You are here

ਦੇਰ ਆਏ ਦਰੁਸਤ ਆਏ (ਮਿੰਨੀ ਕਹਾਣੀ) ✍️ ਮਨਜੀਤ ਕੌਰ ਧੀਮਾਨ

 

 

             ਸੋਨੀਆ......! ਸੋਨੀਆ...!ਕੀ ਹੋਇਆ ਪੁੱਤਰ? ਤੂੰ ਐਨੀ ਪਰੇਸ਼ਾਨ ਕਿਉਂ ਹੈ! ਸ਼ਰਨਜੀਤ ਨੇ ਆਪਣੀ ਧੀ ਨੂੰ ਕਾਲਜ ਤੋਂ ਆ ਕੇ ਚੁੱਪਚਾਪ ਆਪਣੇ ਕਮਰੇ ਵੱਲ ਜਾਂਦਿਆਂ ਦੇਖ਼ ਕੇ ਪੁੱਛਿਆ।

              ਕੁੱਝ ਨੀਂ ਮੰਮੀ! ਬੱਸ ਐਵੇਂ ਈ। ਕਹਿ ਕੇ ਸੋਨੀਆ ਆਪਣੇ ਕਮਰੇ ਵਿੱਚ ਚਲੀ ਗਈ।

               ਸ਼ਰਨਜੀਤ ਨੂੰ ਕੁੱਝ ਸਮਝ ਨਹੀਂ ਆ ਰਿਹਾ ਸੀ। ਪਰ ਸੋਨੀਆ ਨੂੰ ਦੇਖ਼ ਕੇ ਉਹ ਇਹ ਜ਼ਰੂਰ ਸਮਝ ਗਈ ਸੀ ਕਿ ਕੋਈ ਗੱਲ ਤਾਂ ਹੈ ਜੋ ਸੋਨੀਆ ਦੱਸ ਨਹੀਂ ਰਹੀ।

                 ਆ ਪੁੱਤਰ, ਰੋਟੀ ਖਾ ਲੈ। ਸ਼ਰਨਜੀਤ ਨੇ ਸੋਚਿਆ ਕਿ ਰੋਟੀ ਖਾਂਦੇ ਸਮੇਂ ਦੁਬਾਰਾ ਪੁੱਛ ਕੇ ਦੇਖਾਂਗੀ।

                ਮੈਨੂੰ ਭੁੱਖ ਨਹੀਂ ਹੈ। ਤੁਸੀਂ ਖਾ ਲਓ। ਸੋਨੀਆ ਨੇ ਅੰਦਰੋਂ ਹੀ ਕਿਹਾ।

                ਹੈਂ! ਭੁੱਖ ਨਹੀਂ? ਪਰ ਅੱਗੇ ਤਾਂ ਕਾਲਜ ਤੋਂ ਆਉਂਦਿਆਂ ਹੀ ਭੁੱਖ-ਭੁੱਖ ਲਾਈ ਹੁੰਦੀ ਹੈ। ਅੱਜ ਭੁੱਖ ਕਿੱਥੇ ਗਈ?

ਚੱਲ ਆ ਮੇਰਾ ਪੁੱਤਰ। ਵੈਸੇ ਵੀ ਅੱਜ ਤੇਰੇ ਪਸੰਦ ਦੀ ਸਬਜ਼ੀ ਬਣਾਈ ਹੈ ਮੈਂ। ਸ਼ਰਨਜੀਤ ਕਿਸੇ ਵੀ ਤਰ੍ਹਾਂ ਸੋਨੀਆ ਦੀ ਸਮੱਸਿਆ ਜਾਣਨਾ ਚਾਹੁੰਦੀ ਸੀ।

                  ਮੰਮੀ, ਮੈਂ ਕਿਹਾ ਨਾ ਕਿ ਮੈਨੂੰ ਭੁੱਖ ਨਹੀਂ। ਮੈਨੂੰ ਤੰਗ ਨਾ ਕਰੋ ਪਲੀਜ਼। ਇਸ ਵਾਰ ਸੋਨੀਆ ਥੋੜ੍ਹਾ ਖਿੱਝ ਕੇ ਬੋਲੀ।

                 ਹੁਣ ਸ਼ਰਨਜੀਤ ਦਾ ਸ਼ੱਕ ਪੱਕਾ ਹੋ ਗਿਆ ਕਿ ਜ਼ਰੂਰ ਕੋਈ ਗੱਲ ਹੈ। ਉਹ ਸੋਨੀਆ ਦੇ ਕਮਰੇ ਵਿੱਚ ਜਾ ਕੇ ਬੈਠ ਗਈ।

ਦੇਖ਼ ਪੁੱਤਰ, ਸਮੱਸਿਆ ਕੋਈ ਵੀ ਹੋਵੇ ਓਸਦਾ ਹੱਲ ਜ਼ਰੂਰ ਨਿਕਲ਼ਦਾ ਹੈ ਪਰ ਜੇਕਰ ਅਸੀਂ ਆਪਣੇ ਮਾਂ-ਬਾਪ ਨੂੰ ਨਹੀਂ ਦੱਸਾਂਗੇ ਤਾਂ ਫ਼ਿਰ ਉਹ ਸਮੱਸਿਆ ਹੋਰ ਵੱਡੀ ਹੋ ਜਾਂਦੀ ਹੈ। ਇਸ ਲਈ ਜੋ ਵੀ ਗੱਲ ਹੈ ਤੂੰ ਮੈਨੂੰ ਦੱਸ ਸਕਦੀ ਹੈਂ। ਮੈਂ ਤੈਨੂੰ ਸਹੀ ਸਲਾਹ ਹੀ ਦੇਵਾਂਗੀ। ਸ਼ਰਨਜੀਤ ਨੇ ਪਿਆਰ ਨਾਲ ਕਿਹਾ।

              ਮੰਮੀ, ਕਾਲਜ ਵਿੱਚ ਕੁੱਝ ਮੁੰਡੇ ਮੈਨੂੰ ਰੋਜ਼ ਤੰਗ ਕਰਦੇ ਹਨ। ਪਹਿਲਾਂ ਤਾਂ ਮੈਂ ਧਿਆਨ ਨਹੀਂ ਦਿੰਦੀ ਸੀ ਪਰ ਅੱਜ ਤਾਂ ਹੱਦ ਹੀ ਹੋ ਗਈ। ਉਹਨਾਂ 'ਚੋਂ ਇੱਕ ਮੁੰਡਾ ਚਾਕੂ ਲੈ ਕੇ ਮੇਰੇ ਮੂਹਰੇ ਆ ਕੇ ਬੈਠ ਗਿਆ ਤੇ ਕਹਿਣ ਲੱਗਾ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ ਜੇ ਤੂੰ ਹਾਂ ਨਹੀਂ ਕਰੇਂਗੀ ਤਾਂ ਮੈਂ ਹੁਣੇ ਮਰ ਜਾਣਾ ਹੈ।ਮੰਮੀ...! ਮੈਂ ਬਹੁਤ ਘਬਰਾ ਗਈ ਸੀ ਇਸ ਲਈ...... ਊਂ.... ਊਂ... ਊ ਸੋਨੀਆ ਰੋਣ ਲੱਗ ਪਈ।

               ਇਸ ਲਈ ਕੀ ਪੁੱਤਰ..? ਮੈਨੂੰ ਦੱਸ! ਕੀ ਹੋਇਆ ਫ਼ਿਰ? ਸ਼ਰਨਜੀਤ ਪਰੇਸ਼ਾਨ ਹੋ ਕੇ ਬੋਲੀ।

             ਮੰਮੀ.... ਮੰਮੀ...!

ਮੈਨੂੰ ਸਾਰੇ ਕਹਿਣ ਲੱਗ ਪਏ ਕਿ ਤੂੰ ਹਾਂ ਕਰ ਦੇ। ਤੇ ਮੈਂ......! ਊਂ... ਊਂ.... ਸੋਨੀਆ ਫ਼ੇਰ ਰੋਣ ਲੱਗ ਪਈ।

               ਤੇ ਮੈਂ ਕੀ....? ਕੀ ਤੂੰ ਉਹਨੂੰ ਹਾਂ ਕਰ ਦਿਤੀ। ਸ਼ਰਨਜੀਤ ਨੇ ਅੰਦਾਜ਼ਾ ਲਗਾਇਆ।

               ਤੇ ਮੰਮੀ ਮੈਂ ਕੀ ਕਰਦੀ! ਤੁਸੀਂ ਆਪ ਹੀ ਦੱਸੋ! ਸੋਨੀਆ ਨੇ ਝਿਜਕਦਿਆਂ ਕਿਹਾ।

            ਤੇ ਹੁਣ.... ਤੇ ਹੁਣ....! ਸੋਨੀਆ ਬੋਲਦਿਆਂ ਚੁੱਪ ਕਰ ਗਈ।

            ਹੁਣ ਕੀ ਪੁੱਤਰ। ਦੱਸ ਮੈਨੂੰ....ਸਾਰੀ ਗੱਲ ਦੱਸ। ਸ਼ਰਨਜੀਤ ਨੇ ਦਬਾਅ ਪਾਇਆ।

            ਓਹਦੇ ਸਾਰੇ ਦੋਸਤ ਮੈਨੂੰ ਭਾਬੀ, ਭਾਬੀ ਕਹਿ ਰਹੇ ਸਨ ਤੇ ਉਹ ਸਾਰਿਆਂ ਨੂੰ ਪਾਰਟੀ ਦੇ ਰਿਹਾ ਸੀ। ਮੈਂ ਬੜੀ ਮੁਸ਼ਕਿਲ ਨਾਲ ਉਹਨਾਂ ਸਾਰਿਆਂ ਤੋਂ ਪਿੱਛਾ ਛੁਡਾ ਕੇ ਆਈ ਹਾਂ।ਸੋਨੀਆ ਨੇ ਬੇਬਸੀ ਜ਼ਾਹਰ ਕੀਤੀ।

             ਅੱਛਾ ਪੁੱਤਰ, ਤੂੰ ਮੈਨੂੰ ਇਹ ਦੱਸ ਕਿ ਐਨਾ ਹੀ ਸੱਚ ਹੈ ਕਿ ਹੋਰ ਕੁੱਝ ਵੀ ਹੈ? ਸ਼ਰਨਜੀਤ ਨੇ ਸੋਨੀਆ ਦੀਆਂ ਅੱਖਾਂ ਵਿੱਚ ਦੇਖਦਿਆਂ ਕਿਹਾ।

            ਹਾਂਜੀ ਮੰਮੀ, ਐਨਾ ਹੀ ਸੱਚ ਹੈ। ਹੋਰ ਕੋਈ ਗੱਲ ਨਹੀਂ ਹੈ। ਸੋਨੀਆ ਨੇ ਦ੍ਰਿੜ੍ਹ ਹੋ ਕੇ ਕਿਹਾ।

             ਠੀਕ ਹੈ। ਹੁਣ ਤੂੰ ਪਰੇਸ਼ਾਨ ਨਾ ਹੋ! ਸਾਰੀ ਗੱਲ ਮੇਰੇ ਤੇ ਛੱਡ ਦੇ। ਬੱਸ ਉਸ ਮੁੰਡੇ ਦਾ ਕੋਈ ਅਤਾ-ਪਤਾ ਹੈ ਤਾਂ ਮੈਨੂੰ ਦੱਸ। ਸ਼ਰਨਜੀਤ ਨੇ ਕੁੱਝ ਸੋਚਦਿਆਂ ਕਿਹਾ।

             ਮੰਮੀ ਉਹਦਾ ਨਾਮ ਸੰਨੀ ਹੈ ਤੇ ਉਹ ਨਹਿਰੂ ਕਲੋਨੀ ਵਿੱਚ ਰਹਿੰਦਾ ਹੈ। ਸੋਨੀਆ ਨੇ ਦੱਸਿਆ।

               ਚੱਲ ਫ਼ਿਰ! ਸ਼ਰਨਜੀਤ ਨੇ ਉੱਠਦਿਆਂ ਕਿਹਾ।

               ਕਿੱਥੇ ਨੂੰ? ਸੋਨੀਆ ਹੈਰਾਨ ਹੋ ਕੇ ਬੋਲੀ।

               ਤੂੰ ਚੱਲ ਤਾਂ ਸਹੀ। ਬੱਸ ਚੁੱਪ ਰਹਿ ਕੇ ਦੇਖੀ ਜਾਈਂ। ਸ਼ਰਨਜੀਤ ਨੇ ਸੋਨੀਆ ਨੂੰ ਬਾਂਹੋ ਫੜ੍ਹ ਕੇ ਉਠਾਇਆ ਤੇ ਸਕੂਟਰੀ ਤੇ ਬਿਠਾ ਕੇ ਘਰੋਂ ਨਿਕਲ ਤੁਰੀ।

ਕੁੱਝ ਦੇਰ 'ਚ ਉਹ ਸੰਨੀ ਦੇ ਘਰ ਪਹੁੰਚ ਗਈਆਂ। ਸੋਨੀਆ ਹੈਰਾਨ ਪਰੇਸ਼ਾਨ, ਪਰ ਚੁੱਪ ਸੀ।

               ਸੰਨੀ...! ਸੰਨੀ ਪੁੱਤਰ! ਸ਼ਰਨਜੀਤ ਨੇ ਅੰਦਰ ਵੜ੍ਹਦਿਆਂ ਆਵਾਜ਼ ਮਾਰੀ।

              ਹਾਂਜੀ, ਤੁਸੀਂ ਕੌਣ? ਸੰਨੀ ਦੀ ਭੈਣ ਮੀਨਾ ਨੇ ਉਹਨਾਂ ਨੂੰ ਦੇਖ਼ ਕੇ ਪੁੱਛਿਆ।

               ਪੁੱਤਰ, ਅਸੀਂ ਤੁਹਾਡੇ ਰਿਸ਼ਤੇਦਾਰ ਹੀ ਹਾਂ। ਤੂੰ ਜ਼ਰਾ ਮੰਮੀ ਨੂੰ ਤੇ ਵੀਰੇ ਨੂੰ ਤਾਂ ਬੁਲਾ। ਸ਼ਰਨਜੀਤ ਨੇ ਵਿਅੰਗਾਤਮਕ ਤਰੀਕੇ ਨਾਲ਼ ਕਿਹਾ।

                ਜੀ ਆਂਟੀ, ਹੁਣੇ ਬੁਲਾਂਦੀ ਹਾਂ। ਤੁਸੀਂ ਬੈਠੋ। ਕਹਿ ਕੇ ਮੀਨਾ ਅੰਦਰ ਚਲੀ ਗਈ।

                 ਸਤਿ ਸ਼੍ਰੀ ਆਕਾਲ ਭੈਣ ਜੀ। ਸ਼ਰਨਜੀਤ ਨੇ ਸੰਨੀ ਦੀ ਮੰਮੀ ਨੂੰ ਦੇਖ਼ ਕੇ ਕਿਹਾ।

               ਸਤਿ ਸ਼੍ਰੀ ਆਕਾਲ ਜੀ। ਸੰਨੀ ਦੀ ਮੰਮੀ ਨੇ ਕੁੱਝ ਹੈਰਾਨ ਹੁੰਦਿਆਂ ਜਵਾਬ ਦਿੱਤਾ।

               ਸੰਨੀ ਪੁੱਤਰ ਕਿਵੇਂ ਹੋ? ਸ਼ਰਨਜੀਤ ਨੇ ਸੰਨੀ ਨੂੰ ਆਉਂਦਿਆਂ ਦੇਖ਼ ਕੇ ਪੁੱਛਿਆ।

                ਮੈਂ..... ਮੈਂ....! ਸੋਨੀਆ ਵੱਲ ਦੇਖਦਿਆਂ ਹੀ ਸੰਨੀ ਇੱਕਦਮ ਬੌਂਦਲ ਜਿਹਾ ਗਿਆ।

               ਕੀ ਹੋਇਆ ਪੁੱਤਰ? ਸ਼ਰਨਜੀਤ ਨੇ ਜਿਵੇਂ ਓਹਦੇ ਸਿਰ ਤੇ ਹਥੌੜਾ ਹੀ ਮਾਰ ਦਿੱਤਾ ਹੋਵੇ।

               ਜੀ ਕੁੱਝ ਨਹੀਂ..…. ਮੈਂ....ਮੈਂ....ਹੁਣੇ ਆਇਆ...! ਕਹਿ ਕੇ ਸੰਨੀ ਬਾਹਰ ਨੂੰ ਮੁੜਿਆ।

               ਨਾਂ... ਨਾਂ.... ਪੁੱਤਰ, ਬਾਅਦ ਵਿੱਚ ਜਾਵੀਂ। ਹਜੇ ਇੱਧਰ ਆ। ਜ਼ਰੂਰੀ ਗ਼ੱਲ ਕਰਨੀ ਹੈ ਅਸੀਂ। ਸ਼ਰਨਜੀਤ ਨੇ ਸੰਨੀ ਨੂੰ ਰੋਕਦਿਆਂ ਕਿਹਾ।

               ਪਰ ਭੈਣ ਜੀ, ਤੁਸੀਂ ਹੋ ਕੌਣ? ਸੰਨੀ ਦੀ ਮੰਮੀ ਨੇ ਹੈਰਾਨੀ ਨਾਲ ਪੁੱਛਿਆ।

                 ਆਜੋ ਬੈਠੋ ਭੈਣ ਜੀ, ਮੈਂ ਸੱਭ ਦੱਸਦੀ ਹਾਂ। ਦਰਅਸਲ ਕੱਲ੍ਹ ਸੰਨੀ ਨੇ ਮੇਰੀ ਬੇਟੀ ਸੋਨੀਆ ਨੂੰ ਆਪਣੇ ਦੋਸਤਾਂ ਤੋਂ ਭਾਬੀ ਕਹਾਇਆ। ਇਸ ਤਰ੍ਹਾਂ ਇਹ ਤੁਹਾਡੀ ਨੂੰਹ ਬਣ ਗਈ। ਸ਼ਰਨਜੀਤ ਨੇ ਸੋਨੀਆ ਵੱਲ ਇਸ਼ਾਰਾ ਕਰਦਿਆਂ ਕਿਹਾ।

                ਕੀ...? ਇਹ ਕੀ ਕਹਿ ਰਹੇ ਹੋ ਭੈਣ ਜੀ। ਸੰਨੀ ਹਜੇ ਪੜ੍ਹ ਰਿਹਾ ਹੈ। ਇਹ ਤਾਂ ਛੋਟਾ ਹੈ ਹਜੇ। ਹਜੇ ਅਸੀਂ ਕਿਵੇਂ.....? ਸੰਨੀ ਦੀ ਮੰਮੀ ਨੂੰ ਕੁੱਝ ਸਮਝ ਨਹੀਂ ਸੀ ਆ ਰਹੀ।

                ਨਾਂ.... ਨਾਂ.... ਭੈਣ ਜੀ, ਇਹ ਪੜ੍ਹਨ ਥੋੜੇ ਜਾਂਦਾ। ਇਹ ਤਾਂ ਮੁੰਡਿਆਂ ਨਾਲ਼ ਰਲ਼ ਕੇ ਲੋਕਾਂ ਦੀਆਂ ਕੁੜੀਆਂ ਨੂੰ ਭਾਬੀਆਂ ਕਹਾਉਂਦਾ ਫਿਰਦਾ।

ਸ਼ਰਨਜੀਤ ਦੀ ਆਵਾਜ਼ ਵਿੱਚ ਹੁਣ ਤਲਖ਼ੀ ਸੀ।

                  ਸੰਨੀ ਇਹ ਕੀ ਕਹਿ ਰਹੇ ਹਨ? ਤੂੰ ਕਾਲਜ ਜਾ ਕੇ ਇਹ ਕੰਮ ਕਰਦਾ ਹੈਂ? ਸੰਨੀ ਦੀ ਮੰਮੀ ਨੇ ਗੁੱਸੇ ਵਿੱਚ ਕਿਹਾ।

                   ਨਹੀਂ ਮੰਮੀ..... ਉਹ...! ਸੰਨੀ ਦੀ ਜ਼ੁਬਾਨ ਲੜਖੜਾ ਰਹੀ ਸੀ।

                ਹਾਂਜੀ ਆਂਟੀ ਜੀ, ਹੁਣ ਮੈਂ ਇੱਥੇ ਹੀ ਰਹਾਂਗੀ। ਵੈਸੇ ਵੀ ਇਹਨੇ ਕਿਹਾ ਕਿ ਇਹ ਮੇਰੇ ਬਿਨਾਂ ਮਰ ਜਾਏਗਾ। ਸੋਨੀਆ ਨੇ ਆਪਣੀ ਮੰਮੀ ਦੀ ਚਾਲ ਸਮਝਦਿਆਂ ਚੁੱਪੀ ਤੋੜੀ।

                ਸ਼ਾਬਾਸ਼ ਪੁੱਤਰ! ਤੂੰ ਤਾਂ ਬਹੁਤ ਵਧੀਆ ਪੜ੍ਹਾਈ ਕਰਦਾ ਹੈਂ, ਕਾਲਜ ਵਿੱਚ। ਆਪਣੀ ਭੈਣ ਲਈ ਵੀ ਕੋਈ ਮੁੰਡਾ ਵੇਖ਼ ਲੈਣਾ ਸੀ। ਸੰਨੀ ਦੀ ਮੰਮੀ ਨੇ ਉਹਦੀ ਬਾਂਹ ਫੜ੍ਹਦਿਆਂ ਕਿਹਾ। 

                 ਮੈਨੂੰ ਮਾਫ਼ ਕਰਦੇ ਸੋਨੀਆ। ਮੈਨੂੰ ਸਮਝ ਆ ਗਈ ਹੈ ਕਿ ਮੈਂ ਤੈਨੂੰ ਬਹੁਤ ਤੰਗ ਕੀਤਾ ਹੈ। ਮੰਮੀ ਮੈਨੂੰ ਮਾਫ਼ ਕਰ ਦਿਓ, ਮੈਂ ਵਾਅਦਾ ਕਰਦਾ ਹਾਂ ਕਿ ਅੱਜ ਤੋਂ ਕਦੇ ਵੀ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ। ਇਸ ਵਾਰ ਮਾਫ਼ ਕਰ ਦਿਓ ਆਂਟੀ ਜੀ। ਮੈਂ ਬਹੁਤ ਸ਼ਰਮਿੰਦਾ ਹਾਂ।ਸੋਨੀਆ ਮੈਂ ਭੁੱਲ ਗਿਆ ਸੀ ਕਿ ਮੇਰੇ ਘਰ ਵੀ ਇੱਕ ਤੇਰੇ ਵਰਗੀ ਕੁੜੀ ਹੈ ਜੋ ਕਿ ਮੇਰੀ ਭੈਣ ਹੈ। ਮੈਂ ਸੱਚ ਕਹਿ ਰਿਹਾ ਹਾਂ ਅੱਜ ਤੋਂ ਤੈਨੂੰ ਵੀ ਭੈਣ ਸਮਝਾਂਗਾ। ਬੱਸ ਇੱਕ ਵਾਰ ਮੈਨੂੰ ਤੁਸੀਂ ਸਾਰੇ ਮਾਫ਼ ਕਰ ਦਿਓ। ਸੰਨੀ ਹੱਥ ਜੋੜੀ ਖੜ੍ਹਾ ਸੀ।

                  ਕੀ ਹੋਇਆ ਵੀਰੇ? ਅੰਦਰੋਂ ਮੀਨਾ ਨੇ ਬਾਹਰ ਨਿਕਲਦਿਆਂ ਪੁੱਛਿਆ।

                  ਕੁੱਝ ਨਹੀਂ ਭੈਣੇ!ਸੰਨੀ ਬਹੁਤ ਚੰਗਾ ਮੁੰਡਾ ਹੈ, ਇਹ ਮੇਰੇ ਨਾਲ਼ ਕਾਲਜ ਵਿੱਚ ਪੜ੍ਹਦਾ ਹੈ। ਅਸੀਂ ਇੱਥੋਂ ਲੰਘ ਰਹੇ ਸੀ ਤਾਂ ਇਸ ਲਈ ਸੋਚਿਆ ਕਿ ਮਿਲ਼ ਕੇ ਚੱਲੀਏ। ਸੰਨੀ ਕਹਿੰਦਾ ਸੀ ਕਿ ਮੇਰੀ ਭੈਣ ਚਾਹ ਬਹੁਤ ਸੁਆਦ ਬਣਾਉਂਦੀ ਹੈ। ਸੋਨੀਆ ਚਹਿਕ ਉੱਠੀ ਸੀ।

               ਅੱਛਾ ਦੀਦੀ! ਸੱਚੀ? ਮੈਂ ਹੁਣੇ ਚਾਹ ਬਣਾ ਕੇ ਲਿਆਉਂਦੀ ਹਾਂ। ਕਹਿ ਕੇ ਮੀਨਾ ਅੰਦਰ ਚਾਹ ਬਣਾਉਣ ਚਲੀ ਗਈ।

             ਚਲੋ ਦੇਰ ਆਏ ਦਰੁੱਸਤ ਆਏ। ਪਰ ਸੰਨੀ ਪੁੱਤਰ ਅੱਗੇ ਤੋਂ ਯਾਦ ਰੱਖੀਂ ਕਿ ਧੀਆਂ- ਭੈਣਾਂ ਸੱਭ ਦੀਆਂ ਸਾਂਝੀਆਂ ਹੁੰਦੀਆਂ ਹਨ। ਸ਼ਰਨਜੀਤ ਨੇ ਪਿਆਰ ਨਾਲ ਕਿਹਾ।

               ਹਾਂ ਪੁੱਤਰ, ਬੱਚੇ ਮਾਂ- ਬਾਪ ਦਾ ਰੂਪ ਹੁੰਦੇ ਹਨ। ਜੋ ਤੁਸੀਂ ਕਰੋਗੇ ਓਹਦੇ ਨਾਲ਼ ਹੀ ਸਾਡਾ ਨਾਮ ਰੌਸ਼ਨ ਹੋਣਾ ਜਾਂ ਮਿੱਟੀ ਵਿੱਚ ਮਿਲਣਾ ਹੈ। ਸੰਨੀ ਦੀ ਮੰਮੀ ਨੇ ਸਮਝਾਇਆ।

                ਹਾਂਜੀ ਮੰਮੀ, ਤੁਸੀਂ ਠੀਕ ਕਹਿੰਦੇ ਹੋ। ਪਰ ਜੇ ਸਵੇਰ ਦਾ ਭੁੱਲਾ ਸ਼ਾਮ ਨੂੰ ਘਰ ਆਵੇ ਤਾਂ ਉਹਨੂੰ ਭੁੱਲਾ ਨਹੀਂ ਕਹੀਦਾ, ਮਾਫ਼ ਕਰ ਦੇਈਦਾ ਹੈ। ਸੰਨੀ ਨੇ ਫ਼ੇਰ ਹੱਥ ਜੋੜਦਿਆਂ ਕਿਹਾ।

                 ਤੇ ਤੇਰੇ ਦੋਸਤ ਹੁਣ ਮੈਨੂੰ ਕੀ ਕਹਿਣਗੇ।ਸੋਨੀਆ ਨੇ ਉੱਠਦਿਆਂ ਕਿਹਾ।

               ਫ਼ਿਕਰ ਨਾ ਕਰ ਅੱਜ ਤੋਂ ਅਸੀਂ ਸਾਰੇ ਤੈਨੂੰ ਭੈਣ ਕਹਾਂਗੇ ਤੇ ਆਂਟੀ ਜੀ ਦੀ ਸਿੱਖਿਆ ਵੀ ਸੱਭ ਨੂੰ ਦੇਵਾਂਗੇ।ਹੁਣ ਮੈਂ ਆਪਣੀ ਭੈਣ ਤੇ ਆਂਟੀ ਲਈ ਸਮੋਸੇ ਲੈ ਕੇ ਆਉਂਦਾ ਹਾਂ, ਕਹਿ ਕੇ ਸੰਨੀ ਉੱਠ ਕੇ ਬਾਹਰ ਨਿਕਲ਼ ਗਿਆ।

                ਭੈਣ ਜੀ,ਤੁਸੀਂ ਬਹੁਤ ਚੰਗਾ ਕੀਤਾ ਕਿ ਘਰੇ ਆ ਗਏ। ਤੇ ਤੁਹਾਡਾ ਬੱਚਿਆਂ ਨੂੰ ਸਮਝਾਉਣ ਦਾ ਤਰੀਕਾ ਬਹੁਤ ਸੋਹਣਾ ਹੈ। ਬੱਚੇ ਗ਼ਲਤੀ ਕਰਨ ਤਾਂ ਵੱਡਿਆਂ ਨੂੰ ਇੰਝ ਹੀ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ। ਸੰਨੀ ਦੀ ਮੰਮੀ ਨੇ ਸ਼ਰਨਜੀਤ ਨੂੰ ਕਿਹਾ ਤੇ ਸੋਨੀਆ ਦੇ ਸਿਰ ਤੇ ਹੱਥ ਰੱਖ ਕੇ ਪਿਆਰ ਦਿੱਤਾ।

              ਐਨੇ ਨੂੰ ਸੰਨੀ ਸਮੋਸੇ ਲੈ ਕੇ ਆ ਗਿਆ ਤੇ ਮੀਨਾ ਚਾਹ ਲੈ ਆਈ।ਸੱਭ ਨੇ ਮਿਲ਼ ਕੇ ਚਾਹ ਪੀਤੀ ਤੇ ਸਮੋਸੇ ਖਾਧੇ ਤੇ ਫ਼ਿਰ ਸ਼ਰਨਜੀਤ ਤੇ ਸੋਨੀਆ ਖੁਸ਼ੀ- ਖੁਸ਼ੀ ਆਪਣੇ ਘਰ ਨੂੰ ਤੁਰ ਪਈਆਂ।

 

ਮਨਜੀਤ ਕੌਰ ਧੀਮਾਨ-ਸਪਰਿੰਗ ਡੇਲ ਪਬਲਿਕ ਸਕੂਲ- ਸ਼ੇਰਪੁਰ, ਲੁਧਿਆਣਾ-ਸੰ:9464633059