You are here

ਸਾਹਿਤ

ਇੱਕ ਗੱਲ ਆਖਾਂ ✍️ ਮਨਜੀਤ ਕੌਰ ਧੀਮਾਨ

ਇੱਕ ਗੱਲ ਆਖਾਂ ਸੱਜਣਾਂ

ਲੜਿਆ ਨਾ ਕਰ।

ਹੋਰਾਂ ਵਾਲ਼ੇ ਪਾਸੇ ਜਾ ਕੇ,

ਖੜਿਆ ਨਾ ਕਰ।

ਸਾਨੂੰ ਚਾਨਣੀ ਦਾ ਪਾ ਭੁਲੇਖਾ,

ਨੇਰ੍ਹ ਘੜਿਆ ਨਾ ਕਰ।

ਗੈਰਾਂ ਦੇ ਕੋਠੇ ਤੇ ਚੰਨ ਬਣ,

ਚੜ੍ਹਿਆ ਨਾ ਕਰ।

ਬਿਨਾਂ ਸਿਰ ਪੈਰ ਦੀ ਗੱਲ ਤੇ,

ਅੜਿਆ ਨਾ ਕਰ।

ਬੂਹਾ ਭੇੜ ਕੇ ਅੰਦਰ ਵੀ,

ਵੜਿਆ ਨਾ ਕਰ।

ਸੂਰਜ ਦੇ ਸੇਕ ਨੂੰ ਮਾਣ ਲੈ,

ਪਰ ਸੜਿਆ ਨਾ ਕਰ।

ਆਪਣੀ ਕਰਨੀ ਦਾ ਇਲਜ਼ਾਮ,

ਸਾਡੇ 'ਤੇ ਮੜਿਆ ਨਾ ਕਰ।

ਬੈਠ ਕੇ ਕਿਤਾਬ ਵਾਂਗਰਾਂ,

ਚਿਹਰੇ ਪੜ੍ਹਿਆ ਨਾ ਕਰ।

ਉੱਡਦੇ ਪੰਤਗਿਆਂ ਨੂੰ 'ਮਨਜੀਤ',

ਫ਼ੜਿਆ ਨਾ ਕਰ।

ਐਵੇਂ ਫ਼ੜਿਆ ਨਾ ਕਰ।

 

ਮਨਜੀਤ ਕੌਰ ਧੀਮਾਨ,

ਸਪਰਿੰਗ ਡੇਲ ਪਬਲਿਕ ਸਕੂਲ,     

ਕੱਚ ਵੀ ਨਹੀਂ ✍️ ਮਨਜੀਤ ਕੌਰ ਧੀਮਾਨ

ਲੋਕੀ ਆਖਦੇ ਨੇ ਹੀਰਾ,

ਤੇ ਮੈਂ ਕੱਚ ਵੀ ਨਹੀਂ।

ਜਿੰਨੀ ਕਰਦੇ ਤਾਰੀਫ਼,

ਓਨਾਂ ਸੱਚ ਵੀ ਨਹੀਂ।

ਲੋਕੀ ਆਖਦੇ...

ਇੱਕ ਇੱਕ ਗੱਲ ਲੱਗੇ,

ਜਿਵੇਂ ਘੜ ਕੇ ਬਣਾਈ।

ਵਿੱਚ ਕੰਨਾਂ ਰਸ ਘੁਲੇ,

ਜਦੋਂ ਆਖ ਕੇ ਸੁਣਾਈ।

ਹੌਲ਼ੇ ਫੁੱਲਾਂ ਜਿਹੇ ਜ਼ੇਰੇ,

ਵਡਿਆਈ ਪੱਚਦੀ ਨਹੀਂ।

ਲੋਕੀਂ ਆਖਦੇ ....

ਆਵੇ ਹੰਕਾਰ ਨਾ ਕਦੇ,

ਦੁਆਵਾਂ ਝੋਲ਼ੀ ਵਿੱਚ ਪੈਣ।

ਸੋਹਣੇ ਉੱਚੇ ਸੁੱਚੇ ਵਿਚਾਰ,

ਸਦਾ ਦਿਲਾਂ ਵਿੱਚ ਰਹਿਣ।

ਕੀ ਭਲਾਂ ਭਾਵੁਕ ਲਿਖਿਆ,

ਜੇ ਭਰਿਆ ਗੱਚ ਹੀ ਨਹੀਂ।

ਲੋਕੀ ਆਖਦੇ...

ਰੱਬਾ ਉਮਰਾਂ ਤੂੰ ਬਖਸ਼ੀ,

ਜਿਹੜੇ ਐਡਾ ਦਿੰਦੇ ਮਾਣ।

'ਮਨਜੀਤ' ਹੈ ਨਿਤਾਣੀ ਤੇ, 

ਤੂੰ ਨਿਤਾਣਿਆਂ ਦਾ ਤਾਣ।

ਜੇ ਹੋਵੇ ਪੈਰਾਂ 'ਚ ਨਾ ਲੋਰ,

ਹੋਣਾ ਨੱਚ ਵੀ ਨਹੀਂ।

ਲੋਕੀ ਆਖਦੇ....

 

ਮਨਜੀਤ ਕੌਰ ਧੀਮਾਨ, ਸਪਰਿੰਗ ਡੇਲ ਪਬਲਿਕ ਸਕੂਲ,ਸ਼ੇਰਪੁਰ, ਲੁਧਿਆਣਾ- ਸੰ:9464633059

ਗ਼ਜ਼ਲ ✍️ ਮਨਜੀਤ ਕੌਰ ਜੀਤ

ਸਰਕਾਰ ਲੈਂਦੀ ਸਾਰ ਜੇ ,ਰੁਲਣ ਨਾ ਜਵਾਨੀਆਂ

ਭੱਠੀ ‘ਚ ਪੈਣ ਤਰੱਕੀਆਂ ,ਸੱਭੇ ਸ਼ਤਾਨੀਆਂ

 

ਮਿਲਦਾ ਟੁੱਕਰ ਰੱਜਵਾਂ, ਹੋਣ ਕਿਉਂ ਵਿਰੁਧ

ਅਪਣੀ ਧਰਤ ਸਾਂਭਦੇ ,ਛੱਡ ਕੇ ਬਿਗਾਨੀਆੰ

 

ਪੱਲੇ ‘ਚ ਰੱਖ ਕੇ ਲੈ ਗਏ ,ਆਸ਼ਾਂ ਤੇ ਖਾਹਿਸ਼ਾਂ

ਪੁੱਤਰ ਵਿਦੇਸ਼ੀ ਤੜਪਦੇ,ਤੱਕ ਕੇ ਨਿਸ਼ਾਨੀਆਂ

 

ਆ ਕੇ ਕਦੀ ਤੂੰ ਵੇਖ ਲੈ,ਜਿੰਦ ਦਾ ਅਖੀਰ ਹੈ

ਦੇਵੀਂ ਭੁਲਾ ਜੇ ਹੋ ਸਕੇ ,ਸੱਭੇ ਨਦਾਨੀਆਂ

 

ਪੀਵੇ ਜੁ ਪਾਣੀ ਵਾਰ ਕੇ,ਦਿਲ  ਤੋਂ ਦੁਆ ਕਰੇ

ਲੰਘੀ ਉਮਰ ਦੱਸਣ ਕਿਉ ਮਾੜੀਆ ਜਨਾਨੀਆਂ

ਮਨਜੀਤ ਕੌਰ ਜੀਤ

ਤੂੰ ਤੇ ਮੈਂ  ✍️ ਅੰਜੂ ਸਾਨਿਆਲ

   ਮੈਂ ਤੇਰੇ ਹੱਥੀਂ ਲਿਖੀ ਬੇ-ਵਕਤੀ ਗ਼ਜ਼ਲ ਹਾਂ

ਜਿਸ ਨੂੰ ਅਧੂਰਾ ਛੱਡ, ਤੂੰ ਸੋਚੀਂ ਪੈ ਗਿਆ

 

ਮੈਂ ਤੇਰੇ ਸ਼ਬਦਾਂ ਦੀ ਜੜ੍ਹਤ ਦਾ ਇੱਕ ਐਸਾ ਸੱਚ ਹਾਂ

ਜਿਸ ਨੂੰ ਕਹਿਣ ਲੱਗਾ, ਤੂੰ ਖ਼ੁਦ ਚੁੱਪ ਬਹਿ ਗਿਆ

 

ਮੈਂ ਤੇਰੇ ਦਿਲ ਚੋਂ ਉੱਠੀ ਐਸੀ ਉਮੰਗ ਹਾਂ

ਜਿਸ ਨੂੰ ਖ਼ੁਦ ਵੱਲ ਵੱਧਦਾ ਦੇਖ, ਤੂੰ ਦੰਗ ਰਹਿ ਗਿਆ

 

ਮੈਂ ਰਾਖ਼ ਵਿੱਚ ਦੱਬੀ ਉਹ ਚਿਣਗ ਹਾਂ

ਜਿਸ ਨੂੰ ਦਗਦਾ ਦੇਖ, ਤੂੰ ਕਸ਼ਮਕਸ਼ ਵਿੱਚ ਪੈ ਗਿਆ

 

ਮੈਂ ਤੇਰੇ ਨੂਰ ਚੋਂ ਨਿਕਲੀ ਉਹ ਕਿਰਨ ਹਾਂ

ਜਿਸ ਦੀ ਚਮਕ ਦੇਖ, ਤੂੰ ਅੱਖਾਂ ਬੰਦ ਕਰ ਬਹਿ ਗਿਆ

 

ਅੰਜੂ ਸਾਨਿਆਲ 

ਨਜ਼ਮ ✍️ ਅੰਜੂ ਸਾਨਿਆਲ

"ਉਹ" ਕੱਚਾ ਕੋਠਾ ਸੀ ਅਪਣਾ ਮਾਂਏਂ! ਕਿੰਨਾ ਪਿਆਰਾ!

ਇੱਕ ਪਾਸੇ ਸੀ ਘੜਾ ਘਰੋਟੀ ਤੇ ਨਾਲ ਚੌਂਕਾ ਸਚਿਆਰਾ।

 

ਤੈਨੂੰ ਮਿੱਟੀ  ਵਿਚ ਮਿੱਟੀ ਦੇਖ ਕੇ, ਸ਼ੌਕ ਸੀ ਮੈਨੂੰ ਚੜ੍ਹਿਆ।

ਮੈਂ ਵੀ ਚਾਅਵਾਂ ਨਾਲ  ਸੀ ਇੱਕ ਦਿਨ,ਚੁਲ੍ਹਾ ਚੌਂਕਾ ਘੜਿਆ।

 

 ਤੂੰ ਵੀ ਸੀ ਖੁਸ਼ ਹੋ ਕੇ, ਮਾਂਏਂ! ਮੈਨੂੰ ਗਲ਼ ਨਾਲ ਲਾਇਆ।

ਕਿਹਾ ਸੀ ਧੀਏ ! ਅੱਜ ਤੂੰ ਮੇਰਾ ਅੱਧਾ ਭਾਰ ਵੰਡਾਇਆ।

 

ਘਰ ਦੀ ਚੌਖਟ ਦੇ ਮੂਹਰੇ ਸੀ, ਖੂਹ ਦਾ ਜਗਤ ਨਿਆਰਾ।

ਖਿੜੀ ਦੁਪਹਿਰੇ ਢੁੱਕ ਜਾਂਦਾ ਸੀ ਖੂਹ ਉੱਤੇ ਪਿੰਡ ਸਾਰਾ।

 

ਢਾਕੇ ਲਾ ਕੇ ਘੜਾ ਜਦੋਂ ਮੁਟਿਆਰ ਕੋਈ ਸੀ ਆਉਂਦੀ।

ਹੁਸਨ ਜਵਾਨੀ ਤੱਕ ਕੇ,ਮਸਤੀ ਖੂਹ ਨੂੰ  ਸੀ ਨਸ਼ਿਆਉੰਦੀ।

 

ਅੱਧੀ ਛੁੱਟੀ ਖੂਹ ਦੀ ਰੌਣਕ, ਯਾਦ ਸੀ  ਮੈਨੂੰ  ਆਉਂਦੀ।

ਪਾਣੀ ਪੀਣ ਬਹਾਨੇ ਸੀ ਮੈਂ ਭੱਜ ਸਕੂਲੋਂ ਆਉਂਦੀ।

 

ਕੱਪੜੇ ਧੋਂਦਾ, ਪਾਣੀ ਢੋਂਦਾ ਸੀ ਸਖ਼ੀਆਂ ਦਾ ਟੋਲਾ।

ਹਾਸਾ ਠੱਠਾ ਵੀ ਕਰਦਾ ਸੀ, ਘੁੰਢ ਦਾ ਕਰਕੇ ਓਹਲਾ।

 

ਰਾਤ ਚਾਨਣੀ ਵਿੱਚ ਵੀ ਖੂਹ 'ਤੇ, ਹੁਸਨ ਸੀ ਰਹਿੰਦਾ ਮਘਦਾ।

ਸੁੰਨਾ ਖੂਹ ਮੈਂ ਜਦ ਤੱਕਦੀ ਹਾਂ, ਦਰਿਆ ਨੈਣੋਂ ਵਗਦਾ।

 

ਪੱਕੇ ਕੋਠੇ, ਪਾਏ "ਮਾਂ" ਕਿਉੰ ਵਿਹੜੇ ਕੰਧ ਉਸਾਰੀ।

ਸਾਂਝਾਂ ਨੇ ਦਮ ਤੋੜ ਦਿੱਤਾ, ਜਦ ਉੱਸਰੀ ਚਾਰ ਦਿਵਾਰੀ।

 

ਕੱਚੇ ਕੋਠੇ ਨਾਲ ਮੁਹੱਬਤ, ਸਾਰਾ ਟੱਬਰ ਪਲਿਆ।

ਖ਼ੁਸ਼ੀਆਂ ਖੇੜੇ, ਜੰਮ ਜੰਮ ਨੱਚੇ, ਘਰ ਬਾਬਲ ਦਾ ਫਲਿਆ।

 

ਤੰਗੀ ਤੁਰਸੀ ਸਿਰ 'ਤੇ ਝੱਲ ਕੇ,ਚੈਨ ਨਾਲ ਸੀ ਸੌਂਦੇ।

ਇੱਕ-ਦੂਜੇ ਦੇ ਦੁੱਖ 'ਚ ਸ਼ਾਮਿਲ, ਹਮਦਰਦੀ ਲੋਕ ਜਤਾਉਂਦੇ ।

 

ਵਕਤ ਤੇ ਹਾਲਾਤ ਬਦਲਗੇ, ਬਦਲ ਗਏ ਜਜ਼ਬਾਤ।

ਸੁੱਚੀਆਂ ਨੀਤਾਂ ਦੇ ਦਿਨ ਲੰਘੇ, ਚੜ੍ਹ ਗਈ ਕਾਲੀ ਰਾਤ।

 

ਪੱਕੀਆਂ ਕੰਧਾਂ ਕੱਚ ਕਮਾਇਆ, ਇਹ ਸੂਲਾਂ ਦਾ ਵਾੜਾ।

ਹੱਥਾਂ ਨਾਲੋਂ ਹੱਥ ਛੁਡਾ ਕੇ, ਮੰਗਣ ਲੱਗ ਪਏ ਭਾੜਾ।

 

ਕੱਚੇ ਕੋਠੇ ਢਾਹ ਕੇ ਬਣ ਗਏ,ਘਰ ਘਰ ਰੋਗ ਚੁਬਾਰੇ।

ਵਿੱਚ ਦਿਲਾਂ ਦੇ ਸਾੜੇ ਵੱਧ ਗਏ, ਵਿਸਰੇ ਯਾਰ ਪਿਆਰੇ।

 

ਠੀਕਰੀਆਂ ਦੇ ਯੁੱਗ ਨੇ ਮਾਏ! ਜਾਲ ਇਹ ਕੈਸਾ ਬੁਣਿਆ।

ਮਾਨਵਤਾ ਨੂੰ ਛੱਡ ਕੇ ਸਭ ਨੇ, ਠੀਕਰੀਆਂ ਨੂੰ ਚੁਣਿਆ।

 

ਅੰਜੂ ਸਾਨਿਆਲ 

"ਪੈਸਾ" ✍️ ਨਰਪਿੰਦਰ ਸਿੰਘ ਮੁਸਾਫ਼ਿਰ,

ਹਰ ਥਾਂ ਉਤੇ ਬਣਿਆ ਇਹ ਪ੍ਰਧਾਨ ਦੇਖਿਆ

ਮੈਂ ਪੈਸਾ ਯਾਰੋ ਬਾਹਲਾ ਹੀ ਬਲਵਾਨ ਦੇਖਿਆ

 

ਲੋੜ ਮੁਤਾਬਕ ਰਿਸ਼ਤੇ ਅੱਜਕਲ ਨਿਭਦੇ ਨੇ

ਹੋਇਆ ਮੈਂ ਖੁਦ-ਗਰਜ਼ ਬੜਾ ਇਨਸਾਨ ਦੇਖਿਆ

 

ਬੱਸ ਚਿੱਟੇ ਕੱਪੜੇ ਦੇਖ ਸਲਾਮਾਂ ਕਰਦੇ ਨੇ ਲੋਕੀ

ਨਾ ਕੱਪੜਿਆਂ ਓਹਲੇ ਬੈਠਾ ਕਿਸੇ ਹੈਵਾਨ ਦੇਖਿਆ

 

ਇਹ ਜਾਤ ਮਜ਼ਹਬ ਦੇ ਰੌਲੇ ਬਸ ਗਰੀਬਾਂ ਖਾਤਰ

ਮੈਂ ਜਾਇਦਾਦਾਂ ਨੂੰ ਹੁੰਦਾ ਕੰਨਿਆਦਾਨ ਦੇਖਿਆ

 

ਨਿੱਤ ਧਰਮ ਦਾ ਹੌਕਾ ਦਿੰਦਾ ਹੈ ਜੋ ਖਲਕਤ ਨੂੰ

ਸਿੱਕਿਆਂ ਪਿੱਛੇ ਹੁੰਦਾ ਉਹ ਬੇ-ਈਮਾਨ ਦੇਖਿਆ

 

ਢਿੱਡ ਬੰਨ ਬੰਨ ਕੇ ਪੁੱਤ ਪੜ੍ਹਾਇਆ ਮਾਪਿਆਂ ਨੇ

ਝੱਟ ਦੌਲਤ ਪਿੱਛੇ ਭੁਲਿਆ ਹਰ ਅਹਿਸਾਨ ਦੇਖਿਆ

 

ਅੰਤ ਬੇਵੱਸ ਹੋ ਕੇ ਚੇਤੇ ਕਰਦੇ ਰੱਬ ਨੂੰ ਮੇਰੇ ਵਰਗੇ

ਉਂਝ ਜੀਭ ਤੇ ਬੈਠਾ ਸੁਬਹ ਸ਼ਾਮ ਸ਼ੈਤਾਨ ਦੇਖਿਆ

 

ਇਹ ਕੋਠੀਆਂ ਕਾਰਾਂ ਛੱਡ ਕੇ "ਮੁਸਾਫ਼ਿਰ" ਤੁਰ ਜਾਣਾ

ਕੁੱਝ ਨਾਲ ਲੈ ਜਾਂਦਾ ਕੋਈ ਨਾ ਖੱਬੀਖਾਨ ਦੇਖਿਆ

 

ਨਰਪਿੰਦਰ ਸਿੰਘ ਮੁਸਾਫ਼ਿਰ,ਖਰੜ

 ਗ਼ਜ਼ਲ ✍️ ਅੰਜੂ ਸਾਨਿਆਲ

   

 

ਮਨ੍ਹਾਂ  ਹੋ ਰਹੀ ਹੈ ਵਹੀ ਆਰਜ਼ੂ ।

ਤਮਾਂ ਹੋ ਰਹੀ ਹੈ, ਵਹੀ ਆਰਜ਼ੂ ।

 

ਮੁਹੱਬਤ ਜਵਾਂ ਹੈ ਜਵਾਂ ਬੇਖ਼ੁਦੀ, 

ਬਿਆਂ ਹੋ ਰਹੀ ਹੈ, ਵਹੀ ਆਰਜ਼ੂ।

 

ਹੈ ਤੇਰੀ ਵੀ ਖਾਹਿਸ਼ ਜੋ ਚਾਹਤ ਮੇਰੀ ,

ਰਵਾਂ ਹੋ ਰਹੀ ਹੈ, ਵਹੀ ਆਰਜ਼ੂ।

 

ਕਹਾਂ ਥੀ ਕਹਾਂ ਹੈ ਵੋ ਉਲਫ਼ਤ ਤੇਰੀ,

ਕਹਾਂ ਹੋ ਰਹੀ ਹੈ, ਵਹੀ ਆਰਜ਼ੂ।

 

ਪਿਘਲਤੇ ਪਿਘਲਤੇ ਖ਼ਤਮ ਹੋ ਰਹੀ, 

ਸ਼ਮਾਂ ਹੋ ਰਹੀ ਹੈ, ਵਹੀ ਆਰਜ਼ੂ।

 

ਯੇ ਗਾਓਂ ਕੀ ਗੁਡੀਆ ਕੋ ਦੇਖੋ ਜ਼ਰਾ, 

ਜਹਾਂ ਹੋ ਰਹੀ ਹੈ, ਵਹੀ ਆਰਜ਼ੂ।

 

ਐ 'ਅੰਜੂ' ਤੇਰੀ ਭੀ ਕਹਾਨੀ ਅਜਬ,

ਅਯਾਂ ਹੋ ਰਹੀ ਹੈ, ਵਹੀ ਆਰਜ਼ੂ।

 

ਅੰਜੂ ਸਾਨਿਆਲ 

   ਸਿਆਸਤ ✍️ ਸਰਬਜੀਤ ਸਿੰਘ ਨਮੋਲ

  ਬਾਬੇ ਦੀ ਬਾਣੀ ਨੂੰ ਵੀ  ਨੇਤਾ ਤਾਂ ਲੁੱਟ ਕੇ ਖਾ ਗਏ 

ਭੁੱਲ ਭਾਈ ਲਾਲੋ ਤਾਂਈ ਭਾਗੋ ਦੇ ਘਰ ਨੇ ਆ ਗਏ

ਹਰ ਥਾਂ ਤੇ ਗੋਲਕ  ਰੱਖ ਕੇ ਲੁੱਟਦੇ  ਨੇ ਕਿਰਤੀ ਨੂੰ

ਬਾਬਾ ਕੀ ਬਖ਼ਸ਼  ਦਿਊਗਾ ਲੋਟੂ  ਇਸ ਬਿਰਤੀ ਨੂੰ

 

ਬਾਬੇ ਦੀ ਤੱਕੜੀ ਨੇ ਤਾਂ  ਤੋਲਿਆ ਕਦੇ ਤੇਰਾਂ ਤੇਰਾਂ

ਵੋਟਾਂ ਦੀ ਖੇਡ ਸਿਆਸਤ  ਕਰਦੇ ਰਹੇ ਹੇਰਾਂ ਫੇਰਾਂ

ਲੋਕਾਂ ਨੂੰ ਹਰ ਥਾਂ ਵੰਡ ਕੇ ਮਾਰਿਆ ਪ੍ਰਵਿਰਤੀ ਨੂੰ

ਬਾਬਾ ਕੀ ਬਖ਼ਸ਼ ਦਿਊਗਾ ਲੋਟੂ ਇਸ ਬਿਰਤੀ ਨੂੰ

 

ਭਾਈਆਂ ਤੋਂ ਭਾਈ  ਮਰਾਉਂਦੇ ਵੋਟਾਂ ਦੀ ਖਾਤਿਰ ਨੇ

ਨਸ਼ਿਆਂ ਨਾਲ਼ ਪੁੱਤ ਮਰਵਾਏ ਝੂਠੇ ਇਹ ਪਾਤਰ ਨੇ

ਲੋਕਾਂ ਦੀ ਸਾਂਝ ਤੋੜ ਕੇ ਅਪਣਾਉਂਦੇ ਨੇ ਫਿਰਤੀ ਨੂੰ

ਬਾਬਾ ਕੀ ਬਖ਼ਸ਼  ਦਿਊਗਾ ਲੋਟੂ ਇਸ ਬਿਰਤੀ ਨੂੰ

 

ਬਾਲਾ ਮਰਦਾਨਾ ਵੀ  ਅੱਜ ਬੈਠਣ ਕਦੇ ਜੁੜ ਕੇ ਨਾ

ਸਾਂਝਾ ਦਾ ਵਕਤ ਬਰਾਬਰ ਆਉਣਾ ਕਦੇ ਮੁੜ ਕੇ ਨਾ

ਨਸ਼ਿਆਂ ਵਿੱਚ ਰੋਲ਼  ਜਵਾਨੀ ਬੁਰੀ ਇਹ ਤ੍ਰਿਪਤੀ ਨੂੰ

ਬਾਬਾ  ਕੀ ਬਖ਼ਸ਼  ਦਿਊਗਾ  ਲੋਟੂ ਇਸ ਬਿਰਤੀ ਨੂੰ

 

ਜਿਨ੍ਹਾਂ ਨੇ ਸਿਰ ਕਟਵਾਏ ਉਨ੍ਹਾਂ ਦਾ ਮੁੱਲ ਕੋਈ ਨਾ

 ਨੀਲੇ ਤੇ ਚਿੱਟੇ ਚੰਦਰੇ ਅੰਦਰੋਂ ਇਹ ਵੱਖ ਹੋਈ ਨਾ

'ਜੀਤ' ਸਿਆਂ ਦੇਣੇ  ਲਾਲਚ ਬਦਲੋ  ਪ੍ਰਵਿਰਤੀ ਨੂੰ

ਬਾਬਾ ਕੀ ਬਖ਼ਸ਼  ਦਿਊਗਾ ਲੋਟੂ ਇਸ ਬਿਰਤੀ ਨੂੰ

ਸਰਬਜੀਤ ਸਿੰਘ ਨਮੋਲ਼, ਪਿੰਡ ਨਮੋਲ਼ ਜ਼ਿਲ੍ਹਾ ਸੰਗਰੂਰ 9877358044

ਮਨ ਸਾਗਰ ✍️ ਅੰਜੂ ਸਾਨਿਆਲ 

ਮਨ ਸਾਗਰ

ਸ਼ੋਰ ਮਚਾਉਂਦੀਆਂ ਲਹਿਰਾਂ

ਉੱਛਲ ਉੱਛਲ ਆਪਸ ਵਿੱਚ

ਟਕਰਾਉਂਦੀਆਂ ਲਹਿਰਾਂ ।

 

ਮੇਰੇ ਅੰਦਰ ਨਿੱਤ ਨਵਾਂ

ਰੋਸ ਜਤਾਉਂਦੀਆਂ ਲਹਿਰਾਂ

ਫਿਰ ਅੱਖਾਂ ਬੰਦ ਕਰ ਕੇ

ਸਬਰ ਤੇ ਸੰਤੋਖ

ਕਿੰਝ ਮੈਂ ਕਰ ਲਵਾਂ

ਦਿਲ ਵਿੱਚ ਲਾਵੇ ਵਾਂਗ

ਉਬਾਲੇ ਖਾਂਦੀਆਂ ਲਹਿਰਾਂ।

 

ਦਿਲ ਚਾਹੁੰਦਾ ਹੈ ਤੋੜ ਦਿਆਂ

ਵਰ੍ਹਿਆਂ ਦੀ ਧਾਰੀ ਚੁੱਪ ਨੂੰ

ਤੋੜ ਕੇ ਝੂਠੇ ਬੰਧਨ

ਦਿਖਾ ਦਿਆਂ ਆਇਨਾ ਜੱਗ ਨੂੰ

ਕਹਿ ਦਿਆਂ, ਹਰ ਜ਼ਾਲਮ ਦੇ

ਰੂਹ ਚੀਰਦੇ ਸੱਚ ਨੂੰ ।

 

ਅੰਜੂ ਸਾਨਿਆਲ 

ਅਸਲੀ ਰਾਹ (ਕਹਾਣੀ  ) ✍️ ਮਨਪ੍ਰੀਤ ਕੌਰ ਭਾਟੀਆ ਐਮ. ਏ, ਬੀ .ਐਡ

ਦਲਜੀਤ ਤੇ ਮੀਤ ਦੇ ਵਿਆਹ ਨੂੰ ਅਜੇ ਕੁੱਝ ਕੁ ਮਹੀਨੇ ਹੀ  ਬੀਤੇ ਸਨ ਕਿ ਦੋਨਾਂ ਦੇ ਵੱਖਰੇ ਸੁਭਾਅ ਤੇ ਦੋਨਾਂ ਪਰਿਵਾਰਾਂ ਦੀ ਉਹਨ੍ਹਾਂ ਦੀ ਜਿੰਦਗੀ ਵਿੱਚ ਲੋੜ ਤੋਂ ਵੱਧ   ਦਖ਼ਲਅੰਦਾਜੀ ਕਾਰਨ ਉਨ੍ਹਾਂ 'ਚ ਕਾਂਟੋਂ -ਕਲੇਸ਼ ਸ਼ੁਰੂ ਹੋ ਗਿਆ l ਹੌਲੀ -ਹੌਲੀ ਕਲੇਸ ਤੇ ਨਫਰਤ ਏਨੀ ਜਿਆਦਾ ਵੱਧ  ਗਈ ਕੇ ਮੀਤ ਪੇਕੇ ਘਰ ਆ ਗਈ l ਹੁਣ ਹਾਲਾਤ  ਇਹ ਸੀ ਕੇ ਨਾ ਹੀ ਉਸਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਲੈ ਕੇ ਜਾਣਾ ਚਾਹੁੰਦੇ ਸਨ ਅਤੇ ਨਾ ਹੀ ਉਸ ਦਾ ਪੇਕਾ ਪਰਿਵਾਰ ਉਸ ਨੂੰ  ਭੇਜਣਾ ਚਾਹੁੰਦਾ ਸੀ l                          

    ਗੱਲ ਵਧਦੀ-ਵਧਦੀ ਵੱਧ ਗਈ ਅਤੇ ਕੋਰਟ ਕਚਹਿਰੀ ਤੱਕ ਪੁੱਜ ਗਈ l  ਤਲਾਕ ਦਾ ਕੇਸ ਚੱਲ ਪਿਆ l ਦੋਵੇਂ ਧਿਰਾਂ ਹਰ ਤਰੀਕ ਤੇ ਕਹਚਿਰੀ ਆਉਂਦੀਆ ਤੇ ਇੱਕ ਦੂਜੇ ਨੂੰ ਵੱਢ -ਖਾਣ ਵਾਲੀਆਂ ਨਜਰਾਂ ਨਾਲ ਤੱਕਦੀਆਂ l ਵਕਤ ਗੁਜ਼ਰਦਾ ਗਿਆ l  ਤਾਰੀਕ  ਤੇ ਤਾਰੀਕ ਪੈਂਦੀ ਗਈ l ਖ਼ੱਜਲ - ਖ਼ੁਆਰ ਹੁੰਦਿਆਂ ਉਹਨਾਂ ਨੂੰ ਚਾਰ ਵਰ੍ਹੇ ਲੰਘ ਗਏ, ਪਰ ਹੱਥ ਪੱਲੇ ਕੁੱਝ ਨਹੀਂ ਪਿਆ।              ਅੱਜ ਵੀ ਉਨ੍ਹਾਂ ਦੀ ਤਾਰੀਕ ਸੀ ਤੇ ਅੱਜ ਦੋਹਾਂ ਧਿਰਾਂ ਨੂੰ ਇਨਸਾਫ਼ ਦੀ ਉਮੀਦ ਸੀ l ਉਹ ਸਾਰੇ ਸਵੇਰੇ ਦਸ ਵਜੇ ਈ ਕਹਚਿਰੀ ਪਹੁੰਚ ਗਏ । ਵਾਰੀ ਦੀ ਉਡੀਕ ਕਰਦਿਆਂ ਦੁਪਹਿਰ ਪੈ ਗਈ ਤੇ ਲੰਚ ਟਾਈਮ ਹੋ ਗਿਆ l                      

     ਦਲਜੀਤ ਨੂੰ ਖਿੱਝ ਚੜੀ ਜਾ ਰਹੀ ਸੀ l ਭੁੱਖਣ- ਭਾਣਾ  ਸਵੇਰ ਦਾ ਉਹ ਵਾਰੀ ਦੀ ਉਡੀਕ ਕਰੀ ਜਾ ਰਿਹਾ ਸੀ। ਪਿਛਲੇ  ਚਾਰ ਸਾਲਾ ਦੀ ਜਿੰਦਗੀ  ਉਸ ਦੀਆਂ ਅੱਖਾਂ ਅੱਗੇ ਘੁੰਮ ਰਹੀ ਸੀ  l 

        ਹਰ ਵਾਰ ਖ਼ੱਜਲ -ਖ਼ੁਆਰੀ, ਪੂਰੀ ਦਿਹਾੜੀ ਦੀ ਬਰਬਾਦੀ l ਕੀ ਖੱਟਿਆ ਉਸ ਨੇ ਵਿਆਹ ਕਰਵਾ ਕੇ l ਅਜਿਹੀ ਜਿੰਦਗੀ ਨਾਲੋਂ ਤਾਂ ਉਹ ਕੁਵਾਰਾ ਹੀ ਚੰਗਾ ਸੀ l ਹੁਣ ਤਾਂ ਸਗੋਂ ਕਲੇਜੇ ਧੂਹ ਪੈਂਦੀ ਆ l ਰਾਤ ਨੂੰ ਇੱਕਲਾਪਣ ਵੱਢ ਖਾਣ ਨੂੰ ਆਉਂਦਾ ਐ ਤੇ ਲੋਕਾਂ ਦੀਆਂ ਗੱਲਾਂ ਵਖਰੀਆਂ l                             ਉਸ ਨੂੰ ਯਾਦ ਆਇਆ ਜਦ ਉਸਦਾ ਨਵਾਂ ਵਿਆਹ ਹੋਇਆ ਸੀ ਤਾਂ ਮੀਤ ਉਸ ਨੂੰ ਕਿਸੇ ਪਰੀ ਤੋਂ ਘੱਟ ਨਹੀਂ ਸੀ  ਲੱਗਦੀ l ਸ਼ੁਰੂਆਤੀ ਵਿਆਹੁਤਾ ਜਿੰਦਗੀ ਸਵਰਗ ਵਾਂਗ ਬੀਤ ਰਹੀ ਸੀ l  ਗੱਲ ਬਾਤ ਤਾਂ ਉਨ੍ਹਾਂ ਦੀ ਠਾਕੇ ਤੋਂ ਬਾਅਦ ਈ ਫ਼ੋਨਾਂ 'ਤੇ ਸ਼ੁਰੂ ਹੋ ਗਈ ਸੀ l  ਦਿਹਾੜੀ ਵਿੱਚ ਉਹ ਇੱਕ -ਦੂਜੇ ਨੂੰ ਚਾਰ -ਪੰਜ ਵਾਰ ਤਾਂ ਫੋਨ ਕਰ ਈ ਲੈਂਦੇ l ਵਿਆਹ ਹੋਇਆ ਤਾਂ ਪਹਿਲੀ ਰਾਤ ਨੂੰ ਉਹ ਇੰਜ ਮਿਲੇ ਜਿਵੇੰ ਚਿਰਾਂ ਦੇ ਵਿੱਛੜੇ ਪ੍ਰੇਮੀ ਮਿਲੇ ਹੋਣ l

   ਅੰਤਾਂ ਦਾ ਮੋਹ - ਮੁਹੱਬਤ ਸੀ ਉਨ੍ਹਾਂ ਦਰਮਿਆਨ l ਫੇਰ  ਹੌਲੇ -ਹੌਲੇ ਵਕਤ ਬੀਤਦਾ ਗਿਆ l ਮੀਤ ਦੀਆਂ ਕੁੱਝ  ਗੱਲਾਂ ਉਸਨੂੰ ਖਲਨ ਲੱਗੀਆਂ ਤੇ ਮੀਤ ਨੂੰ ਉਸਦੀਆਂ l ਉਹ ਇੱਕ -ਦੂਜੇ ਨਾਲ  ਰੁੱਸੇ -ਰੁੱਸੇ ਰਹਿਣ ਲੱਗੇ l ਪਹਿਲਾਂ ਤਾਂ ਘੰਟੇ ਦੋ ਘੰਟੇ ਲਈ ਉਹ ਰੁਸਦੇ l ਫਿਰ  ਇਹ ਰੋਸਾ ਦਿਨਾਂ ਵਿੱਚ ਬਦਲਣ ਲੱਗਾ l ਉਨ੍ਹਾਂ ਦੀ ਐਸੀ ਖਿਟ -ਪਿਟ  ਸ਼ੁਰੂ ਹੋਈ ਕਿ ਜਿਸ ਦਾ ਅੰਤ ਹੋਣ ਦਾ ਨਾਮ ਈ ਨਹੀਂ ਸੀ ਲੈ ਰਿਹਾ l ਉਸ ਦੀ ਮਾਂ ਹਮੇਸ਼ਾਂ ਹੀ ਉਸ ਦਾ ਪੱਖ ਲੈਂਦੀ ਤਾਂ ਮੀਤ ਦਾ ਗੁੱਸਾ ਹੋਰ ਵੱਧ ਜਾਂਦਾ l ਉਸ ਦੇ ਸਹੁਰੇ ਵੀ ਵਾਰ -ਵਾਰ ਉਸ ਨੂੰ ਫੋਨ ਕਰਦੇ ਤੇ ਮੀਤ ਨੂੰ ਕੁੱਝ ਕਹਿਣ ਦੀ ਬਜਾਏ ਉਸ ਨੂੰ ਹੀ ਮੀਤ ਨਾਲ ਚੰਗੀ ਤਰ੍ਹਾਂ ਰਹਿਣ ਲਈ ਕਹਿੰਦੇ ਤੇ ਸਮਝਾਉਦੇ l ਇਸ ਤੇ ਉਹ ਬਹੁਤ ਹੀ ਖਿਝ ਜਾਂਦਾ l ਵਿਗਾੜ ਪੈਂਦਾ -ਪੈਂਦਾ ਏਨਾ ਪੈ ਗਿਆ ਕਿ ਇੱਕ ਦਿਨ ਮਮੂਲੀ ਝਗੜੇ ਤੋਂ ਬਾਅਦ ਉਸਦਾ ਹੱਥ ਮੀਤ 'ਤੇ  ਉੱਠ ਗਿਆ l ਉਸਦੀ ਮਾਂ ਨੇ ਉਸਦਾ ਸਾਥ ਦਿਤਾ l ਬੱਸ ਫਿਰ ਕੀ ਸੀ ਬਾਤ ਦਾ ਬਤੰਗੜ ਬਣ ਗਿਆ l ਪੜੀ -ਲਿਖੀ ਮੀਤ ਇਹ ਅਪਮਾਨ ਕਿਵੇਂ ਸਹਿੰਦੀ। ਉਹ ਸ਼ੇਰਨੀ ਦਾ ਰੂਪ ਧਾਰੀ ਸਮਾਨ ਲੈ ਕੇ ਪੈਕੇ ਚਲੀ ਗਈl ਕਿਸੇ ਨੇ ਵੀ ਉਸਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਉਸ ਦਿਨ ਤੋਂ ਹੀ ਐਸਾ ਕਲੇਸ਼ ਸ਼ੁਰੂ ਹੋਇਆ ਕਿ ਉਹ ਅੱਜ ਤੱਕ ਕਹਿਚਿਰੀਆਂ ਵਿੱਚ ਰੁਲਦੇ ਫਿਰਦੇ ਨੇ।

     "ਚਲ ਦਲਜੀਤ ਤੂੰ ਵੀ ਕੁੱਝ ਖਾ-ਪੀ ਲੈ"l ਦਲਜੀਤ ਦੇ ਡੈਡੀ ਨੇ ਆ ਕੇ ਉਸ ਦਾ ਮੋਢਾ ਹਲੂਣਿਆ ਤਾਂ ਦਲਜੀਤ ਇੱਕ ਦਮ ਵਰਤਮਾਨ ਵਿੱਚ ਪਰਤ ਆਇਆ l ਦਲਜੀਤ ਮੱਥੇ ਤੋਂ  ਪਸੀਨਾ ਪੂੰਝਦਾ ਬੋਲਿਆ, "ਨਹੀਂ ਡੈਡੀ ਮੇਰਾ  ਜ਼ਰਾ ਮਨ ਨਹੀਂ, ਵੈਸੇ ਵੀ ਗ਼ਰਮੀ ਕਾਰਨ ਘਬਰਾਹਟ ਜਿਹੀ ਹੋ ਰਹੀ  ਹੈ l" ਤੇ ਉਸ ਨੇ ਡੈਡੀ ਦੇ ਹੱਥ 'ਚੋਂ ਪਾਣੀ ਦੀ ਬੋਤਲ ਫੜ ਕੇ ਮੂੰਹ ਨਾਲ ਲਾ ਲਈ l                                     "ਕੋਈ ਨੀ ਪੁੱਤ, ਆ ਜਾ ਬਾਹਰ......      ਕੁੱਝ ਤਾਂ ਖਾ l" ਪਰ ਦਲਜੀਤ ਦੇ ਮਨਾਂ ਕਰਨ 'ਤੇ ਉਹ ਬਾਹਰ ਚਲੇ ਗਏ l ਦਲਜੀਤ ਨੇ ਦੇਖਿਆ ਹੁਣ ਲੋਕ ਇੱਧਰ- ਉੱਧਰ ਬਿਖ਼ਰ ਗਏ ਸੀ l ਅੰਤਾਂ ਦੀ ਗ਼ਰਮੀ ਨੇ ਵੀ ਵੱਟ ਕੱਢੇ ਹੋਏ  ਸੀ l ਕਚਹਿਰੀ ਦੇ ਪੱਖੇ ਵੀ ਨਾ-ਮਾਤਰ   ਜਿਹੀ ਹਵਾ ਦੇ ਰਹੇ ਸਨ l ਲੋਕਾਂ ਦੀ ਭੀੜ  ਤੇ ਉਪਰੋਂ ਕਹਿਰ ਦੀ ਗ਼ਰਮੀ...... l                                      ਅਚਾਨਕ ਹੀ ਮੀਤ ਬੈਠੀ -ਬੈਠੀ ਚੱਕਰ ਖਾ ਖਾ ਕੇ ਥੱਲੇ ਡਿੱਗ ਪਈ l "ਕੀ ਹੋ ਗਿਆ ਇਸਨੂੰ...?" ਆਲੇ ਦੁਵਾਲਿਓਂ ਕੁੱਝ ਅਵਾਜ਼ਾਂ ਉਭਰੀਆਂ ਤੇ ਲੋਕ ਉਸ ਦੇ ਆਲੇ - ਦਵਾਲੇ ਇਕੱਠੇ ਹੋ ਗਏ l ਲੋਕਾਂ ਨੇ ਉਸਦੇ ਮੂੰਹ ਤੇ ਪਾਣੀ ਪਾਇਆ l ਉਸ ਦੇ ਪਰਿਵਾਰ ਵਾਲੇ ਜਲਦੀ ਨਾਲ ਉਸ ਨੂੰ ਚੁੱਕ ਕੇ ਜ਼ਰਾ ਹਟਵੀਂ ਥਾਂ 'ਤੇ ਲੈ ਗਏ l ਉਸਦੇ ਪਰਿਵਾਰ ਵਾਲਿਆ ਵਿੱਚ ਭਾਜੜ ਜਿਹੀ ਪੈ ਗਈ ਸੀ ਦਲਜੀਤ ਦੇ ਮਨ ਵਿੱਚ ਆਇਆ, ਮਨਾਂ ਦੇਖ ਜਾ ਕੇ ਕੀ ਹੋਇਆ ਇਹਨੂੰ। ਫੇਰ ਦੂਜੇ ਹੀ ਪਲ ਖਿਆਲ ਆਇਆ,  "ਦਫ਼ਾ ਕਰ, ਇਸੇ ਜਨਾਨੀ ਕਰ ਕੇ ਤਾਂ ਇੰਨੀ  ਖ਼ੱਜਲ- ਖ਼ੁਆਰੀ ਪੱਲੇ ਪਈ l ਜੁਵਾਨੀ ਕਚਹਿਰੀਆਂ ਵਿੱਚ ਹੀ ਬਰਬਾਦ ਹੋਈ ਜਾ ਰਹੀ ਆ, ਦਫ਼ਾ ਕਰ l" ਨਫਰਤ ਉਸ ਦੇ ਜਹਿਨ ਵਿੱਚ ਘੁੰਮੀ ਤੇ ਉਸ ਨੇ ਖ਼ੁਦ ਨੂੰ ਰੋਕ ਲਿਆ l ਉਹ ਇੱਧਰ -ਉੱਧਰ ਟਹਿਲਦਾ ਰਿਹਾ ਤੇ ਲੰਚ - ਬਰੇਕ ਖ਼ਤਮ ਹੋਣ ਦਾ ਇੰਤਜ਼ਾਰ ਕਰਦਾ ਰਿਹਾ ।              

    ਪਰ ਕੁੱਝ ਦੇਰ ਮਗਰੋਂ ਪਤਾ ਨਹੀਂ ਉਸ ਦੇ ਮਨ ਵਿੱਚ ਕੀ ਆਈ? ਉਹ ਉੱਧਰ ਨੂੰ ਹੋ ਤੁਰਿਆ, ਜਿੱਧਰ ਮੀਤ ਨੂੰ ਲੈ ਕੇ ਗਏ ਸੀ l ਉਸ ਨੇ ਦੇਖਿਆ ਕੇ ਇੱਕ ਬੈਂਚ 'ਤੇ ਪੱਖੇ ਹੇਠਾਂ ਮੀਤ ਅੱਖਾਂ ਬੰਦ ਕਰੀ ਲੇਟੀ ਪਈ ਸੀ,ਉਸ ਦੀ ਮਾਂ ਕੋਲ ਬੈਠੀ ਸੀ lਪਰ ਥੋੜੀ ਦੇਰ ਮਗਰੋਂ ਜਿਵੇੰ ਹੀ ਉਹ ਉੱਠ ਕੇ ਪਰਾਂ ਗਈ ਦਲਜੀਤ ਝੱਟ ਹੀ ਮੀਤ ਦੇ ਸਿਰ ਵਾਲੇ ਪਾਸੇ ਜਾ ਕੇ ਬੈਠ ਗਿਆ l ਅੰਦਰ ਹੀ ਅੰਦਰ ਉਹ ਡਰ ਵੀ ਰਿਹਾ ਸੀ, ਕੇ ਜੇ ਉਸ ਦੇ ਸਹੁਰੇ ਪਰਿਵਾਰ ਦੇ ਮੈਂਬਰਾਂ 'ਚੋਂ ਕੋਈ ਵੀ ਖ਼ਾਸ ਕਰਕੇ ਉਸ ਦੇ ਸਾਲੇ ਆ ਗਏ ਤਾਂ ਇੱਥੇ ਤਮਾਸ਼ਾ ਬਣ ਜਾਣਾ ਏ l ਪਰ ਉਹ ਫਿਰ ਵੀ ਬੈਠਾ ਰਿਹਾ l

      ਅਚਾਨਕ ਮੀਤ ਨੇ ਅੱਖਾਂ ਖੋਲੀਆਂ ਕੋਲ ਦਲਜੀਤ ਨੂੰ ਬੈਠਾ ਦੇਖ ਕੇ ਉਹ ਇੱਕ ਦਮ ਤ੍ਰਬਕ ਕੇ ਉੱਠ ਬੈਠੀ ਅਤੇ  ਹੈਰਾਨੀ ਨਾਲ ਅੱਖਾਂ ਅੱਡੀ ਉਸ ਵੱਲ ਤੱਕਣ ਲੱਗੀ l "ਤੁਸ਼ੀਂ.....? ਤੁਸ਼ੀਂ ਇੱਥੇ ਕਿਵੇਂ?" ਉਹ ਹੈਰਾਨੀ 'ਚੋਂ ਬੋਲੀ l          

     "ਕੀ ਹੋਇਆ ਸੀ? ਬੈਠੀ -ਬੈਠੀ ਡਿੱਗ ਪਈ? ਕਿਵੇਂ ਆ ਹੁਣ?" ਦਲਜੀਤ ਬੋਲਿਆ।               .            

  "ਥੋਨੂੰ ਕੀ? ਮਰਾਂ ਭਾਂਵੇ ਜੀਵਾਂ? ਜਦ ਕੋਈ ਰਿਸ਼ਤਾ ਈ ਨਹੀਂ ਰਿਹਾ ਤਾਂ....l" ਮੀਤ ਗੁੱਸੇ 'ਚ ਬੋਲੀ l                 

   "ਅਜੇ ਤੱਕ ਗੁੱਸਾ ਠੰਡਾ ਨਹੀਂ ਹੋਇਆ? ਏਨੇ ਸਾਲ ਬੀਤ ਗਏ ਫੇਰ ਵੀ?" ਦਲਜੀਤ ਜ਼ਰਾ ਸਹਿਜ ਹੋ ਕੇ ਬੋਲਿਆ l                                      "ਗੁੱਸਾ ਕਿਵੇਂ ਠੰਡਾ ਹੋਵੇ? ਤੁਹਾਨੂੰ ਕਿਹੜਾ ਪ੍ਰਵਾਹ ਏ l ਇੱਕ ਵਾਰ ਵੀ ਮੁੜ ਕੇ ਵੇਖਿਆ? ਜਿਉਂਦੀ ਆਂ ਕੇ ਮਰ ਗਈ?"      "ਮੁੜ ਕੇ ਦੇਖਣ ਜੋਗਾ ਛੱਡਿਆ ਕਿੱਥੇ ਤੁਸਾਂ? ਝੱਟ ਤਾਂ ਕੇਸ ਠੋਕ ਤਾਂ l" ਦਲਜੀਤ   ਬੋਲਿਆ  

 "ਤੁਹਾਡੇ ਪਰਿਵਾਰ ਵਾਲਿਆਂ ਨੇ ਵੀ ਘੱਟ ਨਹੀਂ ਕੀਤੀ ਇਸ ਮਾਮਲੇ 'ਚ ।" 

     "ਛੱਡ ਮੀਤ.... ਤੂੰ ਕਿਹੜਾ ਮੁੜ ਕੇ ਦੇਖ  ਲਿਆ ਮੇਰੇ ਵੱਲ l ਅੱਜ ਤੱਕ ਕਦੀ ਇੱਕ ਵਾਰ ਵੀ ਫੋਨ ਕੀਤਾ ਈ....?"       "......ਤੇ ਤੁਸੀਂ...? ਤੁਸੀਂ ਕਿੰਨੇ ਕੁ ਫੋਨ ਕਰਕੇ ਥੱਕ ਗਏ l" ਮੀਤ ਗੁੱਸੇ 'ਵਿੱਚ  ਬੋਲੀ ਤਾਂ ਦਲਜੀਤ ਨੇ ਮੀਤ ਵੱਲ ਦੇਖਿਆ ਤੇ ਮੀਤ ਨੇ ਦਲਜੀਤ ਵੱਲ l ਉਹ ਕੁੱਝ ਦੇਰ ਇਵੇਂ ਹੀ ਇੱਕ ਦੂਜੇ ਨੂੰ ਵੇਖਦੇ ਰਹੇ l                                             "ਥੋਡਾ ਕੀ ਹਾਲ ਐ?" ਮੀਤ ਨਜਰਾਂ ਝੁਕਾਏ ਜ਼ਰਾ ਗੁੱਸੇ 'ਚ ਬੋਲੀ l            

     "ਹਾਲ ਕੀ ਹੋਣੈ ,ਇਸ ਖ਼ੱਜਲ- ਖ਼ੁਆਰੀ 'ਚ ।ਹਰ ਮਹੀਨੇ ਤਰੀਕਾ ਭੁਗਤ- ਭੁਗਤ ਥੱਕ ਗਿਆਂ । ਲੱਗਦੈ ਇੱਥੇ ਹੀ ਖ਼ੁਆਰ ਹੋ ਜਾਂਵਾਗਾ ਤੇ ਜਿੰਦਗੀ ਇੱਥੇ ਹੀ ਬਰਬਾਦ ਹੋ ਜਾਵੇਗੀ l ਦਿਲ ਤਾਂ ਕਰਦਾ ਇਸ ਜਿੰਦਗੀ ਨਾਲੋਂ ਤਾਂ ਕੁੱਝ ਖਾ ਕੇ ਮਰ ਜਾਂਵਾ, ਕਿੱਸਾ ਹੀ ਖ਼ਤਮ ਹੋ ਜਾਵੇ l"

    "ਕਿਉਂ?" ਇੱਕੋ ਦਮ ਅੱਖਾਂ ਟੱਡਦਿਆਂ  ਮੀਤ ਨੇ  ਆਪਣਾਂ ਹੱਥ ਦਲਜੀਤ ਦੇ ਹੱਥ 'ਤੇ ਰੱਖ ਦਿਤਾ l                     .    

    "ਓਹ ! ਤਾਂ ਤੈਨੂੰ ਅਜੇ ਵੀ ਮੇਰੀ ਪ੍ਰਵਾਹ ਐ l"  ਕਹਿੰਦਿਆਂ ਦਲਜੀਤ ਨੇ ਉਸ ਦੀਆਂ ਅੱਖਾਂ 'ਚ ਝਾਕਿਆ  l ਉਸ ਦੇ ਏਨਾ ਕਹਿਣ ਦੀ ਦੇਰ ਸੀ ਕਿ ਮੀਤ ਦੀਆਂ ਅੱਖਾਂ ਛਲਕ   ਪਈਆਂ l                 

    "ਤੇ ਹੋਰ ਕੀ....? ਤੁਹਾਨੂੰ ਕੀ ਲੱਗਦੈ, ਤੁਸੀ  ਇਕੱਲੇ  ਈ ਖ਼ੁਆਰ ਹੋਏ ਪਏ ਓ,  ਮੈਂ ਨਹੀਂ....l ਅੰਦਰੋਂ ਤਾਂ ਮੈਂ ਵਲੂੰਧਰੀ  ਪਈ ਆਂ । ਇੱਕਲੀ ਬੈਠੀ ਰੋਂਦੀ ਰਹਿੰਦੀ ਆ । ਕੀ ਕਹਾਂ ਕਿਸੇ ਨੂੰ ਕਿ ਮੈਂ  ਤੁਹਾਨੂੰ ਯਾਦ ਕਰ - ਕਰ  ਕੇ ਰੋਂਦੀ ਆ l" 

    "ਬੱਸ ਇੱਕ ਜ਼ਿੱਦ ਈ ਐ, ਜਿਹੜੀ ਹਰ ਵਾਰ ਇੱਥੇ ਖਿੱਚ ਲਿਆਂਦੀ ਏ l ਨਾ ਤੁਹਾਡਾ ਪਰਿਵਾਰ ਝੁਕਣ ਲਈ ਤਿਆਰ ਐ l ਨਾ ਈ ਮੇਰਾ । ਅਸੀਂ ਦੋਵਾਂ ਪਰਿਵਾਰਾਂ ਵਿਚਕਾਰ ਫਸੇ ਪਏ ਆਂ l" 

   "ਪਰ ਹੁਣ.... ਸੋਚ ਸੋਚ ਕੇ ਲੱਗਦੈ ਗਲਤੀ ਮੇਰੀ ਹੀ ਸੀ.... ਮੈਂ ਹੀ ਜਲਦੀ ਕਾਹਲੀ ਪੈ ਗਈ l ਤੁਹਾਡੇ ਨਾਲ ਮੈਂ ਈ ਐਡਜਸਟ ਨਹੀਂ ਕਰ ਸਕੀ l ਤਾਂ ਹੀ ਤਾਂ  ਇੱਕ -ਦੂਜੇ ਤੋਂ  ਦੂਰ ਅੱਜ ਇੱਥੇ ਖੜੇ ਆਂ l"            "ਨਹੀਂ ਮੀਤ , ਗ਼ਲਤੀ ਮੇਰੀ ਸੀ l ਮੈਂ ਈ ਤੇਰੀਆਂ ਭਾਵਨਾਵਾਂ ਨੂੰ ਸਮਝ ਨਾ ਸਕਿਆ। ਦੂਜਿਆਂ ਮਗਰ ਲੱਗ - ਲੱਗ ਤੈਨੂੰ ਬੁਰਾ- ਭਲਾ ਕਹਿੰਦਾ ਰਿਹਾ l ਗਾਲੀ -  ਗਲੋਚ ਕਰਦਾ ਰਿਹਾ l ਇਥੋਂ ਤੱਕ ਕਿ ਇੱਕ ਦਿਨ ਤਾਂ ਤੈਨੂੰ ਥੱਪੜ ਵੀ ਮਾਰ ਦਿਤਾ l ਬਾਅਦ ਵਿੱਚ ਬਹੁਤ ਪਛਤਾਇਆ ਮੈਂ l ਆਪਣਾ ਸੁਨਹਿਰੀ ਸਮਾਂ ਤਾਂ ਅਸਾਂ ਲੜ- ਝਗੜ ਕੇ ਬਿਤਾ ਲਿਆ l

    "ਪਰ.... ਹੁਣ.... ਹੁਣ ਕੀ ਹੋ ਸਕਦਾ.... ਹੁਣ ਤਾਂ ਫੈਸਲੇ ਦਾ ਹੀ ਇੰਤਜ਼ਾਰ ਕਰਨਾ ਪੈਣੈ ..... ।"                      

    " ਨਹੀਂ ਮੀਤ.... ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ l ਚੱਲ ਉੱਠ ਤੁਰ ਮੇਰੇ ਨਾਲ..... l ਇੱਥੇ ਬੈਠਿਆਂ ਤਾਂ ਉਮਰਾਂ ਬੀਤ ਜਾਣਗੀਆਂ l ਆਜਾ ਛੱਡ ਦੇ ਸਾਰੇ ਗਲੇ ਸ਼ਿਕਵੇ। ਆ ਚੱਲ । ਮੁੜ ਤੋਂ ਨਵੀਂ ਜਿੰਦਗੀ ਸ਼ੁਰੂ ਕਰੀਏ l"  ਦਲਜੀਤ ਨੇ ਮੀਤ ਦੀਆਂ ਅੱਖਾਂ 'ਚ  ਅੱਖਾਂ ਪਾ ਕੇ ਕਿਹਾ l                          "ਪਰ.....? ਆਪਣੇ ਪਰਿਵਾਰ ਵਾਲੇ l ਉਹ ਇਵੇਂ ਰਾਜ਼ੀ ਨਹੀਂ ਹੋਣਗੇ.... ।"

     "ਕਿਉਂ ਨਹੀਂ ਹੋਣਗੇ?  ਉਹ ਵੀ ਤਾਂ ਦਿਲੋਂ ਮਿਲਣ ਈ ਚਾਹੁੰਦੇ ਹੋਣੇ .... l"                                  "ਚੱਲ ਉੱਠ.... ।" ਤੇ ਦਲਜੀਤ ਨੇ ਮੀਤ ਦਾ ਹੱਥ ਘੁੱਟ ਕੇ ਫੜ ਲਿਆ l ਦਲਜੀਤ ਨੂੰ ਇੱਧਰ- ਉੱਧਰ ਦੇਖਦਿਆਂ ਉਸ ਦੇ ਪਰਿਵਾਰ ਵਾਲੇ ਤੇ ਮੀਤ ਦੇ ਪਰਿਵਾਰ ਵਾਲੇ ਵੀ ਉੱਥੇ ਪੁੱਜ ਗਏ ਅਤੇ ਉਥੋਂ ਦਾ ਨਜ਼ਾਰਾ ਦੇਖ ਕੇ ਦੰਗ ਰਹੇ ਗਏ ਤੇ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ l                                   "ਆਪਣੀ ਵਾਰੀ ਆਉਣ ਵਾਲੀ ਆ ਮੀਤ..... l" ਅਚਾਨਕ ਈ ਮੀਤ ਦੇ ਵੱਡੇ ਭਰਾ ਨੇ ਵੀ ਆਉਂਦਿਆਂ ਹੀ ਕਿਹਾ l                                 "ਨਹੀਂ ਵੀਰੇ, ਹੁਣ ਕਿਸੇ ਵਾਰੀ ਦੀ ਲੋੜ ਨੀਂ। ਮੈਨੂੰ ਅਸਲੀ ਰਾਹ ਲੱਭ ਗਿਆ ਏ l"                                          "ਪਰ ਇਹ ਕਿਵੇਂ.....? ਇਹ ਕਿੱਦਾਂ ਹੋ ਸਕਦਾ....? ਬਿਨਾਂ ਕਿਸੇ ਫੈਸਲੇ ਤੋਂ ਤੁਸੀ.......?" ਇਸ ਤੋਂ ਪਹਿਲਾਂ ਕਿ ਕੋਈ ਕੁੱਝ ਹੋਰ ਬੋਲਦਾ ਦੋਵੇਂ ਇੱਕ- ਦੂਜੇ ਦਾ ਹੱਥ ਫੜੀ ਕਚਹਿਰੀ ਤੋਂ ਬਾਹਰ ਨਿਕਲ ਗਏ l ਉਨ੍ਹਾਂ ਨੂੰ ਇਵੇਂ ਹੱਥ ਵਿੱਚ ਹੱਥ ਪਾਈ   ਜਾਂਦੇ ਦੇਖ ਦੋਵਾਂ ਪਰਿਵਾਰ ਵਾਲਿਆਂ ਦੇ ਗੁੱਸੇ ਭਰੇ ਚਿਹਰੇ ਹੌਲੇ -ਹੌਲੇ ਮੁਸ਼ਕਰਾਹਟ 'ਚ ਬਦਲ ਗਏ l

ਮਨਪ੍ਰੀਤ ਕੌਰ ਭਾਟੀਆ-ਐਮ.ਏ ,ਬੀ.ਐਡ-ਫਿਰੋਜ਼ਪੁਰ ਸ਼ਹਿਰ

ਪੋਹ ਅਤੇ ਮਾਘ ਮਹੀਨੇ ਦੀ ਹੱਡ-ਚੀਰਵੀਂ ਠੰਡ ✍️ ਜਸਪਾਲ ਸਿੰਘ ਸਨੌਰ (ਪਟਿਆਲਾ)

ਸਾਡੇ ਦੇਸ ਵਿਚ ਕੁਦਰਤੀ ਛੇ ਰੁੱਤਾਂ ਗਰਮੀ, ਸਰਦੀ ,ਵਰਖਾ, ਪਤਝੜ, ਬਸੰਤ ਅਤੇ ਬਹਾਰ ਹੁੰਦੀਆਂ ਹਨ। ਇਹਨਾਂ ਰੁੱਤਾਂ ਦੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਆਪਣੇ ਹੀ ਰੰਗ ਹੁੰਦੇ ਹਨ। ਸਰਦੀ ਦੀ ਰੁੱਤ ਵਰਖਾ ਦੀ ਰੁੱਤ ਤੋਂ ਬਾਅਦ ਸ਼ੁਰੂ ਹੁੰਦੀ ਹੈ। ਇਹ ਰੁੱਤ ਨਵੰਬਰ ਤੋਂ ਲੈ ਕੇ ਮਾਰਚ ਦੇ ਅੱਧ ਤੱਕ ਚਲਦੀ ਹੈ। ਸਰਦੀ ਦੀ ਰੁੱਤ ਦੇ  ਪੋਹ ਅਤੇ ਮਾਘ ਮਹੀਨੇ ਬਹੁਤ ਹੀ ਠੰਢੇ ਹੁੰਦੇ ਹਨ। ਦਸੰਬਰ ਮਹੀਨੇ ਵਿਚ ਠੰਡੀਆਂ ਹਵਾਵਾਂ ਚੱਲਦੀਆਂ ਹਨ ਜਿਸ ਕਾਰਨ ਹੱਡ ਚੀਰਵੀਂ ਠੰਢ ਪੈਂਦੀ ਹੈ। ਦਸੰਬਰ ਅਤੇ ਜਨਵਰੀ ਦੇ ਮਹੀਨੇ ਵਿਚ ਸਰਦੀ ਆਪਣੇ ਪੂਰੇ ਜੋਬਨ ਤੇ ਹੁੰਦੀ ਹੈ। ਇਨ੍ਹਾਂ ਦਿਨਾਂ ਵਿਚ ਦਿਨ ਛੋਟੇ ਰਾਤਾਂ ਵੱਡੀਆਂ ਹੁੰਦੀਆਂ ਹਨ। ਇਹਨਾਂ ਦਿਨਾਂ ਵਿੱਚ ਕੋਹਰਾ ਅਤੇ ਧੁੰਦ ਜ਼ਿਆਦਾ ਪੈਂਦੀ ਹੈ। ਇਸ ਕਾਰਨ ਜੀਵਨ ਦੀ ਗੱਡੀ ਦੀ ਰਫ਼ਤਾਰ ਸਰਦੀ ਕਰਨਾ ਹੋਲੀ ਹੋ ਜਾਂਦੀ ਹੈ।

ਅਮੀਰਾਂ ਅਤੇ ਮਿਡਲ ਕਲਾਸ ਲੋਕਾਂ ਲਈ ਸਰਦੀਆਂ ਵਰਦਾਨ ਸਿੱਧ ਹੁੰਦੀਆਂ ਹਨ। ਇਹ ਲੋਕ ਵੱਖ ਵੱਖ ਕਿਸਮ ਦੀਆਂ ਗਰਮ ਮਹਿੰਗੀਆ ਕੋਟੀਆਂ ਸਵੈਟਰ, ਕੋਟ ਅਤੇ ਜਾਕਟਾਂ  ਆਦਿ ਪਾ ਕੇ ਆਪਣੀ ਸੁੰਦਰਤਾ ਅਤੇ ਅਮੀਰੀ ਦਾ ਲੋਕ ਵਿਖਾਵਾ ਕਰਦੇ ਹਨ। ਅਤੇ  ਜਿਹੜੇ ਘੁੰਮਣ-ਫਿਰਨ ਦੇ ਸ਼ੌਕੀਨ ਹੁੰਦੇ ਹਨ ਉਹ ਲੋਕ ਬਰਫ਼ੀਲੇ ਪਹਾੜਾਂ ਹਿਮਾਚਲ ਪ੍ਰਦੇਸ਼ ਵਿੱਚ ਸ਼ਿਮਲਾ, ਕੁਫ਼ਰੀ, ਰੋਹਤਾਂਗ, ਲੇਹ-ਲਦਾਖ ਵਗੈਰਾ ਘੁੰਮਣ ਲਈ ਜਾਂਦੇ ਹਨ। ਕਈ ਅਮੀਰ ਇਹਨਾਂ ਸਰਦੀ ਦੇ ਦਿਨਾਂ ਵਿੱਚ ਮਹਿੰਗੀ ਸ਼ਰਾਬ ਵਗੈਰਾ ਦਾ ਅਤੇ ਮਹਿੰਗੇ ਮੀਟ ਮੱਛੀ ਦਾ ਸੇਵਨ ਕਰਦੇ ਹਨ। ਇਹ ਅਮੀਰ ਲੋਕ ਅਪਣੀਆਂ ਮਹਿੰਗੀਆਂ ਗੱਡੀਆਂ ਵਿੱਚ ਹੀਟਰ ਲਗਾ ਕੇ ਸੜਕਾਂ ਤੇ ਆਪਣੇ ਡਰਾਈਵਿੰਗ ਦਾ ਅਨੰਦ ਮਾਣਦੇ ਹਨ। ਕਈ ਅਮੀਰ ਲੋਕ ਤਾਂ ਵੱਡੇ ਦਿਲ ਵਾਲੇ ਹੁੰਦੇ ਹਨ ਜਿਹੜੇ ਗਰੀਬ ਲੋਕਾਂ ਨੂੰ ਆਪਣੇ ਪਾਏ ਹੋਏ ਗਰਮ ਕੰਬਲ ਅਤੇ ਗਰਮ ਕੱਪੜੇ ਵੰਡਦੇ ਫਿਰਦੇ ਹਨ। ਇਨ੍ਹਾਂ ਦਿਨਾਂ ਵਿਚ  ਕੋਹਰੇ ਅਤੇ ਧੁੰਦ ਦੇ ਕਾਰਨ  ਦਰੱਖਤਾਂ ਦੇ ਪੱਤਿਆਂ ਤੋਂ ਧੁੰਦ ਅਤੇ ਕੌਰ ਦਾ ਪਾਣੀ ਤਿੱਪ ਤਿੱਪ ਟਪਕ ਰਿਹਾ ਹੁੰਦਾ ਹੈ ਜਿਸ ਕਾਰਨ ਸੜਕਾਂ ਗਿੱਲੀਆਂ ਪੈ ਜਾਂਦੀਆਂ ਹਨ ਅਤੇ ਇਹਨਾਂ ਤੇ ਚੱਲ ਰਹੇ ਆਵਾਜਾਈ ਦੇ ਸਾਧਨ ਜ਼ਿਆਦਾਤਰ ਆਪਸ ਵਿੱਚ ਟਕਰਾਉਂਦੇ ਰਹਿੰਦੇ ਹਨ।

ਇਸ ਦੇ ਉਲਟ ਗਰੀਬ ਲੋਕਾਂ ਲਈ ਸਰਦੀ ਇਕ ਸਰਾਪ ਦੀ ਤਰ੍ਹਾਂ ਹੁੰਦੀ ਹੈ। ਉਹਨਾਂ ਕੋਲ ਤਾਂ ਢਿੱਡ ਭਰਨ ਦੇ ਲਈ ਦੀ ਪਹਿਲਾਂ ਹੀ ਪੂਰੇ ਪੈਸੇ ਨਹੀਂ ਹੁੰਦੇ ਹਨ। ਇਸ ਤਰ੍ਹਾਂ ਉਹ ਆਪਣਾ ਤਨ ਢਕਣ ਲਈ ਵਧੀਆ ਕਿਸਮ ਦੇ ਗਰਮ ਕਪੜੇ ਕਿਵੇਂ ਖਰੀਦਣ। ਸਰਦੀ ਦੇ ਮੌਸਮ ਵਿਚ ਗਰੀਬ ਬਜ਼ੁਰਗ ਅਤੇ ਬੱਚੇ ਜ਼ਿਆਦਾਤਰ ਬਿਮਾਰ ਪੈ ਜਾਂਦੇ ਹਨ। ਜ਼ਿਆਦਾ ਗਰਮ ਕੱਪੜੇ ਨਾ ਹੋਣ ਕਾਰਨ ਬਜ਼ੁਰਗਾਂ ਨੂੰ ਠੰਡ ਵੱਧ ਲੱਗਦੀ ਹੈ ਉਹ ਗਰੀਬ ਬਜੁਰਗ ਆਪਣਾ ਇਲਾਜ਼ ਨਾ ਕਰਵਾਉਂਣ ਕਾਰਨ ਇਸ ਦੁਨੀਆ ਤੋਂ ਅਲਵਿਦਾ ਕਹਿ ਜਾਂਦੇ ਹਨ। ਪਸ਼ੂ ਅਤੇ ਪੰਛੀ ਵੀ ਇਸ ਸਰਦੀ ਦੇ ਮੌਸਮ ਵਿਚ ਠੰਡ ਤੋਂ ਬਚਣ ਦਾ ਠਿਕਾਣਾ ਨਾ ਹੋਣ ਕਾਰਨ ਜ਼ਿਆਦਾਤਰ ਮਰ ਹੀ ਜਾਂਦੇ ਹਨ। ਜ਼ਿਆਦਾਤਰ ਠੰਡ ਕਾਰਨ ਲੋਕ ਘਰਾਂ ਵਿੱਚ ਹੀ ਬੰਦ ਹੋ ਕੇ ਰਹਿ ਜਾਂਦੇ ਹਨ। ਇੰਨੀਂ ਅੱਤ ਦੀ ਪੈ ਰਹੀ ਠੰਡ ਵਿਚ ਗਰੀਬ ਵਿਅਕਤੀਆਂ ਦਾ ਕੰਮ ਕਾਰ ਤਾਂ ਬਿਲਕੁਲ ਬੰਦਾ ਹੀ ਹੋ ਜਾਂਦਾ ਹੈ ਅਤੇ ਉਹਨਾਂ ਦੇ ਚੁੱਲ੍ਹੇ ਠੰਡੇ ਪੈ ਜਾਂਦੇ ਹਨ। ਕੀ ਬਜ਼ੁਰਗ, ਕੀ ਬੱਚੇ, ਕੀ ਨੌਜਵਾਨ ਹਰੇਕ ਵਰਗ ਦੇ ਲੋਕ ਜ਼ਿਆਦਾਤਰ ਅੱਗ ਬਾਲ ਕੇ ਸੇਕ ਰਹੇ ਹੁੰਦੇ ਹਨ ਅਤੇ ਕਹਿ ਰਹੇ ਹੁੰਦੇ ਹਨ ਕੀ ਇਸ ਨਾਲੋਂ ਤਾਂ ਗਰਮ ਹੀ ਚੰਗੀ ਹੈ ਤਾਂ ਜੋ ਉਨ੍ਹਾਂ ਦਿਨਾਂ ਵਿੱਚ ਘੱਟ ਕੱਪੜਿਆਂ ਨਾਲ ਗੁਜ਼ਾਰਾ ਹੋ ਜਾਂਦਾ ਹੈ।ਓਧਰ ਮਾਘ ਦੇ ਮਹੀਨੇ ਦੇ ਵਿੱਚ ਵਿਆਹ-ਸ਼ਾਦੀਆਂ ਦਾ ਵੀ ਸੀਜ਼ਨ ਸ਼ੁਰੂ ਹੋ ਜਾਂਦਾ ਹੈ ਜਿਸ ਕਾਰਨ ਗਰੀਬਾਂ ਨੂੰ ਵਿਆਹ ਲਈ ਨਵੇਂ ਕਪੜੇ ਖ਼ਰੀਦਣਾ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ।

ਸਰਦੀ ਦੇ ਪੋਹ ਅਤੇ ਮਾਘ ਦੇ ਮਹੀਨਿਆਂ ਵਿੱਚ ਸਰਕਾਰੀ ਦਫਤਰਾ ਦੇ ਕੰਮ ਕਾਜ ਦੀ ਰਫ਼ਤਾਰ ਹੌਲੀ ਹੋ ਜਾਂਦੀ ਹੈ।  ਇਸੇ ਤਰ੍ਹਾਂ ਸਕੂਲਾਂ ਦੇ ਵਿੱਚ ਪੜਾਈ ਦਾ ਨਾਮਾਤਰ ਹੀ ਰਹਿ ਜਾਂਦੀ ਹੈ ਕਿਉਂਕਿ ਸਰਕਾਰ ਵੱਲੋ 25 ਦਸੰਬਰ ਤੋਂ ਸਕੂਲਾਂ ਵਿੱਚ ਛੁੱਟੀਆਂ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਜਦੋਂ ਨਵੇਂ ਸਾਲ ਵਿਚ 1 ਜਨਵਰੀ ਤੋਂ ਸਕੂਲ ਲਗਦੇ ਹਨ ਤਾਂ ਹਰ ਸਾਲ ਕੋਈ ਨਾ ਕੋਈ ਦੁਰਘਟਨਾ ਹੋ ਜਾਂਦੀ ਹੈ। ਜਿਵੇਂ ਇਹ ਸਾਲ ਪਿਛਲੇ ਦਿਨੀਂ ਲੁਧਿਆਣਾ ਦੇ ਇਕ ਮਹਿਲਾ ਅਧਿਆਪਕਾ ਦੀ ਐਕਸੀਡੈਂਟ ਦੇ ਕਾਰਨ ਮੌਤ ਹੋ ਗਈ ਸੀ ਜਿਸ ਕਾਰਨ ਸਰਕਾਰ ਨੂੰ ਸਕੂਲ ਦਾ ਸਮਾਂ 21 ਦਸੰਬਰ ਤੋਂ 21 ਜਨਵਰੀ ਤੱਕ 10 ਵਜੇ ਤੋਂ 3 ਵਜੇ ਤੱਕ ਕਰਨਾ ਪਿਆ ਸੀ। ਹੁਣ ਜਦੋਂ ਸਰਦੀ ਕਾਰਨ ਸਕੂਲ 9 ਜਨਵਰੀ ਤੋਂ ਸ਼ੁਰੂ ਹੋਏ ਹਨ ਤਾਂ ਇਸ ਪੈ ਰਹੀ ਅੱਤ ਦੀ ਸਰਦੀ ਕਾਰਨ ਸਮਾਣਾ ਜਿਲਾ ਪਟਿਆਲਾ ਦੇ ਸਰਕਾਰੀ ਸਕੂਲ ਦੇ ਵਿੱਚ ਪੜ ਰਹੀ ਇਕ ਵਿਦਿਆਰਥਣ ਦੀ ਮੌਤ ਹੋ ਗਈ ਹੈ ਕਿਉਂਕਿ ਇੰਨੀ ਸਰਦੀ ਵਿੱਚ ਖੂਨ ਗਾੜਾ ਹੋ ਜਾਂਦਾ ਹੈ ਦਿਲ ਦੀਆਂ ਬਿਮਾਰੀਆਂ ਵੱਧ ਜਾਂਦੀਆਂ ਹਨ। ਇਸ ਤੋਂ ਇਲਾਵਾ ਅਸੀਂ ਅਕਸਰ ਹੀ ਟੈਲੀਵਿਜਨ ਅਤੇ ਅਖ਼ਬਾਰਾਂ ਵਿਚ ਧੁੰਦ ਅਤੇ ਕੋਹਰੇ ਦੇ ਕਾਰਨ ਹੋ ਰਹੀਆਂ ਘਟਨਾਵਾਂ ਬਾਰੇ ਰੋਜ਼ ਹੀ ਵੇਖਦੇ ਅਤੇ ਪੜ੍ਹਦੇ ਹਾਂ ਅਤੇ ਇਸ ਤਰ੍ਹਾਂ ਟਰੱਕਾਂ, ਬਸਾਂ ਅਤੇ ਟਰਾਲੀਆਂ ਨਾਲ ਟਕਰਾ ਕੇ ਪਰਿਵਾਰ ਦੇ ਪਰਿਵਾਰ ਹੀ ਦੁਰਘਟਨਾਵਾਂ ਦਾ ਸ਼ਿਕਾਰ ਹੋ ਰਹੇ ਹਨ।

ਸਰਦੀ ਦੇ ਦਿਨਾਂ ਵਿੱਚ ਜਦੋਂ ਅਸੀਂ ਘਰ ਵਿੱਚ ਕੋਈ ਵੀ ਕੰਮ ਕਰਵਾ ਰਹੇ ਹੁੰਦੇ ਹਾਂ ਤੱਕ ਕੰਮ ਕਰਨ ਦੀ ਰਫ਼ਤਾਰ ਵੀ ਬਹੁਤ ਘੱਟ ਹੁੰਦੀ ਹੈ ਜਿਸ ਕਾਰਨ ਕੰਮ ਨੂੰ ਹੋਣ ਵਿੱਚ ਵੱਧ ਸਮਾਂ ਲੱਗਦਾ ਹੈ। ਪੋਹ ਤੇ ਮਾਘ ਦੇ ਮਹੀਨੇ ਵਿਚ ਸਭ ਕੁਝ ਠੰਡਾ ਹੀ ਰਹਿੰਦਾ ਹੈ ਚਾਹੇ ਕੋਈ ਮਸੀਨਰੀ ਹੋਵੇ, ਕੋਈ ਕੱਪੜਾ ਹੋਵੇ, ਚਾਹੇ ਇਨਸਾਨ ਹੋਵੇ। ਪਰ ਇਹਨਾਂ ਦਿਨਾਂ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਦਾ ਸੇਵਨ ਜ਼ਿਆਦਾ ਹੋ ਜਾਂਦਾ ਹੈ ਅਤੇ ਸਰੀਰ ਨੂੰ ਅਰਾਮ ਪੈ ਜਾਂਦਾ ਹੈ ਜਿਸ ਕਾਰਨ ਸਰੀਰ ਵਜਨਦਾਰ ਅਤੇ ਮੋਟਾਪਾ ਆ ਜਾਂਦਾ ਹੈ ਕਿਉਂਕਿ ਇਨ੍ਹਾਂ ਦਿਨਾਂ ਵਿਚ ਅਸੀ ਤੁਰਨਾ ਫਿਰਨਾ ਘੱਟ ਕਰ ਦਿੰਦੇ ਹਾਂ।

ਇਕ ਗੱਲ ਇਹ ਵੀ ਹੈ ਸਰਦੀਆਂ ਵਿੱਚ ਜੇਕਰ ਹਿਮਾਲਿਆ ਪਹਾੜਾਂ  ਉੱਤੇ ਬਰਫ਼ ਜੰਮੇਂਗੀ ਤਾਂ ਹੀ ਗਰਮੀਆਂ ਦੇ ਵਿੱਚ ਉਹ ਪਿੰਗਲ ਕੀ ਹੈ ਪਾਣੀ ਦਾ ਰੂਪ ਧਾਰਨ ਕਰੇਗੀ ਅਤੇ ਪਾਣੀ ਦੀ ਘਾਟ ਪੂਰੀ ਕਰੇਗੀ। ਇਸ ਲਈ ਜ਼ਿੰਦਗੀ ਦੇ ਵਿੱਚ ਮੌਸਮ ਤਾਂ ਆਉਂਦੇ ਹੀ ਰਹਿੰਦੇ ਹਨ। ਇਨਸਾਨ ਦਾ ਨਾ ਤਾਂ ਸਰਦੀ ਤੋਂ ਬਿਨਾ ਗੁਜ਼ਾਰਾ ਹੈ ਅਤੇ ਨਾ ਹੀ ਗਰਮੀ ਤੋਂ ਬਿਨਾ। ਇਸ ਲਈ ਇਨਸਾਨ ਨੂੰ ਮੌਸਮ ਦੇ ਹਿਸਾਬ ਨਾਲ ਆਪਣੇ ਆਪ ਨੂੰ ਢਾਲਣਾ ਚਾਹੀਦਾ ਹੈ ਤਾਂ ਜੋ ਜ਼ਿੰਦਗੀ ਦੇ ਵਿੱਚ ਹਰ ਮੌਸਮ ਦਾ ਸੁਖ ਭੋਗਿਆ ਜਾ ਸਕੇ।

 

ਜਸਪਾਲ ਸਿੰਘ  ਸਨੌਰ (ਪਟਿਆਲਾ) ਮੋਬਾਈਲ 6284347188

" ਲੋਹੜੀ ਵੀ ਲੋਹੜੀ, ਦੇ ਗੁੜ ਦੀ ਰਿਉੜੀ" ✍️ ਕੁਲਦੀਪ ਸਿੰਘ ਰਾਮਨਗਰ

ਬਚਪਨ ਵਿੱਚ ਲੋਹੜੀ ਮੰਗਣ ਵੇਲੇ ਗਾਏ ਇਹ ਬੋਲ ਬਚਪਨ ਵੇਲੇ ਮਨਾਈ ਜਾਂਦੀ ਹਰ ਲੋਹੜੀ ਦੀ ਯਾਦ ਤਾਜ਼ਾ ਕਰਾ ਜਾਂਦੇ ਹਨ।
ਦੇ ਮਾਈ ਪਾਥੀ
ਤੇਰਾ ਪੁੱਤ ਚੜ੍ਹੇ ਹਾਥੀ,
ਦੇ ਮਾਈ ਲੋਹੜੀ
ਜੀਵੇ ਤੇਰੀ ਜੋੜੀ,
ਦੇ ਮਾਈ ਲੋਹੜੀ
ਤੇਰਾ ਪੁੱਤ ਚੜ੍ਹੇ ਘੋੜੀ,
ਦੇ ਮਾਈ...
 ਭਾਵੇਂ ਲੋਹੜੀ ਮਨਾਉਣ ਪਿੱਛੇ ਕਈ ਕਾਰਨ ਦੱਸੇ ਜਾਂਦੇ ਹਨ ਪਰ ਲੋਹੜੀ ਦਾ ਇਤਿਹਾਸ ਦੁੱਲਾ ਭੱਟੀ ਦੀ ਕਹਾਣੀ ਨਾਲ ਵੀ ਜੁੜਿਆ ਹੋਇਆ ਹੈ। ਦੁੱਲਾ ਭੱਟੀ ਅਕਬਰ ਦੇ ਸ਼ਾਸ਼ਨਕਾਲ ਦੌਰਾਨ ਇੱਕ ਬਾਗ਼ੀ ਸੀ ਅਤੇ ਦਿਆਲੂ ਵੀ ਸੀ ਜੋ ਕਿ ਅਮੀਰ ਲੋਕਾਂ ਦਾ ਮਾਲ ਲੁੱਟ ਕੇ ਗਰੀਬ ਲੋਕਾਂ ਵਿੱਚ ਵੰਡ ਦਿੰਦਾ ਸੀ। ਉਸ ਇਲਾਕੇ ਦੇ ਗਰੀਬ ਲੋਕ ਉਸ ਦੀ ਇਸ ਦਰਿਆ-ਦਿਲੀ ਦੇ ਕਾਇਲ ਸਨ ਇਸ ਕਰ ਕੇ ਉਹ ਲੋਕ ਉਸ ਦਾ ਆਦਰ-ਸਤਿਕਾਰ ਤੇ ਉਸ ਨੂੰ ਪਿਆਰ ਵੀ ਕਰਦੇ ਸਨ। ਇੱਕ ਵਾਰ ਦੀ ਗੱਲ ਹੈ ਕਿ ਉਸ ਨੇ ਇੱਕ ਲੜਕੀ ਤੋਂ ਅਗਵਾਕਾਰਾਂ ਤੋਂ ਇੱਕ ਲੜਕੀ ਨੂੰ ਛੁਡਾਇਆ ਤੇ ਉਸ ਲੜਕੀ ਨੂੰ ਆਪਣੀ ਧਰਮ ਦੀ ਧੀ ਬਣਾ ਲਿਆ। ਜਦ ਦੁੱਲਾ-ਭੱਟੀ ਨੇ ਉਸ ਲੜਕੀ ਦਾ ਵਿਆਹ ਕੀਤਾ ਤਾਂ ਉਸ ਨੇ ਉਸ ਦੇ ਵਿਆਹ ਵਿੱਚ ਤੋਹਫ਼ੇ ਦੇ ਤੌਰ ਤੇ ਸ਼ੱਕਰ ਪਾ ਦਿੱਤੀ ਸੀ। ਇੱਕ ਹੋਰ ਦੰਤ-ਕਥਾ ਅਨੁਸਾਰ: ਸੁੰਦਰੀ-ਮੁੰਦਰੀ ਇੱਕ ਗਰੀਬ ਬ੍ਰਾਹਮਣ ਦੀਆਂ ਮੰਗੀਆਂ ਹੋਈਆਂ ਧੀਆਂ ਸਨ ਪਰ ਗਰੀਬੀ ਕਾਰਨ ਵਿਆਹ ਵਿੱਚ ਦੇਰ ਹੋ ਰਹੀ ਸੀ। ਹਾਕਮ ਨੂੰ ਕੁੜੀਆਂ ਦੇ ਹੁਸਨ ਦਾ ਪਤਾ ਲੱਗ ਗਿਆ ਤਾਂ ਉਸ ਨੇ ਇਨ੍ਹਾਂ ਨੂੰ ਜ਼ੋਰੀਂ ਚੁੱਕਣ ਦੀ ਧਾਰ ਲਈ ਲਈ। ਇਸ ਦੀ ਭਿਣਕ ਬ੍ਰਾਹਮਣ ਨੂੰ ਵੀ ਪੈ ਗਈ। ਇਸ ਲਈ ਉਸਨੇ ਕੁੜੀਆਂ ਦਾ ਜਲਦੀ ਵਿਆਹ ਕਰਨ ਲਈ ਜੰਗਲ ਵਿੱਚ ਦੁੱਲੇ ਨਾਲ ਸੰਪਰਕ ਕੀਤਾ ਅਤੇ ਦੁੱਲੇ ਨੇ ਵਿਆਹ ਦੀ ਜ਼ੁੰਮੇਵਾਰੀ ਲੈ ਲਈ ਅਤੇ "ਕੁੜੀਆਂ ਦੇ ਸਹੁਰਿਆਂ ਨੇ ਹਾਕਮ ਤੋਂ ਡਰਦਿਆਂ ਕਿਹਾ ਕਿ ਉਹ ਰਾਤ ਸਮੇਂ ਹੀ ਵਿਆਹੁਣ ਆਉਣਗੇ। ਪਿੰਡ ਤੋਂ ਬਾਹਰ ਜੰਗਲ ਵਿੱਚ ਵਿਆਹ ਰਚਾਉਣ ਦਾ ਪ੍ਰਬੰਧ ਕੀਤਾ ਗਿਆ। ਰੌਸ਼ਨੀ ਲਈ ਲੱਕੜੀਆਂ ਇਕੱਠੀਆਂ ਕਰ ਕੇ ਅੱਗ ਬਾਲੀ ਗਈ। ਦੁੱਲੇ ਨੇ ਆਲੇ-ਦੁਆਲੇ ਦੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ। ਪਿੰਡ ਵਿੱਚ ਜਿਹਨਾਂ ਦੇ ਘਰ ਨਵੇਂ ਵਿਆਹ ਹੋਏ ਸਨ ਜਾਂ ਜਿਹਨਾਂ ਦੇ ਬਾਲ ਜਨਮੇ ਸਨ ਉਨ੍ਹਾਂ ਨੇ ਵੀ ਸੁੰਦਰ-ਮੁੰਦਰੀ ਦੇ ਵਿਆਹ ’ਤੇ ਆਪਣੇ ਵੱਲੋਂ ਕੁਝ ਨਾ ਕੁਝ ਗੁੜ-ਸ਼ੱਕਰ ਤੇ ਦਾਣੇ ਆਦਿ ਦੇ ਰੂਪ ਵਿੱਚ ਦਾਨ ਦਿੱਤਾ। ਦੁੱਲੇ ਕੋਲ ਕੰਨਿਆ-ਦਾਨ ਦੇਣ ਲਈ ਇੱਕ ਲੱਪ ਸ਼ੱਕਰ ਦੀ ਹੀ ਸੀ। ਕੁੜੀਆਂ ਦਾ ਡੋਲਾ ਤੁਰ ਗਿਆ ਤੇ ਗ਼ਰੀਬ ਬ੍ਰਾਹਮਣ ਨੇ ਦੁੱਲੇ ਦਾ ਲੱਖ-ਲੱਖ ਸ਼ੁਕਰ ਕੀਤਾ। ਕਿਹਾ ਜਾਂਦਾ ਹੈ ਕਿ ਉਦੋਂ ਤੋਂ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ। ਇਸ ਕਰ ਕੇ ਹੀ ਹਰ ਲੋਹੜੀ ਦੇ ਦਿਨ ਦੁੱਲੇ ਨੂੰ ਹਰ ਲੋਹੜੀ ਦੇ ਸਮੇਂ ਯਾਦ ਕੀਤਾ ਜਾਂਦਾ ਹੈ। ਸ਼ਾਮ ਨੂੰ ਬੱਚੇ ਘਰਾਂ ਚੋਂ ਲੋਹੜੀ ਮੰਗਣ ਤੋਂ ਬਾਅਦ ਪਾਥੀਆਂ ਅਤੇ ਲੱਕੜਾਂ ਨਾਲ ਲੋਹੜੀ ਨੂੰ ਜਲਾ ਕੇ ਇਹ ਗੀਤ ਗਾਉਂਦੇ ਹੋਏ ਨਜਰ ਆਉਂਦੇ ਹਨ।
ਸੁੰਦਰ ਮੁੰਦਰੀਏ - ਹੋ!
ਤੇਰਾ ਕੌਣ ਵਿਚਾਰਾ - ਹੋ!
ਦੁੱਲਾ ਭੱਟੀ ਵਾਲਾ - ਹੋ!
ਦੁੱਲੇ ਧੀ ਵਿਆਹੀ - ਹੋ!
ਸੇਰ ਸੱਕਰ ਆਈ - ਹੋ!
ਕੁੜੀ ਦੇ ਬੋਝੇ ਪਾਈ - ਹੋ!
ਕੁੜੀ ਦਾ ਲਾਲ ਪਟਾਕਾ - ਹੋ!
ਕੁੜੀ ਦਾ ਸਾਲੂ ਪਾਟਾ - ਹੋ!
ਸਾਲੂ ਕੌਣ ਸਮੇਟੇ - ਹੋ!
ਚਾਚਾ ਗਾਲ੍ਹੀ ਦੇਸੇ - ਹੋ!
ਚਾਚੇ ਚੂਰੀ ਕੁੱਟੀ - ਹੋ!
ਜ਼ਿੰਮੀਦਾਰਾਂ ਲੁੱਟੀ - ਹੋ!
ਜ਼ਿੰਮੀਦਾਰ ਸਦਾਓ - ਹੋ!
ਗਿਣ ਗਿਣ ਪੌਲੇ ਲਾਓ - ਹੋ!
ਇੱਕ ਪੌਲਾ ਘਟ ਗਿਆ!
ਜ਼ਿਮੀਂਦਾਰ ਨੱਸ ਗਿਆ -
 ਜੋਂ ਵੀ ਹੈ ਲੋਹੜੀ ਇੱਕ ਆਪਸੀ ਭਾਈਚਾਰਕ ਅਤੇ ਪਿਆਰ ਦੀ ਸਾਂਝ ਬਣ ਚੁੱਕੀ ਹੈ। ਪਹਿਲਾਂ ਸਿਰਫ਼ ਇਹ ਨਵੇਂ ਜੰਮੇ ਮੁੰਡਿਆਂ ਦਾ ਸਨਮਾਨ ਸੀ ਪਰ ਅੱਜ ਕੱਲ੍ਹ ਇਹ ਸਾਡੀ ਧੀਆਂ ਦਾ ਸਨਮਾਨ ਵੀ ਬਣ ਚੁੱਕੀ ਹੈ। ਨਵੇਂ ਜਨਮੇ ਬੱਚਿਆ ਦੀ ਲੋਹੜੀ ਮਨਾਉਣ ਦੀ ਰੀਤ ਬਣ ਚੁੱਕੀ ਹੈ। ਅੱਜ ਦੀ ਭੱਜ ਦੌੜ ਵਿੱਚ ਇਨਸਾਨ ਪਿੰਡ ਜਾਂ ਸ਼ਹਿਰ ਦੀ ਸਾਂਝੀ ਥਾਂ ਤੇ ਬਲਦੀ ਲੋਹੜੀ ਸ਼ੇਕਦਾ ਹੋਇਆ ਅਤੇ ਅਪਣੇ ਲੋਕਾਂ ਨਾਲ ਮੋਹ ਭਿੱਜੀਆਂ ਗੱਲਾਂ ਕਰਦਾ ਹੋਇਆ ਉਥੋਂ ਆਪਣੇ ਬਚਪਨ ਵਾਲੇ ਵਕਤ ਦੀਆ ਯਾਦਾ ਦੀਆ ਰਿਉੜੀਆਂ ਲੈਕੇ  ਸਕੂਨ ਮਹਿਸੂਸ ਕਰਦਾ ਹੋਇਆ ਫਿਰ ਅਗਲੀ ਸਕੂਨ ਭਰੀ ਲੋਹੜੀ ਦੇ ਇੰਤਜ਼ਾਰ ਵਿੱਚ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ ਸਫ਼ਰ ਵਿੱਚ ਗੁਆਚ ਜਾਂਦਾ ਹੈ।

ਕੁਲਦੀਪ ਸਿੰਘ ਰਾਮਨਗਰ 9417990040

ਦੇਰ ਆਏ ਦਰੁਸਤ ਆਏ (ਮਿੰਨੀ ਕਹਾਣੀ) ✍️ ਮਨਜੀਤ ਕੌਰ ਧੀਮਾਨ

 

 

             ਸੋਨੀਆ......! ਸੋਨੀਆ...!ਕੀ ਹੋਇਆ ਪੁੱਤਰ? ਤੂੰ ਐਨੀ ਪਰੇਸ਼ਾਨ ਕਿਉਂ ਹੈ! ਸ਼ਰਨਜੀਤ ਨੇ ਆਪਣੀ ਧੀ ਨੂੰ ਕਾਲਜ ਤੋਂ ਆ ਕੇ ਚੁੱਪਚਾਪ ਆਪਣੇ ਕਮਰੇ ਵੱਲ ਜਾਂਦਿਆਂ ਦੇਖ਼ ਕੇ ਪੁੱਛਿਆ।

              ਕੁੱਝ ਨੀਂ ਮੰਮੀ! ਬੱਸ ਐਵੇਂ ਈ। ਕਹਿ ਕੇ ਸੋਨੀਆ ਆਪਣੇ ਕਮਰੇ ਵਿੱਚ ਚਲੀ ਗਈ।

               ਸ਼ਰਨਜੀਤ ਨੂੰ ਕੁੱਝ ਸਮਝ ਨਹੀਂ ਆ ਰਿਹਾ ਸੀ। ਪਰ ਸੋਨੀਆ ਨੂੰ ਦੇਖ਼ ਕੇ ਉਹ ਇਹ ਜ਼ਰੂਰ ਸਮਝ ਗਈ ਸੀ ਕਿ ਕੋਈ ਗੱਲ ਤਾਂ ਹੈ ਜੋ ਸੋਨੀਆ ਦੱਸ ਨਹੀਂ ਰਹੀ।

                 ਆ ਪੁੱਤਰ, ਰੋਟੀ ਖਾ ਲੈ। ਸ਼ਰਨਜੀਤ ਨੇ ਸੋਚਿਆ ਕਿ ਰੋਟੀ ਖਾਂਦੇ ਸਮੇਂ ਦੁਬਾਰਾ ਪੁੱਛ ਕੇ ਦੇਖਾਂਗੀ।

                ਮੈਨੂੰ ਭੁੱਖ ਨਹੀਂ ਹੈ। ਤੁਸੀਂ ਖਾ ਲਓ। ਸੋਨੀਆ ਨੇ ਅੰਦਰੋਂ ਹੀ ਕਿਹਾ।

                ਹੈਂ! ਭੁੱਖ ਨਹੀਂ? ਪਰ ਅੱਗੇ ਤਾਂ ਕਾਲਜ ਤੋਂ ਆਉਂਦਿਆਂ ਹੀ ਭੁੱਖ-ਭੁੱਖ ਲਾਈ ਹੁੰਦੀ ਹੈ। ਅੱਜ ਭੁੱਖ ਕਿੱਥੇ ਗਈ?

ਚੱਲ ਆ ਮੇਰਾ ਪੁੱਤਰ। ਵੈਸੇ ਵੀ ਅੱਜ ਤੇਰੇ ਪਸੰਦ ਦੀ ਸਬਜ਼ੀ ਬਣਾਈ ਹੈ ਮੈਂ। ਸ਼ਰਨਜੀਤ ਕਿਸੇ ਵੀ ਤਰ੍ਹਾਂ ਸੋਨੀਆ ਦੀ ਸਮੱਸਿਆ ਜਾਣਨਾ ਚਾਹੁੰਦੀ ਸੀ।

                  ਮੰਮੀ, ਮੈਂ ਕਿਹਾ ਨਾ ਕਿ ਮੈਨੂੰ ਭੁੱਖ ਨਹੀਂ। ਮੈਨੂੰ ਤੰਗ ਨਾ ਕਰੋ ਪਲੀਜ਼। ਇਸ ਵਾਰ ਸੋਨੀਆ ਥੋੜ੍ਹਾ ਖਿੱਝ ਕੇ ਬੋਲੀ।

                 ਹੁਣ ਸ਼ਰਨਜੀਤ ਦਾ ਸ਼ੱਕ ਪੱਕਾ ਹੋ ਗਿਆ ਕਿ ਜ਼ਰੂਰ ਕੋਈ ਗੱਲ ਹੈ। ਉਹ ਸੋਨੀਆ ਦੇ ਕਮਰੇ ਵਿੱਚ ਜਾ ਕੇ ਬੈਠ ਗਈ।

ਦੇਖ਼ ਪੁੱਤਰ, ਸਮੱਸਿਆ ਕੋਈ ਵੀ ਹੋਵੇ ਓਸਦਾ ਹੱਲ ਜ਼ਰੂਰ ਨਿਕਲ਼ਦਾ ਹੈ ਪਰ ਜੇਕਰ ਅਸੀਂ ਆਪਣੇ ਮਾਂ-ਬਾਪ ਨੂੰ ਨਹੀਂ ਦੱਸਾਂਗੇ ਤਾਂ ਫ਼ਿਰ ਉਹ ਸਮੱਸਿਆ ਹੋਰ ਵੱਡੀ ਹੋ ਜਾਂਦੀ ਹੈ। ਇਸ ਲਈ ਜੋ ਵੀ ਗੱਲ ਹੈ ਤੂੰ ਮੈਨੂੰ ਦੱਸ ਸਕਦੀ ਹੈਂ। ਮੈਂ ਤੈਨੂੰ ਸਹੀ ਸਲਾਹ ਹੀ ਦੇਵਾਂਗੀ। ਸ਼ਰਨਜੀਤ ਨੇ ਪਿਆਰ ਨਾਲ ਕਿਹਾ।

              ਮੰਮੀ, ਕਾਲਜ ਵਿੱਚ ਕੁੱਝ ਮੁੰਡੇ ਮੈਨੂੰ ਰੋਜ਼ ਤੰਗ ਕਰਦੇ ਹਨ। ਪਹਿਲਾਂ ਤਾਂ ਮੈਂ ਧਿਆਨ ਨਹੀਂ ਦਿੰਦੀ ਸੀ ਪਰ ਅੱਜ ਤਾਂ ਹੱਦ ਹੀ ਹੋ ਗਈ। ਉਹਨਾਂ 'ਚੋਂ ਇੱਕ ਮੁੰਡਾ ਚਾਕੂ ਲੈ ਕੇ ਮੇਰੇ ਮੂਹਰੇ ਆ ਕੇ ਬੈਠ ਗਿਆ ਤੇ ਕਹਿਣ ਲੱਗਾ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ ਜੇ ਤੂੰ ਹਾਂ ਨਹੀਂ ਕਰੇਂਗੀ ਤਾਂ ਮੈਂ ਹੁਣੇ ਮਰ ਜਾਣਾ ਹੈ।ਮੰਮੀ...! ਮੈਂ ਬਹੁਤ ਘਬਰਾ ਗਈ ਸੀ ਇਸ ਲਈ...... ਊਂ.... ਊਂ... ਊ ਸੋਨੀਆ ਰੋਣ ਲੱਗ ਪਈ।

               ਇਸ ਲਈ ਕੀ ਪੁੱਤਰ..? ਮੈਨੂੰ ਦੱਸ! ਕੀ ਹੋਇਆ ਫ਼ਿਰ? ਸ਼ਰਨਜੀਤ ਪਰੇਸ਼ਾਨ ਹੋ ਕੇ ਬੋਲੀ।

             ਮੰਮੀ.... ਮੰਮੀ...!

ਮੈਨੂੰ ਸਾਰੇ ਕਹਿਣ ਲੱਗ ਪਏ ਕਿ ਤੂੰ ਹਾਂ ਕਰ ਦੇ। ਤੇ ਮੈਂ......! ਊਂ... ਊਂ.... ਸੋਨੀਆ ਫ਼ੇਰ ਰੋਣ ਲੱਗ ਪਈ।

               ਤੇ ਮੈਂ ਕੀ....? ਕੀ ਤੂੰ ਉਹਨੂੰ ਹਾਂ ਕਰ ਦਿਤੀ। ਸ਼ਰਨਜੀਤ ਨੇ ਅੰਦਾਜ਼ਾ ਲਗਾਇਆ।

               ਤੇ ਮੰਮੀ ਮੈਂ ਕੀ ਕਰਦੀ! ਤੁਸੀਂ ਆਪ ਹੀ ਦੱਸੋ! ਸੋਨੀਆ ਨੇ ਝਿਜਕਦਿਆਂ ਕਿਹਾ।

            ਤੇ ਹੁਣ.... ਤੇ ਹੁਣ....! ਸੋਨੀਆ ਬੋਲਦਿਆਂ ਚੁੱਪ ਕਰ ਗਈ।

            ਹੁਣ ਕੀ ਪੁੱਤਰ। ਦੱਸ ਮੈਨੂੰ....ਸਾਰੀ ਗੱਲ ਦੱਸ। ਸ਼ਰਨਜੀਤ ਨੇ ਦਬਾਅ ਪਾਇਆ।

            ਓਹਦੇ ਸਾਰੇ ਦੋਸਤ ਮੈਨੂੰ ਭਾਬੀ, ਭਾਬੀ ਕਹਿ ਰਹੇ ਸਨ ਤੇ ਉਹ ਸਾਰਿਆਂ ਨੂੰ ਪਾਰਟੀ ਦੇ ਰਿਹਾ ਸੀ। ਮੈਂ ਬੜੀ ਮੁਸ਼ਕਿਲ ਨਾਲ ਉਹਨਾਂ ਸਾਰਿਆਂ ਤੋਂ ਪਿੱਛਾ ਛੁਡਾ ਕੇ ਆਈ ਹਾਂ।ਸੋਨੀਆ ਨੇ ਬੇਬਸੀ ਜ਼ਾਹਰ ਕੀਤੀ।

             ਅੱਛਾ ਪੁੱਤਰ, ਤੂੰ ਮੈਨੂੰ ਇਹ ਦੱਸ ਕਿ ਐਨਾ ਹੀ ਸੱਚ ਹੈ ਕਿ ਹੋਰ ਕੁੱਝ ਵੀ ਹੈ? ਸ਼ਰਨਜੀਤ ਨੇ ਸੋਨੀਆ ਦੀਆਂ ਅੱਖਾਂ ਵਿੱਚ ਦੇਖਦਿਆਂ ਕਿਹਾ।

            ਹਾਂਜੀ ਮੰਮੀ, ਐਨਾ ਹੀ ਸੱਚ ਹੈ। ਹੋਰ ਕੋਈ ਗੱਲ ਨਹੀਂ ਹੈ। ਸੋਨੀਆ ਨੇ ਦ੍ਰਿੜ੍ਹ ਹੋ ਕੇ ਕਿਹਾ।

             ਠੀਕ ਹੈ। ਹੁਣ ਤੂੰ ਪਰੇਸ਼ਾਨ ਨਾ ਹੋ! ਸਾਰੀ ਗੱਲ ਮੇਰੇ ਤੇ ਛੱਡ ਦੇ। ਬੱਸ ਉਸ ਮੁੰਡੇ ਦਾ ਕੋਈ ਅਤਾ-ਪਤਾ ਹੈ ਤਾਂ ਮੈਨੂੰ ਦੱਸ। ਸ਼ਰਨਜੀਤ ਨੇ ਕੁੱਝ ਸੋਚਦਿਆਂ ਕਿਹਾ।

             ਮੰਮੀ ਉਹਦਾ ਨਾਮ ਸੰਨੀ ਹੈ ਤੇ ਉਹ ਨਹਿਰੂ ਕਲੋਨੀ ਵਿੱਚ ਰਹਿੰਦਾ ਹੈ। ਸੋਨੀਆ ਨੇ ਦੱਸਿਆ।

               ਚੱਲ ਫ਼ਿਰ! ਸ਼ਰਨਜੀਤ ਨੇ ਉੱਠਦਿਆਂ ਕਿਹਾ।

               ਕਿੱਥੇ ਨੂੰ? ਸੋਨੀਆ ਹੈਰਾਨ ਹੋ ਕੇ ਬੋਲੀ।

               ਤੂੰ ਚੱਲ ਤਾਂ ਸਹੀ। ਬੱਸ ਚੁੱਪ ਰਹਿ ਕੇ ਦੇਖੀ ਜਾਈਂ। ਸ਼ਰਨਜੀਤ ਨੇ ਸੋਨੀਆ ਨੂੰ ਬਾਂਹੋ ਫੜ੍ਹ ਕੇ ਉਠਾਇਆ ਤੇ ਸਕੂਟਰੀ ਤੇ ਬਿਠਾ ਕੇ ਘਰੋਂ ਨਿਕਲ ਤੁਰੀ।

ਕੁੱਝ ਦੇਰ 'ਚ ਉਹ ਸੰਨੀ ਦੇ ਘਰ ਪਹੁੰਚ ਗਈਆਂ। ਸੋਨੀਆ ਹੈਰਾਨ ਪਰੇਸ਼ਾਨ, ਪਰ ਚੁੱਪ ਸੀ।

               ਸੰਨੀ...! ਸੰਨੀ ਪੁੱਤਰ! ਸ਼ਰਨਜੀਤ ਨੇ ਅੰਦਰ ਵੜ੍ਹਦਿਆਂ ਆਵਾਜ਼ ਮਾਰੀ।

              ਹਾਂਜੀ, ਤੁਸੀਂ ਕੌਣ? ਸੰਨੀ ਦੀ ਭੈਣ ਮੀਨਾ ਨੇ ਉਹਨਾਂ ਨੂੰ ਦੇਖ਼ ਕੇ ਪੁੱਛਿਆ।

               ਪੁੱਤਰ, ਅਸੀਂ ਤੁਹਾਡੇ ਰਿਸ਼ਤੇਦਾਰ ਹੀ ਹਾਂ। ਤੂੰ ਜ਼ਰਾ ਮੰਮੀ ਨੂੰ ਤੇ ਵੀਰੇ ਨੂੰ ਤਾਂ ਬੁਲਾ। ਸ਼ਰਨਜੀਤ ਨੇ ਵਿਅੰਗਾਤਮਕ ਤਰੀਕੇ ਨਾਲ਼ ਕਿਹਾ।

                ਜੀ ਆਂਟੀ, ਹੁਣੇ ਬੁਲਾਂਦੀ ਹਾਂ। ਤੁਸੀਂ ਬੈਠੋ। ਕਹਿ ਕੇ ਮੀਨਾ ਅੰਦਰ ਚਲੀ ਗਈ।

                 ਸਤਿ ਸ਼੍ਰੀ ਆਕਾਲ ਭੈਣ ਜੀ। ਸ਼ਰਨਜੀਤ ਨੇ ਸੰਨੀ ਦੀ ਮੰਮੀ ਨੂੰ ਦੇਖ਼ ਕੇ ਕਿਹਾ।

               ਸਤਿ ਸ਼੍ਰੀ ਆਕਾਲ ਜੀ। ਸੰਨੀ ਦੀ ਮੰਮੀ ਨੇ ਕੁੱਝ ਹੈਰਾਨ ਹੁੰਦਿਆਂ ਜਵਾਬ ਦਿੱਤਾ।

               ਸੰਨੀ ਪੁੱਤਰ ਕਿਵੇਂ ਹੋ? ਸ਼ਰਨਜੀਤ ਨੇ ਸੰਨੀ ਨੂੰ ਆਉਂਦਿਆਂ ਦੇਖ਼ ਕੇ ਪੁੱਛਿਆ।

                ਮੈਂ..... ਮੈਂ....! ਸੋਨੀਆ ਵੱਲ ਦੇਖਦਿਆਂ ਹੀ ਸੰਨੀ ਇੱਕਦਮ ਬੌਂਦਲ ਜਿਹਾ ਗਿਆ।

               ਕੀ ਹੋਇਆ ਪੁੱਤਰ? ਸ਼ਰਨਜੀਤ ਨੇ ਜਿਵੇਂ ਓਹਦੇ ਸਿਰ ਤੇ ਹਥੌੜਾ ਹੀ ਮਾਰ ਦਿੱਤਾ ਹੋਵੇ।

               ਜੀ ਕੁੱਝ ਨਹੀਂ..…. ਮੈਂ....ਮੈਂ....ਹੁਣੇ ਆਇਆ...! ਕਹਿ ਕੇ ਸੰਨੀ ਬਾਹਰ ਨੂੰ ਮੁੜਿਆ।

               ਨਾਂ... ਨਾਂ.... ਪੁੱਤਰ, ਬਾਅਦ ਵਿੱਚ ਜਾਵੀਂ। ਹਜੇ ਇੱਧਰ ਆ। ਜ਼ਰੂਰੀ ਗ਼ੱਲ ਕਰਨੀ ਹੈ ਅਸੀਂ। ਸ਼ਰਨਜੀਤ ਨੇ ਸੰਨੀ ਨੂੰ ਰੋਕਦਿਆਂ ਕਿਹਾ।

               ਪਰ ਭੈਣ ਜੀ, ਤੁਸੀਂ ਹੋ ਕੌਣ? ਸੰਨੀ ਦੀ ਮੰਮੀ ਨੇ ਹੈਰਾਨੀ ਨਾਲ ਪੁੱਛਿਆ।

                 ਆਜੋ ਬੈਠੋ ਭੈਣ ਜੀ, ਮੈਂ ਸੱਭ ਦੱਸਦੀ ਹਾਂ। ਦਰਅਸਲ ਕੱਲ੍ਹ ਸੰਨੀ ਨੇ ਮੇਰੀ ਬੇਟੀ ਸੋਨੀਆ ਨੂੰ ਆਪਣੇ ਦੋਸਤਾਂ ਤੋਂ ਭਾਬੀ ਕਹਾਇਆ। ਇਸ ਤਰ੍ਹਾਂ ਇਹ ਤੁਹਾਡੀ ਨੂੰਹ ਬਣ ਗਈ। ਸ਼ਰਨਜੀਤ ਨੇ ਸੋਨੀਆ ਵੱਲ ਇਸ਼ਾਰਾ ਕਰਦਿਆਂ ਕਿਹਾ।

                ਕੀ...? ਇਹ ਕੀ ਕਹਿ ਰਹੇ ਹੋ ਭੈਣ ਜੀ। ਸੰਨੀ ਹਜੇ ਪੜ੍ਹ ਰਿਹਾ ਹੈ। ਇਹ ਤਾਂ ਛੋਟਾ ਹੈ ਹਜੇ। ਹਜੇ ਅਸੀਂ ਕਿਵੇਂ.....? ਸੰਨੀ ਦੀ ਮੰਮੀ ਨੂੰ ਕੁੱਝ ਸਮਝ ਨਹੀਂ ਸੀ ਆ ਰਹੀ।

                ਨਾਂ.... ਨਾਂ.... ਭੈਣ ਜੀ, ਇਹ ਪੜ੍ਹਨ ਥੋੜੇ ਜਾਂਦਾ। ਇਹ ਤਾਂ ਮੁੰਡਿਆਂ ਨਾਲ਼ ਰਲ਼ ਕੇ ਲੋਕਾਂ ਦੀਆਂ ਕੁੜੀਆਂ ਨੂੰ ਭਾਬੀਆਂ ਕਹਾਉਂਦਾ ਫਿਰਦਾ।

ਸ਼ਰਨਜੀਤ ਦੀ ਆਵਾਜ਼ ਵਿੱਚ ਹੁਣ ਤਲਖ਼ੀ ਸੀ।

                  ਸੰਨੀ ਇਹ ਕੀ ਕਹਿ ਰਹੇ ਹਨ? ਤੂੰ ਕਾਲਜ ਜਾ ਕੇ ਇਹ ਕੰਮ ਕਰਦਾ ਹੈਂ? ਸੰਨੀ ਦੀ ਮੰਮੀ ਨੇ ਗੁੱਸੇ ਵਿੱਚ ਕਿਹਾ।

                   ਨਹੀਂ ਮੰਮੀ..... ਉਹ...! ਸੰਨੀ ਦੀ ਜ਼ੁਬਾਨ ਲੜਖੜਾ ਰਹੀ ਸੀ।

                ਹਾਂਜੀ ਆਂਟੀ ਜੀ, ਹੁਣ ਮੈਂ ਇੱਥੇ ਹੀ ਰਹਾਂਗੀ। ਵੈਸੇ ਵੀ ਇਹਨੇ ਕਿਹਾ ਕਿ ਇਹ ਮੇਰੇ ਬਿਨਾਂ ਮਰ ਜਾਏਗਾ। ਸੋਨੀਆ ਨੇ ਆਪਣੀ ਮੰਮੀ ਦੀ ਚਾਲ ਸਮਝਦਿਆਂ ਚੁੱਪੀ ਤੋੜੀ।

                ਸ਼ਾਬਾਸ਼ ਪੁੱਤਰ! ਤੂੰ ਤਾਂ ਬਹੁਤ ਵਧੀਆ ਪੜ੍ਹਾਈ ਕਰਦਾ ਹੈਂ, ਕਾਲਜ ਵਿੱਚ। ਆਪਣੀ ਭੈਣ ਲਈ ਵੀ ਕੋਈ ਮੁੰਡਾ ਵੇਖ਼ ਲੈਣਾ ਸੀ। ਸੰਨੀ ਦੀ ਮੰਮੀ ਨੇ ਉਹਦੀ ਬਾਂਹ ਫੜ੍ਹਦਿਆਂ ਕਿਹਾ। 

                 ਮੈਨੂੰ ਮਾਫ਼ ਕਰਦੇ ਸੋਨੀਆ। ਮੈਨੂੰ ਸਮਝ ਆ ਗਈ ਹੈ ਕਿ ਮੈਂ ਤੈਨੂੰ ਬਹੁਤ ਤੰਗ ਕੀਤਾ ਹੈ। ਮੰਮੀ ਮੈਨੂੰ ਮਾਫ਼ ਕਰ ਦਿਓ, ਮੈਂ ਵਾਅਦਾ ਕਰਦਾ ਹਾਂ ਕਿ ਅੱਜ ਤੋਂ ਕਦੇ ਵੀ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ। ਇਸ ਵਾਰ ਮਾਫ਼ ਕਰ ਦਿਓ ਆਂਟੀ ਜੀ। ਮੈਂ ਬਹੁਤ ਸ਼ਰਮਿੰਦਾ ਹਾਂ।ਸੋਨੀਆ ਮੈਂ ਭੁੱਲ ਗਿਆ ਸੀ ਕਿ ਮੇਰੇ ਘਰ ਵੀ ਇੱਕ ਤੇਰੇ ਵਰਗੀ ਕੁੜੀ ਹੈ ਜੋ ਕਿ ਮੇਰੀ ਭੈਣ ਹੈ। ਮੈਂ ਸੱਚ ਕਹਿ ਰਿਹਾ ਹਾਂ ਅੱਜ ਤੋਂ ਤੈਨੂੰ ਵੀ ਭੈਣ ਸਮਝਾਂਗਾ। ਬੱਸ ਇੱਕ ਵਾਰ ਮੈਨੂੰ ਤੁਸੀਂ ਸਾਰੇ ਮਾਫ਼ ਕਰ ਦਿਓ। ਸੰਨੀ ਹੱਥ ਜੋੜੀ ਖੜ੍ਹਾ ਸੀ।

                  ਕੀ ਹੋਇਆ ਵੀਰੇ? ਅੰਦਰੋਂ ਮੀਨਾ ਨੇ ਬਾਹਰ ਨਿਕਲਦਿਆਂ ਪੁੱਛਿਆ।

                  ਕੁੱਝ ਨਹੀਂ ਭੈਣੇ!ਸੰਨੀ ਬਹੁਤ ਚੰਗਾ ਮੁੰਡਾ ਹੈ, ਇਹ ਮੇਰੇ ਨਾਲ਼ ਕਾਲਜ ਵਿੱਚ ਪੜ੍ਹਦਾ ਹੈ। ਅਸੀਂ ਇੱਥੋਂ ਲੰਘ ਰਹੇ ਸੀ ਤਾਂ ਇਸ ਲਈ ਸੋਚਿਆ ਕਿ ਮਿਲ਼ ਕੇ ਚੱਲੀਏ। ਸੰਨੀ ਕਹਿੰਦਾ ਸੀ ਕਿ ਮੇਰੀ ਭੈਣ ਚਾਹ ਬਹੁਤ ਸੁਆਦ ਬਣਾਉਂਦੀ ਹੈ। ਸੋਨੀਆ ਚਹਿਕ ਉੱਠੀ ਸੀ।

               ਅੱਛਾ ਦੀਦੀ! ਸੱਚੀ? ਮੈਂ ਹੁਣੇ ਚਾਹ ਬਣਾ ਕੇ ਲਿਆਉਂਦੀ ਹਾਂ। ਕਹਿ ਕੇ ਮੀਨਾ ਅੰਦਰ ਚਾਹ ਬਣਾਉਣ ਚਲੀ ਗਈ।

             ਚਲੋ ਦੇਰ ਆਏ ਦਰੁੱਸਤ ਆਏ। ਪਰ ਸੰਨੀ ਪੁੱਤਰ ਅੱਗੇ ਤੋਂ ਯਾਦ ਰੱਖੀਂ ਕਿ ਧੀਆਂ- ਭੈਣਾਂ ਸੱਭ ਦੀਆਂ ਸਾਂਝੀਆਂ ਹੁੰਦੀਆਂ ਹਨ। ਸ਼ਰਨਜੀਤ ਨੇ ਪਿਆਰ ਨਾਲ ਕਿਹਾ।

               ਹਾਂ ਪੁੱਤਰ, ਬੱਚੇ ਮਾਂ- ਬਾਪ ਦਾ ਰੂਪ ਹੁੰਦੇ ਹਨ। ਜੋ ਤੁਸੀਂ ਕਰੋਗੇ ਓਹਦੇ ਨਾਲ਼ ਹੀ ਸਾਡਾ ਨਾਮ ਰੌਸ਼ਨ ਹੋਣਾ ਜਾਂ ਮਿੱਟੀ ਵਿੱਚ ਮਿਲਣਾ ਹੈ। ਸੰਨੀ ਦੀ ਮੰਮੀ ਨੇ ਸਮਝਾਇਆ।

                ਹਾਂਜੀ ਮੰਮੀ, ਤੁਸੀਂ ਠੀਕ ਕਹਿੰਦੇ ਹੋ। ਪਰ ਜੇ ਸਵੇਰ ਦਾ ਭੁੱਲਾ ਸ਼ਾਮ ਨੂੰ ਘਰ ਆਵੇ ਤਾਂ ਉਹਨੂੰ ਭੁੱਲਾ ਨਹੀਂ ਕਹੀਦਾ, ਮਾਫ਼ ਕਰ ਦੇਈਦਾ ਹੈ। ਸੰਨੀ ਨੇ ਫ਼ੇਰ ਹੱਥ ਜੋੜਦਿਆਂ ਕਿਹਾ।

                 ਤੇ ਤੇਰੇ ਦੋਸਤ ਹੁਣ ਮੈਨੂੰ ਕੀ ਕਹਿਣਗੇ।ਸੋਨੀਆ ਨੇ ਉੱਠਦਿਆਂ ਕਿਹਾ।

               ਫ਼ਿਕਰ ਨਾ ਕਰ ਅੱਜ ਤੋਂ ਅਸੀਂ ਸਾਰੇ ਤੈਨੂੰ ਭੈਣ ਕਹਾਂਗੇ ਤੇ ਆਂਟੀ ਜੀ ਦੀ ਸਿੱਖਿਆ ਵੀ ਸੱਭ ਨੂੰ ਦੇਵਾਂਗੇ।ਹੁਣ ਮੈਂ ਆਪਣੀ ਭੈਣ ਤੇ ਆਂਟੀ ਲਈ ਸਮੋਸੇ ਲੈ ਕੇ ਆਉਂਦਾ ਹਾਂ, ਕਹਿ ਕੇ ਸੰਨੀ ਉੱਠ ਕੇ ਬਾਹਰ ਨਿਕਲ਼ ਗਿਆ।

                ਭੈਣ ਜੀ,ਤੁਸੀਂ ਬਹੁਤ ਚੰਗਾ ਕੀਤਾ ਕਿ ਘਰੇ ਆ ਗਏ। ਤੇ ਤੁਹਾਡਾ ਬੱਚਿਆਂ ਨੂੰ ਸਮਝਾਉਣ ਦਾ ਤਰੀਕਾ ਬਹੁਤ ਸੋਹਣਾ ਹੈ। ਬੱਚੇ ਗ਼ਲਤੀ ਕਰਨ ਤਾਂ ਵੱਡਿਆਂ ਨੂੰ ਇੰਝ ਹੀ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ। ਸੰਨੀ ਦੀ ਮੰਮੀ ਨੇ ਸ਼ਰਨਜੀਤ ਨੂੰ ਕਿਹਾ ਤੇ ਸੋਨੀਆ ਦੇ ਸਿਰ ਤੇ ਹੱਥ ਰੱਖ ਕੇ ਪਿਆਰ ਦਿੱਤਾ।

              ਐਨੇ ਨੂੰ ਸੰਨੀ ਸਮੋਸੇ ਲੈ ਕੇ ਆ ਗਿਆ ਤੇ ਮੀਨਾ ਚਾਹ ਲੈ ਆਈ।ਸੱਭ ਨੇ ਮਿਲ਼ ਕੇ ਚਾਹ ਪੀਤੀ ਤੇ ਸਮੋਸੇ ਖਾਧੇ ਤੇ ਫ਼ਿਰ ਸ਼ਰਨਜੀਤ ਤੇ ਸੋਨੀਆ ਖੁਸ਼ੀ- ਖੁਸ਼ੀ ਆਪਣੇ ਘਰ ਨੂੰ ਤੁਰ ਪਈਆਂ।

 

ਮਨਜੀਤ ਕੌਰ ਧੀਮਾਨ-ਸਪਰਿੰਗ ਡੇਲ ਪਬਲਿਕ ਸਕੂਲ- ਸ਼ੇਰਪੁਰ, ਲੁਧਿਆਣਾ-ਸੰ:9464633059

"ਹੜਤਾਲ"✍️ ਸਰਬਜੀਤ ਸਿੰਘ ਨਮੋਲ਼

ਕਰਕੇ ਸਭ ਹੜਤਾਲ਼ ਬੈਠਗੀ

ਕੁੱਲ ਸੂਬੇ ਦੀ ਅਫ਼ਸਰ ਸ਼ਾਹੀ 

ਮੋਟੀਆਂ ਕਈ ਲੈਣ ਤਨਖਾਹਾਂ 

ਪਰ ਉੱਤੋਂ ਵੀ  ਰਿਸ਼ਵਤ ਸ਼ਾਹੀ 

ਡਿਊਟੀ ਦਾ ਟਾਇਮ ਕੋਈ ਨਾ

ਓ ਹੁਕਮਾਂ ਦੀ ਕਰਨ ਮਨਾਹੀ

ਸ਼ਾਹੀ ਸਾਰਾ  ਠਾਠ ਬਾਠ ਐ

ਹੁੰਦਾ ਜਿਉਂ  ਹੁਕਮ ਇਲਾਹੀ

ਕਰਦੇ ਨੇ ਸਭ  ਮਨ ਮਰਜ਼ੀ 

ਬੱਸ ਕੀ ਪੈਸੇ ਦੀ ਵਾਹੋਦਾਹੀ

ਫਸ ਜਾਂਦਾ  ਆਮ ਆਦਮੀ

ਮੋਟੀ ਲੈਣ  ਰਿਸ਼ਵਤ ਆਹੀ

ਦੁੱਖੜੇ ਇਥੇ ਕੌਣ ਏ ਸੁਣਦਾ

ਹਰ ਦਫ਼ਤਰ 'ਚ ਬੇਵਿਸਾਹੀ

ਦਸਖ਼ਤ ਵੀ ਮੁੱਲ ਕਰਦੇ ਜੋ 

ਪੈਂਦੀ ਨਈਂ  ਗਲ਼ ਨੂੰ ਫਾਹੀ

ਤੇਲ ਤੇ ਸਰਕਾਰੀ ਗੱਡੀਆਂ

ਦੱਸ ਰਾਣੀ ਨੂੰ ਕਦੋਂ ਮਨਾਹੀ

ਜੁੱਗਾਂ ਤੋਂ ਹੀ ਲੁੱਟਦੇ ਆਉਂਦੇ 

ਓ ਰਾਜਿਆਂ ਦੀ ਰਾਜਾਸ਼ਾਹੀ 

'ਜੀਤ' ਹੱਥ ਝੰਡਾ  ਚੱਕ ਲਓ

ਹੁਣ ਹੱਕਾਂ  ਦੀ ਭਰੋ ਗਵਾਹੀ 

 

ਸਰਬਜੀਤ ਸਿੰਘ ਨਮੋਲ-ਪਿੰਡ ਨਮੋਲ਼ ਜਿਲਾ ਸੰਗਰੂਰ -9877358044

"ਅਸਲ ਲੋਹਡ਼ੀ" ✍️ ਨਰਪਿੰਦਰ ਸਿੰਘ ਮੁਸਾਫ਼ਿਰ

ਲੋਹਡ਼ੀ ਲੋਹਡ਼ੀ ਹਰ ਕੋਈ ਆਖੇ,

ਲੋਹਡ਼ੀ ਅਸਲ ਮਨਾਵੇ ਕੌਣ?

ਬੁਰਾ ਨਹੀਂ ਹੈ ਜਸ਼ਨ ਮਨਾਉਣੇ,

ਪਰ ਸਿੱਖਿਆ ਯਾਦ ਕਰਾਵੇ ਕੌਣ?

ਗੁੜ੍ਹ ਰਿਉੜੀ ਤਿਲ ਪਏ ਸਾੜਨ,

"ਮੈਂ ਮੇਰੀ" ਨੂੰ ਅੱਗ ਲਾਵੇ ਕੌਣ?

ਦੁੱਲਾ ਭੱਟੀ ਹਰ ਕੋਈ ਗਾਉਂਦਾ,

ਗਰੀਬ ਦੀ ਧੀ ਵਿਆਹਵੇ ਕੌਣ?

ਹਰ ਪਾਸੇ ਦੇਖੋ ਧੂਮ ਧੜੱਕਾ,

ਪਰ ਮਨ ਨੂੰ ਚੁੱਪ ਕਰਾਵੇ ਕੌਣ?

ਇੱਕ ਦੂਜੇ ਲਈ ਸਾੜਾ ਦਿਲ ਵਿੱਚ,

ਸਭਨਾਂ ਨੂੰ ਗਲੇ ਲਗਾਵੇ ਕੌਣ?

ਜਿਹਨਾਂ ਨੂੰ ਨ੍ਹੇਰੇ ਨਿੱਤ ਡਰਾਵਣ,

ਉਸ ਘਰ ਦੀਪ ਜਗਾਵੇ ਕੌਣ?

ਸ਼ੁਗਲ ਮੇਲੇ ਵਿਚ ਗਿੱਝੀ ਦੁਨੀਆ,

ਦੂਜਿਆਂ ਦਾ ਦੁੱਖ ਵੰਡਾਵੇ ਕੌਣ₹

ਰੁੱਸ ਰੁੱਸ ਬਹਿ ਗਏ ਆਕੜ ਮਾਰੇ,

ਇੱਕ ਦੂਜੇ ਤਾਈਂ ਮਨਾਵੇ ਕੌਣ?

ਸਾਂਝਾ ਮੁੱਕੀਆਂ ਪਾਣੀ ਦੇ ਵਾਂਗਰ,

ਇਹ ਰਿਸ਼ਤੇ,ਧਰਤ ਬਚਾਵੇ ਕੌਣ?

ਦੂਜੇ ਦੀ ਹੱਥ ਚੁੱਕੀ ਤੂੰ ਫਿਰਦਾ,

ਆਪਣੀ ਕਮੀ ਗਿਣਾਵੇ ਕੌਣ?

ਲੱਗੀ ਸ਼ੋਹਰਤ ਵਾਲੀ ਦੌੜ ਚੁਫੇਰੇ,

"ਮੁਸਾਫ਼ਿਰ" ਸਾਥ ਨਿਭਾਵੇ ਕੌਣ?

 

ਨਰਪਿੰਦਰ ਸਿੰਘ ਮੁਸਾਫ਼ਿਰ,ਖਰੜ

ਕੌਣ ਜਾਣੇ ਹੱਸਦਿਆ ਚਿਹਰਿਆ ਅੰਦਰਲਾ “ ਦਰਦ ” ਸੁਖਵਿੰਦਰ ਕੌਰ, ਫਰੀਦਕੋਟ

ਵਿਆਹਾਂ ਦਾ ਸੀਜਨ ਚੱਲ ਰਿਹਾ ਹੈ, ਸਾਨੂੰ ਅਕਸਰ ਅਜਿਹੇ ਪ੍ਰੋਗਰਾਮਾਂ ਵਿੱਚ ਸਾਮਲ ਹੋਣ ਦਾ ਮੌਕਾ ਮਿਲਦਾ ਹੈ। ਵਿਆਹ ਦੀ ਰਸਮ ਅਨੰਦ ਕਾਰਜ ਨੂੰ ਭੁੱਲ ,ਅਸੀਂ ਬਹੁਤੇ ਪਰਿਵਾਰ ਭੰਗੜੇ-ਗਿੱਧੇ ਵਾਲਾ ਕਿਹੜਾ ਗਰੁੱਪ ਕਰਨਾ ਹੈ। ਖਾਣ-ਪੀਣ ਦਾ ਪ੍ਰਬੰਧ,ਬਿਉਟੀਪਾਰਲ ਕਿਹੜੇ ਜਾਣਾ ਹੈ। ਡਰੈਸ   ਕਿਹੜੀ ਬਣਾਉਣੀ ਹੈ। ਭਾਵ ਪਦਾਰਥਕ ਚੀਜਾਂ ਵੱਲ ਵੱਧ ਧਿਆਨ ਦਿੱਤਾ ਜਾਂਦਾ ਹੈ। ਵਿਆਹ ਵਿੱਚ ਆਉਣ ਵਾਲੇ ਮਹਿਮਾਨਾ ਦੇ ਮਨੋਰੰਜਨ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਗਿੱਧੇ-ਭੰਗੜੇ ਗਰੁੱਪਾਂ ਵਿਚ ਕੰਮ ਕਰਦੇ ਲੜਕੇ ਲੜਕੀਆਂ ਆਪਣੀ ਸਖਤ ਮਿਹਨਤ ਕਰਕੇ ਤਿਆਰ ਕੀਤੇ ਡਾਂਸ ਪੇਸ਼ ਕਰਦੇ ਸਭ ਦਾ ਮੰਨੋਰੰਜਨ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਜੇਕਰ ਕੋਈ ਮਹਿਮਾਨ ਰੁੱਸ ਗਿਆ ਕਿ ਕੰਮ ਵਧੀਆ ਨਹੀਂ ਕੀਤਾ, ਉਨ੍ਹਾਂ ਦੀ ਬਣਦੀ ਰਕਮ ਨਹੀਂ ਦਿੱਤੀ ਜਾਵੇਗੀ। ਕਿੰਨ੍ਹੇ ਕੁ ਆਪਣੇ ਦਿਲ ਅੰਦਰ ਦਰਦ ਤੇ ਆਪਣੀਆਂ ਮਜਬੂਰੀਆਂ ਨੂੰ ਅੰਦਰ ਡੱਕ ਕੇ ਉਪਰੋਂ-ਉਪਰੋਂ ਹੱਸ ਕੇ ਸਟੇਜ ਤੇ ਧਮਾਲਾ ਪਾਉਂਦੇ ਹਨ ਤਾਂ ਕਿ ਲੋਕ ਉਨ੍ਹਾਂ ਤੋਂ ਖੁਸ਼ ਹੋ ਸਕਣ। ਹਰ ਸਟੇਜ ਤੇ ਕੰਮ ਕਰਨ ਵਾਲੇ ਦੀ ਆਪਣੀ ਵੱਖਰੀ ਦਰਦ ਕਹਾਣੀ ਹੁੰਦੀ ਹੈ। ਮਾਪਿਆਂ ਦੀ ਗਰੀਬੀ, ਬਿਮਾਰੀ, ਵੱਡੇ ਪਰਿਵਾਰ, ਪਾਲਣ-ਪੋਸਣ ਦੀ ਜਿੰਮੇਵਾਰੀ, ਹੋਰ ਪਤਾ ਨਹੀਂ ਕਿੰਨੀਆ ਮਜਬੂਰੀਆਂ। ਪਰ ਵਿਆਹ ਵਿੱਚ ਆਏ ਸਾਰੇ ਤਾਂ ਨਹੀਂ ਕੁੱਝ ਕੁ ਫੁੱਕਰੇ ਮਹਿਮਾਨ ਉਨ੍ਹਾਂ ਨੂੰ ਆਪਣੀ ਮਲਕੀਅਤ ਸਮਝਣ ਲੱਗ ਪੈਂਦੇ ਹਨ। ਵਾਰ-ਵਾਰ ਆਪਣੀ ਮਨਪਸੰਦ ਦੇ ਗੀਤਾਂ ਤੇ ਉਨ੍ਹਾਂ ਨੂੰ ਨਚਾਉਣ, ਨਾਲੇ ਆਪ ਨੱਚਣ ਦੀ ਜਿੱਦ ਕਰਨ ਤੇ ਅਸ਼ਲੀਲ ਹਰਕਤਾਂ ਕਰਨੀਆਂ, ਆਪਣਾ ਅਧਿਕਾਰ ਸਮਝਦੇ ਹਨ। ਸਟੇਜ ਦੇ ਥੱਲੇ ਇਨ੍ਹਾਂ ਕੋਲੋ ਨੱਚ-ਨੱਚ ਕੇ ਖੁਸ਼ੀ ਪ੍ਰਗਟ ਨਹੀ ਕੀਤੀ ਜਾਂਦੀ, ਇਹ ਔਕਾਤ ਦਿਖਾਉਣ ਲਈ ਨੱਚਦੀ ਕੁੜੀ ਦੀ ਬਾਂਹ ਫੜ੍ਹਨ ਜਾਂ ਪੈਸੇ ਦੇਣ ਦੇ ਬਹਾਨੇ ਅਜਿਹੀ ਹਰਕਤ ਕਰਦੇ ਹਨ ਜੋ ਕੈਮਰੇ ਵਿੱਚ ਕੈਦ ਹੋ ਜੋ ਇਨ੍ਹਾਂ ਦੀ ਬਦਨਾਮੀ ਦਾ ਸਬੱਬ ਬਣਦੀ ਹੈ। ਦਾਦੇ, ਬਾਬੇ ਧੋਲੀਆਂ ਦਾਹੜੀਆਂ ਵੀ ਪੋਤੀ ਦੀ ਉਮਰ ਦੀਆਂ ਲੜਕੀਆਂ ਨਾਲ ਅਸ਼ਲੀਲ ਹਰਕਤਾਂ ਕਰਦੇ ਕਈ ਵਾਰੀ ਸਟੇਜ ਤੋਂ ਮੂੰਹਦੇ ਮੂੰਹ ਡਿੱਗਦੇ ਹਨ। ਜਿੱਥੇ ਉਹਦੇ ਡਿੱਗਣ ਨਾਲ ਦੂਜਿਆਂ ਨੂੰ ਹਮਦਰਦੀ ਦੀ ਬਜਾਏ ਸਵਾਦ ਆਉਂਦਾ ਹੈ। ਅਜਿਹੇ “ ਬੁੱਢੇ ” ਜੋ ਅਸ਼ਲੀਲ ਹਰਕਤਾਂ ਕਰਦੇ ਹਨ ਰਿਸ਼ਤੇਦਾਰਾਂ ਦੀ ਨਜਰ ਵਿੱਚ ਆਪਣੀ ਕੀ ਤਸਵੀਰ ਬਣਾਉਂਦੇ ਹੈ? ਕਈ ਵਾਰ ਤਾਂ ਪਰਿਵਾਰਕ ਮੈਂਬਰ ਘਟੀਆਂ ਸ਼ਬਦਾਵਲੀ ਵਰਤ ਕੇ ਉਸ ਨੂੰ ਫਿਟਕਾਰਾਂ ਪਾਉਂਦੇ ਹਨ। ਸ਼ਰਮਸਾਰ ਹੁੰਦੇ ਹੋਏ ਕਹਿੰਦੇ ਹਨ ਕਿ ਬਾਪੂ ਆਪਣੀ ਚਿੱਟੀ ਦਾਹੜੀ ਦੀ ਤਾਂ ਸ਼ਰਮ ਕਰ ਲੈ। ਅਜਿਹੇ ਬਾਪੂ ਆਪਣੇ ਘਰ ਸਿਆਣੇ ਬਣ ਪੋਤੀ ਸਿਰ ਨੂੰ ਸਿਰ ਤੋਂ ਚੁੰਨੀ ਨਹੀਂ ਲਾਹੁਣ ਦਿੰਦੇ ਤੇ ਘਰਾਂ ਵਿੱਚ ਪਰਵਚਨ ਕਰਦੇ ਹਨ ਕਿ ਜਮਾਨਾ ਮਾੜਾ ਹੈ। ਇਨ੍ਹਾਂ ਨੂੰ ਪੁੱਛਣੇ ਹੋਵੇ ਜਮਾਨਾ ਮਾੜਾ ਵੀ ਇਨਸਾਨਾਂ ਦੀ ਘਟੀਆਂ ਸੋਚ ਨੇ ਹੀ ਕੀਤਾ ਹੈ। ਮੌੜ ਮੰਡੀ, ਬਠਿੰਡਾ ਤੇ ਨੇੜੇ ਨੱਚਦੀ ਹੋਈ ਲੜਕੀ ਦਾ ਕਤਲ ਸਟੇਜ ਤੇ ਇੱਕ ਫੁੱਕਰੇ ਵੱਲੋਂ ਇਸ ਕਰਕੇ ਕੀਤਾ ਗਿਆ ਸੀ ਕਿ ਉਹ ਉਸ ਦੇ ਮਨਪਸੰਦ ਗੀਤ ਤੇ ਨਹੀਂ ਸੀ ਨੱਚਦੀ, ਕਿੱਡੀ ਮਜਬੂਰ ਸੀ ਲੜਕੀ ਜਿਸ ਦੇ ਪੇਟ ਵਿੱਚ ਇੱਕ ਬੱਚਾ ਵੀ ਪਲ ਰਿਹਾ ਸੀ। ਪਰ ਫਿਰ ਵੀ ਨੱਚ ਰਹੀ ਸੀ। ਅਜਿਹੀ ਕਿਹੜੀ ਖੁਸ਼ੀ ਹੈ ਜੋ ਸਟੇਜ ਤੇ ਚੜ ਕੇ ਨੱਚਣ ਨਾਲ ਤੇ ਠਾਹ-ਠਾਹ ਗੋਲੀਆਂ ਚਲਾ ਕੇ ਪੂਰੀ ਹੁੰਦੀ ਹੈ? ਪੁਰਾਣੇ ਸਮੇਂ ਵਿੱਚ ਹਥਿਆਰ ਇਸ ਕਰਕੇ ਵਿਆਹ ਵਿੱਚ ਲੈ ਕੇ ਜਾਂਦੇ ਸੀ ਕਿਉਂਕਿ ਰਸਤੇ ਜੰਗਲੀ ਸਨ, ਰਾਹ ਵਿੱਚ ਚੋਰ ਠੱਗ, ਲੁਟੇਰੇ ਜਾ ਜੰਗਲੀ ਜਾਨਵਰ ਹੁੰਦੇ ਸਨ। ਪਰ ਅਸੀਂ ਫੁੱਕਰੇ ਬਣ ਹਾਲੇ ਵੀ ਇਸਨੂੰ ਆਪਣੀ ਸ਼ਾਨ ਦਾ ਅੰਗ ਬਣਾ ਲਿਆ ਹੈ। ਵਿਆਹਾਂ ਵਿੱਚ ਹਥਿਆਰ ਲੈ ਕੇ ਜਾਣ ਵਾਲੇ ਕਦੇ ਇਹ ਕਿਉਂ ਨਹੀਂ ਸੋਚਦੇ ਅਜਿਹੀ ਕੋਝੀ ਹਰਕਤ ਕਰਕੇ ਰੰਗ ਵਿੱਚ ਭੰਗ ਪਾਉਂਦੇ ਹਨ ਤੇ ਆਪ ਜੇਲ ਕੱਟਣੀ ਪੈਂਦੀ ਹੈ। ਬੀਤੇ ਦਿਨੀ ਇੱਕ ਫੁੱਕਰੀ ਭੂਆ ਦੀ ਵੀਡੀਓ ਵੀ ਦੇਖੀ ਗਈ ਜੋ ਆਪਣੇ ਭਤੀਜੇ ਦੇ ਵਿਆਹ ਵਿੱਚ ਠਾਹ-ਠਾਹ ਕਰਕੇ ਫਾਇਰ ਕੱਢ ਆਪਣੀ ਖੁਸ਼ੀ ਦਾ ਇਜਹਾਰ ਕਰਦੀ ਹੈ। ਅਜਿਹੀ ਔਰਤ ਤੋਂ ਅਸੀਂ ਕਾ ਉਮੀਦ ਕਰਦੇ ਹਾਂ। ਆਪਣੇ ਪਤੀ ਜਾਂ ਪੁੱਤਰਾਂ ਨੂੰ ਅਜਿਹਾ ਕਰਨ ਤੋਂ ਰੋਕੇਗੀ। ਵਿਆਹਾਂ ਜਾਂ ਹੋਰ ਪਾਰਟੀਆਂ ਵਿੱਚ ਸਾਮਲ ਹੋਣ ਵਾਲੇ ਲੋਕਾਂ ਨੂੰ ਚਾਹੀਦਾ ਹੈ ਕਿ ਸੱਭਿਅਕ ਤਰੀਕੇ ਨਾਲ ਮੰਨੋਰੰਜਨ ਕਰਨ, ਉੱਥੇ ਮੰਨੋਰੰਜਨ ਕਰਨ ਵਾਲੀਆਂ ਕੁੜੀਆਂ ਜੇਕਰ ਹੱਸ-ਹੱਸ ਕੇ ਨੱਚਦੀਆਂ ਹਨ, ਖੁਸ਼ੀ ਦਾ ਇਜਹਾਰ ਕਰਦੀਆਂ ਹਨ ਇਹ ਉਨ੍ਹਾਂ ਦੇ ਕਿੱਤੇ ਦਾ ਹਿੱਸਾ ਹੈ। ਕਈ ਲੋਕ ਉਨ੍ਹਾਂ ਦੇ ਪਿੱਛੇ ਗੱਡੀਆਂ ਤੱਕ ਲਾ ਲੈਂਦੇ ਹਨ ਕਿ ਉਹ ਉਨ੍ਹਾਂ ਨੂੰ ਮਿਲਣ। ਕਈ ਲੋਕ ਇਹ ਕਹਿੰਦੇ ਸੁਣੇ ਹਨ ਕਿ ਅਸੀਂ ਪੈਸੇ ਦਿੱਤੇ, ਉਹ ਇਹ ਕਿਉਂ ਭੁੱਲ ਜਾਂਦੇ ਹਨ ਕਿ ਪ੍ਰੋਗਰਾਮ ਕਰਨ ਦੇ ਦਿੱਤੇ ਹਨ, ਉਨ੍ਹਾਂ ਨੂੰ ਖਰੀਦ ਨਹੀਂ ਲਿਆ। ਇਰ ਕੁੜੀਆਂ ਵੀ ਕਿਸੇ ਦੀਆਂ ਧੀਆਂ-ਭੈਣਾਂ ਹਨ, ਉਨ੍ਹਾਂ ਨੂੰ ਇੱਜਤ ਦਿਓ। ਕਈ ਨੌਜਵਾਨ ਉਨ੍ਹਾਂ ਨੂੰ ਆਪਣਾ ਨੰਬਰ ਦੇ ਕੇ ਗੱਲ ਕਰਨ ਲਈ ਕਹਿੰਦੇ ਹਨ। ਕਈ ਲੋਕ ਇੰਨ੍ਹਾਂ ਨੂੰ ਕੰਜਰ ਕਹਿ ਕੇ ਭੰਡਦੇ ਹਨ। ਜੇਕਰ ਉਹ ਕੰਜਰ ਹਨ ਤਾਂ ਉਨਾਂ ਨੂੰ ਸੱਦਣ ਵਾਲੇ ਕੀ ਹੋਏ। ਇਹ ਸੋਚੋ? ਉਹ ਤੁਹਾਡਾ ਮੰਨੋਰੰਜਨ ਕਰਨ ਆਏ ਹਨ। ਉਹ ਕਲਾਕਾਰ ਹਨ, ਉਨਾਂ ਦੀ ਕਲਾ ਦੀ ਕਦਰ ਕਰੋ, ਹਰ ਕਲਾਕਾਰ ਨੂੰ ਬਣਦੀ ਇੱਜਤ ਦੇਣੀ ਸਾਡਾ ਫਰਜ ਹੈ ਤੇ ਉਨਾਂ ਦਾ ਅਧਿਕਾਰ ਵੀ। ਇੱਕ ਕਲਾਕਾਰ ਜੋੜੀ ਜੋ ਬਹੁ ਚਰਚਾ ਵਿੱਚ ਹੈ, ਉਨ੍ਹਾਂ ਰੋ-ਰੋ ਕੇ ਆਪਣੀਆਂ ਮਜਬੂਰੀਆਂ ਦੱਸਦਿਆ ਇੰਟਰਵਿਓ ਦਿੱਤੀ ਤੇ ਲੜਕੇ ਨੇ ਬੜੇ ਭਰੇ ਮਨ ਨਾਲ ਕਿਹਾ।

  ਅਸੀਂ ਉਪਜਾਊ ਜਮੀਨ ਵਰਗੇ

  ਸਾਨੂੰ ਬੰਜਰ ਨਾ ਸਮਝੋ

  ਅੱਜ ਵੀ ਵਿਰਸਾ ਸਾਂਭਦੇ ਹਾਂ

  ਸਾਨੂੰ ਕੰਜਰ ਵਾ ਸਮਝੋ

-- ਸੁਖਵਿੰਦਰ ਕੌਰ, ਫਰੀਦਕੋਟ 81469-33733

ਮਨਹੂਸ (ਕਹਾਣੀ) ✍️ ਮਨਪ੍ਰੀਤ ਕੌਰ ਭਾਟੀਆ ਐਮ. ਏ, ਬੀ .ਐਡ

          ਸਵੇਰ ਦਾ ਸਮਾਂ ਸੀ, ਨਾਸ਼ਤੇ ਤੋਂ  ਵਿਹਲੀ ਹੋ  ਕੇ ਪ੍ਰਭਜੋਤ ਰਸੋਈ ਵਿੱਚ ਭਾਂਡੇ ਮਾਂਜਣ ਚ ਰੁੱਝੀ ਹੋਈ ਹੈ। ਨੰਨ੍ਹੀ ਛੀਨਾ ਉਸਦੇ ਕੱਪੜੇ ਖਿੱਚ -ਖਿੱਚ ਕੇ ਉਸ ਨੂੰ ਤੰਗ ਕਰਦੀ ਹੋਈ ਰੋ ਰਹੀ ਰਹੀ ਹੈ। " ਜਲਦੀ ਕੰਮ ਨਿਬੇੜ ਲੈ ਤੇ ਜਾ ਕੇ ਛੀਨਾ ਨੂੰ ਸਵਾ ਦੇ । "ਉਸ ਦੀ ਸੱਸ ਬੋਲੀ । ਆਪਣੀ ਸੱਸ ਗੁਰਜੀਤ ਦੀ ਗੁੱਸੇ ਭਰੀ ਆਵਾਜ਼ ਸੁਣਦਿਆਂ ਹੀ ਪ੍ਰਭਜੋਤ ਕਾਹਲੀ ਨਾਲ ਕੰਮ ਨਿਬੇੜ ਕੇ ਛੀਨਾ ਨੂੰ ਨੂੰ ਚੁੱਕ ਕੇ ਪਿਛਲੇ ਅੰਦਰ ਲੈ ਗਈ ਤੇ ਦੁੱਧ ਪਿਲਾਉਣ ਲੱਗੀ । ਪ੍ਰਭਜੋਤ ਦੇ ਅੰਦਰ ਜਾਂਦਿਆਂ ਹੀ ਗੁਰਜੀਤ ਨੇ ਛੇਤੀ- ਛੇਤੀ ਉੱਠ ਕੇ ਆਪਣਾ ਅਤੇ ਆਪਣੀ ਧੀ ਦੀਪਾ ਦਾ ਨਵਾਂ ਸੂਟ ਤੇ ਕੁਝ ਮੇਕਅੱਪ ਦਾ ਸਾਮਾਨ ਇੱਕ ਲਿਫ਼ਾਫ਼ੇ ਵਿੱਚ ਪਾਇਆ ਅਤੇ ਲਿਫਾਫਾ ਬਾਹਰਲੇ ਗੇਟ ਵੱਲ ਖੁੱਲ੍ਹਦੇ ਬੈਠਕ ਦੇ ਦਰਵਾਜ਼ੇ ਪਿੱਛੇ ਰੱਖ ਆਈ । ਫਿਰ ਉਸ ਨੇ ਵਿਹੜੇ ਵਿੱਚ ਖੁੱਲ੍ਹਦੇ ਬੈਠਕ ਦੇ ਬੂਹੇ ਨੂੰ ਘੁੱਟ ਕੇ ਬੰਦ ਕਰ ਦਿੱਤਾ। ਅਤੇ ਖੁਦ ਰਸੋਈ ਵਿੱਚ ਆ ਗਈ । ਇਨੇ ਨੂੰ ਬਾਹਰਲਾ ਦਰਵਾਜ਼ਾ ਖੜਕਿਆ ਤੇ ਉਸ ਦਾ ਦਿਓਰ ਤੇ ਦਰਾਣੀ ਅੰਦਰ ਲੰਘ ਆਏ। "ਲੈ ! ਅਜੇ ਇੰਝ ਹੀ ਬੈਠੀਆਂ ਹੋ। ਤਿਆਰ ਨਹੀਂ ਹੋਈਆਂ ? "ਗੁਰਜੀਤ ਤੇ ਦੀਪਾ ਨੂੰ ਸਾਧਾਰਨ ਜਿਹੇ ਸੂਟ ਵਿੱਚ ਦੇਖਦੇ ਹੀ ਗੁਰਜੀਤ ਦੀ ਦਰਾਣੀ ਦਲਜੀਤ ਬੋਲੀ । "ਹਾਏ ਰੱਬਾ! ਹੌਲੀ ਬੋਲ ......"ਗੁਰਜੀਤ ਸਾਰੇ ਸ਼ਬਦਾਂ ਨੂੰ ਬੁੱਲ੍ਹਾਂ ਵਿੱਚ ਦਬਾਉਂਦੀ ਹੋਈ ਦਬਵੀਂ ਆਵਾਜ਼ ਵਿੱਚ ਬੋਲੀ ।  "ਕੀ ਹੋਇਆ?" ਦਲਜੀਤ ਹੈਰਾਨ ਹੋ ਕੇ ਬੋਲੀ । "ਇੱਧਰ ਬੈਠਕ ਵਿੱਚ ਹੀ ਆ ਜਾਓ ।" ਤੇ ਉਸਨੇ ਦਲਜੀਤ ਤੇ ਜਗਤਾਰ ਦੇ ਅੰਦਰ ਲੰਘਦੇ ਹੀ ਬੂਹਾ ਬੰਦ  ਕਰ ਲਿਆ । "ਹੋਰ ਕੁਝ ਨਹੀਂ ,ਬਸ ਅਸੀਂ ਸੋਚਿਆ ਕਿ ਇਸ ਵਾਰ ਪ੍ਰਭਜੋਤ ਨੂੰ ਦੀਪਾ ਦੇ ਰਿਸ਼ਤੇ ਦੀ ਗੱਲ ਬਾਰੇ ਬਿਲਕੁਲ ਨਹੀਂ ਦੱਸਣਾ। ਤੁਹਾਨੂੰ ਵੀ ਪਤਾ ਹੀ ਹੈ ਆਪਣੇ ਦੀਪਾ ਦੀ ਹੁਣ ਤੱਕ ਕਈ ਥਾਈਂ ਗੱਲ ਚੱਲ ਚੁੱਕੀ ਹੈ ,ਪਰ ਸਿਰੇ ਨਹੀਂ ਚੜ੍ਹਦੀ। ਜਿਹੜੀ ਥਾਂ ਵੀ ਇਹਨੂੰ ਨਾਲ ਲੈ ਕੇ ਗਈ ਆਂ, ਅਗਲਿਆਂ ਜਵਾਬ ਹੀ ਦੇ ਦਿੱਤਾ। ਮੈਂ ਤਾਂ ਕਈ ਵਾਰ ਇਨ੍ਹਾਂ ਨੂੰ ਕਿਹਾ ਬਈ ਇਸ ਮਨਹੂਸ ਨੂੰ ਘਰ ਹੀ ਛੱਡ ਜਾਓ । ਇਹ ਹਰ ਵਾਰੀ ਇਹੀ ਕਹਿੰਦੇ ਨੇ ਕਿ ਨਹੀਂ, ਐਵੇਂ ਚੰਗਾ ਨਹੀਂ ਲੱਗਦਾ। ਇੱਕੋ- ਇੱਕ ਨੂੰਹ  ਏ । "ਮੈਂ ਵੇਖਿਆ , ਜਦੋਂ ਵੀ ਕਿਧਰੇ ਗੱਲ ਤੁਰਦੀ ਏ ......ਇਹਦੇ ਕੰਨੀਂ ਪੈ ਜਾਏ ਸਹੀ...... ਬੱਸ ਗੱਲ ਉੱਥੇ ਹੀ ਕਿਸੇ ਤਰ੍ਹਾਂ ਠੱਪ ਹੋ ਜਾਂਦੀ ਏ ।ਹੁਣ ਤਾਂ ਮੈਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਾ  ਦਿੱਤਾ ਕਿ ਪ੍ਰਭਜੋਤ ਨੂੰ ਦੀਪਾ  ਦੇ ਰਿਸ਼ਤੇ ਦੀ ਗੱਲ ਬਿਲਕੁਲ ਨਹੀਂ ਪਤਾ ਲੱਗਣੀ ਚਾਹੀਦੀ ਤਾਂ ਹੀ ਇਹ ਕਾਰਜ ਹੋ ਸਕਦੈ । " ਹੈ ਕਿੱਥੇ ਹੁਣ ?" ਵਿੱਚੋਂ ਹੀ ਉਸ ਦਾ ਦਿਓਰ ਜਗਤਾਰ ਬੋਲ ਪਿਆ ।" ਪਿਛਲੇ ਕਮਰੇ ਅੰਦਰ ਹੈ । ਛੀਨਾ ਨੂੰ  ਸੁਆਉਂਦੀ ਹੋਵੇਗੀ। ਹੁਣ ਤੁਸੀਂ ਵੀ ਉਹਦੇ ਸਾਹਮਣੇ ਕੋਈ ਗੱਲ ਨਾ ਕਰਿਓ ਇੰਝ ਲੱਗੇ ਕਿ  ਤੁਸੀਂ ਵੈਸੇ ਹੀ ਮਿਲਣ ਆਏ ਹੋ ।" ....ਤੇ ਇੰਨੇ ਨੂੰ ਪ੍ਰਭਜੋਤ ਚਾਹ ਲੈ ਕੇ ਆ ਗਈ ।ਉਸ ਦੇ ਆਉਂਦਿਆਂ ਹੀ ਸਾਰੇ ਚੁੱਪ ਹੋ ਗਏ। ਪੈਰੀਂ ਹੱਥ  ਲਾਉਣ ਤੋਂ ਬਾਅਦ ਉਹ ਉੱਥੇ ਹੀ ਬੈਠ ਗਈ । "ਸੌ ਗਈ ਛੀਨਾਂ ?" ਦਲਜੀਤ ਓਪਰਾ ਜਿਹਾ ਮੁਸਕਰਾਉਂਦੀ ਹੋਈ ਬੋਲੀ। " ਹਾਂ ਜੀ...." ਕਹਿੰਦੇ ਉਹ ਦਲਜੀਤ ਨਾਲ ਹੋਰ ਗੱਲਾਂ ਕਰਨ ਲੱਗ ਪਈ । "ਆਟਾ ਗੁੰਨਣ ਵਾਲਾ ਪਿਐ ...। ਜਾਹ, ਜਾ ਕੇ ਆਟਾ ਗੁੰਨ ਲੈ ।" ਗੁਰਜੀਤ ਦੇ ਕਹਿੰਦਿਆਂ ਹੀ ਪ੍ਰਭਜੋਤ ਉੱਠ ਕੇ ਰਸੋਈ ਵਿੱਚ ਆ ਗਈ। ਤੇ ਦਲਜੀਤ ਨੇ ਝੱਟ ਉੱਠ ਕੇ ਬੂਹਾ ਢੋਅ ਦਿੱਤਾ। ਪ੍ਰਭਜੋਤ ਨੂੰ ਉਨ੍ਹਾਂ ਦਾ ਅਜਿਹਾ ਕਰਨਾ ਬਿਲਕੁਲ ਵੀ ਚੰਗਾ ਨਾ ਲੱਗਾ ।ਤੇ ਝੱਟ ਹੀ ਉਸ ਦੀਆਂ ਅੱਖਾਂ ਵਿੱਚ ਅੱਥਰੂ  ਘੁਲਣ ਲੱਗੇ। ਬੈਠਕ ਵਿੱਚ ਕੁਝ ਦੇਰ ਉਨ੍ਹਾਂ ਦਾ ਵਿਚਾਰ- ਵਟਾਂਦਰਾ ਚਲਦਾ ਰਿਹਾ ਤੇ ਫਿਰ ਗੁਰਜੀਤ  ਬੋਲੀ ,"ਤੁਸੀਂ ਇੰਜ ਕਰੋ..... ਸਿੱਧੇ ਹੋਟਲ ਪਹੁੰਚੋ। ਕਮਰਾ ਉੱਥੇ ਅਸਾਂ ਬੁੱਕ ਕਰਵਾ ਦਿੱਤਾ ਹੋਇਆ । ਉੱਥੇ ਹੀ ਵੇਖ- ਵਿਖਾਈ ਕਰਾਂਗੇ । ਤੁਸੀਂ ਜਾ ਕੇ ਚਾਬੀ ਲੈ ਕੇ  ਬੂਹਾ  ਖੋਲ੍ਹੋ। ਇਹ ਤੇ ਕੁਲਰਾਜ ਦਫ਼ਤਰ ਤੋਂ ਸਿੱਧੇ ਉੱਥੇ ਹੀ ਆ ਜਾਣਗੇ ।ਬਾਕੀ ਬਲਜੀਤ ਨੂੰ ਵੀ ਫੋਨ ਕਰ ਦਿੱਤਾ ਸੀ ਵੀ ਬਈ ਪ੍ਰਾਹੁਣੇ ਨਾਲ ਸਿੱਧੀ ਹੋਟਲ  ਹੀ ਆ ਜਾਵੀਂ ।ਮੈਂ ਤਾਂ ਇਹੀ ਚਾਹੁੰਦੀ ਹਾਂ ਕਿ  ਗੱਲ ਬਣ ਜਾਵੇ ਬੱਸ ਹੁਣ । ਉਨੱਤੀਆਂ ਦੀ ਹੋ ਚੱਲੀ ਹੈ ਆਪਣੀ ਦੀਪਾ । ਮੈਨੂੰ ਤਾਂ ਇਹਦੇ  ਫ਼ਿਕਰ ਨੇ ਈ ਖਾ ਲਿਆ , ਸੱਚੀ! ਜਿੱਥੇ ਵੀ ਮੁੰਡਾ ਵੇਖਦੇ ਹਾਂ , ਅਗਲੇ ਕੁੜੀ ਦੇਖਦੇ ਨੇ ਤੇ ਬੱਸ ਚੁੱਪ ਈ ਕਰ ਜਾਂਦੇ ਨੇ ਪਤਾ ਨਹੀਂ ਕੀਹਦੀ ਨਜ਼ਰ ਖਾ ਗਈ ਹੈ ।" ਗੁਰਜੀਤ ਡਾਹਢੀ  ਉਦਾਸ ਹੁੰਦੀ ਹੋਈ ਬੋਲੀ । "ਕੋਈ ਨਾ, ਕੋਈ ਨਾ ।ਫਿਕਰ ਨਾ ਕਰੋ। ਸਾਨੂੰ ਤਾਂ ਲਗਦੈ ਇਸ ਵਾਰ ਗੱਲ ਬਣ ਹੀ ਜਾਂਦੀ ਹੈ .....ਮੁੰਡਾ ਵੀ ਵਧੀਆ...... ਤੇ ਘਰ -ਬਾਰ ਵੀ .....।ਚਲੋ ਮੀਟ ਸ਼ਰਾਬ ਦਾ ਹੀ ਲੱਗਦਾ ਹੈ ਤੁਹਾਨੂੰ...। ਵੈਸੇ ਵੇਖਿਆ ਜਾਏ ਤਾਂ ਇਹ ਕੋਈ ਵੱਡੀ ਗੱਲ ਨਹੀਂ ....।ਉਹ ਕਿਹੜਾ ਰੋਜ਼ -ਰੋਜ਼ ਖਾਂਦਾ- ਪੀਂਦਾ ਹੈ ।ਪਾਰਟੀ ਵਗੈਰਾ 'ਤੇ ਤਾਂ ਅੱਜ ਕੱਲ੍ਹ  ਸਾਰੇ ਹੀ ਖਾ ਪੀ ਲੈਂਦੇ ਨੇ । " ਚਲੋ ਗੱਲਾਂ ਫਿਰ ਹੁੰਦੀਆਂ ਰਹਿਣਗੀਆਂ.....। ਛੇਤੀ ਕਰੋ ਹੁਣ ਤੁਸੀਂ ਸਿੱਧੇ ਹੋਟਲ ਚਲੋ ।" ਗੁਰਜੀਤ ਜਗਤਾਰ ਦੀ ਗੱਲ ਕੱਟਦੀ ਹੋਈ ਬੋਲੀ ਤੇ  ਉਹ ਸਾਰੇ ਉੱਠ ਖੜੇ ਹੋਏ। " ਦੀਪਾ ਚੱਲ ਤੁਰ.....।" ਉਨ੍ਹਾਂ ਦੇ ਜਾਂਦਿਆਂ ਹੀ ਗੁਰਜੀਤ ਨੇ ਦੀਪਾ ਨੂੰ ਆਵਾਜ਼ ਮਾਰੀ।"ਕਿੱਧਰ ਚੱਲੇ ਓ ....?"ਕੋਲ ਬੈਠੀ ਪ੍ਰਭਜੋਤ ਨੇ ਪੁੱਛਿਆ।"  ਤੂੰ ਜ਼ਰੂਰ ਪੁੱਛਣੇ? ਨੈਸ਼ ਕਿਤੋਂ ਦੀ  ....।" ਬਿਨਾਂ ਬੋਲੇ ਗੁਰਜੀਤ ਮਨ ਹੀ ਮਨ ਕੁੜ੍ਹਨ ਲੱਗੀ ਕੁੜ੍ਹਨ ਤੇ ਉਸ ਦੇ ਮੱਥੇ ਤੇ ਵੱਟ ਹੋਰ ਵੀ ਗੂੜ੍ਹੇ ਹੋ ਗਏ। "ਬਾਹਰਲੇ ਗੁਰਦੁਆਰੇ ਚੱਲੇ ਆਂ ....ਮੱਥਾ ਟੇਕਣ।" ਇਹ ਕਹਿੰਦਿਆਂ ਗੁਰਜੀਤ ਅਤੇ ਦੀਪਾ ਨੇ ਚੁੰਨੀ ਚੁੱਕ , ਜੁੱਤੀ ਪਾਈ ਤੇ ਬਾਹਰਲੇ ਗੇਟ ਵੱਲ ਹੋ ਤੁਰੀਆਂ ।ਦੀਪਾ ਨੇ ਹੌਲੀ ਜਿਹੀ ਲਿਫਾਫਾ ਵੀ ਚੁੱਕ ਲਿਆ। "ਸ਼ੁਕਰ ਹੈ ਇਸ ਵਾਰ ਭਾਪਾ ਜੀ ਤੇ ਵੀਰ ਜੀ ਨੇ ਭਾਬੀ  ਨੂੰ ਕੋਈ ਗੱਲ ਨਹੀਂ ਦੱਸੀ ।" ਰਿਕਸ਼ੇ ਤੇ ਬੈਠਦਿਆਂ ਦੀਪਾ ਮਾਂ ਅੱਗੇ ਮਨ ਦੀ ਭੜਾਸ ਕੱਢਦੀ ਹੋਈ ਬੋਲੀ । "ਮੈਂ ਤਾਂ ਹਰ ਵਾਰ ਕਹਿੰਦੀ ਆਂ  ਇਨ੍ਹਾਂ ਨੂੰ ਪਤਾ ਨਹੀਂ ਕੀ ਹੈਗਾ ਏ ਉਹਦੇ ਨਾਲ ।ਚੱਲ ਛੱਡ ਹੁਣ, ਤੂੰ  ਉਹਦਾ ਧਿਆਨ ਬਿਲਕੁੱਲ ਨਾ ਕਰ ।"ਗੁਰਜੀਤ ਬੋਲੀ । ਹੋਟਲ ਦੇ ਕਮਰੇ ਚ ਪਹੁੰਚਦੇ ਹੀ ਉਨ੍ਹਾਂ ਵੇਖਿਆ ਦਲਜੀਤ ਤੇ ਜਗਤਾਰ ਉੱਤੇ ਪਹੁੰਚੇ ਹੋਏ ਸਨ। ਮਾਵਾਂ- ਧੀਆਂ ਨੇ ਛੇਤੀ -ਛੇਤੀ ਕੱਪੜੇ ਬਦਲ ਲਏ। ਥੋੜ੍ਹੀ ਦੇਰ ਬਾਅਦ ਇੱਕ ਪਾਰਲਰ ਵਾਲੀ ਕੁੜੀ ਵੀ ਆ ਗਈ, ਜਿਸ ਨੂੰ ਗੁਰਜੀਤ ਨੇ ਖਾਸ ਤੌਰ ਤੇ ਸੱਦਿਆ ਸੀ।ਉਹ ਚਾਹੁੰਦੀ ਸੀ ਕਿ ਉਹ ਦੀਪਾ ਦੀ ਸਾਧਾਰਨ ਜਿਹੀ ਦਿੱਖ ਨੂੰ ਆਕਰਸ਼ਕ ਬਣਾ ਦੇਵੇ ,ਜਿਵੇਂ ਉਹ ਬਜ਼ਿਦ ਸੀ ਕਿ ਅੱਜ ਰਿਸ਼ਤਾ ਕਰਕੇ ਹੀ ਜਾਣਾ ਹੈ। ਗੁਰਜੀਤ ਦਾ  ਪਤੀ ਸੁਖਦੀਪ ਸਿੰਘ ਅਤੇ ਪੁੱਤਰ ਕੁੱਲਰਾਜ ਵੀ ਆ ਗਏ। ਇੰਨੇ ਨੂੰ ਧੀ ਬਲਜੀਤ ਅਤੇ ਉਸ ਦੇ ਘਰ ਵਾਲੇ ਨੇ ਆ ਕੇ ਦੱਸਿਆ ਕੇ  ਮੁੰਡੇ ਵਾਲਿਆਂ ਦੀ ਕਾਰ ਹੇਠਾਂ ਖੜ੍ਹੀ ਲੱਗਦੀ ਹੈ ।ਉਹ ਸਾਰੇ ਹੇਠਾਂ ਚਲੇ ਗਏ । "ਇਹ ਤਾਂ ਸਿਰਫ ਤਿੰਨ ਜਣੇ ਹੀ ਆਏ ਨੇ ।ਮੈਂ ਵੀ ਤੈਨੂੰ ਕਿਹਾ ਸੀ ਆਪਾਂ ਵੀ ਬਸ ਤਿੰਨ ਜਣੇ ਹੀ ਠੀਕ ਆਂ । ਤੂੰ ਹੀ ਸਾਰਿਆਂ ਨੂੰ ਸੱਦ ਬਹਿੰਦੀ ਏਂ ।" ਦੂਰੋਂ ਮੁੰਡੇ ਵਾਲਿਆਂ ਨੂੰ ਦੇਖਦਿਆਂ ਹੀ ਸੁਖਦੀਪ ਨੇ ਗੁਰਜੀਤ ਦੇ ਕੰਨ ਕੋਲ ਹੁੰਦਿਆਂ ਕਿਹਾ । "ਕੋਈ ਨਹੀਂ.... ਸਾਰਿਆਂ ਦਾ ਆਉਣਾ ਜ਼ਰੂਰੀ ਹੁੰਦੈ ....।ਸਾਰੇ ਖਾਸ ਨੇ ....ਕਿਹਨੂੰ ਛੱਡੀਏ.... ਸਾਰਿਆਂ ਦੀ ਸਲਾਹ ਲੈਣੀ ਹੁੰਦੀ ਏ.... ਤੇ ਹੁਣ ਚੁੱਪ ਕਰ ਜਾਓ ਤੁਸੀਂ।" ਗੁਰਜੀਤ ਨੇ ਗੁੱਸੇ ਵਿੱਚ ਬੋਲਦਿਆਂ  ਸੁਖਦੀਪ ਨੂੰ ਘੂਰੀ ਵੱਟੀ ਤਾਂ ਉਹ ਇੱਕ ਦਮ ਚੁੱਪ ਕਰ ਗਿਆ । ਰਸਮੀ ਸੱਤ   ਸ੍ਰੀ ਅਕਾਲ ਤੋਂ ਬਾਅਦ ਕੁਝ ਦੇਰ ਹੇਠਾਂ ਹਾਲ ਵਿੱਚ ਬੈਠ ਕੇ ਹੀ ਗੱਲਬਾਤ ਹੁੰਦੀ ਰਹੀ ਤੇ ਫਿਰ ਸਾਰੇ ਕਮਰੇ ਵਿੱਚ ਆ ਗਏ । ਉਨ੍ਹਾਂ ਦੀ ਖਾਤਰਦਾਰੀ ਦਾ ਵੀ ਪੂਰਾ ਪ੍ਰਬੰਧ ਸੀ । ਮੁੰਡਾ ਸੋਹਣਾ- ਸੁਨੱਖਾ ਹੋਣ ਕਾਰਨ ਸਾਰਿਆਂ ਨੂੰ ਜੱਚ ਗਿਆ ।ਸੁਖਦੀਪ ਨੇ ਸਾਰਿਆਂ ਦੀ ਜਾਣ- ਪਛਾਣ ਕਰਾਈ।  ਨੂੰਹ ਬਾਰੇ ਪੁੱਛਣ 'ਤੇ ਗੁਰਜੀਤ ਨੇ ਝੱਟ ਗਿਆ, " ਉਹ ਰਾਤ ਦੀ ਢਿੱਲੀ ਸੀ..... ਬਸ ਥੋੜ੍ਹੀ ਦੇਰ ਲਈ ਕਿਸੇ ਰਿਸ਼ਤੇਦਾਰ ਨੂੰ ਉਸ ਦੇ ਕੋਲ ਛੱਡ ਕੇ ਆਏ ਹਾਂ । ਸਾਡਾ ਦਾ ਸਾਰਾ ਧਿਆਨ ਹੀ ਉਸ ਵਿੱਚ ਹੈ । " ਖੈਰ! ਗੱਲ ਆਈ ਗਈ ਹੋ ਗਈ । ਮੁੰਡੇ ਦੇ ਪਿਓ ਨੇ ਦੀਪਾ ਤੋਂ ਕਈ ਤਰ੍ਹਾਂ ਦੇ ਸਵਾਲ ਪੁੱਛੇ , ਜਿਨ੍ਹਾਂ ਵਿੱਚੋਂ ਕਈ ਗੱਲਾਂ ਗੁਰਜੀਤ  ਤੇ ਸੁਖਦੀਪ ਨੂੰ ਬਿਲਕੁਲ ਵੀ ਚੰਗੀਆਂ ਨਾ ਲੱਗੀਆਂ ।ਪਰ ਉਨ੍ਹਾਂ ਚੁੱਪ ਰਹਿਣਾ ਹੀ ਮੁਨਾਸਿਬ ਸਮਝਿਆ ।ਸਾਰਿਆਂ ਦੀ ਆਪਸੀ ਗੱਲਬਾਤ ਤੋਂ ਬਾਅਦ ਕੁੱਝ ਦੇਰ ਲਈ ਮੁੰਡੇ - ਕੁੜੀ ਨੂੰ ਗੱਲਬਾਤ ਕਰਨ ਲਈ ਇਕੱਲਿਆਂ ਛੱਡ ਦਿੱਤਾ ਗਿਆ। ਉਸ ਮਗਰੋਂ ਕੁਝ ਦੇਰ ਮੁੰਡੇ ਵਾਲੇ ਆਪਸ ਵਿੱਚ ਵਿਚਾਰ - ਵਟਾਂਦਰਾ ਕਰਦੇ ਰਹੇ । ਜਦੋਂ ਸਾਰੇ ਮੁੜ ਇਕੱਠੇ ਹੋਏ ਇਸ ਤਾਂ  ਸੁਖਦੀਪ ਦੇ ਪੁੱਛਣ ਤੇ ਮੁੰਡੇ ਦਾ ਪਿਓ ਬੋਲਿਆ, " ਕਾਹਲੀ ਕਾਹਦੀ ਹੈ ਜੀ .....ਆਪਾਂ ਇੱਕ - ਦੂਜੇ ਨੂੰ  ਮਿਲ  ਲਿਆ ਹੈ, ਗੱਲਬਾਤ ਕਰ ਲਈਏ। ਘਰ ਜਾ ਕੇ ਤੁਸੀਂ ਵੀ ਆਰਾਮ ਨਾਲ ਸਲਾਹ ਕਰ ਲਓ  ਤੇ ਅਸੀਂ ਵੀ ਕਰ ਲੈਂਦੇ ਹਾਂ। ਬਾਕੀ ਗੱਲਾਂ - ਬਾਤਾਂ ਦਾ ਫੋਨ ਤੇ ਹੁੰਦੀਆਂ ਹੀ ਰਹਿਣਗੀਆਂ ।" ਫਿਰ ਕੁੱਝ ਦੇਰ ਦੀਆਂ ਸਾਧਾਰਨ ਗੱਲਾਂ - ਬਾਤਾਂ ਤੋਂ ਬਾਅਦ ਉਹ ਉਨ੍ਹਾਂ ਨੂੰ ਹੇਠਾਂ ਤੱਕ ਛੱਡਣ ਲਈ ਚਲੇ ਗਏ ਤੇ ਉਧਰੋਂ ਹੀ ਸਭ ਆਪੋ - ਆਪਣੇ ਟਿਕਾਣਿਆਂ ਤੇ ਚਲੇ ਗਏ। ਦਿਨ ਬੀਤਣ ਲੱਗੇ । ਉਹ ਕੁਝ ਦਿਨ ਫੋਨ ਉਡੀਕਦੇ ਰਹੇ ਤੇ ਇੱਕ ਦਿਨ ਸੁਖਦੀਪ ਨੇ ਮੁੰਡੇ ਵਾਲਿਆਂ ਨੂੰ ਫੋਨ ਕੀਤਾ ਤਾਂ ਅਗੋਂ ਜਵਾਬ ਮਿਲਿਆ ,'ਅਜੇ ਸਲਾਹ ਕਰ ਰਹੇ ਹਾਂ । ਦੋ ਕੁ ਦਿਨ ਠਹਿਰ ਕੇ ਫੋਨ ਕਰੋ ।' ਉਨ੍ਹਾਂ ਨੇ ਫਿਰ ਫੋਨ ਕੀਤਾ ਤਾਂ ਕੋਈ ਹੋਰ ਬਹਾਨਾ। ਕੁਝ ਦਿਨਾਂ ਬਾਅਦ ਫਿਰ ਫੋਨ ਕੀਤਾ ਤਾਂ ਅਗਲਿਆਂ ਨੇ ਫੋਨ ਹੀ ਕੱਟ ਦਿੱਤਾ । ਭਰਿਆ- ਪੀਤਾ ਸੁਖਦੀਪ, ਗੁਰਜੀਤ ਵੱਲ ਦੇਖਦਿਆਂ ਬੋਲਿਆ, " ਲੈ ਵੇਖ ਲੈ ਲੋਕਾਂ ਦਾ ਹਾਲ ....ਅੱਜਕਲ੍ਹ ਤਾਂ  ਲੋਕ ਅਸਮਾਨੀ ਚੜ੍ਹੇ ਪਏ ਨੇ । ਆਕੜ ਹੀ ਮਾਣ ਨਹੀਂ । ਗੱਲ ਕਰਕੇ ਵੀ ਰਾਜ਼ੀ ਨਹੀਂ ਹੁਣ .....ਤੂੰ ਹੀ ਹੋਟਲ ਦਾ ਕਮਰਾ ਬੁੱਕ ਕਰਾਉਣ ਨੂੰ  ਕਹਿ ਦਿੰਦੀ ਏ .....ਕਦੇ ਖ਼ਰਚੇ ਬਾਰੇ ਵੀ ਸੋਚ ਲਿਆ ਕਰ । ਗੱਲ ਪਤਾ ਨਹੀਂ ਬਣਨੀ ਹੁੰਦੀ ਹੈ ਕਿ ਨਹੀਂ।ਇਹਦੇ ਨਾਲੋਂ ਤਾਂ ਘਰ ਹੀ ਸੱਦ ਲੈਂਦੇ....।" ਸੁਖਦੀਪ ਗੁੱਸੇ ਨਾਲ ਮੱਥੇ ਦੇ ਤਿਊੜੀਆਂ  ਪਾਏ ਗੁਰਜੀਤ ਨੂੰ ਘੂਰਦਾ ਹੋਇਆ ਬੋਲਿਆ । "ਆਹੋ ਘਰ ਸੱਦ  ਲੈਂਦੇ ....,ਇੱਥੇ ਆ ਜੋ ਬੈਠੀ ਏ ।ਹਰ ਗੱਲ ਵਿੱਚ ਛੱਤੀ ਸਵਾਲ ਪੁੱਛਣ ਵਾਲੀ .....ਇਹਦੀ ਈ ਹਾਅ ਪੈ ਜਾਂਦੀ ਹੈ ਹਰ ਵਾਰ .....ਸੱਚ ਦੱਸਾਂ ਤਾਂ ਇਹ ਮੇਰੀ ਕੁੜੀ ਤੋਂ ਸੜਦੀ ਏ .....।"ਗੁਰਜੀਤ ਬੋਲੀ । "ਤੂੰ ਤਾਂ ਐਵੇਂ ਈ  ਉਹਦੇ ਮਗਰ ਪਈ ਰਹਿਣੀ ਏ ....ਇਸ ਵਾਰ ਤੋਂ ਉਹਨੂੰ ਕੁਝ ਦੱਸਿਆ ਹੀ ਨਹੀਂ ਸੀ ....."ਸੁਖਦੀਪ ਹੋਰ ਖਿਝਦਾ ਹੋਇਆ ਬੋਲਿਆ । "ਸੁਣ  ਲਈ ਹੋਣੀ ਏ ਉਹਨੇ ਕੋਈ ਨਾ ਕੋਈ ਗੱਲ ......ਆਖਰ ਤਾਂ ਘਰ ਵਿੱਚ ਹੀ ਰਹਿੰਦੀ ਏ .....ਪੱਥਰ ਪਾੜ ਨਜ਼ਰ ਹੈ ਉਹਦੀ ।"ਗੁਰਜੀਤ ਗੁੱਸੇ ਵਿੱਚ ਉਬਲਦੀ ਬੁੜਬੁੜਾਈ । ਏਨੇ ਨੂੰ ਫੋਨ ਵੱਜਿਆ । ਗੁਰਜੀਤ ਨੇ ਫੋਨ ਚੁੱਕਿਆ ਅਤੇ ਪ੍ਰਭਜੋਤ ਲਈ ਫੋਨ ਹੋਣ ਕਾਰਨ ਉਸ ਨੂੰ ਆਵਾਜ਼ ਲਗਾ ਦਿੱਤੀ। ਪ੍ਰਭਜੋਤ  ਫੋਨ ਸੁਣਨ ਲੱਗੀ ਤੇ ਕੁਝ ਦੇਰ  ਮਗਰੋਂ  ਗੁਰਜੀਤ ਤੇ ਸੁਖਦੀਪ ਕੋਲ ਆ ਬੈਠੀ । " ਹੂੰ .... ਕੀ ਗੱਲ ਏ ....?" ਉਸ ਨੂੰ ਇੰਝ ਬੈਠੇ ਦੇਖ ਗੁਰਜੀਤ  ਖਿੱਝ ਜਿਹੀ ਗਈ। "ਮੰਮੀ ਜੀ ....ਮੈਂ ਤੁਹਾਡੇ ਦੇ ਭਾਪਾ ਜੀ ਨਾਲ ਇੱਕ ਖਾਸ ਗੱਲ ਕਰਨੀ ਏ ।"  ਉਹਨੇ ਜਵਾਬ ਦਿਤਾ । "ਕੀ ?" ਗੁਰਜੀਤ ਮੱਥੇ ਤੇ ਵੱਟ ਹੋਰ ਵੀ ਡੂੰਘੇ ਹੋ ਗਏ। ਸੁਖਦੀਪ ਸਿੰਘ ਵੀ ਉੱਠ ਕੇ ਬੈਠ ਗਿਆ। "ਫੇਰ .....?" ਗੁਰਜੀਤ ਸਵਾਲੀਆਂ ਨਜ਼ਰਾਂ ਨਾਲ ਉਸਨੂੰ ਘੂਰਦੀ ਹੋਈ ਬੋਲੀ ।"ਮੇਰੇ ਤਾਏ ਦਾ ਮੁੰਡਾ ਹੈ ਨਾ ਹਰਦੇਵ । ਉਹੀ ਜਿਸ ਨੇ ਐਮ .ਏ ,ਬੀ. ਐੱਡ .ਕੀਤੀ ਹੋਈ ਹੈ। ਉਸ ਨੂੰ ਸਰਕਾਰੀ ਨੌਕਰੀ ਮਿਲ ਗਈ ਹੈ । ਤੁਹਾਨੂੰ ਯਾਦ ਦੀ ਹੋਣਾ ਹੈ ......। ਉਹ ਦਲਜੀਤ ਚਾਚੀ  ਦੇ ਮੁੰਡੇ ਦੇ ਵਿਆਹ ਤੇ ਵੀ ਆਇਆ ਸੀ, ਉੱਚਾ - ਲੰਮਾ, ਸੋਹਣਾ ਤੇ ਪੂਰਨ ਗੁਰਸਿੱਖ ਹੈ ਤੇ ਸਭ ਤੋਂ ਵੱਡੀ ਗੱਲ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਐਬ ਨਹੀਂ ..... ਉਨ੍ਹਾਂ ਨੂੰ ਇੱਕ ਸਾਦੀ ਜਿਹੀ  ਤੇ ਪੜ੍ਹੀ - ਲਿਖੀ ਲੜਕੀ ਦੀ ਲੋੜ ਹੈ ।ਤਾਈ ਹੋਰਾਂ ਨੇ ਉਦੋਂ ਵਿਆਹ ਤੇ ਈ  ਦੀਪਾ ਨੂੰ ਦੇਖਿਆ ਸੀ। ਉਨ੍ਹਾਂ ਨੂੰ ਦੀਪਾ ਪਸੰਦ ਹੈ ਤੇ ਉਹ ....। ਜੇ ਤੁਹਾਡੀ ਰਜ਼ਾਮੰਦੀ ਹੋਵੇ ਤਾਂ....। ਤਾਈ ਹੋਰਾਂ ਤਾਂ ਉਦੋਂ ਵੀ ਮੇਰੇ ਨਾਲ ਗੱਲ ਕੀਤੀ ਸੀ ਤੇ ਨਾਲ ਕਿਹਾ ਸੀ ਪਹਿਲਾਂ ਮੁੰਡੇ ਨੂੰ ਨੌਕਰੀ ਮਿਲ ਜਾਵੇ ਫਿਰ ਤੂੰ ਸੱਸ- ਸਹੁਰੇ ਨਾਲ ਗੱਲ ਕਰੀਂ ਤੇ ਅੱਜ ਉਨ੍ਹਾਂ ਇਹੀ ਦੱਸਿਆ ਬਈ ਉਸ ਨੂੰ ਨੌਕਰੀ ਮਿਲ ਗਈ ਹੈ ।" ਪ੍ਰਭਜੋਤ ਮੁਸਕਰਾਉਂਦੀ ਹੋਈ ਬੋਲੀ। ਗੁਰਜੀਤ ਤੇ ਸੁਖਦੀਪ ਹੈਰਾਨ ਹੋਏ ਬੜੇ ਧਿਆਨ ਨਾਲ ਪ੍ਰਭਜੋਤ ਦੀ ਇੱਕ- ਇੱਕ ਗੱਲ ਸੁਣ ਰਹੇ ਸਨ। ਉਨ੍ਹਾਂ ਨੇ ਝੱਟ ਕੁਲਰਾਜ ਨਾਲ ਸਲਾਹ ਕੀਤੀ। ਉਨ੍ਹਾਂ ਨੂੰ ਇਸ ਰਿਸ਼ਤੇ ਵਿੱਚ ਕਿਸੇ ਪਾਸਿਓਂ ਵੀ ਕੋਈ ਕਮੀ ਨਜ਼ਰ ਨਾ ਆਈ ਤਾਂ ਉਨ੍ਹਾਂ ਨੇ ਪ੍ਰਭਜੋਤ ਨੂੰ ਕਹਿ ਕੇ ਉਨ੍ਹਾਂ ਨਾਲ ਫੋਨ ਤੇ ਸਾਰੀ ਗੱਲਬਾਤ ਕੀਤੀ । ਤਸੱਲੀ ਹੋ ਜਾਣ ਤੇ ਅਗਲੇ ਦਿਨ ਹੀ ਉਨ੍ਹਾਂ ਨੂੰ ਘਰ ਬੁਲਾ ਲਿਆ। ਪ੍ਰਭਜੋਤ  ਦਾ ਚਿਹਰਾ ਬੇਹੱਦ ਖਿੜਿਆ ਹੋਇਆ ਸੀ। ਉਹ ਪੂਰੇ ਜੋਸ਼ ਨਾਲ ਚਾਹ - ਪਾਣੀ ਮਗਰੋਂ ਰੋਟੀ ਦੇ ਪ੍ਰਬੰਧ ਵਿੱਚ ਲੱਗੀ ਰਹੀ । ਸਾਰੇ ਆਪਸ ਵਿੱਚ ਗੱਲਬਾਤ ਕਰਦੇ ਰਹੇ । ਮੁੰਡਾ  ਬੇਹੱਦ ਮਿਲਣਸਾਰ ਹੋਣ ਕਾਰਨ ਆਪ ਵੀ ਹੱਸ- ਹੱਸ ਕੇ ਗੱਲਾਂ- ਬਾਤਾਂ ਕਰਦਾ ਰਿਹਾ। ਗੱਲਾਂ- ਗੱਲਾਂ ਵਿੱਚ ਹੀ ਸਾਰੀ ਗੱਲਬਾਤ ਤੈਅ ਹੋ ਗਈ ਤੇ ਉਨ੍ਹਾਂ ਰੋਕਾ ਲਾ ਕੇ ਕੁੜੀ ਦੀ ਝੋਲੀ ਸ਼ਗਨ ਵੀ ਪਾ ਦਿੱਤਾ। ਇਸ ਤੋਂ ਪਹਿਲਾਂ ਕੀ ਸੁਖਦੀਪ ਮੁੰਡੇ ਵਾਲਿਆਂ ਨੂੰ ਕੁਝ ਹੋਰ ਪੁੱਛਦਾ, ਮੁੰਡੇ ਦਾ ਪਿਉ ਹੱਸਦਿਆਂ ਬੋਲਿਆ ,"ਲਓ ਜੀ ਹੁਣ ਇਹ ਸਾਡੀ ਧੀ ਹੋਈ .....ਹੁਣ ਤੁਸੀਂ ਵਿਆਹ ਦੀ ਤਰੀਕ ਪੱਕੀ  ਕਰੋ। " ਲੈਣ - ਦੇਣ ਦੀ ਗੱਲਬਾਤ ਛਿੜਦਿਆਂ  ਹੀ  ਉਹ ਖਿੜਖਿੜਾ ਕੇ ਹੱਸਦਿਆਂ ਬੋਲਿਆ, "ਉਹ ਵੀਰ ਮੇਰਿਆ , ਤੂੰ ਕੁੜੀ ਦੇ ਦਿੱਤੀ ਤਾਂ ਸਭ ਕੁਝ ਦੇ ਦਿੱਤਾ ।ਸਾਨੂੰ ਕੁਝ ਨਹੀਂ ਚਾਹੀਦਾ । ਕੰਨਿਆਦਾਨ ਤੋਂ ਵੱਡਾ ਹੋਰ ਕਿਹੜਾ ਦਾਨ ਹੁੰਦੈ ਭਲਾ ।" ਉਸ ਦੀ ਗੱਲ ਸੁਣਦੇ ਹੀ ਸਾਰੇ ਪਾਸੇ ਖੁਸ਼ੀ ਦੀ ਲਹਿਰ ਦੌੜ ਗਈ । ਇੰਨੇ ਵਧੀਆ ਮੁੰਡੇ ਨੂੰ ਆਪਣੇ ਜੀਵਨ ਸਾਥੀ ਦੇ ਰੂਪ ਵਿੱਚ ਪਾ ਕੇ ਦੀਪਾ ਬਹੁਤ ਹੀ ਖੁਸ਼ ਸੀ । ਜਗਤਾਰ ਤੇ ਦਲਜੀਤ ਹੈਰਾਨੀ 'ਚ ਇੱਕ -ਦੂਜੇ ਨੂੰ ਤੱਕ ਰਹੇ ਸਨ। ਖੁਸ਼ੀ ਦੀ ਖਬਰ ਮਿਲਦਿਆਂ ਹੀ ਬਲਜੀਤ ਵੀ ਘਰ ਵਾਲੇ ਨਾਲ ਪਹੁੰਚ ਚੁੱਕੀ ਸੀ। ਸਾਰੇ ਪਾਸੇ ਹਾਸਾ ਸੀ , ਖੁਸ਼ੀ ਸੀ ਤੇ ਸਿਰਫ ਖੇੜਾ ਸੀ । ਗੁਰਜੀਤ ਹੈਰਾਨ ਹੋ ਰਹੀ ਸੀ ਕਿ ਏਨੇ ਸਾਲਾਂ ਤੋਂ ਉਨ੍ਹਾਂ ਨੇ ਦੀਪਾ ਦੇ ਰਿਸ਼ਤੇ ਲਈ ਕੀ - ਕੀ ਨਹੀਂ ਕੀਤਾ, ਕਿੱਥੇ -ਕਿੱਥੇ ਧੱਕੇ ਨਹੀਂ ਖਾਧੇ ਤੇ ਜਿਸ ਪ੍ਰਭਜੋਤ ਨੂੰ ਉਹ ਹਮੇਸ਼ਾਂ ਮਨਹੂਸ ਸਮਝਦੀ ਰਹੀ ਅੱਜ ਉਸ ਕਾਰਨ ਹੀ ਮਿੰਟਾਂ ਵਿੱਚ ਹੀ ਇਹ ਕੰਮ ਨੇਪਰੇ ਚੜ੍ਹ ਗਿਆ। ਰੱਬ ਦਾ ਸ਼ੁਕਰ ਕਰਦਿਆਂ ਅੱਖਾਂ ਭਰ ਆਈਆਂ ਤੇ ਤ੍ਰਿਪ ਤ੍ਰਿਪ ਕਰਦੇ ਹੰਝੂ ਉਸਦੀਆਂ ਅੱਖਾਂ ਦੀਆਂ ਦਹਿਲੀਜ਼ਾਂ ਪਾਰ ਕਰਕੇ ਗੱਲਾਂ ਤੇ ਉੱਤਰਨ ਲੱਗੇ। ਇਹ ਵੇਖ ਕੇ ਕੋਲ ਖੜ੍ਹੀ ਪ੍ਰਭਜੋਤ ਬੋਲੀ ,"ਕੀ ਹੋਇਆ ਮੰਮੀ ਜੀ , ਤੁਸੀਂ ......? "ਕੁਝ ਨਹੀਂ ਧੀਏ , ਇਹ ਤਾਂ ਖੁਸ਼ੀ ਦੇ ਹੰਝੂ ਨੇ .....।" ਇਹ ਕਹਿੰਦਿਆਂ ਉਸ ਨੇ ਪ੍ਰਭਜੋਤ ਨੂੰ ਘੁੱਟ ਕੇ ਗਲ ਨਾਲ ਲਾ ਲਿਆ। 

ਲੇਖਿਕਾ ਮਨਪ੍ਰੀਤ ਕੌਰ ਭਾਟੀਆ ਐਮ. ਏ, ਬੀ .ਐਡ

ਅਵਾਰਾ ਪਸ਼ੂਆਂ ਨੂੰ ਸਾਂਭਣ ਲਈ ਪ੍ਰਸ਼ਾਸਨ ਨਾਕਾਮ ✍️ ਜਸਪਾਲ ਸਿੰਘ  ਸਨੌਰ (ਪਟਿਆਲਾ)

ਇਕ ਜ਼ਮਾਨਾ ਹੁੰਦਾ ਸੀ ਜਦੋਂ ਇਨਸਾਨ ਕਿਸੇ ਗਊ ਜਾਂ ਵਛੇਰੇ ਨੂੰ ਰੋਟੀ ਪਾਉਣ ਦੇ ਲਈ ਦੂਰ ਦਰਾਡੇ ਲੱਭਦਾ ਹੁੰਦਾ ਸੀ। ਪੁਰਾਣੇ ਜ਼ਮਾਨੇ ਵਿੱਚ ਅਵਾਰਾ ਪਸ਼ੂਆਂ ਨੂੰ ਖੇਤਾਂ ਦੇ ਵਿੱਚੋ ਚਰਨ ਲਈ ਬਾਹਰ ਨਹੀਂ ਕੱਢਿਆ ਜਾਂਦਾ ਸੀ ਸਗੋਂ ਉਨ੍ਹਾਂ ਨੂੰ ਫਸਲ ਵਿੱਚ ਚਰਨ ਦਿੱਤਾ ਜਾਂਦਾ ਸੀ। ਉਸ ਸਮੇਂ ਕੋਈ ਗਊਸ਼ਾਲਾ ਵੀ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਸਾਂਭਣ ਦੇ ਲਈ ਵੀ ਨਹੀਂ ਹੁੰਦੀ ਸੀ ਅਤੇ ਲੋਕ ਇਨ੍ਹਾਂ ਨੂੰ ਦੂਰ ਦੂਰ ਜਾ ਕੇ ਚਾਰਾ ਅਤੇ ਰੋਟੀ ਪਾ ਕੇ  ਪੁੰਨ ਦਾ ਕੰਮ ਸਮਝਦੇ ਸਨ। ਉਸ ਸਮੇਂ ਕਿਸਾਨ ਭਰਾਵਾਂ ਕੋਲ ਖੇਤੀ ਕਰਨ ਲਈ ਮਸਿਨਰੀ ਨਹੀਂ ਹੁੰਦੀ ਸੀ। ਅਤੇ ਕਿਸਾਨ ਗਊ ਦੇ ਵਛੇਰੇ ਨੂੰ ਨਹੀਂ ਛੱਡਦੇ ਸਨ। ਉਹ ਗਊ ਦੇ ਵਛੇਰੇ ਨੂੰ ਦੁੱਧ ਅਤੇ ਖੁਰਾਕ ਦੇ ਨਾਲ ਪਾਲਕੇ ਵੱਡਾ ਕਰਦੇ ਸਨ ਅਤੇ ਜਦੋਂ ਵਛੇਰਾ ਵੱਡਾ ਹੋ ਕੇ ਬਲ਼ਦ ਬਣ ਜਾਂਦਾ ਸੀ ਤਾਂ ਉਸ ਬਲਦ ਦੀ ਵਰਤੋ ਖੇਤਾਂ ਵਿਚ ਖੂਹ ਚਲਾਉਣ ਲਈ, ਹਲ਼ ਚਲਾਉਣ ਲਈ, ਗੱਡਾ ਆਦਿ ਚਲਾਉਣ ਲਈ ਕੀਤੀ ਜਾਂਦੀ ਸੀ। ਬਲਦਾਂ ਦੇ ਨਾਮ ਹੀਰਾ ਅਤੇ ਮੋਤੀ ਵਗ਼ੈਰਾ ਰੱਖੇ ਜਾਂਦੇ ਹਨ ਅਤੇ ਕਿਸਾਨ ਭਰਾ ਇਹਨਾਂ ਨੂੰ ਟੱਲੀਆਂ ਅਤੇ ਘੁੰਗਰੂਆਂ ਨਾਲ ਸਜਾ ਕੇ ਰੱਖਦੇ ਹੁੰਦੇ ਸਨ।

ਪਰ ਅੱਜ ਦਾ ਸਮਾਂ ਉਲਟ ਹੈ ਜਿੱਥੇ ਵੀ ਅਸੀਂ ਵੇਖਦੇ ਹਾਂ ਸੜਕਾਂ ਤੇ ਬਜਾਰਾ ਵਿੱਚ, ਦੁਕਾਨਾਂ ਸਾਹਮਣੇ ਚੌਰਾਹਿਆਂ ਤੇ , ਬੱਸ ਅੱਡਿਆਂ ਤੇ, ਅਵਾਰਾ ਪਸ਼ੂ ਜਿਵੇਂ ਗਊ, ਵਛੇਰੇ, ਬਲਦ, ਸਾਨ੍ਹ ਆਦਿ  ਅਕਸਰ ਹੀ ਦਿਖਾਈ ਦਿੰਦੇ ਹਨ। ਕਿਸਾਨ ਭਰਾ ਗਾਵਾਂ ਦਾ ਦੁੱਧ ਪੀ ਕੇ ਇਹਨਾਂ ਨੂੰ ਅਵਾਰਾ ਹੀ ਛੱਡ ਦਿੰਦੇ ਹਨ। ਵਛੇਰਿਆਂ ਨੂੰ ਬਲ਼ਦ ਬਣਨ ਤੋਂ ਪਹਿਲਾਂ ਹੀ ਛੱਡ ਦਿੰਦੇ ਹਨ, ਕਿਉਂਕਿ ਹੁਣ ਇਹਨਾਂ ਦੀ ਥਾਂ ਮਸ਼ੀਨਰੀ ਨੇ ਲੈ ਲਈ  ਹੈ ਅਤੇ ਕਿਸਾਨ ਟਰੈਕਟਰ ਨਾਲ ਆਪਣੀ ਖੇਤੀ ਕਰਨ ਲੱਗ ਪਏ ਹਨ। ਜਿਸ ਕਾਰਨ ਇਹ ਗਾਵਾਂ , ਵਛੇਰੇ ਅਤੇ ਸਾਨ੍ਹ ਖੇਤਾਂ ਵਿਚੋਂ ਸੜਕਾਂ ਤੇ ਆ ਗਏ ਹਨ ਅਤੇ ਹਰ ਰੋਜ਼ ਕਿਸੇ ਨਾ ਕਿਸੇ ਮੋੜ ਤੇ ਇਨਸਾਨਾਂ ਦੀ ਮੌਤ ਦਾ ਕਾਰਨ ਬਣ ਰਹੇ ਹਨ। ਇਹ ਅਵਾਰਾ ਪਸ਼ੂ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ, ਦੁਕਾਨਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ, ਫਸਲਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਲੋਕਾਂ ਨੇ ਇਨ੍ਹਾਂ ਨੂੰ ਚਾਰਾ ਅਤੇ ਖੁਰਾਕ ਦੇਣੀ ਬੰਦ ਕਰ ਦਿੱਤੀ ਹੈ ਅਤੇ ਇਹ ਅਵਾਰਾ ਪਸ਼ੂ ਕੂੜੇ ਦੇ ਢੇਰਾਂ ਤੇ ਗੰਦਗੀ ਅਤੇ ਡਾਇਪਰ ਵਗੈਰਾ ਖਾ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ। ਗਰਮੀਆਂ ਅਤੇ ਸਰਦੀਆਂ ਖਾਸ ਕਰਕੇ ਧੁੰਦ ਦੇ ਵਿੱਚ ਇਹ ਅਵਾਰਾ ਪਸ਼ੂ ਸੜਕਾਂ ਤੇ ਘੁੰਮਦੇ ਹਨ ਜਿਸ ਕਾਰਨ ਹਨੇਰੇ ਅਤੇ ਸੰਘਣੀ ਧੁੰਦ ਦੇ ਵਿੱਚ ਗੱਡੀ ਚਲਾਉਣ ਵਾਲੇ ਨੂੰ ਇਹ ਨਾ ਮਾਤਰ ਹੀ ਵਿਖਾਈ ਦਿੰਦੇ ਹਨ ਅਤੇ ਹਰ ਰੋਜ਼ ਕੋਈ ਨਾ ਕੋਈ ਇਹਨਾ ਕਾਰਨਾ ਹੋਈ ਦੁਰਘਟਨਾ ਅਤੇ ਮੌਤ ਦਾ ਕਾਰਨ ਅਖ਼ਬਾਰਾਂ ਦੀ ਸੁਰਖੀਆਂ ਦਾ ਹਿੱਸਾ ਬਣਦੀ ਹੈ। ਕੁਝ ਕੁ ਸਾਲ ਪਹਿਲਾਂ ਰਾਜਸਥਾਨ ਦੇ ਵਿਚ 7 ਦੋਸਤਾਂ ਦੀ ਮੌਤ ਇਨ੍ਹਾਂ ਆਵਾਰਾ ਪਸ਼ੂਆਂ ਦੇ ਕਾਰਨ ਹੋਈ ਸੀ ਜਿਹੜੇ ਇਕੱਠੇ ਇੱਕ ਫਿਲਮ ਵੇਖ ਕੇ ਆ ਰਹੇ ਸਨ ਅਤੇ ਲੇਖਕ ਨੇ ਭੁੱਖ ਸਮੇਂ ਦਾ ਦਰਦ ਇੰਜ ਬਿਆਨ ਕੀਤਾ ਹੈ ਕਿ

ਲਾਸ਼ਾਂ ਨੂੰ ਚੁੰਮਦੇ ਮਾਪੇ, ਤੁਰ ਗਏ ਨੇ ਜਿਨ੍ਹਾਂ ਦੇ ਪੁੱਤ ਜਵਾਨ,

ਮੌਤ ਬਣ ਸੜਕਾਂ ਉੱਤੇ ਘੁੰਮਦੇ ਨੇ ਅਵਾਰਾ ਸਾਨ੍ਹ।

ਧੱਕੇ ਇਨਸਾਨਾਂ ਨੂੰ ਨੇ ਏਥੇ, ਤੇ ਵਿਕਦੇ ਮੈਂ ਪੱਥਰ ਵੇਖੇ,

ਟੱਬਰਾਂ ਦੇ ਟੱਬਰ ਤੁਰ ਗਏ, ਵਿਛਦੇ ਨੇ ਮੈਂ ਸੱਥਰ ਵੇਖੇ,

ਪੂਜਾ ਹੋਵੇ ਡੰਗਰਾਂ ਦੀ ਤੇ, ਬੰਦਿਆਂ ਦਾ ਹੁੰਦਾ ਹੈ ਘਾਣ,

ਮੌਤ ਬਣ ਸੜਕਾਂ ਉੱਤੇ ਘੁੰਮਦੇ ਨੇ ਅਵਾਰਾ ਸਾਨ੍ਹ।

ਕਰਦੇ ਨੇ ਰਾਜਨੀਤੀਆਂ,  ਇਹ ਲੀਡਰ ਝੂਠੇ ਦੇ ਝੂਠੇ ਸਾਰੇ,

ਡੰਗਰਾਂ ਦੇ ਨਾਂ ਦੇ ਉੱਤੇ ਲੇਂਦੇ ਨੇ ਇਹ ਜਨਤਾ ਤੋਂ ਟੈਕਸ ਵੀ ਭਾਰੇ,

ਮੌਤਾਂ ਦੇ ਉੱਤੇ ਨਕਲੀ ਹੰਝੂ ਗੇਰਨ ਵਿਚ ਜਾਂ ਸਮਸ਼ਾਨ,

ਮੌਤ ਬਣ ਸੜਕਾਂ ਉੱਤੇ ਘੁੰਮਦੇ ਨੇ ਅਵਾਰਾ ਸਾਨ੍ਹ।

ਬਣਦੇ ਨੇ ਹਮਦਰਦ ਜਿਹੜੇ ਲੋਕਾਂ ਨੂੰ ਦੇਣ ਸਲਾਹਾਂ,

ਗਾਵਾਂ ਨੂੰ ਮਾਵਾਂ ਕਹਿੰਦੇ, ਸੜਕਾਂ ਤੇ ਰੁਲਦੀਆਂ ਮਾਵਾਂ,

ਪਾਣੀ ਹੈ ਮਹਿੰਗਾ ਇਥੇ, ਸਸਤੀ ਹੈ ਬੰਦਿਆਂ ਦੀ ਜਾਨ,

ਮੌਤ ਬਣ ਸੜਕਾਂ ਉੱਤੇ ਘੁੰਮਦੇ ਨੇ ਅਵਾਰਾ ਸਾਨ੍ਹ।

ਸ਼ਾਸਨ-ਪ੍ਰਸ਼ਾਸਨ ਸੁੱਤਾ, ਸੁੱਤੇ ਨੇ ਏਥੇ ਅਫਸਰ ਸਾਰੇ

ਇਹਨਾਂ ਦੀ ਅਣਗਹਿਲੀ ਨੇ ਨਾ ਜਾਣੇ ਕਿੰਨੇ ਪਰਿਵਾਰ ਉਜਾੜੇ,

ਸਭ ਕੁਝ ਨੇ ਜਾਣ ਦੇ ਹਾਕਮ, ਬਣ ਜਾਂਦੇ ਨੇ ਕਿਉਂ ਅਣਜਾਣ

ਮੌਤ ਬਣ ਸੜਕਾਂ ਉੱਤੇ ਘੁੰਮਦੇ ਨੇ ਅਵਾਰਾ ਸਾਨ੍ਹ।

ਸਮਾਜ ਵਿੱਚ ਹਰੇਕ ਵਰਗ ਦੇ ਲੋਕ ਇਨ੍ਹਾਂ ਤੋਂ ਬਹੁਤ ਦੁਖੀ ਹਨ। ਕਿਸਾਨ ਰਾਤਾਂ ਨੂੰ 20-25 ਤੋਂ ਆਵਾਰਾ ਪਸ਼ੂ ਆਪਣਿਆਂ ਟਰਾਲੀਆਂ ਵਿਚ ਭਰ ਕੇ ਸ਼ਹਿਰਾਂ ਵਿੱਚ ਛੱਡ ਦਿੰਦੇ ਹਨ। ਕਹਿਣ ਨੂੰ ਤਾਂ ਸ਼ਹਿਰਾਂ ਵਿੱਚ ਇਨ੍ਹਾਂ ਆਵਾਰਾ ਪਸ਼ੂਆਂ ਲਈ ਗਊਸ਼ਾਲਾ  ਖੋਲ੍ਹੀਆਂ ਗਈਆਂ ਹਨ ਅਤੇ ਇਨ੍ਹਾਂ ਵਿੱਚ ਅਵਾਰਾ ਪਸ਼ੂ ਨੂੰ ਛੱਡਣ ਲਈ ਭੇਟਾ ਦੇ ਰੂਪ ਵਿੱਚ ਇਕ ਪਸ਼ੂ ਨੂੰ ਛੱਡਣ ਦੇ ਪੈਸੇ ਵੀ ਲਏ ਜਾਂਦੇ ਹਨ। ਪਰ ਗਊਸ਼ਾਲਾ ਦੇ ਪ੍ਰਬੰਧਕ ਵੀ ਰਾਤ ਵੇਲੇ ਇਹਨਾਂ ਨੂੰ ਸੜਕਾਂ ਤੇ ਛੱਡ ਦਿੰਦੇ ਹਨ ਅਤੇ ਸਵੇਰੇ ਗਊਸ਼ਾਲਾ ਵਿੱਚ ਫਿਰ ਤੋਂ ਅੰਦਰ ਲੈ ਜਾਂਦੇ ਹਨ। ਸਰਕਾਰ ਵੱਲੋਂ ਪਾਣੀ, ਬਿਜਲੀ ਆਦਿ ਦੇ ਬਿਲਾਂ ਦੇ ਵਿਚ ਆਮ ਜਨਤਾ ਤੋਂ ਗਊ ਸੈੱਸ ਵੀ ਲਿਆ ਜਾ ਰਿਹਾ ਹੈ।ਗਊ ਸੈੱਸ ਪਤਾ ਨਹੀਂ ਗਾਵਾਂ ਦੇ ਕੰਨਾਂ ਤੇ ਟੋਕਣ ਲਾਉਂਣ ਲਈ ਖਰਚ ਹੋ ਜਾਂਦਾ ਹੈ ਜਾਂ ਕਿਸੇ ਹੋਰ ਥਾਂ ? ਪਰ ਇਹ ਸੱਚਾਈ ਹੈ ਅਤੇ ਸੋਚਣ ਦਾ ਵਿਸ਼ਾ ਵੀ ਹੈ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਲਗਾਏ ਜਾ ਰਹੇ ਟੋਕਣਾ ਦਾ ਕੀ ਮਤਲਬ ਰਹਿ ਜਾਂਦਾ ਹੈ, ਜਦੋਂ ਇਹ ਪਾਲਤੂ ਗਾਵਾਂ ਗਲੀਆਂ ਵਿਚ ਭੁੱਖੀਆਂ ਭਾਣੀਆ ਲੋਕਾਂ ਤੋਂ ਖੋਹ ਖੋਹ ਕੇ ਖਾਣ ਲਈ ਮਜਬੂਰ ਹਨ। ਸਬੰਧਤ ਵਿਭਾਗ ਇਹਨਾਂ ਟੋਕਣਾ ਵਾਲੀਆਂ ਅਵਾਰਾ ਗਾਵਾਂ ਦੀ ਪੜਤਾਲ ਕਰਕੇ ਗਊਆ ਦੇ ਮਾਲਕਾਂ ਦੀ ਪਹਿਚਾਣ ਕਰਕੇ ਉਹਨਾਂ ਖਿਲਾਫ ਪਸ਼ੂ ਧਨ ਨੂੰ ਦਰ ਦਰ ਭੁੱਖੇ ਭਾਣੇ ਮਰਨ ਲਈ ਮਜ਼ਬੂਰ ਕਰਨ ਅਤੇ ਗਊਆ ਨੂੰ ਖੁੱਲੀਆਂ ਛੱਡ ਕੇ ਆਮ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਗਰ ਅਜਿਹਾ ਕੋਈ ਕਾਨੂੰਨ ਨਹੀਂ ਤਾਂ ਉਚ ਅਧਿਕਾਰੀਆਂ ਨੂੰ ਲਿਖਕੇ ਇਸ ਬਾਰੇ ਦਿਸ਼ਾ ਨਿਰਦੇਸ਼ ਲੈਣ।ਪਰ ਜਾਪਦਾ ਹੈ ਹੋਰ ਮਹਿਕਮਿਆਂ ਵਾਂਗ ਉਹ ਵੀ ਪਸ਼ੂਆਂ ਦੇ ਕੰਨਾਂ ਤੇ ਠੱਪੇ ਲਗਾ ਕੇ ਆਪਣੀ ਡਿਊਟੀ ਪੂਰੀ ਹੋ ਗਈ ਹੀ ਸਮਝਦੇ ਹਨ। 

ਸੋ ਅੰਤ ਵਿਚ ਸਰਕਾਰ ਨੂੰ ਚਾਹੀਦਾ ਹੈ ਕੀ ਇਨ੍ਹਾਂ ਅਵਾਰਾ ਪਸ਼ੂਆਂ ਲਈ ਕਿਸੇ ਨਿਸ਼ਚਿਤ ਸਥਾਨ ਦਾ ਪ੍ਰਬੰਧ ਕੀਤਾ ਜਾਵੇ। ਜਿਹੜੇ ਲੋਕ ਇਨ੍ਹਾਂ ਨੂੰ ਦੁੱਧ ਪੀ ਕੇ ਛੱਡ ਦਿੰਦੇ ਹਨ ਉਹਨਾਂ ਮਤਲਬੀਆ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਇਹਨਾਂ ਲਈ ਗਊ ਸੈਸ ਦੇ ਰੂਪ ਵਿੱਚ ਇਕੱਠੇ ਹੋਏ ਧਨ ਨੂੰ ਇਨ੍ਹਾਂ ਅਵਾਰਾ ਪਸ਼ੂਆਂ ਤੇ ਪਾਲਣ ਪੋਸ਼ਣ ਵਰਤਿਆ ਜਾਵੇ ਅਤੇ ਜਿਹੜੇ ਇਹੋ ਵਿਚ ਇਹ ਪਸ਼ੂ ਅਵਾਰਾ ਘੁੰਮਦੇ ਮਿਲਦੇ ਹਨ ਉਸ ਏਰੀਏ ਦੀ ਗਊਸ਼ਾਲਾ ਦੇ ਕਰਮਚਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਆਰੰਭ ਕੀਤੀ ਜਾਵੇ। ਜਿਹੜੇ ਅਫਸਰ ਗਊ ਸੈੱਸ ਦਾ ਪੈਸਾ ਨਜਾਇਜ਼ ਖਾ ਰਹੇ ਹਨ ਅਤੇ ਆਪਣੇ ਆਪ ਨੂੰ ਇਹਨਾਂ ਦੇ ਭਗਤ ਅਤੇ ਰੱਖਿਅਕ ਅਖਵਾ ਰਿਹਾ ਹੈ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਆਰੰਭੀ ਜਾਵੇ। ਇਸ ਤਰ੍ਹਾਂ ਕਰਨ ਨਾਲ ਜਿੱਥੇ ਸੜਕਾਂ ਤੇ ਅਵਾਰਾ ਪਸ਼ੂਆਂ ਦੀ ਕਮੀ ਆ ਜਾਵੇਗੀ ਉਥੇ ਇਹਨਾਂ ਨਾਲ ਹੁੰਦੀਆ ਦੁਰਘਟਨਾਵਾਂ ਵੀ ਘੱਟ ਜਾਣਗੀਆਂ।

 

ਜਸਪਾਲ ਸਿੰਘ 

ਸਨੌਰ (ਪਟਿਆਲਾ)

ਮੋਬਾਈਲ 6284347188

"ਸੌਰੀ ਭਾਜੀ" ✍️ ਕੁਲਦੀਪ ਸਿੰਘ ਰਾਮਨਗਰ

ਦੁਨੀਆਂ ਵਿੱਚ ਨੀਦਰਲੈਂਡ ਵਰਗੇ ਮੁਲਕ ਵੀ ਹਨ ਜਿਥੇ ਨਾ ਹੀ ਪੁਲਿਸ ਹੈ ਅਤੇ ਨਾ ਹੀ ਜੇਲਾਂ ,ਆਇਸਲੈਂਡ, ਆਇਰਲੈਂਡ, ਡੈਨਮਾਰਕ, ਆਦਿ ਬਹੁਤ ਸਾਰੇ ਅਜਿਹੇ ਮੁਲਕ ਹਨ ਜਿਥੇ ਲੋਕ ਕਦੇ ਵੀ ਲੜਦੇ ਝਗੜਦੇ ਨਹੀਂ ਨਫ਼ਰਤ ਦੀ ਹਵਾ ਨਹੀਂ, ਇਗੋ ਨਾਂ ਦੀ ਕੋਈ ਚੀਜ਼ ਨਹੀਂ ਉਹ ਲੋਕ ਆਪਣੇ ਸਾਰੇ ਮਸਲੇ ਇੱਕ ਛੋਟੇ ਜਿਹੇ ਸ਼ਬਦ ਸੌਰੀ ਨਾਲ ਹੱਲ ਕਰਨਾ ਜਾਣਦੇ ਹਨ ਇਹ ਸ਼ਬਦ ਬੇਸ਼ੱਕ ਬਹੁਤ ਛੋਟਾ ਹੈ ਪਰ ਆਪਣੇ ਆਪ ਵਿੱਚ ਇਸਦੀ ਬੜੀ ਅਹਿਮੀਅਤ ਹੈ ਦੁਨੀਆਂ ਵਿੱਚ ਬਹੁਤ ਸਾਰੇ ਇਹੋ ਜਿਹੇ ਦੇਸ਼ ਵੀ ਹਨ ਜਿਥੇ ਲੋਕਾਂ ਨੂੰ ਸੌਰੀ ਦੀ ਵਜ੍ਹਾ ਕਰਕੇ ਥਾਣੇ ਜਾ ਕਚਹਿਰੀਆ ਵਿੱਚ ਖੱਜਲ ਖੁਆਰ ਨਹੀਂ ਹੋਣਾ ਪੈਂਦਾ ਜਿਹੜੇ ਦੇਸ਼ ਸੌਰੀ ਸ਼ਬਦ ਨੂੰ ਪਿਆਰ ਕਰਦੇ ਹਨ। ਉਹ ਬੜੀ ਸ਼ਾਂਤੀ ਨਾਲ ਰਹਿ ਰਹੇ ਹਨ। ਪਿਛੇ ਜਿਹੇ ਮੈਂ ਇੱਕ ਅਜਿਹੇ ਵਿਅਕਤੀ ਦੀ ਇੰਟਰਵਿਊ ਸੁਣ ਰਿਹਾ ਸੀ ਜਿਹੜਾ ਇਕ ਕਤਲ ਕੇਸ ਵਿੱਚ 20 ਸਾਲ ਦੀ ਸਜ਼ਾ ਕੱਟ ਕੇ ਆਇਆ ਸੀ ਅਤੇ ਵਾਰ ਵਾਰ ਲੋਕਾਂ ਨੂੰ ਸੰਦੇਸ਼ ਦੇ ਰਿਹਾ ਸੀ ਕਿ ਇੱਕ ਛੋਟੀ ਜਿਹੀ ਗਲਤੀ ਨਾਲ ਮੇਰੀ ਪੂਰੀ ਜ਼ਿੰਦਗੀ ਤਬਾਹ ਹੋ ਗਈ ਜਦੋਂ ਕਿ ਇਸ ਗਲਤੀ ਨੂੰ ਸਾਡੇ ਦੋਨਾਂ ਵਿਚੋਂ ਸੌਰੀ ਕਹਿ ਕੇ ਟਾਲਿਆ ਜਾ ਸਕਦਾ ਸੀ। ਅਗਰ ਅਸੀਂ ਇਗੋ ਜਾ ਹਾਉਮੇ ਦੀ ਗੱਲ ਕਰੀਏ ਆਪਣੇ ਆਪ ਹੋਣ ਦੇ ਅਹਿਸਾਸ ਨੂੰ ਹੀ ਹਉਮੈ ਕਹਿ ਸਕਦੇ ਹਾਂ। ਆਪਣੇ ਆਪ ਨੂੰ ਹੋਰਾਂ ਨਾਲੋਂ ਵੱਖਰਾ, ਉਚੇਰਾ, ਵਿਸ਼ੇਸ਼ ਅਤੇ ਸ਼ਕਤੀਸ਼ਾਲੀ ਸਮਝਣ, ਹੋਰਾਂ ਵਿੱਚ ਰਲਣ ਅਤੇ ਹੋਰਾਂ ਨਾਲ ਚੱਲਣ ਤੋਂ ਇਨਕਾਰ ਹੰਕਾਰ ਕਹਾਉਂਦਾ ਹੈ। ਹਉਮੈ ਲੁਕਾਈ ਜਾਂਦੀ ਹੈ, ਲੁਕੀ ਹੁੰਦੀ ਹੈ, ਹੰਕਾਰ ਵਿਖਾਇਆ ਜਾਂਦਾ ਹੈ, ਦਿਸਦਾ ਹੈ। ਹਉਮੈ ਸਲੀਕੇ ਨਾਲ ਪ੍ਰਗਟਾਈ ਜਾਂਦੀ ਹੈ। ਨਿਮਰਤਾ ਵਿੱਚ ਵੀ ਹਉਮੈ ਹੁੰਦੀ ਹੈ। ਹਉਮੈ ਹਰ ਥਾਂ ਹੁੰਦੀ ਹੈ, ਹਰ ਕਿਸੇ ਵਿੱਚ ਹੁੰਦੀ ਹੈ। ਇਹ ਹੋਰ ਭਾਵਨਾਵਾਂ ਵਾਂਗ ਹੀ ਲਾਜ਼ਮੀ ਹੁੰਦੀ ਹੈ। ਇਹ ਸਾਡੇ ਰੋਜ਼ਾਨਾ ਜੀਵਨ ਵਿੱਚ ਹਰ ਵੇਲੇ ਕਾਰਜਸ਼ੀਲ ਹੁੰਦੀ ਹੈ। 
    ਜਿਨੇ ਵੀ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਛੋਟੇ ਤੋਂ ਲੈਕੇ ਵੱਡੇ ਪੱਧਰ ਤੱਕ ਲੜਾਈ ਝਗੜੇ ਹੁੰਦੇ ਹਨ ਉਨ੍ਹਾਂ ਵਿੱਚ ਕਿਤੇ ਨਾ ਕਿਤੇ ਸਾਡੀ ਹਾਉਮੇ, ਇਗੋ ਅਤੇ ਹੰਕਾਰ ਛੁਪਿਆ ਹੁੰਦਾ ਹੈ। ਅਸੀਂ ਬਹੁਤ ਵਾਰੀ ਛੋਟੀਆਂ ਛੋਟੀਆਂ ਗੱਲਾਂ ਤੇ ਉਤੇਜਿਤ ਹੋ ਜਾਂਦੇ ਹਾਂ ਅਸੀਂ ਸਾਨੂੰ ਲਗਦਾ ਹੈ ਕਿ ਮੈਂ ਠੀਕ ਹਾਂ ਸਾਹਮਣੇ ਵਾਲਾ ਗਲਤ ਹੈ ਕਿਸੇ ਨੇ ਥੋੜਾ ਉਚਾ ਬੋਲਿਆ ਤਾਂ ਅਸੀਂ ਉਸ ਤੋਂ ਉਚਾ ਬੋਲਦੇ ਹਾਂ ਫਿਰ ਝਗੜਾ ਵਧਦਾ ਹੈ ਉਹ ਕੁਝ ਸੈਕਿੰਡ ਬੰਦੇ ਲਈ ਬੜੇ ਅਹਿਮ ਹੁੰਦੇ ਹਨ ਇਥੋਂ ਤੱਕ ਵਿਚਾਰ ਆ ਜਾਂਦੇ ਹਨ ਕਿ ਕੋਈ ਗੱਲ ਨਹੀਂ ਮੈਂ 20 ਸਾਲੀ ਸਜ਼ਾ ਕੱਟ ਆਵਾਂਗਾ ਪਰ ਜਦੋਂ ਅਸਲੀਅਤ ਚ ਬੰਦਾ ਕੋਰਟ ਕਚਹਿਰੀਆਂ, ਥਾਣਿਆਂ ਦੇ ਚੱਕਰ ਲਾ ਲਾ ਕੇ ਪ੍ਰੇਸ਼ਾਨ ਹੋ ਜਾਂਦਾ ਹੈ ਫਿਰ ਉਸਨੂੰ ਮਹਿਸੂਸ ਹੁੰਦਾ ਹੈ ਕਿ ਉਸਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਇਸ ਨੂੰ ਟਾਲਿਆ ਜਾ ਸਕਦਾ ਸੀ ਪਰ ਉਸ ਵਕਤ ਪਛਤਾਵੇ ਤੋਂ ਬਿਨਾਂ ਕੁਝ ਵੀ ਨਹੀਂ ਬਚਦਾ। ਬਹੁਤ ਸਾਰੇ ਸਿਆਣੇ ਲੋਕ ਸੌਰੀ ਕਹਿਕੇ ਵੱਡੇ ਵੱਡੇ ਮਸਲੇ ਸੁਲਝਾ ਲੈਂਦੇ ਹਨ।
ਸਾਡੇ ਪਰਿਵਾਰਾਂ ਵਿੱਚ ਵੀ ਛੋਟੇ ਮੋਟੇ ਕਿੰਤੂ ਪ੍ਰੰਤੂ ਨੂੰ ਲੈਕੇ ਝਗੜੇ ਇਨ੍ਹੇ ਵਧ ਜਾਂਦੇ ਹਨ ਕਿ ਪਰਿਵਾਰ ਵਿਖਰ ਜਾਂਦੇ ਹਨ। ਛੋਟੇ ਬੱਚਿਆਂ ਦਾ ਭਵਿੱਖ ਖਰਾਬ ਹੋ ਜਾਂਦਾ ਹੈ ਜਦ ਕਿ ਆਪਣੀ ਇਗੋ, ਜ਼ਿਦ ਅਤੇ ਹਾਊਮੈ ਨੂੰ ਥੋੜ੍ਹਾ ਘੱਟ ਕਰਕੇ ਇਸ ਸਥਿਤੀ ਨੂੰ ਬਚਾਇਆ ਜਾ ਸਕਦਾ ਹੈ। ਬਹੁਤ ਵਾਰੀ ਲੜਾਈ ਝਗੜਿਆਂ ਦੇ ਕੇਸਾਂ ਵਿੱਚ ਅਸੀਂ ਥਾਣਿਆਂ ਅਤੇ ਕਚਹਿਰੀਆਂ ਵਿੱਚ ਪੈਸਾ ਬਰਬਾਦ ਕਰਨ ਤੋਂ ਬਾਅਦ ਸੌਰੀ ਕਹਿਕੇ ਸਮਝੌਤਾ ਕਰਨ ਵਿੱਚ ਹੀ ਬਹਿਤਰੀ ਸਮਝਦੇ ਹਾਂ ਕਾਸ਼ ਇਹ ਸ਼ਬਦ ਅਸੀਂ ਪਹਿਲਾਂ ਹੀ ਕਹੇ ਹੁੰਦੇ ਤਾਂ ਸ਼ਾਇਦ ਸਾਡਾ ਪੈਸਾ ਅਤੇ ਸਮਾਂ ਦੋਨੋ ਬਚ ਸਕਦੇ ਸਨ। ਇਸਦਾ ਮਤਲਬ ਇਹ ਵੀ ਨਹੀਂ ਕਿ ਕੋਈ ਤੁਹਾਡੇ ਨਾਲ ਧੱਕਾ ਕਰੇ , ਤੁਹਾਨੂੰ ਵਾਰ ਵਾਰ ਤੰਗ ਕਰੇ, ਤੁਹਾਡੇ ਤੇ ਜ਼ੁਲਮ ਕਰੇ ਇਸ ਸਥਿਤੀ ਵਿੱਚ ਦੂਜਾ ਰੂਪ ਦਿਖਾਉਣ ਦੀ ਕਲਾ ਵੀ ਹੋਣੀ ਜ਼ਰੂਰੀ ਹੈ। ਫਿਰ ਵੀ ਕੋਸ਼ਿਸ਼ ਕਰਿਏ 
ਆਪਣੇ ਗੁੱਸੇ ਤੇ ਕਾਬੂ ਰੱਖਿਆ ਜਾਵੇ। ਗੁੱਸਾ ਚੰਡਾਲ ਹੁੰਦਾ ਹੈ। ਉਸ ਸਮੇਂ ਬੰਦੇ ਦਾ ਦਿਮਾਗ਼ ਕੰਮ ਨਹੀਂ ਕਰਦਾ। ਫਿਰ ਨਾ ਹੀ ਬੰਦਾ ਕਿਸੇ ਸਿਆਣੇ ਦੀ ਗੱਲ ਮੰਨਦਾ ਹੈ ਅਤੇ ਨਾ ਹੀ ਕਿਸੇ ਵੱਡੇ ਛੋਟੇ ਦਾ ਲਿਹਾਜ ਕਰਦਾ ਹੈ। ਜੇ ਅਸੀਂ ਸਾਰੇ ਹੀ ਇਨਸਾਨ ਹਾਂ ਤਾਂ ਫਿਰ ਅਸੀਂ ਕਿਉਂ ਦੂਜਿਆਂ ਨਾਲ ਚੰਗਾ ਵਿਉਹਾਰ ਨਹੀਂ ਕਰਦੇ? ਕਿਉਂ ਅਸੀਂ ਕਿਸੇ ਦਾ ਹੱਕ ਮਾਰਦੇ ਹਾਂ? ਕਿਉਂ ਅਸੀਂ ਦੂਜੇ ਨੂੰ ਜਲੀਲ ਕਰਦੇ ਹਾਂ? ਅਸੀ ਦੂਸਰੇ ਨੂੰ ਗੁਲਾਮ ਬਣਾ ਕੇ ਆਪਣੀ ਮਰਜ਼ੀ ਉਸ ਤੇ ਥੋਪਣਾ ਚਾਹੁੰਦੇ ਹਾਂ। ਅਸੀਂ ਕਿਉਂ ਜੀਓ ਅਤੇ ਜਿਉਣ ਦਿਓ ਦੇ ਸਿਧਾਂਤ ਤੇ ਨਹੀਂ ਚੱਲਦੇ? ਦੂਸਰੇ ਦਾ ਅਪਮਾਨ ਕਰਨਾ ਆਪਣਾ ਸਨਮਾਨ ਘਟਾਉਣਾ ਹੈ। ਜੇ ਅਜਿਹੇ ਮੌਕੇ ਤੇ ਅਸੀਂ ਰਲ ਮਿਲ ਕੇ ਬੈਠ ਕੇ ਆਪਸ ਵਿਚ ਕੋਈ ਸੁਖਾਵਾਂ ਸਮਝੋਤਾ ਕਰ ਲਈਏ ਤਾਂ ਆਪਸੀ ਵੈਰ ਵਿਰੋਧ ਅਤੇ ਦੁਸ਼ਮਣੀ ਖ਼ਤਮ ਹੋ ਸਕਦੀ ਹੈ ਤੇ ਅਸੀਂ ਬਿਨਾ ਕਿਸੇ ਡਰ ਖੌਫ਼ ਤੋਂ ਆਪਣੀ ਜ਼ਿੰਦਗੀ ਬਸਰ ਕਰ ਸਕਦੇ ਹਾ।
ਕਈ ਵਾਰੀ ਅਸੀਂ ਸੋਚਦੇ ਹਾਂ ਕਿ ਇਹ ਦੁਨੀਆਂ ਬਹੁਤ ਬੁਰੀ ਹੈ। ਇੱਥੋਂ ਦੇ ਲੋਕ ਵੀ ਬਹੁਤ ਬੁਰੇ ਹਨ ਜੋ ਹਮੇਸ਼ਾਂ ਲੜਾਈ ਝਗੜੇ ਵਿਚ ਫਸ ਕੇ ਖ਼ੂਨ ਖਰਾਬਾ ਕਰਦੇ ਰਹਿੰਦੇ ਹਨ ,ਇੱਥੇ ਰਹਿਣਾ ਦੁਭਰ ਹੋ ਗਿਆ ਹੈ। ਕੀ ਇਸ ਮਾਹੌਲ ਨੂੰ ਠੀਕ ਕਰਨ ਦੀ ਕੋਈ ਗੁੰਜਾਇਸ਼ ਨਹੀਂ? ਜ਼ਰਾ ਆਪਣੇ ਦਿਲ ਨੂੰ ਪੁੱਛ ਕੇ ਦੇਖੋ.......ਜੇ ਦੁਨੀਆਂ ਬੁਰੀ ਹੈ ਤਾਂ ਅਸੀਂ ਤਾਂ ਬੁਰੇ ਨਾ ਬਣੀਏ......ਅਸੀਂ ਖ਼ੁਦ ਤਾਂ ਸੁਧਰੀਏ.......ਜੇ ਐਸਾ ਹੋ ਗਿਆ ਤਾਂ ਇਸ ਬੁਰਿਆਂ ਵਿਚੋਂ ਇਕ ਬੁਰਾ ਤਾਂ ਘਟ ਹੀ ਜਾਵੇਗਾ। ਫਿਰ ਦੇਖਣਾ, ਹੋ ਸਕਦਾ ਹੈ ਸਾਡੇ ਨਾਲ ਕੁਝ ਹੋਰ ਲੋਕ ਵੀ ਆ ਕੇ ਜੁੜ ਜਾਣ......ਜੇ ਇਸ ਤਰ੍ਹਾਂ ਚੰਗੇ ਵਿਚਾਰਾਂ ਦੇ ਲੋਕ ਸਾਡੇ ਨਾਲ ਜੁੜਦੇ ਗਏ ਤਾਂ ਇਸ ਦੁਨੀਆਂ ਦਾ ਕੁਝ ਤਾਂ ਸੁਧਾਰ ਹੋ ਹੀ ਸਕਦਾ ਹੈ।
ਅੰਗਰੇਜ਼ੀ ਜੁਬਾਨ ਵਿਚ ਕੁਝ ਸ਼ਬਦ ਐਸੇ ਪਿਆਰੇ ਤੇ ਮਿੱਠੇ ਹਨ ਜਿਨ੍ਹਾਂ ਨੂੰ ਆਮ ਤੌਰ ਤੇ ਦੁਨੀਆਂ ਦੀਆਂ ਸਾਰੀਆਂ ਭਾਸ਼ਾਵਾਂ ਨੇ ਅਪਣਾ ਲਿਆ ਹੈ। ਜਿਵੇ ਸੌਰੀ Sorry (ਮੈਨੂੰ ਅਫ਼ਸੋਸ ਹੈ)। ਸਾਡੀ ਕਿਸੇ ਗ਼ਲਤੀ ਲਈ ਸੌਰੀ ਕਹਿਣ ਤੇ ਦੂਸਰੇ ਨੂੰ ਠੰਡ ਪੈ ਜਾਂਦੀ ਹੈ ਅਤੇ ਅਸੀਂ ਕਈ ਝਗੜਿਆਂ ਤੋਂ ਬਚ ਜਾਂਦੇ ਹਾਂ। ਇਸੇ ਤਰ੍ਹਾਂ Thanks, ਥੈਂਕਸ (ਧੰਨਵਾਦ ਜਾਂ ਸ਼ੁਕਰੀਆ) ਕਹਿਣ ਨਾਲ ਦੂਸਰਾ ਬੰਦਾ ਆਪਣੀ ਵਡਿਆਈ ਸਮਝਦਾ ਹੈ। Please, ਪਲੀਜ਼ (ਸ਼੍ਰੀ ਮਾਨ ਜੀ) ਅਤੇ ਕਾਇੰਡਲੀ Kindly (ਮੇਹਰਬਾਨੀ ਕਰ ਕੇ) ਕਹਿਣ ਤੇ ਦੂਸਰਾ ਬੰਦਾ ਆਪਣੇ ਆਪ ਨੂੰ ਦਿਆਲੂ ਸਮਝਦਾ ਹੈ ਤੇ ਸਾਡਾ ਕੰਮ ਆਸਾਨੀ ਨਾਲ ਕਰ ਦਿੰਦਾ ਹੈ। ਆਪਣੀ ਗਲਤੀ ਤੇ ਸੌਰੀ ਕਹਿਣ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ ਸਗੋਂ ਉਸਦੀ ਇੱਜਤ ਹੋਰ ਵੱਧ ਜਾਂਦੀ ਹੈ ਅਤੇ ਛੋਟੇ ਮੋਟੇ ਝਗੜਿਆਂ ਤੋਂ ਬਚਿਆਂ ਜਾ ਸਕਦਾ ਹੈ।

ਕੁਲਦੀਪ ਸਿੰਘ ਰਾਮਨਗਰ
9417990040

ਇਥੇ ਰਹਿਣ ਦਾ ਨਹੀ ਹੈ ਹੱਜ ਕੋਈ ✍️ ਜਸਵੀਰ ਸ਼ਰਮਾਂ ਦੱਦਾਹੂਰ

ਮੂਲੀ ਵਾਂਗਰਾਂ ਬੰਦੇ ਨੂੰ ਵੱਢ ਦੇਵਣ,

ਚੱਲ ਪਈ ਹੈ ਕੈਸੀ ਇਹ ਰੀਤ ਰੱਬਾ।

ਅੱਜਕਲ੍ਹ ਤਾਂ ਸਕੇ ਸੰਬੰਧੀਆਂ ਦੀ,

ਨਹੀਂਓਂ ਰਹੀ ਹੈ ਕੋਈ ਪ੍ਰਤੀਤ ਰੱਬਾ। ਬਰਦਾਸ਼ਤ ਪੁਣਾ ਹੈ ਸੱਭ ਚੋਂ ਖਤਮ ਹੋਇਆ,

ਹੋਈ ਆਪਣਿਆਂ ਦੀ ਮਾੜੀ ਹੈ ਨੀਤ ਰੱਬਾ।

ਬੰਨ੍ਹੀ ਫਿਰਦੇ ਨੇ ਕਿਲੋ ਕਿਲੋ ਲੂਣ ਪੱਲੇ,

ਸਮਾਈ ਵਾਲੀ ਨਾ ਕਿਸੇ ਕੋਲ ਟੀਸ ਰੱਬਾ।

ਮਾੜਾ ਆਪ ਹੋਵੇ ਤਾਂ ਮਾੜੇ ਹੀ ਸੱਭ ਦਿਸਦੇ,

ਚੰਗਿਆਂ ਕੰਮਾਂ ਦੀ ਕਰਨ ਨਾ ਰੀਸ ਰੱਬਾ।

ਰੋਟੀ ਖਾਂਦਿਆਂ ਵੇਖ ਨਾ ਕੋਈ ਰਾਜ਼ੀ, ਜ਼ਿਆਦਿਆਂ ਹੋ ਗਈ ਹੈ ਮਿੱਟੀ ਪਲੀਤ ਰੱਬਾ।

ਵੰਡੀਆਂ ਪਾ ਪਾ ਧਰਮ ਬਣਾ ਲਏ ਨੇ,

ਗੁਰੂ ਘਰ,ਗਿਰਜੇ ਤੇ ਮੰਦਰ ਮਸੀਤ ਰੱਬਾ।

ਓਨਾਂ ਅੰਦਰੋਂ ਵੀ ਨਹੀ ਕੁੱਝ ਸਿਖਿਆ ਹੈ,

ਸਰਬ ਧਰਮ ਦੇ ਗਾਉਣ ਨਾ ਗੀਤ ਰੱਬਾ।

ਮੇਰੇ ਮਾਲਿਕਾ ਤੂੰ ਦੇਵੀਂ ਸੁਮੱਤ ਆ ਕੇ,

ਆ ਜਾਏ ਰਹਿਣ ਦਾ ਜੇਕਰ ਸਾਨੂੰ ਚੱਜ ਕੋਈ।

 ਦੱਦਾਹੂਰੀਆ ਦੋਵੇਂ ਹੱਥ ਜੋੜ ਕਰਦਾ ਬੇਨਤੀ ਹੈ,

ਉਂਝ ਇਥੇ ਰਹਿਣ ਦਾ ਨਹੀ ਹੈ ਹੱਜ ਕੋਈ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556