ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਹਕੂਮਤ ਅਧੀਨ ਲਿਆਉਂਣਾ ਰਾਜਾਂ ਦੇ ਹੱਕਾਂ'ਤੇ ਡਾਕਾ-....ਗੁਰਬਿੰਦਰ ਸਿੰਘ ਕਲਾਲਾ....
ਨਫ਼ਰਤਾਂ ਫੈਲਾਉਣ ਵਾਲਿਆਂ ਨੂੰ ਮੂੰਹ ਤੋੜ ਜਵਾਬ ਦੇਣਾ ਸਮੇਂ ਦੀ ਮੁਖ ਲੋੜ.... ਨਰਾਇਣ ਦੱਤ....
ਮਹਿਲਕਲਾਂ 14 ਜੂਨ (ਡਾ. ਸੁਖਵਿੰਦਰ /ਗੁਰਸੇਵਕ ਸੋਹੀ ) ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲਕਲਾਂ ਦੀ ਮੀਟਿੰਗ ਦਾਣਾ ਮੰਡੀ ਮਹਿਲਕਲਾਂ ਵਿਖੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ ਦੀ ਪੑਧਾਨਗੀ ਹੇਠ ਹੋਈ। ਮੀਟਿੰਗ ਵਿੱਚ ਐਕਸ਼ਨ ਕਮੇਟੀ ਮਹਿਲਕਲਾਂ ਦੇ ਬਾਨੀ ਮੈਂਬਰ ਡਾ ਕੁਲਵੰਤ ਰਾਏ ਪੰਡੋਰੀ ਨੂੰ ਦੋ ਮਿੰਟ ਦਾ ਮੋਨ ਧਾਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਡਾ ਕੁਲਵੰਤ ਰਾਏ ਦੇ ਬੇਵਕਤੀ ਵਿਛੋੜੇ ਨੂੰ ਪੑੀਵਾਰ/ਸਮਾਜ ਲਈ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਦੱਸਿਆ।ਇਸ ਮੀਟਿੰਗ ਵਿੱਚ ਵਿਚਾਰੇ ਗਏ ਵਿਸ਼ਿਆਂ ਬਾਰੇ ਐਕਸ਼ਨ ਕਮੇਟੀ ਦੇ ਬੁਲਾਰੇ ਸਾਥੀ ਨਰਾਇਣ ਦੱਤ ਨੇ ਦੱਸਿਆ ਕਿ ਇਸ ਵਾਰ 12 ਅਗਸਤ ਨੂੰ ਸ਼ਹੀਦ ਕਿਰਨਜੀਤ ਕੌਰ ਦੀ ਸ਼ਹਾਦਤ ਨੂੰ 25 ਵਰੵੇ ਪੁਰੇ ਹੋ ਰਹੇ ਹਨ। ਦੁਨੀਆਂ ਦੇ ਇਤਿਹਾਸ ਵਿੱਚ ਮਹਿਲਕਲਾਂ ਲੋਕ ਘੋਲ ਨੇ ਲੱਖ ਚੁਣੌਤੀਆਂ ਦੇ ਬਾਵਜੂਦ ਵੀ ਸ਼ਾਨਾਮੱਤਾ ਨਿਵੇਕਲਾ ਇਤਿਹਾਸ ਸਿਰਜਿਆ ਹੈ। ਮਹਿਲਕਲਾਂ ਲੋਕ ਘੋਲ ਦੇ 25 ਵਰ੍ਹੇ ਪੂਰੇ ਹੋਣ ਮੌਕੇ 12 ਅਗਸਤ ਔਰਤ ਮੁਕਤੀ ਦਾ ਚਿੰਨ੍ਹ ਬਣੀ ਸ਼ਹੀਦ ਕਿਰਨਜੀਤ ਦੀ ਸ਼ਹਾਦਤ ਵਿਲੱਖਣ ਢੰਗ ਨਾਲ ਮਨਾਉਣ ਸਬੰਧੀ ਵਿਚਾਰਾਂ ਸ਼ੁਰੂ ਹੋ ਗਈਆਂ ਹਨ। ਗੰਭੀਰ ਵਿਚਾਰ ਵਟਾਂਦਰਾ ਕਰਨ ਲਈ 2 ਜੁਲਾਈ ਨੂੰ ਐਕਸ਼ਨ ਕਮੇਟੀ ਦੀ ਮੀਟਿੰਗ ਦਾਣਾ ਮੰਡੀ ਮਹਿਲਕਲਾਂ ਵਿਖੇ ਬੁਲਾ ਲਈ ਗਈ ਹੈ। ਉਸ ਸਮੇਂ ਤੱਕ ਸੂਝਵਾਨ ਲੋਕ ਪੱਖੀ ਸਖਸੀਅਤਾਂ ਦੇ ਕੀਮਤੀ ਸੁਝਾਅ ਹਾਸਲ ਕੀਤੇ ਜਾਣਗੇ। ਅੱਜ ਦੀ ਮੀਟਿੰਗ ਵਿੱਚ ਐਕਸ਼ਨ ਕਮੇਟੀ ਨੂੰ ਦਰਪੇਸ਼ ਬਹੁਤ ਸਾਰੀਆਂ ਜਥੇਬੰਦਕ ਸਮੱਸਿਆਵਾਂ ਸਬੰਧੀ ਗੰਭੀਰ ਵਿਚਾਰ ਵਟਾਂਦਰਾ ਕਰਕੇ ਖੁੱਲੇ ਮਨ ਨਾਲ ਸਰਬਸੰਮਤੀ ਨਾਲ ਹੱਲ ਕੀਤਾ ਗਿਆ। ਅਨੇਕਾਂ ਦਰਪੇਸ਼ ਮੁਸ਼ਕਲਾਂ ਦੇ ਬਾਵਜੂਦ ਐਕਸ਼ਨ ਕਮੇਟੀ ਇੱਕਜੁੱਟਤਾ ਨਾਲ ਹਰ ਮੁਸ਼ਕਲ ਦਾ ਜਥੇਬੰਦਕ ਢੰਗ ਹੱਲ ਕਰਦੀ ਹੋਈ ਵੱਡੀਆਂ ਚੁਣੌਤੀਆਂ ਦੇ ਸਮਰੱਥ ਹੋ ਸਕੀ ਹੈ, ਆਉਣ ਵਾਲੇ ਸਮੇਂ ਵਿੱਚ ਵਿਗਿਆਨਕ ਸਮਝ ਦੇ ਇਸ ਅਧਾਰ ਉੱਤੇ ਹੋਰ ਵਧੇਰੇ ਦੑਿੜਤਾ ਨਾਲ ਪਹਿਰਾ ਦਿੱਤਾ ਜਾਵੇਗਾ। ਮੀਟਿੰਗ ਵਿੱਚ ਮੋਦੀ ਹਕੂਮਤ ਵੱਲੋਂ ਮੁਲਕ ਦੀ ਸਭ ਤੋਂ ਵੱਡੀ ਧਾਰਮਿਕ ਘੱਟ ਗਿਣਤੀ ਮੁਸਲਿਮ ਤਬਕੇ ਖਿਲਾਫ਼ ਵਿੱਢੀ ਮੁਹਿੰਮ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪੈਗੰਬਰ ਮੁਹੰਮਦ ਖਿਲਾਫ਼ ਨਫਰਤ ਫ਼ੈਲਾਉਣ ਵਾਲੀ ਨੂਪੁਰ ਸ਼ਰਮਾਂ ਅਤੇ ਨਵੀਨ ਜਿੰਦਲ ਨੂੰ ਤੁਰੰਤ ਗੵਿਫਤਾਰ ਕਰਨ ਦੀ ਮੰਗ ਕੀਤੀ ਗਈ। ਰਾਜਾਂ ਨਾਲ ਧੱਕੇ ਵਿਤਕਰੇ ਦੀ ਨੀਤੀ ਜਾਰੀ ਰੱਖਦਿਆਂ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਦੇ ਹੱਥਾਂ ਵਿੱਚ ਸੌਂਪਣ ਵਾਲਾ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ ਗਈ। ਯੂਨੀਵਰਸਿਟੀ ਨੂੰ ਬਚਾਉਣ ਦੀ ਰਾਖੀ ਕਰ ਰਹੀਆਂ ਵਿਦਿਆਰਥੀ ਜਥੇਬੰਦੀਆਂ ਦੇ ਸੰਘਰਸ਼ ਉੱਪਰ ਪੁਲਿਸ ਵੱਲੋਂ ਲਾਠੀਚਾਰਜ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਅੱਜ ਦੀ ਮੀਟਿੰਗ ਵਿੱਚ ਮਨਜੀਤ ਧਨੇਰ, ਪੑੇਮ ਕੁਮਾਰ, ਮਲਕੀਤ ਸਿੰਘ ਵਜੀਦਕੇ, ਜਰਨੈਲ ਸਿੰਘ ਚੰਨਣਵਾਲ, ਗੁਰਮੀਤ ਸੁਖਪੁਰਾ, ਮਾ ਦਰਸ਼ਨ ਸਿੰਘ, ਗੁਰਦੇਵ ਸਿੰਘ ਮਹਿਲਖੁਰਦ ਅਤੇ ਅਮਰਜੀਤ ਕੁੱਕੂ ਆਦਿ ਆਗੂਆਂ ਨੇ ਵੀ ਵਿਚਾਰ ਰੱਖੇ।