ ਯਾਦਗਾਰੀ ਚਿੰਨ੍ਹ ਵੀ ਭੇਟ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸ਼੍ਰੀ ਸੁਖਦੇਵ ਸਿੰਘ, ਚੇਅਰਮੈਨ ਰਾਕੇਸ਼ ਸਿੱਧੂ, ਦਿਆਲ ਲਾਲੀ, ਜੀਵਨ ਲਾਲ, ਵਿਨੋਦ ਕੁਮਾਰ ਅਤੇ ਹੋਰ ਮਜ਼ਦੂਰ ਵੀ ਹਾਜ਼ਰ ਸਨ।

ਸਿੱਖਿਆ ਮੰਤਰੀ ਵੱਲੋਂ ਦਾਖਲਾ ਕਾਊਂਟਰ ਦਾ ਮੁਆਇਨਾ  

 

ਜਲਾਲਾਬਾਦ, ਫ਼ਾਜ਼ਿਲਕਾ 01 ਮਈ  (ਰਣਜੀਤ ਸਿੱਧਵਾਂ)  :   ਪੰਜਾਬ ਦੇ ਸਕੂਲੀ ਸਿੱਖਿਆ, ਉਚੇਰੀ ਸਿੱਖਿਆ, ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਮੰਤਰੀ ਸ: ਗੁਰਮੀਤ ਸਿੰਘ ਮੀਤ ਹੇਅਰ ਨੇ ਆਖਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਸਕੂਲੀ ਸਿੱਖਿਆ ਦੇ ਵੱਡੇ ਸੁਧਾਰਾ ਦੇ ਲਏ ਅਹਿਦ ਕਾਰਨ ਵਿਦਿਆਰਥੀ ਸਰਕਾਰੀ ਸਕੂਲਾਂ ਵੱਲ ਖਿੱਚੇ ਆ ਰਹੇ ਹਨ। ਉਨ੍ਹਾਂ ਨੇ ਵਿਭਾਗ ਨੂੰ ਕਿਹਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਉਪਲਬੱਧ ਸਹੁਲਤਾਂ ਦੀ ਜਾਣਕਾਰੀ ਮਾਪਿਆਂ ਨੂੰ ਦਿੱਤੀ ਜਾਵੇ ਤਾਂ ਜ਼ੋ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਸਕਣ। ਉਹ ਜਲਾਲਾਬਾਦ ਦੇ ਦੌਰੇ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਸਕੂਲ ਵੱਲੋਂ ਸਥਾਪਿਤ ਦਾਖਲਾ ਕਾਊਂਟਰ ਦਾ ਮੁਆਇਨਾ ਕਰ ਰਹੇ ਸਨ।ਇਸ ਮੌਕੇ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਗੋਲਡੀ, ਫਾਜ਼ਿਲਕਾ ਦੇ ਵਿਧਾਇਕ ਸ: ਨਰਿੰਦਰਪਾਲ ਸਿੰਘ ਸਵਨਾ, ਬੱਲੂਆਣਾ ਦੇ ਵਿਧਾਇਕ ਸ: ਅਮਨਦੀਪ ਸਿੰਘ ਗੋਲਡੀ ਮੁਸਾਫਿਰ, ਜੀਰਾ ਦੇ ਵਿਧਾਇਕ ਸ੍ਰੀ ਨਰੇਸ਼ ਕਟਾਰੀਆ ਅਤੇ ਗੁੁਰੂਹਰਸਹਾਏ ਦੇ ਵਿਧਾਇਕ ਸ: ਫੌਜਾ ਸਿੰਘ ਸਰਾਰੀ ਵੀ ਹਾਜਰ ਸਨ। ਇਸ ਕਾਊਂਟਰ ਤੇ ਸਕੂਲ ਵੱਲੋਂ ਸਕੂਲ ਵਿੱਚ ਉਪਲਬੱਧ ਸਹੁਲਤਾਂ ਅਤੇ ਸਰਕਾਰੀ ਸਕੂਲਾਂ ਵਿੱਚ ਵਿਦਿਆ ਦੇ ਚੰਗੇ ਹੋ ਰਹੇ ਮਿਆਰ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ: ਸੁਖਬੀਰ ਸਿੰਘ ਬੱਲ ਨੇ ਸਿੱਖਿਆ ਮੰਤਰੀ ਨੂੰ ਦੱਸਿਆ ਕਿ ਇਸ ਸਾਲ ਜ਼ਿਲ੍ਹੇ ਵਿੱਚ 10 ਫ਼ੀਸਦੀ ਜਿਆਦਾ ਦਾਖਲਿਆਂ ਦਾ ਟੀਚਾ ਮਿਥਿਆ ਗਿਆ ਹੈ।

 

ਕਿਸਾਨਾਂ ਨੂੰ ਨਹਿਰੀ ਸਿੰਚਾਈ ਲਈ ਲੋੜੀਂਦੀ ਮਾਤਰਾ ’ਚ ਪਾਣੀ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਚਨਬੱਧ : ਬ੍ਰਮ ਸ਼ੰਕਰ ਜਿੰਪਾ

ਜਲ ਸਰੋਤ ਮੰਤਰੀ ਨੇ ਕੰਢੀ ਨਹਿਰ ਸਟੇਜ-1 ਦੀ ਕੰਕਰੀਟ ਲਾਈਨਿੰਗ ਦੇ ਰਿਹੈਬਲੀਟੇਸ਼ਨ ਪ੍ਰੋਜੈਕਟ ਕਾਰਜ ਦਾ ਕੀਤਾ ਉਦਘਾਟਨ
70 ਕਰੋੜ ਰੁਪਏ ਦੀ ਲਾਗਤ ਨਾਲ ਬਣੇ 30 ਕਿਲੋਮੀਟਰ ਵਾਲੇ ਇਸ ਪ੍ਰੋਜੈਕਟ ਨਾਲ 105 ਪਿੰਡਾਂ ਨੂੰ ਮਿਲੇਗਾ ਨਿਰਵਿਘਨ ਸਿੰਚਾਈ ਲਈ ਪਾਣੀ
ਤਲਵਾੜਾ (ਹੁਸ਼ਿਆਰਪੁਰ) 01 ਮਈ  (ਰਣਜੀਤ ਸਿੱਧਵਾਂ)   :  ਜਲ ਸਰੋਤ, ਜਲ ਸਪਲਾਈ ਤੇ ਸੈਨੀਟੇਸ਼ਨ, ਮਾਲ ਤੇ ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ ਮੰਤਰੀ ਪੰਜਾਬ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸੂਬੇ ਵਿੱਚ ਸੁਚਾਰੂ ਤਰੀਕੇ ਨਾਲ ਸਿੰਚਾਈ ਦੇ ਪ੍ਰੋਜੈਕਟ ਚਲਾਏ ਜਾ ਰਹੇ ਹਨ ਅਤੇ ਕਿਸਾਨਾਂ ਨੂੰ ਨਹਿਰੀ ਸਿੰਚਾਈ ਲਈ ਲੋੜੀਂਦੀ ਮਾਤਰਾ ਵਿੱਚ ਪਾਣੀ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਚਨਬੱਧ ਹੈ। ਉਹ ਅੱਜ ਕੰਢੀ ਕਨਾਲ ਸਟੇਜ-1 (ਕੰਕਰੀਟ ਲਾਈਨਿੰਗ) 0 ਤੋਂ 30 ਕਿਲੋਮੀਟਰ ਦਾ ਅੱਡਾ ਬੈਰੀਅਰ ਤਲਵਾੜਾ ਦੇ ਨਜ਼ਦੀਕ ਉਦਘਾਟਨ ਕਰਨ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਮੌਕੇ ’ਤੇ ਉਨ੍ਹਾਂ ਨਾਲ ਵਿਧਾਇਕ ਦਸੂਹਾ ਐਡਵੋਕੇਟ ਕਰਮਵੀਰ ਘੁੰਮਣ ਵੀ ਮੌਜੂਦ ਸਨ।
ਜਲ ਸਰੋਤ ਮੰਤਰੀ ਨੇ ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੰਢੀ ਨਹਿਰ ਦੇ ਪਹਿਲੇ ਪੜਾਅ ਵਿੱਚ ਤਲਵਾੜਾ ਤੋਂ ਹੁਸ਼ਿਆਰਪੁਰ ਤੱਕ ਕਰੀਬ 60 ਕਿਲੋਮੀਟਰ ਲਈ 125 ਕਰੋੜ ਦੀ ਲਾਗਤ ਨਾਲ ਰਿਹੈਬਲੀਟੇਸ਼ਨ (ਕੰਕਰੀਟ ਲਾਈਨਿੰਗ) ਦਾ ਕੰਮ ਕਰਵਾਇਆ ਜਾਵੇਗਾ, ਜਿਸ ਵਿਚੋਂ ਅੱਜ 70 ਕਰੋੜ ਰੁਪਏ ਦੀ ਲਾਗਤ ਨਾਲ ਆਰ.ਡੀ. 0 ਤੋਂ 30 ਕਿਲੋਮੀਟਰ ਤੱਕ ਮਲਕੋਵਾਲ ਤੱਕ ਰਿਹੈਬਲੀਟੇਸ਼ਨ (ਕੰਕਰੀਟ ਲਾਈਨਿੰਗ) ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ 125 ਕਰੋੜ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਰਾਹੀਂ ਕਿਸਾਨਾਂ ਨੂੰ ਨਹਿਰੀ ਸਿੰਚਾਈ ਦੀ ਸੁਵਿਧਾ ਪ੍ਰਦਾਨ ਕਰਨ ਲਈ 44 ਦੇ ਕਰੀਬ ਥਾਵਾਂ ਤੋਂ ਪਾਈਪਾਂ ਰਾਹੀਂ 105 ਪਿੰਡਾਂ ਨੂੰ ਸਿੰਚਾਈ ਲਈ ਨਿਰਵਿਘਨ ਪਾਣੀ ਪਹੁੰਚਾਇਆ ਜਾਵੇਗਾ। ਇਸ ਪ੍ਰੋਜੈਕਟ ਤਹਿਤ ਵਿਧਾਨ ਸਭਾ ਦਸੂਹਾ ਤੇ ਮੁਕੇਰੀਆਂ ਦਾ 30 ਕਿਲੋਮੀਟਰ ਏਰੀਆ ਕਰ ਕੀਤਾ ਗਿਆ ਹੈ। ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਨਹਿਰ ਦੀ ਇਸ ਪਹੁੰਚ ਵਿੱਚ ਘੋਗਰਾ ਡਿਸਟ੍ਰੀਬਿਊਟਰੀ, ਦਸੂਹਾ, ਰਜਵਾਹਾ, ਮੀਰਪੁਰ ਮਾਈਨਰ, ਪਨਵਾਂ ਡਿਸਟ੍ਰੀਬਿਊਟਰੀ, ਬਲੱਗਣ ਮਾਈਨਰ, ਜੁਝਾਰ ਰਜਵਾਹਾ ਤੇ ਡੱਫਰ ਰਜਵਾਹਾ ਆਉਂਦੀ ਹੈ ਅਤੇ ਇਨ੍ਹਾਂ ਡਿਸਟ੍ਰੀਬਿਊਟਰੀ ਤੇ ਮਾਈਨਰਾਂ ਦੀ ਮਨਰੇਗਾ ਸਕੀਮ ਤਹਿਤ ਸਫ਼ਾਈ ਦਾ ਕੰਮ ਕਰਵਾਇਆ ਗਿਆ ਹੈ, ਤਾਂ ਜੋ ਕਿਸਾਨਾਂ ਨੂੰ ਨਹਿਰ ਦੇ ਪਾਣੀ ਦੀ ਨਿਰਵਿਘਨ ਸਪਲਾਈ ਮਿਲਦੀ ਰਹੇ। ਉਨ੍ਹਾਂ ਦੱਸਿਆ ਕਿ ਕੰਢੀ ਨਹਿਰ ਦੀ ਬੁਰਜੀ 0 ਤੋਂ 30 ਕਿਲੋਮੀਟਰ ਤੱਕ ਦੇ ਕੰਕਰੀਟ ਲਾਈਨਿੰਗ ਦਾ ਕੰਮ ਮੁਕੰਮਲ ਹੋਣ ਨਾਲ ਜ਼ਿੰਮੀਦਾਰਾਂ ਨੂੰ ਹੋਰ ਵੀ ਬੇਹਤਰ ਢੰਗ ਨਾਲ ਸਿੰਚਾਈ ਸੁਵਿਧਾ ਉਪਲਬੱਧ ਹੋਵੇਗੀ, ਜਿਸ ਨਾਲ ਉਨ੍ਹਾਂ ਦੀ ਆਰਥਿਕ ਸਥਿਤੀ ਵਿੱਚ ਕਾਫ਼ੀ ਸੁਧਾਰ ਹੋਵੇਗਾ। ਇਸ ਪ੍ਰੋਜੈਕਟ ਤਹਿਤ ਦਸੂਹਾ ਤੇ ਮੁਕੇਰੀਆਂ ਦੀ 13309 ਏਕੜ ਜ਼ਮੀਨ ਦੀ ਸਿੰਚਾਈ ਹੋਵੇਗੀ, ਜਿਸ ਵਿਚੋਂ ਦਸੂਹਾ ਵਿਧਾਨ ਸਭਾ ਹਲਕੇ ਦੀ 2150 ਏਕੜ ਤੇ ਮੁਕੇਰੀਆਂ ਵਿਧਾਨ ਸਭਾ ਹਲਕੇ ਦਾ ਕਰੀਬ 11159 ਏਕੜ ਰਕਬਾ ਸਿੰਚਾਈ ਅਧੀਨ ਹੈ। ਇਸ ਦੌਰਾਨ ਪੱਤਰਕਾਰਾਂ ਦੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਕੈਬਨਿਟ ਮੰਤਰੀ ਨੇ ਕਿਹਾ ਕਿ ਸ਼ਾਹ ਨਹਿਰ ਬੈਰਾਜ ਤੋਂ ਲੈ ਕੇ ਟੇਰਕਿਆਣਾ ਟੇਲ ਤੱਕ ਖਰਾਬ ਹੋਈ ਨਹਿਰ ਦਾ ਦੁਬਾਰਾ ਨਿਰਮਾਣ ਵੀ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕੰਢੀ ਨਹਿਰ ਦੇ ਕਿਨਾਰਿਆਂ ’ਤੇ ਹਾਦਸਿਆਂ ਨੂੰ ਰੋਕਣ ਲਈ ਰਿਟੇਨਿੰਗ ਵਾਲ ’ਤੇ ਲੋਕ ਨਿਰਮਾਣ ਵਿਭਾਗ ਕੰਮ ਕਰ ਰਿਹਾ ਹੈ ਅਤੇ ਜਲਦ ਹੀ ਇਸ ਨੂੰ ਪੂਰਾ ਕਰ ਲਿਆ ਜਾਵੇਗਾ। ਇਸ ਮੌਕੇ ਐਸ.ਈ. ਕੰਢੀ ਕੈਨਾਲ ਸ੍ਰੀ ਵਿਜੇ ਗਿੱਲ, ਐਸ.ਈ. ਢੋਲਬਾਹਾ ਡੈਮ ਸਰਕਲ ਸ੍ਰੀ ਗੁਰਪਿੰਦਰ ਸੰਧੂ, ਐਕਸੀਅਨ ਕੰਢੀ ਕੈਨਾਲ ਸਟੇਜ-1 ਸ੍ਰੀ ਮਨਜੀਤ ਸਿੰਘ, ਐਕਸੀਅਨ ਕੰਢੀ ਕਨਾਲ ਸਟੇਜ-2 ਸ੍ਰੀ ਹਰਪਿੰਦਰਜੀਤ ਸਿੰਘ, ਐਕਸੀਅਨ ਕੰਢੀ ਕਨਾਲ ਮਕੈਨੀਕਲ ਸ੍ਰੀ ਅਮਿਤ ਸਭਰਵਾਲ, ਐਕਸੀਅਨ ਸ਼ਾਹ ਨਹਿਰ ਸ੍ਰੀ ਵਿਨੇ ਕੁਮਾਰ, ਐਕਸੀਅਨ ਵਾਟਰ ਸਪਲਾਈ ਤੇ ਸੈਨੀਟੇਸ਼ਨ ਸ੍ਰੀ ਅਰਜੁਨ ਸ਼ਰਮਾ, ਐਸ.ਡੀ.ਓ. ਸ੍ਰੀ ਜਤਿੰਦਰ ਸੈਣੀ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।

ਅਖਬਾਰ:ਅਧਿਆਪਕ ਤੇ ਵਿਦਿਆਰਥੀ ✍️ ਸਲੇਮਪੁਰੀ ਦੀ ਚੂੰਢੀ

ਸੋਸ਼ਲ ਮੀਡੀਆ ਦਾ ਪਸਾਰ ਹੋਣ ਕਰਕੇ ਲੋਕਾਂ ਵਿਚੋਂ ਅਖਬਾਰ ਪੜ੍ਹਨ ਦੀ ਰੁਚੀ ਖਤਮ ਹੁੰਦੀ ਜਾ ਰਹੀ ਹੈ, ਜਿਸ ਕਰਕੇ ਕਈ ਵਾਰ ਅਸੀਂ ਸੋਸ਼ਲ ਮੀਡੀਆ ਉਪਰ ਪਾਈ ਪੋਸਟ ਦੀ ਜਾਂਚ ਕੀਤੇ ਬਿਨਾਂ ਹੀ, ਬਿਨਾਂ ਕਿਸੇ ਸੋਚ ਸਮਝ ਤੋਂ, ਨੂੰ ਸੱਚ ਮੰਨਦਿਆਂ ਅੱਗੇ ਦੀ ਅੱਗੇ ਪੋਸਟ ਕਰਨ ਵਿਚ ਬਹੁਤ ਕਾਹਲ ਕਰਦੇ ਹਾਂ, ਜਿਸ ਦਾ ਕਈ ਵਾਰ ਸਮਾਜ ਨੂੰ /ਪਰਿਵਾਰ ਨੂੰ /ਵਿਅਕਤੀਗਤ ਤੌਰ 'ਤੇ ਨੁਕਸਾਨ ਉਠਾਉਣਾ ਪੈ ਜਾਂਦਾ ਹੈ। ਸੋਸ਼ਲ ਮੀਡੀਆ ਉਪਰ ਘੁੰਮ ਰਹੀ ਹਰ ਪੋਸਟ ਕਈ ਵਾਰ ਸੱਚੀ ਵੀ ਨਹੀਂ ਹੁੰਦੀ ਅਤੇ ਝੂਠੀ ਵੀ ਨਹੀਂ ਹੁੰਦੀ। ਸੋਸ਼ਲ ਮੀਡੀਆ ਦੇ ਮੁਕਾਬਲੇ ਅਖਬਾਰ ਦੀ ਖਬਰ ਵਿਸ਼ਵਾਸਯੋਗ ਮੰਨੀ ਜਾਂਦੀ ਹੈ ਜਦਕਿ ਸੋਸ਼ਲ ਮੀਡੀਆ ਦੀਆਂ ਕਈ ਪੋਸਟਾਂ /ਖਬਰਾਂ ਵਿਸ਼ਵਾਸ਼ਘਾਤ ਵੀ ਹੋ ਨਿਬੜਦੀਆਂ ਹਨ। ਸੋਸ਼ਲ ਮੀਡੀਆ ਦੇ ਲਗਾਤਾਰ ਵਧ ਰਹੇ ਪਸਾਰ/ਪ੍ਰਭਾਵ ਕਾਰਨ ਅਖਬਾਰ ਦੀ ਮਹੱਤਤਾ ਨੂੰ ਅਸੀਂ ਅੱਖੋਂ-ਪਰੋਖੇ ਕਰਦੇ ਜਾ ਰਹੇ ਹਾਂ। ਅਖਬਾਰਾਂ ਪੜ੍ਹਨ ਪ੍ਰਤੀ ਸਾਡੀ ਰੁਚੀ ਦਿਨ - ਬ-ਦਿਨ ਘੱਟਦੀ ਜਾ ਰਹੀ ਹੈ। ਬਹੁਤ ਹੀ ਸਿਤਮ ਦੀ ਗੱਲ ਇਹ ਹੈ ਕਿ  ਬੁੱਧੀਜੀਵੀ ਵਰਗ ਵਿਚ ਸ਼ਾਮਲ ਅਧਿਆਪਕ ਵਰਗ ਵਿਚ ਵੀ ਅਖਬਾਰ ਪੜ੍ਹਨ ਦੀ ਰੁਚੀ ਘੱਟਦੀ ਜਾ ਰਹੀ ਹੈ ਜਦਕਿ ਬਹੁ-ਗਿਣਤੀ ਵਿਚ ਵਿਦਿਆਰਥੀ ਤਾਂ ਅਖਬਾਰ ਪੜ੍ਹਨ ਤੋਂ ਬਿਲਕੁਲ ਬੇ-ਮੁੱਖ ਹੋ ਚੁੱਕੇ ਹਨ। ਵਿਦਿਆਰਥੀਆਂ ਸਮੇਤ ਸਮੂਹ ਨੌਜਵਾਨ ਤਾਂ ਇਹ ਸੋਚਣ ਲੱਗ ਪਏ ਹਨ, ਕਿ ਸੋਸ਼ਲ ਮੀਡੀਆ ਹੀ ਸ਼ਾਇਦ ਉਨ੍ਹਾਂ ਦੀ ਜਿੰਦਗੀ ਹੈ, ਜਿਸ ਕਰਕੇ ਉਹ ' ਅਖਬਾਰ ਨੂੰ ਬੀਤਿਆ ਯੁੱਗ' ਆਖਣ ਲੱਗ ਪਏ ਹਨ। ਉਹ ਇਸ ਗੱਲ ਤੋਂ ਬੇ-ਖਬਰ ਹਨ ਕਿ 'ਅਖਬਾਰ ਦੀ ਲਿਖਤ ਸਮੱਗਰੀ ਵਿਸ਼ਵਾਸਯੋਗ ਹੁੰਦੀ ਹੈ।' ਸੱਚ ਤਾਂ ਇਹ ਵੀ ਹੈ ਕਿ ਕਈ ਅਖਬਾਰਾਂ ਦੀਆਂ (ਸਾਰੇ ਅਖਬਾਰ ਨਹੀਂ) ਕੁਝ ਖਬਰਾਂ / ਲੇਖ ਮਨਘੜਤ ਹੁੰਦੇ ਹਨ, ਜੋ ਕਈ ਵਾਰ ਗਿਆਨ /ਵਿਗਿਆਨ ਵੰਡਣ ਦੀ ਥਾਂ ਅਗਿਆਨ/ ਅੰਧ-ਵਿਸ਼ਵਾਸ਼ /ਵਹਿਮਾਂ ਭਰਮਾਂ ਅਤੇ ਗੈਰ-ਵਿਗਿਆਨਿਕ /ਸਮਾਜਿਕ ਕੁੜੱਤਣ ਭਰੀਆਂ ਗੱਲਾਂ ਦਾ ਪਸਾਰਾ ਕਰਦੇ ਹਨ।
ਗੱਲ ਅਖਬਾਰ ਦੀ ਮਹੱਤਤਾ ਬਾਰੇ ਕਰਦਿਆਂ ਕਰਦਿਆਂ ਅੱਜ ਮੈਨੂੰ ਉਸ ਵੇਲੇ ਹੈਰਾਨੀ ਹੋਈ ਕਿ ਮੈਂ ਸੋਸ਼ਲ ਮੀਡੀਆ ਉਪਰ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਨਾਲ ਸਬੰਧਿਤ ਬਾਰਵੀਂ ਜਮਾਤ ਵਿਚ ਇਤਿਹਾਸ ਵਿਸ਼ੇ ਨਾਲ ਸਬੰਧਿਤ ਪੜ੍ਹਾਈਆਂ ਜਾ ਰਹੀਆਂ 3 ਨਿੱਜੀ ਪ੍ਰਕਾਸ਼ਕਾਂ ਵਲੋਂ ਪ੍ਰਕਾਸ਼ਿਤ ਕੀਤੀਆਂ ਕਿਤਾਬਾਂ ਉਪਰ ਰੋਕ ਲਗਾਏ ਜਾਣ ਬਾਰੇ ਪਿਛਲੇ ਦਿਨ ਇਕ ਪੋਸਟ ਪਾ ਦਿੱਤੀ। ਜਿਹੜੀਆਂ ਕਿਤਾਬਾਂ ਉਪਰ ਰੋਕ ਲਗਾਈ ਗਈ ਹੈ, ਨੂੰ ਲੈ ਕੇ ਪੰਜਾਬ ਸਰਕਾਰ ਨੂੰ ਉਨ੍ਹਾਂ ਕਿਤਾਬਾਂ ਵਿੱਚ ਪੜ੍ਹਾਈ ਜਾਣ ਵਾਲੀ ਸਮੱਗਰੀ ਪ੍ਰਤੀ ਸ਼ਿਕਾਇਤਾਂ ਮਿਲੀਆਂ ਸਨ ਕਿ, ਇਨ੍ਹਾਂ ਕਿਤਾਬਾਂ ਵਿੱਚ ਅਜਿਹੀ ਸਮੱਗਰੀ ਹੈ, ਜੋ ਸਿੱਖੀ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਹੈ। ' ਅਜੀਤ' ਅਖਬਾਰ ਨਾਲ ਸਬੰਧਿਤ ਇਕ ਬ੍ਰੇਕ ਖਬਰ ਸੋਸ਼ਲ ਮੀਡੀਆ ਉਪਰ ਸਿਰਫ ਇਹ ਪੋਸਟ ਪਾਈ ਸੀ ਕਿ ਪੰਜਾਬ ਸਰਕਾਰ ਵਲੋਂ 12 ਵੀੰ ਜਮਾਤ ਵਿਚ ਇਤਿਹਾਸ ਵਿਸ਼ੇ ਨਾਲ ਸਬੰਧਿਤ ਪੜ੍ਹਾਈਆਂ ਜਾ ਰਹੀਆਂ ਤਿੰਨ ਕਿਤਾਬਾਂ ਉਪਰ ਰੋਕ ਲਗਾ ਦਿੱਤੀ ਗਈ ਹੈ।'
 ਮੈਂ ਜਿਉਂ ਹੀ ਇਹ ਪੋਸਟ ਸੋਸ਼ਲ ਮੀਡੀਆ ਉਪਰ ਪਾਈ ਤਾਂ ਮੈਨੂੰ ਫੋਨਾਂ ਦੇ ਨਾਲ ਨਾਲ ਸੋਸ਼ਲ ਮੀਡੀਆ ਉਪਰ ਸੁਨੇਹੇ ਆਉਣੇ ਸ਼ੁਰੂ ਹੋ ਗਏ ਕਿ ਉਹ ਕਿਹੜੀਆਂ ਕਿਤਾਬਾਂ ਹਨ ਜਿੰਨ੍ਹਾਂ ਉਪਰ ਰੋਕ ਲਗਾਈ ਗਈ ਹੈ? ਅੱਜ ਦੂਸਰੇ ਦਿਨ ਵੀ ਮੈਨੂੰ ਅਜਿਹੇ ਸੁਨੇਹੇ ਆਏ। ਮੈਂ ਸੋਚ ਰਿਹਾ ਸਾਂ ਕਿ ਜਿਹੜੇ ਬੁੱਧੀਜੀਵੀਆਂ /ਅਧਿਆਪਕਾਂ ਨੇ ਮੈਨੂੰ ਸੁਨੇਹੇ ਭੇਜੇ, ਉਨ੍ਹਾਂ ਨੇ ਖੁਦ ਕਿਤਾਬਾਂ ,  ਲੇਖਕਾਂ ਅਤੇ ਪ੍ਰਕਾਸ਼ਕਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਕੋਈ ਵੀ ਸੁਹਿਰਦ ਯਤਨ ਨਹੀਂ ਕੀਤਾ ਅਤੇ ਦੂਸਰੇ ਦਿਨ ਤੱਕ ਅਖਬਾਰ ਵੀ ਨਹੀਂ ਵੇਖੇ, ਪੜ੍ਹਨਾ ਤਾਂ ਦੂਰ ਦੀ ਗੱਲ ਹੈ!
ਪਾਠਕੋ!  ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ, ਜਿਸ ਦੀ ਆਪਣੀ ਮਹੱਤਤਾ ਹੈ, ਪਰ ਕਿਸੇ ਵੀ ਵਿਅਕਤੀ  ਖਾਸ ਕਰਕੇ ਬੁੱਧੀਜੀਵੀਆਂ /ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਰੋਜਮਰਾ ਦੀ ਜਿੰਦਗੀ ਵਿੱਚ ਅਖਬਾਰਾਂ ਅਤੇ ਕਿਤਾਬਾਂ ਦੀ ਜੋ ਮਹੱਤਤਾ ਹੈ, ਨੂੰ ਘਟਾ ਕੇ ਵੇਖਣਾ ਉੱਚਿਤ ਨਹੀਂ ਹੈ।

 
ਸੁਖਦੇਵ ਸਲੇਮਪੁਰੀ
09780620233
1 ਮਈ, 2022.

ਅੰਬੇਦਕਰ ਅਤੇ ਮਜਦੂਰ ✍️ ਸਲੇਮਪੁਰੀ ਦੀ ਚੂੰਢੀ 

ਅੱਜ ਸੰਸਾਰ ਭਰ ਵਿੱਚ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਹੈ। ਅਮਰੀਕਾ, ਕੈਨੇਡਾ, ਇੰਗਲੈਂਡ ਵਰਗੇ ਦੇਸ਼ ਤਾਂ ਮਜਦੂਰ ਅਤੇ ਮਜਦੂਰ ਦਿਵਸ ਦੀ ਮਹੱਤਤਾ ਨੂੰ ਸਮਝਦੇ ਹਨ, ਪਰ ਭਾਰਤ ਵਿਚ ਅਸੀਂ ਮਜਦੂਰ ਦਿਵਸ ਬਹੁਤ ਹੀ ਧੂਮਧਾਮ ਨਾਲ ਮਨਾਉਂਦੇ ਹਾਂ, ਹਰ ਸਾਲ ਸਰਕਾਰੀ ਛੁੱਟੀ ਵੀ ਹੁੰਦੀ ਹੈ,ਛੁੱਟੀ ਦਾ ਅਨੰਦ ਵੀ ਅਸੀਂ ਮਾਣਦੇ ਹਾਂ, ਪਰ ਮਜਦੂਰ ਦੀ ਦਿਨ-ਬ-ਦਿਨ ਨਿਘਰਦੀ ਜਾ ਰਹੀ  ਜਿੰਦਗੀ ਕਿਸੇ ਨੂੰ ਨਜ਼ਰ ਨਹੀਂ ਆਉਂਦੀ । ਮਜਦੂਰਾਂ ਕੋਲੋਂ ਪਸ਼ੂਆਂ ਦੀ ਤਰ੍ਹਾਂ ਕੰਮ ਲਿਆ ਜਾ ਰਿਹਾ ਹੈ। ਸੰਵਿਧਾਨਿਕ ਨਿਯਮਾਂ ਦੇ ਉਲਟ ਮਜਦੂਰ ਕੋਲੋਂ 8 ਘੰਟਿਆਂ ਦੀ ਥਾਂ 12 ਘੰਟੇ ਕੰਮ ਲੈ ਕੇ ਮਿਹਨਤਾਨਾ ਸਿਰਫ 8 ਘੰਟਿਆਂ ਦਾ ਦਿੱਤਾ ਜਾ ਰਿਹਾ ਹੈ। ਮਜਦੂਰ ਦਾ ਖੂਨ ਨਚੋੜਿਆ ਜਾ ਰਿਹਾ ਹੈ। ਉਹ ਭਾਵੇਂ ਖੇਤਾਂ ਵਿਚ ਕੰਮ ਕਰਦਾ ਹੋਵੇ, ਭਾਵੇਂ ਤਿੱਖੜ ਦੁਪਹਿਰ ਸਮੇਂ ਸੜਕਾਂ ਉੱਪਰ ਲੁੱਕ ਪਾਉਂਦਾ ਹੋਵੇ, ਭਾਵੇਂ ਫੈਕਟਰੀਆਂ ਵਿੱਚ ਕੰਮ ਕਰਦਾ ਹੋਵੇ, ਭੱਠਿਆਂ 'ਤੇ ਇੱਟਾਂ ਪੱਥਦਾ ਹੋਵੇ, ਖਾਣਾਂ ਵਿਚੋਂ ਕੋਲਾ /ਲੋਹਾ ਜਾਂ ਕੋਈ ਹੋਰ ਧਾਤਾਂ ਕੱਢਦਾ ਹੋਵੇ, ਜਾਂ ਸੀਵਰੇਜ ਵਿਚ ਵੜ ਕੇ ਸਫਾਈ ਕਰਦਾ ਹੋਵੇ, ਦੀ ਆਰਥਿਕ ਅਤੇ ਸਮਾਜਿਕ ਜਿੰਦਗੀ ਨਰਕ ਭਰੀ ਹੀ ਹੈ।  ਮਜਦੂਰ ਵਲੋਂ ਦੇਸ਼ ਦੇ ਵਿਕਾਸ ਵਿਚ ਜੋ ਹਿੱਸਾ ਪਾਇਆ ਜਾ ਰਿਹਾ ਹੈ, ਨੂੰ ਹਮੇਸ਼ਾ ਮਨਫੀ ਕਰਕੇ ਵੇਖਿਆ ਜਾਂਦਾ ਹੈ। ਜੇ ਕਦੀ ਕੁ ਕਦਾਈਂ ਸਰਕਾਰ ਮਜਦੂਰਾਂ ਨੂੰ ਕੋਈ ਥੋੜ੍ਹੀ ਜਿਹੀ ਛੋਟ/ਆਰਥਿਕ ਮਦਦ (ਪਹਿਲੀ ਗੱਲ ਤਾਂ ਹੱਕ ਮਿਲਦਾ ਹੀ ਨਹੀਂ) ਦੇਣ ਦੀ ਗੱਲ ਕਰਦੀ ਹੈ ਤਾਂ ਏ. ਸੀ. ਘਰਾਂ /ਕੋਠੀਆਂ ਅਤੇ ਕਾਰਾਂ ਵਾਲਿਆਂ ਨੂੰ ਹੱਥਾਂ-ਪੈਰਾਂ ਦੀ ਪੈ ਜਾਂਦੀ, ਉਹ ਧਰਨੇ - ਮੁਜਾਹਰੇ ਕਰਨ ਲਈ ਸੜਕਾਂ ਉੱਪਰ ਆ ਉੱਤਰਦੇ ਹਨ। ਹਜਾਰਾਂ /ਲੱਖਾਂ ਮਜਦੂਰਾਂ /ਕਿਰਤੀਆਂ ਦੇ ਬੱਚਿਆਂ ਵਿੱਚੋਂ ਜਦੋਂ ਕੋਈ ਇਕੱਲਾ-ਇਕਹਿਰਾ ਬੱਚਾ ਆਰਥਿਕ ਤੰਗੀਆਂ  ਦੀ ਪੀੜਾ ਝੱਲਦਾ ਹੋਇਆ  ਪੜ੍ਹਾਈ ਕਰਕੇ ਸਰਕਾਰੀ ਨੌਕਰੀ ਪ੍ਰਾਪਤ ਕਰ ਲੈਂਦਾ ਹੈ ਤਾਂ, ਉਸ ਗੱਲ ਨੂੰ ਬਹੁਤ ਹੀ ਅਜੀਬੋ-ਗਰੀਬ ਢੰਗ ਨਾਲ ਪੇਸ਼ ਕਰਦਿਆਂ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿਰਤੀ /ਮਜਦੂਰ ਤਾਂ ਸਰਕਾਰ ਵਲੋਂ ਦਿੱਤੀਆਂ ਗਈਆਂ ਸਹੂਲਤਾਂ ਕਰਕੇ ਮਾਲੋਮਾਲ ਹੋ ਗਏ ਹਨ, ਅਸੀਂ ਤਾਂ ਲੁੱਟੇ-ਪੁੱਟੇ ਗਏ ਹਾਂ।
ਏ. ਸੀ. ਕਮਰਿਆਂ ਵਿਚ ਬੈਠੇ ਚੰਗਾ ਖਾਂਦੇ-ਪੀਂਦੇ ਲੇਖਕ ਜੋ ਆਪਣੇ ਆਪ ਨੂੰ ਉੱਚ ਕੋਟੀ ਦੇ ਬੁੱਧੀਜੀਵੀ ਕਹਾਉਂਦੇ ਹਨ ਤਾਂ ਉਹ ਵੀ ਦੱਬੇ ਕੁਚਲੇ ਸਮਾਜ ਦੇ ਲੋਕਾਂ ਨੂੰ ਮਿਲੀਆਂ, ਤੁਛ ਜਿਹੀਆਂ ਸਹੂਲਤਾਂ ਨੂੰ ਆਪਣੇ ਢੰਗ ਨਾਲ ਵਧਾ ਚੜ੍ਹਾ ਕੇ ਪੇਸ਼ ਕਰਦੇ ਹੋਏ, ਦੂਜੇ ਲੋਕਾਂ ਨੂੰ ਮਿਲੀਆਂ ਲੱਖਾਂ /ਕਰੋੜਾਂ ਰੁਪਈਆਂ ਦੀਆਂ ਛੋਟਾਂ ਅਤੇ ਸਬਸਿਡੀਆਂ ਨੂੰ ਭੁੱਲ ਜਾਂਦੇ ਹਨ, ਸਿਰਫ ਤੇ ਸਿਰਫ ਮਜਦੂਰ /ਕਿਰਤੀ ਉਨ੍ਹਾਂ ਦੀਆਂ ਅੱਖਾਂ ਵਿਚ ਰੜਕਦਾ ਰਹਿੰਦਾ ਹੈ।
ਅੱਜ ਜਦੋਂ ਅਸੀਂ ਮਨਾਏ ਜਾ ਰਹੇ ਮਜਦੂਰ ਦਿਵਸ ਦੀ ਗੱਲ ਕਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਭਾਰਤ ਵਿਚ ਜੋ ਕੁਝ ਮਜਦੂਰਾਂ ਨੂੰ ਮਿਲਿਆ ਹੈ, ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ ਬੀ ਆਰ ਅੰਬੇਦਕਰ ਜੀ ਦੇ ਯਤਨਾਂ ਸਦਕਾ ਮਿਲਿਆ ਹੈ।
 ਬਾਬਾ ਸਾਹਿਬ ਜੀ ਉਹ ਸ਼ਖਸੀਅਤ ਸਨ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਦੇਸ਼ ਦੇ ਮਜਦੂਰਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਸੀ।  ਦੂਜੇ ਸੰਸਾਰ ਯੁੱਧ ਤੋਂ ਪਹਿਲਾਂ ਬਾਬਾ ਸਾਹਿਬ ਨੂੰ  ''ਲੇਬਰ ਮੈਂਬਰ ਆਫ ਵਾਇਸਰਾਏ ਐਗਜ਼ੀਕਿਊਟਿਵ ਕੌਂਸਿਲ '' ਵਿਚ 1942 ਤੋਂ 1946 ਤੱਕ ਕੰਮ ਕਰਨ ਦਾ ਮੌਕਾ ਮਿਲਿਆ , ਜਿਸ ਦੌਰਾਨ ਉਹਨਾਂ ਨੇ ਸੱਭ ਤੋਂ ਪਹਿਲਾਂ ਕਾਰਖਾਨਿਆਂ ਵਿੱਚ ਕੰਮ ਦੇ ਘੰਟਿਆਂ ਨੂੰ ਨਿਸ਼ਚਿਤ ਕਰਦਿਆਂ ਮਜਦੂਰਾਂ ਲਈ 12 ਘੰਟਿਆਂ ਦੀ ਥਾਂ 8 ਘੰਟੇ ਕੀਤੇ। ਉਨ੍ਹਾਂ ਨੇ
 27 ਨਵੰਬਰ 1942 ਨੂੰ ਦਿੱਲੀ ਵਿੱਚ ਇੱਕ ਮਜਦੂਰ ਸੰਮੇਲਨ ਦੌਰਾਨ ਦੇਸ਼ ਵਿਚ ਇੱਕ ਹਫ਼ਤੇ ਵਿਚ ਸਿਰਫ 48 ਘੰਟੇ ਕੰਮ ਲਈ ਅਵਾਜ ਉਠਾਈ। ਉਨ੍ਹਾਂ ਨੇ ਮਜਦੂਰਾਂ ਅਤੇ ਕਾਰਖਾਨੇਦਾਰਾਂ ਵਿਚਾਲੇ ਪੈਦਾ ਹੋਣ ਵਾਲੇ ਝਗੜੇ ਨਜਿੱਠਣ ਲਈ ਕਮੇਟੀਆਂ ਗਠਿਤ ਕਰਨ ਦਾ ਸੁਝਾਅ ਦਿੱਤਾ। ਇਥੇ ਹੀ ਬਸ ਨਹੀਂ ਬਾਬਾ ਸਾਹਿਬ ਨੇ ਔਰਤ ਕਿਰਤੀਆਂ/ ਕਰਮਚਾਰੀਆਂ /ਅਧਿਕਾਰੀਆਂ ਦੇ ਹੱਕਾਂ ਅਤੇ ਹਿੱਤਾਂ ਲਈ ਜੋ ਅਵਾਜ ਬੁਲੰਦ ਕੀਤੀ ਸ਼ਾਇਦ ਭਾਰਤੀ ਔਰਤਾਂ ਉਸ ਗੱਲ ਤੋਂ ਬਿਲਕੁਲ ਬੇਖਬਰ ਹਨ। ਅੱਜ ਗਰਭਵਤੀ ਕਿਰਤੀ / ਮੁਲਾਜ਼ਮ ਔਰਤਾਂ ਨੂੰ ਜਣੇਪੇ ਦੌਰਾਨ ਤਨਖਾਹ ਸਮੇਤ ਜੋ 6 ਮਹੀਨਿਆਂ ਦੀ ਛੁੱਟੀ ਮਿਲ ਰਹੀ ਹੈ, ਬਾਬਾ ਸਾਹਿਬ ਦੀ ਦੇਣ ਹੈ। ਮਰਦਾਂ ਅਤੇ ਔਰਤਾਂ ਨੂੰ ਇੱਕ ਸਮਾਨ ਤਨਖਾਹ ਮਿਲਣਾ ਵੀ ਡਾ ਅੰਬੇਦਕਰ ਦੀ ਦੇਣ ਹੈ। ਟ੍ਰੇਡ ਯੂਨੀਅਨਾਂ ਨੂੰ  ਦੇਸ਼ ਵਿਚ  ਦਿੱਤੀ ਜਾਣ ਵਾਲੀ ਮਾਨਤਾ, ਦੇਸ਼ ਵਿਚ ਰੋਜਗਾਰ ਦਫਤਰ ਸਥਾਪਿਤ ਕਰਨਾ, ਬੇਰੁਜ਼ਗਾਰੀ ਭੱਤਾ ਦੇਣਾ, ਰਜਿਸਟਰਡ ਕਾਮਿਆਂ ਨੂੰ ਮਿਲਣ ਵਾਲੀ ਈ. ਐਸ. ਆਈ. ਦੀ ਸਹੂਲਤ  ਵੀ ਡਾ ਅੰਬੇਦਕਰ ਦੀ ਬਦੌਲਤ ਹੈ। ਡਾ ਅੰਬੇਦਕਰ ਨੇ ਮਜਦੂਰਾਂ ਲਈ ਜੋ ਕੁਝ ਕੀਤਾ, ਉਸ ਨੂੰ ਵਰਨਣ ਕਰਨਾ ਬਹੁਤ ਔਖਾ ਹੈ। ਮਜਦੂਰਾਂ ਨੂੰ ਘੱਟੋ-ਘੱਟ ਬਣਦੀ ਤਨਖਾਹ ਦੇਣ ਲਈ ਜੋ ਨਿਯਮ ਬਣਾਇਆ ਗਿਆ ਹੈ, ਵੀ ਬਾਬਾ ਸਾਹਿਬ ਦੀ ਦੇਣ ਹੈ।
ਅੱਜ ਮਜਦੂਰਾਂ ਨੂੰ ਉਨ੍ਹਾਂ ਦੇ ਹੱਕਾਂ ਅਤੇ ਹਿੱਤਾਂ ਤੋਂ ਵੰਚਿਤ ਕਰਨ ਲਈ ਨੀਤੀਆਂ ਘੜੀਆਂ ਜਾ ਰਹੀਆਂ ਹਨ। ਜਦੋਂ ਮਜਦੂਰ ਆਪਣੇ ਹੱਕਾਂ ਅਤੇ ਹਿੱਤਾਂ ਲਈ ਆਪਣੀ ਅਵਾਜ ਬੁਲੰਦ ਕਰਦੇ ਹਨ, ਉਨ੍ਹਾਂ ਦਾ ਗਲਾ ਘੁੱਟਿਆ ਜਾ ਰਿਹਾ ਹੈ। ਸੰਘਰਸ਼ ਕਰ ਰਹੇ ਮਜਦੂਰਾਂ ਨੂੰ ਫੈਕਟਰੀਆਂ / ਕਾਰਖਾਨਿਆਂ ਵਾਲੇ ਜਾਂ ਤਾਂ ਨੌਕਰੀ ਤੋਂ ਕੱਢ ਦਿੰਦੇ ਹਨ ਜਾਂ ਫਿਰ ਚੋਰੀ ਜਾਂ ਭੰਨਤੋੜ ਕਰਨ ਜਾਂ ਕੋਈ ਹੋਰ ਗੰਭੀਰ ਇਲਜ਼ਾਮ ਲਗਾ ਕੇ ਉਨ੍ਹਾਂ ਵਿਰੁੱਧ ਪੁਲਸ ਮਾਮਲਾ ਦਰਜ ਕਰਵਾ ਕੇ ਜੇਲ੍ਹਾਂ / ਥਾਣਿਆਂ ਵਿਚ ਬੰਦ ਕਰਵਾ ਦਿੱਤਾ ਜਾਂਦਾ ਹੈ। ਪਿੰਡਾਂ ਵਿੱਚ ਜਦੋਂ ਖੇਤ ਮਜ਼ਦੂਰ ਆਪਣੀ ਦਿਹਾੜੀ ਜਾਂ ਮਿਹਨਤ ਵਧਾਉਣ ਲਈ ਮੰਗ ਕਰਦੇ ਹਨ ਤਾਂ ਕਈ ਵਾਰ ਕਈ ਪਿੰਡਾਂ ਦੇ ਜਿਮੀਂਦਾਰਾਂ ਵਲੋਂ ਉਨ੍ਹਾਂ ਦਾ ਸਮਾਜਿਕ ਬਾਈਕਾਟ ਕਰ ਦਿੱਤਾ ਜਾਂਦਾ ਹੈ। ਸਮੇਂ ਸਮੇਂ ਦੀਆਂ ਸਰਕਾਰਾਂ ਵਲੋਂ ਮਜਦੂਰਾਂ ਦੀ ਆਰਥਿਕ ਹਾਲਤ ਸੁਧਾਰਨ ਲਈ ਸਿਰਫ ਸਬਜਬਾਗ ਦਿਖਾਏ ਜਾ ਰਹੇ ਹਨ, ਜਿਸ ਕਰਕੇ ਉਨ੍ਹਾਂ ਦੀ ਆਰਥਿਕ ਹਾਲਤ ਬਹੁਤ ਪਤਲੀ ਪੈ ਚੁੱਕੀ ਹੈ। ਇਹ ਵੀ ਵੇਖਣ ਵਿੱਚ ਆਇਆ ਹੈ ਕਿ ਕਈ ਮਜਦੂਰ ਸੰਗਠਨਾਂ ਦੇ ਆਗੂ ਵੀ ਆਪਣੇ ਨਿੱਜੀ ਹਿੱਤਾਂ ਲਈ ਮਜਦੂਰਾਂ ਨੂੰ ਵਰਤਦੇ ਰਹਿੰਦੇ ਹਨ, ਜਿਸ ਕਰਕੇ ਉਨ੍ਹਾਂ ਦਾ ਦਾਲ - ਫੁਲਕਾ ਚੱਲਦਾ ਰਹਿੰਦਾ ਹੈ। ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਸਿਆਸੀ ਚੋਣਾਂ ਦਿਨਾਂ ਦੌਰਾਨ ਮਜਦੂਰਾਂ ਨੂੰ ਇੱਕ ਹਥਿਆਰ ਦੀ ਤਰ੍ਹਾਂ ਵਰਤ ਕੇ ਅਕਸਰ ਆਪਣਾ ਉੱਲੂ ਸਿੱਧਾ ਕਰ ਜਾਂਦੇ ਹਨ।
ਡਾ ਅੰਬੇਦਕਰ ਆਧੁਨਿਕ ਭਾਰਤ ਦੇ ਨਿਰਮਾਤਾ ਹਨ, ਪਰ ਬਹੁਤ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ, ਅਮਰੀਕਾ, ਕੈਨੇਡਾ, ਇੰਗਲੈਂਡ ਸਮੇਤ ਸਮੁੱਚਾ ਸੰਸਾਰ ਡਾ ਅੰਬੇਦਕਰ ਦੀ ਪ੍ਰਤਿਭਾ ਅੱਗੇ ਸਿਰ ਝੁਕਾਉੰਦਾ ਹੈ, ਪਰ ਭਾਰਤ ਵਿਚ ਜਾਣਬੁੱਝ ਕੇ ਉਨ੍ਹਾਂ ਦਾ ਕੱਦ ਬੌਣਾ ਕਰਨ ਲਈ ਸਿਰਫ ਇਕ ਵਰਗ ਦੇ ਲੋਕਾਂ ਦਾ ਨੇਤਾ ਕਹਿ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਡਾ ਅੰਬੇਦਕਰ ਨੇ ਕੇਵਲ ਇਕ ਵਰਗ ਲਈ ਨਹੀਂ ਬਲਕਿ ਸਮੁੱਚੇ ਦੇਸ਼ ਅਤੇ ਦੇਸ਼ ਦੇ ਸਮੂਹ ਲੋਕਾਂ ਲਈ ਕੰਮ ਕੀਤਾ ਹੈ। ਅੱਜ ਦੇਸ਼ ਦੇ ਆਈ ਏ ਐਸ / ਆਈ ਪੀ ਐਸ ਅਤੇ ਜੱਜਾਂ ਸਮੇਤ ਜਿੰਨ੍ਹੇ ਵੀ ਅਧਿਕਾਰੀ ਅਤੇ ਕਰਮਚਾਰੀ ਹਨ, 12 ਘੰਟੇ ਨਹੀਂ 8 ਘੰਟੇ ਕੰਮ ਕਰਦੇ ਹਨ। ਸਰਕਾਰੀ ਅਤੇ ਅਰਧ-ਸਰਕਾਰੀ ਅਦਾਰਿਆਂ ਵਿੱਚ ਕੰਮ ਕਰ ਰਹੀਆਂ ਸਾਰੀਆਂ ਕਿਰਤੀ ਔਰਤਾਂ ਨੂੰ ਮਰਦਾਂ ਦੇ ਬਰਾਬਰ ਤਨਖਾਹ ਮਿਲਦੀ ਹੈ ਅਤੇ ਉਹ ਜਣੇਪੇ ਦੌਰਾਨ 6 ਮਹੀਨੇ ਦੀ ਮਿਲਣ ਵਾਲੀ ਛੁੱਟੀ ਪੂਰੀ ਤਨਖ਼ਾਹ ਸਮੇਤ ਪ੍ਰਾਪਤ ਕਰਦੀਆਂ ਹਨ, ਪਰ ਅਫਸੋਸ ਦੀ ਗੱਲ ਹੈ, ਸੱਭ ਤੋਂ ਹੇਠਲੇ ਪੱਧਰ ਦੇ ਮਜਦੂਰਾਂ /ਕਿਰਤੀਆਂ ਨੂੰ ਉਨ੍ਹਾਂ ਦੇ ਸੰਵਿਧਾਨਿਕ ਹੱਕਾਂ ਤੋਂ ਵੰਚਿਤ ਕਰਕੇ ਰੱਖਿਆ ਹੋਇਆ ਹੈ।
ਕਿਸੇ ਬੁੱਧੀਜੀਵੀ ਇਨਸਾਨ ਨੇ ਬਾਬਾ ਸਾਹਿਬ ਬਾਰੇ ਲਿਖਿਆ ਹੈ ਕਿ 'ਡਾ ਅੰਬੇਦਕਰ ਕੋਈ ਜਹਿਰ ਨਹੀਂ ਹੈ, ਇਹ ਤਾਂ ਸ਼ੁੱਧ ਦੇਸੀ ਘਿਓ ਹੈ, ਜਿਹੜਾ ਗਧਿਆਂ ਨੂੰ ਸਮਝ ਨਹੀਂ ਆਉਂਦਾ ਅਤੇ ਕੁੱਤਿਆਂ ਨੂੰ ਹਜਮ ਨਹੀਂ ਆਉਂਦਾ।'
 

 ਸੁਖਦੇਵ ਸਲੇਮਪੁਰੀ
09780620233
1 ਮਈ, 2022.

ਖਿਦਰਾਣੇ ਦੀ ਢਾਬ ਦੇ ਸੰਦਰਭ ਚ ✍️ ਜਸਵੀਰ ਸ਼ਰਮਾਂ ਦੱਦਾਹੂਰ

ਸਿੱਖ ਇਤਿਹਾਸ ਵਿੱਚ ਚਾਰ ਮਈ ਭਾਵ ਇੱਕੀ ਵਿਸਾਖ ਦਿਵਸ ਦੀ ਮਹੱਤਤਾ

ਹਰ ਓਸ ਗੁਰਸਿੱਖ ਨੂੰ ਇਸ ਚਾਰ ਮਈ ਇੱਕੀ ਵਿਸਾਖ ਦਿਵਸ ਦਿਨ ਦੇ ਇਤਿਹਾਸ ਦੀ ਬਿਲਕੁਲ ਭਰਪੂਰ ਜਾਣਕਾਰੀ ਹੋਵੇਗੀ,ਜੋ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਪਿਆਰ ਸਤਿਕਾਰ ਕਰਦਾ ਹੈ ਅਤੇ ਦਿਲ ਵਿੱਚ ਵਸਾ ਕੇ ਰੱਖਦਾ। ਸਤਿਕਾਰ ਯੋਗ ਸਾਧ ਸੰਗਤ ਜੀ ਇਹ ਓਹੀ ਹੀ ਇਤਿਹਾਸਕ ਦਿਨ ਦੀ ਗੱਲ ਆਪਾਂ ਅੱਜ ਕਰ ਰਹੇ ਹਾਂ, ਜਦੋਂ ਸਾਹਿਬ ਏ ਕਮਾਲ, ਸਰਬੰਸਦਾਨੀ, ਖਾਲਸਾ ਪੰਥ ਨੂੰ ਸਾਜਣ ਵਾਲੇ,ਆਪੇ ਗੁਰ ਚੇਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਿਦਰਾਣੇ ਦੀ ਢਾਬ (ਹੁਣ ਸ੍ਰੀ ਮੁਕਤਸਰ ਸਾਹਿਬ)ਦੀ ਧਰਤੀ ਤੇ ਮੁਗਲਾਂ ਅਤੇ ਸਿੱਖਾਂ ਦੀ ਆਖਰੀ ਲੜਾਈ ਲੜੀ, ਜਿੱਤ ਪ੍ਰਾਪਤ ਕੀਤੀ ਅਤੇ ਮੁਗਲਾਂ ਦੇ ਛੱਕੇ ਛੁਡਾਏ ਸਨ।

       ਵੈਸੇ ਤਾਂ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ,ਇਸ ਦੀਆਂ ਸੈਂਕੜੇ ਨਹੀਂ ਬਲਕਿ ਹਜ਼ਾਰਾਂ ਉਦਾਹਰਣਾਂ ਸਿੱਖਾਂ ਦੇ ਗੌਰਵਮਈ ਇਤਿਹਾਸ ਵਿੱਚ ਦਰਜ ਹਨ।ਪਰ ਇਸ ਉਪਰੋਕਤ ਦਿਨਾਂ ਦੀ ਇਤਿਹਾਸਕ ਮਹੱਤਤਾ ਇਹੀ ਹੈ ਕਿ ਇਸ ਦਿਨ ਗੁਰੂ ਸਾਹਿਬ ਜੀ ਨੇ ਮੁਗਲਾਂ ਨਾਲ ਆਖਰੀ ਫੈਸਲਾ ਕੁੰਨ ਲੜਾਈ ਖਿਦਰਾਣੇ ਦੀ ਢਾਬ ਤੇ ਲੜੀ ਸੀ। ਜਦੋਂ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਛੱਡਣ ਤੋਂ ਬਾਅਦ ਗੁਰੂ ਸਾਹਿਬ ਜੀ ਇਧਰ ਮਾਲਵੇ ਦੀ ਧਰਤੀ ਨੂੰ ਭਾਗ ਲਾਉਂਦੇ ਲਾਉਂਦੇ ਇਸ ਜਗ੍ਹਾ ਤੇ ਪਹੂੰਚੇ ਸਨ।ਇਸ ਇਤਿਹਾਸਕ ਜਿੱਤ ਨੂੰ ਇਤਿਹਾਸ ਦੇ ਪੰਨਿਆਂ ਤੇ ਇਸ ਕਰਕੇ ਵੀ ਸੁਨਿਹਰੀ ਅੱਖਰਾਂ ਵਿੱਚ ਲਿਖਿਆ ਹੋਇਆ ਹੈ ਕਿ ਚਾਲੀ ਸਿੰਘ ਜੋ ਆਨੰਦਪੁਰ ਸਾਹਿਬ ਵਿਖੇ ਗੁਰੂ ਸਾਹਿਬ ਜੀ ਨੂੰ ਬੇਦਾਵਾ ਲਿਖ ਕੇ ਦੇ ਆਏ ਸਨ ਕਿ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੰਘ ਨਹੀਂ,ਪਰ ਇਥੇ ਖਿਦਰਾਣੇ ਦੀ ਧਰਤੀ ਤੇ ਓਹਨਾ ਸਾਰੇ ਹੀ ਸਿੰਘਾਂ ਨੇ ਜਿਥੇ ਗੁਰੂ ਸਾਹਿਬ ਜੀ ਤੋਂ ਖ਼ਿਮਾਂ ਜਾਚਨਾ ਮੰਗੀ ਓਥੇ ਇਨ੍ਹਾਂ ਸਾਰੇ ਹੀ ਸਿੰਘਾਂ ਨੇ ਇਸੇ ਥਾਂ ਤੇ ਗੁਰੂ ਸਾਹਿਬ ਜੀ ਨਾਲ ਮੁਗਲਾਂ ਨਾਲ ਲੜਦਿਆਂ ਬੀਰ ਗਤੀ ਪ੍ਰਾਪਤ ਵੀ ਕੀਤੀ ਅਤੇ ਗੁਰੂ ਸਾਹਿਬ ਜੀ ਨੇ ਖੁਦ ਆਪਣੇ ਇਨਾਂ ਸਿੰਘਾਂ ਦਾ ਆਪਣੇ ਹੱਥੀਂ ਸਸਕਾਰ ਵੀ ਕੀਤਾ ਜਿਥੇ ਅੱਜਕਲ੍ਹ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਸ਼ਸ਼ੋਭਿਤ ਹੈ ਓਸ ਜਗ੍ਹਾ ਤੇ ਇਨ੍ਹਾਂ ਸਿੰਘਾਂ ਦਾ ਅੰਤਿਮ ਸੰਸਕਾਰ ਪੂਰਨ ਗੁਰਮਰਯਾਦਾ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਕੀਤਾ।ਇਸ ਤੋਂ ਪਹਿਲਾਂ ਜਦੋਂ ਸ਼ਾਮਾਂ ਨੂੰ ਲੜਾਈ ਖ਼ਤਮ ਹੋਈ ਤਾਂ ਗੁਰੂ ਸਾਹਿਬ ਆਪਣੇ ਸਿੱਖਾਂ ਦੀ ਸੰਭਾਲ ਲਈ ਮੈਦਾਨ ਏ ਜੰਗ ਵਿੱਚ ਆਏ ਤਾਂ ਓਦੋਂ ਇਨ੍ਹਾਂ ਯੋਧਿਆਂ ਨੂੰ ਗੁਰੂ ਸਾਹਿਬ ਜੀ ਨੇ ਪੰਜ ਹਜਾਰੀ ਦਸ ਹਜਾਰੀ ਦੇ ਖਿਤਾਬਾਂ ਨਾਲ ਵੀ ਨਿਵਾਜਿਆ ਇਨ੍ਹਾਂ ਸਿੰਘਾਂ ਨੂੰ।ਇਹ ਇਤਿਹਾਸ ਦੇ ਪੰਨਿਆਂ ਉੱਤੇ ਉਕਰੀ ਹੋਈ ਬਿਲਕੁਲ ਹਕੀਕੀ ਗਾਥਾ ਹੈ।

       ਇਤਹਾਸਕਾਰਾਂ ਮੁਤਾਬਕ ਟਿੱਬੀ ਤੋਂ ਹੀ ਮੁਗਲਾਂ ਤੇ ਤੀਰਾਂ ਦੀ ਬੌਛਾੜ ਕਰ ਰਹੇ ਸਨ (ਜਿਥੇ ਅੱਜਕਲ੍ਹ ਗੁਰਦੁਆਰਾ ਟਿੱਬੀ ਸਾਹਿਬ ਤੇ ਰਕਾਬਗੰਜ ਸਾਹਿਬ ਸ਼ਸ਼ੋਭਿਤ ਹਨ। ਇਥੇ ਹੀ ਇਤਹਾਸਕਾਰਾਂ ਮੁਤਾਬਕ ਘੋੜੇ ਤੇ ਚੜ੍ਹਨ ਲੱਗਿਆਂ ਰਕਾਬ ਟੁੱਟ ਗਈ ਸੀ ਜੋ ਅੱਜ ਤੱਕ ਵੀ ਓਸੇ ਹਾਲਤ ਵਿੱਚ ਸੰਗਤਾਂ ਦੇ ਦਰਸ਼ਨਾਂ ਲਈ ਰੱਖੀ ਹੋਈ ਹੈ ਤੇ ਦੂਰੋਂ ਦੂਰੋਂ ਆਕੇ ਸੰਗਤਾਂ ਦਰਸ਼ ਦੀਦਾਰ ਕਰਦੀਆਂ ਹਨ।

       ਸਿੱਖ ਇਤਿਹਾਸ ਮੁਤਾਬਕ ਪਹਿਲਾਂ ਇਹ ਯਾਦਗਾਰੀ ਦਿਨ ਛੋਟੇ ਪੱਧਰ ਤੇ ਮਨਾਇਆ ਜਾਂਦਾ ਰਿਹਾ ਹੈ, ਜਿਥੇ ਇਸ ਸਮੇਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸ਼ਸ਼ੋਭਿਤ ਹੈ ਓਸ ਦੇ ਬਿਲਕੁਲ ਨਾਲ ਇੱਕ ਬਾਬਾ ਸਰੋਵਰ ਦਾਸ ਜੀ ਦਾ ਡੇਰਾ ਹੋਇਆ ਕਰਦਾ ਸੀ ਜੋ ਖੁਦ ਅੱਖਾਂ ਤੋਂ ਮੁਨਾਖੇ ਸਨ। ਓਹਨਾਂ ਨੇ ਛੋਟੇ ਪੱਧਰ ਤੇ ਇਨ੍ਹਾਂ ਚਾਲੀ ਸਿੰਘ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦਾ ਦਿਨ ਮਨਾਉਣ ਦੀ ਪਰੰਪਰਾ ਸ਼ੁਰੂ ਕੀਤੀ ਸੀ।ਇਸ ਦੀ ਬਾਬਤ ਘੋਖਣ ਲਈ ਦਾਸ ਨੇ ਬਾਵਾ ਨਿਊਜ਼ ਏਜੰਸੀ ਦੇ ਗੁਰਪ੍ਰੀਤ ਬਾਵਾ ਜੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕੇਹਰ ਸਿੰਘ ਦੇ ਪਰਿਵਾਰ ਚੋਂ ਕਾਨੂੰਗੋ ਗੁਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਜਿਨ੍ਹਾਂ ਦਾ ਘਰ ਇਸ ਡੇਰੇ ਦੇ ਬਿਲਕੁਲ ਨਾਲ ਲੱਗਦਾ ਸੀ,ਪਰ ਅਖੀਰ ਤੇ ਸਾਬਕਾ ਜਥੇਦਾਰ ਅਕਾਲਤਖਤ ਗਿਆਨੀ ਗੁਰਬਚਨ ਸਿੰਘ ਨਾਲ ਸੰਪਰਕ ਕਰਨ ਤੇ ਇਸ ਦਿਨ ਦੀ ਅਸਲੀ ਅਹਿਮੀਅਤ ਦਾ ਪਤਾ ਲੱਗਾ ਤੇ ਇਹ ਦਿਨ ਸਹੀ ਤਾਂ ਇਹੀ ਸੀ ਚਾਰ ਜਾਂ ਤਿੰਨ ਮਈ ਹੀ ਸੀ,ਪਰ ਓਹਨਾਂ ਸਮਿਆਂ ਵਿੱਚ ਪਾਣੀ ਦੀ ਘਾਟ,ਆਉਣ ਜਾਣ ਵਾਲੇ ਸਾਧਨਾਂ ਦੀ ਘਾਟ ਕਾਰਨ ਹੀ ਸੰਗਤਾਂ ਦੀ ਪੁਰਜ਼ੋਰ ਮੰਗ ਤੇ ਹੀ ਇਸ ਦਿਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਕਮਾਂ ਨਾਲ ਮਾਘੀ ਦੇ ਪਵਿੱਤਰ ਦਿਹਾੜੇ ਸੰਗਰਾਂਦ ਅਤੇ ਜੁੱਗਾਂ ਜੁਗਾਂਤਰਾਂ ਤੋਂ ਪਵਿੱਤਰ ਦਿਹਾੜੇ ਤੇ ਅਤੇ ਸੰਗਤਾਂ ਦੇ ਭਰਪੂਰ ਇਕੱਠ ਵਿੱਚ ਮਨਾਉਣ ਲੱਗੇ, ਕਿਉਂਕਿ ਓਦੋਂ ਮਹੌਲ ਸੁਖਾਵਾਂ ਰੁੱਤ ਠੀਕ ਹੁੰਦੀ ਹੈ। ਤੇ ਇਸ ਦੀ ਪੂਰੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਸੰਭਾਲ ਲਈ ਹੈ। ਇਸੇ ਦਿਨ ਮਾਘੀ ਦਾ ਨਹਾਉਣ ਦੇ ਨਾਲ ਨਾਲ ਚਾਲੀ ਮੁਕਤਿਆਂ ਦੀ ਸ਼ਹਾਦਤ ਨੂੰ ਸਮਰਪਿਤ ਇਸ ਦੀ ਪਰੰਪਰਾ ਸ਼ੁਰੂ ਹੋ ਗਈ।

          ਸ੍ਰੀ ਮੁਕਤਸਰ ਸਾਹਿਬ ਦੀ ਮਾਘੀ ਦਾ ਮੇਲਾ ਅਤੇ ਇਹ ਚਾਲੀ ਮੁਕਤਿਆਂ ਦੀ ਯਾਦ ਵਿੱਚ ਮੇਲਾ, ਸ਼ਹੀਦੀ ਜੋੜ ਮੇਲੇ ਤੇ ਸਿਆਸੀ ਪਾਰਟੀਆਂ ਆਪੋ ਆਪਣੀਆਂ ਪਾਰਟੀਆਂ ਦੀਆਂ ਕਾਨਫ਼ਰੰਸਾਂ ਕਰਕੇ ਵੀ ਇਕੱਠ ਦਾ ਲਾਹਾ ਲੈਂਦੀਆਂ ਹਨ।ਪਿਛੇ ਜਿਹੇ ਕਾਂਗਰਸ ਸਰਕਾਰ ਵੇਲੇ ਜਿਥੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਯਾਦਗਾਰੀ ਗੇਟਾਂ ਦੀ ਉਸਾਰੀ ਕਰਵਾਈ ਓਥੇ ਓਹਨਾਂ ਨੇ ਤਿੰਨ ਤੇ ਚਾਰ ਮਈ ਨੂੰ ਇਹੇ ਸ਼ਹੀਦੀ ਜੋੜ ਮੇਲਾ ਵੱਡੇ ਪੱਧਰ ਤੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਸੁਮਨ ਅਰਪਿਤ ਕਰਨ ਦੀ ਪਰੰਪਰਾ ਦੀ ਸ਼ਰੂਆਤ ਕੀਤੀ।ਚਾਲੀ ਮੁਕਤਿਆਂ ਦੀ ਯਾਦ ਵਿੱਚ ਜ਼ਿਲ੍ਹਾ ਕਚਹਿਰੀਆਂ ਦੇ ਨੇੜੇ ਚਾਲੀ ਕੜਿਆਂ ਵਾਲਾ ਖੰਡਾ ਨਾਲ ਹੀ ਮੁਕਤੇ ਮੀਨਾਰ ਦੀ ਉਸਾਰੀ ਕਰਵਾਈ ਜੋ ਸੈਰ ਕਰਨ ਵਾਲਿਆਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ।ਪਰ ਇਸ ਦੀ ਸਫਾਈ ਦਾ ਹਾਲ ਮਾੜਾ ਹੈ, ਕਚਹਿਰੀਆਂ ਦੇ ਬਿਲਕੁਲ ਸਾਹਮਣੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੀ ਯਾਦ ਵਿੱਚ ਵੀ ਇੱਕ ਪਾਰਕ ਬਣਾਇਆ ਹੋਇਆ ਹੈ,ਉਸ ਦੀ ਵੀ ਸਫ਼ਾਈ ਨਹੀਂ ਕੀਤੀ ਜਾਂਦੀ ਹਾਂ ਕਦੇ ਕਦਾਈਂ ਕੋਈ ਸਮਾਜ ਸੇਵੀ ਸੰਸਥਾਵਾਂ ਜਾਂ ਲੰਗਰਾਂ ਵਾਲੇ ਸੋਨੀ ਬਾਬਾ ਜੀ ਇਨ੍ਹਾਂ ਦੋਹਾਂ ਪਾਰਕਾਂ ਦੀ ਸਫਾਈ ਜ਼ਰੂਰ ਕਰਾ ਦਿੰਦੇ ਨੇ,ਪਰ ਪ੍ਰਸ਼ਾਸਨ ਨੇ ਕਦੇ ਵੀ ਇਧਰ ਧਿਆਨ ਦੇਣ ਦੀ ਕੋਸ਼ਿਸ਼ ਨਹੀਂ ਕੀਤੀ।ਇਸ ਮਾਘੀ ਦੇ ਪਵਿੱਤਰ ਅਤੇ ਸ਼ਹੀਦੀ ਜੋੜ ਮੇਲੇ ਤੇ ਆਉਣ ਵਾਲੀ ਸੰਗਤ ਟੁੱਟੀ ਗੰਢੀ ਗੁਰਦੁਆਰਾ ਸਾਹਿਬ ਤੋਂ ਇਲਾਵਾ ਸ਼੍ਰੀ ਮੁਕਤਸਰ ਸਾਹਿਬ ਦੇ ਹੋਰ ਛੇ ਪਾਵਨ ਅਸਥਾਨ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਕਰਕੇ ਆਪਣੇ ਜੀਵਨ ਸਫ਼ਲਾ ਕਰਦੀਆਂ ਹਨ। ਜਿਨ੍ਹਾਂ ਵਿੱਚ ਤਰਨਤਾਰਨ ਸਾਹਿਬ, ਸ਼ਹੀਦ ਗੰਜ ਸਾਹਿਬ, ਮਾਤਾ ਭਾਗ ਕੌਰ ਜੀ, ਰਕਾਬਗੰਜ ਸਾਹਿਬ,ਦਾਤਨ ਸਰ ਸਾਹਿਬ, ਗੁਰੂ ਕੇ ਖੂਹ ਦੇ ਦਰਸ਼ ਦੀਦਾਰ ਕਰਦੀਆਂ ਹਨ ਅਤੇ ਇਤਿਹਾਸ ਤੋਂ ਜਾਣੂੰ ਹੁੰਦੀਆਂ ਹਨ। ਇਨ੍ਹਾਂ ਸਾਰੀਆਂ ਥਾਵਾਂ ਨੂੰ ਗੁਰੂ ਜੀ ਦੀ ਚਰਨ ਛੋਹ ਪ੍ਰਾਪਤ ਹੈ।

          ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਵਾਰ ਵੀ ਟੁੱਟੀ ਗੰਢੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਜਿਥੇ ਗੁਰੂ ਸਾਹਿਬ ਜੀ ਨੇ ਇਨ੍ਹਾਂ ਚਾਲੀ ਸਿੰਘਾਂ ਦਾ ਅੰਤਿਮ ਸੰਸਕਾਰ ਆਪਣੇ ਹੱਥੀਂ ਕੀਤਾ ਸੀ,ਓਸੇ ਜਗ੍ਹਾ ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਵਿੱਤਰ ਭੋਗ ਓਹਨਾਂ ਸਿੰਘਾਂ ਦੀ ਯਾਦ ਵਿੱਚ ਪਾਏ ਜਾਣਗੇ, ਉਪਰੰਤ ਭਾਈ ਮਹਾਂ ਸਿੰਘ ਦੀਵਾਨ ਹਾਲ ਵਿੱਚ ਗੁਰੂ ਘਰ ਦੇ ਕੀਰਤਨੀਏ ਸਿੰਘ ਆਈਆਂ ਹੋਈਆਂ ਸੰਗਤਾਂ ਨੂੰ ਕਥਾ ਪ੍ਰਵਾਹ ਰਾਹੀਂ ਗੁਰੂ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਗੇ।ਹਰ ਸਾਲ ਦੀ ਤਰ੍ਹਾਂ ਇਨ੍ਹਾਂ ਦਿਨਾਂ ਵਿੱਚ ਖੰਡੇ ਬਾਟੇ ਦੀ ਪਾਹੁਲ ਵੀ ਛਕਾਈ ਜਾਵੇਗੀ, ਅਤੇ ਗੁਰੂ ਘਰ ਦੇ ਨਾਲ ਸੰਗਤ ਨੂੰ ਜੋੜਨਾ ਇਹੀ ਹੀ ਸੱਚੀ ਭਗਤੀ ਹੈ ਤੇ ਚਾਲੀ ਮੁਕਤਿਆਂ ਨੂੰ ਸੱਚੀ ਸ਼ਰਧਾਂਜਲੀ ਵੀ ਇਹੀ ਹੈ ਕਿ ਆਓ ਪੰਜ ਕਕਾਰਾਂ ਦੇ ਧਾਰਨੀ ਬਣੀਏ।ਅਤੁੱਟ ਲੰਗਰ ਦਾ ਭੰਡਾਰਾ ਅਤੇ ਠੰਡੇ ਮਿੱਠੇ ਜਲ ਦੀ ਛਬੀਲਾਂ ਵੀ ਲੱਗਣਗੀਆਂ। ਜਥੇਦਾਰ ਅਕਾਲਤਖਤ ਸਾਹਿਬ ਅਤੇ ਪੰਥ ਦੀਆਂ ਹੋਰ ਮਹਾਨ ਸ਼ਖ਼ਸੀਅਤਾਂ ਇਸ ਦਿਨ ਟੁੱਟੀ ਗੰਢੀ ਅਤੇ ਸ਼ਹੀਦਗੰਜ ਸਾਹਿਬ ਨਤਮਸਤਕ ਹੋਣਗੀਆਂ, ਅਤੇ ਰਾਗੀ ਢਾਡੀ ਅਤੇ ਮਹਾਨ ਪ੍ਰਚਾਰਕਾਂ ਦੀਆਂ ਵਿਚਾਰਾਂ ਨੂੰ ਖੁਦ ਸੰਗਤਾਂ ਵਿੱਚ ਬੈਠਕੇ ਸਰਵਣ ਕਰਨਗੀਆਂ।

 (ਕਿਸੇ ਵੀ ਗਲਤੀ ਲਈ ਦਾਸ ਦੋਵੇਂ ਹੱਥ ਜੋੜ ਕੇ ਖਿਮਾ ਦਾ ਜਾਚਕ ਹਾਂ ਸਾਧ ਸੰਗਤ ਗਲਤੀ ਬਖਸ਼ਣ ਦੇ ਸਮਰੱਥ ਹੁੰਦੀ ਹੈ ਜੀਓ)

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

ਹਰ ਤੰਦਰੁਸਤ ਵਿਅਕਤੀ ਨੂੰ ਕਰਨਾ ਚਾਹੀਦਾ ਖੂਨਦਾਨ : ਬ੍ਰਮ ਸ਼ੰਕਰ ਜ਼ਿੰਪਾ

ਕੈਬਨਿਟ ਮੰਤਰੀ ਨੇ ਇੱਕ ਤੇਰਾ ਸਹਾਰਾ ਸੰਸਥਾ ਵਲੋਂ ਲਗਾਏ ਗਏ ਖੂਨਦਾਨ ਕੈਂਪ ਦਾ ਕੀਤਾ ਉਦਘਾਟਨ
ਕਿਹਾ, ਖੂਨਦਾਨ ਕਰਕੇ ਮਾਨਵਤਾ ਦੀ ਸੇਵਾ ’ਚ ਪਾਇਆ ਜਾ ਸਕਦੈ ਯੋਗਦਾਨ
ਹੁਸ਼ਿਆਰਪੁਰ, 30 ਅਪ੍ਰੈਲ  (ਰਣਜੀਤ ਸਿੱਧਵਾਂ)  : ਕੈਬਨਿਟ ਮੰਤਰੀ ਪੰਜਾਬ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਹਰ ਤੰਦਰੁਸਤ ਵਿਅਕਤੀ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਕਿਉਂਕਿ ਇਹ ਕਿਸੇ ਦਾ ਜੀਵਨ ਬਚਾਅ ਸਕਦਾ ਹੈ। ਉਹ ਅੱਜ ਇੱਕ ਤੇਰਾ ਸਹਾਰਾ ਸੰਸਥਾ ਵਲੋਂ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਲਗਾਏ ਗਏ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਨੌਜਵਾਨ ਖੂਨਦਾਨ ਕੈਂਪਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ, ਜੋ ਕਿ ਸਹੀ ਅਰਥਾਂ ਵਿੱਚ ਸੱਚੀ ਸਮਾਜ ਸੇਵਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਸਾਡਾ ਜੀਵਨ ਮਾਨਵਤਾ ਦੀ ਸੇਵਾ ਲਈ ਸਮਰਪਿਤ ਹੋਣਾ ਚਾਹੀਦਾ ਹੈ ਅਤੇ ਖੂਨਦਾਨ ਕਰਕੇ ਮਾਨਵਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ ਜਾ ਸਕਦਾ ਹੈ। ਉਨ੍ਹਾਂ ਇਸ ਦੌਰਾਨ ਲੋਕਾਂ ਨੂੰ ਭਵਿੱਖ ਵਿੱਚ ਵੀ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਦੌਰ ਵਿੱਚ ਲੋਕਾਂ ਵਲੋਂ ਕੀਤੇ ਗਏ ਖੂਨਦਾਨ ਨੇ ਕਈ ਅਨਮੋਲ ਜਿੰਦਗੀਆਂ ਨੂੰ ਬਚਾਇਆ ਹੈ। ਇਸ ਦੌਰਾਨ ਉਨ੍ਹਾਂ ਖੂਨਦਾਨ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ। ਉਨ੍ਹਾਂ ਸੰਸਥਾ ਦੇ ਅਹੁਦੇਦਾਰਾਂ ਨੂੰ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਆਯੋਜਨ ਕਰਵਾਉਣ ਲਈ ਪ੍ਰੇਰਿਤ ਕੀਤਾ।  ਇਸ ਮੌਕੇ ਸ੍ਰੀ ਵਰਿੰਦਰ ਸ਼ਰਮਾ ਬਿੰਦੂ, ਸ੍ਰੀ ਸੁਮੇਸ਼ ਸੋਨੀ, ਸ੍ਰੀ ਵਰਿੰਦਰ ਦੱਤ ਵੈਦ, ਸ੍ਰੀ ਪੰਕਜ, ਸ੍ਰੀ ਹਰਮਨ ਜੱਸੀ, ਸ੍ਰੀ ਮੋਹਨ, ਸ੍ਰੀ ਗੌਰਵ ਜੈਨ, ਸ੍ਰੀ ਰਿਸ਼ੀ ਕੁਮਰਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਦੀ ਬੈਠਕ ਹੋਈ  

   ਫਾਜ਼ਿਲਕਾ 30 ਅਪਰੈਲ  (ਰਣਜੀਤ ਸਿੱਧਵਾਂ)  :  ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸੂ ਅਗਰਵਾਲ ਦੀ ਅਗਵਾਈ ਵਿੱਚ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਦੀ ਬੈਠਕ ਹੋਈ ਜਿਸ ਵਿੱਚ  ਜ਼ਿਲ੍ਹੇ ਅੰਦਰ ਖੇਡ ਸਹੁਲਤਾਂ ਦੇ ਵਿਕਾਸ ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫਾਜ਼ਿਲਕਾ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਰਿਪੇਅਰ ਕਾਰਜਾਂ ਲਈ 50 ਹਜਾਰ ਰੁਪਏ ਦਿੱਤੇ ਜਾਣਗੇ ਅਤੇ 25 ਹਜਾਰ ਰੁਪਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੇ ਖੇਡ ਮੈਦਾਨ ਵਿੱਚ ਸੁਧਾਰ ਲਈ ਐਸੋਸੀਏਸ਼ਨ ਖਰਚ ਕਰੇਗੀ।

ਮੁੱਖ ਮੰਤਰੀ ਵੱਲੋਂ ਸਿੱਧੀ ਬਿਜਾਈ ਦੀ ਤਕਨੀਕ ਨਾਲ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਦੇਣ ਦਾ ਐਲਾਨ

ਸਿੱਧੀ ਬਿਜਾਈ ਰਾਹੀਂ 20 ਮਈ ਤੋਂ ਝੋਨੇ ਦੀ ਲੁਆਈ ਸ਼ੁਰੂ ਕਰ ਸਕਣਗੇ ਕਿਸਾਨ
ਕਿਸਾਨਾਂ ਨੂੰ ਰਵਾਇਤੀ ਢੰਗ ਦੀ ਬਜਾਏ ਸਿੱਧੀ ਬਿਜਾਈ ਦੀ ਤਕਨੀਕ ਨਾਲ ਝੋਨਾ ਲਾਉਣ ਦੀ ਅਪੀਲ
ਚੰਡੀਗੜ੍ਹ, 30 ਅਪ੍ਰੈਲ  (ਰਣਜੀਤ ਸਿੱਧਵਾਂ)   :   ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਤੇਜ਼ੀ ਨਾਲ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਅਹਿਮ ਫੈਸਲਾ ਲੈਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੌਜੂਦਾ ਸਾਉਣੀ ਸੀਜ਼ਨ ਦੌਰਾਨ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਕਿਸਾਨ ਸਿੱਧੀ ਬਿਜਾਈ ਦੀ ਤਕਨੀਕ ਨਾਲ ਝੋਨੇ ਦੀ ਲੁਆਈ ਦੀ ਸ਼ੁਰੂਆਤ 20 ਮਈ, 2022 ਤੋਂ ਕਰ ਸਕਦੇ ਹਨ।
ਇਕ ਵੀਡੀਓ ਸੰਦੇਸ਼ ਰਾਹੀਂ ਕਿਸਾਨਾਂ ਨੂੰ ਇਸ ਸੀਜ਼ਨ ਦੌਰਾਨ ਰਵਾਇਤੀ ਢੰਗ ਨਾਲ ਝੋਨਾ ਲਾਉਣ ਦੀ ਬਜਾਏ ਵੱਧ ਤੋਂ ਵੱਧ ਰਕਬਾ ਸਿੱਧੀ ਬਿਜਾਈ ਹੇਠ ਲਿਆਉਣ ਦਾ ਸੱਦਾ ਦਿੰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਹ ਤਕਨੀਕ ਅਪਣਾਉਣ ਵਾਲੇ ਕਿਸਾਨਾਂ ਨੂੰ ਨਾ ਸਿਰਫ 1500 ਰੁਪਏ ਪ੍ਰਤੀ ਏਕੜ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਏਗੀ ਸਗੋਂ ਖੇਤੀਬਾੜੀ ਵਿਭਾਗ ਇਸ ਤਕਨੀਕ ਨੂੰ ਅਪਣਾਉਣ ਵਿੱਚ ਕਿਸਾਨਾਂ ਨੂੰ ਲੋੜੀਂਦਾ ਸਹਿਯੋਗ ਵੀ ਦੇਵੇਗਾ। ਮੌਜੂਦਾ ਸਮੇਂ ਧਰਤੀ ਹੇਠਲੇ ਪਾਣੀ ਦੀ ਚਿੰਤਾਜਨਕ ਸਥਿਤੀ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਢੰਗ ਨਾਲ ਝੋਨੇ ਦੀ ਲੁਆਈ ਕਾਰਨ ਪਾਣੀ ਦੀ ਵੱਧ ਖਪਤ ਹੁੰਦੀ ਹੈ ਜਿਸ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਥੱਲ੍ਹੇ ਜਾ ਚੁੱਕਾ ਹੈ ਅਤੇ ਸਥਿਤੀ ਏਨੀ ਗੰਭੀਰ ਹੋ ਚੁੱਕੀ ਹੈ ਕਿ ਕਈ ਜ਼ਿਲ੍ਹੇ ਤਾਂ ਰੈੱਡ ਜ਼ੋਨ ਵਿਚ ਆ ਚੁੱਕੇ ਹਨ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ, “ਇਸ ਵਾਰ ਨਾ ਸਿਰਫ ਤੁਸੀਂ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਅਪਣਾਓ ਸਗੋਂ ਆਪਣੇ ਰਿਸ਼ਤੇਦਾਰਾਂ ਅਤੇ ਖੇਤੀ ਨਾਲ ਜੁੜੇ ਦੋਸਤਾਂ-ਮਿੱਤਰਾਂ ਨੂੰ ਵੀ ਇਹ ਤਕਨੀਕ ਅਪਣਾਉਣ ਲਈ ਵੱਧ ਤੋਂ ਵੱਧ ਪ੍ਰੇਰਿਤ ਕਰੋ ਤਾਂ ਕਿ ਆਪਾਂ ਸਾਰੇ ਇਕਜੁਟ ਹੋ ਕੇ ਪਾਣੀ ਦੇ ਪੱਧਰ ਨੂੰ ਹੋਰ ਹੇਠਾਂ ਜਾਣ ਤੋਂ ਰੋਕਣ ਲਈ ਰਲ-ਮਿਲ ਕੇ ਹੰਭਲਾ ਮਾਰ ਸਕੀਏ।”
ਖੇਤੀ ਵਿਗਿਆਨੀਆਂ ਵੱਲੋਂ ਈਜਾਦ ਕੀਤੀਆਂ ਨਵੀਂਆਂ ਖੋਜਾਂ ਦਾ ਹਵਾਲਾ ਦਿੰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਜਿੱਥੇ ਵਾਤਾਵਰਣ ਪੱਖੀ ਹੈ, ਉਥੇ ਹੀ ਕਿਸਾਨਾਂ ਲਈ ਆਰਥਿਕ ਤੌਰ `ਤੇ ਵੀ ਲਾਹੇਵੰਦ ਹੈ ਕਿਉਂਕਿ ਇਸ ਬਿਜਾਈ ਨਾਲ ਝੋਨੇ ਦੇ ਝਾੜ ਉਤੇ ਕੋਈ ਅਸਰ ਨਹੀਂ ਪੈਂਦਾ ਸਗੋਂ ਉਸ ਤੋਂ ਬਾਅਦ ਉਸੇ ਖੇਤ ਵਿੱਚ ਬੀਜੀ ਜਾਣ ਵਾਲੀ ਕਣਕ ਜਾਂ ਹੋਰ ਫਸਲ ਦਾ ਝਾੜ ਵੀ ਵੱਧ ਨਿਕਲਦਾ ਹੈ।
ਦੱਸਣਯੋਗ ਹੈ ਕਿ ਮੁੱਖ ਮੰਤਰੀ ਨੇ ਲੰਘੀ 17 ਅਪ੍ਰੈਲ ਨੂੰ 24 ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਸਾਉਣੀ ਸੀਜ਼ਨ ਦੌਰਾਨ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਵੱਡੇ ਪੱਧਰ ’ਤੇ ਅਪਣਾਉਣ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਅਪੀਲ ਵੀ ਕੀਤੀ ਸੀ ਤਾਂ ਕਿ ਸੂਬੇ ਦੇ ਬਹੁਮੁੱਲੇ ਵਸੀਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਿਆ ਜਾ ਸਕੇ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਸੀ ਕਿ ਪਾਣੀ ਅਤੇ ਬਿਜਲੀ ਦੀ ਬੱਚਤ ਕਰਨ ਦੇ ਮੱਦੇਨਜ਼ਰ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਡੀ.ਐਸ.ਆਰ. ਤਕਨੀਕ ਅਪਣਾਉਣ ਪਿੰਡ-ਪਿੰਡ ਜਾ ਕੇ ਪ੍ਰੇਰਿਤ ਕੀਤਾ ਜਾਵੇ।

 

1 ਮਈ ਮਜ਼ਦੂਰ ਦਿਵਸ ‘ਤੇ ਵਿਸ਼ੇਸ਼ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਅੰਤਰਰਾਸ਼ਟਰੀ ਮਜ਼ਦੂਰ ਦਿਵਸ 1 ਮਈ ਨੂੰ ਮਨਾਇਆ ਜਾਂਦਾ ਹੈ।ਇਹ ਮਈ ਦਿਵਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।ਇਹ ਮਜ਼ਦੂਰਾਂ ਲਈ ਬਹੁਤ ਖ਼ਾਸ ਦਿਨ ਹੁੰਦਾ ਹੈ। ਇਸ ਦਿਨ ਸਰਕਾਰੀ ਛੁੱਟੀ ਵੀ ਹੁੰਦੀ ਹੈ।ਭਾਰਤ ਵਿੱਚ ਇੱਕ ਮਈ ਦਾ ਦਿਹਾੜਾ ਸਭ ਤੋਂ ਪਹਿਲਾਂ ਚੇਨੱਈ ਵਿੱਚ 1 ਮਈ 1923 ਨੂੰ ਮਨਾਉਣਾ ਸ਼ੁਰੂ ਕੀਤਾ ਗਿਆ ਸੀ।ਫਿਰ ਇਸ ਨੂੰ ਮਦਰਾਸ ਦਿਵਸ ਵਜੋਂ ਪ੍ਰਵਾਨ ਕਰ ਲਿਆ ਗਿਆ। ਪਹਿਲੀ ਵਾਰ ਲਾਲ ਝੰਡਾ ਵਰਤਿਆ ਗਿਆ ।ਇਸ ਦੀ ਸ਼ੁਰੂਆਤ ਭਾਰਤੀ ਮਜ਼ਦੂਰ ਕਿਸਾਨ ਪਾਰਟੀ ਨੇਤਾ ਕਾਮਰੇਡ ਸਿੰਗਰਾਵੇਲੂ ਚੇਟਿਆਰ ਨੇ ਸ਼ੁਰੂ ਕੀਤੀ ਸੀ।ਭਾਰਤ ਵਿੱਚ ਮਦਰਾਸ ਦੇ ਹਾਈਕੋਰਟ ਸਾਹਮਣੇ ਇੱਕ ਵੱਡਾ ਮੁਜਾਹਰਾ ਕਰ ਕੇ ਇੱਕ ਮਤਾ ਪਾਸ ਕਰ ਕੇ ਇਹ ਸਹਿਮਤੀ ਬਣਾਈ ਗਈ ਕਿ ਇਸ ਦਿਵਸ ਨੂੰ ਭਾਰਤ ਵਿੱਚ ਵੀ ਮਜਦੂਰ ਦਿਵਸ ਵਜੋਂ ਮਨਾਇਆ ਜਾਵੇ ਅਤੇ ਇਸ ਦਿਨ ਛੁੱਟੀ ਦਾ ਐਲਾਨ ਕੀਤਾ ਜਾਵੇ। ਭਾਰਤ ਸਮੇਤ ਲਗਪਗ 80 ਮੁਲਕਾਂ ਵਿੱਚ ਇਹ ਦਿਵਸ ਪਹਿਲੀ ਮਈ ਨੂੰ ਮਨਾਇਆ ਜਾਂਦਾ ਹੈ। ਅੰਤਰਰਾਸ਼ਟਰੀ ਮਜ਼ਦੂਰ ਦਿਵਸ ਨੂੰ ਮਨਾਉਣ ਦੀ ਸ਼ੁਰੂਆਤ 1 ਮਈ 1886 ਤੋਂ ਮੰਨੀ ਜਾਂਦੀ ਹੈ।ਅਮਰੀਕਾ ਵਿੱਚ ਜਦੋਂ ਮਜ਼ਦੂਰ ਯੂਨੀਅਨਾਂ ਨੇ ਕੰਮ ਦਾ ਸਮਾਂ 8 ਘੰਟੇ ਤੋਂ ਵੱਧ ਨਾ ਰੱਖੇ ਜਾਣ ਲਈ ਤੇ
ਹਫਤੇ ਵਿੱਚ ਇੱਕ ਦਿਨ ਦੀ ਛੁੱਟੀ ਦੀ ਮੰਗ ਲਈ ਹੜਤਾਲ ਕੀਤੀ ਸੀ। ਇਸ ਹੜਤਾਲ ਦੌਰਾਨ ਸਿਕਾਗੋ ਦੀ ਹੇਅ ਮਾਰਕੀਟ ਵਿੱਚ ਬੰਬ ਧਮਾਕਾ ਹੋਇਆ ਸੀ।ਇਸਦਾ ਨਤੀਜਾ ਇਹ ਹੋਇਆ ਕਿ ਸਿੱਟੇ ਵਜੋਂ ਪੁਲਿਸ ਨੇ ਮਜਦੂਰਾਂ ਉੱਤੇ ਗੋਲੀ ਚਲਾ ਦਿੱਤੀ ਅਤੇ ਕਈ ਮਜਦੂਰ ਮਾਰ ਦਿੱਤੇ।ਇਸ ਘਟਨਾ ਤੋ ਬਾਅਦ ਅਮਰੀਕਾ ‘ਤੇ ਉਸ ਸਮੇਂ ਕੋਈ ਜਿਆਦਾ ਪ੍ਰਭਾਵ ਨਹੀਂ ਪਿਆ ਸੀ ਪਰ ਥੋੜ੍ਹੇ ਸਮੇਂ ਬਾਅਦ ਅਮਰੀਕਾ ਵਿੱਚ 8 ਘੰਟੇ ਕੰਮ ਕਰਨ ਦਾ ਸਮਾਂ ਨਿਸ਼ਚਿਤ ਕਰ ਦਿੱਤਾ ਗਿਆ ਸੀ।ਕਿਸੇ ਵੀ ਸਮਾਜ, ਦੇਸ਼, ਸੰਸਥਾ ਅਤੇ ਉਦਯੋਗ ਵਿੱਚ ਮਜ਼ਦੂਰਾਂ, ਕਾਮਿਆਂ ਅਤੇ ਮਿਹਨਤਕਸ਼ਾਂ ਦੀ ਮੁੱਖ ਭੂਮਿਕਾ ਹੁੰਦੀ ਹੈ ।ਉਹ ਪੂਰੀ ਮਿਹਨਤ ਨਾਲ ਤਨਦੇਹੀ ਨਾਲ ਕੰਮ ਕਰਦੇ ਹਨ।ਖੂਨ ਪਸੀਨਾ ਇੱਕ ਕਰਕੇ ਰੋਜੀ ਰੋਟੀ ਕਮਾਉਂਦੇ ਹਨ ।ਕਿਸੇ ਵੀ ਉਦਯੋਗ ਵਿੱਚ ਕਾਮਯਾਬੀ ਲਈ ਮਾਲਕ, ਸਰਮਾਇਆ, ਕਾਮੇ ਅਤੇ ਸਰਕਾਰ ਅਹਿਮ ਧਿਰਾਂ ਹੁੰਦੀਆਂ ਹਨ। ਕਾਮਿਆਂ ਤੋਂ ਬਿਨਾਂ ਕੋਈ ਵੀ ਢਾਂਚਾ ਖੜਾ ਨਹੀਂ ਰਹਿ ਸਕਦਾ।ਕਾਮੇ ਤੋ ਬਿਨਾਂ ਕੋਈ ਵੀ ਮਹਿਲ ਨਹੀਂ ਉਸਾਰਿਆ ਜਾ ਸਕਦਾ ਚਾਹੇ ਉਹ ਪੱਥਰ ਦਾ ਹੋਵੇ ਚਾਹੇ ਮਿੱਟੀ ਦਾ ਹੋਵੇ ਚਾਹੇ ਕੱਚ ਦਾ ਚਾਹੇ ਰਬੜ ਦਾ ਹੋਵੇ।ਕਾਮੇ ਦੀ ਸਹਾਇਤਾ ਨਾਲ ਹੀ ਕੋਈ ਢਾਂਚਾ ਬਣ ਸਕਦਾ ਹੈ।ਵਰਤਮਾਨ ਸਮੇਂ ਭਾਰਤ ਅਤੇ ਹੋਰ ਮੁਲਕਾਂ ਵਿੱਚ ਮਜ਼ਦੂਰਾਂ ਦੇ 8 ਘੰਟੇ ਕੰਮ ਕਰਨ ਸੰਬੰਧੀ ਕਾਨੂੰਨ ਬਣਾ ਦਿੱਤੇ ਗਏ ਹਨ ਤੇ ਲਾਗੂ ਵੀ ਕੀਤੇ ਗਏ ਹਨ। 1919 ਵਿੱਚ ਅੰਤਰਰਾਸ਼ਟਰੀ ਮਜਦੂਰ ਸੰਗਠਨ ਹੋਂਦ ਵਿੱਚ ਆ ਗਿਆ ਸੀ ।ਅੰਤਰਰਾਸ਼ਟਰੀ ਮਜਦੂਰ ਸੰਗਠਨ ਦੇ ਵੱਖ ਵੱਖ ਦੇਸ਼ਾਂ ਵਿੱਚ ਦਫਤਰ ਖੋਲੇ ਗਏ ਹਨ। ਅੰਤਰਰਾਸ਼ਟਰੀ ਮਜਦੂਰ ਸੰਗਠਨ ਵਲੋਂ ਮਜ਼ਦੂਰਾਂ ਦੀਆਂ ਸਮੱਸਿਆਵਾਂ ਬਾਰੇ ਸਮੇਂ ਸਮੇਂ ਤੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਅਤੇ ਇਸ ਲਈ ਜਰੂਰੀ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਮੰਨਿਆਂ ਜਾਂਦਾ ਹੈ ਕਿ ਭਾਰਤ ਵਿੱਚ 1991 ਤੋਂ ਬਾਅਦ ਦਾ ਸਮਾਂ ਕਿਰਤ ਸੁਧਾਰਾਂ ਦੇ ਸਮੇਂ ਵਜੋਂ ਜਾਣਿਆ ਗਿਆ ਹੈ। ਪਹਿਲਾ ਮਜ਼ਦੂਰਾਂ ਵਿੱਚ ਆਪਸੀ ਏਕਤਾ ਨਹੀਂ ਸੀ ।ਨਾ ਹੀ ਯੂਨੀਅਨ ਬਣੀਆ ਸਨ।ਕਿਉਕਿ ਉਸ ਸਮੇਂ ਅਮੀਰੀ ਗਰੀਬੀ ਦਾ ਬਹੁਤ ਪਾੜਾ ਸੀ।ਪਹਿਲੇ ਵਿਸ਼ਵ ਯੁੱਧ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਮਜ਼ਦੂਰਾਂ ਵਿੱਚ ਕੁੱਝ ਏਕਤਾ ਦੇਖਣ ਨੂੰ ਮਿਲੀ ।ਮਜ਼ਦੂਰ ਇੱਕ ਝੰਡੇ ਥੱਲੇ ਇਕੱਠੇ ਹੋਏ।ਇਸ ਤੋ ਬਾਅਦ ਕਲਿਆਣਕਾਰੀ ਰਾਜ ਬਣ ਗਿਆ।ਹੌਲੀ ਹੌਲੀ ਪੁਨਰ ਜਾਗ੍ਰਿਤੀ ਆ ਗਈ। ।ਉਦਯੋਗ ਸਾਥਾਪਿਤ ਹੋ ਗਏ ਬਹੁਤ ਸਾਰਾ ਕੰਮ ਮਸ਼ੀਨਾਂ ਰੋਬਟਾ ਰਾਹੀਂ ਹੋਣ ਲੱਗਿਆ। ਜਿਸ ਕਾਰਨ ਕੰਪਿਊਟਰ ਯੁੱਗ ਸ਼ੁਰੂ ਹੋ ਗਿਆ।ਜਿੱਥੇ 50 ਜਾਂ 100 ਮਜ਼ਦੂਰ ਇਕੱਠੇ ਕੰਮ ਕਰਦੇ ਸਨ ਹੁਣ ਉਹ ਥਾਂ ਮਸ਼ੀਨਾਂ ਰੋਬੇਟ ਨੇ ਲਈ ਸਿੱਟੇ ਵਜੋਂ ਮਜ਼ਦੂਰਾਂ ਦਾ ਇੱਕੱਠੇ ਇੱਕਜੁੱਟ ਹੋ ਕੰਮ ਕਰਨ ਦਾ ਸੁਪਨਾ ਬਣ ਕੇ ਰਹਿ ਗਿਆ। ਮਹਾਤਮਾ ਗਾਂਧੀ ਜੀ ਨੇ ਕਿਹਾ ਹੈ ਕਿ ਕਿਸੇ ਦੇਸ਼ ਦੀ ਤਰੱਕੀ ਉਸ ਦੇਸ਼ ਦੇ ਕਾਮਿਆਂ ਅਤੇ ਕਿਸਾਨਾਂ ਉੱਤੇ ਨਿਰਭਰ ਕਰਦੀ ਹੈ। ਗਾਂਧੀ ਜੀ ਅਨੁਸਾਰ ਮਜ਼ਦੂਰਾਂ ਅਤੇ ਕਿਸਾਨਾਂ ਦੀ ਵੱਡੀ ਗਿਣਤੀ ਦਾ ਰਾਜ ਪ੍ਰਬੰਧ ਵਿੱਚ ਬੜਾ ਯੋਗਦਾਨ ਪਾਉਦੀ ਹੈ।ਜੇਕਰ ਸਿੱਖ ਇਤਿਹਾਸ ਵਿੱਚੋਂ ਇੱਕ ਸੱਚੇ ਕਾਮੇ ਦੀ ਉਦਾਹਰਨ ਲਈ ਜਾਵੇ ਇਹ ਭਾਈ ਲਾਲੋ ਜੀ ਸਨ ਜੋ ਕਿ ਸੱਚੀ ਮਿਹਨਤ ਕਰਨ ਵਾਲੇ ਗੁਰੂ ਜੀ ਦੇ ਸਿੱਖ ਸਨ।ਜੋ ਕਿ ਸੱਚੀ ਮਿਹਨਤ ਕਰਨ ਵਾਲਾ ਤਰਖਾਨ ਸੀ। ਗੁਰੂ ਨਾਨਕ ਦੇਵ ਜੀ ਵੱਲੋਂ ਸਿੱਖੀ ਨੂੰ ਬਖ਼ਸ਼ਿਸ਼ ਤਿੰਨ ਮੂਲ ਸਿਧਾਂਤਾਂ ‘ਕਿਰਤ ਕਰੋ, ਵੰਡ ਛਕੋ, ਨਾਮ ਜਪੋ’ ਦਿੱਤੇ ਗਏ ਹਨ।ਜਿੰਨਾ ਵਿਚੋਂ ਗੁਰੂ ਜੀ ਨੂੰ ਧਰਮੀ, ਮਿਹਨਤੀ ਤੇ ਇਮਾਨਦਾਰੀ ਦੀ ਕਿਰਤ ਦਾ ਮੁਜੱਸਮਾ ਭਾਈ ਲਾਲੋ ਹੀ ਨਜ਼ਰ ਆਉਂਦੇ ਹਨ।ਦੋਸਤੋ ਮਜ਼ਦੂਰ ਦਿਵਸ ਸਾਲ ਵਿੱਚ ਇੱਕ ਵਾਰ ਮਨਾਉਣ ਨਾਲ ਕੁੱਝ ਨਹੀਂ ਹੁੰਦਾ ਕਿਉਕਿ ਮਜ਼ਦੂਰ ਤਾ ਦਿਨ ਰਾਤ ਕਮਾਈ ਕਰਦੇ ਹਨ ਜਿੰਨਾ ਆਸਰੇ ਹੀ ਦੁਨੀਆ ਚਲਦੀ ਹੈ।ਇੱਕ ਮਿਹਨਤੀ ਕਾਮੇ ਲਈ ਸਾਲ ਦੇ ਸਾਰੇ ਦਿਨ ਹੀ ਮਜ਼ਦੂਰ ਦਿਵਸ ਵਜੋਂ ਹੋਣੇ ਚਾਹੀਦੇ ਹਨ।ਅੱਜ ਕੱਲ ਕਿਸਾਨਾਂ ਦੀ ਜ਼ਮੀਨਾਂ ਵੀ ਘੱਟ ਰਹੀਆ ਹਨ।ਮਹਿੰਗਾਈ ਬਹੁਤ ਵੱਧ ਗਈ ਹੈ।ਬੇਰੁਜ਼ਗਾਰਾਂ ਕਾਰਨ ਨੌਜਵਾਨ ਦਿਨ ਰਾਤ ਟੈਨਸਨ ਵਿੱਚ ਹਨ।ਮਜ਼ਦੂਰਾਂ ਦੀ ਹਾਲਤ ਦਿਨੋ ਦਿਨ ਵਿਗੜਦੀ ਜਾ ਰਹੀ ਹੈ ਬੇਸ਼ੱਕ ਅੱਜ ਮਜ਼ਦੂਰ ਦਿਵਸ ‘ਤੇ ਮਜ਼ਦੂਰਾਂ ਦੇ ਸੁਧਾਰ ਕੀਤੇ ਜਾ ਰਹੇ ਹਨ ਪਰ ਇਹ ਉਹਨਾਂ ਸਮਾਂ ਸਫਲ ਨਹੀਂ ਹੋ ਸਕਦੇ ਜਿੰਨਾਂ ਸਮਾਂ ਇਹਨਾਂ ਨੂੰ ਅਸਲ (ਅਮਲੀ ਰੂਪ )ਵਿੱਚ ਲਾਗੂ ਨਹੀਂ ਕੀਤਾ ਜਾਂਦਾ ।ਸਾਡਾ ਮਜ਼ਦੂਰ ਦਿਵਸ ਮਨਾਉਣਾ ਉਦੋਂ ਸਾਰਥਕ ਹੋਵੇਗਾ ਜਦੋਂ ਤੱਕ ਮਜਦੂਰਾ ਦੀ ਲੁੱਟ-ਖਸੁੱਟ ਉਹਨਾ ‘ਤੇ ਹੋਰ ਰਹੇ ਜਬਰ ਜ਼ੁਲਮ ਬੰਦ ਨਹੀਂ ਹੋਣਗੇ।ਜਿੰਨਾ ਟਾਇਮ ਮਜ਼ਦੂਰਾਂ ਦੀ ਹਾਲਤ ਵਿੱਚ ਸੁਧਾਰ ਨਹੀਂ ਹੋਵੇਗਾ ਉਹਨਾਂ ਸਮਾਂ ਇਹ ਇੱਕ ਦਿਨ ਮਜ਼ਦੂਰ ਦਿਵਸ ‘ਤੇ ਬਣਾਈਆ ਰਣਨੀਤੀਆਂ ਕਾਮਯਾਬ ਨਹੀਂ ਹੋ ਸਕਣਗੀਆਂ।ਸਾਨੂੰ ਸਾਰਿਆਂ ਨੂੰ ਰਲ ਕੇ ਮਜ਼ਦੂਰਾਂ ਦੀ ਸਥਿਤੀ ਨੂੰ ਸੁਧਾਰਨ ਲਈ ਗੰਭੀਰ ਰੂਪ ਵਿੱਚ ਸੋਚਣਾ ਚਾਹੀਦਾ ਹੈ।

ਅਰਸ਼ਦੀਪ ਕੌਰ ਨੇ ਜਿੱਤਿਆ ਦੋ ਲੱਖ ਰੁਪਏ ਦਾ ਇਨਾਮ  

ਹਠੂਰ,30,ਅਪ੍ਰੈਲ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮੀਰੀ ਪੀਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਸਮੇਂ-ਸਮੇਂ ਤੇ ਹੋ ਰਹੀਆ ਸੂਬਾ ਅਤੇ ਨੈਸਨਲ ਪੱਧਰ ਦੀਆ ਗਤੀਵਿਧੀਆ ਵਿਚ ਵੱਧ ਚੜ੍ਹ ਕੇ ਭਾਗ ਲੈਦੀ ਆ ਰਹੀ ਹੈ।ਇਸ ਸਬੰਧੀ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਪ੍ਰਿੰਸੀਪਲ ਪਰਮਜੀਤ ਕੌਰ ਮੱਲ੍ਹਾ ਨੇ ਦੱਸਿਆ ਕਿ ਕੁਝ ਦਿਨ ਪਹਿਲਾ ਰਾਸਟਰੀ ਪੱਧਰ ਤੇ ਹੋਏ ਅਕਾਸ ਨੈਸਨਲ ਟੈਸਟ ਵਿਚੋ ਅਰਸਦੀਪ ਕੌਰ ਪੁੱਤਰੀ ਨਿਰਭੈ ਸਿੰਘ ਵਾਸੀ ਤੱਖਤੂਪੁਰਾ ਕਲਾਸ ਨੌਵੀ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਦੋ ਲੱਖ ਰੁਪਏ ਦਾ ਇਨਾਮ ਪ੍ਰਾਪਤ ਕੀਤਾ ਹੈ।ਉਨ੍ਹਾ ਦੱਸਿਆ ਕਿ ਇਸ ਤੋ ਪਹਿਲਾ ਵੀ ਅਰਸਦੀਪ ਕੌਰ ਸਮੇਂ-ਸਮੇਂ ਦੀਆ ਗਤੀਵਿਧੀਆ ਵਿਚੋ ਨਗਦ ਇਨਾਮ ਪ੍ਰਾਪਤ ਕਰ ਚੁੱਕੀ ਹੈ।ਇਸ ਜਿੱਤ ਦੀ ਖੁਸੀ ਵਿਚ ਅੱਜ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਯੂ ਐਸ ਏ ਅਤੇ ਚੇਅਰਪਰਸਨ ਬੀਬੀ ਸੁਖਦੀਪ ਕੌਰ ਯੂ ਐਸ ਨੇ ਅਰਸਦੀਪ ਕੌਰ ਨੂੰ ਵਿਸ਼ੇਸ ਤੌਰ ਤੇ ਵਧਾਈ ਦਿੱਤੀ।ਇਸ ਮੌਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਕਸਮੀਰ ਸਿੰਘ,ਡਾ:ਚਮਕੌਰ ਸਿੰਘ ਅਤੇ ਸਕੂਲ ਦੇ ਸਟਾਫ ਵੱਲੋ ਅਰਸਦੀਪ ਕੌਰ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਭਾਈ ਨਿਰਮਲ ਸਿੰਘ ਖਾਲਸਾ ਮੀਨੀਆ,ਕੁਲਵਿੰਦਰ ਸਿੰਘ ਰਾਊਕੇ,ਹਰਪਾਲ ਸਿੰਘ ਮੱਲ੍ਹਾ,ਧਾਰਮਿਕ ਅਧਿਆਪਕ ਇੰਦਰਜੀਤ ਸਿੰਘ ਰਾਮਾ,ਗੁਰਪ੍ਰੀਤ ਸਿੰਘ,ਗੁਰਚਰਨ ਸਿੰਘ ਬੁੱਟਰ,ਕੁਲਵੰਤ ਸਿੰਘ ਬੁੱਟਰ ਅਤੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।
 

ਚੋਰਾ ਨੇ ਧਾਰਮਿਕ ਸਥਾਨਾ ਨੂੰ ਨਿਸਾਨਾ ਬਣਾਇਆ

ਹਠੂਰ,30,ਅਪ੍ਰੈਲ-(ਕੌਸ਼ਲ ਮੱਲ੍ਹਾ)-ਇਥੋ ਨਜਦੀਕੀ ਪਿੰਡ ਮਾਣੂੰਕੇ ਦੇ ਦੋ ਧਾਰਮਿਕ ਸਥਾਨਾ ਨੂੰ ਚੋਰਾ ਵੱਲੋ ਨਿਸਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਪੇਂਡੂ ਮਜਦੂਰ ਯੁਨੀਅਨ ਦੇ ਜਿਲ੍ਹਾ ਸਕੱਤਰ ਕਾਮਰੇਡ ਸੁਖਦੇਵ ਸਿੰਘ ਮਾਣੂੰਕੇ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਮਾਣੂੰਕੇ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਦੀ ਚੋਰਾ ਵੱਲੋ ਗੋਲਕ ਦਾ ਤਾਲਾ ਤੋੜਨ ਦੀ ਕੋਸਿਸ ਕੀਤੀ ਗਈ ਪਰ ਗੋਲਕ ਦੇ ਅੰਦਰਲੇ ਤਾਲੇ ਮਜਬੂਤ ਹੋਣ ਕਰਕੇ ਚੋਰ ਪੈਸੇ ਕੱਢਣ ਵਿਚ ਨਾ ਕਾਮਜਾਬ ਰਹੇ।ਉਨ੍ਹਾ ਦੱਸਿਆ ਕਿ ਇਸੇ ਤਰ੍ਹਾ ਯਾਦਗਾਰ ਬਾਬਾ ਦੀਦਾਰ ਸਿੰਘ ਸੰਧੂ ਪਿੰਡ ਮਾਣੂੰਕੇ ਦੇ ਸਥਾਨ ਤੇ ਚੋਰਾ ਨੇ ਤਾਲੇ ਤੋੜ ਕੇ ਇਨਵੈਟਰ ਅਤੇ ਬੈਟਰਾ ਚੋਰੀ ਕਰ ਲਿਆ।ਜਿਸ ਦੀ ਕੀਮਤ ਲਗਭਗ ਵੀਹ ਹਜ਼ਾਰ ਰੁਪਏ ਬਣਦੀ ਹੈ।ਉਨ੍ਹਾ ਦੱਸਿਆ ਕਿ ਚੋਰੀ ਸਬੰਧੀ ਥਾਣਾ ਹਠੂਰ ਨੂੰ ਸੂਚਿਤ ਕਰ ਦਿੱਤਾ ਹੈ।ਉਨ੍ਹਾ ਕਿਹਾ ਕਿ ਇਹ ਚੋਰ ਚਿੱਟਾ ਪੀਣ ਦੇ ਆਦੀ ਹਨ ਅਤੇ ਚਿੱਟੇ ਦੀ ਪੂਰਤੀ ਲਈ ਚੋਰੀਆ ਲੁੱਟਾ-ਖੋਹਾ ਕਰਦੇ ਹਨ।ਉਨ੍ਹਾ ਕਿਹਾ ਕਿ ਪੰਜਾਬ ਦੀ ‘ਆਪ’ਸਰਕਾਰ ਭਾਵੇ ਚਿੱਟਾ ਬੰਦ ਕਰਨ ਦੇ ਝੂਠੇ ਵਾਅਦੇ ਕਰਦੀ ਆ ਰਹੀ ਹੈ ਪਰ ਅੱਜ ਵੀ ਪੰਜਾਬ ਵਿਚ ਚਿੱਟਾ ਸਰੇਆਮ ਵਿਕ ਰਿਹਾ ਹੈ।ਇਸ ਮੌਕੇ ਉਨ੍ਹਾ ਨਾਲ ਮੁੱਖ ਸੇਵਾਦਾਰ ਸੁਰਜੀਤ ਸਿੰਘ,ਅਮਰੀਕ ਸਿੰਘ ਆਦਿ ਹਾਜ਼ਰ ਸਨ।ਇਸ ਸਬੰਧੀ ਜਦੋ ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਪਿੰਡ ਮਾਣੂੰਕੇ ਵਿਚ ਲੱਗੇ ਸੀ ਸੀ ਟੀ ਵੀ ਕੈਮਰਿਆ ਦੀ ਫੁੱਟੇਜ ਚੈਕ ਕੀਤੀ ਜਾ ਰਹੀ ਹੈ ਜੋ ਵੀ ਦੋਸੀ ਪਾਇਆ ਗਿਆ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪੰਜਾਬੀ ਫ਼ਿਲਮ ‘ਨੀਂ ਮੈਂ ਸੱਸ ਕੁੱਟਣੀ’ ਨਾਲ ਬਤੌਰ ਹੀਰੋ  ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਿਹਾ ਮਹਿਤਾਬ ਵਿਰਕ

ਪੰਜਾਬੀ ਗਾਇਕ ਮਹਿਤਾਬ ਵਿਰਕ ਹੁਣ 29 ਅਪ੍ਰੈਲ ਨੂੰ ਵਿਸ਼ਵਪੱਧਰੀ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਨੀਂ ਮੈਂ ਸੱਸ ਕੁੱਟਣੀ’‘ਚ ਹੀਰੋ ਬਣਕੇ ਆ ਰਿਹਾ ਹੈ। ਉਸਦੀ ਇਹ ਫ਼ਿਲਮ ਪੰਜਾਬੀ ਸਿਨਮੇ ਨੂੰ ਇੱਕ ਨਵਾਂ ਮੋੜ ਦੇਵੇਗੀ।ਬਨਵੈਤ ਫ਼ਿਲਮਜ਼ ਅਤੇ ਸਚਿਨ-ਅੰਕੁਸ਼ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੀ ਕਹਾਣੀ ਮੁਹੱਬਤ ਤੋਂ ਪਿਆਰ-ਵਿਆਹ ਚ ਬੱਝੀ ਰੁਮਾਂਟਿਕ ਲਾਇਫ਼ ਅਤੇ ਨੂੰਹ ਸੱਸ ਦੀ ਨੋਕ-ਝੋਕ ਅਧਾਰਤ ਦਿਲਚਸਪ ਕਮਿਸਟਰੀ ਹੈ। ਪੰਜਾਬੀ ਗਾਇਕ ਮਹਿਤਾਬ ਵਿਰਕ ਬਤੌਰ ਹੀਰੋ ਇਸ ਫ਼ਿਲਮ ਜ਼ਰੀਏ ਪਹਿਲੀ ਵਾਰ ਪਰਦੇ ‘ਤੇ ਨਜ਼ਰ ਆਵੇਗਾ ਅਤੇ ਨਾਲ ਹੀ ਨਾਮਵਰ ਮਾਡਲ ਤਨਵੀ ਨਾਗੀ ਵੀ ਪਹਿਲੀ ਵਾਰ ਵੱਡੇ ਪਰਦੇ ‘ਤੇ ਬਤੌਰ ਹੀਰੋਇਨ ਨਜ਼ਰ ਆਵੇਗੀ। ਇਨਾਂ ਤੋਂ ਇਲਾਵਾ ਇਸ ਫ਼ਿਲਮ ਵਿੱਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਅਨੀਤਾ ਦੇਵਗਣ, ਨਿਰਮਲ ਰਿਸ਼ੀ, ਸੀਮਾ ਕੌਸ਼ਲ, ਨਿਸ਼ਾ ਬਾਨੋ, ਅਕਿਸ਼ਤਾ ਸ਼ਰਮਾ,ਤਰਸੇਮ ਪੌਲ,ਦਿਲਾਵਰ ਸਿੱਧੂ, ਮਨਜੀਤ ਕੌਰ ਔਲਖ, ਸੰਨੀ ਗਿੱਲ, ਰਵਿੰਦਰ ਮੰਡ, ਡੌਲੀ ਸਿੰਘ ਅਤੇ ਸਤਿੰਦਰ ਕੌਰ ਸਮੇਤ ਕੁਝ ਨਵੇਂ ਚਿਹਰਿਆਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ ਤੇ ਪ੍ਰਵੀਨ ਕੁਮਾਰ ਨੇ ਇਸ ਨੂੰ ਡਾਇਰੈਕਟ ਕੀਤਾ ਹੈ। ਫ਼ਿਲਮ ਦੇ ਨਿਰਮਾਤਾ ਮੋਹਿਤ ਬਨਵੈਤ, ਆਕੁੰਸ਼ ਗੁਪਤਾ ਅਤੇ ਸਚਿਨ ਗੁਪਤਾ ਹਨ। ਇਸ ਫ਼ਿਲਮ ਬਾਰੇ ਗੱਲਬਾਤ ਕਰਦਿਆਂ ਮਹਿਤਾਬ ਵਿਰਕ ਨੇ ਦੱਸਿਆ ਕਿ ਇਹ ਫ਼ਿਲਮ ਸਾਡੇ ਪਰਿਵਾਰਕ ਰਿਸ਼ਤਿਆਂ ਦੀ ਤਰਜ਼ਮਾਨੀ ਕਰਦੀ ਕਾਮੇਡੀ ਭਰਪੂਰ ਡਰਾਮਾ ਫ਼ਿਲਮ ਹੈ ਜੋ ਮਨੋਰੰਜਨ ਦੇ ਨਾਲ ਨਾਲ ਵੱਡੀ ਨਸੀਹਤ ਵੀ ਦੇਵੇਗੀ ਕਿ ਧੀਆਂ  ਦੇ ਮਾਪਿਆਂ ਨੂੰ ਕਦੇ ਵੀ ਧੀ ਦੇ ਸਹੁਰੇ ਪਰਿਵਾਰ ਦੀ ਜ਼ਿੰਦਗੀ ਵਿੱਚ ਦਖ਼ਲ ਨਹੀਂ ਦੇਣਾ ਚਾਹੀਦਾ ਅਤੇ ਨੂੰਹ ਸੱਸ ਦੇ ਰਿਸ਼ਤੇ ਨੂੰ ਹੋਰ ਵੀ ਮਜ਼ਬੂਤ ਕਰਦੀ ਹੋਈ ਉਨਾਂ ਦੇ ਆਪਸੀ ਪਿਆਰ ਤੇ ਸਤਿਕਾਰ ‘ਚ ਵਾਧਾ ਕਰੇਗੀ। ਫ਼ਿਲਮ  ਵਿੱਚ ਹਾਲਾਤ ਮੁਤਾਬਕ ਬਦਲਦੇ ਜਾ ਰਹੇ ਰਿਸ਼ਤਿਆਂ ਦੀ ਵੀ ਗੱਲ ਕੀਤੀ ਗਈ ਹੈ।
ਪੰਜਾਬ ਦੇ ਨਾਲ ਲਗਦੇ ਹਰਿਆਣਾ ਸੂਬੇ  ਦੇ ਜਿਲਾ੍ਹ ਕਰਨਾਲ ‘ਚ ਪੇਂਦੇ ਪਿੰਡ ਰੁਗਸਾਣਾ ਦੇ ਜੰਮਪਲ ਮਹਿਤਾਬ ਵਿਰਕ ਦਾ ਜਨਮ 10 ਮਈ  1992 ਨੂੰ ਪਿਤਾ ਸਵ. ਹਰਦੀਪ ਸਿੰਘ ਵਿਰਕ ਅਤੇ ਮਾਤਾ  ਕੁਲਦੀਪ ਕੌਰ ਦੇ ਗ੍ਰਹਿ ਵਿਖੇ ਹੋਇਆ। ਮਹਿਤਾਬ ਨੇ ਆਪਣੇ ਇਸ ਗਾਇਕੀ ਦੇ ਸ਼ੌਕ ਦੇ ਚਲਦਿਆਂ ਬਚਪਨ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ ।ਮਹਿਤਾਬ ਦੇ ਪਿਤਾ ਜੀ  ਆਪ ਵੀ ਮਹਿਤਾਬ ਦੇ ਗੀਤਾਂ ਨੂੰ ਬਹੁਤ ਪਸੰਦ ਕਰਦੇ ਸਨ ਤੇ ਉਹ ਅਕਸਰ ਆਪਣੇ ਦੋਸਤਾਂ ਨਾਲ  ਮਹਿਫਲਾਂ ‘ਚ ਮਹਿਤਾਬ ਦੇ ਗੀਤ ਸੁਣਦੇ ਸਨ। ਉਨਾਂ੍ਹ ਦੀ ਇਹ ਦਿਲੀ ਤਮੰਨਾ ਸੀ ਮਹਿਤਾਬ ਭਵਿੱਖ ਵਿਚ ਗਾਇਕੀ ਦੇ ਖੇਤਰ ਵਿਚ ਕੁਝ ਬਣ ਕੇ ਦਿਖਾਵੇ। ਆਪਣੇ ਪਿਤਾ ਜੀ ਦੀ ਇਸ ਦਿਲੀ ਇੱਛਾ ਨੂੰ ਪੂਰਾ ਕਰਦੇ ਹੋਏ ਮਹਿਤਾਬ ਆਪਣੀ ਸਖਤ ਮਿਹਨਤ ਤੇ ਪੂਰੀ ਲਗਨ ਸਦਕਾ ਪੰਜਾਬੀ ਗਾਇਕੀ ਨੂੰ ਸਮਰਪਿਤ ਹੁੰਦੇ ਹੋਏ ਅੱਜ ਸਫਲਤਾ  ਦੀਆ ਲੀਹਾਂ ਤੇ ਚਲਦਾ ਨਜ਼ਰ ਆ ਰਿਹਾ ਹੈ।ਪਾਲੀਵੁੱਡ ਖੇਤਰ ਵਿਚ ਮਿਲ ਰਹੀ ਇਸ ਸਫਲਤਾ ਲਈ ਮਹਿਤਾਬ ਵਿਰਕ ਆਪਣੇ ਸਮੂਹ ਪਰਿਵਾਰ, ਪਿੰਡ ਵਾਸੀਆਂ ਅਤੇ ਦੋਸਤਾਂ ਮਿੱਤਰਾਂ ਦਾ ਵੱਡਾ ਸਹਿਯੋਗ ਮੰਨਦਾ ਹੈ ਜਿਨਾਂ੍ਹ ਵਲੋਂ ਉਸ ਨੂੰ ਹਮੇਸਾਂ ਅੱਗੇ ਵੱਧਣ ਲਈ ਹੌਸਲਾ ਤੇ  ਭਰਪੂਰ ਸਾਥ ਮਿਲਦਾ ਆ ਰਿਹਾ ਹੈ। ਮਹਿਤਾਬ ਨੂੰ ਆਪਣੀ ਇਸ ਫ਼ਿਲਮ ਤੋਂ ਬਹੁਤ ਉਮੀਦਾਂ ਹਨ। ਆਸ ਹੈ ਕਿ ਦਰਸ਼ਕ ਉਸਨੂੰ ਪੰਜਾਬੀ ਪਰਦੇ ਤੇ ਜਰੂਰ ਪਸੰਦ ਕਰਨਗੇ।
ਹਰਜਿੰਦਰ ਸਿੰਘ ਜਵੰਦਾ 9463828000

ਪਤੀ-ਪਤਨੀ ਦੀ ਤਕਰਾਰ ਭਰੀ ਦਿਲਚਸਪ ਫ਼ਿਲਮ ‘ਸੌਂਕਣ-ਸੌਂਕਣੇ’

ਲੇਖਕ ਅੰਬਰਦੀਪ ਸਿੰਘ ਨੇ ਆਪਣੀਆਂ ਫ਼ਿਲਮਾਂ ਰਾਹੀਂ ਦਰਸ਼ਕਾਂ ਨੂੰ ਪੁਰਾਤਨ ਵਿਰਸੇ ਨਾਲ ਜੋੜਿਆ ਹੈ। ਹੁਣ 13 ਮਈ ਨੂੰ ਆ ਰਹੀ ਨਵੀਂ ਫਿਲਮ ਸੌਂਕਣ-ਸੌਂਕਣੇ ਵੀ ਅੰਬਰਦੀਪ ਨੇ ਲਿਖੀ ਹੈ ਜਿਸ ਵਿੱਚ ਐਮੀ ਵਿਰਕ  ਦੋ ਪਤਨੀਆਂ ਸਰਗੁਣ ਮਹਿਤਾ ਤੇ ਨਿਰਮਤ ਖਹਿਰਾ ਦਾ ਪਤੀ ਬਣਿਆ ਹੈ। ਕੁਝ ਦਿਨ ਪਹਿਲਾਂ ਰਿਲੀਜ਼ ਹੋਏ ਇਸ ਫ਼ਿਲਮ ਦੇ ਟਰੇਲਰ  ਨੂੰ ਦਰਸ਼ਕਾਂ ਖੂਬ ਪਸੰਦ ਕੀਤਾ ਹੈ। ਜਿਸ ਤੋਂ ਆਸ ਹੈ ਕਿ ਇਹ ਫ਼ਿਲਮ ਪੰਜਾਬੀ ਪਰਦੇ ’ਤੇ ਚੰਗਾ ਪਿਆਰ ਹਾਸਲ ਕਰੇਗੀ।
ਨਾਦ ਐਸ.ਸਟੂਡੀਓਜ਼, ਡ੍ਰਿਮੀਆਤਾ ਪ੍ਰਾਈਵੇਟ ਲਿਮਿਟਡ, ਜੇ.ਆਰ ਪ੍ਰੋਡਕਸ਼ਨ ਹਾਊਸ  ਦੇ ਬੈਨਰ ਦੀ ਇਸ ਫ਼ਿਲਮ ਵਿੱਚ ਗਾਇਕ ਐਮੀ ਵਿਰਕ, ਸਰਗੁਨ ਮਹਿਤਾ, ਨਿਮਰਤ ਖਹਿਰਾ,ਨਿਰਮਲ ਰਿਸ਼ੀ,ਕਾਕਾ ਕੋਤਕੀ, ਸੁਖਵਿੰਦਰ ਚਹਿਲ, ਮੋਹਨੀ ਤੂਰ ਤੇ ਰਵਿੰਦਰ ਮੰਡ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ ਅਤੇ ਨਿਰਦੇਸ਼ਨ ਅਮਰਜੀਤ ਸਿੰਘ ਸਾਰੋਂ ਨੇ ਦਿੱਤਾ ਹੈ।  ਆਮ ਪੰਜਾਬੀ ਫ਼ਿਲਮਾਂ ਨਾਲੋਂ ਵੱਖਰੀ ਇਹ ਫ਼ਿਲਮ ਹਾਸੇ ਤੇ ਜਜ਼ਬਾਤਾਂ ਨਾਲ ਭਰਭੂਰ ਅਤੇ ਪਤੀ-ਪਤਨੀ ਦੇ ਖੂਬਸੂਰਤ ਰਿਸ਼ਤੇ ਨਾਲ ਜੁੜੀ ਹੋਈ ਹੈ। ਪਤੀ ਪਤਨੀ ਦਾ ਰਿਸਤਾ ਜਿੱਥੇ ਪਿਆਰ ਤੇ ਮੁਹੱਬਤ ਭਰਿਆ ਹੈ ਉੱਥੇ ਇੱਕ ਦੂਜੇ ਨਾਲੋਂ ਵਧ ਹੱਕ ਜਿਤਾੳਣ ਵਾਲਾ ਵੀ ਹੈ। ਜੇਕਰ ਇਹ ਹੱਕ ਦੋ ਪਤਨੀਆਂ ਵਲੋਂ ਹੋਵੇ ਤਾਂ ਕਹਾਣੀ ਹੋਰ ਵੀ ਗੁੰਝਲਦਾਰ ਤੇ ਜੱਗ ਹਸਾਉਣ ਵਾਲੀ ਸਥਿਤੀ ਪੈਦਾ ਕਰ ਦਿੰਦੀ ਹੈ। ਇਹ ਫਿਲਮ ਪਰਿਵਾਰਕ ਵੰਸ ਨੂੰ ਅੱਗੇ ਚਲਾਉਣ ਲਈ ਸੰਤਾਨ ਪ੍ਰਾਪਤੀ ਦੀ ਇੱਛਾ ਤਹਿਤ ਦੋ ਪਤਨੀਆਂ ਦੇ ਮੱਕੜਜਾਲ ਵਿੱਚ ਫ਼ਸੇ ਪਤੀ ਦੀ ਸਥਿਤੀ ਬਿਆਨਦੀ ਪਰਿਵਾਰਕ ਕਹਾਣੀ ਅਧਾਰਤ ਹੈ। ਜਿੱਥੇ ਇਹ ਦਰਸ਼ਕਾਂ ਦਾ ਮਨੋਰੰਜਨ ਕਰੇਗੀ ਉੱਥੇ ਅੱਜ ਦੀ ਨਵੀਂ ਪੀੜ੍ਹੀ ਨੂੰ ਪੁਰਾਣੇ ਕਲਚਰ ਨਾਲ ਵੀ ਜੋੜੇਗੀ। ਫ਼ਿਲਮ ਦਾ ਗੀਤ ਸੰਗੀਤ ਵੀ ਢੁੱਕਵਾਂ ਹੈ। ਸੰਗੀਤ ਦੇਸੀ ਕਰੀਓ ਵਲੋਂ ਦਿੱਤਾ ਗਿਆ ਹੈ। ਗੀਤ ਬੰਟੀ ਬੈਂਸ, ਰਾਜ ਰਣਜੋਧ, ਰੌਣੀ ਅੰਜਲੀ ਅਤੇ ਅਰਜਣ ਵਿਰਕ ਨੇ ਲਿਖੇ ਹਨ ਜਿੰਨ੍ਹਾਂ ਨੂੰ ਐਮੀ ਵਿਰਕ, ਨਿਮਰਤ ਖਹਿਰਾ, ਰਾਜ ਰਣਜੋਧ, ਮਿਸ ਪੂਜਾ ਤੇ ਗੁਰਲੇਜ਼ ਅਖ਼ਤਰ ਨੇ ਪਲੇਅ ਬੈਕ ਗਾਇਆ ਹੈ।  13 ਮਈ ਨੂੰ ਰਿਲੀਜ਼ ਹੋ  ਰਹੀ ਇਸ ਫ਼ਿਲਮ ਦੀ ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕ ਕੀਤੀ  ਜਾ ਰਹੀ ਹੈ।            
ਹਰਜਿੰਦਰ ਸਿੰਘ ਜਵੰਦਾ 9463828000

 

ਮੁਗਲ ਸਾਮਰਾਜ ਦਾ ਬਾਨੀ - ਬਾਬਰ ✍️ ਪੂਜਾ

ਜ਼ਹੀਰੂਦੀਨ ਮੁਹੰਮਦ ਉਰਫ਼ ਬਾਬਰ ਮੁਗਲ ਸਾਮਰਾਜ ਦਾ ਸੰਸਥਾਪਕ ਅਤੇ ਪਹਿਲਾ ਸ਼ਾਸਕ ਸੀ।ਬਾਬਰ ਦਾ ਜਨਮ 14 ਫਰਵਰੀ, 1483 ਨੂੰ ਫਰਗਾਨਾ ਘਾਟੀ ਦੇ ਅੰਦੀਜਾਨ ਸ਼ਹਿਰ ਵਿੱਚ ਹੋਇਆ ਸੀ, ਜੋ ਹੁਣ ਉਜ਼ਬੇਕਿਸਤਾਨ ਵਿੱਚ ਹੈ। ਉਸਦੇ ਪਿਤਾ ਦਾ ਨਾਮ ਉਮਰ ਸ਼ੇਖ ਮਿਰਜ਼ਾ ਅਤੇ ਮਾਤਾ ਦਾ ਨਾਮ ਕੁਤਲੁਗ ਨਿਗਾਰ ਖਾਨੁਮ ਸੀ।ਉਹ ਤੈਮੂਰ ਅਤੇ ਚੰਗੀਜ਼ ਖਾਨ ਦੇ ਵੰਸ਼ ਵਿੱਚੋਂ ਸਨ।1504 ਈਸਵੀ ਵਿੱਚ ਕਾਬਲ ਦੀ ਜਿੱਤ ਤੋਂ ਬਾਅਦ ਬਾਬਰ ਨੇ ਆਪਣੇ ਪੁਰਖਿਆਂ ਦੁਆਰਾ ਰੱਖੀ 'ਮਿਰਜ਼ਾ' ਦੀ ਉਪਾਧੀ ਨੂੰ ਤਿਆਗ ਦਿੱਤਾ ਅਤੇ ਇੱਕ ਨਵਾਂ ਨਾਮ ਪ੍ਰਾਪਤ ਕੀਤਾ। ਸਿਰਲੇਖ। 'ਪਾਦਸ਼ਾਹ' ਪਹਿਨਣਾ। 1519 ਤੋਂ 1526 ਤੱਕ ਇਸ ਨੇ ਭਾਰਤ 'ਤੇ 5 ਵਾਰ ਹਮਲਾ ਕੀਤਾ। 1526 ਵਿੱਚ, ਉਸਨੇ ਪਾਣੀਪਤ ਦੇ ਮੈਦਾਨ ਵਿੱਚ ਦਿੱਲੀ ਸਲਤਨਤ ਦੇ ਆਖਰੀ ਸੁਲਤਾਨ ਇਬਰਾਹਿਮ ਲੋਦੀ ਨੂੰ ਹਰਾ ਕੇ ਮੁਗਲ ਸਾਮਰਾਜ ਦੀ ਨੀਂਹ ਰੱਖੀ।ਬਾਬਰ ਨੇ ਇਸ ਯੁੱਧ ਵਿੱਚ ਤੁਲੁਗਾਮਾ ਵਿਧੀ ਦੀ ਵਰਤੋਂ ਕੀਤੀ। ਬਾਬਰ ਨੇ 1527 ਵਿਚ ਖਾਨਵਾ, 1528 ਵਿਚ ਚੰਦੇਰੀ ਅਤੇ 1529 ਵਿਚ ਘੱਗਰ ਨੂੰ ਜਿੱਤ ਕੇ ਆਪਣਾ ਰਾਜ ਸੁਰੱਖਿਅਤ ਕੀਤਾ।
ਬਾਬਰ ਦੀ ਮਾਤ ਭਾਸ਼ਾ ਚਗਤਾਈ ਭਾਸ਼ਾ ਸੀ, ਪਰ ਉਹ ਫ਼ਾਰਸੀ ਵਿੱਚ ਵੀ ਨਿਪੁੰਨ ਸੀ, ਜੋ ਉਸ ਸਮੇਂ ਉਸ ਥਾਂ ਦੀ ਆਮ ਬੋਲੀ ਜਾਂਦੀ ਸੀ। ਉਸ ਨੇ ਆਪਣੀ ਜੀਵਨੀ ‘ਚਗਤਾਈ’ ਵਿੱਚ ਬਾਬਰਨਾਮਾ ਦੇ ਨਾਂ ‘ਤੇ ਲਿਖੀ ਸੀ।‘ਮੈਦਾਨ’ ਸ਼ਬਦ ਦੀ ਵਰਤੋਂ ਭਾਰਤ ਵਿੱਚ ਸਭ ਤੋਂ ਪਹਿਲਾਂ ਬਾਬਰਨਾਮਾ ਵਿੱਚ ਹੋਈ ਸੀ। ਬਾਬਰ ਨੂੰ ਮੁਬਾਇਯਾਨ ਕਹੀ ਜਾਂਦੀ ਕਾਵਿ ਸ਼ੈਲੀ ਦਾ ਕਰਤਾ ਮੰਨਿਆ ਜਾਂਦਾ ਹੈ। ਆਪਣੀ ਜੀਵਨੀ ਵਿੱਚ ਉਸਨੇ ਹੇਰਾਤ ਨੂੰ "ਬੁੱਧੀਜੀਵੀਆਂ ਨਾਲ ਭਰਿਆ ਸ਼ਹਿਰ" ਦੱਸਿਆ। ਉੱਥੇ ਉਸ ਨੂੰ ਯੂਈਗੁਰ ਕਵੀ ਮੀਰ ਅਲੀ ਸ਼ਾਹ ਨਵਾਈ ਦੀਆਂ ਲਿਖਤਾਂ ਬਾਰੇ ਪਤਾ ਲੱਗਾ ਜੋ ਚਗਤਾਈ ਭਾਸ਼ਾ ਨੂੰ ਸਾਹਿਤ ਦੀ ਭਾਸ਼ਾ ਬਣਾਉਣ ਦੇ ਹੱਕ ਵਿੱਚ ਸੀ। ਸ਼ਾਇਦ ਬਾਬਰ ਨੂੰ ਚਗਤਾਈ ਭਾਸ਼ਾ ਵਿਚ ਆਪਣੀ ਜੀਵਨੀ ਲਿਖਣ ਦੀ ਪ੍ਰੇਰਨਾ ਮਿਲੀ ਹੋਵੇਗੀ।
ਬਾਬਰ ਨੂੰ ਆਪਣੀ ਦਾਦੀ ਦੌਲਤ ਬੇਗਮ ਦੇ ਕਾਰਨ ਫਰਗਾਨਾ ਦਾ ਰਾਜ ਮਿਲਿਆ।ਉਸਨੇ ਤੋਪਾਂ ਦੀ ਵਰਤੋਂ ਵੀ ਕੀਤੀ।ਮੀਰ ਬਾਕੀ ਮੁਗਲ ਬਾਦਸ਼ਾਹ ਬਾਬਰ ਦਾ ਮੁੱਖ ਜਰਨੈਲ ਸੀ ਜਿਸਨੇ ਇਹ ਇਮਾਰਤ ਬਣਵਾਈ ਸੀ।ਕਾਰਵਾਂ ਸਰਾਏ ਦੇ ਨੇੜੇ ਇੱਕ ਪੌੜੀ ਜੋ ਬਾਬਰ ਦੁਆਰਾ ਬਣਵਾਈ ਗਈ ਸੀ। ਏ.ਐਸ.ਆਈ ਨੇ ਹੁਣ ਇਸ ਖੰਡਰ ਹੋਈ ਵਿਰਾਸਤ ਨੂੰ ਸੰਭਾਲਿਆ ਹੈ।
ਬਾਬਰ ਆਪਣੀ ਇਮਾਨਦਾਰੀ ਲਈ ਜਾਣਿਆ ਜਾਂਦਾ ਸੀ। ਬਾਬਰ ਦੀ ਉਦਾਰਤਾ ਨੇ ਉਸਨੂੰ ਕਾਬਲ ਅਤੇ ਉਸਦੀ ਪਰਜਾ ਨੂੰ ਰਤਨ, ਸੋਨਾ ਜਾਂ ਚਾਂਦੀ ਵੰਡਣ ਲਈ ਕਲੰਦਰ/ਕਲੰਦਰ ਦਾ ਖਿਤਾਬ ਦਿੱਤਾ। ਇਸ ਤੋਂ ਬਾਅਦ ਬਾਬਰ ਦੀ ਸਿਹਤ ਵਿਗੜ ਗਈ ਅਤੇ ਆਖ਼ਰਕਾਰ 48 ਸਾਲ ਦੀ ਉਮਰ ਵਿੱਚ 1530 ਵਿੱਚ ਉਸਦੀ ਮੌਤ ਹੋ ਗਈ। ਉਸਦੀ ਇੱਛਾ ਸੀ ਕਿ ਉਸਨੂੰ ਕਾਬੁਲ ਵਿੱਚ ਦਫ਼ਨਾਇਆ ਜਾਵੇ ਪਰ ਪਹਿਲਾਂ ਉਸਨੂੰ ਆਗਰਾ ਵਿੱਚ ਦਫ਼ਨਾਇਆ ਗਿਆ। ਲਗਭਗ ਨੌਂ ਸਾਲਾਂ ਬਾਅਦ ਹੁਮਾਯੂੰ ਨੇ ਉਸਦੀ ਇੱਛਾ ਪੂਰੀ ਕੀਤੀ ਅਤੇ ਉਸਨੂੰ ਰਾਜਾਰਾਮ ਜਾਟ ਨੇ ਕਾਬੁਲ ਵਿੱਚ ਦਫਨਾਇਆ।
ਬਾਬਰ ਇੱਕ ਅਜਿਹਾ ਪਾਤਰ ਸੀ ਜੋ ਨਾ ਸਿਰਫ਼ ਸਫਲ ਸੀ, ਸਗੋਂ ਸੁਹਜ ਭਾਵਨਾ ਅਤੇ ਕਲਾਤਮਕ ਗੁਣਾਂ ਨਾਲ ਵੀ ਭਰਪੂਰ ਸੀ। ਜਿੱਥੇ ਮੁਗਲ ਸਲਤਨਤ ਦੇ ਸੰਸਥਾਪਕ ਜ਼ਹੀਰ-ਉਦ-ਦੀਨ ਮੁਹੰਮਦ ਬਾਬਰ (1483-1530), ਨੂੰ ਇੱਕ ਵਿਜੇਤਾ ਵਜੋਂ ਦੇਖਿਆ ਅਤੇ ਵਰਣਨ ਕੀਤਾ ਗਿਆ ਹੈ, ਉਸਨੂੰ ਇੱਕ ਮਹਾਨ ਕਲਾਕਾਰ ਅਤੇ ਲੇਖਕ ਵੀ ਮੰਨਿਆ ਜਾਂਦਾ ਹੈ।
ਪੂਜਾ 9815591967

30 ਅਪਰੈਲ ਤੇ ਵਿਸ਼ੇਸ਼ ✍️  ਸ.ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)

ਦੁਨੀਆਂ ਦੇ ਮਹਾਨ ਜਰਨੈਲ ਸਿੱਖ ਯੋਧੇ ਸਰਦਾਰ ਹਰੀ ਸਿੰਘ ਨਲੂਆ ਨੂੰ ਯਾਦ ਕਰਦਿਆਂ
ਗੱਲ ਪੰਜਾਬ ਦੀ ਹੋਵੇ ਕਿਰਤ ਤੋਂ ਅਣਖਾਂ ਤੱਕ ਦਾ ਸਫ਼ਰ ਤੈਅ ਕਰਨਾ ਸਾਡੀ ਧਰਤੀ ਦੇ ਹਿੱਸੇ ਹੀ ਆਇਆ। ਜਿੱਥੇ ਯੋਧੇ,ਸੂਰਮੇ ਅਣਖਾਂ ਦੀ ਗੁੜ੍ਹਤੀ ਲੈਕੇ ਪੈਦਾ ਹੁੰਦੇ ਨੇ ਤੇ ਸ਼ਹਾਦਤਾਂ ਦਾ ਜਾਮ ਪੀਕੇ ਆਪਣੀਆਂ ਜਾਨਾਂ ਕੌਮ ਦੇ ਲੇਖੇ ਲਾ ਜਾਂਦੇ ਨੇ, ਜਦੋਂ ਇੱਥੋਂ ਦੇ ਇਤਿਹਾਸ ਦੇ ਪੰਨੇ ਸਮੇਂ-ਸਮੇਂ 'ਤੇ ਫਰੋਲੇ ਜਾਣਗੇ ਤਾਂ ਹਰ ਦਿਨ ਤੁਹਾਨੂੰ ਚੜ੍ਹਦੀ ਕਲਾ ਦਾ ਸੁਨੇਹਾ ਹੀ ਮਿਲ਼ੇਗਾ। ਚਲੋ ਹੁਣ ਆਪਾਂ ਵੀ ਨਵੀਂ ਪੀੜ੍ਹੀ ਨੂੰ ਸਰਦਾਰ ਗੁਰਦਿਆਲ ਸਿੰਘ ਉੱਪਲ ਅਤੇ ਧਰਮ ਕੌਰ ਦੇ ਘਰ ਗੁਜਰਾਂਵਾਲਾ (ਪਾਕਿਸਤਾਨ) ਵਿੱਚ ਲੈ ਚਲਦੇ ਹਾਂ, ਜਿੱਥੇ 1791 ਈ ਨੂੰ ਇੱਕ ਬਾਲ ਹਰੀ ਸਿੰਘ ਦਾ ਜਨਮ ਹੁੰਦਾ ਹੈ।

ਇਸ ਬਾਲ ਹਰੀ ਸਿੰਘ ਦੇ ਪਿਤਾ ਅਤੇ ਦਾਦਾ ਹਰੀਦਾਸ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਅਤੇ ਦਾਦਾ ਚੜ੍ਹਤ ਸਿੰਘ ਦੀ ਫ਼ੌਜ ਵਿਚ ਰਹਿਣ ਦਾ ਮਾਣ ਹਾਸਲ ਸੀ।

ਜਿਸ ਬੱਚੇ ਦੇ ਵੱਡੇ ਵਡੇਰਿਆਂ ਨੇ ਮਹਾਰਾਜਾ ਰਣਜੀਤ ਦੇ ਵੱਡੇ ਵਡੇਰਿਆਂ ਦੀ ਸੰਗਤ ਮਾਣੀ ਹੋਵੇ ਉੱਥੇ ਕੁਦਰਤੀ ਤੌਰ ਤੇ ਬੱਚੇ ਦਾ ਪਾਲਣ-ਪੋਸ਼ਣ ਕੁਝ ਵੱਖਰਾ ਤਾਂ ਹੋਵੇਗਾ ਹੀ ਹੋਵੇਗਾ। 

ਹਰੀ ਸਿੰਘ ਨੂੰ ਗੁਰਸਿੱਖੀ ਵਿਰਾਸਤ ਵਿਚ ਹੀ ਮਿਲ਼ੀ ਸੀ। ਮਾਂ ਧਰਮ ਕੌਰ ਕੇਵਲ ਨਾਂ ਕਰਕੇ ਹੀ ਨਹੀਂ, ਸਗੋਂ ਕਾਰ ਵਿਹਾਰ ਪੱਖੋਂ ਵੀ ਪੂਰੀ ਧਰਮੀ ਸੀ, ਜੋ ਆਪਣੇ ਪੁੱਤ ਨੂੰ ਬਾਣੀ ਦੇ ਨਾਲ਼-ਨਾਲ਼ ਬਜ਼ੁਰਗਾਂ ਦੇ ਇਤਿਹਾਸ ਤੋਂ ਵੀ ਜਾਣੂ ਕਰਾ ਰਹੀ ਸੀ। ਪੰਜ ਸਾਲ ਦੀ ਉਮਰ ਵਿਚ ਹਰੀ ਸਿੰਘ ਨੂੰ ਗੁਰਮੁਖੀ ਸਿੱਖਣ ਲਈ ਗੁਜਰਾਂਵਾਲੇ ਦੀ ਧਰਮਸ਼ਾਲਾ ਵਿਚ ਭੇਜਿਆ ਗਿਆ, ਜਿਥੇ ਪੁਰਾਤਨ ਮਰਿਆਦਾ ਅਨੁਸਾਰ ਪੈਂਤੀ ਸਿੱਖੀ ਅਤੇ ਗੁਰਬਾਣੀ,ਗੁਰ ਇਤਿਹਾਸ ਦੇ ਗ੍ਰੰਥਾਂ ਨੂੰ ਪੜ੍ਹਿਆ ਤੇ ਸਮਝਿਆ। ਸੱਤ ਸਾਲ ਦੀ ਉਮਰੇ ਹੀ ਹਰੀ ਸਿੰਘ ਦੇ ਸਿਰ ਤੋਂ ਪਿਉ ਦਾ ਸਾਇਆ ਉੱਠ ਗਿਆ। ਇਸ ਤੋਂ ਬਾਅਦ ਬੀਬੀ ਧਰਮ ਕੌਰ ਦਾ ਭਰਾ ਆਪਣੀ ਭੈਣ ਤੇ ਭਾਣਜੇ ਨੂੰ ਆਪਣੇ ਕੋਲ਼ ਲੈ ਆਇਆ। ਇਥੇ ਹੀ ਹਰੀ ਸਿੰਘ ਨੂੰ ਫ਼ਾਰਸੀ ਸਿੱਖਣ ਲਈ ਮਦਰੱਸੇ ਪਾਇਆ ਗਿਆ। 

ਬੈਰਨ ਹੂਗਲ ਨੇ ਲਿਖਿਆ ਹੈ ਕਿ "ਸਰਦਾਰ ਹਰੀ ਸਿੰਘ ਦੀ ਵਿਦਵਤਾ ਅਤੇ ਮਾਲੂਮਾਤ ਨੂੰ ਦੇਖਕੇ ਮੈਂ ਦੰਗ ਰਹਿ ਗਿਆ ਹਾਂ,ਉਹ ਫ਼ਾਰਸੀ ਵਿਚ ਬੜਾ ਨਿਪੁਨ ਹੈ ਅਤੇ ਬੜੀ ਤੇਜ਼ੀ ਨਾਲ ਫ਼ਾਰਸੀ ਲਿਖਦਾ ਤੇ ਬੋਲਦਾ ਹੈ।" ਜਦ ਹਰੀ ਸਿੰਘ ਪਿਸ਼ਾਵਰ ਵੱਲ ਗਵਰਨਰ ਬਣਕੇ ਗਏ ਤਾਂ ਆਪ ਨੇ ਪਸ਼ਤੋਂ ਵਿੱਚ ਵੀ ਪੂਰੀ ਮੁਹਾਰਤ ਹਾਸਲ ਕੀਤੀ।

ਦਸ ਸਾਲ ਦੀ ਉਮਰ ਵਿਚ ਹਰੀ ਸਿੰਘ ਨੂੰ ਖੰਡੇ ਬਾਟੇ ਦੀ ਪਾਹੁਲ ਦਿੱਤੀ ਗਈ। ਮਾਮਿਆਂ ਕੋਲ ਰਹਿੰਦਿਆਂ ਹੀ ਜੰਗੀ ਕਸਬ ਵਿਚ ਵੀ ਮੁਹਾਰਤ ਵੀ ਪ੍ਰਾਪਤ ਕੀਤੀ। 12-13 ਸਾਲ ਦੀ ਉਮਰ ਤੱਕ ਪਹੁੰਚਦਿਆਂ ਤਲਵਾਰ ਬਾਜ਼ੀ,ਘੋੜਸਵਾਰੀ,ਨੇਜ਼ਾਬਾਜ਼ੀ ਵੀ ਚੰਗੀ ਤਰ੍ਹਾਂ ਸਿੱਖ ਲਈ ਸੀ। 

ਤੀਰ ਤੇ ਬੰਦੂਕ ਨਾਲ ਨਿਸ਼ਾਨੇ ਲਗਾਉਣ ਵਿੱਚ ਤਾਂ ਹਰੀ ਸਿੰਘ ਦਾ ਕੋਈ ਸਾਨੀ ਨਹੀਂ ਸੀ।

ਇਹ ਇੱਕ ਨਾਂ ਹਰੀ ਸਿੰਘ ਪੜ੍ਹਦਿਆਂ-ਸੁਣਦਿਆਂ ਇਹ ਸਵਾਲ ਦਿਮਾਗ਼ ਵਿੱਚ ਜ਼ਰੂਰ ਆਇਆ ਹੋਵੇਗਾ ਕਿ ਇਨ੍ਹਾਂ ਦੇ ਨਾਮ ਨਾਲ ਨਲੂਆ ਜਾਂ ਨਲਵਾ ਕਿਵੇਂ ਜੁੜਿਆ ?

ਇਤਿਹਾਸ ਵਿੱਚ ਵੇਰਵਾ ਮਿਲ਼ਦਾ ਹੈ ਕਿ ਇੱਕ ਦਿਨ ਹਰੀ ਸਿੰਘ ਨੂੰ ਨਾਲ ਲੈਕੇ ਮਹਾਰਾਜਾ ਰਣਜੀਤ ਸਿੰਘ ਸ਼ਿਕਾਰ ਖੇਡਣ ਜੰਗਲ਼ ਵਿਚ ਗਏ ਤਾਂ ਅਚਾਨਕ ਇਕ ਆਦਮਖੋਰ ਸ਼ੇਰ ਨੇ ਹਰੀ ਸਿੰਘ ’ਤੇ ਹਮਲਾ ਕਰ ਦਿੱਤਾ। ਹਰੀ ਸਿੰਘ ਨੂੰ ਤਲਵਾਰ ਕੱਢਣ ਦਾ ਵੀ ਮੌਕਾ ਨਾ ਮਿਲ਼ਿਆ ਤਾਂ ਉਸ ਨੇ ਆਪਣੇ ਹੱਥਾਂ ਨਾਲ਼ ਹੀ ਸ਼ੇਰ ਦੇ ਖੁੱਲ੍ਹੇ ਜਬਾੜੇ ਨੂੰ ਫੜ ਕੇ ਅਜਿਹਾ ਝਟਕਾ ਦਿੱਤਾ ਕਿ ਉਹ ਧਰਤੀ ’ਤੇ ਡਿੱਗ ਪਿਆ। ਬੜੀ ਫੁਰਤੀ ਨਾਲ ਕੀਤੇ ਤਲਵਾਰ ਦੇ ਇੱਕੋ ਵਾਰ ਨਾਲ ਸ਼ੇਰ ਦੀ ਗਰਦਨ ਧੜ ਨਾਲੋਂ ਵੱਖ ਹੋ ਗਈ। ਹਰੀ ਸਿੰਘ ਦੀ ਇਸ ਬਹਾਦਰੀ ਤੋਂ ਖ਼ੁਸ਼ ਹੋਕੇ ਮਹਾਰਾਜਾ ਨੇ ਹਰੀ ਸਿੰਘ ਨੂੰ ‘ਨਲੂਆ’ ਦਾ ਖਿਤਾਬ ਬਖ਼ਸ਼ਿਆ ਅਤੇ ਆਪਣੀ ਰੈਜੀਮੈਂਟ ਦਾ ਜਰਨੈਲ ਥਾਪ ਦਿੱਤਾ।

ਨਲੂਆ ਜਾਂ ਨਲਵਾ ਖਿਤਾਬ ਬਾਰੇ ਬਾਬਾ 'ਪ੍ਰੇਮ ਸਿੰਘ ਜੀ ਹੋਤੀ' ਲਿਖਦੇ ਹਨ- ਰਾਜਾ ਨਲ ਆਪਣੇ ਸਮੇਂ ਦਾ ਮਹਾਨ ਦਾਨੀ ਅਤੇ ਆਪਣੇ ਸਮੇਂ ਦਾ ਅਦੁੱਤੀ ਸੂਰਬੀਰ ਸੀ। ਉਹ ਸ਼ੇਰ ਨਾਲ ਲੜ ਕੇ ਉਸ ਨੂੰ ਮਾਰਨ ਵਿੱਚ ਪ੍ਰਸਿੱਧੀ ਰੱਖਦਾ ਸੀ। ਇਸੇ ਤਰ੍ਹਾਂ ਸਰਦਾਰ ਹਰੀ ਸਿੰਘ ਵਿੱਚ ਅਜਿਹੇ ਗੁਣ ਮੌਜੂਦ ਸਨ। ਇਸ ਤਰ੍ਹਾਂ ਆਪ ਜੀ ਦਾ ਨਾਮ ਵੀ ਰਾਜਾ ਨਲ ਸਾਨੀ ਪੈ ਗਿਆ। ਸਰਦਾਰ ਜੀ ਦੇ ਨਾਮ ਨਾਲ ਇਹ ਨਾਮ ਜੁੜ ਕੇ ਅਤੇ ਆਮ ਵਰਤੋਂ ਵਿੱਚ ਆਉਣ ਕਰਕੇ, ਇਸ ਵਿੱਚ ਥੋੜ੍ਹੀ ਜਿਹੀ ਤਬਦੀਲੀ ਹੋਣ ਕਰਕੇ ਨਲ ਤੋਂ ਨਲਵਾ ਪੈ ਗਿਆ।

'ਮੌਲਾਨਾ ਅਹਿਮਦ ਦੀਨ' ਆਪਣੀ ਪੁਸਤਕ 'ਮੁਕੰਮਲ ਤਾਰੀਖ- ਕਸ਼ਮੀਰ' ਵਿੱਚ ਲਿਖਦੇ ਹਨ ਕਿ ਨਲਵਾ ਦੀ ਵਜ੍ਹਾ ਤਸਮੀਆ ਕੇ ਮੁਤੱਲਅਕ ਮਸ਼ਹੂਰ ਹੈ ਕਿ ਰਾਜਾ ਨਲ ਜ਼ਮਾਨਾ ਕਦੀਮ ਮੇਂ ਏਕ ਬਹਾਦਰ ਅਰ ਸੁਜਾਤ ਰਾਜਾ ਥਾ। ਲੋਗੋਂ ਨੇ ਹਰੀ ਸਿੰਘ ਕੋ ਨਲ ਸੇ ਨਲਵਾ ਬਨਾ ਦੀਆ। ਨਲਵਾ ਸੇ ਮੁਰਾਦ, ਸ਼ੇਰ ਕੋ ਮਾਰਨੇ ਵਾਲਾ ਯਾ ਸ਼ੇਰ ਅਫ਼ਗਾਨ ਹੈ। ਚੂੰਕਿ ਹਰੀ ਸਿੰਘ ਨੇ ਭੀ ਸ਼ੇਰ ਮਾਰੇ ਥੇ ਇਸੀ ਲੀਏ ਉਸਕਾ ਨਾਮ ਨਲਵਾ ਮਸ਼ਹੂਰ ਹੂਆ।

ਇਸੇ ਤਰ੍ਹਾਂ ਮਿਸਟਰ ਐਂਨ. ਕੇ. ਸਿਨਹਾ ਆਪਣੀ ਲਿਖਤ ਤਾਰੀਖ਼ ਵਿੱਚ ਲਿਖਦਾ ਹੈ ਕਿ ਸਰਦਾਰ ਹਰੀ ਸਿੰਘ ਦੇ ਨਾਮ ਨਾਲ ਨਲਵਾ ਉਂਪ ਨਾਮ ਇਸ ਲਈ ਪ੍ਰਸਿੱਧ ਹੋ ਗਿਆ ਕਿ ਉਸ ਨੇ ਸ਼ੇਰ ਦੇ ਸਿਰ ਨੂੰ ਹੱਥਾਂ ਨਾਲ ਮਰੋੜ ਕੇ ਮਾਰ ਸੁੱਟਿਆ ਸੀ।

ਸਰਦਾਰ ਹਰੀ ਸਿੰਘ ਦੇ ਸੈਨਿਕ ਜੀਵਨ ਦਾ ਅਰੰਭ 1807 ਈ: ਵਿਚ ਕਸੂਰ ਦੀ ਜਿੱਤ ਨਾਲ ਹੋਇਆ। 1810 ਈ: ਵਿਚ ਸ. ਹਰੀ ਸਿੰਘ ਨੇ ਮੁਲਤਾਨ ਦੇ ਸ਼ਾਸਕ ਨਵਾਬ ਮੁਜ਼ੱਫ਼ਰ ਖਾਨ ਨੂੰ ਹਰਾਇਆ। ਜਿੱਥੇ 1813 ਈ: ਵਿਚ ਉਸ ਨੇ ਅਟਕ ਦੇ ਦੋਸਤ ਮੁਹੰਮਦ ਨੂੰ ਹਰਾ ਕੇ ਆਪਣੀ ਫੌਜੀ ਸ਼ਕਤੀ ਦਾ ਲੋਹਾ ਮੰਨਵਾਇਆ। ਉੱਥੇ 1818 ਵਿੱਚ ਮੁਲਤਾਨ, 1819 ਵਿੱਚ ਕਸ਼ਮੀਰ ਅਤੇ 1834 ਵਿੱਚ ਪਿਸ਼ਾਵਰ ਦੀ ਜਿੱਤਾਂ ਉਸ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਸਨ।

1819 ਵਿਚ ਕਸ਼ਮੀਰ ਨੂੰ ਖਾਲਸਾ ਰਾਜ ਵਿਚ ਮਿਲਾਏ ਜਾਣ ਮਗਰੋਂ ਮਹਾਰਾਜਾ ਰਣਜੀਤ ਸਿੰਘ ਨੇ 25 ਅਗਸਤ 1820 ਨੂੰ ਸ. ਹਰੀ ਸਿੰਘ ਨਲੂਆ ਨੂੰ ਉਥੋਂ ਦਾ ਗਵਰਨਰ ਨਿਯੁਕਤ ਕੀਤਾ। 

ਸ.ਹਰੀ ਸਿੰਘ ਨਲੂਆ ਨੇ ਆਪਣੇ ਸ਼ਾਸਕੀ ਪ੍ਰਬੰਧ ਦੁਆਰਾ ਉਥੋਂ ਦੇ ਲੋਕਾਂ ਨੂੰ ਅਜਿਹਾ ਸੁਚੱਜਾ ਰਾਜ ਦਿੱਤਾ ਕਿ ਮਹਾਰਾਜੇ ਨੇ ਖ਼ੁਸ਼ ਹੋਕੇ ਸ. ਹਰੀ ਸਿੰਘ ਨੂੰ ਆਪਣੇ ਨਾਮ ਦਾ ਸਿੱਕਾ ਜਾਰੀ ਕਰਨ ਦਾ ਅਧਿਕਾਰ ਦੇ ਦਿੱਤਾ। ਸ. ਹਰੀ ਸਿੰਘ ਦੇ ਨਾਮ ’ਤੇ ਜਾਰੀ ਕੀਤਾ ਗਿਆ ਸਿੱਕਾ 1890 ਈ: ਤਕ ਕਸ਼ਮੀਰ ਵਿੱਚ ਚੱਲਦਾ ਰਿਹਾ।

ਉਸ ਨੇ ਆਪਣੇ ਜੀਵਨ ਦੀ ਆਖ਼ਰੀ ਲੜਾਈ ਅਪ੍ਰੈਲ 1837 ਵਿਚ ਜਮਰੌਦ ਦੇ ਸਥਾਨ ਤੇ ਦੋਸਤ ਮੁਹੰਮਦ ਖਾਨ, ਸ਼ਮਸ-ਉ-ਦੀਨ ਅਤੇ ਅਕਬਰ ਖਾਨ ਅਫਗਾਨ ਦੇ ਵਿਰੁੱਧ ਲੜੀ। ਇਸ ਲੜਾਈ ਵਿਚ ਕਿਸੇ ਲੁਕਵੀਂ ਥਾਂ ਤੋਂ ਅਫਗਾਨ ਸੈਨਿਕਾਂ ਦੁਆਰਾ ਚਲਾਈਆਂ ਗਈਆਂ ਗੋਲੀਆਂ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਸ ਦੀ ਛਾਤੀ ਉੱਪਰ ਖੰਜਰ ਦੇ ਵੀ ਦੋ ਗਹਿਰੇ ਟੱਕ ਸਨ। ਸਮੇਂ ਸਿਰ ਮੱਲ੍ਹਮ ਪੱਟੀ ਨਾ ਹੋਣ ਕਰ ਕੇ ਅਤੇ ਸਰੀਰ ਵਿੱਚੋਂ ਬਹੁਤ ਖ਼ੂਨ ਵਗ ਜਾਣ ਕਾਰਨ ਪੰਜਾਬ ਦਾ ਇਹ ਸੂਰਬੀਰ ਖ਼ਾਲਸੇ ਰਾਜ ਦਾ ਥੰਮ ਜਰਨੈਲ 30 ਅਪ੍ਰੈਲ 1837 ਨੂੰ ਸ਼ਹੀਦੀ ਪਾ ਗਿਆ। 

ਹੁਣ ਤੱਕ ਵੀ ਅਫਗਾਨ ਲੋਕ-ਕਥਾਵਾਂ ਵਿਚ ਇਸ ਮਹਾਨ ਜਰਨੈਲ ਹਰੀ ਸਿੰਘ ਨਲੂਏ ਦਾ ਜ਼ਿਕਰ ਵਾਰ ਵਾਰ ਹੋਇਆ ਮਿਲ਼ਦਾ ਹੈ। ਆਓ ਇਸ ਬਾਬਤ ਵੱਖ-ਵੱਖ ਵਿਦਵਾਨਾਂ ਦੇ ਵਿਚਾਰਾਂ ਦੇ ਨਜ਼ਰੀਏ ਤੋਂ ਸਮਝੀਏ:- 

ਸਰਦਾਰ ਹਰੀ ਸਿੰਘ ਦੇ ਦਬਦਬੇ ਦਾ ਐਸਾ ਅਸਰ ਅਫ਼ਗਾਨਾਂ ਦੇ ਦਿਲਾਂ 'ਤੇ  ਹੋਇਆ ਸੀ ਕਿ ਅੱਜ ਤੱਕ 'ਹਰੀਆ' ਆਖ ਕੇ ਉਸ ਦਾ ਨਾਮ ਦੁਹਰਾਉਂਦੇ ਹਨ ਅਤੇ ਪਿਸ਼ਾਵਰ ਦੇ ਨੇੜੇ ਦੇ ਇਲਾਕੇ ਵਿਚ ਮਾਵਾਂ ਆਪਣੇ ਨਿਆਣਿਆਂ ਨੂੰ ਡਰਾਵਾ ਉਸਦੇ ਨਾਮ ਦਾ ਵਰਤਦੀਆਂ ਹਨ-ਸ.ਮ.ਲਤੀਫ

ਇਲਾਕਾ ਪਿਸ਼ਾਵਰ ਮੇਂ ਤੋ ਇਸ ਕਦਰ ਇਸ ਕਾ ਰੋਅਬ ਥਾ ਕਿ ਮਾਏਂ ਅਪਨੇ ਸ਼ੀਰ ਖੋਰ ਬੱਚੋਂ ਕੋ ਕਹਾ ਕਰਤੀ ਥੀਂ ਕਿ ਅਗਰ ਤੁਮ ਨੇਕ ਨਹੀਂ ਬਨੋਗੇ ਤੋ ਹਰੀ ਸਿੰਘ ਤੁਮ ਕੋ ਪਕੜ ਕਰ ਲੇ ਜਾਏਗਾ ਔਰ ਛੋਟੇ ਛੋਟੇ ਬੱਚੇ ਤੋ ਹਰੀ ਸਿੰਘ ਕੋ ਏਕ ਹਊਆ ਖਿਆਲ ਕਰਤੇ ਥੇ-ਮੀਰ ਅਹਿਮਦ

ਸ਼ਕਲ ਸੂਰਤ ,ਵਰਤਾਓ ,ਖੁੱਲ੍ਹ ਕੇ ਗੱਲ ਕਰਨ ਦਾ ਅੰਦਾਜ਼ ਅਤੇ ਉਹਦੀਆਂ ਆਦਤਾਂ ਰਣਜੀਤ ਸਿੰਘ ਵਰਗੀਆਂ ਸਨ-ਮੋਹਨ ਲਾਲ

ਆਪਣੇ ਸਮੇਂ ਦੇ ਸਿੱਖ ਜਰਨੈਲਾਂ ਵਿਚੋਂ ਸਭ ਤੋਂ ਵੱਧ ਉੱਚੇ ਸੁੱਚੇ ਇਖਲਾਕ ਵਾਲਾ ਤੇ ਵੱਧ ਸਤਿਕਾਰਯੋਗ , ਦਲੇਰੀ ਤੇ ਬਹਾਦਰੀ ਦਾ ਪੁੰਜ ਸੀ। ਉਹਦਾ ਦਰਬਾਰ ਵਿੱਚ ਉੱਚ ਥਾਂ ਸੀ ਅਤੇ ਸਿੱਖਾਂ ਲਈ ਇੱਕ ਮਿਸਾਲ ਦਾ ਰੂਪ ਸੀ-ਪਾਨੀਕਰ

ਹਰੀ ਸਿੰਘ ਦੇ ਪਿਉ ਦੇ  ਵਕਤ ਵੇਲੇ ਲੋਕ ਅਫ਼ਗਾਨਾਂ ਕੋਲੋਂ ਡਰਦੇ ਸਨ ਤੇ ਹਰੀ ਸਿੰਘ ਦੇ ਬਾਅਦ ਅਫ਼ਗਾਨ ਡਰਦੇ ਹਨ ਤੇ ਡਰਦੇ ਰਹਿਣਗੇ- ਨੰਦ ਗੋਪਾਲ

ਜੇਕਰ ਹਰੀ ਸਿੰਘ ਨਲਵਾ ਕੁੱਝ ਹੋਰ ਚਿਰ ਜਿਉਂਦਾ ਰਹਿੰਦਾ ਅਤੇ ਉਸ ਕੋਲ ਅੰਗਰੇਜ਼ਾਂ ਵਾਲੇ ਸਮਾਨ ਤੇ ਸਾਧਨ ਹੁੰਦੇ ਤਾਂ ਉਹ ਕਝ ਮਹੀਨਿਆਂ ਵਿਚ ਹੀ ਖਾਲਸਾ ਰਾਜ ਦੀਆਂ ਹੱਦਾਂ ਵਿਚ ਏਸ਼ੀਆ ਤੇ ਯੂਰਪ ਵੀ ਸ਼ਾਮਲ  ਕਰ ਲੈਂਦਾ-ਲੰਡਨ ਦਾ ਇਕ ਅਖਬਾਰ

ਕੁਝ ਸਮਾਂ ਪਹਿਲਾਂ ਆਸਟ੍ਰੇਲੀਆ ਦੇ ਬਿਲੀਆਨਾਇਰ ਮੈਗਜ਼ੀਨ ਵੱਲੋਂ ਜਾਰੀ ਕੀਤੀ ਗਈ ਸੂਚੀ ਵਿਚ ਵਿਸ਼ਵ ਇਤਿਹਾਸ ਦੇ 10 ਮਹਾਨ ਜੇਤੂ ਜਰਨੈਲਾਂ  ਦੀ ਸ਼੍ਰੇਣੀ ਵਿਚ ਸਰਦਾਰ ਹਰੀ ਸਿੰਘ ਨਲਵੇ ਨੂੰ ਪਹਿਲੇ ਸਥਾਨ ‘ਤੇ ਰੱਖਿਆ ਗਿਆ ਹੈ।

ਉਪਰੋਕਤ ਤੱਥਾਂ ਨੂੰ ਵਾਚਦਿਆਂ ਜੇ ਅਸੀਂ ਅੱਜ ਇੰਨ੍ਹੀ ਕੁ ਵੀ ਆਪਣੇ  ਇਤਿਹਾਸ ਨਾਲ਼ ਸਾਂਝ ਬਣਾ ਲਈ ਹੈ ਤੇ ਇਸ ਨੂੰ ਆਪਣੇ ਚੇਤਿਆਂ ਵਿੱਚ ਵਸਾਉਦਿਆਂ,ਹੋਰ ਜਾਣਨ ਦੀ ਤਾਂਘ ਦੇ ਨਾਲ਼-ਨਾਲ਼, ਆਉਣ ਵਾਲੀਆਂ ਨਸਲਾਂ ਨੂੰ ਸਮੇਂ-ਸਮੇਂ ਅਜਿਹੇ ਮਹਾਨ ਯੋਧਿਆਂ,ਸੂਰਮਿਆਂ, ਜਰਨੈਲਾਂ ਬਾਰੇ ਜਾਣੂ ਕਰਵਾਉਂਦੇ ਰਹਿਣ ਦਾ ਮਾਣ ਕਾਇਮ ਰੱਖਣ ਦਾ ਵਾਅਦਾ ਕਰੀਏ।

ਸ.ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)