You are here

ਪੰਜਾਬ

ਅੰਤਰਰਾਸ਼ਟਰੀ ਯੋਗ ਦਿਵਸ 'ਤੇ ਯੋਗ ਕੈਂਪ ਆਯੋਜਿਤ


ਯੋਗਾ ਕਸਰਤ ਨਾਲ ਸਭ ਬਿਮਾਰੀਆਂ ਤੋਂ ਮੁਕਤੀ ਪਾਓ- ਅਨਿਲ ਸੇਠੀ
ਮੁੱਲਾਂਪੁਰ ਦਾਖਾ, 22 ਜੂਨ (ਸਤਵਿੰਦਰ ਸਿੰਘ ਗਿੱਲ)- ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਯੋਗ ਅਭਿਆਸ ਕੈਂਪ ਦਾ ਆਯੋਜਨ ਸਥਾਨਕ ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਵਿਖੇ ਲਗਾਇਆ ਗਿਆ। ਇਸ ਯੋਗ ਅਭਿਆਸ ਕੈਂਪ 'ਚ ਯੋਗ ਮਾਹਰ ਅਤੇ ਪਤੰਜਲੀ ਯੋਗ ਸੇਵਾ ਸੰਮਤੀ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਅਨਿਲ ਸੇਠੀ ਨੇ ਯੋਗ ਅਭਿਆਸੀਆਂ ਨੂੰ ਸ਼ਰੀਰ ਦੀ ਨਿਰੋਗਤਾ ਲਈ ਜਿੱਥੇ ਵੱਖ ਵੱਖ ਤਰ੍ਹਾਂ ਦੇ ਯੋਗ ਆਸਨ ਕਰਵਾਏ ਉਥੇ ਭਿਆਨਕ ਸ਼ਰੀਰਕ ਬਿਮਾਰੀਆਂ ਨੂੰ ਦੂਰ ਕਰਨ ਲਈ ਯੋਗ ਟਿਪਸ ਵੀ ਦਿੱਤੇ। ਇਸ ਮੌਕੇ ਉਹਨਾਂ ਕਿਹਾ ਕਿ ਸਿਹਤਯਾਬੀ ਲਈ ਬਿਨਾਂ ਦਵਾਈ ਸਿਰਫ ਯੋਗ ਹੀ ਇਕੋ ਇੱਕ ਹੱਲ ਹੈ ਜਿਸ ਰਾਹੀਂ ਬਿਨਾਂ ਕੋਈ ਸਾਇਡ ਇਫੈਕਟ 99 ਫੀਸਦੀ ਬਿਮਾਰੀਆਂ ਤੋਂ ਮੁਕਤੀ ਪਾਈ ਜਾ ਸਕਦੀ ਹੈ। ਉਹਨਾਂ ਮਿੱਠਾ ਅਤੇ ਤਲੇ ਹੋਏ ਪਦਾਰਥਾਂ ਤੋਂ ਇਲਾਵਾ ਫਾਸਟ ਫੂਡ ਖਾਣ ਤੋਂ ਵਰਜਦਿਆਂ ਹਰੇ ਪੱਤੇ ਵਾਲੀਆਂ ਸਬਜੀਆਂ ਅਤੇ ਹਲਕਾ (ਸਾਦਾ) ਭੋਜਨ ਖਾਣ ਦੀ ਅਪੀਲ ਕੀਤੀ। ਯੋਗ ਦੇ ਅਨੇਕਾਂ ਫਾਇਦਿਆਂ ਤੋਂ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਜਿਹੜੀ ਕਿ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਰਵੀ ਸਾਗਰ, ਹਰਜੀਤ ਸਿੰਘ ਐੱਸ.ਡੀ.ਓ., ਰਾਜੀਵ ਮਲਹੋਤਰਾ, ਹਰਬੰਸ ਲਾਲ, ਪੀ.ਐੱਸ. ਬਾਘਾ, ਅੰਤਰਰਾਸ਼ਟਰੀ ਕਬੱਡੀ ਕੋਚ ਸੁੱਖਾ ਦਾਖਾ, ਮੋਹਿਤ ਗੋਇਲ, ਰੁਚੀ ਗੋਇਲ, ਬੱਲੀ ਵਿਰਕ, ਕੌਂਸਲਰ ਰੁਪਾਲੀ ਜੈਨ, ਗੁਨਜਨ ਧੂੜੀਆ, ਬਲਜੀਤ ਕੌਰ, ਗੁਰਸ਼ਰਨ ਕੌਰ, ਨਵਦੀਪ ਕੌਰ, ਕੇ. ਸਾਧੂ ਸਿੰਘ, ਪ੍ਰਿੰਸੀਪਲ ਅਵਤਾਰ ਸਿੰਘ, ਰਾਜੂ ਕੁਮਾਰ, ਰਮਨ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜਰ ਸਨ।
ਕੈਪਸ਼ਨ- ਯੋਗ ਅਭਿਆਸ ਕਰਵਾਉਂਦੇ ਯੋਗ ਮਾਹਰ ਅਨਿਲ ਸੇਠੀ।

ਹਲਕਾ ਦਾਖਾ 'ਚ ਭ੍ਰਿਸ਼ਟਾਚਾਰ ਵਿਰੁੱਧ ਆਪ ਦੀ ਮੁਹਿੰਮ ਰੰਗ ਲਿਆਂਈ


ਡਾ. ਕੰਗ ਨੇ 65 ਲੱਖ ਦੀ ਗ੍ਰਾਂਟ ਨਾਲ ਫਾਈਲਾਂ 'ਚ ਲੱਗੀਆਂ ਸਟਰੀਟ ਲਾਈਟਾਂ ਦਾ ਕੀਤਾ ਪਰਦਾਫਾਸ਼
3325 'ਚ ਲੱਗਣ ਵਾਲੀ ਸਟਰੀਟ ਲਾਈਟ 7288 'ਚ ਲੱਗੀ- ਏ.ਡੀ.ਸੀ. ਪੰਚਾਲ ਵੱਲੋਂ ਜਾਂਚ ਜਾਰੀ
ਮੁੱਲਾਂਪੁਰ ਦਾਖਾ, 22 ਜੂਨ (ਸਤਵਿੰਦਰ ਸਿੰਘ ਗਿੱਲ)-  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਚੱਲਦਿਆਂ ਡਾ. ਕੇ.ਐੱਨ.ਐੱਸ. ਕੰਗ ਵੱਲੋਂ ਹਲਕਾ ਦਾਖਾ ਦੇ 26 ਪਿੰਡਾਂ 'ਚ ਲਗਾਈਆਂ ਜਾਣ ਵਾਲੀਆਂ ਸਟਰੀਟ ਲਾਈਟਾਂ ਫਾਈਲਾਂ 'ਚ ਲਗਾਉਣ ਦਾ ਪਰਦਾਫਾਸ਼ ਕਰਦਿਆਂ 65 ਲੱਖ ਰੁਪਏ ਦੇ ਘੋਟਾਲੇ ਦਾ ਖੁਲਾਸਾ ਕੀਤਾ।
        ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਹਲਕਾ ਦਾਖਾ ਦੇ ਇੰਚਾਰਜ ਡਾ. ਕੇ.ਐੱਨ.ਐੱਸ. ਕੰਗ ਨੇ 65 ਲੱਖ ਦੇ ਘੋਟਾਲੇ ਦਾ ਪਰਦਾਫਾਸ਼ ਕਰਦਿਆਂ ਦੱਸਿਆ ਕਿ ਕਾਂਗਰਸ ਸਰਕਾਰ ਮੌਕੇ 26 ਪਿੰਡਾਂ ਵਿਚ ਸਟਰੀਟ ਲਾਈਟਾਂ ਲਗਵਾਉਣ ਲਈ ਕਾਂਗਰਸ ਸਰਕਾਰ ਵੱਲੋਂ 65 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਸੀ ਜੋ ਕਿ 20 ਦਸੰਬਰ 2021 ਨੂੰ ਜਾਰੀ ਕੀਤੀ ਗਈ ਸੀ ਪਰ 27 ਦਸੰਬਰ 2021 ਨੂੰ ਐਕਸੀਅਨ ਸਿੱਧਵਾਂ ਬੇਟ ਨੇ ਸਬੰਧਿਤ ਵਿਭਾਗ ਨੂੰ ਪੱਤਰ ਲਿਖਕੇ ਪ੍ਰਤੀ ਸਟਰੀਟ ਲਾਈਟ ਦੀ ਕੀਮਤ 7288 ਰੁਪਏ ਦਰਸਾਈ ਸੀ। ਪੱਤਰ ਦੇ 
ਜਵਾਬ 'ਚ 31 ਦਸੰਬਰ 21 ਨੂੰ ਸਪੱਸ਼ਟ ਤੌਰ 'ਤੇ ਜਿਕਰ ਕੀਤਾ ਗਿਆ ਸੀ ਕਿ ਪ੍ਰਤੀ ਸਟਰੀਟ ਲਾਈਟ ਦੀ ਕੀਮਤ, ਲਾਈਟ, ਤਾਰ ਲੇਬਰ ਅਤੇ ਕੰਟਰੋਲਰ ਸਮੇਤ 3325 ਰੁਪਏ ਤੋਂ ਵੱਧ ਨਹੀ ਹੋਣੀ ਚਾਹੀਦੀ ਅਤੇ ਇਸ ਦੀ ਪਾਲਣਾ ਕਰਨ ਦੇ ਵੀ ਨਿਰਦੇਸ਼ ਜਾਰੀ ਕੀਤੇ ਸਨ। 
        3 ਜਨਵਰੀ 2022 ਨੂੰ ਸਿੱਧਵਾਂ ਬੇਟ ਬਲਾਕ ਦਾ ਵਿਕਾਸ ਅਤੇ ਪੰਚਾਇਤ ਦਫਤਰ ਦੇ ਦਰਸਖਤ ਵਾਲਾ ਉੱਪ ਯੋਗਤਾ ਸਰਟੀਫੀਕੇਟ ਜਾਰੀ ਕੀਤਾ ਗਿਆ ਜੋ ਕੰਮ ਪੂਰਾ ਹੋਣ ਤੋਂ ਬਾਅਦ ਭੁਗਤਾਨ ਜਾਰੀ ਕਰਨ ਲਈ ਸਰਕਾਰ ਨੂੰ ਭੇਜਿਆ ਗਿਆ ਸੀ, ਵਿਚ ਵਰਤੀ ਗਈ ਰਕਮ 65 ਲੱਖ ਰੁਪਏ ਦਿਖਾਈ ਗਈ ਸੀ ਅਤੇ ਜਦੋਂ ਇਸ ਦੀ ਤੁਲਣਾ ਕੀਤੀ ਗਈ ਤਾਂ ਪ੍ਰਤੀ ਲਾਈਟ ਦੀ ਕੀਮਤ 7288 ਰੁਪਏ ਨਿਕਲੀ ਨਾ ਕਿ 3325 ਰੁਪਏ, ਜੋ 31 ਦਸੰਬਰ 2021 ਨੂੰ ਜਾਰੀ ਪੱਤਰ ਵਿਚ ਹਦਾਇਤਾਂ ਅਨੁਸਾਰ ਹੋਣੀ ਚਾਹੀਦੀ ਸੀ। 
        3 ਜਨਵਰੀ 2022 ਨੂੰ ਲਾਈਟਾਂ ਦਾ ਬਿੱਲ ਪ੍ਰਾਪਤ ਹੋਇਆ ਅਤੇ ਸਾਰੇ ਸਰਪੰਚਾਂ ਨੇ ਲਾਈਟਾਂ ਪ੍ਰਾਪਤ ਹੋਣ ਬਾਰੇ ਸਰਟੀਫੀਕੇਟ ਵੀ ਜਾਰੀ ਕੀਤੇ ਜਿਹਨਾਂ ਵਿਚ ਇੱਕ ਪੰਚਾਇਤ ਮੈਂਬਰ ਦੇ ਦਰਸਤਖਤ ਸਨ ਨਾ ਕਿ ਪਿੰਡ ਦੇ ਸਰਪੰਚ ਦੇ। ਜਦੋਂ ਇਸ ਸਬੰਧੀ ਸਰਪੰਚ ਨਾਲ ਸੰਪਰਕ ਕੀਤਾ ਗਿਆ ਤਾਂ ਸਰਪੰਚ ਨੇ ਪਿੰਡ ਵਿਚ ਸਟਰੀਟ ਲਾਈਟਾਂ ਲੱਗਣ ਤੋਂ ਇਨਕਾਰ ਕੀਤਾ। 
        21 ਜਨਵਰੀ 2022 ਨੂੰ ਬਲਾਕ ਵਿਕਾਸ ਅਫਸਰ ਨੇ ਪੰਚਾਇਤ ਸੰਮਤੀ ਦੇ ਚੇਅਰਮੈਨ ਨੂੰ ਪੱਤਰ ਲਿਖਕੇ ਦੱਸਿਆ ਕਿ ਉਸਨੇ ਸਿਆਸੀ ਦਬਾਅ ਹੇਠ ਚੈਕਾਂ 'ਤੇ ਦਸਤਖਤ ਕੀਤੇ ਅਤੇ ਮੰਗ ਕੀਤੀ ਕਿ ਉਪਰੋਕਤ ਲਾਈਟਾਂ ਪਿੰਡਾਂ ਵਿਚ ਲਗਾਈਆਂ ਜਾਣ। ਇਸ ਉਪਰੰਤ ਬੀ.ਡੀ.ਪੀ.ਓ. ਐੱਸ.ਐੱਸ. ਕੰਗ ਨੇ ਸਿੱਧਵਾਂ ਬੇਟ ਵਿਚ ਲਾਈਟਾਂ ਲਗਾਉਣ ਦੀ ਜਿੰਮੇਵਾਰੀ ਲੈਣ ਵਾਲੀ ਕੰਪਨੀ ਖਿਲਾਫ ਕੇਸ ਦਰਜ ਕਰਨ ਲਈ 27 ਮਈ 2022 ਅਤੇ 16 ਜੂਨ 2022 ਨੂੰ ਐਸ.ਐੱਚ.ਓ. ਸਿੱਧਵਾਂ ਬੇਟ ਨੂੰ ਦਰਖਾਸਤ ਵੀ ਦਿੱਤੀ। 
        ਡਾ. ਕੰਗ ਨੇ ਦੱਸਿਆ ਕਿ ਕਾਂਗਰਸ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਪਿੰਡਾਂ 'ਚ ਆਰ.ਓ. ਸਿਸਟਮ ਲਗਾਉਣ, ਲਾਈਟਾਂ ਲਗਾਉਣ, ਪਿੰਡਾਂ ਦੀਆਂ ਗਲੀਆਂ, ਨਾਲੀਆਂ ਦਾ ਸੁਧਾਰ ਅਤੇ ਨੌਜਵਾਨਾਂ ਨੂੰ ਖੇਡ ਕਿੱਟਾਂ ਦੇਣ ਆਦਿ ਲਈ ਜੋ ਵੀ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਸਨ ਇਹ ਕਾਂਗਰਸ ਪਾਰਟੀ ਦੇ ਕੰਮਾਂ ਲਈ ਵਰਤੀਆਂ ਜਾਂਦੀਆਂ ਸਨ। ਡਾ. ਕੰਗ ਨੇ ਦੱਸਿਆ ਕਿ ਇਸ ਘੋਟਾਲੇ ਸਬੰਧੀ ਉਨ੍ਹਾਂ ਦੀ ਟੀਮ ਨੇ ਸਾਰੇ ਦਰਤਾਵੇਜ ਇਕੱਠੇ ਕਰਨ ਉਪਰੰਤ 16 ਜੂਨ 2022 ਨੂੰ ਇਸ 65 ਲੱਖ ਦੇ ਘੋਟਾਲੇ ਦੀ ਜਾਂਚ ਕਰਵਾਉਣ ਲਈ ਡੀ.ਸੀ. ਲੁਧਿਆਣਾ ਨੂੰ ਮਿਲੇ। ਉਨ੍ਹਾਂ ਨੇ ਇਸ ਘੋਟਾਲੇ ਦੀ ਜਾਂਚ ਏ.ਡੀ.ਸੀ. ਵਿਕਾਸ ਅਮਿੱਤ ਪੰਚਾਲ ਨੂੰ ਦਿੱਤੀ ਅਤੇ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ। ਡਾ. ਕੰਗ ਨੇ ਇਹ ਵੀ ਕਿਹਾ ਕਿ ਇਸ ਘੋਟਾਲੇ ਵਿਚ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀ ਜਾਵੇਗਾ ਚਾਹੇ ਉਹ ਕਿੰਨੀ ਵੀ ਸਿਆਸੀ ਪਹੁੰਚ ਰੱਖਦਾ ਹੋਵੇ।

ਕੈਪਸ਼ਨ: ਜਾਣਕਾਰੀ ਦਿੰਦੇ ਡਾ. ਕੇ.ਐੱਨ.ਐੱਸ. ਕੰਗ।

ਕੱਲ੍ਹ ਜਗਰਾਉਂ ਦੇ ਕੁਝ ਇਲਾਕਿਆਂ ਵਿੱਚ ਮੁਰੰਮਤ ਕਾਰਨ ਬਿਜਲੀ ਸਪਲਾਈ ਬੰਦ ਰਹੇਗੀ


ਜਗਰਾਉਂ ਜੂਨ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)  ਕੱਲ੍ਹ ਮਿਤੀ 23-06-2022 ਨੂੰ ਬਿਜਲੀ ਸਪਲਾਈ ਕੁੱਝ ਕਾਰਨਾਂ ਕਰਕੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ   ਬੰਦ ਰਹੇਗੀ, ਜਿਸ ਵਿੱਚ ਰਾਏਕੋਟ ਰੋਡ, ਕੋਠੇ ਰਾਹਲਾਂ, ਕੋਠੇ ਪੋਨੇ ਆਦਿ ਇਲਾਕੇ ਪ੍ਰਭਾਵਿਤ ਰਹਿਣਗੇ।

ਧਰਤੀ ਮਾਂ ਦੀ ਸੇਵਾ ਲਈ 33% ਹਿੱਸੇ ਨੂੰ ਰੂਖਾਂ ਨਾਲ ਸਜਾਉਣ ਲਈ ਦਿੱਤਾ ਮੰਗ ਪੱਤਰ


ਜਗਰਾਉਂ22 ਜੂਨ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਗ੍ਰੀਨ ਪੰਜਾਬ ਮਿਸ਼ਨ ਵੱਲੋਂ ਜਗਰਾਉਂ ਦੀ ਐਮ ਐਲ ਏ ਬੀਬੀ ਸਰਬਜੀਤ ਕੌਰ ਮਾਣੂਕੇ ਨੂੰ ਇਕ ਮੰਗ ਪੱਤਰ ਰਾਹੀ ਧਰਤੀ ਮਾਂ ਨੂੰ ਬਚਾਉਣ ਲਈ ਧਰਤੀ ਦੇ 33% ਹਿਸੇ ਨੂੰ ਦਰਖਤ ਲਗਾਉਣ ਦੇ ਨਾਲ ਨਾਲ ਦਰਖ਼ਤ ਕੱਟਣ ਵਾਲੇਆਂ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਹੈ ਦੀ ਵੀ ਮੰਗ ਕੀਤੀ ਗਈ। ਗ੍ਰੀਨ ਪੰਜਾਬ ਮਿਸ਼ਨ ਪਹਿਲਾਂ ਵੀ ਬਹੁਤ ਸਾਰੇ ਪ੍ਰੋਗਰਾਮਾਂ ਵਿੱਚ ਇਨ੍ਹਾਂ ਮੰਗਾਂ ਪ੍ਰਤੀ ਆਮ ਲੋਕਾਂ ਨੂੰ ਵੀ ਜਾਗਰੂਕ ਕਰਦੇ ਆ ਰਹੇ ਹਨ। ਅੱਜ ਇੱਥੇ ਵੀ ਇਹੀ ਚਿੰਤਾ ਪ੍ਰਗਟਾਈ, ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਦਿਨ ਪ੍ਰਤੀ ਦਿਨ ਹੇਠ ਜਾ ਰਿਹਾ ਹੈ ਤੇ ਪੰਜਾਬ ਜਲਦੀ ਰੇਗਸਤਾਨ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਅੱਗੇ ਉਨ੍ਹਾਂ ਨੇ ਬਰਸਾਤੀ ਪਾਣੀ ਦੀ ਸੰਭਾਲ ਲਈ ਵੀ ਮੰਗ ਪੱਤਰ ਰਾਹੀ ਦੱਸਿਆ ਗਿਆ। ਪੰਜਾਬ ਸਰਕਾਰ ਵੱਲੋਂ ਬਿਨਾਂ ਦੇਰ ਕੀਤਿਆਂ ਇਨ੍ਹਾਂ ਮੰਗਾਂ ਪ੍ਰਤੀ ਧਿਆਨ ਦਿਵਾਇਆ ਗਿਆ।

ਫੀਨਿਕਸ ਅਮਰੀਕਾ ਵਿੱਚ ਰਹਿ ਰਿਹਾ ਇਕ ਪੰਜਾਬੀ ਸ ਆਪਣੇ ਪੈਟਰੋਲ ਪੰਪ ਤੋਂ  ਦੂਜੇ ਪੰਪਾਂ ਨਾਲੋਂ 49 ਪੈਸੇ ਪ੍ਰਤੀ ਗੈਲਨ ਸਸਤਾ ਵੇਚ ਰਿਹਾ ਹੈ ਪੈਟਰੋਲ  

ਅਮਰੀਕਾ  ਦੇ ਅੰਗਰੇਜ਼ੀ ਅਖ਼ਬਾਰਾਂ ਦੀਆਂ ਸੁਰਖੀਆਂ ਬਣਿਆ ਬਣਨ ਵਾਲਾ ਪੰਜਾਬੀ ਸਿੱਖ ਪਰਿਵਾਰ ਮਨੁੱਖਤਾ ਦੀ ਸੇਵਾ ਕਰ ਕੇ ਵੱਡੀ ਉਦਾਹਰਨ ਬਣ ਰਿਹੈ 

ਫੀਨਿਕਸ /ਅਮਰੀਕਾ , 22 ( ਜੂਨ ਜਨ ਸ਼ਕਤੀ ਨਿਊਜ਼ ਬਿਊਰੋ  ) ਅਮਰੀਕਾ ਤੋਂ ਛਪਣ ਵਾਲੇ ਇੰਗਲਿਸ਼ ਅਖਬਾਰ  ਦੇ ਅਨੁਸਾਰ, ਇੱਕ ਵੈਲੇਰੋ ਫੂਡ ਮਾਰਟ ਦਾ ਮਾਲਕ ਜਸਵਿੰਦਰ ਸਿੰਘ, ਬੀਤੇ ਸ਼ੁੱਕਰਵਾਰ ਨੂੰ $5.19 ਪ੍ਰਤੀ ਗੈਲਨ ਵਿੱਚ ਨਿਯਮਤ ਗੈਸ ਵੇਚ ਰਿਹਾ ਸੀ, ਜਦੋਂ ਸ਼ਹਿਰ ਵਿੱਚ ਔਸਤ ਕੀਮਤ ਲਗਭਗ $5.68 ਸੀ।

ਜਸਵਿੰਦਰ ਸਿੰਘ ਅਤੇ ਉਸ ਦਾ ਪਰਿਵਾਰ  ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਫੀਨਿਕਸ ਵਿੱਚ ਰਹਿ ਰਹੇ ਹਨ। ਉਸ ਦੇ ਤਿੰਨ ਬੱਚੇ ਹਨ, ਜਿਨ੍ਹਾਂ ਵਿੱਚੋਂ ਇੱਕ ਕਾਲਜ ਵਿੱਚ ਪੜ੍ਹਦਾ ਹੈ। ਉਸਨੇ ਦੱਸਿਆ ਕਿ ਉਹ ਹਰ ਰੋਜ਼ ਸਵੇਰੇ 4 ਵਜੇ ਤੋਂ ਅੱਧੀ ਰਾਤ ਤੱਕ ਕੰਮ ਕਰਦਾ ਹੈ ਅਤੇ ਉਸਦੀ ਪਤਨੀ ਰਮਨਦੀਪ ਕੌਰ ਵੀ ਸਟੋਰ ਵਿੱਚ ਮਦਦ ਕਰਦੀ ਹੈ। ਜਸਵਿੰਦਰ ਸਿੰਘ ਦੇ ਘਰ ਅਤੇ ਕੰਮ 'ਤੇ, ਹਜ਼ਾਰਾਂ ਡਾਲਰਾਂ ਦੇ ਪ੍ਰਾਪਰਟੀ ਟੈਕਸ ਤੋਂ ਲੈ ਕੇ ਆਪਣੇ ਗੈਸ ਸਟੇਸ਼ਨ ਅਤੇ ਘਰ ਲਈ ਬੀਮਾ ਭੁਗਤਾਨ ਅਤੇ ਹੋਰ ਕਰਜ਼ ਲਈ ਬਹੁਤ ਸਾਰੇ ਖਰਚੇ ਹਨ। ਪਰ ਉਸਨੇ ਕਿਹਾ ਕਿ "ਮਨੁੱਖਤਾ ਦੀ ਮਦਦ" ਅਤੇ ਉਸ ਦੀਆਂ ਸਿੱਖ ਧਾਰਮਿਕ ਕਦਰਾਂ-ਕੀਮਤਾਂ ਨੇ ਉਸ ਨੂੰ ਗੈਸ ਦੀਆਂ ਕੀਮਤਾਂ ਨੂੰ ਘੱਟ ਰੱਖਣ ਦਾ ਵਪਾਰਕ ਫ਼ੈਸਲਾ ਲਿਆ ਹੈ । ਉਸ ਨੇ ਆਖਿਆ ਕਿ ਮੈਂ ਸੋਚਦਾ ਹਾਂ ਕੀ ਇਸ ਨਾਲ ਉਨ੍ਹਾਂ ਜ਼ਰੂਰਤਮੰਦ ਲੋਕਾਂ ਦੀ ਮਦਦ ਹੋਵੇਗੀ ਜਿਨ੍ਹਾਂ ਉਪਰ ਅੱਜ ਦੇ ਇਸ ਮਹਿੰਗਾਈ ਦੇ ਸਮੇਂ ਵਿੱਚ ਪੈਟਰੋਲ ਦੀਅਾਂ ਕੀਮਤਾਂ ਚ ਭਾਰੀ ਪੈ ਰਹੀਆਂ ਹਨ ਬਹੁਤੇ ਲੋਕਾਂ ਦਾ ਜਨਜੀਵਨ ਤਹਿਸ ਨਹਿਸ ਹੋ ਰਿਹਾ ਹੈ।   ਅੰਗਰੇਜ਼ੀ ਅਖ਼ਬਾਰ ਅਨੁਸਾਰ  “ਅਸੀਂ ਆਪਣੇ ਬੱਚਿਆਂ ਨੂੰ ਇਹੀ ਸਿਖਾਉਂਦੇ ਹਾਂ,” ਉਸਨੇ ਕਿਹਾ। "ਜੇ ਤੁਹਾਡੇ ਕੋਲ ਕੁਝ ਹੈ, ਤਾਂ ਤੁਹਾਨੂੰ ਇਸਨੂੰ ਦੂਜੇ ਲੋਕਾਂ ਨਾਲ ਸਾਂਝਾ ਕਰਨਾ ਜ਼ਰੂਰੀ ਹੈ "

23 ਜੂਨ 1757 ਈ.ਪਲਾਸੀ ਦੀ ਲੜਾਈ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ

ਆਓ ਜਾਣੀਏ ਕੀ ਸੀ—-23 ਜੂਨ 1757 ਈ.ਪਲਾਸੀ ਦੀ ਲੜਾਈ
ਜਦੋਂ 1707 ਵਿੱਚ ਔਰੰਗਜ਼ੇਬ ਦੀ ਮੌਤ ਹੋਈ ਤਾਂ ਉਸਦੀ ਮੌਤ ਦੇ ਤੁਰੰਤ ਬਾਅਦ ਹੀ ਮੁਗਲ ਸਾਮਰਾਜ ਦਾ ਤੇਜ਼ੀ ਨਾਲ ਪਤਨ ਸ਼ੁਰੂ ਹੋ ਗਿਆ ਸੀ ਅਤੇ ਬੰਗਾਲ ਤਕਨੀਕੀ ਰੂਪ ਵਿੱਚ ਮੁਗਲ ਸਾਮਰਾਜ ਦਾ ਹਿੱਸਾ ਹੁੰਦੇ ਹੋਏ ਵੀ ਇੱਕ ਤਰ੍ਹਾਂ ਨਾਲ ਆਜ਼ਾਦ ਸੂਬਾ ਬਣ ਗਿਆ ਸੀ।ਹੌਲੀ-ਹੌਲੀ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਨੇ ਇੱਥੇ ਆਪਣੀਆਂ ਫੈਕਟਰੀਆਂ ਦੀ ਕਿਲੇਬੰਦੀ ਕਰਨੀ ਸ਼ੁਰੂ ਕਰ ਦਿੱਤੀ ਸੀ ਤਾਂ ਨਵਾਬ ਸਿਰਾਜਉਦਦੌਲਾ ਨੂੰ ਮਹਿਸੂਸ ਹੋਇਆ ਕਿ ਉਹ ਆਪਣੇ ਹੱਕਾਂ ਦੀ ਗ਼ਲਤ ਵਰਤੋਂ ਕਰ ਰਹੇ ਹਨ।ਇਹ ਸਭ ਕੁੱਝ ਨਵਾਬ ਲਈ ਅਸਹਿ ਸੀ ਉਸਨੇ ਪਹਿਲਾ ਤਾਂ ਅੰਗਰੇਜ਼ਾਂ ਨਾਲ ਗੱਲ ਬਾਤ ਕੀਤੀ ਜਵਾਬ ਤਲਬੀ ਕੀਤੀ ।ਅੰਗਰੇਜ਼ਾਂ ਦੇ ਜਵਾਬ ਨਾਲ ਨਵਾਬ ਨੂੰ ਤਸੱਲੀ ਨਹੀਂ ਹੋਈ ਅਤੇ 16 ਜੂਨ 1756 ਨੂੰ ਉਨ੍ਹਾਂ ਨੇ ਕਲਕੱਤੇ ਉੱਤੇ ਹਮਲਾ ਕਰ ਦਿੱਤਾ। 20 ਜੂਨ, 1756 ਨੂੰ ਸਿਰਾਜਉਦਦੌਲਾ ਦੇ ਸਿਪਾਹੀ ਫੋਰਟ ਵਿਲੀਅਮ ਦੀਆਂ ਕੰਧਾਂ ਤੋੜ ਕੇ ਅੰਦਰ ਦਾਖਲ ਹੋਏ ਅਤੇ ਅੰਗਰੇਜ਼ਾਂ ਦੀ ਪੂਰੀ ਗੈਰੀਸਨ ਨੇ ਉਨ੍ਹਾਂ ਸਾਹਮਣੇ ਆਤਮ ਸਮਰਪਣ ਕਰ ਦਿੱਤਾ।ਐੱਸ ਸੀ ਹਿੱਲ ਨੇ ਆਪਣੀ ਕਿਤਾਬ 'ਬੰਗਾਲ ਇਨ 1857-58, ਵਿੱਚ ਲਿਖਿਆ,'ਸਿਰਾਜਉਦਦੌਲਾ ਨੇ ਫੋਰਟ ਵਿਲੀਅਮ ਦੇ ਵਿੱਚ ਆਪਣਾ ਦਰਬਾਰ ਲਾਇਆ ਜਿੱਥੋਂ ਉਨ੍ਹਾਂ ਨੇ ਐਲਾਨ ਕੀਤਾ ਕਿ ਕਲਕੱਤਾ ਦਾ ਨਾਮ ਬਦਲ ਕੇ ਅਲੀਨਗਰ ਰੱਖਿਆ ਜਾ ਰਿਹਾ ਹੈ।
ਕਲਕੱਤੇ ਦੀ ਘੇਰਾਬੰਦੀ ਦੌਰਾਨ ਫੜੇ ਗਏ ਕੈਦੀਆਂ ਨੂੰ ਸਿਰਾਜੂਦੌਲਾ ਨੇ ਆਪਣੀ ਸੁਰੱਖਿਆ ਦੇ ਅਧਿਕਾਰੀਆਂ ਦੀ ਦੇਖ -ਰੇਖ ਵਿੱਚ ਤਬਦੀਲ ਕਰ ਦਿੱਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਬਲੈਕ ਹੋਲ ਦੇ ਨਾਂ ਨਾਲ ਜਾਣੇ ਜਾਂਦੇ ਫੋਰਟ ਵਿਲੀਅਮ ਦੇ ਸਾਂਝੇ ਤਹਿਖਾਨੇ ਵਿੱਚ ਬੰਦ ਕਰ ਦਿੱਤਾ।ਇਸ ਦੋ ਛੋਟੀਆਂ ਖਿੜਕੀਆਂ ਵਾਲੇ ਤਹਿਖਾਨੇ ਵਿੱਚ, ਜਿਹੜਾ 18×14 ਫੁੱਟ (5.5 ਮੀਟਰ × 4.3 ਮੀਟਰ) ਦੇ ਸਾਈਜ਼ ਦਾ ਸੀ, 146 ਕੈਦੀ ਸਨ - ਅਸਲ ਵਿੱਚ ਬ੍ਰਿਟਿਸ਼ਾਂ  ਦੁਆਰਾ ਸਿਰਫ ਛੇ ਕੈਦੀਆਂ ਨੂੰ ਰੱਖਣ ਲਈ ਵਰਤਿਆ ਜਾਂਦਾ ਸੀ ।21 ਜੂਨ ਨੂੰ, ਕੋਠੜੀ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਅਤੇ 146 ਵਿੱਚੋਂ ਸਿਰਫ 23 ਬਾਹਰ ਆਏ, ਬਾਕੀ ਦਮ ਘੁੱਟਣ, ਥਕਾਵਟ ਅਤੇ ਵਿਗੜੀ ਹੋਈ ਮਾਨਸਿਕ ਹਾਲਤ ਕਰਕੇ ਮਰ ਗਏ l ਇਸਨੂੰ ਬਲੈਕ ਹੋਲ ਘਟਨਾ ਕਹਿੰਦੇ ਹਨ।
ਇਹ ਲੜਾਈ 23 ਜੂਨ 1757 ਨੂੰ ਕਲਕੱਤਾ ਤੋਂ ਲਗਪਗ 150 ਕਿਮੀਃ ਉੱਤਰ ਵੱਲ ਅਤੇ ਮੁਰਸ਼ਿਦਾਬਾਦ ਦੇ ਦੱਖਣ ਵਿੱਚ 22 ਮੀਲ ਦੂਰ ਮੁਰਸ਼ਿਦਾਬਾਦ ਦੱਖਣ ਵਿੱਚ 22 ਮੀਲ ਦੂਰ ਨਾਦੀਆ ਜਿਲ੍ਹੇ ਵਿੱਚ ਵਿੱਚ ਹੁਗਲੀ ਨਦੀ ਦੇ ਕੰਢੇ ਪਲਾਸੀ ਨਾਮਕ ਸਥਾਨ 'ਤੇ ਹੋਈ ਸੀ। ਇਸ ਲੜਾਈ ਵਿੱਚ ਇੱਕ ਪਾਸੇ ਬਰਤਾਨਵੀ ਈਸਟ ਇੰਡੀਆ ਕੰਪਨੀ ਦੀ ਫੌਜ ਸੀ ਅਤੇ ਦੂਜੇ ਪਾਸੇ ਬੰਗਾਲ ਦੇ ਨਵਾਬ ਅਤੇ ਉਸਦੇ ਫਰਾਂਸੀਸੀ ਹਮੈਤੀਆਂ ਦੀ ਫੌਜ। ਇਹ ਲੜਾਈ ਸੱਤ ਸਾਲ (1756–63) ਲੰਮੀ ਜੰਗ ਦੇ ਦੌਰਾਨ ਹੋਈ ਸੀ। ਕੰਪਨੀ ਦੀ ਫੌਜ ਨੇ ਰਾਬਰਟ ਕਲਾਈਵ ਦੀ ਅਗਵਾਈ ਵਿੱਚ ਨਵਾਬ ਸਿਰਾਜ ਉਦ-ਦੌਲਾ ਨੂੰ ਹਰਾ ਦਿੱਤਾ ਸੀ। ਪਲਾਸੀ ਦੀ ਲੜਾਈ ਰੌਬਰਟ ਕਲਾਈਵ ਦੀ ਅਗਵਾਈ ਵਿੱਚ 23 ਜੂਨ 1757 ਨੂੰ ਬੰਗਾਲ ਦੇ ਨਵਾਬ ਅਤੇ ਉਸਦੇ ਫ੍ਰਾਂਸੀਸੀ ਸਹਿਯੋਗੀਆਂ ਦੀ ਇੱਕ ਕਿਤੇ ਵੱਡੀ ਤਾਕਤ ਉੱਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਇੱਕ ਨਿਰਣਾਇਕ ਜਿੱਤ ਸੀ। ਮੀਰ ਜਫਰ ਅਤੇ ਰਾਇ ਦੁਰਲੱਭ ਨੇ ਅੰਗਰੇਜ਼ਾਂ ਨਾਲ ਗੱਠਜੋੜ ਕੀਤਾ ਸੀ | ਨਵਾਬ ਯੁੱਧ ਹਾਰ ਗਿਆ ਸੀ | ਅੰਗਰੇਜ਼ਾਂ ਨੇ ਉਸ ਨੂੰ ਕੈਦੀ ਬਣਾ ਮਾਰ ਦਿੱਤਾ ਸੀ |ਮੀਰ ਕਾਸਿਮ ਨੂੰ ਗੱਦੀ ਤੇ ਬਿਠਾ ਦਿੱਤਾ ਅਤੇ ਓਹ ਅੰਗਰੇਜ਼ਾਂ ਦੇ ਹੱਥ ਕਰਤਪੁਤਲੀ ਸੀ ।ਗਵਰਨਰ ਕਲਾਈਵ ਨੇ ਮੀਰ ਕਾਸਿਮ ਨੂੰ ਗੱਦੀ ਤੇ ਬਿਠਾ ਦਿੱਤਾ ਸੀ | ਮੀਰ ਕਾਸਿਮ ਨੂੰ ਅੰਗਰੇਜਾਂ ਤੋਂ ਮੁਕਤੀ ਚਾਹੀਦੀ ਸੀ | ਉਸਨੇ ਫ੍ਰਾਂਸੀਸੀ ਆਪਣੇ ਸੈਨਿਕਾਂ ਲਈ ਯੂਰਪੀਅਨ ਅਧਿਕਾਰੀਆ ਤੋਂ ਟ੍ਰੇਨਿੰਗ ਦਵਾਈ | ਕਾਸਿਮ ਨੇ ਅੰਗਰੇਜ਼ਾਂ ਅਤੇ ਭਾਰਤ ਵਿੱਚ ਵਪਾਰ ਕਰ ਰਹੇ ਦੋਹਾਂ ਲਈ ਇੱਕ ਵਰਗੇ ਨਿਯਮ ਕਰ ਦਿੱਤੇ | ਜਿਸ ਕਾਰਨ ਅੰਗਰੇਜ਼ਾਂ ਨੂੰ ਭਾਰੀ ਨੁਕਸਾਨ ਹੋ ਹੋ ਗਿਆ ਅਤੇ ਯੁੱਧ ਦਾ ਐਲਾਨ ਕਰ ਦਿੱਤਾ ਗਿਆ ਸੀ | ਇਸ ਨੂੰ ਬਸਤੀਵਾਦੀ ਸ਼ਕਤੀਆਂ ਦੁਆਰਾ ਭਾਰਤੀ ਉਪ -ਮਹਾਂਦੀਪ ਦੇ ਨਿਯੰਤਰਣ ਵਿੱਚ ਮੁੱਖ ਲੜਾਈਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ l ਬਰਤਾਨਵੀਆਂ ਨੇ ਹੁਣ ਨਵਾਬ, ਮੀਰ ਜਾਫਰ ਉੱਤੇ ਬਹੁਤ ਦਬਾਅ ਪਾਇਆ ਅਤੇ ਨਤੀਜੇ ਵਜੋਂ ਪਿਛਲੇ ਨੁਕਸਾਨ ਅਤੇ ਵਪਾਰ ਤੋਂ ਹੋਣ ਵਾਲੀ ਆਮਦਨੀ ਲਈ ਮਹੱਤਵਪੂਰਣ ਰਿਆਇਤਾਂ ਪ੍ਰਾਪਤ ਕੀਤੀਆਂ।ਬਰਤਾਨਵੀਆਂ ਨੇ ਇਸ ਆਮਦਨੀ ਦੀ ਵਰਤੋਂ ਆਪਣੀ ਫੌਜੀ ਸ਼ਕਤੀ ਨੂੰ ਵਧਾਉਣ ਅਤੇ ਹੋਰ ਯੂਰਪੀਅਨ ਬਸਤੀਵਾਦੀ ਸ਼ਕਤੀਆਂ ਜਿਵੇਂ ਕਿ ਡੱਚ ਅਤੇ ਫ੍ਰਾਂਸੀਸੀਆਂ ਨੂੰ ਦੱਖਣੀ ਏਸ਼ੀਆ ਤੋਂ ਬਾਹਰ ਕੱਢਣ ਲਈ ਕੀਤੀ, ਇਸ ਤਰ੍ਹਾਂ ਬ੍ਰਿਟਿਸ਼ ਸਾਮਰਾਜ ਦਾ ਵਿਸਥਾਰ ਹੋਇਆ।

ਅਸਿਸਟੈਂਟ ਪ੍ਰੋ .ਗਗਨਦੀਪ ਕੌਰ ਧਾਲੀਵਾਲ

ਸਹੀਦ ਕਰਤਾਰ ਸਿੰਘ ਸ਼ਰਾਭਾ ਨਰਸਿੰਗ ਕਾਲਜ ਸਰਾਭਾ ਵਿਖੇ ਅੰਤਰਾਸ਼ਟਰੀ ਯੋਗ ਦਿਵਸ਼ ਮਨਾਇਆ ਗਿਆ

 ਮੁੱਲਾਂਪੁਰ ਦਾਖਾ , 21 ਜੂਨ (ਸਤਵਿੰਦਰ  ਸਿੰਘ ਗਿੱਲ)  ਸ਼ਹੀਦ ਕਰਤਾਰ ਸ਼ਿੰਘ ਸ਼ਰਾਭਾ ਨਰਸਿੰਗ ਕਾਲਜ ਵਿਖੇ ਯੋਗ ਦਿਵਸ਼ ਮਨਾਇਆ ਗਿਆ ਜਿਸ ਵਿੱਚ ਅਧਿਆਪਕਾ ਅਤੇ ਵਿਦਿਆਰਥੀਆ ਨੇ ਭਾਗ ਲਿਆ ¡ਇਸ ਮੌਕੇ ਡਾਕਟਰ ਸੁਦੀਪ ਕੌਰ ਨੇ ਵਿਦਿਆਰਥੀਆ ਨੂੰ ਵੱਖ਼ ਵੱਖ ਯੋਗ ਆਸ਼ਣ ਕਰਵਾਏ ਅਤੇ ਓਹਨਾ ਆਸ਼ਣਾ ਦੇ ਲ਼ਾਭ ਬਾਰੇ ਦੱਸਿਆ| ਓਹਨਾ ਨੇ ਕਿਹਾ ਕਿ ਵਿਦਿਆਰਥੀਆ ਨੂੰ ਹਰ ਰੋਜ਼ ਯੋਗ ਕਰਕੇ ਆਪਣੇ  ਸ਼ਰੀਰ ਨੂੰ ਤੰਦਰੁਸਤ ਰੱਖਣਾ ਚਾਹੀਦਾ ਹੈ ਕਿਓਕਿ ਸ਼ਰੀਰਕ ਤੌਰ ਤੇ ਤੰਦਰੁਸਤ ਵਿਦਿਆਰਥੀ ਹੀ ਚੰਗੀ ਪੜਾਈ ਕਰ ਸਕਦਾ ਹੈ ।|

ਪ੍ਰੋਫ਼ੈਸਰ ਕਰਮ ਸਿੰਘ ਸੰਧੂ ਨੂੰ ਸਰਬਸੰਮਤੀ ਨਾਲ ਸਾਹਿਤ ਸਭਾ ਜਗਰਾਉਂ ਦੇ ਪ੍ਰਧਾਨ ਚੁਣੇ ਜਾਣ ਤੇ ਇਲਾਕੇ ਭਰ ਤੋਂ ਲੋਕ ਦੇ ਰਹੇ ਹਨ ਵਧਾਈਆਂ   

ਜਗਰਾਓਂ, 21 ਜੂਨ ( ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ  ) ਸਾਹਿਤ ਸਭਾ ਜਗਰਾਓਂ ਦੇ ਨਵੇਂ ਅਹੁਦੇਦਾਰਾਂ ਦੀ ਹੋਈ ਚੋਣ 'ਚ ਸਰਬਸੰਮਤੀ ਨਾਲ ਨਵੀਂ ਚੁਣੀ ਟੀਮ 'ਚ ਪ੍ਰਧਾਨ ਚੁਣੇ ਗਏ ਪੋ੍. ਕਰਮ ਸਿੰਘ ਸੰਧੂ, ਸਰਪ੍ਰਸਤ ਪ੍ਰਭਜੋਤ ਸੋਹੀ, ਮੀਤ ਪ੍ਰਧਾਨ ਪੋ੍. ਐੱਚਐੱਸ ਡਿੰਪਲ, ਸਕੱਤਰ ਪ੍ਰਿੰਸੀਪਲ ਦਲਜੀਤ ਕੌਰ ਹਠੂਰ ਖਜ਼ਾਨਚੀ ਅਵਤਾਰ ਜਗਰਾਓਂ, ਹਰਪ੍ਰਰੀਤ ਅਖਾੜਾ ਨੂੰ ਪ੍ਰਰੈੱਸ ਸਕੱਤਰ ਤੇ ਪੜਤਾਲ ਕਰਤਾ ਹਰਚੰਦ ਸਿੰਘ ਗਿੱਲ ਨੂੰ ਪ੍ਰਸਿੱਧ ਨਾਵਲਕਾਰ ਮਿੱਤਰ ਸੈਨ ਮੀਤ, ਸ਼ੋ੍ਮਣੀ ਗੀਤਕਾਰ ਅਮਰੀਕ ਸਿੰਘ ਤਲਵੰਡੀ, ਜਨ ਸ਼ਕਤੀ ਨਿਊਜ਼ ਦੇ ਮਾਲਕ ਅਮਨਜੀਤ ਸਿੰਘ ਖਹਿਰਾ , ਸ ਗੁਰਮੇਲ ਸਿੰਘ ਮੱਲ੍ਹੀ ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਇੰਗਲੈਂਡ,  ਮਹਿਫ਼ਲ-ਏ-ਅਦੀਬ ਸੰਸਥਾ ਦੇ ਸਰਪ੍ਰਸਤ ਅਰਜਨ ਸਿੰਘ ਚਚਰਾੜੀ, ਡਾ ਬਲਦੇਵ ਸਿੰਘ ਸਾਬਕਾ ਡਾਇਰੈਕਟਰ ਪੰਜਾਬ ਸਰਕਾਰ ਤੇ ਜਨ ਸ਼ਕਤੀ ਨਿਊਜ਼ ਦੇ ਖ਼ਬਰ  ਅਨੈਲਸਿਸਟ , ਪ੍ਰੋ ਬਾਵਾ ਸਿੰਘ , ਕੈਪਟਨ ਪੂਰਨ ਸਿੰਘ ਗਗੜਾ, ਸ਼ਬਦ ਅਦਬ ਸਾਹਿਤ ਸਭਾ ਮਾਣੂੰਕੇ ਦੇ ਪ੍ਰਧਾਨ ਰਛਪਾਲ ਸਿੰਘ ਚਕਰ, ਸਾਬਕਾ ਪ੍ਰਧਾਨ ਮਹਿੰਦਰ ਸਿੰਘ ਸਿੱਧੂ, ਸਾਬਕਾ ਪ੍ਰਧਾਨ ਰਜਿੰਦਰਪਾਲ ਸ਼ਰਮਾ, ਪੋ੍. ਗੁਰਦੇਵ ਸਿੰਘ ਸੰਦੌੜ, ਪ੍ਰਿੰਸੀਪਲ ਬਲਵੰਤ ਸਿੰਘ ਸੰਧੂ, ਰੂਮੀ ਰਾਜ, ਕਾਨਤਾ ਦੇਵੀ, ਦੀਪ ਲੁਧਿਆਣਵੀ, ਕੁਲਦੀਪ ਕੌਰ ਖਹਿਰਾ, ਗ੍ਰੀਨ ਪੰਜਾਬ ਮਿਸ਼ਨ ਟੀਮ ਦੇ ਮੁਖੀ ਸਤਪਾਲ ਸਿੰਘ ਦੇਹਡ਼ਕਾ , ਮਾਸਟਰ ਹਰਨਰਾਇਣ ਸਿੰਘ , ਪ੍ਰਿੰਸੀਪਲ ਹਰਦਿਆਲ ਸਿੰਘ ਲਿੱਟ  , ਕੇਬਲ ਮਲਹੋਤਰਾ ,ਮੇਜਰ ਸਿੰਘ ਛੀਨਾ , ਮਨੀ ਹਠੂਰ, ਮਹਿੰਦਰ ਸਿੰਘ ਸੰਧੂ, ਮਾਸਟਰ ਅਵਤਾਰ ਸਿੰਘ ਭੁੱਲਰ, ਜੀਵਨ ਕੁਮਾਰ ਗੋਲਡੀ, ਪਰਮਜੀਤ ਸਿੰਘ ਖਹਿਰਾ ਨੇ ਵਧਾਈ ਦਿੰਦਿਆਂ ਪ੍ਰੋ ਕਰਮ ਸਿੰਘ ਸੰਧੂ ਦੇ ਪੰਜਾਬੀ ਭਾਸ਼ਾ , ਪੰਜਾਬੀ ਸਾਹਿਤ ਦੇ ਪਸਾਰ ਅਤੇ ਨੌਜਵਾਨਾਂ ਨੂੰ ਸਹੀ ਸੇਧ ਅਤੇ ਸਿੱਖਿਆ ਦੇਣ ਅਤੇ ਸਮਾਜ ਭਲਾਈ ਦੇ ਕੰਮਾਂ ਵਿਚ ਵਧ ਚਡ਼੍ਹ ਕੇ ਹਿੱਸਾ ਲੈਣ ਦੀ ਸ਼ਲਾਘਾ ਕੀਤੀ ।

 

ਅੱਗਰਵਾਲ ਸਮਾਜ ਸਭਾ ਵੱਲੋਂ ਮਨਾਇਆ ਗਿਆ ਯੋਗ ਦਿਵਸ ਅਤੇ ਬੂਟੇ ਲਗਾਏ ਗਏ

ਧਰਮਕੋਟ, ਜੂਨ 21 (ਮਨੋਜ ਕੁਮਾਰ ਨਿੱਕੂ )ਅੱਗਰਵਾਲ ਸਮਾਜ ਸਭਾ ਮੋਗਾ ਦੀ ਟੀਮ ਵੱਲੋਂ ਕਸ਼ਮੀਰੀ ਪਾਰਕ ਵਿੱਚ ਬੂਟੇ ਲਗਾ ਕੇ ਯੋਗ ਦਿਵਸ ਮਨਾਇਆ ਗਿਆ ਪਾਰਕ ਵਿੱਚ ਕੰਗੀ ਪਾਮ ਅਤੇ ਪੈਨਸਿਲ ਪਾਮ ਦੇ ਬੂਟੇ ਲਗਾਏ ਗਏ। ਇਸ ਮੌਕੇ ਸਭਾ ਦੇ ਸੂਬਾ ਪ੍ਰਧਾਨ ਅਤੇ ਅਗਰੋਹਾ ਵਿਕਾਸ ਟਰੱਸਟ ਦੇ ਪੰਜਾਬ ਚੇਅਰਮੈਨ ਡਾ: ਅਜੇ ਕਾਂਸਲ ਜੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਅਜੈ ਕਾਂਸਲ ਜੀ ਨੇ ਦੱਸਿਆ ਕਿ ਯੋਗਾ ਭਾਰਤੀ ਸੰਸਕ੍ਰਿਤੀ ਦਾ ਅਨਿੱਖੜਵਾਂ ਅੰਗ ਹੈ ਅਤੇ ਇਸ ਦਿਨ ਅੱਗਰਵਾਲ ਸਮਾਜ ਸਭਾ ਵੱਲੋਂ ਬੂਟੇ ਲਗਾ ਕੇ ਵਾਤਾਵਰਨ ਨੂੰ ਸ਼ੁੱਧ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਰੁੱਖ ਲਗਾਉਣ ਨਾਲ ਹਵਾ ਵਿੱਚ ਆਕਸੀਜਨ ਦੀ ਮਾਤਰਾ ਵਧਦੀ ਹੈ ਅਤੇ ਵਾਤਾਵਰਣ ਵੀ ਤੰਦਰੁਸਤ ਰਹਿੰਦਾ ਹੈ। ਪਾਰਕ ਵਿੱਚ ਸਵੇਰ ਤੋਂ ਸ਼ਾਮ ਤੱਕ ਬਹੁਤ ਸਾਰੇ ਲੋਕ ਸੈਰ ਕਰਨ ਲਈ ਆਉਂਦੇ ਹਨ ਅਤੇ ਉਨ੍ਹਾਂ ਸਾਰਿਆਂ ਨੂੰ ਸਾਫ਼-ਸੁਥਰੀ ਹਵਾ ਮਿਲ ਸਕੇਗੀ ਅਤੇ ਪਾਰਕ ਹੋਰ ਹਰਾ-ਭਰਾ ਦਿਖਾਈ ਦੇਵੇਗਾ। ਇਸ ਮੌਕੇ ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਘੱਟੋ-ਘੱਟ ਪਲਾਸਟਿਕ ਦੀ ਵਰਤੋਂ ਕਰਨ, ਹਰ ਸਾਲ ਘੱਟੋ-ਘੱਟ ਇੱਕ ਰੁੱਖ ਜ਼ਰੂਰ ਲਗਾਉਣ, ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖਣ ਅਤੇ ਨਦੀਆਂ ਵਿੱਚ ਕੂੜਾ ਨਾ ਸੁੱਟਣ। ਇਸ ਮੌਕੇ ਤਹਿਸੀਲਦਾਰ ਮੋਗਾ ਦਿਵਿਆ ਸਿੰਗਲਾ ਜੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਕੱਤਰਤਾ ਦੀ ਸ਼ਲਾਘਾ ਕਰਦਿਆਂ ਹਰ ਵਰਕਰ ਦੀ ਹੌਂਸਲਾ ਅਫਜਾਈ ਕੀਤੀ ਗਈ ਅਤੇ ਧੰਨਵਾਦ ਕੀਤਾ ਗਿਆ। ਮੀਟਿੰਗ ਦਾ ਮੁੱਖ ਮਕਸਦ ਸਿਰਫ ਸਮਾਜ ਸੇਵਾ ਕਰਨਾ ਹੈ ਅਤੇ ਸਭਾ ਦਾ ਹਰ ਵਰਕਰ ਤਨ-ਮਨ ਨਾਲ ਸਮਾਜ ਸੇਵਾ ਕਰ ਰਿਹਾ ਹੈ ਕਿਉਂਕਿ ਸਮਾਜ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ। ਇਸ ਮੌਕੇ ਵਿਜੇ ਸਿੰਗਲਾ ਤਰਲੋਕ ਜਿੰਦਲ ਪਵਨ ਬਾਂਸਲ ਪਵਨ ਗੋਇਲ ਜੀਵਨ ਗੋਇਲ ਪ੍ਰੇਮ ਗੋਇਲ ਮਨੋਜ ਬਾਂਸਲ ਰੋਬਿਨ ਕਾਂਸਲ ਸੂਰਜ ਅਗਰਵਾਲ ਰਮਨ ਗਰਗ ਗੋਵਿੰਦ ਗੁਪਤਾ ਆਰ ਕੇ ਗੁਪਤਾ ਸੁਰਿੰਦਰ ਕਾਂਸਲ ਪੀ ਐਨ ਮਿੱਤਲ ਸਾਹਿਲ ਵਰਮਾ ਬਲਵਿੰਦਰ ਬਿੰਦਾ ਆਦਿ ਹਾਜ਼ਰ ਸਨ।

ਇਮਾਨਦਾਰੀ ਦਾ ਫਰਜ਼ ਨਿਭਾਇਆ

ਧਰਮਕੋਟ, ਜੂਨ 21 (ਮਨੋਜ ਕੁਮਾਰ ਨਿੱਕੂ )ਮਨਜੀਤ ਸਿੰਘ ,ਪਰਜਿੰਦਰ ਸਿੰਘ ਭਿੰਡਰ ਕਲਾਂ ਆਮ ਆਦਮੀ ਪਾਰਟੀ ਦੇ ਆਗੂ‌ ਨੇ ਇਮਾਨਦਾਰੀ ਦਿਖਾਈ ਬੂਟਾ ਸਿੰਘ ਨਾਮ ਦੇ ਵਿਅਕਤੀ ਦਾ ਮੋਬਾਈਲ ਫੋਨ ਡਿੱਗ ਪਿਆ ਜੋ ਕਿ ਧਰਮਕੋਟ ਦਾ ਰਹਿਣ ਵਾਲਾ ਸੀ ਮਨਜੀਤ ਸਿੰਘ ਜੀ ਨੇ ਚੱਕ ਲਿਆ ਅਤੇ ਫੋਨ ਦੇ ਮਾਲਕ ਤੱਕ ਪਹੁੰਚਾਇਆ ਬੂਟਾ ਸਿੰਘ ਨੇ ਉਨ੍ਹਾਂ ਦਾ ਤਹਿਦਿਲੋਂ ਧੰਨਵਾਦ ਕੀਤਾ

ਨਫ਼ਰਤ ਈਰਖਾ ਨਾ ਫੈਲਾਈਏ ✍️ ਜਸਵੀਰ ਸ਼ਰਮਾਂ ਦੱਦਾਹੂਰ

ਦੀਨ ਈਮਾਨ ਨਾ ਓਨਾਂ ਦਾ ਕੋਈ ਹੁੰਦਾ,

ਧਾਰਮਿਕ ਅਸਥਾਨਾਂ ਨੂੰ ਨਿਸ਼ਾਨਾ ਬਣਾਂਵਦੇ ਜੋ।

ਇਨਸਾਨੀਅਤ ਦੇ ਦੁਸ਼ਮਣ ਹੁੰਦੇ ਨੇ ਓਹ ਪੱਕੇ,

ਭਾਈਆਂ ਭਾਈਆਂ ਵਿੱਚ ਵੰਡੀਆਂ ਪਾਂਵਦੇ ਜੋ।

ਕੰਧ ਨਫ਼ਰਤ ਦੀ ਉਸਾਰਦੇ ਵਿੱਚ ਦੁਨੀਆਂ,

ਆਪਣਿਆਂ ਨੂੰ ਆਪਣਿਆਂ ਦੇ ਨਾਲ ਲੜਾਂਵਦੇ ਜੋ।

ਕੁਲੈਹਿਣੇ ਲੋਕ ਓਹ ਧਰਤੀ ਤੇ ਭਾਰ ਹੁੰਦੇ,

ਜੱਗ ਵਿੱਚ ਹੈਵਾਨੀਅਤ ਫੈਲਾਂਵਦੇ ਜੋ।

ਨਾ ਓਹ ਬਣੇ ਕਿਸੇ ਦੇ ਤੇ ਨਾ ਹੀ ਓਨਾਂ ਹੈ ਬਨਣਾ,

ਓਸ ਪਰਵਦਗਾਰ ਨੂੰ ਦਿਲੋਂ ਭੁਲਾਂਵਦੇ ਜੋ।

ਸੱਚਾ ਸਤਿਗੁਰੂ ਹੀ ਜੇਕਰ ਸੁਮੱਤ ਬਖਸ਼ੇ,

ਓਹਦੇ ਚਰਨੀਂ ਡਿੱਗ ਭੁਲਾਂ ਬਖ਼ਸ਼ਾਂਵਦੇ ਓਹ। 

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

ਇਹ ਗੱਲਾਂ ਵੀ ਸਾਡੇ ਵਿਰਸੇ ਦੀਆਂ ਨੇ ✍️ ਜਸਵੀਰ ਸ਼ਰਮਾਂ ਦੱਦਾਹੂਰ

 ਪੁਰਾਤਨ ਪੰਜਾਬ ਵਿੱਚ ਕੱਢਵੇਂ,ਦਰੀ ਦੇ ਤੇ ਟੋਕਰੀ ਜਾਂ ਪਲਾਸਟਿਕ ਦੇ ਬੁਣੇ ਹੋਏ ਥੈਲਿਆਂ ਵਿੱਚ ਕੱਪੜੇ ਪਾਏ ਜਾਂਦੇ ਰਹੇ ਹਨ।

 

ਦੋਸਤੋ ਜ਼ਮਾਨੇ ਬਹੁਤ ਅਡਵਾਂਸ ਆ ਗਏ ਹਨ, ਸਮਾਂ ਬੜੀ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ।ਪੁਰਾਣੇ ਸਮਿਆਂ ਦੀਆਂ ਗੱਲਾਂ ਆਪਣੀ ਅਜੋਕੀ ਪੀੜ੍ਹੀ ਨੂੰ ਮਹਿਜ਼ ਮਜਾਕ ਹੀ ਲੱਗ ਰਹੀਆਂ ਹਨ,ਕਿਉਂਕਿ ਓਨਾਂ ਨੇ ਕਿਹੜਾ ਓਹ ਸਮਾਂ ਵੇਖਿਆ ਹੈ ,ਇਸ ਲਈ ਇਹ ਗੱਲ ਸੁਭਾਵਿਕ ਵੀ ਹੈ। ਜੇਕਰ ਕਿਸੇ ਬੱਚੇ ਨੂੰ ਸਾਡੇ ਪੁਰਖੇ ਇਹ ਪੁਰਾਤਨ ਸਮਿਆਂ ਵਾਲੀਆਂ ਗੱਲਾਂ ਦਸਦੇ ਵੀ ਹਨ ਤਾਂ ਕੋਈ ਵੀ ਬੱਚਾ ਸੁਨਣ ਲਈ ਤਿਆਰ ਨਹੀਂ, ਹਾਂ ਇੱਕ ਦੋ ਪਰਸੈਂਟ ਬੱਚੇ ਜੇਕਰ ਗਹੁ ਨਾਲ ਸੁਣਦੇ ਵੀ ਹਨ,ਪਰ ਮੰਨਣ ਲਈ ਕੋਈ ਵੀ ਤਿਆਰ ਨਹੀਂ,ਚਲੋ ਖੈਰ,,,,,

        ਜੇਕਰ ਅੱਜ ਤੋਂ ਕਰੀਬ ਚਾਰ ਕੁ ਦਹਾਕੇ ਪਹਿਲਾਂ ਵਾਲੇ ਸਮਿਆਂ ਤੇ ਝਾਤੀ ਮਾਰੀਏ ਤਾਂ ਇਹ ਗੱਲ ਪ੍ਰਪੱਕ ਹੋ ਜਾਂਦੀ ਹੈ ਤੇ ਜੋ ਓਸ ਸਮੇਂ ਦੇ ਸਾਡੇ ਪੁਰਖੇ ਸਾਡੇ ਵਿਚਕਾਰ ਹਰੀ ਕਾਇਮ ਬੈਠੇ ਹਨ ਤਾਂ ਓਹ ਜਰੂਰ ਝੱਟ ਮੰਨ ਵੀ ਜਾਂਦੇ ਹਨ, ਤੇ ਓਹ ਇਨਾਂ ਗੱਲਾਂ ਦੀ ਪ੍ਰੋੜਤਾ ਵੀ ਕਰਦੇ ਹਨ ਤੇ ਓਨਾਂ ਤੋਂ ਹੋਰ ਵੀ ਬੜਾ ਕੁੱਝ ਸਿੱਖਣ ਲਈ ਮਿਲਦਾ ਹੈ। ਜੇਕਰ ਓਨਾਂ ਸਮਿਆਂ ਦੀ ਗੱਲ ਛੇੜੀਏ ਤਾਂ ਕਿਸੇ ਇੱਕ ਅੱਧਾ ਇਨਸਾਨ ਹੀ ਜੋ ਪੜਿਆ ਲਿਖਿਆ ਜਾਂ ਕੋਈ ਨੌਕਰੀ ਪੇਸ਼ਾ ਕਰਦਾ ਸੀ ਉਹੀ ਆਪਣੇ ਕੱਪੜੇ ਪ੍ਰੈਸ ਕਰਿਆ ਕਰਦੇ ਸਨ ਕਿ ਦਫਤਰੀ ਕੰਮਾਂ ਵਿੱਚ ਇਸ ਚੀਜ਼ ਨੂੰ ਅਹਿਮ ਮੰਨਿਆ ਜਾਂਦਾ ਸੀ, ਕਿਸੇ ਅਫਸਰ ਨਾਲ ਮੀਟਿੰਗ ਕਰਨੀ ਕਿਸੇ ਸਿਆਸੀ ਬੰਦੇ ਨੇ ਦਫ਼ਤਰ ਆਉਣ ਵੇਲੇ ਚੰਗੇ ਲਗਦੇ ਸਨ। ਵੈਸੇ ਓਦੋਂ ਜੇਕਰ ਪਰਖਿਆਂ ਤੋਂ ਸੁਣੀਏ ਤਾਂ ਇਹੋ ਜਿਹੇ ਰਿਵਾਜ ਬਹੁਤ ਘੱਟ ਈ ਸਨ ਤੇ ਪੜ੍ਹੇ ਲਿਖੇ ਵੀ ਘੱਟ ਈ ਸਨ,ਸੱਭ ਨੂੰ ਆਪੋ ਆਪਣੇ ਕੰਮਾਂ ਨਾਲ ਮਤਲਬ ਸੀ ਤੇ ਕਰਦੇ ਵੀ ਆਪੋ ਆਪਣੇ ਹਿੱਸੇ ਦੇ ਕੰਮ ਆਪ ਖੁਦ ਹੀ ਆਪਣੇ ਹੱਥਾ ਨਾਲ ਹੀ ਸਨ।ਵਿਆਹ ਸ਼ਾਦੀਆਂ ਵੇਲੇ ਵੀ ਪੇਟੀਆਂ ਸੰਦੂਕਾਂ ਚ ਕੱਪੜੇ ਪਾਉਣ ਲੱਗਿਆਂ ਦਰੀਆਂ ਖੇਸ ਚਾਦਰਾਂ ਆਦਿ ਨੂੰ ਛੱਡ ਕੇ ਰੋਜ਼ਾਨਾ ਪਾਉਣ ਵਾਲੇ ਸੂਟ ਆਦਿ ਦੀਆਂ ਸਾਦੀਆਂ ਹੀ ਤਹਿਆਂ ਮਾਰ ਦੇਣੀਆਂ ਤੇ ਸਾਂਭ ਸੰਭਾਲ ਕਰ ਲੈਣੀ। ਜੇਕਰ ਕਿਸੇ ਧੀ ਭੈਣ ਭਾਵੇਂ ਸੱਜ ਵਿਆਹੀ ਹੀ ਕਿਉਂ ਨਾ ਹੋਵੇ ਓਹਨੇ ਆਪਣੇ ਸਾਂਭਣੇ ਹੁੰਦੇ ਤਾਂ ਕਪੜੇ ਗੁੱਛੀ ਮੁੱਛੀ ਕਰਕੇ ਦਰੀ ਦੇ, ਕੱਢਵੇਂ ਝੋਲੇ ਜਾ ਪਲਾਸਟਿਕ ਦੀ ਬੈਂਤ ਤੋਂ ਬਣਾਏ ਹੋਏ ਸਾਦੇ ਝੋਲਿਆਂ ਵਿੱਚ ਤੇ ਜਾਂ ਬੈਂਤ ਨਾਲ ਬਣੀਆਂ ਟੋਕਰੀਆਂ ਵਿੱਚ ਪਾ ਲੈਣੇ (ਫੋਟੋ ਦੀ ਤਰਾਂ ਬਣੀਆਂ ਟੋਕਰੀਆਂ ਵਿੱਚ ਜੋ ਇਹ ਪੁਰਾਤਨ ਵਿਰਸੇ ਨਾਲ ਸਬੰਧਤ ਚੀਜ਼ਾਂ ਹਨ ਓਹ ਪਿੰਡ ਦੀਵਾਲਾ ਦੇ ਤਸਵਿੰਦਰ ਵੜੈਚ ਨੇ ਸੰਭਾਲ ਕੇ ਰੱਖੀਆਂ ਹੋਈਆਂ ਹਨ ਉਸ ਦਾ ਇਹ ਮਿਊਜ਼ੀਅਮ ਭਾਰਤ ਦੇ ਚੋਣਵਿਆਂ ਮਿਊਜਮਾਂ ਵਿੱਚੋਂ ਇੱਕ ਹੈ ਜਿਸ ਨੂੰ ਦੂਰੋਂ ਦੂਰੋਂ ਲੋਕ ਵੇਖਣ ਲਈ ਆਉਂਦੇ ਹਨ) ਤੇ ਪੇਕੀਂ ਜਾ ਕਿਸੇ ਹੋਰ ਰਿਸ਼ਤੇਦਾਰੀ ਵਿੱਚ ਜਾਣਾ ਓਦੋਂ ਕਈ ਕਈ ਦਿਨ ਰਿਸ਼ਤੇਦਾਰੀਆਂ ਵਿੱਚ ਜਾ ਕੇ ਰਹਿਣ ਦਾ ਰਿਵਾਜ ਹੁੰਦਾ ਸੀ, ਓਨਾਂ ਝੋਲਿਆਂ ਚ ਪਾ ਲੈਣੇ,ਪ੍ਰੈਸ ਦਾ ਕੋਈ ਰਿਵਾਜ ਈ ਨਹੀਂ ਸੀ,ਥੈਲੇ ਵਿਚੋਂ ਕੱਢੀ ਜਾਣੇਂ ਤੇ ਪਾਈ ਜਾਣੇ। ਜੇਕਰ ਧੋਣ ਦੀ ਲੋੜ ਹੁੰਦੀ ਸੀ ਤਾਂ ਓਥੇ ਈ ਭਾਵ ਜਿਥੇ ਜਾਈਦਾ ਸੀ ਸਾਬੁਣ ਲਾਉਣੀ ਧੋ ਕੇ ਸੁੱਕਣੇ ਪਾ ਦੇਣੇ ਤੇ ਸ਼ਾਮ ਨੂੰ ਫਿਰ ਓਹੀ ਪਾ ਲੈਣੇ, ਕੋਈ ਨਿੰਦ ਵਿਚਾਰ ਨਹੀਂ ਸੀ।

        ਜਿਉਂ ਜਿਉਂ ਅਸੀਂ ਅਗਾਂਹ ਵਧੂ ਸੋਚ ਅਪਣਾਉਣ ਲੱਗੇ ਹਾਂ ਭਾਵ ਵੀਹਵੀਂ ਸਦੀ ਦੀ ਤਰੱਕੀ ਵਾਲੀਆਂ ਸਿਖਰਾਂ ਨੂੰ ਛੋਹਿਆ ਹੈ ਓਦੋਂ ਤੋਂ ਹਰ ਇਨਸਾਨ ਧੀਆਂ ਭੈਣਾਂ ਅਜੋਕੀ ਨੌਜਵਾਨ ਪੀੜ੍ਹੀ ਦੀ ਸੋਚ ਹੀ ਬਦਲ ਗਈ ਹੈ।ਅੱਜ ਦੇ ਸਮੇਂ ਵਿੱਚ ਜੇਕਰ ਕਿਸੇ ਵਿਆਹ ਸ਼ਾਦੀ ਵਿੱਚ ਜਾਣਾ ਹੋਵੇ ਤਾਂ ਇਹ ਅਜੋਕੇ ਰਿਵਾਜ ਮੁਤਾਬਕ ਪੈਲੇਸਾਂ ਵਿੱਚ ਹੀ ਹੁੰਦੀਆਂ ਹਨ,ਜਾਣ ਤੋਂ ਪਹਿਲਾਂ ਬੰਦਾ ਤਿੰਨ ਵਾਰ ਅੱਗੇ ਪਿੱਛੇ ਵੇਖਦਾ ਹੈ ਕਿ ਕਿਤੇ ਮੇਰੇ ਕੱਪੜਿਆਂ ਪੈਂਟ ਕਮੀਜ਼ ਜਾਂ ਫਿਰ ਚਿੱਟੇ ਕੁੜਤੇ ਪਜਾਮੇ ਦੀ ਕਰੀਜ ਖਰਾਬ ਤਾਂ ਨਹੀਂ? ਅਜੋਕੇ ਸਮੇਂ ਵਿੱਚ ਹਰ ਇਨਸਾਨ ਆਪਣਾ ਇੱਕ ਸੂਟ ਜਾਂ ਕੋਟ ਪੈਂਟ ਮੌਸਮ ਮੁਤਾਬਕ ਨਾਲ ਲੈ ਕੇ ਜਾਂਦਾ ਹੈ ਤੇ ਓਹ ਵੀ ਕਾਰਾਂ ਵਿੱਚ ਅਟੈਚੀ ਵਗੈਰਾ ਚ ਨਹੀਂ ਬਲਕਿ ਹੈਂਗਰ ਤੇ ਟੰਗ ਕੇ ਲਜਾਂਦਾ ਹੈ ਜੋ ਕਿ ਅਜੋਕੀਆਂ ਕਾਰਾਂ ਵਿੱਚ ਲੱਗੇ ਲਗਾਏ ਹੀ ਆਉਂਦੇ ਹਨ,ਜੇਕਰ ਕਾਰ ਵਿੱਚ ਬੈਠਣ ਵਾਲੇ ਜਿਆਦਾ ਹੋਣ ਤਾਂ ਬੇਸ਼ੱਕ ਔਖਾ ਹੋਣਾ ਪਵੇ ਪਰ ਕੱਪੜੇ ਦੀ ਕਰੀਜ ਖਰਾਬ ਨਾ ਹੋ ਜਾਵੇ ਹਰ ਇਨਸਾਨ ਇਹੀ ਚਾਹੁੰਦੇ ਹਨ, ਫਿਰ ਭਾਂਤ ਭਾਂਤ ਦੇ ਖੁਸ਼ਬੂਦਾਰ ਪ੍ਰਫਿਊਮ ਦਾ ਵੀ ਬਹੁਤ ਰਿਵਾਜ ਹੈ, ਬੇਸ਼ੱਕ ਕਿਸੇ ਨੂੰ ਪ੍ਰਫਿਊਮ ਦੀ ਸਮਿਲ ਨਾਲ ਉਲਟੀ ਹੀ ਕਿਉਂ ਨਾ ਆ ਜਾਵੇ ਪਰ ਇਹ ਟਰਿੰਡ ਅਜੋਕੇ ਸਮੇਂ ਵਿੱਚ ਸਿਖਰਾਂ ਤੇ ਹੈ,ਭਾਂਤ ਭਾਂਤ ਦੇ ਵਾਲ ਸਟਾਈਲ ਵੀ ਆਜੋਕੀ ਨੌਜਵਾਨ ਪੀੜ੍ਹੀ ਦੀ ਪਹਿਲੀ ਪਸੰਦ ਬਣ ਚੁੱਕੇ ਹਨ।ਹਰ ਇੱਕ ਦੀ ਇਹ ਕੋਸ਼ਿਸ਼ ਵੀ ਹੁੰਦੀ ਹੈ ਕਿ ਜਿਥੇ ਮੈਰਿਜ ਪਾਰਟੀ ਚ ਜਾਣਾ ਹੈ ਤਾਂ ਓਥੇ ਜਾ ਕੇ ਵੀ ਇੱਕ ਵਾਰ ਸੂਟ ਜਾਂ ਪੈਂਟ ਕਮੀਜ਼ ਪ੍ਰੈਸ ਕਰਾਏ ਜਾਣ, ਅਜੋਕੇ ਸਮੇਂ ਵਿੱਚ ਆਮ ਹੀ ਇਹ ਧਾਰਨਾ ਸੱਭ ਦੀ ਬਣ ਚੁੱਕੀ ਹੈ। ਲੜਕੀ ਲੜਕੇ ਨੂੰ ਬਿਊਟੀ ਪਾਰਲਰ ਤੇ ਤਿਆਰ ਕਰਨ ਕਰਾਉਣ ਦਾ ਰਿਵਾਜ ਮਹਿੰਗੇ ਮਹਿੰਗੇ ਲਹਿੰਗੇ ਸ਼ੇਰਵਾਨੀ ਪਾਉਣ ਦਾ ਰਿਵਾਜ ਅਜੋਕੇ ਸਮੇਂ ਵਿੱਚ ਸਿਖਰਾਂ ਤੇ ਹੈ ਹਜ਼ਾਰਾਂ ਰੁਪਏ ਇਸ ਕਾਰਜਾਂ ਤੇ ਨਜਾਇਜ਼ ਖ਼ਰਚ ਕੀਤੇ ਜਾਂਦੇ ਹਨ,ਜੋ ਕਿ ਮਹਿਜ਼ ਵਿਖਾਵੇ ਤੋਂ ਬਿਨਾਂ ਕੁੱਝ ਵੀ ਨਹੀਂ, ਜਦੋਂ ਕਿ ਇਹ ਲਹਿੰਗੇ ਸ਼ੇਰਵਾਨੀ ਆਦਿ ਕੁੱਝ ਘੰਟਿਆਂ ਲਈ ਹੀ ਪਾਉਣੇ ਹੁੰਦੇ ਹਨ,ਪਰ ਸਾਡੇ ਅਜੋਕੇ ਸਮਾਜ ਦਾ ਇਨਾਂ ਬਿਨਾਂ ਨੱਕ ਵੀ ਨਹੀਂ ਰਹਿੰਦਾ।ਕਈ ਅਗਾਂਹ ਵਧੂ ਬੱਚੇ ਕਿਸੇ ਦੀ ਲਾਹੀ ਹੋਈ ਕੋਈ ਚੀਜ਼ ਪਾ ਕੇ ਹੀ ਰਾਜ਼ੀ ਨਹੀਂ ਹੁੰਦੇ ਜਦੋਂ ਕਿ ਦੁਕਾਨਦਾਰਾਂ ਨੇ ਇਹ ਚੀਜ਼ਾਂ ਕਿਰਾਏ ਤੇ ਦੇਣ ਲਈ ਬਣਾਈਆਂ ਹੁੰਦੀਆਂ ਹਨ,ਓਹ ਫਿਰ ਹਜ਼ਾਰਾਂ ਰੁਪਏ ਲਾ ਕੇ ਆਪਣੀ ਮਨਮਰਜ਼ੀ ਦੀ ਸ਼ੇਰਵਾਨੀ ਜਾਂ ਲਹਿੰਗੇ ਬਣਾਉਂਦੇ ਹਨ ਤੇ ਪਾਉਂਦੇ ਹਨ, ਬੇਸ਼ੱਕ ਕੁੱਝ ਘੰਟਿਆਂ ਤੋਂ ਬਾਅਦ ਓਹ ਚੀਜ਼ ਕਦੇ ਵੀ ਤੇ ਕਿਸੇ ਵੀ ਕੰਮ ਨਹੀਂ ਆਉਂਦੀ ਪਰ ਅਸੀਂ ਬਹੁਤ ਜ਼ਿਆਦਾ ਅਮੀਰੀ ਦੀ ਝਲਕ ਵਿੱਚ ਜੀਅ ਰਹੇ ਹਾਂ। ਇਹ ਅਜੋਕੇ ਅਗਾਂਹਵਧੂ ਜ਼ਮਾਨੇ ਵਿਚ ਸੱਭ ਕੁੱਝ ਹੋ ਰਿਹਾ ਹੈ।

         ਇਸੇ ਕਰਕੇ ਹੀ ਅਜੋਕਾ ਹਰ ਇਨਸਾਨ ਕਰਜਾਈ ਹੈ ਭਾਵੇਂ ਜਿੰਮੀਦਾਰ ਭਾਵੇਂ ਦੁਕਾਨਦਾਰ ਭਾਵੇਂ ਨੌਕਰੀ ਪੇਸ਼ਏ ਵਾਲੇ ਤੇ ਖੁਦਕਸ਼ੀਆਂ ਦੇ ਰਾਹ ਪੈ ਰਿਹਾ ਹੈ,ਇਹ ਗੱਲ ਬਿਲਕੁਲ ਦਰੁਸਤ ਹੈ ਕਿ ਸਮੇਂ ਮੁਤਾਬਿਕ ਆਪਾਂ ਨੂੰ ਜ਼ਰੂਰ ਬਦਲਣਾ ਚਾਹੀਦਾ ਹੈ ਤੇ ਬਦਲ ਵੀ ਰਹੇ ਹਾਂ,ਪਰ ਚਾਦਰ ਵੇਖ ਕੇ ਪੈਰ ਪਸਾਰਨੇ ਵੀ ਅਤਿ ਜ਼ਰੂਰੀ ਹਨ।ਕੀ ਸਾਡੇ ਪੁਰਖੇ ਇਨਸਾਨ ਨਹੀਂ ਸਨ?ਕੀ ਓਹ ਆਪਣੀ ਜ਼ਿੰਦਗੀ ਵਧੀਆ ਜਿਉਂ ਕੇ ਨਹੀਂ ਗਏ?ਕੀ ਓਹ ਰੋਟੀ ਨਹੀਂ ਸੀ ਖਾਂਦੇ?ਕੀ ਓਨਾਂ ਸਮਿਆਂ ਵਿੱਚ ਵਿਆਹ ਨਹੀਂ ਸੀ ਹੁੰਦੇ?ਇਹ ਸਾਰੀਆਂ ਗੱਲਾਂ ਦਾ ਕੋਈ ਮਹੱਤਵ ਹੈ, ਅਤੇ ਸੋਚਣ ਲਈ ਵੀ ਮਜਬੂਰ ਕਰਦੀਆਂ ਹਨ, ਓਦੋਂ ਦੇ ਕੀਤੇ ਜਾਂ ਕਰਾਏ ਰਿਸ਼ਤੇ ਉਮਰਾਂ ਭਰ ਨਿਭਦੇ ਸਨ ਜੋ ਅਜੋਕੇ ਸਮੇਂ ਵਿੱਚ ਦੋ ਮਹੀਨੇ ਵਿਆਹ ਤੋਂ ਬਾਅਦ ਕਚਹਿਰੀ ਦੇ ਚੱਕਰ ਲੱਗਣ ਲੱਗ ਜਾਂਦੇ ਹਨ,ਇਹ ਸੱਭ ਹਕੀਕੀ ਗੱਲਾਂ ਹਨ ਜੋ ਆਪਾਂ ਆਪਣੀ ਰੋਜਮਰਾ ਦੀ ਜ਼ਿੰਦਗੀ ਵਿੱਚ ਹਰ ਰੋਜ਼ ਵੇਖਦੇ ਹਾਂ। ਹੁਣ ਤਾਂ ਬਾਹਰ ਜਾਣ ਦੀ ਹੋੜ ਲੱਗੀ ਹੋਈ ਹੈ ਇੱਕ ਅਟੈਚੀ ਹੀ ਆਉਂਦਾ ਹੈ ਕਾਰ ਦੀ ਡਿਗ੍ਹੀ ਚ,ਇਹੋ ਜਿਹੇ ਹਾਲਾਤ ਬਣੇ ਹੋਏ ਹਨ ਅਤੇ ਦਿਨੋਂ ਦਿਨ ਬਣ ਰਹੇ ਹਨ ਵਾਹਿਗੁਰੂ ਭਲੀ ਕਰੇ ਪਰ---

         ਕੀ ਇਨ੍ਹਾਂ ਸਮਿਆਂ ਨਾਲੋਂ ਓਹ ਸਾਦੇ ਵਿਆਹ ਸਾਦਾ ਪਹਿਰਾਵਾ ਘਰਾਂ ਵਿੱਚ ਵਿਆਹ ਕਰਨੇ ਸਾਦੇ ਝੋਲਿਆਂ ਵਿੱਚ ਕੱਪੜੇ ਪਾ ਕੇ ਕਿਤੇ ਜਾਣਾ ਆਉਣਾ ਭਰਾਵੀਂ ਪਿਆਰ ਰਿਸ਼ਤੇਦਾਰੀਆਂ ਦੀ ਅਹਿਮੀਅਤ ਇਹ ਸੱਭ ਕੁਝ ਇਸ ਵਿਖਾਵੇ ਭਰੀ ਜ਼ਿੰਦਗੀ ਨਾਲੋਂ ਚੰਗੀ ਨਹੀਂ ਸੀ?ਇਸ ਦਾ ਫੈਸਲਾ ਵੀ ਆਪਾਂ ਆਪ ਖੁਦ ਹੀ ਕਰਨਾ ਹੈ।ਕੀ ਇਸੇ ਤਰ੍ਹਾਂ ਹੀ ਕਰਜਿਆਂ ਦੀ ਮਾਰ ਪੈਂਦੀ ਰਹੇਗੀ ਜਾਂ ਆਪਾਂ ਨੂੰ ਕੁੱਝ ਕੁ ਪੁਰਾਣੇ ਸਮਿਆਂ ਵਿੱਚ ਜੋ ਕੁੱਝ ਹੁੰਦਾ ਸੀ ਓਹ ਅਪਣਾਉਣਾ ਪਊਗਾ,ਇਸ ਦਾ ਫੈਸਲਾ ਵੀ ਆਪਾਂ ਆਪ ਹੀ ਕਰਨਾ ਹੈ। ਮੇਰੇ ਖਿਆਲ ਅਨੁਸਾਰ ਜੇਕਰ ਬਹੁਤੇ ਨਹੀਂ ਤਾਂ ਕੁੱਝ ਕੁ ਪੁਰਾਣੇ ਰੀਤੀ ਰਿਵਾਜਾਂ ਨੂੰ ਅਪਣਾ ਲਈਏ ਤਾਂ ਕੋਈ ਜ਼ਿਆਦਾ ਫ਼ਰਕ ਨਹੀਂ ਪੈਂਦਾ ਤੇ ਨਾ ਹੀ ਕੋਈ ਆਪਾਂ ਨੂੰ ਪਛੜਿਆ ਹੀ ਕਹੇਗਾ, ਹਾਂ ਖੁਦਕਸ਼ੀਆਂ ਦੇ ਦੌਰ ਚੋਂ ਕੁੱਝ ਕੁ ਰਾਹਤ ਜ਼ਰੂਰ ਮਿਲ ਸਕਦੀ ਹੈ,ਇਹ ਮੇਰਾ ਨਿੱਜੀ ਵਿਚਾਰ ਹੈ,ਬਾਕੀ ਦੋਸਤੋ ਬੱਚਾ ਬੱਚਾ ਅੱਜਕਲ੍ਹ ਮਨ ਮਰਜ਼ੀ ਦਾ ਮਾਲਕ ਹੈ, ਜੇਕਰ ਕੁੱਝ ਕਹੀਏ ਤਾਂ ਓਹ ਕਹਿ ਦਿੰਦੇ ਨੇ ਕਿ ਸਾਨੂੰ ਸੱਭ ਪਤਾ ਹੈ। ਵਾਹਿਗੁਰੂ ਭਲੀ ਕਰੇ।ਇਹੋ ਜਿਹੀਆਂ ਗੱਲਾਂ ਅਤੇ ਪੁਰਾਤਨ ਸਮੇਂ ਵੇਖੇ ਹੰਢਾਏ ਕਰਕੇ ਕਦੇ ਕਦੇ ਇਹ ਗੱਲਾਂ ਲਿਖਕੇ ਦਿਲ ਦਾ ਗੁਬਾਰ ਜਿਹਾ ਕੱਢ ਲਈਦਾ ਹੈ,ਕਈ ਦੋਸਤਾਂ ਨੂੰ ਇਹ ਬਹੁਤ ਚੰਗੀਆਂ ਲੱਗਦੀਆਂ ਹਨ ਤੇ ਕਈਆਂ ਨੂੰ ਫਜ਼ੂਲ,ਆਪੋ ਆਪਣੀ ਸੋਚਣੀ ਹੈ ਦੋਸਤੋ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556a

ਹੀਰਾ ਸਿੰਘ ਦਰਦ ਨੂੰ ਯਾਦ ਕਰਦਿਆਂ ✍️  ਸ.ਸੁਖਚੈਨ ਸਿੰਘ ਕੁਰੜ 

30 ਸਤੰਬਰ 1889 ਨੂੰ ਪਿੰਡ ਘਘਰੋਟ ਜ਼ਿਲ੍ਹਾ ਰਾਵਲਪਿੰਡੀ ਵਿੱਚ ਹੀਰਾ ਸਿੰਘ ਦਰਦ ਦਾ ਜਨਮ ਭਾਈ ਹਰੀ ਸਿੰਘ ਨਿਰੰਕਾਰੀ ਦੇ ਘਰ ਹੋਇਆ।

ਪਰਿਵਾਰ ਦਾ ਕਿੱਤਾ ਕਿਰਸਾਨੀ ਨਾਲ਼ ਸੰਬੰਧਿਤ ਹੀ ਸੀ ਪਰ ਜ਼ਮੀਨ ਥੋੜ੍ਹੀ ਹੋਣ ਕਾਰਨ ਪਿਤਾ ਹਿਕਮਤ ਤੇ ਹੋਰ ਕਿਰਤ ਵੀ ਕਰਦੇ ਸਨ। ਆਪ ਦਾ ਪਰਿਵਾਰਕ ਪਿਛੋਕੜ ਪੁੰਛ ਦੇ ਇੱਕ ਬ੍ਰਾਹਮਣ ਪਰਿਵਾਰ ਨਾਲ਼ ਸੰਬੰਧਿਤ ਸੀ। 

ਹੀਰਾ ਸਿੰਘ ਦਰਦ ਰਾਵਲਪਿੰਡੀ ਵਿੱਚ ਈਸਾਈ ਮਿਸ਼ਨ ਸਕੂਲ ਵਿੱਚ ਪੜ੍ਹੇ। 

ਮੈਟ੍ਰਿਕ ਤੇ ਗਿਆਨੀ ਪਾਸ ਕਰਕੇ ਹਿੰਦੀ, ਉਰਦੂ, ਫਾਰਸੀ ਤੇ ਅੰਗਰੇਜ਼ੀ ਦਾ ਖੁੱਲ੍ਹਾ ਅਧਿਐਨ ਕੀਤਾ।

ਮਿਊਂਸਪਲ ਕਮੇਟੀ ਰਾਵਲਪਿੰਡੀ ਵਿੱਚ 1907 ਵਿੱਚ ਨੌਕਰੀ ਕੀਤੀ ਪਰ ਜਦੋਂ ਅੰਦਰ ਦੇਸ਼ ਨੂੰ ਆਜ਼ਾਦ ਦੇਖਣ ਦੀ ਤਾਂਘ ਹੋਵੇ ਤੇ ਸਵੈ-ਮਾਣ ਨਾਲ਼ ਜਿਊਣ ਦੀ ਅੰਦਰ ਚਿਣਗ ਹੋਵੇ ਤਾਂ ਫਿਰ ਵਿਦੇਸ਼ੀ ਸਰਕਾਰ ਦੀ ਨੌਕਰੀ ਕਦ ਤੱਕ ਹੁੰਦੀਂ ਆਖਿਰ ਦਰਦ ਜੀ ਨੇ ਇਹ ਨੌਕਰੀ ਛੱਡ ਦਿੱਤੀ। 

ਫਿਰ ਉਸ ਤੋਂ ਬਾਅਦ ਲਾਇਲਪੁਰ ਜਿਲ੍ਹੇ ਵਿੱਚ, ਚੱਕ ਨੰ. 73 ਵਿਖੇ ਸਿੰਘ ਸਭਾ ਸਕੂਲ ਵਿੱਚ ਅਧਿਆਪਕ ਲੱਗ ਗਏ, 1908 ਈ. ਤੋਂ 1919 ਤੱਕ ਆਪਣੀ ਅਧਿਆਪਨ ਸੇਵਾ ਨਿਭਾਈ।

1908 ਵਿੱਚ ਹੀਰਾ ਸਿੰਘ ਨੇ ਪਿਤਾ ਦੇ ਕਹਿਣ 'ਤੇ ਪੰਜ ਪਿਆਰਿਆਂ ਦੀ ਹਾਜ਼ਰੀ ਵਿੱਚ ਅੰਮ੍ਰਿਤ ਛਕ ਲਿਆ ਅਤੇ ਇਸੇ ਹੀ ਸਾਲ ਨੜਾਲੀ ਪਿੰਡ ਦੇ ਭਾਈ ਅਰਜਨ ਸਿੰਘ ਦੀ ਬੇਟੀ ਹਰ ਕੌਰ ਨਾਲ ਉਨ੍ਹਾਂ ਦਾ ਵਿਆਹ ਹੋਇਆ। 13 ਨਵੰਬਰ, 1908 ਨੂੰ ‘ਸਿੰਘ ਸਭਾ ਲਹਿਰ’ ਵਲੋਂ ਚੱਕ ਨੰਬਰ-73 ਦੇ ਸਕੂਲ ਦੀ ਸੇਵਾ ਹੀਰਾ ਸਿੰਘ ਨੂੰ ਸੌਂਪੀ ਗਈ ਜੋ ਕਿ ਬਾਅਦ ਵਿੱਚ ਸਿੱਖੀ ਪ੍ਰਚਾਰ ਦਾ ਕੰਮ ਕਰਨ ਵਾਲਿਆਂ ਦਾ ਇੱਕ ਜਥਾ ‘ਗੁਰਮਤਿ ਪ੍ਰਚਾਰਕ ਜਥਾ ਝੰਗ ਸ਼ਾਖਾ’ ਬਣਿਆ। ਹੀਰਾ ਸਿੰਘ ਨੇ ਇਸ ਵਿੱਚ ਸਰਗਰਮ ਹਿੱਸਾ ਲਿਆ। 

1911-12 ਦੌਰਾਨ ਉਨ੍ਹਾਂ ਨੇ ਕਵਿਤਾ ਨੂੰ ਆਪਣੇ ਪ੍ਰਚਾਰ ਦਾ ਮੁੱਖ ਮਾਧਿਅਮ ਬਣਾਇਆ ਤੇ ਛੋਟੀਆਂ-ਵੱਡੀਆਂ ਕਰੀਬ 300 ਕਵਿਤਾਵਾਂ ਲਿਖੀਆਂ। 1912 ਈ: ਵਿੱਚ ‘ਖਾਲਸਾ ਸੇਵਕ’ ਦੇ ਸਬ-ਐਡੀਟਰ ਬਣੇ।

 8 ਮਾਰਚ 1913 ਨੂੰ ਉਨ੍ਹਾਂ ਜਾਤ-ਪਾਤ ਵਿਰੁੱਧ ਇੱਕ ਸਮਾਜਿਕ ਕਵਿਤਾ ਅੰਬਾਲਾ ਕਾਨਫ਼ਰੰਸ ਮੌਕੇ ‘ਪਹਿਲਾਂ ਆਪਣਾ ਆਪ ਸੁਧਾਰ ਲਈਏ’ ਦੇ ਸਿਰਲੇਖ ਹੇਠ ਪੜ੍ਹੀ। 1913-14ਈ: ਵਿੱਚ ਗੁਰਦੁਆਰਾ ਰਕਾਬ ਗੰਜ ਦੀ ਕੰਧ ਢਾਹੇ ਜਾਣ ਵਿਰੁੱਧ ਅੰਦੋਲਨ ਵਿੱਚ ਸਰਗਰਮ ਰਹੇ। 

1914ਈ: ਵਿੱਚ ਕਾਮਾਗਾਟਾਮਾਰੂ ਜਹਾਜ਼ ਦੇ ਸ਼ਹੀਦਾਂ ਲਈ ਅਖੰਡ ਪਾਠ ਕਰਵਾਉਣ ਦੇ ਜ਼ੁਰਮ ਵਿੱਚ ਗਿਰਫ਼ਤਾਰ ਹੋਏ। 

ਹੀਰਾ ਸਿੰਘ ਪਹਿਲਾਂ “ਦੁਖੀਆ” ਉਪਨਾਮ ਹੇਠ ਕਵਿਤਾ ਲਿਖਦੇ ਸਨ। 1918 ਈ. ਤੋਂ “ਦਰਦ” ਉਪਨਾਮ ਵਰਤਣ ਲੱਗ ਪਏ। 13 ਅਕਤੂਬਰ, 1919 ਨੂੰ ‘ਤੈਂ ਕੀ ਦਰਦ ਨਾ ਅਇਆ’ ਨਾਂ ਦੀ ਲੰਬੀ ਕਵਿਤਾ ਲਿਖੀ, ਜਿਸ ਵਿੱਚ ਗੁਰੂ ਨਾਨਕ ਦੇਵ ਦੇ ਉਪਕਾਰਾਂ ਦਾ ਜ਼ਿਕਰ ਕਰਦਿਆਂ ਅਤੇ ਬਾਬਰ ਦੇ ਹਮਲੇ ਨਾਲ਼ ਹੋਈ ਤਬਾਹੀ ਦਾ ਜ਼ਿਕਰ ਕੀਤਾ ਹੈ। 1919 ਈ. ਵਿੱਚ ਜਦੋਂ ਅਕਾਲੀ ਲਹਿਰ ਵੇਲੇ ਸਰਕਾਰ ਵਲੋਂ ਸਖਤੀ ਕੀਤੀ ਗਈ ਤਾਂ ਕਵੀ ਦਾ ਕੋਮਲ ਹਿਰਦਾ ਵਿਲਕ ਉਠਿਆ ਤੇ ਇਨ੍ਹਾਂ ਨੇ “ਦਰਦ ਸੁਨੇਹੇ” (ਤਿੰਨ ਭਾਗ) ਰਚੇ। ਮਾ.ਸੁੰਦਰ ਸਿੰਘ ਤੇ ਸ. ਮੰਗਲ ਸਿੰਘ ਨਾਲ ਰਲ਼ ਕੇ 1920 ਈ: 'ਚ ਲਾਹੌਰ ਤੋਂ ਰੋਜ਼ਾਨਾ ਅਕਾਲੀ ਅਖਬਾਰ ਕੱਢਿਆ। ਦਰਦ ਜੀ ਇਸ ਦੇ ਪਹਿਲੇ ਸੰਪਾਦਕ ਸਨ। 1920 ਵਿੱਚ ਕੇਂਦਰੀ ਸਿੱਖ ਲੀਗ ਅਤੇ 1921 ਵਿੱਚ ਹੀਰਾ ਸਿੰਘ ਦਰਦ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਵਜੋਂ ਵੀ ਕੰਮ ਕੀਤਾ।

ਸੰਪਾਦਕ ਦੇ ਤੌਰ ਤੇ ਅੰਗਰੇਜ਼ੀ ਸਰਕਾਰ ਵਿਰੁੱਧ ਪਰਚਾਰ ਦੇ ਦੋਸ਼ ਵਿੱਚ ਦਰਦ ਜੀ ਨੂੰ ਪਹਿਲੀ ਵਾਰ ਜੂਨ 1921 ਈ: ਨੂੰ ਗਿਰਫਤਾਰ ਕੀਤਾ ਤੇ ਛੇ ਮਹੀਨੇ ਦੀ ਕੈਦ ਹੋਈ। 1922 ਈ: ਵਿੱਚ ਢਾਈ ਸਾਲ ਕੈਦ ਦੀ ਕੈਦ ਹੋਈ। 1924 ਈ: ਵਿੱਚ ਫੁਲਵਾੜੀ ਮਾਸਕ ਪੱਤਰ ਸ਼ੁਰੂ ਕੀਤਾ ਜੋ ਕਿ 1956 ਈ: ਤੱਕ ਪ੍ਰਕਾਸ਼ਿਤ ਹੁੰਦਾ ਰਿਹਾ‌। ਇਸ ਪੱਤਰ ਰਾਹੀਂ ਆਪ ਨੇ ਪੰਜਾਬੀ ਭਾਸ਼ਾ ਤੇ ਸਾਹਿਤ ਦੀ ਖੂਬ ਸੇਵਾ ਕੀਤੀ।ਪੰਜਾਬੀ ਸਾਹਿਤ ਖੋਜੀ ਇਹ ਤੱਥ ਸਵੀਕਾਰਦੇ ਹਨ ਕਿ ਫੁਲਵਾੜੀ ਬਿਨਾਂ ਆਧੁਨਿਕ ਪੰਜਾਬੀ ਸਾਹਿਤ ਦਾ ਅਧਿਐਨ ਅਸੰਭਵ ਹੈ।

1924-25 ਈ: ਵਿੱਚ ਫਿਰ ਛੇ ਮਹੀਨੇ ਦੀ ਕੈਦ ਹੋਈ ਅਤੇ ਸਰਕਾਰ ਨੇ ਹੀਰਾ ਸਿੰਘ ਦਰਦ ਦਾ ਮਕਾਨ ਤੇ ਜ਼ਮੀਨ ਵੀ ਨੀਲਾਮ ਕਰ ਦਿੱਤੇ। 

1926 ਈ. ਵਿੱਚ ਦਰਦ ਜੀ ਨੇ ਮੁਸ਼ਤਾਕ, ਮੌਲਾ ਬਖ਼ਸ਼ ਕੁਸ਼ਤਾ ਅਤੇ ਧਨੀ ਰਾਮ ਚਾਤ੍ਰਿਕ ਨਾਲ ਮਿਲ ਕੇ ਪੰਜਾਬੀ ਸਭਾ ਦੀ ਨੀਂਹ ਰੱਖੀ।

ਅੱਗੇ ਚੱਲਕੇ 1942 ਈ: ਵਿੱਚ ‘ਹਿੰਦ ਛੋੜ ਜਾਓ’ ਲਹਿਰ ਵਿਚ ਸਰਗਰਮ ਹਿੱਸਾ ਲੈਣ ਕਰਕੇ ਹੀਰਾ ਸਿੰਘ ਦਰਦ 1942 ਈ: ਤੋਂ 1945 ਈ: ਤੱਕ ਤਿੰਨ ਸਾਲ ਨਜ਼ਰਬੰਦ ਰਹੇ।

1956ਈ: ਵਿਚ ਦਰਦ ਜੀ ਨੂੰ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ‘ਕੇਂਦਰੀ ਪੰਜਾਬੀ ਲੇਖਕ ਸਭਾ’ ਦੀ ਸਥਾਪਨਾ ਲਈ ਕਨਵੀਨਰ ਬਣਾਇਆ ਗਿਆ। ਦਰਦ ਜੀ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪਹਿਲੀ ਜਨਰਲ ਸਕੱਤਰ ਹੋਣ ਦਾ ਮਾਣ ਵੀ ਪ੍ਰਾਪਤ ਹੈ।

1960 ਈ: ਵਿੱਚ ਦਰਦ ਨੇ ਪੰਜਾਬੀ ਪ੍ਰਚਾਰ ਕੇਂਦਰ, ਜਲੰਧਰ ਦੀ ਸਥਾਪਨਾ ਕੀਤੀ। ਇਸੇ ਵਰ੍ਹੇ ਹੀ ਹੀਰਾ ਸਿੰਘ ਦਰਦ ਨੂੰ ਸਾਹਿਤਕ ਸੇਵਾਵਾਂ ਬਦਲੇ ਭਾਸ਼ਾ ਵਿਭਾਗ ਵਿਭਾਗ ਵੱਲੋਂ 23 ਮਾਰਚ ਨੂੰ ਹੋਏ ਸਲਾਨਾ ਸਮਾਰੋਹ ਸਮੇਂ ਨੂੰ ਸਨਮਾਨਿਤ ਕੀਤਾ। 1962 ਈ: ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਣਾਏ ਗਏ।

ਸਾਹਿਤਕ ਸਫ਼ਰ:- ਹੀਰਾ ਸਿੰਘ ਦਰਦ ਨੇ ਇੱਕ ਪ੍ਰਬੀਨ ਪੱਤਰਕਾਰ, ਸੁੱਚਜੇ ਗੱਦਕਾਰ, ਨਿਬੰਧਕਾਰ, ਕਹਾਣੀਕਾਰ, ਕਵੀ, ਆਲੋਚਕ ਤੇ ਚੇਤੰਨ ਸੈਲਾਨੀ ਦੇ ਤੌਰ ਤੇ ਵਿਚਰਦਿਆਂ ਸਾਰੀ ਜ਼ਿੰਦਗੀ ਪੰਜਾਬੀ ਮਾਂ-ਬੋਲੀ ਦੀ ਆਪਣੇ ਹਿੱਸੇ ਆਈ ਸੇਵਾ ਨਿਭਾਈ। ਇੱਥੇ ਅਸੀਂ ਅੱਜ ਉਹਨਾਂ ਦੀਆਂ ਵੱਖੋ-ਵੱਖ ਸਾਹਿਤ ਰੂਪਾਂ ਵਿੱਚ ਰਚੀਆਂ ਸਾਹਿਤਕ ਰਚਨਾਵਾਂ ਨਾਲ਼ ਜਾਣ ਪਹਿਚਾਣ ਕਰਵਾਵਾਂਗੇ। 

ਕਵਿਤਾ ਸਾਹਿਤ ਰੂਪ:- 

ਉਪਕਾਰਾਂ ਦੀ ਵੰਨਗੀ- ਕਵਿਤਾ (1912), ਸਿਖ ਬੱਚਿਓ ਜਾਗੋ ਕਵਿਤਾ (1923), ਦਰਦ ਸੁਨੇਹੇ ਭਾਗ ਪਹਿਲਾ,ਦੂਜਾ (1920-21), ਭਾਗ ਤੀਜਾ (1922), ਫੁਲਵਾੜੀ ਚਿਤਰਾਵਾਲੀ (1926) ਕਵਿਤਾ ਤੇ ਵਾਰਤਕ, ਕਿਸਾਨ ਦੀਆਂ ਆਹੀਂ (1939), ਹੋਰ ਅਗੇਰੇ (1940) ਕਵਿਤਾ, ਚੋਣਵੇਂ ਦਰਦ ਸੁਨੇਹੇ (1951)

ਵਾਰਤਕ ਸਾਹਿਤ ਰੂਪ:-

ਜੀਵਨ ਤਿਲਕ ਜੀ (ਵਾਰਤਕ 1921), ਜੀਵਨ ਬਾਬਾ ਗੁਰਦਿੱਤਾ (1921), ਸੋਸਲਿਜਮ ਕੀ ਹੈ ? (1942), ਫਾਸਿਜਮ ਕੀ ਹੈ ? (1942), ਧਰਮ ਤੇ ਰਾਜਨੀਤੀ (1950), ਨਵੀਨ ਭਾਰਤ ਤੇ ਰਾਜਸੀ ਆਗੂ (1952), ਮੇਰੀਆਂ ਕੁਝ ਇਤਿਹਾਸਕ ਯਾਦਾਂ (1956)

ਕਹਾਣੀ ਸਾਹਿਤ ਰੂਪ:- 

ਆਸ ਦੀ ਤੰਦ ਤੇ ਹੋਰ ਕਹਾਣੀਆਂ (1953), ਪੰਜਾਬੀ ਸੱਧਰਾਂ ਸੰਗ੍ਰਹਿ (1942)

ਆਲੋਚਨਾ:- ਪੰਜਾਬੀ ਸਾਹਿਤ ਦਾ ਇਤਿਹਾਸ (1953), ਸ. ਕਰਮ ਸਿੰਘ ਹਿਸਟੋਰਿਅਨ ਦੀ ਖੋਜ (ਸੰਪਾਦਤ)

ਲੇਖ:- ਇਤਿਹਾਸਕ ਲੇਖ (1954) ; ਸਫ਼ਰਨਾਮਾ:- ਬ੍ਰਿਜਭੂਮੀ ਤੇ ਮਲਾਇਆ ਦੀ ਯਾਤਰਾ (1958)

ਹੁਣ ਤਕ ਉਨ੍ਹਾਂ ਦੇ ਸਾਹਿਤ ਉੱਤੇ ਤਿੰਨ ਪੀ.ਐਚ.ਡੀ. ਅਤੇ ਅੱਠ ਐਮ. ਫਿਲ ਦੇ ਥੀਸਿਸ ਦਾ ਕੰਮ ਹੋ ਚੁੱਕਾ ਹੈ।

ਪੱਤਰਕਾਰੀ ਦੇ ਖੇਤਰ ਵਿਚ ਹੀਰਾ ਸਿੰਘ ਦਰਦ ‘ਅਕਾਲੀ’ ਅਖ਼ਬਾਰ ਤੋਂ ਬਿਨਾਂ ‘ਖਾਲਸਾ ਸੇਵਕ’, ‘ਕੌਮੀ ਦਰਦ’, ‘ਦੇਸ਼ ਭਗਤ’, ‘ਨਵਾਂ ਯੁਗ’, ਤੇ ‘ਲਾਲ ਸਵੇਰਾ’ ਪਰਚਿਆਂ ਆਦਿ ਨੂੰ ਵੀ ਸੰਪਾਦਿਤ ਕਰਦੇ ਰਹੇ।

1964 ਦੇ ਅੰਤ ਵਿੱਚ ‘ਦਰਦ’ ਜੀ ਨੂੰ ਅਧਰੰਗ ਹੋ ਗਿਆ। ਕੁਝ ਸਮੇਂ ਲਈ ਉਹ ਪਟਿਆਲਾ ਦੇ ਆਯੂਰਵੈਦਿਕ ਹਸਪਤਾਲ ਵਿਚ ਦਾਖਲ ਰਹੇ। ਲੰਮੀ ਬਿਮਾਰੀ ਮਗਰੋਂ 22 ਜੂਨ, 1965 ਈ: ਨੂੰ ਗਿਆਨੀ ਹੀਰਾ ਸਿੰਘ ‘ਦਰਦ ਨੇ ਆਪਣੀ ਜ਼ਿੰਦਗੀ ਦਾ ਆਖਰੀ ਸਾਹ ਲਿਆ। ਪੰਜਾਬੀ ਸਾਹਿਤ ਦੇ ਲਾਡਲੇ ਪੁੱਤ ਹੀਰਾ ਸਿੰਘ ਦਰਦ ਜੀ ਰਹਿੰਦੀ ਦੁਨੀਆਂ ਤੱਕ ਆਪਣੀਆਂ ਰਚਨਾਵਾਂ ਤੇ ਆਪਣੇ ਕੀਤੇ ਕਾਰਜਾਂ ਨਾਲ਼ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਜਿਊਂਦੇ ਰਹਿਣਗੇ। 

ਸ.ਸੁਖਚੈਨ ਸਿੰਘ ਕੁਰੜ 

(ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ) 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ

ਜਗਰਾਉਂ ਤੋਂ ਹਰਿਦਵਾਰ ਦੂਸਰੀ ਬੱਸ ਯਾਤਰਾ

ਧਰਮਕੋਟ, ਜੂਨ 21 (ਮਨੋਜ ਕੁਮਾਰ ਨਿੱਕੂ ) ਜਗਰਾਉਂ ਦੀ ਸ੍ਰੀ ਨਵਦੁਰਗਾ ਸੇਵਾ ਮੰਡਲੀ ਦੇ ਮਿੱਠੂ ਅਰੋੜਾ ਜੀ‌ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਹ ਜੋ ਬੱਸ ਯਾਤਰਾ ਜਗਰਾਉਂ ਤੋਂ ਹਰਿਦਵਾਰ, ਰਿਸ਼ੀਕੇਸ਼, ਨੀਲਕੰਠ,ਕੱਨਖਲ, ਦੀ ਹੈ ਉਨ੍ਹਾਂ ਕਿਹਾ ਕਿ ਇਹ ਯਾਤਰਾ ਤਿੰਨ ਮਹੀਨੇ ਬਾਅਦ ਭੇਜੀ ਜਾਂਦੀ ਹੈ ਅਤੇ ਉਨ੍ਹਾਂ ਕਿਹਾ ਕਿ ਇਹ ਜੋ ਬੱਸ ਯਾਤਰਾ ਹੈ 24, 25 ,26 ਤਰੀਕ ਦੀ ਵਾਪਸੀ ਹੈ ਅਤੇ ਮੰਡਲੀ ਦੇ ਸੇਵਾਦਾਰਾਂ ਵੱਲੋਂ ਨੇ ਕੀਰਤਨ ਕਰਵਾਇਆ ਗਿਆ ਇਸ ਮੌਕੇ ਤੇ ਮਨੀਸ਼ ਵਰੂਨ,ਲਾਲ ਚੰਦ, ਨਿਸ਼ਾਨ ਅਰੋੜਾ, ਸਾਹਿਲ ਅਰੋੜਾ, ਅਤੇ  ਸੰਗਤ  ਮੌਜੂਦ ਸੀ

ਸਰਕਾਰਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਸਹਿਮਤ ਹੋ ਜਾਣਾਂ ਚਾਹੀਦਾ

ਬੰਦੀ ਸਿੰਘਾਂ ਦੀ ਰਿਹਾਈ ਲਈ ਸਹਿਮਤ ਹੋ ਜਾਣਾਂ ਚਾਹੀਦਾ ਹੈ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਨੂੰ, ਇਹ ਮੇਰੀ ਜਾਤਿ ਰਾਏ ਹੈ, ਅਪਣੇ ਵਰਤਮਾਨ ਪੰਜਾਬ ਦੀ ਤ੍ਰਾਸਦੀ 1978 ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਸ਼੍ਰੌਮਣੀ ਅਕਾਲੀ ਦਲ ਦੀ ਪੰਜਾਬ ਵਿੱਚ ਸਰਕਾਰ ਹੁੰਦੀਆਂ ਸ਼ੁਰੂ ਹੋਈ ਸੀ, ਜਦੋਂ ਨਿਰੰਕਾਰੀ ਮਿਸ਼ਨ ਦੇ ਚੀਫ ਬਾਬਾ ਗੁਰਬਚਨ ਸਿੰਘ ਜੀ ਦੇ ਪਿਤਾ ਨਿੰਰਕਾਰੀ ਬਾਬਾ ਅਵਤਾਰ ਸਿੰਘ ਜੀ ਵਲੋਂ ਇੱਕ ਗ੍ਰੰਥ ਪ੍ਰਕਾਸ਼ਤ ਅਵਤਾਰ ਵਾਣੀ ਦਾ ਪਾਠ ਨਿੰਰਕਾਰੀ ਸਤਸੰਗ ਸਮਾਗਮਾਂ ਵਿੱਚ ਕਰਿਆ ਜਾਂਦਾ ਸੀ, ਅਖੰਡ ਕੀਰਤਨੀ ਜੱਥਾ ਬਾਬਾ ਰਣਧੀਰ ਸਿੰਘ ਦੇ ਮੁੱਖ ਸੇਵਾਦਾਰ ਬਾਬਾ ਫੌਜਾ ਸਿੰਘ ਅਪਣੇ ਕੁੱਝ ਜੱਥੇ ਸੇਵਕਾਂ ਨੂੰ ਨਾਲ ਲੈਕੇ ਸ਼੍ਰੀ ਅੰਮ੍ਰਿਤਸਰ ਸਹਿਬ ਵਿੱਚ ਇੱਕ ਨਿੰਰਕਾਰੀ ਸਤਸੰਗ ਸਮਾਗਮਾਂ ਵਿੱਚ ਬਾਬਾ ਗੁਰਬਚਨ ਸਿੰਘ ਜੀ ਨੂੰ ਇਹ ਕਹਿਣ ਵਾਸਤੇ ਗਏ ਸਨ ਕਿ, ਤੁਸੀਂ ਅਵਤਾਰ ਵਾਣੀ ਦਾ ਪਾਠ ਨਾ ਕਰੋ, ਕਿਉਂਕਿ,ਕਿ, ਇਸ ਗ੍ਰੰਥ ਅਵਤਾਰ ਵਾਣੀ ਵਿੱਚ ਸਾਡੇ ਸਿੱਖ ਪੰਥ ਦੀ ਘੋਰ ਬੇਅਦਬੀ ਹੁੰਦੀ ਹੈ, ਇਸ ਵਿਸੇ ਤੇ ਪਹਿਲਾ ਵੀ ਇਹਣਾ ਦਾ ਆਪਸੀ ਵਿਚਾਰ ਵਟਾਂਦਰਾ ਤਕਰਾਰਬਾਜ਼ੀ ਹੁੰਦੀ ਰਹਿੰਦੀ ਸੀ, ਉਸ ਵਕ਼ਤ ਨਿਰੰਕਾਰੀ ਮਿਸ਼ਨ ਦੇ ਸੇਵਕਾਂ ਵਲੋਂ ਅਖੰਡ ਕੀਰਤਨੀ ਜਥੇ ਦੇ ਸੇਵਕਾਂ ਉਪਰ ਗੋਲੀਆਂ ਚਲਾਕੇ 13 ਸੇਵਾਦਾਰਾ ਨੂੰ ਮਾਰ ਦਿੱਤਾ ਸੀ ਅਤੇ ਬਹੁਤ ਸਾਰੇ ਜ਼ਖ਼ਮੀ ਹੋ ਗਏ ਸਨ, ਫਿਰ ਹਰ ਰੋਜ਼ ਨਿੰਰਕਾਰੀ ਮਿਸ਼ਨ ਨੂੰ ਮੰਨਣ ਵਾਲਿਆਂ ਨਿੰਰਕਾਰੀਆਂ ਦੀਆਂ ਹਤਿਆਵਾਂ ਹੋਣ ਲੱਗ ਪਈਆਂ ਸਨ, ਅਖੀਰ ਨਿਰੰਕਾਰੀ ਮਿਸ਼ਨ ਦੇ ਸਰਪ੍ਰਸਤ ਮੁੱਖੀ ਬਾਬਾ ਗੁਰਬਚਨ ਸਿੰਘ ਜੀ ਦਾ ਕਤਲ ਭਾਈ ਰਣਜੀਤ ਸਿੰਘ ਨੇ ਨਿਰੰਕਾਰੀ ਮਿਸ਼ਨ ਦੇ ਮੁੱਖੀ ਬਾਬਾ ਗੁਰਬਚਨ ਸਿੰਘ ਜੀ ਦਾ ਚੇਲਾ ਬਣਕੇ ਦਿੱਲੀ ਦੇ ਨਿੰਰਕਾਰੀ ਭਵਨ ਵਿੱਚ ਕੀਤਾ ਸੀ, ਇਸ ਕਰਕੇ ਭਾਈ ਰਣਜੀਤ ਸਿੰਘ ਨੂੰ ਨਿਰੰਕਾਰੀ ਬਾਬਾ ਗੁਰਬਚਨ ਸਿੰਘ ਦੇ ਕਤਲ ਵਿੱਚ ਉਮਰ ਕੈਦ ਦੀ ਸਜ਼ਾ ਹੋਈ ਸੀ, ਅਤੇ ਬਾਅਦ ਵਿੱਚ ਸਿੱਖ ਕੌਮ ਨੇ "ਭਾਈ ਰਣਜੀਤ ਸਿੰਘ ਨੂੰ ਸਿੱਖਾਂ ਕੌਮ ਦੇ ਆਕਾਲ ਤਖਤ ਸਾਹਿਬ ਦਾ ਜੱਥੇਦਾਰ ਬਣਾਂ ਦਿੱਤਾ ਸੀ," ਪੰਜਾਬ ਵਿੱਚ 1980 ਦੇ ਇਲੈਕਸ਼ਨ ਜਿੱਤਕੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਹੇ ਸਰਦਾਰ ਦਰਬਾਰਾ ਸਿੰਘ ਜੀ ਪੰਜਾਬ ਦੇ ਮੁੱਖ ਮੰਤਰ ਬਨੇ ਸਨ, ਕਾਂਗਰਸ ਪਾਰਟੀ ਦੇ ਗਿਆਨੀ ਜ਼ੈਲ ਸਿੰਘ ਜੀ ਭਾਰਤ ਦੀ ਕੇਂਦਰ ਸਰਕਾਰ ਵਿੱਚ ਗ੍ਰਿਹ ਮੰਤਰੀ ਹੁੰਦੇ ਸਨ, ਉਹਨਾਂ ਦਿਨਾਂ ਵਿੱਚ ਮੈਂ ਯੂਥ ਕਾਂਗਰਸ ਪਾਰਟੀ ਦਾ ਸਿਰਕੱਢਵਾਂ ਯੂਥ ਨੇਤਾ ਹੁੰਦਾਂ ਸੀ, ਮੇਰੀ ਪੋਹਿਂਚ ਬਲਾਕ ਕਾਂਗਰਸ ਪਾਰਟੀ ਬਰਨਾਲਾ ਤੋਂ ਲੈਕੇ ਪੰਜਾਬ ਕਾਂਗਰਸ ਪਾਰਟੀ ਅਤੇ ਆਲ ਇੰਡੀਆ ਕਾਂਗਰਸ ਪਾਰਟੀ ਦਿੱਲੀ ਦੀ ਹਾਈਕਮਾਂਡ ਤੱਕ ਹੁੰਦੀ ਸੀ ਮੁੱਖ ਮੰਤਰੀ ਪੰਜਾਬ ਸਰਦਾਰ ਦਰਬਾਰਾ ਸਿੰਘ ਜੀ ਮੈਨੂੰ ਬਹੁਤ ਮਾਨ ਇਜੱਤ ਦਿੰਦੇ ਸਨ ਅਤੇ ਮੇਰੀ ਹਰ ਸਿਫਾਰਸ਼ ਨੂੰ ਸੰਜੀਦਗੀ ਨਾਲ ਮੰਨਦੇ ਹੁੰਦੇ ਸਨ, ਫਿਰ ਸਰਦਾਰ ਦਰਬਾਰਾ ਸਿੰਘ ਜੀ ਨੇ ਮੇਰੀ ਜਾਨਪਛਾਣ ਆਲ ਇੰਡੀਆ ਯੂਥ ਕਾਂਗਰਸ ਪਾਰਟੀ ਦੇ ਪ੍ਰਧਾਨ ਜਵਾਬ ਗ਼ੁਲਾਬ ਨਬੀ ਆਜ਼ਾਦ ਜੀ ਨਾਲ ਕਰਵਾਈ ਸੀ ਜੋ ਬਾਅਦ ਵਿੱਚ ਭਾਰਤ ਸਰਕਾਰ ਵਿੱਚ ਡਿਪਟੀ ਹੋਮ ਮਨਿਸਟਰ ਅਤੇ ਫੂਡ ਸਪਲਾਈ ਦੇ ਰਾਜ ਮੰਤਰੀ ਬਣੇ ਸਨ,  ਮੇਰੀ ਸ਼ਾਦੀ ਵੀ ਸਰਦਾਰ ਦਰਬਾਰਾ ਸਿੰਘ ਜੀ ਦੇ ਸੁਸਰਾਲ "ਪਿੰਡ ਬਿਲਗਾ" ਜ਼ਿਲਾ ਜਲੰਧਰ ਵਿੱਚ 1970 ਦੇ  ਦਹਾਕੇ ਦੇ ਆਖੀਰ ਵਿੱਚ ਹੋਈ ਹੈ, ਉਹਨਾਂ ਦਿਨਾਂ ਵਿੱਚ ਪੰਜਾਬ ਕਾਂਗਰਸ ਪਾਰਟੀ ਵਿੱਚ ਦੋ ਗਰੁੱਪ ਸਰਦਾਰ ਦਰਬਾਰਾ ਸਿੰਘ ਜੀ ਅਤੇ ਗਿਆਨੀ ਜ਼ੈਲ ਸਿੰਘ ਜੀ ਦੇ ਨਾਮ ਦੇ ਹੋਈਆਂ ਕਰਦੇ ਸਨ, ਕਾਂਗਰਸ ਪਾਰਟੀ ਦੇ ਅਤੇ ਪੰਜਾਬ ਦੀ ਦੇਸ਼ ਦੀ ਸਿਆਸਤ ਦੇ ਸਿਰ ਕੱਢਵੇਂ  ਇਹਣਾ ਦੋਨਾਂ ਨੇਤਾਵਾਂ ਦੀ ਆਪਸੀ ਬਹੁਤ ਖਿੱਚੋਤਾਣ ਰਹਿੰਦੀ ਹੁੰਦੀ ਸੀ, ਜਿਸ ਦਾ ਸ਼ਿਕਾਰ ਮੈਂ ਵੀ ਅਪਣੇ ਭੋਲੇ ਪਣ ਅਤੇ ਆਪਣੀ ਪਨਤਬਾਜੀ  ਕਰਕੇ ਹੋਈਆਂ ਸੀ ! ਪੰਜਾਬ ਵਿੱਚ ਫਿਰ ਕਾਲਾ ਦੌਰ ਸ਼ੁਰੂ ਹੋਇਆ 1980-82 ਤੋਂ ਲੈਕੇ 1995-996 ਤੱਕ ਬਹੁਤ  ਖੌਫ਼ਨਾਕ ਦੁੱਖ ਦਾਈ ਘੱਟਨਾਵਾਂ ਦਾ ਮੰਜ਼ਰ ਸ਼ੁਰੂ ਹੋਈਆਂ, ਪੰਜਾਬ ਵਿੱਚ ਦਿਨ ਦਿਹਾੜੇ ਬੇਖੌਫ਼ ਹੋਕੇ ਅਤਵਾਦੀਆਂ ਨੇ ਹਿੰਦੂ ਧਰਮ ਸਮੇਂਤ ਹੋਰਨਾਂ ਧਰਮਾਂ ਦੇ ਬੇਕਸੂਰੇ ਨਿਹਥੇ 36000/ਲੋਕਾਂ ਦਾ ਬੇਰਹਿਮੀ ਨਾਲ ਗਾਜਰਾਂ ਮੂਲੀਆਂ ਵਾਂਗੂੰ ਵੱਡ ਕੇ ਸਕੂਲਾਂ ਵਿੱਚ ਪੜਾਉਂਦੇ ਹਿੰਦੂ ਕੌਮ ਦੇ ਮਾਸਟਰਾਂ, ਪਾਰਕਾਂ ਵਿੱਚ ਸੈਰ ਕਰਦੇ ਹਿੰਦੂ ਕੌਮ ਨਾਲ ਸਬੰਧਤ ਆਮ ਲੋਕਾਂ, ਅਖ਼ਵਾਰ ਬੈਚਣ ਵਾਲੇ ਹਿੰਦੂ ਬੱਚਿਆਂ ਹਾਕਰਾਂ, ਮੋਟਰਾਂ ਗਡੀਆਂ ਬਸਾਂ, ਰੇਲ ਗੱਡੀਆਂ ਨੂੰ ਰੋਕ ਕੇ ਉਹਣਾ ਵਿੱਚੋਂ ਹਿੰਦੂਆਂ ਸਵਾਰੀਆਂ ਨੂੰ ਬਾਹਰ ਕੱਢ ਕੇ ਬੇਰਹਿਮੀ ਨਾਲ ਕਤਲੇਆਮ ਕਰ ਕਿੱਤਾ ਦਿੱਤਾ ਜਾਂਦਾ ਸੀ, ਪੰਜਾਬ ਦੇ ਪਿੰਡ ਸ਼ਹਿਰਾਂ ਦੇ ਬਜ਼ਾਰਾਂ ਮੁਹਲਿਆਂ ਵਿੱਚ ਲੋਕਾਂ ਅਫਸੋਸ ਕਰਨ ਲਈ ਸਥਰ ਵਿਛੇ ਰਹਿੰਦੇ ਸਨ, ਲੇਕਿਨ, ਫਿਰ ਵੀ ਪੰਜਾਬ ਵਿੱਚ ਆਪਸੀ ਭਾਈਚਾਰਕ ਸਾਂਝ ਕਾਇਮ ਰਹੀ ਬਣੀਂ ਰਹੀ, ਸਮੁਚੇ ਪੰਜਾਬ ਵਿੱਚ ਅਤਵਾਦੀਆਂ ਹੱਥੋਂ ਮਾਰੇ ਗਏ ਇਹਨਾਂ ਬੇਕਸੂਰੇ ਆ ਹਜ਼ਾਰਾਂ ਅਤਵਾਦੀ ਪੀੜਤਾਂ ਪੰਜਾਬੀਆਂ ਨੂੰ ਕਦੇ ਵੀ ਕੋਈ ਮੁਆਵਜ਼ਾ ਨਹੀਂ ਮਿਲੀਆਂ ਹੈ, ਅਤੇ ਨਾ ਹੀ ਪੰਜਾਬ ਵਿੱਚ ਇਹਣਾ ਦੀ ਕੋਈ ਯਾਦਗਾਰ ਬਨਾਕੇ ਸਥਾਪਿਤ ਕੀਤੀ ਗਈ ਹੈ, ਅਤੇ ਨਾ ਹੀ ਇਹਣਾ ਦੇ ਨਾਂਮ ਤੇ ਕੋਈ ਸਾਲ ਵਿੱਚ ਵਿਸ਼ੇਸ਼ ਇੱਕ ਦਿਨ ਨੂੰ ਮਨਾਇਆ ਜਾਂਦਾ ਹੈ, ਤਾਂਕਿ, ਲੋਕਾਂ ਨੂੰ ਵਕ਼ਤ ਵਕ਼ਤ ਤੇ ਸੁਚੇਤ ਕੀਤਾ ਜਾਵੇ, ਅਤਵਾਦ ਕਾਰਨ ਪੰਜਾਬ ਵਿੱਚੋਂ ਬਹੁਤੇ ਪੰਜਾਬੀ ਪਰਿਵਾਰ ਪੰਜਾਬ ਵਿੱਚੋਂ ਉਜੜਕੇ ਦੇਸ਼ ਦੇ ਬਾਹਰਲੇ ਸੂਬਿਆਂ ਪਰਦੇਸਾਂ ਵਿੱਚ ਅਤੇ ਸਮਪਨ ਲੋਕ ਵਿਦੇਸ਼ਾਂ ਵਿੱਚ ਜਾ ਬਿਰਾਜੇ ਸਨ, ਇਸ ਲਈ ਪੰਜਾਬ ਆਰਥਿਕਤਾ ਵਲੋਂ ਤਬਾਹ ਹੋ ਚੁਕਿਆਂ ਸੀ, ਮੰਦਭਾਗੇ ਉਸ ਲੰਮੇ ਸਮੇਂ ਤੋਂ ਪੰਜਾਬ  ਵਿੱਚ ਮੁੜ ਤੋਂ ਅਮਨ ਸ਼ਾਂਤੀ ਨੂੰ ਲੈਕੇ ਆਉਣ ਵਾਲੇ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਬੇਅੰਤ ਸਿੰਘ ਜੀ ਦੇ ਸਮੇਂਤ ਪੰਜਾਬ ਦੇ ਹੋਰ ਛੋਟੇ ਬਡੇ ਕਾਂਗਰਸੀ ਵਰਕਰਾਂ ਆਗੂਆਂ ਨੇਤਾਵਾਂ ਜੋਗਿੰਦਰ ਪਾਲ ਪਾਂਡੇ, ਲਾਲਾ ਭਗਵਾਨ ਦਾਸ ਜੈਤੋ, ਰਾਧੇ ਸ਼ਾਮ, ਚੌਧਰੀ ਜਗਤ ਰਾਮ ਜੀ,  ਸਰਦਾਰ ਸੰਤੋਖ ਸਿੰਘ ਜੀ, ਸਰਦਾਰ ਸਤਨਾਮ ਸਿੰਘ ਬਾਜਵਾ, ਸਤਪਾਲ ਪਰਾਸ਼ਰ ਆਦਿ ਆਦਿ ਕਾਂਗਰਸ ਪਾਰਟੀ ਦੇ ਛੋਟੇ ਬਡੇ ਨੇਤਾ ਦੇ ਨਾਲ ਪੰਜਾਬ ਕੇਸਰੀ ਜਗ ਬਾਣੀ ਹਿੰਦ ਸਮਾਚਾਰ ਦੇ ਮਾਲਕ ਬਾਨੀ ਸੰਪਾਦਕ ਐਡੀਟਰ ਲਾਲਾ ਜਗਤ ਨਾਰਾਇਣ ਅਤੇ ਲਾਲਾ ਜੀ ਦੇ ਸਪੁੱਤਰ ਰਮੇਸ਼ ਜੀ ਦਾ ਕਤਲ ਹੋਇਆ ਅਤੇ ਜਨਸੰਘ ਹੁਣ ਭਾਜਪਾ ਪਾਰਟੀ ਦੇ ਪ੍ਰਮੁੱਖ ਨੇਤਾ ਬਾਬੂ ਹਿਤ ਅਭਿਲਾਸ਼ੀ ਜੀ ਸਮੇਂਤ ਹੋਰਾਂ ਨੇਤਾਵਾਂ ਦੇ ਨਾਲ ਨਾਲ ਕੌਮਨਿਸਟ ਪਾਰਟੀ ਦੇ ਲੀਡਰਾਂ, ਸ਼੍ਰੌਮਣੀ ਅਕਾਲੀ ਦਲ ਦੇ ਜੱਥੇਦਾਰ ਸਰਦਾਰ ਉਮਰਾਂ ਨੰਗਲ ਜੀ, ਸ਼੍ਰੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਦੇ 26ਸਾਲਾ ਤੱਕ ਪ੍ਰਧਾਨ ਰਹੇ ਸਿੱਖ ਕੌਮ ਦੇ ਪੋਪ ਵਜੋਂ ਜਾਨੇ ਜਾਂਦੇ ਜੱਥੇਦਾਰ ਸਰਦਾਰ ਗੁਰਚਰਨ ਸਿੰਘ ਟੌਹੜਾ ਜੀ, ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੇ ਨਾਲ ਨਾਲ ਪੰਜਾਬ ਪੁਲਿਸ ਦੇ ਬਹੁਤ ਹੀ ਹੋਣਹਾਰ ਡੀਆਈਜੀ ਸਰਦਾਰ ਅਟਵਾਲ ਜੀ ਸਮੇਤ ਛੋਟੇ ਬਡੇ ਹੋਣਹਾਰ ਪੁਲਿਸ ਮੁਲਾਜ਼ਮਾਂ ਅਧਿਕਾਰੀਆਂ ਅਫਸਰਾਂ ਨੂੰ ਅਤੇ ਛੁੱਟੀ ਤੇ ਆਏ ਹੋਏ ਫੌਜੀਆਂ ਜਵਾਨਾਂ ਨੂੰ ਪੰਜਾਬ ਦੇ ਬੁਧੀਜੀਵੀਆਂ ਨੂੰ ਵੀ ਦਿਨ ਦਿਹਾੜੇ ਬੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ, ਇਸ ਦਾ ਰਿਜਲਟ ਮੰਦਭਾਗੀ ਬਲੳਸਟਾਰ ਹੋਈਆਂ ਬਲੳਸਟਾਰ ਦਾ ਰਿਜਲਟ ਇਜਲਟ ਇਹ ਹੋਇਆ ਸੀ,  ਸੰਸਾਰ ਵਿੱਚ ਸਟੀਲ ਵਾਂਗੂੰ ਮਜ਼ਬੂਤ ਲੇਡੀ ਵਜੋਂ ਜਾਣੀ ਜਾਂਦੀ ਅਪਣੇ ਭਾਰਤ ਦੇਸ਼ ਦੀ ਪ੍ਰਧਾਨ ਮੰਤਰੀ ਸ਼੍ਰੀ ਮਤੀ ਇੰਦਰਾ ਗਾਂਧੀ ਜੀ ਦੇ ਅੰਗ ਰੱਖਿਅਕਾਂ ਵਲੋਂ ਹੀ ਪ੍ਰਧਾਨ ਮੰਤਰੀ ਦੇ ਨਿਵਾਸ ਸਥਾਨ ਤੇ ਹੀ ਬੇਰਹਿਮੀ ਨਾਲ  ਗੋਲੀਆਂ ਮਾਰਕੇ ਕਤਲ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ,  ਇਹਣਾ ਸਾਰੀਆਂ ਮੰਦਭਾਗੀ ਖੌਫਨਾਕ ਵਾਪਰਿਆ ਘਟਨਾ ਨੂੰ ਯਾਦ ਕਰਦਿਆਂ ਹੋਇਆਂ ਧਿਆਨ ਵਿੱਚ ਰੱਖਦੇ ਹੋਏ ਨੂੰ, ਹੁਣ ਭੁੱਲ ਜਾਣਾ ਚਾਹੀਦਾ ਹੈ, ਤਾਂਕਿ, ਅੱਗੇ ਨੂੰ ਪੰਜਾਬ ਵਿੱਚ ਓਹ ਜਿਹੇ ਭੈੜੇ ਹਾਲਾਤ ਨਾ ਬਣਨ ਅਤੇ ਪੰਜਾਬ ਦੀ ਨੌਜਵਾਨੀ ਅਤਵਾਦੀ, ਗੈਂਗਸਟਰ, ਨਾ ਬਣਨ ਅਤੇ ਨਸ਼ਿਆਂ ਤੋਂ ਭੈੜੇ ਕੰਮਾਂ ਤੋਂ ਕੋਸਾ ਦੀ ਦੂਰੀ ਬਨੀ ਰੱਖਣ, ਭੁਲਕੇ ਵੀ ਇਸ ਰਸਤੇ ਤੇ ਨਾ ਪੈਣ,  ਜਿਸ ਤਰ੍ਹਾਂ ਆਲ ਇੰਡੀਆ ਕਾਂਗਰਸ ਪਾਰਟੀ ਦੇ ਪ੍ਰਧਾਨ ਰਹੇ ਅਤੇ ਅਪਣੇ ਭਾਰਤ ਦੇਸ਼ ਪ੍ਰਧਾਨ ਮੰਤਰੀ ਰਹੇ ਨੌਜਵਾਨ ਸ਼੍ਰੀ ਰਾਜੀਵ ਗਾਂਧੀ ਜੀ ਜਿਨ੍ਹਾਂ ਨੇ ਦੇਸ਼ ਵਿੱਚ ਕੰਮਪਿਊਟਰ ਮੁਬਾਇਲ ਫੋਨ ਦੀ ਟਕਨੋਲਜੀ ਲਿਆਂਦੀ ਹੈ ਸ਼੍ਰੀ ਰਾਜੀਵ ਗਾਂਧੀ ਜੀ ਦੀ ਉਂਪਰ 1991ਵਿੱਚ ਭਾਰਤ ਦੀ ਲੋਕਸਭਾ ਦੇ ਇਲੈਕਸ਼ਨਾਂ ਦੌਰਾਨ ਲਿੱਟੇ ਅਤਵਾਦੀਆਂ ਵਲੋਂ ਮਨੁੱਖੀ ਬੰਮ ਚਲਾਕੇ ਮਾਰਕੇ ਸ਼੍ਰੀ ਰਾਜੀਵ ਗਾਂਧੀ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ, ਅਪਣੇ ਦੇਸ਼ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਸ਼੍ਰੀ ਰਾਜੀਵ ਗਾਂਧੀ ਜੀ ਨੂੰ ਕਤਲ ਕਰਨ ਵਾਲੇ ਕਾਤਲਾਂ ਮੁਲਜ਼ਮਾਂ ਨੂੰ ਫਾਂਸੀ ਦੀ ਸਜ਼ਾ ਭੁਗਤ ਰਹਿਆਂ ਨੂੰ ਜੇਲ ਵਿੱਚ ਜਾਕੇ ਸ਼੍ਰੀ ਰਾਜੀਵ ਗਾਂਧੀ ਜੀ ਦੇ ਪੁੱਤਰ ਸ਼੍ਰੀ ਰਾਹੁਲ ਗਾਂਧੀ ਜੀ ਅਤੇ ਪੁੱਤਰੀ ਸ਼੍ਰੀ ਮਤੀ  ਪ੍ਰਿਅੰਕਾ ਗਾਂਧੀ ਵਾਡਰਾ ਜੀ ਮਿਲਕੇ ਆਉਣ ਤੋਂ ਬਾਅਦ ਭਾਰਤ ਸਰਕਾਰ ਨੂੰ ਇਹਣਾ ਭਰਾ ਭੈਣ ਨੇ ਅਪਣੇ ਪਿਤਾ ਸ਼੍ਰੀ ਰਾਜੀਵ ਗਾਂਧੀ ਜੀ ਦੇ ਕਾਤਲਾਂ ਮੁਲਜ਼ਮਾਂ ਦੀ ਸਜ਼ਾਵਾਂ ਨੂੰ ਮੁਆਫ਼ੀ ਦੇਣ ਲਈ ਕਿਹਾ ਸੀ,  ਇਸ ਲਈ ਪੰਜਾਬ ਦਾ ਜੰਮਪਲ ਪੰਜਾਬੀ ਬ੍ਰਾਹਮਣ ਪੰਡਿਤ ਕਾਂਗਰਸ ਪਾਰਟੀ ਦਾ ਕਰਮਠ ਸਰਗਰਮ ਮੈਂਬਰ ਕਾਰਕੁਨ ਆਗੂ ਨੇਤਾ ਹੋਣ ਦੇ ਨਾਤੇ ਮੈਂ ਅਪਣੀ ਪੰਜਾਬ ਦੀ ਸਰਕਾਰ ਅਤੇ ਅਪਣੀ ਭਾਰਤ ਦੀ ਸਰਕਾਰ ਅਤੇ ਅਪਣੇ ਦੇਸ਼ ਅਤੇ ਵਿਦੇਸ਼ਾਂ ਵਿੱਚ ਵਸਦੇ ਅਪਣੇ ਪੰਜਾਬੀ ਭੈਣਾਂ ਭਾਈਆਂ ਨੌਜਵਾਨਾਂ ਪੰਜਾਬੀਆਂ ਨੂੰ ਸਾਰਿਆਂ ਕੌਮਾਂ ਦੀਆਂ ਜਾਤ ਬਰਾਦਰੀਆਂ ਅਤੇ ਧਾਰਮਿਕ ਜਥੇਬੰਦੀਆਂ ਨੂੰ ਅਤੇ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਮੈਂ ਇਹ ਇੱਕ ਮੇਰੀ ਪਰਸਨਲ ਨੇਕ ਸਲਾਹ ਦਿੰਦਾ ਹਾਂ,ਕਿ, ਪੰਜਾਬ ਵਿੱਚੋਂ ਨਫ਼ਰਤ ਨੂੰ ਖਤਮ ਕਰਨ ਲਈ ਅਤੇ ਅਮਨ ਸ਼ਾਂਤੀ ਨੂੰ ਹਮੇਸ਼ਾ ਵਾਸਤੇ ਕਾਇਮ ਰੱਖਣ ਲਈ ਮੁਆਫੀ ਦਿੰਦੇ ਹੋਏ ਅਤੇ ਸਜ਼ਾ ਭੁਗਤ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰ ਦੇਣਾਂ ਚਾਹੀਦਾ ਹੈ,  ਮੈਂ ਹਾਂ ਇੱਕ ਪੰਜਾਬੀ ਬ੍ਰਾਹਮਣ ਜਿਹੜਾ ਕਾਂਗਰਸ ਪਾਰਟੀ ਦੇ ਅਤੇ ਪੰਜਾਬ ਦੇ ਉਸ ਕਾਲੇ ਦੌਰ ਦੇ ਸਮੇਂ ਨੂੰ ਅਪਣੇ ਅੰਦਰ ਸਮੋਈ ਬੈਠਾ ਹਾਂ, ਸਾਰੀ ਕਾਇਨਾਤ ਦਾ ਸ਼ੁਭਚਿੰਤਕ,:  ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਸਾਬਕਾ ਜੱਥੇਬੰਦ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ 915318924

ਭਾਸ਼ਾ ਵਿਭਾਗ ਵੱਲੋਂ ਪਹਿਲੀ ਜੁਲਾਈ ਤੋਂ ਉਰਦੂ ਕੋਰਸ ਕੀਤਾ ਜਾ ਰਿਹਾ ਸ਼ੁਰੂ

ਕੋਰਸ ਲਈ ਦਾਖਲਾ ਫਾਰਮ ਮੁਫ਼ਤ ਪ੍ਰਾਪਤ ਕੀਤੇ ਜਾ ਸਕਦੇ ਹਨ : ਜ਼ਿਲ੍ਹਾ ਭਾਸ਼ਾ ਅਫ਼ਸਰ ਸੰਦੀਪ ਕੁਮਾਰ

ਲੁਧਿਆਣਾ, 21 ਜੂਨ (ਰਣਜੀਤ ਸਿੱਧਵਾਂ) :  ਜ਼ਿਲ੍ਹਾ ਭਾਸ਼ਾ ਅਫ਼ਸਰ ਲੁਧਿਆਣਾ ਸ੍ਰੀ ਸੰਦੀਪ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਸ਼ਾ ਵਿਭਾਗ, ਪੰਜਾਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਰਦੂ ਸਿੱਖਣ ਦੇ ਚਾਹਵਾਨ ਵਿਅਕਤੀਆਂ ਲਈ ਉਰਦੂ ਕੋਰਸ 01 ਜੁਲਾਈ 2022 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਅੱਗੇ ਦੱਸਿਆ ਕਿ ਉਰਦੂ ਦਾ ਇਹ ਕੋਰਸ ਬਿਲਕੁਲ ਮੁਫ਼ਤ ਕਰਾਇਆ ਜਾਂਦਾ ਹੈ ਅਤੇ ਇਸ ਕੋਰਸ ਦੀ ਮਿਆਦ 6 ਮਹੀਨੇ ਹੋਵੇਗੀ। ਉਨ੍ਹਾਂ ਦੱਸਿਆ ਕਿ ਕਿਸੇ ਵੀ ਉਮਰ ਦਾ ਵਿਅਕਤੀ ਇਸ ਕੋਰਸ ਵਿੱਚ ਦਾਖਲਾ ਲੈ ਸਕਦਾ ਹੈ।
ਉਰਦੂ ਸਿੱਖਣ ਦੇ ਚਾਹਵਾਨ ਇਸ ਕੋਰਸ ਲਈ ਦਾਖਲਾ ਫਾਰਮ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਲੁਧਿਆਣਾ (ਪੰਜਾਬੀ ਭਵਨ) ਵਿਖੇ ਕਿਸੇ ਵੀ ਕੰਮ ਕਾਜ ਵਾਲੇ ਦਿਨ ਮੁਫ਼ਤ ਪ੍ਰਾਪਤ ਕਰ ਸਕਦੇ ਹਨ।

ਆਪ ਸਰਕਾਰ' ਨੇ ਜੇਕਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕੀਤੀ ਤਾਂ ਕਰਾਂਗੇ ਵਿਰੋਧ : ਗੁਰਜੰਟ ਸਿੰਘ  

ਜਗਰਾਉਂ  21 ਜੂਨ (ਰਣਜੀਤ ਸਿੱਧਵਾਂ) : ਪੰਜਾਬ ਵਿਧਾਨ ਸਭਾ ਵਿੱਚ 27 ਜੂਨ ਨੂੰ ਪੇਸ਼ ਕੀਤੇ ਜਾਣ ਵਾਲੇ ਬਜਟ ਵਿਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਆਮ ਆਦਮੀ ਪਾਰਟੀ ਦੇ ਚੋਣ ਮੈਨੀਫੈਸਟੋ ਵਿੱਚ ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਕੀਤਾ ਗਿਆ ਚੋਣ ਵਾਅਦਾ ਪੂਰਾ ਨਾ ਕੀਤਾ ਗਿਆ ਤਾਂ 28 ਜੂਨ ਨੂੰ ਪੰਜਾਬ ਵਿਧਾਨ ਸਭਾ ਵੱਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਜਥੇਬੰਦੀ ਦੇ ਸੂਬਾ ਕਨਵੀਨਰ ਗੁਰਜੰਟ ਸਿੰਘ ਕੋਕਰੀ ਕਲਾਂ, ਕਨਵੀਨਰ ਰਣਦੀਪ ਸਿੰਘ ਸ੍ਰੀ ਫਤਹਿਗਡ਼੍ਹ ਸਾਹਿਬ, ਟਹਿਲ ਸਿੰਘ ਸਰਾਭਾ,ਕਮਲਜੀਤ ਸਿੰਘ ਰੋਪੜ ਮੀਡੀਆ ਇੰਚਾਰਜ, ਜਸਵਿੰਦਰ ਸਿੰਘ ਨਿਹਾਲ ਸਿੰਘ ਵਾਲਾ ਵੱਲੋਂ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਲਾਗੂ ਕਾਨਟ੍ਰੀਬਿਊਟਰੀ ਪੈਨਸ਼ਨ ਸਕੀਮ ਰਾਹੀਂ ਮੁਲਾਜ਼ਮਾਂ ਤੋਂ 10 ਫੀਸਦੀ ਦੀ ਦਰ ਨਾਲ ਅਤੇ ਸਰਕਾਰ ਦਾ ਸ਼ੇਅਰ 14 ਫੀਸਦੀ ਦੀ ਦਰ ਨਾਲ ਕਟੌਤੀ ਕਰਕੇ ਇਕੱਠੀ ਕੀਤੀ ਗਈ ਕਰੋੜਾਂ ਰੁਪਏ ਦੀ ਰਕਮ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਦਿੱਤੀ ਗਈ ਹੈ । ਸ਼ੇਅਰ ਮਾਰਕੀਟ ਵਿੱਚ ਆ ਰਹੀ ਮੰਦੀ ਦਾ ਪ੍ਰਭਾਵ ਇਨ੍ਹਾਂ ਨਵੇਂ ਲੱਖਾਂ ਮੁਲਾਜ਼ਮਾਂ ਤੇ ਬੁਰੀ ਤਰ੍ਹਾਂ ਪਵੇਗਾ। ਆਗੂਆਂ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਜਥੇਬੰਦੀ ਵੱਲੋਂ ਮੋਗਾ ਵਿਖੇ ਸੂਬਾ ਕਨਵੈਨਸ਼ਨ ਕਰਨ ਤੋਂ ਬਾਅਦ ਪੰਜਾਬ ਵਿੱਚ ਚਾਰ ਜ਼ੋਨਲ ਕਨਵੈਨਸ਼ਨਾਂ ਕੀਤੀਆਂ ਜਾ ਚੁੱਕੀਆਂ ਹਨ  । ਉਨ੍ਹਾਂ ਕਿਹਾ ਕਿ 9 ਅਤੇ 10 ਜੂਨ ਨੂੰ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਵਿੱਚੋਂ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਭੇਜੇ ਜਾ ਚੁੱਕੇ ਹਨ। ਆਗੂਆਂ ਨੇ ਸਮੂਹਿਕ ਰੂਪ ਵਿੱਚ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਾਗਜ਼ੀ ਕਾਰਵਾਈ ਬੰਦ ਕਰਕੇ ਚੋਣ ਮੈਨੀਫੈਸਟੋ ਦੇ ਵਾਅਦੇ ਤੇ ਰਾਜਸਥਾਨ ਅਤੇ ਛੱਤੀਸਗੜ੍ਹ ਸਰਕਾਰਾਂ ਦੇ ਪੈਟਰਨ ਤੇ ਤੁਰੰਤ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨੀ ਚਾਹੀਦੀ ਹੈ। ਆਗੂਆਂ ਨੇ ਉਮੀਦ ਪ੍ਰਗਟਾਈ ਕਿ ਪੰਜਾਬ ਸਰਕਾਰ ਆਪਣੇ ਬਜਟ ਵਿਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਕੀਤਾ ਚੋਣ ਵਾਅਦਾ ਪੂਰਾ ਕਰੇਗੀ । ਜੇਕਰ ਅਜਿਹਾ ਕੁਝ ਨਾ ਵਾਪਰਿਆ ਤਾਂ ਬਜਟ ਸੈਸ਼ਨ ਦੇ ਤੀਜੇ ਦਿਨ 28  ਜੂਨ ਨੂੰ ਮੁਲਾਜ਼ਮ ਪੰਜਾਬ ਵਿਧਾਨ ਸਭਾ ਵੱਲ ਰੋਸ ਮਾਰਚ ਕਰਕੇ ਪੰਜਾਬ ਸਰਕਾਰ ਤੋਂ ਮੰਗ ਕਰਨਗੇ ਕਿ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕੀਤੀ ਜਾਵੇ  । ਇਸ ਐਕਸ਼ਨ ਸਬੰਧੀ ਸੂਚਨਾ ਪੰਜਾਬ ਸਰਕਾਰ ਨੂੰ ਜਥੇਬੰਦੀ ਵੱਲੋਂ ਭੇਜ ਦਿੱਤੀ ਗਈ ਹੈ। ਇਸ ਸੰਬੰਧੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ ਲਈ ਮਿਤੀ 14/06 /2022  ਨੂੰ ਸਾਂਝੇ ਮੋਰਚੇ ਵੱਲੋਂ ਫੈਸਲਾ ਲਿਆ ਗਿਆ ਸੀ । ਜਗਰਾਉਂ ਬ੍ਰਾਂਚ ਇਸ ਐਕਸ਼ਨ ਵਿੱਚ ਵੱਧ ਤੋਂ ਵੱਧ ਸਾਥੀਆਂ ਨਾਲ ਸ਼ਾਮਲ ਹੋਣਗੇ  । ਇਸ ਮੌਕੇ ਪੰਜਾਬ ਰੋਡਵੇਜ਼ ਜਗਰਾਉਂ ਬ੍ਰਾਂਚ ਆਗੂ ਜਗਸੀਰ ਸਿੰਘ ਪ੍ਰਧਾਨ, ਕੁਲਦੀਪ ਸਿੰਘ ਖਹਿਰਾ, ਅੰਮ੍ਰਿਤਪਾਲ ਸਿੰਘ ਸੈਕਟਰੀ, ਨਿਰਮਲ ਸਿੰਘ, ਐਨੀ ਜੁਨੇਜਾ, ਇੰਦਰਜੀਤ ਸਿੰਘ, ਅਵਤਾਰ ਸਿੰਘ, ਅਮਰਜੀਤ ਸਿੰਘ ਅਤੇ ਪੈਨਸ਼ਨ ਆਗੂ ਅਵਤਾਰ ਸਿੰਘ ਗਗੜਾ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।

ਤਨਖਾਹਾਂ ਨਾ ਮਿਲਣ ਕਾਰਨ ਕਰਮਚਾਰੀਆਂ ਵੱਲੋਂ 23 ਜੂਨ ਨੂੰ ਬਾਅਦ ਦੁਪਹਿਰ ਤੋਂ ਬੱਸਾਂ ਦਾ ਚੱਕਾ ਜਾਮ ਕਰਕੇ ਤਿੱਖੇ ਸੰਘਰਸ਼ ਦਾ ਐਲਾਨ

ਜਗਰਾਉਂ 21 ਜੂਨ (ਰਣਜੀਤ ਸਿੱਧਵਾਂ) : ਪੰਜਾਬ ਰੋਡਵੇਜ਼ ਪਨਬੱਸ / ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਕੱਚੇ ਮੁਲਾਜਮਾਂ ਦੀਆਂ ਤਨਖ਼ਾਹਾਂ ਵਿਭਾਗ ਵੱਲੋ ਨਾ ਦੇਣ ਦੇ ਰੋਸ ਵਜੋਂ  ਤਨਖਾਹ ਨਹੀ ਤਾਂ ਕੰਮ ਨਹੀਂ ਦਾ ਨਾਅਰਾ ਬੁਲੰਦ ਕਰਦੇ ਹੋਏ ਪੰਜਾਬ ਦੇ ਸਾਰੇ ਬੱਸ ਸਟੈਂਡ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ । ਜਗਰਾਉਂ ਬੱਸ ਸਟੈਂਡ ਤੇ ਧਰਨੇ ਦੌਰਾਨ ਸੰਬੋਧਨ ਕਰਦਿਆਂ ਸੂਬਾ ਸਕੱਤਰ ਜਲੌਰ ਸਿੰਘ ਗਿੱਲ, ਡਿਪੂ ਪ੍ਰਧਾਨ ਸੋਹਣ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਵੀ ਕਾਂਗਰਸ ਅਤੇ ਅਕਾਲੀ ਦਲ ਭਾਜਪਾ ਸਰਕਾਰਾਂ ਵਾਂਗ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਤੇ ਸੰਘਰਸ਼ ਕਰਦੇਂ ਕੱਚੇ ਮੁਲਾਜ਼ਮਾਂ ਨੂੰ ਹੁਣ ਪਹਿਲਾਂ ਤੋਂ ਵੀ ਮਾੜੇ ਹਲਾਤ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੈਦਾ ਕੀਤੇ ਜਾ ਰਹੇ ਹਨ ।ਜਿਸ ਦੇ ਚਲਦਿਆਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਤੇ ਸੰਘਰਸ਼ ਦੇ ਨਾਲ-ਨਾਲ ਹੁਣ ਹਰ ਮਹੀਨੇ ਪਨਬੱਸ ਅਤੇ ਪੀਆਰ ਟੀਸੀ ਮੁਲਾਜਮਾਂ ਦੀਆਂ ਤਨਖਾਹਾਂ ਬਹੁਤ ਹੀ ਲੇਟ ਅਦਾ ਕੀਤੀਆਂ ਜਾ ਰਹੀਆਂ ਹਨ । ਤਨਖਾਹ ਪਾਵਾਉਣ ਲਈ ਵੀ ਰੋਸ ਮੁਜ਼ਾਹਰੇ ਜਾਂ ਹੜਤਾਲ ਕਰਨੀ ਪੈਂਦੀ ਹੈ ।ਦਿਨ ਰਾਤ ਮਿਹਨਤ ਕਰਕੇ ਪੰਜਾਬ ਦੀ ਜਨਤਾਂ ਨੂੰ ਮੰਜਿਲ ਤੇ ਪਹੁੰਚਾਉਣ ਵਾਲੇ ਅਤੇ ਲੋਕਾਂ ਨੂੰ ਫ੍ਰੀ ਸਫ਼ਰ ਸਹੂਲਤਾਂ ਦੇਣ ਵਾਲੇ ਇਹਨਾਂ ਮੁਲਾਜਮਾਂ ਦੇ ਪਰਿਵਾਰ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਰਹੇ ਨੇ ਜਿਸ ਕਾਰਨ ਬੱਸਾ ਚਲਾਉਣ ਵਾਲੇ ਡਰਾਈਵਰ ਤੇ ਕਡੰਕਟਰ ਵੀ ਮਾਨਸਿਕ ਤਣਾਂਅ ਵਿੱਚ ਬੱਸਾ ਚਲਾਉਣ ਲਈ ਮਜਬੂਰ ਹਨ । ਇਹਨਾਂ ਹਾਲਾਤਾ ਨੂੰ ਵੇਖਦੇ ਹੋਏ ਜਥੇਬੰਦੀ ਵੱਲੋ ਵਾਰ-ਵਾਰ ਉੱਚ ਅਧਿਕਾਰੀਆਂ ਨਾਲ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਨਾਲ ਸੰਪਰਕ ਕਰਨ ਤੇ ਵੀ ਹੁਣ ਤੱਕ ਤਨਖਾਹਾਂ ਨਾ ਆਉਣ ਕਾਰਨ ਪੰਜਾਬ ਦੇ ਸਾਰੇ ਬੱਸ ਸਟੈਂਡ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ । ਇਸ ਤੋ ਵੀ ਬਾਅਦ ਜੇਕਰ ਤਨਖਾਹ ਨਹੀ ਆਉਦੀ ਤਾਂ ਮਿਤੀ 23/6/22 ਨੂੰ  ਦੁਪਹਿਰ 12 ਵਜੇ ਤੋ ਸਮੂਹ ਕਰਮਚਾਰੀ ਬੱਸਾਂ ਬੰਦ ਕਰਕੇ ਪਨਬੱਸ ਤੇ ਪੀਆਰਟੀਸੀ ਦਾ ਚੱਕਾ ਜਾਮ ਕਰਨਗੇ । ਜਥੇਬੰਦੀ ਵੱਲੋਂ ਪੰਜਾਬ ਭਰ 'ਚ ਬੱਸਾ ਟੇਢੀਆਂ ਲਾ ਕੇ ਪੰਜਾਬ ਬਲੌਕ ਕਰਨ ਅਤੇ ਕਿਸੇ ਵੀ ਮੰਤਰੀ ਦੀ ਕੋਠੀ ਦਾ ਘਿਰਾਵ ਜਦੋ ਤੱਕ ਤਨਖਾਹ ਨਹੀ ਆਵੇਗੀ ਉਦੋ ਤੱਕ ਕਰਨ ਦਾ ਐਲਾਨ ਕੀਤਾ । ਇਹ ਸੰਘਰਸ਼ ਤਨਖਾਹ ਨਾ ਆਉਣ ਤੱਕ ਜਾਰੀ ਰਹੇਗਾ। ਇਸ ਮੌਕੇ  ਬੋਲਦਿਆਂ ਅਵਤਾਰ ਸਿੰਘ, ਜਸਪਾਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਾਰੇ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਦੇ ਨਾਲ-ਨਾਲ ਫੌਜ ਵਿੱਚ ਠੇਕੇਦਾਰੀ ਸਿਸਟਮ ਲਿਆਉਣਾ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਅੰਦਰ ਸਰਕਾਰੀ ਅਦਾਰਿਆਂ ਨੂੰ ਖਤਮ ਕਰਨ ਲਈ ਕੇਂਦਰ ਸਰਕਾਰ ਪੱਬਾਂ ਭਾਰ ਹੈ । ਇਸ ਦੇ ਨਾਲ ਹੀ ਪੰਜਾਬ ਵਿੱਚ ਮੌਜੂਦ ਆਮ ਆਦਮੀ ਪਾਰਟੀ ਦੀ ਸਰਕਾਰ ਜ਼ੋ ਸਰਕਾਰੀ ਵਿਭਾਗਾਂ ਨੂੰ ਬਚਾਉਣ ਅਤੇ ਪੱਕਾ ਰੋਜ਼ਗਾਰ ਦੇਣ ਦੇ ਨਾਮ ਤੇ ਸੱਤਾ ਵਿੱਚ ਆਈ ਸੀ ਉਹ ਵੀ ਕੇਂਦਰ ਦੇ ਨਕਸ਼ੇ ਕਦਮਾਂ ਤੇ ਚੱਲ ਰਹੀ ਹੈ ।ਪੰਜਾਬ ਦੇ ਸਰਕਾਰੀ ਵਿਭਾਗਾਂ ਨੂੰ ਖਤਮ ਕਰਨ ਦੇ ਰਾਹ ਤੁਰੀ ਹੋਈ  ਹੈ। ਜਿਸ ਦਾ ਸਬੂਤ ਪਨਬੱਸ ਅਤੇ ਪੀਆਰਟੀਸੀ ਵਿੱਚ ਠੇਕੇਦਾਰੀ ਸਿਸਟਮ ਤਹਿਤ ਆਊਟਸੋਰ -ਸਿੰਗ ਤੇ ਨਵੀਂ ਭਰਤੀ ਜ਼ੋ ਕੇਵਲ ਮਿਨੀਮਮ ਰੇਟਾਂ ਤੇ ਭਾਵ 9100 ਤੇ ਕਰ ਰਹੀ ਹੈ। ਪੰਜਾਬ ਦੇ ਨੋਜੁਆਨਾਂ ਨੂੰ ਬਚਾਉਣ ਲਈ ਜਨਤੱਕ ਮੰਗਾਂ ਅਤੇ ਆਪਣੀਆਂ  ਮੰਗਾਂ ਲਈ ਯੂਨੀਅਨ ਹਮੇਸ਼ਾ ਸੰਘਰਸ਼ ਕਰਦੀ ਰਹੀ ਹੈ । ਹੁਣ ਵੀ ਤਨਖਾਹਾਂ ਸਮੇਂ ਸਿਰ ਪਾਉਣ ਦੀ ਮੰਗ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ, ਘੱਟੋ ਘੱਟ 10 ਹਜ਼ਾਰ ਸਰਕਾਰੀ ਬੱਸਾਂ ਕਰਨ ਦੀ ਮੰਗ, ਫਾਰਗ ਕੀਤੇ ਮੁਲਾਜ਼ਮਾਂ ਨੂੰ ਬਹਾਲ ਕਰਨ ਦੀ ਮੰਗ, ਆਊਟਸੋਰਸਿੰਗ ਭਰਤੀ ਬੰਦ ਕਰਕੇ ਪੱਕੀ ਭਰਤੀ ਦੀ ਮੰਗ ਸਮੇਤ ਡਾਟਾ ਐਂਟਰੀ ਉਪਰੇਟਰ ਅਤੇ ਅਡਵਾਸ ਵਰਕਰਾਂ ਦੀ ਤਨਖਾਹ ਵਾਧਾ, ਵਰਕਸ਼ਾਪ ਦੇ ਮੁਲਾਜ਼ਮਾਂ ਨੂੰ ਪੱਕੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੈਸਟਾ ਅਤੇ ਹਾਈ ਸਕੇਲ ਸਹੂਲਤਾਂ ਦੀ ਮੰਗ ਤੇ ਸੰਘਰਸ਼ ਕਰ ਰਹੀ ਹੈ। ਯੂਨੀਅਨ ਨੂੰ   ਪੰਜਾਬ ਸਰਕਾਰ ਅਤੇ ਉੱਚ ਅਧਿਕਾਰੀਆਂ ਵਲੋਂ ਤਨਖ਼ਾਹ ਦੇ ਮੁੱਦੇ ਤੇ ਸੰਘਰਸ਼ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਨ੍ਹਾਂ  ਸੰਘਰਸ਼ ਕਾਰਨ ਜਨਤਾਂ ਨੂੰ ਆਉਣ ਵਾਲੀ ਮੁਸ਼ਕਿਲ ਸੰਬੰਧੀ ਆਪਣੀ ਮਜਬੂਰੀ ਦੱਸਦੇ ਹੋਏ ਜਥੇਬੰਦੀ ਵੱਲੋਂ ਤਨਖਾਹਾਂ ਲੇਟ ਹੋਣ ਦੀ ਸਾਰੀ ਜਿੰਮੇਵਾਰੀ ਵਿਭਾਗ ਦੇ ਉਚ ਅਧਿਕਾਰੀਆਂ ਦੀ ਢਿੱਲੀ ਕਾਰਗੁਜਾਰੀ  ਅਤੇ ਸਰਕਾਰ ਨੂੰ ਦੱਸਦਿਆਂ ਕਿਹਾ ਕਿ ਕਰੋੜਾਂ ਰੁਪਏ ਫ੍ਰੀ ਸਫ਼ਰ ਸਹੂਲਤਾਂ ਦੇ ਜ਼ੋ ਕਿ ਪਿਛਲੇ 5 ਮਹੀਨਿਆਂ ਦੇ ਬਿੱਲ ਪੈਡਿੰਗ ਪਏ ਹਨ ਉਸ ਵਿੱਚ ਗਲਤੀ ਸਰਕਾਰ ਜਾਂ ਉੱਚ ਅਧਿਕਾਰੀਆਂ ਦੀ ਹੈ । ਮੁਲਾਜ਼ਮਾਂ ਵਲੋਂ ਤਾਂ ਬੱਸਾਂ ਘੱਟ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਲੋਕਾਂ ਨੂੰ ਇੱਕ ਬੱਸ ਵਿੱਚ 100 ਤੋਂ ਵੱਧ ਸਵਾਰੀਆਂ ਨੂੰ ਸਫ਼ਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਪਰ ਇਹ ਸਹੂਲਤਾਂ ਦੇਣ ਵਾਲੇ ਮੁਲਾਜ਼ਮਾਂ ਦੇ ਬੱਚੇ ਭੁੱਖੇ ਹਨ ਤੇ ਸਰਕਾਰ ਇਹਨਾਂ ਨੂੰ ਗਲਤ ਰਸਤੇ ਤੁਰਨ ਲਈ ਮਜਬੂਰ ਕਰ ਰਹੀ ਹੈ। ਉਹਨਾਂ ਕਿਹਾ ਕਿ ਅਗਲੇ ਮਹੀਨੇ ਤੋਂ 7 ਤਰੀਕ ਤੋਂ ਬਾਅਦ ਗੇਟ ਰੈਲੀਆਂ ਅਤੇ 10 ਤੋਂ ਬਾਅਦ ਬੱਸ ਸਟੈਂਡ ਬੰਦ ਸਮੇਤ 15 ਤੋਂ ਮੁਕੰਮਲ ਪੰਜਾਬ ਬੰਦ ਦੇ ਪ੍ਰੋਗਰਾਮ ਉਲੀਕੇ ਜਾਣਗੇ ।ਇਸ ਸਮੇਂ ਦਵਿੰਦਰ ਸਿੰਘ ਭੀਮ, ਕਮਲਜੀਤ ਸਿੰਘ, ਸੁਰਿੰਦਰ ਸਿੰਘ, ਪ੍ਰਦੀਪ ਕੁਮਾਰ, ਹਰਪ੍ਰੀਤ ਸਿੰਘ, ਸਤਨਾਮ ਸਿੰਘ, ਹਰਦੇਵ ਸਿੰਘ, ਜਗਦੇਵ ਸਿੰਘ, ਇਕਬਾਲ ਮੁਹੰਮਦ, ਦਲਜੀਤ ਸਿੰਘ, ਵਰਿੰਦਰਜੀਤ ਸਿੰਘ ਤੇ ਰਾਜ ਖਾਨ ਆਦਿ ਹਾਜਰ ਸੀ।

ਵਿਧਾਇਕਾਂ, ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਵੱਲੋਂ, ਲੋਕਾਂ ਨੂੰ ਯੋਗਾ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਦਾ ਸੱਦਾ

- ਅੰਤਰਰਾਸ਼ਟਰੀ ਯੋਗ ਦਿਵਸ ਮਨਾਉਂਦਿਆਂ ਵੱਖ-ਵੱਖ ਸਮਾਗਮਾਂ ਦੌਰਾਨ ਸੈਂਕੜੇ ਲੋਕਾਂ ਨੇ ਕੀਤਾ ਯੋਗ ਅਭਿਆਸ - ਬ੍ਰਹਮਾ ਕੁਮਾਰੀ ਸੰਸਥਾ ਵੱਲੋਂ ਗੁਰੂ ਨਾਨਕ ਸਟੇਡੀਅਮ ਵਿਖੇ ਨਸ਼ਾ ਵਿਰੋਧੀ ਮੁਹਿੰਮ ਦੀ ਸ਼ੁਰੂਆਤ

ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਵੱਲੋਂ ਪੌਦੇ ਵੀ ਲਗਾਏ ਗਏ
ਲੁਧਿਆਣਾ, 21 ਜੂਨ (ਰਣਜੀਤ ਸਿੱਧਵਾਂ) : ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਸ੍ਰੀ ਮਦਨ ਲਾਲ ਬੱਗਾ, ਲੁਧਿਆਣਾ ਪੱਛਮੀ ਤੋਂ ਸ੍ਰੀ ਗੁਰਪ੍ਰੀਤ ਬੱਸੀ ਗੋਗੀ, ਹਲਕਾ ਕੇਂਦਰੀ ਤੋਂ ਸ੍ਰੀ ਅਸ਼ੋਕ ਪਰਾਸ਼ਰ ਪੱਪੀ, ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ, ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀ ਅਮਰਜੀਤ ਬੈਂਸ ਵੱਲੋਂ ਅੱਜ ਲੁਧਿਆਣਾ ਦੇ ਲੋਕਾਂ ਨੂੰ ਇੱਕ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਲਈ ਰੋਜ਼ਮਰਾ ਜਿੰਦਗੀ ਵਿੱਚ ਯੋਗ ਨੂੰ ਆਪਣਾ ਅਨਿੱਖੜਵਾਂ ਅੰਗ ਬਣਾਉਣ ਦਾ ਸੱਦਾ ਦਿੱਤਾ ਹੈ। ਅੱਜ ਸਥਾਨਕ ਨਹਿਰੂ ਰੋਜ਼ ਗਾਰਡਨ ਅਤੇ ਗੁਰੂ ਨਾਨਕ ਸਟੇਡੀਅਮ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮਾਂ ਦੌਰਾਨ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਵਿੱਚ ਯੁਗਾਂ ਤੋਂ ਯੋਗ ਇੱਕ ਸਿਹਤਮੰਦ ਅਤੇ ਪ੍ਰਗਤੀਸ਼ੀਲ ਜੀਵਨ ਦੀ ਪਰੰਪਰਾ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਜਦੋਂ ਤਣਾਅਪੂਰਨ ਜੀਵਨ ਵਿੱਚ ਵੱਖ-ਵੱਖ ਬਿਮਾਰੀਆਂ ਮਨੁੱਖੀ ਜੀਵਨ ਲਈ ਗੰਭੀਰ ਖਤਰਾ ਪੈਦਾ ਕਰ ਰਹੀਆਂ ਹਨ ਤਾਂ ਯੋਗ ਰਾਜ ਮਨੁੱਖ ਨੂੰ ਰੋਗ ਮੁਕਤ ਅਤੇਸਿਹਤਮੰਦ ਬਣਾਉਣ ਵਿੱਚ ਬਹੁਤ ਸਹਾਈ ਹੋ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਇਹ ਵੀ ਪ੍ਰੇਰਿਆ ਕਿ ਉਹ ਰੋਜ਼ਾਨਾ ਘੱਟੋ-ਘੱਟ ਇੱਕ ਘੰਟਾ ਯੋਗ ਕਰਨ ਤਾਂ ਜੋ ਉਹ ਸਿਹਤਮੰਦ ਜੀਵਨ ਦਾ ਲਾਭ ਉਠਾ ਸਕਣ। ਇਸ ਦੌਰਾਨ ਗੁਰੂ ਨਾਨਕ ਸਟੇਡੀਅਮ ਵਿਖੇ ਬ੍ਰਹਮਾ ਕੁਮਾਰੀ ਸੰਸਥਾ ਵੱਲੋਂ ਨਸ਼ਿਆਂ ਦੇ ਕੋਹੜ ਤੋਂ ਪਾਸਾ ਵੱਟਣ ਦੇ ਸੁਨੇਹੇ ਵਾਲੇ ਗੁਬਾਰੇ ਛੱਡ ਕੇ ਨਸ਼ਾ ਵਿਰੋਧੀ ਮੁਹਿੰਮ ਵੀ ਚਲਾਈ ਗਈ। ਸਮਾਜ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਖ਼ਤਮ ਕਰਨ ਦੇ ਉਦੇਸ਼ ਨਾਲ ਇਸ ਮੁਹਿੰਮ ਨੂੰ 300 ਪਿੰਡਾਂ ਤੱਕ ਅੱਗੇ ਵਧਾਇਆ ਜਾਵੇਗਾ। ਵਧੇਰੇ ਜਾਣਕਾਰੀ ਦਿੰਦਿਆਂ ਬ੍ਰਹਮਾ ਕੁਮਾਰੀ ਸੰਸਥਾ ਦੇ ਜ਼ਿਲ੍ਹਾ ਇੰਚਾਰਜ ਬੀ.ਕੇ. ਭੈਣ ਸਰਸਵਤੀ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹੇ ਭਰ ਵਿੱਚ ਹਰ ਹਫ਼ਤੇ ਚਾਰ ਰੋਜ਼ਾ ਪ੍ਰੋਗਰਾਮ ਕਰਕੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਪੈਦਾ ਕੀਤੀ ਜਾਵੇਗੀ ਅਤੇ ਇਹ ਪ੍ਰੋਗਰਾਮ ਸਰਕਾਰੀ ਪੁਨਰਵਾਸ ਕੇਂਦਰਾਂ ਵਿੱਚ ਵੀ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਦੇ ਸਾਂਝੇ ਯਤਨਾਂ ਨਾਲ ਹੀ ਸਮਾਜ ਵਿੱਚੋਂ ਇਸ ਖ਼ਤਰੇ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕਦਾ ਹੈ। ਸਮਾਗਮ ਦੌਰਾਨ ਮੁੱਖ ਬੁਲਾਰੇ ਸਾਈਕੋਥੈਰੇਪਿਸਟ, ਅੰਤਰਰਾਸ਼ਟਰੀ ਟ੍ਰੇਨਰ ਡਾ. ਗਿਰੀਸ਼ ਡੀ. ਪਟੇਲ ਨੇ ਵੀ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵਿਗਿਆਨਕ ਦ੍ਰਿਸ਼ਟੀਕੋਣ ਸਾਂਝੇ ਕੀਤੇ ਜਦਕਿ ਇੰਡੀਆਜ਼ ਗੌਟ ਟੈਲੈਂਟ ਪ੍ਰਤੀਯੋਗੀ ਜੇ.ਪੀ. ਡਾਂਸ ਅਕੈਡਮੀ ਨੇ ਨਸ਼ਾ ਏਕ ਸਜਾ ਹੈ ਗੀਤ ਪੇਸ਼ ਕੀਤਾ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰਵਿੰਦਰ ਸਿੰਘ, ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਪ੍ਰਿੰਸੀਪਲ ਡਾ. ਮੁਕਤੀ ਗਿੱਲ ਅਤੇ ਹੋਰ ਵੀ ਹਾਜ਼ਰ ਸਨ।ਇਹ ਸਮਾਗਮ ਬ੍ਰਹਮਾ ਕੁਮਾਰੀ, ਪਤੰਜਲੀ ਯੋਗ ਸਮਿਤੀ, ਸ਼੍ਰੀ ਵਿਵੇਕਾਨੰਦ ਸਵਰਗ ਆਸ਼ਰਮ ਟਰੱਸਟ, ਆਤਮ ਚੈਨਲ, ਐਵਰੈਸਟ ਇੰਸਟੀਚਿਊਟ ਆਫ ਯੋਗਾ, ਪੰਜਾਬ ਯੋਗਾਸਨਾ ਸਪੋਰਟਸ ਐਸੋਸੀਏਸ਼ਨ, ਪੀ.ਕਿੳ.ਐਮ.ਐਸ. ਯੋਗਾ ਸਰਟੀਫਿਕੇਸ਼ਨ ਬਾਡੀ, ਅਮੋਲ ਲੇਡੀਜ਼ ਕਲੱਬ, ਨਹਿਰੂ ਯੁਵਾ ਕੇਂਦਰ, ਯੋਗਾ ਸੋਸਾਇਟੀ ਆਫ਼ ਪੰਜਾਬ, ਐਸ.ਬੀ.ਐਸ. ਸਿਨੇਟਿਕ ਕਾਲਜ, ਸ਼ਕਤੀ ਨਗਰ ਯੋਗ ਸਮਿਤੀ ਅਤੇ ਹੋਰ ਵੱਖ-ਵੱਖ ਗੈਰ-ਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਏ ਗਏ। ਨਹਿਰੂ ਰੋਜ਼ ਗਾਰਡਨ ਵਿਖੇ ਆਤਮਾ ਚੈਨਲ ਅਤੇ ਆਰਟ ਆਫ਼ ਲਿਵਿੰਗ ਅਤੇ ਗੈਰ ਸਰਕਾਰੀ ਸੰਗਠਨ ਸਿਟੀ ਨੀਡਜ਼ ਵੱਲੋਂ ਇੱਕ ਹੋਰ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ, ਪੁਲਿਸ ਕਮਿਸ਼ਨਰ ਡਾ.ਕੌਸਤੁਭ ਸ਼ਰਮਾ ਨੇ ਅੱਜ ਦੇ ਸੁ਼ਭ ਦਿਹਾੜੇ ਮੌਕੇ ਵਾਤਾਵਰਣ ਦੀ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਬੂਟੇ ਲਗਾਏ। ਉਨ੍ਹਾਂ ਕਿਹਾ ਕਿ ਸਿਹਤਮੰਦ ਸਰੀਰ ਲਈ ਯੋਗਾ ਜ਼ਰੂਰੀ ਹੈ ਇਸ ਲਈ ਸਮਾਜ ਲਈ ਸਾਫ਼-ਸੁਥਰਾ, ਹਰਿਆ ਭਰਿਆ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਨ ਜ਼ਰੂਰੀ ਹੈ ਅਤੇ ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਇਸ ਬਰਸਾਤ ਦੇ ਮੌਸਮ ਦੌਰਾਨ ਲੁਧਿਆਣਾ ਨੂੰ ਹਰਿਆ ਭਰਿਆ ਸ਼ਹਿਰ ਬਣਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੱਦਾ ਦਿੱਤਾ।ਇਸੇ ਤਰ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਲਾਇਨਜ਼ ਭਵਨ ਲੁਧਿਆਣਾ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਹੋਰ ਸਮਾਗਮ ਕਰਵਾਏ ਗਏ। ਇਨ੍ਹਾਂ ਸਮਾਗਮਾਂ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਵੱਖ-ਵੱਖ ਗੈਰ ਸਰਕਾਰੀ ਸੰਸਥਾਵਾਂ ਦੇ ਵਲੰਟੀਅਰਾਂ ਨੇ ਮਾਹਿਰ ਟ੍ਰੇਨਰਾਂ ਦੀ ਅਗਵਾਈ ਹੇਠ ਯੋਗ ਅਭਿਆਸ ਕੀਤਾ।

ਡੀਏਵੀ ਸੈਂਟਨਰੀ  ਪਬਲਿਕ ਸਕੂਲ ਵਿਖੇ ਯੋਗ ਦਿਵਸ ਮਨਾਇਆ ਗਿਆ  ਜਗਰਾਉਂ

(ਅਮਿਤ ਖੰਨਾ  )ਡੀ.ਏ.ਵੀ ਸੈਂਟਨਰੀ ਪਬਲਿਕ ਸਕੂਲ, ਜਗਰਾਉ ਵਿਖੇ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਹਾਜ਼ਰ ਅਧਿਆਪਕਾਂ ਅਤੇ ਪ੍ਰਿੰਸੀਪਲ ਸਾਹਿਬ ਸ੍ਰੀ ਬਿ੍ਜ ਮੋਹਨ ਬੱਬਰ ਜੀ ਨੇ ਯੋਗਾ ਕੀਤਾ। ਪ੍ਰਿੰਸੀਪਲ ਸਾਹਿਬ ਸ੍ਰੀ ਬਿ੍ਜ ਮੋਹਨ ਬੱਬਰ ਜੀ ਨੇ ਅਧਿਆਪਕਾਂ ਨੂੰ ਯੋਗ ਦੇ ਫਾਇਦਿਆਂ ਬਾਰੇ ਜਾਣੂ ਕਰਵਾਉਦੇ ਹੋਏ ਦਸਿਆ ਕਿ ਅੱਜ ਦੇ ਭੱਜ-ਦੌੜ ਵਾਲੇ ਜੀਵਨ ਵਿਚ ਯੋਗਾ ਦੀ ਅਹਿਮੀਅਤ ਵੱਧਦੀ ਜਾ ਰਹੀ ਹੈ ਕਿਉਂਕਿ ਯੋਗ ਸਾਡੇ ਸ਼ਰੀਰ ਅਤੇ ਮਾਨਸਿਕ ਊਰਜਾ ਨੂੰ ਸਹੀ ਦਿਸ਼ਾ ਦੇਣ ਦੇ ਲਈ ਇਕ ਖਾਸ ਅਭਿਆਸ  ਮੰਨਿਆ ਜਾਦਾ ਹੈ। ਜੀਵਨ ਦੇ ਹਰ ਪੜਾਅ ਤੇ ਯੋਗ ਆਸਣ ਕੀਤੇ ਜਾ ਸਕਦੇ ਹਨ ਅਤੇ ਇਹਨਾਂ ਤੋਂ ਵੱਧ ਤੋਂ ਵੱਧ ਲਾਹਾ ਉਠਾਇਆ ਜਾ ਸਕਦਾ ਹੈ ਬੇਹਤਰ ਅਤੇ ਨਿਰੋਗੀ ਜੀਵਨ ਜਿਊ੍ਹਣ ਲਈ ਯੋਗ ਨੂੰ ਆਪਣੇ ਜੀਵਨ ਦਾ ਇਕ ਅੰਗ ਬਣਾਉਣਾ ਚਾਹੀਦਾ ਹੈ। ਸਰੀਰ ਨੂੰ ਬਿਮਾਰੀਆਂ ਦੇ ਖਿਲਾਫ ਲੜਨ ਦੀ ਤਾਕਤ ਦੇ ਵਾਧੇ ਦੇ ਲਈ ਯੋਗ ਆਸਨ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਲਈ ਹੀ ਦੇਸ਼ ਤੇ ਵਿਦੇਸ਼ ਵਿਚ ਯੋਗ ਦਾ ਮਹੱਤਵ ਪਹਿਚਾਣਦੇ ਹੋਏ ਲੋਕ ਯੋਗ ਨਾਲ ਜੁੜ ਰਹੇ ਹਨ। ਸੋ ਸਾਨੂੰ ਵੀ ਯੋਗ ਸਹਿਤ ਜੀਵਨ ਜੀਊਣ  ਦਾ ਪ੍ਰਣ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਪ੍ਰਿੰਸੀਪਲ ਸ੍ਰੀ ਬਿ੍ਜ ਮੋਹਨ ਬੱਬਰ,ਡੀ.ਪੀ.ਈ ਹਰਦੀਪ ਸਿੰਘ, ਡੀ.ਪੀ.ਈ ਸੁਰਿੰਦਰ ਪਾਲ ਵਿਜ, ਮੀਨਾ ਗੋਇਲ,  ਰੇਨੂੰ ਕੌੜਾ, ਊਸ਼ਾ ਰਾਣੀ, ਵੀਨਾ ਰਾਣੀ, ਆਰਤੀ ਗੁਪਤਾ, ਰਵਿੰਦਰ ਪਾਲ ਕੌਰ, ਗੁਰਜੀਤ ਸਿੰਘ, ਰਾਕੇਸ਼ ਸ਼ਰਮਾ, ਨਿਸ਼ੂ ਭੱਲਾ ਆਦਿ ਹਾਜ਼ਰ ਸਨ।