ਮੇਰੇ ਬਚਪਨ ਵਾਲੀ ਸਾਂਝੀ ਮਾਈ ………………
ਦੋਸਤੋਂ ਨਰਾਤਿਆਂ ਦੇ ਆਉਣ ਤੋਂ ਕੁੱਝ ਦਿਨ ਪਹਿਲਾ ਪਿੰਡਾਂ ਵਿੱਚ ਬੱਚਿਆਂ ਵਿੱਚ ਖ਼ਾਸ ਕਰ ਕਰਕੇ ਕੁੜੀਆਂ ਵਿੱਚ ਸਾਂਝੀ ਮਾਈ ਦੀ ਤਿਆ੍ਰਰੀ ਸ਼ੁਰੂ ਹੋ ਜਾਂਦੀ ਹੈ।ਇਹ ਰੌਣਕ ਕਿਸੇ ਇੱਕ ਦੇ ਘਰ ਜਾਂ ਸਾਂਝੀ ਥਾਂ ਵਿੱਚ ਲੱਗਦੀ ਹੈ।ਮੈਨੂੰ ਵੀ ਅਸੀਂ ਆਪਣੇ ਬਚਪਨ ਦੀ ਸਾਂਝੀ ਮਾਈ ਯਾਦ ਆ ਗਈ ਹੈ।ਜਦੋਂ ਅਕਤੂਬਰ ਮਹੀਨਾ ਆਉਣ ਵਾਲਾ ਹੁੰਦਾ ਸੀ ਜਾਂ ਦੁਸਹਿਰੇ ਦੇ ਤਿਉਹਾਰ ਬਾਰੇ ਪਤਾ ਲੱਗ ਜਾਂਦਾ ਸੀ ਤਾਂ ਮਹੀਨਾ ਪਹਿਲਾ ਹੀ ਅਸੀਂ ਸਾਰੇ ਰਲ ਕੇ ਘਰ ਦੇ ਕੋਲੋਂ ਟੋਭੇ ਵਿੱਚੋਂ ਚੀਕਣੀ ਮਿੱਟੀ ਪੁੱਟਣ ਚਲੇ ਜਾਂਦੇ ਸੀ ਉਸ ਸਮੇਂ ਮਿੱਟੀ ਘਰ ਦੇ ਨੇੜੇ ਟੋਭੇ ਦੀ ਪੱਤਣ ‘ਤੇ ਹੀ ਮਿਲਦੀ ਸੀ।ਸਾਰੇ ਆਂਢ ਗੁਆਂਢ ਦੇ ਬੱਚੇ ਖ਼ਾਸਕਰ ਕੁੜੀਆਂ ਸਾਰੀਆਂ ਇਕੱਠੀਆਂ ਹੋਕੇ ਮਿੱਟੀ ਲੈਣ ਚਲੀਆਂ ਜਾਂਦੀਆਂ ।ਇਹ ਸਾਰਾ ਸਮਾਨ ਉਸ ਘਰ ਵਿੱਚ ਰੱਖਿਆਂ ਹੁੰਦਾ ਸੀ ਜਿੰਨਾਂ ਨੇ ਸਾਂਝੀ ਮਾਈ ਦੀ ਸੁੱਖ ਸੁੱਖੀ ਹੁੰਦੀ ਸੀ ।ਚੀਕਣੀ ਮਿੱਟੀ ਨੂੰ ਕੁੱਟ ਕੇ ਛਾਣ ਕੇ ਆਟੇ ਵਾਂਗ ਗੁੰਨ ਲੈਂਦੇ ਸੀ ਤੇ ਫਿਰ ਉਸਦੇ ਤਾਰੇ ਬਣਾਉਂਦੇ ਸੀ ਛੋਟਿਆਂ ਬੱਚਿਆਂ ਨੂੰ ਤਾਰੇ ਨਹੀਂ ਆਉਂਦੇ ਸਨ ਤਾਂ ਉਹਨਾਂ ਨੂੰ ਤਾਰੇ ਧੁੱਪੇ ਸੁੱਕਣੇ ਪਾਉਣ ਦਾ ਕੰਮ ਦਿੱਤਾ ਜਾਂਦਾ ਸੀ।ਸਕੂਲੋਂ ਆਉਣ ਸਾਰ ਸ਼ਾਮ ਦੇ ਚਾਰ ਵਜੇ ਹੀ ਤਾਰੇ ਬਣਾਉਣ ਲੱਗ ਜਾਂਦੇ ਸੀ।ਸਾਂਝੀ ਮਾਈ ਦੇ ਲਈ ਲੋੜੀਦੇ ਸਮਾਨ ਲਈ ਸਾਰਿਆਂ ਤੋਂ ਥੋੜ੍ਹੇ ਬਹੁਤੇ ਪੈਸੇ ਜਾਂ ਦਾਣੇ ਇਕੱਠੇ ਕੀਤੇ ਜਾਂਦੇ ਸੀ।ਸਾਰੇ ਜਾਣੇ ਰਲ ਕੇ ਹੀ ਸਾਂਝੀ ਮਾਈ ਤਿਆਰ ਕਰਦੇ ਸੀ।ਅੱਜ ਵੀ ਓਸੇ ਤਰ੍ਹਾਂ ਹੀ ਸਾਂਝੀ ਮਾਈ ਦੇ ਸਾਰੇ ਅੰਗ ਬਣਾਏ ਜਾਂਦੇ ਹਨ।ਮੂੰਹ ਉੱਪਰ ਕੋਡੀਆਂ ਜਾ ਕੱਚ ਦੀਆਂ ਗੋਲ਼ੀਆਂ ਲਗਾਈਆਂ ਜਾਂਦੀਆਂ ਹਨ।ਸਾਰੇ ਗਹਿਣੇ ਵੀ ਬਣਾਏ ਜਾਂਦੇ ਹਨ।ਇਹ ਸਾਰੇ ਅੰਗ ਚੰਦ, ਸੂਰਜ, ਤਾਰੇ ਗਹਿਣੇ ਸੁੱਕ ਜਾਂਦੇ ਹਨ।ਤਾਂ ਇਹਨਾਂ ਨੂੰ ਕਲੀ ਕੀਤੀ ਜਾਦੀ ਹੈ।ਪਹਿਲਾ ਨਰਾਤੇ ਵਾਲੇ ਦਿਨ ਘਰ ਦੀ ਇੱਕ ਕੰਧ ਤੇ ਪਹਿਲਾ ਗੋਹਾ ਮਿਟੀ ਥੱਪਿਆ ਜਾਂਦਾ ਹੈ। ਫਿਰ ਉਸ ਉਪਰ ਸਾਂਝੀ ਮਾਈ ਤੇ ਤਾਰੇ ਵੀ ਚਿਪਕਾ ਦਿੱਤੇ ਜਾਂਦੇ ਹਨ।ਸਾਂਝੀ ਮਾਈ ਉੱਤੇ ਗੋਟੇ ਵਾਲੀ ਲਾਲ ਚੁੰਨੀ ਦਿੱਤੀ ਜਾਂਦੀ ਹੈ।ਸਾਂਝੀ ਮਾਈ ਦੀ ਪੂਜਾ ਦੁਸਹਿਰੇ ਤੋਂ ਪਹਿਲਾਂ ਨੌਂ ਰਾਤਾਂ (ਨਰਾਤਿਆਂ ) ਦੌਰਾਨ ਕੀਤੀ ਜਾਂਦੀ ਹੈ। ਪੰਜਾਬ ਵਿੱਚ ਸਾਂਝੀ ਮਾਈ ਦੀ ਮੂਰਤੀ ਬਣਾ ਕੇ ਉਸ ਦੀ ਪੂਜਾ ਕੀਤੀ ਜਾਂਦੀ ਹੈ। ਨਾਲ ਤਾਰਿਆ ਦਾ ਬਰੋਟਾ ਵੀ ਲਾਇਆ ਜਾਂਦਾ ਹੈ।ਇਸ ਲੋਕ ਦੇਵੀ ਦਾ ਸਬੰਧ ਲੋਕ ਧਰਮ ਨਾਲ ਹੈ।ਪਹਿਲੇ ਨਰਾਤੇ ਮੂਰਤੀ ਹੇਠਾਂ ਕੋਰੇ ਕੁੱਜੇ ਵਿੱਚ ਜਾਂ ਭੁੰਜੇ ਹੀ ਕਿਆਰੀ ਬਣਾ ਕੇ ਜੌਂ ਬੀਜੇ ਜਾਂਦੇ ਹਨ। ਕੁੜੀਆਂ ਹਰ ਰੋਜ਼ ਸਵੇਰੇ ਪਾਣੀ ਪਾ ਇਸਨੂੰ ਮੱਥਾ ਟੇਕਦੀਆ ਹਨ। ਸਵੇਰੇ ਸਾਂਝੀ ਨੂੰ ਜਗਾਉਂਦੀਆਂ ਹਨ ।ਗੀਤ ਵੀ ਗਾਉਂਦੀਆਂ ਹਨ।
ਜਾਗ ਸਾਂਝੀ ਜਾਗ,
ਤੇਰੇ ਮੱਥੇ ਲੱਗੇ ਭਾਗ,
ਤੇਰੇ ਪੱਟੀਆਂ ਸਿਰ ਸੁਹਾਗ।
ਉੱਠ ਮੇਰੀ ਸਾਂਝੀ ਉੱਠ ਕੇ ਕੂੰਡਾ ਖੋਲ
ਕੁੜੀਆਂ ਆਈਆਂ ਤੇਰੇ ਕੋਲ ।
ਹਰ ਸ਼ਾਮ ਕੁੜੀਆਂ ਮੂਰਤੀ ਅੱਗੇ ਦੀਵੇ ਜਗਾਉਦੀਆਂ ਤੇ ਗੀਤ ਗਾਉਦੀਆਂ ਹਨ।ਆਰਤੀ ਇਸ ਪ੍ਰਕਾਰ ਸ਼ੁਰੂ ਕਰਦੀਆਂ ਹਨ।
ਪਹਿਲੀ ਆਰਤੀ ਕਰਾ ਕਰਾਰ।
ਜੀਵੇ ਮੰਗ ਵੀਰ ਪਿਆਰ।
ਵੀਰ ਪਿਆਰ ਦੀਆਂ ਅੜੀਆ।
ਸ਼ਿਵ ਦੁਆਲੇ ਖੜ੍ਹੀਆ।
ਅਸੀਂ ਹਰਿ ਦਾ ਦਰਸ਼ਨ ਪਾਇਆ।
ਸਾਂਝੀ ਮਾਈ ਦੀ ਗਹਿਣਿਆਂ ਦੀ ਮੰਗ ਪੂਰੀ ਕਰਨ ਲਈ ਕੁੜੀਆਂ ਵੱਲੋਂ ਰਲ ਕੇ ਇਹ ਗੀਤ ਗਾਇਆ ਜਾਂਦਾ ਹੈ
ਮੇਰੀ ਸਾਂਝੀ ਤਾਂ ਮੰਗਦੀ
ਛੱਜ ਭਰ ਗਹਿਣੇ?
ਕਿੱਥੋਂ ਲਿਆਵਾ ਮੇਰੀ ਸਾਂਝੀ
ਮੈਂ ਛੱਜ ਭਰ ਗਹਿਣੇ?
ਵੀਰ ਮੇਰਾ ਸੁਣਿਆਰੇ ਦਾ ਸਾਖੀ
ਉਥੇ ਲਿਆਵਾ ਮੈਂ ਛੱਜ ਭਰ ਗਹਿਣੇ।
ਤੂੰ ਲੈ ਮੇਰੀ ਸਾਂਝੀ
ਛੱਜ ਭਰ ਗਹਿਣੇ।
ਸਾਂਝੀ ਮਾਈ ਦੀ ਪੂਜਾ ਹਰ ਰੋਜ਼ ਸ਼ਾਮ ਵਕਤ ਕੀਤੀ ਜਾਂਦੀ ਹੈ। ਦੇਵੀ ਦੀ ਆਰਤੀ ਉਤਾਰਨ ਉਪਰੰਤ ਦੇਵੀ ਨੂੰ ਭੇਟ ਕੀਤਾ ਪੰਜੀਰੀ ਦਾ ਪ੍ਰਸ਼ਾਦ ਜਾ ਖਿੱਲਾਂ ਦਾ ਭੋਗ ਸਾਰਿਆਂ ਵਿੱਚ ਵੰਡਿਆ ਜਾਂਦਾ ਹੈ। ਆਰਤੀ ਤੋਂ ਬਾਅਦ ਸਾਰੇ ਬੱਚੇ ਆਟੇ ਦੀ ਸੁੱਕੀ ਪੰਜੀਰੀ ਦੀਆਂ ਮੂੰਹ ਵਿੱਚ ਫੱਕਾ ਮਾਰਦੇ ਭੱਜੇ ਆਉਂਦੇ । ਦੁਸਹਿਰੇ ਵਾਲੇ ਦਿਨ, ਕੁੜੀਆਂ ਸਵੇਰੇ ਤਿੰਨ ਚਾਰ ਵਜੇ ਉੱਠ ਕੇ ਉਸੇ ਦਿਨ ਸਰਘੀ ਵੇਲੇ ਸਾਂਝੀ ਮਾਈ ਦੀ ਮੂਰਤੀ ਨੂੰ ਕੰਧ ਤੋਂ ਉਤਰ ਕੇ
ਗੀਤ ਗਾਉਂਦੀਆਂ ਔਰਤਾਂ ਅਤੇ ਬਚਿਆਂ ਦੇ ਟੋਲਿਆਂ ਵਲੋਂ ਕਿਸੇ ਟੋਭੇ ਜਾਂ ਨਦੀ ਨਾਲੇ ਵਿੱਚ, ਜਲ-ਪ੍ਰਵਾਹ ਕਰ ਦਿੱਤਾ ਜਾਂਦਾ ਹੈ।ਚੰਨ ਤੇ ਸੂਰਜ ਨੂੰ ਰੱਖਿਆਂ ਜਾਂਦਾ ਸੀ ਦੀਵਾਲੀ ਤੱਕ।ਉਸ ਸਮੇਂ ਸਾਂਝੀ ਮਾਈ ਲਈ ਗੀਤ ਗਾਇਆ ਜਾਂਦਾ ਹੈ
ਨਾ ਗੋਅ ਮੇਰੀਏ ਸਾਂਝੀਏ,
ਵਰੇ ਦਿਨਾਂ ਨੂੰ ਫੇਰ ਆਵਾਂਗੇ,
ਤੈਨੂੰ ਫੇਰ ਲਿਆਵਾਂਗੇ।
ਇਸ ਤੋਂ ਬਾਅਦ ਗੁਰੂ ਘਰ ਮੱਥਾ ਟੇਕ ਕੇ ਫਿਰ ਸਾਰਿਆਂ ਨੂੰ
ਭੋਗ ਵੰਡਿਆਂ ਜਾਂਦਾ ਹੈ।ਅਸੀਂ ਸਾਰੇ ਹੀ ਬੜੇ ਚਾਅ ਨਾਲ ਭੋਗ ਕੋਲੀਆਂ ਵਿੱਚ ਪਵਾ ਕੇ ਖਾਂਦੇ ਸੀ।ਓਸੇ ਦਿਨ ਹੀ ਕੁੜੀਆਂ
ਜੌਂਆਂ ਦੀਆਂ ਹਰੀਆਂ ਲਿਟਾਂ ਭਰਾਵਾਂ ਦੀਆਂ ਪੱਗੜੀਆਂ ਜਾਂ ਕੰਨਾਂ ਉੱਤੇ ਟੰਗਦੀਆਂ ਹਨ।ਉਸ ਦਿਨ ਗੰਨਾ ਚੂਪਣਾ ਚੰਗਾ ਸਮਝਿਆਂ ਜਾਂਦਾ ਹੈ।ਦਿਨ ਚੜ੍ਹਨ ‘ਤੇ ਸਾਰੇ ਅਸੀਂ ਫਿਰ ਗੰਨੇ ਚੂਪਦੇ ਤੇ ਦੁਸਹਿਰਾ ਦੇਖਣ ਜਾਂਦੇ ਸੀ।ਬਚਪਨ ਵਿੱਚ ਇਹ ਸਾਂਝੀ ਮਾਈ ਦੀ ਤਿਆਰੀ ਤੋਂ ਲੈਕੇ ਦੀਵਾਲੀ ਤੱਕ ਇਹ ਦਿਨ ਬੜੇ ਹੀ ਚਾਅ ਮਸਤੀ ਭਰਪੂਰ ਹੁੰਦੇ ਸੀ ।
ਗਗਨਦੀਪ ਧਾਲੀਵਾਲ ਝਲੂਰ ਬਰਨਾਲਾ ।