ਅਗਾਂਹਵਧੂ ਸੋਚ ਦੇ ਮਾਲਕ, ਕਿਸਾਨ ਰੁਪਿੰਦਰ ਸਿੰਘ ਕੰਗਣਵਾਲ :ਅਨਮੋਲਦੀਪ ਸਿੰਘ
ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਦੀ ਵਿੱਤੀ ਸਹਾਇਤਾ ਮਿਲੇਗੀ- ਡਾ.ਕੁਲਵੀਰ ਸਿੰਘ
ਝੋਨੇ ਦੀ ਸਿੱਧੀ ਬਿਜਾਈ 20 ਮਈ ਤੋਂ
ਮਾਲੇਰਕੋਟਲਾ 13 ਮਈ (ਰਣਜੀਤ ਸਿੱਧਵਾਂ) : ਪੰਜਾਬ ਵਿੱਚ ਕਈ ਕਿਸਾਨਾਂ ਨੇ ਰਿਵਾਇਤੀ ਫ਼ਸਲੀ ਚੱਕਰ ਵਿੱਚ ਤਬਦੀਲੀ ਕਰਕੇ ਆਪਣੀ ਖੇਤੀ ਆਮਦਨ ਵਿੱਚ ਵਾਧਾ ਕਰਕੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਹੈ। ਇਹਨਾਂ ਹੀ ਕਿਸਾਨਾਂ ਵਿੱਚੋਂ ਇੱਕ ਹੈ ਬਲਾਕ ਅਹਿਮਦਗੜ੍ਹ ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਕੰਗਣਵਾਲ ਦਾ ਅਗਾਂਹਵਧੂ ਕਿਸਾਨ ਅਤੇ ਪਿੰਡ ਦਾ ਮੌਜੂਦਾ ਸਰਪੰਚ ਰੁਪਿੰਦਰ ਸਿੰਘ ਕੰਗਣਵਾਲ।ਸ਼ੁਰੂ ਵਿੱਚ ਕਿਸਾਨ ਨੇ ਰਿਵਾਇਤੀ ਖੇਤੀ ਕਰਦਿਆਂ ਕਣਕ ਝੋਨੇ ਦਾ ਫ਼ਸਲੀ ਚੱਕਰ ਅਪਣਾਇਆ ਪਰ ਥੋੜ੍ਹੇ ਸਮੇਂ ਬਾਅਦ ਕੁਦਰਤੀ ਸੋਮਿਆਂ ਵਿੱਚ ਆਉਂਦੇ ਨਿਘਾਰ ਅਤੇ ਖੇਤੀ ਆਮਦਨ ਵਿੱਚ ਆਈ ਖੜੋਤ ਨੂੰ ਦੇਖਦੇ ਹੋਏ ਕਿਸਾਨ ਨੇ ਆਧੁਨਿਕ ਖੇਤੀ ਕਰਨ ਦਾ ਫ਼ੈਸਲਾ ਕੀਤਾ ਅਤੇ ਫ਼ਸਲੀ ਵਿਭਿੰਨਤਾ ਅਪਣਾ ਕੇ ਸੁਚੱਜੇ ਢੰਗ ਨਾਲ ਖੇਤੀ ਕਰਕੇ ਜਿੱਥੇ ਇਸ ਧੰਦੇ ਨੂੰ ਲਾਹੇਵੰਦ ਬਣਾਇਆ ਉੱਥੇ ਹੀ ਕੁਦਰਤੀ ਸੋਮਿਆਂ ਨੂੰ ਬਚਾਉਣ ਵਿੱਚ ਵੀ ਆਪਣਾ ਯੋਗਦਾਨ ਪਾਇਆ। ਰੁਪਿੰਦਰ ਸਿੰਘ ਕੰਗਣਵਾਲ ਨੇ ਦੱਸਿਆ ਕਿ ਉਹ ਕੁੱਲ 50 ਏਕੜ ਜ਼ਮੀਨ (5 ਏਕੜ ਆਪਣੀ ਅਤੇ 45 ਏਕੜ ਠੇਕੇ ਤੇ) ਖੇਤੀ ਕਰਦਾ ਹੈ। ਪਿਛਲੇ 6 ਸਾਲਾਂ ਤੋਂ ਉਸ ਨੇ ਆਪਣੇ ਖੇਤ ਵਿੱਚ ਪਰਾਲੀ ਨੂੰ ਅੱਗ ਨਹੀਂ ਲਗਾਈ ਅਤੇ ਪਰਾਲੀ ਦੇ ਪ੍ਰਬੰਧਨ ਲਈ ਉਹ ਸਹਿਕਾਰੀ ਸਭਾ ਤੋਂ ਪਲਟਾਵੇਂ ਹਲ਼ ਲੈ ਕੇ ਪਰਾਲੀ ਨੂੰ ਖੇਤ ਵਿੱਚ ਹੀ ਮਿਲਾਉਂਦਾ ਜਿਸ ਨਾਲ ਨਾ ਹੀ ਸਿਰਫ਼ ਵਾਤਾਵਰਨ ਦੂਸ਼ਿਤ ਹੋਣ ਤੋਂ ਬਚਦਾ ਹੈ ਨਾਲ ਹੀ ਜ਼ਮੀਨ ਵਿਚਲੇ ਤੱਤ ਵੀ ਨਸ਼ਟ ਨਹੀਂ ਹੁੰਦੇ। ਉਹ 15 ਏਕੜ ਜ਼ਮੀਨ ਵਿੱਚ ਆਲੂ ਦੀ ਡਾਇਮੰਡ ਕਿਸਮ ਦੀ ਖੇਤੀ ਕਰਦਾ ਹੈ। ਜਿਸ ਵਿੱਚ ਸਿੰਚਾਈ ਦੇ ਪ੍ਰਬੰਧਨ ਲਈ ਉਸ ਨੇ ਭੂਮੀ ਅਤੇ ਪਾਣੀ ਰੱਖਿਆ ਵਿਭਾਗ ਤੋਂ ਸਬਸਿਡੀ ਤੇ 15 ਏਕੜ ਜ਼ਮੀਨ ਤੇ ਫੁਆਰਾ ਸਿੰਚਾਈ ਸਿਸਟਮ ਲਗਵਾਇਆ ਹੈ । ਜਿਸ ਨਾਲ ਸਿਰਫ਼ ਲੋੜ ਅਨੁਸਾਰ ਹੀ ਪਾਣੀ ਫ਼ਸਲ ਨੂੰ ਲਗਦਾ ਹੈ ਅਤੇ ਜ਼ਮੀਨ ਹੇਠਲੇ ਪਾਣੀ ਦੀ ਦੁਰਵਰਤੋਂ ਨਹੀਂ ਹੁੰਦੀ।ਇਸ ਦੇ ਨਾਲ ਹੀ ਕਿਸਾਨ ਲਗਭਗ 20 ਏਕੜ ਵਿੱਚ ਬਾਸਮਤੀ 1509 ਦੀ ਖੇਤੀ ਕਰਦਾ ਹੈ।ਕਿਸਾਨ ਵੱਲੋਂ ਖੇਤੀ ਤੋਂ ਇਲਾਵਾ ਸਹਾਇਕ ਧੰਦੇ ਵੱਜੋ 50 ਦੁਧਾਰੂ ਪਸ਼ੂ ਵੀ ਰੱਖੇ ਹਨ ਜਿਨ੍ਹਾਂ ਦੇ ਚਾਰੇ ਦੇ ਪ੍ਰਬੰਧਨ ਲਈ ਕਿਸਾਨ ਵੱਲੋਂ ਲਗਭਗ 20 ਏਕੜ ਵਿੱਚ ਚਾਰੇ ਵਾਲੀ ਮੱਕੀ ਦੀ ਖੇਤੀ ਕੀਤੀ ਜਾਂਦੀ ਹੈ ਅਤੇ ਮੱਕੀ ਦਾ ਆਚਾਰ ਪਾਕੇ ਉਹ ਪਸ਼ੂਆਂ ਲਈ ਸੰਤੁਲਿਤ ਖ਼ੁਰਾਕ ਤਿਆਰ ਕਰਦਾ ਹੈ ਜਿਸ ਨਾਲ ਦੁੱਧ ਦੀ ਵਧੀਆਂ ਕੁਆਲਟੀ ਦੀ ਪੈਦਾਵਾਰ ਕਰਕੇ ਕਿਸਾਨ ਚੋਖੀ ਆਮਦਨ ਕਮਾ ਰਿਹਾ ਹੈ। ਦੱਸ ਦੇਈਏ ਕਿ ਕਿਸਾਨ ਪਸ਼ੂਆਂ ਦੇ ਗੋਬਰ ਤੋਂ ਰੂੜੀ ਦੀ ਦੇਸੀ ਖਾਦ ਤਿਆਰ ਕਰਕੇ ਆਪਣੇ ਖੇਤਾਂ ਵਿੱਚ ਵਰਤੋਂ ਕਰਦਾ ਹੈ ਅਤੇ ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕਰਕੇ ਰਸਾਇਣਿਕ ਖਾਦਾਂ ਦੀ ਵਰਤੋਂ ਨੂੰ ਘਟਾਇਆ ਹੈ। ਇਸ ਦੇ ਨਾਲ ਹੀ ਕਿਸਾਨ ਘਰੇਲੂ ਬਗੀਚੀ ਲਗਾ ਕੇ ਲੋੜ ਅਨੁਸਾਰ ਜੈਵਿਕ ਤਰੀਕੇ ਨਾਲ ਸਬਜ਼ੀ ਵੀ ਉਗਾਉਂਦਾ ਹੈ। ਖੇਤੀਬਾੜੀ ਵਿਕਾਸ ਅਫ਼ਸਰ ਡਾ. ਅਨਮੋਲਦੀਪ ਸਿੰਘ, ਕੰਗਣਵਾਲ ਨੇ ਦੱਸਿਆ ਕਿ ਰੁਪਿੰਦਰ ਸਿੰਘ ਸਮੇਂ ਸਮੇਂ ਤੇ ਖੇਤੀਬਾੜੀ ਵਿਭਾਗ ਵੱਲੋਂ ਕੀਤੀਆਂ ਜਾਂਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਂਦਾ ਹੈ ਅਤੇ ਉਸ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਅਗਾਂਹਵਧੂ ਸੋਚ ਦੇ ਮਾਲਕ ਹਨ ਅਤੇ ਬਦਲਦੇ ਸਮੇਂ ਨਾਲ ਹਮੇਸ਼ਾ ਨਵੀਂਆਂ ਤਕਨੀਕਾਂ ਅਪਣਾਉਣ ਲਈ ਤਿਆਰ ਰਹਿੰਦੇ ਹਨ।ਕਿਸਾਨ ਦੁਆਰਾ ਇਸ ਵਾਰ ਪੰਜਾਬ ਸਰਕਾਰ ਵੱਲੋਂ ਚਲਾਈ ਪਾਣੀ ਬਚਾਉਣ ਦੀ ਮੁਹਿੰਮ ਨੂੰ ਦੇਖਦੇ ਹੋਏ ਕੁਛ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਵੀ ਮਨ ਬਣਾਇਆ ਹੈ।ਉਹ ਹੋਰਨਾ ਕਿਸਾਨਾਂ ਨੂੰ ਵੀ ਫ਼ਸਲੀ ਵਿਭਿੰਨਤਾ ਅਪਣਾਉਣ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦਾ ਸੁਨੇਹਾ ਦਿੰਦੇ ਹਨ।ਖੇਤੀਬਾੜੀ ਵਿਕਾਸ ਅਫ਼ਸਰ ਡਾ. ਕੁਲਵੀਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਨੂੰ ਰੁਪਿੰਦਰ ਸਿੰਘ ਤੋਂ ਸੇਧ ਲੈ ਕੇ ਫਸਲੀ ਵਿਭਿੰਨਤਾ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰਨਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਪਾਣੀ ਦੇ ਡਿੱਗਦੇ ਪੱਧਰ ਨੂੰ ਦੇਖਦਿਆਂ ਸਾਰੇ ਕਿਸਾਨ ਵੀਰਾਂ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦੇਣ। ਖੇਤੀਬਾੜੀ ਵਿਭਾਗ ਜ਼ਿਲ੍ਹੇ ਵਿਚ ਇਸ ਬਿਜਾਈ ਦੇ ਬੀਤੇ ਕਈ ਸਾਲਾਂ ਤੋਂ ਸਫਲ ਤਜਰਬੇ ਕਰ ਚੁੱਕਾ ਹੈ ਅਤੇ ਸਿੱਧੀ ਬਿਜਾਈ ਕਰਨ ਨਾਲ ਝੋਨੇ ਦੇ ਝਾੜ ਵਿਚ ਕੋਈ ਕਮੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਸਰਕਾਰ ਵੱਲੋਂ ਪ੍ਰਤੀ ਏਕੜ 1500 ਰੁਪਏ ਦਿੱਤੇ ਜਾਣਗੇ । ਉਨ੍ਹਾਂ ਹੋਰ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ 20 ਮਈ ਤੋਂ ਕੀਤੀ ਜਾ ਸਕਦੀ। ਖੇਤੀਬਾੜੀ ਵਿਭਾਗ ਇਹ ਤਕਨੀਕ ਅਪਣਾਉਣ ਵਾਲੇ ਕਿਸਾਨਾਂ ਲਈ ਹਰ ਤਰਾਂ ਦਾ ਤਕਨੀਕੀ ਸਹਿਯੋਗ ਦੇਣ ਲਈ ਤਿਆਰ ਹੈ ਅਤੇ ਕਿਸਾਨ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਵਧੇਰੇ ਜਾਣਕਾਰੀ ਲਈ ਉਹ ਆਪਣੇ ਨੇੜਲੇ ਖੇਤੀਬਾੜੀ ਵਿਭਾਗ ਦੇ ਦਫ਼ਤਰ ਜਾਂ ਦਫ਼ਤਰ ਮੁੱਖ ਖੇਤੀਬਾੜੀ ਅਫ਼ਸਰ ਵਿਖੇ ਸੰਪਰਕ ਕਰ ਸਕਦੇ ਹਨ ।