You are here

ਸਿੱਖ ਕੌਮ ਮੁਸਲਿਮ ਭਾਈਚਾਰੇ ਨਾਲ ਚੱਟਾਨ ਵਾਂਗ ਖਡ਼੍ਹੀ ਹੈ : ਪ੍ਰਧਾਨ ਢੋਲਣ

ਜਗਰਾਉਂ   14 ਜੂਨ (ਰਣਜੀਤ ਸਿੱਧਵਾਂ) : ਪਿਛਲੇ ਦਿਨੀਂ ਜੋ ਇਸਲਾਮ ਧਰਮ ਦੇ ਪੈਗੰਬਰ ਮੁਹੰਮਦ ਸਾਹਿਬ ਜੀ ਦੇ ਬਾਰੇ ਜੋ ਭਾਜਪਾ ਦੀ ਮੁੱਖ ਬੁਲਾਰੇ ਤੌਰ ਤੇ ਨਿਯੁਕਤ ਨੂਪੁਰ ਸ਼ਰਮਾ ਨੇ ਫਿਰਕਾਪ੍ਰਸਤੀ ਦਾ ਬਹੁਤ ਹੀ ਦੁਖਦਾਇਕ ਬਿਆਨ ਦਿੱਤਾ ਉਸਨੇ ਦੇਸ਼ ਵਿਦੇਸ਼ ਵਿੱਚ ਵਸਦੇ ਮੁਸਲਮਾਨ ਭਾਈਚਾਰੇ ਤੇ ਸਰਬ ਧਰਮ ਸਾਂਝੀਵਾਲਤਾ ਦੇ ਧਾਰਨੀ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਹ ਇੱਕ ਬਹੁਤ ਹੀ ਦੁਖਦਾਇਕ ਤੇ ਫਿਰਕਾਪ੍ਰਸਤੀ ਦੀ ਜ਼ਹਿਰ ਨਾਲ ਭਰਿਆ ਬਿਆਨ ਭਾਜਪਾ ਲੀਡਰ ਵਲੋਂ ਦਿੱਤਾ ਗਿਆ ਹੈ। ਜਿਸਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਤੇ ਬਰਨਾਲਾ ਸਰਕਲ ਪ੍ਰਧਾਨ ਜਸਪ੍ਰੀਤ ਸਿੰਘ ਢੋਲਣ ਵੱਲੋਂ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਗਈ ਹੈ। ਪ੍ਰਧਾਨ ਢੋਲਣ ਨੇ ਇਹੋ ਜਿਹੇ ਫਿਰਕੂ, ਭੜਕਾਊ ਬਿਆਨਾਂ ਨੂੰ ਨਾ ਬਰਦਾਸ਼ਤਯੋਗ ਕਰਾਰ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਜ਼ਾਦੀ ਦੀ ਲੜਾਈ ਵਿੱਚ ਮੂਹਰੇ ਹੋਕੇ ਫਾਂਸੀ ਦਾ ਰੱਸਾ ਗਲ 'ਚ ਪਾਕੇ ਮੁਸਲਮਾਨ ਭਾਈਚਾਰੇ ਵਲੋਂ ਵੀ ਕੁਰਬਾਨੀਆਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਅਸ਼ਫਾਕਉਲਾ ਖਾਨ ਜੀ ਦਾ ਨਾਮ ਮੁੱਖ ਤੌਰ ਤੇ ਆਉਂਦਾ ਹੈ। ਪ੍ਰਧਾਨ ਢੋਲਣ ਨੇ ਇਹ ਵੀ ਕਿਹਾ ਕਿ ਇਸ ਦੇਸ਼ ਦੀ  ਭਾਜਪਾ ਲੀਡਰਸ਼ਿਪ ਨੇ ਆਪਣੇ ਨਾਮ ਰਜਿਸਟਰੀ ਨਹੀਂ ਕਰਵਾ ਰੱਖੀ, ਮੁਸਲਮਾਨ ਕੌਮ ਦੀ ਇਸ ਦੇਸ਼ ਉਪਰ ਬਰਾਬਰ ਦੀ ਦਾਅਵੇਦਾਰੀ ਹੈ। ਉਨ੍ਹਾਂ ਕਿਹਾ  ਕਿ ਇਹੋ ਜਿਹੇ ਫਿਰਕਾਪ੍ਰਸਤੀ ਨਾਲ ਭਰੇ ਹੋਏ ਭੜਕਾਊ ਬਿਆਨ ਦੇਣ ਲਈ ਮਨ ਵਿੱਚ ਜ਼ਹਿਰ ਭਰੇ ਭਾਜਪਾ ਦੇ ਲੋਕ ਹਮੇਸ਼ਾਂ ਹੀ ਤਿਆਰ ਰਹਿੰਦੇ ਹਨ, ਉਨ੍ਹਾਂ ਉਕਤ ਫਿਰਕਾਪ੍ਰਸਤੀ ਦੇ ਬਿਆਨ ਦੀ ਨਿੰਦਾ ਕਰਦਿਆਂ ਇਸਨੂੰ ਦੇਸ਼ ਦੀ ਏਕਤਾ ਅਖੰਡਤਾ ਲਈ ਖਤਰਾ ਕਰਾਰ ਦਿੱਤਾ ਤੇ ਕਿਹਾ ਕਿ ਉਕਤ ਲੀਡਰ ਨੂਪੁਰ ਸ਼ਰਮਾ ਨੇ ਸਾਂਝੀਵਾਲਤਾ ਨਾਲ ਵਸਦੇ ਲੋਕਾਂ ਨੂੰ ਜ਼ਹਿਰ ਵੰਡਣ ਦੀ ਕੋਸ਼ਿਸ਼ ਕੀਤੀ ਹੈ ਪਰ ਸੁਹਿਰਦ ਅਤੇ ਸੂਝਵਾਨ ਲੋਕ ਇਹੋ ਜਿਹੇ ਬੇਤੁਕੇ ਬਿਆਨਾਂ ਨੂੰ ਕੋਈ ਅਹਿਮੀਅਤ ਨਹੀਂ ਦੇਣਗੇ ਅਤੇ ਨਕਾਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਆਰ,ਐੱਸ,ਐੱਸ  ਤੇ ਭਾਜਪਾ ਦੀ ਲੀਡਰਸ਼ਿਪ ਵਲੋਂ ਦੇਸ਼ ਵਿੱਚ ਹੋਰ ਗਿਣਤੀਆਂ ਦੇ ਜਿਊਣ ਤੇ ਧਾਰਮਿਕ ਅਧਿਕਾਰਾਂ ਉੱਪਰ ਕੋਝੇ ਹਮਲੇ ਕੀਤੇ ਜਾ ਰਹੇ ਹਨ ਜੋ ਕਿ ਇੱਕ ਘਟੀਆ ਪੱਧਰ ਦੀ ਮਾਨਸਿਕਤਾ ਹੈ।