ਬੀਬੀ ਮਾਣੂੰਕੇ ਦੇ ਯਤਨਾਂ ਸਦਕਾ ਅਖਾੜੇ ਵਾਲੀ ਨਹਿਰ 'ਤੇ ਬਣੇਗਾ ਨਵਾਂ ਪੁੱਲ

ਸਰਕਾਰ ਵੱਲੋਂ ਨਬਾਰਡ ਸਕੀਮ ਤਹਿਤ 7 ਕਰੋੜ 80 ਲੱਖ ਰੁਪਏ ਮੰਨਜ਼ੂਰ
ਜਗਰਾਉਂ  , (ਮਨਜਿੰਦਰ ਗਿੱਲ ) ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਹਲਕੇ ਨੂੰ ਨਮੂਨੇ ਦਾ ਬਨਾਉਣ ਲਈ ਪੂਰੀ ਸ਼ਿੱਦਤ ਨਾਲ ਲੱਗੇ ਹੋਏ ਹਨ ਅਤੇ ਵਿਧਾਇਕਾ ਮਾਣੂੰਕੇ ਦੇ ਯਤਨਾਂ ਨੂੰ ਦਿਨੋ-ਦਿਨ ਬੂਰ ਪੈਂਦਾ ਵੀ ਨਜ਼ਰੀਂ ਪੈ ਰਿਹਾ ਹੈ। ਜਗਰਾਉਂ-ਰਾਏਕੋਟ ਰੋਡ ਸਥਿਤ ਅੰਗਰੇਜ਼ਾਂ ਵੇਲੇ ਦੇ ਬਣੇ ਹੋਏ ਅਖਾੜਾ ਨਹਿਰ ਦੇ ਪੁੱਲ਼ ਦੇ ਮਿਆਦ ਲੰਘ ਜਾਣ ਅਤੇ ਚੌੜਾਈ ਘੱਟ ਹੋਣ ਕਾਰਨ ਜਿੱਥੇ ਹਲਕੇ ਦੇ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਵਿੱਚੋਂ ਗੁਜ਼ਰਨਾਂ ਪੈਂਦਾ ਹੈ, ਉਥੇ ਹੀ ਬਾਹਰਲੇ ਹਲਕੇ ਦੇ ਲੋਕਾਂ ਖਾਸ ਕਰਕੇ ਮਾਲਵੇ ਦੇ ਸ਼ਹਿਰਾਂ ਹਠੂਰ, ਰਾਏਕੋਟ, ਮਹਿਲਕਲਾਂ, ਬਰਨਾਲਾ, ਧੂਰੀ, ਸੰਗਰੂਰ ਆਦਿ ਦੇ ਲੋਕਾਂ ਦਾ ਦੁਆਬਾ ਖੇਤਰ ਵਿੱਚ ਜਾਣ ਲਈ ਉਕਤ ਨਹਿਰ ਦੇ ਪੁੱਲ ਉਪਰ ਲੱਗਦੇ ਵੱਡੇ ਜ਼ਾਮ ਵਿੱਚ ਸਮਾਂ ਵੀ ਬਰਬਾਦ ਹੁੰਦਾ ਹੈ। ਕਈ ਵਾਰ ਅਖਾੜਾ ਨਹਿਰ ਦੇ ਪੁੱਲ ਉਪਰ ਲੱਗਦੇ ਜ਼ਾਮ ਕਾਰਨ ਹਦਸਿਆਂ ਦੇ ਸ਼ਿਕਾਰ ਹੋਏ ਲੋਕਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣ ਵਿੱਚ ਦੇਰੀ ਹੋਣ ਦਾ ਖਦਸ਼ਾ ਵੀ ਬਣਿਆਂ ਰਹਿੰਦਾ ਹੈ। ਇਸ ਵੱਡੀ ਸਮੱਸਿਆ ਨੂੰ ਵੇਖਦੇ ਹੋਏ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਪੰਜਾਬ ਸਰਕਾਰ ਦੇ ਉਚ ਦਫ਼ਤਰਾਂ ਵਿੱਚ ਗੇੜੇ ਮਾਰ-ਮਾਰ ਕੇ ਅਖਾੜਾ ਨਹਿਰ ਉਪਰ ਵੱਡਾ ਤੇ ਚੌੜਾ ਪੁਲ ਮੰਨਜੂਰ ਤਾਂ ਪਹਿਲਾਂ ਹੀ ਕਰਵਾ ਲਿਆ ਗਿਆ ਸੀ, ਪਰੰਤੂ ਹੁਣ ਸਰਕਾਰ ਵੱਲੋਂ ਬੀਬੀ ਮਾਣੂੰਕੇ ਦੇ ਯਤਨਾਂ ਸਦਕਾ ਨਬਾਰਡ ਸਕੀਮ ਤਹਿਤ 7 ਕਰੋੜ 80 ਲੱਖ ਰੁਪਏ ਮੰਨਜੂਰ ਕਰ ਦਿੱਤੇ ਗਏ ਹਨ ਅਤੇ ਬਾਕੀ ਰਕਮ ਪੰਜਾਬ ਸਰਕਾਰ ਪਾਸੋਂ ਮੰਨਜ਼ੂਰ ਕਰਵਾਈ ਜਾਵੇਗੀ। ਸਰਕਾਰ ਵੱਲੋਂ ਮੰਨਜੂਰ ਕੀਤੇ ਗਏ ਇਸ ਪੁਲ ਦੀ ਲੰਬਾਈ 60 ਮੀਟਰ ਹੋਵੇਗੀ। ਬੀਬੀ ਮਾਣੂੰਕੇ ਦੀ ਮਿਹਨਤ ਸਦਕਾ ਹਲਕੇ ਦੇ ਲੋਕਾਂ ਨੂੰ ਮਿਲੇ ਇਸ ਵੱਡੇ ਤੋਹਫ਼ੇ ਕਾਰਨ ਹੁਣ ਅਖਾੜਾ ਨਹਿਰ ਉਪਰ ਨਵਾਂ ਪੁਲ ਬਣਨ ਦੀ ਆਸ ਬੱਝ ਗਈ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਲੋਕਾਂ ਵੱਲੋਂ ਅਖਾੜਾ ਨਹਿਰ ਉਪਰ ਨਵਾਂ ਅਤੇ ਚੌੜਾ ਪੁਲ ਦੀ ਮੰਗ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ ਅਤੇ ਅਕਾਲੀਆਂ ਤੇ ਕਾਂਗਰਸੀਆਂ ਦੀਆਂ ਸਰਕਾਰਾਂ ਨੇ ਲੋਕਾਂ ਦੀਆਂ ਪ੍ਰਮੁੱਖ ਲੋੜਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਸੀ। ਬੀਬੀ ਮਾਣੂੰਕੇ ਨੇ ਆਖਿਆ ਕਿ ਉਹਨਾਂ ਦਾ ਜਨਮ ਹਲਕੇ ਦੇ ਪਿੰਡ ਮਾਣੂੰਕੇ ਵਿੱਚ ਹੋਇਆ ਹੈ ਅਤੇ ਉਹ ਜਗਰਾਉਂ ਦੀ ਧੀ ਬਣਕੇ ਆਪਣੇ ਲੋਕਾਂ ਲਈ ਦਿਨ-ਰਾਤ ਇੱਕ ਕਰ ਰਹੀ ਹੈ। ਉਹਨਾਂ ਆਖਿਆ ਕਿ ਵਾਹਿਗੁਰੂ ਨੇ ਉਹਨਾਂ ਨੂੰ ਆਪਣੇ ਭੈਣਾਂ-ਭਰਾਵਾਂ ਅਤੇ ਇਲਾਕੇ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਬਖਸ਼ਿਆ ਹੈ ਅਤੇ ਉਹ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਪੂਰੀ ਵਾਅ ਲਗਾ ਦੇਣਗੇ। ਇਸ ਮੌਕੇ ਪ੍ਰੋਫੈਸਰ ਸੁਖਵਿੰਦਰ ਸਿੰਘ, ਕੁਲਵਿੰਦਰ ਸਿੰਘ ਕਾਲਾ ਸਾਬਕਾ ਕੌਂਸਲਰ, ਅਮਰਦੀਪ ਸਿੰਘ ਟੂਰੇ, ਗੁਰਪ੍ਰੀਤ ਸਿੰਘ ਨੋਨੀ ਸੈਂਭੀ, ਐਡਵੋਕੇਟ ਕਰਮ ਸਿੰਘ ਸਿੱਧੂ, ਸੂਬੇਦਾਰ ਕਮਲਜੀਤ ਸਿੰਘ ਹੰਸਰਾ, ਨਿਰਭੈ ਸਿੰਘ ਕਮਾਲਪੁਰਾ, ਦਲਜੀਤ ਸਿੰਘ ਕਮਾਲਪੁਰਾ, ਸਾਬਕਾ ਸਰਪੰਚ ਸੇਵਾ ਸਿੰਘ ਚੀਮਾਂ, ਸ਼ਮਸ਼ੇਰ ਸਿੰਘ ਕਮਾਲਪੁਰਾ, ਡਾਇਰੈਕਟਰ ਹਰਪ੍ਰੀਤ ਸਿੰਘ ਮਾਣੂੰਕੇ, ਜਗਰੂਪ ਸਿੰਘ ਕਾਉਂਕੇ, ਸੁਖਵਿੰਦਰ ਸਿੰਘ ਕਾਕਾ, ਲਖਵੀਰ ਸਿੰਘ ਲੱਕੀ ਮਾਣੂੰਕੇ, ਗੁਰਦੇਵ ਸਿੰਘ ਚਕਰ, ਗੁਰਦੀਪ ਸਿੰਘ ਚਕਰ, ਇੰਦਰਜੀਤ ਸਿੰਘ ਲੰਮੇ ਆਦਿ ਵੀ ਹਾਜ਼ਰ ਸਨ।

News By ;   Manjinder Gill ( 7888466199 )