You are here

ਗੁਰੂ ਰਵਿਦਾਸ ਨੂੰ ਸਮਰਪਿਤ! ✍️ ਸਲੇਮਪੁਰੀ ਦੀ ਚੂੰਢੀ

 ਹੇ ਰਵਿਦਾਸ
ਤੂੰ 'ਕੱਲੇ ਨੇ
 ਸਮੇਂ ਦੇ ਹਾਕਮਾਂ ਨਾਲ
ਟੱਕਰ ਲੈਂਦਿਆਂ
ਗੈਰ-ਬਰਾਬਰੀ ਵਿਰੁੱਧ
ਅਵਾਜ ਬੁਲੰਦ ਕੀਤੀ!
ਤੂੰ ਜਾਤ ਦੇ ਹੰਕਾਰੀਆਂ
ਦਾ ਮੁਕਾਬਲਾ ਕਰਦਿਆਂ
 ਬਿਨਾਂ ਗਮਾਂ ਵਾਲੇ
'ਬੇਗਮਪੁਰਾ' ਦੀ ਸਿਰਜਣਾ
ਦਾ ਹੋਕਾ ਦਿੱਤਾ!
ਪਰ ਅੱਜ
ਅਸੀਂ ਫਿਰ ਨਫਰਤ ਦੇ ਬੀਜ
ਬੀਜਦੇ ਫਿਰਦੇ ਆਂ!
ਨਾ ਕਿਸੇ ਤੋਂ ਡਰਦੇ ਆਂ
ਅਸੀਂ ਗੁਰੂ ਗ੍ਰੰਥ ਸਾਹਿਬ ਨੂੰ
ਗੁਰੂ ਮੰਨਦੇ ਆਂ!
ਪਰ ਉਹਦੀ ਸੀਖ
ਮੰਨਣ ਤੋਂ ਭੱਜਦੇ ਆਂ!
ਜੇ ਵੋਟਾਂ ਦੀ
 ਰਾਜਨੀਤੀ ਨਾ ਹੋਵੇ
ਤਾਂ ਕਦੋਂ ਦੀ ਤੇਰੀ ਬਾਣੀ
ਗੁਰੂ ਗ੍ਰੰਥ ਤੋਂ ਅਲਹਿਦਾ
ਕਰਕੇ ਰੱਖ ਦੇਣੀ ਸੀ,
ਜਿਵੇਂ -
ਤੇਰੇ ਗੁਰੂਦੁਆਰੇ
ਅਲਹਿਦਾ ਕਰਕੇ
ਰੱਖੇ ਨੇ!
ਜਾਤ ਦਾ ਹੰਕਾਰ
ਸਾਡੇ ਦਿਮਾਗ ਨੂੰ
ਚੜ੍ਹਿਆ ਰਹਿੰਦੈ!
ਤੈਨੂੰ 'ਗੁਰੂ' ਕਹਿੰਦਿਆਂ
ਸਾਡੇ ਦੰਦਲਾਂ ਪੈਂਦੀਆਂ ਨੇ!
ਤਾਹੀਓਂ ਤਾਂ ਤੈਨੂੰ
'ਭਗਤ' ਕਹਿੰਦੇ ਆਂ!
ਉਂਝ ਵੋਟਾਂ ਦੇ ਦਿਨਾਂ 'ਚ
ਤੇਰੀ ਯਾਦ
ਬਥੇਰੀ ਆਉਂਦੀ ਆ!
ਨਹੀਂ ਤਾਂ
ਤੇਰੇ ਤੋਂ ਨਫਰਤ ਆਉਂਦੀ!
ਅਸੀਂ ਨਾ ਨਾਨਕ ਦੇ ਹੋਏ ਆਂ!
ਨਾ ਗੋਬਿੰਦ ਦੇ ਬਣੇ ਆਂ
ਜਿਨ੍ਹਾਂ ਇੱਕੋ ਬਾਟੇ ਵਿੱਚ
ਅੰਮ੍ਰਿਤ ਛਕਾ ਕੇ
ਜਾਤ-ਪਾਤ ਦੀਆਂ ਕੰਧਾਂ
ਤੋੜੀਆਂ ਸੀ!
ਹੰਕਾਰੀਆਂ ਦੀਆਂ ਧੌਣਾਂ
ਮਰੋੜੀਆਂ ਸੀ!
ਅਸੀਂ ਤਾਂ ਬਸ
ਜਾਤ ਦੇ ਹੰਕਾਰ ਵਿਚ
ਅੰਨ੍ਹੇ ਹੋਏ ਫਿਰਦੇ ਆਂ!
ਮਾਨਵਤਾ ਦਾ ਪਾਠ ਭੁੱਲਾ ਕੇ
ਟਿਕੇ ਟਿਕੇ ਲਈ ਵਿਕਦੇ ਆਂ!
-ਸੁਖਦੇਵ ਸਲੇਮਪੁਰੀ
09780620233
16 ਫਰਵਰੀ, 2022.