30 ਨਵੰਬਰ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਰਬੱਤ ਸੰਗਤ ਨੂੰ ਲੱਖ ਲੱਖ ਵਧਾਈਆਂ
ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਸਿੱਖ ਇਤਿਹਾਸ 'ਚ ਚਮਕਦੇ ਧਰੂ ਤਾਰੇ ਵਾਂਗ ਹਨ। ਉਨ੍ਹਾਂ ਦਾ ਜਨਮ 15 ਮੱਘਰ (30 ਨਵੰਬਰ 1696) ਈ: ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਮਾਤਾ ਜੀਤੋ ਜੀ ਦੀ ਕੁੱਖੋ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਇਆ।
ਇਤਿਹਾਸ ਮੁਤਾਬਕ ਜਦੋਂ ਗੁਰੂ ਸਾਹਿਬ ਨੂੰ ਸ੍ਰੀ ਆਨੰਦਪੁਰ ਸਾਹਿਬ ਛੱਡ ਕੇ ਜਾਣਾ ਪਿਆ ਤਾਂ ਸਰਸਾ ਨਦੀ ਦੇ ਕੰਢੇ ਉਨ੍ਹਾਂ ਨੂੰ ਅਨੇਕਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਹੀ ਉਨ੍ਹਾਂ ਦਾ ਸਾਰਾ ਪਰਿਵਾਰ ਵਿਛੜ ਗਿਆ ਸੀ। ਇਸ ਦੌਰਾਨ ਹੀ ਮਾਤਾ ਸੁੰਦਰ ਕੌਰ ਜੀ ਭਾਈ ਦਇਆ ਸਿੰਘ ਦੀ ਹਿਫਾਜਤ 'ਚ ਦਿੱਲੀ ਜਾ ਪੁੱਜੇ ਅਤੇ ਮਾਤਾ ਗੁਜਰ ਕੌਰ ਜੀ ਦੋਵੇਂ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਉਨ੍ਹਾਂ ਦੇ ਘਰੇਲੂ ਰਸੋਈਏ ਗੰਗੂ ਬ੍ਰਹਾਮਣ ਦੇ ਘਰ ਜਾਣਾ ਪਿਆ। ਗੰਗੂ ਉਨ੍ਹਾਂ ਨੂੰ ਆਪਣੇ ਘਰ ਪਿੰਡ ਸਹੇੜੀ ਲੈ ਆਇਆ, ਜਿਸ ਤੋਂ ਬਾਅਦ ਉਸ ਦੀ ਨੀਅਤ ਬਦਲ ਗਈ। ਇਤਿਹਾਸਕਾਰਾਂ ਮੁਤਾਬਕ ਉਹ ਮਾਤਾ ਜੀ ਦੇ ਕੋਲ ਬਹੁਤ ਸਾਰੀ ਨਕਦੀ ਅਤੇ ਹੋਰ ਕੀਮਤੀ ਸਾਮਾਨ ਦੇਖ ਕੇ ਬੇਈਮਾਨ ਹੋ ਗਿਆ। ਇਸ ਦੇ ਨਾਲ-ਨਾਲ ਉਹ ਗੁਰੂ ਜੀ ਦੇ ਪਰਿਵਾਰ ਨੂੰ ਸਰਹਿੰਦ ਦੇ ਸੂਬੇ ਨੂੰ ਫੜਵਾ ਕੇ ਇਨਾਮ ਅਤੇ ਸ਼ੌਹਰਤ ਲੈਣ ਦੇ ਲਾਲਚ 'ਚ ਵੀ ਆ ਗਿਆ। ਉਸ ਨੇ ਮਾਤਾ ਗੁਜਰੀ ਸਮੇਤ ਦੋਹਾਂ ਸਹਿਬਜ਼ਾਦਿਆਂ ਨੂੰ ਸੂਬੇ ਦੇ ਹਵਾਲੇ ਕਰਵਾ ਦਿੱਤਾ।
ਇਥੇ ਹੀ ਉਨ੍ਹਾਂ ਨੂੰ ਸਰਹਿੰਦ ਦੇ ਇਕ ਠੰਡੇ ਬੁਰਜ 'ਚ ਕੈਦ ਕਰ ਦਿੱਤਾ ਗਿਆ। ਡਰਾਉਣ ਧਮਾਉਕਾਉਣ ਅਤੇ ਠੰਡੇ ਬੁਰਜ ਦੇ ਤਸੀਹੇ ਦੇਣ ਤੋਂ ਬਾਅਦ ਦੋਹਾਂ ਸਾਹਿਬਜ਼ਾਦਿਆਂ ਨੂੰ ਵਜੀਦ ਖਾਂ ਸੂਬਾ ਸਰਹਿੰਦ ਦੀ ਕਚਹਿਰੀ 'ਚ ਪੇਸ਼ ਕੀਤਾ ਗਿਆ। ਸੂਬਾ ਸਰਹਿੰਦ ਨੇ ਕਾਜੀਆਂ ਨਾਲ ਸਲਾਹ ਮਸ਼ਵਰਾ ਕਰਕੇ ਇਨ੍ਹਾਂ ਤਿੰਨਾਂ ਨੂੰ ਸਜਾ ਦੇਣ ਬਾਰੇ ਰਾਇ ਪੁੱਛੀ। ਉਨ੍ਹਾਂ ਨੇ ਫੈਸਲਾ ਦਿੱਤਾ ਕਿ ਜਾਂ ਤਾਂ ਇਹ ਇਸਲਾਮ ਕਬੂਲ ਕਰ ਲੈਣ ਜਾਂ ਮੌਤ ਲਈ ਤਿਆਰ ਹੋ ਜਾਣ।
ਇਤਿਹਾਸ ਮੁਤਾਬਕ ਜਦੋਂ ਸਾਹਿਬਜ਼ਾਦਿਆਂ ਨੇ ਦੀਨ ਕਬੂਲ ਨਾ ਕੀਤਾ ਤਾਂ ਕਾਜੀਆਂ ਇਨ੍ਹਾਂ ਨੂੰ ਨੀਹਾਂ 'ਚ ਚਿਣੇ ਜਾਣ ਦਾ ਫੈਸਲਾ ਦੇ ਦਿੱਤਾ। ਇਸ ਦੌਰਾਨ ਮਲੇਰਕੋਟਲਾ ਦਾ ਨਵਾਬ ਵੀ ਇਸ ਸਭਾ 'ਚ ਹਾਜ਼ਰ ਸੀ, ਉਸ ਨੇ ਹਾਅ ਦਾ ਨਾਅਰਾ ਮਾਰਿਆ ਅਤੇ ਇਸ ਫੈਸਲੇ ਦਾ ਵਿਰੋਧ ਕੀਤਾ। ਉਸ ਨੇ ਕਿਹਾ ਕਿ ਤੁਹਾਡਾ ਵਿਰੋਧ ਗੁਰੂ ਗੋਬਿੰਦ ਸਿੰਘ ਨਾਲ ਹੈ ਨਾ ਕਿ ਇਨ੍ਹਾਂ ਮਾਸੂਮ ਬੱਚਿਆ ਨਾਲ। ਇਸ ਲਈ ਇਨ੍ਹਾਂ ਬੱਚਿਆਂ ਨੂੰ ਸਜਾ ਦੇਣਾ ਸਰਾਸਰ ਗਲਤ ਹੈ। ਕਿਹਾ ਜਾਂਦਾ ਹੈ ਕਿ ਵਜੀਦ ਖਾਂ ਮਲੇਰਕੋਟਲੇ ਦੇ ਨਵਾਬ ਦੀ ਇਸ ਦਲੀਲ ਨਾਲ ਰਜ਼ਾਮੰਦ ਹੋ ਗਿਆ ਪਰ ਸੁੱਚਾ ਨੰਦ ਦੀਵਾਨ ਬੋਲਿਆ ਕਿ ਨਵਾਬ ਸਾਹਿਬ ਜੀ ਤੁਸੀਂ ਇਹ ਭੁੱਲ ਰਹੇ ਹੋ ਕਿ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਹਨ ਅਤੇ ਸੱਪਾਂ ਦੇ ਬੱਚੇ ਵੀ ਸੱਪ ਹੀ ਹੁੰਦੇ ਹਨ।''ਉਸ ਨੇ ਕਿਹਾ ਕਿ ਦੁਸ਼ਮਣ ਦੇ ਪੁੱਤਰਾਂ 'ਤੇ ਤਰਸ ਕਰਕੇ ਛੱਡ ਦੇਣਾ ਕਿੱਥੋਂ ਦੀ ਸਿਆਣਪ ਹੈ। ਉਸ ਨੇ ਕਿਹਾ ਕਿ ਜੇਕਰ ਇਸ ਵੇਲੇ ਤੁਸੀਂ ਇੰਨ੍ਹਾਂ ਨੂੰ ਐਵੇਂ ਛੱਡ ਦਿੱਤਾ ਤਾਂ ਇਹ ਕੱਲ੍ਹ ਨੂੰ ਫਿਰ ਇੱਕਠੇ ਹੋ ਕੇ ਬਗਾਵਤ ਕਰਨਗੇ। ਸੁੱਚਾ ਨੰਦ ਦੇ ਇਸ ਮਸ਼ਵਰੇ ਦੀ ਕਾਜ਼ੀਆਂ ਨੇ ਵੀ ਹਾਮੀ ਭਰੀ ਅਤੇ ਮੌਤ ਜਾਂ ਇਸਲਾਮ ਕਬੂਲ ਕਰਨ ਲਈ ਫਤਵਾ ਸੁਣਾ ਦਿੱਤਾ ਗਿਆ। ਸਾਹਿਬਜ਼ਾਦਿਆਂ ਨੇ ਵੀ ਬੜੀ ਨਿਡਰਤਾ ਨਾਲ ਫਤਵੇ ਨੂੰ ਕਬੂਲ ਕੀਤਾ ਅਤੇ ਕਿਹਾ ਕਿ;
''ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ ਅਸੀਂ ਮੌਤ ਤੋਂ ਨਹੀਂ ਡਰਦੇ।
ਭਾਵੇਂ ਤੁਸੀਂ ਆਪਣਾ ਸਾਰਾ ਤਾਣ ਲਗਾ ਕੇ ਦੇਖ ਲਵੋ ਪਰ ਅਸੀਂ ਜਬਰ ਅੱਗੇ ਨਹੀਂ ਝੁਕਾਂਗੇ।
ਉਨ੍ਹਾਂ ਕਿਹਾ ਕਿ ਸਾਨੂੰ ਮੌਤ ਦੀ ਪਰਵਾਹ ਨਹੀਂ, ਸਾਨੂੰ ਜਾਨ ਨਾਲੋਂ ਵੀ ਧਰਮ ਪਿਆਰਾ ਹੈ।''
ਉਸ ਵੇਲੇ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਦੀ ਉਮਰ ਸਿਰਫ 9 ਸਾਲ ਦੀ ਸੀ। ਸਹਿਬਜ਼ਾਦਿਆਂ ਦੀ ਇਸ ਦ੍ਰਿੜਤਾ ਨੂੰ ਦੇਖ ਦੋਹਾਂ ਸਹਿਬਜ਼ਾਦਿਆ ਨੂੰ ਨੀਹਾਂ 'ਚ ਚਿਣ ਕੇ ਸ਼ਹੀਦ ਕਰਨ ਦਾ ਫਤਵਾ ਜਾਰੀ ਕੀਤਾ ਗਿਆ। ਇਤਿਹਾਸ ਮੁਤਾਬਕ 13 ਪੋਹ 1705 ਈਸਵੀ ਨੂੰ ਦੋਹਾਂ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ।
ਹਰਨਰਾਇਣ ਸਿੰਘ ਮੱਲੇਆਣਾ