You are here

ਸਾਹਿਤ

ਰਮਜ਼ਾਂ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਜੋ ਗੱਲਾਂ ਕਰੇ ਵਪਾਰ ਦੀਆਂ ,
ਉਹ ਕੀ ਜਾਣੇ ਰਮਜ਼ਾਂ ਪਿਆਰ ਦੀਆਂ,
ਸੱਚਾ ਯਾਰ ਕਦਮਾਂ ਵਿੱਚ ਰੋਲ ਦੇਵੇ ,
ਹੀਰਿਆਂ ਨੂੰ ਕੌਡੀਆਂ ਦੇ ਮੁੱਲ ਤੋਲ ਦੇਵੇ ,
ਲੁੱਟ ਲਵੇ ਜੋ ਰੁੱਤਾਂ ਪਿਆਰ ਦੀਆਂ,
ਉਹ ਕੀ ਜਾਣੇ ਰਮਜ਼ਾਂ ਪਿਆਰ ਦੀਆਂ।

ਬੇ-ਮੌਸਮ ਵਾਂਗ ਜੋ ਬਦਲ ਜਾਵੇ ,
ਬਣ ਜ਼ਹਿਰੀ ਸੱਪ ਨਿਗਲ ਜਾਵੇ ,
ਗਗਨ ਰੜਕਾਂ ਪੈਣ ਪਿੱਠ ਪਿੱਛੇ ਕੀਤੇ ਵਾਰ ਦੀਆਂ ,
ਧਾਲੀਵਾਲ ਉਹ ਕੀ ਜਾਣੇ ਰਮਜ਼ਾਂ ਪਿਆਰ ਦੀਆਂ।

 

ਗਗਨਦੀਪ ਧਾਲੀਵਾਲ ।

ਜਾ ਕੰਮ ਕਰ ਜਾ ਕੇ ✍️ ਰਮੇਸ਼ ਕੁਮਾਰ ਜਾਨੂੰ

ਸਾਨੂੰ ਅੱਖਾਂ ਕੱਢਦਾ ਏਂ
    ਸਾਡਾ ਲੂਣ ਖਾ ਕੇ
        ਜਾ ਕੰਮ ਕਰ ਜਾ ਕੇ
ਸਾਬ ਨਾ ਕੋਈ ਬਣ ਜਾਂਦਾ
    ਨਵਾਂ ਸੂਟ ਪਾ ਕੇ
        ਜਾ ਕੰਮ ਕਰ ਜਾ ਕੇ

ਧਰਤੀ ਨੂੰ ਛੱਡ ਅਸਮਾਨਾਂ ਬਾਰੇ ਸੋਚਦੈਂ
ਦਿਮਾਗ ਦਿਆ ਕੋਜਿਆ ਗਿਆਨਾਂ ਬਾਰੇ ਸੋਚਦੈਂ
    ਸੂਰਜ ਮੈਥੋਂ ਮੰਗਦਾ ਏਂ
        ਦੀਵੇ ਤੋਂ ਵਟਾ ਕੇ
            ਜਾ ਕੰਮ ਕਰ ਜਾ ਕੇ

ਢੀਠ ਬਣ ਲਾਹਨਤਾਂ ਨੂੰ ਦੱਸ ਕਿਵੇਂ ਜਰਦੈਂ
ਆਪਣੀ ਤਾਰੀਫ਼ ਕਿਹੜੇ ਮੂੰਹ ਨਾਲ ਕਰਦੈਂ
    ਬੜੀ ਛੇਤੀ ਆ ਗਿਆ ਏਂ
        ਗਾਲਾਂ ਗੂਲਾਂ ਖਾ ਕੇ
            ਜਾ ਕੰਮ ਕਰ ਜਾ ਕੇ

ਜਗੀਰਾਂ ਸਭ ਦੇਸ਼ ਦੀਆਂ ਜੂਏ ਵਾਂਗੂ ਹਾਰੀਆਂ
ਠਹਿਰ ਜਾ ਇਥੇ ਜਰਾ ਵੱਢਿਆ ਜਵਾਰੀਆ
    ਇਕੱਲਾ ਬੈਠਾ ਬੋਲੀ ਜਾਵੇਂ
        ਟੀ ਵੀ ਉੱਤੇ ਆ ਕੇ
            ਜਾ ਕੰਮ ਕਰ ਜਾ ਕੇ

ਰਮੇਸ਼ ਜਾਨੂੰ ਸੋਚੀ ਜਾਵੇ ਇਹੋ ਬੜੇ ਚਿਰ ਦਾ
ਪਤਾ ਹੀ ਨਾ ਲੱਗੇ ਸਾਨੂੰ ਇਹਦੇ ਮੂੰਹ ਸਿਰ ਦਾ
    ਡਿੱਗ ਹੀ ਨਾ ਜਾਏ ਦਾੜੀ
        ਪੈਰਾਂ 'ਚ' ਫਸਾ ਕੇ
            ਜਾ ਕੰਮ ਕਰ ਜਾ ਕੇ

 

 

 
                       ਲੇਖਕ-ਰਮੇਸ਼ ਕੁਮਾਰ ਜਾਨੂੰ
                     ਫੋਨ ਨੰ:-98153-20080

ਗ਼ਰੀਬ ਦੀ ਜੂਨ ✍️ ਮਨਪ੍ਰੀਤ ਮੁਸਾਫ਼ਿਰ

ਬੰਦਾ ਜੋ ਦਿਨ ਰਾਤ ਏਹੀ ਸੋਚੇ ,ਪੈਸਾ ਕਿਵੇਂ ਕਮਾਵਾਂ?
ਆਪ ਕੀ ਖਾਵਾਂ ਤੇ ਕੀ ਔਲਾਦ ਦੇ ਮੂੰਹ ਵਿੱਚ ਪਾਵਾਂ?

ਕੰਮ ਕਰ ਕੇ ਮੁੜ੍ਹਕਾ ਉਹਦਾ ਗਿੱਟਿਆਂ ਤੱਕ ਚੋਂਦਾ ਏ।
ਇੱਧਰ ਮਾਲਿਕ ਟੱਪਦਾ ਏ , ਘਰੇ ਨਿਆਣਾ ਰੋਂਦਾ ਏ।

ਨੈਣਾਂ ਚ ਰਹੇ ਉਦਾਸੀ ਉਹਦੇ  ,ਚੈਨ ਵੀ ਨਾ ਆਉਂਦਾ।
ਕਿਧਰੇ ਨਾ ਚਿੱਤ ਲੱਗੇ ਨਾ ਸੱਥ ਵਿਚ ਬੈਠਣ ਭਾਉਂਦਾ।

ਜਿਧਰੇ ਕਿਧਰੇ ਕੰਮ ਮਿਲੇ,ਮਸਾਂ ਹੀ ਧੇਲਾ ਕਮਾਉਂਦਾ।
ਬੱਚੇ ਨੂੰ ਗੋਦੀ ਚੁੱਕ,ਪਤਾ ਨੀ ਮੇਲਾ ਕਿਵੇਂ ਦਿਖਾਉਂਦਾ?

ਵਿਹੜੇ ਚ ਡਾਹੀ ਮੰਜੀ ਉੱਤੇ ਨੀਂਦ ਕਦੇ ਆਉਂਦੀ ਨਾ।
ਸਾਕ ਨਾ ਸਬੰਧੀ ਤੇ ਤਾਈ ਚਾਚੀ ਵੀ ਬੁਲਾਉਂਦੀ ਨਾ।

ਬੱਚੀ ਨੇ ਅਵਾਜ਼ ਦਿੱਤੀ , ਪਾਪਾ! ਬੈਗ ਨਵਾਂ ਲੈ ਦਿਉ।
ਤੇ ਜਲਦ ਫੀਸ ਭਰ ਦੇਣੀ, ਮੈਡਮ ਜੀ ਨੂੰ ਕਹਿ ਦਿਉ।

ਜ਼ਿਹਨ ਵਿੱਚ ਸੋਚੇ ਗਰੀਬੜਾ!ਜਾਮਾ ਹੋਇਆ ਲੀਰ।
ਕੀ ਬਣੂੰਗਾ ਮੇਰੀ ਧੀ ਦਾ ਉਹਦੀ ਚੀਕਾਂ ਮਾਰੇ ਜ਼ਮੀਰ?

ਅੱਜ ਦੇ ਵੇਲੇ ਵਿੱਚ,ਗਰੀਬ ਦੀ ਹੈ ਜੂਨ ਬੜ੍ਹੀ ਮਾੜੀ।
ਕੁਝ ਵੀ ਪੱਲੇ ਨਾ ਪੈਂਦਾ, ਪੂਰੀ ਉਮਰ ਹੈ ਦੇਹੀ ਸਾੜੀ।

ਮੈਡਮ ਜੀ ਨੇ ਫੋਨ ਕੀਤਾ,ਪੇਪਰਾਂ ਦੀ ਫ਼ੀਸ ਭਰ ਦਿਉ।
ਇੱਕ ਮੈਂ ਫਾਰਮ ਦਿਆਂਗੀ, ਦਸਤਖ਼ਤ ਵੀ ਕਰ ਦਿਉ।

ਆਨਲਾਈਨ ਕਲਾਸਾਂ ਵੇਲੇ,ਪਾਪਾ! ਲੈ ਦੋ ਇੱਕ ਫ਼ੋਨ।
ਜੇ ਕਲਾਸ ਨਾ ਲਾਈ,ਮੈਡਮ ਨੇ ਲੱਗ ਜਾਣਾ ਸੁਣਾਉਣ।

ਟੱਚ ਫ਼ੋਨ ਲੈ ਕੇ ਵਿੱਚ ਨੈੱਟ ਪੈੱਕ ਮਹੀਨੇ ਦਾ ਪਵਾ ਦਿਉ।
ਪੇਪਰ ਹੋਣ ਵਾਲੇ ਸ਼ੁਰੂ ਨੇ, ਮੈਨੂੰ ਸ਼ੀਟਾਂ ਵੀ ਦਿਵਾ ਦਿਉ।

ਬਾਰਵੀਂ ਪਾਸ ਹੋ ਗਈ ਦਾਖਲਾ ਕਾਲਜ ਚ ਭਰਾ ਦਿਉ।
ਤੇ ਨਾਲ ਮੈਨੂੰ ਇੱਕ ਕੰਪਿਊਟਰ ਕੋਰਸ ਵੀ ਕਰਾ ਦਿਉ।

ਲਓ ਸਮਾਂ ਪਾ ਕੇ ਹੁਣ ਘਰਵਾਲੀ ਵੀ ਮੰਜੇ ਤੇ ਪੈ ਗਈ।
ਚਲਦੀ ਸੀ ਜੋ ਡਿਗਰੀ ਉਹ ਉੱਥੇ ਅਧੂਰੀ ਰਹਿ ਗਈ।

ਸਭ ਅੰਗ ਸਾਕ ਕਹਿਣ, ਹੁਣ ਕੁੜੀ ਨੂੰ ਵਿਆਹ ਦਿਉ।
ਲੈਣਾ ਕੀ ਪੜ੍ਹਾਈਆਂ ਤੋਂ,ਚਾਰ ਕ ਪੈਸੇ ਝੋਲੀ ਪਾ ਦਿਉ।

ਕਰਨਾ ਵਿਆਹ ਏ ਤਾਂ ,ਪੈਸਾ ਵੀ ਚੰਗਾ ਲਾਉਣਾ ਪਊ।
ਹੋਇਆ ਨਾ ਜੇ ਹੱਲ ਤਾਂ ਘਰ ਗਿਰਵੀ ਰਖਾਉਣਾ ਪਊ।

ਮੰਗ ਬੜ੍ਹੀ ਕੀਤੀ, ਸਾਹੁਰਿਆਂ ਨੇ ਮੂੰਹ ਬੜਾ ਅੱਡਿਆ।
ਜੜ੍ਹ ਚ ਪਾ ਕੇ ਦਾਤੀ,ਉਹਨਾ ਤਾਂ ਪੋਟਾ- ਪੋਟਾ ਵੱਡਿਆ।

ਧੀ ਟੁਰ ਗਈ ਸਹੁਰਿਆਂ ਨੂੰ ਤੇ ਕੱਲਾ ਹੋ ਬਹਿ ਗਿਆ।
ਮੰਜੇ ਤੇ ਪਈ ਪਤਨੀ ਤੇ ਟੁੱਟਾ ਘਰ ਪੱਲੇ ਰਹਿ ਗਿਆ।

ਰਾਤ ਨੂੰ ਪਿਆ ਸੋਚੇ,ਬੰਦਾ ਕਿਵੇਂ ਬੰਦੇ ਨੇ ਹੀ ਠੱਗਿਆ?
ਅੱਧੀ ਰਾਤ ਬੀਤੀ ਤੇ, ਦਿਲ ਚ ਦਰਦ ਹੋਣ ਲੱਗਿਆ।

ਉੱਠਿਆ ਤੇ ਕੋਲ ਘੜੇ ਚੋਂ ਪਾਣੀ ਦੀ ਘੁੱਟ ਭਰ ਲਈ।
ਫਿਰ ਲੋੜ੍ਹ ਪਊ, ਬੋਤਲ ਸਿਰਾਣੇ ਕੋਲ ਹੀ ਧਰਨ ਦੀ।

ਮਨਪ੍ਰੀਤ ਮੁਸਾਫ਼ਿਰ

ਮੈਂ ਲਾਸ਼ ਬੋਲਦੀ ਆਂ ✍️ ਸਲੇਮਪੁਰੀ ਦੀ ਚੂੰਢੀ -

ਮੈਂ ਲਾਸ਼ ਬੋਲਦੀ ਆਂ !
- ਮੈਂ ਸਿੰਘੂ ਬਾਰਡਰ ਤੋਂ
ਬੈਰੀਕੇਡ 'ਤੇ ਲਟਕਦੀ
ਹੱਥੋਂ ਟੁੰਡੀ,
 ਪੈਰੋਂ ਲੰਗੜੀ
ਲਹੂ-ਲੁਹਾਣ ਹੋਈ
ਲਖਵੀਰ  ਦੀ
ਲਾਸ਼ ਬੋਲਦੀ ਆਂ!
ਕਿ-
ਮਾਨਵਤਾ ਦਾ ਪਾਠ
ਪੜ੍ਹਾਉਣ ਵਾਲਿਆਂ
ਦੇ ਮੂੰਹ ਉਪਰ
ਛਿਕਲੀ  ਲੱਗ ਗਈ ਆ!
ਕਿਸੇ ਨਿਹੱਥੇ
ਬੇਦੋਸ਼ੇ
ਗਰੀਬ ਨੂੰ
ਬੰਨ੍ਹ ਕੇ,
 ਕੁੱਟ ਕੇ
ਧੌਣ 'ਤੇ
 ਗੋਡਾ ,                                 
ਸੰਘੀ 'ਤੇ
ਅੰਗੂਠਾ ਰੱਖਕੇ
ਮਨਚਾਹੇ ਬੋਲ
ਬੁਲਾਕੇ,
ਬਲੀ ਲੈਣੀ
ਕਿਹੜਾ ਧਰਮ ਸਿਖਾਉੰਦਾ?
ਉਹ ਜਦੋਂ
ਮੈਨੂੰ ਪਿੰਡੋਂ ਲੈ ਕੇ ਤੁਰੇ ਸੀ,
ਉਦੋਂ ਹੀ
ਮੇਰਾ ਮੱਥਾ ਠਣਕਿਆ ਸੀ!
ਕਿ-
ਕੋਈ ਅਣ-ਹੋਣੀ ਹੋਵੇਗੀ!
ਹੁਣ ਮੈਂ ਨਹੀਂ
ਮੇਰੀ ਲਾਸ਼ ਆਵੇਗੀ !
ਤੇ ਉਹ
ਮੇਰੇ ਦਾਹ ਸਸਕਾਰ 'ਤੇ  ਭੜਕਣਗੇ!
ਲਾਂਬੂ ਲਾਉਣ ਤੋਂ
ਰੋਕਣਗੇ!
ਉਨ੍ਹਾਂ ਨੂੰ
ਮੇਰੇ ਬੇਦੋਸ਼ੇ
ਮਾਪੇ ਵਿਹੁ ਲੱਗਣਗੇ!
 ਮੇਰੇ ਬੱਚਿਆਂ ਨੂੰ
 ਡੱਸਣਗੇ!
ਮੇਰੀ ਵਿਧਵਾ ਨੂੰ,
ਮੇਰੀ ਹਮਸਾਈ ਨੂੰ ,
ਅਨੋਖੇ
ਸੁਆਲ ਪੁੱਛਣਗੇ!
'ਰੱਬ ਦੇ ਬੰਦੇ'
ਮੇਰੀਆਂ ਧੀਆਂ
ਦੇ ਸਿਰ 'ਤੇ
ਹੱਥ ਨਹੀਂ
 ਨਫਰਤ ਦੀ ਚਾਦਰ ਰੱਖਣਗੇ!
ਉਹ ਮੇਰੀ
ਲਾਸ਼ ਨੂੰ ਲੈ ਕੇ
ਸਿਆਸਤ ਕਰਨਗੇ!
ਅਖਬਾਰ ਸੁਰਖੀਆਂ
ਨਾਲ ਭਰਨਗੇ!
ਚੈਨਲ ਗੱਲਾਂ ਕਰਨਗੇ!
'ਰੱਬ ਦੇ ਬੰਦੇ'
ਜਹਿਰ ਉੱਗਲਣਗੇ!
ਕੰਜਕਾਂ ਪੂਜਣ ਵਾਲੇ
ਮੇਰੀਆਂ ਧੀਆਂ ਨਾਲ
ਵਿਤਕਰਾ ਕਰਨਗੇ!
ਮੈਂ-
ਮਾਰ ਕੇ ਟੰਗੇ ਕਾਂ
ਵਾਂਗੂੰ
ਬੈਰੀਕੇਡ ਤੋਂ ਲਟਕਦੀ
ਲਾਸ਼
ਬੋਲਦੀ ਆਂ
ਕਿ-
ਇਥੇ -
'ਤਕੜੇ ਦਾ ਸੱਤੀੰ ਵੀਹੀੰ ਸੌ ਹੁੰਦੈ'
ਪਰ -
ਮੇਰੀ ਲਾਸ਼ ਚੋਂ
ਨਿਕਲਿਆ
ਲਹੂ ਦਾ ਇਕ ਇਕ ਤੁਪਕਾ
ਸਮਾਂ ਆਉਣ 'ਤੇ
ਥੋਡੇ ਤੋਂ
ਹਿਸਾਬ ਜਰੂਰ ਮੰਗੇਗਾ!
ਪਰ-
'ਰੱਬ ਦੇ ਬੰਦੇ'
ਆਪਣੀਆਂ ਕਲਮਾਂ ਦੀ
 ਜਹਿਰੀ ਸਿਆਹੀ ਨਾਲ
ਮੇਰੀ ਮੌਤ ਦੀ
ਘਟਨਾ ਨੂੰ
ਤੋੜ , ਮਰੋੜ ਕੇ
ਰੱਖਣਗੇ!
ਕਿਤਾਬਾਂ ਦੇ ਸਫੇ
ਭਰਨਗੇ!
ਕਿਉਂਕਿ -
ਸਾਡੇ ਬੁੱਧੀਜੀਵੀ
ਸੱਚ ਨੂੰ ਝੂਠ,
 ਝੂਠ ਨੂੰ ਸੱਚ
ਵਿਚ ਤਬਦੀਲ ਕਰਨ ਵਿਚ
ਸਦੀਆਂ ਤੋਂ ਮੁਹਾਰਤ
ਰੱਖਦੇ  ਨੇ!
ਉਹ -
ਇਤਿਹਾਸ ਨੂੰ ਮਿਥਿਹਾਸ,
 ਮਿਥਿਹਾਸ ਨੂੰ ਇਤਿਹਾਸ
ਬਣਾਕੇ
ਆਉਣ ਵਾਲੀਆਂ
ਪੀੜ੍ਹੀਆਂ ਦੇ
ਅੱਖੀਂ ਘੱਟਾ ਪਾਉਣਗੇ !
'ਅਣ-ਮਨੁੱਖੀ ਕਾਰੇ' ਨੂੰ
 ਮਹਾਨ ਕਾਰਨਾਮਾ ਦਰਸਾਉਣਗੇ!
ਮੇਰੀ ਮੌਤ ਪਿੱਛੋਂ
ਮੈਨੂੰ
 ਤੇ ਮੇਰੇ ਪਰਿਵਾਰ ਨੂੰ
ਦੋਸ਼ੀ ਬਣਾਉਣਗੇ!
ਮੈਂ ਲਾਸ਼ ਬੋਲਦੀ ਆਂ!
ਕਿ-
ਅਸਲ ਵਿਚ
'ਮੇਰੀ ਪਤਨੀ ਤਾਂ
ਉਦੋਂ ਹੀ ਵਿਧਵਾ
ਹੋ ਗਈ ਸੀ,
ਜਦੋਂ ਉਹ -
ਮੈਨੂੰ ਕਾਗਜ ਦੀ ਪੁੜੀ ਵਿਚ
'ਨਸ਼ਾ' ਲਪੇਟ ਕੇ
ਦੇ ਗਏ ਸਨ!
-ਸੁਖਦੇਵ ਸਲੇਮਪੁਰੀ
09780620233
30 ਅਕਤੂਬਰ, 2021

ਪ੍ਰਦੇਸ਼ਾਂ ਨੂੰ ਤੁਰ ਗਏ ਪੁੱਤ ✍️ ਜਸਵਿੰਦਰ ਸ਼ਾਇਰ "ਪਪਰਾਲਾ "

1 ਪ੍ਰਦੇਸ਼ਾਂ ਨੂੰ ਤੁਰ ਗਏ ਪੁੱਤ ਰੋਂਦੀਆਂ ਛੱਡ ਮਾਵਾਂ ਨੂੰ ।
 ਪੱਲੇ ਬੰਨ ਕੇ ਲੈ ਜਾ ਪੁੱਤ ਮਾਂ ਦੀਆਂ ਦੁਆਵਾਂ ਨੂੰ ।
 

 2 ਜਾ ਕੇ ਪ੍ਰਦੇਸ਼ਾਂ ਚ ਜਾਵੀਂ ਨਾ ਮੈਨੂੰ ਭੁੱਲ ਪੁੱਤਰਾ ।
 ਮਾਂ ਦੀ ਲੋਰੀਆਂ ਦਾ ਪਾਵੀਂ ਤੂੰ ਮੁੱਲ ਪੁੱਤਰਾਂ ।
 ਭੇਜੂ  ਨਿੱਤ ਹੀ ਸੁਨੇਹੇ ਵਗਦੀਆ ਹਵਾਵਾਂ ਨੂੰ
 ਪ੍ਰਦੇਸ਼ਾਂ........
 

3 ਕਰਕੇ ਜਮੀਨ ਗਹਿਣੇ ਤੈਨੂੰ ਪ੍ਰਦੇਸ਼ਾਂ ਚ ਘੱਲਿਆ ।
ਕਰਜ਼ਾ ਉਤਾਰ ਨਹੀਂਉ ਹੋਣਾ ਬਾਪੂ ਤੋਂ ਕੱਲਿਆ ।
ਸੱਜੇ ਹੋਰ ਵੀ ਪੜਾਉਣਾ ਛੋਟੇ ਭਰਾਵਾਂ ਨੂੰ
ਪ੍ਰਦੇਸ਼ਾਂ............

4 ਤੈਥੋਂ ਨਿੱਕੀ ਭੈਣ ਦਾ ਵਿਆਹ ਵੀ ਹਜੇ ਕਰਨਾ ।
ਕੱਲ੍ਹੇ ਤੇਰੇ ਬਾਪੂ ਦੀ ਕਮਾਈ ਨਾਲ ਨਹੀਂ ਸਰਨਾ ।
ਪਹਿਲਾਂ ਹੀ ਕਰਜ਼ਾ ਦੇਣਾ ਪਇਆ
 ਸਾਹਵਾਂ ਨੂੰ ।
ਪ੍ਰਦੇਸ਼ਾਂ.......

5 ਜੇ ਇੱਥੇ ਮਿਲ ਜਾਵੇ ਰੁਜ਼ਗਾਰ ਲੋੜ ਕੀ ਪ੍ਰਦੇਸ਼ਾਂ ਦੀ ।
ਇੱਥੇ ਨੌਕਰੀ ਤੇ ਕੁਰਸੀ ਵੀ ਵੱਡੇ ਵੱਡੇ ਸੇਠਾ ਦੀ ।
ਇਹ ਤਾਂ ਆਪਣੀ ਟੌਹਰ ਵਾਸਤੇ ਕੁਚਲ ਦਿੰਦੇ ਗਰੀਬਾਂ ਦੇ ਚਾਵਾਂ ਨੂੰ
ਪ੍ਰਦੇਸ਼ਾਂ........

6 ਇੱਥੇ ਫੇਰ ਕਿਉਂ ਵਿਲਕਣ ਚੂੜਾ ਵਾਲੀ ਨਾਰਾਂ ਵੇ।
ਜੇਕਰ ਇੱਥੇ ਹੋਵਣ ਚੱਜ ਦੀਆਂ ਸਾਡੀਆਂ ਸਰਕਾਰਾਂ ਵੇ।
ਜੇ ਮੁੱਲ ਨਹੀ  ਪੈਂਦਾ "ਸ਼ਾਇਰ "
ਕੀ ਫਾਇਦਾ ਲਿਖਣ ਦਾ ਕਵਿਤਾਵਾਂ ਨੂੰ
ਪ੍ਰਦੇਸ਼ਾਂ.........

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਦੋ ਗ਼ਜ਼ਲਾਂ ✍️ਜਸਵਿੰਦਰ ਸ਼ਾਇਰ "ਪਪਰਾਲਾ "

1) ਅਲਵਿਦਾ

ਕੌਣ ਆਖਦਾ ਏ ਪਰਛਾਵੇਂ ਬੇ ਬੁਨਿਆਦ ਹੁੰਦੇ ਹਨ
ਪਰਛਾਵਿਆਂ ਦੀ ਵੀ ਜ਼ਿੰਦਗੀ ਹੁੰਦੀ ਹੈ
ਸਾਡੇ ਵਾਂਗ ਹੀ
ਪਰਛਾਵੇਂ ਤਾਂ ਸਾਡੇ ਨਾਲ ਹੀ ਜਨਮ ਲੈਂਦੇ ਨੇ
ਤੇ ਆਖਿਰ ਵਿੱਚ ਸਾਡੇ ਨਾਲ ਮਰਦੇ ਨੇ
ਪਰਛਾਵਾਂ ਸਾਡਾ ਹਮਸਫਰ ਹੁੰਦਾ ਏ
ਬੇਸ਼ੱਕ ਅਸੀਂ ਕਿੱਤੇ ਵੀ ਜਾਈਏ
ਉਹ ਪਿੱਛੇ ਪਿੱਛੇ ਤੁਰਿਆ ਆਉਂਦਾ ਹੈ
ਪਰਛਾਵੇਂ ਨੂੰ ਕੋਈ ਮਾਰ ਨਹੀਂ ਸਕਦਾ
ਪਰਛਾਵੇਂ ਦੀ ਹੋਂਦ ਨੂੰ ਕੋਈ ਮਿਟਾ ਨਹੀਂ ਸਕਦਾ
ਪਰਛਾਵਾਂ ਤਾਂ ਆਖਿਰ ਤੱਕ ਸਾਡਾ ਸਾਥ ਨਿਭਾਉਂਦਾ ਹੈ
ਨਾ ਕੀ ਸਾਡੇ ਨਾਲ ਬੇਵਫਾਈ ਕਰਦਾ
ਪਰਛਾਵਾਂ ਤਾਂ ਸਾਨੂੰ ਹਰ ਵੇਲੇ
ਸਾਡੀ ਮੰਜ਼ਿਲ ਲਈ ਸੁਚੇਤ ਕਰਦਾ ਰਹਿੰਦਾ ਹੈ।

 

2) ਆਖਿਰ ਕਿਉਂ

ਰੱਬ ਦਾ ਦਿੱਤਾ ਮੇਰੇ ਕੋਲ ਸਭ ਕੁੱਝ ਏ
ਧੰਨ ਦੌਲਤ ਐਸ਼ ਇੱਜਤ ਮੁਹੱਬਤ ਪਿਆਰ
ਫੇਰ ਵੀ ਪਤਾ ਨਹੀਂ ਕਿਉਂ
ਮੈਨੂੰ ਇਕੱਲਾਪਨ ਜਾਪਦਾ ਹੈ
 ਕਈ ਵਾਰ ਤਾਂ ਮੈਨੂੰ ਲੱਗਦਾ ਏ
ਕੀ ਮੈਂ ਬਿਲਕੁਲ ਅਧੂਰਾ ਹਾਂ
ਤੇ ਕਈ ਵਾਰ ਮੈਂ ਸੋਚਦਾ ਹਾਂ
ਕਿ ਮੈਂ ਟੁੱਟ ਚੁੱਕਿਆ ਹਾਂ
ਪਤਾ ਨਹੀਂ ਕਿਉਂ ਸਾਰਾ ਜੱਗ
ੳਪਰਾ ੳਪਰਾ ਜਾਪਦਾ ਏ
ਮੇਰੀ ਤਾਂ ਬਿਲਕੁਲ ਸਮਝ ਨਹੀਂ ਆਉਂਦਾ
ਮੈਂ ਬਣਿਆ ਰਹਿੰਦਾ ਹਰ ਵੇਲੇ
ਜਮਾਂ ਪਾਗਲਾ ਦੀ ਤਰ੍ਹਾਂ
ਕੋਈ ਮੈਨੂੰ "ਸ਼ਾਇਰ "ਆਖਦਾ
ਕੋਈ ਮੈਨੂੰ ਪਾਗਲ ਕਹਿ ਬੁਲਾਉਂਦਾ
ਕਈ ਵਾਰ ਦਿਲ ਨੇ ਪੁੱਛਿਆ ਮੈਥੋਂ
ਆਖਿਰ ਇਹ ਸਭ  ।ਕਿਉਂ ਕਹਿੰਦੇ ਨੇ ।

ਜਸਵਿੰਦਰ ਸ਼ਾਇਰ "ਪਪਰਾਲਾ,"
9996568220

ਖੰਜਰ ਬਣਕੇ ਖੁੱਭੇਗਾ ✍️ ਸਲੇਮਪੁਰੀ ਦੀ ਚੂੰਢੀ

ਖੰਜਰ ਬਣਕੇ ਖੁੱਭੇਗਾ
- ਸਿੰਘੂ ਬਾਰਡਰ 'ਤੇ
 ਮੇਰੇ ਵੱਢੇ ਹੱਥ
ਦੀਆਂ ਹੱਡੀਆਂ 
ਬੰਦੂਕਾਂ ਬਣਕੇ
ਬੇਈਮਾਨਾਂ ਦੀਆਂ ਛਾਤੀਆਂ
ਵਿਚੋਂ ਆਰ-ਪਾਰ 
ਹੋਣਗੀਆਂ ! 
ਮੇਰੇ ਵੱਢੇ 
ਪੈਰ ਦੀਆਂ ਹੱਡੀਆਂ
ਤਿੱਖੇ ਸੂਏ ਬਣਕੇ
 ਪੈਰਾਂ ਵਿਚ ਚੁੱਭਣਗੀਆ! 
ਲਹੂ-ਲੁਹਾਣ ਕਰਨਗੀਆਂ !! 
ਤੁਰਨ ਜੋਗਾ ਨਹੀਂ ਛੱਡਣਗੀਆਂ!!! 
 ਨਿਹੱਥੇ ਦਾ 
ਡੁੱਲ੍ਹਿਆ ਖੂਨ
ਗੂਹੜੀ ਨੀੰਦੇ ਸੁੱਤਿਆਂ ਨੂੰ
ਹਲੂਣਾ ਦੇਵੇਗਾ, 
ਕਿ - 
ਜਾਗੋ! ਜਾਗੋ!! 
ਨਹੀਂ ਤਾਂ 
ਮੇਰੇ ਵਾਂਗੂੰ 
ਕਈ ਬੇਦੋਸ਼ੇ ਬਲੀ ਚੜ੍ਹਨਗੇ! 
ਮੇਰੀ ਪਿੱਠ ਵਿਚ 
ਨਸ਼ੇ ਦਾ ਟੀਕਾ ਖੋਭਣ 
ਵਾਲਿਆਂ ਦੇ 
'ਭਵਿੱਖ ਦੇ ਢਿੱਡ' ਵਿਚ 
ਨਸ਼ੇ ਦਾ ਟੀਕਾ 
ਖੰਜਰ ਬਣਕੇ ਖੁੱਭੇਗਾ ! 
ਮੇਰੀਆਂ ਚੀਕਾਂ 
ਬੇਈਮਾਨਾਂ ਦੀਆਂ 
ਕਰਤੂਤਾਂ ਨੂੰ
ਉਜਾਗਰ ਕਰਦੀਆਂ 
 ਨੀਂਦ ਉਡਾ ਦੇਣਗੀਆਂ ! 
ਬੈਰੀਗੇਟ 'ਤੇ 
ਲਟਕਦੀ ਲਾਸ਼ 
'ਮਾਨਵਤਾ' ਦਾ ਢੰਡੋਰਾ 
ਪਿੱਟਣ ਵਾਲਿਆਂ ਦੇ 
ਮੂੰਹ 'ਤੇ 
ਫਿਟਕਾਰਾਂ ਪਾਉਂਦੀ 
ਇਤਿਹਾਸ ਦੇ ਪੰਨੇ ਬਣਕੇ 
ਹਮੇਸ਼ਾ ਦੰਦ ਚੜ੍ਹਾਉਂਦੀ 
ਰਹੇਗੀ! 
ਸ਼ੁਕਰ ਆ! 
'ਟ੍ਰਿਬਿਊਨ' ਨੇ ਜਲਦੀ 
ਸੱਚ ਦੀਆਂ 
ਪਰਤਾਂ ਖੋਲ੍ਹ ਕੇ 
ਰੱਖ ਦਿੱਤੀਆਂ , 
ਨਹੀਂ ਤਾਂ 
ਮੇਰੇ 'ਤੇ ਇਲਜ਼ਾਮ 
ਦੀ ਪੱਕੀ ਮੋਹਰ 
ਲੱਗ ਜਾਣੀ ਸੀ! 
ਤੇ 
'ਵਿਹੜੇ ਵਾਲਿਆਂ'
ਦਾ ਜੀਣਾ ਦੁੱਭਰ
 ਕਰ ਦੇਣਾ ਸੀ! 
ਕਿਉਂਕਿ - 
ਜਾਤ ਦੇ ਹੰਕਾਰੀ ਤਾਂ 
ਮਿਹਨਤਾਂ ਦਾ ਮੁੱਲ 
ਪਾਉਣ ਦੀ ਮੰਗ 
ਕਰਨ 'ਤੇ 
ਪਹਿਲਾਂ ਹੀ 
ਵਿਹੜੇ ਵਾਲਿਆਂ ਦਾ 
ਬਾਈਕਾਟ ਕਰਦੇ 
ਆ ਰਹੇ ਨੇ ! 
ਸ਼ਾਇਦ ਉਹ 
ਬੇ-ਖਬਰ ਨੇ 
ਕਿ- 
'ਗੁਰੂ ਗ੍ਰੰਥ ਸਾਹਿਬ ਜੀ' ਦੀ 
'ਬੇਅਦਬੀ' ਦੀ ਸ਼ੁਰੂਆਤ ਤਾਂ 
ਉਦੋਂ ਤੋਂ 
ਹੁੰਦੀ ਆ ਰਹੀ ਆ
 ਜਦੋਂ ਤੋਂ 
'ਸੁੱਚਮਤਾ ਤੇ ਉੱਚਮਤਾ'
ਦਾ ਸਰਟੀਫਿਕੇਟ 
ਲੈਣ ਲਈ 
ਪਿੰਡਾਂ ਵਿੱਚ 
ਚਾਰ, ਚਾਰ 
ਗੁਰਦੁਆਰਿਆਂ ਦੀ 
ਉਸਾਰੀ ਸ਼ੁਰੂ ਕੀਤੀ ਸੀ! 

ਸੁਖਦੇਵ ਸਲੇਮਪੁਰੀ 
09780620233 
20 ਅਕਤੂਬਰ, 2021.

ਦੋ ਗ਼ਜ਼ਲਾਂ ✍️ਜਸਵਿੰਦਰ ਸ਼ਾਇਰ "ਪਪਰਾਲਾ "

!) ਕੋਈ 

ਕੋਈ ਖੁਸ਼ੀ ਵਿੱਚ ਪੀਂਦਾ 
ਕੋਈ ਪੀਂਦਾ ਗਮ ਅੰਦਰ 
ਕੋਈ ਜੱਗ ਤੋਂ ਛੁੱਪਕੇ ਪੀਂਦਾ 
ਕੋਈ ਪੀਂਦਾ ਵਿੱਚ ਬਾਜ਼ਾਰ
ਕੋਈ ਪੀਂਦੇ ਗਮ ਨੂੰ ਭੁੱਲਾਉਣ ਲਈ 
ਕੋਈ ਪੀਂਦੇ ਘਰ ਦੂਜਿਆਂ ਦੇ ਢਾਉਣ ਲਈ 
ਬਾਜ਼ਾਰ ਵਿੱਚੋਂ ਹਰ ਸ਼ੈਅ ਮਿਲਦੀ 
ਪਰ ਮੁੱਲ ਵਿੱਕਦਾ ਪਿਆਰ ਨਹੀਂ ਮਿਲਣਾ 
ਬੇਵਫਾ ਭਾਵੇਂ ਤੂੰ ਲੱਖਾਂ ਨਾਲ ਲਾ ਲਵੀਂ 
ਪ੍ਰੀਤਾ ,ਯਾਰੀ,ਮੁਹੱਬਤਾਂ ਦਿਲਦਾਰੀਆਂ
ਪਰ "ਸ਼ਾਇਰ " ਜਿਹਾ ਨਿਮਾਣਾ 
ਤੈਨੂੰ ਦਿਲਦਾਰ ਨਹੀਂ ਮਿਲਣਾ ।

2) ਬੇ- ਕਦਰਾਂ ਦਾ ਪਿਆਰ 

ਬੇ ਕਦਰਾਂ ਦਾ ਪਿਆਰ 
ਕੱਚੇ ਤੰਦ ਵਾਂਗ ਟੁੱਟ ਗਿਆ ।

ਕੀਹਨੂੰ ਮੈਂ ਦਰਦ ਸੁਣਾਵਾਂ 
ਮੇਰਾ ਤਾਂ ਰੱਬ ਹੀ ਰੁੱਸ ਗਿਆ ।

ਜਦੋਂ ਛੇੜੀ ਕਹਾਣੀ ਇਸ਼ਕੇ ਦੀ
ਮੇਰਾ ਅੰਗ ਅੰਗ ਦੁੱਖ ਗਿਆ ।

ਜਿਹਨੇ ਕੀਤਾ ਸ਼ਰੇਆਮ ਮੇਰਾ ਖੂਨ 
ਉਹੀ ਕਾਤਿਲ ਖੌਰੇ ਕਿੱਥੇ ਲੁੱਕ ਗਿਆ 

ਤਮੰਨਾ ਸੀ ਮੰਜ਼ਿਲ ਨੂੰ ਪਾਉਣ ਦੀ
ਮੇਰਾ ਨਸੀਬ ਬਣਕੇ ਹੀ ਫੁੱਟ ਗਿਆ ।

ਇਸ਼ਕ ਦਰਿਆਂ ਚ ਪਾਣੀ ਪੀਤਾ 
ਅੱਜ ਵਿਛੋੜੇ ਸੱਦਕੇ ਉਹ ਸੁੱਕ ਗਿਆ 

ਤੇਰੀ ਬੇਵਫਾਈ ਕਰਕੇ ਹੀ  "ਸ਼ਾਇਰ "
ਬੇ ਵਕਤ ਹੀ ਦੁਨੀਆਂ ਤੋਂ ਉੱਠ ਗਿਆ
 

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਕੌਲਾ ਦਾ ਕਿੱਸਾ ✍️ ਜਸਵਿੰਦਰ ਸ਼ਾਇਰ "ਪਪਰਾਲਾ "

ਸਥਾਈ÷  ਉਦੋਂ ਸਹੁੰ ਨਾ ਖਾਂਦਾ ਸੀ ਬਾਬਲਾ ।
ਡੋਲੀ ਚੜ੍ਹਕੇ ਜਦ ਮੈਂ ਆਈ ।
ਅੱਜ ਆ ਕੇ ਵਿਜੇ ਨੇ ਬਾਬਲਾ 
ਮੈਨੂੰ ਝੂੱਠੀ ਤੁਹਮਤ ਲਾਈ 
ਬਾਂਹੋ ਫੜ ਕੇ ਕੌਲਾ ਨੂੰ 
ਮਹਿਲੋਂ ਕੱਢ ਕੇ ਬਾਹਰ ਬਿਠਾਇਆ 
ਮੈਂ ਤਾਂ ਬਿਨਾਂ ਕਸੂਰੋ ਸੀ (ਬਾਬਲਾ)
ਨਹੀਂ ਸੱਚ ਵਿਜੇ ਨੂੰ ਆਇਆ 

2  ਬਿਨਾਂ ਹੁਕਮ ਉਸਦੇ ਮੈਂ 
ਘਰ ਤੋਂ ਬਾਹਰ ਪੈਰ ਨਾ ਤਰਦੀ ।
ਚਲਦੀ ਵਿੱਚ ਲਕੀਰਾਂ ਦੇ 
ਵੇ ਮੈਂ ਪਤੀ ਦੇਵ ਤੋਂ ਡਰਦੀ ।
ਬੈਠੀ ਰੋਂਦੀ ਕੌਲਾ ਵੇ 
ਲਿਖਿਆ ਫਲ ਕਰਮਾ ਦਾ ਪਾਇਆ 
ਮੈਂ.................

3  ਕਰਕੇ ਚੁੱਲਾ ਪੈਰਾਂ ਦਾ
ਮੈਂ ਵਿੱਚ ਅੱਗ ਲੱਕੜਾ ਦੀ ਪਾਈ ।
ਤਵਾ ਧਰ ਕੇ ਗਾਰੇ ਦਾ 
ਰੋਟੀ ਉਸਦੇ ਉੱਤੇ ਪਕਾਈ।
ਮੇਰਾ ਸੱਚ ਨਤਾਰਨ ਨੂੰ 
ਪਾਣੀ ਧਾਗੇ ਨਾਲ ਕੱਢਵਾਇਆ 
ਮੈਂ............

4 ਨੌਕਰ ਲੱਗੀ ਮੈਹਰੀ ਦੀ 
ਗਾਲਾਂ ਨਿੱਤ ਸ਼ਾਮ ਨੂੰ  ਖਾਂਦੀ ।
ਭੱਠੀ ਲਈ ਬਾਲਣ ਨੂੰ 
(ਵੇ) ਕੌਲਾ ਉੱਠ ਸਵੇਰੇ ਜਾਂਦੀ ।
ਰੋਟੀ ਮਿਲਦੀ ਸੁੱਕੀ ਵੇ  
ਉਹ ਹੀ ਖਾ ਕੇ ਵਕਤ ਲੰਘਾਇਆ 
ਮੈਂ..........

5  ਜਿਹੜੀ ਹੁਕਮ ਚਲਾਉਂਦੀ ਸੀ 
ਅੱਜ ਉਹ ਵਿੱਚ ਹੁਕਮ ਦੇ ਚੱਲਦੀ ।
ਤੇਰੀ ਇੱਜ਼ਤ ਬਾਬਲਾ ਵੇ
ਅੱਜ ਪਈ ਮਿੱਟੀ ਦੇ ਵਿੱਚ ਰੁੱਲਦੀ ।
ਧੀ ਤਾਂ ਮਰਜੂ ਤੇਰੀ ਵੇ 
ਜੇ ਨਾ ਸਾਰ ਨਾ ਡੁੱਬਦੀ ਨੂੰ ਆਇਆ 
ਮੈਂ............

6  ਜੇ ਬਾਬਲ ਮਿਲ ਜਾਵੇ 
ਮੈਂ ਤਾਂ ਦਿਲ ਦੀਆਂ ਖੋਲ ਸੁਣਾਵਾਂ ।
ਮਾਰ ਗੰਢਾਸਾ ਗਰਦਨ ਤੇ
ਫੇਰ ਵੀ ਚਿੱਤ ਨਾ ਰੱਤਾ ਬੁਲਾਵਾਂ ।
ਪਿੰਡ ਮੈਨੂੰ ਦਿਸੇ "ਪਪਰਾਲਾ "ਨਾ 
ਜਿੱਥੇ ਬਾਬਲਾ"ਸ਼ਾਇਰ "ਡੇਰਾ ਲਾਇਆ
ਮੈਂ.......

7 ਮੈਂ ਤਾਂ ਬਿਨਾਂ ਕਸੂਰੋ ਸੀ  ਬਾਬਲਾ 
ਨਾ ਸੱਚ ਵੀਜੇ ਨੂੰ ਆਇਆ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਖੂਨ ਦੀ ਬਰਸਾਤ ✍️ਸਲੇਮਪੁਰੀ ਦੀ ਚੂੰਢੀ

ਮਨੁੱਖ ਦੀ ਵਾਹ ਚੱਲਦੀ
ਤਾਂ
ਅਕਾਸ਼ ਵਿੱਚ ਵੀ
ਧਰਮ ਦੀਆਂ,
ਜਾਤਾਂ-ਕੁਜਾਤਾਂ ਦੀਆਂ,
ਨਸਲਾਂ ਦੀਆਂ,
ਕਬੀਲਿਆਂ ਦੀਆਂ,
ਕੰਡਿਆਲੀ ਤਾਰਾਂ ਦੀਆਂ
ਕੰਧਾਂ ਉਸਾਰੀਆਂ
ਹੋਣੀਆਂ ਸੀ!
ਫਿਰ ਸਾਇਬੇਰੀਆ ਤੋਂ
ਕੂੰਜਾਂ ਦੇ ਕਾਫਲੇ
ਹਰੀਕੇ ਪੱਤਣ
ਨਹੀਂ ਸੀ ਆਉਣੇ,
ਸਗੋਂ -
ਅਕਾਸ਼ ਵਿੱਚੋਂ
ਟੁੱਟਦੇ ਤਾਰਿਆਂ
ਥਾਂ ਦੀ
ਬੇਰਹਿਮੀ ਨਾਲ
ਕੂੰਜਾਂ  ਦੇ ਵੱਢੇ ਖੰਭ,
ਜਖਮੀ ਪਹੁੰਚੇ
ਡਿੱਗਦੇ ਦਿਖਾਈ ਦੇਣੇ ਸੀ!
 ਹੱਦਾਂ ਬੰਨੇ
ਤੋੜ ਕੇ
ਇੱਧਰ, ਉਧਰ ਜਾਂਦੀਆਂ
ਚਿੜੀਆਂ ਦੀ
 ਚੀੰ-ਚੀੰ
ਦੀ ਥਾਂ
 ਚਿੜੀਆਂ ਦੇ  
ਰੋਣ ਦੀ ਅਵਾਜ
 ਸੁਣਾਈ ਦੇਣੀ ਸੀ!
ਅਕਾਸ਼ ਵਿੱਚ ਉਡਾਰੀਆਂ
ਮਾਰਦੀਆਂ
ਗੁਟਾਰਾਂ ਦੇ
ਚਿਹਰਿਆਂ 'ਤੇ
ਹਾਸੇ ਨਹੀਂ,
ਸਗੋਂ
 ਉਦਾਸੀ ਦੇ ਬੱਦਲ
ਛਾਏ ਹੋਣੇ ਸੀ!
ਸ਼ੁਕਰ ਆ!
ਪੰਛੀਆਂ ਨੇ
 ਮਨੁੱਖ ਤੋਂ
ਧਰਮ ਦਾ,
ਜਾਤ ਦਾ,
ਨਸਲ ਦਾ,
ਕਬੀਲਿਆਂ ਦੇ
ਵਿਤਕਰਿਆਂ ਦਾ
ਪਾਠ ਨਹੀਂ ਸਿੱਖਿਆ
ਨਹੀਂ ਤਾਂ -
ਪੰਛੀਆਂ ਦੇ ਮੂੰਹਾਂ 'ਤੇ
ਉਂਗਲੀਆਂ !
ਅੱਖੀਆਂ 'ਤੇ
ਪੱਟੀਆਂ,
 ਕੰਨਾਂ ਵਿਚ
ਸਿੱਕੇ  !
ਹੱਥ-ਪੈਰ ਕੱਟੇ!
ਜੀਭਾਂ ਵੱਢੀਆਂ,
ਤੇ ਪਿੰਡੇ
ਲਹੂ-ਲੁਹਾਣ ਮਿਲਣੇ ਸੀ!
ਸ਼ਾਂਤੀ ਦਾ ਪ੍ਰਤੀਕ
ਘੁੱਗੀਆਂ, ਕਬੂਤਰਾਂ ਦੇ
 ਖੰਭਾਂ 'ਤੇ
ਅਹਿੰਸਾ, ਨਫਰਤਾਂ
ਦਾ ਸ਼ਬਦ
ਉੱਕਰਿਆ ਹੋਣਾ ਸੀ!
ਤੇ ਅਕਾਸ਼ ਵਿੱਚੋਂ
ਮੀਂਹ ਦੀ ਨਹੀਂ,
ਰੋਜ ਲਹੂ ਦੀ
ਮੋਹਲੇਧਾਰ
ਬਰਸਾਤ ਹੋਣੀ ਸੀ!
ਸੁਖਦੇਵ ਸਲੇਮਪੁਰੀ
09780620233
17 ਅਕਤੂਬਰ, 2021.

ਖੇਡ ਲੈ ਕਬੱਡੀ ✍️ ਦਿਲਸ਼ਾਨ

ਛੱਡ ਆਲਸ ਤੇ ਮਿਹਨਤ ਤੂੰ ਕੜੀ ਕਰ   ਲੈ, ਛੱਡ ਡਰਨਾ ਤੇ ਉਂਗਲ ਤੂੰ ਖੜੀ ਕਰ ਲੈ, ਖੜ ਰੇਡਰ ਦੇ ਮੂਹਰੇ ਜੇ ਪਹਾੜ ਬਣਨਾਂ, 

ਆਜਾ ਖੇਡ ਲੈ ਕਬੱਡੀ ਜੇ ਸਟਾਰ ਬਣਨਾਂ---                                                                                      

ਲੱਖਾਂ ਤੇ ਕਰੋੜਾਂ ਦੀ ਐ ਹੋਗੀ ਇਹ ਕਬੱਡੀ ਉਏ, ਇੱਕ ਵਾਰੀ ਖੇਡੀ ਜੀਹਨੇਂ ਮੁੜਕੇ ਨਾਂ ਛੱਡੀ ਉਏ, ਲਾ ਲੈ ਡੰਡ ਜੇਕਰ ਦਮਦਾਰ ਬਣਨਾਂ,

ਆਜਾ ਖੇਡ ਲੈ ਕਬੱਡੀ ਜੇ ਸਟਾਰ ਬਣਨਾਂ---                                                   

ਰੱਖੀਂ ਤੂੰ ਬਣਾਕੇ ਦੂਰੀ ਨਸ਼ਿਆਂ ਤੋਂ ਕੋਹਾਂ ਦੀ, ਕਰ ਨੇਕ ਕਮਾਈ ਲੋੜ ਕੀ ਐ ਲੁੱਟਾਂ ਖੋਹਾਂ ਦੀ, ਟੀਮ ਆਪਣੀ ਦਾ ਜੇ ਤੂੰ ਸਰਦਾਰ ਬਣਨਾਂ,

ਆਜਾ ਖੇਡ ਲੈ ਕਬੱਡੀ ਜੇ ਸਟਾਰ ਬਣਨਾਂ-----                                                  

ਚੰਗੀਆਂ ਖੁਰਾਕਾਂ ਖਾ ਕੇ ਸਿੱਖ ਥਾਪੀ ਮਾਰਨੀਂ, ਲੱਗ ਜਾਵੇ ਜੱਫਾ ਜੇ ਹਿੰਮਤ ਨੀਂ ਹਾਰਨੀਂ, ਧਾਵੀ ਸਿਰੇ ਦਾ ਜੇ ਤੂੰ ਵੀ ਹੁਸ਼ਿਆਰ ਬਣਨਾਂ, 

ਆਜਾ ਖੇਡ ਲੈ ਕਬੱਡੀ ਜੇ ਸਟਾਰ ਬਣਨਾਂ-----                                   

ਲੱਗੇ "ਦਿਲਸ਼ਾਨ" ਨੂੰ ਵੀ ਖੇਡ ਇਹ ਪਿਆਰੀ ਉਏ, ਰੱਬ ਕਰੇ ਬਚੇ ਰਹਿਣ ਸੱਟ ਤੋਂ ਖਿਡਾਰੀ ਉਏ, ਜੇ ਤੂੰ ਖੇਡ ਦੇ ਮੈਦਾਨਾਂ ਦਾ ਸ਼ਿੰਗਾਰ ਬਣਨਾਂ, 

ਆਜਾ ਖੇਡ ਲੈ ਕਬੱਡੀ ਜੇ ਸਟਾਰ ਬਣਨਾਂ------             

ਦਿਲਸ਼ਾਨ  ਪਿੰਡ ਤੇ ਡਾਕਖਾਨਾ ਲੰਡੇ ਜਿਲਾ ਮੋਗਾ ਪਿੰਨ ਕੋਡ 142049   ਮੋਬਾਈਲ 9914304172

ਬੁੱਧ ਉਦਾਸ ਤੇ ਨਾਨਕ ਅੱਖਾਂ ਮਲ ਰਿਹਾ ਹੈ ✍️ ਸਲੇਮਪੁਰੀ ਦੀ ਚੂੰਢੀ

ਬੇਈਮਾਨੀਆਂ, ਠੱਗੀਆਂ ਦਾ
 ਹਨੇਰਾ ਜਿਹਾ ਛਾ ਗਿਆ,
ਚੁਸਤੀਆਂ, ਚਲਾਕੀਆਂ ਦਾ
 ਦੌਰ ਚੱਲ ਰਿਹਾ ਹੈ!
ਮਨੁੱਖਾਂ ਦਾ ਜੀਣਾ
 ਕੀੜਿਆਂ ਤੋਂ ਮਾੜਾ ਹੋ ਗਿਆ,
ਸੱਚ ਦੇ ਖੇਤ ਅੰਦਰ
 ਝੂਠ ਪਲ ਰਿਹਾ ਹੈ!
ਲੋਕਾਂ ਨੂੰ ਉਕਸਾਉਣਾ
ਉਨ੍ਹਾਂ ਦਾ ਧਰਮ ਬਣ ਗਿਆ,
ਤਾਹੀਓਂ ਤਾਂ ਮਨੁੱਖਤਾ ਦਾ
ਧਰਮ ਜਲ ਰਿਹਾ ਹੈ!
ਈਮਾਨ ਦੇ ਢਿੱਡ ਵਿਚ
ਖੰਜਰ ਵੇਖ ਕੇ,
'ਬੁੱਧ' ਉਦਾਸ ਹੋਇਆ
'ਨਾਨਕ' ਅੱਖਾਂ ਮਲ ਰਿਹਾ ਹੈ।
ਤੂੰ ਹੌਸਲਾ ਨਾ ਛੱਡੀੰ
 ਹਨੇਰਿਆਂ ਨੂੰ ਚੀਰਨ ਲਈ,
ਨਾ 'ਅੱਜ' ਨੇ ਰਹਿਣਾ,
ਨਾ 'ਕੱਲ੍ਹ' ਰਿਹਾ ਹੈ!
-ਸੁਖਦੇਵ ਸਲੇਮਪੁਰੀ
13 ਅਕਤੂਬਰ, 2021.

ਮੇਰੇ ਬਚਪਨ ਵਾਲੀ ਸਾਂਝੀ ਮਾਈ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਮੇਰੇ ਬਚਪਨ ਵਾਲੀ ਸਾਂਝੀ ਮਾਈ ………………
ਦੋਸਤੋਂ ਨਰਾਤਿਆਂ ਦੇ ਆਉਣ ਤੋਂ ਕੁੱਝ ਦਿਨ ਪਹਿਲਾ ਪਿੰਡਾਂ ਵਿੱਚ ਬੱਚਿਆਂ ਵਿੱਚ ਖ਼ਾਸ ਕਰ ਕਰਕੇ ਕੁੜੀਆਂ ਵਿੱਚ ਸਾਂਝੀ ਮਾਈ ਦੀ ਤਿਆ੍ਰਰੀ ਸ਼ੁਰੂ ਹੋ ਜਾਂਦੀ ਹੈ।ਇਹ ਰੌਣਕ ਕਿਸੇ ਇੱਕ ਦੇ ਘਰ ਜਾਂ ਸਾਂਝੀ ਥਾਂ ਵਿੱਚ ਲੱਗਦੀ ਹੈ।ਮੈਨੂੰ ਵੀ ਅਸੀਂ ਆਪਣੇ ਬਚਪਨ ਦੀ ਸਾਂਝੀ ਮਾਈ ਯਾਦ ਆ ਗਈ ਹੈ।ਜਦੋਂ ਅਕਤੂਬਰ ਮਹੀਨਾ ਆਉਣ ਵਾਲਾ ਹੁੰਦਾ ਸੀ ਜਾਂ ਦੁਸਹਿਰੇ ਦੇ ਤਿਉਹਾਰ ਬਾਰੇ ਪਤਾ ਲੱਗ ਜਾਂਦਾ ਸੀ ਤਾਂ ਮਹੀਨਾ ਪਹਿਲਾ ਹੀ ਅਸੀਂ ਸਾਰੇ ਰਲ ਕੇ ਘਰ ਦੇ ਕੋਲੋਂ ਟੋਭੇ ਵਿੱਚੋਂ ਚੀਕਣੀ ਮਿੱਟੀ ਪੁੱਟਣ ਚਲੇ ਜਾਂਦੇ ਸੀ ਉਸ ਸਮੇਂ ਮਿੱਟੀ ਘਰ ਦੇ ਨੇੜੇ ਟੋਭੇ ਦੀ ਪੱਤਣ ‘ਤੇ ਹੀ ਮਿਲਦੀ ਸੀ।ਸਾਰੇ ਆਂਢ ਗੁਆਂਢ ਦੇ ਬੱਚੇ ਖ਼ਾਸਕਰ ਕੁੜੀਆਂ ਸਾਰੀਆਂ ਇਕੱਠੀਆਂ ਹੋਕੇ ਮਿੱਟੀ ਲੈਣ ਚਲੀਆਂ ਜਾਂਦੀਆਂ ।ਇਹ ਸਾਰਾ ਸਮਾਨ ਉਸ ਘਰ ਵਿੱਚ ਰੱਖਿਆਂ ਹੁੰਦਾ ਸੀ ਜਿੰਨਾਂ ਨੇ ਸਾਂਝੀ ਮਾਈ ਦੀ ਸੁੱਖ ਸੁੱਖੀ ਹੁੰਦੀ ਸੀ ।ਚੀਕਣੀ ਮਿੱਟੀ ਨੂੰ ਕੁੱਟ ਕੇ ਛਾਣ ਕੇ ਆਟੇ ਵਾਂਗ ਗੁੰਨ ਲੈਂਦੇ ਸੀ ਤੇ ਫਿਰ ਉਸਦੇ ਤਾਰੇ ਬਣਾਉਂਦੇ ਸੀ ਛੋਟਿਆਂ ਬੱਚਿਆਂ ਨੂੰ ਤਾਰੇ ਨਹੀਂ ਆਉਂਦੇ ਸਨ ਤਾਂ ਉਹਨਾਂ ਨੂੰ ਤਾਰੇ ਧੁੱਪੇ ਸੁੱਕਣੇ ਪਾਉਣ ਦਾ ਕੰਮ ਦਿੱਤਾ ਜਾਂਦਾ ਸੀ।ਸਕੂਲੋਂ ਆਉਣ ਸਾਰ ਸ਼ਾਮ ਦੇ ਚਾਰ ਵਜੇ ਹੀ ਤਾਰੇ ਬਣਾਉਣ ਲੱਗ ਜਾਂਦੇ ਸੀ।ਸਾਂਝੀ ਮਾਈ ਦੇ ਲਈ ਲੋੜੀਦੇ ਸਮਾਨ ਲਈ ਸਾਰਿਆਂ ਤੋਂ ਥੋੜ੍ਹੇ ਬਹੁਤੇ ਪੈਸੇ ਜਾਂ ਦਾਣੇ ਇਕੱਠੇ ਕੀਤੇ ਜਾਂਦੇ ਸੀ।ਸਾਰੇ ਜਾਣੇ ਰਲ ਕੇ ਹੀ ਸਾਂਝੀ ਮਾਈ ਤਿਆਰ ਕਰਦੇ ਸੀ।ਅੱਜ ਵੀ ਓਸੇ ਤਰ੍ਹਾਂ ਹੀ ਸਾਂਝੀ ਮਾਈ ਦੇ ਸਾਰੇ ਅੰਗ ਬਣਾਏ ਜਾਂਦੇ ਹਨ।ਮੂੰਹ ਉੱਪਰ ਕੋਡੀਆਂ ਜਾ ਕੱਚ ਦੀਆਂ ਗੋਲ਼ੀਆਂ ਲਗਾਈਆਂ ਜਾਂਦੀਆਂ ਹਨ।ਸਾਰੇ ਗਹਿਣੇ ਵੀ ਬਣਾਏ ਜਾਂਦੇ ਹਨ।ਇਹ ਸਾਰੇ ਅੰਗ ਚੰਦ, ਸੂਰਜ, ਤਾਰੇ ਗਹਿਣੇ ਸੁੱਕ ਜਾਂਦੇ ਹਨ।ਤਾਂ ਇਹਨਾਂ ਨੂੰ ਕਲੀ ਕੀਤੀ ਜਾਦੀ ਹੈ।ਪਹਿਲਾ ਨਰਾਤੇ ਵਾਲੇ ਦਿਨ ਘਰ ਦੀ ਇੱਕ ਕੰਧ ਤੇ ਪਹਿਲਾ ਗੋਹਾ ਮਿਟੀ ਥੱਪਿਆ ਜਾਂਦਾ ਹੈ। ਫਿਰ ਉਸ ਉਪਰ ਸਾਂਝੀ ਮਾਈ ਤੇ ਤਾਰੇ ਵੀ ਚਿਪਕਾ ਦਿੱਤੇ ਜਾਂਦੇ ਹਨ।ਸਾਂਝੀ ਮਾਈ ਉੱਤੇ ਗੋਟੇ ਵਾਲੀ ਲਾਲ ਚੁੰਨੀ ਦਿੱਤੀ ਜਾਂਦੀ ਹੈ।ਸਾਂਝੀ ਮਾਈ ਦੀ ਪੂਜਾ ਦੁਸਹਿਰੇ ਤੋਂ ਪਹਿਲਾਂ ਨੌਂ ਰਾਤਾਂ (ਨਰਾਤਿਆਂ ) ਦੌਰਾਨ ਕੀਤੀ ਜਾਂਦੀ ਹੈ। ਪੰਜਾਬ ਵਿੱਚ ਸਾਂਝੀ ਮਾਈ ਦੀ ਮੂਰਤੀ ਬਣਾ ਕੇ ਉਸ ਦੀ ਪੂਜਾ ਕੀਤੀ ਜਾਂਦੀ ਹੈ। ਨਾਲ ਤਾਰਿਆ ਦਾ ਬਰੋਟਾ ਵੀ ਲਾਇਆ ਜਾਂਦਾ ਹੈ।ਇਸ ਲੋਕ ਦੇਵੀ ਦਾ ਸਬੰਧ ਲੋਕ ਧਰਮ ਨਾਲ ਹੈ।ਪਹਿਲੇ ਨਰਾਤੇ ਮੂਰਤੀ ਹੇਠਾਂ ਕੋਰੇ ਕੁੱਜੇ ਵਿੱਚ ਜਾਂ ਭੁੰਜੇ ਹੀ ਕਿਆਰੀ ਬਣਾ ਕੇ ਜੌਂ ਬੀਜੇ ਜਾਂਦੇ ਹਨ। ਕੁੜੀਆਂ ਹਰ ਰੋਜ਼ ਸਵੇਰੇ ਪਾਣੀ ਪਾ ਇਸਨੂੰ ਮੱਥਾ ਟੇਕਦੀਆ ਹਨ। ਸਵੇਰੇ ਸਾਂਝੀ ਨੂੰ ਜਗਾਉਂਦੀਆਂ ਹਨ ।ਗੀਤ ਵੀ ਗਾਉਂਦੀਆਂ ਹਨ।

ਜਾਗ ਸਾਂਝੀ ਜਾਗ,
ਤੇਰੇ ਮੱਥੇ ਲੱਗੇ ਭਾਗ,
ਤੇਰੇ ਪੱਟੀਆਂ ਸਿਰ ਸੁਹਾਗ।

ਉੱਠ ਮੇਰੀ ਸਾਂਝੀ ਉੱਠ ਕੇ ਕੂੰਡਾ ਖੋਲ
ਕੁੜੀਆਂ ਆਈਆਂ ਤੇਰੇ ਕੋਲ ।
ਹਰ ਸ਼ਾਮ ਕੁੜੀਆਂ ਮੂਰਤੀ ਅੱਗੇ ਦੀਵੇ ਜਗਾਉਦੀਆਂ ਤੇ ਗੀਤ ਗਾਉਦੀਆਂ ਹਨ।ਆਰਤੀ ਇਸ ਪ੍ਰਕਾਰ ਸ਼ੁਰੂ ਕਰਦੀਆਂ ਹਨ।

ਪਹਿਲੀ ਆਰਤੀ ਕਰਾ ਕਰਾਰ।
ਜੀਵੇ ਮੰਗ ਵੀਰ ਪਿਆਰ।
ਵੀਰ ਪਿਆਰ ਦੀਆਂ ਅੜੀਆ।
ਸ਼ਿਵ ਦੁਆਲੇ ਖੜ੍ਹੀਆ।
ਅਸੀਂ ਹਰਿ ਦਾ ਦਰਸ਼ਨ ਪਾਇਆ।

ਸਾਂਝੀ ਮਾਈ ਦੀ ਗਹਿਣਿਆਂ ਦੀ ਮੰਗ ਪੂਰੀ ਕਰਨ ਲਈ ਕੁੜੀਆਂ ਵੱਲੋਂ ਰਲ ਕੇ ਇਹ ਗੀਤ ਗਾਇਆ ਜਾਂਦਾ ਹੈ

ਮੇਰੀ ਸਾਂਝੀ ਤਾਂ ਮੰਗਦੀ
ਛੱਜ ਭਰ ਗਹਿਣੇ?
ਕਿੱਥੋਂ ਲਿਆਵਾ ਮੇਰੀ ਸਾਂਝੀ
ਮੈਂ ਛੱਜ ਭਰ ਗਹਿਣੇ?
ਵੀਰ ਮੇਰਾ ਸੁਣਿਆਰੇ ਦਾ ਸਾਖੀ
ਉਥੇ ਲਿਆਵਾ ਮੈਂ ਛੱਜ ਭਰ ਗਹਿਣੇ।
ਤੂੰ ਲੈ ਮੇਰੀ ਸਾਂਝੀ
ਛੱਜ ਭਰ ਗਹਿਣੇ।

ਸਾਂਝੀ ਮਾਈ ਦੀ ਪੂਜਾ ਹਰ ਰੋਜ਼ ਸ਼ਾਮ ਵਕਤ ਕੀਤੀ ਜਾਂਦੀ ਹੈ। ਦੇਵੀ ਦੀ ਆਰਤੀ ਉਤਾਰਨ ਉਪਰੰਤ ਦੇਵੀ ਨੂੰ ਭੇਟ ਕੀਤਾ ਪੰਜੀਰੀ ਦਾ ਪ੍ਰਸ਼ਾਦ ਜਾ ਖਿੱਲਾਂ ਦਾ ਭੋਗ ਸਾਰਿਆਂ ਵਿੱਚ ਵੰਡਿਆ ਜਾਂਦਾ ਹੈ। ਆਰਤੀ ਤੋਂ ਬਾਅਦ ਸਾਰੇ ਬੱਚੇ ਆਟੇ ਦੀ ਸੁੱਕੀ ਪੰਜੀਰੀ ਦੀਆਂ ਮੂੰਹ ਵਿੱਚ ਫੱਕਾ ਮਾਰਦੇ ਭੱਜੇ ਆਉਂਦੇ । ਦੁਸਹਿਰੇ ਵਾਲੇ ਦਿਨ, ਕੁੜੀਆਂ ਸਵੇਰੇ ਤਿੰਨ ਚਾਰ ਵਜੇ ਉੱਠ ਕੇ ਉਸੇ ਦਿਨ ਸਰਘੀ ਵੇਲੇ ਸਾਂਝੀ ਮਾਈ ਦੀ ਮੂਰਤੀ ਨੂੰ ਕੰਧ ਤੋਂ ਉਤਰ ਕੇ
ਗੀਤ ਗਾਉਂਦੀਆਂ ਔਰਤਾਂ ਅਤੇ ਬਚਿਆਂ ਦੇ ਟੋਲਿਆਂ ਵਲੋਂ ਕਿਸੇ ਟੋਭੇ ਜਾਂ ਨਦੀ ਨਾਲੇ ਵਿੱਚ, ਜਲ-ਪ੍ਰਵਾਹ ਕਰ ਦਿੱਤਾ ਜਾਂਦਾ ਹੈ।ਚੰਨ ਤੇ ਸੂਰਜ ਨੂੰ ਰੱਖਿਆਂ ਜਾਂਦਾ ਸੀ ਦੀਵਾਲੀ ਤੱਕ।ਉਸ ਸਮੇਂ ਸਾਂਝੀ ਮਾਈ ਲਈ ਗੀਤ ਗਾਇਆ ਜਾਂਦਾ ਹੈ

ਨਾ ਗੋਅ ਮੇਰੀਏ ਸਾਂਝੀਏ,
ਵਰੇ ਦਿਨਾਂ ਨੂੰ ਫੇਰ ਆਵਾਂਗੇ,
ਤੈਨੂੰ ਫੇਰ ਲਿਆਵਾਂਗੇ।
ਇਸ ਤੋਂ ਬਾਅਦ ਗੁਰੂ ਘਰ ਮੱਥਾ ਟੇਕ ਕੇ ਫਿਰ ਸਾਰਿਆਂ ਨੂੰ
ਭੋਗ ਵੰਡਿਆਂ ਜਾਂਦਾ ਹੈ।ਅਸੀਂ ਸਾਰੇ ਹੀ ਬੜੇ ਚਾਅ ਨਾਲ ਭੋਗ ਕੋਲੀਆਂ ਵਿੱਚ ਪਵਾ ਕੇ ਖਾਂਦੇ ਸੀ।ਓਸੇ ਦਿਨ ਹੀ ਕੁੜੀਆਂ
ਜੌਂਆਂ ਦੀਆਂ ਹਰੀਆਂ ਲਿਟਾਂ ਭਰਾਵਾਂ ਦੀਆਂ ਪੱਗੜੀਆਂ ਜਾਂ ਕੰਨਾਂ ਉੱਤੇ ਟੰਗਦੀਆਂ ਹਨ।ਉਸ ਦਿਨ ਗੰਨਾ ਚੂਪਣਾ ਚੰਗਾ ਸਮਝਿਆਂ ਜਾਂਦਾ ਹੈ।ਦਿਨ ਚੜ੍ਹਨ ‘ਤੇ ਸਾਰੇ ਅਸੀਂ ਫਿਰ ਗੰਨੇ ਚੂਪਦੇ ਤੇ ਦੁਸਹਿਰਾ ਦੇਖਣ ਜਾਂਦੇ ਸੀ।ਬਚਪਨ ਵਿੱਚ ਇਹ ਸਾਂਝੀ ਮਾਈ ਦੀ ਤਿਆਰੀ ਤੋਂ ਲੈਕੇ ਦੀਵਾਲੀ ਤੱਕ ਇਹ ਦਿਨ ਬੜੇ ਹੀ ਚਾਅ ਮਸਤੀ ਭਰਪੂਰ ਹੁੰਦੇ ਸੀ ।

ਗਗਨਦੀਪ ਧਾਲੀਵਾਲ ਝਲੂਰ ਬਰਨਾਲਾ ।

ਧੀ ਰਾਣੀ  ✍️    ਦਿਲਸ਼ਾਨ

ਮੇਰੇ ਘਰ ਵਿੱਚ ਜਦ ਦੀ ਆਈ ਧੀ ਰਾਣੀ,

ਖੁਸ਼ੀਆਂ,ਖੇੜੇ ਹਾਸੇ ਨਾਲ ਲਿਆਈ ਧੀ ਰਾਣੀ ।                  

- ਓਦਣ ਦੀ ਐ ਰੌਣਕ ਵਿਹੜੇ ਵਿਚ ਰਹਿੰਦੀ, 

ਰੱਬ ਦਾ ਨਾਂਉਂ ਹਰ ਵੇਲੇ ਹੈ ਉਹ ਲੈਂਦੀ,                         

ਜਾਂਦੀ ਮੇਰੇ ਸਾਰੇ ਦੁੱਖ ਵੰਡਾਈ ਧੀ ਰਾਣੀ, 

ਮੇਰੇ ਘਰ ਵਿੱਚ ਜਦ ਦੀ ਆਈ ਧੀ ਰਾਣੀ,                       

ਖੁਸ਼ੀਆਂ ਖੇੜੇ ਹਾਸੇ ਨਾਲ ਲਿਆਈ ਧੀ ਰਾਣੀ ।                

-ਜਨਮੀ ਸੀ ਜਿਸ ਦਿਨ ਉਹ ਭਾਗਾਂ ਭਰਿਆ ਸੀ,                 

 ਜੀਕਣ ਕੋਈ ਰਹਿਮਤ ਵਾਲ਼ਾ ਬੱਦਲ ਵਰਿਆ ਸੀ,              

ਜਿੰਦਗੀ ਦੇ ਵਿੱਚ ਕੀਤੀ ਆਣ ਰੁਸ਼ਨਾਈ ਧੀ ਰਾਣੀ,            

ਮੇਰੇ ਘਰ ਵਿੱਚ ਜਦ ਦੀ ਆਈ ਧੀ ਰਾਣੀ,                        

ਖੁਸ਼ੀਆਂ ਖੇੜੇ ਹਾਸੇ ਨਾਲ ਲਿਆਈ ਧੀ ਰਾਣੀ।                  

-ਨੀਵੀਂ ਪਾ ਕੇ ਚੱਲਣਾ ਉਹਦੀ ਆਦਤ ਹੈ,                         

ਹਰ ਕੰਮ ਵਿੱਚ ਉਹ ਲੈਂਦੀ ਮੇਰੀ ਇਜਾਜ਼ਤ ਹੈ,                   

ਜਾਵੇ ਮੇਰਾ ਹਰ ਇੱਕ ਹੁਕਮ ਵਜਾਈ ਧੀ ਰਾਣੀ,                 

ਮੇਰੇ ਘਰ ਵਿੱਚ ਜਦ ਦੀ ਆਈ ਧੀ ਰਾਣੀ ,                       

ਖੁਸ਼ੀਆਂ ਖੇੜੇ ਹਾਸੇ ਨਾਲ ਲਿਆਈ ਧੀ ਰਾਣੀ ।                 

ਦਿਲਸ਼ਾਨ ਦੁਆਵਾਂ ਮੰਗਦਾ ਰਹਿੰਦਾ ਰੂਹ ਲਾ ਕੇ,               

ਤੱਤੀ ਵਾਅ ਨਾਂ ਲੱਗੇ ਸਹੁਰੇ ਘਰ ਜਾ ਕੇ,                          

ਡੋਲੀ ਵਿੱਚ ਬਿਠਾ ਨਹੀਂ ਜਾਣੀ ਭੁਲਾਈ ਧੀ ਰਾਣੀ,               

ਮੇਰੇ ਘਰ ਵਿੱਚ ਜਦ ਦੀ ਆਈ ਧੀ ਰਾਣੀ,                       

ਖੁਸ਼ੀਆਂ ਖੇੜੇ ਹਾਸੇ ਨਾਲ ਲਿਆਈ ਧੀ ਰਾਣੀ ।

------------

ਦਿਲਸ਼ਾਨ

ਪਿੰਡ ਤੇ ਡਾਕਖਾਨਾ ਲੰਡੇ ,

ਜਿਲਾ ਮੋਗਾ ਪਿੰਨ ਕੋਡ 142049  

ਮੋਬਾਈਲ 9914304172

ਝੂਠ ਦੀ ਹੱਟੀ ✍️ ਸਲੇਮਪੁਰੀ ਦੀ ਚੂੰਢੀ

ਝੂਠ ਦੀ ਹੱਟੀ 

ਝੂਠ ਕਮਾਵੈ,
ਝੂਠ ਹੰਢਾਵੈ, 
ਝੂਠ ਦੀ ਖਾਵੈ ਖੱਟੀ! 
ਝੂਠ ਦਾ ਸੌਦਾ, 
ਝੂਠ ਦੀ ਤੱਕੜੀ, 
ਝੂਠ ਦੀ ਖੋਲ੍ਹੀ ਹੱਟੀ ।
ਝੂਠ ਬਿਨ੍ਹਾਂ ਜੱਗ 
ਸੁੰਨਾ ਸੁੰਨਾ,
ਲੱਗਦਾ ਝੂਠ ਪਿਆਰਾ।
ਝੂਠ ਦੇ ਲੱਗੀ,
 ਉੱਚੀ ਕਲਗੀ 
 ਝੂਠ ਦਾ ਸੱਭ ਪਸਾਰਾ।
ਸੱਚ ਤਾਂ ਲੱਗਦਾ 
ਵਿਹੁ ਤੋਂ ਮਾੜਾ, 
 ਝੂਠ ਦਾ ਇਕ ਸਹਾਰਾ । 
ਝੂਠ ਦੇ ਕੱਪੜੇ 
ਝੂਠ ਦੀ ਰੋਟੀ 
 ਝੂਠ ਦਾ  ਵਰਤਾਰਾ। 
ਝੂਠ ਤਾਂ ਹੁੰਦਾ 
ਗੰਦ ਦਾ ਕੀੜਾ 
ਸੱਚ ਸੋਨੇ ਦਾ ਗਹਿਣਾ। 
ਝੂਠ ਤਾਂ ਹੁੰਦਾ 
ਵਾਂਗ ਭਕਾਨਾ 
ਓੜਕ ਸੱਚ ਨੇ ਰਹਿਣਾ !

 
-ਸੁਖਦੇਵ ਸਲੇਮਪੁਰੀ 
09780620233 
15 ਸਤੰਬਰ, 2021.

ਪੱਗ ਜਾਂ ਜਿੰਮੇਵਾਰੀ .✍️ ਰਮੇਸ਼ ਕੁਮਾਰ ਜਾਨੂੰ

ਪੱਗ ਬੰਨਣ ਤੋਂ ਪਹਿਲਾਂ ਇੱਕ ਵਾਰੀ 
     ਇਸ ਗੱਲ ਤੇ ਜਰਾ ਵਿਚਾਰ ਹੋਵੇ
 
ਤੂੰ ਹੱਕ ਤੇ ਸੱਚ ਦੀ ਗੱਲ ਕਰਨੀ 
     ਜੇ ਗੂੜ੍ਹਾ ਪੱਗ ਦੇ ਨਾਲ ਪਿਆਰ ਹੋਵੇ 

ਪੱਗ ਬੰਨ ਕੇ ਬੁਰਾਈ ਤੋਂ ਦੂਰ ਰਹੀਂ 
     ਪੱਗ ਐਂਵੇ ਨਾ ਖੱਜਲ ਖੁਆਰ ਹੋਵੇ 

ਤੇਰੇ ਕਰਕੇ ਪਾਏ ਪੱਗ ਨੂੰ ਹੱਥ ਕੋਈ 
     ਇਸ ਗੱਲ ਦਾ ਆਪ ਤੂੰ ਜਿੰਮੇਵਾਰ ਹੋਵੇ 

ਪੱਗ ਬੰਨ ਕੇ ਨੇਕੀ ਕਮਾ ਏਨੀ 
     ਤੇਰੀ ਪੱਗ ਦਾ ਸਦਾ ਸਤਿਕਾਰ ਹੋਵੇ 

ਪੱਗ ਬੰਨ ਕੇ ਵੇਖ ਰਮੇਸ਼ ਜਾਨੂੰ 
     ਪੱਗ ਬਾਝ ਨਾ ਕੋਈ ਸਰਦਾਰ ਹੋਵੇ 

ਪੱਗ ਸਿਰ ਤੇ ਉਹੀ ਸੋਭਦੀ ਏ
     ਜਿਹੜੀ ਇੱਜਤਾਂ ਦੀ ਪਹਿਰੇਦਾਰ ਹੋਵੇ 
                         
                      ਲੇਖਕ- ਰਮੇਸ਼ ਕੁਮਾਰ ਜਾਨੂੰ 
                     ਫੋਨ ਨੰ:-98153-20080

ਦੋ ਗ਼ਜ਼ਲਾਂ ✍️ਜਸਵਿੰਦਰ ਸ਼ਾਇਰ "ਪਪਰਾਲਾ "

1)

ਮਾਏ ਸੁਣ ਪੁਕਾਰ ਨੀ ਮੇਰੀ ।
ਦਿਲ ਦੀ ਹਾਹਾ ਕਾਰ ਨੀ ਮੇਰੀ ।

ਗਮ ਦੀ ਚੱਕੀ ਜਿੰਦ ਨਿਮਾਣੀ 
ਪਿਸੀ ਪੁੜਾਂ ਵਿਚਕਾਰ ਨੀ ਮੇਰੀ ।

ਹੰਝੂ ਵਗਦੇ ਨੈਣਾਂ ਵਿੱਚੋਂ 
ਕਿਸਮਤ ਦੇਗੀ ਹਾਰ ਨੀ ਮੇਰੀ ।

ਜੋਗੀ ਗੇੜਾ ਕਦ ਲਾਵਣਗੇ 
ਧੂਣੀ ਠੰਡੀ ਠਾਰ ਨੀ ਮੇਰੀ ।

ਹੁਣ ਕੋਈ ਫਰਮਾਇਸ਼ ਨਾ ਚੱਲੂ 
ਹਾਰ ਗਈ ਸਰਕਾਰ ਨੀ ਮੇਰੀ ।

ਔੜੇ ਨਾਲ ਕੁੱਝ ਝੱਲੀ ਬਣਗੀ 
ਹੋਗੀ ਸੋਚ ਬਿਮਾਰ ਨੀ ਮੇਰੀ ।

"ਸ਼ਾਇਰ "ਮੇਰਾ ਘਰ ਮੁੜ ਆਵੇ
ਸੁਣਦਾ ਨਾ ਕਰਤਾਰ ਨੀ ਮੇਰੀ ।

2)

ਮਾਏ ਮੈਨੂੰ ਜ਼ਹਿਰ ਚੜਿਆ ।
ਭੈੜਾ ਨਾਗ ਇਸ਼ਕ ਦਾ ਲੜਿਆ ।

ਚੰਦਨ ਵਰਗਾ ਤਨ ਸੀ ਮੇਰਾ
ਭੱਠੀ ਹਿਜ਼ਰਾ ਦੀ ਵਿੱਚ ਸੜਿਆ ।

ਉਹੀਓ ਗਈਐ ਮਾਰ ਉਡਾਰੀ
ਜਿਸ ਸੀ ਮੈਂ ਲਿਖਿਆ ਪੜਿਆ ।

ਕੀਹਨੂੰ ਅੱਲੇ ਜ਼ਖ਼ਮ ਵਿਖਾਵਾਂ 
ਮੇਰਾ ਅੰਗ ਅੰਗ ਜਾਂਦਾ ਸੜਿਆ ।

ਕੇਹੜਾ ਵੈਦ ਉਤਾਰੂ ਦੱਸੀਂ
ਇਸ਼ਕੇ ਦਾ ਜੋ ਤੇਈਆ ਚੜਿਆ ।

ਉਸਦੇ ਬਾਝੋਂ "ਸ਼ਾਇਰ " ਨੇ  ਤਾਂ 
ਪੱਲਾ ਮੌਤ ਦੇ ਵਾਲਾ ਫੜਿਆ।

ਦਿਲ ਦੇ ਸੀ ਅਰਮਾਨ ਲੱਖਾਂ ਹੀ 
ਪੱਤੇ ਪੱਤਝੜ ਵਾਂਗੂੰ ਝੜਿਆ ।

ਕੀ ਮੁੱਲ ਲਗਦਾ ਸੀ ਵੇ ਤੇਰਾ
ਪਾਰ ਲਗਾ ਦਿੰਦਾ ਜੇ ਘੜਿਆ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਇੱਕ ਭਲਾ ਪੁਰਸ਼ ਸੀ ਆਇਆ

ਇੱਕ ਭਲਾ ਪੁਰਸ਼ ਸੀ ਆਇਆ
ਹੋ ਗਏ ਨੇ ਇੱਕੱਤਰ ਬਣਾ ਕੇ ਟੋਲੀ
ਚਿੱਟੇ ਕਾਲੇ ਗੋਰੇ ਮੱਧਮ ਤੇ ਵੱਖ ਵੱਖ ਵਰਗਾਂ ਦੀ ਬੋਲੀ
ਛਿੜ ਪਿਆ ਸੀ ਵਿਸ਼ਾ ਉਥੇ ਅੰਦਰੂਨੀ ਸੁੱਖ ਦੁੱਖ ਦਾ
ਕੋਠੀਆਂ ਕਾਰਾਂ ਧੱਕੇਸ਼ਾਹੀ ਤੇ ਨਾ ਮਿਟਣ ਵਾਲੀ ਭੁੱਖ ਦਾ
ਕਹਿੰਦੇ ਕਿੰਨੀ ਕੁ ਹੈ ਭਾਈ ਲੋੜ ਤੁਹਾਡੀ
ਇਹੀ ਹੋਇਆ ਨਾ ਅਹਿਸਾਸ ਕਦੇ
ਕਹਿੰਦੇ ਲੋੜੋਂ ਵੱਡੀਆਂ ਛਾਲਾਂ ਜੇ ਵੱਜਣ
ਤਦ ਹੋਵਾਂਗੇ ਅਸੀਂ ਖੁਸ਼ਹਾਲ ਬੜੇ
ਹੋਈ ਇਹ ਤਰੱਕੀ ਜਾਂ ਫਿਰ ਹੋਈ ਨਿਲਾਮੀ ਏ
ਆਪਣੀ ਹੀ ਇਸ ਰੂਹ ਅੰਦਰ ਭਰੀ ਪਈ ਗੁਲਾਮੀ                           

ਅਮਨਦੀਪ ਸਿੰਘ
ਸਹਾਇਕ ਪ੍ਰੋਫੈਸਰ 
ਆਈ.ਐਸ.ਐਫ ਫਾਰਮੈਸੀ ਕਾਲਜ, ਮੋਗਾ.
9465423413

ਦੋ ਗ਼ਜ਼ਲਾਂ ✍️ਜਸਵਿੰਦਰ ਸ਼ਾਇਰ "ਪਪਰਾਲਾ "

ਮੈਥੋਂ ਤਾਂ ਹੁਣ ਜੀ ਨੀ ਹੋਣਾ ।
ਘੁੱਟ ਗਮਾਂ ਦਾ ਪੀ ਨੀ ਹੋਣਾ ।

ਬੋਲਾਂ ਗਾ  ਸੱਚ ਰੁਕਣਾ ਔਖਾ,
ਬੁੱਲਾਂ ਨੂੰ ਵੀ ਸੀਅ ਨੀ ਹੋਣਾ ।

ਉਦੋਂ ਆਏ ਤਾਂ ਕੀ ਆਏ,
ਤਨ ਵਿੱਚ ਸਾਹ ਜਦ ਹੀ ਨੀ ਹੋਣਾ ।

ਧੱਕੇ ਮੁੱਕੇਬਾਜ਼ੀ ਤਾਹਨੇ ਗਾਲਾਂ,
ਬਿਨਾਂ ਤੇਰੇ ਕੀ ਕੀ ਨੀ ਹੋਣਾ ।

ਲੱਭੋਗੇ ਜਦ ਅਸਲ ਪਤੇ ਤੇ,
"ਸ਼ਾਇਰ " ਉੱਥੇ ਵੀ ਨੀ ਹੋਣਾ ।

ਬਾਲੋਂਗੇ ਜਦ ਨਾਂ ਦਾ ਦੀਵਾ ,
ਥੋਡੇ ਘਰ ਵਿੱਚ ਸੀ ਨੀ ਹੋਣਾ ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਝੂਠਾ ਬੰਦਾ ✍️ ਸਲੇਮਪੁਰੀ ਦੀ ਚੂੰਢੀ

-  ਕੁਰਸੀ ਖਾਤਰ
ਝੂਠ ਬੋਲਦੈਂ!
 ਨੋਟਾਂ ਖਾਤਰ,
ਕੁਫਰ ਤੋਲਦੈੰ!
ਝੂਠ ਪਹਿਨਦੈੰ,
ਤੂੰ ਝੂਠ ਦੀ ਪੰਡ!
ਤੇਰੇ ਅੰਦਰ ਛੁਰੀਆਂ,
 ਮੂੰਹ ਵਿਚ ਖੰਡ!
 ਸੱਚ ਨਾ ਪੱਚਦਾ ,
ਤੇਰੇ ਧੰਦੇ ਮਾੜੇ!
ਤੂੰ ਬਹੁਤ ਕਮੀਨਾ,
ਤੂੰ ਲੋਕੀਂ ਪਾੜੇ!
ਤੂੰ ਗੰਦ ਦਾ ਕੀੜਾ,
ਤੂੰ ਖੂਨ ਪੀਵੇੰ।
ਤੂੰ ਝੂਠ ਹੰਢਾਵੇੰ,
 ਝੂਠ 'ਚ ਜੀਵੇੰ।
 ਝੂਠ ਕਮਾਵੇੰ,
ਤੇਰਾ ਝੂਠ ਸਹਾਰਾ।
ਤੈਨੂੰ ਸੱਚ ਤੋਂ ਨਫਰਤ,
ਤੇਰਾ ਝੂਠ ਨਿਆਰਾ।
ਤੂੰ ਵੇਖੀਂ ਜਾਈਂ,
ਫਿਰ ਦਿਨ ਆਉਣਾ।
ਜਦ ਭੇਦ ਖੁਲੂਗਾ,
 ਪਊ ਪਛਤਾਉਣਾ!
ਜਿਹੜਾ ਝੂਠ ਬੋਲਦੈਂ ,
ਤੇਰੇ ਕੰਮ ਨ੍ਹੀਂ ਆਉਣਾ।
ਜਦੋਂ ਸੱਚ ਨੇ ਉੱਠਣਾ,
ਨ੍ਹੀਂ ਝੂਠ ਥਿਆਉਣਾ!
ਜਦ ਭੇਦ ਖੁਲੂਗਾ,
ਫਿਰ ਪਊ ਪਛਤਾਉਣਾ!

 

-ਸੁਖਦੇਵ ਸਲੇਮਪੁਰੀ
09780620233
12 ਸਤੰਬਰ, 2021.