ਲੋਕੀ ਆਖਦੇ ਨੇ ਹੀਰਾ,
ਤੇ ਮੈਂ ਕੱਚ ਵੀ ਨਹੀਂ।
ਜਿੰਨੀ ਕਰਦੇ ਤਾਰੀਫ਼,
ਓਨਾਂ ਸੱਚ ਵੀ ਨਹੀਂ।
ਲੋਕੀ ਆਖਦੇ...
ਇੱਕ ਇੱਕ ਗੱਲ ਲੱਗੇ,
ਜਿਵੇਂ ਘੜ ਕੇ ਬਣਾਈ।
ਵਿੱਚ ਕੰਨਾਂ ਰਸ ਘੁਲੇ,
ਜਦੋਂ ਆਖ ਕੇ ਸੁਣਾਈ।
ਹੌਲ਼ੇ ਫੁੱਲਾਂ ਜਿਹੇ ਜ਼ੇਰੇ,
ਵਡਿਆਈ ਪੱਚਦੀ ਨਹੀਂ।
ਲੋਕੀਂ ਆਖਦੇ ....
ਆਵੇ ਹੰਕਾਰ ਨਾ ਕਦੇ,
ਦੁਆਵਾਂ ਝੋਲ਼ੀ ਵਿੱਚ ਪੈਣ।
ਸੋਹਣੇ ਉੱਚੇ ਸੁੱਚੇ ਵਿਚਾਰ,
ਸਦਾ ਦਿਲਾਂ ਵਿੱਚ ਰਹਿਣ।
ਕੀ ਭਲਾਂ ਭਾਵੁਕ ਲਿਖਿਆ,
ਜੇ ਭਰਿਆ ਗੱਚ ਹੀ ਨਹੀਂ।
ਲੋਕੀ ਆਖਦੇ...
ਰੱਬਾ ਉਮਰਾਂ ਤੂੰ ਬਖਸ਼ੀ,
ਜਿਹੜੇ ਐਡਾ ਦਿੰਦੇ ਮਾਣ।
'ਮਨਜੀਤ' ਹੈ ਨਿਤਾਣੀ ਤੇ,
ਤੂੰ ਨਿਤਾਣਿਆਂ ਦਾ ਤਾਣ।
ਜੇ ਹੋਵੇ ਪੈਰਾਂ 'ਚ ਨਾ ਲੋਰ,
ਹੋਣਾ ਨੱਚ ਵੀ ਨਹੀਂ।
ਲੋਕੀ ਆਖਦੇ....
ਮਨਜੀਤ ਕੌਰ ਧੀਮਾਨ, ਸਪਰਿੰਗ ਡੇਲ ਪਬਲਿਕ ਸਕੂਲ,ਸ਼ੇਰਪੁਰ, ਲੁਧਿਆਣਾ- ਸੰ:9464633059