ਏਹ ਕੇਹਾ ਦੇਸ਼ ਨੀ ਮਾਏ!
ਜਿਥੇ ਘਿਓ
ਮਚਾਇਆ ਜਾਵੇ ਨੀ!
ਜਿਥੇ ਦੁੱਧ
ਵਹਾਇਆ ਜਾਵੇ ਨੀ!
ਜਿਥੇ ਮੂਤ
ਪਿਲਾਇਆ ਜਾਵੇ ਨੀ!
ਏਹ ਕੇਹਾ ਦੇਸ਼ ਨੀ ਮਾਏ ।
ਏਹ ਕੇਹਾ ਦੇਸ਼!
ਜਿਥੇ ਰੱਬ ਦੇ ਰੇਡੀਓ
ਵੱਜਦੇ ਨੇ!
ਲੋਕੀਂ ਰੱਬ 'ਤੇ ਭਰੋਸਾ
ਧਰਦੇ ਨੇ!
ਪਰ ਰਾਖੀ ਕੈਮਰੇ
ਕਰਦੇ ਨੇ!
ਏਹ ਕੇਹਾ ਦੇਸ਼ ਨੀ ਮਾਏ!
ਏਹ ਕੇਹਾ ਦੇਸ਼!
ਜਿਥੇ ਮਾਵਾਂ ਦੀਆਂ ਕੁੱਖਾਂ
ਮੜੀਆਂ ਨੇ!
ਧੀਆਂ ਦੀਆਂ ਕਿਸਮਤਾਂ
ਸੜੀਆਂ ਨੇ!
ਪਾਉਂਦੀਆਂ ਤਰਲੇ
ਖੜ੍ਹੀਆਂ ਨੇ!
ਏਹ ਕੇਹਾ ਦੇਸ਼ ਨੀ ਮਾਏ!
ਏਹ ਕੇਹਾ ਦੇਸ਼!
ਜਿਥੇ ਧਰਮ ਦੇ ਨਾਂ 'ਤੇ
ਦੰਗੇ ਨੇ!
ਜਿਥੇ ਜਾਤ ਪਰਖਦੇ
ਬੰਦੇ ਨੇ!
ਕਰਜੇ ਦੇ ਗਲ ਵਿਚ
ਫੰਦੇ ਨੇ!
ਏਹ ਕੇਹਾ ਦੇਸ਼ ਨੀ ਮਾਏ।
ਏਹ ਕੇਹਾ ਦੇਸ਼ !
ਜਿਥੇ ਸਾਇੰਸ
ਬੌਣੀ ਬਣ ਗਈ ਆ!
ਮਿਥਿਹਾਸ ਦੀ
ਝੰਡੀ ਚੜ੍ਹ ਗਈ ਆ!
ਤਰਕ ਦੀ ਪੋਥੀ
ਸੜ ਗਈ ਆ!
ਏਹ ਕੇਹਾ ਦੇਸ਼ ਨੀ ਮਾਏ!
ਏਹ ਕੇਹਾ ਦੇਸ਼ !
-ਸੁਖਦੇਵ ਸਲੇਮਪੁਰੀ
09780620233
12 ਫਰਵਰੀ, 2022.