You are here

ਬਰਤਾਨੀਆ ਦੀਆਂ ਪ੍ਰਮੁੱਖ ਅਖ਼ਬਾਰਾਂ ਦੀਆਂ ਪਿ੍ੰਟਿੰਗ ਪ੍ਰੈਸਾਂ ਦੇ ਬਾਹਰ ਪ੍ਰਦਰਸ਼ਨ

ਮਾਨਚੈਸਟਰ,  ਸਤੰਬਰ 2020  ( ਗਿਆਨੀ ਅਮਰੀਕ ਸਿੰਘ ਰਾਠੌਰ)- ਯੂ.ਕੇ. ਦੀਆਂ ਪ੍ਰਮੁੱਖ ਅੰਗਰੇਜ਼ੀ ਅਖਬਾਰਾਂ ਦੀਆਂ ਤਿੰਨ ਪਿ੍ੰਟਿੰਗ ਪ੍ਰੈਸਾਂ ਦੇ ਬਾਹਰ 'ਅਲੋਪ ਹੋਣ ਦੀ ਬਗਾਵਤ' (ਐਕਸ ਆਰ) ਦੇ ਕਾਰਕੁਨਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ।ਹਰਟਫੋਰਡਸ਼ਾਇਰ ਦੀ ਬਰੋਕਸਬਰਨ, ਮਰਸੀਸਾਈਡ ਵਿਚ ਨੌਸਲੇ ਅਤੇ ਉੱਤਰੀ ਲੈਨਾਰਕਸ਼ਾਇਰ ਦੇ ਮਦਰਵੈੱਲ ਨੇੜੇ 100 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੇ ਆਪਣੇ ਵਾਹਨਾਂ ਨਾਲ ਸੜਕਾਂ ਨੂੰ ਬੰਦ ਕਰ ਦਿੱਤਾ ਅਤੇ ਅਖਬਾਰਾਂ ਦੀ ਰੋਜ਼ਾਨਾ ਦੀ ਢੋਆ ਢੁਆਈ 'ਚ ਵਿਘਨ ਪਾਇਆ, ਜਿਸ ਨਾਲ ਅਖਬਾਰਾਂ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਦੇਰੀ ਨਾਲ ਪਹੁੰਚੀਆਂ । ਐਕਸ ਆਰ ਦੇ ਕਾਰਕੁੰਨਾਂ ਨੇ ਦੋਸ਼ ਲਾਇਆ ਕਿ ਜਲਵਾਯੂ ਤਬਦੀਲੀ ਬਾਰੇ ਰਿਪੋਰਟਾਂ ਪ੍ਰਕਾਸ਼ਿਤ ਕਰਨ 'ਚ ਅਖਬਾਰਾਂ ਅਸਫਲ ਰਹੀਆਂ ਹਨ । ਇਸ ਮੌਕੇ ਪੁਲਿਸ ਨੇ 63 ਲੋਕਾਂ ਨੂੰ ਗਿ੍ਫਤਾਰ ਕੀਤਾ ਗਿਆ । ਅਖਬਾਰਾਂ ਦੀ ਛਪਾਈ ਕਰਨ ਵਾਲਿਆਂ ਨੇ ਉਕਤ ਪ੍ਰਦਰਸ਼ਨ ਦੀ ਨਿੰਦਾ ਕਰਦਿਆਂ ਇਸ ਨੂੰ ਪ੍ਰੈਸ ਦੀ ਅਜ਼ਾਦੀ 'ਤੇ ਹਮਲਾ ਕਿਹਾ । ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਉਕਤ ਪ੍ਰਦਰਸ਼ਨ ਦੀ ਆਲੋਚਨਾ ਕਰਦਿਆਂ ਇਸ ਨੂੰ ਲੋਕਤੰਤਰ 'ਤੇ ਹਮਲਾ ਕਿਹਾ ਹੈ । ਉਨ੍ਹਾਂ ਕਿਹਾ ਕਿ ਇਹ ਸਾਡੀ ਅਜ਼ਾਦ ਪ੍ਰੈਸ, ਸਮਾਜ ਅਤੇ ਲੋਕਤੰਤਰ 'ਤੇ ਹਮਲਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਲੰਡਨ 'ਚ ਵੀ ਵਾਤਾਵਰਨ ਨੂੰ ਲੈ ਕੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ 300 ਤੋਂ ਵੱਧ ਲੋਕਾਂ ਨੂੰ ਗਿ੍ਫਤਾਰ ਕੀਤਾ ਗਿਆ ।