You are here

ਇਹ ਗੱਲਾਂ ਵੀ ਸਾਡੇ ਵਿਰਸੇ ਦੀਆਂ ਨੇ ✍️ ਜਸਵੀਰ ਸ਼ਰਮਾਂ ਦੱਦਾਹੂਰ

 ਪੁਰਾਤਨ ਪੰਜਾਬ ਵਿੱਚ ਕੱਢਵੇਂ,ਦਰੀ ਦੇ ਤੇ ਟੋਕਰੀ ਜਾਂ ਪਲਾਸਟਿਕ ਦੇ ਬੁਣੇ ਹੋਏ ਥੈਲਿਆਂ ਵਿੱਚ ਕੱਪੜੇ ਪਾਏ ਜਾਂਦੇ ਰਹੇ ਹਨ।

 

ਦੋਸਤੋ ਜ਼ਮਾਨੇ ਬਹੁਤ ਅਡਵਾਂਸ ਆ ਗਏ ਹਨ, ਸਮਾਂ ਬੜੀ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ।ਪੁਰਾਣੇ ਸਮਿਆਂ ਦੀਆਂ ਗੱਲਾਂ ਆਪਣੀ ਅਜੋਕੀ ਪੀੜ੍ਹੀ ਨੂੰ ਮਹਿਜ਼ ਮਜਾਕ ਹੀ ਲੱਗ ਰਹੀਆਂ ਹਨ,ਕਿਉਂਕਿ ਓਨਾਂ ਨੇ ਕਿਹੜਾ ਓਹ ਸਮਾਂ ਵੇਖਿਆ ਹੈ ,ਇਸ ਲਈ ਇਹ ਗੱਲ ਸੁਭਾਵਿਕ ਵੀ ਹੈ। ਜੇਕਰ ਕਿਸੇ ਬੱਚੇ ਨੂੰ ਸਾਡੇ ਪੁਰਖੇ ਇਹ ਪੁਰਾਤਨ ਸਮਿਆਂ ਵਾਲੀਆਂ ਗੱਲਾਂ ਦਸਦੇ ਵੀ ਹਨ ਤਾਂ ਕੋਈ ਵੀ ਬੱਚਾ ਸੁਨਣ ਲਈ ਤਿਆਰ ਨਹੀਂ, ਹਾਂ ਇੱਕ ਦੋ ਪਰਸੈਂਟ ਬੱਚੇ ਜੇਕਰ ਗਹੁ ਨਾਲ ਸੁਣਦੇ ਵੀ ਹਨ,ਪਰ ਮੰਨਣ ਲਈ ਕੋਈ ਵੀ ਤਿਆਰ ਨਹੀਂ,ਚਲੋ ਖੈਰ,,,,,

        ਜੇਕਰ ਅੱਜ ਤੋਂ ਕਰੀਬ ਚਾਰ ਕੁ ਦਹਾਕੇ ਪਹਿਲਾਂ ਵਾਲੇ ਸਮਿਆਂ ਤੇ ਝਾਤੀ ਮਾਰੀਏ ਤਾਂ ਇਹ ਗੱਲ ਪ੍ਰਪੱਕ ਹੋ ਜਾਂਦੀ ਹੈ ਤੇ ਜੋ ਓਸ ਸਮੇਂ ਦੇ ਸਾਡੇ ਪੁਰਖੇ ਸਾਡੇ ਵਿਚਕਾਰ ਹਰੀ ਕਾਇਮ ਬੈਠੇ ਹਨ ਤਾਂ ਓਹ ਜਰੂਰ ਝੱਟ ਮੰਨ ਵੀ ਜਾਂਦੇ ਹਨ, ਤੇ ਓਹ ਇਨਾਂ ਗੱਲਾਂ ਦੀ ਪ੍ਰੋੜਤਾ ਵੀ ਕਰਦੇ ਹਨ ਤੇ ਓਨਾਂ ਤੋਂ ਹੋਰ ਵੀ ਬੜਾ ਕੁੱਝ ਸਿੱਖਣ ਲਈ ਮਿਲਦਾ ਹੈ। ਜੇਕਰ ਓਨਾਂ ਸਮਿਆਂ ਦੀ ਗੱਲ ਛੇੜੀਏ ਤਾਂ ਕਿਸੇ ਇੱਕ ਅੱਧਾ ਇਨਸਾਨ ਹੀ ਜੋ ਪੜਿਆ ਲਿਖਿਆ ਜਾਂ ਕੋਈ ਨੌਕਰੀ ਪੇਸ਼ਾ ਕਰਦਾ ਸੀ ਉਹੀ ਆਪਣੇ ਕੱਪੜੇ ਪ੍ਰੈਸ ਕਰਿਆ ਕਰਦੇ ਸਨ ਕਿ ਦਫਤਰੀ ਕੰਮਾਂ ਵਿੱਚ ਇਸ ਚੀਜ਼ ਨੂੰ ਅਹਿਮ ਮੰਨਿਆ ਜਾਂਦਾ ਸੀ, ਕਿਸੇ ਅਫਸਰ ਨਾਲ ਮੀਟਿੰਗ ਕਰਨੀ ਕਿਸੇ ਸਿਆਸੀ ਬੰਦੇ ਨੇ ਦਫ਼ਤਰ ਆਉਣ ਵੇਲੇ ਚੰਗੇ ਲਗਦੇ ਸਨ। ਵੈਸੇ ਓਦੋਂ ਜੇਕਰ ਪਰਖਿਆਂ ਤੋਂ ਸੁਣੀਏ ਤਾਂ ਇਹੋ ਜਿਹੇ ਰਿਵਾਜ ਬਹੁਤ ਘੱਟ ਈ ਸਨ ਤੇ ਪੜ੍ਹੇ ਲਿਖੇ ਵੀ ਘੱਟ ਈ ਸਨ,ਸੱਭ ਨੂੰ ਆਪੋ ਆਪਣੇ ਕੰਮਾਂ ਨਾਲ ਮਤਲਬ ਸੀ ਤੇ ਕਰਦੇ ਵੀ ਆਪੋ ਆਪਣੇ ਹਿੱਸੇ ਦੇ ਕੰਮ ਆਪ ਖੁਦ ਹੀ ਆਪਣੇ ਹੱਥਾ ਨਾਲ ਹੀ ਸਨ।ਵਿਆਹ ਸ਼ਾਦੀਆਂ ਵੇਲੇ ਵੀ ਪੇਟੀਆਂ ਸੰਦੂਕਾਂ ਚ ਕੱਪੜੇ ਪਾਉਣ ਲੱਗਿਆਂ ਦਰੀਆਂ ਖੇਸ ਚਾਦਰਾਂ ਆਦਿ ਨੂੰ ਛੱਡ ਕੇ ਰੋਜ਼ਾਨਾ ਪਾਉਣ ਵਾਲੇ ਸੂਟ ਆਦਿ ਦੀਆਂ ਸਾਦੀਆਂ ਹੀ ਤਹਿਆਂ ਮਾਰ ਦੇਣੀਆਂ ਤੇ ਸਾਂਭ ਸੰਭਾਲ ਕਰ ਲੈਣੀ। ਜੇਕਰ ਕਿਸੇ ਧੀ ਭੈਣ ਭਾਵੇਂ ਸੱਜ ਵਿਆਹੀ ਹੀ ਕਿਉਂ ਨਾ ਹੋਵੇ ਓਹਨੇ ਆਪਣੇ ਸਾਂਭਣੇ ਹੁੰਦੇ ਤਾਂ ਕਪੜੇ ਗੁੱਛੀ ਮੁੱਛੀ ਕਰਕੇ ਦਰੀ ਦੇ, ਕੱਢਵੇਂ ਝੋਲੇ ਜਾ ਪਲਾਸਟਿਕ ਦੀ ਬੈਂਤ ਤੋਂ ਬਣਾਏ ਹੋਏ ਸਾਦੇ ਝੋਲਿਆਂ ਵਿੱਚ ਤੇ ਜਾਂ ਬੈਂਤ ਨਾਲ ਬਣੀਆਂ ਟੋਕਰੀਆਂ ਵਿੱਚ ਪਾ ਲੈਣੇ (ਫੋਟੋ ਦੀ ਤਰਾਂ ਬਣੀਆਂ ਟੋਕਰੀਆਂ ਵਿੱਚ ਜੋ ਇਹ ਪੁਰਾਤਨ ਵਿਰਸੇ ਨਾਲ ਸਬੰਧਤ ਚੀਜ਼ਾਂ ਹਨ ਓਹ ਪਿੰਡ ਦੀਵਾਲਾ ਦੇ ਤਸਵਿੰਦਰ ਵੜੈਚ ਨੇ ਸੰਭਾਲ ਕੇ ਰੱਖੀਆਂ ਹੋਈਆਂ ਹਨ ਉਸ ਦਾ ਇਹ ਮਿਊਜ਼ੀਅਮ ਭਾਰਤ ਦੇ ਚੋਣਵਿਆਂ ਮਿਊਜਮਾਂ ਵਿੱਚੋਂ ਇੱਕ ਹੈ ਜਿਸ ਨੂੰ ਦੂਰੋਂ ਦੂਰੋਂ ਲੋਕ ਵੇਖਣ ਲਈ ਆਉਂਦੇ ਹਨ) ਤੇ ਪੇਕੀਂ ਜਾ ਕਿਸੇ ਹੋਰ ਰਿਸ਼ਤੇਦਾਰੀ ਵਿੱਚ ਜਾਣਾ ਓਦੋਂ ਕਈ ਕਈ ਦਿਨ ਰਿਸ਼ਤੇਦਾਰੀਆਂ ਵਿੱਚ ਜਾ ਕੇ ਰਹਿਣ ਦਾ ਰਿਵਾਜ ਹੁੰਦਾ ਸੀ, ਓਨਾਂ ਝੋਲਿਆਂ ਚ ਪਾ ਲੈਣੇ,ਪ੍ਰੈਸ ਦਾ ਕੋਈ ਰਿਵਾਜ ਈ ਨਹੀਂ ਸੀ,ਥੈਲੇ ਵਿਚੋਂ ਕੱਢੀ ਜਾਣੇਂ ਤੇ ਪਾਈ ਜਾਣੇ। ਜੇਕਰ ਧੋਣ ਦੀ ਲੋੜ ਹੁੰਦੀ ਸੀ ਤਾਂ ਓਥੇ ਈ ਭਾਵ ਜਿਥੇ ਜਾਈਦਾ ਸੀ ਸਾਬੁਣ ਲਾਉਣੀ ਧੋ ਕੇ ਸੁੱਕਣੇ ਪਾ ਦੇਣੇ ਤੇ ਸ਼ਾਮ ਨੂੰ ਫਿਰ ਓਹੀ ਪਾ ਲੈਣੇ, ਕੋਈ ਨਿੰਦ ਵਿਚਾਰ ਨਹੀਂ ਸੀ।

        ਜਿਉਂ ਜਿਉਂ ਅਸੀਂ ਅਗਾਂਹ ਵਧੂ ਸੋਚ ਅਪਣਾਉਣ ਲੱਗੇ ਹਾਂ ਭਾਵ ਵੀਹਵੀਂ ਸਦੀ ਦੀ ਤਰੱਕੀ ਵਾਲੀਆਂ ਸਿਖਰਾਂ ਨੂੰ ਛੋਹਿਆ ਹੈ ਓਦੋਂ ਤੋਂ ਹਰ ਇਨਸਾਨ ਧੀਆਂ ਭੈਣਾਂ ਅਜੋਕੀ ਨੌਜਵਾਨ ਪੀੜ੍ਹੀ ਦੀ ਸੋਚ ਹੀ ਬਦਲ ਗਈ ਹੈ।ਅੱਜ ਦੇ ਸਮੇਂ ਵਿੱਚ ਜੇਕਰ ਕਿਸੇ ਵਿਆਹ ਸ਼ਾਦੀ ਵਿੱਚ ਜਾਣਾ ਹੋਵੇ ਤਾਂ ਇਹ ਅਜੋਕੇ ਰਿਵਾਜ ਮੁਤਾਬਕ ਪੈਲੇਸਾਂ ਵਿੱਚ ਹੀ ਹੁੰਦੀਆਂ ਹਨ,ਜਾਣ ਤੋਂ ਪਹਿਲਾਂ ਬੰਦਾ ਤਿੰਨ ਵਾਰ ਅੱਗੇ ਪਿੱਛੇ ਵੇਖਦਾ ਹੈ ਕਿ ਕਿਤੇ ਮੇਰੇ ਕੱਪੜਿਆਂ ਪੈਂਟ ਕਮੀਜ਼ ਜਾਂ ਫਿਰ ਚਿੱਟੇ ਕੁੜਤੇ ਪਜਾਮੇ ਦੀ ਕਰੀਜ ਖਰਾਬ ਤਾਂ ਨਹੀਂ? ਅਜੋਕੇ ਸਮੇਂ ਵਿੱਚ ਹਰ ਇਨਸਾਨ ਆਪਣਾ ਇੱਕ ਸੂਟ ਜਾਂ ਕੋਟ ਪੈਂਟ ਮੌਸਮ ਮੁਤਾਬਕ ਨਾਲ ਲੈ ਕੇ ਜਾਂਦਾ ਹੈ ਤੇ ਓਹ ਵੀ ਕਾਰਾਂ ਵਿੱਚ ਅਟੈਚੀ ਵਗੈਰਾ ਚ ਨਹੀਂ ਬਲਕਿ ਹੈਂਗਰ ਤੇ ਟੰਗ ਕੇ ਲਜਾਂਦਾ ਹੈ ਜੋ ਕਿ ਅਜੋਕੀਆਂ ਕਾਰਾਂ ਵਿੱਚ ਲੱਗੇ ਲਗਾਏ ਹੀ ਆਉਂਦੇ ਹਨ,ਜੇਕਰ ਕਾਰ ਵਿੱਚ ਬੈਠਣ ਵਾਲੇ ਜਿਆਦਾ ਹੋਣ ਤਾਂ ਬੇਸ਼ੱਕ ਔਖਾ ਹੋਣਾ ਪਵੇ ਪਰ ਕੱਪੜੇ ਦੀ ਕਰੀਜ ਖਰਾਬ ਨਾ ਹੋ ਜਾਵੇ ਹਰ ਇਨਸਾਨ ਇਹੀ ਚਾਹੁੰਦੇ ਹਨ, ਫਿਰ ਭਾਂਤ ਭਾਂਤ ਦੇ ਖੁਸ਼ਬੂਦਾਰ ਪ੍ਰਫਿਊਮ ਦਾ ਵੀ ਬਹੁਤ ਰਿਵਾਜ ਹੈ, ਬੇਸ਼ੱਕ ਕਿਸੇ ਨੂੰ ਪ੍ਰਫਿਊਮ ਦੀ ਸਮਿਲ ਨਾਲ ਉਲਟੀ ਹੀ ਕਿਉਂ ਨਾ ਆ ਜਾਵੇ ਪਰ ਇਹ ਟਰਿੰਡ ਅਜੋਕੇ ਸਮੇਂ ਵਿੱਚ ਸਿਖਰਾਂ ਤੇ ਹੈ,ਭਾਂਤ ਭਾਂਤ ਦੇ ਵਾਲ ਸਟਾਈਲ ਵੀ ਆਜੋਕੀ ਨੌਜਵਾਨ ਪੀੜ੍ਹੀ ਦੀ ਪਹਿਲੀ ਪਸੰਦ ਬਣ ਚੁੱਕੇ ਹਨ।ਹਰ ਇੱਕ ਦੀ ਇਹ ਕੋਸ਼ਿਸ਼ ਵੀ ਹੁੰਦੀ ਹੈ ਕਿ ਜਿਥੇ ਮੈਰਿਜ ਪਾਰਟੀ ਚ ਜਾਣਾ ਹੈ ਤਾਂ ਓਥੇ ਜਾ ਕੇ ਵੀ ਇੱਕ ਵਾਰ ਸੂਟ ਜਾਂ ਪੈਂਟ ਕਮੀਜ਼ ਪ੍ਰੈਸ ਕਰਾਏ ਜਾਣ, ਅਜੋਕੇ ਸਮੇਂ ਵਿੱਚ ਆਮ ਹੀ ਇਹ ਧਾਰਨਾ ਸੱਭ ਦੀ ਬਣ ਚੁੱਕੀ ਹੈ। ਲੜਕੀ ਲੜਕੇ ਨੂੰ ਬਿਊਟੀ ਪਾਰਲਰ ਤੇ ਤਿਆਰ ਕਰਨ ਕਰਾਉਣ ਦਾ ਰਿਵਾਜ ਮਹਿੰਗੇ ਮਹਿੰਗੇ ਲਹਿੰਗੇ ਸ਼ੇਰਵਾਨੀ ਪਾਉਣ ਦਾ ਰਿਵਾਜ ਅਜੋਕੇ ਸਮੇਂ ਵਿੱਚ ਸਿਖਰਾਂ ਤੇ ਹੈ ਹਜ਼ਾਰਾਂ ਰੁਪਏ ਇਸ ਕਾਰਜਾਂ ਤੇ ਨਜਾਇਜ਼ ਖ਼ਰਚ ਕੀਤੇ ਜਾਂਦੇ ਹਨ,ਜੋ ਕਿ ਮਹਿਜ਼ ਵਿਖਾਵੇ ਤੋਂ ਬਿਨਾਂ ਕੁੱਝ ਵੀ ਨਹੀਂ, ਜਦੋਂ ਕਿ ਇਹ ਲਹਿੰਗੇ ਸ਼ੇਰਵਾਨੀ ਆਦਿ ਕੁੱਝ ਘੰਟਿਆਂ ਲਈ ਹੀ ਪਾਉਣੇ ਹੁੰਦੇ ਹਨ,ਪਰ ਸਾਡੇ ਅਜੋਕੇ ਸਮਾਜ ਦਾ ਇਨਾਂ ਬਿਨਾਂ ਨੱਕ ਵੀ ਨਹੀਂ ਰਹਿੰਦਾ।ਕਈ ਅਗਾਂਹ ਵਧੂ ਬੱਚੇ ਕਿਸੇ ਦੀ ਲਾਹੀ ਹੋਈ ਕੋਈ ਚੀਜ਼ ਪਾ ਕੇ ਹੀ ਰਾਜ਼ੀ ਨਹੀਂ ਹੁੰਦੇ ਜਦੋਂ ਕਿ ਦੁਕਾਨਦਾਰਾਂ ਨੇ ਇਹ ਚੀਜ਼ਾਂ ਕਿਰਾਏ ਤੇ ਦੇਣ ਲਈ ਬਣਾਈਆਂ ਹੁੰਦੀਆਂ ਹਨ,ਓਹ ਫਿਰ ਹਜ਼ਾਰਾਂ ਰੁਪਏ ਲਾ ਕੇ ਆਪਣੀ ਮਨਮਰਜ਼ੀ ਦੀ ਸ਼ੇਰਵਾਨੀ ਜਾਂ ਲਹਿੰਗੇ ਬਣਾਉਂਦੇ ਹਨ ਤੇ ਪਾਉਂਦੇ ਹਨ, ਬੇਸ਼ੱਕ ਕੁੱਝ ਘੰਟਿਆਂ ਤੋਂ ਬਾਅਦ ਓਹ ਚੀਜ਼ ਕਦੇ ਵੀ ਤੇ ਕਿਸੇ ਵੀ ਕੰਮ ਨਹੀਂ ਆਉਂਦੀ ਪਰ ਅਸੀਂ ਬਹੁਤ ਜ਼ਿਆਦਾ ਅਮੀਰੀ ਦੀ ਝਲਕ ਵਿੱਚ ਜੀਅ ਰਹੇ ਹਾਂ। ਇਹ ਅਜੋਕੇ ਅਗਾਂਹਵਧੂ ਜ਼ਮਾਨੇ ਵਿਚ ਸੱਭ ਕੁੱਝ ਹੋ ਰਿਹਾ ਹੈ।

         ਇਸੇ ਕਰਕੇ ਹੀ ਅਜੋਕਾ ਹਰ ਇਨਸਾਨ ਕਰਜਾਈ ਹੈ ਭਾਵੇਂ ਜਿੰਮੀਦਾਰ ਭਾਵੇਂ ਦੁਕਾਨਦਾਰ ਭਾਵੇਂ ਨੌਕਰੀ ਪੇਸ਼ਏ ਵਾਲੇ ਤੇ ਖੁਦਕਸ਼ੀਆਂ ਦੇ ਰਾਹ ਪੈ ਰਿਹਾ ਹੈ,ਇਹ ਗੱਲ ਬਿਲਕੁਲ ਦਰੁਸਤ ਹੈ ਕਿ ਸਮੇਂ ਮੁਤਾਬਿਕ ਆਪਾਂ ਨੂੰ ਜ਼ਰੂਰ ਬਦਲਣਾ ਚਾਹੀਦਾ ਹੈ ਤੇ ਬਦਲ ਵੀ ਰਹੇ ਹਾਂ,ਪਰ ਚਾਦਰ ਵੇਖ ਕੇ ਪੈਰ ਪਸਾਰਨੇ ਵੀ ਅਤਿ ਜ਼ਰੂਰੀ ਹਨ।ਕੀ ਸਾਡੇ ਪੁਰਖੇ ਇਨਸਾਨ ਨਹੀਂ ਸਨ?ਕੀ ਓਹ ਆਪਣੀ ਜ਼ਿੰਦਗੀ ਵਧੀਆ ਜਿਉਂ ਕੇ ਨਹੀਂ ਗਏ?ਕੀ ਓਹ ਰੋਟੀ ਨਹੀਂ ਸੀ ਖਾਂਦੇ?ਕੀ ਓਨਾਂ ਸਮਿਆਂ ਵਿੱਚ ਵਿਆਹ ਨਹੀਂ ਸੀ ਹੁੰਦੇ?ਇਹ ਸਾਰੀਆਂ ਗੱਲਾਂ ਦਾ ਕੋਈ ਮਹੱਤਵ ਹੈ, ਅਤੇ ਸੋਚਣ ਲਈ ਵੀ ਮਜਬੂਰ ਕਰਦੀਆਂ ਹਨ, ਓਦੋਂ ਦੇ ਕੀਤੇ ਜਾਂ ਕਰਾਏ ਰਿਸ਼ਤੇ ਉਮਰਾਂ ਭਰ ਨਿਭਦੇ ਸਨ ਜੋ ਅਜੋਕੇ ਸਮੇਂ ਵਿੱਚ ਦੋ ਮਹੀਨੇ ਵਿਆਹ ਤੋਂ ਬਾਅਦ ਕਚਹਿਰੀ ਦੇ ਚੱਕਰ ਲੱਗਣ ਲੱਗ ਜਾਂਦੇ ਹਨ,ਇਹ ਸੱਭ ਹਕੀਕੀ ਗੱਲਾਂ ਹਨ ਜੋ ਆਪਾਂ ਆਪਣੀ ਰੋਜਮਰਾ ਦੀ ਜ਼ਿੰਦਗੀ ਵਿੱਚ ਹਰ ਰੋਜ਼ ਵੇਖਦੇ ਹਾਂ। ਹੁਣ ਤਾਂ ਬਾਹਰ ਜਾਣ ਦੀ ਹੋੜ ਲੱਗੀ ਹੋਈ ਹੈ ਇੱਕ ਅਟੈਚੀ ਹੀ ਆਉਂਦਾ ਹੈ ਕਾਰ ਦੀ ਡਿਗ੍ਹੀ ਚ,ਇਹੋ ਜਿਹੇ ਹਾਲਾਤ ਬਣੇ ਹੋਏ ਹਨ ਅਤੇ ਦਿਨੋਂ ਦਿਨ ਬਣ ਰਹੇ ਹਨ ਵਾਹਿਗੁਰੂ ਭਲੀ ਕਰੇ ਪਰ---

         ਕੀ ਇਨ੍ਹਾਂ ਸਮਿਆਂ ਨਾਲੋਂ ਓਹ ਸਾਦੇ ਵਿਆਹ ਸਾਦਾ ਪਹਿਰਾਵਾ ਘਰਾਂ ਵਿੱਚ ਵਿਆਹ ਕਰਨੇ ਸਾਦੇ ਝੋਲਿਆਂ ਵਿੱਚ ਕੱਪੜੇ ਪਾ ਕੇ ਕਿਤੇ ਜਾਣਾ ਆਉਣਾ ਭਰਾਵੀਂ ਪਿਆਰ ਰਿਸ਼ਤੇਦਾਰੀਆਂ ਦੀ ਅਹਿਮੀਅਤ ਇਹ ਸੱਭ ਕੁਝ ਇਸ ਵਿਖਾਵੇ ਭਰੀ ਜ਼ਿੰਦਗੀ ਨਾਲੋਂ ਚੰਗੀ ਨਹੀਂ ਸੀ?ਇਸ ਦਾ ਫੈਸਲਾ ਵੀ ਆਪਾਂ ਆਪ ਖੁਦ ਹੀ ਕਰਨਾ ਹੈ।ਕੀ ਇਸੇ ਤਰ੍ਹਾਂ ਹੀ ਕਰਜਿਆਂ ਦੀ ਮਾਰ ਪੈਂਦੀ ਰਹੇਗੀ ਜਾਂ ਆਪਾਂ ਨੂੰ ਕੁੱਝ ਕੁ ਪੁਰਾਣੇ ਸਮਿਆਂ ਵਿੱਚ ਜੋ ਕੁੱਝ ਹੁੰਦਾ ਸੀ ਓਹ ਅਪਣਾਉਣਾ ਪਊਗਾ,ਇਸ ਦਾ ਫੈਸਲਾ ਵੀ ਆਪਾਂ ਆਪ ਹੀ ਕਰਨਾ ਹੈ। ਮੇਰੇ ਖਿਆਲ ਅਨੁਸਾਰ ਜੇਕਰ ਬਹੁਤੇ ਨਹੀਂ ਤਾਂ ਕੁੱਝ ਕੁ ਪੁਰਾਣੇ ਰੀਤੀ ਰਿਵਾਜਾਂ ਨੂੰ ਅਪਣਾ ਲਈਏ ਤਾਂ ਕੋਈ ਜ਼ਿਆਦਾ ਫ਼ਰਕ ਨਹੀਂ ਪੈਂਦਾ ਤੇ ਨਾ ਹੀ ਕੋਈ ਆਪਾਂ ਨੂੰ ਪਛੜਿਆ ਹੀ ਕਹੇਗਾ, ਹਾਂ ਖੁਦਕਸ਼ੀਆਂ ਦੇ ਦੌਰ ਚੋਂ ਕੁੱਝ ਕੁ ਰਾਹਤ ਜ਼ਰੂਰ ਮਿਲ ਸਕਦੀ ਹੈ,ਇਹ ਮੇਰਾ ਨਿੱਜੀ ਵਿਚਾਰ ਹੈ,ਬਾਕੀ ਦੋਸਤੋ ਬੱਚਾ ਬੱਚਾ ਅੱਜਕਲ੍ਹ ਮਨ ਮਰਜ਼ੀ ਦਾ ਮਾਲਕ ਹੈ, ਜੇਕਰ ਕੁੱਝ ਕਹੀਏ ਤਾਂ ਓਹ ਕਹਿ ਦਿੰਦੇ ਨੇ ਕਿ ਸਾਨੂੰ ਸੱਭ ਪਤਾ ਹੈ। ਵਾਹਿਗੁਰੂ ਭਲੀ ਕਰੇ।ਇਹੋ ਜਿਹੀਆਂ ਗੱਲਾਂ ਅਤੇ ਪੁਰਾਤਨ ਸਮੇਂ ਵੇਖੇ ਹੰਢਾਏ ਕਰਕੇ ਕਦੇ ਕਦੇ ਇਹ ਗੱਲਾਂ ਲਿਖਕੇ ਦਿਲ ਦਾ ਗੁਬਾਰ ਜਿਹਾ ਕੱਢ ਲਈਦਾ ਹੈ,ਕਈ ਦੋਸਤਾਂ ਨੂੰ ਇਹ ਬਹੁਤ ਚੰਗੀਆਂ ਲੱਗਦੀਆਂ ਹਨ ਤੇ ਕਈਆਂ ਨੂੰ ਫਜ਼ੂਲ,ਆਪੋ ਆਪਣੀ ਸੋਚਣੀ ਹੈ ਦੋਸਤੋ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556a