You are here

ਪੰਜਾਬ

ਹੁਣ ਰਹੀ ਨਾ ਇਨਸਾਨੀਅਤ ਇਨਸਾਨਾਂ ਅੰਦਰ ✍️ ਜਸਵਿੰਦਰ ਸ਼ਾਇਰ ਪਪਰਾਲਾ

ਇੱਥੇ ਹਮੇਸ਼ਾ ਹੀ ਬੁਲੰਦ ਆਵਾਜ਼ ਨੂੰ ਦਬਾਇਆ ਜਾਂਦਾ ਏ ।
ਲੰਬੇ ਲੁਚਿਆਂ ਦੇ ਸਿਰ ਨੂੰ ਤਾਜ ਸਜਾਇਆ ਜਾਂਦਾ ਏ ।

ਜੇ ਕਰ ਕੋਈ ਗੱਲ ਕਰਦਾ ਹੱਕ ਤੇ ਸੱਚ ਦੀ ਇੱਥੇ,
ਉਸ ਸ਼ਖ਼ਸ਼ ਨੂੰ ਸ਼ਰੇਆਮ ਹੀ ਮਾਰ ਮੁਕਾਇਆ ਜਾਂਦਾ ਏ ।

ਆਪਣੇ ਹੱਕਾਂ ਲਈ ਚੁੱਕੀਏ ਜੇਕਰ ਹਥਿਆਰ ਅਸੀਂ,
ਫੇਰ ਸਾਨੂੰ  ਧੱਕੇ ਦੇ ਨਾਲ  ਅੱਤਵਾਦੀ ਬਣਾਇਆ ਜਾਂਦਾ ਏ ।

ਕੋਈ ਸਾਰ ਨਹੀਂ ਆਮ ਜਨਤਾ ਦੀ  ਸਰਮਾਏਦਾਰਾਂ ਨੂੰ
,ਮਾਸੂਮ ਧੀਆਂ ਦੀ ਇੱਜਤ ਨੂੰ  ਮਿੱਟੀ ਮਿਲਾਇਆ ਜਾਂਦਾ ਏ ।

ਮਨ ਮਰਜ਼ੀ ਦਾ ਰੇਟ ਲਾਉਂਦੀਆ ਸਰਕਾਰਾਂ ਸਾਡੀ ਫਸਲਾਂ ਦਾ,
ਆਪ ਭੁੱਖਾਂ, ਕਰਜ਼ਦਾਰ ਫੇਰ ਵੀ ਅੰਨਦਾਤਾ ਕਹਾਇਆ ਜਾਂਦਾ ਏ ।

ਕੈਸਾ ਦਰਿਆਂ ਵਗਿਆ ਨਸ਼ੇ ਦਾ ਖਾ ਲਈ ਜਵਾਨੀ ਸਾਰੀ,
ਜਵਾਨ ਪੁੱਤ ਦੀ ਚਿਤਾ ਨੂੰ  ਬਾਪੂ ਹੱਥੋਂ ਲਾਂਬਾ ਲਾਇਆ ਜਾਂਦਾ ਏ ।

"ਸ਼ਾਇਰ " ਹੁਣ ਰਹੀ ਨਾ ਇਨਸਾਨੀਅਤ ਇਨਸਾਨਾਂ ਅੰਦਰ,
ਕੋਈ ਮਰਦਾ ਮਰੇ  ਬੱਸ ਆਪਣਾ ਸਿੱਕਾ ਚਲਾਇਆ ਜਾਂਦਾ ਏ ।

ਜਸਵਿੰਦਰ ਸ਼ਾਇਰ ਪਪਰਾਲਾ
9996568220

ਸਮਰਪਿਤ ਸੰਤ ਕਬੀਰ ਜੀ ਨੂੰ ✍️ ਸਲੇਮਪੁਰੀ ਦੀ ਚੂੰਢੀ

 ਅੱਜ ਉਸ ਮਹਾਨ ਰਹਿਬਰ ਸੰਤ ਕਬੀਰ ਜੀ ਦਾ ਪ੍ਰਕਾਸ਼ ਉਤਸਵ ਹੈ, ਜਿਨ੍ਹਾਂ ਨੇ ਉਸ ਸਮੇਂ ਜਦੋਂ ਭਾਰਤੀ ਸਮਾਜ ਵਿਚ ਜਾਤ-ਪਾਤ ਅਤੇ ਊਚ - ਨੀਚ ਦਾ ਬਹੁਤ ਬੋਲਬਾਲਾ ਸੀ, ਦੇ ਦੌਰਾਨ ਬ੍ਰਾਹਮਣਵਾਦ/ ਮਨੂੰਵਾਦ ਅਤੇ ਪੂੰਜੀਵਾਦ ਦੇ ਵਿਰੁੱਧ ਨਿਧੜਕ ਹੋ ਕੇ ਅਵਾਜ ਬੁਲੰਦ ਕਰਦਿਆਂ ਸਮਾਜ ਵਿਚ ਮਾਨਵਤਾ ਦੀ ਬਹਾਲੀ ਲਈ ਆਪਣੀ ਜਿੰਦਗੀ ਅਰਪਣ ਕਰ ਦਿੱਤੀ। ਉਨ੍ਹਾਂ ਬ੍ਰਾਹਮਣਵਾਦੀ / ਮਨੂੰਵਾਦੀ ਲੋਕਾਂ ਨੂੰ ਵੰਗਾਰਦਿਆਂ ਕਿਹਾ ਕਿ ਜੇ ਉਹ ਆਪਣੇ ਆਪ ਨੂੰ ਸੱਭ ਤੋਂ ਉੱਚਾ ਮੰਨਦੇ ਹਨ ਤਾਂ ਫਿਰ ਉਹ ਕਿਸੇ ਹੋਰ ਰਸਤੇ ਪੈਦਾ ਕਿਉਂ ਨਹੀਂ ਹੋਏ? ਸੰਤ ਕਬੀਰ ਜੀ ਲਿਖਦੇ ਹਨ ਕਿ -
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥
ਤਉ ਆਨ ਬਾਟ ਕਾਹੇ ਨਹੀ ਆਇਆ॥੨॥
ਤੁਮ ਕਤ ਬ੍ਰਾਹਮਣ ਹਮ ਕਤ ਸੂਦ॥
ਹਮ ਕਤ ਲੋਹੂ ਤੁਮ ਕਤ ਦੂਧ॥3॥
ਕਹੁ ਕਬੀਰ ਜੋ ਬ੍ਰਹਮੁ ਬੀਚਾਰੈ॥
ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ॥੪॥੭॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੩੨੪)
ਉਹ ਇੱਕ ਅਜਿਹੇ ਕ੍ਰਾਂਤੀਕਾਰੀ ਸੰਤ ਸਨ, ਜਿਨ੍ਹਾਂ ਨੇ ਸਮਾਜ ਨੂੰ ਪਾਖੰਡਵਾਦ ਅਤੇ ਵਹਿਮਾਂ ਭਰਮਾਂ ਤੋਂ ਮੁਕਤੀ ਦਿਵਾਉਣ ਲਈ ਸੰਘਰਸ਼ ਕੀਤਾ। ਉਹ ਨਿੱਡਰ ਹੋ ਕੇ ਰੱਬ ਦੇ ਉਨ੍ਹਾਂ ਪਾਖੰਡੀ ਭਗਤਾਂ ਨੂੰ ਫਿਟਕਾਰਾਂ ਮਾਰਦੇ ਸਨ, ਜਿਹੜੇ ਉੱਚੀ ਉੱਚੀ ਅਵਾਜਾਂ ਮਾਰ ਕੇ ਰੱਬ ਨੂੰ ਬੁਲਾਉਂਦੇ ਸਨ। ਸੰਤ ਕਬੀਰ ਜੀ ਲਿਖਦੇ ਹਨ ਕਿ 'ਰੱਬ ਬੋਲਾ ਨਹੀਂ ਹੈ, ਜਿਸ ਨੂੰ ਉੱਚੀ ਉੱਚੀ ਅਵਾਜਾਂ ਮਾਰ ਕੇ ਬੁਲਾਉਂਦੇ ਹੋ'। ਉਨ੍ਹਾਂ ਨੇ ਭੋਲੇ ਭਾਲੇ ਲੋਕਾਂ ਦੀ ਲੁੱਟ-ਖਸੁੱਟ ਅਤੇ ਗੈਰ-ਮਾਨਵਤਾਵਾਦੀ ਢਾਂਚੇ ਨੂੂੰ ਨਕਾਰਦਿਆਂ ਆਰਥਿਕ ਅਤੇ ਸਮਾਜਿਕ ਬਰਾਬਰਤਾ ਦਾ ਨਾਅਰਾ ਦਿੱਤਾ। ਉਨ੍ਹਾਂ ਦਾ ਸੰਦੇਸ਼ ਹੈ ਕਿ ਮਨੁੱਖ ਨੂੰ ਹਮੇਸ਼ਾ ਆਪਣੇ ਹੱਥਾਂ ਦੀ ਕਿਰਤ ਕਮਾਈ ਖਾਣੀ ਚਾਹੀਦੀ ਹੈ ਅਤੇ ਇਸੇ ਕਰਕੇ ਉਨ੍ਹਾਂ ਨੇ  ਸਾਰੀ ਜਿੰਦਗੀ ਖੁਦ ਆਪਣੇ ਹੱਥੀਂ ਕੰਮ ਕਰਨ ਨੂੰ ਧਰਮ ਮੰਨਦਿਆਂ ਨੇਕ ਕਮਾਈ ਕੀਤੀ।
ਉਹ ਬਹੁਤ ਹੀ ਨਿੱਡਰ, ਨਿਧੜਕ, ਕ੍ਰਾਂਤੀਕਾਰੀ, ਜੁਝਾਰੂ ਅਤੇ ਯੁੱਗ ਪਲਟਾਊ ਸੁਭਾਅ ਦੇ ਮਾਲਕ ਹੋਣ ਕਰਕੇ ਆਖਦੇ ਸਨ ਕਿ ਬਹਾਦਰ ਅਤੇ ਸੂਰਮੇ  ਉਹ ਲੋਕ ਹੁੰਦੇ ਹਨ, ਜਿਹੜੇ ਸਮਾਜ ਵਿਚ ਆਰਥਿਕ, ਸਮਾਜਿਕ, ਅਤੇ ਰਾਜਨੀਤਿਕ ਤਬਦੀਲੀ ਲਿਆਉਣ ਦੇ ਨਾਲ ਨਾਲ ਆਪਣੇ ਹੱਕਾਂ ਅਤੇ ਹਿੱਤਾਂ ਲਈ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਮੈਦਾਨ-ਏ-ਜੰਗ ਜਾ ਕੇ ਲੜਦੇ ਹਨ ਅਤੇ ਅੰਗ-ਅੰਗ ਕੱਟੇ ਜਾਣ 'ਤੇ ਵੀ ਮੈਦਾਨ ਨਹੀਂ ਛੱਡਦੇ। ਸੰਤ ਕਬੀਰ ਜੀ ਲਿਖਦੇ ਹਨ ਕਿ -
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੧੦੫)
ਅੱਜ ਬਹੁਤ ਹੀ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹਾਂ ਜਾਂ ਫਿਰ ਢੌਂਗ ਕਰਦੇ ਹਾਂ, ਜਦ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੰਤ ਕਬੀਰ ਜੀ ਵਰਗੇ ਜਿਹੜੇ ਮਹਾਪੁਰਸ਼ਾਂ ਦੀ ਬਾਣੀ ਦਰਜ ਹੈ, ਨੂੰ ਗੁਰੂ ਮੰਨਣ ਤੋਂ ਹਿਚਕਚਾਹਟ ਮਹਿਸੂਸ ਕਰ ਰਹੇ ਹਾਂ, ਹਾਲਾਂਕਿ ਗੁਰੂ ਅਰਜਨ ਦੇਵ ਜੀ ਨੇ ਬਿਨਾਂ ਕਿਸੇ ਪੱਖਪਾਤ ਅਤੇ ਵਿਤਕਰੇ ਤੋਂ ਉਨ੍ਹਾਂ ਸਾਰਿਆਂ ਮਹਾਂਪੁਰਸ਼ਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤੀ, ਜਿਨ੍ਹਾਂ ਦੀ ਬਾਣੀ ਮਾਨਵਤਾ ਦੇ ਭਲੇ ਲਈ ਹਿੱਕ ਠੋਕ ਕੇ ਲੁਟੇਰਿਆਂ ਵਿਰੁੱਧ ਖੜ੍ਹਦੀ ਹੈ ਅਤੇ ਸਮਾਜ ਨੂੰ ਸਹੀ ਸੇਧ ਪ੍ਰਦਾਨ ਕਰਦੀ ਹੈ।
ਸੰਤ ਕਬੀਰ ਜੀ ਲਿਖਦੇ ਹਨ ਕਿ ਸਮਾਜ ਵਿਚ ਕੋਈ ਵੀ ਵਿਅਕਤੀ ਨਾ ਤਾਂ ਵੱਡਾ- ਛੋਟਾ ਹੁੰਦਾ ਹੈ ਅਤੇ ਨਾ ਹੀ ਉੱਚਾ-ਨੀਵਾਂ ਹੁੰਦਾ ਹੈ। ਸੰਸਾਰ ਵਿੱਚ ਸਭ ਲੋਕ ਇੱਕ ਸਮਾਨ ਹਨ। ਸੰਤ ਕਬੀਰ ਜੀ ਇੱਕ ਬਹੁਤ ਵੱਡੇ ਸਮਾਜ ਸੁਧਾਰਕ ਸਨ , ਇਸੇ ਲਈ ਉਹ ਲਿਖਦੇ ਹਨ ਕਿ -
'ਅਵਲਿ ਅਲਹ ਨੂਰ ਉਪਾਇਆ,
ਕੁਦਰਤ ਕੇ ਸਭ ਬੰਦੇ!!
ਏਕ ਨੂਰ ਤੇ ਸਭ ਜਗੁ ਉਪਜਿਆ,
ਕਉਨ ਭਲੇ ਕੋ ਮੰਦੇ!!
ਸੰਤ ਕਬੀਰ ਜੀ ਆਖਦੇ ਹਨ ਕਿ ਸਮਾਜ ਦਾ ਹਰੇਕ ਬੰਦਾ ਕੁਦਰਤ ਦੀ ਉਪਜ ਹੈ, ਫਿਰ ਸਮਾਜ ਵਿਚ ਜਾਤਾਂ-ਪਾਤਾਂ ਅਤੇ ਧਰਮਾਂ ਦੇ ਵਿਤਕਰੇ ਕਿਉਂ?
ਸੰਤ ਕਬੀਰ ਜੀ ਪਾਖੰਡੀਆਂ ਦੇ ਪਾਖੰਡ ਵਿਰੁੱਧ ਲਿਖਦੇ ਹਨ ਕਿ ਗੰਗਾ /ਗੋਮਤੀ 'ਤੇ ਜਾ ਕੇ ਇਸ਼ਨਾਨ ਕਰਨ ਦਾ ਕੋਈ ਫਾਇਦਾ ਨਹੀਂ, ਜੇ ਅੰਦਰ ਹੀ ਮੈਲ ਭਰੀ ਪਈ ਹੋਵੇ!
ਨੋਟ - ਗੁਰਬਾਣੀ ਦੀ ਕਿਸੇ ਤੁਕ ਵਿਚ ਜੇ ਸ਼ਬਦ-ਜੋੜ ਗਲਤ ਲਿਖਿਆ ਗਿਆ ਹੋਵੇ ਤਾਂ ਅਣਜਾਣ ਸਮਝ ਕੇ ਮੁਆਫ ਕਰਨਾ।
-ਸੁਖਦੇਵ ਸਲੇਮਪੁਰੀ
09780620233
14 ਜੂਨ, 2022.

ਹਰ ਗਲੀ ਨੁੱਕਰ  ✍️  ਸ਼ਿਵਨਾਥ ਦਰਦੀ

ਹਰ ਗਲੀ ਨੁੱਕਰ ,
ਤੇ ਮੋੜ ਖਤਰਨਾਕ ,
ਮੁੱਕੀ ਦਿਲ ਚੋਂ ਮੁਹੱਬਤ ,
ਨਾ ਕੋਈ ਹੀਰ ਰਾਝਾਂ ਚਾਕ ,
ਹਰ ਗਲੀ...................
ਪੈਸਾ ਖਾ ਗਿਆ ਸਾਰੇ ,
ਚੰਗੇ ਰਿਸ਼ਤੇ ਨਾਤੇ ,
ਅੱਧ ਪਚੰਦੇ ਤੇ ,
ਕੁਝ ਸਾਬਤ ਸਬਾਤੇ ,
ਪਾਪ ਭਰ ਗਿਆ ,ਆਲਮ ਚ'
ਕਿਧਰੇ ਰਿਹਾ ਨਾ ਪਾਕ ।
ਹਰ ਗਲੀ ..............
ਜਿੰਨੀ ਕਿਸ਼ਮਤ ਚ' ਲਿਖੀ ,
ਓਹ ਚੁੱਪ ਚਾਪ ਖਾ ਲੈ ,
ਜਿਹੜਾ ਆਪਣਾ ਬਣੇ ,
ਓਹਨੂੰ ਆਪਣਾ ਬਣਾ ਲੈ ,
ਫੇਰ ਪਛਤਾਉਣਾ ਪੈਣਾ ,
ਜਦੋਂ ਨਿਕਲ ਗਈ ਡਾਕ ।
ਹਰ ਗਲੀ ................
ਖਾਲੀ ਜੇਬ ਤੇ ,
ਖਾਲੀ ਬੰਦਾ ਪਿਆ ਦਿਸਦਾ ,
 ਅਮੀਰ ਜਿੰਨ੍ਹਾਂ ਹੋਵੇ ਪਾਪੀ ,
ਪਰ ਆਪਣਾ ਹੈ ਰਿਸ਼ਤਾ ,
ਤੋਲਿਆ ਅਮੀਰੀ ਗਰੀਬੀ ਚ ,
ਜਾਦਾਂ ਮਹੱਲਾਂ ਦਾ ਹਰ ਸਾਕ ।
ਹਰ ਗਲੀ ...............
ਇਹ ਸੂਰਜ ਤੇ ਚੰਨ ,
ਨਿੱਤ ਚੜ੍ਹਦੇ ਤੇ ਛਿਪਦੇ ,
ਇਹ ਦੇਸ਼ ਨੇ ਪਰਾਏ ,
ਨਾ ਬਣੇ ਕਦੇ ਕਿਸਦੇ ,
ਸਭ ਤੁਰ ਗਏ , ਏਥੋਂ
ਜਿਨ੍ਹਾਂ ਰੱਖੇ ਬਹੁਤੇ ਝਾਕ ‌।
ਹਰ ਗਲੀ  . ‌‌‌................
ਪੜ੍ਹ ਚਾਰ ਕੁ ਅੱਖਰ ,
ਸਭ ਬਣੇ ਨੇ ਸਿਆਣੇ ,
ਕਿਥੇ ਉਲਝੇ ਨੇ 'ਦਰਦੀ'
ਦੱਸ ਤੇਰੇ ਤਾਣੇ ਬਾਣੇ ,
ਜਿਹੜੀ ਦੇਹ ਤੇ ਕਰੇ ਮਾਣ ,
ਓਹ ਤਾਂ ਮੁੱਠੀ ਭਰ ਰਾਖ ।
ਹਰ ਗਲੀ ...............
             ਸ਼ਿਵਨਾਥ ਦਰਦੀ
  ਸੰਪਰਕ 9855155392

ਸਿੱਖ ਕੌਮ ਮੁਸਲਿਮ ਭਾਈਚਾਰੇ ਨਾਲ ਚੱਟਾਨ ਵਾਂਗ ਖਡ਼੍ਹੀ ਹੈ : ਪ੍ਰਧਾਨ ਢੋਲਣ

ਜਗਰਾਉਂ   14 ਜੂਨ (ਰਣਜੀਤ ਸਿੱਧਵਾਂ) : ਪਿਛਲੇ ਦਿਨੀਂ ਜੋ ਇਸਲਾਮ ਧਰਮ ਦੇ ਪੈਗੰਬਰ ਮੁਹੰਮਦ ਸਾਹਿਬ ਜੀ ਦੇ ਬਾਰੇ ਜੋ ਭਾਜਪਾ ਦੀ ਮੁੱਖ ਬੁਲਾਰੇ ਤੌਰ ਤੇ ਨਿਯੁਕਤ ਨੂਪੁਰ ਸ਼ਰਮਾ ਨੇ ਫਿਰਕਾਪ੍ਰਸਤੀ ਦਾ ਬਹੁਤ ਹੀ ਦੁਖਦਾਇਕ ਬਿਆਨ ਦਿੱਤਾ ਉਸਨੇ ਦੇਸ਼ ਵਿਦੇਸ਼ ਵਿੱਚ ਵਸਦੇ ਮੁਸਲਮਾਨ ਭਾਈਚਾਰੇ ਤੇ ਸਰਬ ਧਰਮ ਸਾਂਝੀਵਾਲਤਾ ਦੇ ਧਾਰਨੀ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਹ ਇੱਕ ਬਹੁਤ ਹੀ ਦੁਖਦਾਇਕ ਤੇ ਫਿਰਕਾਪ੍ਰਸਤੀ ਦੀ ਜ਼ਹਿਰ ਨਾਲ ਭਰਿਆ ਬਿਆਨ ਭਾਜਪਾ ਲੀਡਰ ਵਲੋਂ ਦਿੱਤਾ ਗਿਆ ਹੈ। ਜਿਸਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਤੇ ਬਰਨਾਲਾ ਸਰਕਲ ਪ੍ਰਧਾਨ ਜਸਪ੍ਰੀਤ ਸਿੰਘ ਢੋਲਣ ਵੱਲੋਂ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਗਈ ਹੈ। ਪ੍ਰਧਾਨ ਢੋਲਣ ਨੇ ਇਹੋ ਜਿਹੇ ਫਿਰਕੂ, ਭੜਕਾਊ ਬਿਆਨਾਂ ਨੂੰ ਨਾ ਬਰਦਾਸ਼ਤਯੋਗ ਕਰਾਰ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਜ਼ਾਦੀ ਦੀ ਲੜਾਈ ਵਿੱਚ ਮੂਹਰੇ ਹੋਕੇ ਫਾਂਸੀ ਦਾ ਰੱਸਾ ਗਲ 'ਚ ਪਾਕੇ ਮੁਸਲਮਾਨ ਭਾਈਚਾਰੇ ਵਲੋਂ ਵੀ ਕੁਰਬਾਨੀਆਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਅਸ਼ਫਾਕਉਲਾ ਖਾਨ ਜੀ ਦਾ ਨਾਮ ਮੁੱਖ ਤੌਰ ਤੇ ਆਉਂਦਾ ਹੈ। ਪ੍ਰਧਾਨ ਢੋਲਣ ਨੇ ਇਹ ਵੀ ਕਿਹਾ ਕਿ ਇਸ ਦੇਸ਼ ਦੀ  ਭਾਜਪਾ ਲੀਡਰਸ਼ਿਪ ਨੇ ਆਪਣੇ ਨਾਮ ਰਜਿਸਟਰੀ ਨਹੀਂ ਕਰਵਾ ਰੱਖੀ, ਮੁਸਲਮਾਨ ਕੌਮ ਦੀ ਇਸ ਦੇਸ਼ ਉਪਰ ਬਰਾਬਰ ਦੀ ਦਾਅਵੇਦਾਰੀ ਹੈ। ਉਨ੍ਹਾਂ ਕਿਹਾ  ਕਿ ਇਹੋ ਜਿਹੇ ਫਿਰਕਾਪ੍ਰਸਤੀ ਨਾਲ ਭਰੇ ਹੋਏ ਭੜਕਾਊ ਬਿਆਨ ਦੇਣ ਲਈ ਮਨ ਵਿੱਚ ਜ਼ਹਿਰ ਭਰੇ ਭਾਜਪਾ ਦੇ ਲੋਕ ਹਮੇਸ਼ਾਂ ਹੀ ਤਿਆਰ ਰਹਿੰਦੇ ਹਨ, ਉਨ੍ਹਾਂ ਉਕਤ ਫਿਰਕਾਪ੍ਰਸਤੀ ਦੇ ਬਿਆਨ ਦੀ ਨਿੰਦਾ ਕਰਦਿਆਂ ਇਸਨੂੰ ਦੇਸ਼ ਦੀ ਏਕਤਾ ਅਖੰਡਤਾ ਲਈ ਖਤਰਾ ਕਰਾਰ ਦਿੱਤਾ ਤੇ ਕਿਹਾ ਕਿ ਉਕਤ ਲੀਡਰ ਨੂਪੁਰ ਸ਼ਰਮਾ ਨੇ ਸਾਂਝੀਵਾਲਤਾ ਨਾਲ ਵਸਦੇ ਲੋਕਾਂ ਨੂੰ ਜ਼ਹਿਰ ਵੰਡਣ ਦੀ ਕੋਸ਼ਿਸ਼ ਕੀਤੀ ਹੈ ਪਰ ਸੁਹਿਰਦ ਅਤੇ ਸੂਝਵਾਨ ਲੋਕ ਇਹੋ ਜਿਹੇ ਬੇਤੁਕੇ ਬਿਆਨਾਂ ਨੂੰ ਕੋਈ ਅਹਿਮੀਅਤ ਨਹੀਂ ਦੇਣਗੇ ਅਤੇ ਨਕਾਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਆਰ,ਐੱਸ,ਐੱਸ  ਤੇ ਭਾਜਪਾ ਦੀ ਲੀਡਰਸ਼ਿਪ ਵਲੋਂ ਦੇਸ਼ ਵਿੱਚ ਹੋਰ ਗਿਣਤੀਆਂ ਦੇ ਜਿਊਣ ਤੇ ਧਾਰਮਿਕ ਅਧਿਕਾਰਾਂ ਉੱਪਰ ਕੋਝੇ ਹਮਲੇ ਕੀਤੇ ਜਾ ਰਹੇ ਹਨ ਜੋ ਕਿ ਇੱਕ ਘਟੀਆ ਪੱਧਰ ਦੀ ਮਾਨਸਿਕਤਾ ਹੈ।

ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੀ ਚੋਣ ਹੋਈ  

ਡਾ ਪਰਮਿੰਦਰ ਪ੍ਰਧਾਨ, ਪਾਸੀ ਚੇਅਰਮੈਨ ਤੇ ਡਾ ਮਿੱਠੂ ਮੁਹੰਮਦ ਬਣੇ ਸਰਪ੍ਰਸਤ  

ਬਰਨਾਲਾ 14 ਜੂਨ (ਡਾਕਟਰ ਸੁਖਵਿੰਦਰ ਸਿੰਘ ਬਾਪਲਾ /ਗੁਰਸੇਵਕ ਸੋਹੀ) ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੀ ਜ਼ਰੂਰੀ ਮੀਟਿੰਗ ਅੱਜ  ਕਲੱਬ ਦੇ ਪ੍ਰਧਾਨ ਡਾ ਮਿੱਠੂ ਮੁਹੰਮਦ  ਦੀ ਪ੍ਰਧਾਨਗੀ ਹੇਠ "ਫਿੱਟ ਲਾਇਫ ਹਰਬਲ ਦਵਾਖਾਨਾ" ਮਹਿਲ ਕਲਾਂ ਵਿਖੇ ਹੋਈ। ਇਸ ਮੀਟਿੰਗ ਵਿਚ ਸਮੂਹ ਕਲੱਬ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ।ਜਿਸ ਵਿੱਚ  ਵੱਖ ਵੱਖ ਵਿਸ਼ਿਆਂ ਉਤੇ ਪੱਤਰਕਾਰੀ ਖੇਤਰ ਵਿਚ ਪੱਤਰਕਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕੀਤੀ ਗਈ  ।ਇਸ ਉਪਰੰਤ ਕਲੱਬ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ।ਜਿਸ ਵਿੱਚ  ਪ੍ਰੇਮ ਕੁਮਾਰ ਪਾਸੀ ਨੂੰ ਚੇਅਰਮੈਨ ,ਡਾ ਮਿੱਠੂ ਮੁਹੰਮਦ ਸਰਪ੍ਰਸਤ ,ਡਾ ਪਰਮਿੰਦਰ ਸਿੰਘ ਹਮੀਦੀ, ਪ੍ਰਧਾਨ ,ਜਗਜੀਤ ਸਿੰਘ ਕੁਤਬਾ ਨੂੰ ਜਨਰਲ ਸਕੱਤਰ  ,ਗੁਰਸੇਵਕ ਸਿੰਘ ਸਹੋਤਾ ਨੂੰ ਸੀਨੀਅਰ ਮੀਤ ਪ੍ਰਧਾਨ,ਮਨਜੀਤ ਸਿੰਘ ਮਿੱਠੇਵਾਲ ਨੂੰ ਮੀਤ ਪ੍ਰਧਾਨ, ਜਗਜੀਤ ਸਿੰਘ ਮਾਹਲ ਨੂੰ ਖਜਾਨਚੀ ,ਫ਼ਿਰੋਜ਼ ਖ਼ਾਨ ਨੂੰ ਪੀ ਆਰ ਓ ਨਿਰਮਲ ਸਿੰਘ ਪੰਡੋਰੀ ਨੂੰ  ਸਲਾਹਕਾਰ ਅਤੇ  ਭੁਪਿੰਦਰ ਸਿੰਘ ਧਨੇਰ, ਗੁਰਪ੍ਰੀਤ ਸਿੰਘ ਕੁਤਬਾ, ਕੁਲਦੀਪ ਸਿੰਘ ਗੋਹਲ ,ਜਸਵਿੰਦਰ ਸਿੰਘ ਨਿਹਾਲ ਸਿੰਘ ਵਾਲਾ, ਸ਼ੇਰ ਸਿੰਘ ਰਵੀ, ਅਜੇ ਟੱਲੇਵਾਲ, ਨਰਿੰਦਰ ਸਿੰਘ ਢੀਂਡਸਾ, ਡਾ ਸੁਖਵਿੰਦਰ ਸਿੰਘ ਬਾਪਲਾ,ਮਿੰਟੂ ਖੁਰਮੀ ਨੂੰ ਮੈਂਬਰ ਚੁਣਿਆ ਗਿਆ।
ਇਸ ਮੌਕੇ ਸਮੂਹ ਕਲੱਬ ਅਹੁਦੇਦਾਰਾਂ ਨੇ ਡਾ ਪਰਮਿੰਦਰ ਸਿੰਘ ਨੂੰ ਵਧਾਈ ਦਿੱਤੀ।ਇਸ ਮੌਕੇ ਨਵੇਂ ਚੁਣੇ  ਪ੍ਰਧਾਨ ਡਾ ਪਰਮਿੰਦਰ ਸਿੰਘ ਬੰਮਰਾਹ ਨੇ ਕਲੱਬ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਹਿਲਾਂ ਦੀ ਤਰ੍ਹਾਂ ਕਲੱਬ ਦੀਆਂ ਗਤੀਵਿਧੀਆਂ ਨੂੰ ਵੱਡੀ ਪੱਧਰ ਅਤੇ  ਪਰ ਈਮਾਨਦਾਰੀ ਨਾਲ ਚਲਾਉਣਗੇ।

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 114ਵਾਂ ਦਿਨ  

ਜੇਕਰ ਸਿੱਖ ਗੁਰੂਆਂ ਦੇ ਦਰਸਾਏ ਰਸਤਿਆਂ ਤੋਂ ਦੂਰ ਰਹਿਣਗੇ ਤਾਂ ਹੱਕੀ ਮੰਗਾਂ ਕਿੱਦਾਂ ਜਿੱਤਣਗੇ : ਦੇਵ ਸਰਾਭਾ/ਸਰਪੰਚ ਜਗਤਾਰ ਸਰਾਭਾ

ਮੁੱਲਾਂਪੁਰ ਦਾਖਾ, 14 ਜੂਨ  ( ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 114ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਤੇ ਨਾਨਕੇ ਪਿੰਡ ਮਹੌਲੀ ਔਰਤ ਤੋਂ ਪਰਿਵਾਰਕ ਮੈਂਬਰ ਬਾਬਾ ਬੰਤਾ ਸਿੰਘ ਮਹੋਲੀ ਖੁਰਦ, ਚੜ੍ਹਦੀ ਕਲਾ ਢਾਡੀ ਸੰਗੀਤਕਾਰ ਮੰਚ ਸਲੈਕਸ਼ਨ ਡਾਇਰੈਕਟਰ ਬੀਬੀ ਮਨਜੀਤ ਕੌਰ ਦਾਖਾ,ਪ੍ਰਧਾਨ ਕੇਵਲ ਸਿੰਘ ਮੁੱਲਾਂਪੁਰ,ਰਾਜਬੀਰ ਸਿੰਘ ਲੋਹਟਬੱਦੀ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਸਾਡਾ ਇਤਿਹਾਸ ਗਵਾਹ ਹੈ ਕਿ ਸਾਡੇ ਗੁਰੂਆਂ ਵੱਲੋਂ ਤੱਤੀਆਂ ਤਵੀਆਂ ਤੇ ਬਹਿ ਕੇ ਨਾਮ ਜਾਪਿਆ ਪਰ ਈਨ ਨਹੀਂ ਮੰਨੀ । ਜੇਕਰ ਅੱਜ ਅਸੀਂ ਤਪਦੀ ਦੁਪਹਿਰ ਅੱਤ ਦੀ ਗਰਮੀ 'ਚ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਾਂ ਤਾਂ ਇਹ ਕੋਈ ਵੱਡੀ ਗੱਲ ਨਹੀ । ਕਿਉਂਕਿ ਸਾਨੂੰ ਸਾਡਾ ਗੁਰੂਆਂ ਦਾ ਇਤਿਹਾਸ ਯਾਦ ਹੈ। ਬਾਕੀ ਅਸੀਂ ਉਨ੍ਹਾਂ ਸਿਰਲੱਥ ਸੂਰਮਿਆਂ ਲਈ ਲੜਦੇ ਹਾਂ ਜਿਨ੍ਹਾਂ ਨੇ ਗੁਰਬਾਣੀ ਪੜ੍ਹ ਕੇ ਉਸ ਤੇ ਅਮਲ ਕੀਤਾ ਤੇ ਆਪਣੀ ਕੌਮ ਦੇ ਹੱਕਾਂ ਲਈ ਸੰਘਰਸ਼ ਕਰਦੇ ਰਹੇ । ਜਿਨ੍ਹਾਂ ਨੇ ਸਿੱਖ ਕੌਮ ਦੇ ਦੋਸ਼ੀਆਂ ਨੂੰ ਸੋਧਿਆ । ਅੱਜ ਉਹ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਜਲਦ ਰਿਹਾਅ ਕਰਵਾਉਣ ਲਈ ਅਸੀਂ ਸੰਘਰਸ਼ ਕਰ ਰਹੇ ਹਾਂ। ਉਦੋਂ ਤਕ ਹੱਕੀ ਲੜਾਈ ਜਾਰੀ ਰੱਖਾਂਗੇ ਜਦੋਂ ਤਕ ਸਾਡੇ ਜੁਝਾਰੂ ਜੇਲ੍ਹਾਂ ਤੋਂ ਬਾਹਰ ਨਹੀਂ ਆ ਜਾਂਦੇ । ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ ਨੇ ਆਖਿਆ ਕਿ ਅਸੀਂ ਸਮੂਹ ਸੰਗਤਾਂ ਨੂੰ  ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਭਗਤ ਕਬੀਰ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ। ਸਾਨੂੰ ਸਾਡੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੇ ਸਿਧਾਂਤਾਂ ਤੇ ਚੱਲ ਕੇ ਹੱਕ ਸੱਚ ਲਈ ਜੂਝਣਾ ਸਿਖਾਇਆ। ਸਾਡੇ ਗੁਰੂ ਜਿੱਥੇ ਸ਼ਾਂਤੀ ਦੇ ਸੋਮੇ ਸਨ ਉੱਥੇ ਹੀ ਜੇਕਰ ਦੁਸ਼ਮਣ ਮਿੱਤ ਨਾ ਹੋਵੇ ਤਾਂ ਉੱਥੇ ਤਲਵਾਰ ਚੁੱਕਣ ਨੂੰ ਵੀ ਜਾਇਜ਼   ਦੱਸਿਆ।ਇਸੇ ਤਰ੍ਹਾਂ ਹੀ ਭਗਤ ਕਬੀਰ ਮਹਾਰਾਜ ਜੀ ਦੇ ਸਲੋਕ ਅਗਰ ਮਰਦੇ ਵਿਅਕਤੀ ਦੇ ਕੰਨ ਵਿੱਚ ਪੈ ਜਾਣ ਤਾਂ ਉਹ ਵੀ ਉੱਠ ਕੇ ਹੱਕਾਂ ਲਈ ਸੰਘਰਸ਼ ਕਰਨ ਲਈ ਤਿਆਰ ਹੋ ਜਾਵੇ । ਜੇਕਰ ਸਿੱਖ ਗੁਰੂਆਂ ਦੇ ਦਰਸਾਏ ਰਾਸਤਿਆਂ ਤੋਂ ਦੂਰ ਰਹਿਣਗੇ ਤਾਂ ਹੱਕੀ ਮੰਗਾਂ   ਕਿੱਦਾਂ ਜਿੱਤਣਗੇ । ਉਨ੍ਹਾਂ ਆਖ਼ਰ ਵਿੱਚ ਆਖਿਆ ਕਿ ਸਾਨੂੰ ਹਮੇਸ਼ਾਂ ਆਪਣਾ ਗੌਰਵਮਈ ਇਤਿਹਾਸ ਯਾਦ ਰੱਖਣਾ ਚਾਹੀਦਾ ਹੈ । ਤਦ ਹੀ ਸਮੁੱਚੀ ਸਿੱਖ ਕੌਮ ਆਪਣੇ ਹੱਕਾਂ ਲਈ ਸੰਘਰਸ਼ ਕਰ ਸਕਾਂਗੇ ।ਸੋ ਅਸੀਂ ਸਰਾਭਾ ਪੰਥਕ ਮੋਰਚੇ ਤੋਂ ਅਪੀਲ ਕਰਦੇ ਹਾਂ ਕਿ ਇੱਕ ਮੰਚ ਤੇ ਇਕੱਠੇ ਹੋ ਕੇ ਆਪਣੀਆਂ ਕੌਮੀ ਮੰਗਾਂ ਲਈ ਸੰਘਰਸ਼ ਕਰੋ ਤਾਂ ਜੋ ਜਲਦੀ ਫ਼ਤਹਿ ਕਰ ਸਕੀਏ। ਇਸ ਮੌਕੇ ਬਹੁਜਨ ਮੁਕਤੀ ਪਾਰਟੀ ਦੇ ਆਗੂ ਸਿਕੰਦਰ ਸਿੰਘ ਸਿੱਧੂ ਰੱਤੋਵਾਲ,ਰਣਜੀਤ ਸਿੰਘ ਰੱਤੋਵਾਲ,ਰਣਜੀਤ ਸਿੰਘ ਅਬੂਵਾਲ,  ਸੁਮਨਜੀਤ ਸਿੰਘ ਸੋਨੀ ਸਰਾਭਾ ,ਬਲਵਿੰਦਰ ਸਿੰਘ ਟੂਸਾ,  ਅਮਰਜੀਤ ਸਿੰਘ ਕਾਲੀ ਸਰਾਭਾ,ਬੰਟੀ ਸਰਾਭਾ, ਦਵਿੰਦਰ ਸਿੰਘ ਆਦਿ ਹਾਜ਼ਰੀ ਭਰੀ।

ਸੰਤ ਬਾਬਾ ਦਸੌਂਦਾ ਸਿੰਘ ਵਰ੍ਹਿਆ ਵਾਲਿਆ ਦੀ ਬਰਸੀ ਸਮਾਗਮ ਸਮਾਪਤ

ਹਠੂਰ,14,ਜੂਨ-(ਕੌਸ਼ਲ ਮੱਲ੍ਹਾ)-ਧੰਨ-ਧੰਨ ਸੰਤ ਬਾਬਾ ਦਸੌਂਦਾ ਸਿੰਘ ਵਰ੍ਹਿਆ ਵਾਲਿਆ ਦੀ 68 ਵੀਂ ਬਰਸੀ ਨੂੰ ਸਮਰਪਿਤ ਗੁਰਦੁਆਰਾ ਗੁਰਪੁਰੀ ਠਾਠ ਡੱਲਾ ਦੇ ਮੁੱਖ ਸੇਵਾਦਾਰ ਬਾਬਾ ਗੁਰਮੀਤ ਸਿੰਘ ਦੀ ਦੇਖ-ਰੇਖ ਹੇਠ 17 ਰੋਜਾ ਧਾਰਮਿਕ ਸਮਾਗਮ ਕਰਵਾਇਆ ਗਿਆ।ਇਸ ਮੌਕੇ 120 ਸ੍ਰੀ ਆਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਪੈਣ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਭਾਈ ਅਮਰਜੀਤ ਸਿੰਘ ਗਾਲਿਬ ਵਾਲੇ,ਭਾਈ ਧਨਜਿੰਦਰ ਸਿੰਘ ਖਾਲਸਾ ਹਠੂਰ ਵਾਲਿਆ ਅਤੇ ਭਾਈ ਭਗਵਾਨ ਸਿੰਘ ਟੱਲੇਵਾਲ ਵਾਲੇ ਦੇ ਕੀਰਤਨੀ ਜੱਥਾ ਨੇ ਰਸ-ਭਿੰਨਾ ਕੀਰਤਨ ਕੀਤਾ,ਭਾਈ ਰਛਪਾਲ ਸਿੰਘ ਪੁਮਾਲ ਦੇ ਢਾਡੀ ਜੱਥੇ ਨੇ ਸਿੰਘਾ ਦੀਆ ਵਾਰਾ ਪੇਸ ਕੀਤੀਆ,ਸੰਤ ਬਾਬਾ ਕਮਲਜੀਤ ਸਿੰਘ ਸੁਖਾਨੰਦ ਵਾਲਿਆ ਨੇ ਧਾਰਮਿਕ ਦੀਵਾਨ ਸਜਾਇਆ।ਇਸ ਮੌਕੇ ਮੁੱਖ ਸੇਵਾਦਾਰ ਬਾਬਾ ਗੁਰਮੀਤ ਸਿੰਘ ਅਤੇ ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਸਮਾਗਮ ਵਿਚ ਪਹੁੰਚੇ ਸੰਤਾ-ਮਹਾਪੁਰਸਾ ਅਤੇ ਸੇਵਾਦਾਰਾ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਵੱਡੀ ਗਿਣਤੀ ਵਿਚ ਪਹੁੰਚੀਆ ਸੰਗਤਾ ਦਾ ਧੰਨਵਾਦ ਕੀਤਾ।ਇਸ ਮੌਕੇ ਬਨਾਨਾ ਸੇਕ,ਮੈਗੋ ਸੇਕ ਅਤੇ ਗੁਰੂ ਕੇ ਲੰਗਰ ਅਟੁੱਤ ਵਰਤਾਏ ਗਏ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਧੀਰਾ ਸਿੰਘ ਡੱਲਾ, ਪ੍ਰਧਾਨ ਤੇਲੂ ਸਿੰਘ,ਬਾਬਾ ਰਾਮ ਸਿੰਘ ,ਕੁਲਦੀਪ ਸਿੰਘ, ਡਾ:ਰਾਜਾ ਸਿੰਘ, ਭਾਈ ਭਿੰਦਰ ਸਿੰਘ, ਮਨਜੀਤ ਸਿੰਘ, ਬੂਟਾ ਸਿੰਘ, ਪਾਲੀ ਸਿੰਘ, ਐਡਵੋਕੇਟ ਰੁਪਿੰਦਰਪਾਲ ਸਿੰਘ, ਕਮਲਜੀਤ ਸਿੰਘ ਜੀ ਓ ਜੀ, ਯੂਥ ਆਗੂ ਕਰਮਜੀਤ ਸਿੰਘ ਕੰਮੀ,ਇਕਬਾਲ ਸਿੰਘ,ਰਵਿੰਦਰਪਾਲ ਸਿੰਘ,ਜੋਰਾ ਸਿੰਘ, ਗੁਰਚਰਨ ਸਿੰਘ ਸਿੱਧੂ,ਸੂਬੇਦਾਰ ਦੇਵੀ ਚੰਦ ਸ਼ਰਮਾਂ,ਹਰਵਿੰਦਰ ਕੁਮਾਰ ਸ਼ਰਮਾਂ,ਗੁਰਨਾਮ ਸਿੰਘ,ਪ੍ਰਦੀਪ ਸਿੰਘ,ਦਰਸਨ ਸਿੰਘ,ਦੇਵ ਸਿੰਘ,ਸਵਰਨ ਸਿੰਘ,ਦਰਵਾਰਾ ਸਿੰਘ,ਮੇਜਰ ਸਿੰਘ,ਹਰਚੰਦ ਸਿੰਘ ਆਦਿ ਹਾਜ਼ਰ ਸਨ।
 

 ਠੰਡੇ-ਮਿੱਠੇ ਜਲ਼ ਦੀ ਛਬੀਲ ਲਾਈ

ਹਠੂਰ,14,ਜੂਨ-(ਕੌਸ਼ਲ ਮੱਲ੍ਹਾ)-ਇੱਥੋਂ ਨਜਦੀਕੀ ਪਿੰਡ ਜੱਟਪੁਰਾ ਵਿਖੇ ਰਵੀਦਾਸ ਵੈਲਫੇਅਰ ਕਲੱਬ ਵੱਲੋਂ ਸਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ ਵਿੱਚ ਅਤੇ ਭਗਤ ਕਬੀਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਛੋਲਿਆਂ ਦੇ ਲੰਗਰ ਲਗਾਏ ਗਏ ।ਕਲੱਬ ਵੱਲੋਂ ਸਾਮ ਤੱਕ ਰਾਹਗੀਰਾਂ ਨੂੰ ਰੋਕ-ਰੋਕ ਕੇ ਠੰਡਾ ਮਿੱਠਾ ਜਲ ਛਕਾਇਆ ਗਿਆ।ਇਸ ਮੌਕੇ ਉਨ੍ਹਾ ਨਾਲ ਅਵਨਿੰਦਰ ਸਿੰਘ ਰੂਬੀ ,ਲਖਵਿੰਦਰ ਸਿੰਘ ਲਾਡੀ ,ਨਿਰਭੈ ਸਿੰਘ,ਸਨੀ ਜੱਟਪੁਰਾ ,ਜਸਪ੍ਰੀਤ ਸਿੰਘ ਬਾਜਾ, ਨਛੱਤਰ ਸਿੰਘ ਫੌਜੀ, ਜਸਵੀਰ ਸਿੰਘ,ਸਤਪਾਲ ਸਿੰਘ ਫੌਜੀ ,ਸਾਹਿਲ ਜੱਟਪੁਰਾ, ਮਨੀ ਜੱਟਪੁਰਾ ਆਦਿ ਹਾਜ਼ਰ ਸਨ ।  

ਫੋਟੋ ਕੈਪਸ਼ਨ- ਛਬੀਲ ਲਾਉਣ ਸਮੇਂ ਨੌਜਵਾਨ ਜਲ ਛਕਾਉਦੇ ਹੋਏ।

ਹੁਸ਼ਿਆਰ ਰਹਿਣਾ ਪੰਜਾਬੀਓ ✍️ ਜਸਵੀਰ ਸ਼ਰਮਾਂ ਦੱਦਾਹੂਰ

ਜ਼ਿਮਨੀ ਚੋਣ ਸੰਗਰੂਰ ਦੀ ਆਈ ਸਿਰ ਤੇ, 

ਰਹਿਣਾ ਹੁਸ਼ਿਆਰ ਪੰਜਾਬੀਓ ਸਾਰਿਆਂ ਨੇ।

ਸਬਜ਼ਬਾਗ ਵਿਖਾਉਣੇ ਆ ਆ ਸੱਭ ਨੇ ,

ਬੇੜਾ ਡੋਬਿਆ ਅੱਗੇ ਹੀ ਲਾਰਿਆਂ ਨੇ।

ਕੀਹਨੇ ਕੀ ਕੀਤਾ ਪਹਿਲਾਂ ਤੇ ਕਿਹੜਾ ਹੈ ਕਰੀ ਜਾਂਦਾ,

ਬਦਲਾਅ ਲਿਆਉਣ ਲਈ ਲਾਇਆ ਜੋਰ ਸਾਰਿਆਂ ਨੇ।

ਲੋਕਾਂ ਨੇ ਆਪਣੇ ਅਨੁਭਵ ਨਾਲ ਬਦਲਿਆ ਹੈ ਢਾਂਚਾ,

ਹਾਮੀ ਭਰੀ ਹੈ ਅਕਾਸ਼ ਦੇ ਚੰਨ ਤੇ ਤਾਰਿਆਂ ਨੇ।

ਨਫ਼ੇ ਨੁਕਸਾਨ ਨੂੰ ਵੀ ਆਪਾਂ ਭਲੀਭਾਂਤ ਸੱਭ ਜਾਣਦੇ ਹਾਂ,

ਹਾਲੋਂ ਬੇਹਾਲ ਕੀਤਾ ਹੈ ਹੰਝੂਆਂ ਖਾਰਿਆਂ ਨੇ।

ਸੋਚਣ ਤੇ ਸਮਝਣ ਦੀ ਦੋਸਤੋ ਹੈ ਲੋੜ ਡਾਢੀ,

ਕੁੱਝ ਕਰਨਾ ਨਹੀਂ ਹੈ ਜ਼ਮੀਰ ਦਿਆਂ ਮਾਰਿਆਂ ਨੇ।

ਜੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਲਈ ਸੋਚਣਾ ਹੈ,

ਭਲਾ ਕਰਨਾ ਹੈ ਲੋਕਾਂ ਵੱਲੋਂ ਸਤਿਕਾਰਿਆਂ ਨੇ।

ਦੱਦਾਹੂਰੀਆ ਕਹੇ ਹੱਥੋਂ ਸਮਾਂ ਨਾ ਗਵਾ ਲਿਆ ਜੋ,

ਖੁੱਭੀ ਕੱਢਣੀ ਹੈ ਓਹਦੇ ਸਹਾਰਿਆਂ ਨੇ।

ਨਿਰਖ ਪਰਖ ਕੇ ਤਾਕਤ ਹੱਥ ਦਿਓ ਓਹਦੇ,

ਨੁਕਸਾਨ ਕਰਨਾ ਹੈ ਗੁੱਝੇ ਇਸ਼ਾਰਿਆਂ ਨੇ।

ਕੁੱਲੀ ਗੁੱਲੀ ਜੁੱਲੀ ਦੀ ਸੱਭ ਨੂੰ ਹੈ ਜ਼ਰੂਰਤ,

ਸਤਾਇਆ ਬਹੁਤ ਹੈ ਸੜਕ ਕਿਨਾਰਿਆਂ ਨੇ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

ਗੀਤਕਾਰ ਅਤੇ ਲੇਖਕ ਸੁਖਚੈਨ ਸਿੰਘ ਕੁਰੜ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਜੀ

ਹਮਸਫ਼ਰ ਜਨਮ ਦਿਨ ਮੁਬਾਰਕ ਹੋਵੇ  ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ 

ਅੱਖਰਾਂ ਵਿੱਚ ਲੱਗੇ ਜਿਸਨੂੰ ਪਰੋਣ
ਬੁੱਝੋ ਤਾਂ ਜਾਣੋ ਉਹ ਕੌਣ ?
ਜੋ ਹਮੇਸ਼ਾ ਸਾਥ ਨਿਭਾਵੇ
ਆਪਣੇ ਪਨ ਦਾ ਅਹਿਸਾਸ ਕਰਾਵੇ
ਗਲਤੀ ਹੋਣ’ ਤੇ ਦੇਵੇ ਝਿੜਕਾਂ
ਜੋ ਹਰ-ਪਲ ਰੱਖੇ ਬਿੜਕਾਂ
ਤਰੱਕੀ ਦੇਖ ਨਾ ਜੋ ਸੜੇ
ਹਰ -ਪਲ ਨਾਲ ਜੋ ਖੜੇ
ਕਦੇ ਮੱਥੇ ਵੱਟ ਨਾ ਪਾਵੇ
ਹਰ ਗਲ਼ ਪਿਆਰ ਨਾਲ ਸਮਝਾਵੇ
ਫੋਕੀ ਨਾ ਉਹ ਕਰੇ ਮਸ਼ਹੂਰੀ
ਚਾਹੇ ਹੋਵੇ ਕਿੰਨੀ ਵੀ ਮਜਬੂਰੀ
ਨਾ ਕਦੇ ਉਹ ਤਾਹਨੇ ਮਾਰੇ
ਹਰ ਇੱਕ ਅਦਾ ਸਤਿਕਾਰੇ
ਜੋ ਉਤਰਾਅ-ਚੜ੍ਹਾਅ ਵਿੱਚ ਨਾਲ ਰਹੇ
ਕਾਮਯਾਬੀ ਵਿੱਚ ਜੋ ਬਣ ਢਾਲ ਰਹੇ
ਜੋ ਕਿਸਮਤ ਦੀ ਲਕੀਰ ਹੋਵੇ
ਜ਼ਿੰਦਗੀ ਦੀ ਤਕਦੀਰ ਹੋਵੇ
ਬਣ ਦੋਸਤ ਜਦੋਂ ਪਿਆਰ ਜਤਾਵੇ
ਨਾ ਫਿਰ ਅੱਖਾਂ ਵਿੱਚੋਂ ਹੰਝੂ ਆਵੇ
ਜਦ ਰੋਵਾਂ ਤਾਂ ਨਾਲ ਉਹ ਰੋਵੇ
ਹਰ ਇੱਕ ਸੁਪਨੇ ਦੀ ਮੰਜ਼ਿਲ ਹੋਵੇ
ਹਮਸਫ਼ਰ ਜਨਮ ਦਿਨ ਮੁਬਾਰਕ ਹੋਵੇ
ਝੋਲੀ ਵਿੱਚ ਖੁਸ਼ੀਆਂ ਦੀ ਬਹਾਰ ਹੋਵੇ
ਚਿਹਰੇ ‘ਤੇ ਹਰ-ਪਲ ਮੁਸਕਰਾਹਟ ਹੋਵੇ
ਹਮਸਫ਼ਰ ਜਨਮ ਦਿਨ ਮੁਬਾਰਕ ਹੋਵੇ ।

ਅਸਿਸਟੈਂਟ ਪ੍ਰੋ.ਗਗਨਦੀਪ ਕੌਰ ਧਾਲੀਵਾਲ

ਪ੍ਰੋ.ਅਜਮੇਰ ਔਲਖ ਨੂੰ ਯਾਦ ਕਰਦਿਆਂ ✍️ ਸ. ਸੁਖਚੈਨ ਸਿੰਘ ਕੁਰੜ

ਜਨਮ ਤੇ ਪਰਿਵਾਰ:-
ਨਾਟਕਕਾਰ ਅਜਮੇਰ ਔਲਖ਼ ਦਾ ਜਨਮ 19 ਅਗਸਤ ਸੰਨ 1942 ਈਸਵੀ ਨੂੰ ਪਿੰਡ ਕੁੰਭੜਵਾਲ, ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਪ੍ਰੋ. ਔਲਖ ਦੇ ਪਿਤਾ ਦਾ ਨਾਂ ਸ. ਕੌਰ ਸਿੰਘ ਤੇ ਮਾਤਾ ਦਾ ਨਾਂ ਸ੍ਰੀਮਤੀ ਹਰਨਾਮ ਕੌਰ ਸੀ। 1944-45 ਦੇ ਆਸ-ਪਾਸ ਸਾਰਾ ਔਲਖ਼ ਪਰਿਵਾਰ ਪਿੰਡ ਕੁੰਭੜਵਾਲ ਛੱਡ ਕੇ ਪਿੰਡ ਕਿਸ਼ਨਗੜ੍ਹ ਫ਼ਰਵਾਹੀ ਵਿਖੇ ਆ ਵਸਿਆ।
ਪ੍ਰੋ. ਅਜਮੇਰ ਔਲਖ ਦਾ ਵਿਆਹ ਮਨਜੀਤ ਕੌਰ ਨਾਲ਼ ਹੋਇਆ। ਜੋ ਕਿ ਕਿੱਤੇ ਪੱਖੋਂ ਅਧਿਆਪਕਾ ਸਨ। ਉਨ੍ਹਾਂ ਦੇ ਘਰ ਸੁਪਨਦੀਪ ਕੌਰ, ਸੁਹਜਪ੍ਰੀਤ ਕੌਰ ਅਤੇ ਅਮਨਜੀਤ ਕੌਰ, ਤਿੰਨ ਲੜਕੀਆਂ ਪੈਦਾ ਹੋਈਆਂ।
ਪੜ੍ਹਾਈ ਤੇ ਨੌਕਰੀ:-  
ਪ੍ਰੋ. ਔਲਖ਼ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਕਿਸ਼ਨਗੜ੍ਹ ਫ਼ਰਵਾਹੀ ਦੇ ਪ੍ਰਾਇਮਰੀ ਸਕੂਲ ਤੋਂ ਸੰਨ 1952 ਵਿੱਚ ਕੀਤੀ। ਦਸਵੀਂ ਦੀ ਪੜ੍ਹਾਈ ਪਿੰਡ ਕਿਸ਼ਨਗੜ੍ਹ ਫ਼ਰਵਾਹੀ ਤੋਂ 5-6 ਕਿਲੋਮੀਟਰ ਦੂਰ ਕਸਬਾ ਭੀਖੀ ਤੋਂ ਕਰਨ ਉਪਰੰਤ ਚਿੱਠੀ ਪੱਤਰ ਰਾਹੀਂ ਬੀ.ਏ. ਪੰਜਾਬ ਯੂਨੀਵਰਸਟੀ ਚੰਡੀਗੜ੍ਹ ਤੋਂ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਮ.ਏ ਦੀ ਪੜ੍ਹਾਈ ਕੀਤੀ।
ਪ੍ਰੋ. ਅਜਮੇਰ ਔਲਖ਼ ਨੇ 28 ਅਗਸਤ 1965 ਤੋਂ ਸੰਨ 2000 ਤੱਕ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿੱਚ ਪੰਜਾਬੀ ਲੈਕਚਰਾਰ ਦੀ ਨੌਕਰੀ ਕੀਤੀ। ਉਥੇ ਹੀ ਪ੍ਰੋ. ਔਲਖ ਨਾਟਕਕਾਰ, ਪ੍ਰੋਡਿਊਸਰ, ਡਾਇਰੈਕਟਰ ਤੇ ਅਦਾਕਾਰ ਬਣਿਆ ਅਤੇ ਆਪਣੀ ਪਤਨੀ ਮਨਜੀਤ ਕੌਰ ਤੇ ਤਿੰਨੇ ਧੀਆਂ ਨੂੰ ਵੀ ਅਦਾਕਾਰ ਬਣਾਇਆ। ਪ੍ਰੋ. ਔਲਖ ਨੇ ਇੱਥੇ ਰਹਿੰਦਿਆਂ ਹੀ 1976 ਵਿੱਚ ਲੋਕ ਕਲਾ ਮੰਚ ਮਾਨਸਾ ਦੀ ਸਥਾਪਨਾ ਕੀਤੀ।
ਸਾਹਿਤਕ ਸਫ਼ਰ:-
ਪ੍ਰੋ ਔਲਖ ਆਪਣੀ ਸਾਹਿਤਕ ਸਵੈਜੀਵਨੀ ‘ਮੇਰੀ ਨਾਟ-ਯਾਤਰਾ’ ਵਿਚ ਲਿਖਦਾ ਹੈ ਕਿ ਜਦ ਮੈਂ ਬਚਪਨ ਤੋਂ ਲੈ ਕੇ ਆਪਣੇ ਨਾਟਕਕਾਰ ਬਣਨ ਤਕ ਦੇ ਸਾਹਿਤਕ ਸਫ਼ਰ ਉਤੇ ਝਾਤ ਮਾਰਦਾ ਹਾਂ ਤਾਂ ਨਾਟਕ ਲਿਖਣ ਵੱਲ ਰੁਚਿਤ ਹੋਣ ਦਾ ਵਰਤਾਰਾ ਮੈਨੂੰ ‘ਮਹਿਜ਼ ਇਕ ਇਤਫ਼ਾਕ’ ਤੋਂ ਬਿਨਾਂ ਹੋਰ ਕੁਝ ਨਜ਼ਰ ਨਹੀਂ ਆਉਂਦਾ। ਆਪਣੀ ਉਮਰ ਦੇ 27-28 ਵਰ੍ਹਿਆਂ ਤਕ ਮੈਨੂੰ ਆਪਣੇ ਆਪ ਨੂੰ ਵੀ ਨਹੀਂ ਸੀ ਪਤਾ ਕਿ ਮੈਂ ਕਦੇ ਨਾਟਕ ਵੀ ਲਿਖਾਂਗਾ ਤੇ ਪੰਜਾਬੀ ਸਾਹਿਤ-ਜਗਤ ਵਿਚ ਮੇਰੀ ਪਛਾਣ ‘ਇੱਕ ਨਾਟਕਕਾਰ’ ਦੇ ਰੂਪ ਵਿਚ ਹੋਵੇਗੀ। ਮੈਂ ਪਹਿਲਾਂ ਕਵਿਤਾ/ਗੀਤ ਲਿਖਣੇ ਸ਼ੁਰੂ ਕੀਤੇ ਸਨ। ਜਦ ਮੈ ਗੁਰਮੁਖੀ ਅੱਖਰ ਜੋੜਨ ਦੇ ਯੋਗ ਹੋ ਗਿਆ ਤਾਂ ਸ਼ਬਦਾਂ ਨੂੰ ਗੁਣ-ਗੁਣਾਉਂਦਿਆਂ ਕਾਗਜ਼ਾਂ ਉਤੇ ਉਤਾਰਨ ਲੱਗ ਪਿਆ। ਮੈਂ ਆਪਣੀ ਪਹਿਲੀ ਸਾਹਿਤਕ ਰਚਨਾ ਕਦੋਂ ਤੇ ਕਿੰਨੀ ਉਮਰ ਵਿਚ ਕੀਤੀ ਇਸ ਬਾਰੇ ਮੈਨੂੰ ਕੁਝ ਪੱਕਾ ਯਾਦ ਨਹੀਂ। ਜਿਥੋਂ ਤਕ ਮੈਨੂੰ ਯਾਦ ਹੈ, ਮੈਂ ਐਨੀ ਕੁ ਗੱਲ ਪੱਕੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਮੈਂ 8-10 ਸਾਲ ਦੀ ਉਮਰ ਵਿਚ ਕੁਝ ਨਾ ਕੁਝ ਤੁਕਬੰਦੀ ਕਰ ਕੇ ਉਸ ਨੂੰ ਗਾਉਣ ਲੱਗ ਪਿਆ ਸੀ...।
ਜਿਵੇਂ ਅਸੀਂ ਪ੍ਰੋ.ਅਜਮੇਰ ਔਲਖ਼ ਦੇ ਸਵੈ ਕਥਨ ਤੋਂ ਜਾਣਿਆ ਕਿ ਉਹਨਾਂ ਦੇ ਸਾਹਿਤਕ ਸਫ਼ਰ ਦੀ ਸ਼ੁਰੂਆਤ ਕਵਿਤਾ ਤੇ ਗੀਤ ਸਾਹਿਤ ਰੂਪਾਂ ਨਾਲ਼ ਹੋਈ ਸੀ। ਇਸ ਤੋਂ ਇਲਾਵਾ ਉਹਨਾਂ ਦਾ ਦਸਵੀਂ ਦੇ ਇਮਤਿਹਾਨ ਤੋਂ ਬਾਅਦ ਇੱਕ ਨਾਵਲ 'ਜਗੀਰਦਾਰ' ਲਿਖਣ ਦਾ ਵੇਰਵਾ ਵੀ ਮਿਲ਼ਦਾ ਹੈ। ਕਵਿਤਾ,ਗੀਤ,ਨਾਵਲ ਤੋਂ ਬਿਨਾਂ ਕਹਾਣੀ ਸਾਹਿਤ ਰੂਪ ਤੇ ਵੀ ਉਹਨਾਂ ਨੇ ਆਪਣੀ ਕਲਮ ਅਜ਼ਮਾਈ ਸੀ।
ਕਾਲਜ ਵਿੱਚ ਸੱਭਿਆਚਾਰਕ ਸਰਗ਼ਰਮੀਆਂ ਦਾ ਮੁਖੀ ਬਣਾਏ ਜਾਣ ਤੋਂ ਬਾਅਦ ਸੰਨ 1960-70 ਵਿੱਚ ਕਾਲਜ ਦੇ ਵਿਦਿਆਰਥੀਆਂ ਨੂੰ ਨਾਟਕਾਂ ਦੀ ਤਿਆਰੀ ਕਰਵਾਉਂਦਿਆਂ-ਕਰਵਾਉਂਦਿਆਂ ਪ੍ਰੋ. ਔਲਖ ਦਾ ਰੁਝਾਨ ਨਾਟਕ ਲਿਖਣ ’ਤੇ ਕਰਵਾਉਣ ਵੱਲ ਹੀ ਹੋ ਗਿਆ।
ਉਹ ਸਾਰੀ ਜ਼ਿੰਦਗੀ ਆਪਣੇ ਸਾਹਿਤਕ ਸਫ਼ਰ ਵਿੱਚ ਇੱਕ ਵਗਦੇ ਦਰਿਆ ਵਾਂਗ ਵਗਦੇ ਰਹੇ। ਉਹਨਾਂ ਦੇ ਪੂਰੇ ਨਾਟਕਾਂ ਦਾ ਵੇਰਵਾ:- ਸੱਤ ਬਿਗਾਨੇ, ਕਿਹਰ ਸਿੰਘ ਦੀ ਮੌਤ, ਇੱਕ ਸੀ ਦਰਿਆ, ਸਲਵਾਨ, ਝਨਾਂ ਦੇ ਪਾਣੀ, ਨਿੱਕੇ ਸੂਰਜਾਂ ਦੀ ਲੜਾਈ, ਭੱਜੀਆਂ ਬਾਹਾਂ ਤੇ ਨਿਉਂ ਜੜ੍ਹ।
ਇਕਾਂਗੀ ਨਾਟਕਾਂ ਦਾ ਵੇਰਵਾ:- ਬਾਲ ਨਾਥ ਦੇ ਟਿੱਲੇ `ਤੇ, ਮਿਰਜ਼ੇ ਦੀ ਮੌਤ, ਤੂੜੀ ਵਾਲਾ ਕੋਠਾ, ਜਦੋਂ ਬੋਹਲ ਰੋਂਦੇ ਹਨ, ਅੰਨ੍ਹੇ ਨਿਸ਼ਾਨਚੀ, ਸਿੱਧਾ ਰਾਹ ਵਿੰਗਾ ਰਾਹ, ਢਾਂਡਾ, ਐਸੇ ਰਚਿਉ ਖਾਲਸਾ, ਆਪਣਾ-ਆਪਣਾ ਹਿੱਸਾ, ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀਂ, ਹਰਿਉ ਬੂਟ, ਅੰਨ੍ਹੇਰ-ਕੋਠੜੀ ਤੇ ਹਾਏ ਨੀ ਮਨਮੀਤ ਕੁਰੇ।
ਲਘੂ ਨਾਟਕਾਂ ਦਾ ਵੇਰਵਾ:- ਅਰਬਦ ਨਰਬਦ ਧੁੰਦੂਕਾਰਾ, ਬਿਗਾਨੇ ਬੋਹੜ ਦੀ ਛਾਂ, ਸੁੱਕੀ ਕੁੱਖ, ਇੱਕ ਰਮਾਇਣ ਹੋਰ, ਭੱਠ ਖੇੜਿਆਂ ਦਾ ਰਹਿਣਾ, ਗਾਨੀ, ਤੇੜਾਂ, ਲੋਹੇ ਦਾ ਪੁੱਤ, ਐਇੰ ਨੀ ਹੁਣ ਸਰਨਾ, ਉਂਈ-ਮੂੰਈਂ ਦਾ ਕੁਸ ਨੀ ਹੁੰਦਾ, ਕਉਲ਼ੇ ਉੱਤੇ ਰੱਖਿਆ ਕੌਲਾ, ਚੱਲ ਵੀਰਨਾ ਵੇ ਉਥੇ ਚੱਲੀਏ, ਬੰਦ ਬੂਹਿਆਂ ਵਾਲੀ ਹਵੇਲੀ ਤੇ ਪੱਪੂ ਦੀ ਪੈਂਟ ਆਦਿ।
ਪ੍ਰੋ. ਔਲਖ ਨੇ ਅਜਿਹੇ ਅਨੇਕਾਂ ਹੀ ਖ਼ੂਬਸੂਰਤ ਪੂਰੇ ਨਾਟਕ/ਇਕਾਂਗੀ ਨਾਟਕ/ਲਘੂ ਨਾਟਕ ਲਿਖੇ ਅਤੇ ਬਹੁਤ ਹੀ ਸਫ਼ਲਤਾ ਨਾਲ ਉਨ੍ਹਾਂ ਦਾ ਮੰਚਨ ਵੀ ਕੀਤਾ। ਇਸ ਤੋਂ ਇਲਾਵਾ ਪ੍ਰੋ. ਔਲਖ ਨੇ ਹੋਰਨਾਂ ਲੇਖਕਾਂ ਦੀਆਂ ਕੁਝ ਕਹਾਣੀਆਂ ਤੇ ਨਾਵਲਾਂ ਨੂੰ ਵੀ ਨਾਟਕੀ ਰੂਪ ਵੀ ਦਿੱਤਾ ਸੀ।
ਆਪਣੇ ਸਾਹਿਤਕ ਸਫ਼ਰ ਵਿੱਚ ਉਹਨਾਂ ਨੇ ਆਪਣੀ ਸਵੈਜੀਵਨੀ ਦਾ ਨਾਂ ‘ਨੰਗਾ ਢਿੱਡ’ ਵੀ ਚਿਤਵਿਆ ਸੀ ਜਿਸ ਦੇ ਕੁਝ ਕੁ ਕਾਂਡ ਲਿਖੇ ਗਏ ਸੀ ਜੋ ਕਿ ਜੀਵਨ ਯਾਦਾਂ ਦੀ ਪੁਸਤਕ ‘ਭੁੰਨੀ ਹੋਈ ਛੱਲੀ’ ਵਿਚ ਛਪੇ ਹਨ।
ਵੱਖ-ਵੱਖ ਵਿਦਵਾਨਾਂ ਦੇ ਪ੍ਰੋ ਔਲਖ ਤੇ ਉਸਦੀ ਨਾਟ ਕਲਾ ਬਾਰੇ ਵਿਚਾਰ:-
ਪ੍ਰੋਫੈਸਰ ਗੁਰਦਿਆਲ ਸਿੰਘ:- ‘ਹੁਣ ਤੱਕ ਔਲਖ ਨੇ ਜਿੰਨੇ ਵੀ ਨਾਟਕ ਲਿਖੇ ਹਨ ਉਨ੍ਹਾਂ ਦੀ ਤਿੱਖੀ ਤੇ ਪ੍ਰਭਾਵਸ਼ਾਲੀ ਹੋਣ ਦਾ ਮੂਲ ਕਾਰਨ ਉਹਦੇ ਜੀਵਨ ਅਨੁਭਵ ਦੀ ਪ੍ਰਪੱਕਤਾ ਹੈ ਤੇ ਉਹਨੇ ਹੌਲੀ-ਹੌਲੀ ਨਾਟਕਕਾਰ ਦੇ ਤੌਰ ਤੇ ਆਪਣੀ ਵੱਖਰੀ ਥਾਂ ਬਣਾ ਲਈ ਹੈ।
ਭਾਅ ਜੀ ਗੁਰਸ਼ਰਨ ਸਿੰਘ:- ‘ਬਿਗਾਨੇ ਬੋਹੜ ਦੀ ਛਾਂ’ ਔਲਖ ਦਾ ਸਾਰਿਆਂ ਨਾਟਕਾਂ ਨਾਲੋਂ ਮਕਬੂਲ ਨਾਟਕ ਹੈ ਪਰ ਮੇਰੀ ਨਜ਼ਰ ਵਿੱਚ ‘ਬਹਿਕਦਾ ਰੋਹ’ ਉਸਦੀ ਸ਼ਾਹਕਾਰ ਰਚਨਾ ਹੈ।
ਰੰਗਕਰਮੀ ਸਾਹਿਬ ਸਿੰਘ:-ਅਜਮੇਰ ਔਲਖ ਸਮਾਜ ਅੰਦਰ ਵਾਪਰ ਰਹੇ ਕਿਸੇ ਅਣਮਨੁੱਖੀ ਵਰਤਾਰੇ ਨੂੰ ਪਹਿਲਾਂ ਆਪਣੇ ਤਜਰਬੇ 'ਚੋਂ ਨਿਕਲੀ ਕਿਸੇ ਘਟਨਾ ਜਾਂ ਪਾਤਰ ਨਾਲ ਜੋੜਦਾ, ਫਿਰ ਇਸ ਨੂੰ ਨਵਿਆਉੰਦਾ ਤੇ ਫੇਰ ਸਮੇਂ ਦਾ ਹਾਣੀ ਬਣਾ ਕੇ ਪੇਸ਼ ਕਰਦਾ। "ਝਨਾਂ ਦੇ ਪਾਣੀ", " ਸੱਤ ਬਿਗਾਨੇ", ਬਿਗਾਨੇ ਬੋਹੜ ਦੀ ਛਾਂ" ਆਦਿ ਨਾਟਕ ਇਸ ਦੀ ਪ੍ਰਤੱਖ ਉਦਾਹਰਨ ਹਨ।
ਲੇਖਕ ਗੁਰਬਚਨ ਸਿੰਘ ਭੁੱਲਰ:- ਅਜਮੇਰ ਸਿੰਘ ਔਲਖ ਸ਼ਬਦ ਦੇ ਸਹੀ ਅਰਥਾਂ ਵਿੱਚ ਸੂਰਮਾ ਸੀ। ਜਿੰਨੀ ਸੂਰਬੀਰਤਾ ਨਾਲ ਉਹ ਪੂੰਜੀਵਾਦੀ ਅਰਥ-ਵਿਵਸਥਾ ਦੇ ਝੰਬੇ ਹੋਏ ਮਜ਼ਦੂਰਾਂ ਤੇ ਕਿਸਾਨਾਂ ਦੀ ਪੀੜ ਹਰਨ ਵਾਸਤੇ ਆਪਣੇ ਨਾਟਕਾਂ ਰਾਹੀਂ ਮੰਚ ਉੱਤੇ ਲੜਿਆ, ਓਨੀ ਹੀ ਸੂਰਬੀਰਤਾ ਨਾਲ ਉਹ ਬੇਹੱਦ ਚੰਦਰੇ ਰੋਗ ਦੇ ਝੰਬੇ ਹੋਏ ਸਰੀਰ ਦੀ ਪੀੜ ਹਰਨ ਵਾਸਤੇ ਆਪਣੇ ਅਡੋਲ ਹੌਸਲੇ ਨਾਲ ਹਸਪਤਾਲੀ ਕਮਰਿਆਂ ਵਿੱਚ ਲੜਿਆ।
ਸ਼ਾਇਰ ਡਾ. ਸੁਰਜੀਤ ਪਾਤਰ:- ਭਾਅ ਜੀ ਗੁਰ਼ਸ਼ਰਨ ਸਿੰਘ ਦੀ ਸੂਹੀ ਲਾਟ ਦੇ ਵਾਰਸ, ਪਿੰਡਾਂ ਦੇ ਲੋਕਾਂ ਦੇ ਦਿਲਾਂ ਦਾ ਦਰਦ ਪਛਾਨਣ ਵਾਲੇ ਅਜਮੇਰ ਸਿੰਘ ਔਲਖ ਹੀ ਸਨ। ਮੈਂ ਕਦੀ ਲਿਖਿਆ ਸੀ ਕਿ-
"ਏਸ ਤਪਦੇ ਥਲ ਵਿੱਚ, ਦੂਸਰਾ ਕਿਹੜਾ ਖਲੋਵੇਗਾ।
ਏਸੇ ਹੀ ਥਲ 'ਚੋਂ ਉੱਗਿਆ ਕੋਈ ਰੁੱਖ ਹੋਵੇਗਾ"।
ਸੋ, ਏਸ ਲਈ ਔਲਖ ਇਸ ਧਰਤੀ 'ਚੋਂ ਉੱਗਿਆ ਰੁੱਖ, ਜਿਸਨੇ ਉਹ ਦੁੱਖ ਦੇਖੇ, ਉਹ ਪੀੜਾਂ ਦੇਖੀਆਂ।
ਪ੍ਰੋ. ਔਲਖ ਆਪਣੇ ਨਾਟਕਾਂ ਬਾਰੇ ਕਹਿੰਦਾ ਹੁੰਦਾ ਸੀ- ਮੇਰੇ ਨਾਟਕਾਂ ਵਿੱਚ ਮੇਰੇ ਆਪਣੇ ਹੀ ਰੰਗਮੰਚ ਉਤੇ ਪੇਸ਼ ਹੁੰਦੇ ਦਿਸਦੇ ਹਨ। ਉਹ ਲੜਦੇ-ਝਗੜਦੇ ਹਨ, ਰੋਂਦੇ-ਕਰਲਾਉਂਦੇ ਹਨ, ਰੁਸਦੇ-ਮੰਨਦੇ ਹਨ ਤੇ ਲੁੱਟੇ-ਖੋਹੇ ਜਾਂਦੇ ਮਰਦੇ-ਖਪਦੇ ਹਨ। ਮੈਂ ਆਪਣੇ ਨਾਟਕਾਂ ਵਿਚ ਆਪਣਿਆਂ ਦਾ ਹੀ ਢਿੱਡ ਨੰਗਾ ਕੀਤਾ ਹੈ।
ਮਾਣ ਸਨਮਾਨ:-
ਪੰਜਾਬੀ ਸਾਹਿਤ ਅਕਾਦਮੀ ਦੁਆਰਾ ‘ਅਰਬਦ ਨਰਬਦ ਧੁੰਦੂਕਾਰਾ’ ਨੂੰ 1981 ਵਿੱਚ ਬਿਹਤਰੀਨ ਇਕਾਂਗੀ ਪੁਰਸਕਾਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ‘ਅੰਨ੍ਹੇ ਨਿਸ਼ਾਨਚੀ’ ਨੂੰ 1983 ਵਿੱਚ ਈਸ਼ਵਰ ਚੰਦਰ ਪੁਰਸਕਾਰ, ਇੰਟਰਨੈਸ਼ਨਲ ਐਸੋਸੀਏਸ਼ਨ ਆਫ਼ ਪੰਜਾਬੀ ਆਰਟਿਸਟਸ ਵੱਲੋਂ 1991 ਵਿੱਚ ਬਿਹਤਰੀਨ ਸਾਹਿਤਕਾਰ ਦਾ ਸਨਮਾਨ,ਪੰਜਾਬੀ ਸਾਹਿਤ ਅਕਾਦਮੀ ਵੱਲੋਂ 1996 ਕਰਤਾਰ ਸਿੰਘ ਧਾਲੀਵਾਲ ਇਨਾਮ,ਫੁੱਲ ਮੈਮੋਰੀਅਲ ਟਰੱਸਟ ਵੱਲੋਂ 1997 ਵਿੱਚ ਗੁਰਦਿਆਲ ਸਿੰਘ ਫੁੱਲ ਇਨਾਮ,
ਲੋਕ ਸੱਭਿਆਚਾਰਿਕ ਵਿਕਾਸ ਮੰਚ ਜੈਤੋ ਵੱਲੋਂ 1999 ਪੰਜਾਬੀ ਰੰਗਮੰਚ ਸੇਵਾ ਸਨਮਾਨ,ਪੰਜਾਬੀ ਸਾਹਿਤ ਸਭਾ ਰਾਮਪੁਰਾ ਫੂਲ ਵੱਲੋਂ 1999 ਪੰਜਾਬੀ ਬੋਲੀ ਸੇਵਾ ਇਨਾਮ,ਪੰਜਾਬੀ ਕਲਾ ਕੇਂਦਰ ਬੰਬਈ ਚੰਡੀਗੜ੍ਹ ਵੱਲੋਂ 2000 ਬਲਰਾਜ ਸਾਹਨੀ ਯਾਦਗਾਰੀ ਇਨਾਮ,ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 2000 ਵਿੱਚ ਜੀਵਨ ਗੌਰਵ ਸਨਮਾਨ, ਸੰਨ 2000 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਨਾਟਕਕਾਰ ਦਾ ਪੁਰਸਕਾਰ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤਾ ਗਿਆ।
ਸੰਨ 2003 ਵਿੱਚ ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ੍ਹ ਵੱਲੋਂ ਪੰਜਾਬੀ ਨਾਟਕਕਾਰ ਅਵਾਰਡ, ਭਾਰਤੀ ਸਾਹਿਤ ਅਕਾਦਮੀ ਨੇ 2006 ਵਿੱਚ ਇਕਾਂਗੀ ਸੰਗ੍ਰਹਿ 'ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀ' ਲਈ ਪੁਰਸਕਾਰ, ਭਾਰਤੀ ਸੰਗੀਤ ਨਾਟਕ ਅਕਾਦਮੀ, ਨਵੀਂ ਦਿੱਲੀ ਵੱਲੋਂ 22 ਮਾਰਚ 2006 ਨੂੰ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ ਅਬਦੁਲ ਕਲਾਮ ਨੇ ਆਪਣੇ ਕਰ-ਕਮਲਾਂ ਨਾਲ ਵਿਗਿਆਨ ਭਵਨ ਨਵੀਂ ਦਿੱਲੀ ਪੁਰਸਕਾਰ ਦਿੱਤਾ ਗਿਆ। ਇਸ ਤੋਂ ਇਲਾਵਾ ਗੁਰਸ਼ਰਨ ਸਿੰਘ ਲੋਕ ਕਲਾ ਸਨਮਾਨ ਕਾਫ਼ਲਾ ਵੱਲੋਂ 1 ਮਾਰਚ 2015 ਨੂੰ ਪ੍ਰੋ. ਔਲਖ ਨੂੰ ਹਜ਼ਾਰਾਂ ਲੋਕਾਂ ਦੇ ਇੱਕਠ ਵਿੱਚ 'ਭਾਈ ਲਾਲੋ ਕਲਾ ਸਨਮਾਨ' ਦੇ ਕੇ ਵੱਡਾ ਮਾਣ ਬਖ਼ਸ਼ਿਆ।
ਪ੍ਰੋ. ਅਜਮੇਰ ਔਲਖ ਨੂੰ ਉਹਨਾਂ ਦੀ ਨਾਟਕ ਕਲਾ ਤੋਂ ਸਮਝਦਿਆਂ, ਜੋ ਗੱਲ ਸਾਹਮਣੇ ਆਉਂਦੀ ਹੈ ਉਹ ਇਹੀ ਹੈ ਕਿ ਪ੍ਰੋ.ਔਲਖ ਨੇ ਆਪਣੇ ਨਾਟਕਾਂ ਵਿੱਚ ਨਿਮਨ ਕਿਸਾਨੀ ਦੀਆਂ ਸਮੱਸਿਆਵਾਂ ਨੂੰ ਪੇਂਡੂ ਮੁਹਾਵਰੇ ਰਾਹੀਂ ਰੰਗਮੰਚ 'ਤੇ ਲਿਆਂਦਾ ਹੈ। ਨਾਟਕਾਂ ਵਿੱਚ ਪੇਂਡੂ ਮੁਹਾਵਰੇ ਦੀ ਵਰਤੋਂ ਕਰਨ ਦਾ ਹੁਨਰ ਈਸ਼ਵਰ ਚੰਦਰ ਨੰਦਾ ਤੋਂ ਬਾਅਦ ਪ੍ਰੋ ਅਜਮੇਰ ਔਲਖ ਦੇ ਹਿੱਸੇ ਹੀ ਆਇਆ। ਪ੍ਰੋ. ਔਲਖ ਦੇ ਨਾਟਕਾਂ ਦੀ ਬੋਲੀ ਆਮ ਲੋਕਾਂ ਦੀ ਬੋਲੀ ਸੀ, ਬੇਸ਼ੱਕ ਕੁੱਝ ਵਿਦਵਾਨ ਉਹਦੇ ਨਾਟਕਾਂ ਦੀ ਭਾਸ਼ਾ ਤੇ ਇਤਰਾਜ਼ ਵੀ ਜਤਾਉਂਦੇ ਹਨ ਪਰ ਉਹ ਆਪਣੇ ਮਾਲਵੇ ਦੇ ਪਿੰਡਾਂ ਦੀ ਆਵਾਜ਼ ਬਣਕੇ ਹੀ ਆਖਰੀ ਸਾਹ ਤੱਕ ਜਿਉਂਦਾ ਰਿਹਾ। ਉਹਦੇ ਪੇਂਡੂ ਪਾਤਰਾਂ ਦੇ ਬੋਲ ਉਹਦੀ ਮਲਵਈ ਬੋਲੀ ਕਰਕੇ ਸਿੱਧੇ ਦਰਸ਼ਕਾਂ ਦੇ ਦਿਲਾਂ ਤੇ ਆਪਣਾ ਪ੍ਰਭਾਵ ਪਾਉਂਦੇ ਹਨ।
ਉਹਦੇ ਨਾਟਕਾਂ ਨੂੰ ਪੇਂਡੂ ਲੋਕਾਂ ਨੇ ਆਪਣੇ ਹੋਣ ਦਾ ਮਾਣ ਵੀ ਖ਼ੂਬ ਦਿੱਤਾ। ਉਹਨਾਂ ਦੇ ਲਿਖੇ ਹਰੇਕ ਨਾਟਕ ਨੂੰ ਦੇਖਣ ਵਾਲਿਆਂ ਦਾ ਆਪਣਾ ਵਿਸ਼ਾਲ ਦਾਇਰਾ ਰਿਹਾ।
2008 ਤੋਂ ਕੈੰਸਰ ਦੀ ਨਾਮੁਰਾਦ ਬਿਮਾਰੀ ਨਾਲ਼ ਪ੍ਰੋ. ਔਲਖ ਜੂਝਦੇ ਆਪਣੀ ਜ਼ਿੰਦਗੀ ਨੂੰ 2017 ਤੱਕ ਤਾਂ ਲੈ ਆਏ ਪਰ 15 ਜੂਨ 2017 ਦਾ ਦਿਨ ਉਹਨਾਂ ਦੀ ਜ਼ਿੰਦਗੀ ਦਾ ਆਖਰੀ ਦਿਨ ਹੋ ਨਿੱਬੜਿਆ। ਪ੍ਰੋ. ਔਲਖ ਦੀ ਕਲਾ ਨੂੰ ਚਾਹੁਣ ਵਾਲ਼ੇ ਅੱਜ ਵੀ ਉਹਨਾਂ ਨੂੰ ਸੱਤ ਬਿਗਾਨੇ ਵਾਲ਼ਾ ਔਲਖ, ਬਿਗਾਨੇ ਬੋਹੜ ਦੀ ਛਾਂ ਵਾਲ਼ਾ ਔਲਖ, ਭੱਜੀਆਂ ਬਾਹਾਂ ਵਾਲ਼ਾ ਔਲਖ, ਅੰਨ੍ਹੇ ਨਿਸ਼ਾਨਚੀ ਵਾਲ਼ਾ ਔਲਖ,ਲੋਕ ਕਲਾ ਮੰਚ ਵਾਲ਼ਾ ਔਲਖ, ਮਾਨਸੇ ਦਾ ਪ੍ਰੋ. ਔਲਖ ਆਦਿ ਵੱਖੋ-ਵੱਖ ਆਪੋ-ਆਪਣੇ ਵੱਲੋਂ ਦਿੱਤੇ ਮਹੁਬੱਤੀ ਨਾਂਵਾਂ ਨਾਲ਼ ਯਾਦ ਕਰਦੇ ਹਨ‌। ਪ੍ਰੋ. ਅਜਮੇਰ ਔਲਖ ਸੱਚਮੁੱਚ ਭਾਜੀ ਗੁਰਸ਼ਰਨ ਸਿੰਘ ਦੇ ਰੰਗਮੰਚੀ ਥੜੇ ਦਾ ਵਾਰਸ ਹੋ ਨਿੱਬੜਿਆ।

ਸ. ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)

ਭਾਰਤੀਏ ਵਾਲਮੀਕੀ ਧਰਮ ਸਮਾਜ ਰਜਿ- ਭਾਵਾਧਸ ਭੱਟੀ ਗਰੁੱਪ ਵੱਲੋਂ- ਮੱਖੂ ਸ਼ਹਿਰ ਵਿੱਚ ਦਫਤਰ ਦਾ ਉਦਘਾਟਨ

ਭਾਰਤੀਏ ਵਾਲਮੀਕੀ ਧਰਮ ਸਮਾਜ ਰਜਿ:ਭਾਵਾਧਸ ਭੱਟੀ ਗਰੁੱਪ ਵੱਲੋਂ: ਮੱਖੂ ਸ਼ਹਿਰ ਵਿੱਚ ਦਫਤਰ ਦਾ ਉਦਘਾਟਨ ਕੀਤਾ ਗਿਆ ਤੇ ਰਾਜ ਕੁਮਾਰ ਮੱਖੂ ਨੂੰ ਉਪ ਪ੍ਰਧਾਨ ਪੰਜਾਬ ਨਿਯੁਕਤ ਕੀਤਾ ਗਿਆ ( ਭਾਰਤੀਆਂ ਵਾਲਮੀਕਿ ਧਰਮ ਸਮਾਜ (ਰਜਿ: ਭਾਵਾਧਸ    

ਮੱਖੂ/ਧਰਮਕੋਟ, 14ਜੂਨ( ਮਨੋਜ ਕੁਮਾਰ ਨਿੱਕੂ )  ਰਾਸ਼ਟਰੀ ਪ੍ਰਧਾਨ ਵੀਰ ਓ, ਪੀ ਭੱਟੀ ਜੀ ਦੇ ਦਿਸ਼ਾ ਨਿਰਦੇਸ਼ ਚਲਦਿਆ, ਭਾਰਤੀਏ ਵਾਲਮੀਕੀ ਧਰਮ ਸਮਾਜ ਰਜਿ:ਭਾਵਾਧਸ ਭੱਟੀ ਗਰੁੱਪ ਵੱਲੋ, ਮੱਖੂ ਜਿਲਾ ਫਿਰੋਜ਼ਪੁਰ ਵਿਖੇ ਦਫਤਰ ਦਾ ਉਦਘਾਟਨ ਕੀਤਾ ਗਿਆ,ਤੇ ਇਸ ਮੌਕੇ ਵੀਰ ਰਾਜ ਕੁਮਾਰ ਮੱਖੂ ਨੂੰ ਉਪ ਪ੍ਰਧਾਨ ਪੰਜਾਬ ਨਿਯੁਕਤ ਕੀਤਾ ਗਿਆ,ਤੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਰਾਸ਼ਟਰੀ ਪ੍ਰਧਾਨ ਵੀਰ ਓ, ਪੀ ਭੱਟੀ ਜੀ ਨੇ ਕਿਹਾ ਕਿ ਹੁਣ ਮੱਖੂ ਸ਼ਹਿਰ ਵਿਚ ਦਫਤਰ ਬਣ ਗਿਆ ਹੈ ਇਸ ਦਫਤਰ ਵਿੱਚ ਗਰੀਬ ਬੱਚਿਆਂ ਨੂੰ ਪੜ੍ਹਾਈ ਲਈ ਮੁਫਤ ਕਿਤਾਬਾਂ ਦਿਤੀਆਂ ਜਾਣਗੀਆ ਤੇ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਵੀ ਕੀਤੀ ਜੀਵੇ ਗੀ ਇਸੇ ਤਰ੍ਹਾਂ ਹੋਰ ਵੀ ਮਾਨਵਤਾ ਭਲਾਈ ਦੇ ਕੰਮ ਕੀਤੇ ਜਾਣਗੇ ਤੇ ਇਸ ਮੌਕੇ ਐਸ, ਐਚ, ਓ ਗੁਰਪ੍ਰੀਤ ਸਿੰਘ ਥਾਨਾ ਮੱਖੂ ਵੀਰ ਸਰਵਨ ਮਸੀਹ, ਸਾਬਕਾ ਨਗਰ ਪੰਚਾਇਤ ਪ੍ਰਧਾਨ,ਜਗਸੀਰ ਸਿੰਘ ਜੱਗਾ ,ਜਿਲਾ ਵਾਇਸ ਪ੍ਰਧਾਨ ਫਿਰੋਜ਼ਪੁਰ,ਤੇ ਹੋਰ ਆਹੁਦੇਦਾਰਾਂ ਨੂੰ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਮਾਸਟਰ ਵੀਰ ਚੇਤਨ ਜੀ ਮਹਾ ਮੰਤਰੀ,ਵੀਰ ਮਲਕੀਤ ਸਿੰਘ ਮੰਡ ਸਰਹਾਲੀ ਪੱਟੀ ਪੰਜਾਬ ਪ੍ਰਧਾਨ,ਵੀਰ ਪ੍ਰਕਾਸ਼ ਚੰਦ ਵਾਇਸ ,ਧਾਨ,ਰਾਜ ਕੁਮਾਰ ਮੱਖੂ ਉਪ ਪ੍ਰਧਾਨ ਪੰਜਾਬ,ਤਰਸੇਮ ਸਿੰਘ ਕਲੋਨੀ ਸੈਕਟਰੀ ਪੰਜਾਬ ਸੁਖਵਿੰਦਰ ਸਿੰਘ ਖਜਾਨਚੀ ਪੰਜਾਬ,ਬਲਜੀਤ ਸਿੰਘ ਖੁੱਲਰ ਫਿਰੋਜ਼ਪੁਰ ਦਿਹਾਤੀ ਪ੍ਰਧਾਨ,ਅਸ਼ਵਨੀ ਕੁਮਾਰ ਫਿਰੋਜਪੁਰ ,ਵੈਦ ਰਜਿੰਦਰ ਸਿੰਘ ਪ੍ਰਧਾਨ,ਸੁਧੀਰ ਕੁਮਾਰ ਕਨਾਲ ਕਲੋਨੀ ਮੱਖੂ ਸ਼ਹਿਰੀ ਪ੍ਰਧਾਨ ਅਮਿਤ ਕੁਮਾਰ ਜਿਲਾ ਬਲਾਕ ਪ੍ਰਧਾਨ ,ਸ਼ੰਮੀ ਬਲਾਕ ਪ੍ਰਧਾਨ ਵਾਈਸ ਲਵਪ੍ਰੀਤ ਸਿੰਘ ਸੈਕਟਰੀ ਬਲਾਕ ਮੱਖੂ, ਸੁਨੀਲ ਕੁਮਾਰ ਪ੍ਰਧਾਨ, ਸੇਮ ਮੱਖੂ ਪ੍ਰਧਾਨ, ਕੇਵਲ ਕ੍ਰਿਸ਼ਨ ਲਾਡੀ ਪ੍ਰਧਾਨ, ਸਾਜਨ ਸਿਕਰੀ, ਪਿੰਸ ਪ੍ਰਧਾਨ ਹਲਵਾਈ ਸੰਨੀ ਕੁਮਾਰ ਜੁਆਇੰਟ ਸੈਕਟਰੀ ਮੱਖੂ ਪ੍ਰਧਾਨ ,ਤੇ ਹੋਰ ਵੀ ਮੈਂਬਰ ਹਾਜਰ ਸਨ

 

ਮਾਣ ਨਾਲ ਸਿਰ ਉੱਚਾ ਕੀਤਾ , ਐਕਸੀਲੈਂਟ ਅਕੈਡਮੀ ਦੀ ਵਿਦਿਆਰਥਣ ਸੰਦੀਪ ਕੌਰ ਨੇ ਪੂਰੀ ਕੀਤੀ ਵਕਾਲਤ

ਧਰਮਕੋਟ, ਜੂਨ 14 (ਮਨੋਜ ਕੁਮਾਰ ਨਿੱਕੂ )ਅੱਜ ਉਸ ਵੇਲੇ ਐਕਸੀਲੈਂਟ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਜਦੋ ਐਕਸੀਲੈਂਟ ਦੀ ਪੁਰਾਣੀ ਵਿਦਿਆਰਥਣ ਸੰਦੀਪ ਕੌਰ ਰੇੜ੍ਹਵਾਂ ਆਪਣੀ ਵਕਾਲਤ ਪੂਰੀ ਕਰਨ ਤੋਂ ਬਾਅਦ  ਅਕੈਡਮੀ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਮਿਲਣ ਆਈ । ਜਾਣਕਾਰੀ ਦਿੰਦੇ ਹੋਏ  ਮੈਡਮ ਆਂਚਲ ਅਤੇ ਹਰਦੀਪ ਕੌਰ ਖਾਲਸਾ ਨੇ ਦੱਸਿਆ ਕਿ ਸੰਦੀਪ ਕੌਰ ਪੁੱਤਰੀ ਸ: ਬਲਵਿੰਦਰ ਸਿੰਘ 2010 ਦੀ ਵਿਦਿਆਰਥਣ ਹੈ । ਅਕੈਡਮੀ ਤੋਂ ਕੋਰਸ ਪੂਰਾ ਕਰਨ ਤੋਂ ਬਾਅਦ ਉਸ ਨੇ ਵਕਾਲਤ ਵਿੱਚ ਦਾਖਿਲਾ ਲੈ ਲਿਆ । ਅੱਜ ਜਦੋ ਸੰਦੀਪ ਕੌਰ ਨੇ ਵਕੀਲ ਬਣਕੇ ਅਕੈਡਮੀ ਵਿਜਟ ਕੀਤਾ ਤਾਂ ਵਿਦਿਆਰਥੀਆ ਵਿੱਚ ਖੁੱਸ਼ੀ ਦੀ ਲਹਿਰ ਸੀ । ਅਕੈਡਮੀ ਦੇ ਡਾਇਰੈਕਟਰ ਮੈਡਮ ਜਨਕ ਅਰੌੜਾ ਨੇ ਉਹਨਾਂ ਨੂੰ ਸਨਮਾਨਿਤ  ਕੀਤਾ ਅਤੇ ਉਹਨਾਂ ਦੇ ਮਾਤਾ – ਪਿਤਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਜਿਹੀਆ ਧੀਆਂ ਹੋਣਾ ਵੀ ਮਾਣ ਵਾਲੀ ਗੱਲ ਹੈ । ਸੰਦੀਪ ਕੌਰ ਦੀ ਸਪੀਚ ਨੇ ਸਮੂਹ ਵਿਦਿਆਰਥੀਆਂ ਨੂੰ ਪ੍ਰੇਰਣਾ ਦਿੱਤੀ ।

ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੀ ਚੋਣ ਹੋਈ  

ਡਾ ਪਰਮਿੰਦਰ ਪ੍ਰਧਾਨ, ਪਾਸੀ ਚੇਅਰਮੈਨ ਤੇ ਡਾ ਮਿੱਠੂ ਮੁਹੰਮਦ ਬਣੇ ਸਰਪ੍ਰਸਤ  

 

ਬਰਨਾਲਾ 14 ਜੂਨ (ਡਾਕਟਰ ਸੁਖਵਿੰਦਰ ਸਿੰਘ ਬਾਪਲਾ /ਗੁਰਸੇਵਕ ਸੋਹੀ) ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੀ ਜ਼ਰੂਰੀ ਮੀਟਿੰਗ ਅੱਜ  ਕਲੱਬ ਦੇ ਪ੍ਰਧਾਨ ਡਾ ਮਿੱਠੂ ਮੁਹੰਮਦ  ਦੀ ਪ੍ਰਧਾਨਗੀ ਹੇਠ "ਫਿੱਟ ਲਾਇਫ ਹਰਬਲ ਦਵਾਖਾਨਾ" ਮਹਿਲ ਕਲਾਂ ਵਿਖੇ ਹੋਈ। ਇਸ ਮੀਟਿੰਗ ਵਿਚ ਸਮੂਹ ਕਲੱਬ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ।ਜਿਸ ਵਿੱਚ  ਵੱਖ ਵੱਖ ਵਿਸ਼ਿਆਂ ਉਤੇ ਪੱਤਰਕਾਰੀ ਖੇਤਰ ਵਿਚ ਪੱਤਰਕਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕੀਤੀ ਗਈ  ।ਇਸ ਉਪਰੰਤ ਕਲੱਬ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ।ਜਿਸ ਵਿੱਚ  ਪ੍ਰੇਮ ਕੁਮਾਰ ਪਾਸੀ ਨੂੰ ਚੇਅਰਮੈਨ ,ਡਾ ਮਿੱਠੂ ਮੁਹੰਮਦ ਸਰਪ੍ਰਸਤ ,ਡਾ ਪਰਮਿੰਦਰ ਸਿੰਘ ਹਮੀਦੀ, ਪ੍ਰਧਾਨ ,ਜਗਜੀਤ ਸਿੰਘ ਕੁਤਬਾ ਨੂੰ ਜਨਰਲ ਸਕੱਤਰ  ,ਗੁਰਸੇਵਕ ਸਿੰਘ ਸਹੋਤਾ ਨੂੰ ਸੀਨੀਅਰ ਮੀਤ ਪ੍ਰਧਾਨ,ਮਨਜੀਤ ਸਿੰਘ ਮਿੱਠੇਵਾਲ ਨੂੰ ਮੀਤ ਪ੍ਰਧਾਨ, ਜਗਜੀਤ ਸਿੰਘ ਮਾਹਲ ਨੂੰ ਖਜਾਨਚੀ ,ਫ਼ਿਰੋਜ਼ ਖ਼ਾਨ ਨੂੰ ਪੀ ਆਰ ਓ ਨਿਰਮਲ ਸਿੰਘ ਪੰਡੋਰੀ ਨੂੰ  ਸਲਾਹਕਾਰ ਅਤੇ  ਭੁਪਿੰਦਰ ਸਿੰਘ ਧਨੇਰ, ਗੁਰਪ੍ਰੀਤ ਸਿੰਘ ਕੁਤਬਾ, ਕੁਲਦੀਪ ਸਿੰਘ ਗੋਹਲ ,ਜਸਵਿੰਦਰ ਸਿੰਘ ਨਿਹਾਲ ਸਿੰਘ ਵਾਲਾ, ਸ਼ੇਰ ਸਿੰਘ ਰਵੀ, ਅਜੇ ਟੱਲੇਵਾਲ, ਨਰਿੰਦਰ ਸਿੰਘ ਢੀਂਡਸਾ, ਡਾ ਸੁਖਵਿੰਦਰ ਸਿੰਘ ਬਾਪਲਾ,ਮਿੰਟੂ ਖੁਰਮੀ ਨੂੰ ਮੈਂਬਰ ਚੁਣਿਆ ਗਿਆ। 

ਇਸ ਮੌਕੇ ਸਮੂਹ ਕਲੱਬ ਅਹੁਦੇਦਾਰਾਂ ਨੇ ਡਾ ਪਰਮਿੰਦਰ ਸਿੰਘ ਨੂੰ ਵਧਾਈ ਦਿੱਤੀ।ਇਸ ਮੌਕੇ ਨਵੇਂ ਚੁਣੇ  ਪ੍ਰਧਾਨ ਡਾ ਪਰਮਿੰਦਰ ਸਿੰਘ ਬੰਮਰਾਹ ਨੇ ਕਲੱਬ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਹਿਲਾਂ ਦੀ ਤਰ੍ਹਾਂ ਕਲੱਬ ਦੀਆਂ ਗਤੀਵਿਧੀਆਂ ਨੂੰ ਵੱਡੀ ਪੱਧਰ ਅਤੇ  ਪਰ ਈਮਾਨਦਾਰੀ ਨਾਲ ਚਲਾਉਣਗੇ।

ਸਾਡੀ ਖੁਸ਼ੀ  ✍️  ਪਵਿੱਤਰ ਕੌਰ ਮਾਟੀ  

ਸਾਡੀ ਖੁਸ਼ੀ 

ਮੁਹਤਾਜ ਨਹੀਂ ਰੰਗਾਂ ਦੀ

ਜ਼ਿੰਦਗੀ ਦੇ ਹਰ ਰੰਗ ਨਾਲ

ਖੇਡ ਕੇ   ਉਹਨੂੰ ਜਿੱਤ ਕੇ 

ਪਰ੍ਹਾਂ ਲਾਂਭੇ ਰੱਖ ਦੇਣ ਵਾਲੇ 

ਖਿਡਾਰੀ ਹਾਂ ਅਸੀਂ

ਉਹ ਹੋਰ ਹੋਣਗੇ

ਜੋ ਉਲਝ ਕੇ

ਖਤਮ ਹੋ ਜਾਂਦੇ ਨੇ

ਦੌਲਤ ਤੇ ਸ਼ੋਹਰਤ

ਦਿਆਂ ਰੰਗਾਂ ਚ 

ਸਾਨੂੰ ਤਾਂ ਆਖਰ ਇੱਕੋ 

ਰੰਗ ਰਾਸ ਆਇਆ

 ਫ਼ਕੀਰੀ ਦਾ 

 

ਪੰਜਾਬੀ ਦੇ ਸਿਰਮੌਰ ਲੇਖਕ ਪਵਿੱਤਰ ਕੌਰ ਮਾਟੀ  

ਪੇਸ਼ਕਸ਼  ਬਲਵੀਰ ਸਿੰਘ ਬਾਠ 

ਜਨ ਸ਼ਕਤੀ ਨਿਊਜ਼ ਪੰਜਾਬ

84ਵੇਂ ਦਿਨ ਵੀ ਦਿੱਤਾ ਥਾਣੇ ਮੂਹਰੇ ਧਰਨਾ 

ਮਾਤਾ ਦੀ ਭੁੱਖ ਹੜਤਾਲ 77ਵੇੰ ਦਿਨ 'ਚ ਪਹੁੰਚੀ -- ਵਫਦ ਅੱਜ ਮਿਲੇਗਾ ਡੀਜੀਪੀ ਨੂੰ ! 

ਜਗਰਾਉਂ 14 ਜੂਨ (ਗੁਰਕੀਰਤ ਜਗਰਾਉਂ ) ਮੁਕੱਦਮੇ ਵਿੱਚ ਨਾਮਜ਼ਦ ਗੈਰ-ਜਮਾਨਤੀ ਧਰਾਵਾਂ ਦੇ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਸੰਘਰਸ਼ੀਲ ਜੱਥੇਬੰਦੀਆਂ ਦਾ ਇੱਕ ਸਾਂਝਾ ਵਫਦ ਅੱਜ ਮੁੜ ਫਿਰ  ਡੀ.ਜੀ.ਪੀ. ਵੀ.ਕੇ.ਭਾਵਰਾ ਨੂੰ ਮਿਲੇਗਾ। ਪ੍ਰੈਸ ਨੂੰ ਜਾਰੀ ਬਿਆਨ 'ਚ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋਂ, ਭਾਰਤੀ ਕਿਸਾਨ ਯੂਨੀਅਨ ਏਕਤਾ(ਉਗਰਾਹਾਂ) ਦੇ ਜਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ,  ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਆਗੂ ਰਾਮਤੀਰਥ ਸਿੰਘ ਲੀਲ੍ਹਾ,  ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ, ਕੇ.ਕੇ.ਯੂ ਦੇ ਪ੍ਰਧਾਨ ਗੁਰਚਰਨ ਸਿੰਘ ਰਸੂਲਪੁਰ, ਪੰਜਾਬ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਤੇ ਕੇ.ਕੇ.ਯੂ. ਯੂਥ ਵਿੰਗ ਕਨਵੀਨਰ ਮਨੋਹਰ ਸਿੰਘ ਨੇ ਕਿਹਾ ਕਿ ਪੀੜ੍ਹਤ ਮਾਤਾ ਸੁਰਿੰਦਰ ਕੌਰ ਰਸੂਲਪੁਰ ਪਿਛਲੇ 17 ਵਰਿਆਂ ਤੋਂ ਇਨਸਾਫ਼ ਲਈ ਜੱਦੋ-ਜ਼ਹਿਦ ਕਰ ਰਹੀ ਹੈ ਅਤੇ ਲੰਘੀ 23 ਮਾਰਚ ਤੋਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਥਾਣੇ ਮੂਹਰੇ  ਭੁੱਖ ਹੜਤਾਲ 'ਤੇ ਬੈਠੀ ਹੈ।ਜ਼ਿਕਰਯੋਗ ਹੈ ਕਿ ਸਾਲ 2005 ਵਿੱਚ ਮੌਕੇ ਦੇ ਥਾਣਾਮੁਖੀ ਨੇ ਰਸੂਲਪੁਰ ਦੀਆਂ ਰਹਿਣ ਵਾਲੀਆਂ ਗਰੀਬ ਮਾਂਵਾਂ-ਧੀਆਂ ਨੂੰ ਅੱਧੀ ਰਾਤ ਨੂੰ ਘਰੋਂ ਚੁੱਕ ਕੇ, ਸਥਾਨਕ ਥਾਣੇ ਵਿੱਚ ਨਜ਼ਾਇਜ਼ ਹਿਰਾਸਤ 'ਚ ਰੱਖ ਕੇ, ਕੁੱਟਮਾਰ ਕੀਤੀ ਸੀ ਅਤੇ ਬਿਜਲ਼ੀ ਦਾ ਕਰੰਟ ਲਗਾਇਆ ਸੀ। ਕਰੰਟ ਲਗਾਉਣ ਨਾਲ ਕੁਲਵੰਤ ਕੌਰ ਨਕਾਰਾ ਹੋ ਕੇ 14 ਸਾਲ ਮੰਜੇ 'ਤੇ ਪਈ ਰਹਿਣ ਤੋਂ ਬਾਦ 10 ਦਸੰਬਰ 2021 ਨੂੰ ਫੌਤ ਹੋ ਗਈ ਸੀ ਅਤੇ ਕਰੰਟ ਲਗਾਉਣ ਵਾਲੇ ਕਥਿਤ ਥਾਣਾਮੁਖੀ ਗੁਰਿੰਦਰ ਬੱਲ ਅਤੇ ਸਹਾਇਕ ਥਾਣੇਦਾਰ ਰਾਜਵੀਰ ਸਮੇਤ ਪੰਚ-ਸਰਪੰਚ ਖਿਲਾਫ਼ 11 ਦਸੰਬਰ 2021 ਨੂੰ ਜਿਲ੍ਹਾ ਪੁਲਿਸ ਮੁਖੀ ਨੇ ਧਾਰਾ 304, 342, 34 ਅੈਸ.ਸੀ./ਅੈਸ.ਟੀ. ਅੈਕਟ-1989 ਅਧੀਨ ਮੁਕੱਦਮਾ ਤਾਂ ਦਰਜ ਕਰ ਲਿਆ ਸੀ ਪਰ ਦੋਸ਼ੀਆਂ ਦੀ ਗ੍ਰਿਫਤਾਰ ਨਹੀਂ ਕੀਤਾ। ਸਿੱਟੇ ਵਜੋਂ ਪੀੜ੍ਹਤ ਪਰਿਵਾਰ ਤਵ ਸੰਘਰਸ਼ੀਲ ਜੱਥੇਬੰਦੀਆਂ ਨੇ ਥਾਣਾ ਸਿਟੀ ਅੱਗੇ ਪੱਕਾ ਮੋਰਚਾ ਲਗਾਇਆ ਹੋਇਆ ਹੈ। ਇਥੇ ਦੱਸਣਯੋਗ ਹੈ ਕਿ ਪੁਲਿਸ ਅਧਿਕਾਰੀ ਇੰਸਵੈਟੀਗੇਸ਼ਨ ਦੇ ਨਾਮ 'ਤੇ ਮਾਮਲੇ ਨੂੰ ਲਟਕਾਉਂਦੇ ਆ ਰਹੇ ਹਨ। ਮਾਮਲਾ ਮੀਡੀਆ ਵਿੱਚ ਆਉਣ ਤੋਂ ਬਾਦ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ "ਸੂ-ਮੋਟੋ" ਲੈਂਦਿਆਂ ਧਰਨਾ ਸਥਾਨ ਤੇ ਪਹੁੰਚ ਕੇ ਪੀੜ੍ਹਤ ਪਰਿਵਾਰ ਦਾ ਪੱਖ ਸੁਣਦਿੰਆਂ ਡੀਜੀਪੀ ਪੰਜਾਬ ਨੂੰ ਹੁਕਮ ਦਿੱਤਾ ਸੀ ਕਿ "ਵੱਖ-ਵੱਖ ਪੁਲਿਸ ਜਿਲਿਆਂ ਦੇ ਪੁਲਿਸ ਅਧਿਕਾਰੀਆਂ ਦੀ ਤਿੰਨ ਮੈਂਬਰੀ "ਸਪੈਸ਼ਲ ਇੰਸਵੈਸਟੀਗੇਸ਼ਨ ਟੀਮ " ਬਣਾ ਕੇ ਅਗਲੇਰੀ ਕਾਰਵਾਈ ਕਰਨ ਲਈ ਕਿਹਾ ਸੀ ਪਰ ਡੀ.ਜੀ.ਪੀ. ਦਫ਼ਤਰ ਦੇ 2 ਮਹੀਨਿਆਂ ਵਿੱਚ ਟੀਮ ਤਿਆਰ ਹੀ ਹੀ ਨਹੀਂ ਕੀਤੀ। ਦੂਜੇ ਪਾਸੇ ਸੰਗੀਨ ਧਾਰਾਵਾਂ ਲੱਗਣ ਦੇ ਬਾਵਜੂਦ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਅਰਥਾਤ ਦੋਸ਼ੀ ਥਾਣੇਦਾਰ ਅਤੇ ਸਰਪੰਚ ਬਿਨਾਂ ਕਿਸੇ ਜ਼ਮਾਨਤ ਜਾਂ ਅਰੈਸਟ ਵਰੰਟ ਦੇ ਖੁੱਲ੍ਹੇ ਘੁੰਮ ਰਹੇ ਹਨ। ਇਸ ਸਮੇਂ ਯੂਥ ਆਗੂ ਮਨੋਹਰ ਸਿੰਘ ਨੇ ਦੋਸ਼ ਲਗਾਇਆ ਕਿ ਪੁਲਿਸ ਅਧਿਕਾਰੀ ਦੋਸ਼ੀਆਂ ਨੂੰ  ਦੀ ਹੈਸੀਅਤ ਦੇਖ ਕੇ ਹੀ ਕਾਨੂੰਨ ਨੂੰ ਅਪਲਾਈ ਕਰਦੇ ਹਨ। ਅੱਜ ਦੇ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜੱਗਾ ਸਿੰਘ ਢਿਲੋਂ ਤੇ ਰਾਮਤੀਰਥ ਲੀਲ੍ਹਾ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਜੱਥੇਦਾਰ ਹਰੀ ਸਿੰਘ ਚਚਰਾੜੀ, ਅਜੈਬ ਸਿੰਘ ਰਸੂਲਪੁਰ, ਸੁਖਵਿੰਦਰ ਸਿੰਘ ਭੰਮੀਪੁਰਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬੌਰਾ ਸਿੰਘ ਜਗਰਾਉਂ, ਨਿਹੰਗ ਸਿੰਘ ਜੱਥੇਦਾਰ ਚੜਤ ਸਿੰਘ ਬਾਰਦੇਕੇ, ਨਛੱਤਰ ਸਿੰਘ ਬਾਰਦੇਕੇ, ਨਿਰਮਲ ਸਿੰਘ ਧਾਲੀਵਾਲਤੇ ਦਰਸ਼ਨ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।

ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਪ੍ਰਬੰਧਕ ਕਮੇਟੀ ਦੀ ਚੋਣ ਤਾਰੀਖ ਦਾ ਐਲਾਨ  

2 ਅਕਤੂਬਰ 2022 ਨੂੰ ਹੋਵੇਗੀ ਯੂਰਪ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਚੋਣ  

ਲੰਡਨ, 14 ਜੂਨ (ਅਮਨਜੀਤ ਸਿੰਘ ਖਹਿਰਾ) ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਚਲਾਉਣ ਵਾਲੀ ਕਮੇਟੀ ਦੀ ਚੋਣ ਦਾ ਬਿਗਲ ਵੱਜ ਗਿਆ ਹੈ  ।  ਮਿਲੀ ਜਾਣਕਾਰੀ ਅਨੁਸਾਰ 2 ਅਕਤੂਬਰ 2022 ਨੂੰ ਖਾਲਸਾ ਪ੍ਰਾਇਮਰੀ ਸਕੂਲ ਨੌਰਵੁਡ ਗਰੀਨ ਵਿਖੇ ਸਵੇਰੇ 8 ਵਜੇ ਤੋਂ  ਸ਼ਾਮ 8 ਵਜੇ ਤਕ  ਪੇਪੂਲਾਈਸ ਲਿਮਟਿਡ ਕੰਪਨੀ ਦੀ ਨਿਗਰਾਨੀ ਹੇਠ ਵੋਟਾਂ ਪੈਣਗੀਆਂ  । ਵੋਟ ਦਾ ਇਸਤੇਮਾਲ ਉਹੀ ਲੋਕ ਕਰ ਸਕਣਗੇ ਜੋ ਵੋਟਿੰਗ ਕਮੇਟੀ ਦੇ ਰੂਲ ਮੁਤਾਬਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਮੈਂਬਰਸ਼ਿਪ ਹਾਸਲ ਕਰ ਚੁੱਕੇ ਹੋਣਗੇ । ਬਾਕੀ ਹੋਰ ਜਾਣਕਾਰੀ ਲਈ ਫੋਟੋ ਵਿੱਚ ਦਿੱਤੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਚਿੱਠੀ ਨੂੰ ਪੜ੍ਹੋ  ।

 

ਮਹਿਲਕਲਾਂ ਲੋਕ ਘੋਲ ਦੇ 25 ਵਰ੍ਹੇ ਪੂਰੇ ਹੋਣ ਸਮੇਂ 12 ਅਗਸਤ ਸ਼ਹੀਦ ਕਿਰਨਜੀਤ ਕੌਰ ਦੀ ਬਰਸੀ ਮਨਾਉਣ ਸਬੰਧੀ ਵਿਚਾਰਾਂ

ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਹਕੂਮਤ ਅਧੀਨ ਲਿਆਉਂਣਾ ਰਾਜਾਂ ਦੇ ਹੱਕਾਂ'ਤੇ ਡਾਕਾ-....ਗੁਰਬਿੰਦਰ ਸਿੰਘ ਕਲਾਲਾ....

ਨਫ਼ਰਤਾਂ ਫੈਲਾਉਣ ਵਾਲਿਆਂ ਨੂੰ ਮੂੰਹ ਤੋੜ ਜਵਾਬ ਦੇਣਾ ਸਮੇਂ ਦੀ ਮੁਖ ਲੋੜ.... ਨਰਾਇਣ ਦੱਤ....

ਮਹਿਲਕਲਾਂ 14 ਜੂਨ (ਡਾ. ਸੁਖਵਿੰਦਰ /ਗੁਰਸੇਵਕ ਸੋਹੀ ) ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲਕਲਾਂ ਦੀ ਮੀਟਿੰਗ ਦਾਣਾ ਮੰਡੀ ਮਹਿਲਕਲਾਂ ਵਿਖੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ ਦੀ ਪੑਧਾਨਗੀ  ਹੇਠ ਹੋਈ। ਮੀਟਿੰਗ ਵਿੱਚ ਐਕਸ਼ਨ ਕਮੇਟੀ ਮਹਿਲਕਲਾਂ ਦੇ ਬਾਨੀ ਮੈਂਬਰ ਡਾ ਕੁਲਵੰਤ ਰਾਏ ਪੰਡੋਰੀ ਨੂੰ ਦੋ ਮਿੰਟ ਦਾ ਮੋਨ ਧਾਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਡਾ ਕੁਲਵੰਤ ਰਾਏ ਦੇ ਬੇਵਕਤੀ ਵਿਛੋੜੇ ਨੂੰ ਪੑੀਵਾਰ/ਸਮਾਜ ਲਈ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਦੱਸਿਆ।ਇਸ ਮੀਟਿੰਗ ਵਿੱਚ ਵਿਚਾਰੇ ਗਏ ਵਿਸ਼ਿਆਂ ਬਾਰੇ ਐਕਸ਼ਨ ਕਮੇਟੀ ਦੇ ਬੁਲਾਰੇ ਸਾਥੀ ਨਰਾਇਣ ਦੱਤ ਨੇ ਦੱਸਿਆ ਕਿ ਇਸ ਵਾਰ 12 ਅਗਸਤ ਨੂੰ ਸ਼ਹੀਦ ਕਿਰਨਜੀਤ ਕੌਰ ਦੀ ਸ਼ਹਾਦਤ ਨੂੰ 25  ਵਰੵੇ ਪੁਰੇ ਹੋ ਰਹੇ ਹਨ। ਦੁਨੀਆਂ ਦੇ ਇਤਿਹਾਸ ਵਿੱਚ ਮਹਿਲਕਲਾਂ ਲੋਕ ਘੋਲ ਨੇ ਲੱਖ ਚੁਣੌਤੀਆਂ ਦੇ ਬਾਵਜੂਦ ਵੀ ਸ਼ਾਨਾਮੱਤਾ ਨਿਵੇਕਲਾ ਇਤਿਹਾਸ ਸਿਰਜਿਆ ਹੈ। ਮਹਿਲਕਲਾਂ ਲੋਕ ਘੋਲ ਦੇ 25 ਵਰ੍ਹੇ ਪੂਰੇ ਹੋਣ ਮੌਕੇ 12 ਅਗਸਤ ਔਰਤ ਮੁਕਤੀ ਦਾ ਚਿੰਨ੍ਹ ਬਣੀ ਸ਼ਹੀਦ ਕਿਰਨਜੀਤ ਦੀ ਸ਼ਹਾਦਤ ਵਿਲੱਖਣ ਢੰਗ ਨਾਲ ਮਨਾਉਣ ਸਬੰਧੀ ਵਿਚਾਰਾਂ  ਸ਼ੁਰੂ ਹੋ ਗਈਆਂ ਹਨ। ਗੰਭੀਰ ਵਿਚਾਰ ਵਟਾਂਦਰਾ ਕਰਨ ਲਈ 2 ਜੁਲਾਈ ਨੂੰ ਐਕਸ਼ਨ ਕਮੇਟੀ ਦੀ ਮੀਟਿੰਗ ਦਾਣਾ ਮੰਡੀ ਮਹਿਲਕਲਾਂ ਵਿਖੇ ਬੁਲਾ ਲਈ ਗਈ ਹੈ। ਉਸ ਸਮੇਂ ਤੱਕ ਸੂਝਵਾਨ ਲੋਕ ਪੱਖੀ ਸਖਸੀਅਤਾਂ ਦੇ ਕੀਮਤੀ ਸੁਝਾਅ ਹਾਸਲ ਕੀਤੇ ਜਾਣਗੇ। ਅੱਜ ਦੀ ਮੀਟਿੰਗ ਵਿੱਚ ਐਕਸ਼ਨ ਕਮੇਟੀ ਨੂੰ ਦਰਪੇਸ਼ ਬਹੁਤ ਸਾਰੀਆਂ ਜਥੇਬੰਦਕ ਸਮੱਸਿਆਵਾਂ ਸਬੰਧੀ ਗੰਭੀਰ ਵਿਚਾਰ ਵਟਾਂਦਰਾ ਕਰਕੇ ਖੁੱਲੇ ਮਨ ਨਾਲ ਸਰਬਸੰਮਤੀ ਨਾਲ ਹੱਲ ਕੀਤਾ ਗਿਆ। ਅਨੇਕਾਂ ਦਰਪੇਸ਼ ਮੁਸ਼ਕਲਾਂ ਦੇ ਬਾਵਜੂਦ ਐਕਸ਼ਨ ਕਮੇਟੀ ਇੱਕਜੁੱਟਤਾ ਨਾਲ ਹਰ ਮੁਸ਼ਕਲ ਦਾ ਜਥੇਬੰਦਕ ਢੰਗ ਹੱਲ ਕਰਦੀ ਹੋਈ ਵੱਡੀਆਂ ਚੁਣੌਤੀਆਂ ਦੇ ਸਮਰੱਥ ਹੋ ਸਕੀ ਹੈ, ਆਉਣ ਵਾਲੇ ਸਮੇਂ ਵਿੱਚ ਵਿਗਿਆਨਕ ਸਮਝ ਦੇ ਇਸ ਅਧਾਰ ਉੱਤੇ ਹੋਰ ਵਧੇਰੇ ਦੑਿੜਤਾ ਨਾਲ ਪਹਿਰਾ ਦਿੱਤਾ ਜਾਵੇਗਾ। ਮੀਟਿੰਗ ਵਿੱਚ ਮੋਦੀ ਹਕੂਮਤ ਵੱਲੋਂ ਮੁਲਕ ਦੀ ਸਭ ਤੋਂ ਵੱਡੀ ਧਾਰਮਿਕ ਘੱਟ ਗਿਣਤੀ ਮੁਸਲਿਮ ਤਬਕੇ ਖਿਲਾਫ਼ ਵਿੱਢੀ ਮੁਹਿੰਮ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪੈਗੰਬਰ ਮੁਹੰਮਦ ਖਿਲਾਫ਼ ਨਫਰਤ ਫ਼ੈਲਾਉਣ ਵਾਲੀ ਨੂਪੁਰ ਸ਼ਰਮਾਂ ਅਤੇ ਨਵੀਨ ਜਿੰਦਲ ਨੂੰ ਤੁਰੰਤ ਗੵਿਫਤਾਰ ਕਰਨ ਦੀ ਮੰਗ ਕੀਤੀ ਗਈ। ਰਾਜਾਂ ਨਾਲ ਧੱਕੇ ਵਿਤਕਰੇ ਦੀ ਨੀਤੀ ਜਾਰੀ ਰੱਖਦਿਆਂ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਦੇ ਹੱਥਾਂ ਵਿੱਚ ਸੌਂਪਣ ਵਾਲਾ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ ਗਈ। ਯੂਨੀਵਰਸਿਟੀ ਨੂੰ ਬਚਾਉਣ ਦੀ ਰਾਖੀ ਕਰ ਰਹੀਆਂ ਵਿਦਿਆਰਥੀ ਜਥੇਬੰਦੀਆਂ ਦੇ ਸੰਘਰਸ਼ ਉੱਪਰ ਪੁਲਿਸ ਵੱਲੋਂ  ਲਾਠੀਚਾਰਜ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਅੱਜ ਦੀ ਮੀਟਿੰਗ ਵਿੱਚ ਮਨਜੀਤ ਧਨੇਰ, ਪੑੇਮ ਕੁਮਾਰ, ਮਲਕੀਤ ਸਿੰਘ ਵਜੀਦਕੇ, ਜਰਨੈਲ ਸਿੰਘ ਚੰਨਣਵਾਲ, ਗੁਰਮੀਤ ਸੁਖਪੁਰਾ, ਮਾ ਦਰਸ਼ਨ ਸਿੰਘ, ਗੁਰਦੇਵ ਸਿੰਘ ਮਹਿਲਖੁਰਦ ਅਤੇ ਅਮਰਜੀਤ ਕੁੱਕੂ ਆਦਿ ਆਗੂਆਂ ਨੇ ਵੀ ਵਿਚਾਰ ਰੱਖੇ।

ਬੱਚਿਆਂ ਨੇ ਲਗਾਈ ਠੰਢੇ-ਮਿੱਠੇ ਜਲ ਦੀ ਛਬੀਲ

ਜਗਰਾਉ 13 ਜੂਨ (ਅਮਿਤਖੰਨਾ) ਮੁਹੱਲਾ ਪ੍ਰਤਾਪ ਨਗਰ ਰਾਮ ਮੰਦਰ ਦੇ ਨੇੜੇ ਬੱਚਿਆਂ ਵਲੋਂ ਅੱਤ ਦੀ ਪੈ ਰਹੀ ਗਰਮੀ ਤੋਂ ਨਿਜ਼ਾਤ ਦਿਵਾਉਣ ਵਾਸਤੇ ਰਾਹਗੀਰਾਂ ਲਈ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਗਈ। ਜੇਐਸ ਖੰਨਾ ਤੇ ਕੇਸ਼ਵ ਖੰਨਾ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਠੰਢੇ ਮਿੱਠੇ ਪਾਣੀ ਦੀ ਛਬੀਲ ਲਾਈ। ਜੇਐਸ ਖੰਨਾ ਨੇ ਕਿਹਾ ਕਿ ਸਕੂਲਾਂ 'ਚ ਛੁੱਟੀਆਂ ਹੋਣ ਕਾਰਨ ਉਸ ਨੇ ਆਪਣੇ ਦੋਸਤਾਂ ਨਾਲ ਠੰਢੇ ਮਿੱਠੇ ਪਾਣੀ ਦੀ ਛਬੀਲ ਲਗਾਉਣ ਦੀ ਸਲਾਹ ਕੀਤੀ ਤੇ ਅੱਜ ਸਾਰੇ ਦੋਸਤਾਂ ਨੇ ਮਿਲ ਕੇ ਛਬੀਲ ਲਗਾਈ।ਇਸ ਮੌਕੇ ਸੇਵਾ ਕਰਨ ਵਾਲਿਆਂ 'ਚ ਜੇਐਸ ਖੰਨਾ, ਕੇਸ਼ਵ ਖੰਨਾ, ਗੋਰਿਸ਼ ਟੰਡਨ , ਭਾਰਗਵ ਮਲਹੋਤਰਾ ਵੀ ਮੌਜੂਦ ਸਨ।

ਲੋਕ ਸੇਵਾ ਸੁਸਾਇਟੀ ਵੱਲੋਂ ਸਰਕਾਰੀ ਸਨਮਤੀ ਸਾਇੰਸ ਕਾਲਜ  ਖੋਜ ਕਾਲਜ ਨੂੰ ਏਅਰ ਕੰਡੀਸ਼ਨ ਭੇਂਟ ਕੀਤਾ

ਜਗਰਾਉ 13 ਜੂਨ (ਅਮਿਤਖੰਨਾ) ਜਗਰਾਉਂ ਦੀ ਲੋਕ ਸੇਵਾ ਸੁਸਾਇਟੀ ਵੱਲੋਂ ਅੱਜ ਸਰਕਾਰੀ ਸਨਮਤੀ ਸਾਇੰਸ ਕਾਲਜ  ਖੋਜ ਕਾਲਜ ਜਗਰਾਉਂ ਨੂੰ ਇਹ ਏਅਰ ਕੰਡੀਸ਼ਨ ਭੇਂਟ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ ਅਤੇ ਪ੍ਰਧਾਨ ਚਰਨਜੀਤ ਸਿੰਘ ਭੰਡਾਰੀ ਨੇ ਕਿਹਾ ਕਿ ਕਿਹਾ ਕਿ ਸੁਸਾਇਟੀ ਵੱਲੋਂ ਇਸ ਸਾਲ ਜਿੱਥੇ ਸਕੂਲਾਂ ਕਾਲਜਾਂ ਵਿੱਚ ਲੋੜਵੰਦ ਵਿਦਿਆਰਥੀਆਂ ਦੀ ਆਰਥਿਕ ਤੌਰ ਤੇ ਮਦਦ ਕੀਤੀ ਜਾ ਰਹੀ ਹੈ ਉੱਥੇ ਵਿੱਦਿਅਕ ਸੰਸਥਾਵਾਂ ਨੂੰ ਲੋੜੀਂਦਾ ਸਾਮਾਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸੁਸਾਇਟੀ ਵੱਲੋਂ ਸਾਇੰਸ ਕਾਲਜ ਨੂੰ ਕੁਰਸੀਆਂ ਬੈਂਚ ਅਤੇ ਹੋਰ ਸਾਮਾਨ ਵੀ ਦਿੱਤਾ ਗਿਆ ਹੈ। ਇਸ ਮੌਕੇ ਕਾਲਜ ਦੀ ਡਾਇਰੈਕਟਰ ਕਿਰਪਾਲ ਕੌਰ ਨੇ ਸੁਸਾਇਟੀ ਮੈਂਬਰਾਂ ਦਾ  ਧੰਨਵਾਦ ਕਰਦਿਆਂ ਕਿਹਾ ਕਿ ਸੁਸਾਇਟੀ ਨੇ ਹਮੇਸ਼ਾ ਹੀ ਕਾਲਜ ਦੀ ਮੰਗ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਹੈ। ਇਸ ਮੌਕੇ ਸੈਕਟਰੀ ਕੁਲਭੂਸ਼ਨ ਗੁਪਤਾ, ਕੈਸ਼ੀਅਰ ਮਨੋਹਰ ਸਿੰਘ ਟੱਕਰ, ਸਰਪ੍ਰਸਤ ਰਜਿੰਦਰ ਜੈਨ ਸਮੇਤ ਨੀਰਜ ਮਿੱਤਲ, ਮੁਕੇਸ਼ ਗੁਪਤਾ, ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਸੀਨੀਅਰ ਵਾਈਸ ਪ੍ਰਧਾਨ ਕੰਵਲ ਕੱਕੜ, ਰਾਜਿੰਦਰ ਜੈਨ ਕਾਕਾ, ਅਨਿਲ ਮਲਹੋਤਰਾ, ਜਸਵੰਤ ਸਿੰਘ, ਲਾਕੇਸ਼ ਟੰਡਨ, ਪੀ ਆਰ ਓ ਮਨੋਜ ਗਰਗ, ਆਰ ਕੇ ਗੋਇਲ, ਵਿਨੋਦ ਬਾਂਸਲ ਤੋਂ ਇਲਾਵਾ ਡਾਇਰੈਕਟਰ ਕਿਰਪਾਲ ਕੌਰ, ਸਰਬਜੀਤ ਕੌਰ ਸਿੱਧੂ ਇੰਚਾਰਜ ਲਾਇਬਰੇਰੀ, ਨਿਧੀ ਮਹਾਜਨ ਵਾਈਸ ਡਾਇਰੈਕਟਰ, ਰਾਧਿਕਾ ਡਾਵਰ, ਜਤਿੰਦਰ ਸਿੰਘ, ਬਲਵੀਰ ਸਿੰਘ ਰਾਈਵਾਲ, ਨਰਿੰਦਰ ਸਿੰਘ, ਵਿਨੈ ਗਰਗ, ਸੁਰਿੰਦਰ ਪਾਲ ਸ਼ਰਮਾ, ਗੁਰਦੀਪ ਸਿੰਘ, ਮਨਦੀਪ ਸਿੰਘ, ਰਣਜੀਤ ਕੌਰ ਆਦਿ ਹਾਜ਼ਰ ਸਨ।