You are here

ਸਾਹਿਤ

ਸ਼ਾਇਰ ਹਰਮਿੰਦਰ ਦੀ ਕਲਮ ਤੋਂ 2 ਸਾਲ ਦਾ ਸਫ਼ਰ  ਅੱਜ

23 ਅਪ੍ਰੈਲ 2022 ਨੂੰ ਸ਼ਾਇਰ ਹਰਮਿੰਦਰ ਸਿੰਘ ਨੂੰ 2 ਸਾਲ ਹੋ ਗਏ ਕੱਲਮ ਦੇ ਲਾਲ ਆਪਣੇ ਜਜ਼ਬਾਤ ਲਿਖਦਿਆਂ ਨੂੰ। ਉਹਨਾਂ ਨੇ ਆਪਣੀ ਪਹਿਲੀ ਰਚਨਾ 23 ਅਪ੍ਰੈਲ 2020 ਨੂੰ ਲਿਖੀ ਸੀ। ਜੋ ਕਿ ਇੱਕ ਤਾਰੇ ਉਪਰ ਲਿਖੀ ਗਈ ਰਚਨਾ ਹੈ। ਇਨ੍ਹਾਂ ਦੋ ਸਾਲਾਂ ਦੇ ਵਿੱਚ ਸ਼ਾਇਰ ਹਰਮਿੰਦਰ ਸਿੰਘ ਨੇ 237 ਰਚਨਾਵਾਂ ਲਿਖ ਦਿੱਤੀਆਂ ਹਨ। ਜਦੋਂ ਕਿ ਹੁਣ ਤਕ ਸਿਰਫ 42 ਰਚਨਾਵਾਂ ਹੀ ਛਪਾਈਆਂ ਹਨ। ਨਿੱਕੀ ਉਮਰ ਵਿਚ ਕਲਮ ਦੇ ਨਾਲ ਸਫ਼ਰ ਸ਼ੁਰੂ ਕਰਨਾ ਇੱਕ ਰੱਬ ਵੱਲੋਂ ਦਿੱਤੀ ਗਈ ਵੱਡਮੁੱਲੀ ਦਾਤ ਹੁੰਦੀ ਹੈ। ਇਹਨਾਂ ਨੂੰ ਲਿਖਣ ਦਾ ਸ਼ੌਕ ਡਾਕਟਰ ਸਤਿੰਦਰ ਸਰਤਾਜ ਤੋਂ ਹੀ ਪਿਆ। ਅਕਸਰ ਦੇਖਣ ਵਿਚ ਆਉਂਦਾ ਹੈ ਕਿ ਅੱਜਕਲ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਵੱਲ ਵਧ ਰਹੀ ਹੈ। ਪ੍ਰੰਤੂ ਇਸ ਤਰ੍ਹਾਂ ਦੇ ਨੌਜਵਾਨ ਵੀ ਹਨ ਜੋ ਕਲਮ ਦਾ ਨਸ਼ਾ ਹੀ ਕਰਦੇ ਹਨ ਇਹ ਦੇਖ ਕੇ ਆਪਣੀ ਖੁਸ਼ੀ ਮਹਿਸੂਸ ਹੁੰਦੀ ਹੈ। ਇਨ੍ਹਾਂ ਨੂੰ 7 ਅਕਤੂਬਰ ਤੋਂ 2021 ਨੂੰ ਰਾਮਗੜ੍ਹੀਆ ਸਿੱਖ ਫਾਊਡੇਸ਼ਨ ਤਾਰਿਓ ਕਨੇਡਾ ਵੱਲੋਂ ਭਾਈ ਲਾਲੋ ਜੀ ਅਵਾਰਡ ਨਾਲ ਨਿਵਾਜਿਆ ਗਿਆ। ਹੋਰ ਵੀ ਕਈ ਪੰਜਾਬ ਦੀਆਂ ਸਾਹਿਤਕ ਸੰਸਥਾਵਾਂ ਵੱਲੋਂ ਵੱਖ ਵੱਖ ਸਨਮਾਨ ਪੱਤਰ ਦੇ ਕੇ ਇਹਨਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਹਨਾ ਦੀ ਖੁਸ਼ਕਿਸਮਤੀ ਹੈ ਕਿ ਛੋਟੀ ਉਮਰ ਵਿੱਚ ਹੀ ਇਨ੍ਹਾਂ ਨੂੰ ਸਾਹਿਤਕ ਸਮਾਂ ਪੱਤਰ ਲੈਣ ਦਾ ਮੌਕਾ ਮਿਲਿਆ। ਜੋ ਕਿ ਹਰੇਕ ਲੇਖਕ ਦੀ ਇਕ ਦਿਨ ਦੀ ਇੱਛਾ ਹੁੰਦੀ ਹੈ। ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਇਹ ਹੋਰ ਸਾਹਿਤਕ ਪ੍ਰਾਪਤੀਆਂ ਕਰਨ ਤੇ ਉਸ ਮੁਕਾਮ ਤੇ ਪਹੁੰਚਣ।

"ਨੁਕਤਾਚੀਨੀ ਸਿਖ਼ਰ ਤੇ" ✍️ ਜਸਵੀਰ ਸ਼ਰਮਾਂ ਦੱਦਾਹੂਰ

ਵਿਰੋਧੀਆਂ ਨੂੰ ਰਾਸ ਨਾ ਆਉਣ ਹੁਣ ਤਾਂ,

ਕੰਮ ਨਵੀਂ ਜੋ ਬਣੀ ਸਰਕਾਰ ਦੇ ਜੀ।

ਨੱਚਣਾ ਆਇਆ ਨਾ ਆਂਗਣ ਨੂੰ ਕਹਿਣ ਟੇਢਾ,

ਲੱਛਣ ਲੱਗਣ ਇਹ ਦਿਲ ਵਾਲੀ ਖਾਰ ਦੇ ਜੀ।

ਵਾਰੋ ਵਾਰੀ ਵਾਲੀ ਖੇਡ ਹੁਣ ਖ਼ਤਮ ਹੋਗੀ,

ਇੱਕ ਦੂਜੇ ਨੂੰ ਕਹਿ ਕਹਿ ਸੱਭ ਸਾਰਦੇ ਸੀ। 

ਊਣਤਾਈਆਂ ਤੇ ਬਿਆਨ ਟਟੋਲਦੇ ਨੇ,

ਕਿਥੋਂ ਗਲਤੀ ਲੱਭੀਏ ਰਹਿਣ ਨਿਹਾਰਦੇ ਜੀ।

ਵਿਕਾਸ ਦੇ ਮੁੱਦਿਆਂ ਤੇ ਨਹੀਂ ਕੋਈ ਗੱਲ ਕਰਦਾ,

ਨਿਘਾਰ ਰਾਜਨੀਤੀ ਵਿੱਚ ਵੜੀ ਮਾੜੀ ਸੋਚ ਦਾ ਹੈ।

ਕੁੱਝ ਕੁ ਪੰਜਾਬ ਦੇ ਦਿਨ ਲੱਗੇ ਨੇ ਫਿਰਨ ਵੀਰੋ,

ਹਰ ਕੋਈ ਖਰੀਂਢ ਅੱਲਾ ਹੀ ਲੱਗੇ ਖਰੋਚਦਾ ਹੈ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

ਦੇਸ਼ ਦੀ ਤਰੱਕੀ ✍️ ਸੁਖਜਿੰਦਰ ਸਿੰਘ ਮੁਹਾਰ

ਬੇਰੁਜ਼ਗਾਰੀ,ਭ੍ਰਿਸ਼ਟਾਚਾਰ,ਅਤਿਆਚਾਰ ਨੇ,
ਚਿਲਮਾਂ,ਸਮੈਕਾਂ ਚਿੱਟੇ ਦੇ ਵਪਾਰ ਨੇ,
ਚੜ੍ਹਦੀ ਜਵਾਨੀ ਦੀ ਮੰਜੀ ਠੋਕਤੀ,
ਹਾਏ ਮੇਰੇ ਦੇਸ਼ ਦੀ ਤਰੱਕੀ ਰੋਕਤੀ,

ਲੱਚਰ ਗੀਤਾਂ ਸੱਭਿਆਚਾਰ ਅਵਾਰਾ ਨੇ,
ਝੂਠੇ ਲੀਡਰਾਂ,ਸਮੇਂ ਦੀਆਂ ਸਰਕਾਰਾਂ ਨੇ,
ਸੋਨੇ ਜਿਹੇ ਦੇਸ਼ ਦੀ ਫੱਟੀ ਪੋਚਤੀ,
ਹਾਏ ਮੇਰੇ ਦੇਸ਼ ਦੀ ਤਰੱਕੀ ਰੋਕਤੀ,

ਗਰਮ ਸੁਭਾਅ,ਵੈਲਪੁਣੇ ਵਾਲੇ ਸਾਜਾਂ ਨੇ,
ਅੰਧ ਵਿਸ਼ਵਾਸ ਝੂਠੇ ਰੀਤੀ ਰਿਵਾਜਾਂ ਨੇ,
ਪੱਲੇ ਸੀ ਅਮੀਰੀ  ਜੋ ਗ਼ਰੀਬੀ ਵੱਲ ਝੋਕਤੀ,
ਹਾਏ ਮੇਰੇ ਦੇਸ਼ ਦੀ ਤਰੱਕੀ ਰੋਕਤੀ,

ਨਿੱਤ ਹੀ ਹੁੰਦੇ ਧਰਨਿਆਂ ਰੋਸ ਮੁਜਾਰਿਆਂ ਨੇ,
ਅਨਪੜ,ਪੜਿਆ,ਵਿਆਹਿਆ, ਕੁਆਰਿਆ ਨੇ,
ਇਨਸਾਨੀਅਤ ਇਹਨਾਂ ਕੱਖਾਂ ਦੇ ਭਾਅ ਤੋਲਤੀ,
ਹਾਏ ਮੇਰੇ ਦੇਸ਼ ਦੀ ਤਰੱਕੀ ਰੋਕਤੀ,

ਦਾਜ-ਦਹੇਜ,ਤਲਾਕ,ਭਰੂਣ-ਹੱਤਿਆ ਨੇ,
ਥਾਣਿਆਂ ਕਚੇਹਰੀਆ ਚ ਨਿੱਤ ਪੈਂਦੇ ਧੱਕਿਆ ਨੇ,
ਜ਼ਿੰਦਗੀ ਦੀ ਬੇੜੀ ਅੱਧ ਵਿਚਕਾਰ ਡੋਬਤੀ,
ਹਾਏ ਮੇਰੇ ਦੇਸ਼ ਦੀ ਤਰੱਕੀ ਰੋਕਤੀ,

ਭੋਗਾਂ,ਵਿਆਹਾਂ ਉੱਤੇ ਹੁੰਦੇ ਫਜ਼ੂਲ ਖ਼ਰਚਾ ਨੇ,
ਜੱਟਾਂ ਸਿਰ ਚੜ੍ਹੇ ਬੇਹਿਸਾਬ ਕਰਜਾਂ ਨੇ,
ਕੁੱਝ ਮੇਹਰਬਾਨੀ ਆ"ਮੁਹਾਰਾ" ਮਾੜੀ ਸੋਚ ਦੀ,
ਹਾਏ ਮੇਰੇ ਦੇਸ਼ ਦੀ ਤਰੱਕੀ ਰੋਕਤੀ,

ਸੁਖਜਿੰਦਰ ਸਿੰਘ ਮੁਹਾਰ
ਪਿੰਡ ਮੜ੍ਹਾਕ ਜਿਲ੍ਹਾ ਫਰੀਦਕੋਟ
ਮੋਬ:98885-98350

ਮੈਨੂੰ ਆਪਣਾ ਕਹਿੰਦਾ ਜਿਹੜਾ ✍️ ਸ਼ਿਵਨਾਥ ਦਰਦੀ     

 ( ਗੀਤ )

ਮੈਨੂੰ ਆਪਣਾ ਕਹਿੰਦਾ ਜਿਹੜਾ ,

ਧੜਕਣ ਦੇ ਵਿਚ ਰਹਿੰਦਾ ਜਿਹੜਾ ।

ਦਿਲਾਂ ਦਾ ਜੋ ਦਿਲਦਾਰ  ਏ ,

 ਹਾਂ ਓਹੀ ਮੇਰਾ ਪਿਆਰ  ਏ ,

ਹਾਂ ਓਹੀ ______________

ਮਿੱਠੇ ਮਿੱਠੇ ਬੋਲ ਨੇ  ਜਿਸਦੇ , 

ਨੈਣ ਬੜੇ ਅਨਮੋਲ ਨੇ ਜਿਸਦੇ ,

ਗਲ ਜੋ ਪਾਏ ਮੇਰੇ ਓਹ ,

ਫੁੱਲਾਂ ਦੇ ਓਹ ਹਾਰ ਏ ।

ਹਾਂ ਓਹੀ _______________

ਓਹਦੇ ਨਾਲ ਬਹਾਰਾਂ ਦਿਲ ਦੀਆਂ,

ਜੁੜੀਆਂ ਨੇ ਜੋ ਤਾਰਾਂ ਦਿਲ ਦੀਆਂ ,

ਬੇ ਰੁੱਤਾਂ ਵਿਚ ਦੱਸਾਂ ਕੀ ,

ਮਹਿਕਦਾ ਦਾ ਗੁਲਜ਼ਾਰ ਏ ।

ਹਾਂ ਓਹੀ ________________

ਪੁੱਛਣਾ ਹੈ ਦਿਨ ਰਾਤ ਪੁੱਛ ਲੈ ,

ਪਾਉਂਦਾ ਜਿਹੜੀ ਬਾਤ ਤੋਂ ਪੁੱਛ ਲੈ ,

ਸੱਚੇ ਸੁੱਚੇ ਮੋਤੀਆਂ ਨਾਲ ,

ਪਰੋਇਆ ਸੁੱਚਾ ਹਾਰ ਏ ।

ਹਾਂ ਓਹੀ ____________

ਓਹਦੇ ਵਰਗਾ ਸਾਥ ਨਹੀਂ ਲੱਭਣਾ ,

ਸਿਫ਼ਤਾਂ ਕਰਦਾ 'ਸ਼ਿਵਨਾਥ' ਨਹੀਂ ਲੱਭਣਾ,

ਗੱਲਾਂ ਸੋਹਣੀਆਂ ਲਿਖਦਾ 'ਦਰਦੀ'

ਸਿਫ਼ਤਾਂ ਦਾ ਹੱਕਦਾਰ ਏ ।

ਹਾਂ ਓਹੀ ______________

                   ਸ਼ਿਵਨਾਥ ਦਰਦੀ 

            ਸੰਪਰਕ 9855155392

ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।

"ਕੌੜੀਆਂ ਪਰ ਸੱਚੀਆਂ ਗੱਲਾਂ"✍️ ਜਸਵੀਰ ਸ਼ਰਮਾਂ ਦੱਦਾਹੂਰ

ਆਉਂਦਾ ਹੈ ਨਿਖਾਰ ਵੀਰੋ ਗਲਤੀ ਜੇ ਦੱਸੀਏ ਤਾਂ,

ਲਿਖਤ ਚ ਛੇਤੀ ਹੋ ਜਾਂਦਾ ਹੈ ਸੁਧਾਰ ਜੀ।

ਸਿਖਾਂਦਰੂ ਮਲ੍ਹਾਹ ਪਾਰ ਬੇੜੀ ਨੂੰ ਨਾ ਲਾ ਸਕੇ ,

ਗੁਰੂ ਕੋਲੋਂ ਜਿਨ੍ਹਾਂ ਚਿਰ ਖਾਂਦਾ ਨਹੀਂਓਂ ਮਾਰ ਜੀ।

ਕਈਆਂ ਲੇਖਕਾਂ ਨੇ ਕਿੱਲੋ ਕਿੱਲੋ ਲੂਣ ਪੱਲੇ ਬੰਨ੍ਹਿਆ ਹੈ,

ਕੱਢੇ ਜੇ ਕੋਈ ਗ਼ਲਤੀ ਤਾਂ ਖਾ ਜਾਂਦੇ ਖਾਰ ਜੀ।

ਆਪ ਨੂੰ ਨਾ ਆਵੇ ਕਹਿੰਦੇ ਕੰਧ ਕੋਲੋਂ ਪੁੱਛ ਲਈਏ,

ਸਿਆਣੇ ਕਹਿਣ ਡਿੱਗ ਡਿੱਗ ਹੋਈਦੈ ਸਵਾਰ ਜੀ।

ਸਹਿਣਸ਼ੀਲਤਾ ਦਾ ਮਾਦਾ ਅੱਜਕਲ੍ਹ ਕਿਸੇ ਚ ਰਿਹਾ ਨਹੀਂਓਂ,

ਦੱਦਾਹੂਰ ਵਾਲਾ ਗੱਲਾਂ ਖਰੀਆਂ ਹੈ ਲਿਖਦਾ।

ਦਸ ਸਾਲਾਂ ਤੋਂ ਝਰੀਟਾਂ ਮੈਂ ਤਾਂ ਕਾਗਜ਼ਾਂ ਤੇ ਮਾਰੀ ਜਾਵਾਂ,

ਪਰ ਜਿਥੋਂ ਮਿਲੇ ਗਿਆਨ ਨਾਲ ਨਿਮਰਤਾ ਹਾਂ ਸਿਖਦਾ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

ਵਿਸਾਖੀ ਤੇ ਵਿਸ਼ੇਸ਼:- ਕਣਕਾਂ ਤੇ ਅਣਖਾਂ ✍️ ਸ. ਸੁਖਚੈਨ ਸਿੰਘ ਕੁਰੜ 

ਸਾਡੇ ਖੇਤ ਸਿੰਜੇ ਹੋਏ ਮੁੜ੍ਹਕੇ ਨਾਲ਼, 

ਸਾਡਾ ਧਰਮ ਰਾਖੀ ਏ ਫਸਲਾਂ ਦੀ,

ਜਿੱਥੇ ਸਿਰ ਕੱਟਿਆਂ ਵਾਢੀ ਹੋਣ ਲੱਗੀ,

ਸਾਡੀਆਂ ਆਉਣ ਵਾਲੀਆਂ ਨਸਲਾਂ ਦੀ।

ਤੁਸੀਂ ਪੜ੍ਹਿਓ ਸਮਝਿਓ ਇਤਿਹਾਸ ਸਾਡਾ,

ਗਵਾਹੀ ਦੇਣੀ ਦਿੱਲੀ ਦੀਆਂ ਸੜਕਾਂ ਨੇ।

ਸਾਡੇ ਖੇਤਾਂ ਦੇ ਵਿੱਚ ਕਣਕਾਂ ਨੇ ਤੇ ਕਣ-ਕਣ ਦੇ ਵਿੱਚ ਅਣਖਾਂ ਨੇ।

ਸਾਨੂੰ ਕਿਰਤ ਮਿਲ਼ੀ ਐ ਨਾਨਕ ਤੋਂ,

ਅਸੀ ਸੱਚੇ ਸੌਦੇ ਕਰਦੇ ਆ।

ਸਾਡੇ ਸ਼ੀਨੇ ਸੇਕ ਹੈ ਤਵੀਆਂ ਦਾ,

ਸਾਥੋਂ ਠੰਡੇ ਬੁਰਜ ਵੀ ਠਰਦੇ ਆ।

ਸਾਨੂੰ ਗੁੜ੍ਹਤੀ ਭਾਈ ਘਨੱਈਏ ਦੀ,ਸਾਡੇ ਜੈਕਾਰੇ ਸਿੰਘਾਂ ਦੀਆਂ ਬੜਕਾਂ ਨੇ।

ਸਾਡੇ ਖੇਤਾਂ ਦੇ ਵਿੱਚ ਕਣਕਾਂ ਨੇ ਤੇ ਕਣ-ਕਣ ਦੇ ਵਿੱਚ ਅਣਖਾਂ ਨੇ।

ਸਾਨੂੰ ਅਟਕ ਵੀ ਸਕਿਆ ਰੋਕ ਨਹੀਂ,

ਪਹਿਲਾਂ ਸਰਸਾ ਵੀ ਦੱਬੀ ਹੋਈ ਐ।

ਅਸੀਂ ਵਾਰ ਆਸਾ ਦੀ ਪੜ੍ਹਦਿਆਂ ਨੇ,

ਦਿੱਲੀ ਜਿੱਤ ਜਿੱਤ ਛੱਡੀ ਹੋਈ ਐ।

ਸਾਡੀਆਂ ਅੱਖਾਂ ਕੇਰਾਂ ਪੜ੍ਹ ਦਿੱਲੀਏ,ਜ਼ਫ਼ਰਨਾਮੇ ਤਾਂ ਸਾਡੀਆਂ ਪਲਕਾਂ ਨੇ।

ਸਾਡੇ ਖੇਤਾਂ ਦੇ ਵਿੱਚ ਕਣਕਾਂ ਨੇ ਤੇ ਕਣ-ਕਣ ਦੇ ਵਿੱਚ ਅਣਖਾਂ ਨੇ।

ਬਾਬੇ ਦੀਪ ਸਿੰਘ ਖਿੱਚੀ ਲੀਕ ਜਿਹੜੀ,

ਸਾਡੀ ਹਿੱਕ 'ਤੇ ਖੰਡਾ ਖੁਣਿਆ ਐ।

ਸਾਨੂੰ ਬੰਦਾਂ ਸਿੰਘ ਬਹਾਦਰ ਨੇ,

ਵਾਰਿਸ ਤੀਰਾਂ ਦੇ ਚੁਣਿਆ ਐ।

ਸੁਖਚੈਨ ਸਿੰਹਾਂ 84 ਯਾਦ ਰੱਖੀਂ ਜਦੋਂ ਸਾੜਿਆ ਫ਼ਿਰਕੂ ਝੜਪਾਂ ਨੇ।

ਸਾਡੇ ਖੇਤਾਂ ਦੇ ਵਿੱਚ ਕਣਕਾਂ ਨੇ ਤੇ ਕਣ-ਕਣ ਦੇ ਵਿੱਚ ਅਣਖਾਂ ਨੇ।

ਕੁਰੜ ਵਾਲਿਆਂ ਇਹ ਵੀ ਦੱਸ ਜਾਵੀਂ,

ਅਸੀਂ ਪੋਤੇ ਬਘੇਲ ਸਿੰਘ ਬਾਬੇ ਦੇ।

ਬੇਸ਼ੱਕ ਬੈਠੇ ਹਾਂ ਵਿੱਚ ਵਿਦੇਸ਼ਾਂ ਦੇ,

ਸਾਡੇ ਅੰਦਰ ਅੰਸ਼ ਊਧਮ ਸਰਾਭੇ ਦੇ।

ਚੜ੍ਹਦੀ ਕਲਾ ਦਾ ਪਾਠ ਪੜ੍ਹਦਿਆਂ ਨੇ,ਅਸੀਂ ਦਫ਼ਨ ਕੀਤੀਆਂ ਕਈ ਤੜਫਾਂ ਨੇ।

ਸਾਡੇ ਖੇਤਾਂ ਦੇ ਵਿੱਚ ਕਣਕਾਂ ਨੇ ਤੇ ਕਣ-ਕਣ ਦੇ ਵਿੱਚ ਅਣਖਾਂ ਨੇ।

ਲਿਖਤ:- ਸ. ਸੁਖਚੈਨ ਸਿੰਘ ਕੁਰੜ 9463551814

"ਵਿਸਾਖੀ ਕਣਕ ਦੀ ਵਾਢੀ ਅਤੇ ਆਨੰਦਪੁਰ ਸਾਹਿਬ ਦੀ" ✍️ ਜਸਵੀਰ ਸ਼ਰਮਾਂ ਦੱਦਾਹੂਰ

ਹਰ ਵਾਰ ਦੀ ਤਰ੍ਹਾਂ ਵਿਸਾਖੀ ਆਈ ਏ।

ਖੁਸ਼ੀਆਂ ਖੇੜੇ ਆਪਣੇ ਨਾਲ ਲਿਆਈ ਏ।।

ਉਂਝ ਵਿਸਿਖੀਓਂ ਪਹਿਲਾਂ ਕਣਕ ਹੈ ਵੱਢ ਲਈਦੀ।

ਭਰ ਭਰ ਟਰਾਲੀਆਂ ਮੰਡੀਆਂ ਦੇ ਵਿੱਚ ਛੱਡ ਲਈਦੀ।।

ਦਾਤੀਆਂ ਨਾਲ ਨਾ ਕੋਈ ਵੀ ਵਾਢੀ ਕਰਦਾ ਹੈ।

ਮਿੰਟੋ ਮਿੰਟੀ ਕੰਬਾਈਨ ਨਾਲ ਵੱਢ ਧਰਦਾ ਹੈ।।

ਵਿੜੀ ਸਿੜੀ ਨਾ ਮੰਗ ਹੀ ਕੋਈ ਪਾਉਂਦਾ ਹੈ।

ਕੋਈ ਸ਼ੱਕਰ ਘਿਓ ਨਾ  ਵਾਢੀ ਵੇਲੇ ਰਲਾਉਂਦਾ ਹੈ।।

ਪਹਿਲਾਂ ਵਾਲੀਆਂ ਗੱਲਾਂ ਉੱਡ ਪੁੱਡ ਗਈਆਂ ਜੀ।

ਜੋ ਵੇਖ ਰਹੇ ਹਾਂ ਓਹੋ ਹੀ ਸੱਚ ਕਹੀਆਂ ਜੀ।।

ਵਿਸਾਖੀ ਵਾਲੇ ਮੇਲੇ ਵੀ ਅੱਜਕਲ੍ਹ ਭਰਦੇ ਨਾ।

ਹੋ ਗਏ ਸੋਹਲ ਸਰੀਰ ਵਿੱਚ ਗਰਮੀ ਦੇ  ਸੜਦੇ ਨਾ।।

ਮਸ਼ੀਨੀ ਯੁੱਗ ਹੈ ਆਇਆ ਕ੍ਰਾਂਤੀ ਕਹਿੰਦੇ ਐ।

ਬੇਰੁਜ਼ਗਾਰੀ ਵੱਧਗੀ ਵਿਹਲੇ ਰਹਿੰਦੇ ਐ।।

ਸਮੇਂ ਨਾਲ ਹੈ ਢਲਣਾ ਕੰਨ੍ਹਾ ਪੈ ਚੱਲਿਆ।

ਦੱਦਾਹੂਰੀਆ ਸ਼ਰਮਾਂ ਸੱਚੀਆਂ ਕਹਿ ਚੱਲਿਆ।।

 

ਇਸੇ ਦਿਨ ਹੀ ਗੁਰੂ ਸਾਹਿਬ ਨੇ ਪੰਥ ਖਾਲਸਾ ਸਾਜਿਆ ਏ।

ਗੁਰੂ ਪੰਜ ਪਿਆਰਿਆਂ ਵਿੱਚ ਹੀ ਖੁਦ ਬਿਰਾਜਿਆ ਏ।।

ਖਾਲਸਾ ਮੇਰੋ ਰੂਪ ਖਾਸ ਗੁਰੂ ਜੀ ਕਹਿ ਗਏ ਨੇ।

ਖੱਟਣ ਵਾਲੇ ਸੱਭ ਕੁੱਝ ਖੱਟ ਕੇ ਲੈ ਗਏ ਨੇ।।

ਆਨੰਦਪੁਰ ਸਾਹਿਬ ਦੀ ਧਰਤੀ ਨੂੰ ਆਓ ਸਿਜਦਾ ਕਰੀਏ ਜੀ।

ਕਹੇ ਦੱਦਾਹੂਰੀਆ ਸੀਸ ਚਰਨਾਂ ਦੇ ਵਿੱਚ ਧਰੀਏ ਜੀ।।

ਬਾਜਾਂ ਵਾਲਾ ਪ੍ਰੀਤਮ ਗੁਰੂ ਜੀ ਸਾਡਾ ਸਰਬੰਸਦਾਨੀ ਏਂ।

ਰਹਿੰਦੀ ਦੁਨੀਆਂ ਤੀਕ ਭੁੱਲਣੀ ਨਹੀਂ ਕੁਰਬਾਨੀ ਏਂ।।

ਸਿੱਖੋ ਨਿਉਂ ਨਿਉਂ ਕਰੀਏ ਸਿਜਦਾ ਫਰਜ਼ ਅਸਾਡਾ ਏ।

ਜੀਹਨੇ ਕੌਮ ਦੀ ਖਾਤਰ ਦੁਸ਼ਮਣ ਨਾਲ ਲਿਆ ਆਢ੍ਹਾ ਏ।।

ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਸੱਭ ਨੂੰ ਲਾ ਗਏ ਜੀ।

ਦਸ ਗੁਰੂਆਂ ਦੀ ਜੋਤ ਇਹ ਸਭ ਸਮਝਾ ਗਏ ਜੀ।।

ਸਿੱਖ ਸੰਗਤਾਂ ਲਈ ਤੀਰਥ ਅਸਥਾਨ ਹੈ ਆਨੰਦਪੁਰ ਸਾਹਿਬ ਜੀ।

ਆਓ ਚੱਲ ਕੇ ਸੀਸ ਨਿਵਾਈਏ ਉਠਾਈਏ ਲਾਭ ਜੀ।।

ਬਾਣੀ ਪੜ੍ਹ ਕੇ ਜੀਵਨ ਸਫ਼ਲ ਬਣਾ ਲਈਏ।

ਬਾਣੇ ਨੂੰ ਵੀ ਸਿੰਘੋ ਸੱਭ ਆਪਣਾ ਲਈਏ।।

ਸਰਬ ਸਾਂਝੀ ਗੁਰਬਾਣੀ ਪੜ੍ਹੀਏ ਸੁਣੀਏ ਦਿਲੀਂ ਵਸਾਈਏ ਜੀ।

ਸਵਾਸ ਸਵਾਸ ਵਿੱਚ ਗੁਰੂ ਦਾ ਸ਼ੁਕਰ ਮਨਾਈਏ ਜੀ।।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

 

ਮਾਏ ਮੈਨੂੰ ਜ਼ਹਿਰ ਚੜਿਆ ✍️ ਜਸਵਿੰਦਰ ਸ਼ਾਇਰ "ਪਪਰਾਲਾ "

ਮਾਏ ਮੈਨੂੰ ਜ਼ਹਿਰ ਚੜਿਆ ।
ਭੈੜਾ ਨਾਗ ਇਸ਼ਕ ਦਾ ਲੜਿਆ ।

ਚੰਦਨ ਵਰਗਾ ਤਨ ਸੀ ਮੇਰਾ
ਭੱਠੀ ਹਿਜ਼ਰਾ ਦੀ ਵਿੱਚ ਸੜਿਆ ।

ਉਹੀਓ ਗਈਐ ਮਾਰ ਉਡਾਰੀ
ਜਿਸ ਸੀ ਮੈਂ ਲਿਖਿਆ ਪੜਿਆ ।

ਕੀਹਨੂੰ ਅੱਲੇ ਜ਼ਖ਼ਮ ਵਿਖਾਵਾਂ
ਮੇਰਾ ਅੰਗ ਅੰਗ ਜਾਂਦਾ ਸੜਿਆ ।

ਕੇਹੜਾ ਵੈਦ ਉਤਾਰੂ ਦੱਸੀਂ
ਇਸ਼ਕੇ ਦਾ ਜੋ ਤੇਈਆ ਚੜਿਆ ।

ਉਸਦੇ ਬਾਝੋਂ "ਸ਼ਾਇਰ " ਨੇ  ਤਾਂ
ਪੱਲਾ ਮੌਤ ਦੇ ਵਾਲਾ ਫੜਿਆ।

ਦਿਲ ਦੇ ਸੀ ਅਰਮਾਨ ਲੱਖਾਂ ਹੀ
ਪੱਤੇ ਪੱਤਝੜ ਵਾਂਗੂੰ ਝੜਿਆ ।

ਕੀ ਮੁੱਲ ਲਗਦਾ ਸੀ ਵੇ ਤੇਰਾ
ਪਾਰ ਲਗਾ ਦਿੰਦਾ ਜੇ ਘੜਿਆ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਕੋਈ ✍️ ਜਸਵਿੰਦਰ ਸ਼ਾਇਰ "ਪਪਰਾਲਾ "

ਕੋਈ ਖੁਸ਼ੀ ਵਿੱਚ ਪੀਂਦਾ
ਕੋਈ ਪੀਂਦਾ ਗਮ ਅੰਦਰ
ਕੋਈ ਜੱਗ ਤੋਂ ਛੁੱਪਕੇ ਪੀਂਦਾ
ਕੋਈ ਪੀਂਦਾ ਵਿੱਚ ਬਾਜ਼ਾਰ
ਕਈ ਪੀਂਦੇ ਗਮ ਨੂੰ ਭੁੱਲਾਉਣ ਲਈ
ਕਈ ਪੀਂਦੇ ਘਰ ਦੂਜਿਆਂ ਦੇ ਢਾਉਣ ਲਈ
ਬਾਜ਼ਾਰ ਵਿੱਚੋਂ ਹਰ ਸ਼ੈਅ ਮਿਲਦੀ
ਪਰ ਮੁੱਲ ਵਿੱਕਦਾ ਪਿਆਰ ਨਹੀਂ ਮਿਲਣਾ
ਬੇਵਫਾ ਭਾਵੇਂ ਤੂੰ ਲੱਖਾਂ ਨਾਲ ਲਾ ਲਵੀਂ
ਪ੍ਰੀਤਾ ,ਯਾਰੀ,ਮੁਹੱਬਤਾਂ ਦਿਲਦਾਰੀਆਂ
ਪਰ "ਸ਼ਾਇਰ " ਜਿਹਾ ਨਿਮਾਣਾ
ਤੈਨੂੰ ਦਿਲਦਾਰ ਨਹੀਂ ਮਿਲਣਾ ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਅਲਵਿਦਾ ਤੋਂ ਬਾਅਦ ✍️ ਰਮੇਸ਼ ਕੁਮਾਰ ਜਾਨੂੰ

ਉਸ ਗੀਤ ਦੀ ਮੌਤ ਤਾਂ ਪੱਕੀ ਏ
     ਜਿਹਦਾ ਸੁਰ ਟੁੱਟਦਾ ਏ ਰਾਗ ਵਿੱਚੋਂ
ਹੁਣ ਸਾਂਭ ਕੇ ਰੱਖੀਂ ਫੁੱਲ ਕਲੀਆਂ
     ਮਾਲੀ ਤੁਰ ਗਿਆ ਤੇਰੇ ਬਾਗ਼ ਵਿੱਚੋਂ

ਤੇਰੇ ਖਤ ਵੇਖੇ ਤੇ ਤਸਵੀਰਾਂ ਵੀ
     ਤੂੰ ਦਿਸਿਆ ਹਰ ਸੌਗ਼ਾਤ ਵਿਚੋਂ
ਮੇਰਾ ਸਭ ਕੁਝ ਏਥੇ ਰਹਿ ਗਿਆ ਏ
     ਜੋ ਖੱਟਿਆ ਮੁਹੱਬਤ ਪਾਕ ਵਿਚੋਂ

ਜਿਹੜਾ ਪਿਆਰ 'ਚ' ਦਿੱਤਾ ਛੱਲਾ ਤੂੰ
     ਉਹ ਵੀ ਲੱਭਿਆ ਮੇਰੀ ਰਾਖ ਵਿੱਚੋਂ
ਹੁਣ ਫ਼ਰੋਲ ਕੇ ਲੱਭਦਾ ਫਿਰਦਾ ਹੈ
     ਮੇਰੀ ਖ਼ਾਕ ਨੂੰ ਮੇਰੀ ਖ਼ਾਕ ਵਿਚੋਂ

ਓ ਚਾਨਣ ਮੇਰੀ ਅੱਗ ਦਾ ਸੀ
     ਸੇਕ ਆਉਂਦਾ ਨਾ ਚਾਨਣੀ ਰਾਤ ਵਿੱਚੋਂ
'ਜਾਨੂੰ' ਰੱਬ ਨੂੰ ਜਾ ਕੇ ਪੁੱਛਾਂ ਗਾ
     ਮੇਰਾ ਕੀ ਸੀ ਤੇਰੀ, ਕਾਇਨਾਤ ਵਿਚੋਂ
           
           ਲੇਖਕ-ਰਮੇਸ਼ ਕੁਮਾਰ ਜਾਨੂੰ
          ਫੋਨ ਨੰ:-98153-20080

ਜੋਕਾਂ! ✍️ ਸਲੇਮਪੁਰੀ ਦੀ ਚੂੰਢੀ

ਸੀਨਾ ਫਟਕੇ ਬਾਹਰ ਆਇਆ ,
ਜਦ ਲੂਣ ਛਿੜਕਿਆ ਜੋਕਾਂ 'ਤੇ!
ਇਨ੍ਹਾਂ ਖੂਨ ਪੀਣੀਆਂ ਜੋਕਾਂ ਨੇ,
ਕਦੀ ਤਰਸ ਨਾ ਕੀਤਾ ਲੋਕਾਂ 'ਤੇ!
-ਸੁਖਦੇਵ ਸਲੇਮਪੁਰੀ
09780620233
27 ਮਾਰਚ, 2022.
( ਨੋਟ - ਮੁਆਫ ਕਰਨਾ ਉਪਰੋਕਤ ਸਤਰਾਂ ਦਾ ਸਾਬਕਾ ਵਿਧਾਇਕਾਂ / ਮੰਤਰੀਆਂ ਦੀਆਂ ਪੈਨਸ਼ਨਾਂ ਕੱਟੇ ਜਾਣ ਨਾਲ ਕੋਈ ਵੀ ਲਾਗਾ-ਦੇਗਾ ਨਹੀਂ ਹੈ)

ਧਰਤੀ ਦੀ ਸਵਾਰੀ ✍️ ਗੁਰਦਰਸ਼ਨ ਸਿੰਘ ਮਾਵੀ

ਧਰਤੀ ਦੀ ਅਸੀਂ, ਕਰੀ ਸਵਾਰੀ
ਘੁੰਮਦੀ ਰਹਿੰਦੀ,ਲਗਾਤਾਰ ਵਿਚਾਰੀ
ਕਈ ਮੌਸਮਾਂ ਵਿਚ,ਲਾਵੇ ਤਾਰੀ
ਜੀਵਨ ਮੌਲਦਾ, ਵੱਜਦੀ ਕਿਲਕਾਰੀ
ਕਦੇ ਵੜ ਜਾਂਦੀ ,ਠੰਡ ਵਿਚ ਕਰਾਰੀ
ਧੁੱਪ 'ਚ ਪਹੁੰਚੇ ,  ਜਾਵੇ ਪਿੰਡਾ ਸਾੜੀ
ਕੁਝ ਕੁ ਮੌਸਮਾਂ ਵਿਚ, ਅਨੰਦ ਹੈ ਭਾਰੀ
ਸਭ ਤੋਂ ਚੰਗੀ ਲੱਗੇ,  ਬਸੰਤ ਪਿਆਰੀ
ਬਰਸਾਤ ਜੇ ਥੋੜ੍ਹੀ,ਤਾਂ ਜਾਵੇ ਸਤਿਕਾਰੀ
ਹੜ੍ਹ ਜਦੋਂ ਆਵੇ, ਬਣ ਜਾਏ ਲਾਚਾਰੀ
ਪੱਤਝੜ  ਤਾਂ, ਪੱਤੇ ਜਾਵੇ ਖਿਲਾਰੀ
ਹੁੰਦੀ ਇਉਂ, ਨਵੇਂ ਪੱਤਿਆਂ ਦੀ ਤਿਆਰੀ
ਖੁਸ਼ਕ ਹਵਾ ਦੱਸੇ, ਹੁਣ ਠੰਢ ਤੇ ਬਿਮਾਰੀ
ਹੌਲੀ ਹੌਲੀ ਠੰਢ, ਬਣੇ ਧੁੰਦ ਤੇ ਗੜੇਮਾਰੀ
ਹਰ ਇਕ ਰੁੱਤ ਦੀ, ਆਪਣੀ ਸਰਦਾਰੀ
ਉਤਸ਼ਾਹ ਨਾਲ ਭਰਦੀਆਂ, ਨਰ ਤੇ ਨਾਰੀ
"ਮਾਵੀ " ਨੂੰ ਮਿਲੀ,ਇਹ ਨੇਹਮਤ ਭਾਰੀ
ਕੁਦਰਤ ਦੇ ਖੇਲ ਤੋਂ, ਮੈਂ ਜਾਵਾਂ ਵਾਰੀ

ਗੁਰਦਰਸ਼ਨ ਸਿੰਘ ਮਾਵੀ
1571 ਸੈਕਟਰ 51ਬੀ ਚੰਡੀਗੜ੍ਹ   ਫੋਨ 9814851298

ਭਗਤ ਸਿਆਂ ਉਦਾਸ ਨਾ ਹੋਵੀੰ! ✍️ ਸਲੇਮਪੁਰੀ ਦੀ ਚੂੰਢੀ

 ਭਗਤ ਸਿਆਂ
ਉਦਾਸ ਨਾ ਹੋਵੀੰ!
ਤੈਨੂੰ ਦੱਸਦਿਆਂ
ਸਾਹ ਰੁੱਕ ਜਾਂਦਾ!
ਸਿਰ ਸ਼ਰਮ ਨਾਲ
ਝੁੱਕ ਜਾਂਦਾ।
ਕਿ-
ਤੇਰੇ ਸਿਰਜੇ
ਸੁਫਨਿਆਂ ਨੂੰ
ਲਕਵਾ ਮਾਰ ਗਿਐ!
ਅਸੀਂ ਤਾਂ ਬਸ ਐਵੇਂ
ਸਿਰ 'ਤੇ
ਕੇਸਰੀ ਪੱਗ ਸਜਾ ਕੇ!
ਤੁਰਲਾ ਦਿਖਾ ਕੇ!
'ਇਨਕਲਾਬ ਜਿੰਦਾਬਾਦ'
 ਗਾ ਕੇ!
ਤੇਰੀ ਫੋਟੋ ਵਾਲੀ ਪੋਸਟ
ਫੇਸਬੁੱਕ 'ਤੇ ਪਾ ਕੇ!
ਬਾਂਹ ਸਰਾਹਣੇ ਦੇ ਕੇ
ਗੂਹੜੀ ਨੀੰਦੇ
ਸੌਂ ਜਾਨੇ ਆਂ !
ਤੇਰੀ ਕੁਰਬਾਨੀ ਦਾ ਨਜਾਰਾ,
 ਮੁੱਠੀਭਰ
ਲੁੱਟ ਰਹੇ ਨੇ!
ਲੋਕ ਗਰੀਬੀ ਨਾਲ
ਟੁੱਟ ਰਹੇ ਨੇ।
 ਭੁੱਖਮਰੀ
ਨਾਲ ਮੁੱਕ ਰਹੇ ਨੇ!
ਸਿਆਸਤ-ਵਪਾਰੀਆਂ ਨੇ
ਤੇਰੀ ਸੋਚ
ਦੇ ਰਾਹ 'ਚ
ਕਿੱਲਾਂ ਵਿਛਾ ਕੇ,
ਦੇਸ਼ ਭਗਤਾਂ ਦੀ
ਗੱਲ ਉਲਟਾ ਕੇ,
ਸਰਮਾਏਦਾਰਾਂ ਨੂੰ
 ਸਿਰ 'ਤੇ
ਬਿਠਾਤਾ!
ਲੋਕਾਂ ਨੂੰ ਮੰਗਤੇ
ਬਣਾਤਾ!
ਭਗਤ ਸਿਆਂ!
ਹਉਕਾ ਨਾ ਭਰੀਂ!
ਪਰ-
ਰਾਜਗੁਰੂ, ਸੁਖਦੇਵ ਨਾਲ
ਗੱਲ  ਜਰੂਰ ਕਰੀਂ,
ਕਿ-
ਦੇਸ਼ ਵਿਚ
ਤੇਰੀ ਸੋਚ
ਨੂੰ ਨੁੱਕਰੇ
ਲਗਾ ਕੇ,
ਭਾਰਤੀ ਸੰਵਿਧਾਨ
ਦਬਾ ਕੇ,
ਮਨੂ-ਸ੍ਰਿਮਤੀ ਦਾ
ਅੱਖਰ ਅੱਖਰ
 ਥੋਪਿਆ
 ਜਾ ਰਿਹੈ!
ਦੇਸ਼ ਨੂੰ
ਡੋਬਿਆ
ਜਾ ਰਿਹੈ!
'ਭਾਰਤ ਮਾਂ' ਨੂੰ
ਰੋਲਿਆ
 ਜਾ ਰਿਹੈ!
ਵੇਚਿਆ ਜਾ ਰਿਹੈ!
-ਸੁਖਦੇਵ ਸਲੇਮਪੁਰੀ
09780620233
23 ਮਾਰਚ, 2022.

ਦਿਲ ਦੀ ਗੱਲ ✍️ ਵਤਨਵੀਰ ਜ਼ਖ਼ਮੀ

ਗੱਲ ਦਿਲ ਦੀ ਨੂੰ ਤੇਰੇ ਤੱਕ ਪਹੁੰਚਾਵਾਂ ਕਿਵੇਂ
ਬਹੁਤ ਸੋਚ ਰਿਹਾ ਤੈਨੂੰ ਹੁਣ ਮੈਂ ਬੁਲਾਵਾਂ ਕਿਵੇਂ
ਦਿਲ ਮੇਰੇ ਨੂੰ ਬਿਨਾ ਤੇਰੇ ਕੋਈ ਭਾਈ ਨਹੀਂ
ਇਸ ਲਈ ਅੱਜ ਤੀਕ ਹੋਰ ਕੁੜੀ ਮੈਂ ਬੁਲਾਈ ਨਹੀਂ
ਬਿਨ ਤੇਰੇ ਹੁਣ ਜੀਵਨ ਮੇਰਾ ਸੁੰਨਸਾਨ ਜਿਹਾ ਜਾਪੇ
ਮੇਰੀ ਜ਼ਿੰਦਗੀ ਚ ਨੀ ਤੂੰ ਛੇਤੀ ਆ ਜਾਵੀਂ ਆਪੇ
ਇਹ ਨਾ ਹੋਵੇ ਪਿਆਰ ਤੇਰੇ ਵਿੱਚ ਝੱਲਾ ਹੋ ਜਾਵਾਂ
ਬਿਨ ਤੇਰੇ ਕਿਤੇ ਜੀਵਨ ਵਿੱਚ ਮੈਂ ਇਕੱਲਾ ਹੋ ਜਾਵਾਂ
ਵਤਨ ਦੇ ਜੀਵਨ ਦੀ ਬੇੜੀ ਨੂੰ ਪਾਰ ਹੁਣ ਲਾ ਦੇ ਤੂੰ
ਆ ਕੇ ਘਰ ਜ਼ਖਮੀ ਦੇ ਨੂੰ ਹੁਣ ਸਵਰਗ ਬਣਾ ਦੇ ਤੂੰ

ਜੈੱਡ ਸੁਰੱਖਿਆ ਤੋਂ ਜੈੱਡ ✍️ ਸਲੇਮਪੁਰੀ ਦੀ ਚੂੰਢੀ

ਅਕਾਲੀਆਂ ਦੀਆਂ
ਲੋਕ ਮਾਰੂ!
ਪੰਜਾਬ ਵਿਗਾੜੂ!
ਖੇਡਾਂ ਨੇ
ਥੰਮ੍ਹਾਂ ਨੂੰ
'ਜੈੱਡ ਸੁਰੱਖਿਆ' ਤੋਂ
ਵਗਾਹ ਕੇ
'ਜੈੱਡ'
ਤੱਕ ਲਿਆ ਸੁੱਟਿਆ!

 
- ਸੁਖਦੇਵ ਸਲੇਮਪੁਰੀ
09780620233
22 ਮਾਰਚ, 2022.

ਚੀਸ ! ✍️ ਸਲੇਮਪੁਰੀ ਦੀ ਚੂੰਢੀ

ਧਰਮ ਰੂਪੀ
 ਸਿਆਸਤ
ਦਾ ਨਸ਼ਾ
ਇੰਨਾ ਵੀ
ਨ੍ਹੀਂ ਚਾਹੀਦਾ ਕਿ -
ਦੂਜੇ ਧਰਮਾਂ ਦੇ
 ਬੰਦਿਆਂ ਨੂੰ
ਡੰਗਣ ਲਈ,
ਸੂਲੀ ਟੰਗਣ ਲਈ
ਫਿਲਮਾਂ
ਵਿਖਾਈਆਂ ਜਾਣ!
ਟੈਕਸ ਮੁਕਤ ਕਰਵਾਈਆਂ ਜਾਣ!
ਤੇ
ਸੱਚ ਪੜ੍ਹਾਉਣ ਵਾਲੀਆਂ,
ਵਿਗਿਆਨ ਦਰਸਾਉਣ ਵਾਲੀਆਂ,
ਜੀਵਨ-ਜਾਚ ਸਿਖਾਉਣ ਵਾਲੀਆਂ,
ਬੰਦੇ ਨੂੰ ਬੰਦਾ ਦਾ ਪੁੱਤ ਬਣਾਉਣ ਵਾਲੀਆਂ,
ਕਿਤਾਬਾਂ ਉਪਰ
ਜੀ ਐਸ ਟੀ ਮੜ੍ਹਕੇ
 ਹਮਾਤੜਾਂ ਦੀ ਪਹੁੰਚ ਤੋਂ
ਪਰੇ ਹਟਾਈਆਂ ਜਾਣ!
'ਦ ਕਸ਼ਮੀਰ ਫਾਈਲਜ'
ਵੇਖ ਕੇ
ਹੰਝੂ ਕੇਰਨ ਵਾਲਿਓ!
ਪੀੜਾ ਬਹੁਤ ਹੈ!
ਆਓ!
 'ਜੈ ਭੀਮ'
'ਸ਼ੂਦਰ ਦ ਰਾਈਜਿੰਗ'
ਵੀ ਵੇਖ ਲਈਏ
ਸ਼ਾਇਦ -
ਸਾਡੇ ਹੰਝੂਆਂ ਦਾ ਪਾਣੀ
ਦਰਿਆ ਬਣਕੇ
ਵਹਿਣ ਲੱਗ ਪਵੇ!
ਕਿਉਂਕਿ -
ਹੱਡ-ਮਾਸ ਦੇ ਬਣੇ
 ਹਰ ਬੰਦੇ ਦੇ ਦਰਦ
ਦੀ ਚੀਸ
ਇੱਕ ਸਮਾਨ ਹੁੰਦੀ ਐ!
ਹਰ ਖੂਨ ਦਾ ਰੰਗ
ਲਾਲ ਹੁੰਦੈ !
ਅੱਖਾਂ 'ਚੋਂ
ਨਿਕਲਦੇ ਹੰਝੂਆਂ
ਦੀ ਭਾਸ਼ਾ
  ਵੱਖ ਵੱਖ ਨਹੀਂ
ਇੱਕ ਸਮਾਨ ਹੁੰਦੀ ਐ!
ਭਾਵੇਂ -
ਹਾਥਰਸ ਦੀ ਮਨੀਸ਼ਾ
ਜਿਉਂਦੀ ਜਲਦੀ ਹੋਵੇ !
ਭਾਵੇਂ -
ਕਿਸੇ ਕਿਸਾਨ ਦੀ,
 ਬੇਰੁਜਗਾਰ ਦੀ
ਕਿਸੇ ਰੁੱਖ ਨਾਲ
ਲਟਕਦੀ ਲਾਸ਼ ਹੋਵੇ!
ਜਾਂ ਭੁੱਖ ਨਾਲ
 ਤੜਫ ਤੜਫ ਕੇ ਨਿਕਲਦੀ
ਜਾਨ ਹੋਵੇ!
ਦਲਿਤ ਤਾਂ ਸਦੀਆਂ ਤੋਂ
ਤਨ ਮਨ 'ਤੇ
ਦਰਦਾਂ ਦੀ ਅੱਗ
ਹੰਢਾਉਂਦੇ ਆ ਰਹੇ ਨੇ !
  ਮੁੱਛ ਰੱਖਣਾ ,
ਘੋੜੀ ਚੜ੍ਹਨਾ ,
ਬਰਾਬਰ ਖੜ੍ਹਨਾ,
ਉਨ੍ਹਾਂ ਲਈ
ਪਹਾੜ ਜਿੱਡੀ ਆਫਤ
ਬਣ ਜਾਂਦੈ !
ਕੰਨਾਂ ਵਿਚ ਸਿੱਕੇ
ਢਾਲਣਾ,
ਪਿਛੇ ਝਾੜੂ
ਬੰਨ੍ਹਣਾ!
ਛੱਪੜਾਂ ਚੋਂ
ਪਾਣੀ ਭਰਨੋਂ
ਰੋਕਣਾ!
ਵੇਖ ਕੇ
ਕਿਸੇ ਨੂੰ ਤਰਸ ਨਹੀਂ ਆਉਂਦਾ!
ਨਾ ਅੱਖ 'ਚੋਂ ਹੰਝੂ
ਆਉਂਦਾ!
ਨਾ ਦਿਲ 'ਚੋਂ
ਚੀਸ ਉੱਠਦੀ ਆ!
 ਹੱਡ-ਮਾਸ ਦੇ ਬਣੇ
 ਬੰਦੇ ਉਪਰ  ਢਾਹੇ
ਜੁਲਮ ਪਿਛੋਂ
ਨਿਕਲੀ  ਚੀਕ।
ਆਂਦਰਾਂ 'ਚੋਂ
ਉੱਠੀ ਚੀਸ!
ਇੱਕ ਸਮਾਨ ਹੁੰਦੀ ਆ!
ਜੁਲਮ
ਭਾਵੇਂ ਦਲਿਤਾਂ ਉਪਰ ਹੋਵੇ
ਭਾਵੇਂ ਸਿੱਖਾਂ,
ਬੋਧੀਆਂ,
ਮੁਸਲਮਾਨਾਂ,
ਇਸਾਈਆਂ,
ਜਾਂ ਫਿਰ
ਹਿੰਦੂਆਂ ਉਪਰ ਹੋਵੇ!
ਜਾਂ ਫਿਰ ਯੂਕਰੇਨ
ਜਾਂ ਰੂਸ ਦੇ ਬੰਦਿਆਂ ਉਪਰ
ਢਾਹਿਆ ਹੋਵੇ!
ਜੁਲਮ ਦੇ ਦਰਦ
ਦੀ ਪਰਿਭਾਸ਼ਾ
ਦੇ ਕਦੀ ਅਰਥ ਨਹੀਂ ਬਦਲਦੇ,
ਜੇ ਬਦਲਦੀ ਹੈ ਤਾਂ,
ਮਾਨਸਿਕਤਾ ਬਦਲਦੀ ਐ!
ਜਿਹੜੀ ਬਦਲ ਕੇ
ਨਿਪੁੰਸਕ ਹੋ ਜਾਂਦੀ ਐ!

-ਸੁਖਦੇਵ ਸਲੇਮਪੁਰੀ
09780620233
22 ਮਾਰਚ, 2022.

ਗ਼ਜ਼ਲ ✍️ ਜਸਵਿੰਦਰ ਸ਼ਾਇਰ "ਪਪਰਾਲਾ "

ਨਾ ਕੋਈ ਚਿਰਾਗ ਨਾ ਕੋਈ ਅੰਬਰੀਂ ਤਾਰਾ ਕਿਹੜੇ ਪਾਣੀ ਜਾਵਾਂ ।
ਰਾਤਾਂ ਹਨੇਰੀਆਂ ਵਿੱਚ ਕੱਲਾ ਪਿਆ ਠੇਡੇ ਮੈਂ  ਖਾਵਾਂ ।

ਫੁੱਲਾਂ ਤੋਂ ਉਧਾਰੀ ਸੁਗੰਧ ਲੈ ਕੇ ਜਿਹਨੂੰ ਸੀ ਮਹਿਕਾਇਆ
ਅੱਜ ਦਿੱਤੇ ਨੇ ਉਸੇ ਸਾਨੂੰ ਕੁੱਝ ਹੰਝੂ ਤੇ ਹਾਵਾਂ ।

ਕਾਲੇ ਨਾਗਾਂ ਵਾਂਗੂੰ ਡੰਗਦੀਆਂ ਰਾਤਾਂ ਇਕਲਾਪੇ ਦੀਆਂ
ਕੋਈ ਆਕੇ ਨਾ ਸਾਰ ਲਵੇ  ਦੱਸੋ ਕੀਹਨੂੰ ਦਰਦ ਸੁਣਾਵਾਂ ।

ਚਾਰ ਚੁਫੇਰੇ ਮਜਬੂਰੀ  ਦੀਆਂ ਕੰਧਾਂ ਵਾਹ ਨਾ ਚੱਲੇ ਮੇਰੀ
ਪੈਰਾਂ ਚ ਗਮਾਂ ਦੀਆਂ ਬੇੜੀਆਂ ਫੇਰ ਦੱਸੋ ਕਿਵੇਂ ਤੋੜ ਵਗਾਵਾਂ ।

ਡੱਕਰੇ ਡੱਕਰੇ ਹੋਈਆਂ ਉਮੀਦਾਂ ਆਸਾਂ ਦੇ ਸਾਹ ਉੱਖੜੇ
ਦਿਲ ਦੀ ਲਾਸ਼ ਚੁੱਕੀ ਫਿਰਾਂ "ਸ਼ਾਇਰ "ਹੁਣ ਕਿਹੜੇ ਪਾਸੇ ਜਾਵਾਂ ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਮਾਲਕ ਅੱਗੇ ਅਰਦਾਸ ✍️ ਰਮੇਸ਼ ਕੁਮਾਰ ਜਾਨੂੰ

ਕੁਝ ਗੀਤ ਲਿਖੇ ਨੇ ਗਾ ਜਾਵਾਂ
     ਫੇਰ ਤੂੰ ਭਾਵੇਂ ਲੈ ਜਾਵੀਂ
ਜ਼ਿੰਦ ਕੋਮ ਦੇ ਲੇਖੇ ਲਾ ਜਾਵਾਂ
     ਫੇਰ ਤੂੰ ਭਾਵੇਂ ਲੈ ਜਾਵੀਂ

ਮੈਂ ਸਭ ਦੀ ਸੁਣਦਾ ਰਹਿੰਦਾ ਹਾਂ
ਅਜੇ ਮੋਕਾ ਆਉਣਾ ਬੋਲਣ ਦਾ
     ਕੋਈ ਆਪਣੀ ਗੱਲ ਸੁਣਾ ਜਾਵਾਂ
     ਫੇਰ ਤੂੰ ਭਾਵੇਂ ਲੈ ਜਾਵੀਂ

ਕੁਝ ਫਰਜ਼ ਅਜੇ ਵੀ ਬਾਕੀ ਨੇ
ਕੁਝ ਕਰਜ਼ ਚੁਕਾਉਣੇ ਪੈਣੇ ਨੇ
      ਇਹ ਭਾਰ ਵੀ ਸਿਰ ਤੋਂ ਲਾਹ ਜਾਵਾਂ
      ਫੇਰ ਤੂੰ ਭਾਵੇਂ ਲੈ ਜਾਵੀਂ

ਚੰਨ ਉੱਤੇ ਧਰ ਕੇ ਪੈਰਾਂ ਨੂੰ
ਮੈਂ ਤੱਪਦਾ ਸੂਰਜ ਫੜਨਾ ਏ
     ਜੇ ਹਾਰ ਕੇ ਵਾਪਸ ਆ ਜਾਵਾਂ
     ਫੇਰ ਤੂੰ ਭਾਵੇਂ ਲੈ ਜਾਵੀਂ

ਅਜੇ ਸੁਪਨੇ ਕਈ ਅਧੂਰੇ ਨੇ
ਜੋ ਵੇਖੇ ਖੁਲੀਆਂ ਅੱਖਾਂ ਨੇ
     ਇੱਕ ਦਿਲ ਦੀ ਰੀਝ ਪੁਗਾ ਜਾਵਾਂ
     ਫੇਰ ਤੂੰ ਭਾਵੇਂ ਲੈ ਜਾਵੀਂ

ਰਮੇਸ਼ ਨੇ ਇੱਕ ਦਿਨ ਮਰ ਜਾਣਾ
ਜਾਨੂੰ ਨੇ ਜ਼ਿੰਦਾ ਰਹਿਣਾ ਏ
      ਕੁਝ ਅੱਖਰ ਝੋਲੀ ਪਾ ਜਾਵਾਂ
      ਫੇਰ ਤੂੰ ਭਾਵੇਂ ਲੈ ਜਾਵੀਂ

       ਲੇਖਕ-ਰਮੇਸ਼ ਕੁਮਾਰ ਜਾਨੂੰ
      ਫੋਨ ਨੰ:-98153-20080

ਮੈ ਆਪਣਾ ਘਰ ਕਿਸ ਨੂੰ ਕਹਾਂ ✍️ ਸੰਦੀਪ ਦਿਉੜਾ

ਮੈ ਆਪਣਾ ਘਰ ਕਿਸ ਨੂੰ ਕਹਾਂ

ਮੈ ਆਪਣਾ ਘਰ ਕਿਸ ਨੂੰ ਕਹਾਂ।

 

ਬੂਹੇ ਅੱਗੇ ਸਹੇਲੀਆਂ ਸੰਗ ਖੇਡਦੀ  ਨੂੰ,

ਇੱਕ ਦਿਨ ਮਾਂ ਨੇ ਕਿਹਾ  ਉੱਠ ਧੀਏ ਘਰ ਚੱਲ!

ਮੈ ਬੂਹੇ 'ਚ ਖੜ ਕੇ ਤੱਕਦੀ ਰਹਾਂ,

ਮੈ ਆਪਣਾ ਘਰ ਕਿਸ ਨੂੰ ਕਹਾਂ ।

 

ਜਵਾਨ ਹੋਈ ਕੁਝ ਸਮਝਣ ਲੱਗੀ

ਕਿ ਮੇਰਾ ਆਪਣਾ ਘਰ ਹੈ,

ਪਰ ਮਜਬੂਰ ਹੋਏ ਮਾਪਿਆਂ ਨੇ

ਡੋਲੀ ਪਾ ਕੇ ਤੋਰਤੀ ਅਗਾਂਹ,

ਮੈ ਆਪਣਾ ਘਰ ਕਿਸ ਨੂੰ ਕਹਾਂ ।

 

ਸਹੁਰੇ ਘਰ ਆਈ ਮੈਨੂੰ ਜਾਪਿਆ

ਕਿ ਇਹ ਮੇਰਾ ਆਪਣਾ ਘਰ ਹੈ,

ਕੁਝ ਚਿਰ ਬੀਤਿਆ ਸੱਸ ਨੇ ਮਜਬੂਰ ਕੀਤਾ

ਮੈ ਆਪਣਾ ਚੁੱਲ੍ਹਾ ਅਲੱਗ ਧਰਾ,

ਮੈ ਆਪਣਾ ਘਰ ਕਿਸ ਨੂੰ ਕਹਾਂ ।

 

ਅਲੱਗ ਹੋਈ ਇਸ ਆਸ ਵਿੱਚ

ਕਿ ਮੇਰਾ ਆਪਣਾ ਘਰ ਹੋਏਗਾ,

ਪੁੱਤ ਜਵਾਨ ਹੋਏ ਘਰ ਨੂੰਹਾਂ ਆਈਆਂ

ਘਰ 'ਚ ਰਹੀ ਨਾ ਮੇਰੀ ਥਾਂ,

ਮੈ ਆਪਣਾ ਘਰ ਕਿਸ ਨੂੰ ਕਹਾਂ।

 

ਸਾਰੀ ਉਮਰ 'ਚ ਘਰ ਨਹੀ ਬਣਦਾ

ਇੱਕ ਔਰਤ ਦੀ ਮੈ ਗੱਲ ਕਹਾਂ,

ਮੈ ਆਪਣਾ ਘਰ ਕਿਸ ਨੂੰ ਕਹਾਂ

ਮੈ ਆਪਣਾ ਘਰ ਕਿਸ ਨੂੰ ਕਹਾਂ।

                    ਸੰਦੀਪ ਦਿਉੜਾ

                  8437556667