You are here

ਪੰਜਾਬ

ਛਾਦਾਰ ਅਤੇ ਛਲਦਾਰ ਬੂਟੇ ਲਾਏ

ਹਠੂਰ,5,ਮਈ-(ਕੌਸ਼ਲ ਮੱਲ੍ਹਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਪੰਜੂਆਣਾ ਸਾਹਿਬ ਪਿੰਡ ਲੰਮਾ ਦੇ ਮੁੱਖ ਸੇਵਾਦਾਰ ਬਾਬਾ ਬਲਬੀਰ ਸਿੰਘ ਲੰਮਿਆ ਵਾਲਿਆ ਦੀ ਅਗਵਾਈ ਹੇਠ ਆਮ-ਆਦਮੀ ਪਾਰਟੀ ਦੇ ਵਰਕਰਾ ਵੱਲੋ 551 ਛਾਦਾਰ ਅਤੇ ਫਲਦਾਰ ਬੂਟੇ ਲਾਉਣ ਦੀ ਸੁਰੂਆਤ ਕੀਤੀ ਗਈ।ਇਸ ਮੌਕੇ ਆਮ-ਆਦਮੀ ਪਾਰਟੀ ਐਨ ਆਰ ਆਈ ਸਭਾ ਹਲਕਾ ਜਗਰਾਓ ਦੇ ਪ੍ਰਧਾਨ ਜਰਨੈਲ ਸਿੰਘ ਲੰਮੇ ਨੇ ਕਿਹਾ ਕਿ ਅੱਜ ਦੇ ਸਮੇਂ ਦਰੱਖਤਾ ਦੀ ਬਹੁਤ ਜਿਆਦਾ ਜਰੂਰਤ ਹੈ ਪਰ ਸਾਡੇ ਲੋਕ ਸਾਡੇ ਸੱਚੇ ਮਿੱਤਰ ਦਰੱਖਤਾ ਨੂੰ ਇੱਕ ਦੁਸਮਣ ਦੀ ਤਰ੍ਹਾ ਅੱਗ ਲਾ ਰਹੇ ਹਨ ਜੋ ਬਹੁਤ ਹੀ ਚਿੰਤਾ ਦਾ ਵਿਸਾ ਹੈ।ਉਨ੍ਹਾ ਦੱਸਿਆ ਕਿ ਅਸੀ ਬੂਟੇ ਲਾਉਣ ਦੀ ਸੁਰੂਆਤ ਅੱਜ ਗੁਰਦੁਆਰਾ ਸ੍ਰੀ ਪੰਜੂਆਣਾ ਸਾਹਿਬ ਤੋ ਕਰ ਰਹੇ ਹਾਂ ਅਤੇ ਆਉਣ ਵਾਲੇ ਦਿਨਾ ਵਿਚ ਪਿੰਡ ਦੀਆ ਸਾਝੀਆ ਥਾਵਾ,ਸਕੂਲਾ ਦੇ ਗਰਾਉਡ ਦੇ ਕਿਨਾਰੇ,ਸੜਕਾ ਦੇ ਕਿਨਾਰੇ ਵੀ ਬੂਟੇ ਲਾਵਾਗੇ।ਉਨ੍ਹਾ ਦੱਸਿਆ ਕਿ ਇਨ੍ਹਾ ਬੂਟੀ ਦੀ ਸਾਭ-ਸੰਭਾਲ ਲਈ ਇੱਕ ਵਿਸ਼ੇਸ ਟੀਮ ਬਣਾਈ ਗਈ ਹੈ ਜੋ ਸਮੇਂ-ਸਮੇਂ ਤੇ ਬੂਟਿਆ ਨੂੰ ਖਾਦ ਅਤੇ ਪਾਣੀ ਪਾਵੇਗੀ।ਉਨ੍ਹਾ ਸਮੂਹ ਪਿੰਡ ਵਾਸੀਆ ਨੂੰ ਬੇਨਤੀ ਕੀਤੀ ਕਿ ਬੂਟਿਆ ਦੀ ਸਾਭ ਸੰਭਾਲ ਲਈ ਸਹਿਯੋਗ ਦਿੱਤਾ ਜਾਵੇ।ਇਸ ਮੌਕੇ ਮੁੱਖ ਸੇਵਾਦਾਰਾ ਬਾਬਾ ਬਲਬੀਰ ਸਿੰਘ ਲੰਮਿਆ ਵਾਲਿਆ ਨੇ ਪ੍ਰਧਾਨ ਜਰਨੈਲ ਸਿੰਘ ਲੰਮੇ,ਗਾਇਕ ਲੱਕੀ ਖਾਨ ਅਲੀ,ਰਜਿੰਦਰ ਸਿੰਘ ਖਾਨਪੁਰੀ ਅਤੇ ਹੋਰ ਵਰਕਰਾ ਨੂੰ ਸਿਰਪਾਓ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾ ਨਾਲ ਕਰਮਜੀਤ ਸਿੰਘ ਤੱਤਲਾ,ਜਿੰਦਰ ਸਿੰਘ,ਸੂਬੇਦਾਰ ਪ੍ਰੀਤਮ ਸਿੰਘ,ਟਹਿਲ ਸਿੰਘ,ਡਾ:ਰਣਜੀਤ ਸਿੰਘ,ਸੰਦੀਪ ਸ਼ਰਮਾਂ,ਜੱਗੂ ਸਿੰਘ,ਜੰਗ ਸਿੰਘ,ਬਾਬਾ ਗੁਲਜਾਰ ਸਿੰਘ,ਡਾ:ਹਰਪਾਲ ਸਿੰਘ,ਕੁਲਵੰਤ ਸਿੰਘ ਤੱਤਲਾ,ਜਸਵਿੰਦਰ ਸ਼ਰਮਾਂ,ਨਵਜੋਵਨ ਸਿੰਘ,ਗੁਰਪ੍ਰੀਤ ਸਿੰਘ,ਚੰਦ ਸਿੰਘ,ਰਾਮ ਸਿੰਘ ਆਦਿ ਹਾਜ਼ਰ ਸਨ।  
 

ਮੁਗਲ ਸਾਮਰਾਜ ਦਾ ਤੀਸਰਾ ਸ਼ਾਸਕ - ਅਕਬਰ ਮਹਾਨ ✍️ ਪੂਜਾ

 (ਲੜੀ ਨੰਬਰ.1 )
ਜਲਾਲ ਉੱਦੀਨ ਮੁਹੰਮਦ ਅਕਬਰ ਤੈਮੂਰ ਵੰਸ਼ ਦੇ ਮੁਗਲ ਖ਼ਾਨਦਾਨ ਦਾ ਤੀਜਾ ਸ਼ਾਸਕ ਸੀ।ਅਕਬਰ ਨੂੰ ਅਕਬਰ -ਏ - ਆਜ਼ਮ ( ਅਰਥਾਤ ਅਕਬਰ ਮਹਾਨ ) , ਸ਼ਹਿੰਸ਼ਾਹ ਅਕਬਰ, ਮਹਾਬਲੀ ਸ਼ਹਿੰਸ਼ਾਹ ਦੇ ਨਾਮ ਵਲੋਂ ਵੀ ਜਾਣਿਆ ਜਾਂਦਾ ਹੈ।ਅਕਬਰ ਦੇ ਸ਼ਾਸਨ ਦੇ ਅੰਤ ਤੱਕ 1605ਈਸਵੀ ਵਿੱਚ ਮੁਗਲ ਸਾਮਰਾਜ ਵਿੱਚ ਉੱਤਰੀ ਅਤੇ ਵਿਚਕਾਰ ਭਾਰਤ ਦੇ ਅਧਿਕਾਸ਼ ਭਾਗ ਸਮਿੱਲਤ ਸਨ ਅਤੇ ਉਸ ਸਮੇਂ ਦੇ ਸਭ ਤੋਂ ਜਿਆਦਾ ਸ਼ਕਤੀਸ਼ਾਲੀ ਸਮਰਾਜਾਂ ਵਿੱਚੋਂ ਇੱਕ ਸੀ।
ਜਲਾਲ ਉਦ-ਦੀਨ ਮੁਹੰਮਦ ਅਕਬਰ ਦਾ ਜਨਮ 15 ਅਕਤੂਬਰ 1542 ਈ.ਨੂੰ ਅਮਰਕੋਟ ਦੇ ਰਾਜਪੂਤ ਕਿਲ੍ਹੇ ਵਿਚ ਹੋਇਆ ਸੀ। ਮੰਨਿਆ ਜਾਂਦਾ ਹੈ ਕਿ ਅਕਬਰ ਦਾ ਜਨਮ ਪੂਰਨਮਾਸ਼ੀ ਵਾਲੇ ਦਿਨ ਹੋਇਆ ਸੀ ਇਸ ਲਈ ਉਸ ਦਾ ਨਾਂ ਬਦਰੂਦੀਨ ਮੁਹੰਮਦ ਅਕਬਰ ਰੱਖਿਆ ਗਿਆ।ਬਦਰ ਦਾ ਅਰਥ ਹੈ ਪੂਰਾ ਚੰਦ ਅਤੇ ਅਕਬਰ ਉਸਦੇ ਨਾਨੇ ਸ਼ੇਖ ਅਲੀ ਅਕਬਰ ਜਾਮੀ ਦੇ ਨਾਮ ਤੋਂ ਲਿਆ ਗਿਆ ਸੀ।ਉਸਦੀ ਮਾਤਾ ਦਾ ਨਾਮ ਹਮੀਦਾ ਬਾਨੋ ਸੀ।ਅਕਬਰ ਸਿਰਫ ਤੇਰਾਂ ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨਸੀਰੁੱਦੀਨ ਮੁਹੰਮਦ ਹੁਮਾਯੁੰ ਦੀ ਮੌਤ ਉਪਰਾਂਤ ਦਿੱਲੀ ਦੀ ਰਾਜਗੱਦੀ ਉੱਤੇ ਬੈਠਾ ਸੀ।
ਬਾਦਸ਼ਾਹਾਂ ਵਿੱਚ ਅਕਬਰ ਹੀ ਇੱਕ ਅਜਿਹਾ ਬਾਦਸ਼ਾਹ ਸੀ, ਜਿਸਨੂੰ ਹਿੰਦੂ ਮੁਸਲਮਾਨ ਦੋਨਾਂ ਵਰਗਾਂ ਦਾ ਬਰਾਬਰ ਪਿਆਰ ਅਤੇ ਸਨਮਾਨ ਮਿਲਿਆ। ਉਸਨੇ ਹਿੰਦੂ - ਮੁਸਲਮਾਨ ਸੰਪ੍ਰਦਾਵਾਂ ਦੇ ਵਿੱਚ ਦੀਆਂ ਦੂਰੀਆਂ ਘੱਟ ਕਰਣ ਲਈ ਦੀਨ-ਏ-ਇਲਾਹੀ ਨਾਮਕ ਧਰਮ ਦੀ ਸਥਾਪਨਾ ਕੀਤੀ।
ਅਕਬਰ ਆਪਣੀ ਡੂੰਘੀ ਸੋਚ, ਸਾਹਿਤਕ ਰੁਚੀ, ਕਲਾ ਪ੍ਰੇਮੀ, ਸੰਗੀਤ ਦੇ ਸ਼ੌਕੀਨ ਵਜੋਂ ਜਾਣਿਆ ਜਾਂਦਾ ਹੈ। ਉਸਦਾ ਤਰੱਕੀ ਲਈ ਚੁੱਕਿਆ ਹਰ ਕਦਮ ਉਸ ਦੇ ਨੌਂ ਰਤਨਾਂ ਬਿਨਾਂ ਅਧੂਰਾ ਹੈ। ਨੌਂ ਰਤਨ ਉਸਦੇ ਨਾਂ ਨਾਲ ਇੰਝ ਜੁੜੇ ਨੇ ਜਿਵੇਂ ਮੁੰਦਰੀ 'ਚ ਨਗੀਨਾ।ਬਾਕੀ ਸ਼ਾਸਕਾਂ ਨਾਲੋਂ ਅਕਬਰ 'ਚ ਧਾਰਮਿਕ ਸਹਿਣਸ਼ੀਲਤਾ ਵਧੇਰੇ ਸੀ। ਇਸ ਦਾ ਪ੍ਰਮਾਣ ਉਸਦੇ ਦਰਬਾਰ ਦੇ ਨੌਂ ਰਤਨ ਹਨ ਜੋ ਹਰ ਧਰਮ ਨਾਲ ਸਬੰਧਤ ਸਨ ਅਤੇ ਉੱਚ ਅਹੁਦਿਆਂ 'ਤੇ ਸਨ। ਇਹ ਨੌ ਰਤਨ ਸਨ - ਰਾਜਾ ਟੋਡਰ ਮੱਲ,ਅਬਦੁਲ ਰਹੀਮ ਖ਼ਾਨ-ਏ-ਖਾਨਾ,ਬੀਰਬਲ,ਤਾਨਸੇਨ, ਫ਼ੈਜ਼ੀ,ਮਾਨ ਸਿੰਘ,ਅੱਬੂ- ਫ਼ਜ਼ਲ- ਇਬਨ- ਮੁਬਾਰਕ,ਫ਼ਕੀਰ-ਐਜ਼ਿਓ-ਦੀਨ ਅਤੇ ਮੁੱਲਾ-ਦੋ-ਪਿਆਜ਼ਾ।
ਅਕਬਰ ਪਹਿਲਾ ਸ਼ਾਸਕ ਸੀ ਜਿਸਨੇ ਲਾਇਬ੍ਰੇਰੀ ਬਣਾਈ, ਜਿਸ 'ਚ 24,000 ਦੇ ਕਰੀਬ ਸੰਸਕ੍ਰਿਤ, ਉਰਦੂ, ਫਾਰਸੀ, ਲਾਤੀਨੀ ਤੇ ਕਸ਼ਮੀਰੀ ਭਾਸ਼ਾ ਦੀਆਂ ਕਿਤਾਬਾਂ ਸਨ। ਅਨੁਵਾਦ ਦਾ ਕਾਰਜ ਉਸਦੇ ਨੌਂ ਰਤਨ ਬਾਖੂਬੀ ਕਰਦੇ ਸਨ।ਸਿਰਫ਼ ਐਨਾ ਹੀ ਨਹੀਂ ਫ਼ਤਹਿਪੁਰ ਸੀਕਰੀ 'ਚ ਉਸ ਨੇ ਔਰਤਾਂ ਲਈ ਵੀ ਲਾਇਬ੍ਰੇਰੀ ਬਣਵਾਈ। ਅਕਬਰ ਦੀਆਂ ਦੋ ਖ਼ਾਸ ਬੇਗਮਾਂ ਜੋਧਾ ਤੇ ਸਲੀਮਾ ਬੇਗ਼ਮ ਕਿਤਾਬਾਂ ਪੜ੍ਹਨ ਦੀਆਂ ਸ਼ੌਕੀਨ ਸਨ ਤੇ ਸਲੀਮਾ ਬੇਗ਼ਮ ਬਹੁਤ ਵਧੀਆ ਕਵਿਤਰੀ ਸੀ।ਲੋਕ ਭਲਾਈ ਦੇ ਕਾਰਜਾਂ ਨੇ ਉਸ ਨੂੰ ਪਰਜਾ ਦਾ ਬਹੁਤ ਪਿਆਰਾ ਬਾਦਸ਼ਾਹ ਬਣਾ ਦਿੱਤਾ। ਹਿੰਦੂ ਪਰਜਾ ਨੇ ਉਸ ਨੂੰ 'ਅਕਬਰ' ਦਾ ਨਾਂ ਦਿੱਤਾ।ਅਕਬਰ ਦੇ ਰਾਜ ਨੂੰ ਹਿੰਦੀ ਸਾਹਿਤ ਦਾ ਸੁਨਹਿਰੀ ਯੁੱਗ ਮੰਨਿਆ ਜਾਂਦਾ ਹੈ।
ਪੂਜਾ 9815591967

ਕਲਮਾਂ ਦੇ ਰੰਗ ਸਹਿਤ ਸਭਾ ਦੇ ਸਰਪ੍ਰਸਤ ਡਾ. ਨਿਰਮਲ ਕੌਸ਼ਿਕ ਕਰਮਸ਼ੀਲ ਸੰਸਕ੍ਰਿਤ ਗੌਰਵ ਪੁਰਸਕਾਰ ਨਾਲ ਸਨਮਾਨਿਤ

ਫਰੀਦਕੋਟ, ( ਜਨਸ਼ਕਤੀ ਨਿਊਜ਼ ਬਿਊਰੋ )  ਬ੍ਰਾਹਮਣ ਸਭਾ ਫਰੀਦਕੋਟ ਦੇ ਵੱਲੋਂ ਪਰਸ਼ੂਰਾਮ ਜੈਯੰਤੀ ਨੂੰ ਸਮਰਪਿਤ ਸਨਾਤਨ ਧਰਮ ਮਹਾਵੀਰ ਮੰਦਿਰ ਫਰੀਦਕੋਟ ਵਿੱਚ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿੱਚ 1008 ਸੁਆਮੀ ਕਮਲਪੁਰੀ ਜੀ ਵਿਸ਼ੇਸ਼ ਰੂਪ ਵਿੱਚ ਹਾਜ਼ਰ ਹੋਏ। ਇਸ ਸਮਾਗਮ ਦੌਰਾਨ ਸੁਆਮੀ ਕਮਲਪੁਰੀ ਜੀ ਨੇ ਪਰਸ਼ੂਰਾਮ ਜੀ ਦੇ ਜੀਵਨ , ਸੰਘਰਸ਼ ਤੇ ਸਿੱਖਿਆਵਾਂ ਬਾਰੇ ਜਾਣਕਾਰੀ ਦਿੱਤੀ। ਬ੍ਰਾਹਮਣ ਸਭਾ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਉਹਨਾਂ ਨੇ ਕਰਮਸ਼ੀਲ ਸੰਸਕ੍ਰਿਤ ਗੌਰਵ ਪੁਰਸਕਾਰ ਸ਼ੁਰੂ ਕੀਤਾ ਹੈ। ਉਹਨਾਂ ਕਿਹਾ ਕਿ ਇਸ ਵਾਰ ਸਭਾ ਵੱਲੋਂ ਕਰਮਸ਼ੀਲ ਸੰਸਕ੍ਰਿਤ ਗੌਰਵ ਪੁਰਸਕਾਰ ਡਾ. ਨਿਰਮਲ ਕੌਸ਼ਿਕ ਨੂੰ ਦਿੱਤਾ ਜਾ ਰਿਹਾ ਹੈ। ਡਾ. ਨਿਰਮਲ ਕੌਸ਼ਿਕ ਨੂੰ ਕਰਮਸ਼ੀਲ ਸੰਸਕ੍ਰਿਤ ਗੌਰਵ ਪੁਰਸਕਾਰ ਮਿਲਣ ਤੇ ਕਲਮਾਂ ਦੇ ਰੰਗ ਸਾਹਿਤ ਸਭਾ ਫਰੀਦਕੋਟ ਦੇ ਅਹੁਦੇਦਾਰਾਂ ਤੇ ਸਮੂਹ ਮੈਂਬਰ ਸਾਹਿਬਾਨਾਂ ਨੇ ਡਾ. ਨਿਰਮਲ ਕੌਸ਼ਿਕ ਨੂੰ ਵਧਾਈ ਦਿੱਤੀ।  ਸਭਾ ਦੇ ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ , ਪ੍ਰਧਾਨ ਸ਼ਿਵਨਾਥ ਦਰਦੀ ,ਜਨਰਲ ਸਕੱਤਰ ਵਤਨਵੀਰ ਵਤਨ ਨੇ ਵਧਾਈ ਸੰਦੇਸ਼ ਦਿੰਦੇ ਹੋਏ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੀ ਸਭਾ ਇੱਕ ਮਹਾਨ ਵਿਦਵਾਨ ਦੀ ਸਰਪ੍ਰਸਤੀ ਹੇਠ ਚੱਲ ਰਹੀ ਹੈ। ਸਭਾ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਰੱਬ ਅੱਗੇ ਅਰਦਾਸ ਕੀਤੀ ਕਿ ਰੱਬ ਉਹਨਾਂ ਦੀ ਲਿਖਤ ਚ ਬਰਕਤ ਪਾਵੇ ਤੇ ਉਹ ਇਸੇ ਤਰ੍ਹਾਂ ਮਾਣ ਸਨਮਾਨ ਹਾਸਿਲ ਕਰਦੇ ਰਹਿਣ।

5 ਮਈ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਵਿਸ਼ੇਸ਼ ✍️ ਸ. ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)

ਜਨੇਊ ਲਾਹੁਣ ਤੋਂ ਜਨੇਊ ਬਚਾਉਣ ਤੱਕ,ਮੀਰੀ-ਪੀਰੀ ਦੇ ਸਿਧਾਂਤ ਤੋਂ ਖਾਲਸਾ ਸਜਾਉਣ ਤੱਕ ਹਮੇਸ਼ਾਂ ਹੀ ਜਿਸ ਧਰਮ ਵਿੱਚ ਇਨਸਾਨੀਅਤ ਨੂੰ ਸਭ ਤੋਂ ਉੱਪਰ ਰੱਖਿਆ ਗਿਆ। ਉਸੇ ਧਰਮ ਦੇ ਪ੍ਰਚਾਰਕ ਗੁਰੂ ਸਾਹਿਬਾਨ ਦਾ ਜਿਕਰ ਕਰਦਿਆਂ ਸਭ ਤੋਂ ਵਡੇਰੀ ਉਮਰ ਦੇ ਸ਼ਾਂਤ ਸੁਭਾਅ ਦੇ ਮਾਲਕ ਗੁਰੂ ਅਮਰਦਾਸ ਜੀ ਦੇ ਅੱਜ ਪ੍ਰਕਾਸ਼ ਪੁਰਬ ਤੇ ਨਤਮਸਤਕ ਹੁੰਦਿਆਂ, ਆਓ ਅੱਜ ਗੁਰੂ ਸਾਹਿਬ ਜੀ ਦੇ ਜੀਵਨ, ਬਾਣੀ ਤੇ ਉਹਨਾਂ ਦੇ ਸਿੱਖੀ ਦੇ ਵਿਕਾਸ ਵਿੱਚ ਪਾਏ ਯੋਗਦਾਨ ਨਾਲ਼ ਸਾਂਝ ਬਣਾਈਏ।

ਜਨਮ ਤੇ ਪਰਿਵਾਰ:- ਗੁਰੂ ਜੀ ਦਾ ਜਨਮ 14 ਵੈਸਾਖ 1536 ਸੰਮਤ (5 ਮਈ 1479 ਈ:) ਨੂੰ ਪਿੰਡ ਬਾਸਰਕੇ ਜਿਲ੍ਹਾ ਅੰਮ੍ਰਿਤਸਰ ਵਿਖੇ ਮਾਤਾ ਸੁਲੱਖਣੀ ਜੀ ਅਤੇ ਪਿਤਾ ਤੇਜ ਭਾਨ ਜੀ ਦੇ ਘਰ ਹੋਇਆ। ਸ੍ਰੀ ਗੁਰੂ ਅਮਰਦਾਸ ਜੀ ਉਮਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ 10 ਸਾਲ ਨਿੱਕੇ ਸਨ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਕਰੀਬ 25 ਸਾਲ ਵੱਡੇ ਸਨ।

ਗੁਰੂ ਜੀ ਚਾਰ ਭਰਾਵਾਂ ਵਿਚੋਂ ਸਭ ਤੋਂ ਵੱਡੇ ਸਨ। ਆਪ ਜੀ ਤੋਂ ਛੋਟੇ ਭਾਈ ਈਸ਼ਰ ਦਾਸ ਜੀ ਸਨ,ਜਿਨ੍ਹਾਂ ਦੇ ਸਪੁੱਤਰ ਭਾਈ ਗੁਰਦਾਸ ਜੀ ਸਨ। ਆਪ ਜੀ ਦੇ ਦੂਜੇ ਭਰਾ ਭਾਈ ਖੇਮ ਰਾਜ ਜੀ ਸਨ,ਜਿਨ੍ਹਾਂ ਦੇ ਸਪੁੱਤਰ ਬਾਬਾ ਸਾਵਨ ਮੱਲ ਜੀ ਸਨ। ਆਪ ਜੀ ਦੇ ਤੀਜੇ ਭਰਾ ਭਾਈ ਮਾਣਕ ਚੰਦ ਜੀ ਸਨ,ਜਿਨ੍ਹਾਂ ਦੇ ਸਪੁੱਤਰ ਜਸੂ ਜੀ ਨਾਲ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਵਿਆਹੀ ਹੋਈ ਸੀ। 

ਵਿਆਹ ਤੇ ਔਲਾਦ:- ਗੁਰੂ ਜੀ ਦਾ ਵਿਆਹ 1503 ਈ: ਵਿੱਚ, ਦੇਵੀ ਚੰਦ ਬਹਿਲ ਦੀ ਸਪੁੱਤਰੀ ਮਨਸਾ ਦੇਵੀ ਨਾਲ ਹੋਇਆ। ਆਪ ਜੀ ਦੇ ਦੋ ਸਪੁੱਤਰ ਬਾਬਾ ਮੋਹਰੀ ਅਤੇ ਬਾਬਾ ਮੋਹਨ ਸਨ। ਆਪ ਜੀ ਦੀਆਂ ਦੋ ਧੀਆਂ ਬੀਬੀ ਦਾਨੀ ਅਤੇ ਬੀਬੀ ਭਾਨੀ ਸਨ।

ਨਿਗੁਰੇ ਤੋਂ ਗੁਰੂ ਮੇਲ ਦਾ ਸਬੱਬ:- 

ਪਹਿਲੀ ਵਾਰ 1521 ਵਿੱਚ 42 ਸਾਲ ਦੀ ਉਮਰੇ ਹਰਿਦੁਆਰ ਇਨਸਾਨ ਕਰਨ ਗਏ ਤੇ ਲਗਾਤਾਰ 20 ਵਰ੍ਹੇ 1541ਈ. ਤੱਕ ਇਹ ਯਾਤਰਾ ਇੰਝ ਹੀ ਕਰਦੇ ਰਹੇ। ਇੱਕੀਵੇਂ ਵਰ੍ਹੇ ਮੁੜਦੀ ਵਾਰੀ ਜਦੋਂ ਗੁਰੂ ਜੀ ਵਾਪਸ ਪੰਜਾਬ ਆ ਰਹੇ ਸਨ ਤਾਂ ਉਨ੍ਹਾਂ ਨਾਲ ਇਕ ਵੈਸ਼ਨਵ ਸਾਧੂ ਸਾਥੀ ਮਿਲ ਗਿਆ, ਜੋ ਬਾਸਰਕੇ ਤੱਕ ਉਨ੍ਹਾਂ ਨਾਲ ਹੀ ਆਇਆ। ਪਰ ਜਦੋਂ ਇਥੇ ਆ ਕੇ ਉਸ ਨੂੰ ਇਹ ਪਤਾ ਲੱਗਾ ਕਿ ਗੁਰੂ ਅਮਰਦਾਸ ਜੀ ਨੇ ਅਜੇ ਤੱਕ ਕੋਈ ਗੁਰੂ ਧਾਰਨ ਨਹੀਂ ਕੀਤਾ ਤਾਂ ਉਸ ਨੂੰ ਇਕ ਨਿਗੁਰੇ ਪੁਰਸ਼ ਨਾਲ ਸੰਗ ਕਰਨ ’ਤੇ ਮਾਨਸਿਕ ਤੌਰ ਤੋਂ ਬਹੁਤ ਪਰੇਸ਼ਾਨੀ ਹੋਈ। ਇਸ ਘਟਨਾ ਦਾ ਗੁਰੂ ਅਮਰਦਾਸ ਜੀ ਉੱਪਰ ਡੂੰਘਾ ਅਸਰ ਪਿਆ। 

ਇਕ ਦਿਨ ਗੁਰੂ ਅਮਰਦਾਸ ਜੀ ਦੀ ਨੂੰਹ ਅਤੇ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਪਾਠ ਕਰ ਰਹੀਆਂ ਸਨ। ਉਨ੍ਹਾਂ ਦੇ ਮੁੱਖੋ ਇਹ ਸ਼ਬਦ ਸੁਣਿਆ:-

ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ ॥ 

ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅੰਤੁ ਹਰੇ ॥੧॥ 

ਇਹ ਸ਼ਬਦ ਸੁਣ ਗੁਰੂ ਅਮਰਦਾਸ ਜੀ ਆਪਣੀ ਨੂੰਹ ਨੂੰ ਨਾਲ਼ ਲੈ ਕੇ ਗੁਰੂ ਅੰਗਦ ਦੇਵ ਜੀ ਕੋਲ ਪਹੁੰਚੇ। ਉਸ ਵੇਲੇ ਗੁਰੂ ਜੀ ਦੀ ਉਮਰ 62 ਸਾਲ ਦੇ ਕਰੀਬ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਗੁਰੂ ਅਮਰਦਾਸ ਜੀ ਦੀ ਆਪਸ ਵਿਚ ਕੁੜਮਾਚਾਰੀ ਦੀ ਰਿਸ਼ਤੇਦਾਰੀ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਦਾ ਸਤਿਕਾਰ ਕਰਨਾ ਚਾਹਿਆ ਪਰ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ ’ਤੇ ਸੀਸ ਰੱਖ ਦਿੱਤਾ ਅਤੇ ਬੇਨਤੀ ਕੀਤੀ ਕਿ ਮੈਂ ਗੁਰੂ ਜੀ ਦਾ ਸਿੱਖ ਬਣਨ ਅਤੇ ਆਤਮਿਕ ਗਿਆਨ ਅਤੇ ਸ਼ਾਂਤੀ ਦੀ ਦਾਤ ਲੈਣ ਆਇਆ ਹਾਂ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪ ਦੀ ਬੇਨਤੀ ਕਬੂਲ ਕੀਤੀ।

ਸ੍ਰੀ ਗੁਰੂ ਅਮਰਦਾਸ ਜੀ ਦੀ ਗੁਰਿਆਈ ਦਾ ਸਮਾਂ ਸਿੱਖ ਲਹਿਰ ਦੇ ਵਿਕਾਸ ਵਿਚ ਇਕ ਮਹੱਤਵਪੂਰਨ ਸੀ।

ਸ੍ਰੀ ਗੁਰੂ ਅਮਰਦਾਸ ਜੀ ਦੀ ਸਿੱਖ ਧਰਮ ਨੂੰ ਦੇਣ ਦੇ ਸਬੰਧ ਵਿੱਚ 

,“ਸ੍ਰੀ ਗੁਰੂ ਅਮਰਦਾਸ ਜੀ ਦੇ ਅਧੀਨ ਸਿੱਖ ਧਰਮ ਨੇ ਆਪਣੀ ਇਕ ਵੱਖਰੀ ਹੋਂਦ ਵਿਕਸਿਤ ਕੀਤੀ। ਸਿੱਖ ਧਰਮ ਨੂੰ ਇਕ ਅਲੱਗ ਸੰਸਥਾ ਦਾ ਸਰੂਪ ਪ੍ਰਾਪਤ ਹੋ ਗਿਆ ਅਤੇ ਉਸ ਵਿਚ ਪੁਰਾਣੇ ਰੀਤੀ ਰਿਵਾਜ ਅਤੇ ਰਸਮਾਂ ਦੀ ਥਾਂ ਨਵੇਂ ਰੀਤੀ ਰਿਵਾਜ ਸ਼ੁਰੂ ਕੀਤੇ ਗਏ।"(ਡਾ.ਇੰਦੂ ਭੂਸ਼ਣ ਬੈਨਰਜੀ)

ਸਤੀ ਪ੍ਰਥਾ:- ਗੁਰੂ ਜੀ ਨੇ ਉਸ ਸਮੇਂ ਦੇ ਸਮਾਜ ਵਿਚ ਆਈਆਂ ਕੁਰੀਤੀਆਂ ਦਾ ਖੰਡਨ ਵੀ ਕੀਤਾ। ਸ੍ਰੀ ਗੁਰੂ ਅਮਰਦਾਸ ਜੀ ਨੇ ‘ਸਤੀ’ ਰਸਮ ਵਿਰੁੱਧ ਆਪਣੀ ਅਵਾਜ਼ ਬੁਲੰਦ ਕਰਦਿਆਂ ਕਿਹਾ:-

ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿੑ॥

ਨਾਨਕ ਸਤੀਆ ਜਾਣੀਅਨ੍‍ ਜਿ ਬਿਰਹੇ ਚੋਟ ਮਰੰਨਿੑ॥ (ਅੰਗ ੭੮੭) 

ਪਰਦਾ ਪ੍ਰਥਾ:- ਗੁਰੂ ਜੀ ਨੇ ਸਮਾਜ ਵਿੱਚ ਪ੍ਰਚਲਿਤ ਪਰਦਾ ਪ੍ਰਥਾ ਨੂੰ ਸਮਾਪਤ ਕੀਤਾ। ਗੁਰੂ ਜੀ ਨੇ ਸੰਗਤ ਵਿਚ ਆਉਣ ਵਾਲੀਆਂ ਔਰਤਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਪਰਦਾ ਨਾ ਕਰਨ ਕਿਉਂਕਿ ਇਹ ਪ੍ਰਥਾ ਇਸਤਰੀ ਜਾਤੀ ਦੇ ਮਾਨਸਿਕ, ਬੌਧਿਕ ਵਿਕਾਸ ਵਿਚ ਰੁਕਾਵਟ ਪਾਉਂਦੀ ਹੈ। 

ਪੁਨਰ-ਵਿਆਹ ਤੇ ਬਾਲ ਵਿਆਹ: ਗੁਰੂ ਜੀ ਨੇ ਵਿਧਵਾ-ਵਿਆਹ ਅਤੇ ਪੁਨਰ¬ਵਿਆਹ ਦੀ ਆਗਿਆ ਦੇ ਕੇ ਪ੍ਰਚਲਿਤ ਬੰਧਨਾਂ ਨੂੰ ਤੋੜਿਆ ਅਤੇ ਛੋਟੀ ਉਮਰ ਵਿਚ ਵਿਆਹ ਕਰਨ ਦੇ ਰਿਵਾਜ ਨੂੰ ਖਤਮ ਕੀਤਾ।

ਮੰਜੀ ਪ੍ਰਥਾ:- “ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸਿੱਖੀ ਦਾ ਘੇਰਾ ਦਿਨ¬ਬ-ਦਿਨ ਵਿਸ਼ਾਲ ਹੁੰਦਾ ਜਾ ਰਿਹਾ ਸੀ। ਇਸ ਆਸ਼ੇ ਨੂੰ ਮੁੱਖ ਰੱਖ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਸਾਰੇ ਸਿੱਖ ਜਗਤ ਨੂੰ 22 ਹਿੱਸਿਆ ਵਿਚ ਵੰਡਿਆ ਤੇ ਇਨ੍ਹਾਂ ਥਾਵਾਂ ਉੱਤੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਯੋਗ ਤੇ ਮੁਖੀ ਸਿੱਖਾਂ ਨੂੰ ਨਿਯਤ ਕੀਤਾ ਜਾਂਦਾ ਸੀ। ਜਿਸ ਗੁਰਸਿੱਖ ਨੂੰ ਸਤਿਗੁਰੂ ਵੱਲੋਂ ਪ੍ਰਚਾਰਕ ਨਿਯੁਕਤ ਕੀਤਾ ਜਾਂਦਾ, ਆਖਿਆ ਜਾਂਦਾ ਸੀ ਕਿ ਉਸ ਨੂੰ ‘ਮੰਜੀ’ ਦੀ ਬਖ਼ਸ਼ਿਸ਼ ਹੋਈ ਹੈ। ਕਿਉਂਕਿ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਆਮ ਤੌਰ ’ਤੇ ਸੰਗਤਾਂ ਨੂੰ ਮੰਜੀ ’ਤੇ ਬੈਠ ਕੇ ਹੀ ਉਪਦੇਸ਼ ਦਿੰਦੇ ਸਨ ਇਸ ਲਈ ਗੁਰੂ ਸਾਹਿਬ ਦੇ ਸਮੇਂ ਤੋਂ ਹੀ ‘ਮੰਜੀ’ ਦਾ ਸ਼ਬਦ ਪ੍ਰਚਾਰਕਾਂ ਲਈ ਵਰਤਿਆ ਜਾਣ ਲੱਗਾ।”- ਜੀ. ਐਸ. (ਛਾਬੜਾ)

 “ਦੂਰ¬ਦੂਰ ਤਕ ਫੈਲ ਚੁੱਕੀ ਸਿੱਖੀ ਨੂੰ ਕੇਂਦਰ ਨਾਲ ਜੋੜ ਕੇ ਜਥੇਬੰਦ ਕਰਨ ਵੱਲ ਚੁੱਕਿਆ ਇਹ ਕਦਮ ਸਿੱਖ ਰਾਜਨੀਤਿਕ ਸ਼ਕਤੀ ਦਾ ਮੁੱਢ ਕਿਹਾ ਜਾ ਸਕਦਾ ਹੈ- ਸ੍ਰੀ ਨਿਰੰਜਨ ਰੇਅ 

ਗੋਇੰਦਵਾਲ ਨਗਰ ਦੀ ਸਥਾਪਨਾ:- ਸਿੱਖ ਧਰਮ ਦੇ ਵਿਕਾਸ ਵਿਚ ਸ੍ਰੀ ਗੁਰੂ ਅਮਰਦਾਸ ਜੀ ਦਾ ਵਿਸ਼ੇਸ਼ ਯੋਗਦਾਨ ‘ਗੋਇੰਦਵਾਲ’ ਨਗਰ (ਸਿੱਖ ਸਭਿਆਚਾਰ ਦਾ ਕੇਂਦਰ) ਦੀ ਸਥਾਪਨਾ ਕਰਨਾ ਸੀ। ਸ੍ਰੀ ਗੁਰੂ ਅਮਰਦਾਸ ਜੀ ਨੇ ਜਿੱਥੇ ਅਧਿਆਤਮਿਕ ਤੇ ਵਪਾਰਕ ਦ੍ਰਿਸ਼ਟੀ ਤੋਂ ਗੋਇੰਦਵਾਲ ਸਾਹਿਬ ਦੀ ਸਿਰਜਨਾ ਕਰਨੀ ਸ਼ੁਰੂ ਕਰ ਦਿੱਤੀ, ਉੱਥੇ ਨਾਲ ਹੀ ਨਾਲ ਉਨ੍ਹਾਂ ਦੀਆਂ ਸਮਾਜਿਕ ਤੇ ਆਰਥਿਕ ਲੋੜਾਂ ਪੂਰੀਆਂ ਕਰਨ ਵੱਲ ਵੀ ਪੂਰਨ ਤੌਰ ਤੇ ਚੇਤੰਨ ਸਨ। ਇੱਥੇ ਰਹਿੰਦਿਆਂ ਹੀ ਉਨ੍ਹਾਂ ਨੇ ਪੰਗਤ ਤੇ ਸੰਗਤ ਦੀ ਪਰੰਪਰਾ ਨੂੰ ਮਜ਼ਬੂਤ ਕੀਤਾ। ਉੱਥੇ ਹੀ ਗੁਰੂ ਸਾਹਿਬ ਨੇ ਭਾਈ ਜੇਠਾ ਜੀ ਦੀ ਆਚਰਣ ਉਸਾਰੀ ਕੀਤੀ, ਉਨ੍ਹਾਂ ਨੂੰ ਗੁਰਗੱਦੀ ਬਖ਼ਸ਼ੀ ਤੇ “ਦੋਹਿਤਾ-ਬਾਣੀ ਦਾ ਬੋਹਿਥਾ” ਦੀ ਅਸੀਸ ਬਾਲਕ (ਗੁਰੂ) ਅਰਜਨ ਜੀ ਨੂੰ ਦਿੱਤੀ। ਇਸੇ ਅਸਥਾਨ ’ਤੇ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਦੀ ਪ੍ਰਤਿਭਾ ਦੀ ਉਸਾਰੀ ਹੋਈ।

ਬਾਉਲੀ ਸਾਹਿਬ:- ਗੁਰੂ ਸਾਹਿਬ ਨੇ ਗੋਇੰਦਵਾਲ ਵਿਖੇ 84 ਪੌੜੀਆਂ ਵਾਲੀ ਇਕ ਬਹੁਤ ਵੱਡੀ ਬਾਉਲੀ ਬਣਵਾਈ, ਜਿਸ ਵਿਚੋਂ ਬਿਨਾਂ ਕਿਸੇ ਮਜ਼੍ਹਬ, ਜਾਤ-ਪਾਤ, ਵਿਤਕਰੇ-ਵੰਡ ਦੇ ਸਾਰੇ ਲੋਕ ਪਾਣੀ ਭਰ ਕੇ ਲਿਜਾਂਦੇ ਤੇ ਇਸ਼ਨਾਨ ਕਰਦੇ ਸਨ।

ਪਹਿਲੇ ਪੰਗਤ ਪਾਛੇ ਸੰਗਤ:- ਲੰਗਰ ਦੀ ਮਰਯਾਦਾ ਨੇ ਲੋਕਾਂ ਨੂੰ ਸਮਾਜਿਕ ਵਿਤਕਰੇ ਮਿਟਾ ਕੇ ਇਕ ਦੂਜੇ ਪ੍ਰਤੀ ਪਿਆਰ ਤੇ ਭਰਾਤਰੀ ਭਾਵਨਾ ਪੈਦਾ ਕਰਨ ਵਿਚ ਕਾਫੀ ਮਦਦ ਕੀਤੀ”। ਮੁਗ਼ਲ ਬਾਦਸ਼ਾਹ ਅਕਬਰ ਜਦੋਂ ਗੁਰੂ ਸਾਹਿਬ ਨੂੰ ਮਿਲ਼ਨ ਆਇਆ ਤਾਂ ਉਸ ਨੇ ਵੀ ਗੁਰੂ ਜੀ ਦੇ ਹੁਕਮ ਨੂੰ ਮੰਨਦਿਆਂ ਪੰਗਤ ਵਿਚ ਬੈਠ ਕੇ ਲੰਗਰ ਛਕਿਆ ਅਤੇ ਫਿਰ ਗੁਰੂ ਸਾਹਿਬ ਦੇ ਦਰਸ਼ਨ ਕੀਤੇ। ਇਸ ਪ੍ਰਕਾਰ ਗੁਰੂ ਸਾਹਿਬ ਨੇ ‘ਪਹਿਲੇ ਪੰਗਤ ਪਾਛੇ ਸੰਗਤ’ ਦੀ ਮਰਯਾਦਾ ਸਥਾਪਿਤ ਕੀਤੀ।

ਬਾਣੀ ਰਚਨਾ:- 

ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ 31 ਰਾਗਾਂ ਵਿੱਚ ਬਾਣੀ ਦਰਜ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ 19 ਰਾਗਾਂ ਵਿੱਚ ਰਚੀ ਸੀ।

ਗੁਰੂ ਅਮਰਦਾਸ ਜੀ ਨੇ ਗੁਰੂ ਨਾਨਕ ਜੀ ਵਾਲ਼ੇ ਤਿਲੰਗ ਤੇ ਤੁਖਾਰੀ ਰਾਗ ਤੋਂ ਇਲਾਵਾ ਬਾਕੀ 17 ਰਾਗਾਂ ਵਿੱਚ ਆਪਣੀ ਬਾਣੀ ਰਚੀ। 

ਗੁਰੂ ਜੀ ਦੀ ਬਾਣੀ ਵਿੱਚ ਸ਼ਬਦ 172, ਆਸਟਪਦੀਆਂ 91,ਛੰਤ 20, ਵਾਰਾਂ 4( ਗੂਜਰੀ,ਸੂਹੀ, ਰਾਮਕਲੀ ਤੇ ਮਾਰੂ) ਇਹਨਾਂ ਚਾਰਾਂ ਵਾਰਾਂ ਦੀਆਂ ਪਉੜੀਆਂ ਦੀ ਗਿਣਤੀ 85 ਹੈ। ਗੁਰੂ ਅਮਰਦਾਸ ਜੀ ਦੇ ਵਾਰਾਂ ਦੀਆਂ ਪਉੜੀਆਂ ਨਾਲ਼ ਹੋਏ ਦਰਜ ਸ਼ਲੋਕਾਂ ਦੀ ਗਿਣਤੀ 343 ਹੈ। ਗੁਰੂ ਗ੍ਰੰਥ ਸਾਹਿਬ ਦੇ ਅਖੀਰ ਵਿੱਚ ਦਰਜ ਸ਼ਲੋਕਾਂ ਵਿੱਚ ਗੁਰੂ ਅਮਰਦਾਸ ਜੀ ਦੇ 67 ਸਲੋਕ ਦਰਜ ਹਨ। ਗੁਰੂ ਅਮਰਦਾਸ ਜੀ ਦੀ ਗੁਰੂ ਨਾਨਕ ਜੀ ਵਾਂਗ ਪੱਟੀ ਦੀ ਰਚਨਾ ਕੀਤੀ ਹੋਈ ਮਿਲ਼ਦੀ ਹੈ।

ਗੁਰੂ ਅਮਰਦਾਸ ਜੀ ਦੀ ਬਾਣੀ ਅਨੰਦ ਸਾਹਿਬ ਰਾਗ ਰਾਮਕਲੀ ਵਿੱਚ ਲਿਖੀ ਕਾਵਿ-ਰਚਨਾ ਹੈ। ਇਹ ਬਾਣੀ ਗੁਰੂ ਗਰੰਥ ਸਾਹਿਬ ਦੇ ਅੰਗ 917 ਤੋਂ 922 ਤੱਕ ਦਰਜ਼ ਹੈ। ਅਨੰਦ ਸਾਹਿਬ ਦੀਆਂ 40 ਪਉੜੀਆ ਹਨ।

ਜੋਤੀ ਜੋਤ ਸਮਾਉਣਾ:- ਗੁਰੂ ਜੀ ਆਪਣੀ ਉਮਰ ਹੰਢਾਉਂਦਿਆਂ 1574 ਈ: ਨੂੰ ਗੋਇੰਦਵਾਲ ਵਿਖੇ ਜੋਤੀ-ਜੋਤ ਸਮਾਂ ਗਏ।

ਸ. ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)

ਨਵਜੋਤ ਸਿੱਧੂ ਨੇ ਰੇਲਵੇ ਲਾਈਨਾਂ 'ਤੇ ਬੈਠ ਕੇ ਨਸ਼ਾ ਵੇਚਣ ਵਾਲੇ ਵਿਅਕਤੀ ਦੀ ਵੀਡੀਓ ਕੀਤੀ ਟਵੀਟ

CM ਭਗਵੰਤ ਮਾਨ ਅਤੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਚੁੱਕੇ ਸਵਾਲ
ਚੰਡੀਗੜ੍ਹ, 4 ਮਈ (ਜਨਸ਼ਕਤੀ ਨਿਊਜ਼ ਬਿਊਰੋ  ) ਪੰਜਾਬ 'ਚ ਰੇਲਵੇ ਲਾਈਨਾਂ 'ਤੇ ਬੈਠ ਕੇ ਨਸ਼ਾ ਵੇਚਣ ਵਾਲੇ ਵਿਅਕਤੀ ਦੀ ਇੱਕ ਵੀਡੀਓ ਅੱਜ ਸਵੇਰ ਤੋਂ ਵਾਇਰਲ ਹੋ ਰਹੀ ਹੈ। ਨਵਜੋਤ ਸਿੰਘ ਸਿੱਧੂ ਨੇ ਇਸ ਵੀਡੀਓ ਨੂੰ ਟਵੀਟ ਕਰਕੇ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਸਵਾਲ ਖੜ੍ਹੇ ਕੀਤੇ ਹਨ। ਸਿੱਧੂ ਨੇ ਟਵੀਟ 'ਚ ਕਿਹਾ ਹੈ ਕਿ ਇਹ ਵੀਡੀਓ ਫਰੀਦਕੋਟ ਨੇੜੇ ਕਿਸੇ ਥਾਂ ਦੀ ਹੈ।ਨਸ਼ੇ ਨੂੰ ਖਤਮ ਕਰਨ ਲਈ ਭਗਵੰਤ ਮਾਨ ਸਰਕਾਰ ਨੇ ਪੁਲਸ ਨੂੰ ਨਸ਼ਾ ਤਸਕਰਾਂ ਨਾਲ ਸਖਤੀ ਨਾਲ ਨਜਿੱਠਣ ਦੇ ਹੁਕਮ ਦਿੱਤੇ ਹਨ। ਇਸ ਦੇ ਬਾਵਜੂਦ ਨਸ਼ਾ ਸ਼ਰੇਆਮ ਵਿਕ ਰਿਹਾ ਹੈ।ਅੱਜ ਬੁੱਧਵਾਰ ਸਵੇਰ ਤੋਂ ਹੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਇੱਕ ਨੌਜਵਾਨ ਰੇਲਵੇ ਲਾਈਨਾਂ 'ਤੇ ਬੈਠੇ ਨੌਜਵਾਨਾਂ, ਨਾਬਾਲਗ ਬੱਚਿਆਂ ਅਤੇ ਔਰਤਾਂ ਨੂੰ ਖੁੱਲ੍ਹੇਆਮ ਨਸ਼ਾ ਵੇਚ ਰਿਹਾ ਹੈ।ਸਿੱਧੂ ਨੇ ਕਿਹਾ ਕਿ ਐਸਟੀਐਫ ਦੀ ਰਿਪੋਰਟ ਅਤੇ ਮਾਨਯੋਗ ਹਾਈਕੋਰਟ ਨੇ ਕਈ ਮੌਕਿਆਂ 'ਤੇ ਦੇਖਿਆ ਹੈ ਕਿ ਨਸ਼ਾ ਤਸਕਰਾਂ, ਪੁਲਿਸ ਅਤੇ ਸਿਆਸਤਦਾਨਾਂ ਵਿਚਕਾਰ ਗਠਜੋੜ ਮੌਜੂਦ ਹੈ, ਜਿਸ ਨੂੰ ਤੋੜਨਾ ਅਜੇ ਬਾਕੀ ਹੈ।

ਖੇਤ ਵਿੱਚ ਲਗਾਈ ਅੱਗ ਨੇ ਸਕੂਲ ਬੱਸ ਨੂੰ ਲਿਆ ਲਪੇਟ ’ਚ, 7 ਬੱਚੇ ਝੁਲਸੇ, ਤਿੰਨ ਦੀ ਹਾਲਤ ਗੰਭੀਰ

ਸਿੱਖਿਆ ਮੰਤਰੀ ਮੀਤ ਹੇਅਰ ਨੇ ਡੀਸੀ ਤੋਂ ਲਈ ਰਿਪੋਰਟ

ਗੁਰਦਾਸਪੁਰ, 4 ਮਈ ਜਨਸ਼ਕਤੀ ਨਿਊਜ਼ ਬਿਊਰੋ  )ਬਟਾਲਾ ਦੇ ਨਜ਼ਦੀਕੀ ਪਿੰਡ ਨਵਾਂ ਪਿੰਡ ਬਰੀਕਵਾਲ ਦੇ ਕੋਲ ਇਕ ਕਿਸਾਨ ਵੱਲੋਂ ਖੇਤ ਵਿੱਚ ਨਾੜ ਨੂੰ ਲਗਾਈ ਗਈ ਅੱਗ ਕਾਰਨ ਇਕ ਵੱਡਾ ਹਾਦਸਾ ਵਾਪਰ ਗਿਆ। ਖੇਤ ਵਿੱਚ ਲੱਗੀ ਅੱਗ ਨੇ ਸਕੂਲ ਬੱਸ ਨੂੰ ਆਪਣੇ ਲਪੇਟ ਵਿੱਚ ਲੈ ਲਿਆ ਜਿਸ ਵਿੱਚ 7 ਬੱਚੇ ਝੁਲਸੇ ਗਏ। ਮਿਲੀ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਹਰਿ ਰਾਏ ਪਬਲਿਕ ਸਕੂਲ ਕਿਲਾ ਲਾਲ ਸਿੰਘ ਦੀ ਬੱਸ ਛੁੱਟੀ ਹੋਣ ਤੋਂ ਬਾਅਦ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ। ਖੇਤ ਵਿੱਚ ਲਗਾਈ ਗਈ ਅੱਗ ਕਾਰਨ ਧੂੰਏ ਵਿੱਚ ਬੱਸ ਆਪਣਾ ਸੰਤੁਲਨ ਗੁਆ ਬੈਠੀ ਜਿਸ ਕਾਰਨ ਬੱਸ ਖੇਤਾਂ ਵਿੱਚ ਪਲਟ ਗਈ। ਇਸ ਕਰਨ ਬੱਸ ਨੂੰ ਅੱਗ ਲੱਗ ਗਈ, ਦੱਸਿਆ ਜਾ ਰਿਹਾ ਹੈ ਕਿ 7 ਬੱਚੇ ਅੱਗ ਵਿੱਚ ਸੜ ਗਏ ਜਿਨ੍ਹਾਂ ਵਿੱਚ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਘਟਨਾ ਨੂੰ ਸਿੱਖਿਆ ਮੰਤਰੀ ਨੇ ਗੰਭੀਰਤਾ ਨਾਲ ਲੈਂਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਤੋਂ ਰਿਪੋਰਟ ਮੰਗੀ ਹੈ। ਸਿੱਖਿਆ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ, ਗੁਰੂ ਹਰਿ ਰਾਏ ਪਬਲਿਕ ਸਕੂਲ ਕਿਲਾ ਲਾਲ ਸਿੰਘ ਦੀ ਬੱਸ ਨਾਲ ਵਾਪਰੇ ਹਾਦਸੇ ਦਾ ਗਹਿਰਾ ਦੁੱਖ ਹੋਇਆ। ਇਸ ਸੰਬੰਧੀ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਜੀ ਨਾਲ ਗੱਲ ਕਰਕੇ ਰਿਪੋਰਟ ਲਈ ਅਤੇ ਸਰਕਾਰ ਵੱਲੋਂ ਬੱਚੇ ਦਾ ਇਲਾਜ ਮੁਫ਼ਤ ਕਰਵਾਉਣ ਅਤੇ ਹਰ ਤਰ੍ਹਾਂ ਦੀ ਮੱਦਦ ਮੁਹੱਈਆ ਕਰਵਾਉਣ ਲਈ ਕਿਹਾ ।

 

"ਮੁਸਲਿਮ ਹਿੰਦੂ ਸਿੱਖ ਈਸਾਈ ਭਾਈ ਭਾਈ" ✍️ ਜਸਵੀਰ ਸ਼ਰਮਾਂ ਦੱਦਾਹੂਰ

ਗਲਵੱਕੜੀ ਪਾਈਏ ਦੋਸਤੋ ਰਲਮਿਲ ਪਿਆਰਾਂ ਦੀ।

ਕਦੇ ਕੋਈ ਰੁੱਤ ਨਹੀਂ ਹੁੰਦੀ ਹੈ ਤਕਰਾਰਾਂ ਦੀ।

ਨਫ਼ਰਤਾਂ ਵਾਲੇ ਬੀਜ ਨਹੀਂ ਬੀਜਣੇ ਚਾਹੀਦੇ,

ਭਰਪਾਈ ਨਹੀਂਓਂ ਹੋਣੀ ਪਈਆਂ ਦਰਾਰਾਂ ਦੀ।

ਮੁਸਲਿਮ ਹਿੰਦੂ ਸਿੱਖ ਈਸਾਈ ਭਾਈ ਭਾਈ ਨੇ,

ਰਲਮਿਲ ਸੰਘੀ ਘੁੱਟੀਏ ਆਓ ਗਦਾਰਾਂ ਦੀ।

ਗੁਰੂ ਸਾਹਿਬ ਰਿਸ਼ੀ ਮੁਨੀ ਪੁਰਖੇ ਸੱਭ ਸਮਝਾ ਗਏ ਨੇ,

ਪਹਿਲਾਂ ਸੰਤਾਪ ਬਹੁਤ ਹੀ ਝੱਲੀ ਪਈਆਂ ਮਾਰਾਂ ਦੀ।

ਚੰਦ ਕੁ ਸਿਰ ਫਿਰੇ ਜੋ ਵੰਡੀਆਂ ਪਾਉਂਦੇ ਨੇ,

ਕਰਦੇ ਜੋ ਸਪਲਾਈ ਨੇ ਹਥਿਆਰਾਂ ਦੀ।

ਦੱਦਾਹੂਰੀਆ ਸਾਂਝ ਭਿਆਲੀ ਰੱਖਣੀ ਸਦਾ ਹੀ ਕਾਇਮ ਆਪਾਂ,

ਦਿਲੋਂ ਭੁਲਾਈਏ ਨਫ਼ਰਤ ਪਈਆਂ ਖ਼ਾਰਾਂ ਦੀ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

5 ਮਈ ‘ਤੇ ਵਿਸ਼ੇਸ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਕਾਰਲ ਮਾਰਕਸ 19ਵੀਂ ਸਦੀ ਜਰਮਨ ਦਾ ਮਹਾਨ ਦਾਰਸ਼ਨਿਕ

ਕਾਰਲ ਮਾਰਕਸ ਇੱਕ ਮਹਾਨ ਜਰਮਨ ਦਾਰਸ਼ਨਿਕ , ਸਮਾਜ ਵਿਗਿਆਨੀ, ਇਤਿਹਾਸਕਾਰ, ਅਰਥਸ਼ਾਸਤਰੀ ,ਇਨਕਲਾਬੀ 19ਵੀਂ ਸਦੀ ਵਿੱਚ ਹੋਇਆ ਸੀ।
ਕਾਰਲ ਮਾਰਕਸ ਦਾ ਜਨਮ 5 ਮਈ 1818 ਨੂੰ ਜਰਮਨੀ ਵਿੱਚ ਟਰਾਏਰ ਦੇ ਸ਼ਹਿਰ ਇੱਕ ਯਹੂਦੀ ਪਰਿਵਾਰ ਵਿੱਚ ਹੋਇਆ। ਦੱਸਿਆ ਗਿਆ ਹੈ ਕਿ ਨੌਂ ਬੱਚਿਆਂ ਵਿੱਚੋਂ ਉਹ ਤੀਜਾ ਬੱਚਾ ਸੀ।
ਉਸ ਨੇ ਪਹਿਲੀ ਵਾਰ ਮਨੁੱਖੀ ਸਮਾਜ ਦੀ ਬਣਤਰ ਦੇ ਅਧਾਰ ਅਤੇ ਇਸਦੇ ਵਿਕਾਸ ਦੇ ਨਿਯਮਾਂ ਦਾ ਪਤਾ ਲਾਇਆ। ਮਾਰਕਸ ਦੇ ਖ਼ਿਆਲਾਂ ਨੇ ਮੋਟੇ ਤੌਰ ਤੇ ਸਮਾਜਿਕ ਵਿਗਿਆਨ ਅਤੇ ਖ਼ਾਸ ਤੌਰ ਤੇ ਉਸ ਤੋਂ ਬਾਅਦ ਆਉਣ ਵਾਲੇ ਖੱਬੇ ਪੱਖੀ ਇਨਕਲਾਬੀਆਂ ਦੀ ਮਾਨਸਿਕਤਾ ਤੇ ਡੂੰਘਾ ਅਸਰ ਪਾਇਆ ਹੈ।ਇੱਕ ਵਾਰ ਉਹਨਾਂ ਦੇ ਵਿਚਾਰਾਂ ਨੂੰ ਜਰਮਨ ਸਰਕਾਰ ਸਹਿਣ ਨਾ ਕਰ ਸਕੀ ਅਤੇ ਜਰਮਨ ਸਰਕਾਰ ਦੇ ਵਿਰੋਧੀ ਵਿਹਾਰ ਕਾਰਲ ਕਾਰਲ ਮਾਰਕਸ ਆਪਣੇ ਦੇਸ਼ ਨੂੰ ਛੱਡ ਕੇ ਪੈਰਿਸ ਚਲਾ ਗਿਆ।ਪੈਰਿਸ ਪੁੱਜਣ ਮਗਰੋਂ ਕਾਰਲ ਮਾਰਕਸ ਦਾ ਇੱਕ ਹੋਰ ਜਰਮਨ ਨਾਗਰਿਕ ਫਰੈਡਰਿਕ ਏਂਜਲਸ ਨਾਲ ਮੇਲ ਹੋਇਆ। 1847 ਵਿੱਚ ਇਹ ਦੋਵੇਂ ਮਹਾਨ ਕ੍ਰਾਂਤੀਕਾਰੀ ‘ਕਮਿਊਨਿਸਟ ਲੀਗ’ਨਾਮੀ ਇੱਕ ਗੁਪਤ ਸੰਸਥਾ ਵਿੱਚ ਸਾਮਿਲ ਹੋਏ।ਇਸ ਸੰਮੇਲਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਹੀ ਉਹਨਾਂ ਨੇ ਕਮਿਊਨਿਸਟ ਮੈਨੀਫੈਸਟੋ ਨਾਂ ਦੀ ਮਹਾਨ ਇਤਿਹਾਸ ਦਸਤਾਵੇਜ਼ ਤਿਆਰ ਕੀਤੀ।ਇਸ ਵਿੱਚ ਉਹਨਾਂ ਨੇ ਵਿਸ਼ਵ ਦੇ ਸਾਰੇ ਕਿਰਤੀਆਂ ਨੂੰ ਇੱਕ ਮੁੱਠ ਹੋ ਕੇ ਸਾਮਵਾਦੀ ਕ੍ਰਾਂਤੀ ਲਿਆਉਣ ਦੀ ਪੁਕਾਰ ਦਿੱਤੀ ਸੀ।ਇਹ ਦਸਤਾਵੇਜ਼ 1848 ਈ. ਵਿੱਚ ਪ੍ਰਕਾਸਿਤ ਹੋਈ ।ਇਸ ਸਮੇਂ ਫਰਾਂਸ ਦੀ ਕ੍ਰਾਂਤੀ ਵਾਪਰੀ ਸੀ।ਇਸ ਕਰਕੇ ਮਾਰਕਸ ਨੂੰ ਬਰਸੇਲਜ ਵਿੱਚੋਂ ਵੀ ਕੱਢ ਦਿੱਤਾ ਗਿਆ।ਫਿਰ ਕਾਰਲ ਮਾਰਕਸ ਜਰਮਨੀ ਚਲਾ ਗਿਆ। ਫਿਰ ਜਰਮਨੀ ਵਿੱਚੋ ਵੀ ਕੱਢ ਦਿੱਤਾ ਗਿਆ।ਜਰਮਨੀ ਨੂੰ ਛੱਡਣ ਤੋਂ ਬਾਅਦ ਮਾਰਕਸ ਨੇ ਜੈਨੀ ਵਾਨ ਵੇਸਟਫਾਲੇਨ ਨਾਲ ਵਿਆਹ ਕਰ ਲਿਆ । ਉਸ ਨੇ 1843 ਦੀਆਂ ਗਰਮੀਆਂ ਅਤੇ ਖ਼ਿਜ਼ਾਂ ਕਰੂਜ਼ਨੀਸ਼ ਵਿੱਚ ਗਜ਼ਾਰੀਆਂ, ਜਿੱਥੇ ਉਸ ਨੇ ਹੀਗਲ ਦੇ ਹੱਕ ਦੇ ਦਰਸ਼ਨ ਦਾ ਆਲੋਚਨਾਤਮਿਕ ਅਧਿਐਨ ਸ਼ੁਰੂ ਕੀਤਾ।
ਅਰਥ ਸ਼ਾਸਤਰ ਵਿੱਚ ਮਾਰਕਸ ਦੇ ਕੰਮ ਨੇ ਮਿਹਨਤ ਅਤੇ ਪੂੰਜੀ ਦੇ ਸੰਬੰਧ ਦੇ ਬਾਰੇ ਵਿੱਚ ਸਾਡੀ ਸਮਝ ਲਈ ਆਧਾਰ ਤਿਆਰ ਕੀਤਾ, ਅਤੇ ਬਾਅਦ ਦੇ ਆਰਥਕ ਵਿਚਾਰਾਂ ਨੂੰ ਬਹੁਤ ਪ੍ਰਭਾਵਿਤ ਕੀਤਾ।
ਮਾਰਕਸ ਨੇ ਮਾਰਕਸਵਾਦ ਦਾ ਸਿਧਾਂਤ ਦਿੱਤਾ ਜੋ ਕਿ ਕਾਰਲ ਮਾਰਕਸ ਅਤੇ ਉਸਦੇ ਸਾਥੀ ਫਰੈਡਰਿਕ ਏਜਲਸ ਦੁਆਰਾਂ ਦਿੱਤੇ ਸਿਧਾਂਤਾਂ ਦਾ ਸਮੂਹਿਕ ਨਾਂ ਹੈ।
ਮਾਰਕਸਵਾਦੀ ਸਿਧਾਂਤ ਦੇ ਅਨੁਸਾਰ, ਪੂੰਜੀਵਾਦੀ ਸਮਾਜਾਂ ਵਿੱਚ, ਦੋ ਮੁੱਖ ਜਮਾਤਾਂ ਹੁੰਦੀਆਂ ਹਨ: ਇੱਕ ਦੱਬੀ-ਕੁਚਲੀ ਅਤੇ ਸ਼ੋਸ਼ਿਤ ਪ੍ਰੋਲੇਤਾਰੀ - ਮਾਲ ਅਤੇ ਸੇਵਾਵਾਂ ਦੇ ਨਿਰਮਾਣ ਵਿੱਚ ਲੱਗੀ ਮਜ਼ਦੂਰਾਂ ਦੀ ਸ਼੍ਰੇਣੀ ਅਤੇ ਦੂਜੀ ਬੁਰਜੀਆਜੀ ,ਹਾਕਮ ਜਮਾਤ ਜੋ ਉਤਪਾਦਨ ਦੇ ਸਾਧਨ ਦੀ ਮਾਲਕ ਹੁੰਦੀ ਹੈ ਅਤੇ ਲਾਭ ਦੇ ਰੂਪ ਵਿੱਚ ਪ੍ਰੋਲੇਤਾਰੀ ਦੁਆਰਾ ਤਿਆਰ ਕੀਤੇ ਵਾਧੂ ਲਾਭ ਨੂੰ ਹੜੱਪ ਲੈਣ ਰਾਹੀਂ ਆਪਣੀ ਦੌਲਤ ਵਧਾਉਂਦੀ ਹੈ। ਇਨ੍ਹਾਂ ਦੋਨਾਂ ਸ਼੍ਰੇਣੀਆਂ ਦੇ ਪਦਾਰਥਕ ਹਿੱਤਾਂ ਦਰਮਿਆਨ ਟਕਰਾਅ ਦੇ ਕਾਰਨ ਜਮਾਤੀ ਟਕਰਾਅ ਪੈਦਾ ਹੁੰਦਾ ਹੈ।
ਕਾਰਲ ਮਾਰਕਸ ਦੀਆਂ ਮਹਾਨ ਰਚਨਾਵਾਂ -
1.ਕਮਿਊਨਿਸਟ ਲੀਗ (1848)
2.ਰਾਜਨੀਤਿਕ ਅਰਥ ਮੈਨੀਫੈਸਟੋ (1859)
3.ਦਾਸ ਕੈਪੀਟਲ (1867)
4.ਵੈਲਿਊ ਪ੍ਰਾਈਸ ਪਰੋਫਟ (1867)
ਕਾਰਲ ਮਾਰਕਸ ਨੇ ਬਰਤਾਨਵੀ ਅਜਾਇਬ ਘਰ ਵਿਖੇ ਮਹਾਨ ਗ੍ਰੰਥਾਂ ਦਾ ਅਧਿਐਨ ਕੀਤਾ।ਕਾਰਲ ਮਾਰਕਸ ਦੀ ਮੌਤ 1833 ਸੀ. ਵਿੱਚ ਲੰਡਨ ਵਿਖੇ ਹੋਈ।

ਅਸਿਸਟੈਂਟ ਪ੍ਰੋ. ਗਗਨਦੀਪ ਕੌਰ ਧਾਲੀਵਾਲ
ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੁਕੇਸ਼ਨਲ ਕਾਲਜ ਬਰੇਟਾ ।

ਈਦ-ਉਲ-ਫਿਤਰ ਦਾ ਤਿਉਹਾਰ ਸਰਧਾ-ਭਾਵਨਾ ਨਾਲ ਮਨਾਇਆ

ਹਠੂਰ,3,ਮਈ-(ਕੌਸ਼ਲ ਮੱਲ੍ਹਾ)-ਸਮੂਹ ਗ੍ਰਾਮ ਪੰਚਾਇਤ ਮੀਨੀਆ ਅਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਪਿੰਡ ਮੀਨੀਆ ਵਿਖੇ ਈਦ-ਉਲ-ਫਿਤਰ ਦਾ ਤਿਉਹਾਰ ਬਹੁਤ ਹੀ ਸਰਧਾ-ਭਾਵਨਾ ਨਾਲ ਮਨਾਇਆ ਗਿਆ।ਇਸ ਮੌਕੇ ਮੋਲਵੀ ਤਾਲਿਬ ਮਲੇਰਕੋਟਲੇ ਵਾਲਿਆ ਨੇ ਈਦ-ਉਲ-ਫਿਤਰ ਦੀਆ ਮੁਬਾਰਕਾ ਦਿੱਤੀਆ ਅਤੇ ਅੱਲਾ ਪਾਕ ਅੱਗੇ ਦੁਆ ਕੀਤੀ ਗਈ।ਇਸ ਮੌਕੇ ਉਘੇ ਸਮਾਜ ਸੇਵਕ ਇਕਬਾਲ ਮਹੁੰਮਦ ਸੋਹਲ ਨੇ ਕਿਹਾ ਕਿ ਸਾਨੂੰ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਅਜਿਹੇ ਸਮਾਗਮ ਪਾਰਟੀਬਾਜੀ ਤੋ ਉੱਪਰ ਉੱਠ ਕੇ ਮਨਾਉਣੇ ਚਾਹੀਦੇ ਹਨ।ਇਸ ਮੌਕੇ ਮੋਲਵੀ ਤਾਲਿਬ ਮਲੇਰਕੋਟਲੇ ਵਾਲੇ ਨੂੰ ਇਕਬਾਲ ਮਹੁੰਮਦ ਅਤੇ ਸਮਾਗਮ ਦੀ ਸਮੂਹ ਪ੍ਰਬੰਧਕੀ ਕਮੇਟੀ ਵੱਲੋ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਬਿੱਲੂ ਮੀਨੀਆ,ਸਰਪੰਚ ਜਗਸੀਰ ਸਿੰਘ,ਜਮੀਰ ਖਾਂ,ਨਸੀਬ ਮਹੁੰਮਦ,ਹਰਮੀਤ ਖਾਂ,ਕਰਮਜੀਤ ਖਾਂ,ਜਸਪ੍ਰੀਤ ਖਾਨ,ਜਸਪ੍ਰੀਤ ਸੋਹਲ,ਰਵੀ ਖਾਂ,ਰਾਜੂ ਖਾਂ,ਗੋਰਾ ਖਾਂ,ਸਲੀਮ ਖਾਂ,ਆਸਿਫ ਅਲੀ,ਰੁਲਦੂ ਖਾਂ,ਨਾਇਬ ਖਾਂ,ਬਾਬੂ ਖਾਂ ਅਤੇ ਸਮੂਹ ਗ੍ਰਾਮ ਪੰਚਾਇਤ ਮੀਨੀਆ ਹਾਜ਼ਰ ਸੀ।
 

ਸੋਨੇ ਦਾ ਤਗਮਾ ਜੇਤੂ ਬਾਕਸਿੰਗ ਖਿਡਾਰਨ ਜਸਨਪ੍ਰੀਤ ਕੌਰ ਨੂੰ ਕੀਤਾ ਸਨਮਾਨਿਤ

ਹਠੂਰ,3,ਮਈ-(ਕੌਸ਼ਲ ਮੱਲ੍ਹਾ)-ਕੁਝ ਦਿਨ ਪਹਿਲਾ 18 ਸਾਲ ਦੀ ਉਮਰ ਵਰਗ ਦੇ ਸੂਬਾ ਪੱਧਰੀ ਬਾਕਸਿੰਗ ਮੁਕਾਬਲੇ ਖੇਡ ਸਟੇਡੀਅਮ ਫਗਵਾੜਾ ਵਿਖੇ ਹੋਏ।ਇਨ੍ਹਾ ਮੁਕਾਬਲਿਆ ਵਿਚ ਪੰਜਾਬ ਦੇ ਖਿਡਾਰੀਆ ਨੇ ਵੱਧ ਚੜ੍ਹ ਕੇ ਭਾਗ ਲਿਆ।ਇਨ੍ਹਾ ਮੁਕਾਬਲਿਆ ਵਿਚ 57 ਕਿਲੋਗ੍ਰਾਮ ਵਰਗ ਭਾਰ ਵਿਚੋ ਪਿੰਡ ਰਣਧੀਰਗੜ੍ਹ ਦੀ ਜੰਮਪਲ ਖਿਡਾਰਨ ਜਸਨਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨੇ ਦਾ ਤਗਮਾ ਜਿੱਤਿਆ।ਇਸ ਜਿੱਤ ਦੀ ਖੁਸੀ ਵਿਚ ਪਿੰਡ ਰਣਧੀਰਗੜ੍ਹ ਵਿਖੇ ਸਨਮਾਨ ਸਮਾਗਮ ਕਰਵਾਇਆ ਗਿਆ।ਇਸ ਮੌਕੇ ਸਾਬਕਾ ਸਰਪੰਚ ਕੈਪਟਨ ਬਲੌਰ ਸਿੰਘ ਭੰਮੀਪੁਰਾ ਕਲਾਂ ਨੇ ਕਿਹਾ ਕਿ ਸਾਡੇ ਇਲਾਕੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ ਗੁਆਢੀ ਪਿੰਡ ਰਣਧੀਰਗੜ੍ਹ ਦੀ ਧੀ ਜਸਨਪ੍ਰੀਤ ਕੌਰ ਨੇ ਸਖਤ ਮਿਹਨਤ ਕਰਕੇ ਅੱਜ ਪੰਜਾਬ ਪੱਧਰ ਦੀਆ ਖੇਡਾ ਵਿਚੋ ਸੋਨੇ ਦਾ ਤਗਮਾ ਜਿੱਤ ਕੇ ਆਪਣਾ,ਆਪਣੇ ਮਾਪਿਆ ਅਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ।ਉਨ੍ਹਾ ਕਿਹਾ ਕਿ ਅਸੀ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਜਸਨਪ੍ਰੀਤ ਕੌਰ ਨੈਸਨਲ ਅਤੇ ਵਰਲਡ ਪੱਧਰ ਤੇ ਆਪਣੀ ਖੇਡ ਦਾ ਪ੍ਰਦਰਸਨ ਕਰਕੇ ਪਹਿਲਾ ਸਥਾਨ ਪ੍ਰਾਪਤ ਕਰੇ।ਇਸ ਮੌਕੇ ਕੈਪਟਨ ਬਲੌਰ ਸਿੰਘ ਨੇ ਨਗਦ ਰਾਸੀ ਅਤੇ ਸਿਰਪਾਓ ਪਾ ਕੇ ਜਸਨਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾ ਨਾਲ ਆਮ-ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਸੁਰਿੰਦਰ ਸਿੰਘ ਸੱਗੂ,ਪ੍ਰਸਿੱਧ ਢਾਡੀ ਭਾਈ ਪ੍ਰਿਤਪਾਲ ਸਿੰਘ ਪਾਰਸ,ਸਰਪੰਚ ਸਰਬਜੀਤ ਕੌਰ,ਸਮਾਜ ਸੇਵਕ ਕਰਮਜੀਤ ਸਿੰਘ,ਅੰਮ੍ਰਿਤਪਾਲ ਸਿੰਘ ਕੁੱਕੂ ਪਹਿਲਵਾਨ,ਬੀਬੀ ਵੀਰਪਾਲ ਕੌਰ,ਪ੍ਰਧਾਨ ਬਲਵਿੰਦਰ ਸਿੰਘ,ਦਵਿੰਦਰ ਸਿੰਘ,ਲਖਵੀਰ ਸਿੰਘ ਕਾਲਾ,ਬਲਵੀਰ ਸਿੰਘ,ਪ੍ਰਧਾਨ ਸੁਰਿੰਦਰ ਸਿੰਘ ਭੰਮੀਪੁਰਾ,ਨਿਰੰਜਣ ਸਿੰਘ,ਹਰਚੰਦ ਸਿੰਘ,ਕਿਰਨਦੀਪ ਕੌਰ,ਯੂਥ ਆਗੂ ਪ੍ਰਿਤਪਾਲ ਸਿੰਘ ਰਣਧੀਰਗੜ੍ਹ,ਕਬੱਡੀ ਖਿਡਾਰੀ ਜਸਵਿੰਦਰ ਸਿੰਘ ਹਾਸ਼,ਤੇਜਾ ਸਿੰਘ,ਗੁਰਮੇਲ ਸਿੰਘ,ਮੋਹਣ ਸਿੰਘ,ਪਰਸਨ ਸਿੰਘ,ਰਣਜੀਤ ਸਿੰਘ,ਕਰਮਜੀਤ ਸਿੰਘ ਆਦਿ ਹਾਜ਼ਰ ਸਨ।  

ਅੱਖਾ ਦਾ ਫਰੀ ਚੈਕ ਅੱਪ ਕੈਪ ਲਗਾਇਆ ਗਿਆ

ਹਠੂਰ,2,ਮਈ-(ਕੌਸ਼ਲ ਮੱਲ੍ਹਾ)-ਗਦਰੀ ਬਾਬਾ ਹਰਦਿੱਤ ਸਿੰਘ ਯਾਦਗਾਰੀ ਕਲੱਬ ਲੰਮਾ ਅਤੇ ਦਸ਼ਮੇਸ ਯੂਥ ਵੈਲਫੇਅਰ ਕਲੱਬ ਲੰਮਾ ਦੀ ਅਗਵਾਈ ਹੇਠ ਸਵ:ਸਰਦਾਰਾ ਸਿੰਘ ਤੱਤਲਾ ਦੀ ਯਾਦ ਨੂੰ ਸਮਰਪਿਤ ਬਲਜੀਤ ਸਿੰਘ ਕੈਨੇਡਾ ਅਤੇ ਅਰਸ਼ ਸਿੰਘ ਕੈਨੇਡਾ ਦੇ ਵਿਸ਼ੇਸ ਯੋਗਦਾਨ ਸਦਕਾ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਪੰਜੂਆਣਾ ਸਾਹਿਬ ਪਿੰਡ ਲੰਮਾ ਵਿਖੇ ਸਲਾਨਾ ਅੱਖਾ ਦਾ ਫਰੀ ਚੈੱਕ ਅੱਪ ਕੈਪ ਲਗਾਇਆ ਗਿਆ।ਇਸ ਕੈਂਪ ਦਾ ਉਦਘਾਟਨ ਆਮ-ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ ਨੇ ਰੀਬਨ ਕੱਟ ਕੇ ਕੀਤਾ।ਇਸ ਮੌਕੇ ਐਟੀ ਡਰੱਗ ਅਤੇ ਬਲੱਡ ਸੇਵਾ ਫਾਊਡੇਸ਼ਨ ਦੇ ਹਲਕਾ ਪ੍ਰਧਾਨ ਇੰਦਰਜੀਤ ਸਿੰਘ ਨੇ ਦੱਸਿਆ ਕਿ ਅੱਜ ਦੇ ਕੈਪ ਵਿਚ 270 ਵਿਅਕਤੀਆ ਨੇ ਆਪਣੀਆ ਅੱਖਾ ਦਾ ਚੈਕ ਅੱਪ ਕਰਵਾਇਆ ਅਤੇ 61 ਵਿਅਕਤੀਆ ਦੀਆ ਅੱਖਾ ਦੇ ਅਪਰੇਸਨ ਕੱਲ ਨੂੰ ਸ਼ੰਕਰਾ ਆਈ ਹਸਪਤਾਲ ਮੁੱਲਾਪੁਰ ਵਿਖੇ ਫਰੀ ਕਰਵਾਏ ਜਾਣਗੇ ਅਤੇ ਅਪ੍ਰੇਸਨ ਕਰਨ ਉਪਰੰਤ ਕਲੱਬ ਵੱਲੋ ਮਰੀਜਾ ਨੂੰ ਘਰ-ਘਰ ਜਾ ਕੇ ਛੱਡਿਆ ਜਾਵੇਗਾ।ਇਸ ਮੌਕੇ ਸਮੂਹ ਕਲੱਬ ਦੇ ਆਹੁਦੇਦਾਰਾ ਨੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਰਾਏਕੋਟ,ਬਾਬਾ ਬਲਵੀਰ ਸਿੰਘ ਲੰਮੇ,ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ ਅਤੇ ਸਮੂਹ ਡਾਕਟਰਾ ਦੀ ਟੀਮ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾ ਨਾਲ ਕਿਸਾਨ ਆਗੂ ਮਨਜਿੰਦਰ ਸਿੰਘ ਸਿੱਧੂ,ਇੰਦਰਜੀਤ ਸਿੰਘ,ਐਨ ਆਰ ਆਈ ਸਭਾ ਜਗਰਾਓ ਦੇ ਪ੍ਰਧਾਨ ਜਰਨੈਲ ਸਿੰਘ ਯੂ ਕੇ,ਸਾਬਕਾ ਸਰਪੰਚ ਮਲਕੀਤ ਸਿੰਘ ਲੰਮੇ,ਦਰਸ਼ਨ ਸਿੰਘ,ਹਰਪਾਲ ਸਿੰਘ,ਬਲਵਿੰਦਰ ਸਿੰਘ ਫੌਜੀ, ਚਰਨ ਸਿੰਘ ਮਾਹੀ,ਹੈਪੀ ਸਿੰਘ,ਪ੍ਰੀਤਮ ਸਿੰਘ,ਬਬਲਾ ਸਿੰਘ,ਦਲਵੀਰ ਸਿੰਘ ਮਨੀਲਾ,ਜਰਨੈਲ ਸਿੰਘ,ਬੂਟਾ ਸਿੰਘ ਆਦਿ ਹਾਜ਼ਰ ਸਨ।

ਚੋਰੀ ਦੇ ਸਮਾਨ ਸਮੇਤ ਤਿੰਨ ਕਾਬੂ

ਹਠੂਰ,2,ਮਈ-(ਕੌਸ਼ਲ ਮੱਲ੍ਹਾ)-ਤਿੰਨ ਦਿਨ ਪਹਿਲਾ ਪਿੰਡ ਭੰਮੀਪੁਰਾ ਕਲਾਂ ਦੇ ਇੱਕ ਘਰ ਵਿਚ ਚੋਰੀ ਹੋ ਗਈ ਸੀ।ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ ਨੇ ਦੱਸਿਆ ਕਿ 29 ਅਪ੍ਰੈਲ ਨੂੰ ਪਿੰਡ ਭੰਮੀਪੁਰਾ ਕਲਾਂ ਦੇ ਇੱਕ ਘਰ ਵਿਚੋ ਇੱਕ ਐਲ ਸੀ ਡੀ,ਇਨਵਾਟਰ,ਬੈਟਰਾ,ਸੀ ਸੀ ਟੀ ਵੀ ਕੈਮਰਿਆ ਦਾ ਡੀ ਵੀ ਆਰ ਅਤੇ ਹੋਰ ਸਮਾਨ ਚੋਰੀ ਹੋਇਆ ਸੀ।ਇਸ ਚੋਰੀ ਦੀ ਹਠੂਰ ਪੁਲਿਸ ਨੇ ਬਰੀਕੀ ਨਾਲ ਜਾਚ ਕਰਕੇ  ਵੱਡੀ ਸਫਲਤਾ ਪ੍ਰਾਪਤ ਕੀਤੀ ਹੈ।ਉਨ੍ਹਾ ਦੱਸਿਆ ਕਿ ਚੋਰੀ ਕਰਨ ਵਾਲੇ ਨੌਜਵਾਨਾ ਦੀ ਪਛਾਣ ਸੂਰਜ ਸਿੰਘ ਉਰਫ ਪੱਪੀ ਪੁੱਤਰ ਸੁਰਜੀਤ ਸਿੰਘ,ਰੂਬੀ ਪੁੱਤਰ ਸਾਧੂ ਸਿੰਘ ਵਾਸੀ ਅਗਵਾੜ ਖੁਵਾਜਾ ਬਾਜੂ ਜਗਰਾਓ ਅਤੇ ਹਰਦੀਪ ਸਿੰਘ ਉਰਫ ਕੈਡਾ ਪੁੱਤਰ ਕੇਸਰ ਸਿੰਘ ਵਾਸੀ ਭੰਮੀਪੁਰਾ ਕਲਾਂ ਵਜੋ ਹੋਈ ਹੈ ਅਤੇ ਇਨ੍ਹਾ ਵੱਲੋ ਚੋਰੀ ਕੀਤਾ ਸਾਰਾ ਸਮਾਨ ਮਿਲ ਗਿਆ ਹੈ ਅਤੇ ਇਨ੍ਹਾ ਚੋਰਾ ਖਿਲਾਫ ਰਜਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਭੰਮੀਪੁਰਾ ਕਲਾਂ ਦੇ ਬਿਆਨਾ ਦੇ ਅਧਾਰ ਤੇ ਮੁਕੱਦਮਾ ਨੰਬਰ 34 ਧਾਰਾ 457,380 ਆਈ ਪੀ ਸੀ ਤਹਿਤ ਪੁਲਿਸ ਥਾਣਾ ਹਠੂਰ ਵਿਖੇ ਦਰਜ ਕਰ ਲਿਆ ਹੈ ਇਨ੍ਹਾ ਤਿੰਨੇ ਦੋਸੀਆ ਨੂੰ ਮਾਨਯੋਗ ਅਦਾਲਤ ਵਿਚ ਪੇਸ ਕਰਕੇ ਇੱਕ ਦਿਨ ਦਾ ਰਿਮਾਡ ਮਿਲ ਗਿਆ ਹੈ ਅਤੇ ਹੋਰ ਤਫਤੀਸ ਜਾਰੀ ਹੈ।ਇਸ ਮੌਕੇ ਉਨ੍ਹਾ ਨਾਲ ਏ ਐਸ ਆਈ ਜਗਜੀਤ ਸਿੰਘ,ਗੁਰਮੀਤ ਸਿੰਘ,ਇੰਦਰਜੀਤ ਸਿੰਘ,ਸਤਵਿੰਦਰ ਸਿੰਘ,ਕੁਲਵੰਤ ਸਿੰਘ,ਜਸਵਿੰਦਰ ਸਿੰਘ,ਰਾਮ ਸਿੰਘ ਆਦਿ ਹਾਜ਼ਰ ਸਨ।

ਈਦ ਦੇ ਤਿਉਹਾਰ ‘ਤੇ ਵਿਸ਼ੇਸ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਦੋਸਤੋਂ ਈਦ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਹੜਾ ‘ਔਂਦ’ ਭਾਵ ਮੁੜ ਆਉਣਾ ਧਾਤੂ ਤੋਂ ਨਿਕਲਿਆ ਹੈ।ʻਈਦ ਅਲ-ਫਿਤ੍ਰ, ਮੁਸਲਮਾਨਾਂ ਦਾ ਇੱਕ ਤਿਉਹਾਰ ਹੈ। ਵਿਸ਼ਵ ਭਰ ’ਚ ਮੁਸਲਮਾਨ ਭਾਈਚਾਰੇ ਵੱਲੋਂ ਇਹ ਤਿਉਹਾਰ ਬੜੇ ਚਾਅ
ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਈਦ ਉਲ ਫ਼ਿਤਰ ਦਾ ਤਿਉਹਾਰ ਪਹਿਲੀ ਵਾਰ 624 ਈਸਵੀ ਵਿਚ ਮਨਾਇਆ ਗਿਆ ਸੀ।ਈਦ ਅਲ-ਅਧਾ ਵੀ ਚੰਨ ਰਾਹੀਂ ਹੀ ਤੈਅ ਕੀਤੀ ਜਾਂਦੀ ਹੈ।ਰਮਜ਼ਾਨ ਦਾ ਚੰਨ ਵਿਖਾਈ ਦੇਣ ਮਗਰੋਂ, ਮੁਸਲਮਾਨ ਲੋਕ ਇਕ ਮਹੀਨੇ ਲਈ ‘ਰੋਜ਼ੇ’ ਰਖਦੇ ਹਨ। ਮਹੀਨੇ ਦੇ ਸਮਾਪਤ ਹੋਣ ‘ਤੇ ਈਦ ਆਉਂਦੀ ਹੈ। ਕਿਹਾ ਜਾਂਦਾ ਹੈ ਕਿ ਈਦ ਉਦੋਂ ਸ਼ੁਰੂ ਹੋਈ ਜਦੋਂ ਪੈਗੰਬਰ ਮੁਹੰਮਦ ਮੱਕਾ ਤੋਂ ਮਦੀਨਾ ਆਏ ਸਨ। ਮੁਹੰਮਦ ਸਾਹਿਬ ਨੇ ਕੁਰਾਨ ਵਿਚ ਦੋ ਪਵਿੱਤਰ ਦਿਨਾਂ ਵਿਚ ਈਦ-ਉਲ-ਫ਼ਿਤਰ ਦੀ ਤਜਵੀਜ਼ ਕੀਤੀ। ਇਸੇ ਕਾਰਨ ਈਦ ਦਾ ਤਿਉਹਾਰ ਸਾਲ ਵਿਚ ਦੋ ਵਾਰ ਮਨਾਇਆ ਜਾਂਦਾ ਹੈ। ਜਿਸ ਵਿਚ ਪਹਿਲੀ ਈਦ-ਉਲ-ਫ਼ਿਤਰ (ਮਿੱਠੀ ਈਦ) ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤੇ ਦੂਸਰੀ ਨੂੰ ਈਦ-ਉਲ-ਅਜਹਾ (ਬਕਰੀਦ) ਵਜੋਂ ਜਾਣਿਆ ਜਾਂਦਾ ਹੈ।
ਭਾਰਤ ਵਿਚ ਸਾਰੇ ਸਮੁਦਾਇ ਇਸਨੂੰ ਰਲ-ਮਿਲ ਕੇ ਮਨਾਉਂਦੇ ਹਨ।ਹਿੰਦੂ , ਈਸਾਈ ਅਤੇ ਸਿੱਖ ਸਾਰੇ ਹੀ ਵਿਸ਼ੇਸ਼ ਤੌਰ ‘ਤੇ ਆਪਣੇ ਹਿੰਦੂ ਮੁਸਲਮਾਨ ਮਿੱਤਰਾਂ ਨੂੰ ਮਿਲਣ ਲਈ ਜਾਂਦੇ ਹਨ ਅਤੇ ਉਨਾਂ ਨੂੰ ਈਦ-ਮੁਬਾਰਕ ਦਿੰਦੇ ਹਨ।
ਇਹ ਮੁਸਲਮਾਨ ਰਮਦਾਨ ਅੱਲ -ਮੁਬਾਰਕ ਮਹੀਨੇ ਦੇ ਬਾਅਦ ਇੱਕ ਮਜ਼ਹਬੀ ਖੁਸ਼ੀ ਦਾ ਤਿਓਹਾਰ ਮਨਾਉਂਦੇ ਹਨ। ਮੁਸਲਮਾਨ ਸਵੇਰੇ ਮਸੀਤ ਵਿੱਚ ਜਾ ਕੇ ਈਦ ਉਲ-ਫ਼ਿਤਰ ਦੀ ਨਮਾਜ਼ ਪੜ੍ਹਦੇ ਹਨ ਅਤੇ ਪਰਿਵਾਰ ਵਾਲੇ ਨੂੰ ਮਿਲਦੇ ਹਨ। ਈਦ ਦਾ ਦਿਹਾੜਾ ‘ਸ਼ਾਵਾਲ’’ ਮਹੀਨੇ ਦੇ ਪਹਿਲੇ ਦਿਨ ਆਉਂਦਾ ਹੈ।ਇਹ ਦਿਨ ਖੁਸ਼ੀਆਂ ਅਤੇ ਖੇੜਿਆਂ ਭਰਪੂਰ ਹੁੰਦਾ ਹੈ। ਇਸ ਦਿਨ ਮੁਸਲਮਾਨ ਲੋਕ ਇਸ਼ਨਾਨ ਕਰਦੇ ਹਨ ਅਤੇ ਸੋਹਣੇ ਕੱਪੜੇ ਪਹਿਣਦੇ ਹਨ। ਉਹ ਮਸਜਿਦ ਜਾਂਦੇ ਹਨ ਅਤੇ ਉਥੇ ਨਮਾਜ਼ ਅਦਾ ਕਰਦੇ ਹਨ। ਉਹ ਈਦ ਮਬਾਰਕ’ ਕਹਿ ਕੇ ਇਕ ਦੂਸਰੇ ਉਹ ਇਕ ਦੂਸਰੇ ਦੇ ਗਲੇ ਮਿਲਦੇ ਹਨ।ਮਠਿਆਈਆਂ ਤੇ ਤੋਹਫ਼ੇ ਭੇਂਟ ਕਰਦੇ ਹਨ। ਮੁਬਾਰਕਬਾਦ ਦਿੰਦੇ ਹਨ।
ਈਦ ਦੇ ਮਨਾਉਣ ਨਾਲ ਰਾਸ਼ਟਰੀ-ਏਕੇ ਅਤੇ ਭਾਈਚਾਰੇ ਦੀ ਭਾਵਨਾ ਪੈਦਾ ਹੁੰਦੀ ਹੈ।ਅਕਸਰ ਹੀ ਇਹ ਕਿਹਾ ਜਾਂਦਾ ਹੈ ਕਿ, ਪੈਗੰਬਰ ਮੁਹੰਮਦ ਸਾਹਬ ਦੀ ਅਗਵਾਈ 'ਚ ਜੰਗ-ਏ-ਬਦਰ 'ਚ ਮੁਸਲਮਾਨਾਂ ਦੀ ਜਿੱਤ ਹੋਈ ਸੀ। ਜਿੱਤ ਦੀ ਖ਼ੁਸ਼ੀ 'ਚ ਲੋਕਾਂ ਨੇ ਈਦ ਮਨਾਈ ਸੀ ਤੇ ਘਰਾਂ 'ਚ ਮਿੱਠੇ ਪਕਵਾਨ ਬਣਾਏ ਗਏ ਸੀ। ਇਸ ਤਰ੍ਹਾਂ ਨਾਲ ਈਦ-ਉਲ-ਫਿਤਰ ਦੀ ਸ਼ੁਰੂਆਤ ਜੰਗ-ਏ-ਬਦਰ ਤੋਂ ਬਾਅਦ ਹੋਈ ਸੀ। 
ਈਦ-ਉਲ-ਫਿਤਰ ਦੇ ਦਿਨ ਲੋਕ ਅੱਲਾਹ ਦਾ ਸ਼ੁੱਕਰੀਆ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਹੀ ਰਹਿਮਤ ਨਾਲ ਉਹ ਪੂਰੇ ਇਕ ਮਹੀਨੇ ਤਕ ਰਮਜ਼ਾਨ ਦਾ ਵਰਤ ਰੱਖ ਪਾਉਂਦੇ ਹਨ। ਅੱਜੇ ਦੇ ਦਿਨ ਲੋਕ ਆਪਮੀ ਕਮਾਈ ਦਾ ਕੁਝ ਹਿੱਸਾ ਗਰੀਬ ਲੋਕਾਂ 'ਚ ਵੰਡ ਦਿੰਦੇ ਹਨ। ਉਨ੍ਹਾਂ ਨੂੰ ਤੋਹਫੇ ਦੇ ਤੌਰ 'ਤੇ ਕੱਪੜੇ, ਮਿਠਾਈ ਆਦਿ ਦਿੰਦੇ ਹਨ। ।ਇਹ ਦਿਹਾੜੇ ਮਿੱਠੀਆਂ ਸੇਵੀਆਂ ਪਕਾਉਣ ਦਾ ਸਭ ਤੋਂ ਪ੍ਰਸਿੱਧ ਅਤੇ ਪ੍ਰਮੁੱਖ ਰਿਵਾਜ ਹੈ।ਕੁਝ ਇਕ ਥਾਵਾਂ ‘ਤੇ ਈਦ ਦੇ ਮੇਲੇ ਵੀ ਲੱਗਦੇ ਹਨ। ਈਦ ਦਾ ਤਿਉਹਾਰ “ਸਭ ਨਾਲ ਪਿਆਰ ਕਰੋ ਅਤੇ ਕਿਸੇ ਨਾਲ ਨਫ਼ਰਤ ਨਾ ਕਰੋ’’ ਦਾ ਸੰਦੇਸ਼ ਦਿੰਦਾ ਹੈ।

ਅਸਿਸਟੈਂਟ ਪ੍ਰੋ. ਗਗਨਦੀਪ ਕੌਰ ਧਾਲੀਵਾਲ
ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੁਕੇਸ਼ਨਲ ਕਾਲਜ ਬਰੇਟਾ ।

ਮੁਗਲ ਸਾਮਰਾਜ ਦਾ ਦੂਜਾ ਸ਼ਾਸਕ - ਹੁਮਾਯੂੰ  ✍️ ਪੂਜਾ 

ਹੁਮਾਯੂੰ ਦਾ ਪੂਰਾ ਨਾਮ ਨਸੀਰੂਦੀਨ ਮੁਹੰਮਦ ਹੁਮਾਯੂੰ ਸੀ।ਹੁਮਾਯੂੰ ਨਾਮ ਦਾ ਅਰਥ ਅਮੀਰ ਹੈ।ਹੁਮਾਯੂੰ ਦਾ ਜਨਮ 6 ਮਾਰਚ 1508 ਨੂੰ ਕਾਬੁਲ ਵਿੱਚ ਹੋਇਆ ਸੀ। ਜਿਸ ਦੀ ਮਾਤਾ ਦਾ ਨਾਮ ਮਹਿਮ ਬੇਗਮ ਸੀ। ਹੁਮਾਯੂੰ ਬਾਬਰ ਦਾ ਸਭ ਤੋਂ ਵੱਡਾ ਪੁੱਤਰ ਸੀ।ਬਾਬਰ ਨੇ ਹੁਮਾਯੂੰ ਨੂੰ ਆਪਣਾ ਉੱਤਰਾਧਿਕਾਰੀ ਘੋਸ਼ਿਤ ਕਰ ਦਿੱਤਾ ਸੀ।ਬਾਬਰ ਦੀ ਮੌਤ ਤੋਂ ਚਾਰ ਦਿਨ ਬਾਅਦ 30 ਦਸੰਬਰ 1530 ਈ: ਨੂੰ ਉਸ ਦੇ ਵੱਡੇ ਪੁੱਤਰ ਹੁਮਾਯੂੰ ਨੂੰ ਮੁਗਲਾਂ ਦੇ ਗੱਦੀ 'ਤੇ ਬਿਠਾਇਆ ਗਿਆ ਅਤੇ ਉਸ ਦੀ ਤਾਜਪੋਸ਼ੀ ਕੀਤੀ ਗਈ। ਹੁਮਾਯੂੰ ਇਕਲੌਤਾ ਮੁਗਲ ਸ਼ਾਸਕ ਸੀ ਜਿਸਨੇ ਆਪਣੇ ਪਿਤਾ ਬਾਬਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਆਪਣੇ ਮੁਗਲ ਸਾਮਰਾਜ ਨੂੰ ਆਪਣੇ ਚਾਰ ਭਰਾਵਾਂ ਵਿਚ ਵੰਡ ਦਿੱਤਾ।ਹੁਮਾਯੂੰ ਨੇ ਅਫਗਾਨਿਸਤਾਨ, ਪਾਕਿਸਤਾਨ ਅਤੇ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿਚ 1530-1540 ਅਤੇ ਫਿਰ 1555-1556 ਵਿਚ ਸ਼ਾਸਨ ਕੀਤਾ ਅਸਲ ਵਿਚ, ਇਹ ਵੰਡ ਸਾਮਰਾਜ, ਅੰਨ੍ਹੇਵਾਹ ਕੀਤਾ ਗਿਆ, ਸਮੇਂ ਦੇ ਨਾਲ ਹੁਮਾਯੂੰ ਲਈ ਘਾਤਕ ਸਾਬਤ ਹੋਇਆ। ਭਾਵੇਂ ਉਸ ਦੇ ਸਭ ਤੋਂ ਤਕੜੇ ਦੁਸ਼ਮਣ ਅਫਗਾਨ ਸਨ ਪਰ ਭਰਾਵਾਂ ਦਾ ਅਸਹਿਯੋਗ ਅਤੇ ਹੁਮਾਯੂੰ ਦੀਆਂ ਕੁਝ ਨਿੱਜੀ ਕਮਜ਼ੋਰੀਆਂ ਉਸ ਦੀ ਅਸਫਲਤਾ ਦਾ ਕਾਰਨ ਸਾਬਤ ਹੋਈਆਂ।ਹੁਮਾਯੂੰ ਨੇ ਚਾਰ ਜੰਗਾਂ ਲੜੀਆਂ- (1) ਦੇਵਰਾ ਦੀ ਲੜਾਈ:- 1531 ਈ. (2) ਚੌਸਾ ਦੀ ਲੜਾਈ :- 1539 ਈ. (3) ਬਿਲਗ੍ਰਾਮ:- 1540 ਅਤੇ ਸਰਹਿੰਦ ਦੀ ਜੰਗ 1555 ਈਸਵੀ ਵਿੱਚ ਲੜੀ ਗਈ। ਚੌਸਾ ਦੀ ਲੜਾਈ ਚੌਸਾ ਦੀ ਲੜਾਈ ਭਾਰਤੀ ਇਤਿਹਾਸ ਵਿੱਚ ਲੜੀਆਂ ਗਈਆਂ ਮਹੱਤਵਪੂਰਨ ਲੜਾਈਆਂ ਵਿੱਚੋਂ ਇੱਕ ਹੈ, ਜੋ ਕਿ 26 ਜੂਨ, 1539 ਨੂੰ ਹੁਮਾਯੂੰ ਅਤੇ ਸ਼ੇਰ ਸ਼ਾਹ ਵਿਚਕਾਰ ਹੋਈ ਸੀ। ਇਹ ਚੌਸਾ ਦੇ ਸਥਾਨ 'ਤੇ ਲੜਿਆ ਗਿਆ ਸੀ. ਚੌਸਾ ਦੀ ਲੜਾਈ ਵਿਚ ਹੁਮਾਯੂੰ ਨੂੰ ਆਪਣੀਆਂ ਕੁਝ ਗਲਤੀਆਂ ਕਾਰਨ ਹਾਰ ਦਾ ਸਾਹਮਣਾ ਕਰਨਾ ਪਿਆ। ਹੁਮਾਯੂੰ ਨੂੰ ਜੰਗ ਦੇ ਮੈਦਾਨ ਤੋਂ ਭੱਜਣਾ ਪਿਆ।
ਹੁਮਾਯੂੰ ਦੀ ਜੀਵਨੀ ਦਾ ਨਾਮ ਹੁਮਾਯੂੰਨਾਮਾ ਹੈ ਜੋ ਉਸਦੀ ਭੈਣ ਗੁਲਬਦਨ ਬੇਗਮ ਦੁਆਰਾ ਲਿਖੀ ਗਈ ਹੈ।1533 ਈ: ਵਿੱਚ ਹੁਮਾਯੂੰ ਨੇ ਦਿਨਪਨਾਹ ਨਾਮ ਦੇ ਇੱਕ ਨਵੇਂ ਸ਼ਹਿਰ ਦੀ ਸਥਾਪਨਾ ਕੀਤੀ।ਹੁਮਾਯੂੰ ਜੋਤਿਸ਼ ਵਿੱਚ ਵਿਸ਼ਵਾਸ਼ ਰੱਖਦਾ ਸੀ ਅਤੇ ਹਫ਼ਤੇ ਦੇ ਸੱਤਾਂ ਦਿਨਾਂ ਵਿੱਚ ਵੱਖ-ਵੱਖ ਰੰਗਾਂ ਦੇ ਕੱਪੜੇ ਪਹਿਨਦਾ ਸੀ।
ਦਿੱਲੀ ਦੇ ਤਖਤ 'ਤੇ ਬੈਠਣ ਤੋਂ ਬਾਅਦ ਹੁਮਾਯੂੰ ਜ਼ਿਆਦਾ ਦੇਰ ਤੱਕ ਸੱਤਾ ਦਾ ਆਨੰਦ ਨਹੀਂ ਮਾਣ ਸਕਿਆ। ਜਨਵਰੀ 1556 ਵਿਚ, ਜਦੋਂ ਉਹ ਦਿੱਲੀ ਦੇ ਦੀਨਪਨਾਹ ਭਵਨ ਵਿਚ ਸਥਿਤ ਲਾਇਬ੍ਰੇਰੀ ਦੀਆਂ ਪੌੜੀਆਂ ਤੋਂ ਹੇਠਾਂ ਉਤਰ ਰਿਹਾ ਸੀ, ਤਾਂ ਉਸ ਦੀ ਠੋਕਰ ਲੱਗ ਗਈ ਅਤੇ ਉਸ ਦੀ ਮੌਤ ਹੋ ਗਈ।ਉਸ ਦੀ ਮੌਤ ਤੋਂ ਕੁਝ ਦਿਨਾਂ ਬਾਅਦ, ਉਸ ਦੀ ਪਤਨੀ ਹਮੀਦਾ ਬਾਨੋ ਨੇ "ਹੁਮਾਯੂੰ ਦਾ ਮਕਬਰਾ" ਬਣਵਾਇਆ। ਇਹ ਉਨ੍ਹਾਂ ਵਿਚੋਂ ਇਕ ਹੈ। ਅੱਜ ਦਿੱਲੀ ਦੀਆਂ ਇਤਿਹਾਸਕ ਇਮਾਰਤਾਂ, ਅਤੇ ਇਹ ਮੁਗਲ ਆਰਕੀਟੈਕਚਰ ਦਾ ਇੱਕ ਸ਼ਾਨਦਾਰ ਨਮੂਨਾ ਹੈ।
ਹੁਮਾਯੂੰ ਦੇ ਜੀਵਨ ਤੋਂ ਇਹ ਪ੍ਰੇਰਨਾ ਮਿਲਦੀ ਹੈ ਕਿ ਜੋ ਮੁਸ਼ਕਲਾਂ ਦਾ ਸਾਹਮਣਾ ਦਲੇਰੀ ਨਾਲ ਕਰਦੇ ਹਨ, ਉਹ ਆਪਣੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਦੇ ਹਨ। ਇਸ ਲਈ, ਬਿਨਾਂ ਰੁਕੇ ਆਪਣੇ ਟੀਚੇ ਵੱਲ ਵਧਦੇ ਰਹੋ। ਇਤਿਹਾਸਕਾਰ ਲੈਨਪੁਲ ਨੇ ਹੁਮਾਯੂੰ ਬਾਰੇ ਕਿਹਾ ਹੈ,
ਹੁਮਾਯੂੰ ਡਿੱਗਦੇ-ਡਿੱਗਦੇ ਇਸ ਜੀਵਨ ਤੋਂ ਮੁਕਤ ਹੋ ਗਿਆ, ਜਿਵੇਂ ਸਾਰੀ ਉਮਰ ਹੇਠਾਂ ਡਿੱਗਦਾ ਰਿਹਾ ਸੀ।
ਪੂਜਾ 9815591967

ਈਦ-ਉਲ-ਫਿਤਰ ਦੇ ਮੌਕੇ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ  ਦੀ ਆਮਦ ਸਬੰਧੀ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ

ਮੁੱਖ ਮੰਤਰੀ ਪੰਜਾਬ ਮਾਲੇਰਕੋਟਲਾ ਦੀ ਇਤਿਹਾਸਕ ਵੱਡੀ ਈਦਗਾਹ ਵਿਖੇ ਪਹੁੰਚ ਕੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦੇਣਗੇ
ਮਾਲੇਰਕੋਟਲਾ 02 ਮਈ (ਰਣਜੀਤ ਸਿੱਧਵਾਂ)  :  ਈਦ-ਉਲ-ਫਿਤਰ ਦੇ ਮੌਕੇ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਮਾਲੇਰਕੋਟਲਾ ਦੀ ਇਤਿਹਾਸਕ ਵੱਡੀ ਈਦਗਾਹ ਵਿਖੇ ਪਹੁੰਚ ਕੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦੇਣ ਲਈ ਸ਼ਿਰਕਤ ਕਰ ਰਹੇ ਹਨ । ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਨੇ ਈਦ-ਉਲ-ਫਿਤਰ ਸਮਾਗਮ ਦੇ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵੱਡੀ ਈਦਗਾਹ ਦਾ ਮੁਆਇਨਾ ਕਰਨ ਉਪਰੰਤ ਸਾਂਝੀ ਕੀਤੀ । ਇਸ ਮੌਕੇ ਐੱਸ.ਐੱਸ.ਪੀ. ਮਾਲੇਰਕੋਟਲਾ ਸ੍ਰੀਮਤੀ ਅਲਕਾ ਮੀਨਾ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ, ਸਹਾਇਕ ਕਮਿਸ਼ਨਰ ਸ੍ਰੀ ਗੁਰਮੀਤ ਕੁਮਾਰ,ਐੱਸ.ਪੀ. ਇੰਵੇਸਟੀਗੇਸ਼ਨ ਸ੍ਰੀ ਰਮਨੀਸ ਕੁਮਾਰ,ਉਪ ਕਪਤਾਨ ਪੁਲਿਸ ਇੰਵੇਸਟੀਗੇਸ਼ਨ ਸ੍ਰੀ ਸੋਰਵ ਜ਼ਿੰਦਲ , ਉਪ ਕਪਤਾਨ ਪੁਲਿਸ ਮਾਲੇਰਕੋਟਲਾ ਸ੍ਰੀ ਮਨਦੀਪ ਸਿੰਘ, ਉਪ ਕਪਤਾਨ ਪੁਲਿਸ ਅਮਰਗੜ੍ਹ ਸ੍ਰੀ ਸੰਦੀਪ ਸਿੰਘ, ਉਪ ਕਪਤਾਨ ਪੁਲਿਸ ਸ੍ਰੀ ਰਣਜੀਤ ਸਿੰਘ ਤੋਂ ਇਲਾਵਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਮੌਜੂਦ  ਸਨ ।                
ਇਸ ਦੌਰਾਨ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ ਨੇ ਸਮਾਗਮ ਵਾਲੇ ਸਥਾਨ ਤੋਂ ਇਲਾਵਾ ਹੈਲੀਪੈਡ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਲੋੜੀਂਦੇ ਰੂਟ ਪਲਾਨ, ਸੁਰੱਖਿਆ ਪ੍ਰਬੰਧ, ਟਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਈਦ-ਉਲ-ਫਿਤਰ ਦੇ ਮੌਕੇ ਆਮ ਜਨਤਾ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ । ਉਨ੍ਹਾਂ  ਸਿਹਤ ਵਿਭਾਗ ਨੂੰ ਮੈਡੀਕਲ ਟੀਮਾਂ ਤੇ ਐਂਬੂਲੈਂਸ ਦਾ ਖ਼ਾਸ ਪ੍ਰਬੰਧ ਕਰਨ ਤੋਂ ਇਲਾਵਾ ਸਬੰਧਿਤ ਅਧਿਕਾਰੀਆਂ ਨੂੰ ਸਮਾਗਮ ਵਾਲੀ ਥਾਂ ਤੇ ਸਾਫ਼-ਸਫ਼ਾਈ, ਪੀਣ ਵਾਲਾ ਸਾਫ਼ ਪਾਣੀ ਅਤੇ ਪਾਣੀ ਦਾ ਛਿੜਕਾਓ ਆਦਿ ਕਰਨਾ ਯਕੀਨੀ ਬਣਾਉਣ ਲਈ ਵੀ ਆਦੇਸ਼ ਦਿੱਤੇ।
ਇਸ ਉਪਰੰਤ ਵਿਧਾਇਕ ਮਾਲੇਰਕੋਟਲਾ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਨੇ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਅਤੇ ਐਸ.ਐਸ.ਪੀ. ਸ੍ਰੀਮਤੀ ਅਲਕਾ ਮੀਨਾ ,ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਖਪ੍ਰੀਤ ਸਿੰਘ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਈਦ-ਉਲ-ਫਿਤਰ ਸਮਾਗਮ ਦੇ ਪ੍ਰਬੰਧਾਂ ਜਾ ਜਾਇਜ਼ਾ ਲਿਆ ਅਤੇ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਪ੍ਰਬੰਧਾਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ।

ਸਿਹਤ ਵਿਭਾਗ ਦੀ ਟੀਮ ਵੱਲੋਂ ਮਿਠਾਈਆਂ ਦੀਆ ਦੁਕਾਨਾਂ ਦੀ ਚੈਕਿੰਗ

ਮਾਲੇਰਕੋਟਲਾ 02 ਮਈ   (ਰਣਜੀਤ ਸਿੱਧਵਾਂ)   :  ਈਦ ਦੇ ਤਿਉਹਾਰ ਦੇ ਮੱਦੇਨਜ਼ਰ ਲੋਕਾਂ ਨੂੰ ਸ਼ੁੱਧ ਅਤੇ ਸਾਫ਼ ਸੁਥਰੀਆਂ ਮਿਠਾਈਆਂ ਮੁਹੱਈਆ ਕਰਾਉਣ ਦੇ ਮੰਤਵ ਨਾਲ  ਅੱਜ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਮਿਠਾਈਆਂ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ । ਇਸ ਗੱਲ ਦੀ ਜਾਣਕਾਰੀ ਸਹਾਇਕ ਕਮਿਸ਼ਨਰ ਫੂਡ ਮਲੇਰਕੋਟਲਾ ਸ੍ਰੀਮਤੀ ਰਾਖੀ ਵਿਨਾਇਕ ਨੇ ਦਿੱਤੀ । ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਚੈਕਿੰਗ ਦੌਰਾਨ ਸਾਫ਼ ਸੁਥਰੇ ਢੰਗ ਨਾਲ ਮਿਠਾਈਆਂ ਬਣਾਉਣ, ਫੂਡ ਸੇਫਟੀ ਅਥਾਰਿਟੀ ਵੱਲੋਂ ਮਾਨਤਾ ਪ੍ਰਾਪਤ ਰੰਗਾਂ ਦੀ ਵਰਤੋਂ ਕਰਨ ਅਤੇ  ਮਿਠਾਈਆਂ ਉਤੇ ਬੈਸਟ ਬਿਫੋਰ ਤਰੀਕ ਲਿਖਣ ਸਬੰਧੀ ਹਦਾਇਤਾਂ ਦਿੱਤੀਆਂ ਗਈਆਂ ।  ਸਹਾਇਕ ਕਮਿਸ਼ਨਰ ਫੂਡ ਸ਼੍ਰੀਮਤੀ ਰਾਖੀ ਵਿਨਾਇਕ ਨੇ ਦੱਸਿਆ  ਕਿ ਅੱਜ ਸਿਹਤ ਵਿਭਾਗ ਦੀ ਟੀਮ ਵਲੋਂ ਮਾਲੇਰਕੋਟਲਾ ਦੇ ਕਿਲ੍ਹਾ ਰਹਿਮਤਗੜ੍ਹ , ਨਵਾਂ ਕਿਲ੍ਹਾ, ਨਾਭਾ ਰੋਡ ਅਤੇ ਟਰੱਕ ਯੂਨੀਅਨ ਚੌਕ ਤੇ  ਸਥਿਤ ਵੱਖ-ਵੱਖ ਮਠਿਆਈ ਦੀਆਂ  ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ  ਦੋ ਸੁਧਾਰ ਨੋਟਿਸ ਜਾਰੀ ਕੀਤੇ ਗਏ ਅਤੇ ਲਗਪਗ ਦਸ ਕਿੱਲੋ ਜ਼ਿਆਦਾ ਰੰਗਾਂ ਵਾਲੀ ਮਿਠਾਈ ਨਸ਼ਟ ਕਰਵਾਈ ਗਈ। ਫੂਡ ਕਾਰੋਬਾਰੀਆਂ ਨੂੰ ਮਿਆਰੀ ਕੱਚੇ ਮਾਲ ਦੀ ਵਰਤੋਂ ਕਰਨ ਅਤੇ ਖੁਰਾਕ ਸੁਰੱਖਿਆ ਐਕਟ ਅਧੀਨ ਦਿੱਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਸਬੰਧੀ ਸਖਤੀ ਨਾਲ ਤਾੜਨਾ ਕਰਦੇ ਹੋਏ ਕਿਹਾ  ਜੇਕਰ ਕੋਈ ਵੀ ਫੂਡ ਵਿਕਰੇਤਾ ਗ਼ੈਰ ਮਿਆਰੀ ਜਾਂ ਮਿਲਾਵਟੀ ਖਾਧ ਪਦਾਰਥ  ਵੇਚਦਾ ਹੋਇਆ ਫੜਿਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ।

ਕੈਬਨਿਟ ਮੰਤਰੀ ਜਿੰਪਾ ਨੇ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਲਈ ਦੋ ਫਾਇਰ ਬ੍ਰਿਗੇਡ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਹੁਸ਼ਿਆਰਪੁਰ, 2 ਮਈ  (ਰਣਜੀਤ ਸਿੱਧਵਾਂ)  : ਕੈਬਨਿਟ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਨੂੰ ਲੈ ਕੇ ਕਾਫ਼ੀ ਗੰਭੀਰ ਹੈ ਅਤੇ ਇਹੀ ਕਾਰਨ ਹੈ ਕਿ ਐਨੇ ਥੋੜੇ ਸਮੇਂ ਵਿੱਚ ਹੀ ਸਰਕਾਰ ਨੇ ਸੂਬੇ ਦੇ ਹਿੱਤ ਵਿੱਚ ਕਈ ਅਹਿਮ ਫੈਸਲੇ ਲਏ ਹਨ। ਉਹ ਵਿਧਾਇਕ ਸ੍ਰੀ ਜੈ ਕ੍ਰਿਸ਼ਨ ਰੋੜੀ ਦੀ ਹਾਜ਼ਰੀ ਵਿੱਚ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਲਈ ਦੋ ਫਾਇਰ ਬ੍ਰਿਗੇਡ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਦੌਰਾਨ ਸੰਬੋਧਨ ਕਰ ਰਹੇ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਗੜ੍ਹਸ਼ੰਕਰ ਵਿਧਾਨ ਸਭਾ ਹਲਕਾ ਦੀ ਲੰਬੇ ਸਮੇਂ ਤੋਂ ਫਾਇਰ ਬ੍ਰਿਗੇਡ ਗੱਡੀਆਂ ਦੀ ਮੰਗ ਸੀ, ਜਿਸ ਮੰਗ ਨੂੰ ਪੰਜਾਬ ਸਰਕਾਰ ਨੇ ਪਹਿਲ ਦੇ ਆਧਾਰ ’ਤੇ ਪੂਰਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸੇ ਤਰ੍ਹਾਂ ਹੋਰ ਵਿਧਾਨ ਸਭਾ ਹਲਕਿਆਂ ਦੀਆਂ ਮੰਗਾਂ ਨੂੰ ਵੀ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਜੁੜੀ ਹਰ ਛੋਟੀ ਤੋਂ ਛੋਟੀ ਮੰਗ ਨੂੰ ਗੰਭੀਰਤਾ ਨਾਲ ਪੂਰਾ ਕਰ ਰਹੀ ਹੈ। ਇਸ ਦੌਰਾਨ ਵਿਧਾਇਕ ਗੜ੍ਹਸ਼ੰਕਰ ਸ੍ਰੀ ਜੈ ਕ੍ਰਿਸ਼ਨ ਰੋੜੀ ਤੇ ਨਗਰ ਨਿਗਮ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਪੁੱਜੀ ਕਣਕ ਦੀ 100 ਫੀਸਦ ਖਰੀਦ

ਮੰਡੀਆਂ ਵਿੱਚ ਪੁੱਜੀ 186196  ਮੀਟ੍ਰਿਕ ਟਨ ਕਣਕ
168182 ਮੀਟ੍ਰਿਕ ਟਨ ਕਣਕ ਦੀ ਹੋਈ ਲਿਫਟਿੰਗ
 ਖਰੀਦੀ ਕਣਕ ਦੀ ਇਵਜ ਵਜੋਂ ਕਿਸਾਨਾਂ ਨੂੰ  325.86 ਕਰੋੜ ਰੁਪਏ ਜਾਰੀ
ਫ਼ਤਹਿਗੜ੍ਹ ਸਾਹਿਬ, 02 ਮਈ (ਰਣਜੀਤ ਸਿੱਧਵਾਂ)  : ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ 1,86,196 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ ਤੇ ਸਾਰੀ ਦੀ ਸਾਰੀ ਕਣਕ ਖ਼ਰੀਦ ਲਈ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਖ਼ਰੀਦੀ ਕਣਕ ਵਿੱਚੋਂ ਪਨਗ੍ਰੇਨ ਨੇ 35784,  ਮਾਰਕਫੈੱਡ ਨੇ 44292, ਪਨਸਪ ਨੇ 40275, ਵੇਅਰ ਹਾਊਸ ਨੇ 29555 ,ਐੱਫ.ਸੀ.ਆਈ ਨੇ 16518, ਮੀਟ੍ਰਿਕ ਟਨ ਕਣਕ ਅਤੇ ਵਪਾਰੀਆਂ ਨੇ 19772 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਖਰੀਦੀ ਕਣਕ ਵਿੱਚੋਂ 1,68,182 ਮੀਟ੍ਰਿਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ ਅਤੇ ਕਿਸਾਨਾਂ ਨੂੰ ਖਰੀਦੀ ਕਣਕ ਦੀ ਇਵਜ ਵਜੋਂ  325.86 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ।

ਸੂਬੇ ’ਚ ਵਿਕਾਸ ਕਾਰਜਾਂ ਦੀ ਲੜੀ ਲਗਾਤਾਰ ਰਹੇਗੀ ਜਾਰੀ : ਬ੍ਰਮ ਸ਼ੰਕਰ ਜਿੰਪਾ

ਕੈਬਨਿਟ ਮੰਤਰੀ ਨੇ ਵਾਰਡ ਨੰਬਰ 8 ’ਚ 16.25 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਦੇ ਨਿਰਮਾਣ ਕਾਰਜ ਦੀ ਕਰਵਾਈ ਸ਼ੁਰੂਆਤ
ਹੁਸ਼ਿਆਰਪੁਰ, 2 ਮਈ   (ਰਣਜੀਤ ਸਿੱਧਵਾਂ)  : ਕੈਬਨਿਟ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਬਣਾਉਣਾ ਪੰਜਾਬ ਸਰਕਾਰ ਦੀ ਮੁੱਖ ਪਹਿਲਕਦਮੀ ਹੈ, ਜਿਸ ਤਹਿਤ ਸੂਬੇ ਵਿੱਚ ਲਗਾਤਾਰ ਵਿਕਾਸ ਕੰਮਾਂ ਦੀ ਲੜੀ ਇਸੇ ਤਰ੍ਹਾਂ ਜਾਰੀ ਰਹੇਗੀ। ਉਹ ਵਾਰਡ ਨੰਬਰ 8 ਦੇ ਮੁਹੱਲਾ ਅਸਲਾਮਾਬਾਦ ਵਿੱਚ ਵੱਖ-ਵੱਖ ਗਲੀਆਂ ਦੇ ਨਿਰਮਾਣ ਕੰਮਾਂ ਦੀ ਸ਼ੁਰੂਆਤ ਕਰਵਾਉਣ ਦੌਰਾਨ ਇਲਾਕਾ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ 16.25 ਲੱਖ ਰੁਪਏ ਦੀ ਲਾਗਤ ਨਾਲ ਇਲਾਕੇ ਦੀਆਂ ਗਲੀਆਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨਾਲ ਕਮਿਸ਼ਨਰ ਨਗਰ ਨਿਗਮ ਸ੍ਰੀ ਕਰਣੇਸ਼ ਸ਼ਰਮਾ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਮੰਗ ਅਨੁਸਾਰ ਹੀ ਵੱਖ-ਵੱਖ ਵਾਰਡਾਂ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਹੁਸ਼ਿਆਰਪੁਰ ਵਾਸੀਆਂ ਦੀਆਂ ਸਾਰੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰ ਦਿੱਤਾ ਜਾਵੇਗਾ। ਇਸ ਦੌਰਾਨ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਕੰਮ ਵਿਚ ਗੁਣਵੱਤਾ ਪੱਖੋਂ ਕੋਈ ਕਮੀ ਨਹੀਂ ਰਹਿਣੀ ਚਾਹੀਦੀ। ਉਨ੍ਹਾਂ ਕਿਹਾ ਕਿ ਉਹ ਖੁਦ ਜਾ ਕੇ ਸਾਰੇ ਕੰਮਾਂ ਦਾ ਜਾਇਜ਼ਾ ਲੈਣ ਅਤੇ ਸਪੈਸ਼ਲ ਟੀਮ ਤੋਂ ਵੀ ਕੰਮਾਂ ਦੀ ਚੈਕਿੰਗ ਵੀ ਕਰਵਾਈ ਜਾਵੇਗੀ। ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸ਼ਹਿਰੀ ਵਿਕਾਸ ਨੂੰ ਲੈ ਕੇ ਪੰਜਾਬ ਸਰਕਾਰ ਯੋਜਨਾਬਧ ਤਰੀਕੇ ਨਾਲ ਕੰਮ ਕਰ ਰਹੀ ਹੈ ਅਤੇ ਲੋਕਾਂ ਦੀ ਸੁਵਿਧਾ ਲਈ ਹਰ ਜ਼ਰੂਰੀ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਕੌਂਸਲਰ ਸ੍ਰੀ ਮੁਖੀ ਰਾਮ, ਐਕਸੀਅਨ ਨਗਰ ਨਿਗਮ ਸ੍ਰੀ ਹਰਪ੍ਰੀਤ ਸਿੰਘ, ਸ੍ਰੀ ਵਰਿੰਦਰ ਸ਼ਰਮਾ ਬਿੰਦੂ, ਸ੍ਰੀ ਸੁਮੇਸ਼ ਸੋਨੀ, ਸ੍ਰੀ ਵਰਿੰਦਰ ਵੈਦ ਤੋਂ ਇਲਾਵਾ ਇਲਾਵਾ ਨਿਵਾਸੀ ਵੀ ਮੌਜੂਦ ਸਨ।

ਸੋਸ਼ਲ ਮੀਡੀਆ 'ਤੇ ਅਫ਼ਵਾਹਾਂ ਤੇ ਗ਼ਲਤ ਸੂਚਨਾ ਨੂੰ ਫੈਲਣ ਤੋਂ ਰੋਕਣ ਲਈ ਡਿਪਟੀ ਕਮਿਸ਼ਨਰ ਵੱਲੋਂ ਸੋਸ਼ਲ ਮੀਡੀਆ ਮੋਨੀਟਰਿੰਗ ਸੈੱਲ ਸਥਾਪਤ

ਗ਼ਲਤ ਪੋਸਟਾਂ ਦੀ ਸੂਚਨਾ ਦੇਣ ਲਈ ਸਾਈਬਰ ਸੈੱਲ ਦਾ ਵਟਸਐਪ ਨੰਬਰ 9592912900 ਤੇ ਈਮੇਲ ਜਾਰੀ

ਟਵਿਟਰ ਹੈਂਡਲ 'ਤੇ ਡਾਇਰੈਕਟ ਮੈਸੇਜ ਵੀ ਕੀਤਾ ਜਾ ਸਕਦਾ ਹੈ : ਸਾਕਸ਼ੀ ਸਾਹਨੀ

ਕਿਸੇ ਵੀ ਗ਼ਲਤ ਸੂਚਨਾ, ਅਫ਼ਵਾਹ ਜਾਂ ਭੜਕਾਊ ਪੋਸਟ ਨੂੰ ਅੱਗੇ ਸ਼ੇਅਰ ਨਾ ਕੀਤਾ ਜਾਵੇ :  ਡੀ.ਸੀ.

ਪਟਿਆਲਾ, 1 ਮਈ  (ਰਣਜੀਤ ਸਿੱਧਵਾਂ)  :  ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸੋਸ਼ਲ ਮੀਡੀਆ 'ਤੇ ਫੈਲਦੇ ਭੜਕਾਊ ਬਿਆਨਾਂ, ਅਫ਼ਵਾਹਾਂ, ਸਨਸਨੀਖੇਜ਼ ਖ਼ਬਰਾਂ ਅਤੇ ਗ਼ਲਤ ਅਤੇ ਤੱਥਹੀਣ ਪੋਸਟਾਂ ਦਾ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਨੇ ਭਵਿੱਖ 'ਚ ਅਜਿਹਾ ਹੋਣ ਤੋਂ ਰੋਕਣ ਲਈ ਆਪਣੇ ਦਫ਼ਤਰ ਵਿਖੇ ਇੱਕ ਸੋਸ਼ਲ ਮੀਡੀਆ ਮੋਨੀਟਰਿੰਗ ਸੈੱਲ ਵੀ ਸਥਾਪਤ ਕੀਤਾ ਹੈ। ਡੀ.ਸੀ. ਨੇ ਦੱਸਿਆ ਕਿ ਏ.ਡੀ.ਸੀ. (ਜ) ਗੁਰਪ੍ਰੀਤ ਸਿੰਘ ਥਿੰਦ ਦੀ ਅਗਵਾਈ ਹੇਠਲੀ ਇਸ ਟੀਮ 'ਚ ਡੀ.ਪੀ. ਆਰ.ਓ. ਦਫ਼ਤਰ, ਜ਼ਿਲ੍ਹਾ ਸੂਚਨਾ ਤੇ ਵਿਗਿਆਨ ਅਫ਼ਸਰ ਅਤੇ ਪੁਲਿਸ ਦੇ ਸਾਈਬਰ ਸੈੱਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਅਤੇ ਉਹ ਖ਼ੁਦ ਇਸ ਦੀ ਨਿਗਰਾਨੀ ਕਰਨਗੇ।  ਡੀ.ਸੀ. ਸਾਕਸ਼ੀ ਸਾਹਨੀ ਨੇ ਇਸ ਸਬੰਧੀਂ ਵਟਸਐਪ ਨੰਬਰ 95929-12900 ਅਤੇ ਈਮੇਲ ਆਈ. ਡੀ. ਐਸਐਮਐਮਸੀਪੀਟੀਏ ਐਟ ਜੀਮੇਲ ਡਾਟ ਕਾਮ (smmcpta@gmail.com) ਜਾਰੀ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ 'ਤੇ ਭੜਕਾਊ ਬਿਆਨਾਂ, ਗ਼ਲਤ ਪੋਸਟਾਂ ਅਤੇ ਸਨਸਨੀਖੇਜ਼ ਖ਼ਬਰਾਂ ਆਦਿ ਨੂੰ ਅੱਗੇ ਪੋਸਟ ਜਾਂ ਸ਼ੇਅਰ ਨਾ ਕਰਨ ਸਗੋਂ ਇਸ ਨੂੰ ਪਟਿਆਲਾ ਪੁਲਿਸ ਦੇ ਸਾਈਬਰ ਸੈੱਲ ਦੇ ਇੰਚਾਰਜ ਦੇ ਵਟਸਐਪ ਨੰਬਰ, ਈਮੇਲ ਜਾਂ ਡੀਸੀਪਟਿਆਲਾਪੀਬੀ @DCPatialaPb ਅਤੇ ਡੀਪੀਆਰਓ ਪਟਿਆਲਾ @DPROPatiala ਦੇ ਟਵਿਟਰ ਹੈਂਡਲਾਂ ਉਪਰ ਵੀ ਡਾਇਰੈਕਟ ਮੈਸੇਜ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਜਿਹੀ ਜਾਣਕਾਰੀ ਨੂੰ ਐਸ.ਐਸ.ਪੀ. ਪਟਿਆਲਾ ਨਾਲ ਸਾਂਝੀ ਕਰਕੇ ਅਜਿਹੇ ਸ਼ਰਾਰਤੀ ਅਨਸਰਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਣੀ ਯਕੀਨੀ ਬਣਾਈ ਜਾਵੇਗੀ। ਇਸ ਦਾ ਮਕਸਦ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਅਤੇ ਸ਼ਾਂਤੀ ਭੰਗ ਕਰਨ ਵਾਲੀ ਕਿਸੇ ਵੀ ਖ਼ਬਰ ਜਾਂ ਗੁੰਮਰਾਹਕੁੰਨ ਪੋਸਟਾਂ ਨੂੰ ਨਸ਼ਰ ਹੋਣ ਤੋਂ ਰੋਕਣਾ ਹੈ। ਸਾਕਸ਼ੀ ਸਾਹਨੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ਨੂੰ ਆਪਸੀ ਸ਼ਾਂਤੀ ਤੇ ਸਦਭਾਵਨਾ ਪੈਦਾ ਕਰਨ ਲਈ ਵਰਤਣ ਨਾ ਕਿ ਨਫ਼ਰਤੀ ਭਾਸ਼ਣ ਤੇ ਅਫ਼ਵਾਹਾਂ ਫੈਲਾਉਣ ਲਈ ਸੋਸ਼ਲ ਮੀਡੀਆ ਦੇ ਵੱਖ-ਵੱਖ ਸਾਧਨਾਂ ਨੂੰ ਵਰਤਿਆ ਜਾਵੇ। ਉਨ੍ਹਾਂ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਚਿਤਾਵਨੀ ਦਿੱਤੀ ਕਿ ਸਨਸਨੀਖੇਜ਼ ਖ਼ਬਰਾਂ ਫੈਲਾਉਣ ਵਾਲਿਆਂ ਸਮੇਤ ਸੋਸ਼ਲ ਮੀਡੀਆ 'ਤੇ ਭੜਕਾਊ ਸਮੱਗਰੀ ਪਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਜ਼ਿਲ੍ਹੇ 'ਚ ਅਮਨ-ਸ਼ਾਂਤੀ ਬਣਾਈ ਰੱਖਣ ਲਈ ਕਿਸੇ ਵੀ ਅਜਿਹੀ ਤੱਥਹੀਣ ਪੋਸਟ ਨੂੰ ਟਵਿਟਰ, ਇੰਸਟਾਗ੍ਰਾਮ ਜਾਂ ਫੇਸਬੁਕ ਸਮੇਤ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਸਾਂਝੀ ਨਾ ਕੀਤਾ ਜਾਵੇ, ਜਿਹੜੀ ਕਿ ਸਮਾਜ ਵਿੱਚ ਅਸ਼ਾਂਤੀ ਤੇ ਦੋ ਫ਼ਿਰਕਿਆਂ ਜਾਂ ਲੋਕਾਂ ਵਿੱਚ ਝਗੜੇ ਪੈਦਾ ਕਰਦੀ ਹੋਵੇ।