You are here

ਸਾਹਿਤ

ਕਾਹਦੀਆਂ ਐਸ਼ਾਂ ਸੱਜਣਾ ✍️. ਸ਼ਿਵਨਾਥ ਦਰਦੀ

ਕਦੇ ਵਧਾਉਂਦੇ ਪੈਟਰੋਲ ਸੱਜਣਾ ,
ਕਦੇ ਵਧਾਉਂਦੇ  ਗੈਸਾਂ  ਸੱਜਣਾ ,
ਹੁਣ ਕਾਹਦੀਆਂ ਐਸ਼ਾਂ ਸੱਜਣਾ ,
ਹੁਣ ਕਾਹਦੀਆਂ ਐਸ਼ਾਂ ਸੱਜਣਾ ।
ਪਾਣੀ ਹੋ ਰਹੇ ਨੇ , ਖਾਰੇ ਦੇਖੋ 
ਲੜਦੇ, ਇਕ ਦੂਜੇ ਨਾਲ ਵਿਚਾਰੇ ਦੇਖੋ ,
ਆਰ.ਓ ਤੇ ਲੱਗੀਆਂ ਲਾਈਨਾਂ ,
ਹੁੰਦੀਆਂ ਵੇਖੋ , ਬਹਿਸਾਂ ਸੱਜਣਾ ।
ਹੁਣ ਕਾਹਦੀਆਂ ...................
ਰੋ ਰਿਹਾ , ਮਜ਼ਦੂਰ ਕਿਸਾਨ ,
ਨਾ ਦੇਵੇ , ਸਰਕਾਰ ਧਿਆਨ ,
ਫੇਲ ਹੋ ਰਹੀਆਂ , ਅੱਜਕਲ੍ਹ
ਸਾਡੀਆਂ ਬਣਾਈਆਂ , ਸਾਇੰਸਾਂ ਸੱਜਣਾ ।
ਹੁਣ ਕਾਹਦੀਆਂ .....................
ਦੇਸ਼ ਦੀ , ਹੋ ਰਹੀ ਕੈਸੀ ਤਰੱਕੀ ,
ਜ਼ਹਿਰੀ ਕਣਕਾਂ ਤੇ , ਏਥੇ ਮੱਕੀ ,
ਗਾਂ, ਮੱਝ ਦੇ ਦੁੱਧ ਚੋ  ਨਾ ,
ਨਿਕਲਣ , ਹੁਣ  ਫੈਂਟਾ ਸੱਜਣਾ ।
ਹੁਣ ਕਾਹਦੀਆਂ ....................
ਹਰ ਥਾਂ ਅੱਜ , ਨਸ਼ਾਂ ਪਿਆ ਵਿਕਦਾ 
ਸੱਚ ਦਾ ਪੂਜਾਰੀ , ਸੱਚ ਪਿਆ ਲਿਖਦਾ 
ਚੁੱਪ ਕਰਕੇ ਬਹਿਜਾ 'ਦਰਦੀ',
ਨਹੀਂ , ਚੜ੍ਹ ਜੂ ਤੇਰੇ ਤੇ ਫੈਂਟਾ ਸੱਜਣਾ ।
ਹੁਣ ਕਾਹਦੀਆਂ ....................
                ਸ਼ਿਵਨਾਥ ਦਰਦੀ 
         ਸੰਪਰਕ :-9855155392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।

ਏਹ ਕੇਹਾ ਦੇਸ਼ ਨੀ ਮਾਏ ✍️. ਸਲੇਮਪੁਰੀ ਦੀ ਚੂੰਢੀ

ਏਹ ਕੇਹਾ ਦੇਸ਼ ਨੀ ਮਾਏ!
ਜਿਥੇ  ਘਿਓ
 ਮਚਾਇਆ ਜਾਵੇ ਨੀ!
ਜਿਥੇ ਦੁੱਧ
ਵਹਾਇਆ ਜਾਵੇ ਨੀ!
ਜਿਥੇ ਮੂਤ
ਪਿਲਾਇਆ ਜਾਵੇ ਨੀ!
ਏਹ ਕੇਹਾ ਦੇਸ਼ ਨੀ ਮਾਏ ।
ਏਹ ਕੇਹਾ ਦੇਸ਼! 
ਜਿਥੇ ਰੱਬ ਦੇ ਰੇਡੀਓ 
ਵੱਜਦੇ ਨੇ! 
ਲੋਕੀਂ ਰੱਬ 'ਤੇ ਭਰੋਸਾ 
ਧਰਦੇ ਨੇ! 
ਪਰ ਰਾਖੀ ਕੈਮਰੇ 
ਕਰਦੇ ਨੇ! 
ਏਹ ਕੇਹਾ ਦੇਸ਼ ਨੀ ਮਾਏ! 
ਏਹ ਕੇਹਾ ਦੇਸ਼! 
ਜਿਥੇ ਮਾਵਾਂ ਦੀਆਂ ਕੁੱਖਾਂ
  ਮੜੀਆਂ ਨੇ!
ਧੀਆਂ ਦੀਆਂ ਕਿਸਮਤਾਂ
ਸੜੀਆਂ ਨੇ! 
ਪਾਉਂਦੀਆਂ ਤਰਲੇ 
ਖੜ੍ਹੀਆਂ ਨੇ! 
ਏਹ ਕੇਹਾ ਦੇਸ਼ ਨੀ ਮਾਏ! 
ਏਹ ਕੇਹਾ ਦੇਸ਼! 
ਜਿਥੇ ਧਰਮ ਦੇ ਨਾਂ 'ਤੇ 
ਦੰਗੇ  ਨੇ!
ਜਿਥੇ ਜਾਤ ਪਰਖਦੇ 
ਬੰਦੇ ਨੇ! 
ਕਰਜੇ ਦੇ ਗਲ ਵਿਚ 
ਫੰਦੇ ਨੇ! 
ਏਹ ਕੇਹਾ ਦੇਸ਼ ਨੀ ਮਾਏ।
ਏਹ ਕੇਹਾ ਦੇਸ਼ ! 
ਜਿਥੇ ਸਾਇੰਸ 
ਬੌਣੀ ਬਣ ਗਈ ਆ! 
 ਮਿਥਿਹਾਸ ਦੀ 
ਝੰਡੀ ਚੜ੍ਹ ਗਈ ਆ! 
ਤਰਕ ਦੀ ਪੋਥੀ 
ਸੜ ਗਈ ਆ! 
ਏਹ ਕੇਹਾ ਦੇਸ਼ ਨੀ ਮਾਏ!
ਏਹ ਕੇਹਾ ਦੇਸ਼ !
-ਸੁਖਦੇਵ ਸਲੇਮਪੁਰੀ
09780620233
12 ਫਰਵਰੀ, 2022.

ਬਹੁਪੱਖੀ ਸਖ਼ਸ਼ੀਅਤ ਲੇਖਿਕਾ ਜਸਵੰਤ ਕੌਰ ਬੈਂਸ (ਕੰਗ) ✍️ ਗੁਰਚਰਨ ਸਿੰਘ ਧੰਜੂ

ਸਤਿਕਾਰ ਯੋਗ ਸ਼ਖਸ਼ੀਅਤ ਜਸਵੰਤ ਕੌਰ ਕੰਗ ਇੱਕ ਉਚੀ ਤੇ ਸੁੱਚੀ ਸੋਚ  ਬਹੁ ਪੱਖੀ ਸ਼ਖਸ਼ੀਅਤ ਦੀ ਮਾਲਕ ਹੈ। ਜਿਸ ਵਿੱਚੋ ਪੰਜਾਬ ਦੀ ਮਿੱਟੀ ਦੀ ਖੁਸ਼ਬੋਅ ਝਲਕਾ ਮਾਰ ਰਹੀ ਹੈ। ਪੰਜ਼ਾਬੀ ਮਾਂ ਬੋਲੀ ਨੂੰ ਸਮਰਪਤ ਇਹ ਸ਼ਖਸ਼ੀਅਤ ਆਪਣੇ ਪੰਜਾਬੀ ਅਮੀਰ ਵਿਰਸੇ ਨੂੰ ਨਹੀ ਭੁਲੀ ਸਗੋ ਹੋਰਨਾ ਨੂੰ ਵੀ ਇਸ ਨਾਲ ਜੋੜਕੇ ਰੱਖਿਆ ਹੈ । ਕੁਝ ਦੁਹਾਕੇ ਪਹਿਲਾ Uk ਚ ਜਾ ਵਸੀ ਇਹ ਪੰਜਾਬਣ ਮੁਟਿਆਰ ਇਕ ਕਲਮਕਾਰ ਹੋਣ ਕਰਕੇ ਸਾਹਿਤ ਦੇ ਖੇਤਰ ਅੰਦਰ ਵੀ ਮੱਲਾ ਮਾਰੀਆ ਹਨ। ਜੇ ਕਵਿਤਾ ਵੀ ਦੇਖੀਆ ਜਾਣ ਇਹ ਸਖਸ਼ੀਅਤ ਸੁੱਚੇ ਮੋਤੀਆਂ ਦੀ ਮਾਲਾ ਵਾਂਗ ਸ਼ਬਦਾ ਨੂੰ ਢੁਕਵੇਂ ਥਾਂ ਤੇ ਚੁਣਨ ਤੇ ਚਿਣਨ ਦਾ ਹੁਨਰ ਰੱਖਦੀ ਹੈ। ਕਹਿੰਦੇਂ ਹਨ ਕਿ ਕਲਮ ਦਾ ਫੱਟ ਤਲਵਾਰ ਦੇ ਫੱਟ ਤੋਂ ਡੂੰਘਾਂ ਹੁੰਦਾ ਹੈ ਸ਼ਰਤ ਇੱਕ ਕਿ ਕਲਮ ਵਿਕਾਊ ਨਾ ਹੋਵੇ। ਇਹ ਸਭ ਕੁੱਝ ਜਸਵੰਤ ਕੌਰ ਕੰਗ ਜੀ ਨੇ ਆਪਣੀ ਕਲਮ ਨਾਲ ਸਮੇਂ ਦੀ ਹਿੱਕ ਤੇ ਸਵਾਰ ਹੋਕੇ ਸੱਚ ਲਿਖ ਵਖਾਇਆ ਹੈ ਜੋ ਸੇਧ ਦੇਣ ਦਾ ਕੰਮ ਕੀਤਾ ਹੈ। ਪੰਜਾਬੀ ਮਾਂ ਬੋਲੀ ਲਈ ਤਨਦੇਹੀ ਨਾਲ ਕੰਮ ਕਰ ਰਹੀ ਇਸ ਸ਼ਖਸ਼ੀਅਤ ਨੇ ਆਪਣੇ ਅਮੀਰ ਵਿਰਸੇ ਕਲਚਰ ਨੂੰ ਨਹੀ ਛੱਡਿਆ ਪੰਜਾਬੀ ਖਾਣਾ ਪੀਣਾ ਪਹਿਨਣਾ ਬੋਲਣਾ ਸਭ ਪਿਤਾ ਪੁਰਖੀ ਉਹੀ ਜੀਵਨ ਚ ਵਸਿਆ ਹੈ। ਬੋਲਣਾ ਤੇ ਸਭ ਜਾਣਦੇ ਹਨ ਪਰ ਕਦੋ ਕੀ ਬੋਲਣਾ ਇਹ Uk ਦੀ ਧਰਤੀ ਦੇ ਲੈਸਟਰ ਸ਼ਹਿਰ ਜਾ ਵਸੀ ਜਸਵੰਤ ਕੌਰ ਦੇ ਹਿੱਸੇ ਵੀ ਆਇਆ। ਮਿੱਠੀ ਬੋਲੀ ਤੇ ਮਿਲਾਪੜੇ ਸੁਭਾਅ ਦੀ ਮਾਲਕ ਇਹ ਸਤਿਕਾਰ ਯੋਗ ਸਖਸੀਅਤ ਝੱਟ ਹੀ ਮਿਲਣ ਸਾਰ ਆਪਣੇ ਉਚੇ ਕਿਰਦਾਰ ਵਾਲੇ ਗੁਣ ਵਿਖਾ ਦੇਦੀਂ ਹੈ । ਜੇ ਇਸ ਸਖਸ਼ੀਅਤ ਵਿੱਚ ਸਮਾਜਿਕ ਗੁਣ ਦੇਖੀਏ ਤਾਂ ਸਮਾਜ ਦੀ ਸੇਵਾ ਚ ਵੀ ਭਰਪੂਰ ਹੈ।ਆੳ ਇਸ ਸ਼ਖਸ਼ੀਅਤ ਦੇ ਜਿ਼ੰਦਗੀ ਦੇ ਸ਼ਫਰ ਤੇ ਝਾਤ ਪਾਈਏ।
ਲੇਖਿਕਾ ਜਸਵੰਤ ਕੌਰ ਬੈਂਸ (ਕੰਗ) ਦਾ ਪਿਛੋਕੜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬਹੁਤ ਹੀ ਖੂਬਸੂਰਤ ਕਸਬੇ ਕਿਲ੍ਹਾ ਖਮਾਣੋਂ (ਖਮਾਂਣੋਂ ਖੁਰਦ) ਦੇ ਸ਼ਾਹੀ ਠਾਠ-ਬਾਠ ਵਾਲੇ ਸਿੱਖ ਮਿਸਲਾਂ ਵਿੱਚੋਂ ਡੱਲ਼ੇਵਾਲ਼ੀਆ ਮਿਸਲ ਦੇ ਖ਼ਾਨਦਾਨ ਨਾਲ ਹੈ ਅਤੇ ਸਰਦਾਰ ਲਛਮਣ ਸਿੰਘ ਕੰਗ (ਜੋ ਆਪਣੀ ਡਾਕਟਰੀ ਯੋਗਤਾ ਅਤੇ ਰਹਿਮ-ਦਿਲੀ ਲਈ ਜਾਣੇ ਜਾਂਦੇ ਸਨ)ਜੋ ਗਰੀਬਾਂ ਦਾ ਮੁਫ਼ਤ ਵਿੱਚ ਇਲਾਜ ਕਰਦੇ ਸਨ, ਜੀ ਦੀ ਪੋਤਰੀ ਅਤੇ ਸ. ਸਰਦਾਰ ਨਵਨੀਤ ਸਿੰਘ ਕੰਗ  ਸਾਬਕਾ ਸਰਪੰਚ ਖਮਾਣੋਂ ਖ਼ੁਰਦ ਦੀ ਸਪੁੱਤਰੀ ਜਸਵੰਤ ਕੌਰ ਬੈਂਸ ਆਪਣੇ ਦਾਦਾ ਜੀ ਦੇ ਨਕਸ਼ੇ-ਕਦਮਾਂ ਤੇ ਚੱਲ ਕੇ ਅਜੋਕੇ ਯੁੱਗ ਦੀ ਘਾਤਕ ਬੀਮਾਰੀ 'ਮਾਨਸਿਕ-ਤਣਾਅ' ਦੀ ਸ਼ਿਕਾਰ ਮਾਨਵਤਾ ਦੀ ਹਰ ਮਰਜ਼ ਦੀ ਰਮਜ਼ ਪਛਾਣ ਕੇ, ਉਸ ਦਾ ਸਹੀ ਉਪਚਾਰ ਲੱਭ ਕੇ ਆਪਣੀਆਂ ਕਵਿਤਾਵਾਂ ਰਾਹੀਂ ਅਤੇ ਸਾਂਝੇ ਕਾਵਿ ਸੰਗ੍ਰਹਿ  ਅਤੇ ਕਹਾਣੀ ਸੰਗ੍ਰਹਿ ਜਾਣਾ ਏ ਉਸ ਪਾਰ ਅਤੇ ਕਦੋਂ ਮਿਲੇਗੀ ਪਰਵਾਜ਼ ਜੋ ਕੋਵਿਡ-19 ਦੇ ਦਰਦ ਅਤੇ ਮਹਾਂਮਾਰੀ ਨੂੰ ਕਵਿਤਾਵਾਂ, ਕਹਾਣੀਆਂ ਅਤੇ ਲੇਖ ਸੰਗ੍ਰਹਿ ਜ਼ਰੀਏ ਬਿਆਨ ਕਰਦੀਆਂ ਹਨ। ਜਸਵੰਤ ਕੌਰ ਬੈਂਸ ਵੱਲੋਂ ਸੰਪਾਦਤ ਕੀਤਾ ‘ਰੂਹ ਦੀ ਚੀਖ’ ਸਾਂਝਾਂ ਕਹਾਣੀ ਸੰਗ੍ਰਹਿ ਹੈ ਜਿਸ ਵਿੱਚ ਬਹੁਤ ਸਾਰੇ ਨਵੇਂ ਲੇਖਕਾਂ ਨੂੰ ਕਹਾਣੀ ਲਿੱਖਣ ਲਈ ਉਤਸ਼ਾਹਿਤ ਕੀਤਾ ਹੈ। ਜਸਵੰਤ ਕੌਰ ਬੈਂਸ ਨੇ ਇੰਨਾਂ ਤਿੰਨੇ ਸਾਂਝੇ ਕਾਵਿ ਸੰਗ੍ਰਹਿ ਅਤੇ ਕਹਾਣੀ ਸੰਗ੍ਰਹਿ ਸੰਪਾਦਤ ਕਰ ਕੇ ਅਤੇ ਛਪਵਾ ਕੇ ਕਿਸੇ ਵੀ ਲੇਖਕ ਕੋਲ਼ੋਂ ਕੀਮਤ ਨਾ ਵਸੂਲ ਕਰਕੇ ਸੇਵਾ ਕੀਤੀ ਅਤੇ ਬਹੁਤ ਸਾਰੇ ਨਵੇਂ ਲੇਖਿਕਾਂ ਨੂੰ ਅੱਗੇ ਵੱਧਣ ਲਈ ਉਤਸ਼ਾਹਿਤ  ਕਰ ਕੇ ਉਨ੍ਹਾਂ ਦੇ ਦਿਲ ਅਤੇ ਰੂਹ ਤੇ ਹਿੰਮਤ ਅਤੇ ਹੌਸਲਿਆਂ ਦੀ ਮੱਲ੍ਹਮ-ਪੱਟੀ ਕਰਨ ਦੀ ਸੇਵਾ ਨਿਭਾ ਰਹੀ ਹੈ।

ਸ਼ਾਇਰਾ ਨੂੰ ਆਪਣੇ ਤਾਇਆ ਜੀ ਸ. ਹਰਮੀਤ ਸਿੰਘ ਕੰਗ (Renowned Industrial of 70s and 80s) ਅਤੇ ਪਿਤਾ ਸ. ਨਵਨੀਤ ਸਿੰਘ ਕੰਗ (Urdu Writer) ਕੋਲੋਂ ਸ਼ਾਇਰਾਨਾ ਅੰਦਾਜ਼ ਵਿਰਾਸਤ ਵਿੱਚ ਮਿਲਿਆ। ਜਸਵੰਤ ਦੇ ਤਾਇਆ ਜੀ ਜੋ ਬਹੁਤ ਵੱਡੀ ਮਿੱਲ ਮੰਡੀ ਗੋਬਿੰਦਗੜ੍ਹ ਵਿੱਚ “ਅੱਪ ਲਿੱਫਟ ਇੰਜਨੀਅਰਿੰਗ ਕੰਪਨੀ “ ਦੇ ਮਾਲਕ ਸਨ। ਜਿੱਥੇ ਕਣਕ ਕੁਤਰਨ ਵਾਲੇ ਥਰੈਸ਼ਰ, ਮੱਕੀ ਕੱਢਣ ਵਾਲੀਆਂ ਮਸ਼ੀਨਾਂ, ਸੀਡ ਡਰਿੱਲ, ਹੱਲ , ਤਵੀਆਂ ਵਾਹੀ ਦੇ ਸਾਰੇ ਸੰਦ ਬਣਦੇ ਸਨ। ਉਨ੍ਹਾਂ ਦੀ ਆਪਣੀ ਪ੍ਰਿੰਟਿੰਗ ਪ੍ਰੈੱਸ ਸੀ ਜਿੱਥੇ ਉੱਨਾਂ ਨੇ ਆਪਣੀ “ ਵਾਹੀਕਾਰ ਯੁੱਗ” ਮੈਗਜ਼ੀਨ ਸ਼ੁਰੂ ਕੀਤੀ । ਜੋ ਕਿਸਾਨਾਂ ਅਤੇ ਉਸ ਸਮੇਂ ਦੇ ਲੇਖਕਾਂ ਲਈ ਲਾਹੇਵੰਦ ਸੀ। ਜਸਵੰਤ ਦੇ ਦਾਦਾ ਜੀ ਸਰਦਾਰ ਲਛਮਣ ਸਿੰਘ ਕੰਗ ਜੋ ਮੋਰਿੰਡੇ ਸ਼ਹਿਰ ਵਿੱਚ ਆਪਣੇ ਸਮੇਂ ਵਿੱਚ Screw Mill ਦੇ ਮਸ਼ਹੂਰ ਬਿਜਨਿਸ ਮੈਨ ਸਨ। ਉਨਾਂ ਨੇ ਆਪਣੇ ਸਮੇਂ ਵਿੱਚ “ਸੱਚਾ ਭਾਈਚਾਰਾ” ਮੈਗਜ਼ੀਨ ਚਲਾਈ ਸੀ। ਜਸਵੰਤ ਕੌਰ ਦੇ ਪਿਤਾ ਜੋ ਉਰਦੂ ਦੇ ਲੇਖਕ ਸਨ। ਜਿਨਾਂ ਦੀ ਮਿਲ  ਅਤੇ ਰਿਹਾਇਸ਼ ਖਮਾਣੋਂ ਮੰਡੀ ਵਿੱਚ ਸੀ ਜੋ ‘ ਅੱਪ ਲਿਫ਼ਟ ਫਲੋਰ ਮਿਲ’ ਦੇ ਮਾਲਕ ਸਨ। ਜੋ ਉਰਦੂ ਦੇ ਬਹੁਤ ਵਧੀਆ ਲੇਖਕ ਸਨ। ਜਿਨਾਂ ਦਾ ਲਿਖਿਆ ਸਫ਼ਰਨਾਮਾ ਉਰਦੂ ਦੇ ਅਖਬਾਰ ਹਿੰਦ ਸਮਾਚਾਰ ਵਿੱਚ ਲਗਾਤਾਰ ਕਈ ਮਹੀਨੇ ਛੱਪਿਆ। ਜਸਵੰਤ ਦੇ ਪਿਤਾ ਜੀ ਨੇ ਆਪਣੇ ਜੱਦੀ ਪਿੰਡ ਵਿੱਚ ਆਪਣੇ ਸਰਪੰਚ ਹੋਣ ਦੇ ਸਮੇਂ ਬਹੁਤ ਸਾਰੇ ਕਾਰਜ ਕਰਕੇ ਸਮਾਜਿਕ ਸੇਵਾ ਕੀਤੀ। ਉਨਾਂ ਨੇ ਆਪਣੀ ਸਰਪੰਚੀ ਸਮੇਂ ਪੱਕੀ ਸੜਕ ਬਣਵਾਈ ਜੋ ਰੇਤ ਦੇ ਟਿੱਬਿਆਂ ਵਿੱਚ ਆਉਣ ਜਾਣ ਦੇ ਲਈ ਵਧੀਆ ਸਾਧਨ ਬਣਿਆ। ਪਿੰਡ ਵਿੱਚ ਬਿਜਲੀ ਵੀ ਉੱਨਾਂ ਦੀ ਸਰਪੰਚੀ ਵੇਲੇ ਆਈ। ਪਿੰਡ ਦੀਆਂ ਗਲੀਆਂ ਪੱਕੀਆਂ ਕਰਵਾਈਆਂ। ਉਨ੍ਹਾਂ ਨੇ ਪਿੰਡ ਦੀ ਪਾਣੀ ਦੀ ਟੈਂਕੀ ਲਈ ਤਿੰਨ ਵਿੱਘੇ ਜ਼ਮੀਨ ਛੱਡ ਦਿੱਤੀ ਸੀ ।ਜੋ ਅੱਜ ਵੀ ਪਿੰਡ ਵਿੱਚ ਮੌਜੂਦ ਹੈ। ਉਹ ਹਮੇਸ਼ਾ ਦੂਜੇ ਦੀ ਸੇਵਾ ਕਰਨ ਵਿੱਚ ਤੱਤਪਰ ਰਹਿੰਦੇ ਸੀ।  ਜਦੋਂ ਗੋਬਰ ਗੈਸ ਪਲਾਂਟ ਸਕੀਮ ਪੰਜਾਬ ਵਿੱਚ ਆਈ ਸਭ ਤੋਂ ਪਹਿਲਾਂ ਉਨਾਂ ਨੇ ਆਪ ਆਪਣੇ ਘਰ ਵਿੱਚ ਗੋਬਰ ਗੈਸ ਪਲਾਂਟ ਲਵਾ ਕੇ ਆਲੇ ਦੁਆਲੇ ਦੇ ਪਿੰਡਾਂ ਨੂੰ ਦਿਖਾਇਆ ਅਤੇ ਉਤਸ਼ਾਹਿਤ ਕੀਤਾ।  ਜਿਸ ਨੂੰ ਫਿੱਟ ਕਰਨ ਵਾਸਤੇ ਬਹੁਤ ਖੁੱਲ੍ਹੀ ਡੁੱਲੀ ਜਗਾ ਚਾਹੀਦੀ ਸੀ। ਉਹ ਉੱਚੇ ਵਿਚਾਰਾਂ ਦੇ ਮਾਲਿਕ ਅਤੇ ਬਹੁਤ ਵਧੀਆ ਪਾਰਖੂ  ਅਤੇ ਅਗਾਂਹਵਧੂ ਸੋਚ ਦੇ ਮਾਲਿਕ ਸਨ। ਬਹੁਤ ਵਧੀਆ ਸਲਾਹਕਾਰ ਸਨ। ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਆਮ ਉਨ੍ਹਾਂ ਕੋਲ ਸਲਾਹ ਮਸ਼ਵਰੇ ਲਈ ਆਉਂਦੇ ਸਨ। ਕਿਉਕਿ ਉਹ ਹਰ ਨਵੀਂ ਚੀਜ਼ ਨੂੰ ਬੜੇ ਚਾਉ ਨਾਲ ਆਪ ਦੇਖ ਕੇ ਪਰਖ ਕੇ ਵਰਤੋਂ ਵਿੱਚ ਲਿਆਉਂਦੇ। ਇਸ ਲਈ ਜਸਵੰਤ ਵਿੱਚ ਆਪਣੇ ਪਿਤਾ ਜੀ ਦੇ ਸਾਹਿਤਕ ਗੁਣ, ਅਤੇ ਸਮਾਜ ਸੇਵਾ ਦੇ ਗੁਣ ਆਪਣੇ ਵਿਰਸੇ ਵਿੱਚੋਂ ਹੀ ਬਜ਼ੁਰਗਾਂ ਤੋਂ ਮਿਲੇ ਹਨ।

ਪ੍ਰਮਾਤਮਾ ਦੀ ਇਬਾਦਤ ਅਤੇ ਗੁਰਬਾਣੀ ਪੜ੍ਹਨਾ ਆਪਣੇ ਬੀਜੀ ਰਵਿੰਦਰ ਕੌਰ ਕੰਗ ਦੀ ਛਤਰ ਛਾਇਆ ਵਿੱਚ ਸਿਖਿਆ। ਆਪਣੇ ਘਰ ਵਿੱਚ ਹੀ ਪਿਤਾ ਜੀ ਦੀ (ਜੋ ਕਿ ਕਿਲ੍ਹਾ ਖਮਾਣੋਂ ਦੇ ਸਰਪੰਚ ਸਨ) ਪੰਚਾਇਤ ਦੀ ਲਾਇਬ੍ਰੇਰੀ ਹੋਣ ਕਾਰਨ ਪੰਜਾਬੀ ਦੇ ਉੱਘੇ ਲੇਖਕ ਨਾਨਕ ਸਿੰਘ, ਗੁਰਬਖਸ਼ ਸਿੰਘ ਪ੍ਰੀਤਲੜੀ, ਜਸਵੰਤ ਸਿੰਘ ਕੰਵਲ , ਪ੍ਰੋਫੈਸਰ ਮੋਹਣ ਸਿੰਘ ਅਤੇ ਭਾਈ ਵੀਰ ਸਿੰਘ ਵਰਗੀਆਂ ਸਖਸ਼ੀਅਤਾਂ ਦੀਆਂ ਲਿਖਤਾਂ  ਪੜ੍ਹ ਕੇ ਸ਼ਾਇਰਾ ਜਸਵੰਤ ਨੇ ਆਪਣੇ ਕਿਤਾਬੀ ਗਿਆਨ ਵਿੱਚ ਮੁਹਾਰਤ ਪਾਈ। ਫਿਰ ਮਹਾਨ ਕਵੀ ਕੁਲਵੰਤ ਜਗਰਾਓਂ ਜੀ (ਜੋ ਕਿ ਖਮਾਣੋਂ ਸਕੂਲ ਵਿੱਚ ਜਸਵੰਤ ਜੀ ਦੇ ਅਧਿਆਪਕ ਰਹਿ ਚੁੱਕੇ ਸਨ) ਦੀਆਂ ਕਵਿਤਾਵਾਂ ਨੇ ਵੀ ਇਨ੍ਹਾਂ ਦੀ ਲਿਖਣ ਦੀ ਕਲਾ ਵਿੱਚ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ।

 

ਜਸਵੰਤ ਕੌਰ ਬੈਂਸ ਨੇ ਆਪਣੀ ਮੁੱਢਲੀ ਵਿੱਦਿਆ ਪ੍ਰਾਇਮਰੀ ਸਕੂਲ ਖਮਾਣੋਂ ਖ਼ੁਰਦ ਤੋਂ ਹਾਸਲ ਕੀਤੀ।
ਫੇਰ ਗੌਰਮਿੰਟ ਹਾਈ ਸਕੂਲ ਖਮਾਣੋਂ ਮੰਡੀ ਤੋਂ ਦਸਵੀ ਪਾਸ ਕੀਤੀ। ਆਪਣੀ ਉਚੇਰੀ ਵਿਦਿਆ Guru Gobind Singh Khalsa College Jhar Sahib  ਪੰਜਾਬ ਯੂਨੀਵਰਸਟੀ ਤੋਂ ਹਾਸਲ ਕੀਤੀ। ਯੂ ਕੇ ਆ ਕੇ ਵੀ ਜਸਵੰਤ ਕੌਰ ਨੇ ਆਪਣੀ ਪੜਾਈ ਜਾਰੀ ਰੱਖੀ।  ਚਾਈਲਡ ਕੇਅਰ  (Childcare) ਅਤੇ ਹੈਲਥ ਐਂਡ ਸੋਸ਼ਲ ਕੇਅਰ ( Health and Social Care )ਵਿੱਚ ਆਪਣੀ ਕੁਆਲੀਫਿਕੇਸ਼ਨ ਸੰਪੂਰਨ ਕਰਕੇ ਇੰਨਾਂ ਦੋਹੇ ਖੇਤਰਾਂ ਵਿੱਚ ਲੰਬੀ ਸਰਵਿਸ ਕਰ ਰਹੇ ਹਨ।ਪੰਜਾਬ ਦੀ ਸਿਰਮੌਰ ਸੰਸਥਾ ਸਿਰਜਣਧਾਰਾ ਵਲੋਂ ਆਪਣੇ ਪਲੇਠੇ ਕਾਵਿ- ਸੰਗ੍ਰਹਿ 'ਕਾਲੀ ਲੋਈ' ਲਈ 'ਪੰਜਾਬ ਦੀ ਖੁਸ਼ਬੂ' ਪੁਰਸਕਾਰ ਨਾਲ ਸਨਮਾਨਿਤ ਕਵਿਤਰੀ ਜਸਵੰਤ ਕੌਰ ਬੈਂਸ ਨੇ ਪੰਜਾਬੀ ਵਿਰਸਾ ਤੇ ਸਭਿਆਚਾਰ ਦੀ ਪ੍ਰਫੁੱਲਤਾ ਲਈ ਆਪਣਾ ਯੋਗਦਾਨ ਪਾ ਕੇ ਸੰਨ -2004 ਵਿੱਚ ਸਾਹਿਤ ਦੀ ਦੁਨੀਆਂ ਵਿੱਚ ਆਪਣਾ ਪਹਿਲਾ ਕਦਮ ਰੱਖਿਆ। ਸੰਨ-2008 ਵਿੱਚ ਆਪਣੇ ਵਤਨ ਦੀ ਮਿੱਟੀ ਅਤੇ ਮਾਂ-ਬੋਲੀ ਨੂੰ ਸਮਰਪਿਤ ਆਪ ਜੀ ਦੇ ਦੂਜੇ ਕਾਵਿ- ਸੰਗ੍ਰਹਿ ' ਸੰਧੂਰੀ ਮਿੱਟੀ ਦੀ ਖੁਸ਼ਬੂ' ਲਈ ਆਪ ਨੂੰ 'ਪੰਜਾਬੀ ਸੱਭਿਆਚਾਰ ਦੀ ਆਰਤੀ' ਪੁਰਸਕਾਰ ਨਾਲ ਨਿਵਾਜਿਆ ਗਿਆ। 2009 ਵਿੱਚ ਆਪ ਜੀ ਦਾ ਤੀਜਾ ਕਾਵਿ - ਸੰਗ੍ਰਹਿ 'ਕਿਸ ਰਿਸ਼ਤੇ ਤੇ ਮਾਣ ਕਰਾਂ? ‘ਸ਼ਾਇਦ ਮਾਂ ਅਤੇ ਮਾਂ-ਬੋਲੀ ਤੋਂ ਹਟ ਕੇ ਬਾਕੀ ਦੇ ਖੋਖਲੇ ਹੋ ਰਹੇ ਸੰਸਾਰਿਕ ਰਿਸ਼ਤਿਆਂ ਵਿੱਚ ਸੁਆਰਥ ਦੀ ਬੂ ਆਉਣ ਦੀ ਉਪਜ ਸੀ। ਜਿਸ ਵਿੱਚ ਸ਼ਾਇਰਾ ਜਸਵੰਤ ਜੀ ਨੇ ਇਨ੍ਹਾਂ ਰਿਸ਼ਤਿਆਂ ਦੇ ਖੋਖਲੇਪਣ ਨੂੰ ਇੰਨੇ ਦਰਦਮਈ ਢੰਗ ਨਾਲ ਬਿਆਨ ਕੀਤਾ ਹੈ ਕਿ ਇੱਕ ਵਾਰ ਫਿਰ ਸਿਰਜਣਧਾਰਾ ਵਲੋਂ 'ਨੂਰ-ਏ-ਪੰਜਾਬ' ਪੁਰਸਕਾਰ ਆਪ ਦੀ ਝੋਲੀ ਵਿੱਚ ਆਇਆ। ਆਪਣੇ ਚੌਥੇ ਕਾਵਿ - ਸੰਗ੍ਰਹਿ 'ਮੈ ਵੱਸਦੀ ਹਾਂ ਤੇਰੇ ਸਾਹਾਂ ਵਿੱਚ'  ਇਸ ਕਾਵਿ ਸੰਗ੍ਰਿਹ ਵਿੱਚ ਮੈਡਮ ਬੈਂਸ ਜੀ ਨੇ ਹਰ ਸ਼ਖਸ ਨੂੰ ਭਾਵੇਂ ਉਹ ਕਿਸੇ ਵੀ ਮੁਲਕ ਵਿੱਚ ਵੱਸਦਾ ਹੋਵੇ, ਇਹ ਅਹਿਸਾਸ ਦਿਲਵਾ ਦਿੱਤਾ ਹੈ ਕਿ ਮਾਂ ਅਤੇ ਮਾਂ-ਬੋਲੀ ਤੋਂ ਉੱਤਮ ਦੁਨੀਆਂ ਦਾ ਕੋਈ ਰਿਸ਼ਤਾ ਨਹੀਂ ਹੋ ਸਕਦਾ ਜਾਂ ਇੰਝ ਕਹਿ ਲਵੋ ਕਿ ਸਾਡੇ ਸਵਾਸਾਂ ਦੀ ਡੋਰ ਦਾ ਪਹਿਲਾ ਮਣਕਾ ਸਾਡੀ ਮਾਂ-ਬੋਲੀ ਅਤੇ ਆਖਰੀ ਉਹ ਪਿਤਾ ਪ੍ਰਮੇਸ਼ਵਰ ਹੈ। ਇਸੇ ਕਰਕੇ ਤਾਂ ਇਹ ਸਾਡੇ ਸਵਾਸ-ਸਵਾਸ ਵਿੱਚ ਵੱਸ ਕੇ ਪਰਮਾਤਮਾ ਦਾ ਨਾਮ ਜਪਾਉੰਦੀ ਹੋਈ ਸਾਨੂੰ ਆਖਰੀ ਮਣਕੇ ਭਾਵ ਸਾਡੇ ਨਿੱਜ ਘਰ ਲੈ ਜਾਂਦੀ ਹੈ। ਇਨ੍ਹਾਂ ਦਾ ਪੰਜਵਾਂ ਕਾਵਿ ਸੰਗ੍ਰਹਿ “ ਹਨੇਰੇ ਪੰਧਾਂ ਦੀ ਲੋਅ” ਜੋ ਪਾਠਕਾਂ ਦੇ ਜ਼ਿੰਦਗੀ ਦੇ ਰਾਹਾਂ ਨੂੰ ਚਾਨਣ ਵਿਖੇਰਦਾ ਹੋਇਆ ਹਨੇਰਿਆਂ ਪੰਧਾਂ ਚੋਂ ਨਿਕਲਣ ਦੀ ਪ੍ਰੇਰਨਾ ਦਿੰਦਾ ਹੈ।

“ਰੂਹ ਦੀ ਚੀਖ “ ਸਾਂਝਾਂ ਕਹਾਣੀ ਸੰਗ੍ਰਹਿ ਜੋ ਜਸਵੰਤ ਕੌਰ ਬੈਂਸ ਵੱਲੋ ਕੀਤਾ ਗਿਆ ਬਹੁਤ ਵੱਡਾ ਉਪਰਾਲਾ ਹੈ। ਜੋ ਸਾਹਿਤਕ ਖੇਤਰ ਦੀ ਸੇਵਾ ਵਿੱਚ ਇਨ੍ਹਾਂ ਵੱਲੋਂ ਪੁੱਟਿਆ ਗਿਆ ਸ਼ਲਾਘਾਯੋਗ ਕਦਮ ਹੈ। ਜੋ ਆਪ ਖ਼ੁਦ ਵੀ ਬਹੁਤ ਅੱਛੇ ਲੇਖਿਕਾ ਹਨ। ਹੁਣ ਤੀਕ ਆਪਣੇ ਲਿਖੇ ਪੰਜ ਕਾਵਿ ਸੰਗ੍ਰਹਿ ਮਾਂ ਬੋਲੀ ਅਤੇ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾ ਚੁੱਕੇ ਹਨ।

ਫਿਰ 30 ਸਾਲ ਬਾਅਦ ਆਪਣੇ ਉਸਤਾਦ  ਮਹਾਨ ਕਵੀ ਕੁਲਵੰਤ ਜਗਰਾਓਂ ਜੀ ਦੀ ਤਲਾਸ਼, ਸਿਰਜਣਧਾਰਾ ਦੇ ਮੀਤ ਪ੍ਰਧਾਨ ਵਜੋਂ ਉਨ੍ਹਾਂ ਦਾ ਮਿਲਣਾ ਅਤੇ ਆਪਣੇ ਪਹਿਲੇ ਕਾਵਿ - ਸੰਗ੍ਰਹਿ 'ਕਾਲੀ ਲੋਈ' ਦਾ ਮੁੱਖ ਬੰਦ ਉਨ੍ਹਾਂ ਕੋਲੋਂ ਲਿਖਵਾਉਣਾ ਸਿਰਫ਼ ਔਰ ਸਿਰਫ਼ ਜਸਵੰਤ ਦਾ ਹੀ ਸੁਭਾਗ ਹੋ ਸਕਦਾ ਸੀ । 

ਸੰਨ 2004 ਵਿੱਚ ਲੁਧਿਆਣਾ ਦੀ ਸਿਰਮੌਰ ਸੰਸਥਾ ਸਿਰਜਣਧਾਰਾ ਵਿੱਖੇ ਉੱਘੇ ਲੇਖਕ ਕੁਲਵੰਤ ਜਗਰਾਂਉਂ ਜੀ, ਉੱਘੇ ਲੇਖਕ ਰਵਿੰਦਰ ਭੱਠਲ ਜੀ, ਮਹਾਨ ਲੇਖਕ ਗੁਰਭਜਨ ਗਿੱਲ ਜੀ, ਪੰਜਾਬ ਦੇ ਸਾਬਕਾ ਡੀਨ ਡਾ: ਅੰਮ੍ਰਿਤਪਾਲ ਸਿੰਘ ਮਾਨ, ਗਜ਼ਲਾਂ ਦੇ ਮਾਹਿਰ ਗੁਰਚਰਨ ਕੋਚਰ ਜੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਮਾਲਕ ਡਾ: ਸੁਰਜੀਤ ਪਾਤਰ ਜੀ ਦੀ ਪ੍ਰਧਾਨਗੀ ਹੇਠ ਜਸਵੰਤ ਕੌਰ ਬੈਂਸ ਦਾ ਕਾਵਿ ਸੰਗ੍ਰਹਿ ਕਾਲੀ ਲੋਈ ਲੋਕ ਅਰਪਣ ਕੀਤਾ ਗਿਆ ।

ਭਾਗ 3
 ਪੰਜਾਬ ਲੁਧਿਆਣਾ ਦੇ ਨਾਮਵਰ ਗਜ਼ਲਗੋ ਮਹਾਨ ਹਸਤੀ ਮੈਡਮ ਗੁਰਚਰਨ ਕੌਰ ਕੋਚਰ ਜੀ ਕੋਲੋਂ ਲਿੱਖਤਾਂ ਵਿੱਚ ਹੋਰ ਪ੍ਰੇਰਨਾਂ ਅਤੇ ਭੈਣਾਂ ਵਰਗਾ ਪਿਆਰ ਵੀ ਜਸਵੰਤ ਨੂੰ ਮਿਲਿਆ। ਜਸਵੰਤ ਦੇ 3 ਕਾਵਿ ਸੰਗ੍ਰਹਿ ਜਿਨ੍ਹਾਂ ਦੇ ਖ਼ੂਬਸੂਰਤ ਮੁੱਖਬੰਦ ਮੈਡਮ ਗੁਰਚਰਨ ਕੌਰ ਕੋਚਰ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਆਪਣੇ ਸੁੰਦਰ ਲਫਜ਼ਾਂ ਵਿੱਚ ਲਿੱਖ ਕੇ ਜਸਵੰਤ ਕੌਰ ਬੈਂਸ ਨੂੰ ਮਾਣ ਦਿੱਤਾ। ਲੁਧਿਆਣਾ ਤੋਂ ਪੰਜਾਬ ਦੀਆਂ ਸ਼ੂਗਰ ਮਿੱਲਾਂ ਦੇ ਸਾਬਕਾ ਡੀਨ ਡਾ: ਅੰਮ੍ਰਿਤਪਾਲ ਸਿੰਘ ਮਾਨ ਪਿੰਡ ਖੰਟ ਮਾਨਪੁਰ ਦੇ ਵਸਨੀਕ ਹਨ ਨੇ ਕੋਚਰ ਮੈਡਮ ਨਾਲ ਜਸਵੰਤ ਦੇ ਦੂਸਰੇ ਕਾਵਿ ਸੰਗ੍ਰਹਿ ਸੰਧੂਰੀ ਮਿੱਟੀ ਦੀ ਖੁਸ਼ਬੋ ਨੂੰ ਪ੍ਰਸਿੱਧ ਲੇਖਕਾਂ ਦੀ ਪ੍ਰਧਾਨਗੀ ਮੰਡਲ ਹੇਠ 2008 ਵਿੱਚ ਲੋਕ ਅਰਪਣ ਕੀਤਾ। ਜੱਸੀ ਮਾਨ ਟੋਰਾਂਟੋਂ, ਕੈਨੇਡਾ ਤੋਂ  ਪਿੰਡ ਖੰਟ ਮਾਨਪੁਰ ਪੰਜਾਬ ਦੇ ਵਸਨੀਕ ਨੇ ਸਾਹਿਤਕ ਖੇਤਰ ਵਿੱਚ ਜਸਵੰਤ ਕੌਰ ਬੈਂਸ ਦੇ ਸੰਪਾਦਕ ਕੀਤੀਆਂ ਦੋ ਕਿਤਾਬਾਂ ਨੂੰ ਸਪੌਂਸਰ ਕਰਕੇ ਕੇ ਜੋ 
ਸਾਂਝੀਆਂ ਕਾਵਿ ਸੰਗ੍ਰਹਿ ਅਤੇ ਲੇਖ ਸੰਗ੍ਰਹਿ ਸਨ ਜਸਵੰਤ ਕੌਰ ਬੈਂਸ ਨੂੰ ਹੌਸਲਾ ਅਤੇ ਮਾਣ ਬਖ਼ਸ਼ਿਆ। ਪੰਜਾਬ ਐਗਰੀਕਲਚਰ ਯੂਨੀਵਰਸਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਜਿਨਾਂ ਦੇ ਸ਼ੁਭ ਹੱਥਾਂ ਨਾਲ ਜਸਵੰਤ ਦੇ ਤੀਸਰੇ ਕਾਵਿ ਸੰਗ੍ਰਹਿ ਦੀ ਗੁਰਚਰਨ ਕੌਰ ਕੋਚਰ ਮੈਡਮ ਅਤੇ ਬਹੁਤ ਸਾਰੇ ਹੋਰ ਉੱਘੇ ਲੇਖਕਾਂ ਸਾਹਿਤ ਘੁੰਡ ਚੁਕਾਈ ਦੀ ਰਸਮ ਕੀਤੀ ਗਈ। ਜਸਵੰਤ ਨੂੰ ਪ੍ਰਮਾਤਮਾ ਦੀ ਮਿਹਰ ਅਤੇ ਮਹਾਨ ਸਾਹਿਤਕਾਰਾਂ ਦਾ ਪਿਆਰ, ਅਸ਼ੀਰਵਾਦ ਸਾਹਿਤਕ ਖੇਤਰ ਵਿੱਚ ਮਿਲਦਾ ਰਿਹਾ। ਜਿਸਦੀ ਬਦੌਲਤ ਉਸਦੀ ਹਿੰਮਤ ਅਤੇ ਹੌਸਲਾ ਵੱਧਦਾ ਗਿਆ।ਸਾਹਿਤਕ ਸੇਵਾਵਾਂ ਲਈ ਜਸਵੰਤ ਕੌਰ ਬੈਂਸ ‘ਸੁਨਹਿਰੇ ਲਫ਼ਜ਼ ਅੰਤਰਰਾਸ਼ਟਰੀ’ ਗਰੁੱਪ 1, ਗਰੁੱਪ 2, ਗਰੁੱਪ 3 ਅਤੇ ‘ਸ਼ਾਇਰੀ ਦੇ ਅੰਗ-ਸੰਗ’ ਗਰੁੱਪ ਦੇ ਸੰਸਥਾਪਕ ਅਤੇ ਆਪਣੀ ਟੀਮ ਨਾਲ ਮਿਲ ਕੇ ਮੈਨੇਜਿੰਗ ਕਰ ਰਹੇ ਹਨ। ਜਿਸ ਵਿੱਚ ਔਨ ਲਾਈਨ ਕਵੀ ਦਰਬਾਰ ਕਰਾਏ ਜਾਂਦੇ ਹਨ। ਨਾਲ ਨਾਲ ਆਪਣੀ ਸੁਨਹਿਰੇ ਲਫ਼ਜ਼ ਅੰਤਰਰਾਸ਼ਟਰੀ ਟੀਮ ਨਾਲ ਮਿਲ ਕੇ ਸਾਂਝੇ ਕਾਵਿ ਸੰਗ੍ਰਹਿ ਸੰਪਾਦਤ ਕਰ ਰਹੇ ਹਨ। ਪਿਛਲੇ ਸਾਲ ਜਸਵੰਤ ਕੌਰ ਬੈਂਸ ਨੇ ਵਾਤਾਵਰਣ ਦੀ ਸ਼ੁੱਧਤਾ ਵਿੱਚ ਵਾਧਾ ਕਰਨ ਲਈ ਪੰਜਾਬ ਦੇ ਕਈ ਪਿੰਡਾਂ ਵਿੱਚ ਆਪਣੀ ਸਾਹਿਤਕ ਟੀਮ ਨਾਲ ਮਿਲ ਕੇ ਰੁੱਖ ਵੀ ਲਗਵਾਏ।

ਜਸਵੰਤ ਕੌਰ ਬੈਂਸ ਲੈਸਟਰ ਸ਼ਹਿਰ ਯੂ ਕੇ ਵਿੱਚ ਸਾਂਝਾਂ ਗਰੁੱਪ, ਮਿਲਾਪ ਗਰੁੱਪ, ਵਿਹੜੇ ਦੀਆਂ ਰੌਣਕਾਂ , ਸੁਨਹਿਰੇ ਲਫ਼ਜ਼ ਮਾਂ ਬੋਲੀ ਗਰੁੱਪ ਵਿੱਚ ਆਪਣਾ ਰੋਲ ਆਪਣੀ ਪੂਰੀ ਟੀਮ ਨਾਲ ਨਿਭਾ ਰਹੇ ਹਨ। ਜਿਨਾਂ ਵਿੱਚ ਧਾਰਮਿਕ, ਸਾਹਿਤਕ, ਸੱਭਿਆਚਾਰਿਕ , ਮਾਂ ਬੋਲੀ ਦੇ, ਦਿਨਾਂ ਤਿਉਹਾਰਾਂ ਤੇ ਰਲ ਮਿਲ ਕੇ ਸਾਂਝੇ ਪ੍ਰੋਗਰਾਮ ਕੀਤੇ ਜਾਂਦੇ ਹਨ। ਜਸਵੰਤ ਕੌਰ ਬੈਂਸ ਇੱਕ ਬਹੁਪੱਖੀ ਸਖਸ਼ੀਅਤ ਦੀ ਮਾਲਕ ਹੈ। ਜਿਸ ਵਿੱਚ ਬਹੁਤ ਸਾਰੇ ਵੱਖੋ ਵੱਖਰੇ ਗੁਣ ਹਨ। ਜਿਨਾਂ ਨੂੰ ਉਹ ਹਮੇਸ਼ਾਂ ਆਪਣੀਆਂ ਸੇਵਾਵਾਂ ਦੇ ਜ਼ਰੀਏ ਵੰਡਦੀ ਰਹਿੰਦੀ ਹੈ। ਜਸਵੰਤ ਵਿੱਚ ਆਰਟ ਐਂਡ ਕਰਾਫਟ ਵਰਕ ਦੀਆਂ ਦਿਲਚਸਪ ਐਕਟੇਵਿਟੀਆਂ ਕਰਨ ਦੀ ਭਰਭੂਰ ਯੋਗਤਾ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦਿਲਚਸਪ ਆਰਟ ਕਲਾ ਦਾ ਕੰਮ ਸਭ ਨਾਲ ਮਿਲ ਕੇ ਕਰ ਲੈੰਦੇ ਹਨ। ਜਿਸ ਵਿੱਚ ਕਲਰਿੰਗ, ਪੇਂਟਿੰਗ , ਕਾਰਡ ਮੇਕਿੰਗ, ਫਲਾਵਰ ਅਰੇਂਜਿੰਗ, ਡੈਕੋਰੇਟਿੰਗ , ਸਿੰਗ ਕਰਨਾ, ਐਕਟ ਕਰਨਾ, ਡਾਂਸ ਕਰਨਾ ਵਗੈਰਾ।

ਜਸਵੰਤ ਨੂੰ ਉੱਨਾਂ ਦੀਆਂ ਕੀਤੀਆਂ ਸੇਵਾਵਾਂ ਲਈ ਵੱਖ ਵੱਖ ਸੰਸਥਾਵਾਂ ਵੱਲੋਂ ਪੁਰਸਕਾਰ, ਮਾਨ ਸਨਮਾਨ, ਸਨਮਾਨ ਪੱਤਰ, ਸਰਟੀਫਿਕੇਟ, ਮੈਡਲ  ਅਤੇ ਪਾਠਕਾਂ ਅਤੇ ਸਰੋਤਿਆਂ ਵੱਲੋ ਬੇਹੱਦ ਮੋਹ ਮਿਲਿਆ ਹੈ। ਲੁਧਿਆਣਾ ਸਾਹਿਤਕ ਅਕੈਡਮੀ ਸਿਰਜਣਧਾਰਾ ਵੱਲੋਂ ਜਸਵੰਤ ਨੂੰ 2004 ਵਿੱਚ ‘ਪੰਜਾਬ ਦੀ ਖੁਸ਼ਬੋ’ ,ਪੁਰਸਕਾਰ ਅਤੇ 2008 ਵਿੱਚ ‘ਪੰਜਾਬੀ ਸੱਭਿਆਚਾਰ ਦੀ ਆਰਤੀ ‘ਪੁਰਸਕਾਰ ਅਤੇ 2009 ਵਿੱਚ ਨੂਰ-ਏ- ਪੰਜਾਬ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬੀ ਅਕੈਡਮੀ ਵੱਲੋਂ ਹਰ ਸਾਲ ਸਨਮਾਨ ਪੱਤਰ, ਮੈਡਲ ਅਤੇ ਸਰਟੀਫਿਕੇਟ ਦਿੱਤੇ ਗਏ। 2009 ਵਿੱਚ ਪੰਜਾਬੀ ਅਕੈਡਮੀ ਵੱਲੋਂ ਅਕੈਡਮੀ ਵਿੱਚ ਕੀਤੀ ਮਿਹਨਤ ਅਤੇ ਪਾਏ ਯੋਗਦਾਨ ਲਈ ਫੈਲੋਸ਼ਿੱਪ ਨਾਲ ਸਨਮਾਨਿਤ ਕੀਤਾ ਗਿਆ। 2013 ਵਿੱਚ ਲੰਡਨ ਵਿੱਚ ਪੰਜਾਬੀ ਸੈਂਟਰ ,ਦੇਸੀ ਰੇਡੀਓ ਅਤੇ ਲੇਖਿਕਾ ਕੁਲਵੰਤ ਢਿੱਲੋਂ ਜੀ ਜੋ ਪੰਜਾਬੀ ਸਾਹਿਤ ਕਲਾ ਕੇਂਦਰ ਦੇ ਪ੍ਰਧਾਨ ਹਨ ,ਨੇ ਜਸਵੰਤ ਕੌਰ ਬੈਂਸ ਨੂੰ ਪੰਜਾਬੀ ਸਾਹਿਤ , ਪੰਜਾਬੀ ਮਾਂ ਬੋਲੀ ਅਤੇ ਵਿਰਸੇ ਅਤੇ ਸੱਭਿਆਚਾਰ ਦੀ ਪ੍ਰਫੁਲਤਾ ਲਈ ਯੂ ਕੇ ਵਿੱਚ ਪਾਏ ਯੋਗਦਾਨ ਵਿੱਚ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਸਮੇਂ ਸਮੇਂ ਤੇ ਗੁਰੂ ਤੇਗ ਬਹਾਦਰ  ਗੁਰਦਵਾਰਾ ਸਾਹਿਬ ਦੀਆਂ ਕਮੇਟੀਆਂ ਵੱਲੋਂ ਖਾਲਸਾ ਐਜੂਕੇਸ਼ਨ ਸੈਂਟਰ ਵਿੱਚ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਪੜਾਉਣ ਲਈ ਪਾਏ ਯੋਗਦਾਨ ਲਈ ਹਾਰ ਸਾਲ ਸਿਰਪਾਉ ,ਮਾਨ - ਸਨਮਾਨ, ਸਰਟੀਫਿਕੇਟ ,ਮੈਡਲ ਅਤੇ ਸਨਮਾਨ ਪੱਤਰ ਨਾਲ ਸਨਮਾਨਿਤ ਕੀਤਾ ਗਿਆ।
ਇਸ ਤੋਂ ਇਲਾਵਾ ਸਾਹਿਤਕ ਖੇਤਰ ਵਿੱਚ ਪਾਏ ਯੋਗਦਾਨ ਲਈ ਹੋਰ ਬਹੁਤ ਸੰਸਥਾਵਾਂ ਵੱਲੋਂ ਮਾਨ ਸਨਮਾਨ ਅਤੇ ਸਨਮਾਨ ਪੱਤਰ ਦਿੱਤੇ ਗਏ। 

ਜਸਵੰਤ ਦੇ ਆਉਣ ਵਾਲੇ ਕਾਵਿ ਸੰਗ੍ਰਹਿ ਅਤੇ ਸ਼ਾਇਰੀ ਸੰਗ੍ਰਹਿ ਹਨ ‘ ਓੜ ਲਈ ਫੁਲਕਾਰੀ ਮੈਂ ‘ ਅਤੇ ‘ ਮਨਮੋਤੀ’ 2022-23 ਵਿੱਚ ਲੋਕ ਅਰਪਣ ਕੀਤੇ ਜਾਣਗੇ। ਇੱਕ ਆਧੁਨਿਕ ਲੋਕ ਬੋਲੀਆਂ ਦਾ ਸਾਂਝੀ ਕਿਤਾਬ ਜਿਸ ਨੂੰ ਜਸਵੰਤ ਕੌਰ ਬੈਂਸ ਅਤੇ ਮਾਸਟਰ ਲਖਵਿੰਦਰ ਸਿੰਘ ਸੰਪਾਦਤ ਕਰ ਰਹੇ ਹਨ, 2022-23 ਵਿੱਚ ਲੋਕ ਅਰਪਣ ਹੋਵੇਗੀ ਅਤੇ ਸਕੂਲਾਂ ਕਾਲਜਾਂ, ਵਿਆਹ ਸ਼ਾਦੀਆਂ ,ਤੀਆਂ ਤ੍ਰਿੰਝਣਾ ਅਤੇ ਗਿੱਧਿਆਂ ਦਾ ਸ਼ਿੰਗਾਰ ਬਣੇਗੀ। ਜਿਸ ਵਿੱਚ ਪ੍ਰੀਵਾਰਿਕ ਲੋਕ ਬੋਲੀਆਂ ਪਾਠਕਾਂ ਦੇ ਰੂ-ਬ-ਰੂ ਹੋਣਗੀਆਂ।

ਜਸਵੰਤ ਕੌਰ ਬੈਂਸ( ਕੰਗ)
ਲੈਸਟਰ ਯੂ ਕੇ
ਲੇਖਿਕਾ, ਰੇਡੀਓ ਪਰਜ਼ੈਂਟਰ, ਗਰੁੱਪ ਕੋਰਡੀਨੇਟਰ
ਵੱਲੋ ਧੰਨਵਾਦ ਸਾਹਿਤ
ਗੁਰਚਰਨ ਸਿੰਘ ਧੰਜ਼ੂ ਪਟਿਆਲਾ

ਹਿੱਕਚੂ ✍️. ਜਸਵਿੰਦਰ ਸ਼ਾਇਰ "ਪਪਰਾਲਾ "

1
ਮਿਹਨਤੀ ਬੰਦੇ
ਕਰਦੇ ਕਿਰਤ ਨੇ
ਮਨ ਦੇ ਚੰਗੇ ।

2
ਬਗੈਰ ਪਾਣੀ
ਬੇਅਰਥ ਨਾ ਡੋਲੋ
ਮੁੱਕੀ ਕਹਾਣੀ ।

3
ਵਾਧੂ ਗਿਆਨ
ਗੁਆ ਲਿਆ ਏ ਸਾਰਾ
ਕਰ ਅਭਿਆਨ ।

4
ਆਪਣਾ ਚੁੱਲਾ
ਗਰੀਬਾਂ ਦੇ ਵਾਸਤੇ
ਹਮੇਸ਼ਾ ਖੁੱਲਾ ।

5
ਬੁੱਢੇ ਮਾਪੇ ਨੇ
ਕਹੇ ਪੁੱਤ ਮਾਪਿਆਂ
ਸੌ ਸਿਆਪਾ ਨੇ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਹਿਜਾਬ ✍️ ਸਲੇਮਪੁਰੀ ਦੀ ਚੂੰਢੀ

 

-ਅੱਜ ਉਨ੍ਹਾਂ ਦੇ ਮੂੰਹ
ਵਿੰਗੇ ਹੋ ਗਏ ਨੇ,
ਜੁਬਾਨ ਖੜ੍ਹ ਗਈ ਆ
ਜਿਵੇਂ ਲਕਵਾ ਹੋ ਗਿਆ ਹੋਵੇ!
ਉਂਝ ਉਹ ਰੋਜ
ਉੱਚੀ ਉੱਚੀ
ਟਾਹਰਾਂ ਮਾਰਦੇ
 ਕੰਨ ਪਾੜਦੇ!
ਆਖਦੇ ਨੇ -
ਬੇਟੀ ਬਚਾਓ!
ਬੇਟੀ ਪੜ੍ਹਾਓ!
ਅੱਜ ਦੇਸ਼ ਭਗਤਾਂ ਨੂੰ
ਪਾਕਿ - ਚੀਨ ਨਹੀਂ,
'ਹਿਜਾਬ'
ਦੁਸ਼ਮਣ ਜਾਪਦੈ!
ਬੁੱਧੀਜੀਵੀਆਂ ਦੀ
 ਫੀਤੀ ਲਗਾਕੇ,
ਪੁਰਸਕਾਰ ਪਾ ਕੇ,
ਵੱਡੀਆਂ ਹਸਤੀਆਂ
ਕਹਾਉਣ ਵਾਲੇ
ਅੱਖੋਂ ਅੰਨ੍ਹੇ!
ਕੰਨੋੰ ਬੋਲ੍ਹੇ ਹੋ ਕੇ
ਰਹਿ ਗਏ ਨੇ!
ਪਾਣੀ ਦੀ ਝੱਗ ਵਾਂਗੂੰ
ਬਹਿ ਗਏ ਨੇ!
ਫਿੱਟ ਲਾਹਣਤ
 ਟੀ ਵੀ ਚੈਨਲਾਂ ਦੇ
ਜਿਹੜੇ
 ਏਕਤਾ ਦਾ ਪਾਠ
ਪੜ੍ਹਾਉਂਦੇ ਨਹੀਂ ਥੱਕਦੇ!
ਧਰਮ ਦੇ ਨਾਂ 'ਤੇ
ਕਹਿਰ ਢਾਹੁਣ ਵਾਲਿਆਂ ਵਿਰੁੱਧ
ਹੁਣ ਅਵਾਜ ਕਿਉਂ ਨ੍ਹੀਂ
 ਚੱਕਦੇ!
ਉਹ -
ਪਹਿਨਣ-ਖਾਣ ,
 ਮੂੰਹ ਖੋਲ੍ਹਣ ,  
ਘੁੰਮਣ - ਘੁੰਮਾਉਣ ਦਾ
ਹੱਕ ਖੋਹਣ ਨੂੰ
ਸੰਵਿਧਾਨ ਮਰਿਆਦਾ
 ਨੂੰ
ਲੀਰੋ ਲੀਰ
ਕਰਨ ਨੂੰ
 ਆਪਣਾ ਧਰਮ
ਸਮਝਦੇ ਨੇ!
ਤੇ ਹੋਕਾ ਦਿੰਦੇ ਨੇ -
ਬੇਟੀ ਬਚਾਓ!
ਬੇਟੀ ਪੜ੍ਹਾਓ!
ਏਕਤਾ ਬਣਾਓ!
ਦੇਸ਼ ਬਚਾਓ!
ਤੇ ਉਹ ਖੁਦ
ਸ਼ਰੇਆਮ ਸ਼ਤਰੰਜ ਖੇਡਦੇ ਨੇ
ਕਦੀ ਧਰਮ ਦੇ ਨਾਂ 'ਤੇ,
ਕਦੀ ਜਾਤ ਦੇ ਨਾਂ 'ਤੇ।
ਵੋਟਾਂ ਬਟੋਰਨ ਲਈ!
ਕੁਰਸੀ ਹਥਿਆਉਣ ਲਈ!
ਗਰੀਬੀ,
ਭੁੱਖਮਰੀ,
ਬੇਰੁਜ਼ਗਾਰੀ,
 ਸਮੱਸਿਆਵਾਂ ਤੋਂ
ਧਿਆਨ ਹਟਾਉਣ ਲਈ ,
ਲੋਕਾਂ ਨੂੰ ਲੜਾਉਣ ਲਈ ,
ਮਜਲੂਮਾਂ ਨੂੰ ਸਤਾਉਣ ਲਈ,
ਹਿਜਾਬ ਤੋਂ ਰੋਕਣਾ!
ਘੋੜੀ ਚੜ੍ਹਨੋੰ ਟੋਕਣਾ!
ਉਨ੍ਹਾਂ ਦੀ ਬਿਮਾਰ ਮਾਨਸਿਕਤਾ
ਤੇ
ਕੋਝੀ ਸ਼ਰਾਰਤ
ਦਾ ਪ੍ਰਤੀਕ ਆ!
- ਸੁਖਦੇਵ ਸਲੇਮਪੁਰੀ
09780620233
9 ਫਰਵਰੀ, 2022.

ਚੋਣ ਕਮਿਸ਼ਨ ਡੋਲ ਨਾ ਜਾਵੀਂ ✍️ ਸਲੇਮਪੁਰੀ ਦੀ ਚੂੰਢੀ

ਚੋਣ ਕਮਿਸ਼ਨ
ਕਿਤੇ ਡੋਲ ਨਾ ਜਾਵੀਂ!
ਲਗਾਮ ਖਿੱਚ ਕੇ ਰੱਖੀੰ!
ਤੇਰੀ ਲਗਾਮ ਨੇ
 ਖਰਚੇ ਘਟਾਉਣੇ ਨੇ!
ਜੇ ਉਮੀਦਵਾਰਾਂ ਦੇ ਖਰਚਿਆਂ 'ਤੇ
ਵਿਸਰਾਮ ਚਿੰਨ੍ਹ ਲੱਗੇਗਾ
ਤਾਂ ਉਹ-
ਨਾ ਲੋਕਾਂ ਦਾ ਗਲਾ
ਵੱਢਣਗੇ!
ਨਾ ਸਰਕਾਰੀ ਖਜ਼ਾਨਾ
ਚੱਟਣਗੇ!
ਤੂੰ ਬਣਕੇ ਰਹੀਂ ਲੋਕ ਪੱਖੀ!
ਲਾਜ ਫਰਜਾਂ ਦੀ ਰੱਖੀੰ !
ਧਨਾਢਾਂ 'ਤੇ
ਬਾਜ ਅੱਖ ਰੱਖੀੰ!
ਉਹ ਦਾਰੂ, ਭੁੱਕੀ ਵੰਡਣਗੇ!
  ਨਾਲੇ 'ਚਿੱਟਾ' ਥਾਂ ਥਾਂ ਸੁੱਟਣਗੇ!
ਗ੍ਰੰਥਾਂ 'ਤੇ
ਹੱਥ ਰਖਾਕੇ!
ਸਹੁੰਆਂ ਖੁਆਕੇ
ਦੁੱਕੀ, ਤਿੱਕੀ ਵੰਡਣਗੇ!
 ਕਾਣੇ ਕਰਕੇ ਰੱਖਣਗੇ!
 ਜੁੱਤੀ ਥੱਲੇ ਰੱਖਣਗੇ!
ਪਸ਼ੂਆਂ ਵਾਂਗੂੰ ਹੱਕਣਗੇ!
ਵੇਖੀਂ ਚੋਣ ਕਮਿਸ਼ਨ
ਕਿਤੇ ਡੋਲ ਨਾ ਜਾਵੀਂ!
ਤੇਰੇ 'ਤੇ ਦਬਾਅ ਪਵੇਗਾ!
ਬਚਾ ਲੈ ਲੋਕਾਂ ਨੂੰ!
ਬਚਾ ਲੈ ਦੇਸ਼ ਨੂੰ!
 ਉਹ -
ਵਿਧਾਇਕ ਬਣਕੇ,
ਐਮ ਪੀ ਬਣਕੇ,
ਮੰਤਰੀ ਬਣਕੇ,
ਐਸ਼ ਪ੍ਰਸਤੀ ਕਰਦੇ ਨੇ!
ਨਾਲੇ ਲੁੱਟਦੇ ਨੇ ,
 ਗਾਲ੍ਹਾਂ ਕੱਢਦੇ ਨੇ!
ਚੋਣ ਕਮਿਸ਼ਨ
ਤਕੜਾ ਹੋ ਕੇ ਰਹੀਂ!
ਕਿਤੇ ਡੋਲ ਨਾ ਜਾਵੀਂ!
ਚੋਣ ਕਮਿਸ਼ਨ -
ਨਵਿਆਂ ਨੂੰ
ਨਸ਼ਿਆਂ ਦੀ ਦਲਦਲ 'ਚੋਂ
ਗਰਕਣੋੰ ਬਚਾ ਲੈ!
 ਚੋਣਾਂ ਦੇ ਚੱਲਦਿਆਂ
ਸ਼ਰੇਆਮ ਵਗਦੀ
 ਨਸ਼ਿਆਂ ਦੀ ਹਨੇਰੀ
ਕਈਆਂ ਦੇ ਘਰ-ਬਾਰ
ਉਡਾਉਂਦੀ ਆ!
ਬੇ-ਮੌਸਮੇ ਸੱਥਰ ਵਿਛਾਉੰਦੀ ਆ!
ਗੋਲੀਆਂ ਚਲਦੀਆਂ ਨੇ!
ਸਿਰ ਪਾਟ ਦੇ ਨੇ!
 ਥਾਣਿਆਂ, ਕਚਹਿਰੀਆਂ 'ਚ
 ਉਮਰਾਂ ਗਾਲ਼ਦੇ ਨੇ!
ਫਿਰ ਮੱਥੇ 'ਤੇ ਹੱਥ ਮਾਰਦੇ ਨੇ,
ਹੱਥ ਅੱਡ ਅੱਡ ਕੇ,
ਰੋਟੀ ਭਾਲਦੇ ਨੇ!
ਹੱਥ ਅੱਡ ਅੱਡ ਕੇ,
ਰੋਟੀ ਭਾਲਦੇ ਨੇ!
ਫਿਰ ਪਛਤਾਉਂਦੇ ਨੇ
 ਮੱਥੇ 'ਤੇ ਹੱਥ ਮਾਰ ਦੇ ਨੇ!
- ਸੁਖਦੇਵ ਸਲੇਮਪੁਰੀ
09780620233
1 ਫਰਵਰੀ, 2022

ਕੁਲਵੰਤ ਸੈਦੋਕੇ ਦਾ ਪਲੇਠਾ ਕਾਵਿ ਸੰਗ੍ਰਹਿ 'ਮਹਿਕਦੇ ਗੀਤ' ਛਪ ਕੇ ਲੋਕਾਂ ਦੀ ਕਚਹਿਰੀ ਚ ✍️ ਸ਼ਿਵਨਾਥ ਦਰਦੀ

'ਮਹਿਕਦੇ ਗੀਤ' ਕਾਵਿ ਸੰਗ੍ਰਹਿ       

         ਲੇਖਕ :- ਕੁਲਵੰਤ ਸੈਦੋਕੇ

         ਸੰਪਰਕ :- 7889172043

         ਮੁੱਲ :- 220 ਰੁਪਏ, ਸਫ਼ੇ :- 132

        ਜ਼ੋਹਰਾ ਪਬਲੀਕੇਸ਼ਨਜ਼ ਪਟਿਆਲਾ ( ਪੰਜਾਬ )

     'ਮਹਿਕਦੇ ਗੀਤ' ਕਾਵਿ ਸੰਗ੍ਰਹਿ , ਲੇਖਕ 'ਕੁਲਵੰਤ ਸੈਦੋਕੇ' ਜੀ ਦਾ ਪਲੇਠਾ ਕਾਵਿ-ਸੰਗ੍ਰਹਿ ਹੈ । ਇਸ ਕਾਵਿ-ਸੰਗ੍ਰਹਿ ਵਿਚ 'ਸੈਦੋਕੇ ਜੀ' ਨੇ , ਆਪਣੀ ਗੀਤਕਾਰੀ ਰਾਹੀਂ , ਬਹੁਰੰਗੀ ਜ਼ਿੰਦਗੀ ਦੇ ਰੰਗ ,  ਆਪਣੇ ਅਮੋਲਕ ਅਲਫਾਜਾਂ ਰਾਹੀਂ ਦਰਸਾਏ । 'ਸੈਦੋਕੇ ਜੀ' , ਇੱਕ ਸੰਵੇਦਨਸ਼ੀਲ , ਭਾਵਪੂਰਕ ਤੇ ਸਥਾਪਿਤ ਗੀਤਕਾਰ ਹੈ । 'ਸੈਦੋਕੇ ਜੀ' ਪੰਜਾਬ ਦੇ ਸਮਾਜਿਕ , ਸੱਭਿਆਚਾਰਕ ਅਤੇ ਰਾਜਨੀਤਕ ਮਾਹੌਲ ਤੋਂ ਬਾਖੂਬੀ ਵਾਕਿਫ਼ ਹਨ । 'ਕੁਲਵੰਤ ਸੈਦੋਕੇ ਜੀ' ਅਸੱਭਿਅਕ ਗਾਇਕੀ ਤੇ ਗੀਤਕਾਰੀ ਤੋਂ ਕੋਹਾਂ ਦੂਰ ਹੈ । ਗੀਤਕਾਰੀ ਕਰਨਾ , ਹਰ ਲੇਖਕ ਦੇ ਵੱਸ ਦੀ ਨਹੀਂ । ਗੀਤਕਾਰੀ ਕਰਦੇ ਸਮੇਂ ਲੈਅ ਬੱਧਤਾ , ਤੁਕਾਂਤ ਮੇਲ , ਬੰਦਸ਼ ਤੇ ਵਜ਼ਨ ਦਾ ਖਾਸ ਕਰਕੇ ਧਿਆਨ ਰੱਖਣਾ ਪੈਂਦਾ , ਤਾਂ ਕਿ ਸੰਗੀਤਕਾਰ ਨੂੰ , ਸੰਗੀਤ ਤਿਆਰ ਕਰਨ , ਆਸਾਨੀ ਹੋਵੇ । ਲੇਖਕ ਕੋਲ ਸ਼ਬਦਾਂ ਦਾ ਭੰਡਾਰ ਹੈ , ਤੇ ਸ਼ਬਦਾਂ ਨੂੰ ਤਰਤੀਬ ਦੇਣ ਦੀ ਜਾਂਚ ਬਾਰੇ ਜਾਣਕਾਰੀ ਹੈ । ਓਨਾਂ ਗੀਤਾਂ ਦੀ ਉਮਰ ਲੰਮੇਰੀ ਹੁੰਦੀ ਹੈ , ਜਿਨ੍ਹਾਂ ਗੀਤਾਂ ਨੂੰ ਲੋਕਾਈ ਨੂੰ ਸਾਹਮਣੇ ਰੱਖ , ਗੀਤਾਂ ਦਾ ਰੂਪ ਦਿੱਤਾ ਜਾਵੇ । ਇਸੇ ਤਰ੍ਹਾਂ 'ਸੈਦੋਕੇ ਜੀ' ਨੇ ਬਹੁਤ ਸਾਰੀਆਂ ਰਚਨਾਵਾਂ , ਪਿਆਰ ਮੁਹੱਬਤ , ਬਿਰਹੋਂ , ਰਿਸ਼ਤਿਆਂ ਚ ਆ ਰਹੀ ਗਿਰਾਵਟ , ਕਿਸਾਨੀ ਸੰਘਰਸ਼ , ਕਿਰਤੀਆਂ ਦੀ ਲੁੱਟ , ਧੀਆਂ ਦੇ ਦੁੱਖ-ਸੁੱਖ , ਰਾਜਨੀਤਕ ਲੋਕਾਂ ਵੱਲੋ ਲੁੱਟ ਖਸੁੱਟ , ਫੌਜੀ ਵੀਰਾਂ ਦੀ ਪਰਿਵਾਰ ਤੋਂ ਦੂਰੀ , ਅਧਿਆਪਕ ਦੇ ਸਨਮਾਨ ਤੇ ਗੀਤਕਾਰੀ ਕਰ ਵਾਹ ਵਾਹ ਖੱਟੀ ਹੈ ।

        'ਕੁਲਵੰਤ ਸੈਦੋਕੇ ਜੀ' ਦੇ ਗੀਤ ਪਿਆਰ ਮੁਹੱਬਤ ਬਾਤ ਪਾਉਂਦੇ ਤੇ ਨੀਲੇ ਅੰਬਰਾਂ ਨੂੰ ਛੂੰਹਦੇ ਹਨ  । ਓਹ ਲਿਖਦੇ ਹਨ :- 

              ਇਹ ਗੀਤਾਂ ਦੀ ਅਜ਼ਬ ਕਹਾਣੀ ,

              ਬਾਤ ਪਿਆਰ ਦੀ ਪਾਉਂਦੀ ਐ ।

              ਧਰਤੀ ਤੋ ਨੀਲੇ ਅੰਬਰਾਂ ਦੇ ਵਿਚ ,

              ਉੱਚਾ ਉਡਣਾ ਚਹੁੰਦੀ ਐ ।

       ਜਦੋਂ ਤੱਕ ਗੀਤਕਾਰੀ ਵਿਚ , ਪਿਆਰ ਮੁਹੱਬਤ ਚ' ਬਿਰਹੋਂ ਨਹੀਂ ਹੁੰਦੀ , ਉਦੋਂ ਤੱਕ ਸਾਰਥਕ ਗੀਤਕਾਰੀ ਅਧੂਰੀ ਲੱਗਦੀ ਹੈ । 'ਸੈਦੋਕੇ ਜੀ '  ਬਿਰਹੋਂ ਦਾ ਜ਼ਿਕਰ ਕਰਦੇ ਲਿਖਦੇ ਹਨ ‌‌- :

                ਬਿਰਹੋਂ ਵਿਛੋੜਾ ਕਸਕ ਦਿਲਾਂ ਦੀ ,

                ਭਰ ਜੋਬਨ ਵਿੱਚ ਸਹਿੰਦੇ ਆ ।

                ਹੰਝੂਆਂ ਦੇ ਹੜ੍ਹ ਵਿਚ ਬੇਸ਼ਕੀਮਤੀ ,

                ਖ਼ਿਆਲ ਤੈਰਦੇ ਰਹਿੰਦੇ ਆ ।

       ਦੇਸ਼ ਦੀ ਰਖਵਾਲੀ ਕਰਦੇ , ਫੌਜੀ ਵੀਰਾਂ ਦਾ ਦਿਲ ਜਿੱਤਿਆ ਹੈ , 'ਸੈਦੋਕੇ ਜੀ' ਨੇ , ਲਿਖਦੇ ਹਨ :- 

                ਨਾ ਕੋਈ ਫ਼ੋਨ ਤੇ ਨਾ ਹੀ ਕੋਈ ਖ਼ਤ ਪਾਇਆ ,

                ਭੁੱਲ ਗਿਓ ਸਾਡਾ ਤੂੰ ਖਿਆਲ ਫੌਜੀਆਂ ।

                ਵੇ ਜੇ ਤੂੰ ਛੁੱਟੀ ਨਹੀਂ ਆਉਣਾ ਲੈ ਜਾ ਨਾਲ ਫੌਜੀਆਂ ।

       ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਗੀਤ ਲਿਖ , ਸਰਹੱਦਾਂ ਤੇ ਬੈਠੇ , ਫੌਜੀ ਵੀਰਾਂ ਦੇ ਹੌਸਲੇ ਬੁਲੰਦ ਕੀਤੇ , ਓਨਾਂ ਦੀ ਦੇਸ਼ ਭਗਤੀ ਗੀਤਾਂ ਵਿਚ ਝਲਕਦੀ ਹੈ । 'ਸੈਦੋਕੇ ਜੀ ' ਖੁਦ ਭਾਰਤੀ ਫੌਜ ਚ' ਸੇਵਾ ਕਰ , ਸਰਹੱਦਾਂ ਦੇ ਸੇਕ  , ਰਾਤਾਂ ਦੇ ਉਨੀਂਦਰੇ ਝੱਲ , ਪਿੰਡੇ ਤੇ ਗਰਮ ਸਰਦ ਮੌਸਮ ਹੰਢਾ ਕੇ , ਅੱਜ ਪ੍ਰਪੱਕ ਗੀਤਾਂ ਨੂੰ ਜਨਮ ਦੇ ਰਿਹਾ ਹੈ ।

       'ਕੁਲਵੰਤ ਸੈਦੋਕੇ ਜੀ' ਪਿੰਡ ਚ' ਰਹਿ , ਕਿਸਾਨ ਦੀਆਂ ਦਰਪੇਸ਼ ਮੁਸ਼ਕਲਾਂ ਤੋਂ ਜਾਣੂ ਹੈ । ਤਿੰਨ ਕਾਲੇ ਕਾਨੂੰਨਾਂ ਦੀ ਵਿਰੋਧਤਾ ਕਰਦਾ , ਲਿਖਦਾ ਹੈ :- 

                ਤੈਥੋਂ ਬਾਦਸ਼ਾਹੀ ਨਹੀਂ ਸੰਭਦੀ ,

                ਹੁਣ ਫਿਰਦੀ ਥਰ ਥਰ ਕੰਬਦੀ ,

                ਦੇਖ ਲਿਆ ਅਸੀਂ ਤੈਨੂੰ ਅਜ਼ਮਾ ਕੇ ,

                ਪੁੱਠਾ ਪੰਗਾ ਲੈ ਲਿਆ ਦਿੱਲੀਏ ,

                ਤੂੰ ਪੰਜਾਬ ਨਾਲ ਸਿੱਧਾ ਮੱਥਾ ਲਾ ਕੇ ।

      ਸਮਾਜ ਵਿੱਚ ਉੱਚਾ ਸੁੱਚਾ ਸਥਾਨ ਰੱਖਦੇ , ਸਾਡੇ ਟੀਚਰ,  ਅਧਿਆਪਕ । ਸਾਨੂੰ ਸਮਾਜ ਵਿਚ , ਅੱਗੇ ਵਧਣ ਲਈ , ਸਾਨੂੰ ਸ਼ਬਦ ਭੰਡਾਰ ਦਿੰਦੇ ਹਨ । ਅਸੀਂ ਚੰਗੀ ਸਿੱਖਿਆ ਲੈ , ਸਮਾਜ ਰਹਿਣ ਦਾ ਸਲੀਕਾ ਸਿਖਦੇ ਹਾਂ । ਸਨਮਾਨਯੋਗ , ਟੀਚਰਾਂ ਆਧਿਆਪਕਾਂ ਲਈ 'ਸੈਦੋਕੇ ਜੀ' ਲਿਖਦੇ ਹਨ :- 

                 ਅਧਿਆਪਕ ਰਾਹ ਦਸੇਰੇ ਹੁੰਦੇ ,

                 ਜੀਵਨ ਜਾਚ ਸਿਖਾਣ ।

                 ਭਰ ਭਰ ਮੁੱਠੀਆਂ ਚਾਨਣ ਵੰਡਣ ,

                 ਟੀਚਰ ਹੁੰਦੇ ਮਹਾਨ ।

       'ਸੈਦੋਕੇ ਜੀ' ਨੇ ਆਪਣੇ ਪਲੇਠੇ ਕਾਵਿ ਸੰਗ੍ਰਹਿ 'ਮਹਿਕਦੇ ਗੀਤ' ਵਿਚ ਸਰਲ ਤੇ ਅਰਥ ਭਰਪੂਰ ਸ਼ਬਾਦਵਲੀ ਗੀਤਕਾਰੀ ਨੂੰ ਚਾਰ ਚੰਨ ਲਾਏ । ਇਸ ਕਾਵਿ-ਸੰਗ੍ਰਹਿ ਵਿਚ ਚ' 'ਸੈਦੋਕੇ ਜੀ' ਨੇ ਸਮਾਜਿਕ ਵਰਤਾਰਿਆਂ ਨੂੰ ਬਾਖੂਬੀ ਪੇਸ਼ ਕੀਤਾ ਤੇ ਸਮਾਜ ਵਿਰੋਧੀ ਤਾਕਤਾਂ ਦਾ ਖੰਡਨ ਕੀਤਾ । ਪੂਰੀ ਲੋਕਾਈ ਨੂੰ , ਇੱਕ ਬੰਧਣ ਵਿਚ ਬੰਨਣ ਲਈ ਲਿਖਦਾ ਹੈ :- 

                 ਕਿਉਂ ਕਰਦਾ ਏਂ ਮੇਰੀਆਂ ਤੇਰੀਆਂ ,

                 ਹੋ ਜਾਣ ਮਿੱਟੀ ਦੀਆਂ ਢੇਰੀਆਂ ।

                 ਤੂੰ ਛੇੜਦਾ ਕਿਉਂ ਜੰਗ ਬੰਦਿਆਂ ।

                 ਜਿਹੜਾ ਸਭ ਦੀਆਂ ਨਾੜਾਂ ਵਿਚ ਦੌੜੇ ,

                 ਲਹੂ ਦਾ ਇੱਕੋ ਰੰਗ ਬੰਦਿਆਂ ।

     'ਕੁਲਵੰਤ ਸੈਦੋਕੇ ਜੀ' ਪਲੇਠੇ ਕਾਵਿ ਸੰਗ੍ਰਹਿ 'ਮਹਿਕਦੇ ਗੀਤ' ਹਮੇਸ਼ਾ ਮਹਿਕਦੇ ਰਹਿਣ । ਪਾਠਕਾਂ ਦੇ ਮਨਾਂ ਤੇ ਅਮਿੱਟ ਛਾਪ ਛੱਡਣ । ਮੇਰੀਆਂ ਦੁਆਵਾਂ, ਪਾਠਕਾਂ ਵੱਲੋਂ 'ਮਹਿਕਦੇ ਗੀਤ' ਕਾਵਿ ਸੰਗ੍ਰਹਿ ਨੂੰ ਅਥਾਹ ਪਿਆਰ ਮਿਲੇ । ਆਸ ਹੈ ਕਿ ਆਉਣ ਵਾਲੇ ਸਮੇਂ ਚ' , 'ਕੁਲਵੰਤ ਸੈਦੋਕੇ ਜੀ' ਹੋਰ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਕਰਵਾ , ਪਾਠਕਾਂ ਦੀ ਝੋਲੀ ਪਾਉਣਗੇ । ਆਮੀਨ

                                    ਸ਼ਿਵਨਾਥ ਦਰਦੀ 

                                  ਸੰਪਰਕ :- 9855155392

ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।

ਅਕਲ ਦੀ ਕੁਰਸੀ ✍️ ਰਮੇਸ਼ ਕੁਮਾਰ ਜਾਨੂੰ

ਖਾਲੀ ਖਾਨੇ,ਖਾਨੇ ਦੇ ਵਿੱਚ
     ਗੱਲ ਮੈਂ ਪਾਉਣੀ ਚਾਹੁੰਦਾ ਹਾਂ
ਮੂੰਹ ਛੋਟਾ ਗੱਲ ਵੱਡੀ
     ਪਰ ਸਮਝਾਉਣੀ ਚਾਹੁੰਦਾ ਹਾਂ।।

ਮੈਂ ਤੇ ਮੈਂ ਵਿੱਚ ਚੋਣਾਂ ਕਰੀਏ
     ਆਪਣੇ ਅੰਦਰ ਵੋਟਾਂ ਪਾਈਏ
ਆਪਣੀ ਅਕਲ ਦੀ ਕੁਰਸੀ ਉੱਤੇ
     ਸੂਝਵਾਨ ਇਨਸਾਨ ਬਿਠਾਈਏ।।

ਮੂੰਹ ਹਨ੍ਹੇਰੇ ਲਾ ਸਪੀਕਰ
     ਜਿਹੜੇ ਮੈਨੂੰ ਸੌਣ ਨਹੀਂ ਦਿੰਦੇ
ਮੈਨੂੰ ਕਹਿੰਦੇ ਰੱਬ ਮਲਾਈਏ
     ਆਪਣੇ ਨੇੜੇ ਆਉਣ ਨਹੀਂ ਦਿੰਦੇ।।

ਰੱਬ ਨੂੰ ਬੰਦਿਆ ਨੌਕਰ ਸਮਝੇਂ
     ਨਾਲ ਤੂੰ ਖੜਕੇ ਕਰੇਂ ਗਰਾਈਂਆਂ
ਸੋਹਣੀ ਗੱਡੀ, ਰੱਬ ਦੇ ਪੱਠੇ
      ਪਿੱਛੇ-ਪਿੱਛੇ ਭੇਡਾਂ ਆਈਆਂ।।

ਤੂੰ ਦਰ-ਦਰ ਜਾ ਕੇ ਲੱਭਦਾ ਏਂ
     ਪਰ ਚੈਣ ਤਾਂ ਘਰ ਵਿੱਚ ਮਿਲਦਾ ਏ
ਮੱਥਾ ਆਪਣੇ ਬੂਹੇ ਟੇਕਿਆ ਕਰ
     ਕਿਉਂ ਹੋਰ ਕਿਤੇ ਜਾ ਵਿਲਦਾ ਏਂ।।

ਬਾਹਰ ਚੀਖ-ਚਿਹਾੜਾ ਇਹਨਾਂ
     ਨਾ ਸੁਣੀ ਆਵਾਜ਼ ਮੈਂ ਅੰਦਰ ਦੀ
ਓਵੀ ਰੱਬ ਦੀ ਅੱਖ ਤੋਂ ਓਹਲੇ
     ਜੋ ਪੋੜੀ ਬੈਠੇ ਮੰਦਿਰ ਦੀ।।

ਰਮੇਸ਼ ਵੇ ਦਿਲ ਦਾ ਦਰਦ ਨਾ ਮਿਟਿਆ
     ਜੀਉਂਦੀ ਜਾਨੇ ਨਰਕ ਹੰਢਾਵਾਂ
ਮਰਨ ਪਿੱਛੋਂ ਜੇ ਮਿਲਦਾ ਜਾਨੂੰ
     ਐਸੇ ਸਵਰਗ ਨੂੰ ਚੁੱਲ੍ਹੇ ਡਾਵਾਂ।।

              ਲੇਖਕ-ਰਮੇਸ਼ ਕੁਮਾਰ ਜਾਨੂੰ
             ਫੋਨ ਨੰ:-98153-20080

ਗਣਤੰਤਰ ਦਿਵਸ ✍️ ਸਲੇਮਪੁਰੀ ਦੀ ਚੂੰਢੀ

ਗਣਤੰਤਰ ਦਿਵਸ ਦੇ ਅਰਥ
ਲੱਭਦਿਆਂ ਲੱਭਦਿਆਂ,
ਜਿੰਦਗੀ ਦੇ ਅਰਥ
ਗੁਆਚ ਗਏ ਨੇ!
ਸੁਫਨਾ ਲਿਆ ਸੀ ਕਿ-
ਸਾਡਾ ਸੰਵਿਧਾਨ ਹੋਵੇਗਾ!
ਸਾਡਾ ਕਾਨੂੰਨ ਹੋਵੇਗਾ!
ਸੱਭ ਦੀ ਰਾਖੀ ਕਰੇਗਾ!
ਸੱਭ ਖੁਸ਼ਹਾਲ ਹੋਣਗੇ!
ਪਰ ਵੇਖਿਆ ਤਾਂ ਪਤਾ ਲੱਗਾ ਕਿ -
ਸਾਡਾ ਸੰਵਿਧਾਨ!
ਸਾਡਾ ਕਾਨੂੰਨ!
ਤਾਂ ਧਨਾਢਾਂ ਨੇ ਮੁੱਠੀ ਵਿੱਚ
ਬੰਦ ਕਰਕੇ ਰੱਖ ਲਿਐ!
ਤੇ ਸਿਆਸਤ ਦੀ
ਕੱਠ-ਪੁਤਲੀ ਬਣ ਕੇ ਰਹਿ ਗਿਐ!
ਅਸੀਂ ਤਾਂ ਬਸ-
26 ਜਨਵਰੀ ਨੂੰ ਝੰਡਾ ਚੜ੍ਹਾਉਣ ਸਮੇਂ
ਇਕੱਠੀ ਕੀਤੀ ਭੀੜ ਹਾਂ!
ਸ਼ਾਇਦ ਅੰਬੇਦਕਰ
 ਵੇਖ ਕੇ
ਹੰਝੂ ਕੇਰਦਾ ਹੋਵੇਗਾ ਕਿ-
ਜਿਹੜੇ ਸੁਫਨੇ ਲੈ ਕੇ
ਸੰਵਿਧਾਨ ਸਿਰਜਿਆ ਸੀ,
ਅੱਜ ਛਲਣੀ ਛਲਣੀ
ਹੋ ਕੇ ਰਹਿ ਗਿਐ!
 ਵੇ ਲੋਕਾ-
ਯਾਦ ਰੱਖੀੰ
 ਦੇਸ਼ ਦਾ
'ਪਵਿੱਤਰ ਗ੍ਰੰਥ'
ਸੰਵਿਧਾਨ ਮਰਿਆ ਨਹੀਂ,
ਜਿਉਂਦਾ!
ਇਸ ਦੀ ਤੜਫਦੀ ਰੂਹ
 ਠਾਰਨ ਲਈ
ਲਤਾੜਿਆਂ ਵਿਚ,
ਢਾਰਿਆਂ ਵਿਚ,
ਇਨਕਲਾਬ ਦੀ ਚਿਣਗ
ਜਵਾਲਾ ਬਣਕੇ ਉੱਠੇਗੀ!
ਫਿਰ -
ਦੇਸ਼ ਦੀ ਤਸਵੀਰ!
ਲੋਕਾਂ ਦੀ ਤਕਦੀਰ!
ਸੂਰਜ ਬਣਕੇ ਉਭਰੇਗੀ!
-ਸੁਖਦੇਵ ਸਲੇਮਪੁਰੀ
09780620233
26 ਜਨਵਰੀ, 2022.

ਬੇਗਾਨੀ ਖੁਰਲੀ ਦੇ ਪੱਠੇ! ✍️ ਸਲੇਮਪੁਰੀ ਦੀ ਚੂੰਢੀ

-  ਕੁੱਝ ਬੰਦਿਆਂ ਦੀ ਬਿਰਤੀ
ਪਸ਼ੂਆਂ
 ਵਰਗੀ ਹੁੰਦੀ ਐ,
 ਆਪਣੇ ਪੱਠੇ
ਖਾ ਕੇ,
ਬੇਗਾਨੀ ਖੁਰਲੀ
 'ਤੇ ਜਾ ਕੇ
ਮੂੰਹ ਮਾਰਦੇ ਨੇ
 ਉਥੇ ਜਿਵੇਂ ਵੜੇਵੇਂ ਹੋਣ!
ਖਾਣ ਲਈ ਮੇਵੇ ਹੋਣ!
ਕੁੱਝ ਬੰਦੇ ਤਾਂ
ਰੱਜਦੇ ਈ ਨ੍ਹੀਂ,
ਪੱਠੇ ਖਾ ਕੇ,
ਮੂੰਹ ਲਮਕਾ ਕੇ,
ਰੱਸਾ ਚੱਬਣ ਲੱਗ ਜਾਂਦੇ ਨੇ!
ਕੁੱਝ
ਰੱਸਾ ਤੁੜਾਕੇ,
 ਪਿੱਠ ਘੁੰਮਾਕੇ,
ਬੇਗਾਨੀ ਖੁਰਲੀ
ਚੱਟ ਕੇ
ਮੱਛੀ ਵਾਂਗੂੰ
ਪੱਥਰ ਚੱਟ ਕੇ
ਵਾਪਸ ਆਉਂਦੇ ਨੇ!
ਕੁੱਝ ਕਈ ਖੁਰਲੀਆਂ
  ਟੱਪ ਦੇ ਨੇ!
ਸੁਆਦਲੇ ਪੱਠੇ ਲੱਭਦੇ ਨੇ,
 ਕੀਲਾ ਛੱਡ ਕੇ ਭੱਜਦੇ ਨੇ!
ਕੁੱਝ ਸਿੰਙ ਮਾਰਦੇ ਮਾਲਕ ਦੇ!
ਸਿਰ ਗਲੀਆਂ ਕਰਦੇ ਪਾਲਕ ਦੇ!
 ਕੁੱਝ ਪਸ਼ੂਆਂ ਵਾਗੂੰ ਵਿਕਦੇ ਨੇ!
ਫਿਰ ਵੀ ਚੰਗੇ ਦਿਸਦੇ ਨੇ!
ਕੁੱਝ ਸ਼ੇਰਾਂ ਵਰਗੇ ਹੁੰਦੇ ਨੇ!
 ਘਾਹ ਨਹੀਂ ਮਾਸ ਖਾਂਦੇ ਨੇ!
ਅਣਖ ਨਾਲ ਜਿਉਂਦੇ ਨੇ!
ਮਰਿਆ ਸ਼ਿਕਾਰ ਨਾ ਮੂੰਹ ਨੂੰ ਲਾਉਂਦੇ ਨੇ!
ਅਣਖ ਨਾਲ ਜਿਉਂਦੇ ਨੇ!
ਬਸ, ਅਣਖ ਨਾਲ ਜਿਉਂਦੇ ਨੇ!!
-ਸੁਖਦੇਵ ਸਲੇਮਪੁਰੀ
09780620233
15 ਜਨਵਰੀ, 2022.

ਦੋ ਗ਼ਜ਼ਲਾਂ ✍️ਜਸਵਿੰਦਰ ਸ਼ਾਇਰ "ਪਪਰਾਲਾ "

1) ਖੁਸ਼ੀਆਂ ਭਰਿਆ ਨਵਾਂ ਸਾਲ 2022

ਖੁਸ਼ੀਆਂ ਭਰਿਆ ਨਵਾਂ ਸਾਲ ਲੈ ਕੇ ਆਵੀਂ ਮੇਰੇ ਮਾਲਕਾਂ ।
ਹਰੇਕ ਵਿਹੜੇ ਦੇ ਵਿੱਚ ਦੀਵੇ ਖੁਸ਼ੀ ਦੇ ਜਗਾਵੀਂ ਮੇਰੇ ਮਾਲਕਾਂ ।

ਹੋਵੇ ਨਾ ਕੋਈ ਖੂਨ ਖਰਾਬਾ ਹਰ ਪਾਸੇ ਪਿਆਰ ਹੋਵੇ ।
ਧੀਆਂ ਪੁੱਤਰਾਂ ਦੀ ਜਨਨੀ ਦਾ ਇੱਥੇ ਪੂਰਾ ਸਤਿਕਾਰ ਹੋਵੇ ।
ਦਹੇਜ ਦੇ ਲੋਭੀਆਂ ਤੋਂ ਨਿਰਦੋਸ਼ਾ ਦੀ ਜਾਨ ਬਚਾਈ ਮੇਰੇ ਮਾਲਕਾਂ 
ਖੁਸ਼ੀਆਂ ******

ਗਰੀਬੀ ਬੀਮਾਰੀ ਨਾ ਨਸ਼ਿਆਂ ਦਾ ਕੋਈ ਸ਼ਿਕਾਰ ਹੋਵੇ ।
ਕਿਸੇ ਦਾ ਜਵਾਨ ਪੁੱਤ ਨਾ ਮਰੇ ਦੁੱਖੀਂ ਨਾ ਕੋਈ ਪਰਿਵਾਰ ਹੋਵੇ ।
ਸਾਰਿਆ ਤੇ ਮੇਹਰ ਤੂੰ ਕਮਾਈ ਮੇਰੇ ਮਾਲਕਾਂ 
ਖੁਸ਼ੀਆਂ *******

ਰਾਖੀ ਜੋ ਦੇਸ਼ ਦੀ ਕਰਦੇ ਉਨ੍ਹਾਂ ਦਾ ਵੀ ਖਿਆਲ ਰੱਖੀਂ ।
ਪੁੱਤ ਜਿੰਨਾਂ ਦੇ ਫੌਜੀ ਉਨ੍ਹਾਂ ਦੇ ਵਿਹੜੇ ਖੁਸ਼ਹਾਲ ਰੱਖੀਂ ।
ਦੇਸ਼ ਪ੍ਰਤੀ ਫਰਜ਼ ਤੋਂ ਨਾ ਉਨ੍ਹਾਂ ਨੂੰ ਡੁਲਾਵੀ ਮੇਰੇ 
ਖੁਸ਼ੀਆਂ *****
ਹੋਵੇ ਨਾ ਕਿਸੇਨੂੰ ਗਮੀ ਬੱਸ ਖਿੜੀ ਗੁਲਜ਼ਾਰ ਰਵੇ ।
ਬੱਸ ਹਰੇਕ ਦੇ ਮੁੱਖੜੇ ਤੇ ਤੇਰਾ ਹੀ ਸਤਿਕਾਰ ਰਵੇ ।
"ਸ਼ਾਇਰ " ਤੋਂ ਸਦਾ ਹੀ ਸੱਚ ਲਿਖਾਈ ਮੇਰੇ ਮਾਲਕਾਂ 
ਖੁਸ਼ੀਆਂ *******

2) ਜ਼ਿਆਦਾ 

ਚੁੱਭ ਗਈ ਨੇ ਨਜ਼ਰਾ ਉਹ ਕਟਾਰਾਂ ਤੋ ਜ਼ਿਆਦਾ।
ਤੇਰੀ ਜ਼ੁਲਫਾ ਬੇਹੋਸ਼ ਕੀਤੇ ਨੇ ਹਜ਼ਾਰਾਂ ਤੋਂ ਜ਼ਿਆਦਾ ।

ਜਿੱਧਰ ਵੀ ਜਾਵੇ ਮਹਿਕਾਂ ਹੀ ਮਹਿਕਾਂ ਖਿਲਾਰ ਦੇਵੇਂ
ਹੁਸਨ ਤੇਰੇ ਤੇ ਚੜਿਆ ਸੱਜਣਾਂ ਬਹਾਰਾ ਤੋਂ ਜ਼ਿਆਦਾ ।

ਜਦੋਂ ਤੂੰ ਹੱਸਦੀ ਤਾਂ ਪੂਰੀ ਕਾਇਨਾਤ ਖਿੱਲੇ ਉੱਠਦੀ 
ਸੱਜਣਾ ਤੇਰੀ ਅੱਖ ਦੀ ਮਾਰ ਹਥਿਆਰਾਂ ਤੋਂ ਜ਼ਿਆਦਾ ।

ਤੇਰਾ ਦੀਦਾਰ ਵੀ ਰੱਬ ਦੇ ਦੀਦਾਰ ਤੋਂ ਘੱਟ ਨਹੀਉਂ 
ਇਕ ਤੇਰੀ ਜਿੱਤ ਦੀ ਖੁਸ਼ੀ ਮੈਨੂੰ ਹਾਰਾਂ ਤੋਂ ਜ਼ਿਆਦਾ ।

ਜਦ ਵੀ ਕੋਈ ਜ਼ਖ਼ਮ ਮੇਰਾ ਦਰਦ ਕਰਦਾ ਏ" ਸ਼ਾਇਰ "
ਮੈਂ ਫੁੱਲਾਂ ਨੂੰ ਸਲਾਮ ਆਖਦਾ ਖ਼ਾਰਾਂ ਤੋਂ ਜ਼ਿਆਦਾ ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਦਲ-ਬਦਲੂ ✍️ ਸਲੇਮਪੁਰੀ ਦੀ ਚੂੰਢੀ

ਨਾ ਦੇਸ਼ ਦੀ,
ਨਾ ਸੂਬੇ ਦੀ,
ਨਾ ਲੋਕਾਂ ਦੀ
ਕੋਈ ਪ੍ਰਵਾਹ!
ਮਨ ਵਿਚ ਵਸਿਆ
 ਇੱਕੋ ਚਾਅ!
ਬਸ, ਕੁਰਸੀ ਬਚਾਅ!
ਕੁਰਸੀ ਬਚਾਅ !
ਭਾਵੇਂ ਇੱਧਰ ਆ!
ਭਾਵੇਂ ਓਧਰ ਜਾਹ!
ਪਰ, ਕੁਰਸੀ ਬਚਾਅ!
ਕੁਰਸੀ ਬਚਾਅ!!
-ਸੁਖਦੇਵ ਸਲੇਮਪੁਰੀ
09780620233
11 ਜਨਵਰੀ, 2022.

ਭਰੋਸਾ ਤੇ ਵਾਅਦਾ ✍️ ਸਲੇਮਪੁਰੀ ਦੀ ਚੂੰਢੀ

-ਦੋਸਤੋ!
ਦਿੱਤਾ ਭਰੋਸਾ
 ਕੀਤਾ ਵਾਅਦਾ
 ਪੂਰੇ ਹੋ ਜਾਣ ਤਾਂ
 ਜਿੰਦਗੀ
ਰੰਗੀਨ ਬਣ ਜਾਂਦੀ ਐ !
ਜੇ  ਟੁੱਟ ਜਾਣ
ਤਾਂ ਆਸਾਂ ਦੀ ਤੰਦ
ਮਲੀਨ ਬਣ ਜਾਂਦੀ ਐ!
ਇਸ ਲਈ-
ਸੋਚ ਕੇ ਵਾਅਦਾ ਕਰਨਾ !
ਝੂਠਾ ਭਰੋਸਾ ਨਾ
ਪਰੋਸ ਕੇ ਧਰਨਾ !
ਦੋਸਤੋ!
ਜਿੰਦਗੀ ਭਰੋਸਿਆਂ 'ਤੇ
ਚੱਲਦੀ ਐ!
ਦਿੱਤੇ ਭਰੋਸੇ,
ਕੀਤੇ ਵਾਅਦੇ,
 ਦਾ ਕਤਲ ਨਾ ਕਰਨਾ!
-ਸੁਖਦੇਵ ਸਲੇਮਪੁਰੀ
09780620233
10 ਜਨਵਰੀ, 2022 !

ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ✍️ ਸਲੇਮਪੁਰੀ ਦੀ ਚੂੰਢੀ

- ਹੇ! ਗੂਰੂ ਗੋਬਿੰਦ ਸਿੰਘ
 ਤੈਨੂੰ  ਮੰਨਣ ਲਈ ਢੌਂਗ ਕਰਦੇ ਹਾਂ!
ਤੇਰੀ ਮੰਨਦੇ ਨਹੀਂ,ਐਵੇਂ ਗੱਲਾਂ ਕਰਦੇ ਹਾਂ!
ਤੂੰ ਜਾਤਾਂ-ਕੁਜਾਤਾਂ ਠੁਕਰਾ ਕੇ,ਇੱਕੋ ਬਾਟੇ 'ਚ ਅੰਮ੍ਰਿਤ ਛੁਕਾ ਕੇ!
ਮਨੁੱਖਤਾ ਦਾ ਪਾਠ ਪੜ੍ਹਾਕੇ,ਨਵਾਂ ਪੰਥ ਸਜਾ ਕੇ!
ਨਵਾਂ ਰਾਹ ਦਿਖਾਕੇ,ਆਪਾ ਆਪ ਲੁਟਾਕੇ!
ਜੋ ਪੈੜਾਂ ਪਾਈਆਂ 'ਤੇ ਚੱਲਦਿਆਂ ਸਾਨੂੰ ਘੁੱਟਣ ਮਹਿਸੂਸ ਹੁੰਦੀ ਐ!
ਤੂੰ ਜੁਲਮਾਂ ਵਿਰੁੱਧ ਲੜਿਆ ਸੀ,ਤੂੰ ਜਾਲਮ ਰਾਜੇ ਅੱਗੇ ਅੜਿਆ ਸੀ!
ਜੇ ਤੂੰ ਸਰਬੰਸ ਨਾ ਵਾਰਦਾ,ਅੱਜ ਹਿੰਦੂ ਨਾ ਹੁੰਦਾ!
ਅੱਜ ਜਨੇਊ ਨਾ ਹੁੰਦਾ,ਤੂੰ ਮੋਇਆਂ 'ਚ ਜਾਨ ਪਾਈ!
ਤੂੰ ਡੁੱਬਦੀ ਮਨੁੱਖਤਾ ਬਚਾਈ,ਤੇਰਾ ਕੌਣ ਦੇਊਗਾ ਦੇਣਾ!
ਅਸੀਂ ਤੇਰੀ ਕੀ ਮੰਨਣੀ ਆ?
ਅਸੀਂ ਤਾਂ ਅਜੇ ਤੇਰੇ ਪ੍ਰਕਾਸ਼ ਪੁਰਬ ਦੀਆਂ ਮਿਤੀਆਂ 'ਚ ਉਲਝ ਕੇ ਰਹਿ ਗਏ ਆਂ!
ਅਸੀਂ ਫਿਰ ਊਚ-ਨੀਚ ਦੀ ਘੁਮਣ-ਘੇਰੀ 'ਚ ਫਸ ਕੇ ਬਹਿ ਗਏ ਆਂ!
ਤੂੰ ਜੁਲਮ ਵਿਰੁੱਧ ਤਲਵਾਰ ਉਠਾਈ ਸੀ!
ਤੂੰ ਅਨੋਖੀ ਰੀਤ ਚਲਾਈ ਸੀ!
ਤੂੰ ਮਨੁੱਖਤਾ ਲਈ ਪਰਿਵਾਰ ਵਾਰਿਆ!
ਅਸੀਂ ਕੁਰਸੀ ਲਈ, ਨੋਟਾਂ ਲਈ!
ਅਹੁਦਿਆਂ ਲਈ,ਦੂਜਿਆਂ ਦਾ ਵਿਗਾੜਿਆ!
ਦੂਜਿਆਂ ਨੂੰ ਮਾਰਿਆ, ਸਿਰਫ ਆਪਾ ਹੀ ਸੰਵਾਰਿਆ!!
-ਸੁਖਦੇਵ ਸਲੇਮਪੁਰੀ
09780620233
9 ਜਨਵਰੀ, 2022

ਲੋਹੜੀ ਦਾ ਤਿਉਹਾਰ ✍️ ਹਰਮੇਸ਼ ਕੌਰ ਯੋਧੇ

ਲੋਹੜੀ ਦਾ ਜੇ ਆਇਆ ਤਿਉਹਾਰ,
ਭੈਣਾਂ-ਭਰਾਵਾਂ ਦਾ ਵਧਾਵੇ ਪਿਆਰ।
ਸਹੁਰੇ ਬੈਠੀ ਭੈਣ ਨੂੰ ਸੁਪਨਾ ਆਇਆ,
ਵੀਰਾ ਮੇਰਾ ਜੇ ਸੰਧਾਰਾ ਲਿਅਇਆ।
ਸੰਧਾਰੇ ਵਿੱਚ ਪਿੰਨੀਆਂ ਆਈਆਂ ਜੋ,
ਗਲੀ ਗਲੀ ਵਰਤਾਈਆਂ ਓਹ।
ਓਧਰ ਵਣਜ਼ਾਰਾ ਆਇਅ ਜੇ,
ਵੰਙਾਂ ਕਲਿੱਪ ਲਿਅਇਆ ਜੇ।
ਤਾਈ ਸੰਤੀ ਨੇ ਅਵਾਜ਼ ਮਾਰ ਬਿਠਾਇਆ ਏ,
ਸਭ ਨੇ ਵੰਙਾਂ ਚੜ੍ਹਾ ਕੇ ਚਾਅ ਲਾਇਆ ਏ।
ਮੁੰਡੇ ਲੋਹੜੀ ਮੰਗਣ ਆਉਂਦੇ ਨੇ,
ਸੁੰਦਰ-ਮੁੰਦਰੀ ਦਾ ਗੀਤ ਗਾਉਂਦੇ ਨੇ।
ਕੁੜੀਆਂ ਲੋਹੜੀ ਮੰਗਣ ਜਾਂਦੀਆਂ ਨੇ,
ਕਈ ਗੀਤ ਲੋਹੜੀ ਦੇ ਗਾਂਦੀਆਂ ਨੇ।
ਲੰਬੜਾਂ ਦੇ ਨਵੀਂ ਵਹੁਟੀ ਆਈ ਜੇ,
ਮੁੰਗਫਲੀ ਗਲੀ ਗਲੀ ਵਰਤਾਈ ਜੇ।
ਮਿੱਠੂ ਘਰੇ ਕਾਕਾ ਆਇਆ ਜੇ,
ਉਹਨਾਂ ਨੇ ਭੁੱਗਾ ਲਾਇਆ ਜੇ।
ਸ਼ਰੀਕਾ ਭੁੱਗਾ ਸੇਕਣ ਆਇਆ ਏ,
ਸਭਨੇ ਕਾਕਾ ਨੂੰ ਸ਼ਗਨ ਪਾਇਆ ਏ।
ਵੀਰੇ ਨੇ ਡੀ.ਜੇ. ਮੰਗਾ ਲਿਆ,
ਸਭਨੂੰ ਨੱਚਣ ਲਾ ਲਿਆ।
ਕੁੜੀਆਂ ਨੇ ਗਿੱਧਾ ਖ਼ੂਬ ਮਚਾਇਆ ਏ,
ਨੱਚ-ਨੱਚ ਕੇ ਧਰਤ ਨੂੰ ਹਿਲਾਇਆ ਏ।
‘ਯੋਧੇ’ ਯਾਦਾਂ ਦੁੱਲੇ ਭੱਟੀ ਦੀਆਂ ਆਈਆਂ ਨੇ,
ਜਿੰਨ੍ਹੇ ਧੀਆਂ ਦੀਆਂ ਇੱਜ਼ਤਾਂ  ਬਚਾਈਆਂ ਨੇ।
      ਹਰਮੇਸ਼ ਕੌਰ ਯੋਧੇ -ਮਦਰ ਟਰੇਸਾ ਅਵਾਰਡੀ

ਚੋਣ ਬੋਲੀਆਂ ✍️ ਸਲੇਮਪੁਰੀ ਦੀ ਚੂੰਢੀ

ਚੋਣ ਬੋਲੀਆਂ
-ਕੋਈ ਨਿਤਰੂ ਵੜੇਵੇਂ ਖਾਣੀ
ਚੋਣਾਂ ਦਾ ਐਲਾਨ ਹੋ ਗਿਆ!
ਦਾਰੂ ਪੀ ਕੇ ਵੋਟ ਨਾ ਪਾਇਓ
ਸਾਹ ਥੋਡਾ ਰਹੂ ਘੁੱਟਿਆ!
ਅਕਾਲੀ - ਬਸਪਾ ਪੱਟਾਂ 'ਤੇ ਥਾਪੀਆਂ ਮਾਰਦੇ, 

ਕਾਂਗਰਸ ਨੇ ਲੰਗੋਟਾ ਕੱਸਿਆ!
ਫੁੱਲ ਕਮਲ ਦਾ ਢੀਂਡਸਾ ਵੇਖਦਾ, ਕੈਪਟਨ ਸੁੰਘਦਾ ਫਿਰੇ!
ਆਪ ਖੜ੍ਹ ਗਈ ਮੈਦਾਨ ਵਿਚ ਆ ਕੇ, ਹੱਥਾਂ ਨੂੰ ਥੁੱਕ ਲਾਵੇ ਕਿਸਾਨ ਮੋਰਚਾ!
ਲੋਕ ਵੇਖਦੇ ਕਿਧਰ ਨੂੰ ਜਾਈਏ , 

ਕੌਣ ਸਾਡੀ ਬਾਂਹ ਫੜੂਗਾ?

-ਸੁਖਦੇਵ ਸਲੇਮਪੁਰੀ
09780620233
8 ਜਨਵਰੀ, 2022.

ਨੈਣ ਨੈਣਾਂ ਨਾਲ ✍️. ਸ਼ਿਵਨਾਥ ਦਰਦੀ

ਨੈਣ ਨੈਣਾਂ ਨਾਲ ਮਿਲਾ ,

ਸਭ ਜਾਣ ਜਾਏਗਾ ,

ਕੌਣ ਆਪਣੇ ਬੇਗਾਨੇ ,

ਸਭ ਪਹਿਚਾਣ ਜਾਏਗਾ ।

ਜਦੋਂ ਮਿਲਦੇ ਨੇ ਨੈਣ ,

ਨਾ ਪੈਂਦਾ ,ਦਿਲ ਨੂੰ ਚੈਨ 

ਉਦੋਂ ਬਣਦਾ ਕਿਵੇਂ ,

ਇਸ਼ਕ ਮਹਾਨ ਜਾਏਗਾ ।

ਨੈਣ ਨੈਣਾਂ ਨਾਲ ______

ਕੀ , ਏਨਾਂ ਦੀ ਪਰਿਭਾਸ਼ਾ

ਜਗਾਉਦੇ , ਦਿਲ ਵਿਚ ਆਸਾ 

ਬਣਦੇ ਪਿਆਰ ਵਾਲੇ , ਕਿਵੇਂ

ਸਭ ਮਕਾਨ ਜਾਏਗਾ ।

ਨੈਣ ਨੈਣਾਂ ਨਾਲ ________

ਰੋਂਦੇ ਸਾਰੀ ਸਾਰੀ ਰਾਤ ,

ਪਾਉਂਦੇ ਤਾਰਿਆਂ ਨਾਲ ਬਾਤ ,

ਚੜ੍ਹਦੀ ਬਿਰਹੋਂ ਦੀ 'ਦਰਦੀ',

ਰੂਹ ਨੂੰ ਪਾਣ ਜਾਏਗਾ ।

ਨੈਣ ਨੈਣਾਂ ਨਾਲ _________

ਨਾ ਰੰਗ ਰੂਪ , ਇਹ ਦੇਖਣ 

ਬਸ ,ਇਸ਼ਕ ਦੀ ਅੱਗ ਸੇਕਣ 

ਲੱਗ , ਏਨਾਂ ਪਿਛੇ 'ਸ਼ਿਵ'

ਕਫ਼ਨ ਤੂੰ ਤਾਣ ਜਾਏਗਾ ।

ਨੈਣ ਨੈਣਾਂ ਨਾਲ __________

              ਸ਼ਿਵਨਾਥ ਦਰਦੀ

       ਸੰਪਰਕ :- 9855155392

ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।

ਨਵੇਂ ਵਰ੍ਹੇ 'ਤੇ ✍️ ਸਲੇਮਪੁਰੀ ਦੀ ਚੂੰਢੀ

ਨਵੇਂ ਵਰ੍ਹੇ 'ਤੇ
ਬਹੁਤ ਕੁੱਝ ਬਦਲੇਗਾ! 
ਕੁੱਝ ਵੀ ਨ੍ਹੀਂ ਬਦਲੇਗਾ!
ਹਾਂ, ਜੇ ਬਦਲੇਗਾ ਤਾਂ 
ਕੰਧ ਨਾਲ ਲਟਕ ਦੇ 
ਕਲੰਡਰ ਉਪਰ ਸਾਲ ਬਦਲੇਗਾ! 
 ਲੋਕਾਂ ਨੂੰ 
ਫਸਾਉਣ ਲਈ ਜੰਜਾਲ ਬਦਲੇਗਾ! 
ਸਰਮਾਏਦਾਰਾਂ ਦੀ 
ਆਮਦਨ ਦੇ ਅੰਕੜੇ 
ਬਦਲਣਗੇ! 
ਮਿਹਨਤਕਸ਼ਾਂ ਦੀਆਂ ਜੇਬਾਂ 'ਚ 
ਬਸ, ਭਾਨ ਦੇ ਪੈਸੇ ਖੜਕਣਗੇ! 
ਨੇਤਾਵਾਂ ਦੀ ਸੋਚ 
ਨਹੀਂ ਬਦਲੇਗੀ 
 ਗੁਲਾਮ ਬਣਾ ਕੇ ਰੱਖਣ ਦੀ! 
ਦੇਸ਼ ਨੂੰ ਲੁੱਟਣ ਦੀ! 
ਮਾਸੂਮਾਂ ਨੂੰ ਕੁੱਟਣ ਦੀ! 
ਖੁਦਕੁਸ਼ੀਆਂ  ਦਾ ਦੌਰ 
ਚੱਲਦਾ ਰਹੇਗਾ? 
ਲੁਟੇਰਾ ਫਲਦਾ ਰਹੇਗਾ! 
ਵਿਹੜੇ ਵਾਲੀਆਂ 
 ਘਾਹ ਖੋਤਣ ਤੁਰੀਆਂ ਰਹਿਣਗੀਆਂ!
ਬਾਲਣ ਚੁਗਦੀਆਂ ਰਹਿਣਗੀਆਂ ! 
 ਪੈਰਾਂ 'ਚ 
ਸੂਲਾਂ ਚੁੱਭਦੀਆਂ ਰਹਿਣਗੀਆਂ! 
 ਨਸ਼ਿਆਂ ਦਾ ਦੌਰ 
ਚਲਦਾ ਰਹੇਗਾ! 
ਸਿਵਾ ਬਲਦਾ ਰਹੇਗਾ! 
ਗੱਭਰੂ ਡਮਰੂ ਬਣਕੇ 
ਖੜਕਦੇ ਰਹਿਣਗੇ! 
ਪੁਲਿਸ ਵਾਲਿਆਂ 
ਦੀਆਂ ਅੱਖਾਂ 'ਚ 
ਰੜਕਦੇ ਰਹਿਣਗੇ! 
ਕੰਮੀਆਂ ਦੇ ਕੋਠੇ 
ਚੋਂਦੇ ਰਹਿਣਗੇ! 
 ਬੱਚੇ ਕਲਫੀ ਨੂੰ 
ਰੋਂਦੇ ਰਹਿਣਗੇ! 
ਪੀੜ੍ਹੀ ਸਿਰ ਪੀੜ੍ਹੀ 
ਕਰਜਾ ਚੜ੍ਹਦਾ ਰਹੇਗਾ! 
ਪੁੱਤ, ਪੋਤਾ 
ਭਰਦਾ ਰਹੇਗਾ! 
ਦਾਲ - ਆਟਾ ਸਕੀਮ 
ਚੱਲਦੀ ਰਹੇਗੀ। 
ਮੁਫਤ ਬਿਜਲੀ
 ਬਲਦੀ ਰਹੇਗੀ! 
ਲੋਕਾਂ ਦੀ ਕਿਸਮਤ 
ਸੜਦੀ ਰਹੇਗੀ! 
ਸਿਆਸਤ ਦੀ ਖੇਡ 
ਚੱਲਦੀ ਰਹੇਗੀ!
ਪੈਰਾਂ ਦੀਆਂ ਬਿਆਈਆਂ! 
 ਅੱਟਣਾਂ ਦੀਆਂ ਦੁਹਾਈਆਂ ! 
ਅੱਖਾਂ ਦੀ ਗਿੱਡ! 
ਭੁੱਖੇ ਢਿੱਡ! 
 ਨਹੀਂ ਬਦਲਣਗੇ? 
ਪਰ - 
ਬਦਲ ਲਈ ਤਾਂਘ 
ਕਰਦੇ ਰਹਿਣਗੇ! 
ਆਪਣੇ ਹੱਕਾਂ ਲਈ 
ਲੜਦੇ ਰਹਿਣਗੇ! 
ਇਸੇ ਲਈ - 
ਨਵਾਂ ਵਰ੍ਹਾ ਮੁਬਾਰਕ ਹੋਵੇ! 
-ਸੁਖਦੇਵ ਸਲੇਮਪੁਰੀ
09780620233
1 ਜਨਵਰੀ, 2022

ਫਰਕ ✍️ ਵਤਨਵੀਰ ਜ਼ਖ਼ਮੀ

ਬੰਦੇ ਅਤੇ ਮੈਨ ਵਿੱਚ
ਪੱਖੇ ਅਤੇ ਫੈਨ ਵਿੱਚ
ਕੜੀ ਅਤੇ ਚੇਨ ਵਿੱਚ
ਕੋਈ ਫਰਕ ਨਹੀਂ ਹਾਂ ਕੋਈ ਫਰਕ ਨਹੀਂ
ਬੱਲੇ ਅਤੇ ਬੈਂਚ ਵਿੱਚ
ਉਹ ਅਤੇ ਦੈਟ ਵਿੱਚ
ਚੂਹੇ ਅਤੇ ਰੈਂਟ ਵਿੱਚ
ਕੋਈ ਫਰਕ ਨਹੀਂ ਬਈ ਕੋਈ ਫਰਕ ਨਹੀਂ
ਵੇਚਣ ਅਤੇ ਸੇਲ ਵਿੱਚ
ਪੂਛ ਅਤੇ ਟੇਲ ਵਿੱਚ
ਕੈਦ ਅਤੇ ਜੇਲ੍ਹ ਵਿੱਚ
ਕੋਈ ਫਰਕ ਨਹੀਂ ਹਾਂ ਕੋਈ ਫਰਕ ਨਹੀਂ
ਦੰਦ ਅਤੇ ਟੀਥ ਵਿੱਚ
ਮਾਸ ਅਤੇ ਮੀਟ ਵਿੱਤ
ਧੋਖੇ ਅਤੇ ਚੀਟ ਵਿੱਚ
ਕੋਈ ਫਰਕ ਨਹੀਂ ਬਈ ਕੋਈ ਫਰਕ ਨਹੀਂ
ਖਾਲ਼ੀ ਅਤੇ ਡੈਸ਼ ਵਿੱਚ
ਪੈਸੇ ਅਤੇ ਕੈਸ਼ ਵਿੱਚ
ਟੌਹਰ ਅਤੇ ਡੈਹਸ਼ ਵਿੱਚ
ਕੋਈ ਫਰਕ ਨਹੀਂ ਹਾਂ ਕੋਈ ਫਰਕ ਨਹੀਂ
ਦੌੜ ਅਤੇ ਰੇਸ ਵਿੱਚ
ਵਤਨ ਅਤੇ ਦੇਸ਼ ਵਿੱਚ
ਬਲੈਂਕਿਟ ਅਤੇ ਖੇਸ ਵਿੱਚ
ਕੋਈ ਫਰਕ ਨਹੀਂ ਮਿੱਤਰੋ ਕੋਈ ਫਰਕ ਨਹੀਂ
ਕੋਈ ਫਰਕ ਨਹੀਂ ਬਈ ਕੋਈ ਫਰਕ ਨਹੀਂ

ਵਤਨਵੀਰ ਜ਼ਖ਼ਮੀ

ਨਵਾਂ ਸਾਲ ✍️ ਦਿਲਸ਼ਾਨ ਲੰਡੇ ( ਮੋਗਾ )

ਨਵਾਂ ਸਾਲ ਨਵੇਂ-ਨਵੇਂ ਰੰਗ ਲੈ ਕੇ ਆ ਗਿਆ,                                         

ਖੁਸ਼ੀਆਂ ਤੇ ਖੇੜੇ ਖ਼ੁਦ ਸੰਗ ਲੈ ਕੇ ਆ ਗਿਆ ,                                         

ਫੁੱਲਾਂ ਵਾਲ਼ੀ ਖਿੜੀ ਗੁਲਜ਼ਾਰ ਵਾਂਗਰਾਂ,        

ਜ਼ਿੰਦਗੀ ਜਿਉਣ ਦੀ ਉਮੰਗ ਲੈ ਕੇ ਆ ਗਿਆ ,                                         

ਵੱਖਰੀ ਹੀ ਲੋਰ ਜਿਹੀ ਜਾਪੇ ਚੜ੍ਹਦੀ,        

ਹਾਸਿਆਂ ਦੇ ਵਾਲ਼ੀ ਜਿਵੇਂ ਭੰਗ ਲੈ ਕੇ ਆ ਗਿਆ ,                                          

ਕਿਰਦੇ ਫੁੱਲਾਂ ਦਾ ਅਹਿਸਾਸ ਹੋਈ ਜਾਵੇ,                                                

 ਮਹਿਕਦੀਆਂ ਕਲੀਆਂ ਦੀ ਸੁਗੰਧ ਲੈ ਕੇ ਆ ਗਿਆ,                                     

ਨਵੀਆਂ ਕਹਾਣੀਆਂ ਨੂੰ ਸਿਰਜਣ ਵਾਲ਼ਾ ਕੋਈ,                                         

ਸਾਡੇ ਤਾਂਈਂ ਪਹੁੰਚਾਉਣ ਕੋਈ ਪ੍ਰਸੰਗ ਲੈ ਕੇ ਆ ਗਿਆ ,                                 

ਕੰਨਾਂ ਵਿੱਚ ਲੱਗੇ ਕੋਈ ਮਿਠਾਸ ਘੁਲ਼ਦੀ,                                        

ਵੱਖਰੀ ਜਿਹੀ ਧੁਨ ਤੇ ਤਰੰਗ ਲੈ ਕੇ ਆ ਗਿਆ ,                                            

ਜਾਪੇ 'ਦਿਲਸ਼ਾਨ' ਤਾਂਈਂ ਮੌਸਮ ਸੁਹਾਵਣਾ,                                     

ਬਹਾਰਾਂ ਨਾਲ਼ ਜਿਵੇਂ ਕੋਈ ਸਬੰਧ ਲੈ ਕੇ ਆ ਗਿਆ ---

 

ਦਿਲਸ਼ਾਨ ਪਿੰਡ ਤੇ ਡਾਕਖਾਨਾ ਲੰਡੇ ਜਿਲਾ ਮੋਗਾ 9914304172