You are here

ਪੰਜਾਬ

ਵਧੀਕ ਡਿਪਟੀ ਕਮਿਸ਼ਨਰ ਨੇ ਪਾਣੀ ਦੀ ਨਿਕਾਸੀ ਤੇ ਸਫ਼ਾਈ ਪ੍ਰਬੰਧਾਂ ਦਾ ਲਿਆ ਜਾਇਜ਼ਾ

ਅਮਲੋਹ/ ਫ਼ਤਹਿਗੜ੍ਹ ਸਾਹਿਬ, 16 ਜੂਨ (ਰਣਜੀਤ ਸਿੱਧਵਾਂ) : ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ਼੍ਰੀਮਤੀ ਅਵਨੀਤ ਕੌਰ ਨੇ ਨਗਰ ਕੌਂਸਲ, ਅਮਲੋਹ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਅਮਲੋਹ ਵਿਖੇ ਪਾਣੀ ਦੀ ਨਿਕਾਸੀ, ਕੂੜੇ ਦੇ ਪ੍ਰਬੰਧਨ ਤੇ ਸਾਫ਼ ਸਫ਼ਾਈ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਸਬੰਧਿਤ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਉਹਨਾਂ ਦਸਿਆ ਕਿ ਜ਼ਿਲ੍ਹੇ ਵਿੱਚੋਂ ਲੰਘਦੇ ਚੋਆਂ ਤੇ ਨਾਲਿਆਂ ਦੀ ਸਫ਼ਾਈ ਦਾ ਕੰਮ ਵੱਡੇ ਪੱਧਰ ਉੱਤੇ ਮੁਕੰਮਲ ਕੀਤਾ ਜਾ ਰਿਹਾ ਹੈ ਤਾਂ ਜੋ ਬਰਸਾਤਾਂ ਦੌਰਾਨ ਪਾਣੀ ਦੀ ਆਸਾਨੀ ਨਾਲ ਨਿਕਾਸੀ ਹੋ ਸਕੇ। ਵਧੀਕ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਇਹ ਵੀ ਹਿਦਾਇਤ ਕੀਤੀ ਕਿ ਪ੍ਰਮੁੱਖ ਤੇ ਲਿੰਕ ਸੜਕਾਂ 'ਤੇ ਬਣੇ ਹੋਏ ਪੁਲਾਂ ਤੇ ਪੁਲੀਆਂ ਦੀ ਸਫ਼ਾਈ ਵੀ ਯਕੀਨੀ ਬਣਾਈ ਜਾਵੇ। ਉਹ ਸਫ਼ਾਈ ਦੇ ਕੰਮ ਦੀ ਖੁਦ ਨਿਗਰਾਨੀ ਕਰਨ ਅਤੇ ਸਾਰੀਆਂ ਡਰੇਨਾਂ, ਚੋਆਂ ਆਦਿ ਦੀ ਸਫ਼ਾਈ ਦੇ ਕੰਮ ਨੂੰ ਪਹਿਲ ਦੇ ਆਧਾਰ 'ਤੇ ਮੁਕੰਮਲ ਕਰਵਾਇਆ ਜਾਵੇ ਤਾਂ ਜੋ ਬਰਸਾਤ ਦੇ ਮੌਸਮ ਵਿੱਚ ਪਾਣੀ ਦੀ ਨਿਕਾਸੀ ਨਿਰਵਿਘਨ ਹੋ ਸਕੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਬਰਸਾਤੀ ਪਾਣੀ ਦੇ ਨਿਕਾਸ ਵਿੱਚ ਰੁਕਾਵਟ ਪਾਉਣ ਵਾਲੇ ਦਰਖ਼ਤਾਂ ਸਬੰਧੀ ਸਮੱਸਿਆ ਦਾ ਹੱਲ ਯਕੀਨੀ ਬਣਾਇਆ ਜਾਵੇ। ਅਕਸਰ ਡਰੇਨਾਂ ਤੇ ਨਾਲਿਆਂ ਵਿੱਚ ਉਗੀ ਘਾਹ-ਬੂਟੀ ਕਾਰਨ ਪਾਣੀ ਖੜ੍ਹਾ ਹੋ ਜਾਂਦਾ ਹੈ ਜਿਸ ਕਾਰਨ ਪਾਣੀ ਦੀ ਵਹਾਅ ਵਿਚ ਦਿੱਕਤ ਆਉਂਦੀ ਹੈ, ਜਿਸ ਨਾਲ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸਾਰੇ ਪ੍ਰਬੰਧ ਤੈਅ ਸਮੇਂ ਵਿੱਚ ਮੁਕੰਮਲ ਕੀਤੇ ਜਾਣ।

ਸੰਸਦ ਮੈਂਬਰ ਵੱਲੋਂ ਲੁਧਿਆਣਾ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ

ਮਾਨਸੂਨ ਤੋਂ ਪਹਿਲਾਂ ਡਰੇਨੇਜ ਸਿਸਟਮ ਦੀ ਸਫ਼ਾਈ ਯਕੀਨੀ ਬਣਾਉਣ ਲਈ ਐਮਸੀ ਅਧਿਕਾਰੀਆਂ ਨੂੰ ਨਿਰਦੇਸ਼

ਲੁਧਿਆਣਾ, 18 ਜੂਨ  (ਰਣਜੀਤ ਸਿੱਧਵਾਂ) : ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਜਾਇਜ਼ਾ ਲੈਂਦਿਆਂ ਸਬੰਧਿਤ ਅਧਿਕਾਰੀਆਂ ਨੂੰ ਸਾਰੇ ਚੱਲ ਰਹੇ ਪ੍ਰੋਜੈਕਟਾਂ ਨੂੰ ਨਿਰਧਾਰਤ ਸਮਾਂ ਸੀਮਾ ਵਿੱਚ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ। ਇਸ ਸਬੰਧੀ ਇੱਕ ਮੀਟਿੰਗ ਬੀਤੀ ਸ਼ਾਮ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਹੋਈ ਜਿਸ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ, ਪੁਲਿਸ ਕਮਿਸ਼ਨਰ ਡਾ.ਕੌਸਤੁਭ ਸ਼ਰਮਾ, ਨਗਰ ਨਿਗਮ ਕਮਿਸ਼ਨਰ ਡਾ: ਸ਼ੇਨਾ ਅਗਰਵਾਲ, ਜ਼ਿਲ੍ਹਾ ਪ੍ਰਸ਼ਾਸਨ, ਗਲਾਡਾ ਆਦਿ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ। ਆਗਾਮੀ ਮੌਨਸੂਨ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ, ਰਾਜ ਸਭਾ ਮੈਂਬਰ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਬਰਸਾਤਾਂ ਦੌਰਾਨ ਪਾਣੀ ਭਰਨ ਦੀ ਸਮੱਸਿਆ ਨੂੰ ਰੋਕਣ ਲਈ ਸ਼ਹਿਰ ਦੇ ਸਮੁੱਚੇ ਡਰੇਨੇਜ ਸਿਸਟਮ ਦੀ ਉਚਿਤ ਸਫ਼ਾਈ ਨੂੰ ਯਕੀਨੀ ਬਣਾਉਣ। ਉਨ੍ਹਾਂ ਸਪੱਸ਼ਟ ਤੌਰ 'ਤੇ ਕਿਹਾ ਕਿ ਇਸ ਕੰਮ ਵਿੱਚ ਕਿਸੇ ਵੀ ਕਿਸਮ ਦੀ ਅਣਗਹਿਲੀ ਅਤਿ ਗੈਰਵਾਜਬ ਹੋਵੇਗੀ, ਇਸ ਲਈ ਸਬੰਧਿਤ ਅਧਿਕਾਰੀਆਂ ਨੂੰ ਮੌਨਸੂਨ ਦੌਰਾਨ ਬਰਸਾਤੀ ਪਾਣੀ ਦੇ ਨਿਰਵਿਘਨ ਵਹਾਅ ਨੂੰ ਯਕੀਨੀ ਬਣਾਉਣ ਲਈ ਠੋਸ ਉਪਰਾਲੇ ਕਰਨੇ ਚਾਹੀਦੇ ਹਨ।ਉਨ੍ਹਾਂ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਸੜਕੀ ਪ੍ਰੋਜੈਕਟਾਂ ਦਾ ਵੀ ਜਾਇਜ਼ਾ ਲਿਆ ਅਤੇ ਇਨ੍ਹਾਂ ਪ੍ਰੋਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ 'ਤੇ ਜ਼ੋਰ ਦਿੱਤਾ। ਇੱਕ ਹੋਰ ਘਟਨਾਕ੍ਰਮ ਵਿੱਚ ਸ੍ਰੀ ਅਰੋੜਾ ਨੇ ਲੁਧਿਆਣਾ ਏਅਰਪੋਰਟ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਕਿ ਇਸ ਪ੍ਰੋਜੈਕਟ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਉਦਯੋਗਿਕ ਸ਼ਹਿਰ ਨੂੰ ਅਜਿਹੇ ਹੋਰ ਸਥਾਨਾਂ ਨਾਲ ਹਵਾਈ ਸੰਪਰਕ ਦਾ ਲਾਭ ਮਿਲ ਸਕੇ। ਇਸ ਦੌਰਾਨ ਉਨ੍ਹਾਂ ਨੇ ਐਮ.ਪੀ.ਐਲ.ਏ.ਡੀ ਸਕੀਮ ਤਹਿਤ ਚੱਲ ਰਹੇ ਪ੍ਰੋਜੈਕਟਾਂ ਦਾ ਵੀ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਇਸ ਸਕੀਮ ਤਹਿਤ ਫੰਡਾਂ ਦੀ ਜਲਦੀ ਵੰਡ ਨੂੰ ਯਕੀਨੀ ਬਣਾਉਣ ਲਈ ਕਿਹਾ।

19 ਜੂਨ ਨੂੰ ਕੀਤੀ ਜਾਵੇਗੀ ਪ੍ਰਵਾਸੀ ਬੱਚਿਆਂ ਨੂੰ ਪੋਲਿਓ ਬੂੰਦਾਂ ਪਿਲਾਉਣ ਦੀ ਸ਼ੁਰੂਆਤ : ਡਾ. ਤੇਜਵੰਤ ਢਿੱਲੋਂ

 ਫ਼ਾਜ਼ਿਲਕਾ 18 ਜੂਨ (ਰਣਜੀਤ ਸਿੱਧਵਾਂ)  :  ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਦੇ ਤਹਿਤ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ 19, 20, ਅਤੇ 21 ਜੂਨ ਨੂੰ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ। ਜ਼ਿਲ੍ਹੇ ਵਿੱਚ  ਬੂੰਦਾਂ ਪਿਲਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਜ਼ਿਲ੍ਹੇ ਵਿੱਚ  10050 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਲਈ ਜ਼ਿਲ੍ਹੇ ਵਿੱਚ 70 ਟੀਮਾਂ ਲਗਾਈਆਂ ਗਈਆਂ ਹਨ। ਇਹ ਟੀਮਾਂ 16876 ਘਰਾਂ ਨੂੰ ਵਿਜ਼ਿਟ ਕਰਨਗੀਆਂ। ਇਹ ਟੀਮਾਂ ਤਿੰਨੇ ਦਿਨ ਇੱਟਾਂ ਦੇ ਭੱਠਿਆਂ, ਫੈਕਟਰੀਆਂ, ਢਾਣੀਆਂ, ਉਸਾਰੀ ਵਾਲੀਆਂ ਥਾਵਾਂ ( ਸੜਕਾਂ, ਇਮਾਰਤਾਂ ਆਦਿ) ਟੱਪਰੀ ਵਾਸੀਆਂ ਦੇ  ਰਹਿਣ ਵਾਲੀਆਂ ਥਾਵਾਂ, ਝੁੱਗੀਆਂ ਅਤੇ ਟ੍ਰਾਂਜਿਟ ਪੁਆਇੰਟਾਂ ਤੇ ਜਾ ਕੇ ਪੋਲੀਓ ਬੂੰਦਾਂ ਪਿਲਾਉਣ ਗੀਆਂ। ਇਹਨਾਂ ਪ੍ਰਵਾਸੀ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣਾ ਯਕੀਨੀ ਬਣਾਉਣ ਲਈ 8 ਸੁਪਰਵਾਇਜ਼ਰ ਵੀ ਲਗਾਏ ਗਏ ਹਨ ਜੋ ਕਿ ਟੀਮਾਂ ਦੀ ਤਿੰਨੇ ਦਿਨ ਸੁਪਰਵੀਜ਼ਨ ਕਰਨਗੇ ਇਹ ਜਾਣਕਾਰੀ ਡਾ. ਤੇਜਵੰਤ ਸਿੰਘ ਢਿੱਲੋਂ ਨੇ ਦਿੱਤੀ । ਡਾ. ਢਿੱਲੋਂ ਨੇ ਭੱਠਿਆਂ, ਫੈਕਟਰੀਆਂ ਦੇ ਮਾਲਕਾਂ, ਅਤੇ ਖੇਤਾਂ, ਸੜਕਾਂ ਤੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਹਿਯੋਗ ਕਰਨ ਤਾਂ ਜੋ ਕੋਈ ਵੀ ਪ੍ਰਵਾਸੀ ਬੱਚਾ ਪੋਲੀਓ ਬੂੰਦਾਂ ਪਿਲਾਉਣ ਤੋਂ ਵਾਂਝਾ ਨਾ ਰਹੇ। ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਅਨਿਲ ਧਾਮੂ ਨੇ ਅਪਣੇ ਮੀਡੀਆ ਦੇ ਸਾਥੀਆਂ ਨੂੰ ਇਸ ਮੁਹਿੰਮ ਵਿੱਚ ਸਹਿਯੋਗ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਅੱਜ ਦੇ ਇਸ ਇਨਫਮੇਸ਼ਨ ਯੁੱਗ ਵਿੱਚ ਉਹਨਾਂ ਦੀ ਪਹੁੰਚ ਹਰ ਵਿਅਕਤੀ ਤੱਕ ਹੈ। ਇਸ ਲਈ ਇਸ ਸੰਦੇਸ਼ ਨੂੰ ਹਰ ਜ਼ਰੂਰਤ ਮੰਦ ਤੱਕ ਪਹੁੰਚਾਉਣ ਵਿੱਚ ਸਹਿਯੋਗ ਕਰਨ ਤਾਂ ਜੋ ਹਰ ਜ਼ਰੂਰਤ ਮੰਦ ਬੱਚੇ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾ ਸਕਣ।

ਡਿਪਟੀ ਕਮਿਸ਼ਨਰ ਨੇ ਵਸਨੀਕਾਂ ਨੂੰ ਮਰੀਜ਼ਾਂ ਦੀ ਵਧ ਰਹੀ ਗਿਣਤੀ ਦੇ ਕਾਰਨ ਕੋਵਿਡ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ

ਟੀਕਾਕਰਨ ਮੁਹਿੰਮ ਤਹਿਤ 100 ਫੀਸਦੀ ਆਬਾਦੀ ਨੂੰ ਕਵਰ ਕਰਨ ਲਈ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਕੈਂਪ ਲਗਾਏ ਜਾਣਗੇ : ਡੀਸੀ ਸੁਰਭੀ ਮਲਿਕ

ਡੀਸੀ ਨੇ ਲੋਕਾਂ ਨੂੰ ਕੋਵਿਡ-19 ਨੂੰ ਦੂਰ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਹੱਥ ਮਿਲਾਉਣ ਦੀ ਕੀਤੀ ਅਪੀਲ

ਲੁਧਿਆਣਾ, 18 ਜੂਨ  (ਰਣਜੀਤ ਸਿੱਧਵਾਂ) : ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਕੋਵਿਡ-19 ਵਾਇਰਸ ਨੂੰ ਦੂਰ ਰੱਖਣ ਲਈ ਲੋਕਾਂ ਨੂੰ 100 ਪ੍ਰਤੀਸ਼ਤ ਟੀਕਾਕਰਨ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹੇ ਭਰ ਵਿੱਚ ਵਿਸ਼ੇਸ਼ ਟੀਕਾਕਰਨ ਕੈਂਪ ਲਗਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇੱਕ ਵੀਡੀਓ ਸੰਦੇਸ਼ ਵਿੱਚ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਲੁਧਿਆਣਾ ਵਾਸੀਆਂ ਨੂੰ ਇਸ ਵਾਇਰਸ ਦੇ ਮਾੜੇ ਪ੍ਰਭਾਵਾਂ ਤੋਂ ਲੋਕਾਂ ਨੂੰ ਬਚਾਉਣ ਲਈ ਇਸ ਵਿਸ਼ਾਲ ਮੁਹਿੰਮ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਭਰ ਵਿੱਚ ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਜਾਣਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਰੀ ਆਬਾਦੀ ਨੂੰ ਟੀਕਾਕਰਨ ਦੀਆਂ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਹਨ ਕਿਉਂਕਿ ਇਸ ਸਮੇਂ ਲਗਭਗ 82 ਪ੍ਰਤੀਸ਼ਤ ਯੋਗ ਲਾਭਪਾਤਰੀਆਂ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਲੋਕਾਂ ਖਾਸਕਰ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ 12 ਤੋਂ 17 ਸਾਲ ਦੇ ਬੱਚਿਆਂ ਨੂੰ ਇਨ੍ਹਾਂ ਕੈਂਪਾਂ ਵਿੱਚ ਲੈ ਕੇ ਆਉਣ । ਉਨ੍ਹਾਂ ਇਹ ਵੀ ਕਿਹਾ ਕਿ ਉਦਯੋਗਿਕ ਘਰਾਣਿਆਂ ਵਿੱਚ ਵਿਸ਼ੇਸ਼ ਕੈਂਪ ਵੀ ਲਗਾਏ ਜਾ ਰਹੇ ਹਨ ਤਾਂ ਜੋ ਇੱਥੇ ਕਰਮਚਾਰੀਆਂ ਦੀ 100 ਪ੍ਰਤੀਸ਼ਤ ਟੀਕਾਕਰਨ ਨੂੰ ਯਕੀਨੀ ਬਣਾਇਆ ਜਾ ਸਕੇ। ਡੀਸੀ ਨੇ ਕਿਹਾ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਪਰ ਸਾਨੂੰ ਸਾਰਿਆਂ ਨੂੰ ਖਾਸ ਤੌਰ 'ਤੇ ਕੋਵਿਡ-19 ਇਨਫੈਕਸ਼ਨ ਦੇ ਵੱਧ ਰਹੇ ਕੇਸਾਂ ਦੌਰਾਨ ਸੁਚੇਤ ਰਹਿਣ ਦੀ ਲੋੜ ਹੈ, ਇਸ ਲਈ ਆਪਣੇ ਆਪ ਨੂੰ ਇਸ ਵਾਇਰਸ ਤੋਂ ਬਚਾਉਣ ਲਈ ਵੱਧ ਤੋਂ ਵੱਧ ਟੀਕਾਕਰਨ ਨੂੰ ਯਕੀਨੀ ਬਣਾਉਣਾ ਸਮੇਂ ਦੀ ਲੋੜ ਹੈ। ਉਸਨੇ ਲੋਕਾਂ ਨੂੰ ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਲੋਕਾਂ ਨਾਲ ਮੇਲ- ਮਿਲਾਪ ਤੋਂ ਬਚ ਕੇ ਸਾਵਧਾਨੀ ਦੇ ਉਪਾਅ ਵਜੋਂ ਕੋਵਿਡ ਦੇ ਢੁਕਵੇਂ ਵਿਵਹਾਰ ਨੂੰ ਅਪਣਾਉਣ ਲਈ ਵੀ ਕਿਹਾ। ਡੀਸੀ ਨੇ ਅੱਗੇ ਕਿਹਾ ਕਿ ਪ੍ਰਸ਼ਾਸਨ ਮੌਜੂਦਾ ਸਥਿਤੀ 'ਤੇ ਤਿੱਖੀ ਨਜ਼ਰ ਰੱਖ ਰਿਹਾ ਹੈ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਮੇਂ ਸਿਰ ਰੋਕਥਾਮ ਉਪਾਅ ਕੀਤੇ ਜਾ ਸਕਣ। ਉਸਨੇ ਕਿਹਾ ਕਿ ਇਸ ਵਾਇਰਸ ਵਿਰੁੱਧ ਚੱਲ ਰਹੀ ਲੜਾਈ ਨੂੰ ਸਮਾਜ ਦੇ ਸਮੂਹਿਕ ਯਤਨਾਂ ਨਾਲ ਹੀ ਜਿੱਤਿਆ ਜਾ ਸਕਦਾ ਹੈ; ਇਸ ਲਈ ਸਾਨੂੰ ਇਸ ਜੰਗ ਵਿੱਚੋਂ ਜਿੱਤ ਪ੍ਰਾਪਤ ਕਰਨ ਲਈ ਚੌਕਸ ਰਹਿਣਾ ਚਾਹੀਦਾ ਹੈ। ਉਸਨੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਨੁਮਾਇੰਦਿਆਂ ਨਾਲ ਵੀ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਕਿਉਂਕਿ ਕੋਵਿਡ ਦੇ ਕੇਸਾਂ ਦੀ ਗਿਣਤੀ ਵੱਧ ਰਹੀ ਹੈ।

ਅਗਨੀਪਥ' ਦੀ ਅੱਗ 'ਚ ਝੁਲਸਿਆ ਪੰਜਾਬ, ਲੁਧਿਆਣਾ ਰੇਲਵੇ ਸਟੇਸ਼ਨ 'ਤੇ ਨੌਜਵਾਨਾਂ ਨੇ ਭੰਨੇ ਦਫ਼ਤਰਾਂ ਦੇ ਸ਼ੀਸ਼ੇ;

ਜਗਰਾਉ 18 ਜੂਨ (ਅਮਿਤਖੰਨਾ)  ਸਥਾਨਕ ਰੇਲਵੇ ਸਟੇਸ਼ਨ 'ਤੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਭੰਨ ਤੋੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਘਟਨਾ ਅੱਜ 11 ਵਜੇ ਦੇ ਕਰੀਬ ਉਸ ਵਕਤ ਵਾਪਰੀ ਜਦੋਂ ਕੁਝ ਨੌਜਵਾਨ ਰੇਲਵੇ ਸਟੇਸ਼ਨ ਤੇ ਆਏ ਇਹ ਨੌਜਵਾਨ ਹਥਿਆਰਾਂ ਨਾਲ ਲੈਸ ਦੱਸੇ ਜਾਂਦੇ ਸਨ। ਇਨ੍ਹਾਂ ਨੇ ਰੇਲਵੇ ਸਟੇਸ਼ਨ ਦੀ ਭੰਨਤੋੜ ਕੀਤੀ ਹੈ। ਸੂਚਨਾ ਮਿਲਦਿਆਂ ਉੱਚ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਤੇ ਜਾਂਚ ਕੀਤੀ ਜਾ ਰਹੀ ਹੈ।ਹਾਲ ਦੀ ਘੜੀ ਹਮਲਾਵਰਾਂ ਬਾਰੇ ਰੇਲਵੇ ਅਧਿਕਾਰੀ ਕੁਝ ਵੀ ਦੱਸਣ ਤੋਂ ਗੁਰੇਜ਼ ਕਰ ਰਹੇ ਹਨ। ਰੇਲਵੇ ਪੁਲਿਸ ਦੀ ਐੱਸ.ਪੀ. ਮੈਡਮ ਅਮਨਦੀਪ ਕੌਰ ਨੇ ਦੱਸਿਆ ਕਿ ਪੁਲਿਸ ਵਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਹੀ ਇਸ ਬਾਰੇ ਕੁਝ ਟਿੱਪਣੀ ਕੀਤੀ ਜਾ ਸਕੇਗੀ। ਹਾਲ ਦੀ ਘੜੀ ਪੁਲਿਸ ਵਲੋਂ ਰੇਲਵੇ ਸਟੇਸ਼ਨ ਨੂੰ ਪੂਰੀ ਤਰ੍ਹਾਂ ਨਾਲ ਘੇਰ ਲਿਆ ਗਿਆ ਹੈ ਅਤੇ ਭਾਰੀ ਗਿਣਤੀ 'ਚ ਫੋਰਸ ਤੈਨਾਤ ਕਰ ਦਿੱਤੀ ਗਈ ਹੈ। ਘਟਨਾ ਕਾਰਨ ਰੇਲਵੇ ਸਟੇਸ਼ਨ ਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ।ਘਟਨਾ ਦਾ ਕਾਰਨ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਜਾਣ ਵਾਲੀ ਅਗਨੀਪਥ ਸਕੀਮ ਦੱਸਿਆ ਜਾ ਰਿਹਾ ਹੈ।

ਲਾਲਾ ਲਾਜਪਤ ਰਾਏ ਦੇ ਘਰ ਦੀ ਨੁਹਾਰ ਬਦਲਣ ਦਾ ਕੰਮ ਸ਼ੁਰੂ ਹੋਣ ਤੇ ਅਗਰਵਾਲ ਸਮਾਜ ਦੇ ਮੈਂਬਰਾਂ ਵਿੱਚ ਖੁਸ਼ੀ ਦੀ ਲਹਿਰ

ਜਗਰਾਉ 18 ਜੂਨ (ਅਮਿਤਖੰਨਾ) ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਘਰ ਦੀ ਦਿੱਖ ਬਦਲਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਮੈਡਮ ਸਰਬਜੀਤ ਕੌਰ ਮਾਣੂੰਕੇ ਵਿਧਾਇਕ ਜਗਰਾਉਂ ਦਾ ਧੰਨਵਾਦ ਕਰਦੇ ਹੋਏ ਅਗਰਵਾਲ ਸਮਾਜ ਦੀ ਪ੍ਰਮੁੱਖ ਸੰਸਥਾ ਸ਼੍ਰੀ ਅਗਰਸੈਨ ਸਮਿਤੀ (ਰਜਿ:) ਜਗਰਾਉਂ ਦੇ ਚੇਅਰਮੈਨ ਪਿਊਸ਼ ਗਰਗ,  ਪ੍ਰਧਾਨ ਅਨਮੋਲ ਗਰਗ, ਜਨਰਲ ਸਕੱਤਰ ਗੌਰਵ ਸਿੰਗਲਾ, ਮੀਤ ਪ੍ਰਧਾਨ ਦੀਪਕ ਗੋਇਲ, ਸਕੱਤਰ ਅੰਕੁਸ਼ ਮਿੱਤਲ, ਅਮਿਤ ਬਾਂਸਲ ਅਤੇ ਵੈਭਵ ਬਾਂਸਲ ਨੇ ਕਿਹਾ ਕਿ ਕਮੇਟੀ ਲਾਲਾ ਜੀ ਦੇ ਜੱਦੀ ਘਰ ਦੀ ਖਸਤਾ ਹਾਲਤ ਨੂੰ ਠੀਕ ਕਰਵਾਉਣ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਸੀ।  ਵਿਧਾਇਕ ਮੈਡਮ ਸਰਬਜੀਤ ਕੌਰ ਮਾਣੂੰਕੇ ਵੱਲੋਂ ਲਾਲਾ ਜੀ ਦੇ ਗ੍ਰਹਿ ਵਿਖੇ ਜਦੋਂ ਕਮੇਟੀ ਨੂੰ ਦਿੱਖ ਬਦਲਣ ਦੇ ਕੰਮ ਬਾਰੇ ਪਤਾ ਲੱਗਾ ਤਾਂ ਸਮੂਹ ਮੈਂਬਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਉਨ੍ਹਾਂ ਮਹਿਸੂਸ ਕੀਤਾ ਕਿ ਅੱਜ ਉਨ੍ਹਾਂ ਦੇ ਸੰਘਰਸ਼ ਨੂੰ ਸਫ਼ਲਤਾ ਮਿਲੀ ਹੈ।  ਕਮੇਟੀ ਮੈਂਬਰਾਂ ਨੇ ਜਗਰਾਉਂ ਦੇ ਪੱਤਰਕਾਰ ਭਰਾਵਾਂ ਦਾ ਵੀ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਜਗਰਾਓਂ ਦੇ ਮੀਡੀਆ ਨੇ ਲਾਲਾ ਲਾਜਪਤ ਰਾਏ ਸਬੰਧੀ ਕਮੇਟੀ ਦੀ ਹਰ ਮੰਗ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਹੈ ਅਤੇ ਅੱਜ ਪੱਤਰਕਾਰ ਭਰਾਵਾਂ ਦੇ ਸਹਿਯੋਗ ਨਾਲ ਹੀ ਉਨ੍ਹਾਂ ਦਾ ਸੰਘਰਸ਼ ਸਫਲ ਹੋਇਆ ਹੈ।  ਜਥੇਬੰਦੀ ਦੇ ਕਾਰਜਕਾਰਨੀ ਮੈਂਬਰਾਂ ਕਮਲ ਬਾਂਸਲ ਅਤੇ ਅਮਿਤ ਸਿੰਗਲ ਨੇ ਕਿਹਾ ਕਿ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਆਪਣਾ ਬਲਿਦਾਨ ਦਿੱਤਾ ਸੀ।  ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਸ਼ਹੀਦੀ ਦਿਹਾੜੇ 'ਤੇ ਮੁੱਖ ਮੰਤਰੀ ਪੰਜਾਬ ਖੁਦ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੇ ਜੱਦੀ ਘਰ ਪੁੱਜਣ ਅਤੇ ਲਾਲਾ ਜੀ ਦੀ ਯਾਦ 'ਚ ਜਗਰਾਉਂ ਸਿਵਲ ਹਸਪਤਾਲ 'ਚ ਆਕਸੀਜਨ ਪਲਾਂਟ ਅਤੇ ਟਰਾਮਾ ਕੇਂਦਰ ਦਾ ਇੱਕ ਵਿਸ਼ੇਸ਼ ਤੋਹਫ਼ਾ ਦੇਣ।ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਨੂੰ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਘਰ ਦੀ ਖਸਤਾ ਹਾਲਤ ਬਾਰੇ एमएलਏ ਸਰਬਜੀਤ ਕੌਰ ਮਾਣੂੰਕੇ ਵੱਲੋਂ ਜਾਣੂ ਕਰਵਾਇਆ ਗਿਆ ਸੀ, ਜਿਸ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਪੰਜਾਬ ਦੇ ਸੈਰ ਸਪਾਟਾ ਵਿਭਾਗ ਨੂੰ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਘਰ ਦੀ ਦਿੱਖ ਨੂੰ ਬਦਲਣ ਦੇ ਨਿਰਦੇਸ਼ ਦਿੱਤੇ ਸਨ। ਇਸ ਲਈ ਵਿਭਾਗ ਨੂੰ ਚਾਰ ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਵੀ ਅਲਾਟ ਕੀਤੀ ਗਈ ਸੀ।  ਬੀਤੇ ਦਿਨ ਸੈਰ ਸਪਾਟਾ ਵਿਭਾਗ ਵੱਲੋਂ ਮੈਡਮ ਸਰਬਜੀਤ ਕੌਰ ਮਾਣੂੰਕੇ ਦੀ ਹਾਜ਼ਰੀ ਵਿੱਚ ਲਾਲਾ ਲਾਜਪਤ ਰਾਏ ਦੇ ਘਰ ਦੀ  ਨੁਹਾਰ ਬਦਲਣ  ਦਾ ਕੰਮ ਸ਼ੁਰੂ ਕੀਤਾ ਗਿਆ।  ਵਿਭਾਗ ਵੱਲੋਂ ਖੁੱਲ੍ਹੇ ਅਸਮਾਨ ਹੇਠ ਸਥਿਤ ਲਾਲਾ ਲਾਜਪਤ ਰਾਏ ਜੀ ਦੇ ਬੁੱਤ ਦੇ ਉੱਪਰ ਸੁੰਦਰ ਸ਼ੈੱਡ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਜਗਰਾਉਂ ਸ਼ਹਿਰ ਦੇ ਸਾਰੇ ਐਂਟਰੀ ਪੁਆਇੰਟਾਂ 'ਤੇ ਬੋਰਡ ਲਗਾਏ ਜਾਣਗੇ।

ਸੜਕ ਤੇ ਖੜੇ ਪਾਣੀ ਤੋ ਪਿੰਡ ਵਾਸੀ ਪ੍ਰੇਸਾਨ

ਹਠੂਰ,18,ਜੂਨ-(ਕੌਸ਼ਲ ਮੱਲ੍ਹਾ)-ਪਿੰਡ ਬੱਸੂਵਾਲਾ ਦੀ ਮੁੱਖ ਫਿਰਨੀ ਤੇ ਖੜੇ ਪਾਣੀ ਤੋ ਪਿੰਡ ਵਾਸੀਆ ਨੂੰ ਕਾਫੀ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ ਨੇ ਦੱਸਿਆ ਕਿ ਪਿੰਡ ਬੱਸੂਵਾਲ ਵਾਲੀ ਫਿਰਨੀ ਕਾਫੀ ਨੀਵੀ ਹੋਣ ਕਰਕੇ ਅਤੇ ਸੜਕ ਦੇ ਨਾਲ ਲੱਗਦੀ ਸਰਕਾਰੀ ਕੱਸੀ ਦੇ ਖਾਲ ਨੂੰ ਬੰਦ ਕਰਕੇ ਕੀਤੇ ਨਜਾਇਜ ਕਬਜੇ ਕਾਰਨ ਸੜਕ ਤੇ ਪਿੰਡ ਦੀਆ ਨਾਲੀਆ ਦਾ ਪਾਣੀ ਹਰ ਸਮੇਂ ਖੜ੍ਹਾ ਰਹਿੰਦਾ ਹੈ।ਇਸ ਸਮੱਸਿਆ ਨੂੰ ਹੱਲ ਕਰਵਾਉਣ ਲਈ ਉਹ ਪਿਛਲੇ 18 ਮਹੀਨਿਆ ਤੋ ਮਾਰਕੀਟ ਕਮੇਟੀ ਹਠੂਰ,ਬੀ ਡੀ ਪੀ ਓ ਦਫਤਰ ਜਗਰਾਓ ਅਤੇ ਹੋਰ ਪ੍ਰਸਾਸਨ ਦੇ ਅਧਿਕਾਰੀਆ ਨੂੰ ਮਿਲ ਚੁੱਕੇ ਹਨ ਪਰ ਪਿਛਲੀ ਕਾਗਰਸ ਦੀ ਸਰਕਾਰ ਅਤੇ ਮੌਜੂਦਾ ਆਪ ਸਰਕਾਰ ਇਸ ਸਮੱਸਿਆ ਨੂੰ ਹੱਲ ਕਰਨ ਦੀ ਕੋਈ ਤਬੱਜੋ ਨਹੀ ਦਿੱਤੀ।ਉਨ੍ਹਾ ਕਿਹਾ ਕਿ ਆਪ ਸਰਕਾਰ ਭਾਵੇ ਪੰਜਾਬ ਵਿਚੋ ਸੈਕੜੇ ਏਕੜ ਨਜਾਇਜ ਜਮੀਨੀ ਕਬਜੇ ਛਵਾਉਣ ਦੇ ਦਾਅਵੇ ਕਰਦੀ ਨਹੀ ਥੱਕਦੀ ਪਰ ਪਿੰਡ ਬੱਸੂਵਾਲ ਦੇ ਲੋਕਾ ਨੇ ਸਰਕਾਰੀ ਕੱਸੀ ਦਾ ਖਾਲ ਤੇ ਕਬਜਾ ਕੀਤਾ ਹੋਇਆ ਹੈ ਅਤੇ ਪ੍ਰਸਾਸਨ ਦੇ ਅਧਿਕਾਰੀ ਇਨਕੁਆਰੀ ਕਰਨ ਆਉਦੇ ਹਨ ਤਾਂ ਮਸਲਾ ਫਿਰ ਠੰਡੇ ਬਕਸੇ ਵਿਚ ਪੈ ਜਾਦਾ ਹੈ।ਉਨ੍ਹਾ ਕਿਹਾ ਕਿ ਜੇਕਰ ਕੱਸੀ ਦੇ ਖਾਲ ਤੇ ਕੀਤੇ ਕਬਜੇ ਜਲਦੀ ਨਾਂ ਛੜਾਏ ਅਤੇ ਸੜਕ ਤੇ ਖੜੇ ਪਾਣੀ ਦਾ ਜਲਦੀ ਹੱਲ ਨਾ ਕੀਤਾ ਤਾਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੀ ਅਗਵਾਈ ਹੇਠ ਬੀ ਡੀ ਪੀ ਓ ਦਫਤਰ ਜਗਰਾਓ ਅੱਗੇ ਰੋਸ ਪ੍ਰਦਰਸਨ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਦਲਜੀਤ ਕੌਰ,ਅਮਰਜੀਤ ਕੌਰ,ਪਰਵਿੰਦਰ ਕੌਰ,ਚਰਨਜੀਤ ਕੌਰ,ਸਰਨਜੀਤ ਕੌਰ,ਤੇਜਾ ਸਿੰਘ ਆਦਿ ਹਾਜ਼ਰ ਸਨ।ਇਸ ਸਬੰਧੀ ਜਦੋ ਸਤਵਿੰਦਰ ਸਿੰਘ ਕੰਗ ਬੀ ਡੀ ਪੀ ਓ ਜਗਰਾਓ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਇਸ ਸਮੱਸਿਆ ਦਾ ਜਲਦੀ ਹੱਲ ਕੀਤਾ ਜਾਵੇਗਾ।

ਫੋਟੋ ਕੈਪਸ਼ਨ:-ਸੜਕ ਤੇ ਖੜ੍ਹਾ ਪਾਣੀ ਦਿਖਾਉਦੇ ਹੋਏ ਤਰਸੇਮ ਸਿੰਘ ਬੱਸੂਵਾਲ ਅਤੇ ਹੋਰ।

ਦੀ ਨਿਊ ਚਕਰ  ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਦੀ ਚੋਣ ਹੋਈ

ਹਠੂਰ,18,ਜੂਨ-(ਕੌਸ਼ਲ ਮੱਲ੍ਹਾ)- ਦੀ ਨਿਊ ਚਕਰ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਚਕਰ ਦੀ ਚੋਣ ਰਿਟਰਨਿੰਗ ਅਫਸਰ ਦੀਪਕ ਸਰਮਾਂ,ਏ ਆਰ ਓ ਜਸਕੀਰਤ ਸਿੰਘ ਸੇਖੋਂ ਅਤੇ ਪੋਲੰਿਗ ਅਫਸਰ ਨਵਦੀਪ ਸਿੰਘ ਦੀ ਨਿਗਰਾਨੀ ਹੇਠ ਹੋਈ।ਇਸ ਮੌਕੇ ਪਿੰਡ ਦੇ 12 ਮੈਬਰਾ ਨੇ ਚੋਣ ਮੈਦਾਨ ਵਿਚ ਭਾਗ ਲਿਆ,ਜਿਨ੍ਹਾ ਵਿਚੋ ਦਸ ਮੈਬਰ ਜੇਤੂ ਰਹੇ।ਜਿਨ੍ਹਾ ਵਿਚ ਦਲਵਾਰ ਕੌਰ,ਰਣਜੀਤ ਸਿੰਘ,ਬੇਅੰਤ ਸਿੰਘ,ਤਰਸੇਮ ਸਿੰਘ,ਸੁਖਮਿੰਦਰ ਸਿੰਘ,ਜਸਪਾਲ ਕੌਰ,ਗੁਰਮੀਤ ਕੌਰ,ਜਗਤਾਰ ਸਿੰਘ ਜੱਗਾ,ਪਰਮਿੰਦਰ ਸਿੰਘ,ਗੁਰਦੀਪ ਸਿੰਘ ਨੇ ਚੋਣ ਜਿੱਤੀ।ਇਹ ਦਸ ਮੈਬਰਾ ਦੀ ਕਮੇਟੀ 5 ਜੁਲਾਈ ਦਿਨ ਮੰਗਲਵਾਰ ਨੂੰ ਪ੍ਰਧਾਨ ਨਿਯੁਕਤ ਕਰੇਗੀ।ਇਸ ਮੌਕੇ ਚੋਣ ਜਿੱਤਣ ਵਾਲੇ ਦਸ ਮੈਬਰਾ ਨੂੰ ਪ੍ਰਧਾਨ ਗੁਰਦੀਪ ਸਿੰਘ ਚਕਰ,ਯੂਥ ਆਗੂ ਕਰਮਜੀਤ ਸਿੰਘ ਕੰਮੀ ਡੱਲਾ ਅਤੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਲੱਖਾ ਨੇ ਸਿਰਪਾਓ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਅਤੇ ਖੁਸੀ ਵਿਚ ਲੱਡੂ ਵੰਡੇ ਗਏ।ਇਸ ਮੌਕੇ ਉਨ੍ਹਾ ਨਾਲ ਸੈਕਟਰੀ ਦਵਿੰਦਰ ਦਾਸ,ਸਰਪੰਚ ਬੂਟਾ ਸਿੰਘ,ਸੁਖਦੀਪ ਸਿੰਘ ਬਾਠ, ਗੁਰਦੇਵ ਸਿੰਘ ਜੈਦ,ਸੁੱਖਾ ਬਾਠ,ਪ੍ਰਧਾਨ ਗੁਰਦੀਪ ਸਿੰਘ ਭੁੱਲਰ,ਸਾਬਕਾ ਸਰਪੰਚ ਰਣਧੀਰ ਸਿੰਘ ਧੀਰਾ,ਪੰਚ ਮਨਪ੍ਰੀਤ ਸਿੰਘ,ਦੁੱਲਾ ਸਿੰਘ,ਰਾਜੂ ਕਿੰਗਰਾ,ਪੰਚ ਸੋਹਣ ਸਿੰਘ,ਬਾਈ ਰਛਪਾਲ ਸਿੰਘ ਸਿੱਧੂ,ਨੰਬਰਦਾਰ ਚਮਕੌਰ ਸਿੰਘ,ਬਲਵੀਰ ਸਿੰਘ ਕਿੰਗਰਾ,ਰਾਜਾ ਸਿੰਘ,ਸਵਰਨਜੀਤ ਸਿੰਘ,ਬਿੱਲੂ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ:- ਦੀ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਚਕਰ ਦੀ ਨਵੀ ਚੁੱਣੀ ਕਮੇਟੀ ਨੂੰ ਸਨਮਾਨਿਤ ਕਰਦੇ ਹੋਏ ਆਗੂ।
 

ਅਧਿਆਪਕਾਂ ਨੇ ਆਪਣੀਆਂ ਜੇਬਾਂ' ਚੋਂ ਸਕੂਲ ਨੂੰ ਰੰਗ ਕਰਵਾਇਆ

ਜਗਰਾਓਂ (ਬਲਦੇਵ ਜਗਰਾਓਂ, ਸੁਨੀਲ ਕੁਮਾਰ)   ਨੇੜਲੇ ਪਿੰਡ ਸ਼ੇਰਪੁਰ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਮੁੱਚੇ ਸਟਾਫ ਵੱਲੋਂ ਆਪਣੀ ਆਪਣੀ ਨੇਕ ਕਮਾਈ ਚੋਂ ਲਗਭਗ ਢਾਈ ਲੱਖ ਰੁਪਏ ਇਕੱਠੇ  ਕਰਕੇ ਆਪਣੇ ਸਕੂਲ ਨੂੰ ਰੰਗ ਰੋਗਨ ਕਰਵਾ ਕੇ ਸਕੂਲ ਦੀ ਦਿਸ਼ਾ ਹੀ ਬਦਲ ਦਿੱਤੀ ਹੈ । ਇਸ ਨੇਕ ਕੰਮ ਕਰਨ ਪਿੱਛੇ ਪ੍ਰਿੰਸੀਪਲ ਵਿਨੋਦ ਕੁਮਾਰ ਜੀ ਦੀ ਪ੍ਰੇਰਨਾ ਹੀ ਸਹਾਈ ਸਿੱਧ ਹੋ ਸਕੀ ਹੈ। ਇਲਾਕਾ ਨਿਵਾਸੀਆਂ, ਪਿੰਡ ਦੀ ਪੰਚਾਇਤ, ਪੀ,ਟੀ,ਏ ਕਮੇਟੀ,ਤੋਂ ਇਲਾਵਾ ਇਥੋਂ  ਦੇ ਰਹਿ ਚੁੱਕੇ ਅਧਿਆਪਕਾਂ,ਸ:ਪਰਮਿੰਦਰ ਸਿੰਘ ,ਹਰਨੇਕ ਸਿੰਘ, ਜਸਵਿੰਦਰ ਸਿੰਘ ਆਦਿ ਨੇ ਵੀ ਇਸ ਕੰਮ ਦੀ ਸ਼ਲਾਘਾ ਕੀਤੀ ਅਤੇ ਸੇਵਾ' ਹਿੱਸਾ ਵੀ ਪਾਇਆ ।

ਰਾਣੀ ਲਕਸ਼ਮੀਬਾਈ ਨੂੰ ਯਾਦ ਕਰਦਿਆਂ -18 ਜੂਨ 1858 ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ

ਝਾਂਸੀ ਦੀ ਰਾਣੀ (ਮਣੀਕਰਨਿਕਾ )ਦਾ ਪੂਰਾ ਨਾਂ ਰਾਣੀ ਲਕਸ਼ਮੀਬਾਈ ਸੀ ।ਝਾਸੀ ਜਨਮ 19 ਨਵੰਬਰ 1828 ਨੂੰ ਕਾਸ਼ੀ (ਉੱਤਰ ਪ੍ਰਦੇਸ਼ )ਭਾਰਤ ਵਿੱਚ ਹੋਇਆ। ਮੋਰੋਪੰਤ ਤਾਂਬੇ ਉਸਦੇ ਪਿਤਾ ਜੀ ਸਨ ਅਤੇ ਉਸਦੀ ਮਾਤਾ ਦਾ ਨਾਂ ਭਾਗੀਰਥੀ ਸਪਰੇ ਸੀ। ਜਦੋਂ ਉਹ ਬਚਪਨ ਵਿੱਚ ਸ਼ਿਕਾਰ ਖੇਡਦੀ, ਨਕਲੀ ਜੰਗ ਦੇ ਮੈਦਾਨ ਨੂੰ ਉਸਾਰਦੀ ਤਾਂ ਉਸ ਦੀਆਂ ਤਲਵਾਰਾਂ ਦੇ ਵਾਰ ਵੇਖ ਕੇ ਮਰਾਠੇ ਵੀ ਖੁਸ਼ ਹੋ ਜਾਂਦੇ ਸਨ | 4 ਸਾਲ ਦੀ ਉਮਰ ਵਿੱਚ ਉਸਦੀ ਮਾਂ ਮਰ ਗਈ ਸੀ।ਲਕਸਮੀਬਾਈ ਰਾਣੀ ਨੂੰ ‘ਝਾਂਸੀ ਦੀ ਰਾਣੀ’ਦੀ ਉਪਾਧੀ ਮਿਲ਼ੀ ਸੀ ।ਉਸਦਾ ਵਿਆਹ ਮਹਾਰਾਜਾ ਗੰਗਾਧਰ ਰਾਓ ਨਾਲ ਹੋਇਆ । ਵਿਆਹ ਦੇ ਮਗਰੋਂ ਉਸਨੂੰ ਲਕਸ਼ਮੀਬਾਈ ਦਾ ਨਾਂ ਦਿੱਤਾ ਗਿਆ।
ਦੱਸਿਆ ਗਿਆ ਹੈ ਕਿ ਉਸਦੇ ਦੋ ਬੱਚੇ ਸਨ।ਦਮੋਦਰ ਰਾਓ ਅਤੇ ਅਨੰਦ ਰਾਓ(ਗੋਦ ਲਿਆ) ਹਨ।ਉਸਦਾ ਪੁੱਤਰ ਦਮੋਦਰ ਰਾਓ ਚਾਰ ਮਹੀਨਿਆਂ ਬਾਅਦ ਮਰ ਗਿਆ ਸੀ।ਫਿਰ ਗੋਦ ਲਏ ਪੁੱਤਰ ਦਾ ਨਾਂ ਬਦਲ ਕੇ ਦਮੋਦਰ ਰਾਓ ਰੱਖਿਆ ਗਿਆ ਸੀ । ਨਵੰਬਰ 1853 ਵਿੱਚ ਮਹਾਰਾਜੇ ਦੀ ਮੌਤ ਤੋਂ ਬਾਅਦ, ਕਿਉਂਕਿ ਦਾਮੋਦਰ ਰਾਓ (ਆਨੰਦ ਰਾਓ) ਇੱਕ ਗੋਦ ਲਿਆ ਪੁੱਤਰ ਸੀ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ, ਗਵਰਨਰ-ਜਨਰਲ ਲਾਰਡ ਡਲਹੌਜ਼ੀ ਦੇ ਅਧੀਨ, ਦਮੋਦਰ ਰਾਓ ਦੇ ਗੱਦੀ ਲਈ ਦਾਅਵੇ ਨੂੰ ਰੱਦ ਕਰਦੇ ਹੋਏ, ਲੈਪਸ ਦੇ ਸਿਧਾਂਤ ਨੂੰ ਲਾਗੂ ਕੀਤਾ ਅਤੇ ਰਾਜ ਨੂੰ ਇਸ ਦੇ ਪ੍ਰਦੇਸ਼ਾਂ ਨਾਲ ਜੋੜਨਾ ਸ਼ੁਰੂ ਕੀਤਾ। ਜਦੋਂ ਲਕਸ਼ਮੀਬਾਈ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਤਾਂ ਉਸ ਨੇ "ਮੈਂ ਆਪਣੀ ਝਾਂਸੀ ਨਹੀਂ ਦੇਵਾਂਗੀ " (ਮੈਂ ਆਪਣੀ ਝਾਂਸੀ ਨੂੰ ਸਮਰਪਣ ਨਹੀਂ ਕਰਾਂਗੀ) ਚੀਕਿਆ। ਮਾਰਚ 1854 ਵਿੱਚ, ਰਾਣੀ ਲਕਸ਼ਮੀਬਾਈ ਨੂੰ ਰੁਪਏ ਸਾਲਾਨਾ ਪੈਨਸ਼ਨ ਦਿੱਤੀ ਗਈ। 60,000 ਰੁਪਏ ਅਤੇ ਮਹਿਲ ਅਤੇ ਕਿਲਾ ਛੱਡਣ ਦਾ ਹੁਕਮ ਦਿੱਤਾ।ਵਿਸ਼ਨੂੰ ਭੱਟ ਗੋਡਸੇ ਦੇ ਅਨੁਸਾਰ, ਰਾਣੀ ਨਾਸ਼ਤੇ ਤੋਂ ਪਹਿਲਾਂ ਵੇਟਲਿਫਟਿੰਗ, ਕੁਸ਼ਤੀ ਅਤੇ ਸਟੀਪਲਚੇਜ਼ਿੰਗ ਵਿੱਚ ਕਸਰਤ ਕਰੇਗੀ। ਇੱਕ ਬੁੱਧੀਮਾਨ ਅਤੇ ਸਧਾਰਨ ਕੱਪੜੇ ਪਹਿਨਣ ਵਾਲੀ ਔਰਤ, ਉਸ ਨੇ ਵਪਾਰਕ ਤਰੀਕੇ ਨਾਲ ਰਾਜ ਕੀਤਾ।1857 ਈ. ਵਿੱਚ ਵਿਦਰੋਹ ਹੋਇਆ ਜਿਸ ਵਿੱਚ ਰਾਣੀ ਲਕਸ਼ਮੀਬਾਈ ਨੇ ਆਪਣੀ ਬਹਾਦਰੀ ਦਿਖਾਈ। ਇਸ ਆਜ਼ਾਦੀ ਦੀ ਇਸ ਲੜਾਈ ਵਿੱਚ ਰਾਣੀ ਦੇ ਨਾਲ ਉਸਦੇ ਬਹਾਦੁਰ ਸਾਥੀ ਤਾਂਤੀਆਂ ਟੋਪੇ ਅਜੀਮੁੱਲਾ,ਅਹਿਮਦ ਸ਼ਾਹ ਮੌਲਵੀ ,ਰਘੁਨਾਥ ਸਿੰਘ ,ਜਵਾਹਰ ਸਿੰਘ ,ਰਾਮਚੰਦਰ ਬਹਾਦਰੀ ਨਾਲ ਲੜੇ ਅਤੇ ਸ਼ਹੀਦ ਹੋਏ | ਗੌਸ ਖਾਂ ਅਤੇ ਖੁਦਾ ਬਖਸ਼ ਜਿਹੇ ਤੋਪਚੀਆਂ ਨੇ ਅੰਤਿਮ ਸਾਹ ਤੱਕ ਆਜ਼ਾਦੀ ਲਈ ਵੀਰ ਰਾਣੀ ਦਾ ਸਾਥ ਦਿੱਤਾ | ਇਸ ਲੜਾਈ ਵਿੱਚ ਜਰਨਲ ਹਿਊ ਰੋਜ ਨਾਲ ਰਾਣੀ ਨੇ ਯੁੱਧ ਕੀਤਾ । 17 ਜੂਨ ਨੂੰ ਜਨਰਲ ਹਿਊ ਰੋਜ ਨੇ ਗਵਾਲੀਅਰ ਉੱਤੇ ਹਮਲਾ ਕੀਤਾ |ਦੱਸਿਆ ਜਾਦਾ ਹੈ ਕਿ ਇਸ ਸੰਘਰਸ਼ ਵਿੱਚ ਰਾਣੀ ਦੀ ਫ਼ੌਜੀ ਸਹੇਲੀ ਮੁੰਦਰ ਵੀ ਸ਼ਹੀਦ ਹੋ ਗਈ | ਕਿਹਾ ਜਾਦਾ ਹੈ ਕਿ ਅੰਗਰੇਜ਼ ਸੈਨਿਕਾਂ ਨੇ ਪਹਿਲਾ ਵਾਰ ਰਾਣੀ ਦੇ ਸਿਰ ਉੱਤੇ ਪਿੱਛੋਂ ਦੀ ਕੀਤਾ ਅਤੇ ਦੂਜਾ ਵਾਰ ਉਸ ਦੇ ਸੀਨੇ ਉੱਤੇ | ਚਿਹਰੇ ਦਾ ਹਿੱਸਾ ਕੱਟਣ 'ਤੇ ਇੱਕ ਅੱਖ ਨਿਕਲ ਕੇ ਬਾਹਰ ਆ ਗਈ | ਇਸ ਸੱਟ ਨਾਲ ਹੀ ਘੋੜੇ ਤੋਂ ਡਿੱਗ ਗਈ | ਅੰਤਿਮ ਸਾਹਾਂ ਦੇ ਦੌਰਾਨ ਰਾਣੀ ਲਕਸ਼ਮੀਬਾਈ ਨੇ ਰਘੁਨਾਥ ਸਿੰਘ ਨੂੰ ਕਿਹਾ ਮੇਰੇ ਸਰੀਰ ਨੂੰ ਗੋਰੇ ਛੂਹ ਨਾ ਸਕਣ | ਉਸਦੇ ਫ਼ੌਜੀ ਰਾਣੀ ਦੀ ਅਰਥੀ ਬਾਬਾ ਗੰਗਾ ਦਾਸ ਦੀ ਕੁਟਿਆ ਵਿੱਚ ਲੈ ਗਏ, ਜਿਥੇ ਰਾਣੀ ਨੇ ਪ੍ਰਾਣ ਤਿਆਗ ਦਿੱਤੇ | ਰਘੁਨਾਥ ਸਿੰਘ ਵੈਰੀਆਂ ਨੂੰ ਭਰਮਾਉਣ ਲਈ ਰਾਤ ਭਰ ਬੰਦੂਕ ਚਲਾਉਂਦਾ ਰਿਹਾ ਅਤੇ ਅੰਤ ਵਿੱਚ ਵੀਰਗਤੀ ਨੂੰ ਪ੍ਰਾਪਤ ਹੋਇਆ, ਉਨ੍ਹਾਂ ਦੇ ਨਾਲ ਹੀ ਕਾਸ਼ੀ ਬਾਈ ਵੀ ਸ਼ਹੀਦ ਹੋਈ |18 ਜੂਨ 1858 ਨੂੰ ਰਾਣੀ ਲਕਸਮੀਬਾਈ ਸ਼ਹੀਦੀ ਪ੍ਰਾਪਤ ਕਰ ਗਈ ਸੀ |
ਪ੍ਰੋ.ਗਗਨਦੀਪ ਕੌਰ ਧਾਲੀਵਾਲ
 

ਚਿੱਟੇ ਤੋਂ ਵੀ ਖ਼ਤਰਨਾਕ ਗੋਲੀ ? ਕਿਵੇਂ ਛੁੱਟੇਗਾ ਗੋਲੀ ਤੋਂ ਖਹਿੜਾ ?

ਪੱਤਰਕਾਰ ਹਰਜੀਤ ਸਿੰਘ ਗਰੇਵਾਲ ਦੀ ਇਸ ਮੁੱਦੇ ਤੇ ਡਾ ਹਰਮਨ ਜ਼ੀਰਾ ਵਲੋਂ ਵਿਸਥਾਰ ਨਾਲ ਗੱਲਬਾਤ ... ਚਿੱਟੇ ਤੋਂ ਵੀ ਖ਼ਤਰਨਾਕ ਗੋਲੀ ? ਕਿਵੇਂ ਛੁੱਟੇਗਾ ਗੋਲੀ ਤੋਂ ਖਹਿੜਾ ? ਨਸ਼ਾ ਛੱਡਣ ਵਾਲਿਆਂ ਨੂੰ ਨਾਮਰਦ ਬਣਾ ਦੇਵੇਗੀ ਇਹ ਗੋਲੀ ?  ਨੌਜਵਾਨਾਂ ਚਿੱਟੇ ਦੀ ਦਲਦਲ ਚੁੱਕਵੇਂ ਨਿਕਲ ਸਕਦੇ ਹਨ ?

ਪੀਰਾਂ ਦੇ ਪੀਰ ਦਸਤਗੀਰ ਮੇਲਾ ਜਗਰਾਉਂ

ਥਾਣਾ ਸਦਰ ਵਿਖੇ ਲੱਗਿਆ ਭਾਰੀ ਮੇਲਾ ਪੀਰ ਬਾਬਾ ਕੁਲਦੀਪ ਸਿੰਘ ਜਨੇਤਪੁਰ ਵਾਲਿਆਂ ਦੀ ਹੋਈ ਜੈ ਜੈਕਾਰ

ਪੱਤਰਕਾਰ ਗੁਰੂਦੇਵ ਗ਼ਾਲਿਬ ਦੀ ਵਿਸ਼ੇਸ਼ ਰਿਪੋਰਟ

ਪੰਜਾਬ ਯੂਨੀਵਰਸਿਟੀ ਕੈਂਪਸ ਰਾਮਪੁਰਾ ਫੂਲ ਜਦੋਂ ਲੱਖਾ ਸਧਾਣਾ ਲਾਈਵ

ਦਾਨੀ ਸੱਜਣ ਵੱਲੋਂ ਰਾਮਪੁਰਾ ਫੂਲ ਕੈਂਪਸ ਵਿਚ ਬੋਰ ਚਾਲੂ ਕਰਕੇ ਮੋਟਰ ਲਗਵਾਉਣ ਤੇ ਕੋਟਨ ਕੋਟ ਧੰਨਵਾਦ

21 ਜੂਨ ਨੂੰ ਸ਼ਾਮ 06 ਵਜੇ ਤੋਂ ਲੈ ਕੇ 23 ਜੂਨ ਨੂੰ ਵੋਟਾਂ ਪੈਣ ਤੱਕ ਡਰਾਈ-ਡੇ ਘੋਸ਼ਿਤ 

 ਜ਼ਿਲ੍ਹਾ ਮੈਜਿਸਟਰੇਟ ਵੋਟਾਂ ਦੀ ਗਿਣਤੀ ਵਾਲੇ ਦਿਨ 26 ਜੂਨ ਨੂੰ ਵੀ ਸ਼ਰਾਬ ਦੀ ਵਿੱਕਰੀ ਤੇ ਰਹੇਗੀ ਪਾਬੰਦੀ
ਮਾਲੇਰਕੋਟਲਾ 17 ਜੂਨ (ਰਣਜੀਤ ਸਿੱਧਵਾਂ)  : ਜ਼ਿਲ੍ਹਾ ਮੈਜਿਸਟਰੇਟ -ਕਮ- ਡਿਪਟੀ ਕਮਿਸ਼ਨਰ ਮਾਲੇਰਕੋਟਲਾ ਸ੍ਰੀ ਸੰਯਮ ਅਗਰਵਾਲ ਨੇ ਭਾਰਤੀ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਦੀ ਪਾਲਣਾ ਕਰਦਿਆਂ ਦੱਸਿਆ ਕਿ ਲੋਕ ਸਭਾ ਉਪ ਚੋਣਾਂ -2022 ਦੇ ਮੱਦੇਨਜ਼ਰ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54  ਨੂੰ ਧਿਆਨ ਵਿੱਚ ਰੱਖਦੇ ਹੋਏ ਵੋਟਾਂ ਪੈਣ ਤੋਂ 48 ਘੰਟੇ ਪਹਿਲਾਂ ਅਤੇ ਵੋਟਾਂ ਦੀ ਗਿਣਤੀ ਵਾਲੇ ਦਿਨ ਸ਼ਰਾਬ ਦੀ ਵਿੱਕਰੀ ਉੱਪਰ ਰੋਕ ਲਗਾਈ ਜਾਂਦੀ ਹੈ। ਜ਼ਿਲ੍ਹਾ ਮੈਜਿਸਟਰੇਟ ਸ੍ਰੀ ਸੰਯਮ ਅਗਰਵਾਲ ਨੇ  ਦੱਸਿਆ ਕਿ ਲੋਕ ਸਭਾ ਉਪ ਚੋਣਾਂ-2022 ਦੇ ਮੱਦੇਨਜ਼ਰ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਮਲੇਰਕੋਟਲਾ ਵਿੱਚ 21 ਜੂਨ  2022 ਨੂੰ ਸ਼ਾਮ 06 ਵਜੇ ਤੋਂ ਲੈ ਕੇ 23 ਜੂਨ 2022 ਨੂੰ ਵੋਟਾਂ ਪੈਣ ਤੱਕ ਪੂਰੀ ਤਰ੍ਹਾਂ ਡਰਾਈ ਡੇਅ ਰਹਿਣ ਦੇ ਨਾਲ-ਨਾਲ ਸ਼ਰਾਬ ਦੀ ਵਿੱਕਰੀ ਤੇ ਪੂਰਨ ਤੌਰ ਤੇ ਪਾਬੰਦੀ ਰਹੇਗੀ। ਉਨ੍ਹਾਂ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਵਾਲੇ ਦਿਨ ਵੀ (26 ਜੂਨ 2022) ਨੂੰ  ਪੂਰੇ ਦਿਨ ਦਾ ਡਰਾਈ ਡੇ ਘੋਸ਼ਿਤ ਕੀਤਾ ਹੈ, ਪੂਰੇ ਦਿਨ ਸ਼ਰਾਬ ਦੀ ਵਿੱਕਰੀ ਉੱਪਰ ਰੋਕ ਰਹੇਗੀ।
ਇਨ੍ਹਾਂ ਹੁਕਮਾਂ ਤਹਿਤ ਡਰਾਈ ਡੇਜ਼ ਦੌਰਾਨ, ਪੋਲਿੰਗ ਖੇਤਰ ਦੇ ਅੰਦਰ, ਕਿਸੇ ਹੋਟਲ, ਅਹਾਤੇ, ਸਰਾਂਵਾਂ, ਦੁਕਾਨ ਜਾਂ ਕਿਸੇ ਹੋਰ ਜਗ੍ਹਾ, ਜਨਤਕ ਜਾਂ ਨਿੱਜੀ, ਕੋਈ ਵੀ ਧਾਰਮਿਕ, ਖ਼ਾਮੀ ਜਾਂ ਨਸ਼ਾ ਕਰਨ ਵਾਲੀ ਸ਼ਰਾਬ ਜਾਂ ਸਮਾਨ ਪ੍ਰਕਿਰਤੀ ਦਾ ਕੋਈ ਹੋਰ ਪਦਾਰਥ ਵੇਚਿਆ, ਦਿੱਤਾ ਜਾਂ ਵੰਡਿਆ ਨਹੀਂ ਜਾਵੇਗਾ ਅਤੇ ਕਿਸੇ ਵੀ ਸ਼ਰਾਬ ਦੀਆਂ ਦੁਕਾਨਾਂ, ਹੋਟਲਾਂ, ਰੈਸਟੋਰੈਂਟਾਂ, ਕਲੱਬਾਂ ਅਤੇ ਸ਼ਰਾਬ ਵੇਚਣ/ਪਰੋਸਣ ਵਾਲੇ ਹੋਰ ਅਦਾਰਿਆਂ ਨੂੰ ਉਪਰੋਕਤ ਦਿਨਾਂ ਵਿੱਚ ਕਿਸੇ ਨੂੰ ਵੀ ਸ਼ਰਾਬ ਵੇਚਣ/ਪਰੋਸਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਨ੍ਹਾਂ ਹੁਕਮਾਂ ਤਹਿਤ ਗੈਰ ਮਲਕੀਅਤ ਵਾਲੇ ਕਲੱਬਾਂ, ਸਟਾਰ ਹੋਟਲਾਂ, ਰੈਸਟੋਰੈਂਟਾਂ ਆਦਿ ਅਤੇ ਕਿਸੇ ਵੀ ਵਿਅਕਤੀ ਦੁਆਰਾ ਚਲਾਏ ਜਾਂਦੇ ਹੋਟਲ ਭਾਵੇਂ ਉਨ੍ਹਾਂ ਨੂੰ ਸ਼ਰਾਬ ਰੱਖਣ ਅਤੇ ਸਪਲਾਈ ਕਰਨ ਲਈ ਵੱਖ-ਵੱਖ ਸ਼੍ਰੇਣੀਆਂ ਦੇ ਲਾਇਸੈਂਸ ਜਾਰੀ ਕੀਤੇ ਗਏ ਹੋਣ, ਨੂੰ ਵੀ ਇਨ੍ਹਾਂ ਦਿਨਾਂ ਵਿੱਚ ਸੇਵਾ ਕਰਨ ਦੀ ਆਗਿਆ ਨਹੀਂ ਹੋਣੀ ਚਾਹੀਦੀ। ਆਬਕਾਰੀ ਕਾਨੂੰਨ ਤਹਿਤ ਬਿਨ੍ਹਾਂ ਲਾਇਸੈਂਸ ਦੇ ਪਰਮਿਟਾਂ ਤੇ ਸ਼ਰਾਬ ਦੇ ਭੰਡਾਰਨ ਤੇ ਪਾਬੰਦੀਆਂ ਸਖ਼ਤੀ ਹੋਵੇਗੀ ।
ਇਹ ਹੁਕਮ ਪੂਰਨ ਤੌਰ ਤੇ ਲਾਗੂ ਕਰਵਾਉਣ ਲਈ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਮਾਲੇਰਕੋਟਲਾ ਜ਼ਿੰਮੇਵਾਰ ਹੋਣਗੇ ।

ਸੁੱਤੀਆਂ ਸਰਕਾਰਾਂ ਨੂੰ ਜਗਾਉਣ ਲਈ ਸਮੁੱਚੀ ਕੌਮ ਦਾ ਇਕੱਠੇ ਹੋ ਕੇ ਸੰਘਰਸ਼ ਕਰਨਾ ਜ਼ਰੂਰੀ : ‍ਦੇਵ ਸਰਾਭਾ

 

ਮੁੱਲਾਂਪੁਰ ਦਾਖਾ , 17  ਜੂਨ  (ਸਤਵਿੰਦਰ  ਸਿੰਘ  ਗਿੱਲ)ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 117ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਨਕੇ ਪਿੰਡ ਮਹੋਲੀ ਖੁਰਦ ਤੋਂ ਪਰਿਵਾਰਕ ਮੈਂਬਰ ਬਾਬਾ ਬੰਤਾ ਸਿੰਘ ਮਹੋਲੀ ਖੁਰਦ,ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਅਮਰਜੀਤ ਸਿੰਘ ਸਰਾਭਾ,ਰਾਜਬੀਰ ਸਿੰਘ ਲੋਹਟਬੱਦੀ,    ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਰਕਾਰਾਂ ਭਾਵੇਂ ਕਿਸੇ ਪ੍ਰਕਾਰ ਦਾ ਵੀ ਸਹਿਯੋਗ ਨਹੀਂ ਕਰ ਰਹੀਆਂ ਪਰ ਸਾਨੂੰ ਸਾਡੇ ਰਹਿਬਰਾਂ ਨੇ ਜੋ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦੇ ਰਾਹ ਪਾਇਆ ਅਸੀਂ ਤਨਦੇਹੀ ਨਾਲ ਲੜ ਰਹੇ ਹਾਂ।ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਦੋਂ ਪੰਜਾਬ 'ਚ ਮੌਜੂਦਾ ਸਰਕਾਰ ਬਣੀ ਵੀ ਨਹੀਂ ਸੀ ਸਾਡਾ ਮੋਰਚਾ ਉਦੋਂ ਮਿਤੀ 21ਫਰਵਰੀ ਤੋਂ ਪੂਰੀ ਚੜ੍ਹਦੀ ਕਲਾ ਨਾਲ ਚਾਲੂ ਹੈ।ਉਨ੍ਹਾਂ ਅੱਗੇ ਆਖਿਆ ਕਿ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਲਈ ਸਮੁੱਚੀ ਕੌਮ ਦਾ ਇਕੱਠੇ ਹੋ ਕੇ ਸੰਘਰਸ਼ ਕਰਨਾ ਜ਼ਰੂਰੀ ।ਜਦ ਕੇ ਜਿੱਥੇ ਤਕ ਪੂਰੀ ਦੁਨੀਆਂ ਤੇ ਸਿੱਖ ਕੌਮ ਵਸਦੀ ਹੈ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੀ ਹੈ।ਸੋ ਪ੍ਰਮਾਤਮਾ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਪੰਥਕ ਮੋਰਚੇ ਨੂੰ ਜ਼ਰੂਰ ਬੂਰ ਪਵੇਗਾ ਤਾਂ ਜੋ ਅਸੀਂ ਆਪਣੀਆਂ ਹੱਕੀ ਮੰਗਾਂ ਜਲਦ ਜਿੱਤ ਸਕੀਏ।ਇਸ ਸਮੇਂ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ ਨੇ ਆਖਿਆ ਕਿ ਅਸੀਂ ਸਾਡੀ ਨੌਜਵਾਨ ਪੀਡ਼੍ਹੀ ਨੂੰ ਅਪੀਲ ਕਰਦੇ ਹਾਂ ਕਿ ਉਹ ਪੱਛਮੀ ਸੱਭਿਆਚਾਰ ਦਾ ਖਹਿੜਾ ਛੱਡ ਕੇ ਆਪਣੇ ਅਮੀਰ ਵਿਰਸੇ ਨੂੰ ਸਾਂਭਣ ਦਾ ਯਤਨ ਕਰਨ ਤਾਂ ਜੋ ਅਸੀਂ ਪੰਜਾਬ ਦੇ ਹੱਕਾਂ ਤੇ ਨਿੱਤ ਪੈਂਦੇ ਡਾਕਿਆਂ ਨੂੰ ਰੋਕ ਸਕੀਏ।ਉਨ੍ਹਾਂ ਆਖ਼ਰ ਵਿੱਚ ਆਖਿਆ ਕਿ ਅਸੀਂ ਅਪੀਲ ਕਰਦੇ ਹਾਂ ਕਿ ਸਰਾਭਾ ਵਿਖੇ ਲਗਾਤਾਰ ਚੱਲ ਰਹੇ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ ਹਫ਼ਤਾਵਾਰੀ ਪੰਥਕ ਇਕੱਠ ਮਿਤੀ 18 ਜੂਨ ਦਿਨ ਸ਼ਨੀਵਾਰ ਨੂੰ ਜ਼ਰੂਰ ਪਹੁੰਚੋ ਤਾਂ ਜੋ ਆਪਣੇ ਜੁਝਾਰੂ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾ ਸਕੀਏ । ਇਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਦੇ ਸਰਪ੍ਰਸਤ  ਇੰਦਰਜੀਤ ਸਿੰਘ ਸ਼ਹਿਜ਼ਾਦ, ਹਰਦੀਪ ਸਿੰਘ ਸਰਾਭਾ, ਕੁਲਵਿੰਦਰ ਸਿੰਘ ਢੈਪਈ, ਸਰਬਜੀਤ ਸਿੰਘ ਮੋਹੀ,  ਬਲਦੇਵ ਸਿੰਘ ਈਸਨਪਰ,ਕੁਲਦੀਪ ਸਿੰਘ ਬਿੱਲੂ ਕਿਲਾ ਰਾਇਪੁਰ ਸੁਖਦੇਵ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।

 

ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ ਤਿੰਨ ਅਹਿਮ ਐਲਾਨ  

ਚੰਡੀਗਡ਼੍ਹ ,17 ਜ਼ੂਨ (ਜਨ ਸ਼ਕਤੀ ਨਿਊਜ਼ ਬਿਊਰੋ ) ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੇਂਦਰੀਕਰਨ ਖਿਲਾਫ਼ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ।ਜਿਸ ਵਿੱਚ ਹੇਠ ਲਿਖੇ ਐਲਾਨ ਕੀਤੇ ਗਏ।

 

1. 'ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ' 20 ਜੂਨ ਜ਼ਿਮਨੀ ਚੋਣਾਂ ਸੰਗਰੂਰ ਦੇ ਭਾਜਪਾ ਉਮੀਦਵਾਰ ਦੇ ਦਫਤਰ ਦੇ ਘਿਰਾਓ ਕਰੇਗੀ।

 

2. ਸੰਗਰੂਰ ਜ਼ਿਮਨੀ ਚੋਣਾਂ ਵਿੱਚ ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਦੇ ਮਸਲੇ ਤੇ ਜ਼ਿਮਨੀ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਸਵਾਲਾਂ ਰਾਹੀਂ ਘੇਰਿਆ ਜਾਵੇਗਾ।

 

3. ਆਮ ਆਦਮੀ ਪਾਰਟੀ ਦੇ 92 ਐਮ.ਐਲ.ਏ ਤੇ ਬਾਕੀ ਆਕਾਲੀ- ਕਾਂਗਰਸੀ ਵਿਧਾਇਕ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਅਤੇ ਮਤਾ ਪਾਸ ਕਰਨ।

ਸ਼ਹੀਦੀ ਦਿਵਸ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਮੁੱਲਾਂਪੁਰ ਦਾਖਾ, 17 ਜੂਨ (ਸਤਵਿੰਦਰ  ਸਿੰਘ  ਗਿੱਲ) ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਲਾਸਾਨੀ ਸ਼ਹੀਦੀ ਦਿਵਸ ਨੂੰ ਸਮਰਪਿਤ ਅੱਜ ਥਾਣਾ ਦਾਖਾ ਦੇ ਟਰੈਫਿਕ ਇੰਚਾਰਜ ਥਾਣੇਦਾਰ ਬਲਦੇਵ ਸਿੰਘ ਭੁੱਲਰ ਦੀ ਅਗਵਾਈ ਹੇਠ ਸਮੂਹ ਟਰੈਫਿਕ ਅਫਸਰਾਂ ਅਤੇ ਮੁਲਾਜ਼ਮਾਂ ਵੱਲੋਂ ਸਥਾਨਿਕ ਮੁੱਖ ਚੌਂਕ ਵਿੱਚ ਠੰਢੇ ਮਿੱਠੇ ਰੂਹ ਅਫ਼ਜਾ ਅਤੇ ਮੈਂਗੋ ਸ਼ਰਬਤ ਦੀ ਛਬੀਲ ਲਗਾਈ ਗਈ। ਛਬੀਲ ਵਿਖੇ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੇ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ  ਸੁਰੇਸ਼ ਗੋਇਲ ਵੱਲੋਂ ਹਾਜ਼ਰੀ ਲਗਵਾਈ ਗਈ। ਉਨ੍ਹਾਂ ਇਸ ਮੌਕੇ ਟਰੈਫਿਕ ਪੁਲਿਸ ਅਤੇ ਛਬੀਲ ਤੇ ਸੇਵਾ ਕਰ ਰਹੇ ਵਿਅਕਤੀਆਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਦਾਨ ਪੁੰਨ ਕਰਨ ਦੀ ਅਤੇ ਅੱਤ ਦੀ ਗਰਮੀ ਵਿੱਚ ਪਿਆਸੇ ਰਾਹਗੀਰਾਂ ਲਈ ਠੰਡੇ ਮਿੱਠੇ ਜਲ ਦੀ ਸੇਵਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਦੇ ਸਮੇਂ ਤੋਂ ਚੱਲੀ ਆ ਰਹੀ ਹੈ ਤੇ ਇਸ ਦਿਹਾੜੇ ਦੀ ਬਹੁਤ ਵੱਡੀ ਮਹਾਂਨਤਾ ਹੈ। ਸਵੇਰ ਤੋਂ ਸ਼ਾਮ ਤੱਕ ਚੱਲੀ ਇਸ ਛਬੀਲ ਵਿੱਚ ਸੇਵਾ ਕਰਨ ਵਾਲਿਆਂ ਵਿੱਚ ਥਾਣੇਦਾਰ ਬਲਦੇਵ ਸਿੰਘ ਭੁੱਲਰ, ਥਾਣੇਦਾਰ ਹਰਪਾਲ ਸਿੰਘ, ਕਾਂਸਟੇਬਲ ਦੇਵ ਰਾਜ,  ਗੁਰਦੇਵ ਸਿੰਘ ਘੋਲੂ ਢਾਬਾ, ਚਮਨ ਫਰੂਟਾਂ ਵਾਲਾ, ਬਲਦੇਵ ਸਿੰਘ ਭਲਵਾਨ, ਸੁਖਜੀਤ ਢਿੱਲੋਂ, ਬਾਬੂ ਸੁੰਦਰ ਕੁਮਾਰ,  ਬੰਟੀ, ਜਸਪਾਲ ਜੱਸੀ, ਮਨਦੀਪ ਘਈ ਤੇ ਦਿਲਬਾਰਾ ਸਿੰਘ ਅਦਿ ਵੀ ਸ਼ਾਮਿਲ ਸਨ।

ਖ਼ੂਨਦਾਨ ਕਰਕੇ ਨਿਭਾਇਆ ਇਨਸਾਨੀ ਫਰਜ਼

ਧਰਮਕੋਟ ਜੂਨ 17 ਮਨੋਜ ਕੁਮਾਰ ਨਿੱਕੂ

 ਮਾਨਵਤਾ ਭਲਾਈ ਦੇ ਸੇਵਾ ਕਾਰਜਾਂ ਨੂੰ ਕਰ ਰਿਹਾ ਡੇਰਾ ਸੱਚਾ ਸੌਦਾ ਵਿਸ਼ਵ ਭਰ ਵਿਚ ਆਪਣੀ ਵੱਖਰੀ ਪਛਾਣ ਬਣਾ ਚੁੱਕਾ ਹੈ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਜੋ ਕਿ ਦਿਨ ਰਾਤ ਨਿਸਵਾਰਥ ਸੇਵਾ ਕਰ ਰਹੇ ਹਨ ਚਾਹੇ ਉਹ ਕਿਸੇ ਗ਼ਰੀਬ ਦਾ ਮਕਾਨ ਬਣਾਉਣਾ ਹੋਵੇ ਚਾਹੇ ਕਿਸੇ ਗ਼ਰੀਬ ਜ਼ਰੂਰਤਮੰਦਾਂ ਨੂੰ ਰਾਸ਼ਨ ਦੇਣਾ ਹੋਵੇ ਚਾਹੇ ਗੁਰਦਾ ਦਾਨ ਕਰਨਾ ਹੋਵੇ ਤੇ ਚਾਹੇ ਖੂਨਦਾਨ ਕਰਨਾ ਹੋਵੇ   ਡੇਰਾ ਸ਼ਰਧਾਲੂ ਕਦੇ ਵੀ ਦਿਨ ਰਾਤ ਦੀ ਪ੍ਰਵਾਹ ਕੀਤੇ ਬਿਨਾਂ ਪਿੱਛੇ ਨਹੀਂ ਹਟਦੇ ਅੱਜ ਧਰਮਕੋਟ ਦੇ ਵਿੱਚ ਇੱਕ ਨੌਜਵਾਨ ਨੂੰ ਬਲੱਡ ਦਿੱਤਾ ਗਿਆ ਇਸ ਮੌਕੇ ਪ੍ਰੇਮੀ ਅਰਸ਼ ਇੰਸਾਂ ਯੂਥ ਆਗੂ ਦੇ ਜਿੰਮੇਵਾਰ ਨੇ ਦੱਸਿਆ ਕਿ ਮੋਗਾ ਵਿਖੇ ਕੌੜਾ ਹਸਪਤਾਲਾ ਵਿੱਚ  ਦਾਖਲ ਮਰੀਜ ਨੂੰ ਡਾਕਟਰਾਂ ਵੱਲੋਂ ਖੂਨ ਦੀ ਮੰਗ ਕੀਤੀ ਸੀ ਜਿਸਤੇ ਪ੍ਰੇਮੀ ‌ਗੌਰਵ ਗੋਇਲ ਇੰਸਾਂ ਧਰਮਕੋਟ ਨੇ ਇੱਕ ਯੁਨਿਟ ਖ਼ੂਨਦਾਨ ਕਰਕੇ ਇਨਸਾਨੀਅਤ ਦਾ ਫਰਜ਼ ਅਦਾ ਕੀਤਾ    ਅਤੇ ਉਨ੍ਹਾਂ ਨੇ ਮੀਂਹ ਦੀ ਪ੍ਰਵਾਹ ਵੀ ਨਹੀਂ ਕੀਤੀ ਇਸ ਨੂੰ ਕਹਿੰਦੇ ਨੇ ਸੱਚੀ ਇਨਸਾਨੀਅਤ

ਜੇਹਾ ਚਿਰੀ ਲਿਖਿਆ ਤੇਹਾ ਹੁਕਮੁ ਕਮਾਹਿ , ਘੱਲੇ ਆਵੈ ਨਾਨਕਾ ਸੱਦੇ ਉਠੀ ਜਾਹਿ || 

ਮਾਤਾ ਸੁਰਿੰਦਰ ਕੌਰ ਜਵੰਧਾ ਨਮਿਤ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ  

ਆਪ ਜੀ ਨੇ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਸਤਿਕਾਰਯੋਗ ਮਾਤਾ ਸੁਰਿੰਦਰ ਕੌਰ ਜਵੰਦਾ ਮਿਤੀ 10 ਜੂਨ ਦਿਨ ਸ਼ੁੱਕਰਵਾਰ ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ  ਜਿਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਕਾਸ਼ ਕੀਤੇ ਸਹਿਜ ਪਾਠ ਦੇ ਭੋਗ ਵੱਡਾ ਗੁਰਦੁਆਰਾ ਸਾਹਿਬ ਪਿੰਡ ਪੋਨਾਂ (ਜਗਰਾਉਂ ) ਵਿਖੇ ਮਿਤੀ 19 ਜੂਨ ਦਿਨ ਐਤਵਾਰ ਨੂੰ ਪਾਏ ਜਾਣਗੇ ਆਪ ਸਭ ਤੇ ਅੰਤਮ ਅਰਦਾਸ ਮੌਕੇ  ਪਹੁੰਚਣ ਦੀ ਕ੍ਰਿਪਾਲਤਾ ਕਰਨੀ ਸੀ ।

ਗੁਰੂ ਦੇ ਭਾਣੇ ਵਿੱਚ
 ਰਣਜੋਧ ਸਿੰਘ (9914070547) ਕੁਲਵੰਤ ਸਿੰਘ (9815567255)

  ਨਸੀਲੀਆ ਗੋਲੀਆ ਸਮੇਤ ਇੱਕ ਕਾਬੂ

ਹਠੂਰ,17,ਜੂਨ-(ਕੌਸ਼ਲ ਮੱਲ੍ਹਾ)-ਪੰਜਾਬ ਪੁਲਿਸ ਥਾਣਾ ਹਠੂਰ ਵੱਲੋ ਇੱਕ ਨੌਜਵਾਨ ਨੂੰ ਨਸੀਲੀਆ ਗੋਲੀਆਂ ਸਮੇਤ ਕਾਬੂ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁੱਪਤ ਸੂਚਨਾ ਮਿਲੀ ਸੀ ਕਿ ਪਿੰਡ ਲੱਖਾ ਦਾ ਨੌਜਵਾਨ ਹਲਕੇ ਵਿਚ ਨਸੀਲੀਆ ਗੋਲੀਆਂ ਵੇਚਦਾ ਹੈ ਜਿਸ ਦੇ ਅਧਾਰ ਤੇ ਏ ਐਸ ਆਈ ਜਗਜੀਤ ਸਿੰਘ ਨੇ ਆਪਣੀ ਪੁਲਿਸ ਪਾਰਟੀ ਨਾਲ ਹਠੂਰ ਤੋ ਲੱਖਾ ਰੋਡ ਤੇ ਗਸਤ ਕੀਤੀ ਜਾ ਰਹੀ ਸੀ ਤਾਂ ਇੱਕ ਨੌਜਵਾਨ ਨੂੰ ਸੱਕੀ ਦੇਖਿਆ ਗਿਆ ਜਿਸ ਦੀ ਜਦੋ ਤਲਾਸੀ ਲਈ ਗਈ ਤਾਂ ਉਸ ਦੇ ਕੋਲੋ 140 ਮਨੋਉਤੇਜਿਕ ਖੁੱਲ੍ਹੀਆ ਨਸੀਲੀਆ ਗੋਲੀਆ ਬਰਾਮਦ ਕਰਕੇ ਕਰਮਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਲੱਖਾ ਦੇ ਖਿਲਾਫ ਧਾਰਾ 22-61-85 ਤਹਿਤ ਮੁਕੱਦਮਾ ਨੰਬਰ 42 ਦਰਜ ਕਰ ਲਿਆ ਹੈ ਅਤੇ ਮਾਨਯੋਗ ਅਦਾਲਤ ਵਿਚ ਪੇਸ ਕਰਕੇ ਇੱਕ ਦਿਨ ਦਾ ਰਿਮਾਡ ਲਿਆ ਗਿਆ ਅਤੇ ਹੋਰ ਤਫਤੀਸ ਜਾਰੀ ਹੈ।ਇਸ ਮੌਕੇ ਉਨ੍ਹਾ ਨਾਲ ਏ ਐਸ ਆਈ ਜਗਜੀਤ ਸਿੰਘ,ਏ ਐਸ ਆਈ ਸੁਰਜੀਤ ਸਿੰਘ,ਜਸਵਿੰਦਰ ਸਿੰਘ ਅਖਾੜਾ,ਕੁਲਵੰਤ ਸਿੰਘ ਅਖਾੜਾ ਆਦਿ ਹਾਜ਼ਰ ਸਨ।