ਇੱਥੇ ਹਮੇਸ਼ਾ ਹੀ ਬੁਲੰਦ ਆਵਾਜ਼ ਨੂੰ ਦਬਾਇਆ ਜਾਂਦਾ ਏ ।
ਲੰਬੇ ਲੁਚਿਆਂ ਦੇ ਸਿਰ ਨੂੰ ਤਾਜ ਸਜਾਇਆ ਜਾਂਦਾ ਏ ।
ਜੇ ਕਰ ਕੋਈ ਗੱਲ ਕਰਦਾ ਹੱਕ ਤੇ ਸੱਚ ਦੀ ਇੱਥੇ,
ਉਸ ਸ਼ਖ਼ਸ਼ ਨੂੰ ਸ਼ਰੇਆਮ ਹੀ ਮਾਰ ਮੁਕਾਇਆ ਜਾਂਦਾ ਏ ।
ਆਪਣੇ ਹੱਕਾਂ ਲਈ ਚੁੱਕੀਏ ਜੇਕਰ ਹਥਿਆਰ ਅਸੀਂ,
ਫੇਰ ਸਾਨੂੰ ਧੱਕੇ ਦੇ ਨਾਲ ਅੱਤਵਾਦੀ ਬਣਾਇਆ ਜਾਂਦਾ ਏ ।
ਕੋਈ ਸਾਰ ਨਹੀਂ ਆਮ ਜਨਤਾ ਦੀ ਸਰਮਾਏਦਾਰਾਂ ਨੂੰ
,ਮਾਸੂਮ ਧੀਆਂ ਦੀ ਇੱਜਤ ਨੂੰ ਮਿੱਟੀ ਮਿਲਾਇਆ ਜਾਂਦਾ ਏ ।
ਮਨ ਮਰਜ਼ੀ ਦਾ ਰੇਟ ਲਾਉਂਦੀਆ ਸਰਕਾਰਾਂ ਸਾਡੀ ਫਸਲਾਂ ਦਾ,
ਆਪ ਭੁੱਖਾਂ, ਕਰਜ਼ਦਾਰ ਫੇਰ ਵੀ ਅੰਨਦਾਤਾ ਕਹਾਇਆ ਜਾਂਦਾ ਏ ।
ਕੈਸਾ ਦਰਿਆਂ ਵਗਿਆ ਨਸ਼ੇ ਦਾ ਖਾ ਲਈ ਜਵਾਨੀ ਸਾਰੀ,
ਜਵਾਨ ਪੁੱਤ ਦੀ ਚਿਤਾ ਨੂੰ ਬਾਪੂ ਹੱਥੋਂ ਲਾਂਬਾ ਲਾਇਆ ਜਾਂਦਾ ਏ ।
"ਸ਼ਾਇਰ " ਹੁਣ ਰਹੀ ਨਾ ਇਨਸਾਨੀਅਤ ਇਨਸਾਨਾਂ ਅੰਦਰ,
ਕੋਈ ਮਰਦਾ ਮਰੇ ਬੱਸ ਆਪਣਾ ਸਿੱਕਾ ਚਲਾਇਆ ਜਾਂਦਾ ਏ ।
ਜਸਵਿੰਦਰ ਸ਼ਾਇਰ ਪਪਰਾਲਾ
9996568220