You are here

ਪੰਜਾਬ ਦੀ ਰਾਣੀ ਪੰਜਾਬੀ ✍️ ਰਮੇਸ਼ ਕੁਮਾਰ ਜਾਨੂੰ

ਵਿੱਚ ਪੰਜਾਬੀ ਬੋਲਦੇ, ਗੁਰੂਆਂ ਦੀ ਬਾਣੀ ਨੂੰ
ਤਖ਼ਤ ਬੈਠਾ ਕੇ ਰੱਖਿਓ, ਪੰਜਾਬ ਦੀ ਰਾਣੀ ਨੂੰ

ਇਸ ਦੀ ਗੋਦੀ ਬੈਠੀਆਂ,ਕਈ ਹੋਰ ਭਾਸ਼ਾਵਾਂ ਵੀ
ਰਹੇ ਉੱਚਾ ਇਹਦਾ ਰੁਤਬਾ, ਸਦਾ ਕਰਾਂ ਦੁਆਵਾਂ ਜੀ
    ਭੁੱਲ ਨਾ ਜਾਇਓ ਸਾਥੀਓ, ਬਚਪਨ ਦੀ ਹਾਣੀ ਨੂੰ
    ਤਖ਼ਤ ਬੈਠਾ ਕੇ ਰੱਖਿਓ, ਪੰਜਾਬ ਦੀ ਰਾਣੀ ਨੂੰ।।

ਸਿਰ ਤੇ ਤਾਜ ਹੈ ਰੱਖਣਾ, ਮਾਂ ਬੋਲੀ ਕਹਿੰਦੇ ਨੇ
ਫਿਰ ਕਿਉਂ ਇਹਨੂੰ ਬੋਲਣ ਤੇ, ਜ਼ੁਰਮਾਨੇ ਪੈਂਦੇ ਨੇ
    ਰਲ ਕੇ ਸਾਰੇ ਰੋਕੀਏ, ਵੰਡ ਇਸ ਕਾਣੀ ਨੂੰ
    ਤਖ਼ਤ ਬੈਠਾ ਕੇ ਰੱਖਿਓ, ਪੰਜਾਬ ਦੀ ਰਾਣੀ ਨੂੰ।।

ਹਿੰਦੀ,ਅੰਗਰੇਜ਼ੀ,ਉਰਦੂ,ਅਰਬੀ, ਥੋੜੀ ਜਿਹੀ ਘੋਲਾਂ ਗੇ
ਸਮੁੰਦਰੋਂ ਪਾਰ ਵੀ ਜਾ ਕੇ, ਅਸੀਂ ਪੰਜਾਬੀ ਬੋਲਾਂਗੇ
    ਅਰਸ਼ਾਂ ਤੱਕ ਲੈ ਜਾਵਣਾ, ਪਹਿਚਾਣ ਪੁਰਾਣੀ ਨੂੰ
    ਤਖ਼ਤ ਬੈਠਾ ਕੇ ਰੱਖਿਓ, ਪੰਜਾਬ ਦੀ ਰਾਣੀ ਨੂੰ।।

ਸਾਰੇ ਜੱਗ ਤੇ ਰਾਜ ਕਰੇਗੀ, ਸਾਡੀ ਇਹ ਪੰਜਾਬੀ
ਸਾਡੇ ਸਿਰ ਦਾ ਤਾਜ ਬਣੇਗੀ, ਸਾਡੀ ਇਹ ਪੰਜਾਬੀ
    ਕੰਡੇ ਬਣ ਕੇ ਸਾਂਭਿਓ, ਫੁੱਲਾਂ ਦੀ ਟਾਹਣੀ ਨੂੰ
    ਤਖ਼ਤ ਬੈਠਾ ਕੇ ਰੱਖਿਓ, ਪੰਜਾਬ ਦੀ ਰਾਣੀ ਨੂੰ।।

ਗੁਰੂਆਂ ਦੀ ਏ ਲਾਡਲੀ, ਕਵੀਆਂ ਦਾ ਮਾਣ ਹੈ
ਇਹਦੇ ਅੱਖਰਾਂ ਵਿਚ ਮੁਹੱਬਤਾਂ,ਅੰਤਾਂ ਦਾ ਗਿਆਨ ਹੈ
    ਅਸੀਂ ਭਰਕੇ ਬੁੱਕਾਂ ਡੀਕੀਏ, ਇਸ ਵਗਦੇ ਪਾਣੀ ਨੂੰ
    ਤਖ਼ਤ ਬੈਠਾ ਕੇ ਰੱਖਿਓ, ਪੰਜਾਬ ਦੀ ਰਾਣੀ ਨੂੰ।।

ਮਾਹੀਏ,ਢੋਲੇ, ਗਿੱਧਾ, ਭੰਗੜਾ, ਸ਼ਾਨ ਪੰਜਾਬੀ ਦੀ
ਰੀਸ 'ਰਮੇਸ਼' ਨਾ ਹੋਣੀ ਕਿਸੇ ਤੋਂ, ਠਾਠ ਨਵਾਬੀ ਦੀ
    ਵਿੱਚ ਪੰਜਾਬੀ 'ਜਾਨੂੰ' ਕਹਿੰਦੇ,ਦਿਲਬਰਜਾਨੀ ਨੂੰ
    ਤਖ਼ਤ ਬੈਠਾ ਕੇ ਰੱਖਿਓ, ਪੰਜਾਬ ਦੀ ਰਾਣੀ ਨੂੰ।।
                  
                  ਲੇਖਕ-ਰਮੇਸ਼ ਕੁਮਾਰ ਜਾਨੂੰ
                 ਫੋਨ ਨੰ:-98153-20080