You are here

ਸਾਹਿਤ

ਦੋ ਹਜ਼ਾਰ ਇੱਕੀ ਚੱਲਿਆ ਯਾਰਾਂ , ਤੇ ਆ ਰਿਹਾ ਦੋ ਹਜ਼ਾਰ ਬਾਈ ✍️. ਸ਼ਿਵਨਾਥ ਦਰਦੀ

ਦੋ ਹਜ਼ਾਰ ਇੱਕੀ ਚੱਲਿਆ ਯਾਰਾਂ ,
ਤੇ ਆ ਰਿਹਾ , ਦੋ ਹਜ਼ਾਰ ਬਾਈ ,
ਹਰ ਇਕ ਨੂੰ ਖੁਸ਼ੀ ਦੇਵੀ ਰੱਬਾ ,
ਨਾ ਰੂਹ ਕਿਸੇ ਦੀ ਵੀ ਸਤਾਈਂ ।
ਬਣੇ ਰਹਿਣ , ਸਭ ਰਿਸ਼ਤੇ ਨਾਤੇ ,
ਗਲ ਮਿਲਦੇ ਰਹਿਣ , ਸਭ ਚਾਵਾਂ
ਜੀਵਣ ,  ਭੈਣਾਂ ਦੇ  ਭਾਈ ਸਾਰੇ ,
ਜਿਉਂਦੀਆਂ ਰਹਿਣ , ਸਭ ਮਾਵਾਂ ,
ਬਣੀ ਰਹੇ , ਹਰ ਇਕ ਦੀ ਜੋੜੀ ,
ਨਾ ਪਿਉ ਕਿਸੇ ਦਾ ਮਾਰ ਮਿਟਾਈਂ ।
ਹਰ ਇਕ ...................
ਪਿਆਰ ਮੁਹੱਬਤ ਵੰਡਣ ਸਾਰੇ ,
ਮਿਟ ਜਾਵਣ  ,  ਝਗੜੇ  ਝੇੜੇ ,
ਜਸ਼ਨ ਮਨਾਉਣ , ਰਲ ਮਿਲ ਕੇ ,
ਇੱਕ   ਦੂਜੇ   ਦੇ   ਵਿਹੜੇ ,
ਜਾਤ ਪਾਤ ,ਊਚ ਨੀਚ ਤੇ ਵੰਡ ਵੰਡਾਈ ਦਾ ,
ਨਾ ਕਲੇਸ਼ , ਕਿਸੇ ਘਰ ਪਾਈ ।
ਹਰ ਇਕ...................... 
ਮਰੇ ਨਾ , ਜਵਾਨ ਕੋਈ ਸਰਹੱਦ ਤੇ ,
ਰੌਲਾ ਸਭ ਮੁਕਾਦੇ ,
ਸਮਝੇ , ਹਰ ਬੰਦਾ  ਬੰਦੇ  ਨੂੰ
ਕੋਈ , ਐਸਾ ਜਾਮ ਪਿਆਦੇ
ਵੈਰ ਵਿਰੋਧ ,ਮਿਟ ਜਾਵਣ ਸਭ
ਕੋਈ ਕਵਿਤਾ 'ਦਰਦੀ' ਤੋਂ ਲਿਖਾਈ ।
ਹਰ ਇਕ.......................
                     ਸ਼ਿਵਨਾਥ ਦਰਦੀ
              ਸੰਪਰਕ :- 9855155392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।

ਨਵੇਂ ਵਰ੍ਹੇ 'ਤੇ ✍️ ਸਲੇਮਪੁਰੀ ਦੀ ਚੂੰਢੀ

ਨਵੇਂ ਵਰ੍ਹੇ 'ਤੇ
ਨਵੇਂ ਵਰ੍ਹੇ ਦੀ
ਦਹਿਲੀਜ਼ ਉੱਤੇ,
ਪੈਰ ਰਾਹੀ ਨੇ ਧਰਿਆ!
ਨਵੇਂ ਵਰ੍ਹੇ ਦੀਆਂ
ਨਵੀਂਆਂ ਸੋਚਾਂ,
ਨਵਾਂ ਸੂਰਜ ਹੈ ਚੜ੍ਹਿਆ!
ਵੇਖ ਪੈਰਾਂ ਦੀਆਂ
ਪਾਟੀਆਂ ਬਿਆਈਆਂ,
ਕਿਤੇ ਡੋਲ ਨਾ ਜਾਵੀਂ ਅੜਿਆ!
ਕਿਤੇ ਡੋਲ ਨਾ ਜਾਵੀਂ
ਅੜਿਆ!!

-ਸੁਖਦੇਵ ਸਲੇਮਪੁਰੀ
09780620233
31 ਦਸੰਬਰ, 2021

ਮਾਸੂਮ ਜਿੰਦਾਂ ਦੀ ਕਹਾਣੀ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਸ਼ਹੀਦੀ ਪਾ ਅਮਰ ਹੋ ਗਏ
ਜਿੰਨਾਂ ਮੌਜ ਨਾ ਕੋਈ ਮਾਣੀ
ਕੋਈ ਸੁਣਾ ਦੇਵੋ ਬੱਚਿਆਂ ਨੂੰ
ਮਾਸੂਮ ਜਿੰਦਾਂ ਦੀ ਕਹਾਣੀ

ਝੁਕ ਜਾਣਗੇ ਉਹ ਛੋਟਾ ਦਰਵਾਜਾ ਸੀ ਕਰਵਾਇਆਂ
ਭੌਰਾ ਮਨ ਵੀ ਡੋਲਿਆ ਨਾ ਜਾ ਫ਼ਤਿਹ ਜੈਕਾਰਾ ਲਾਇਆ
ਜਿੱਤ ਹੁੰਦੀ ਉਹਨਾਂ ਦੀ ਜੋ ਬਣਦੇ ਸਮੇਂ ਦੇ ਹਾਣੀ
ਕੋਈ ਸੁਣਾ ਦੇਵੋ ਬੱਚਿਆਂ ਨੂੰ
ਮਾਸੂਮ ਜਿੰਦਾਂ ਦੀ ਕਹਾਣੀ

ਹੱਥ ਕੜੀਆਂ ਜਿੰਨਾਂ ਦੇ ਤੁਰੇ ਜਾਂਦੇ ਕੌਮ ਦੇ ਹੀਰੇ
ਕਿਓ ਵੈਰੀ ਬਣ ਝੁੱਲ ਗਈ ਏ ਮੱਥੇ ਦੀਏ ਤਕਦੀਰੇ
ਦਿਲ ‘ਤੇ ਪੱਥਰ ਧਰ ਤੱਕਦੀ ਰਹੀ
ਦਾਦੀ ਦੀ ਚੀਸ ਕਿਸੇ ਨਾ ਜਾਣੀ
ਕੋਈ ਸੁਣਾ ਦੇਵੋ ਬੱਚਿਆਂ ਨੂੰ
ਮਾਸੂਮ ਜਿੰਦਾਂ ਦੀ ਕਹਾਣੀ

ਮੋਹਰਾਂ ਦੇਖ ਮਚਲ ਗਿਆ ਪਾਪੀ ਗੰਗੂਆਂ ਮਨ ਤੇਰਾ
ਠੰਢੇ ਬੁਰਜ ‘ਚ ਕੈਦ ਰਹੇ ਦੇਖ ਬੱਚਿਆਂ ਦਾ ਜੇਰਾ
ਜਿੱਤ ਪਾਉਣੀ ਸੂਬੇ ‘ਤੇ ਦਿਲ ਵਿੱਚ ਇਹੋ ਠਾਣੀ
ਕੋਈ ਸੁਣਾ ਦੇਵੋ ਬੱਚਿਆਂ ਨੂੰ
ਮਾਸੂਮ ਜਿੰਦਾਂ ਦੀ ਕਹਾਣੀ

ਨਿੱਕੀਆਂ ਜ਼ਿੰਦਾਂ ‘ਤੇ ਝੁੱਲੀ ਬੜੀ ਹਨ੍ਹੇਰੀ
ਫਿੱਟੇ ਮੂੰਹ (ਲੱਖ ਲਾਹਨਤਾਂ )ਜਾਲਮਾਂ ਓਏ ਕਿਵੇਂ ਚੱਲੀ ਕਰਾਂਡੀ ਤੇਰੀ
ਸੂਬੇ ਨੀਂਹਾਂ ਵਿੱਚ ਚਿਣਵਾ ਦਿੱਤੇ
ਧਾਲੀਵਾਲ ਤਾਂ ਵੀ ਜਪੀ ਜਾਣ ਗੁਰਬਾਣੀ
ਕੋਈ ਸੁਣਾ ਦੇਵੋ ਬੱਚਿਆਂ ਨੂੰ
ਮਾਸੂਮ ਜਿੰਦਾਂ ਦੀ ਕਹਾਣੀ

ਗਗਨਦੀਪ ਕੌਰ ਧਾਲੀਵਾਲ ।

ਸੁੱਤੀਆਂ ਪਈਆਂ ਸਮੇਂ ਦੀਆਂ ਸਰਕਾਰਾਂ ✍️ ਗਗਨਦੀਪ ਕੌਰ ਧਾਲੀਵਾਲ

ਦੇਸ਼ ਦੀ ਤਾਕਤ ਮਨੀਸ਼ ,ਜਸਵੰਤ ਪੁੱਤ ਜੋ ਅੱਖਾਂ ਦਾ ਨੂਰ ਏ
ਅੱਜ ਟੈਂਕੀਆਂ ਉੱਪਰ ਚੜਨ ਲਈ ਮਜਬੂਰ ਏ
ਹੱਕਾਂ ਦੀ ਖ਼ਾਤਿਰ ਗਰਮੀ ਸੜਦੇ ਪਾਲੇ ਠਰਦੇ
ਨਾ ਲਵੇ ਕੋਈ ਸਾਰਾਂ
ਆਕੇ ਜਗਾ ਦੇ ਭਗਤ ਸਿਆਂ
ਸੁੱਤੀਆਂ ਪਈਆਂ ਸਮੇਂ ਦੀਆਂ ਸਰਕਾਰਾਂ

ਪੜ-ਲਿਖ ਕੇ ਦੇਸ਼ ਦਾ ਨਾਮ ਜੋ ਚਮਕਾਉਣ
ਓਹੀਓ ਸੜਕਾਂ ਉੱਪਰ ਕੁਰਲਾਉਣ
ਅਧਿਆਪਕ ਤਾਂ ਇੱਕ ਜਗਦੀ ਜੋਤ ਨੇ ਹੁੰਦੇ
ਕਿਓ ਲਾਠੀਆਂ ਪੈਣ ਹਜ਼ਾਰਾਂ
ਆਕੇ ਜਗਾ ਦੇ ਭਗਤ ਸਿਆਂ
ਸੁੱਤੀਆਂ ਪਈਆਂ ਸਮੇਂ ਦੀਆਂ ਸਰਕਾਰਾਂ

ਪੱਗਾਂ ਵੀ ਲੱਥੀਆ ,ਚੁੰਨੀਆਂ ਵੀ ਹੋਈਆਂ ਲੀਰਾਂ
ਮੂੰਹ ਵੀ ਨੱਪੇ ਪਰ ਹਾਰੀਆਂ ਨਹੀਂ ਤਕਦੀਰਾਂ
ਆਤਮ ਹੱਤਿਆ ਲਈ ਪੀੜੀ ਮਜਬੂਰ ਹੋਈ
ਦੇਖ ਮਾੜੀ ਨੀਤੀਆਂ ਦੀਆਂ ਮਾਰਾਂ
ਆਕੇ ਜਗਾ ਦੇ ਭਗਤ ਸਿਆਂ
ਸੁੱਤੀਆਂ ਪਈਆਂ ਸਮੇਂ ਦੀਆਂ ਸਰਕਾਰਾਂ

ਮਰ ਗਈਆਂ ਜਮੀਰਾਂ
ਨਾ ਬਚਿਆ ਕੁੱਝ ਬਾਕੀ ਏ
ਗਗਨ ਭੈਣ ਤੇ ਜੱਗੀ ਵੀਰ ਦੇ ਹੌਸਲੇ ਬੁਲੰਦ
ਅੱਜ ਜੋ ਨਾਲ ਖੜਿਆ ਓਹੀ ਸਾਥੀ ਏ
ਹੌਸਲਿਆਂ ਦੇ ਨਾਲ ਜੋ ਬੰਨੀਆਂ ਟੁੱਟਣ ਨਾ ਕਦੇ ਉਹ ਉਡਾਰਾਂ
ਆਕੇ ਜਗਾ ਦੇ ਭਗਤ ਸਿਆਂ
ਸੁੱਤੀਆਂ ਪਈਆਂ ਸਮੇਂ ਦੀਆਂ ਸਰਕਾਰਾਂ

ਹਰ ਇੱਕ ਨੇ ਦੇਸ਼ ਨੂੰ ਲੁੱਟਣ ਦੀ ਵਾਹ ਤਾਹ ਲਾਈ ਏ
ਤਾਹੀਓ ਤਾਂ ਸੋਨੇ ਦੀ ਚਿੜੀ ਹੱਥੋਂ ਗਵਾਈ ਏ
ਹੱਥੀ ਚੁਣ ਕੇ ਦੇਸ਼ ਦੇ ਭਵਿੱਖ ਨੂੰ
ਗਗਨ ਓਹੀ ਪਾਉਣ ਹੁਣ ਵੰਗਾਰਾਂ
ਆਕੇ ਜਗਾ ਦੇ ਭਗਤ ਸਿਆਂ
ਸੁੱਤੀਆਂ ਪਈਆਂ ਸਮੇਂ ਦੀਆਂ ਸਰਕਾਰਾਂ
ਗਗਨਦੀਪ ਕੌਰ ਧਾਲੀਵਾਲ ।

ਗਗਨਦੀਪ ਕੌਰ ਧਾਲੀਵਾਲ

ਦਿਨ ਮੰਗਲਵਾਰ ✍️ ਅਮਨਦੀਪ ਸਿੰਘ ਸਹਾਇਕ ਪ੍ਰੋਫੈਸਰ

ਦਿਨ ਮੰਗਲਵਾਰ
ਕਹਿੰਦੇ ਲੰਘ ਚੱਲਿਆ ਮੰਗਲਵਾਰ
ਚੜਿਆ ਪਿਆ ਕੁੱਕੜਾਂ ਨੂੰ ਬੁਖ਼ਾਰ
ਕਹਿੰਦੇ ਬੁੱਧਵਾਰ ਨੂੰ ਖਾ ਲਵਾਂਗੇ
ਢਿੱਡ ਹੋਰ ਵਧਾ ਲਵਾਂਗੇ
ਕਹਿੰਦੇ ਮੰਗਲਵਾਰ ਨੂੰ ਰਹਿੰਦਾ ਬਾਬਾ ਨੇੜੇ
ਬਾਕੀ ਦਿਨ ਬਾਬਾ ਕਿੱਥੇ ਜਾਂਦਾ
ਇਹ ਕੁੱਕੜ ਦੁਹਾਈ ਪਾਈ ਜਾਂਦਾਂ
ਭਲਿਆ ਲੋਕਾ ਤੇਰਾ ਬਹੁਤ ਔਖਾ
ਰੱਬ ਕਿਹੜਾ ਕਦੇ ਛੁੱਟੀ ਜਾਂਦਾ
ਜਿਹੜਾ ਤੂੰ ਮੰਗਲਵਾਰ ਨਹੀਂ ਖਾਂਦਾ
ਅੰਗ ਸੰਗ ਸਦਾ ਉਹ ਤੇਰੇ
ਇਹ ਗੱਲ ਨਾ ਜੇਹਨ ਚ ਤੇਰੇ
ਲਾ ਕੇ ਗੱਲ ਨਾ 'ਅਮਨ’ ਇਹ ਕਰਦਾ
ਰਹਿੰਦਾ ਏ ਬੱਸ ਰੱਬ ਤੋਂ ਡਰਦਾ
ਕਾਹਤੋਂ ਅੱਖਾਂ ਦੇ ਵਿੱਚ ਘੱਟਾ ਪਾਉਂਦਾ
ਖਾ ਲੈ ਜੇ ਤੂੰ ਖਾਣਾ ਚਾਹੁੰਦਾ
ਭੁਲੇਖੇ ਦੇ ਵਿੱਚ ਰੱਖਣ ਨੂੰ ਫਿਰਦਾ
ਬਹੁਤੀ ਦੇਰ ਨਾ ਕੰਮ ਇਹ ਤੁਰਦਾ
ਭਾਣੇ ਦੇ ਵਿੱਚ ਰਹਿਣਾ ਪੈਣਾ
ਇਹੀ ਹੈ ਗੁਰੂਆਂ ਦਾ ਕਹਿਣਾ
ਇਹੀ ਹੈ ਗੁਰੂਆਂ ਦਾ ਕਹਿਣਾ                                                                                                                                                  
 
ਡਾ. ਅਮਨਦੀਪ ਸਿੰਘ
ਸਹਾਇਕ ਪ੍ਰੋਫੈਸਰ
ਆਈ. ਐੱਸ. ਐੱਫ. ਫਾਰਮੈਸੀ ਕਾਲਜ
ਮੋਗਾ
94654-23413

ਕੁਝ ਵੀ ਸੰਭਵ ਹੈ! ✍️ਸਲੇਮਪੁਰੀ ਦੀ ਚੂੰਢੀ

ਕੁਝ ਵੀ ਸੰਭਵ ਹੈ!
-ਪੰਜਾਬ ਵਾਸੀਓ!
ਘਬਰਾਇਓ ਨਾ, 
ਸਬਰ ਰੱਖਿਓ!
ਚੋਣਾਂ ਤੋਂ ਪਹਿਲਾਂ 
ਕੁੱਝ ਵੀ ਹੋ ਸਕਦੈ! 
ਕਿਸੇ ਵੀ ਗ੍ਰੰਥ 
ਦੀ ਹੋ ਸਕਦੀ ਐ ਬੇਅਦਬੀ, 
ਕਿਤੇ ਵੀ ਹੋ ਸਕਦੈ
ਬੰਬ ਧਮਾਕਾ! 
ਦੋਸਤੋ ਘਬਰਾਇਓ ਨਾ, 
 ਚੋਣਾਂ ਨੇ! 
ਚੋਣਾਂ ਵਿਚ 
ਕੁਝ ਵੀ ਸੰਭਵ ਹੈ, 
ਕਿਉਂਕਿ - 
ਸਿਆਸਤ ਵਿਚ 
ਕੁਰਸੀ ਤੋਂ ਉਪਰ 
ਕੁੱਝ ਨਹੀਂ ਹੁੰਦਾ! 
ਸਿਆਸਤ ਦੇ ਜਾਲ ਵਿਚ ਤਾਂ 
 ਸੁਰੱਖਿਆ ਏਜੰਸੀਆਂ ਵੀ 
ਨਿੱਸਲ ਹੋ ਕੇ 
ਬੈਠ ਜਾਂਦੀਆਂ ਨੇ ਦੋਸਤੋ! 
ਇਸ ਲਈ ਤੁਸੀਂ ਘਬਰਾਇਓ ਨਾ! 
ਸਿਆਸਤ ਵਿਚ 
 ਕੁਝ ਵੀ ਹੋ ਸਕਦੈ! 
ਇਥੇ ਕੁਝ ਵੀ ਸੰਭਵ ਹੈ! 
ਇਸ ਲਈ ਸਬਰ ਰੱਖਿਓ! 
ਸਬਰ ਦਾ ਫਲ਼ ਮਿੱਠਾ ਹੁੰਦੈ! 

-ਸੁਖਦੇਵ ਸਲੇਮਪੁਰੀ 
09780620233 
24 ਦਸੰਬਰ 2021.

ਦੋ ਗ਼ਜ਼ਲਾਂ ✍️ਜਸਵਿੰਦਰ ਸ਼ਾਇਰ "ਪਪਰਾਲਾ "

ਬੀਤ ਚੁੱਕੇ ਸਮਿਆਂ ਦੇ ਸੁੰਦਰ ਪੈਰਾਂ ਵਿੱਚ ।
ਯਾਦਾਂ ਦੀ ਝਾਂਜਰ ਹੈ ਪਰ ਝਣਕਾਰ ਨਹੀਂ ।

ਜੇਕਰ ਤੂੰ ਜਾਣਾ ਚਾਹੁੰਦਾ ਏ ਤਾਂ ਫੇਰ ਜਾ 
ਸੱਜਣ ਜਾਂਦੇ ਛੱਡ ਕੇ ਅੱਧ ਵਿਚਕਾਰ ਨਹੀਂ ।

ਗ਼ਮਾਂ ਤੋਂ ਬਿਨਾਂ ਜ਼ਿੰਦਗਾਨੀ ਜਿੰਦਗਾਨੀ  ਨੀ
ਸੁੰਦਰ ਫੁੱਲਾਂ ਨਾਲ ਜੇ ਕਰ ਖਾਰ ਨਹੀਂ ।

ਤਨਹਾਈ ਹੈ ਫੁੱਲ ਖਿੱਲੇ ਨੇ ਬਗੀਚੇ ਚ ਵਥੇਰੇ 
ਕੀਮਤ ਨਹੀਂ ਫੁੱਲਾਂ ਦੀ ਨੇੜੇ ਜੇ ਦਿਲਦਾਰ ਨਹੀਂ ।

ਸੇਜ ਕੰਡਿਆਂ ਦੀ ਬਹਿ ਗਿਆ ਮੈਂ ਡਾਹ ਕੇ 
ਕਿਉਂਕਿ ਮੇਰੇ ਲਈ ਦੁਨੀਆਂ ਤੇ ਪਿਆਰ ਨਹੀਂ ।

ਮੰਨਿਆ ਕੀ ਬੰਦੇ ਦਾ ਬੰਦੇ ਬਿਨਾਂ ਨਹੀਂ ਸਰਦਾ 
ਪਰ ਔਰਤ ਤੋਂ ਵਗੈਰ ਤਾਂ ਸੰਸਾਰ ਨਹੀਂ ।

ਇਸ਼ਕ ਦਾ ਦਰਿਆਂ ਸਮੁੰਦਰ ਤੋਂ ਲੱਖਾਂ ਡੂੰਘਾਂ 
ਬਿਨਾਂ ਚੱਪੂਆਂ ਤੋਂ ਹੁੰਦਾ ਪਾਰ ਨਹੀਂ ।

ਸੁੰਨੀ ਸੁੰਨੀ ਪਈ ਏ ਅੱਜ ਇਹ ਮਹਿਫਿਲ 
ਕਿਉਂਕਿ ਇਸ ਮਹਿਫਿਲ ਚ "ਸ਼ਾਇਰ "ਨਹੀਂ ।

 

2) ਕਬਰਾਂ ਦੇ ਵਿੱਚ 

ਛੁੱਪ ਛੁੱਪ ਕੇ ਮੈਨੂੰ ਰੋਣ ਦੀ ਆਦਤ ਪੈ ਗਈ ।
ਬੁੱਲਾਂ ਤੋਂ ਮੇਰੇ ਪਲ ਵਿੱਚ ਉਹ ਹਾਸੇ ਲੈ ਗਈ ।

ਸ਼ਰੇਆਮ ਰੋਵਾਂ ਤਾਂ ਲੋਕੀਂ ਖਿੜ ਖਿੜ ਹੱਸਦੇ ਨੇ 
ਚੋਰੀ ਚੋਰੀ ਰੋਵਾਂ ਤਾਂ ਲੋਕੀਂ ਪਾਗਲ ਦੱਸਦੇ  ਨੇ ।

ਉਹਦੀ ਯਾਦ ਚ  ਮੁੱਦਤਾਂ ਤੋਂ ਮੈਂ ਸੋਇਆ ਨਹੀਂ ।
ਲੋਕੀਂ ਸਮਝਣ ਮੈਂ ਉਹਦੀ ਯਾਦ ਚ ਰੋਇਆ ਨਹੀਂ ।

ਤੂੰ ਮੇਰੇ ਜ਼ਜ਼ਬਾਤਾਂ ਦੀ ਕਦਰ ਕਰੀ ਨਾ  ਕੋਈ ।
ਮੇਰੀ ਕੱਲੀ ਕੱਲੀ ਅੱਖ ਗ਼ਮਾਂ ਦੇ ਹੰਝੂ ਰੋਈ ।

ਤੇਰੇ ਕੋਲੋਂ ਵੱਖ ਹੋ ਕੇ ਮੈਥੋਂ ਰਿਹਾ ਨਹੀਂ ਜਾਂਦਾ ।
ਦਰਦ ਦਿਲ ਦਾ ਕਿਸੇ ਨੂੰ ਕਿਹਾ ਨਹੀਂ ਜਾਂਦਾ ।

ਸੱਚੀ ਮਿਸਾਲ ਬਣ ਜਾਣਾ ਸਾਡਾ ਪਿਆਰ ।
ਕਬਰਾਂ ਦੇ ਵਿੱਚ ਡੇਰਾ ਲਾ ਲਾਇਆ"ਸ਼ਾਇਰ "

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਸ਼ਹੀਦਾਂ ਦੀ ਆਵਾਜ਼ ✍️ ਰਮੇਸ਼ ਕੁਮਾਰ ਜਾਨੂੰ

ਸ਼ਹੀਦਾਂ ਦੀ ਆਵਾਜ਼

 ਅਜੇ ਜਿਹੜੇ ਜਾਗੋ ਮੀਟੇ ਨੇ
    ਉਹਨਾਂ ਨੂੰ ਆਣ ਜਗਾਵਾਂ ਗਾ
ਤੁਸਾਂ ਜਦੋਂ ਯਾਦ ਹੈ ਕਰਨਾ
     ਮੈਂ ਓਦੋਂ ਫੇਰ ਆਵਾਂਗਾ।।

ਤੁਸੀਂ ਕਲਮਾਂ ਦੇ ਵਾਰਿਸ ਹੋ
     ਕਲਮ ਨੂੰ ਦਾਗ਼ ਨਾ ਲਾਇਓ
ਤੁਸੀਂ ਜੋ ਗੀਤ ਨੇ ਲਿਖਣੇ
     ਉਹ ਸਾਰੇ ਆਪ ਗਾਵਾਂਗਾ।।
ਤੁਸਾਂ ਜਦੋਂ ਯਾਦ ਹੈ ਕਰਨਾ
     ਮੈਂ ਓਦੋਂ ਫੇਰ ਆਵਾਂਗਾ

ਏ ਤਨ ਹੈ ਵਾਂਗ ਕਬਰਾਂ ਦੇ
     ਜੇ ਵਿੱਚ ਮਰੀਆਂ ਜਮੀਰਾਂ ਨੇ
ਇਹਨਾਂ ਨੂੰ ਸੂਰਵੀਰਾਂ ਦੇ
     ਮੈਂ ਸਭ ਕਿੱਸੇ ਸੁਣਾਵਾਂ ਗਾ।।
ਤੁਸਾਂ ਜਦੋਂ ਯਾਦ ਹੈ ਕਰਨਾ
     ਮੈਂ ਓਦੋਂ ਫੇਰ ਆਵਾਂਗਾ

ਜੋ ਹੱਥੋਂ ਖੋਹ ਕੇ ਖਾ ਜਾਂਦੇ
     ਰੋਟੀ ਮਜ਼ਦੂਰਾਂ ਦੀ
ਉਹਨਾਂ ਲਈ ਮੁਰਦਾਬਾਦੀ ਦੇ
     ਮੈਂ ਫਿਰ ਤੋਂ ਨਾਹਰੇ ਲਾਵਾਂਗਾ
ਤੁਸਾਂ ਜਦੋਂ ਯਾਦ ਹੈ ਕਰਨਾ
     ਮੈਂ ਓਦੋਂ ਫੇਰ ਆਵਾਂਗਾ

ਮੈਂ ਭਗਤ ਸਿੰਘ ਹਾਂ ਸਰਾਭਾ ਹਾਂ
     ਕੋਈ ਵੀ ਫਰਕ ਨਹੀਂ ਪੈਂਦਾ
ਕਮਾਨਾਂ ਕੱਸ ਕੇ ਰੱਖਿਓ ਜੀ
    ਮੈਂ ਤਿੱਖਾ ਤੀਰ ਲਿਆਵਾਂ ਗਾ
ਤੁਸਾਂ ਜਦੋਂ ਯਾਦ ਹੈ ਕਰਨਾ
     ਮੈਂ ਓਦੋਂ ਫੇਰ ਆਵਾਂਗਾ

ਰਮੇਸ਼ ਵੇ ਹੱਕਾਂ ਦੀ ਖਾਤਿਰ
     ਸਦਾ ਹੀ ਲੜਨਾਂ ਪੈਂਦਾ ਹੈ
ਮੈਂ ਜਾਨੂੰ ਨਾਲ ਆਜ਼ਾਦੀ ਨੂੰ
     ਛੇਤੀ ਹੀ ਆਣ ਮਿਲਾਵਾਂ ਗਾ।।
ਤੁਸਾਂ ਜਦੋਂ ਯਾਦ ਹੈ ਕਰਨਾ
     ਮੈਂ ਓਦੋਂ ਫੇਰ ਆਵਾਂਗਾ

          ਲੇਖਕ-ਰਮੇਸ਼ ਕੁਮਾਰ ਜਾਨੂੰ
         ਫੋਨ ਨੰ:-98153-20080

ਪੰਜਾਬ ਸਿਆਂ ਤੈਨੂੰ ਮੁਬਾਰਕਾਂ ✍️. ਸਲੇਮਪੁਰੀ ਦੀ ਚੂੰਢੀ

ਸਲੇਮਪੁਰੀ ਦੀ ਚੂੰਢੀ -

- ਪੰਜਾਬ ਸਿਆਂ-
 ਤੈਨੂੰ ਬਹੁਤ ਬਹੁਤ ਮੁਬਾਰਕਾਂ!
ਤੂੰ ਖੇਤੀ ਕਾਨੂੰਨ ਨਹੀਂ,
ਦਿੱਲੀ ਜਿੱਤ ਕੇ
ਮੋੜਾ ਪਾਇਆ ਈ!
ਤੇਰੇ ਫਰਕਦੇ ਡੌਲਿਆਂ ਨੇ
ਜਗ ਨੂੰ ਫਿਰ ਦੱਸ ਦਿੱਤੈ
 ਕਿ ਤੂੰ ਜਾਗਦਾ ਏੰ!
ਪਰ-
 ਤੇਰੇ ਸਾਹਵੇਂ ਤਾਂ
ਇੱਕ ਹੋਰ ਵੱਡਾ ਦੈਂਤ
ਮੂੰਹ ਅੱਡ ਕੇ ਖੜੋਤਾ ਏ,
ਜਿਹੜਾ ਰੋਜ
 ਪੱਟਾਂ 'ਚ
ਟੀਕਾ ਬਣਕੇ,
ਗਲੇ ਚੋੰ
 ਸੁਆਦ ਬਣਕੇ
ਤੇਰੇ ਪੁੱਤਾਂ ਨੂੰ
ਸਿਵਿਆਂ ਤੱਕ ਢੋਹੀ ਜਾਂਦੈ!
ਜੇ ਤੂੰ ਖੇਤੀ ਕਾਨੂੰਨਾਂ ਵਾਂਗੂੰ
ਨਸ਼ਿਆਂ ਵਿਰੁੱਧ
ਯੁੱਧ ਨਾ ਲੜਿਆ
ਤਾਂ ਤੇਰੇ ਫਰਕਦੇ ਡੌਲੇ
ਢਿੱਲਕਣ ਲੱਗ ਪੈਣੇ ਨੇ!
ਫਿਰ ਤੂੰ -
ਜਗ ਨੂੰ ਮੂੰਹ ਦਿਖਾਉਣ
 ਜੋਗਾ ਨ੍ਹੀਂ ਰਹਿਣਾ!
ਤੈਨੂੰ ਬਹੁਤ ਪੈਣਾ,
ਦਰਦ ਸਹਿਣਾ!
ਪੰਜਾਬ ਸਿਆਂ!
ਤੂੰ ਇੱਕ ਹੋਰ ਹੰਭਲਾ ਮਾਰ
 ਤੋੜਦੇ ਨਸ਼ਿਆਂ ਦਾ,
ਤੇ ਨਸ਼ਿਆਂ ਦੇ ਸੁਦਾਗਰਾਂ ਦਾ ਲੱਕ!
ਤੂੰ ਤਾਂ
ਲੰਡਨ ਜਾ ਕੇ
ਗੋਰਿਆਂ ਉਪਰ ਧਾਵਾ ਬੋਲ ਦਿੱਤਾ ਸੀ!
ਹੁਣ ਤੇਰੇ ਤੋਂ
ਤੇਰੇ ਵਿਹੜੇ ਵਿਚ
 ਡੱਸਦਾ ਫਿਰਦਾ 'ਚਿੱਟਾ' ਸੱਪ
 ਕਿਉਂ ਨ੍ਹੀਂ ਫੇੰਹ ਹੁੰਦਾ?
ਇਸ ਦੀ ਵੀ ਫੇੰਹ ਦੇ ਸਿਰੀ
ਜਿਹੜਾ ਮੁੜਕੇ ਨਾ ਡੱਸੇ
ਤੇਰੇ ਪੁੱਤਾਂ, ਧੀਆਂ ਨੂੰ!
ਬਸ ਲੱਗਦੇ ਹੱਥ
ਇਕ ਹੋਰ ਹੰਭਲਾ ਮਾਰਦੇ!
ਇਹ ਕੰਮ ਤਾਂ ਭਾਵੇਂ ਸੌਖਾ ਨਹੀਂ।
ਪਰ ਖੇਤੀ ਕਾਨੂੰਨਾਂ ਨਾਲੋਂ ਔਖਾ ਨਹੀਂ!
ਇੱਕ ਹੋਰ ਹੰਭਲਾ ਮਾਰਦੇ!
ਪੰਜਾਬ ਸਿਆਂ!
ਬਸ!
ਇੱਕ ਹੋਰ ਹੰਭਲਾ ਮਾਰਦੇ!
ਉਂਝ ਤਾਂ ਤੈਨੂੰ
ਰੋਜ ਆਫਤਾਂ ਤੇ ਆਫਤਾਂ
 ਚੜ੍ਹੀਆਂ ਰਹਿੰਦੀਆਂ ਨੇ,
ਕਦੀ ਏਧਰੋੰ!
ਕਦੀ ਓਧਰੋਂ!
ਪਰ ਤੂੰ ਸ਼ੇਰ ਵਾਂਗੂੰ
ਡਟਿਆ ਰਹੀਂ!
ਤੇ ਗੁਲਾਬ ਦੇ ਫੁੱਲ ਵਾਂਗੂੰ
 ਖਿੜਿਆ ਰਹੀੰ!
-ਸੁਖਦੇਵ ਸਲੇਮਪੁਰੀ
09780620233
11 ਦਸੰਬਰ, 2021.

 ਜਨ ਸ਼ਕਤੀ

ਹੰਝੂ ਹੌਂਕੇ ✍️. ਸ਼ਿਵਨਾਥ ਦਰਦੀ

ਅੰਬਰ ਜਿਨ੍ਹਾਂ ਦਰਦ ਛੁਪਾ ਕੇ ,
ਅੱਖ ਵਿੱਚ , ਹੰਝੂ  ਭਰਦੇ ਨਾ ,
ਹੰਝੂ  ਹੌਂਕੇ , ਹਾਣੀ  ਬਣ   ਕੇ ,
ਇਤਰਾਜ਼ ,ਏਨਾ ਤੇ ਕਰਦੇ ਨਾ ।
ਮੇਰੀ ਰੂਹ ਤਾਂ , ਲੀਰਾਂ ਹੋ ਗਈ ,
ਸਭ ਕੁਝ ਛੱਡ , ਫ਼ਕੀਰਾਂ ਹੋ ਗਈ ,
ਦੌਲਤ ਸ਼ੋਹਰਤ , ਮਿੱਟੀ ਸਭ ਨੇ ,
ਰੰਗਲੇ ਸੁਪਨੇ , ਅੱਖ ਚ' ਭਰਦੇ ਨਾ ।
ਹੰਝੂ ਹੌਂਕੇ ______
ਪਿਆਰ ਦੇ ਨਾਲ , ਤਕਰਾਰ ਹੁੰਦਾ ,
ਇਹ  ਜ਼ਿੰਦਗੀ  ਦਾ , ਭਾਰ  ਹੁੰਦਾ ,
ਭੁੱਲ ਜਾਂਦੇ , ਸਭ  ਆਪਣਿਆਂ  ਨੂੰ ,
ਹੀਰਾਂ ਰਾਂਝੇ , ਸਰਦੀ ਚ' ਠਰਦੇ ਨਾ ।
ਹੰਝੂ ਹੌਂਕੇ ______
ਰਾਤਾਂ ਬਣ ਗਈਆਂ , ਪਹਾੜਾਂ ਵਰਗੀਆਂ ,
ਬੀਆਬਾਨ ,  ਓਹ  ਉਜਾੜਾਂ  ਵਰਗੀਆਂ ,
ਜਿੰਦ  ਆਪਣੀ ,  'ਦਰਦੀ'  ਨਿੱਤ  ਨਿੱਤ ,
ਸੱਪ  ਦੀ  ਜੀਭੇ  ,  ਕਦੇ  ਧਰਦੇ  ਨਾ ।
ਹੰਝੂ ਹੌਂਕੇ _______
                         ਸ਼ਿਵਨਾਥ ਦਰਦੀ 
                ਸੰਪਰਕ :-9855155392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।

ਦੋ ਗ਼ਜ਼ਲਾਂ ✍️ਜਸਵਿੰਦਰ ਸ਼ਾਇਰ "ਪਪਰਾਲਾ "

1) ਗ਼ਮਾਂ ਦੀ ਭੱਠੀ 

ਉਹ ਬਣ ਜਾਂ ਫੇਰ ਉਹੀ ਬਣ ਜਾ ਇਹੀ ਸੋਚਦਾ ਰਿਹਾ ।
ਅਰਮਾਨਾਂ ਆਪਣਿਆਂ ਦਾ ਮੈਂ ਗਲਾ ਘੋਟਦਾ ਰਿਹਾ ।

ਉੱਜੜ ਗਈਆ ਪੇਪਰ ਸੱਧਰਾਂ ਸਭ ਦਿਲ ਮੇਰੇ ਦੀਆਂ 
ਇਕ ਉਡਾਰੀ ਉੱਚੀ ਦਿਲ ਲਾਉਣ ਦੀ ਲੋਚਦਾ ਰਿਹਾ ।

ਲੱਗ ਜਾਵੇ ਨਾ ਹਵਾ ਦਿਲ ਦੀ ਪੀੜ ਨੂੰ ਲਕੋ ਕੇ ਰੱਖਿਆਂ 
ਚਾਰੇ ਪੱਲਿਆ ਨੂੰ ਤਾਂ ਹੀ ਮੈਂ ਬੋਚਦਾ ਰਿਹਾ ।

ਸਹਾਰਾ ਦਿੱਤਾ ਸੀ ਜਿਨ੍ਹਾਂ ਹੱਥਾਂ ਨਾਲ ਉਹਨਾਂ ਨੂੰ 
ਉਹ ਜ਼ਾਲਿਮ ਉਨ੍ਹਾਂ ਹੱਥਾਂ ਦਾ ਮਾਸ ਨੋਚਦਾ ਰਿਹਾ ।

ਆਪਣੇ ਹੱਕ ਵਾਸਤੇ ਚੁੱਕਿਆ ਸੀ ਮੈਂ ਕਦਮ 
ਮੈਨੂੰ ਪਤਾ ਨਹੀਉਂ ਉਹ ਕਿਉਂ ਰੋਕਦਾ ਰਿਹਾ ।

ਕਦਮ ਕਦਮ ਤੇ ਜ਼ਿੰਦਗੀ ਮੈਨੂੰ ਧੋਖਾ ਦੇ ਰਹੀ ਏ 
ਐਪਰ ਹੁਣ ਨਾ ਡਰ ਮੈਨੂੰ ਆਪਣੀ ਮੌਤ ਦਾ ਰਿਹਾ ।

"ਸ਼ਾਇਰ "ਨੂੰ ਤੁਰ ਗਏ ਛੱਡ ਕੇ ਉਹ ਕੱਲਾ ਹੀ 
ਜਿਹਦੇ ਵਾਸਤੇ ਮੈਂ ਗ਼ਮਾਂ ਦੀ ਭੱਠੀ ਝੋਕਦਾ ਰਿਹਾ ।

 

2) 

ਦੁਨੀਆਂ ਦਾ ਖਿਆਲ ਅਸੀਂ ਛੱਡ ਕੇ ਨੀ ।
ਅੱਜ ਆ ਗਏ ਹਾਂ ਤੇਰੇ ਦੁਆਰ ਹੀਰੇ 

ਬਗਲੀ ਤਰਲਿਆ ਦੀ ਚਿੱਪੀ ਹੋਂਕਿਆ ਦੀ 
ਕਾਸਾ ਆਸਾਂ ਦਾ ਮੇਰੇ ਹੱਥ ਵਿਚਕਾਰ ਹੀਰੇ ।

ਚਿਮਟਾ ਚੌਕਰਾ ਦਾ ਮਾਲਾ ਹੰਝੂਆਂ ਦੀ 
ਬੱਸ ਤੇਰੇ ਨਾਮ ਦੀ ਰੱਟ ਲਗਾਤਾਰ ਹੀਰੇ ।

ਸਾਨੂੰ ਮਿੱਠੇ ਬੋਲਾਂ ਦੀ ਖ਼ੈਰ ਪਾ ਦੇ ।
ਅਸੀਂ ਤਾਂ ਇਸ਼ਕ ਦੇ ਹਾਂ ਬੀਮਾਰ ਹੀਰੇ 

ਦੱਸ ਕਿਹੜਾ ਕਰੇ ਇਲਾਜ ਮੇਰੇ ਰੋਗ ਦਾ ।
ਮੈਨੂੰ ਤਾਂ ਚੜਿਆ ਇਸ਼ਕ ਦਾ ਬੁਖਾਰ ਹੀਰੇ ।

ਤੇਰੀ ਮੇਰੀ ਇਹ ਪ੍ਰੀਤ ਕਹਾਣੀ ਨੀ ।
ਸਦਾ ਅਮਰ ਰਹੇਗੀ ਵਿੱਚ ਸੰਸਾਰ ਹੀਰੇ ।

ਜਿਹਦੀ ਝੋਲੀ ਚ ਹੋਣ ਲੱਖਾਂ ਗ਼ਮ ਯਾਰੋ ।
ਰੋ ਰੋ ਦਿਨ ਗੁਜਾਰਦਾ "ਸ਼ਾਇਰ " ਹੀਰੇ ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਪੁਸਤਕ ਰੀਵਿਊ (ਖਿਸਕਦੇ ਪਲ਼)

 

ਪੁਸਤਕ ਰੀਵਿਊ (ਖਿਸਕਦੇ ਪਲ਼)
ਲੇਖਕ: ਹੀਰਾ ਸਿੰਘ ਤੂਤ
ਸੰਪਰਕ
ਪੰਨੇ: ਛਿਆਨਵੇਂ
ਕੀਮਤ:120ਰੁਪਏ
ਪਬਲਿਸ਼ਰ: ਕੈਫੇ ਵਰਲਡ ਪੰਜਾਬ।

ਕਾਵਿ ਸੰਗ੍ਰਹਿ ਖਿਸਕਦੇ ਪਲ਼ ਹੀਰਾ ਸਿੰਘ ਤੂਤ ਜੀ ਦੀ ਦਸਵੀਂ ਪੁਸਤਕ ਹੈ,ਇਸ ਤੋਂ ਪਹਿਲਾਂ ਨੌਂ ਪੁਸਤਕਾਂ ਜਿਨ੍ਹਾਂ ਵਿੱਚ ਕਵਿਤਾਵਾਂ, ਕਹਾਣੀਆਂ,ਨਾਵਲ ਅਤੇ ਬਾਲ ਸਾਹਿਤ ਦੀ ਰਚਨਾ ਕੀਤੀ ਹੈ,ਸਾਹਿਤ ਦੀ ਝੋਲੀ ਪਾ ਚੁੱਕੇ ਹਨ।ਜਿਸ ਨੂੰ ਸਾਹਿਤਕ ਹਲਕਿਆਂ ਵਿੱਚ ਬਹੁਤ ਸਤਿਕਾਰਿਆ ਗਿਆ ਹੈ।ਇਹ ਦਸਵੀਂ ਪੁਸਤਕ ( ਕਾਵਿ ਸੰਗ੍ਰਹਿ) ਵਿੱਚ ਪਚੰਨਵੇਂ ਕਵਿਤਾਵਾਂ ਦਾ ਗੁਲਦਸਤਾ ਪੇਸ਼ ਕਰਦਿਆਂ ਤੂਤ ਸਾਹਿਬ ਨੇ ਬਾਕਮਾਲ ਸ਼ਬਦਾਵਲੀ ਪੇਸ਼ ਕਰਦਿਆਂ ਛੋਟੀ ਰਚਨਾ ਵਿੱਚ ਵੱਡਾ ਸੰਦੇਸ਼ ਦੇਣ ਦੀ ਪਿਰਤ ਨੂੰ ਬਰਕਰਾਰ ਰੱਖਦਿਆਂ ਆਪਣੀ ਕਲਮ ਦਾ ਲੋਹਾ ਮਨਵਾਇਆ ਹੈ। ਜਿਵੇਂ: ਚੁਰੰਨਵੇਂ ਨੰਬਰ ਪੇਜ ਤੇ (ਸਫ਼ਰ)ਨਾਮ ਦੀ ਕਵਿਤਾ ਵਿੱਚ:
ਕੁੱਝ ਰਾਹ ਮੈਂ ਚੁਣ ਲਏ ਨੇ
ਤੇ ਕੁੱਝ ਰਾਹਾਂ ਨੇ ਮੈਨੂੰ ਚੁਣ ਲਿਆ ਹੈ,
ਕੁੱਝ ਕੁ ਰਾਹਾਂ 'ਤੇ ਮੈਂ ਚੱਲਦਾ ਹਾਂ,
ਕਦੇ ਕੁੱਝ ਕੁ ਰਾਹ
ਮੇਰੇ ਨਾਲ਼ ਚੱਲਦੇ ਨੇ,
ਬੱਸ ! ਸਫ਼ਰ ਜਾਰੀ ਹੈ।

ਇਸ ਉਪਰੋਕਤ ਛੋਟੀ ਜਿਹੀ ਕਵਿਤਾ ਵਿੱਚ ਬੜਾ ਕੁੱਝ ਛੁਪਿਆ ਹੋਇਆ ਹੈ। ਲੇਖਕ ਨੇ ਆਪਣੇ ਵਲਵਲੇ ਪੇਸ਼ ਕਰਦਿਆਂ ਪਾਠਕਾਂ ਨੂੰ ਸੁਨੇਹਾ ਦਿੱਤਾ ਹੈ ਕਿ, ਹਾਲੇ ਆਉਣ ਵਾਲੇ ਸਮੇਂ ਵਿੱਚ ਮੇਰੇ ਵੱਲੋਂ ਇਸ ਖੇਤਰ ਵਿੱਚ ਵੱਡੀਆਂ ਪੁਲਾਂਘਾਂ ਪੁੱਟਦਿਆਂ ਸਾਹਿਤ ਵਿੱਚ ਹੋਰ ਵੀ ਤਿਲ ਫੁਲ ਹਿੱਸਾ ਪਾਉਣ ਦੀ ਕੋਸ਼ਿਸ਼ ਜਾਰੀ ਰਹੇਗੀ। ਬਿਲਕੁਲ ਦੋਸਤੋ ਇਸ ਅੱਗੇ ਵੱਲ ਵਧਦੇ ਕਦਮਾਂ ਤੋਂ ਭਲੀ-ਭਾਂਤ ਪਤਾ ਲੱਗਦਾ ਹੈ ਕਿ, ਲੇਖਕ ਦੀਆਂ ਰਚਨਾਵਾਂ ਨੂੰ ਪਿਆਰਿਆ ਸਤਿਕਾਰਿਆ ਜਾ ਰਿਹਾ ਹੈ।
     ਇਸ ਹਥਲੀ ਪੁਸਤਕ ਖਿਸਕਦੇ ਪਲ਼ ਕਾਵਿ ਸੰਗ੍ਰਹਿ ਵਿਚ ਹਰ ਇੱਕ ਰਚਨਾ ਲੋਕਾਂ ਦੇ ਦਿਲਾਂ ਦੀ ਗੱਲ/ਤਰਜਮਾਨੀ ਕਰਦੀ ਆਪਣੇ ਆਪ ਵਿੱਚ ਵਿਲੱਖਣ ਹੈ।ਮੇਲੇ ਗੇਲੇ,ਅਣਖ, ਮੌਤ,ਹੌਸਲਾ, ਸਫ਼ਰ, ਕੁਦਰਤ,ਆਤਮ ਚਿੰਤਨ,ਈਦ,ਮਾੜੀ ਗੱਲ,ਪੁਨਰ ਜਨਮ, ਫ਼ਰਕ, ਅਲਵਿਦਾ, ਗੁੰਝਲਾਂ,ਸੱਜਣ ਤੁਰਗੇ, ਅਤੇ ਦਸਤਕ ਵਰਗੀਆਂ ਛੋਟੀਆਂ ਛੋਟੀਆਂ ਕਵਿਤਾਵਾਂ ਵਿੱਚ ਵੱਡੀਆਂ ਗੱਲਾਂ ਕਹਿਣ ਦੀ ਲੇਖਕ ਵੱਲੋਂ ਵਧੀਆ ਤੇ ਸਾਰਥਕ ਕੋਸ਼ਿਸ਼ ਕੀਤੀ ਗਈ ਹੈ। ਇਨ੍ਹਾਂ ਉਪਰੋਕਤ ਰਚਨਾਵਾਂ ਤੋਂ ਬਿਨਾਂ ਵੀ ਸਾਰੀਆਂ ਹੀ ਪੁਸਤਕ ਵਿਚਲੀਆਂ ਕਵਿਤਾਵਾਂ ਬਹੁਤ ਵਧੀਆ ਹਨ,ਜੋ ਆਪਾਂ ਸਭਨਾਂ ਨੂੰ ਪੜ੍ਹਨੀਆਂ ਚਾਹੀਦੀਆਂ ਹਨ।
          ਹੀਰਾ ਸਿੰਘ ਤੂਤ ਖੁਦ ਆਪਣੇ ਮੂੰਹੋਂ ਵੀ ਆਪਣੀ ਜ਼ਿੰਦਗੀ ਦੇ ਕੁੱਝ ਅਨੁਭਵ ਅਕਸਰ ਹੀ ਹਰ ਸਾਹਿਤ ਸਭਾ ਵਿੱਚ ਜਦੋਂ ਸਾਂਝੇ ਕਰਦਾ ਹੈ ਤਾਂ ਦੋਸਤੋ ਇੱਕ ਵਾਰ ਗੱਚ ਭਰ ਆਉਂਦਾ ਹੈ,ਜਿਸ ਇਨਸਾਨ ਨੇ ਖੁਦ ਇਹੋ ਜਿਹੇ ਪਲ ਆਪਣੇ ਤੇ ਹੰਢਾਏ ਹੋਣ,ਉਸ ਦੀਆਂ ਰਚਨਾਵਾਂ, ਕਹਾਣੀਆਂ ਨਾਵਲਾਂ ਵਿੱਚ ਉਸ ਦੇ ਅਨੁਭਵ ਝਲਕਣੇ ਸੁਭਾਵਿਕ ਹੁੰਦੇ ਹਨ।ਇਹੋ ਜਿਹੀਆਂ ਪੁਸਤਕਾਂ ਵਾਰ ਵਾਰ ਪੜ੍ਹਨ ਨੂੰ ਦਿਲ ਕਰਦਾ ਹੈ, ਅਤੇ ਸਟੇਜ ਉੱਤੇ ਲੇਖਕ ਵੱਲੋਂ ਕੀਤੀਆਂ ਗੱਲਾਂ ਪਾਠਕ ਨੂੰ ਝੰਜੋੜਦੀਆਂ ਹਨ। ਆਪਣੇ ਉੱਪਰ ਹੰਢਾਏ ਚੰਗੇ ਮਾੜੇ ਦਿਨਾਂ ਨੂੰ ਆਪਣੀਆਂ ਰਚਨਾਵਾਂ ਦਾ ਹਿੱਸਾ ਬਣਾਉਣਾ ਕਿਸੇ ਵਿਰਲੇ ਇਨਸਾਨ ਦੇ ਹਿੱਸੇ ਹੀ ਆਉਂਦਾ ਹੈ। ਕਵਿਤਾ ਵਗਦੀ ਗੰਗਾ ਹੁੰਦੀ ਹੈ ਤੇ ਆਪਣੇ ਨਾਲ ਵਹਾਉਣ ਅਤੇ ਤੋਰਨ ਦੀ ਸਮਰੱਥਾ ਰੱਖਦੀ ਹੈ,ਜੋ ਲੇਖਕ ਨੇ ਖੁਦ ਇਸ ਪੁਸਤਕ ਦੇ ਬਿਲਕੁਲ ਅਖੀਰਲੇ ਟਾਈਟਲ ਪੇਜ ਤੇ ਲਿਖਿਆ ਹੈ, ਮੈਂ ਇਸ ਗੱਲ ਨਾਲ ਬਿਲਕੁੱਲ ਸਹਿਮਤ ਹਾਂ।ਅਸਲ ਵਿੱਚ ਓਹੀ ਪੁਸਤਕ ਤੇ ਲੇਖਿਕ ਸੁਹਿਰਦ ਤੇ ਪ੍ਰੋੜ ਹੁੰਦਾ ਹੈ,ਜਿਸ ਦੀ ਪੁਸਤਕ/ਰਚਨਾਵਾਂ ਪਾਠਕਾਂ ਨੂੰ ਬੰਨ੍ਹ ਕੇ ਬਿਠਾਉਣ ਵਿੱਚ ਸਮਰੱਥ ਹੋਣ।ਇਸ ਉਪਰੋਕਤ ਗੱਲ ਤੇ ਹੀਰਾ ਸਿੰਘ ਤੂਤ ਪਹਿਰਾ ਦਿੰਦੇ ਹੋਏ ਆਪਣਾ ਸਫ਼ਰ ਜਾਰੀ ਰੱਖੇ ਇਹੀ ਓਸ ਅਕਾਲਪੁਰਖ ਅੱਗੇ ਅਰਦਾਸ ਬੇਨਤੀ ਜੋਦੜੀ ਹੈ।
             ਆਪਣੇ ਕਿੱਤੇ ਸਕੂਲੀ ਮਾਸਟਰ ਅਤੇ ਹੋਰ ਪਰਿਵਾਰਕ ਰੁਝੇਵਿਆਂ ਵਿਚੋਂ ਲਿਖਣ ਲਈ ਸਮਾਂ ਕੱਢਣਾ ਇਸ ਅਜੋਕੇ ਜ਼ਮਾਨੇ ਵਿੱਚ ਬਹੁਤ ਔਖਾ ਹੈ,ਜਿਸ ਨੂੰ ਹੀਰਾ ਸਿੰਘ ਤੂਤ ਨੇ ਬਾਖੂਬੀ ਕਰ ਵਿਖਾਇਆ ਹੈ, ਲਿਖਣਾ ਵੀ ਇੱਕ ਬਹੁਤ ਵੱਡੀ ਸਾਧਨਾਂ ਹੁੰਦੀ ਹੈ। ਪਾਠਕਾਂ ਨੂੰ ਇਸ ਕਲਮ ਤੋਂ ਹੋਰ ਵੀ ਬਹੁਤ ਸਾਰੀਆਂ ਆਸਾਂ ਉਮੀਦਾਂ ਹਨ,।ਹੀਰਾ ਸਿੰਘ ਤੂਤ ਆਪਣਾ ਇਹ ਸਫ਼ਰ ਜਾਰੀ ਰੱਖੇ ਇਹੀ ਅਰਦਾਸ ਹੈ। ਆਓ ਦੋਸਤੋ ਇਸ ਪੁਸਤਕ ਨੂੰ ਪੜੀਏ ਅਤੇ ਸਾਹਿਤਕ ਹਲਕਿਆਂ ਵਿੱਚ ਇਸ ਦਾ ਸਵਾਗਤ ਕਰੀਏ।

ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556

ਦੋ ਗ਼ਜ਼ਲਾਂ ✍️ਜਸਵਿੰਦਰ ਸ਼ਾਇਰ "ਪਪਰਾਲਾ "

ਸ਼ਿਕਵਾ

ਸ਼ਿਕਵਾ ਕੀਤਾ ਨਹੀਂ ਕਦੇ ਅਸੀਂ ਬੇਵਫਾਈ ਦਾ 
ਬੇ-ਵਫਾ ਖੁਦ ਆਪਦੇ ਕੀਤੇ ਤੇ ਪਛਤਾਉਂਦੀ ਰਹੀ ।

ਗੁਲਸ਼ਨ ਵਿੱਚੋਂ ਉਹ ਕਲੀ ਵੀ ਮਸਲ ਦਿੱਤੀ 
ਜੋ ਉਮਰ ਭਰ ਸਾਰੇ ਗੁਲਸ਼ਨ ਨੂੰ ਮਹਿਕਾਉਂਦੀ ਰਹੀ।

ਉਮਰ ਭਰ ਦੀਆਂ ਖੁਸ਼ੀਆਂ ਬੇਸ਼ੁਮਾਰ ਖੋਹ ਕੇ ਮੇਰੀਆਂ 
ਜ਼ਾਲਿਮ ਜ਼ੁਲਮ ਕਰਨ ਤੋਂ ਬਾਅਦ ਵੀ ਮੁਸਕੁਰਾਉਂਦੀ ਰਹੀ ।

ਰੱਬ ਦੇ ਵਾਸਤੇ ਛੱਡ ਨਾ ਜਾਵੀਂ ਤੂੰ ਮੈਨੂੰ ਕੱਲਾ 
ਨਿੱਤ ਹੀ ਮੈਨੂੰ ਖ਼ਤਾ ਚ ਉਹ ਸਮਝਾਉਂਦੀ ਰਹੀ ।

ਅੰਤਾਂ ਦਾ ਸੱਜਣਾਂ ਤੈਨੂੰ ਪਿਆਰ ਸੀ ਮੈਂ ਕਰਦਾ 
ਐਪਰ ਨਾਟਕ ਪਿਆਰ ਦਾ ਕਰਕੇ ਤੜਫਾਉਂਦੀ ਰਹੀ ।

ਤੇਰੇ ਪਿਆਰ ਬਦਲੇ ਮੈਂ ਜਾਨ ਆਪਣੀ ਦੇ ਦੇਵਾਂਗੀ 
ਪਰ ਬੇ-ਕਦਰੇ ਫੋਕਾ ਪਿਆਰ ਜਤਾਉਂਦੀ ਰਹੀ।

ਹੋਇਆ ਕੀ ਜੇ"ਸ਼ਾਇਰ " ਘਰ ਤੋਂ ਗਰੀਬ ਸੀ 
ਪਰ ਤੂੰ ਬੇ -ਕੀਰਕੇ  ਉਹਨੂੰ ਬੁਝਾਰਤਾਂ ਪਾਉਂਦੀ ਰਹੀ ।

----------------------------------
 ਕੀ ਕਰਨਾ 

ਰੱਖਿਆ ਸੀ ਜਿਹਦੇ ਸਾਹਮਣੇ ਦਿਲ ਚੀਰ ਮੈਂ ਸੀਨਾ ।
ਭੁਲੇਖੇ ਕਿਉਂ ਉਸਦੇ ਦਿਲ ਵਿੱਚ ਮੇਰੇ ਬਾਰੇ ਰਹੇ ।

ਬਣ ਜਾਂਦਾ ਸੀ ਹਮਾਇਤੀ ਮੇਰਾ ਬੇਸ਼ੱਕ ਹਰ ਕੋਈ 
ਸਭ ਕੁੱਝ ਹੋਣ ਤੋਂ ਬਾਅਦ ਵੀ ਬੇਸਹਾਰੇ ਰਹੇ ।
ਫੁੱਲ ਵਿਛਾਏ ਸੀ ਮੈਂ ਤਾਂ ਹਰੇਕ ਦੇ ਰਾਹ ਤੇ 
ਸੁਲਗਦੀ ਅੱਗ ਦੇ ਕਿਉਂ ਮੇਰੀ ਵਾਰੀ ਅੰਗਾਰੇ ਰਹੇ ।

ਸਾਡੇ ਪਿਆਰ ਚ ਕੋਈ ਕਮੀ ਨਹੀਂ ਸੀ ਸੱਜਣਾ 
ਫੇਰ ਵੀ ਤੜਫਦੇ ਕਿਉਂ ਦੋਵੇਂ ਨਦੀ ਦੇ ਕਿਨਾਰੇ ਰਹੇ ।

ਅੱਲੇ -ਅੱਲੇ ਜ਼ਖ਼ਮਾਂ ਤੇ ਲਾਵਾਂ ਮਲੱਮ ਮੈਂ ਕਿਹੜੀ 
ਉਹਦੇ ਕਹੇ ਹਰ ਸ਼ਬਦ ਬਣੇ ਕਿਉਂ ਚਿੰਗਾਰੇ ਰਹੇ ।

ਕੀ ਕਰਨਾ ਦੁਨੀਆਂ ਤੇ"ਸ਼ਾਇਰ "ਹੁਣ ਜੀ ਕੇ
ਜਦੋਂ ਆਪਣੇ ਹੀ ਸੱਜਣ ਨਾ ਪਿਆਰੇ ਰਹੇ ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

30 ਨਵੰਬਰ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਰਬੱਤ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ ✍️ ਹਰਨਰਾਇਣ ਸਿੰਘ ਮੱਲੇਆਣਾ

30 ਨਵੰਬਰ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਰਬੱਤ ਸੰਗਤ ਨੂੰ ਲੱਖ ਲੱਖ ਵਧਾਈਆਂ 

ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਸਿੱਖ ਇਤਿਹਾਸ 'ਚ ਚਮਕਦੇ ਧਰੂ ਤਾਰੇ ਵਾਂਗ ਹਨ। ਉਨ੍ਹਾਂ ਦਾ ਜਨਮ 15 ਮੱਘਰ (30 ਨਵੰਬਰ 1696) ਈ: ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਮਾਤਾ ਜੀਤੋ ਜੀ ਦੀ ਕੁੱਖੋ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਇਆ। 
ਇਤਿਹਾਸ ਮੁਤਾਬਕ ਜਦੋਂ ਗੁਰੂ ਸਾਹਿਬ ਨੂੰ ਸ੍ਰੀ ਆਨੰਦਪੁਰ ਸਾਹਿਬ ਛੱਡ ਕੇ ਜਾਣਾ ਪਿਆ ਤਾਂ ਸਰਸਾ ਨਦੀ ਦੇ ਕੰਢੇ ਉਨ੍ਹਾਂ ਨੂੰ ਅਨੇਕਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਹੀ ਉਨ੍ਹਾਂ ਦਾ ਸਾਰਾ ਪਰਿਵਾਰ ਵਿਛੜ ਗਿਆ ਸੀ। ਇਸ ਦੌਰਾਨ ਹੀ ਮਾਤਾ ਸੁੰਦਰ ਕੌਰ ਜੀ ਭਾਈ ਦਇਆ ਸਿੰਘ ਦੀ ਹਿਫਾਜਤ 'ਚ ਦਿੱਲੀ ਜਾ ਪੁੱਜੇ ਅਤੇ ਮਾਤਾ ਗੁਜਰ ਕੌਰ ਜੀ ਦੋਵੇਂ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਉਨ੍ਹਾਂ ਦੇ ਘਰੇਲੂ ਰਸੋਈਏ ਗੰਗੂ ਬ੍ਰਹਾਮਣ ਦੇ ਘਰ ਜਾਣਾ ਪਿਆ। ਗੰਗੂ ਉਨ੍ਹਾਂ ਨੂੰ ਆਪਣੇ ਘਰ ਪਿੰਡ ਸਹੇੜੀ ਲੈ ਆਇਆ, ਜਿਸ ਤੋਂ ਬਾਅਦ ਉਸ ਦੀ ਨੀਅਤ ਬਦਲ ਗਈ। ਇਤਿਹਾਸਕਾਰਾਂ ਮੁਤਾਬਕ ਉਹ ਮਾਤਾ ਜੀ ਦੇ ਕੋਲ ਬਹੁਤ ਸਾਰੀ ਨਕਦੀ ਅਤੇ ਹੋਰ ਕੀਮਤੀ ਸਾਮਾਨ ਦੇਖ ਕੇ ਬੇਈਮਾਨ ਹੋ ਗਿਆ। ਇਸ ਦੇ ਨਾਲ-ਨਾਲ ਉਹ ਗੁਰੂ ਜੀ ਦੇ ਪਰਿਵਾਰ ਨੂੰ ਸਰਹਿੰਦ ਦੇ ਸੂਬੇ ਨੂੰ ਫੜਵਾ ਕੇ ਇਨਾਮ ਅਤੇ ਸ਼ੌਹਰਤ ਲੈਣ ਦੇ ਲਾਲਚ 'ਚ ਵੀ ਆ ਗਿਆ। ਉਸ ਨੇ ਮਾਤਾ ਗੁਜਰੀ ਸਮੇਤ ਦੋਹਾਂ ਸਹਿਬਜ਼ਾਦਿਆਂ ਨੂੰ ਸੂਬੇ ਦੇ ਹਵਾਲੇ ਕਰਵਾ ਦਿੱਤਾ। 
ਇਥੇ ਹੀ ਉਨ੍ਹਾਂ ਨੂੰ ਸਰਹਿੰਦ ਦੇ ਇਕ ਠੰਡੇ ਬੁਰਜ 'ਚ ਕੈਦ ਕਰ ਦਿੱਤਾ ਗਿਆ। ਡਰਾਉਣ ਧਮਾਉਕਾਉਣ ਅਤੇ ਠੰਡੇ ਬੁਰਜ ਦੇ ਤਸੀਹੇ ਦੇਣ ਤੋਂ ਬਾਅਦ ਦੋਹਾਂ ਸਾਹਿਬਜ਼ਾਦਿਆਂ ਨੂੰ ਵਜੀਦ ਖਾਂ ਸੂਬਾ ਸਰਹਿੰਦ ਦੀ ਕਚਹਿਰੀ 'ਚ ਪੇਸ਼ ਕੀਤਾ ਗਿਆ। ਸੂਬਾ ਸਰਹਿੰਦ ਨੇ ਕਾਜੀਆਂ ਨਾਲ ਸਲਾਹ ਮਸ਼ਵਰਾ ਕਰਕੇ ਇਨ੍ਹਾਂ ਤਿੰਨਾਂ ਨੂੰ ਸਜਾ ਦੇਣ ਬਾਰੇ ਰਾਇ ਪੁੱਛੀ। ਉਨ੍ਹਾਂ ਨੇ ਫੈਸਲਾ ਦਿੱਤਾ ਕਿ ਜਾਂ ਤਾਂ ਇਹ ਇਸਲਾਮ ਕਬੂਲ ਕਰ ਲੈਣ ਜਾਂ ਮੌਤ ਲਈ ਤਿਆਰ ਹੋ ਜਾਣ। 
ਇਤਿਹਾਸ ਮੁਤਾਬਕ ਜਦੋਂ ਸਾਹਿਬਜ਼ਾਦਿਆਂ ਨੇ ਦੀਨ ਕਬੂਲ ਨਾ ਕੀਤਾ ਤਾਂ ਕਾਜੀਆਂ ਇਨ੍ਹਾਂ ਨੂੰ ਨੀਹਾਂ 'ਚ ਚਿਣੇ ਜਾਣ ਦਾ ਫੈਸਲਾ ਦੇ ਦਿੱਤਾ। ਇਸ ਦੌਰਾਨ ਮਲੇਰਕੋਟਲਾ ਦਾ ਨਵਾਬ ਵੀ ਇਸ ਸਭਾ 'ਚ ਹਾਜ਼ਰ ਸੀ, ਉਸ ਨੇ ਹਾਅ ਦਾ ਨਾਅਰਾ ਮਾਰਿਆ ਅਤੇ ਇਸ ਫੈਸਲੇ ਦਾ ਵਿਰੋਧ ਕੀਤਾ। ਉਸ ਨੇ ਕਿਹਾ ਕਿ ਤੁਹਾਡਾ ਵਿਰੋਧ ਗੁਰੂ ਗੋਬਿੰਦ ਸਿੰਘ ਨਾਲ ਹੈ ਨਾ ਕਿ ਇਨ੍ਹਾਂ ਮਾਸੂਮ ਬੱਚਿਆ ਨਾਲ। ਇਸ ਲਈ ਇਨ੍ਹਾਂ ਬੱਚਿਆਂ ਨੂੰ ਸਜਾ ਦੇਣਾ ਸਰਾਸਰ ਗਲਤ ਹੈ। ਕਿਹਾ ਜਾਂਦਾ ਹੈ ਕਿ ਵਜੀਦ ਖਾਂ ਮਲੇਰਕੋਟਲੇ ਦੇ ਨਵਾਬ ਦੀ ਇਸ ਦਲੀਲ ਨਾਲ ਰਜ਼ਾਮੰਦ ਹੋ ਗਿਆ ਪਰ ਸੁੱਚਾ ਨੰਦ ਦੀਵਾਨ ਬੋਲਿਆ ਕਿ ਨਵਾਬ ਸਾਹਿਬ ਜੀ ਤੁਸੀਂ ਇਹ ਭੁੱਲ ਰਹੇ ਹੋ ਕਿ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਹਨ ਅਤੇ ਸੱਪਾਂ ਦੇ ਬੱਚੇ ਵੀ ਸੱਪ ਹੀ ਹੁੰਦੇ ਹਨ।''ਉਸ ਨੇ ਕਿਹਾ ਕਿ ਦੁਸ਼ਮਣ ਦੇ ਪੁੱਤਰਾਂ 'ਤੇ ਤਰਸ ਕਰਕੇ ਛੱਡ ਦੇਣਾ ਕਿੱਥੋਂ ਦੀ ਸਿਆਣਪ ਹੈ। ਉਸ ਨੇ ਕਿਹਾ ਕਿ ਜੇਕਰ ਇਸ ਵੇਲੇ ਤੁਸੀਂ ਇੰਨ੍ਹਾਂ ਨੂੰ ਐਵੇਂ ਛੱਡ ਦਿੱਤਾ ਤਾਂ ਇਹ ਕੱਲ੍ਹ ਨੂੰ ਫਿਰ ਇੱਕਠੇ ਹੋ ਕੇ ਬਗਾਵਤ ਕਰਨਗੇ। ਸੁੱਚਾ ਨੰਦ ਦੇ ਇਸ ਮਸ਼ਵਰੇ ਦੀ ਕਾਜ਼ੀਆਂ ਨੇ ਵੀ ਹਾਮੀ ਭਰੀ ਅਤੇ ਮੌਤ ਜਾਂ ਇਸਲਾਮ ਕਬੂਲ ਕਰਨ ਲਈ ਫਤਵਾ ਸੁਣਾ ਦਿੱਤਾ ਗਿਆ। ਸਾਹਿਬਜ਼ਾਦਿਆਂ ਨੇ ਵੀ ਬੜੀ ਨਿਡਰਤਾ ਨਾਲ ਫਤਵੇ ਨੂੰ ਕਬੂਲ ਕੀਤਾ ਅਤੇ ਕਿਹਾ ਕਿ;
''ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ ਅਸੀਂ ਮੌਤ ਤੋਂ ਨਹੀਂ ਡਰਦੇ।
ਭਾਵੇਂ ਤੁਸੀਂ ਆਪਣਾ ਸਾਰਾ ਤਾਣ ਲਗਾ ਕੇ ਦੇਖ ਲਵੋ ਪਰ ਅਸੀਂ ਜਬਰ ਅੱਗੇ ਨਹੀਂ ਝੁਕਾਂਗੇ।
ਉਨ੍ਹਾਂ ਕਿਹਾ ਕਿ ਸਾਨੂੰ ਮੌਤ ਦੀ ਪਰਵਾਹ ਨਹੀਂ, ਸਾਨੂੰ ਜਾਨ ਨਾਲੋਂ ਵੀ ਧਰਮ ਪਿਆਰਾ ਹੈ।'' 

ਉਸ ਵੇਲੇ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਦੀ ਉਮਰ ਸਿਰਫ 9 ਸਾਲ ਦੀ ਸੀ। ਸਹਿਬਜ਼ਾਦਿਆਂ ਦੀ ਇਸ ਦ੍ਰਿੜਤਾ ਨੂੰ ਦੇਖ ਦੋਹਾਂ ਸਹਿਬਜ਼ਾਦਿਆ ਨੂੰ ਨੀਹਾਂ 'ਚ ਚਿਣ ਕੇ ਸ਼ਹੀਦ ਕਰਨ ਦਾ ਫਤਵਾ ਜਾਰੀ ਕੀਤਾ ਗਿਆ। ਇਤਿਹਾਸ ਮੁਤਾਬਕ 13 ਪੋਹ 1705 ਈਸਵੀ ਨੂੰ ਦੋਹਾਂ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ।

✍️ ਹਰਨਰਾਇਣ ਸਿੰਘ ਮੱਲੇਆਣਾ

ਗੁਰਮੀਤ ਬਾਵਾ ਦੇ ਤੁਰ ਜਾਣ ਤੋਂ ਬਾਅਦ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਛੁਪਿਆ ਸਿਤਾਰਾ ਚਮਕਦਾ ,
ਇਹ ਚੰਦਰਾ ਸੁਨੇਹਾ ਬੇ-ਵਕਤ ਆ ਗਿਆ ।
ਗੁਰਮੀਤ ਬਾਵਾ ਦੇ ਤੁਰ ਜਾਣ ਤੋਂ ਬਾਅਦ ,
ਹਰ ਇੱਕ ਦੀ ਅੱਖ ਵਿੱਚ ਹੰਝੂ ਆ ਗਿਆ ।

ਪੰਜਾਬੀ ਸਾਹਿਤ ਜਗਤ ਨੂੰ ,
ਇੱਕ ਘਾਟਾ ਹੋਰ ਖਾ ਗਿਆ ।
ਗੁਰਮੀਤ ਬਾਵਾ ਦੇ ਤੁਰ ਜਾਣ ਤੋਂ ਬਾਅਦ ,
ਹਰ ਇੱਕ ਦੀ ਅੱਖ ਵਿੱਚ ਹੰਝੂ ਆ ਗਿਆ ।

ਚੁੱਪ-ਚਾਪ ਪੰਛੀ ਵੀ ਘਰਾਂ ਨੂੰ ਪਰਤਣ ,
ਜਦੋਂ ਚਾਰੇ-ਪਾਸੇ ਉਦਾਸੀ ਦਾ ਬੱਦਲ ਛਾ ਗਿਆ ।
ਗੁਰਮੀਤ ਬਾਵਾ ਦੇ ਤੁਰ ਜਾਣ ਤੋਂ ਬਾਅਦ ,
ਹਰ ਇੱਕ ਦੀ ਅੱਖ ਵਿੱਚ ਹੰਝੂ ਆ ਗਿਆ ।

ਮਾਣਦਾ ਰਿਹਾ ਆਨੰਦ ਜੋ ਉੱਚੀ ਹੇਕ ਦਾ ,
ਤੁਰ ਜਾਣ ਦਾ ਸਦਮਾ ਦਿਲ ਨੂੰ ਖਾ ਗਿਆ ।
ਗੁਰਮੀਤ ਬਾਵਾ ਦੇ ਤੁਰ ਜਾਣ ਤੋਂ ਬਾਅਦ ,
ਹਰ ਇੱਕ ਦੀ ਅੱਖ ਵਿੱਚ ਹੰਝੂ ਆ ਗਿਆ ।

ਕਿੱਥੋਂ ਲੱਭਾਗੇ ਤੇਰੇ ਮਿੱਠੜੇ ਬੋਲ ,
ਅਮਰ ਰਹਿਣਗੇ ਗੀਤ ਮਾਹੀਏ ਢੋਲ ,
ਗਗਨ ਦੀ ਕਲਮ ਨੂੰ ਵਿਛੋੜਾ ਤੇਰਾ ਰਵਾ ਗਿਆ ।
ਗੁਰਮੀਤ ਬਾਵਾ ਦੇ ਤੁਰ ਜਾਣ ਤੋਂ ਬਾਅਦ ,
ਹਰ ਇੱਕ ਦੀ ਅੱਖ ਵਿੱਚ ਹੰਝੂ ਆ ਗਿਆ ।

ਗਗਨਦੀਪ ਧਾਲੀਵਾਲ

ਸਮਰਪਿਤ ਨਾਨਕ ਨੂੰ! ✍️. ਸਲੇਮਪੁਰੀ ਦੀ ਚੂੰਢੀ

ਸਮਰਪਿਤ ਨਾਨਕ ਨੂੰ!
- ਹੇ ਨਾਨਕ! 
ਤੂੰ ਸਮਾਜਿਕ ਕੁਰੀਤੀਆਂ ਵਿਰੁੱਧ 
ਬਗਾਵਤ ਦਾ ਝੰਡਾ ਗੱਡਿਆ ਸੀ! 
ਤੇ ਅਸੀਂ - 
ਸਮਾਜਿਕ ਕੁਰੀਤੀਆਂ 
ਵਿਚ ਡੁੱਬ ਚੁੱਕੇ ਹਾਂ! 
ਤੂੰ ਵਹਿਮਾਂ-ਭਰਮਾਂ ਦਾ 
ਕੀਲਾ ਪੁੱਟਿਆ ਸੀ! 
ਸਾਡਾ ਪਲ ਪਲ 
ਵਹਿਮਾਂ-ਭਰਮਾਂ, 
ਅੰਧ-ਵਿਸ਼ਵਾਸ਼ਾਂ ਵਿਚ 
ਗੁਜਰਦਾ ਹੈ! 
ਤੂੰ ਜਾਤਾਂ -ਕੁਜਾਤਾਂ ਦਾ
 ਜੂੜ ਵੱਢਿਆ ਸੀ! 
ਅਸੀਂ ਜਾਤਾਂ-ਕੁਜਾਤਾਂ ਦੇ 
ਨਾਉਂ 'ਤੇ 
ਗੁਰਦੁਆਰੇ ਉਸਾਰਕੇ 
ਤੇਰੇ ਉਪਦੇਸ਼ਾਂ ਦੀ
 ਰੋਜ ਬੇਅਦਬੀ ਕਰਦੇ ਹਾਂ! 
ਤੂੰ ਹੱਥੀਂ ਕਿਰਤ ਕਮਾਈ ਨੂੰ 
ਉਤਮ ਦੱਸਿਆ ਸੀ! 
ਤੇ ਅਸੀਂ ਤਾਂ 
 ਹੇਰਾਫੇਰੀਆਂ, 
ਬੇਈਮਾਨੀਆਂ,
 ਰਿਸ਼ਵਤਾਂ, 
ਠੱਗੀਆਂ ਦੀ ਲੁੱਟ ਨੂੰ 
ਉਤਮ ਕਮਾਈ ਸਮਝਦੇ ਹਾਂ! 
ਤੂੰ ਪਾਖੰਡੀਆਂ ਦੇ ਡੇਰਿਓੰ 
ਜਾਣ ਤੋਂ ਡੱਕਿਆ ਸੀ! 
ਅਸੀਂ ਤਾਂ ਪਾਖੰਡੀਆਂ ਨੂੰ 
'ਸੱਭ ਕੁਝ' ਸਮਝ ਬੈਠੇ ਹਾਂ!  
ਤੂੰ ਜੱਗ ਦੀ ਜਨਨੀ ਨੂੰ 
ਉੱਚਾ ਚੁੱਕਿਆ ਸੀ!
ਅਸੀਂ ਜੱਗ ਦੀ ਜਨਨੀ ਲਈ
ਮਾਂ ਦੀ ਕੁੱਖ ਵਿੱਚ
ਮੜ੍ਹੀਆਂ ਬਣਾ ਕੇ
ਰੱਖ ਦਿੱਤੀਆਂ ਨੇ!
ਹੇ ਨਾਨਕ!
ਅਸੀਂ ਤੈਨੂੰ ਆਪਣਾ ਮੰਨਦੇ ਹਾਂ!
ਪਰ-
ਤੇਰੀ ਮੰਨਦੇ ਨਹੀਂ!
ਤੂੰ ਹਊਮੈੰ ਨੂੰ ਮਾਰਨ ਲਈ 
ਆਖਿਆ ਸੀ! 
ਅਸੀਂ ਤਾਂ ਹਊਮੈੰ ਵਿਚ 
ਅੰਨ੍ਹੇ ਹੋਏ 
ਤੇਰਾ ਜਨਮ ਦਿਨ ਮਨਾਉਣ ਲਈ
ਇੱਕਮੱਤ ਨਹੀਂ ਹੋਏ!
ਫਿਰ -
ਅਸੀਂ ਤੇਰੇ ਕਿਥੋਂ ਹੋ ਜਾਵਾਂਗੇ!
ਤੂੰ ਤਾਂ - 
ਹੱਸਣ, ਖੇਡਣ ਨੂੰ
ਸਰੀਰ ਦਾ ਨਸ਼ਾ ਦੱਸਿਆ ਸੀ!
ਅਸੀਂ ਤਾਂ 'ਚਿੱਟੇ' ਨੂੰ 
 ਤਨ-ਮਨ ਦਾ ਨਸ਼ਾ
ਸਮਝ ਬੈਠੇ ਹਾਂ!
ਸਾਨੂੰ ਸਮਝ ਨਹੀਂ ਆਉਂਦੀ 
ਕਿ-
ਤੇਰੀ ਵਿਚਾਰਧਾਰਾ ਦਾ ਨਸ਼ਾ 
ਸਾਨੂੰ ਕਦੋਂ ਚੜੂਗਾ? 
ਹਾਂ - 
ਤੇਰੇ ਉਪਦੇਸ਼ ਦੀ ਪਾਲਣਾ ਕਰਦਿਆਂ  - 
ਭੁੱਖਿਆਂ ਨੂੰ ਅੰਨ 
ਖੁਆਉਣ ਦੀ 
ਤੇਰੀ ਰੀਤ ਨੂੰ
ਅਸੀਂ - 
ਜਰੂਰ ਜਾਰੀ ਰੱਖਿਆ ਹੈ! 
-ਸੁਖਦੇਵ ਸਲੇਮਪੁਰੀ 
09780620233 
19 ਨਵੰਬਰ, 2021.

ਗੁਰੂ ਨਾਨਕ ਦੇ ਪੈਰ ✍️. ਸ਼ਿਵਨਾਥ ਦਰਦੀ

ਤੂੰ ਨੂਰਾਨੀ , ਚਿਹਰੇ ਵੱਲ ਕੀ ਤੱਕਦਾ ,

ਕਦੇ ਗੁਰੂ ਨਾਨਕ ਦੇ , ਪੈਰਾਂ ਵੱਲ ਵੀ ਤੱਕ ,

ਚਾਰ ਦਿਸ਼ਾਵਾਂ , ਘੁੰਮੀਆਂ ਜਿਨ੍ਹਾਂ ਨੇ 

ਓਹ ਫੇਰ ਵੀ ਨਾ ਹੋਏ ,ਥੱਕ ।

ਤੂੰ ਨੂਰਾਨੀ __________________

ਕਈ ਮਿੱਟੀਆਂ ਨੇ , ਕੀਤਾ ਗੰਦਾ 

ਤੇ ਕਈ ਪਾਣੀਆਂ ਨੇ , ਧੋਇਆ 

ਧੰਨ ਸੀ , ਓਹ ਮਿੱਟੀ ਪਾਣੀ 

ਜਿਨ੍ਹਾਂ , ਗੁਰੂ ਨਾਨਕ ਦੇ ਪੈਰਾਂ ਨੂੰ ਛੋਹਿਆ 

ਜਿਊਂਦੇ ਨੇ , ਓਹ ਵਿਚ ਬ੍ਰਹਿਮੰਡ ਦੇ  

ਬਣ ਬਣ , ਕਈ ਓਹ ਲੱਖ ।

ਤੂੰ ਨੂਰਾਨੀ ____________________

ਠੇਡੇ ਖਾਦੇ , ਕਈ ਪੱਥਰਾਂ ਤੋਂ 

ਪੈਰੀਂ ਕੰਡੇ ਚੁਭੇ , ਕਈ ਹਜ਼ਾਰ 

ਚਲਦੇ ਰਹੇ , ਵੱਲ ਮੰਜ਼ਿਲ ਦੇ 

ਕਹਿ , ਇਕੋ ਹੈ ਨਿਰੰਕਾਰ 

ਹਰ ਪਾਸੇ , ਬਸ ਓਹੀ ਵਸਦਾ 

ਜਾ ਮੱਕੇ ਕੱਢਿਆ ਸੱਕ ।

ਤੂੰ ਨੂਰਾਨੀ __________________

ਜਿਥੇ ਗੁਰੂ ਨਾਨਕ ਜੀ  ,ਜਨਮ ਲਿਆ 

ਨਨਕਾਣਾ ਸਾਹਿਬ ਹੈ , ਲੋਕੋ ਧੰਨ

ਹਲ ਚਲਾਇਆ , ਗੁਰੂ ਨਾਨਕ ਜੀ

ਕਰ ਖੇਤੀ , ਉਗਾਇਆ ਲੋਕੋ ਅੰਨ 

ਉਸ ਮਿੱਟੀ ਨੂੰ , ਮੈਂ ਸਿਜਦਾ ਕਰਦਾ 

ਮੱਥੇ ਲਾਵਾਂ , ਮੈਂ ਓਹਨੂੰ ਚੱਕ ।

ਤੂੰ ਨੂਰਾਨੀ ______________

ਕੌਡੇ ਰਾਕਸ਼ , ਕਈ ਵਲੀ ਕੰਧਾਰੀ

ਬਾਬੇ ਸਿੱਧੇ ਰਾਹ ਸੀ ਪਾਏ ,

ਆਪਣੀ , ਤੁਸੀਂ ਕਰੋ ਨੇਕ ਕਮਾਈ 

ਕਈ ਮਲਕ , ਸੱਜਣ ਜਹੇ ਸਮਝਾਏ 

ਹੈਰਾਨ ਹੋਇਆ , ਬਾਬਰ 'ਦਰਦੀ'

ਆਪੇ ਚਲਦੇ , ਦੇਖ ਚੱਕੀ ਦੇ ਚੱਕ ।

ਤੂੰ ਨੂਰਾਨੀ _______________

                   ਸ਼ਿਵਨਾਥ ਦਰਦੀ 

            ਸੰਪਰਕ :- 98551/55392

ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ।

ਸੱਭ ਕੁਝ ਬਦਲ ਰਿਹਾ! ✍️ ਸਲੇਮਪੁਰੀ ਦੀ ਚੂੰਢੀ

ਦੇਸ਼ ਬਦਲ ਰਿਹਾ ਹੈ!
ਇਤਿਹਾਸ ਬਦਲ ਰਿਹਾ!
ਦੇਸ਼ ਦੀ ਅਜਾਦੀ ਦੀ
ਤਰੀਕ ਬਦਲ ਰਹੀ ਹੈ!
ਸਾਲ ਬਦਲ ਰਿਹਾ ਹੈ!
ਕੁਰਬਾਨੀਆਂ ਬਦਲ ਰਹੀਆਂ ਨੇ!
ਕੁਰਬਾਨੀਆਂ ਦਾ ਦੌਰ
ਬਦਲ ਰਿਹਾ ਹੈ।
ਅਜਾਦੀ ਨੂੰ ਲੈ ਕੇ
 ਮਾਹੌਲ ਬਦਲ ਰਿਹਾ ਹੈ!
ਦੇਸ਼ ਭਗਤ ਬਦਲ ਰਹੇ ਨੇ,
  ਫਿਜ਼ਾ ਬਦਲ ਰਹੀ ਹੈ!
 ਸੱਭ ਕੁਝ ਬਦਲ ਰਿਹਾ ਹੈ!

 
ਸੁਖਦੇਵ ਸਲੇਮਪੁਰੀ
09780620233
14 ਨਵੰਬਰ, 2021

ਦੇਖ ਸਿਆਸਤ ਦੇ ਮੱਘਦੇ ਅਖਾੜੇ ✍️ ਸਲੇਮਪੁਰੀ ਦੀ ਚੂੰਢੀ

ਜਿਉਂ ਜਿਉਂ ਚੋਣਾਂ ਨੇੜੇ ਆਵਣ,
ਤਿਉਂ ਤਿਉਂ ਸਿਆਸਤ ਰਹੀ ਗਰਮਾਅ!
ਕੋਈ ਕਹਿੰਦਾ ਏਧਰ ਆ,
ਕੋਈ ਕਹਿੰਦਾ ਓਧਰ ਜਾਹ!
ਕੋਈ ਕਹਿੰਦਾ ਵਾਲ ਕਟਾ,
ਕੋਈ ਕਹਿੰਦਾ ਵਾਲ ਵਧਾ!
ਦੇਖ ਸਿਆਸਤ ਦੇ ਮੱਘਦੇ ਅਖਾੜੇ,
ਚੋਣਾਂ ਦਾ ਬਸ ਚੜ੍ਹਿਆ ਚਾਅ!
ਦੀਨ ਧਰਮ ਨੂੰ ਪਾਸੇ ਸੁੱਟ ਕੇ ,
ਪੱਗਾਂ ਦੇ ਰਹੇ ਰੰਗ ਬਦਲਾਅ!
ਏਧਰੋੰ ਛਕ ਲਿਆ , ਓਧਰੋਂ ਛੱਕਣਾ,
ਲੋਕਾਂ ਦੀ ਨ੍ਹੀਂ ਕੋਈ ਪ੍ਰਵਾਹ!
 'ਅਸ਼ੋਕਾ' ਲੱਗਿਆ ਕਾਰ ਚਾਹੀਦੀ,
ਜਿਹੜਾ ਮਰਜੀ ਦਵੇ ਦਿਵਾ!
ਭਵਿੱਖ ਬਣੂੰ ਤੇਰਾ ਇੰਝ ਸੁਨਹਿਰੀ,
ਦੇਣ 'ਵਿਚੋਲੇ' ਬੈਠ ਸਲਾਹ!
ਲੋਕਾਂ ਤੋਂ ਕੀ ਲੈਣਾ ਬੱਲ੍ਹਿਆ,
ਤੂੰ ਮਨ ਆਪਣੇ ਦੀ ਰੀਝ ਪੁਗਾ!
ਕਦੀ ਕੈਪਟਨ ਕੈਪਟਨ ਹੁੰਦੀ ਸੀ,
ਹੁਣ ਨਹੀਂ ਕਰਦਾ ਕੋਈ ਪ੍ਰਵਾਹ !
ਸਟੈਂਡ ਜਿਨ੍ਹਾਂ ਦਾ ਤਕੜਾ ਹੁੰਦਾ,
ਸਦਾ ਉਨ੍ਹਾਂ ਦੀ ਵਾਹ ਬਈ ਵਾਹ!

 
ਸੁਖਦੇਵ ਸਲੇਮਪੁਰੀ
09780620233
13 ਨਵੰਬਰ, 2021.

ਬਾਪੂ ਮੈਨੂੰ ਮਾਫ ਕਰੀਂ ✍️ਜਸਵਿੰਦਰ ਸ਼ਾਇਰ "ਪਪਰਾਲਾ "

ਬਾਪੂ ਮੈਨੂੰ ਮਾਫ ਕਰੀਂ
ਹੋਗੀ ਮੈਥੋਂ ਵੱਡੀ ਭੁੱਲ ।
ਨਸ਼ਿਆਂ ਚ ਮੇਰੀ ਜ਼ਿੰਦਗੀ
ਹੁਣ ਤਾਂ ਗਈ ਰੁੱਲ ।

ਲੱਖ ਵਾਰੀ ਤੂੰ ਸਮਝਾਇਆ
ਪਰ ਗੱਲ ਤੇਰੀ  ਨਾ ਮੰਨੀ।
ਸ਼ਰੀਰ ਚ ਹੁਣ ਸਤਾ ਨਾ ਰੈਗੀ
ਮੌਤ ਫਿਰਦੀ ਸਿਰ ਤੇ ਕਫ਼ਨ ਬੰਨੀ।
ਜਦੋਂ ਹੋ ਗਿਆ ਬਰਬਾਦ ਸਭ ਕੁੱਝ
ਅੱਖਾਂ ਮੇਰੀਆਂ ਗਈਆ ਖੁੱਲ
ਬਾਪੂ........

ਬੇਬੇ ਨੇ ਵੀ ਵਾਰ ਵਾਰ ਸੀ
ਮੈਨੂੰ ਪਿਆਰ ਨਾਲ ਸਮਝਾਇਆ ।
ਬੇਬੇ ਦਾ ਕਹਿਆ ਵੀ ਨਾ
ਮੇਰੇ ਅਕਲ ਖਾਨੇ ਚ ਆਇਆ ।
ਚੰਦਨ ਵਰਗੀ ਦੇਹ ਦਾ ਨਾ
ਰਹਿ ਗਿਆ ਕੌਡੀ ਵੀ ਮੁੱਲ
ਬਾਪੂ.........

ਨਿੱਕੀ ਭੈਣ ਨੇ ਵੀ ਕਈ ਵਾਰ
ਪਾਇਆ ਸੀ ਮੈਨੂੰ ਤਰਲਾ।
ਜਿਹੜਾ ਆਉਂਦਾ ਸੀ ਮੇਰੇ ਹਿੱਸੇ
ਉਹ ਵੀ ਵੇਚਤਾ ਮੈਂ ਮਰਲਾ ।
ਭੈਣ ਦੀ ਰੱਖੜੀ ਦਾ ਵੀ
ਮੋੜਿਆ ਨਾ ਕੋਈ ਮੈਂ  ਮੁੱਲ
ਬਾਪੂ........

"ਪਿੰਡ ਪਪਰਾਲੇ ਦੇ ਲੋਕੀਂ
ਮੈਨੂੰ ਮਾਰਦੇ ਨੇ ਨਿੱਤ ਬੋਲੀਆਂ ।
ਹੁਣ ਸਮਝ ਚ ਨਾ ਆਵੇ
ਨਸ਼ਿਆਂ ਚ ਕਾਹਤੋਂ ਜਿੰਦ ਰੌਲੀਆ ।
"ਸ਼ਾਇਰ " ਨਿਮਾਣਾ ਆਖੇ ਨਸ਼ਾ ਤਾਂ
ਕਰੇ ਘਰ ਦਾ ਦੀਵਾ ਗੁੱਲ
ਬਾਪੂ.....

ਜਸਵਿੰਦਰ ਸ਼ਾਇਰ "ਪਪਰਾਲਾ "
9996568220