You are here

ਵਿਸਾਖੀ ਤੇ ਵਿਸ਼ੇਸ਼:- ਕਣਕਾਂ ਤੇ ਅਣਖਾਂ ✍️ ਸ. ਸੁਖਚੈਨ ਸਿੰਘ ਕੁਰੜ 

ਸਾਡੇ ਖੇਤ ਸਿੰਜੇ ਹੋਏ ਮੁੜ੍ਹਕੇ ਨਾਲ਼, 

ਸਾਡਾ ਧਰਮ ਰਾਖੀ ਏ ਫਸਲਾਂ ਦੀ,

ਜਿੱਥੇ ਸਿਰ ਕੱਟਿਆਂ ਵਾਢੀ ਹੋਣ ਲੱਗੀ,

ਸਾਡੀਆਂ ਆਉਣ ਵਾਲੀਆਂ ਨਸਲਾਂ ਦੀ।

ਤੁਸੀਂ ਪੜ੍ਹਿਓ ਸਮਝਿਓ ਇਤਿਹਾਸ ਸਾਡਾ,

ਗਵਾਹੀ ਦੇਣੀ ਦਿੱਲੀ ਦੀਆਂ ਸੜਕਾਂ ਨੇ।

ਸਾਡੇ ਖੇਤਾਂ ਦੇ ਵਿੱਚ ਕਣਕਾਂ ਨੇ ਤੇ ਕਣ-ਕਣ ਦੇ ਵਿੱਚ ਅਣਖਾਂ ਨੇ।

ਸਾਨੂੰ ਕਿਰਤ ਮਿਲ਼ੀ ਐ ਨਾਨਕ ਤੋਂ,

ਅਸੀ ਸੱਚੇ ਸੌਦੇ ਕਰਦੇ ਆ।

ਸਾਡੇ ਸ਼ੀਨੇ ਸੇਕ ਹੈ ਤਵੀਆਂ ਦਾ,

ਸਾਥੋਂ ਠੰਡੇ ਬੁਰਜ ਵੀ ਠਰਦੇ ਆ।

ਸਾਨੂੰ ਗੁੜ੍ਹਤੀ ਭਾਈ ਘਨੱਈਏ ਦੀ,ਸਾਡੇ ਜੈਕਾਰੇ ਸਿੰਘਾਂ ਦੀਆਂ ਬੜਕਾਂ ਨੇ।

ਸਾਡੇ ਖੇਤਾਂ ਦੇ ਵਿੱਚ ਕਣਕਾਂ ਨੇ ਤੇ ਕਣ-ਕਣ ਦੇ ਵਿੱਚ ਅਣਖਾਂ ਨੇ।

ਸਾਨੂੰ ਅਟਕ ਵੀ ਸਕਿਆ ਰੋਕ ਨਹੀਂ,

ਪਹਿਲਾਂ ਸਰਸਾ ਵੀ ਦੱਬੀ ਹੋਈ ਐ।

ਅਸੀਂ ਵਾਰ ਆਸਾ ਦੀ ਪੜ੍ਹਦਿਆਂ ਨੇ,

ਦਿੱਲੀ ਜਿੱਤ ਜਿੱਤ ਛੱਡੀ ਹੋਈ ਐ।

ਸਾਡੀਆਂ ਅੱਖਾਂ ਕੇਰਾਂ ਪੜ੍ਹ ਦਿੱਲੀਏ,ਜ਼ਫ਼ਰਨਾਮੇ ਤਾਂ ਸਾਡੀਆਂ ਪਲਕਾਂ ਨੇ।

ਸਾਡੇ ਖੇਤਾਂ ਦੇ ਵਿੱਚ ਕਣਕਾਂ ਨੇ ਤੇ ਕਣ-ਕਣ ਦੇ ਵਿੱਚ ਅਣਖਾਂ ਨੇ।

ਬਾਬੇ ਦੀਪ ਸਿੰਘ ਖਿੱਚੀ ਲੀਕ ਜਿਹੜੀ,

ਸਾਡੀ ਹਿੱਕ 'ਤੇ ਖੰਡਾ ਖੁਣਿਆ ਐ।

ਸਾਨੂੰ ਬੰਦਾਂ ਸਿੰਘ ਬਹਾਦਰ ਨੇ,

ਵਾਰਿਸ ਤੀਰਾਂ ਦੇ ਚੁਣਿਆ ਐ।

ਸੁਖਚੈਨ ਸਿੰਹਾਂ 84 ਯਾਦ ਰੱਖੀਂ ਜਦੋਂ ਸਾੜਿਆ ਫ਼ਿਰਕੂ ਝੜਪਾਂ ਨੇ।

ਸਾਡੇ ਖੇਤਾਂ ਦੇ ਵਿੱਚ ਕਣਕਾਂ ਨੇ ਤੇ ਕਣ-ਕਣ ਦੇ ਵਿੱਚ ਅਣਖਾਂ ਨੇ।

ਕੁਰੜ ਵਾਲਿਆਂ ਇਹ ਵੀ ਦੱਸ ਜਾਵੀਂ,

ਅਸੀਂ ਪੋਤੇ ਬਘੇਲ ਸਿੰਘ ਬਾਬੇ ਦੇ।

ਬੇਸ਼ੱਕ ਬੈਠੇ ਹਾਂ ਵਿੱਚ ਵਿਦੇਸ਼ਾਂ ਦੇ,

ਸਾਡੇ ਅੰਦਰ ਅੰਸ਼ ਊਧਮ ਸਰਾਭੇ ਦੇ।

ਚੜ੍ਹਦੀ ਕਲਾ ਦਾ ਪਾਠ ਪੜ੍ਹਦਿਆਂ ਨੇ,ਅਸੀਂ ਦਫ਼ਨ ਕੀਤੀਆਂ ਕਈ ਤੜਫਾਂ ਨੇ।

ਸਾਡੇ ਖੇਤਾਂ ਦੇ ਵਿੱਚ ਕਣਕਾਂ ਨੇ ਤੇ ਕਣ-ਕਣ ਦੇ ਵਿੱਚ ਅਣਖਾਂ ਨੇ।

ਲਿਖਤ:- ਸ. ਸੁਖਚੈਨ ਸਿੰਘ ਕੁਰੜ 9463551814