ਪੰਜਾਬ

ਪੁਲਿਸ ਅੱਤਿਆਚਾਰ ਖਿਲਾਫ਼ ਲਗਾਤਾਰ 154ਵੇਂ ਦਿਨ ਥਾਣੇ ਮੂਹਰੇ ਕੀਤੀ ਨਾਹਰੇਬਾਜ਼ੀ 

ਜਲ਼ਦੀ ਕਰਾਂਗੇ ਵੱਡਾ ਰੋਸ ਮੁਜ਼ਾਹਰਾ-ਕਿਰਤੀ ਕਿਸਾਨ ਯੂਨੀਅਨ 

ਜਗਰਾਉਂ 23 ਅਗਸਤ (  ਮਨਜਿੰਦਰ ਗਿੱਲ ) ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਅਤੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ ਦੀ ਅਗਵਾਈ ਵਿੱਚ ਧਰਨਾਕਾਰੀਆਂ ਨੇ 154ਵੇਂ ਦਿਨ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਲਈ ਸਥਾਨਕ ਸਿਟੀ ਥਾਣੇ ਮੂਹਰੇ ਰੱਜ਼ ਕੇ ਨਾਹਰੇਬਾਜ਼ੀ ਕੀਤੀ ਅਤੇ ਪੁਲਿਸ ਅਧਿਕਾਰੀਆਂ ਦੇ ਪੱਖਪਾਤੀ ਵਤੀਰੇ ਦੀ ਨਿੰਦਾ ਕੀਤੀ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕੇਕੇਯੂ ਦੇ ਆਗੂ ਤਰਲੋਚਨ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ(ਰਜ਼ਿ.) ਦੇ ਪ੍ਰਧਾਨ ਗੁਰਦਿਆਲ਼ ਸਿੰਘ ਤਲਵੰਡੀ ਅਤੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ ਨੇ ਪੁਲਿਸ ਅਧਿਕਾਰੀਆਂ ਤੋਂ ਪੁਛਿਆ ਕਿ "ਕੀ ਪੰਜਾਬ ਰਾਜ ਵਿੱਚ ਦੋ ਹਨ?, ਜੇ ਗਲਤੀ ਆਮ ਵਿਅਕਤੀ ਕਰੇ ਤਾਂ ਕਾਨੂੰਨ ਤੁਰੰਤ ਲਾਗੂ ਹੋ ਜਾਂਦਾ ਹੈ ਪਰ ਜੇ ਗਲਤੀ ਕੋਈ ਪੁਲਿਸ ਮੁਲਾਜ਼ਮ ਕਰੇ ਤਾਂ ਕਾਨੂੰਨ ਠੁੱਸ ਕਿਉਂ ਹੋ ਜਾਂਦਾ ਹੈ? ਇੱਕ ਬਿਆਨ 'ਚ ਏਕਤਾ ਭਲਾਈ ਮੰਚ ਦੇ ਚੇਅਰਮੈਨ ਦਰਸ਼ਨ ਸਿੰਘ ਧਾਲੀਵਾਲ ਤੇ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਕਿ 17 ਸਾਲ ਪਹਿਲਾਂ ਗਰੀਬ ਮਾਂ-ਧੀ ਨੂੰ ਅੱਧੀ ਰਾਤ ਨੂੰ ਘਰੋਂ ਚੁੱਕ ਕੇ, ਥਾਣੇ 'ਚ ਨਜ਼ਾਇਜ਼ ਹਿਰਾਸਤ 'ਚ ਰੱਖ ਕੇ, ਨਾਲੇ ਕੁੱਟਿਆ-ਮਾਰਿਆ, ਨਾਲੇ ਬਿਜਲ਼ੀ ਦੇ ਕਰੰਟ ਲਗਾਏ ਗਏ। ਫਰਜ਼ੀ ਬਣੇ ਥਾਣਾਮੁਖੀ ਨੇ ਘਟਨਾ ਨੂੰ ਲਕੋਣ ਲਈ ਹੀ ਪਰਿਵਾਰ ਨੂੰ ਹੀ ਝੂਠੇ ਕੇਸਾਂ ਵਿੱਚ ਫਸਾਇਆ ਗਿਆ ਸੀ। ਉਨਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਕਰੀਬ ਦਹਾਕੇ ਬਾਦ ਬਰੀ ਹੋਇਆ ਸੀ। ਪਰਿਵਾਰ ਨੇ ਦੱਸਿਆ ਕਿ ਅੱਤਿਆਚਾਰ ਦੀ ਸ਼ਿਕਾਰ ਕੁਲਵੰਤ ਕੌਰ ਦੀ ਮੌਤ ਤੋ ਬਾਦ ਦੋਸ਼ੀਆਂ ਤੇ ਸੰਗੀਨ ਧਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਪਰ ਸੰਗੀਨ ਧਾਰਾਵਾਂ ਦੇ ਬਾਵਜੂਦ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੋਸ਼ੀ ਥਾਣੇਦਾਰ ਅਤੇ ਸਰਪੰਚ ਬਿਨਾਂ ਕਿਸੇ ਜ਼ਮਾਨਤ ਜਾਂ ਅਰੈਸਟ ਵਰੰਟ ਦੇ ਖੁੱਲ੍ਹੇ ਘੁੰਮ ਰਹੇ ਹਨ। ਆਗੂਆਂ ਨੇ ਦੋਸ਼ ਲਗਾਇਆ ਕਿ ਪੁਲਿਸ ਅਧਿਕਾਰੀ ਦੋਸ਼ੀ ਦੀ ਹੈਸੀਅਤ ਦੇਖ ਕੇ ਹੀ ਕਾਨੂੰਨ ਨੂੰ ਅਪਲਾਈ ਕਰਦੇ ਹਨ। ਅੱਜ ਦੇ ਧਰਨੇ ਵਿੱਚ ਵਿਸੇਸ਼ਤੌਰ ਤੇ ਪਹੁੰਚੇ ਸਤਿਕਾਰ ਕਮੇਟੀ ਦੇ ਸਿੰਘਾਂ ਨੇ ਕਿਹਾ ਪੀੜ੍ਹਤਾਂ ਨੂੰ ਹੁਣ ਤੱਕ ਇਨਸਾਫ਼ ਨਾਂ ਮਿਲਣਾ ਮੌਜੂਦਾ ਸਰਕਾਰ ਦੇ ਮੱਥੇ 'ਤੇ ਕਾਲ਼ਾ ਧੱਬਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਤਿੱਖਾ ਕਰਕੇ ਹੀ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਹਰ ਪੱਖੋਂ ਸਹਿਯੋਗ ਦਿੱਤਾ ਜਾਵੇਗਾ।  ਇਸ ਸਮੇਂ ਜੱਥੇਦਾਰ ਚੜਤ ਸਿੰਘ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਬਾਬਾ ਬੰਤਾ ਸਿੰਘ ਡੱਲਾ ਅਦਿ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਮ੍ਰਿਤਕ ਕੁਲਵੰਤ ਕੌਰ ਪੁਲਿਸ ਦੇ ਤਸੀਹਿਆ ਕਾਰਨ ਨਕਾਰਾ ਹੋ ਕੇ ਲੰਘੀ 10 ਦਸੰਬਰ 2021 ਨੂੰ ਫੌਤ ਹੋ ਗਈ ਸੀ। ਪੁਲਿਸ ਨੇ ਜਗਰਾਉਂ ਥਾਣੇ ਵਿੱਚ ਦੋਸ਼ੀਆਂ ਖਿਲਾਫ਼ ਪਰਚਾ ਤਾਂ ਦਰਜ ਕੀਤਾ ਸੀ ਪਰ ਅਜੇ ਤੱਕ ਗ੍ਰਿਫਤਾਰੀ ਨਹੀਂ ਪਾਈ ਕਿਉਂਕਿ ਉਹ ਪੁਲਿਸ ਅਤੇ ਲੀਡਰਾਂ ਦੇ ਖਾਸ ਕਮਾਊ ਪੁੱਤ ਹਨ। ਮੁਦਈ ਮੁਕੱਦਮਾ ਇਕਬਾਲ ਸਿੰਘ ਨੇ ਕਿਹਾ ਕਿ ਉਸ ਦੇ ਪਰਿਵਾਰ ਨੂੰ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਕੁੱਟਮਾਰ ਕਰਨ, ਝੂਠੇ ਕੇਸ ਵਿੱਚ ਫਸਾਉਣ ਸਬੰਧੀ ਗੈਰ-ਜ਼ਮਾਨਤੀ ਧਾਰਾਵਾਂ ਅਧੀਨ ਦਰਜ ਮੁਕੱਦਮੇ ਦੇ ਦੋੋਸ਼ੀਆਂ ਦੀ ਗ੍ਰਿਫਤਾਰੀ ਨਾਂ ਕਰਨਾ ਸਥਾਪਤ ਕ‍ਾਨੂੰਨ ਦੀ ਘੋਰ ਉਲੰਘਣਾ ਹੈ।

ਢਲਦੇ ਸੂਰਜ ✍️. ਸਲੇਮਪੁਰੀ ਦੀ ਚੂੰਢੀ

ਢਲਦੇ ਸੂਰਜ
-ਬਿਨ੍ਹ ਪਾਣੀ ਰੁੱਖ 
ਫਲਦੇ ਵੇਖੇ! 
ਬਿਨ੍ਹ ਮਾਵਾਂ ਪੁੱਤ
ਪਲਦੇ ਵੇਖੇ!
ਲੋਹੇ ਦੇ ਪੁੱਲ
ਗਲ੍ਹਦੇ ਵੇਖੇ!
ਸਾਧੂ ਵੀ ਹੱਥ
ਮਲਦੇ ਵੇਖੇ!
ਚੋਰ ਸਾਧਾਂ ਨਾਲ 
ਰਲਦੇ ਵੇਖੇ! 
ਬਿਨ੍ਹ ਬੋਲਿਆਂ ਬੁੱਲ੍ਹ 
ਹਲਦੇ ਵੇਖੇ! 
ਚੜ੍ਹਦੇ ਸੂਰਜ
ਢਲਦੇ ਵੇਖੇ!
ਚੜ੍ਹਦੇ ਸੂਰਜ 
ਢਲਦੇ ਵੇਖੇ! 
-ਸੁਖਦੇਵ ਸਲੇਮਪੁਰੀ
09780620233
23 ਅਗਸਤ 2022.

     "ਮਿਲਵਰਤਣ" ✍️ ਜਸਵੀਰ ਸ਼ਰਮਾਂ ਦੱਦਾਹੂਰ

ਮਿੰਨੀ ਕਹਾਣੀ

               "ਮਿਲਵਰਤਣ"

 ਦੋ ਦਰਾਣੀਆਂ ਜਠਾਣੀਆਂ ਦਾ ਆਪਸ ਵਿੱਚ ਬਹੁਤ ਪਿਆਰ ਸੀ,ਪਰ ਸ਼ਰੀਕੇ ਕਬੀਲੇ ਨਾਲ ਜ਼ਿਆਦਾ ਆਉਣਾ ਜਾਣਾ ਦੋਨਾਂ ਚੋਂ ਇੱਕ ਦਾ ਹੀ ਸੀ,ਅਤੇ ਇੱਕ ਦਾ ਬਹੁਤਾ ਝੁਕਾਅ ਸ਼ਰੀਕੇ ਕਬੀਲੇ ਅਤੇ ਪਿੰਡ ਵਿੱਚ ਨਹੀਂ ਸੀ।

        ਜਠਾਣੀ ਦੇ ਭਰਾ ਦੇ ਵਿਆਹ ਦਾ ਸੱਦਾ ਆਇਆ ਤਾਂ ਦੋਨਾਂ ਦਾ ਆਪਸੀ ਬਹੁਤ ਪਿਆਰ ਕਰਕੇ ਜਠਾਣੀ ਨੇ ਦਰਾਣੀ ਨੂੰ ਵੀ ਵਿਆਹ ਜਾਣ ਲਈ ਤਿਆਰ ਕਰ ਲਿਆ, ਬੇਸ਼ੱਕ ਦਰਾਣੀ ਨੇ ਬਹੁਤ ਨਾਹ ਨੁੱਕਰ ਕੀਤੀ ਪਰ ਪਿਆਰ ਅੱਗੇ ਕੋਈ ਪੇਸ਼ ਨਾ ਗਈ,ਅਖੀਰ ਦੋਵੇਂ ਦਰਾਣੀ ਜਠਾਣੀ ਪੂਰੀ ਤਿਆਰੀ ਨਾਲ ਵਿਆਹ ਵਾਲੇ ਦਿਨ ਵਿਆਹ ਵਾਲੇ ਘਰ ਪਹੁੰਚ ਗਈਆਂ। ਬਹੁਤ ਇਜ਼ਤ ਮਾਣ ਮਿਲਿਆ,ਘਰ ਵਿੱਚ ਹਲਵਾਈ ਬਿਠਾਇਆ ਹੋਇਆ ਸੀ ਅਤੇ ਖੂਬ ਰੌਣਕਾਂ ਸਨ। ਸਾਰੀਆਂ ਰਸਮਾਂ ਰੀਤਾਂ ਮੁਤਾਬਕ ਪੂਰੀ ਧੂਮਧਾਮ ਨਾਲ ਵਿਆਹ ਸੰਪਨ ਹੋਇਆ, ਬਿਲਕੁਲ ਜਠਾਣੀ ਜਿਨ੍ਹਾਂ ਹੀ ਪਿਆਰ ਸਤਿਕਾਰ ਦਰਾਣੀ ਨੂੰ ਵੀ ਮਿਲਿਆ ਅਤੇ ਹਰ ਰਸਮ ਵਿੱਚ ਵੀ ਪਰਿਵਾਰ ਨੇ ਆਪਣੀ ਧੀ ਵਾਂਗ ਹੀ ਉਸ ਦੀ ਦਰਾਣੀ ਨੂੰ ਵੀ ਬਣਦਾ ਸ਼ਗਨ ਆਦਿ ਦਿੱਤਾ।ਹੌਲੀ ਹੌਲੀ ਆਇਆ ਹੋਇਆ ਮੇਲ ਵੀ ਵਿਦਾ ਹੋ ਗਿਆ।ਅੱਜ ਦੋਵੇਂ ਦਰਾਣੀ/ਜਠਾਣੀ ਨੇ ਵਿਆਹ ਵਾਲੇ (ਪੇਕੇ ਘਰ ਚੋਂ)ਵਿਦਾ ਹੋਣਾ ਸੀ। ਪੇਕਿਆਂ ਵੱਲੋਂ ਆਪਣੀ ਘਰ ਦੀ ਲੜਕੀ ਜਿਨੀ ਹੀ ਭਾਜੀ (ਮਠਿਆਈ) ਦਰਾਣੀ ਨੂੰ ਦੇਣ ਦਾ ਆਪਣਾ ਫਰਜ਼ ਪੂਰਾ ਕਰਦਿਆਂ ਦੋਵਾਂ ਧੀਆਂ ਨੂੰ ਦਸ ਦਸ ਸੇਰ ਮਠਿਆਈ ਅਤੇ ਸੂਟ ਵਗੈਰਾ ਦੇ ਕੇ ਵਿਦਾ ਕੀਤਾ। ਦੋਵੇਂ ਭੈਣਾਂ ਪੂਰੀਆਂ ਖੁਸ਼ ਸਨ।

        ਪਿੰਡ ਆ ਕੇ ਜਠਾਣੀ ਨੇ ਤਾਂ ਲਿਆਂਦੀ ਹੋਈ ਭਾਜੀ ਸਾਰੇ ਸ਼ਰੀਕੇ ਕਬੀਲੇ ਵਿੱਚ ਵੰਡ ਦਿੱਤੀ ਅਤੇ ਸਾਰੇ ਆਂਢ ਗੁਆਂਢ ਚੋਂ ਵਧਾਈਆਂ ਵੀ ਕਬੂਲ ਕੀਤੀਆਂ,ਪਰ ਦਰਾਣੀ ਨੇ ਆਪਣੀ ਭਾਜੀ ਨੂੰ ਭੜੋਲੇ ਵਿੱਚ ਸੰਭਾਲ ਕੇ ਰੱਖੀ ਰੱਖਿਆ। ਬਰਸਾਤਾਂ ਦੇ ਦਿਨ ਕਰਕੇ ਭੜੋਲੇ ਚ ਪਈ ਮਠਿਆਈ ਥੋੜੇ ਦਿਨਾਂ ਬਾਅਦ ਹੀ ਖਰਾਬ ਹੋ ਗਈ ਮੁਸ਼ਕ ਆਉਣ ਲੱਗ ਪਿਆ ਅਤੇ ਉੱਲੀ ਵੀ ਲੱਗ ਗਈ,ਪਰ ਜਠਾਣੀ ਨੂੰ ਹਰ ਰੋਜ਼ ਨਵਾਂ ਤਾਜਾ ਲੱਡੂ ਖਾਂਦੀ ਵੇਖ ਕੇ ਦਰਾਣੀ ਨੇ ਜਠਾਣੀ ਨੂੰ ਪੁੱਛਿਆ ਕਿ ਭੈਣ ਮੇਰੀ ਮਠਿਆਈ ਤਾਂ ਖ਼ਰਾਬ ਵੀ ਹੋ ਗਈ ਹੈ,ਪਰ ਤੂੰ ਇਹ ਨਿੱਤ ਤਾਜਾ ਲੱਡੂ ਕਿਥੋਂ ਖਾਂਦੀ ਐਂ? ਤੂੰ ਕਿਵੇਂ ਸੰਭਾਲੀ ਸੀ ਮਠਿਆਈ?

        ਅੱਗੋਂ ਜਠਾਣੀ ਬੋਲੀ ਭੈਣੇਂ ਮੈਂ ਸੰਭਾਲੀ ਨਹੀਂ ਸੀ ਮੈਂ ਤਾਂ ਸਗੋਂ ਆਉਣ ਸਾਰ ਹੀ ਆਪਣੇ ਘਰਾਂ(ਪਿੰਡ)ਵਿੱਚ ਵੰਡ ਦਿੱਤੀ ਸੀ ਮਠਿਆਈ, ਤੇ ਇਹ ਹੁਣ ਇਸੇ ਮਿਲਵਰਤਣ ਦਾ ਹੀ ਸਿੱਟਾ ਹੈ ਕਿ ਹਰ ਰੋਜ਼ ਹੀ ਕਿਸੇ ਨਾ ਕਿਸੇ ਸ਼ਰੀਕੇ ਕਬੀਲੇ ਦੇ ਘਰੋਂ ਵਿਆਹ ਦੀ, ਜਨਮ ਦਿਨ ਦੀ ਜਾਂ ਕਿਸੇ ਘਰੋਂ ਅਖੰਡ ਪਾਠ ਹੋਏ ਦੀ ਤਾਜੀ ਮਠਿਆਈ ਆ ਜਾਂਦੀ ਹੈ ਤੇ ਮੈਂ ਓਹ ਤਾਜੀ ਮਠਿਆਈ ਹੀ ਖਾਂਦੀ ਹਾਂ। ਜੇਕਰ ਮੈਂ ਵੀ ਤੇਰੇ ਵਾਂਗ ਭੜੋਲੇ ਚ ਸੰਭਾਲ ਕੇ ਰੱਖੀ ਹੁੰਦੀ ਤਾਂ ਉਸ ਨੂੰ ਵੀ ਉੱਲੀ ਲੱਗ ਜਾਣੀ ਸੀ।ਇਹ ਸੱਭ ਆਪੋ ਆਪਣੇ ਮਿਲਵਰਤਣ ਦਾ ਹੀ ਨਤੀਜਾ ਹੈ,ਕਿ ਮੈਂ ਅੱਜ ਵੀ ਤਾਜ਼ੀ ਮਠਿਆਈ ਖਾ ਰਹੀ ਹਾਂ। ਜੇਕਰ ਆਪਾਂ ਕਿਸੇ ਨਾਲ ਮੇਲ ਜੋਲ ਭਾਵ ਮਿਲਵਰਤਣ ਰੱਖਾਂਗੇ ਤਾਂ ਹੀ ਕੋਈ ਆਪਣੇ ਨਾਲ ਰੱਖੂਗਾ ਤੇ ਆਊ ਜਾਊਗਾ,ਇਹ ਸਾਰੀ ਗੱਲ ਸੁਣ ਕੇ ਦਰਾਣੀ ਨੇ ਬਹੁਤ ਸ਼ਰਮਿੰਦਗੀ ਅਤੇ ਸ਼ਰਮ ਮਹਿਸੂਸ ਕੀਤੀ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

ਗੱਲਾਂ ਪੁਰਾਤਨ ਸਮਿਆਂ ਦੀਆਂ ✍️ਜਸਵੀਰ ਸ਼ਰਮਾਂ ਦੱਦਾਹੂਰ

ਪੁਰਖਿਆਂ ਮੁਤਾਬਕ ਕਿਸੇ ਖਾਸ ਮਕਸਦ ਲਈ ਵਰਤੀਆਂ ਗੱਲਾਂ ਜਿਨ੍ਹਾਂ ਨੇ ਰਿਵਾਜਾਂ ਦਾ ਰੂਪ ਧਾਰਨ ਕੀਤਾ 

ਦੋਸਤੋ ਸਮਾਂ ਆਪਣੀ ਚਾਲੇ ਚੱਲਦਾ ਰਹਿੰਦਾ ਹੈ, ਤਬਦੀਲੀ ਵੀ ਕੁਦਰਤ ਦਾ ਨਿਯਮ ਹੈ ਇਹ ਹਰ ਹੀਲੇ ਆਉਣੀ ਹੈ,ਇਸ ਤੋਂ ਕਦੇ ਵੀ ਨਾਬਰ ਨਹੀਂ ਹੋਇਆ ਜਾ ਸਕਦਾ, ਅਤੇ ਸਾਨੂੰ  ਨਾ ਚਾਹੁੰਦਿਆਂ ਹੋਇਆਂ ਵੀ ਉਸ ਤਬਦੀਲੀ ਨਾਲ ਤਬਦੀਲ ਹੋਣਾ ਪੈਂਦਾ ਹੈ,ਭਾਵ ਸਮੇਂ ਮੁਤਾਬਿਕ ਢਲਣਾ ਪੈਂਦਾ ਹੈ।

       ਜੇਕਰ ਪੁਰਾਤਨ ਸਮਿਆਂ ਦੀ ਗੱਲ ਕਰੀਏ ਤਾਂ ਪੁਰਖਿਆਂ ਦੇ ਦੱਸਣ ਮੁਤਾਬਿਕ ਓਹ ਗੱਲਾਂ ਦਾ ਮਕਸਦ ਕੁੱਝ ਹੋਰ ਸੀ ਪਰ ਵੇਖੋ ਵੇਖੀ ਕਹੀਏ ਜਾਂ ਫਿਰ ਦੇਸੀ ਬੋਲੀ ਵਿੱਚ ਕਹੀਏ ਜੋ ਆਮ ਚੰਗੀ ਨਹੀਂ ਲਗਦੀ ਭਾਵ ਲਾਈ ਲੱਗ ਵਾਲੀਆਂ ਗੱਲਾਂ ਬਣ ਗਈਆਂ ਜਿਨ੍ਹਾਂ ਦੇ ਪਿਛੋਕੜ ਬਾਰੇ ਕਦੇ ਵੀ ਕਿਸੇ ਨੇ ਜਾਨਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸਗੋਂ ਓਨਾਂ ਗੱਲਾਂ ਨੂੰ ਇੱਕ ਰਿਵਾਜ ਦਾ ਰੂਪ ਦੇ ਦਿੱਤਾ, ਜੇਕਰ ਕਿਸੇ ਬੀਬੀ ਭੈਣ ਮਾਤਾ ਨੂੰ ਜਾਂ ਕਿਸੇ ਨੌਜਵਾਨ ਨੂੰ ਪੁੱਛੀਏ ਤਾਂ ਅੱਗੋਂ ਘੜਿਆ ਘੜਾਇਆ ਇੱਕੋ ਜਵਾਬ ਮਿਲਦਾ ਹੈ ਕਿ ਇਹਦਾ ਪਤਾ ਤਾਂ ਨਹੀਂ ਪਰ ਮੇਰੀ ਸੱਸ ਜਾਂ ਦਾਦੀ ਸੱਸ ਜਾਂ ਸਾਡੇ ਵੱਡੇ ਕਰਦੇ ਰਹੇ, ਕਰਕੇ ਹੀ ਮੈਂ ਓਹਨਾਂ ਦੇ ਹੁਕਮ ਤੇ ਫੁੱਲ ਚੜ੍ਹਾ ਰਹੀ ਹਾਂ,ਇਹੋ ਜਿਹੀਆਂ ਗੱਲਾਂ ਆਮ ਹੀ ਸੁਣਨ ਨੂੰ ਮਿਲਦੀਆਂ ਹਨ। ਅਤੇ ਓਹੀ ਅਜੋਕੇ ਰਿਵਾਜ ਪ੍ਰਚਲਿਤ ਹੋ ਕੇ ਅੱਜ ਤੱਕ ਓਵੇਂ ਹੀ ਚੱਲ ਰਹੀਆਂ ਹਨ।

         ਤਿੰਨ ਗੱਲਾਂ ਜੋ ਪੁਰਖਿਆਂ ਤੋਂ ਜਾਣੀਆਂ ਨੇ ਅੱਜ ਆਪਾਂ ਓਨਾਂ ਦੀ ਗੱਲ ਕਰਦੇ ਹਾਂ। ਵਿਆਹ ਸਮੇਂ ਟੋਕਰੇ ਥੱਲੇ ਬਿੱਲੀ ਤਾੜਨਾ,ਕੌਲੀਂ ਤੇਲ ਪਾਉਣਾ ਅਤੇ ਡੋਲੀ ਤੋਰਨ ਸਮੇਂ ਕਾਰਾਂ ਦੇ ਟਾਇਰਾਂ ਤੇ ਪਾਣੀ ਪਾ ਕੇ ਘਰੋਂ ਡੋਲੀ ਵਿਦਾ ਕਰਨੀ।

         ਪਹਿਲੀ ਗੱਲ ਟੋਕਰੇ ਥੱਲੇ ਬਿੱਲੀ ਤਾੜਨ ਦੀ ਗੱਲ ਹੀ ਕਰਦੇ ਹਾਂ,ਸਿਆਣਿਆਂ ਦੇ ਦੱਸਣ ਮੁਤਾਬਕ ਕਿਸੇ ਪਰਿਵਾਰ ਦੇ ਘਰ ਨਵੀਂ ਵਿਆਹੀ ਜੋੜੀ ਪਹੁੰਚੀ, ਆਪਾਂ ਸਭਨਾਂ ਨੂੰ ਇਸ ਬਾਬਤ ਚੰਗੀ ਤਰ੍ਹਾਂ ਪਤਾ ਹੈ ਕਿ ਇਹ ਮਹੌਲ ਬੜੀ ਖੁਸ਼ੀ ਭਰਿਆ ਹੁੰਦਾ ਹੈ ਤੇ ਸਾਰਾ ਟੱਬਰ ਮੇਲ ਗੇਲ ਆਂਢ ਗੁਆਂਢ ਜਾਂ ਸਾਰੇ ਘਰ ਦੇ ਪਰਿਵਾਰਕ ਮੈਂਬਰ ਨਵੀਂ ਨਿਵੇਲੀ ਵਹੁਟੀ ਜੋ ਘਰ ਵਿੱਚ ਲਛਮੀ ਦੇ ਰੂਪ ਵਿੱਚ ਪ੍ਰਵੇਸ਼ ਕਰਦੀ ਹੈ ਉਸ ਨੂੰ ਨੇੜਿਉਂ ਵੇਖਣ ਦਾ ਚਾਹਵਾਨ ਵੀ ਹੁੰਦਾ ਹੈ ਤੇ ਖਾਸ ਕਰਕੇ ਘਰ ਦੀ ਮੁੱਖ ਬੀਬੀ ਭਾਵ ਵਿਆਂਦੜ ਦੀ ਮਾਂ ਨੇ ਤਾਂ ਪਾਣੀ ਵਾਰਨਾ ਵਿਹਾਰ ਵੀ ਕਰਨਾ ਹੁੰਦਾ ਹੈ। ਹੋਇਆ ਕੀ ਐਨ ਓਸੇ ਵਕਤ ਵਿਹੜੇ ਵਿੱਚ ਇੱਕ ਬਿੱਲੀ ਆ ਗਈ, ਤੇ ਘਰ ਦਿਆਂ ਨੇ ਉਸ ਨੂੰ ਟੋਕਰੇ ਥੱਲੇ ਤਾੜ ਦਿੱਤਾ, ਸਿਰਫ਼ ਇਸ ਕਰਕੇ ਕਿ ਅਸੀਂ ਤਾਂ ਸਾਰੇ ਇਧਰ ਡੋਲੀ ਨੂੰ ਉਤਾਰਨ ਵੱਲ ਰੁੱਝੇ ਹੋਵਾਂਗੇ, ਤੇ ਬਿੱਲੀ ਮਗਰੋਂ ਮਠਿਆਈ ਨੂੰ,ਦੁੱਧ ਨੂੰ ਜਾਂ ਕਿਸੇ ਬਣੀ ਸਬਜ਼ੀ ਭਾਜੀ ਫੁਲਕਿਆਂ ਆਦਿ ਨੂੰ ਮੂੰਹ ਨਾ ਮਾਰ ਜਾਏ, ਸਿਰਫ਼ ਇਸ ਲਈ ਤਾੜੀ ਸੀ, ਜਦੋਂ ਪਰਿਵਾਰ ਨੇ ਆਪਣਾ ਕਾਰ ਵਿਹਾਰ ਕਰ ਲਿਆ ਤਾਂ ਟੋਕਰੇ ਥੱਲਿਓਂ ਬਿੱਲੀ ਕੱਢ ਦਿੱਤੀ।ਪਰ ਇਹ ਅੱਜ ਵੀ ਕਈ ਪਰਿਵਾਰਾਂ ਵੱਲੋਂ ਕਿਸੇ ਖਾਸ ਇਲਾਕਿਆਂ ਚ ਰਿਵਾਜ ਪ੍ਰਚਲਿਤ ਹੈ ਭਾਵ ਡੋਲੀ ਉਤਾਰਨ ਵੇਲੇ ਬਿੱਲੀ ਭਾਲਦੇ ਫਿਰਦੇ ਹਨ, ਇਉਂ ਕਦੇ ਸਮੇਂ ਤੇ ਬਿੱਲੀ ਮਿਲਦੀ ਹੈ?ਜਿਸ ਨੂੰ ਰਿਵਾਜ ਬਣਾ ਲਿਆ ਹੈ।ਅਸਲ ਗੱਲ ਤਾਂ ਓਹ ਜੋ ਉਪਰੋਕਤ ਲਿਖੀ ਹੈ ਓਹੀ ਸੀ ਨਾਹ ਕਿ ਕੋਈ ਰਿਵਾਜ ਸੀ।

         ਹੁਣ ਜੇ ਅਗਲੀ ਗੱਲ ਕਰੀਏ ਕੌਲੀਂ ਤੇਲ ਪਾਉਣਾ ਓਹ ਵੀ ਪੁਰਖਿਆਂ ਤੋਂ ਕੁੱਝ ਇਸ ਤਰ੍ਹਾਂ ਪਤਾ ਲੱਗਾ ਹੈ ਕਿ ਪੁਰਾਤਨ ਪੰਜਾਬ ਵਿੱਚ ਬਹੁਤ ਵੱਡੇ ਵੱਡੇ ਅਤੇ ਭਾਰੇ ਲੱਕੜ ਦੇ ਗੇਟ ਘਰਾਂ ਨੂੰ ਲਗਾਏ ਜਾਂਦੇ ਸਨ, ਉਨ੍ਹਾਂ ਦੀ ਥੱਲੇ ਜੋ ਚੂਲ ਹੁੰਦੀ ਸੀ ਜਿਸ ਵਿੱਚ ਗੇਟ ਦਾ ਥੱਲਾ ਟਿਕਾਇਆ ਹੁੰਦਾ ਸੀ ਓਹ ਵੀ ਭਾਰੀ ਲੱਕੜ ਵਿੱਚ ਸੁਰਾਖ਼ ਕੱਢਕੇ ਜ਼ਮੀਨ ਵਿੱਚ ਅੱਡਾ ਜਿਹਾ ਬਣਾ ਕੇ ਗੱਡਿਆ ਜਾਂਦਾ ਸੀ ਤੇ ਉਸ ਉਪਰ ਇੱਕ ਪਾਸੇ ਦੇ ਤਖ਼ਤੇ ਦੀ ਚੂਲ ਰੱਖੀ ਜਾਂਦੀ ਸੀ, ਦੂਜੇ ਪਾਸੇ ਵੀ ਇਉਂ ਹੀ ਕੀਤਾ ਜਾਂਦਾ ਸੀ ਗੇਟ ਕਾਫੀ ਭਾਰੇ ਹੁੰਦੇ ਸਨ, ਗੇਟ ਬੰਦ ਕਰਨ ਤੇ ਖੋਲ੍ਹਣ ਵੇਲੇ ਜਦ ਲੱਕੜ ਆਪਸ ਵਿੱਚ ਇੱਕ ਦੂਜੇ ਨਾਲ ਖਹਿੰਦੀ ਸੀ ਤਾਂ ਕਦੇ ਕਦੇ ਬੜੀ ਭੈੜੀ ਜਿਹੀ ਆਵਾਜ਼ ਆਇਆ ਕਰਦੀ ਸੀ, ਤੇ ਉਸ ਨੂੰ ਤਰ ਰੱਖਣ ਲਈ ਅਤੇ ਆਵਾਜ਼ ਨਾ ਆਵੇ ਇਸ ਲਈ ਸਰੋਂ ਦਾ ਤੇਲ ਪਾ ਦਿੱਤਾ ਜਾਂਦਾ ਸੀ ਤਾਂ ਕਿ ਗੇਟ ਰਵਾਂ ਬੰਦ ਹੋਵੇ ਤੇ ਰੈਲਾ ਖੁਲ੍ਹ ਸਕੇ। ਇੱਕ ਵਾਰ ਕੁਦਰਤੀ ਤੇਲ ਪਾਉਂਦਿਆਂ ਤੋਂ ਕਿਸੇ ਘਰ ਵਿੱਚ ਕੋਈ ਮਹਿਮਾਨ ਆ ਗਿਆ ਤੇ ਉਸ ਨੂੰ ਗੇਟ ਤੇ ਦੋ ਕੁ ਮਿੰਟ ਰੁਕਣਾ ਪਿਆ ਕਿਉਂਕਿ ਘਰ ਦਾ ਮੁਖੀਆ ਗੇਟ ਨੂੰ ਰਵਾਂ ਕਰਨ ਲਈ ਤੇਲ ਪਾ ਰਿਹਾ ਸੀ,ਤੇ ਵੇਖੋ ਵੇਖੀ ਇਹ ਰਿਵਾਜ ਪ੍ਰਚਲਿਤ ਹੋ ਗਿਆ, ਜੋ ਅੱਜ ਤੱਕ ਵੀ ਰਿਵਾਜ ਦੇ ਤੌਰ ਤੇ ਪ੍ਰਚੱਲਤ ਹੈ ਕਿ ਘਰ ਕਿਸੇ ਖਾਸ ਮਹਿਮਾਨ ਦੇ ਆਏ ਤੋਂ ਕੌਲੀਂ ਤੇਲ ਪਾਇਆ ਜਾਂਦਾ ਹੈ ਤੇ ਓਸੇ ਸਮੇਂ ਤੋਂ ਹੀ ਇਹ ਵੀ ਇੱਕ ਰਿਵਾਜ ਦੀ ਤਰ੍ਹਾਂ ਪ੍ਰਚੱਲਤ ਹੋ ਗਿਆ, ਜਦੋਂ ਕਿ ਕਿਸੇ ਆਏ ਗਏ ਪ੍ਰਾਹੁਣੇ ਨਾਲ ਇਸ ਦਾ ਕੋਈ ਵੀ ਮਤਲਬ ਨਹੀਂ ਤੇ ਦੂਰ ਦਾ ਵੀ ਸਬੰਧ ਨਹੀ,ਪਰ ਅੱਜ ਵੀ ਅਸੀਂ ਓਵੇਂ ਹੀ ਕਰ ਰਹੇ ਹਾਂ ਜਦੋਂ ਕਿ ਹੁਣ ਆਲੀਸ਼ਾਨ ਕੋਠੀਆਂ ਬਣ ਚੁੱਕੀਆਂ ਹਨ ਪਰ ਅਸੀਂ ਲਕੀਰ ਦੇ ਫਕੀਰ ਬਣੇ ਹੋਏ ਹਾਂ ਤੇ ਆਏ ਕਿਸੇ ਖਾਸ ਮਹਿਮਾਨ ਵੇਲੇ ਕੌਲੀਂ ਤੇਲ ਪਾਉਣਾ ਚਾਲੂ ਰੱਖਿਆ ਹੋਇਆ ਹੈ।

          ਹੁਣ ਆਪਾਂ ਆਉਣੇ ਆਂ ਤੀਜੀ ਗੱਲ ਤੇ ਜੋ ਡੋਲੀ ਤੋਰਨ ਵੇਲੇ ਟਾਇਰਾਂ ਤੇ ਪਾਣੀ ਪਾਉਣਾ।ਸਹੀ ਮਾਅਨਿਆਂ ਚ ਪਹਿਲੇ ਸਮਿਆਂ ਵਿੱਚ ਡੋਲੀਆਂ ਰੱਥ ਜਾਂ ਬਲਦਾਂ ਵਾਲੇ ਗੱਡਿਆਂ ਤੇ ਜਾਂਦੀਆਂ ਰਹੀਆਂ ਹਨ,ਰਥ ਜਾਂ ਗੱਡਿਆਂ ਦੇ ਲੱਕੜ ਤੋਂ ਬਣੇ ਹੋਏ ਪਹੀਏ ਜਦੋਂ ਇੱਕ ਦੂਜੇ ਨਾਲ ਚੱਲਦੇ ਚੱਲਦੇ ਖਹਿੰਦੇ ਸਨ ਤਾਂ ਕਾਫ਼ੀ ਡਰਾਉਣੀ ਜਿਹੀ ਆਵਾਜ਼ ਆਇਆ ਕਰਦੀ ਸੀ ਤੇ ਸਾਡੇ ਪੁਰਖਿਆਂ ਦੇ ਦੱਸਣ ਮੁਤਾਬਿਕ ਓਨਾਂ ਸਮਿਆਂ ਵਿੱਚ ਡੋਲੀ ਨੂੰ ਲੁਟੇਰਿਆਂ ਵੱਲੋਂ ਲੁੱਟਿਆ ਵੀ ਜਾਂਦਾ ਰਿਹਾ ਹੈ, ਪਾਣੀ ਪਾਉਣ ਦਾ ਮਤਲਬ ਸਿਰਫ਼ ਓਹਨਾਂ ਗੱਡਿਆਂ ਜਾਂ ਰਥਾਂ ਦੇ ਪਹੀਆਂ ਵਿੱਚੋਂ ਆਵਾਜ਼ ਨਾ ਆਉਣ ਤੱਕ ਹੀ ਸੀਮਤ ਸੀ, ਸਿਰਫ਼ ਇਸ ਲਈ ਪਾਣੀ ਪਾਇਆ ਜਾਂਦਾ ਰਿਹਾ ਹੈ, ਜਦੋਂ ਕਿ ਅਜੋਕੇ ਅਗਾਂਹਵਧੂ ਅਤੇ ਮਾਡਰਨ ਜ਼ਮਾਨੇ ਵਿੱਚ ਓਹ ਜਗ੍ਹਾ ਮਹਿੰਗੀਆਂ ਕਾਰਾਂ ਤੇ ਇਥੋਂ ਤੱਕ ਕਿ ਹੈਲੀਕਾਪਟਰਾਂ ਅਤੇ ਹਵਾਈ ਜਹਾਜ਼ਾਂ ਨੇ ਲੈ ਲਈ ਹੈ,ਪਰ ਅਸੀਂ ਹਾਲੇ ਵੀ ਲਕੀਰ ਦੇ ਫਕੀਰ ਬਣੇ ਹੋਏ ਆ ਭਾਵ ਕਾਰਾਂ ਦੇ ਟਾਇਰਾਂ ਤੇ ਪਾਣੀ ਪਾ ਕੇ ਡੋਲੀ ਨੂੰ ਵਿਦਾ ਕਰਦੇ ਹਾਂ।ਓਹ ਤਾਂ ਖ਼ੈਰ ਪਹੁੰਚ ਤੋਂ ਬਾਹਰ ਦੀ ਗੱਲ ਹੈ ਨਹੀਂ ਤਾਂ ਅਸੀਂ ਹੈਲੀਕਾਪਟਰਾਂ ਅਤੇ ਹਵਾਈ ਜਹਾਜ਼ਾਂ ਦੇ ਟਾਇਰਾਂ ਤੇ ਵੀ ਪਾਣੀ ਪਾਉਣ ਦੀ ਢਿੱਲ ਨਾ ਕਰੀਏ ਪਰ ਓਥੇ ਪਹੁੰਚਿਆ ਨਹੀਂ ਜਾਂਦਾ।

          ਸੋ ਦੋਸਤੋ ਸਮਾਂ ਬਹੁਤ ਅੱਗੇ ਲੰਘ ਚੁੱਕਿਆ ਹੈ ਸਾਨੂੰ ਸਾਰਿਆਂ ਨੂੰ ਸਮੇਂ ਅਨੁਸਾਰ ਢਲਣਾ ਹੀ ਪਵੇਗਾ।ਇਹ ਕੁੱਝ ਕੁ ਗੱਲਾਂ ਸਨ ਜੋ ਵਡੇਰੀ ਉਮਰ ਦੇ ਸਾਡੇ ਪੁਰਖਿਆਂ ਤੋਂ ਕੁੱਝ ਕੁ ਦਿਨ ਪਹਿਲਾਂ ਹੀ ਸੁਣੀਆਂ ਸਨ ਜੋ ਤੁਹਾਡੇ ਸਭਨਾਂ ਨਾਲ ਸਾਂਝੀਆਂ ਕੀਤੀਆਂ ਨੇ, ਹੋਰ ਵੀ ਜਿਵੇਂ ਜਿਵੇਂ ਕਿਸੇ ਪੁਰਾਤਨ ਰੀਤੀ ਰਿਵਾਜਾਂ ਦਾ ਪੁਰਖਿਆਂ ਤੋਂ ਪਤਾ ਲੱਗੇਗਾ ਓਹ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗਾ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

ਯਾਦਗਾਰੀ ਹੋ ਨਿਬੜੇ ਡਾ. ਭਾਗ ਸਿੰਘ ਸਿੱਧੂ ਯਾਦਗਾਰੀ ਅਥਲੈਟਿਕਸ ਮੁਕਾਬਲੇ        

                  ਹਠੂਰ,23,ਅਗਸਤ-(ਕੌਸ਼ਲ ਮੱਲ੍ਹਾ)-ਉੱਘੇ ਸਮਾਜ ਸੇਵੀ ਅਤੇ ਪਿੰਡ ਚਕਰ ਦੀ ਸ਼ਾਨਾਮੱਤੀ ਹਸਤੀ ਡਾ. ਭਾਗ ਸਿੰਘ ਸਿੱਧੂ ਦੀ ਬਾਰਵੀਂ ਬਰਸੀ ਨੂੰ ਸਮਰਪਿਤ ਪਿੰਡ ਚਕਰ ਵਿਖੇ ਅਥਲੈਟਿਕਸ ਮੁਕਾਬਲੇ ਕਰਵਾਏ ਗਏ।ਇਨ੍ਹਾਂ ਮੁਕਾਬਲਿਆਂ ਵਿੱਚ ਇਲਾਕੇ ਦੇ ਸੌ ਦੇ ਕਰੀਬ ਅਥਲੀਟਾਂ ਨੇ ਭਾਗ ਲਿਆ।ਸੌ ਮੀਟਰ ਦੌੜ (ਲੜਕੀਆਂ) ਵਿੱਚ ਗੁਰਲੀਨ ਕੌਰ ਮੱਲ੍ਹਾ ਅਤੇ ਹਰਲੀਨ ਕੌਰ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ।ਅੰਡਰ-17 ਲੜਕੀਆਂ ਦੋ ਸੌ ਮੀਟਰ ਦੌੜ (ਲੜਕੀਆਂ) ਵਿੱਚ ਸਿਮਰਨਜੀਤ ਕੌਰ  ਅਤੇ ਸੁਖਮਨਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ।ਸੌ ਮੀਟਰ ਦੌੜ (ਲੜਕੇ) ਵਿੱਚ ਹਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ।ਅੰਡਰ-17 ਦੋ ਸੌ ਮੀਟਰ ਦੌੜ (ਲੜਕੇ) ਵਿੱਚ ਜਸ਼ਨਪ੍ਰੀਤ ਸਿੰਘ ਅਤੇ ਵੀਰਦਵਿੰਦਰ ਸਿੰਘ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ।ਅੰਡਰ-17 ਚਾਰ ਸੌ ਮੀਟਰ ਦੌੜ (ਲੜਕੇ) ਵਿੱਚ ਸੁਮੀਤ ਕੁਮਾਰ ਅਤੇ ਪ੍ਰੀਤ ਸਿੰਘ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ।ਜੇਤੂ ਅਥਲੀਟਾਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਬਾਈ ਰਛਪਾਲ ਸਿੰਘ ਸਿੱਧੂ ਅਤੇ ਦਿਲਪ੍ਰੀਤ ਕੌਰ ਸਿੱਧੂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਡਾ. ਭਾਗ ਸਿੰਘ ਨੇ ਵਿਿਦਆ, ਖੇਡਾਂ ਤੇ ਖੋਜਾਂ ਦੇ ਖੇਤਰ ਵਿੱਚ ਨਵੀਆਂ ਪੈੜਾਂ ਪਾਈਆਂ।ਉਨ੍ਹਾਂ ਨੇ ਅਮਰੀਕਾ ਤੋਂ ਪੀ.ਐੱਚ.ਡੀ. ਕਰਨ ਉਪਰੰਤ ਉਨ੍ਹਾਂ ਨੇ ਯੂ.ਐੱਨ.ਓ. ਦੀਆਂ ਕਈ ਪਾਲਸੀਆਂ ਤਹਿਤ ਦੋਗਲੀ ਮੱਕੀ ਅਤੇ ਕਈ ਹੋਰ ਫਸਲਾਂ ਦੇ ਬੀਜ਼ਾਂ ਨਾਲ ਕਈ ਗਰੀਬ ਮੁਲਕਾਂ ਦੀ ਗਰੀਬੀ ਦੂਰ ਕੀਤੀ।ਇਸ ਮੌਕੇ ਪ੍ਰਿੰ. ਬਲਵੰਤ ਸਿੰਘ ਸੰਧੂ ਨੇ ਕਿਹਾ ਕਿ ਡਾ. ਭਾਗ ਸਿੰਘ ਸਾਇੰਸ, ਸਪੋਰਟਸ ਅਤੇ ਸਮਾਜ ਸੇਵਾ ਦਾ ਸੁਮੇਲ ਸਨ।ਜਸਕਿਰਨਪ੍ਰੀਤ ਸਿੰਘ ਜਿਮੀ ਨੇ ਕਿਹਾ ਕਿ ਡਾ. ਭਾਗ ਸਿੰਘ ਖੁਦ ਅੰਤਰਰਾਸ਼ਟਰੀ ਪੱਧਰ ਦੇ ਅਥਲੀਟ ਰਹੇ ਹੋਣ ਕਾਰਨ ਉਨ੍ਹਾਂ ਦੀ ਬਰਸੀ ਉੱਤੇ ਅਥਲੈਟਿਕਸ ਮੁਕਾਬਲੇ ਕਰਵਾਏ ਗਏ ਹਨ।ਇਸ ਅਥਲੈਟਿਕਸ ਮੀਟ ਨੂੰ ਕਰਵਉਣ ਲਈ ਡਾ. ਭਾਗ ਸਿੰਘ ਦੇ ਭਤੀਜੇ ਰਛਪਾਲ ਸਿੰਘ ਸਿੱਧੂ ਨੇ ਵੱਡਾ ਯੋਗਦਾਨ ਪਾਇਆ ਅਤੇ ਉਨ੍ਹਾਂ ਵੱਲੋਂ ਸਪੋਰਟਸ ਅਕੈਡਮੀ ਦੀ ਇਕੱਤੀ ਹਜ਼ਾਰ ਰੁਪਏ ਨਾਲ ਸਹਾਇਤਾ ਵੀ ਕੀਤੀ ਗਈ।ਇਸ ਮੌਕੇ ਉਨ੍ਹਾ ਨਾਲ ਨੰਬੜਦਾਰ ਜਗਜੀਤ ਸਿੰਘ ਮੱਲ੍ਹਾ,ਫੁੱਟਬਾਲ ਕੋਚ ਜਗਜੀਤ ਸਿੰਘ ਸਿੱਧੂ,ਕਲੱਬ ਪ੍ਰਧਾਨ ਕੁਲਦੀਪ ਸਿੰਘ ਗੋਗਾ ਮੱਲ੍ਹਾ,ਦਰਸਨ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ:-ਜੇਤੂ ਖਿਡਾਰੀਆ ਨੂੰ ਇਨਾਮ ਤਕਸੀਮ ਕਰਦੇ ਹੋਏ ਰਛਪਾਲ ਸਿੰਘ ਸਿੱਧੂ ਅਤੇ ਹੋਰ

ਇਮਾਨਦਾਰੀ ਜ਼ਿੰਦਾ ਹੈ

         ਹਠੂਰ,23,ਅਗਸਤ-(ਕੌਸ਼ਲ ਮੱਲ੍ਹਾ)-ਅੱਜ ਦੇ ਲਾਲਚੀ ਯੁੱਗ ਵਿਚ ਕੁਝ ਅਜਿਹੇ ਵਿਅਕਤੀ ਵੀ ਹਨ ਜਿਨ੍ਹਾ ਨੇ ਇਮਾਨਦਾਰੀ ਨੂੰ ਜ਼ਿੱਦਾ ਰੱਖਿਆ ਹੋਇਆ ਹੈ।ਇਸ ਦੀ ਮਿਸਾਲ ਪਿੰਡ ਗਾਲਿਬ ਖੁਰਦ ਦੇ ਨੌਜਵਾਨ ਕੁਲਵੀਰ ਸਿੰਘ ਤੋ ਮਿਲਦੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਸ੍ਰੋਮਣੀ ਅਕਾਲੀ ਦਲ (ਬਾਦਲ)ਦੇ ਸੀਨੀਆਰ ਆਗੂ ਸਰਗਣ ਸਿੰਘ ਵਾਸੀ ਰਸੂਲਪੁਰ (ਮੱਲ੍ਹਾ) ਨੇ ਦੱਸਿਆ ਕਿ ਕੁਝ ਦਿਨ ਪਹਿਲਾ ਉਨ੍ਹਾ ਦਾ ਸਪੁੱਤਰ ਅਤਿੰਦਰਪਾਲ ਸਿੰਘ ਕਿਸੇ ਕੰਮ ਜਗਰਾਓ ਕਚਹਿਰੀ ਗਿਆ,ਜਿਥੇ ਉਸ ਦਾ ਬਟੂਆ ਡਿੱਗ ਪਿਆ ਜਿਸ ਵਿਚ ਜਰੂਰੀ ਆਈ ਕਾਰਡ ਅਤੇ ਦਸ ਹਜਾਰ ਰੁਪਏ ਸਨ,ਉਸ ਨੇ ਕਚਹਿਰੀ ਵਿਚ ਕਾਫੀ ਭਾਲ ਕੀਤੀ ਪਰ ਉਸ ਨੂੰ ਬਟੂਆ ਨਹੀ ਮਿਿਲਆ।ਬੀਤੀ ਰਾਤ ਪਿੰਡ ਗਾਲਿਬ ਖੁਰਦ ਦੇ ਨੌਜਵਾਨ ਕੁਲਵੀਰ ਸਿੰਘ ਨੇ ਸੋਸਲ ਮੀਡੀਆ ਤੇ ਆਪਣੀ ਵੀ ਡੀ ਓ ਜਾਰੀ ਕੀਤੀ ਕਿ ਮੈਨੂੰ ਜਗਰਾਉ ਕਚਹਿਰੀ ਵਿਚੋ ਇੱਕ ਬਟੂਆ ਮਿਿਲਆ ਹੈ ਜਿਸ ਦਾ ਵੀ ਬਟੂਆ ਹੈ ਉਹ ਵਿਅਕਤੀ ਆਪਣੀ ਨਿਸਾਨੀ ਦੱਸ ਕੇ ਬਟੂਆ ਮੇਰੇ ਤੋ ਪ੍ਰਾਪਤ ਕਰ ਸਕਦਾ ਹੈ।ਇਹ ਵੀਡੀਓ ਦੇਖਣ ਉਪਰੰਤ ਅਤਿੰਦਰਪਾਲ ਸਿੰਘ ਨੇ ਆਪਣਾ ਬਟੂਆ ਪਿੰਡ ਗਾਲਿਬ ਖੁਰਦ ਦੇ ਨੌਜਵਾਨ ਕੁਲਵੀਰ ਸਿੰਘ ਤੋ ਜਰੂਰੀ ਕਾਗਜ ਅਤੇ ਦਸ ਹਜਾਰ ਰੁਪਏ ਸਮੇਤ ਪ੍ਰਾਪਤ ਕਰਕੇ ਧੰਨਵਾਦ ਕੀਤਾ।ਇਸ ਮੌਕੇ ਸ੍ਰੋਮਣੀ ਅਕਾਲੀ ਦਲ (ਬਾਦਲ)ਦੇ ਸੀਨੀਅਰ ਆਗੂ ਸਰਗਣ ਸਿੰਘ ਨੇ ਕਿਹਾ ਕਿ ਸਾਨੂੰ ਨੌਜਵਾਨ ਕੁਲਵੀਰ ਸਿੰਘ ਦੀ ਸੋਚ ਤੋ ਸੇਧ ਲੈਣੀ ਚਾਹੀਦੀ ਹੈ ਜਿਸ ਨੇ ਇਮਾਨਦਾਰੀ ਦਿਖਾਉਦਿਆ ਇਹ ਬਟੂਆ ਵਾਪਸ ਕੀਤਾ ਹੈ।

ਫੋਟੋ ਕੈਪਸ਼ਨ:- ਅਤਿੰਦਰਪਾਲ ਸਿੰਘ ਦਾ ਡਿੱਗਿਆ ਬਟੂਆ ਨੌਜਵਾਨ ਕੁਲਵੀਰ ਸਿੰਘ ਵਾਪਸ ਕਰਦਾ ਹੋਇਆ। 

                                       
 
 

ਨਿਰਾਸ਼ ਨੌਜਵਾਨਾਂ ਦੇ ਜ਼ਜ਼ਬੇ, ਹੌਸ਼ਲੇ ਤੇ ਮਨੋਬਲ ਨੂੰ ਮਜਬੂਤ ਕਰੇਗੀ ਪੰਜਾਬੀ ਫ਼ਿਲਮ ‘ਬੈਚ 2013’

 ਫ਼ਿਲਮ ‘ਤੁਣਕਾ ਤੁਣਕਾ’ ਨਾਲ ਗਾਇਕੀ ਤੋਂ ਫ਼ਿਲਮਾਂ ਵੱਲ ਆਏ ਹਰਦੀਪ ਗਰੇਵਾਲ ਦੀ ਸੋਚ ਆਮ ਸਿਨਮੇ ਤੋਂ ਹਟਕੇ ਰਹੀ ਹੈ। ਉਸਦੀਆਂ ਫ਼ਿਲਮਾਂ ਵਿਆਹ ਕਲਚਰ ਜਾਂ ਹਾਸੇ ਮਜ਼ਾਕ ਵਾਲੀਆਂ ਨਹੀਂ ਹੁੰਦੀਆਂ ਬਲਕਿ ਜਿੰਦਗੀ ਤੋਂ ਉੱਖ਼ੜੇ ਮਨੁੱਖ ‘ਚ ਹੌਸਲਾ, ਜ਼ਜ਼ਬਾ ਤੇ ਮਨੋਬਲ ਭਰਨ ਵਾਲੀਆਂ ਹੁੰਦੀਆਂ ਹਨ। ਉਸਦੀ ਪਹਿਲੀ ਫ਼ਿਲਮ ‘ਤੁਣਕਾ ਤੁਣਕਾ’ ਨੇ ਕਰੋਨਾ ਦੇ ਸਾਏ ਕਰਕੇ ਸਿਨੇਮਿਆ ਵਿੱਚ ਪਸਰੀ ਚੁੱਪ ਨੂੰ ਤੋੜ ਕੇ ਦਰਸ਼ਕਾਂ ਨੂੰ ਪੰਜਾਬੀ ਸਿਨਮੇ ਨਾਲ ਮੁੜ ਜੋੜਿਆ ਸੀ। ਬਦਲਵੇਂ ਹਾਲਾਤਾਂ ‘ਚ ਆਈ ਇਸ ਫ਼ਿਲਮ ਨੂੰ ਮਿਲੇ ਹੁੰਗਾਰੇ ਨੇ ਹਰਦੀਪ ਗਰੇਵਾਲ ਦੇ ਹੌਸਲੇ ਨੂੰ ਮਜਬੂਤ ਕੀਤਾ ਸੀ। ਇੰਨ੍ਹੀਂ ਦਿਨੀਂ ਹੁਣ ਉਹ ਆਪਣੀ ਨਵੀਂ  ਫ਼ਿਲਮ ‘ਬੈਚ 2013 ’ ਨਾਲ ਮੁੜ ਸਰਗਰਮ ਹੋਇਆ ਹੈ। 9 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਇਹ ਫ਼ਿਲਮ ਇੱਕ ਅਜਿਹੇ ਨੌਜਵਾਨ ਅਧਾਰਤ ਹੈ ਜਿਸਦੀ ਜਿੰਦਗੀ ਵਿੱਚ ਅਜਿਹੀਆ ਬਹੁਤ ਘਟਨਾਵਾਂ ਵਾਪਰਦੀਆਂ ਹਨ ਜਿਸ ਕਰਕੇ ਉਹ ਵਾਰ ਵਾਰ ਹਾਰਦਾ ਹੈ, ਫ਼ਿਰ ਉੱਠਦਾ ਹੈ ਫ਼ਿਰ ਹਾਰਦਾ ਹੈ ਫ਼ਿਰ ਉਠਦਾ ਹੈ। ਨੌਜਵਾਨਾਂ ਦੇ ਜ਼ਜ਼ਬੇ, ਹੌਸ਼ਲੇ ਤੇ ਮਨੋਬਲ ਨੂੰ ਮਜਬੂਤ ਕਰਦੀ ਇਹ ਫ਼ਿਲਮ ਆਮ ਫ਼ਿਲਮਾਂ ਤੋਂ ਬਹੁਤ ਹਟਕੇ ਹੈ। ਇਸ ਗੱਲ ਦਾ ਸਬੂਤ ਫ਼ਿਲਮ ਦਾ ਟ੍ਰੇਲਰ ਦੇ ਚੁੱਕਾ ਹੈ। 

ਫ਼ਿਲਮ ਬੈਚ 2013 ਦੀ ਕਹਾਣੀ ਇੱਕ ਅਜਿਹੇ ਨੌਜਵਾਨ ਦੀ ਹੈ ਜਿਸਨੂੰ ਆਪਣੀ ਜਵਾਨੀ ਵਿੱਚ ਇਹ ਨਹੀਂ ਪਤਾ ਕਿ ਉਸਦੀ ਜਿੰਦਗੀ ਦਾ ਟਾਰਗੇਟ ਕੀ ਹੈ, ਉਸਨੇ ਕਿਹੜੇ ਖੇਤਰ ਵਿੱਚ ਆਪਣਾ ਭਵਿੱਖ ਬਣਾਉਣਾ ਹੈ? ਉਸਨੇ ਆਪਣੀ ਜਿੰਦਗੀ ਬਾਰੇ ਕਦੇ ਫੋਕਸ ਨਹੀਂ ਕੀਤਾ। ਉਸਦਾ ਪਿਤਾ ਪੁਲਸ ਅਫ਼ਸਰ ਹੈ ਪਰ ਉਸਦਾ ਪੁਲਸ ਮਹਿਕਮੇ ‘ਚ ਜਾਣ ਦਾ ਕੋਈ ਮਨ ਨਹੀਂ ਪ੍ਰੰਤੂ ਅਚਾਨਕ ਹਾਲਾਤ ਅਜਿਹੇ ਬਣਦੇ ਹਨ ਕਿ ਨਾ ਸਿਰਫ਼ ਉਹ ਆਪਣੇ ਦਮ ਤੇ ਪੁਲਸ ਵਿੱਚ ਭਰਤੀ ਹੁੰਦਾ ਹੈ ਬਲਕਿ ਉਸਨੂੰ ਇੱਕ ਐਸੀ ਸਪੈਸ਼ਲ ਟੀਮ ਦੀ ਜੁੰਮੇਵਾਰੀ ਸੌਂਪੀ ਜਾਂਦੀ ਹੈ ਜੋ ਕਿਸੇ ਵੀ ਅਣਸੁਖਾਵੇਂ ਹਾਲਤਾਂ ਨੂੰ ਕੰਟਰੋਲ ਕਰ ਸਕੇ। ਜਿਸ ਦਾ ਨਾਂ ਬੈਚ 2013 ਰੱਖਿਆ ਜਾਂਦਾ ਹੈ। ਇਸ ਤਰ੍ਹਾਂ ਇਹ ਇੱਕ ਨੌਜਵਾਨ ਦੀ ਪ੍ਰੇਰਣਾਦਾਇਕ ਸਫ਼ਰ ਦੀ ਕਹਾਣੀ ਹੈ। 

ਆਪਣੇ ਕਿਰਦਾਰ ਬਾਰੇ ਹਰਦੀਪ ਗਰੇਵਾਲ ਨੇ ਦੱਸਿਆ ਕਿ ਬੈਚ 2013 ਵਿੱਚ ਮੇਰੇ ਦੋ ਤਰ੍ਹਾਂ ਦੇ ਕਿਰਦਾਰ ਸੀ। ਪਹਿਲੇ ਵਿੱਚ ਮੈਨੂੰ ਆਪਣਾ ਵਜ਼ਨ 70 ਤੋਂ 90 ਤੱਕ ਵਧਾਉਣਾ ਪਿਆ ਜਦਕਿ ਦੂਜੇ ਕਿਰਦਾਰ ਲਈ 90 ਤੋਂ 80 ਤੱਕ ਘਟਾਉਣਾ ਪਿਆ। ਜਿਸ ਕਰਕੇ ਫ਼ਿਲਮ ਦੋ ਸੈਡਿਊਲ ਵਿੱਚ ਸੂਟ ਕਰਨੀ ਪਈ। ਤੁਣਕਾ ਤੁਣਕਾ ’ ਨਾਲੋਂ ਇਹ ਕਹਾਣੀ ਵਧੇਰੇ ਇਮੋਸ਼ਨਲ ਬਣਾਉਣ ਲਈ ਸਾਰੀ ਹੀ ਟੀਮ ਨੇ ਬਹੁਤ ਮੇਹਨਤ ਕੀਤੀ ਹੈ। ਫ਼ਿਲਮ ਦੇ ਐਕਸ਼ਨ ਦੀ ਗੱਲ ਕਰੀਏ ਤਾਂ ਇਹ ਆਮ ਫ਼ਿਲਮਾਂ ਵਾਂਗ ਨਕਲੀ ਜਿਹਾ, ਹੀਰੋ ਸਟਾਇਲ ਨਹੀਂ ਹੈ। ਜੋ ਸਾਡੇ ਕਮਾਡੋ ਜਾਂ ਸਪੈਸ਼ਲ ਫੋਰਸ ਦੇ ਜੁਆਨ ਹਨ ਜਦ ਉਹ ਇਨਕਾਊਂਟਰ ਕਰਦੇ ਹਨ ਤਾਂ ਉਨ੍ਹਾਂ ਦਾ ਕਿਹੋ ਜਿਹਾ ਐਕਸ਼ਨ ਹੁੰਦਾ ਹੈ। ਇਸ ਲਈ ਅਸੀਂ ਅਜਿਹੇ ਐਕਸ਼ਨ ਡਾਇਰੈਕਟਰ ਨੂੰ ਚੁਣਿਆ ਜੋ ਸਪੈਸ਼ਲ ਫੋਰਸ ਜਾਂ ਆਰਮੀ ਨਾਲ ਜੁੜਿਆ ਹੋਇਆ ਸੀ। ਇਸ ਫ਼ਿਲਮ ਦਾ ਐਕਸ਼ਨ ਵੀ ਵੱਖਰਾ ਹੈ ਤੇ ਕਹਾਣੀ ਤਾਂ ਵੱਖਰੀ ਹੈ ਹੀ।  ਹਰਦੀਪ ਗਰੇਵਾਲ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਵਿੱਚ ਹਰਦੀਪ ਗਰੇਵਾਲ,ਹਸ਼ਨੀਨ ਚੌਹਾਨ, ਡਾ ਸਾਹਿਬ ਸਿੰਘ, ਨੀਤਾ ਮਹਿੰਦਰਾ, ਮਨਜੀਤ ਸਿੰਘ, ਹਰਿੰਦਰ ਭੁੱਲਰ,ਪ੍ਰੀਤ ਭੁੱਲਰ, ਰਾਜਵਿੰਦਰ ਸਮਰਾਲਾ ਤੇ ਪਰਮਵੀਰ ਨੇ ਅਹਿਮ ਕਿਰਦਾਰ ਨਿਭਾਏ ਹਨ।ਫ਼ਿਲਮ ਦੀ ਕਹਾਣੀ, ਸਕਰੀਨ ਪਲੇਅ ਤੇ ਡਾਇਲਾਗ ਹਰਦੀਪ ਗਰੇਵਾਲ ਨੇ ਲਿਖੇ ਹਨ। ਫ਼ਿਲਮ ਦਾ ਨਿਰਮਾਤਾ ਹਰਦੀਪ ਗਰੇਵਾਲ ਹੈ ਅਤੇ ਨਿਰਦੇਸ਼ਕ  ਗੈਰੀ ਖਟਰਾਓ ਹੈ।  ਫ਼ਿਲਮ ਦਾ ਸੰਗੀਤ ਗੁਰਮੋਹ ਨੇ ਤਿਆਰ ਕੀਤਾ ਹੈ। ਗੀਤ ਹਰਮਨਜੀਤ ਸਿੰਘ ਤੇ ਹਰਦੀਪ ਗਰੇਵਾਲ ਨੇ ਲਿਖੇ ਹਨ ਜਿੰਨ੍ਹਾ ਨੂੰ  ਕੰਵਰ ਗਰੇਵਾਲ,ਦੇਵੀ, ਅਕਸ਼ ਤੇ  ਹਰਦੀਪ ਗਰੇਵਾਲ ਨੇ ਗਾਇਆ ਹੈ। ਹਰਦੀਪ ਗਰੇਵਾਲ ਦੇ ਗੀਤਾਂ ਵਾਂਗ ਹੀ ਨਿਰਾਸ਼ ਤੇ ਉਦਾਸ ਨੌਜਵਾਨਾਂ ਨੂੰ ਮਿਹਨਤ ਅਤੇ ਜ਼ਿੰਦਗੀ ਪ੍ਰਤੀ ਉਤਸ਼ਾਹਿਤ ਕਰਦੀ ਇਹ ਫ਼ਿਲਮ ਦਰਸ਼ਕਾਂ ਦੀ ਕਸਵੱਟੀ ‘ਤੇ ਖਰਾ ਉਤਰੇਗੀ।

ਹਰਜਿੰਦਰ ਸਿੰਘ ਜਵੰਦਾ 9463828000

ਨਾਨਕਸਰ ਕਲੇਰਾਂ  ਵਿਖੇ ਡਿਊੜੀ ਦੀ ਕਰਵਾਈ 

ਜਗਰਾਉ 22 ਅਗਸਤ (ਅਮਿਤਖੰਨਾ)ਸੰਤ ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਦੀ ਬਰਸੀ ਸਬੰਧੀ ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਚੱਲ ਰਹੀਆਂ ਤਿਆਰੀਆਂ ਤਹਿਤ ਅੱਜ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲਿਆਂ ਨੇ ਡਿਊੜੀ ਦੀ ਸਫ਼ਾਈ ਸੰਗਤਾਂ ਨੂੰ ਨਾਲ ਲੈ ਕੇ ਕਰਵਾਈ | ਇਸ ਡਿਊੜੀ ਨੂੰ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਨੇ ਬਣਾਇਆ ਅਤੇ ਇਸ ਡਿਊੜੀ ਨੂੰ ਬਣਾਉਣ ਲਈ ਸੰਤ ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਨੇ ਬਚਨ ਕੀਤੇ ਸਨ | ਇਸ ਮੌਕੇ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲਿਆਂ ਨੇ ਸੰਗਤਾਂ ਨੂੰ ਬਰਸੀ ਸਮਾਗਮ ਵਿਚ ਤਨ, ਮਨ ਅਤੇ ਧਨ ਨਾਲ ਸੇਵਾ ਕਰਨ ਲਈ ਆਖਿਆ | ਇਸ ਮੌਕੇ ਗੁਰਮੀਤ ਸਿੰਘ ਗੀਤਾ ਡੱਲਾ, ਬਲਜੀਤ ਸਿੰਘ ਏ.ਐੱਸ.ਆਈ, ਮਨਪ੍ਰੀਤ ਸਿੰਘ ਲੁਧਿਆਣਾ, ਲਾਡੀ ਸਿੰਘ ਲੁਧਿਆਣਾ, ਇੰਦਰਪਾਲ ਸਿੰਘ ਸ਼ੇਰਪੁਰ, ਐਡਵੋਕੇਟ ਇੰਦਰਜੀਤ ਸਿੰਘ, ਅਵਤਾਰ ਸਿੰਘ ਬਿੱਟਾ, ਹਰਦੀਪ ਸਿੰਘ ਜਗਰਾਉਂ, ਦਲੇਰ ਸਿੰਘ ਲੁਧਿਆਣਾ, ਭਗਵੰਤ ਸਿੰਘ ਢੁੱਡੀਕੇ, ਗੁਰਜੀਤ ਸਿੰਘ ਕੈਲਪੁਰ, ਮੰਨੀ ਸਿੰਘ ਕੈਲਪੁਰ ਆਦਿ ਹਾਜ਼ਰ ਸਨ |

ਐਪਟੈਕ ਸੈਂਟਰ ਵਿਚ ਵੈੱਬਸਾਈਟ ਡਿਵੈਲਪਮੈਂਟ ਅਤੇ ਪਾਵਰ ਪੁਆਇੰਟ ਤੇ ਪ੍ਰਤੀਯੋਗਤਾ ਕਰਵਾਈ  

ਜਗਰਾਉ 22 ਅਗਸਤ (ਅਮਿਤਖੰਨਾ)ਐਪਟੈਕ ਸੈਂਟਰ ਜਗਰਾਉਂ ਵੱਲੋਂ 75 ਸ਼ਾਲਾ ਸਵਤੰਤਰਤਾ ਦਿਵਸ ਦੇ ਮੌਕੇ  ਤੇ ਵਿਸ਼ੇਸ਼ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ ਇਸ ਵਿੱਚ ਸੈਂਟਰ ਦੇ 25 ਵਿਦਿਆਰਥੀਆਂ ਨੇ ਭਾਗ ਲਿਆ  ਪ੍ਰਤੀਯੋਗਤਾ ਦਾ ਸੰਚਾਲਨ ਸੌਮਿਆ ਸਿੰਗਲਾ ਅਤੇ ਜਸਵਿੰਦਰ ਕੌਰ ਨੇ ਕੀਤਾ ਪਾਵਰ ਪੁਆਇੰਟ ਪ੍ਰਤੀਯੋਗਤਾ ਵਿੱਚ ਸੁਮਨਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ  ਹਰਜਸ਼ਨਪ੍ਰੀਤ ਸਿੰਘ ਅਤੇ ਗੁਰਤੇਜ ਸਿੰਘ ਦੂਸਰੇ ਅਤੇ ਤੀਸਰੇ ਸਥਾਨ ਤੇ ਰਹੇ  ਵੈੱਬਸਾਈਟ ਡਿਵੈੱਲਪਮੈਂਟ ਪ੍ਰਤੀਯੋਗਤਾ ਵਿਚ ਗੁਰਲੀਨ ਕੌਰ ਅਰਨੇਜਾ ਨੇ ਪਹਿਲਾ ਸਥਾਨ ਅਤੇ ਸੁਖਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ  ਸੈਂਟਰ ਮੈਨੇਜਰ ਕਰਮਜੀਤ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਅਤੇ ਵਧਾਈ ਦਿੱਤੀ ਸੈਂਟਰ ਹੈੱਡ ਸ੍ਰੀ ਮਨਮੋਹਨ ਸਿੰਘ ਚਾਹਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਇਸ ਮੌਕੇ ਸਮੂਹ ਸਟਾਫ ਵੀ ਸ਼ਾਮਲ ਸੀ

ਆਮ ਆਦਮੀ ਕਲੀਨਿਕ ਲੋਕਾਂ ਨੂੰ ਸੁਚੱਜੇ ਢੰਗ ਨਾਲ ਮਿਆਰੀ ਦਰਜੇ ਦਾ ਮੁੱਢਲਾ ਇਲਾਜ ਮੁਹੱਈਆ ਕਰਵਾਉਣ ‘ਚ ਮੀਲ ਦਾ  ਪੱਥਰ ਸਾਬਤ ਹੋਣਗੇ  : ਡਾ. ਜਮੀਲ ਉਰ ਰਹਿਮਾਨ

ਮਾਲੇਰਕੋਟਲਾ 21ਅਗਸਤ (ਡਾਕਟਰ ਸੁਖਵਿੰਦਰ ਬਾਪਲਾ ) ਆਮ ਆਦਮੀ ਕਲੀਨਿਕ ਖੁੱਲ੍ਹਣ ਨਾਲ ਸਿਹਤ ਸੇਵਾਵਾਂ ਦੇ ਖੇਤਰ ਵਿਚ ਕ੍ਰਾਂਤੀਕਾਰੀ ਬਦਲਾਅ ਆਇਆ ਹੈ ।ਮਾਲੇਰਕੋਟਲਾ ਦੇ ਲੋਕਾਂ ਨੂੰ ਬਿਹਤਰੀਨ ਸਿਹਤ ਸੁਵਿਧਾਵਾਂ ਬਿਨਾਂ ਕਿਸੇ ਦਿੱਕਤ ਦੇ ਮਿਲ ਰਹੀਆਂ ਹਨ। ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿਹਤ ਅਤੇ ਪੜ੍ਹਾਈ ਦੇ ਖੇਤਰ ਵਿੱਚ ਲਗਾਤਾਰ ਨਵੇਂ ਉਪਰਾਲੇ ਕਰਕੇ ਨਵੇਂ ਖ਼ੁਸ਼ਹਾਲ ਅਤੇ ਸਿਹਤਮੰਦ ਪੰਜਾਬ ਦੀ ਰਚਨਾ ਚ’ ਆਪਣਾ ਅਹਿਮ ਰੋਲ ਅਦਾ ਕਰ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਨੇ ਮਾਲੇਰਕੋਟਲਾ ਵਿਖੇ ਸਥਾਪਿਤ ਆਮ ਆਦਮੀ ਕਲੀਨਿਕ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਨ ਲਈ ਕੀਤੇ ਦੌਰੇ ਦੌਰਾਨ ਕੀਤਾ। ਇੱਥੇ ਵਰਣਨਯੋਗ ਹੈ ਕਿ ਜ਼ਿਲ੍ਹੇ ਦੇ ਵਸਨੀਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਦੋ ਆਮ ਆਦਮੀ ਕਲੀਨਿਕ ਪਿਛਲੇ ਦਿਨੀਂ ਲੋਕਾਂ ਨੂੰ ਸਮਰਪਿਤ ਕੀਤੇ ਗਏ ਸਨ ਜਿਨ੍ਹਾਂ ਵਿੱਚ ਇੱਕ ਕਲੀਨਿਕ ਪੁਰਾਣੀ ਤਹਿਸੀਲ ਕੰਪਲੈਕਸ ਅਤੇ ਦੂਜਾ ਆਮ ਆਦਮੀ ਕਲੀਨਿਕ ਲਾਲ ਬਜ਼ਾਰ ਨੇੜੇ ਯੂ.ਪੀ.ਐਚ.ਸੀ.-01 ਵਿਖੇ ਸਥਾਪਿਤ ਕੀਤਾ ਗਿਆ ਹੈ । ਇਸ ਮੌਕੇ ਵਿਧਾਇਕ ਮਾਲੇਰਕੋਟਲਾ ਡਾਕਟਰ ਜਮੀਲ-ਉਰ-ਰਹਿਮਾਨ ਦੇ ਸੁਪਤਨੀ ਫ਼ਰਿਆਲ ਰਹਿਮਾਨ ਵੀ ਉਨ੍ਹਾਂ ਨਾਲ ਮੌਜੂਦ ਸਨ ।
                   ਹਲਕਾ ਵਿਧਾਇਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਚੋਣਾਂ ਦੇ ਪ੍ਰਚਾਰ ਦੌਰਾਨ ਕੀਤੇ ਵਾਅਦੇ ਇੱਕ ਇੱਕ ਕਰਕੇ ਪੂਰੇ ਕਰਨੇ ਸ਼ੁਰੂ ਕਰ ਦਿੱਤੇ ਹਨ । ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਵੱਡੇ ਪੱਧਰ ਤੇ ਸਕਾਰਾਤਮਿਕ ਬਦਲਾਅ ਦੇਖਣ ਨੂੰ ਮਿਲਣਗੇ। ਆਮ ਆਦਮੀ ਕਲੀਨਿਕ ਲੋਕਾਂ ਨੂੰ ਸੁਚੱਜੇ ਢੰਗ ਨਾਲ ਮਿਆਰੀ ਦਰਜੇ ਦਾ ਮੁੱਢਲਾ ਇਲਾਜ ਮੁਹੱਈਆ ਕਰਵਾਉਣ  ਵਿੱਚ ਮੀਲ ਦਾ ਪੱਥਰ ਸਾਬਤ ਹੋਣਗੇ । ਕਲੀਨਿਕ ਖੋਲ੍ਹਣ ਨਾਲ ਆਮ ਲੋਕਾਂ ਨੂੰ ਘਰਾਂ ਦੇ ਨੇੜੇ ਹੀ ਬੁਨਿਆਦੀ ਅਤੇ ਉੱਚ ਮਿਆਰੀ ਦੀਆਂ ਸਿਹਤ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਹੋਰ ਕਿਹਾ ਕਿ ਇਨ੍ਹਾਂ ਕਲੀਨਿਕਾਂ ਦੇ ਖੁੱਲਣ ਨਾਲ ਸਰਕਾਰੀ ਵੱਡੇ ਹਸਪਤਾਲ ਦਾ ਬੋਝ ਘਟਿਆ ਹੈ ਅਤੇ ਸਰਕਾਰੀ ਹਸਪਤਾਲਾਂ ਵਿਚ ਲੱਗਣ ਵਾਲੀਆਂ ਲੰਮੀਆਂ ਲਾਈਨਾਂ ਤੋਂ ਵੀ ਲੋਕਾਂ ਨੂੰ ਨਿਜਾਤ ਮਿਲਣੀ ਸ਼ੁਰੂ ਹੋ ਗਈ ਹੈ
                        ਸਿਵਲ ਸਰਜਨ ਮਾਲੇਰਕੋਟਲਾ ਡਾਕਟਰ ਮੁਕੇਸ਼ ਚੰਦਰ ਨੇ ਦੱਸਿਆ ਕਿ ਮਾਲੇਰਕੋਟਲਾ ਵਿਖੇ ਦੋ ਕਲੀਨਿਕ ਸਥਾਪਿਤ ਕੀਤੇ ਗਏ ਆਮ ਆਦਮੀ ਕਲੀਨਿਕਾਂ ਵਿਚ ਜ਼ਿਲ੍ਹਾ ਵਾਸੀਆਂ ਦਾ ਮੁਫ਼ਤ ਇਲਾਜ ਦੇ ਨਾਲ ਨਾਲ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿਚ  ਓ.ਪੀ.ਡੀ. ਸੇਵਾਵਾਂ, ਪਰਿਵਾਰ ਨਿਯੋਜਨ ਸੇਵਾਵਾਂ ਦੇ ਨਾਲ ਨਾਲ ਲੋਕਾਂ ਦੇ 41 ਤਰ੍ਹਾਂ ਦੇ ਕਲੀਨੀਕਲ ਟੈੱਸਟ  ਅਤੇ 73 ਤਰ੍ਹਾਂ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ ।                               
               ਉਨ੍ਹਾਂ ਦੱਸਿਆ ਕਿ ਪੁਰਾਣੀ ਤਹਿਸੀਲ ਕੰਪਲੈਕਸ ਵਿਖੇ ਸਥਾਪਿਤ ਆਮ ਆਦਮੀ ਕਲੀਨਿਕ ਵਿਖੇ ਮੈਡੀਕਲ ਅਫ਼ਸਰ ਡਾਕਟਰ ਮੁਹੰਮਦ ਨਦੀਨ ਸਲੀਮ ,ਫਾਰਮਾਸਿਸਟ ਸ੍ਰੀ ਗੁਰਪ੍ਰੀਤ ਸਿੰਘ ਅਤੇ ਕਲੀਨਿਕ ਸਹਾਇਕ ਸ੍ਰੀ ਮਨਜੀਤ ਕੌਰ ਨੂੰ ਅਤੇ ਲਾਲ ਬਜ਼ਾਰ ਨੇੜੇ ਯੂ.ਪੀ.ਐਚ.ਸੀ.-01 ਵਿਖੇ ਮੈਡੀਕਲ ਅਫ਼ਸਰ ਡਾਕਟਰ ਆਸ਼ੀਆ ,ਫਾਰਮਾਸਿਸਟ ਸ੍ਰੀ ਸ਼ਿਵ ਕੁਮਾਰ ਅਤੇ ਕਲੀਨਿਕ ਸਹਾਇਕ ਸ੍ਰੀਮਤੀ ਜਸਵੀਰ ਕੌਰ ਨੂੰ ਤਾਇਨਾਤ ਕੀਤਾ ਗਿਆ ਹੈ। ਹੁਣ ਤੱਕ ਕੁਲ  154 ਓ.ਪੀ.ਡੀ ਅਤੇ  06 ਲੈਬ ਟੈੱਸਟ ਕੀਤੇ ਗਏ ਹਨ ਜਿਨ੍ਹਾਂ ਵਿਚੋਂ ਪੁਰਾਣੀ ਤਹਿਸੀਲ ਕੰਪਲੈਕਸ ਵਿਖੇ ਸਥਾਪਿਤ ਆਮ ਆਦਮੀ ਕਲੀਨਿਕ ਵਿਖੇ ਅੱਜ ਤੱਕ 86 ਓ.ਪੀ.ਡੀ. ਅਤੇ 04 ਟੈੱਸਟ ਅਤੇ ਆਮ ਆਦਮੀ ਕਲੀਨਿਕ ਲਾਲ  ਬਜ਼ਾਰ ਨੇੜੇ ਯੂ.ਪੀ.ਐਚ.ਸੀ.-01 ਵਿਖੇ  68 ਓ.ਪੀ.ਡੀ ਅਤੇ 02 ਟੈੱਸਟ ਕੀਤੇ ਜਾ ਚੁੱਕੇ ਹਨ । ਉਨ੍ਹਾਂ ਦੱਸਿਆ ਕਿ ਇਹ ਕਲੀਨਿਕ ਸੋਮਵਾਰ ਤੋਂ ਸ਼ਨੀਵਾਰ ਤੱਕ ਖੁੱਲ੍ਹੇ ਰਹਿਣਗੇ, ਕੇਵਲ ਹਫ਼ਤੇ ਦੇ ਐਤਵਾਰ ਨੂੰ ਜਾ ਗਜ਼ਟਿਡ ਛੁੱਟੀ ਵਾਲੇ ਦਿਨ ਹੀ ਬੰਦ ਰਹਿਣਗੇ।

    ਤਿਰੰਗਾ ✍️. ਸਲੇਮਪੁਰੀ ਦੀ ਚੂੰਢੀ

ਤਿਰੰਗਾ
- ਜਿਨ੍ਹਾਂ ਦੀ ਜਿੰਦਗੀ
ਦੇ ਸ਼ਬਦ-ਕੋਸ਼  'ਚੋਂ 
ਅਜਾਦੀ ਦੇ ਅਰਥ
ਮਨਫੀ ਹੋ ਚੁੱਕੇ ਨੇ,
ਉਹ-
 ਸਾਇਕਲਾਂ 'ਤੇ 
ਤਿਰੰਗਾ ਲਹਿਰਾਉਂਦੇ ਹੋਏ, 
 75 ਵੀੰ ਵਰ੍ਹੇਗੰਢ 
ਮਨਾਉਣ ਲਈ 
ਖੁਸ਼ 'ਚ ਖੀਵੇ ਹੋਏ 
ਫਿਰਦੇ ਨੇ! 
 ਪ੍ਰਵਾਨਿਆਂ ਦੇ 
ਖੂਨ ਨਾਲ ਭਿੱਜੀ 
ਅਜਾਦੀ 
ਜਿਹੜੇ - 
 ਧਨਾਢਾਂ ਤੇ ਲੀਡਰਾਂ 
ਨੇ ਮੁੱਠੀ 'ਚ 
ਕੈਦ ਕਰਕੇ 
ਰੱਖੀ ਆ, 
ਉਹ - 
ਭਾੜੇ ਦੇ ਬੰਦਿਆਂ ਤੋਂ 
ਬਿਜਲੀ ਦੇ ਖੰਭਿਆਂ 'ਤੇ 
ਤਿਰੰਗਾ ਟੰਗਾ ਕੇ 
'ਦੇਸ਼ ਭਗਤ'
ਹੋਣ ਦਾ ਅਹਿਸਾਸ 
ਜਿਤਾ ਰਹੇ ਨੇ! 
-ਸੁਖਦੇਵ ਸਲੇਮਪੁਰੀ 
09780620233 
22 ਅਗਸਤ, 2022.

 ਹਾਕਮਾਂ ਦਾ ਹੁਕਮ! ✍️. ਸਲੇਮਪੁਰੀ ਦੀ ਚੂੰਢੀ

 ਹਾਕਮਾਂ ਦਾ ਹੁਕਮ!
- ਦੇਸ਼ ਵਿਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਦੇਸ਼ ਦੇ ਹਾਕਮਾਂ ਨੇ ਅਜਾਦੀ ਦਿਵਸ ਮੌਕੇ ਲੋਕਾਂ ਨੂੰ ਜਬਰੀ ਕੌਮੀ ਝੰਡਾ ਵੇਚ ਕੇ ਘਰ ਘਰ ਤਿਰੰਗਾ ਲਹਿਰਾਉਣ ਲਈ ਹੁਕਮ ਦਿੱਤਾ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਤਿਰੰਗਾ ਝੰਡਾ ਸਾਡਾ ਮਾਣ ਹੈ, ਸ਼ਾਨ ਹੈ, ਜਾਨ ਹੈ!
ਫਿਰ ਸਰਕਾਰ ਨੂੰ ਇਹ ਹੁਕਮ ਜਾਰੀ ਕਰਨ ਲਈ ਮਜਬੂਰ ਕਿਉਂ ਹੋਣਾ ਪਿਆ, ਕਿ ਹਰ ਘਰ ਤਿਰੰਗਾ ਲਹਿਰਾਇਆ ਜਾਵੇ? ਹੁਕਮਰਾਨਾਂ ਨੇ ਕੌਮੀ ਤਿਰੰਗਾ ਝੰਡਾ ਕਿਸੇ ਨੂੰ ਮੁਫਤ ਨਹੀਂ ਦਿੱਤਾ, ਸਗੋਂ ਵੇਚਿਆ ਹੈ, ਵੇਚਿਆ ਵੀ ਪਿਆਰ ਨਾਲ ਨਹੀਂ, ਜਬਰੀ ਵੇਚਿਆ ਹੈ। ਝੰਡੇ ਨੂੰ ਲੈ ਕੇ ਹੁਕਮਰਾਨਾਂ ਨੇ ਹੁਕਮ ਦਿੱਤਾ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚੋਂ ਪੈਸੇ ਕੱਟੇ ਜਾਣ, ਦੇਸ਼ ਦੇ ਕਈ ਹਿੱਸਿਆਂ ਵਿਚ ਤਾਂ ਮੁਫਤ ਦਾਲ ਆਟਾ ਲੈਣ ਵਾਲੇ ਗਰੀਬ ਲੋਕਾਂ ਜਿਨ੍ਹਾਂ ਕੋਲ ਪੈਸੇ ਨਹੀਂ ਸਨ, ਦੇ ਰਾਸ਼ਨ ਵਿਚੋਂ ਕਟੌਤੀ ਕਰਕੇ ਜਬਰੀ ਉਨ੍ਹਾਂ ਦੇ ਹੱਥਾਂ ਵਿਚ ਝੰਡਾ ਫੜਾ ਦਿੱਤਾ। ਗਰੀਬ ਲੋਕਾਂ ਨੇ ਵਾਸਤਾ ਪਾਇਆ ਕਿ ਉਨ੍ਹਾਂ ਨੂੰ ਝੰਡਾ ਨਹੀਂ , ਭੁੱਖੇ ਢਿੱਡ ਨੂੰ ਝੁਲਕਾ ਦੇਣ ਲਈ ਰੋਟੀ ਚਾਹੀਦੀ ਆ, ਝੰਡਾ ਲਹਿਰਾਉਣ ਲਈ ਘਰ ਚਾਹੀਦਾ! ਘਰ!! 
 ਪੰਜਾਬ ਦੀ ਆਰਥਿਕਤਾ ਦਾ ਧੁਰਾ ਦੇ ਨਾਂ ਨਾਲ ਜਾਣੇ ਜਾਂਦੇ ਲੁਧਿਆਣਾ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਖਾਸ ਕਰਕੇ ਪਾਸ਼ ਇਲਾਕਿਆਂ ਵਿਚ ਲੋਕਾਂ ਦੀਆਂ ਘਰਾਂ ਦੀਆਂ ਛੱਤਾਂ ਉਪਰ  ਹਜਾਰਾਂ ਘਰਾਂ ਪਿਛੇ ਕਿਤੇ ਕਿਤੇ ਕੋਈ ਝੰਡਾ ਲਹਿਰਾਉਂਦਾ ਦਿਸਿਆ! ਹਾਂ ਝੁੱਗੀਆਂ ਉਪਰ ਕਈ ਥਾਈਂ ਤਿਰੰਗਾ ਜਰੂਰ ਦਿਖਾਈ ਦਿੱਤਾ, ਕੁੱਝ ਕੁ ਗਰੀਬਾਂ ਦੇ ਆਪਣੇ ਸਾਇਕਲਾਂ, ਮੋਟਰਸਾਈਕਲਾਂ ਉਪਰ  ਤਿਰੰਗੇ ਝੰਡੇ ਲੱਗੇ ਹੋਏ ਵੀ ਸਾਹਮਣੇ ਆਏ!
ਜਿਹੜੇ ਲੋਕ ਅਜਾਦੀ ਦਾ ਅਨੰਦ ਮਾਣ ਰਹੇ ਹਨ, ਉਨ੍ਹਾਂ ਕੋਲ ਵੱਡੇ ਵੱਡੇ ਮਹੱਲ-ਨੁਮਾ ਘਰ ਹਨ, ਮਹਿੰਗੀਆਂ ਕਾਰਾਂ ਰੱਖੀਆਂ ਹੋਈਆਂ ਹਨ, ਉਨ੍ਹਾਂ ਦੇ ਘਰਾਂ ਉਪਰ ਤਾਂ ਕਿਤੇ ਵੀ ਝੰਡਾ ਦਿਖਾਈ ਹੀ ਨਹੀਂ ਦਿੱਤਾ। ਟਾਵੇਂ ਟੱਲੇ ਘਰ ਉਪਰ ਤਿਰੰਗੇ ਦੇ ਨਾਲ ਨਾਲ ਕੇਸਰੀ ਝੰਡਾ ਵੀ ਝੂਲਦਾ ਦਿਖਾਈ ਦਿੱਤਾ। ਹਾਕਮਾਂ ਵਲੋਂ ਕਰੋੜਾਂ ਦੀ ਗਿਣਤੀ ਵਿਚ ਆਪਣੇ ਮੁਲਾਜ਼ਮਾਂ ਅਤੇ ਲੋਕਾਂ ਨੂੰ ਕੌਮੀ ਝੰਡੇ ਵੇਚੇ ਗਏ, ਪਰ ਘਰਾਂ ਦੀਆਂ ਛੱਤਾਂ ਉਪਰ ਝੂਲਦੇ ਕਿਤੇ ਵੀ ਦਿਖਾਈ ਨਹੀਂ ਦਿੱਤੇ, ਕਿਉਂ?
ਜਾਪਦਾ ਹੈ ਕਿ ਦੇਸ਼ ਦੇ ਗੰਧਲੇ ਹੋਏ ਸਿਸਟਮ ਵਿਰੁੱਧ ਲੋਕਾਂ ਦੇ ਦਿਲਾਂ ਵਿਚ ਰੋਸ ਦੀ ਅੱਗ ਭਾਂਬੜ ਬਣ ਕੇ ਮੱਚ ਰਹੀ ਹੈ। ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ, ਦੇਸ਼ ਦੇ ਰੋਮ ਰੋਮ ਵਿਚ ਫੈਲੇ ਭ੍ਰਿਸ਼ਟਾਚਾਰ ਤੋਂ ਲੋਕ ਬਹੁਤ ਦੁਖੀ ਹਨ, ਜਾਤ-ਪਾਤ ਦਾ ਬੋਲਬਾਲਾ ਘਟਣ ਦੀ ਬਜਾਏ ਦਿਨ-ਬ-ਦਿਨ ਵੱਧਦਾ ਜਾ ਰਿਹਾ, ਭੁੱਖਮਰੀ ਅਤੇ ਬੇਰੁਜ਼ਗਾਰੀ ਨੇ ਲੋਕਾਂ ਦਾ ਜੀਣਾ ਦੁੱਭਰ ਕਰਕੇ ਰੱਖ ਦਿੱਤਾ ਹੈ, ਫਿਰਕਾਪ੍ਰਸਤੀ ਭੂਸਰੇ ਹੋਏ ਸਾਨ੍ਹ ਵਾਗੂੰ ਢੁੱਡਾਂ ਮਾਰਦੀ ਫਿਰਦੀ ਹੈ। ਦੇਸ਼ ਵਿਚ ਅੰਬਾਨੀਆਂ-ਅਡਾਨੀਆਂ ਸਮੇਤ ਹੋਰ ਕਈ ਵੱਡੇ ਵੱਡੇ ਸਰਮਾਏਦਾਰ ਘਰਾਣਿਆਂ ਦਾ ਕਬਜਾ ਹੋਣ ਕਰਕੇ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਦੇ ਨਾਸੀੰ ਧੂੰਆਂ ਆ ਗਿਆ ਹੈ, ਜਿਸ ਕਰਕੇ ਹੁਕਮਰਾਨਾਂ ਪ੍ਰਤੀ ਰੋਸ ਹੈ, ਹਾਲਾਂਕਿ  ਦੇਸ਼ ਵਿਚ ਹੋ ਰਹੀ ਲੁੱਟ ਖਸੁੱਟ ਦਾ ਉਨ੍ਹਾਂ ਨੂੰ ਬਹੁਤ ਦਰਦ ਹੈ, ਪੀੜ੍ਹਾ ਹੈ । ਉਹ ਦੇਸ਼ ਨੂੰ ਪਿਆਰ ਕਰਦੇ ਹਨ, ਤਿਰੰਗੇ ਦਾ ਸਤਿਕਾਰ ਕਰਦੇ ਹਨ, ਪਰ ਉਹ ਆਪਣੇ ਹੀ ਦੇਸ਼ ਵਿਚ ਆਪਣੇ ਆਪ ਨੂੰ ਲੁੱਟਿਆ, ਕੁੱਟਿਆ ਅਤੇ ਟੁੱਟਿਆ, ਟੁੱਟਿਆ ਮਹਿਸੂਸ ਕਰ ਰਹੇ ਹਨ।
ਅਜਾਦੀ ਤੋਂ ਪਹਿਲਾਂ ਗੋਰਿਆਂ ਨੇ ਦੇਸ਼ ਨੂੰ ਲੁੱਟਿਆ, ਪਰ ਅਜਾਦੀ ਤੋਂ ਬਾਅਦ ਆਪਣੇ ਹੀ ਘਰ ਵਿਚ ਆਪਣਿਆਂ ਨੇ ਆਪਣਿਆਂ ਨੂੰ ਕੇਵਲ ਲੁੱਟਿਆ ਹੀ ਨਹੀਂ ਬਲਕਿ ਕੁੱਟਿਆ ਵੀ ਬਹੁਤ ਹੈ, ਜੋ ਹੁਣ ਵੀ ਜਾਰੀ ਹੈ। ਹੁਕਮਰਾਨ ਅਤੇ ਉਨ੍ਹਾਂ ਦੇ ਭਾਈਵਾਲ ਦੇਸ਼ ਨੂੰ ਲੁੱਟਣ ਲਈ ਜੁੱਟੇ ਹੋਏ ਹਨ, ਕਰਜੇ ਦੇ ਰੂਪ ਵਿਚ ਬੈਂਕਾਂ ਲੁਟਾਈਆਂ ਜਾ ਰਹੀਆਂ ਹਨ। ਹਾਕਮਾਂ ਨੇ ਕਦੀ ਵੀ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਦੀ ਪ੍ਰਵਾਹ ਨਹੀਂ ਕੀਤੀ, ਜਿਸ ਕਰਕੇ ਲੋਕ ਟੁੱਟ ਚੁੱਕੇ ਹਨ। ਹੁਕਮਰਾਨ ਲੋਕ ਵਿਰੋਧੀ ਨੀਤੀਆਂ ਅਖਤਿਆਰ ਕਰਕੇ ਆਮ ਲੋਕਾਂ ਨੂੰ ਦੇਸ਼ ਨਾਲੋਂ ਤੋੜ ਰਹੇ ਹਨ ਅਤੇ ਆਪਸੀ ਸਮਾਜਿਕ ਰਿਸ਼ਤਿਆਂ ਵਿਚ ਦੂਰੀਆਂ ਵਧਾ ਰਹੇ ਹਨ। ਦੇਸ਼ ਵੇਚਿਆ ਜਾ ਰਿਹਾ ਹੈ, ਕੌਮੀ ਝੰਡਾ ਵੇਚਿਆ ਜਾ ਰਿਹਾ। ਹਾਲਾਂਕਿ ਦੇਸ਼ ਦੇ ਲੋਕ ਭਲੀਭਾਂਤ ਜਾਣਦੇ ਹਨ ਕਿ ਤਿਰੰਗਾ ਝੰਡਾ ਬਹੁਤ ਕੁਰਬਾਨੀਆਂ ਦੇਣ ਪਿੱਛੋਂ ਮਿਲਿਆ ਹੈ। ਇਹ ਤਿੱਖੇ ਸੰਘਰਸ਼ ਵਿਚੋਂ ਨਿਕਲਿਆ 'ਜਿੱਤ ਦਾ ਪ੍ਰਤੀਕ' ਹੈ। ਪਰ ਸਮੇਂ ਸਮੇਂ 'ਤੇ ਦੇਸ਼ ਵਿਚ ਆਈਆਂ ਸਰਕਾਰਾਂ ਨੇ, ਹਾਕਮਾਂ ਨੇ ਲੋਕਾਂ ਵਿਚ ਦੇਸ਼ ਅਤੇ ਤਿਰੰਗੇ ਪ੍ਰਤੀ ਅਪਣੱਤ ਪੈਦਾ ਹੀ ਨਹੀਂ ਕੀਤੀ, ਜਿਸ ਦਾ ਸਿੱਟਾ ਇਹ ਨਿਕਲਿਆ ਹੈ ਕਿ ਲੋਕ ਆਪਣੇ ਘਰਾਂ ਉਪਰ ਝੰਡਾ ਲਹਿਰਾਉਣ ਲਈ ਕਿਸੇ ਹਾਕਮ ਦੇ ਹੁਕਮਾਂ ਦੇ ਮੁਹਤਾਜ ਨਹੀਂ ਰਹੇ! ਜਦੋਂ ਲੋਕਾਂ ਦੇ ਹੱਕਾਂ ਅਤੇ ਹਿੱਤਾਂ ਉਪਰ ਸੱਟ ਵੱਜਦੀ ਹੈ, ਤਾਂ ਉਨ੍ਹਾਂ ਦੀਆਂ ਭਾਵਨਾਵਾਂ ਤੇ ਜਜਬੇ ਚਕਨਾਚੂਰ ਹਨ, ਤੇ ਜਦੋਂ ਕਿਸੇ ਦੀਆਂ ਭਾਵਨਾਵਾਂ ਅਤੇ ਜਜ਼ਬੇ ਚਕਨਾਚੂਰ ਹੁੰਦੇ ਹਨ ਤਾਂ ਉਹ ਹਾਕਮ ਦੇ ਹੁਕਮ ਦੇ ਪਾਬੰਦ ਹੋਣ ਤੋਂ ਪਾਸਾ ਵੱਟਣ  ਲਈ ਮਜਬੂਰ ਹੋ ਜਾਂਦੇ ਹਨ। ਸੱਚੀ ਗੱਲ ਤਾਂ ਇਹ ਹੈ ਕਿ ਜਦੋਂ ਤੱਕ ਦੇਸ਼ ਦੇ ਹਰੇਕ ਨਾਗਰਿਕ ਨੂੰ ਕੁੱਲੀ, ਗੁੱਲੀ ਤੇ ਜੁੱਲੀ ਦੀ ਸਹੂਲਤ ਨਸੀਬ ਹੋਵੇਗੀ ਤਾਂ ਉਦੋਂ ਤੱਕ ਦੇਸ਼ ਦੀ ਅਜਾਦੀ ਦਾ ਮੰਤਵ ਅਧੂਰਾ ਹੀ ਰਹੇਗਾ। 
-ਸੁਖਦੇਵ ਸਲੇਮਪੁਰੀ 
09780620233 
22 ਅਗਸਤ, 2022.

ਨਿਪੁੰਸਕ ਸਾਹਿਤਕਾਰ! ✍️. ਸਲੇਮਪੁਰੀ ਦੀ ਚੂੰਢੀ

ਨਿਪੁੰਸਕ ਸਾਹਿਤਕਾਰ!
- ਨਿਪੁੰਸਕ ਸਾਹਿਤਕਾਰਾਂ ਦੇ
ਲੁੰਗ-ਲਾਣੇ ਨੂੰ
ਸੋਹਣੀ ਕੁੜੀ ਦੇ
 ਪੈਰਾਂ 'ਚ ਪਾਈਆਂ
ਝਾਂਜਰਾਂ
ਦੂਰੋਂ ਦਿਸ ਪੈਂਦੀਆਂ ਨੇ!
ਪਿੰਡ ਵਿਚ
 ਜਿਮੀਂਦਾਰਾਂ ਦੇ ਘਰਾਂ ਦਾ
ਗੋਹਾ ਕੂੜਾ ਸਿਰ 'ਤੇ
ਸੁੱਟਦੀ
ਮੱਜਬੀਆਂ ਦੀ ਰਾਣੋ
ਦੇ ਮੂੰਹ ਉਪਰੋਂ 
ਪਸ਼ੂਆਂ ਦੇ 
ਮੂਤ ਦੀਆਂ ਵਗਦੀਆਂ 
ਘਰਾਲਾਂ ਨੇੜਿਓਂ ਵੀ 
ਦਿਖਾਈ ਨਹੀਂ ਦਿੰਦੀਆਂ!
ਮੁਰਗੇ ਦੀਆਂ ਟੰਗਾਂ 
ਚੱਭਦੇ! 
ਦਾਰੂ ਪੀਂਦੇ 
ਐਸ਼ਾਂ ਕਰਦੇ, 
ਬੁੱਲੇ ਲੁੱਟਦੇ 
ਲੁੰਗ-ਲਾਣੇ ਨੂੰ 
ਕਿਰਨ ਬੇਦੀ ਨੂੰ 
ਭਾਰਤ ਦੀ ਪਹਿਲੀ 
ਆਈ ਪੀ ਐਸ
 ਲਿਖਦਿਆਂ, 
ਪ੍ਰਚਾਰਦਿਆਂ, 
ਡਾਹਡਾ ਮਾਣ ਮਹਿਸੂਸ ਹੁੰਦੈ! 
ਪਰ - 
ਵਿਹੜੇ ਵਾਲਿਆਂ ਦੀ 
ਸੁਰਜੀਤ ਕੌਰ 
ਜਿਹੜੀ 1956 ਵਿਚ 
ਆਈ ਪੀ ਐਸ 
ਬਣੀ ਸੀ, 
ਮੋਟੇ ਸ਼ੀਸ਼ਿਆਂ ਵਾਲੀਆਂ 
ਐਨਕਾਂ ਵਿਚੋਂ ਵੀ 
ਦਿਖਾਈ ਨਹੀਂ ਦਿੱਤੀ! 
-ਸੁਖਦੇਵ ਸਲੇਮਪੁਰੀ 
09780620233 
22 ਅਗਸਤ, 2022.

       ਦੇਸ਼-ਭਗਤੀ! ✍️. ਸਲੇਮਪੁਰੀ ਦੀ ਚੂੰਢੀ

ਦੇਸ਼-ਭਗਤੀ!
-ਜੇ ਤਿਰੰਗਾ ਵੇਚ ਕੇ 
ਪੈਸੇ ਕਮਾਉਣਾ 
ਵੱਡੀ ਦੇਸ਼  ਭਗਤੀ ਹੈ 
ਤਾਂ ਫਿਰ 
ਚੋਣਾਂ ਵੇਲੇ 
ਮੁਫਤ  ਨਸ਼ਾ ਵੰਡਣਾ! 
ਪੈਸੇ ਦੇ ਕੇ 
ਵੋਟਾਂ ਖਰੀਦਣਾ!
ਝੰਡਾ ਵੇਚਣ ਨਾਲੋਂ 
ਵੀ ਸ਼ਾਇਦ 
ਬਹੁਤ ਵੱਡੀ
 ਦੇਸ਼ ਭਗਤੀ ਹੈ! 
ਬੈਂਕਾਂ 'ਚ 
ਲੋਕਾਂ ਦੀ ਕਿਰਤ ਕਮਾਈ 
ਦਾ ਪਿਆ ਪੈਸਾ 
ਖਾਸ ਬੰਦਿਆਂ ਨੂੰ 
ਲੁਟਾਉਣਾ, 
ਸੰਸਾਰ ਭਰ ਵਿੱਚ 
 ਸਭ ਤੋਂ ਵੱਡੀ 
ਦੇਸ਼ ਭਗਤੀ ਦੀ ਮਿਸਾਲ 
ਹੋ ਨਿਬੜੀ ਆ! 
ਜਿਨ੍ਹਾਂ 28 ਦੇਸ਼ ਭਗਤਾਂ ਨੇ 
ਭਾਰਤੀ ਬੈਂਕਾਂ ਦੇ 
ਸੌ ਕੁ ਖਰਬ ਰੁਪਈਏ 
ਸਾਂਭੇ ਨੇ 
ਉਨ੍ਹਾਂ ਦਾ ਨਾਂ 
ਲਾਲ ਕਿਲ੍ਹੇ ਦੀਆਂ 
ਕੰਧਾਂ 'ਤੇ 
ਸੋਨੇ ਦੀਆਂ ਤਖਤੀਆਂ 
ਬਣਾ ਕੇ 
 'ਦੇਸ਼ ਭਗਤ' ਵਜੋਂ 
ਲਿਖ ਦੇਣਾ ਵੀ 
ਦੇਸ਼ ਭਗਤੀ ਹੋਵੇਗਾ! 
-ਸੁਖਦੇਵ ਸਲੇਮਪੁਰੀ 
09780620233 
22 ਅਗਸਤ, 2022.

ਉਦਾਸੀ ਤੇ ਇਕੱਲਾਪਣ ✍️. ਸਲੇਮਪੁਰੀ ਦੀ ਚੂੰਢੀ

ਉਦਾਸੀ ਤੇ ਇਕੱਲਾਪਣ
ਜੇ ਕਦੀ ਕਦਾਈਂ  ਮਨ 'ਤੇ ਉਦਾਸੀ ਛਾ ਜਾਵੇ, ਇਕੱਲਾਪਣ ਮਹਿਸੂਸ ਹੋਵੇ ਤਾਂ 
ਕਿਸੇ ਮਿੱਤਰ / ਦੋਸਤ ਕੋਲ ਬਹਿ ਜਾਈਦਾ,
 ਉਸ ਨੂੰ ਦਿਲ  ਦਾ ਦਰਦ ਸੁਣਾਈ ਦਾ! 
 ਪਹਿਲਾਂ ਪਰਿਵਾਰ ਨੂੰ  ਦਰਦ ਘਟਾਉਣ ਲਈ ਨਾਲ ਰਲਾਈ ਦਾ। ਜੇ ਕੋਈ ਵੀ ਨਾ ਮਿਲੇ ਤਾਂ ਰੁੱਖਾਂ ਕੋਲੇ ਚਲੇ ਜਾਈਦਾ!
ਉਨ੍ਹਾਂ ਨੂੰ ਗਲੇ ਲਾਈਦਾ!
 ਰੁੱਖ ਹਰ ਬੰਦੇ ਦਾ ਦੁੱਖ ਜਾਣਦੇ!
 ਸੱਭ ਨੂੰ ਦੇਣਾ ਸੁੱਖ ਜਾਣਦੇ!
ਜੇ ਦਿਮਾਗ 'ਤੇ ਕਿਸੇ ਗੱਲ ਦਾ ਬੋਝ ਹੋਵੇ ਤਾਂ ਨਕਾਰਤਮਿਕ ਸੋਚਣ ਦੀ ਬਜਾਏ ਹਮੇਸ਼ਾ ਸਕਾਰਾਤਮਕ ਸੋਚਣਾ ਚਾਹੀਦਾ ਕਿਉਂਕਿ ਨਕਾਰਾਤਮਕ ਸੋਚਣ ਨਾਲ   ਹਮੇਸ਼ਾ ਨਿਰਾਸ਼ਾ ਹੀ ਪੱਲੇ ਪੈਂਦੀ ਹੈ ਅਤੇ ਫਿਰ ਅੱਗੇ ਦੀ ਅੱਗੇ ਜੰਗਲ ਦੀ ਅੱਗ ਵਾਂਗੂੰ ਵੱਧਦੀ ਜਾਂਦੀ ਹੈ। ਸਕਾਰਾਤਮਕ ਸੋਚ ਰੱਖਣ ਵਾਲਾ  ਭਾਵੇਂ ਇਕੱਲਾ ਹੀ ਹੋਵੇ ਪਰ ਉਹ ਫਿਰ ਵੀ ਨਵੇਂ ਰਾਹ ਸਿਰਜਦਾ ਹੈ। ਕੁਦਰਤ ਦੀ ਬੁੱਕਲ ਵਿਚ ਬਹਿ ਕੇ ਖੁਸ਼ੀਆਂ ਪਾਉਣੀਆਂ ਚਾਹੀਦੀਆਂ ਹਨ, ਸਵੇਰੇ ਸਵੇਰੇ ਆਉਂਦੇ ਹਵਾ ਦੇ ਠੰਡੇ ਬੁੱਲ੍ਹਿਆਂ ਦਾ ਅਨੰਦ ਮਾਣਨਾ ਚਾਹੀਦਾ ਹੈ।  ਠੰਡੇ ਬੁੱਲ੍ਹੇ ਅਸ਼ਾਂਤ ਮਨ ਅੰਦਰ ਠੰਡ ਵਰਤਾਉੰਦੇ ਨੇ। ਅਕਾਸ਼ ਵਿੱਚ ਉੱਡਦੇ ਬੱਦਲਾਂ ਨੂੰ ਵੇਖਣ ਦੀ ਤਾਂਘ ਰੱਖਣੀ ਚਾਹੀਦੀ ਹੈ। ਮਨ ਦੀਆਂ ਕਲਪਨਾਵਾਂ ਨਾਲ ਉੱਡਦੇ ਬੱਦਲਾਂ ਵਿਚ 'ਆਪਣਿਆਂ' ਦੀਆਂ ਤਸਵੀਰਾਂ  ਬਣਾ ਕੇ ਉਨ੍ਹਾਂ ਨਾਲ ਗੱਲਾਂ ਕਰਨੀਆਂ ਚਾਹੀਦੀਆਂ, ਤਾਂ ਜੋ ਮਨ ਦਾ ਭਾਰ ਹੌਲਾ ਹੋ ਜਾਵੇ।  ਹਮੇਸ਼ਾ ਨਵੀਆਂ ਰਾਹਾਂ ਲੱਭਣੀਆਂ ਚਾਹੀਦੀਆਂ ਨੇ, ਭਟਕਣ ਦੀ ਬਜਾਏ ਰਾਹ ਦਸੇਰਾ ਬਣਨਾ ਚਾਹੀਦਾ ਹੈ ਤਾਂ ਜੋ ਸੱਥਾਂ ਵਿਚ ਬੈਠੇ ਲੋਕ ਵੀ ਸਿਆਣਪ ਦੀਆਂ ਕਹਾਣੀਆਂ ਪਾਉਣ, ਗੱਲਾਂ ਕਰਨ, ਵਡਿਆਈ ਦੇ ਫੁੱਲ ਵਰਸਾਉਣ । ਚੰਗੀ ਸੋਚ, ਚੰਗੇ ਵਿਚਾਰ, ਚੰਗੇ ਖਿਆਲ ਚੰਗੇ ਕੰਮ,  ਚੰਗੀਆਂ ਮਾਨਸਿਕ ਉਡਾਰੀਆਂ ਇੱਕ ਚੰਗੇ ਸਮਾਜ ਦੀ ਸਿਰਜਣਾ ਦਾ ਹਿੱਸਾ ਬਣਦੇ ਹਨ।  ਉਸਾਰੂ ਵਿਚਾਰਧਾਰਾ ਦੇ ਨਤੀਜੇ ਹਮੇਸ਼ਾ ਚੰਗੇ ਹੁੰਦੇ ਹਨ, ਸਾਰਥਕ ਹੁੰਦੇ ਹਨ। ਦਿਲ ਦਾ ਭਾਰ ਹੌਲਾ ਕਰਨ ਲਈ ਦਿਲ ਖੋਲ੍ਹ ਕੇ ਗੱਲਾਂ ਕਰਨੀਆਂ ਚਾਹੀਦੀਆਂ ਹਨ। ਦਿਲ ਵਿਚ ਦੱਬੀਆਂ ਭਾਵਨਾਵਾਂ /ਗੁੱਸੇ - ਗਿਲੇ ਕੇਵਲ ਸਰੀਰਕ ਅਤੇ ਮਾਨਸਿਕ ਸਿਹਤ ਉਪਰ ਹੀ ਨਹੀਂ ਬਲਕਿ ਸਮੁੱਚੇ ਆਲੇ-ਦੁਆਲੇ ਨੂੰ ਪ੍ਰਭਾਵਿਤ ਕਰਦੇ ਹਨ।ਉਦਾਸੀ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੀਦਾ, ਨਿਰਾਸ਼ਾ ਨੂੰ  ਆਪਣੇ ਉੱਤੇ ਭਾਰੂ ਨਹੀਂ ਬਣਨ ਦੇਣਾ ਚਾਹੀਦਾ। ਨਿਰਾਸ਼ਤਾ ਮਨ ਨੂੰ ਢਹਿੰਦੀ ਅਵਸਥਾ ਵਲ ਲਿਜਾਂਦੀ ਹੈ। ਆਸ਼ਾਵਾਦੀ ਭਾਵਨਾਵਾਂ ਮਨ ਨੂੰ ਚੜ੍ਹਦੀ ਕਲਾ ਵਿੱਚ ਲਿਜਾਂਦੀਆਂ ਹਨ, ਮਨ ਨੂੰ ਖੁਸ਼ੀਆਂ ਦਿੰਦੀਆਂ ਹਨ! 
-ਸੁਖਦੇਵ ਸਲੇਮਪੁਰੀ 
09780620233 
22 ਅਗਸਤ, 2022.

ਹਿੰਦੂ ਰਾਸ਼ਟਰ ਸੰਵਿਧਾਨ! ✍️  ਸਲੇਮਪੁਰੀ ਦੀ ਚੂੰਢੀ 

ਹਿੰਦੂ ਰਾਸ਼ਟਰ ਸੰਵਿਧਾਨ! 
ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਆਰ. ਐਸ. ਐਸ. ਸਮੇਤ ਹੋਰ ਵੱਖ ਹਿੰਦੂਤਵ ਸੰਗਠਨਾਂ ਵਲੋਂ ਲਗਾਤਾਰ ਵਿਉਂਤਬੰਦੀ ਕੀਤੀ ਜਾ ਰਹੀ ਹੈ ਅਤੇ ਜਿਸ ਵਿਚ ਮੁੱਖ ਤੌਰ 'ਤੇ 'ਹਿੰਦੂ ਸੰਵਿਧਾਨ' ਦੀ ਸਿਰਜਣਾ ਕਰਨਾ ਸ਼ਾਮਲ ਹੈ। ਹਿੰਦੂਤਵ ਨਾਲ ਸਬੰਧਿਤ ਸਾਧੂਆਂ ਵਲੋਂ ਸੁਪਰੀਮ ਕੋਰਟ ਦੇ ਵਕੀਲਾਂ ਅਤੇ ਹੋਰ ਚੋਣਵੇਂ ਸਾਧੂਆਂ /ਲੋਕਾਂ ਦੀ ਮਦਦ ਨਾਲ ਜਿਹੜਾ ਸੰਵਿਧਾਨ ਤਿਆਰ ਕੀਤਾ ਜਾ ਰਿਹਾ ਹੈ , ਨੂੰ 'ਹਿੰਦੂ ਰਾਸ਼ਟਰ ਸੰਵਿਧਾਨ' ਦਾ ਨਾਂ ਦਿੱਤਾ ਜਾ ਰਿਹਾ ਹੈ। ਹਿੰਦੂ ਸੰਵਿਧਾਨ ਦਾ ਜੋ ਖਰੜਾ ਤਿਆਰ ਕੀਤਾ ਜਾ ਰਿਹਾ ਹੈ, ਨੂੰ ਵਾਰਾਨਸੀ/ ਪਰਿਆਗਰਾਜ ਵਿਚ ਜਨਵਰੀ, 2023 ਨੂੰ ਕਰਵਾਏ ਜਾ ਰਹੇ ਧਰਮ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ। ਵਾਰਾਨਸੀ ਸਥਿਤ ਸ਼ੰਕਰਾਚਾਰੀਆ ਪ੍ਰੀਸ਼ਦ ਦੇ ਮੁੱਖੀ ਸੁਆਮੀ ਅਨੰਦ ਸਵਰੂਪ ਦੀ ਅਗਵਾਈ ਹੇਠ 30 ਲੋਕਾਂ ਵਲੋਂ  ਹਿੰਦੂ ਸੰਵਿਧਾਨ ਦੇ ਖਰੜੇ ਦੇ 30 ਸਫੇ ਤਿਆਰ ਕਰ ਲਏ ਗਏ ਹਨ। ਹਿੰਦੂ ਰਾਸ਼ਟਰ ਸੰਵਿਧਾਨ ਦੇ ਕੁੱਲ 756 ਸਫਿਆਂ ਦੀ ਪ੍ਰਸਤਾਵਨਾ ਰੱਖੀ ਗਈ ਹੈ ਅਤੇ ਇਨ੍ਹਾਂ ਵਿਚੋਂ 300 ਸਫਿਆਂ ਦਾ ਖਰੜਾ ਅਗਲੇ ਸਾਲ 2023 ਦੇ ਮਾਘ ਮਹੀਨੇ ਵਿਚ ਹਿੰਦੂ ਸਾਧੂਆਂ ਵਲੋਂ ਕਰਵਾਏ ਜਾ ਰਹੇ 'ਧਰਮ ਸੰਸਦ'  ਪੇਸ਼ ਕੀਤਾ ਜਾਵੇਗਾ। ਹਿੰਦੂ ਸੰਵਿਧਾਨ ਦਾ ਖਰੜਾ ਹਿੰਦੂ ਧਾਰਮਿਕ ਗ੍ਰੰਥਾਂ ਦੇ ਅਧਾਰਿਤ ਤਿਆਰ ਕੀਤਾ ਜਾ ਰਿਹਾ ਹੈ। ਸੰਵਿਧਾਨ ਦੇ ਮੁੱਢਲੇ ਪਹਿਲੂਆਂ ਵਿਚ ਸਿੱਖਿਆ, ਕਾਨੂੰਨ ਵਿਵਸਥਾ, ਰੱਖਿਆ ਅਤੇ ਮੱਤਦਾਨ ਦੀਆਂ ਤਜਵੀਜ਼ਾਂ ਰੱਖੀਆਂ ਗਈਆਂ ਹਨ। ਦੇਸ਼ ਦੇ 547 ਸੰਸਦ ਮੈਂਬਰਾਂ ਦੀ ਥਾਂ 'ਤੇ 'ਧਰਮ ਸੰਸਦ' ਹੋਣਗੇ। ਦਿੱਲੀ ਸਥਿਤ ਸੰਸਦ ਭਵਨ ਦੀ ਤਰਜ 'ਤੇ ਕਾਸ਼ੀ ਵਿਚ 'ਧਰਮ ਸੰਸਦ ਭਵਨ' ਬਣਾਇਆ ਜਾਵੇਗਾ ਅਤੇ ਇਸ ਭਵਨ ਲਈ ਸ਼ੂਲਟੰਕੇਸ਼ਵਰ ਦੇ ਕੋਲ 48 ਏਕੜ ਜਮੀਨ ਦੀ ਚੋਣ ਕੀਤੀ ਗਈ ਹੈ। 'ਧਰਮ ਸੰਸਦ' ਬਣਨ ਲਈ 25 ਸਾਲ ਦੀ ਉਮਰ ਜਦਕਿ ਵੋਟਰ ਬਣਨ ਲਈ 16 ਸਾਲ ਦੀ ਉਮਰ ਦਾ ਪ੍ਰਸਤਾਵ ਰੱਖਿਆ ਗਿਆ ਹੈ। ਹਿੰਦੂ ਰਾਸ਼ਟਰ ਸੰਵਿਧਾਨ ਦੇ ਹੋਂਦ ਵਿਚ ਆਉਣ 'ਤੇ ਦੇਸ਼ ਦੀ ਰਾਜਧਾਨੀ ਦਿੱਲੀ ਦੀ ਥਾਂ ਵਾਰਾਨਸੀ / ਪਰਿਆਗਰਾਜ ਸ਼ਹਿਰ ਹੋਵੇਗਾ। ਹਿੰਦੂ ਰਾਸ਼ਟਰ ਸੰਵਿਧਾਨ ਨਾਲ ਸਬੰਧਿਤ ਜੋ ਖਰੜਾ ਤਿਆਰ ਕੀਤਾ ਜਾ ਰਿਹਾ ਹੈ, ਦੇ ਅਨੁਸਾਰ ਮੁਸਲਮਾਨਾਂ ਅਤੇ ਇਸਾਈਆਂ ਨੂੰ ਮੱਤਦਾਨ ਦੇ ਅਧਿਕਾਰ ਨੂੰ ਵੰਚਿਤ ਰੱਖਿਆ ਗਿਆ ਹੈ,, ਜਦਕਿ ਉਨ੍ਹਾਂ ਨੂੰ ਬਾਕੀ ਸਾਰੇ ਅਧਿਕਾਰ ਦੇਸ਼ ਦੇ ਦੂਸਰੇ ਨਾਗਰਿਕਾਂ ਦੀ ਤਰ੍ਹਾਂ ਉਪਲੱਬਧ ਹੋਣਗੇ। ਤਿਆਰ ਕੀਤੇ ਜਾ ਰਹੇ ਖਰੜੇ ਮੁਤਾਬਿਕ ਗੁਰੂਕੁਲ ਪ੍ਰਣਾਲੀ ਨੂੰ ਲਾਗੂ ਕੀਤਾ ਜਾਵੇਗਾ। ਸੰਵਿਧਾਨ ਦਾ ਖਰੜਾ ਵੱਖ ਵੱਖ ਹਿੰਦੂ ਗ੍ਰੰਥਾਂ ਜਿੰਨ੍ਹਾਂ ਵਿਚ ਮਨੂਸਿਮਰਤੀ ਵੀ ਸ਼ਾਮਿਲ ਹੈ, ਦੀ ਵਿਚਾਰਧਾਰਾ ਅਨੁਸਾਰ ਹੋਵੇਗਾ, ਜਿਸ ਦਾ ਭਾਵ ਇਹ ਹੈ ਕਿ ਦੇਸ਼ ਵਿਚ ਵਰਣ-ਵਿਵਸਥਾ ਮੁੜ ਸੁਰਜੀਤ ਕੀਤੀ ਜਾਵੇਗੀ। ਦੇਸ਼ ਵਿਚ ਚਾਰ ਵਰਣ ਹੋਣਗੇ ਜਿਸ ਵਿਚ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਅਨੁਸਾਰ ਪ੍ਰਣਾਲੀ ਵੰਡ ਕੀਤੀ ਜਾਵੇਗੀ। ਤਿਆਰ ਕੀਤੇ ਜਾ ਰਹੇ ਹਿੰਦੂ ਸੰਵਿਧਾਨ ਦੇ ਮੁੱਖ ਸਫੇ 'ਤੇ ' ਅਖੰਡ ਭਾਰਤ' ਦਾ ਨਕਸ਼ਾ ਹੋਵੇਗਾ।ਇਥੇ ਦੱਸਣਯੋਗ ਹੈ ਕਿ ਹਿੰਦੂ ਸਾਧੂਆਂ ਵਲੋਂ 'ਹਿੰਦੂ ਰਾਸ਼ਟਰ ਸੰਵਿਧਾਨ' ਜੋ ਸਿਰਜਿਆ ਜਾ ਰਿਹਾ ਹੈ, ਭਾਵੇਂ ਅਜੇ ਸਿਰਫ ਇਕ ਪ੍ਰਸਤਾਵ ਹੈ, ਪਰ ਫਿਰ ਵੀ ਦੇਸ਼ ਦੇ ਵੱਖ ਵੱਖ ਵਰਗਾਂ /ਧਰਮਾਂ ਦੇ ਲੋਕਾਂ ਉਪਰ  ਇਸ ਪ੍ਰਸਤਾਵ ਦਾ  ਅਸਰ ਪੈਣਾ ਲਾਜ਼ਮੀ ਹੈ। 
-ਸੁਖਦੇਵ ਸਲੇਮਪੁਰੀ
09780620233
22 ਅਗਸਤ, 2022

ਹਵਾਈ ਜਹਾਜ਼ ਵਿੱਚ ਸਫਰ ਸਮੇਂ ਕਿਰਪਾਨ ਦਾ ਮਸਲਾ ਅਤੇ ਸਿੰਮਰਨਜੀਤ ਸਿੰਘ ਮਾਨ ਦਾ ਬਿਆਨ ✍️ ਪਰਮਿੰਦਰ ਸਿੰਘ ਬਲ

 ਕੋਈ ਮਸਲਾ ਸਾਹਮਣੇ ਜਦ ਆਉਂਦਾ ਹੈ ,ਉਸ ਦੇ ਸੰਜੀਦਾ ਹੱਲ ਲਈ ,ਸੰਜੀਦਾ ਸੋਚ, ਪਹੁੰਚ ਦੇ ਵਸੀਲੇ ਸਹੀ ਚੁਣਨ ਦੀ ਲੋੜ ਹੁੰਦੀ ਹੈ । ਪਰ ਜੋ ਬਿਆਨ ਸਰਦਾਰ ਮਾਨ ਨੇ ਬਿਆਨ ਦਿਤਾ ਕਿ “ ਜੇ ਕਿਰਪਾਨ ਉਤਰੇਗੀ ਤਾਂ ਜਨੇਊ ਭੀ ਉਤਰੇਗਾ “ ਕਿਤਨਾ ਵਿਅਰਥ ਬਿਆਨ ਹੈ ,  ਅਫ਼ਸੋਸ ਕਿ ਇਕ ਤਾਜ਼ਾ ਚੁਣੇ ਗਏ , ਭਾਰਤੀ ਸੰਸਦ ਮੈਂਬਰ ਦਾ, ਜਿਸ ਤੋਂ ਸ਼ਾਇਦ ਹੀ ਲੋਕ ਭਲਾਈ ਦੇ ਕੰਮ ਦੀ ਕਿਸੇ ਨੂੰ ਆਸ ਬੱਝੀ ਹੋਵੇਗੀ ? ਜਿਨ੍ਹਾਂ ਹਾਲਤਾਂ ਵਿੱਚ ਇਹ ਚੋਣ ਹੋਈ ਸੀ! ਮਾਨ ਸਾਹਿਬ ਤੁਸੀਂ ਸਿਰਫ਼ ਇਕ ਮਸਲੇ ਤੇ ਬਿਨਾ ਸੋਚਿਆ “ਜਨੇਊ” ਨੂੰ ਜਾ ਹੱਥ ਪਾਇਆ ਅਥਵਾ ਜਨੇਊ ਲਾਹੁਣ ਦੀ ਬਿਨਾ ਮਤਲਬ ਗੱਲ ਕਹਿ ਮਾਰੀ । ਤੁਸੀਂ ਉਹਨਾਂ ਦੇਸ਼ਾਂ ਦਾ ਕੀ ਕੀ ਉਤਾਰੋਗੇ , ਜ਼ਿਹਨਾਂ ਹਵਾਈ ਜਹਾਜ਼ ,ਰੇਲ ਗੱਡੀਆਂ ,ਬੱਸਾਂ ਸਭ ਤੋਂ ਪਹਿਲਾਂ ਬਣਾਏ । ਇਹ ਰੱਖਿਆ ਦੇ ਕਾਨੂੰਨ ਉਹਨਾਂ ਨੇ ਹੀ ਬਣਾਏ । ਦੁਨੀਆ ਦੇ 193 ਮੁਲਕਾਂ  ਵਿੱਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਕਈ ਸੈਂਕੜੇ ਏਅਰਲਾਈਨਜ ਅਜਿਹੇ ਕਾਨੂੰਨਾਂ ਦੇ ਜ਼ਾਬਤੇ ਅਧੀਨ ਉੜਾਨ ਭਰਦੀਆਂ ਹਨ । ਤੁਹਾਨੂੰ ਸਿਰਫ਼ ਤੁਹਾਡੇ ਆਪਣੇ ਹੀ ਦੇਸ਼ ਦੇ ਚੁਗਿਰਦੇ ਨਾਲ ਐਸੀ ਕੁੜੱਤਣ ਕਿਉਂ ਕਿ ਤੁਸੀਂ ਸੰਜੀਦਗੀ ਨਾਲ ਸੋਚ ਹੀ ਨਹੀਂ ਸਕਦੇ ? ਫਿਰ “ਜਨੇਊ” ਸੰਸਕ੍ਰਿਤੀ  ਵਾਲੇ ਤੁਹਾਡੇ ਦੇਸ਼ ਕੋਲ ਤਾਂ ਹਵਾਈ ਜਹਾਜ਼ , ਦੁਨੀਆ ਵਿੱਚ ਉਡਣ ਤੋ ਕਿਧਰੇ ਸਦੀ ਬਾਅਦ ਆਇਆ । ਔਰੰਗਜੇਬ ਵੱਲੋਂ ਜਨੇਊ ਵੱਲ ਵਧਾਈ ਕੁੜੱਤਣ ਅਤੇ ਇਤਿਹਾਸਕ ਤੱਤ ਤਾਂ ਤੁਸੀਂ ਧੰਨ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੀ ਰੋਸ਼ਨੀ ਵਿੱਚੋਂ ਦੇਖ ਸਕਦੇ ਸੀ । ਤੁਹਾਨੂੰ ਇਸ ਰਸਤੇ ਤੁਰਨ ਦੀ ਲੋੜ ਨਹੀਂ  ਸੀ , ਕਿਉਂਕਿ ਤੁਸੀਂ ਗੁਮਰਾਹ ਕਰਨ ਦੇ ਆਦੀ ਹੋਣ ਕਾਰਨ ਇਸ ਰਸਤੇ ਤੁਰ ਪਏ । ਦੂਸਰਾ ਮਾਨ ਸਾਹਿਬ ਨੇ ਧਾਰਮਿਕ ਕੁਤਾਹੀ ਇਹ ਕੀਤੀ ਕਿ   ਸਤਿਗੁਰੂ ਦੀ ਬਖ਼ਸ਼ੀ ਹੋਈ ਕਿਰਪਾਨ ਨੂੰ ਸਿਰਫ਼ ਇਕ “ਚਿੰਨ” ਦੱਸਿਆ । ਇਹ ਬਿਲਕੁਲ ਗਲਤ ਬਿਆਨ ਕੀਤਾ ਹੈ । ਕਿਰਪਾਨ ਇਕ ਸ਼ਸਤਰ ਹੈ , ਕੋਈ ਚਿੰਨ ਨਹੀਂ ਹੈ । ਸਿੱਖ ਗੁਰੂ ਦੇ ਦਰਸ਼ਨ ਕਰਨ ਸਮੇਂ ਜਿਨਾਂ ਸ਼ਸਤਰਾਂ ਨੂੰ ਮੱਥਾ ਟੇਕਦਾ ਹੈ , ਉਹਨਾਂ ਵਿੱਚ “ਕਿਰਪਾਨ “ ਪ੍ਰਮੁਖ ਸ਼ਸ਼ਤਰ ਹੈ । ਕਿਰਪਾਨ ਨੂੰ ਚਿੰਨ ਕਹਿਣਾ ਸਰਾਸਰ ਗਲਤ ਹੈ , ਗੁਰੂ ਤੋ ਬੇਮੁਖ ਹੋਣਾ ਹੈ । ਏਅਰਲਾਈਨ ਵਿੱਚ ਕਿਰਪਾਨ ਤੇ ਏਸੇ ਕਰਕੇ ਪਾਬੰਦੀ ਹੈ ਕਿ ਇਹ ਸ਼ਸ਼ਤਰ ਹੈ । ਸਾਨੂੰ “ਚਿੰਨ” ਦੱਸ ਕੇ ਢੌਂਗੀ ਲੋਕ ਗੁਮਰਾਹ ਕਰਦੇ ਹਨ । ਮੈ ਖੁਦ ਪਿਛਲੇ ਚਾਲੀ ਸਾਲ ਦੇ ਸਮੇਂ ਤੋ ਬਤੌਰ ਅੰਮਿਤਧਾਰੀ ਸਿੱਖ ਕਈ ਦੇਸ਼ਾਂ ਵਿੱਚ ਸਫਰ ਕਰਦਾ ਚੱਲਿਆ ਆ ਰਿਹਾ ਹਾਂ ,ਅਸੀਂ ਇਕੱਲੇ ਜਾਂ ਸਾਥੀਆਂ ਨਾਲ , ਆਪਣੀ ਕਿਰਪਾਨ ਆਪਣੇ ਹੱਥੀਂ ਪੈਕਿੰਗ ਕਰਕੇ ,ਏਅਰਲਾਈਨ ਸਟਾਫ਼ ਨੂੰ ਦਿੰਦੇ ਰਹੇ ਅਤੇ ਉਤਰਨ ਵੇਲੇ ਵਾਪਸ ਲੈ ਕੇ ਗੁਰੂ ਦਾ ਨਾਮ ਜਪ ਕੇ ਪਹਿਨ ਲੈੰਦੇ ਰਹੇ ਹਾਂ । ਕੋਈ ਦਿੱਕਤ ਨਹੀਂ । ਜਿਹੜੇ ਲੋਕ ਜਾਂ ਪ੍ਰਚਾਰਕ ਧਾਰਮਿਕ ਵਿਅਕਤੀ ਅਖੀਰਲੇ ਸਮੇਂ ਜਾ ਕੇ ਸਕਿਉਰਿਟੀ ਲਈ ਸਮੱਸਿਆ ਭੀ ਖੜੀ ਕਰਦੇ ਹਨ ਅਤੇ ਸਾਰਿਆਂ ਸਾਹਮਣੇ ਕਿਰਪਾਨ ਭੀ ਲਹਾਉਂਦੇ ਹੋਏ ਰੋਲਾ ਰੋਸ ਖੜਾ ਕਰਦੇ ਹਨ ਉਹ ਵਤੀਰਾ ਗਲਤ ਹੈ । ਉਹਨਾਂ ਸਿਖਾਂ ਨੂੰ ਜਾਂ ਤਾਂ ਕਾਨੂੰਨ ਦੀ ਜਾਣਕਾਰੀ ਨਹੀਂ ਜਾ ਉਹ ਜਾਣ ਬੁੱਝ ਕੇ ਗੁਮਰਾਹ ਕਰਦੇ ਹਨ। ਕੁਝ ਲੋਕ ਅਸੀਂ ਕਹਿੰਦੇ ਸੁਣਦੇ ਹਾਂ ਕਿ ਉਹ ਕਿਰਪਾਨ ਪਹਿਨ ਕੇ ਜਹਾਜ਼ ਵਿੱਚ ਬੈਠੇ ਸਨ , ਉਹ ਵੀ ਝੂਠ ਬੋਲਦੇ ਹਨ । ਸਰਦਾਰ ਮਾਨ ਸਾਹਿਬ ਦੇ ਧਿਆਨ ਵਿਚ ਇਕ ਗੱਲ ਜ਼ਰੂਰ ਲਿਆਉਂਦੇ ਹਾਂ ਕਿ ਇਹ ਮਸਲਾ ਇਤਨਾ ਗੰਭੀਰ ਨਹੀਂ , ਜਿਸ ਤਰਾਂ ਤੁਸੀਂ “ਜਨੇਊ” ਤੇ ਵਾਰ ਕਰਕੇ ਇਕ ਗੈਰਜੁਮੇਵਾਰੀ ਦੀ ਬੋਲੀ ਬੋਲੀ ਹੈ । ਸਾਡੀ ਇਸ ਮਸਲੇ ਤੇ ਦੁਨੀਆ ਦੀਆਂ ਏਅਰਲਾਈਨਾਂ ਨਾਲ ਵੀ ਕੋਈ ਜੰਗ ਨਹੀਂ ਹੈ । ਏਅਰਲਾਈਨਜ ਖੁਦ ਹੀ ਸੰਜੀਦਾ ਹੱਲ ਹੋ ਸਕਿਆ ਤਾਂ ਮਿਲ ਕੇ ਕੱਢ ਲਵਾਂਗੇ । ਤੁਹਾਨੂੰ ਹਵਾ ਵਿਚ “ਟਟੂ” ਦੁੜਾਉਣ ਤੇ ਕੋਝੇ ਬਿਆਨ ਦੇਣ ਤੋਂ ਵਿਵਰਜਤ ਰਹਿਣਾ ਚਾਹੀਦਾ ਹੈ । ਸੁਭਾਅ ਮੁਤਾਬਕ ਤੁਹਾਡੇ ਵੱਸ ਦੀ ਗੱਲ ਨਹੀਂ ਰਹਿ ਗਈ । ਸਿਆਣੇ ਕਹਿੰਦੇ ਆਮ ਸੁਣਦੇ ਸਾਂ ਕਿ “ਅਕਲ ਵੱਡੀ ਕਿ ਭੈਸ “ ਮੈਂ ਮਾਨ ਸਾਹਿਬ ਤੋਂ ਜੇ ਪੁੱਛਾਂ ਕਿ ਇਸ ਮਾਮਲੇ  “ਅਕਲ ਵੱਡੀ  , ਕਿ ਭੈਂਸ”? ਮੈਨੂੰ ਪਤਾ ਮਾਨ ਸਾਹਿਬ ਕੀ ਉੱਤਰ ਦੇਣਗੇ , ਸੁਣ ਕੇ ਦਿਲ ਨੂੰ ਅਫ਼ਸੋਸ ਹੋਵੇਗਾ । ਹਾਂ ਇਕ ਸਿੱਖ ਹੋਣ ਦੇ ਨਾਤੇ ਸੰਸਾਰ ਦੇ ਸਿੱਖਾਂ ਪ੍ਰਤੀ ਪਿਆਰ ਸਾਹਿਤ ਬੇਨਤੀ ਹੈ ਕਿ “ਕਿਰਪਾਨ “ ਨੂੰ “ਚਿੰਨ “ਕਹਿਣ ਤੇ ਸੁਣਨ ਤੋਂ ਸੰਕੋਚ  ਕਰਨਾ ਜ਼ਰੂਰੀ ਹੈ , ਵਰਨਾ ਕੌਮੀ ਰੱਖਿਆ ਦੀਆਂ ਹੱਦਬੰਦੀਆਂ ਤੇ ਸ਼ਸ਼ਤਰ (ਕਿਰਪਾਨ) ਦੀ ਜਗਾ ਕਿਹੜੇ “ਚਿੰਨ” ਦਾ ਸਹਾਰਾ ਲੈ ਕੇ ਗੈਰਤਮੰਦ ਅਖਵਾਓਗੇ ? —- ਪਰਮਿੰਦਰ ਸਿੰਘ ਬਲ , ਪ੍ਰਧਾਨ , ਸਿੱਖ ਫੈਡਰੇਸ਼ਨ , ਯੂ . ਕੇ .

ਕੌਮੀ ਝੰਡਿਆਂ ਦੇ ਵਿਵਾਦ ਪਿੱਛੇ ਛੁਪੀ ਬੇਲੋੜੀ ਤੇ ਨਿਕੰਮੀ ਸਿਆਸਤ ✍️ ਪਰਮਿੰਦਰ ਸਿੰਘ ਬਲ

 ਕੌਮਾਂਤਰੀ ਕੌਮਾਂ ਦੇ ਧਾਰਮਿਕ ਅਤੇ ਸਿਆਸੀ ਝੰਡਿਆਂ ਦੁਆਰਾ ਉਹਨਾਂ ਦੇ ਦੇਸ਼ਾਂ ਅਤੇ ਖ਼ਿੱਤਿਆਂ ਦੀ ਆਪੋ ਆਪਣੀ ਪਹਿਚਾਣ ਦਰਸਾਉਂਦੀ ਹੈ । ਇਸ ਪਹਿਚਾਣ ਦੀ ਹੋਂਦ ਲਈ ਧਾਰਮਿਕ ਅਤੇ ਦੇਸ਼ਾਂ ਦੇ ਸਿਆਸੀ ਝੰਡੇ ਹਮੇਸ਼ਾ ਵੱਖਰੇ ਹੀ ਰੱਖੇ ਜਾਂਦੇ ਹਨ । ਜਿਵੇਂ ਸਿੱਖਾਂ ਦਾ ਕੇਸਰੀ ਨਿਸ਼ਾਨ , ਕਰਿਚੀਅਨ ਦਾ ਕਰਾਸ ਵਾਲਾ , ਇਸਲਾਮ ਦਾ ਹੈਦਰੀ(ਹਰਾ )ਹਿੰਦੂਆਂ ਦੇ ਭੰਗਵੇ ਰੰਗ ਇਤਆਦਕ ਝੰਡੇ ਕੌਮਾਂਤਰੀ ਹਨ , ਇਹਨਾਂ ਦਾ ਦੇਸ਼ਾਂ ਤੇ ਖਿਤਿਆਂ ਨਾਲ ਧਾਰਮਿਕ ਅਗਵਾਈ ਦਾ ਹੀ ਸੰਬੰਧ ਹੀ ਰੱਖਿਆ ਜਾਂਦਾ ਹੈ । ਕਿਸੇ ਸਿਆਸੀ ਮਨੋਰਥ ਲਈ ਧਰਮ ਦੇ ਝੰਡੇ ਨੂੰ ਵਰਤਣਾ ਗੈਰ ਜ਼ਰੂਰੀ,ਮਨਮਤ ਅਤੇ ਸਬੰਧਤ ਧਰਮ ਦੇ ਝੰਡੇ ਦੀ ਬੇਅਦਬੀ ਦੇ ਤੁਲ ਹੈ । ਸਿੱਖਾਂ ਵਾਸਤੇ ਨਿਸ਼ਾਨ ਸਾਹਿਬ ਇਕ ਪਵਿੱਤਰ ,ਅਕਾਲ ਪੁਰਖ ਦੀ ਓਟ ਦੀ ਅਗਵਾਈ ਅਤੇ ਸੰਸਾਰ ਦੇ ਸਿੱਖਾਂ ਲਈ ਹੈ । ਪਰ ਜਿਵੇਂ ਕੁਝ ਅਖੌਤੀ ਆਗੂਆਂ ਦੀ ਸਾਜ਼ਿਸ਼ ਅਧੀਨ ਪੰਜਾਬ ਵਿੱਚ ਕੇਸਰੀ ਨਿਸ਼ਾਨ ਦੀ ਬਰਾਬਰਤਾ ਭਾਰਤ ਦੇ ਸਾਂਝੇ ਕੌਮੀ ਝੰਡੇ ਤਿਰੰਗੇ ਨਾਲ ਕੀਤੀ ਗਈ ,ਅਤਿ ਨਿੰਦਣ ਯੋਗ ਹੀ ਹੈ । ਅਕਾਲ ਪੁਰਖ ਵੱਲੋਂ ਮੰਨੀ ਗਈ ਬਖ਼ਸ਼ਸ਼ ਕੇਸਰੀ ਨਿਸ਼ਾਨ ਦੇ ਬਰਾਬਰ ਕੋਈ ਝੰਡਾ ਨਹੀਂ ਅਤੇ ਨਾ ਹੀ ਇਸ ਨੂੰ ਨੀਵਾਂ ਕੀਤਾ ਜਾ ਸਕਦਾ ਹੈ । ਤਿਰੰਗਾ ਭੀ ਭਾਰਤ ਵਿੱਚ ਕਿਸੇ ਇਕ ਫ਼ਿਰਕੇ ਜਾਂ ਪਾਰਟੀ ਦਾ ਨਹੀਂ , ਇਹ ਸਿੱਖਾਂ ਦਾ ਭੀ ਉਤਨਾ ਹੀ ਹੈ ਜਿਤਨਾ ਬਾਕੀ ਦੇਸ਼ ਵਾਸੀਆਂ ਦਾ ਹੈ । ਕੇਸਰੀ ਨਿਸ਼ਾਨ ਗੁਰਦੁਆਰਿਆਂ ,ਤਖਤਾਂ ਅਤੇ ਉਹਨਾਂ ਕੇਂਦਰਾਂ ਤੇ ਹਮੇਸ਼ਾ ਝੂਲਦਾ ਸ਼ਸੋਬਤ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ । ਇਸ ਨੂੰ ਆਮ ਘਰਾਂ ਬਿਲਡਿੰਗਾਂ ਤੇ ਲਾਉਣਾ ਬੇਅਦਬੀ ਕਰਨਾ  , ਮੂਰਖਤਾ ਤੇ ਮਨਮਤ ਹੈ । ਅਖੌਤੀ ਆਗੂਆਂ ਦੇ ਅਖੌਤੀ ਰੂਪ ਹੁੰਦੇ ਹਨ , ਜੋ ਆਪਣੀ ਹਊਮੇ , ਚੌਧਰ , ਗਦਾਰੀ ਨੂੰ ਛੁਪਾਉਣ ਲਈ ਧਰਮ ਦੇ ਨਿਸ਼ਾਨਾ ਨੂੰ ਇਕ ਢਾਲ ਦੀ ਤਰਾਂ ਇਸਤੇਮਾਲ ਕਰਦੇ ਹਨ । ਅਕਾਲ ਤਖਤ ਤੇ ਮੀਰੀ ਪੀਰੀ ਦੇ ਕੇਸਰੀ ਨਿਸ਼ਾਨਾਂ ਨੂੰ ਹੀ ਢਾਲ ਬਣਾ ਕੇ , 1919 ਵਿੱਚ ਬਰਿਟਸ਼ ਰਾਜ ਦੀ ਪਿੱਠ ਪੂਰਦੇ ਜਥੇਦਾਰ ਅਰੂੜ੍ਹ ਸਿੰਘ ਨੇ ਜਨਰਲ ਡਾਇਰ ਨੂੰ  ਸਿਰੋਪਾ ਦਿੱਤਾ ਸੀ । ਜਿਸ ਡਾਇਰ ਨੇ ਇਕ ਦਿਨ ਪਹਿਲਾਂ ਹੀ ਜਲਿਆਂ ਵਾਲੇ ਬਾਗ ਵਿਖੇ ਹਜਾਂਰਾਂ ਸਿੱਖਾਂ , ਪੰਜਾਬੀਆਂ ਦਾ ਕਤਲੇ ਆਮ ਕੀਤਾ ਸੀ । ਅੱਜ ਫਿਰ ਅਰੂੜ੍ਹ ਸਿੰਘ ਦੇ ਦੋਹਤੇ ਸਰਦਾਰ ਮਾਨ ਨੇ ਭਗਤ ਸਿੰਘ ਦੀ ਸ਼ਹਾਦਤ ਤੇ ਉਂਗਲ ਧਰੀ ,ਨਾਨੇ ਅਤੇ ਬਰਿਟਿਸ਼ ਸਾਮਰਾਜ ਦੀ ਪਿੱਠ ਪੂਰੀ ਹੈ । ਇਸ ਰਜਵਾੜਾ ਸ਼ਾਹੀ ਖ਼ਾਨਦਾਨ ਦੇ ਉਪੱਦਰ ਤੋਂ ਹੋਰ ਪਰਦਾ ਉਦੋਂ ਲਾਹਿਆ ਗਿਆ , ਜਦ ਚੰਡੀਗੜ੍ਹ ਵਿਖੇ 150 ਏਕੜ ਸ਼ਾਮਲਾਟ ਜ਼ਮੀਨ ਦਾ , ਮੌਜੂਦਾ ਪੰਜਾਬ ਸਰਕਾਰ ਨੇ ਇਹਨਾਂ ਲੋਟੀਆਂ ਤੋਂ ਕਬਜਾ ਤੁੜਵਾਇਆ । ਇਹੀ ਆਗੂ ਪੰਜਾਬ ਦੇ ਲੋਕਾਂ ਨੂੰ ਇਸ 15 ਅਗਸਤ ਦੀ ਆਜ਼ਾਦੀ ਦਿਵਸ ਤੇ ਗੁਮਰਾਹ ਕਰਦੇ ਹਨ ਕਿ ਘਰ ਘਰ ਤੇ ਸਿੱਖ ਤਿਰੰਗੇ ਦੀ ਥਾਂ ਕੇਸਰੀ ਨਿਸ਼ਾਨ ਝੁਲਾਉਣ । ਇਹ ਮਨਮਤ ਨਾਲ਼ੋਂ ਜ਼ਿਆਦਾ ਗਦਾਰੀ ਕਹੀ ਜਾ ਸਕਦੀ ਹੈ , ਜੋ ਇਹ ਕੇਸਰੀ ਨਿਸ਼ਾਨ ਨੂੰ ਘਟੀਆ ਸਿਆਸਤ ਦੀ ਲੋੜ ਦੱਸ ਕੇ ਇਸ ਪੱਧਰ ਤੇ ਨੀਵਾਂ ਕਰ ਰਹੇ ਹਨ । ਹੁਣੇ ਹੀ ਕੁਝ ਦਿਨ ਪਹਿਲਾਂ ਸੰਗਰੂਰ ਚੋਣ ਪਿੱਛੋਂ ਸਰਦਾਰ ਮਾਨ ਖੁਦ ਹੀ ਦਿੱਲੀ ਜਾ ਕੇ ਭਾਰਤੀ ਵਿਧਾਨ, ਭਾਰਤ ਦੀ ਅਖੰਡਤਾ ਤੇ ਕੌਮੀ ਝੰਡੇ ਤਿਰੰਗੇ ਲਈ ਤਨ ਮਨ ਧਨ ਵਾਰਨ ਦੀ ਸਹੁੰ ਚੁੱਕ ਕੇ ਆਏ ਹਨ । ਕੀ ਇਹ ਆਗੂ ਇਸ ਤਰਾਂ ਦੇ ਹਨ ਕਿ ਗੰਗਾ ਗਏ ਗੰਗਾ ਰਾਮ , ਜਮਨਾ ਗਏ ਜਮਨਾ ਦਾਸ ? ਦੋਹਰੇ ਕਿਰਦਾਰ ਦੇ ਇਹ ਆਗੂ ਪੰਜਾਬ ਵਿੱਚ ਲੋਕਾਂ ਨੂੰ ਤਿਰੰਗਾ ਝੰਡਾ ਝੁਲਾਉਣ ਤੋਂ ਬੰਦ ਕਰਦੇ ਹਨ ਅਤੇ ਖੁਦ ਦਿੱਲੀ ਜਾ ਕੇ ਤਿਰੰਗੇ ਦੀ ਸਲਾਮਤੀ ਲਈ ਸਹੁੰ ਚੁੱਕ ਰਿਹਾ ਹੈ । ਇਸੇ ਤਰਾਂ ਇਕ ਹੋਰ ਅਮਰੀਕਾ ਦਾ ਜੈਚੰਦੀਆ ਪੰਨੂ ਵੀ ਜਿਸ ਤਰਾਂ ਭਾਰਤੀ ਝੰਡੇ ਤਿਰੰਗੇ ਵਿਰੁੱਧ ਬੋਲਦਾ ਹੈ , ਉਹ ਤਾਂ ਸਿੱਖ ਵੀ ਨਹੀਂ ਹੈ , ਨਾ ਹੀ ਉਸ ਦੇ ਸਿਰ ਤੇ ਪੱਗ ਹੈ , ਪਗੜੀ ਕੇਸ  ਬਿਨਾ ਪਗੜੀ ਗੁੱਤ ਵਾਲਾ ਇਹ ਆਗੂ ਆਂਡ ਗੁਆਂਡ ਦੇ ਦੇਸ਼ ਦੀ ਜ਼ਰ ਖਰੀਦ ਹੈ । ਉਹ ਵੀ ਮਾਨ ਵਾਂਗੂ ਕੇਸਰੀ ਨਿਸ਼ਾਨ ਨੂੰ ਢਾਲ ਬਣਾ ਕੇ ਲੋਕਾਂ ਨੂੰ ਗੁਮਰਾਹ ਕਰਕੇ ਚੰਦੇ ਉਗਰਾਹ ਕੇ , ਪੇਟ ਪਾਲ ਰਿਹਾ ਹੈ । ਉਸ ਬਾਰੇ ਆਮ ਰਾਏ ਸ਼ਪਸ਼ਟ ਹੈ ਕਿ ਉਸ ਦੀ1947  ਤੋਂ ਦਸ਼ਮਣੀ ਰਖ ਰਹੇ ਗੁਆਂਢੀ ਦੇਸ਼ ਦੇ ਝੰਡੇ ਨਾਲ ਸ਼ਾਝ ਦੀ ਲੈਣ ਦੇਣ ਹੈ । ਆਮ ਲੋਕਾਂ ਖਾਸ ਕਰਕੇ ਸਿੱਖਾਂ ਨੂੰ ਕੇਸਰੀ ਨਿਸ਼ਾਨ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਸਿਆਸੀ ਝੰਡਿਆਂ ਨਾਲ ਮਿਲਗੋਭੇ ਤੋਂ ਖ਼ਬਰਦਾਰ ਰਹਿਣ ਦੀ ਲੋੜ ਹੈ । ਸੰਸਾਰ ਦੇ ਬੀਤੇ ਇਤਿਹਾਸ ਵਿੱਚ ਕਦੇ ਵੀ ਧਰਮ ਦੇ ਨਿਸ਼ਾਨ ਸਿਆਸੀ ਝੰਡਿਆਂ ਲਈ ਨਹੀਂ ਵਰਤੇ ਗਏ । ਸਿੱਖਾਂ ਲਈ ਜ਼ਰੂਰੀ ਹੈ ਕਿ ਉਹ ਇਤਿਹਾਸ ਦੀ ਰੋਸ਼ਨੀ ਵਿੱਚੋਂ ਪਛਾਣ ਕਰਨ । ਸਿੱਖ ਰਾਜ ਵਿੱਚ ਰਾਜਸੀ ਝੰਡਾ ਕੋਈ ਧਾਰਮਿਕ ਚਿੰਨ ਵਾਲਾ ਨਹੀਂ ਸੀ । ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਲਾ ਝੰਡਾ ਤਿਕੋਣਾ ਅਤੇ ਸਿਰਫ਼ ਦੋ ਰੰਗਾਂ ਦਾ ਸੀ । ਉਸ ਦਾ ਬਾਹਰਲਾ ਬਾਰਡਰ ਹਰਾ ਤੇ ਅੰਦਰਲਾ ਸਾਰਾ ਹਿੱਸਾ ਲਾਲ ਰੰਗ ਦਾ ਸੀ । ਝੰਡੇ ਵਿੱਚ ਕਿਧਰੇ ਕੋਈ ਭੀ ਧਾਰਮਿਕ ਚਿੰਨ ਨਹੀਂ ਹੈ । ਇਹ ਝੰਡਾ 1790 ਤੋਂ 1849 ਤੱਕ ਦੇ 59 ਸਾਲ ਸਿੱਖ ਰਾਜ ਵਜੋਂ ਉਸ ਸਮੇਂ ਪੰਜਾਬ ਤੇ ਝੂਲਦਾ ਰਿਹਾ । ਇਸੇ ਤਰਾਂ ਸਿੱਖ ਰਾਜ ਦਾ ਫ਼ੌਜੀ ਝੰਡਾ ਤਿਕੋਣਾ ਸਾਰਾ ਲਾਲ ਰੰਗ ਦਾ ਰਿਹਾ ਹੈ । ਇਸ ਵਿੱਚ ਵੀ ਕੋਈ ਧਾਰਮਿਕ ਚਿੰਨ ਨਹੀਂ ਹੈ । ਇਸ ਦੇ ਵਿਚਕਾਰ ਚਿੱਟੇ ਰੰਗ ਵਿੱਚ ਸੂਰਜ ਦੀ ਛਪਾਈ ਹੈ । ਫ਼ੌਜ ਦੀ ਗਿਣਤੀ 120000 ਤੋਂ ਡੇੜ ਲੱਖ ਤੱਕ ਦੀ ਦੱਸੀ ਗਈ ਹੈ । ਸਿੱਖ , ਹਿੰਦੂ , ਮੁਸਲਮਾਨ ਅਤੇ ਹੋਰ ਜਾਗੀਰਦਾਰੀ ਕਬੀਲਿਆਂ ਦੀਆਂ ਵੱਖਰੀਆਂ ਫ਼ੌਜੀ  ਰੈਜਮੈਟਾਂ ਦੇ ਆਪੋ  ਆਪਣੇ ਵੱਖਰੇ ਝੰਡੇ ਸਨ । ਜੋ ਸਰਦਾਰ ਬਘੇਲ ਸਿੰਘ ਦੇ ਲਾਲ ਕਿਲੇ ਤੇ ਝੰਡਾ ਝੁਲਾਉਣ ਦਾ ਇਤਿਹਾਸ ਹੈ , ਉਹ ਵੀ ਖੰਡਿਆਂ ਵਾਲਾ ਕੇਸਰੀ ਨਿਸ਼ਾਨ ਦੇ ਸੁਨਹਿਰੀ ਪੰਨਿਆਂ ਤੇ ਕਾਲੇ ਦਾਗ਼ ਲਾਉਣ ਦੀ ਨਾਕਾਮ ਕੋਸ਼ਿਸ਼ ਕਰ ਰਹੀ ਹੈ । ਸਿਖ ਹਮੇਸ਼ਾ ਨਿਸ਼ਾਨਾ ,ਝੰਡਿਆਂ ,ਬੁੰਗਿਆਂ ਦੀ ਜੁਗੋ ਜੁਗ ਅਰਦਾਸ ਦੀ ਅਟੱਲ ਸਚਾਈ ਨਾਲ ਬਝਾ ਹੋਇਆ ਹੈ ਅਤੇ ਸੱਦਾ ਰਹੇਗਾ । ਆਜਾਦੀ ਦੀ ਪ੍ਰਾਪਤੀ ਲਈ ਕੀਤੀਆਂ ਕੁਰਬਾਨੀਆਂ ਨੂੰ ਜਦੋ ਸਿਖ ਦਰਸਾਉਂਦੇ ਹਨ ਤਾਂ ਤਿਰੰਗੇ ਦੀ ਰਾਜਸੀ ਸੱਤਾ ਵਿੱਚ ਉਸੇ ਤਰਾਂ ਸਿਖਾਂ ਦੀ ਹੋਂਦ ਬਰਕਰਾਰ ਦਿਸਦੀ ਹੈ । ਤਿਰੰਗੇ ਨਾਲ ਇਸ ਇਤਿਹਾਸਕ ਸਾਂਝ ਨੂੰ ਬਾਬਾ ਖੜਕ ਸਿੰਘ (ਬਾਬਾ ਖੜਕ ਸਿੰਘ ਨੂੰ ਸਿੱਖ ਕੌਮ ਦਾ ਬੇਤਾਜ ਬਾਦਸ਼ਾਹ ਮੰਨਦੇ ਰਹੇ ਹਨ ) ਨੇ  ਵੀ ਇਹ ਕਹਿ ਕੇ ਪੂਰਾ ਕਰਵਾਇਆ ਕਿ ਤਿਰੰਗੇ ਦਾ ਉੱਪਰਲਾ ਰੰਗ ਕੇਸਰੀ ਰੱਖਿਆ ਜਾਏ , ਜੋ ਖਾਲਸਈ ਰੰਗ ਤੇ ਕੁਰਬਾਨੀਆਂ ਦੀ ਪਛਾਣ ਅੱਜ ਤੱਕ ਚੱਲਿਆ ਆ ਰਿਹਾ ਹੈ । 15 ਅਗਸਤ 1947 ਸਮੇਂ ਬਾਬਾ ਖੜਕ ਸਿੰਘ ਨੇ ਦੇਸ਼ ਵਿੱਚ ਤਿਰੰਗਾ ਝੁਲਾਉਣ ਦੀ ਰਸਮ ਅਦਾ ਕੀਤੀ ਸੀ । ਉਸ ਸਮੇਂ ਭਾਰਤ ਸਰਕਾਰ ਨੇ ਬਾਬਾ ਖੜਕ ਸਿੰਘ ਦੀ ਤਸਵੀਰ ਵਾਲੀ ਇਕ ਡਾਕ ਟਿਕਟ ਜਾਰੀ ਕੀਤੀ ਸੀ। ਪਰੰਤੂ ਜਦੋਂ ਅੱਜ ਦੋਗਲੀ ਨੀਤੀ ਦੇ ਆਗੂ ਸਿੱਖਾਂ ਨੂੰ ਗੁਮਰਾਹ ਕਰਦੇ ਹਨ , ਇਹ ਕਦੇ ਵੀ ਸਿਖਾਂ ਦੇ ਨਹੀਂ ਬਣੇ ਨਾ ਹੀ ਤਿਰੰਗੇ ਦੇ ਬਣ ਸਕਦੇ ਹਨ । ਕੇਸਰੀ ਨਿਸ਼ਾਨ ਨੂੰ ਜੋ ਇਹ ਜਾਤੀ ਖ਼ੁਦਗ਼ਰਜ਼ੀ ਭਰੀ ਨਿਕੰਮੀ ਸਿਆਸਤ ਲਈ ਜੂਏ ਤੇ ਲਾਉਣ ਦੇ ਰਾਹ ਪੈਂਦੇ ਹਨ , ਇਹਨਾਂ ਦੇ ਇਹ ਬੇਅਦਬੀ ਭਰੇ ਸੁਪਨੇ ਕਦੇ ਪੂਰੇ ਨਹੀਂ ਹੋਣਗੇ । ਬਾਹਰ ਵੱਸਦੇ ਸਿੱਖਾਂ ਲਈ ਭੀ ਇਹ ਜ਼ਰੂਰੀ ਹੈ ਕਿ ਉਹ ਰਜਵਾੜਾ ਸ਼ਾਹੀ ਮੌਕਾਪਰਸਤਾਂ ਦੀ ਪਛਾਣ ਕਰਨ । ਭਾਵੇ ਕੁਝ ਅਜਿਹੇ ਭੀ ਮੋਹਰੀ ਹਨ , ਜੋ ਸਿਰਫ਼ ਪੰਜਾਬ ਦੇ ਦੁਖਾਂਤ ਆਸਰੇ ਕੋਝੀ ਖੇਡ ਖੇਡਦੇ ਆਂਢ ਗੁਆਂਢ ਦੇ ਦੇਸ਼ ਦੀ ਝੋਲੀ ਦਾ ਖਿਡੌਣਾ ਬਣ ਰਹੇ ਹਨ । ਪੰਜਾਬ ਤੇ ਉੱਥੇ ਦੇ ਲੋਕਾਂ ਦੀ ਜ਼ਿੰਦਗੀ ਨੂੰ ਬੇਹਤਰ ਬਣਾਉਣ ਵਿੱਚ ਇਹ ਕੋਈ ਇਕ ਟਕਾ ਨਹੀਂ ਲਾਉਂਦੇ । ਪੰਜਾਬ ਇਹ ਜਾਂਦੇ ਨਹੀਂ ਉੱਥੇ ਦੀ ਮਿੱਟੀ ਨਾਲ ਇਹਨਾਂ ਦਾ ਕੋਈ ਲਗਾਵ ਨਹੀਂ ਰਹਿ ਗਿਆ । ਇਕ ਲੋਕ ਗਦਰੀ ਬਾਬਿਆਂ ਦੇ ਇਤਿਹਾਸ ਨੂੰ ਭੁੱਲ ਰਹੇ ਹਨ , ਜ਼ਿਹਨਾਂ ਫ਼ਰੰਗੀ (ਅੰਗਰੇਜ਼) ਦਾ ਝੰਡਾ ਲਾਹ ਕੇ , ਤਿਰੰਗਾ  ਝੁਲਾਉਣ ਖਾਤਰ , ਦੇਸ਼ ਦੀ ਆਜ਼ਾਦੀ ਲਈ ਕੈਨੇਡਾ , ਅਮਰੀਕਾ ਤੋਂ ਡੇਰਾ ਕੂਚ ਕਰਕੇ ਕਲਕੱਤੇ (ਬਜਬਜਘਾਟ ) ਜਾ ਉਤਾਰਾ ਕੀਤਾ, ਸ਼ਹਾਦਤਾਂ ਤੇ ਫਾਂਸੀਆਂ ਨੂੰ ਗਲੇ ਲਾਇਆ । —-ਪਰਮਿੰਦਰ ਸਿੰਘ ਬਲ , ਪ੍ਰਧਾਨ , ਸਿੱਖ ਫੈਡਰੇਸ਼ਨ ਯੂ . ਕੇ . Email: psbal46@gmail.co

 

ਖਾਲਸਾ ਫ਼ੌਜ ਦਾ ਝੰਡਾ- ਐਂਗਲੋ ਸਿੱਖ ਮਿਊਜ਼ੀਅਮ

 

ਬੀਬੀ ਮਾਣੂੰਕੇ ਦੇ ਯਤਨਾਂ ਸਦਕਾ ਅਖਾੜੇ ਵਾਲੀ ਨਹਿਰ 'ਤੇ ਬਣੇਗਾ ਨਵਾਂ ਪੁੱਲ

ਸਰਕਾਰ ਵੱਲੋਂ ਨਬਾਰਡ ਸਕੀਮ ਤਹਿਤ 7 ਕਰੋੜ 80 ਲੱਖ ਰੁਪਏ ਮੰਨਜ਼ੂਰ
ਜਗਰਾਉਂ  , (ਮਨਜਿੰਦਰ ਗਿੱਲ ) ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਹਲਕੇ ਨੂੰ ਨਮੂਨੇ ਦਾ ਬਨਾਉਣ ਲਈ ਪੂਰੀ ਸ਼ਿੱਦਤ ਨਾਲ ਲੱਗੇ ਹੋਏ ਹਨ ਅਤੇ ਵਿਧਾਇਕਾ ਮਾਣੂੰਕੇ ਦੇ ਯਤਨਾਂ ਨੂੰ ਦਿਨੋ-ਦਿਨ ਬੂਰ ਪੈਂਦਾ ਵੀ ਨਜ਼ਰੀਂ ਪੈ ਰਿਹਾ ਹੈ। ਜਗਰਾਉਂ-ਰਾਏਕੋਟ ਰੋਡ ਸਥਿਤ ਅੰਗਰੇਜ਼ਾਂ ਵੇਲੇ ਦੇ ਬਣੇ ਹੋਏ ਅਖਾੜਾ ਨਹਿਰ ਦੇ ਪੁੱਲ਼ ਦੇ ਮਿਆਦ ਲੰਘ ਜਾਣ ਅਤੇ ਚੌੜਾਈ ਘੱਟ ਹੋਣ ਕਾਰਨ ਜਿੱਥੇ ਹਲਕੇ ਦੇ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਵਿੱਚੋਂ ਗੁਜ਼ਰਨਾਂ ਪੈਂਦਾ ਹੈ, ਉਥੇ ਹੀ ਬਾਹਰਲੇ ਹਲਕੇ ਦੇ ਲੋਕਾਂ ਖਾਸ ਕਰਕੇ ਮਾਲਵੇ ਦੇ ਸ਼ਹਿਰਾਂ ਹਠੂਰ, ਰਾਏਕੋਟ, ਮਹਿਲਕਲਾਂ, ਬਰਨਾਲਾ, ਧੂਰੀ, ਸੰਗਰੂਰ ਆਦਿ ਦੇ ਲੋਕਾਂ ਦਾ ਦੁਆਬਾ ਖੇਤਰ ਵਿੱਚ ਜਾਣ ਲਈ ਉਕਤ ਨਹਿਰ ਦੇ ਪੁੱਲ ਉਪਰ ਲੱਗਦੇ ਵੱਡੇ ਜ਼ਾਮ ਵਿੱਚ ਸਮਾਂ ਵੀ ਬਰਬਾਦ ਹੁੰਦਾ ਹੈ। ਕਈ ਵਾਰ ਅਖਾੜਾ ਨਹਿਰ ਦੇ ਪੁੱਲ ਉਪਰ ਲੱਗਦੇ ਜ਼ਾਮ ਕਾਰਨ ਹਦਸਿਆਂ ਦੇ ਸ਼ਿਕਾਰ ਹੋਏ ਲੋਕਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣ ਵਿੱਚ ਦੇਰੀ ਹੋਣ ਦਾ ਖਦਸ਼ਾ ਵੀ ਬਣਿਆਂ ਰਹਿੰਦਾ ਹੈ। ਇਸ ਵੱਡੀ ਸਮੱਸਿਆ ਨੂੰ ਵੇਖਦੇ ਹੋਏ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਪੰਜਾਬ ਸਰਕਾਰ ਦੇ ਉਚ ਦਫ਼ਤਰਾਂ ਵਿੱਚ ਗੇੜੇ ਮਾਰ-ਮਾਰ ਕੇ ਅਖਾੜਾ ਨਹਿਰ ਉਪਰ ਵੱਡਾ ਤੇ ਚੌੜਾ ਪੁਲ ਮੰਨਜੂਰ ਤਾਂ ਪਹਿਲਾਂ ਹੀ ਕਰਵਾ ਲਿਆ ਗਿਆ ਸੀ, ਪਰੰਤੂ ਹੁਣ ਸਰਕਾਰ ਵੱਲੋਂ ਬੀਬੀ ਮਾਣੂੰਕੇ ਦੇ ਯਤਨਾਂ ਸਦਕਾ ਨਬਾਰਡ ਸਕੀਮ ਤਹਿਤ 7 ਕਰੋੜ 80 ਲੱਖ ਰੁਪਏ ਮੰਨਜੂਰ ਕਰ ਦਿੱਤੇ ਗਏ ਹਨ ਅਤੇ ਬਾਕੀ ਰਕਮ ਪੰਜਾਬ ਸਰਕਾਰ ਪਾਸੋਂ ਮੰਨਜ਼ੂਰ ਕਰਵਾਈ ਜਾਵੇਗੀ। ਸਰਕਾਰ ਵੱਲੋਂ ਮੰਨਜੂਰ ਕੀਤੇ ਗਏ ਇਸ ਪੁਲ ਦੀ ਲੰਬਾਈ 60 ਮੀਟਰ ਹੋਵੇਗੀ। ਬੀਬੀ ਮਾਣੂੰਕੇ ਦੀ ਮਿਹਨਤ ਸਦਕਾ ਹਲਕੇ ਦੇ ਲੋਕਾਂ ਨੂੰ ਮਿਲੇ ਇਸ ਵੱਡੇ ਤੋਹਫ਼ੇ ਕਾਰਨ ਹੁਣ ਅਖਾੜਾ ਨਹਿਰ ਉਪਰ ਨਵਾਂ ਪੁਲ ਬਣਨ ਦੀ ਆਸ ਬੱਝ ਗਈ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਲੋਕਾਂ ਵੱਲੋਂ ਅਖਾੜਾ ਨਹਿਰ ਉਪਰ ਨਵਾਂ ਅਤੇ ਚੌੜਾ ਪੁਲ ਦੀ ਮੰਗ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ ਅਤੇ ਅਕਾਲੀਆਂ ਤੇ ਕਾਂਗਰਸੀਆਂ ਦੀਆਂ ਸਰਕਾਰਾਂ ਨੇ ਲੋਕਾਂ ਦੀਆਂ ਪ੍ਰਮੁੱਖ ਲੋੜਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਸੀ। ਬੀਬੀ ਮਾਣੂੰਕੇ ਨੇ ਆਖਿਆ ਕਿ ਉਹਨਾਂ ਦਾ ਜਨਮ ਹਲਕੇ ਦੇ ਪਿੰਡ ਮਾਣੂੰਕੇ ਵਿੱਚ ਹੋਇਆ ਹੈ ਅਤੇ ਉਹ ਜਗਰਾਉਂ ਦੀ ਧੀ ਬਣਕੇ ਆਪਣੇ ਲੋਕਾਂ ਲਈ ਦਿਨ-ਰਾਤ ਇੱਕ ਕਰ ਰਹੀ ਹੈ। ਉਹਨਾਂ ਆਖਿਆ ਕਿ ਵਾਹਿਗੁਰੂ ਨੇ ਉਹਨਾਂ ਨੂੰ ਆਪਣੇ ਭੈਣਾਂ-ਭਰਾਵਾਂ ਅਤੇ ਇਲਾਕੇ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਬਖਸ਼ਿਆ ਹੈ ਅਤੇ ਉਹ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਪੂਰੀ ਵਾਅ ਲਗਾ ਦੇਣਗੇ। ਇਸ ਮੌਕੇ ਪ੍ਰੋਫੈਸਰ ਸੁਖਵਿੰਦਰ ਸਿੰਘ, ਕੁਲਵਿੰਦਰ ਸਿੰਘ ਕਾਲਾ ਸਾਬਕਾ ਕੌਂਸਲਰ, ਅਮਰਦੀਪ ਸਿੰਘ ਟੂਰੇ, ਗੁਰਪ੍ਰੀਤ ਸਿੰਘ ਨੋਨੀ ਸੈਂਭੀ, ਐਡਵੋਕੇਟ ਕਰਮ ਸਿੰਘ ਸਿੱਧੂ, ਸੂਬੇਦਾਰ ਕਮਲਜੀਤ ਸਿੰਘ ਹੰਸਰਾ, ਨਿਰਭੈ ਸਿੰਘ ਕਮਾਲਪੁਰਾ, ਦਲਜੀਤ ਸਿੰਘ ਕਮਾਲਪੁਰਾ, ਸਾਬਕਾ ਸਰਪੰਚ ਸੇਵਾ ਸਿੰਘ ਚੀਮਾਂ, ਸ਼ਮਸ਼ੇਰ ਸਿੰਘ ਕਮਾਲਪੁਰਾ, ਡਾਇਰੈਕਟਰ ਹਰਪ੍ਰੀਤ ਸਿੰਘ ਮਾਣੂੰਕੇ, ਜਗਰੂਪ ਸਿੰਘ ਕਾਉਂਕੇ, ਸੁਖਵਿੰਦਰ ਸਿੰਘ ਕਾਕਾ, ਲਖਵੀਰ ਸਿੰਘ ਲੱਕੀ ਮਾਣੂੰਕੇ, ਗੁਰਦੇਵ ਸਿੰਘ ਚਕਰ, ਗੁਰਦੀਪ ਸਿੰਘ ਚਕਰ, ਇੰਦਰਜੀਤ ਸਿੰਘ ਲੰਮੇ ਆਦਿ ਵੀ ਹਾਜ਼ਰ ਸਨ।

News By ;   Manjinder Gill ( 7888466199 )