You are here

ਉਦਾਸੀ ਤੇ ਇਕੱਲਾਪਣ ✍️. ਸਲੇਮਪੁਰੀ ਦੀ ਚੂੰਢੀ

ਉਦਾਸੀ ਤੇ ਇਕੱਲਾਪਣ
ਜੇ ਕਦੀ ਕਦਾਈਂ  ਮਨ 'ਤੇ ਉਦਾਸੀ ਛਾ ਜਾਵੇ, ਇਕੱਲਾਪਣ ਮਹਿਸੂਸ ਹੋਵੇ ਤਾਂ 
ਕਿਸੇ ਮਿੱਤਰ / ਦੋਸਤ ਕੋਲ ਬਹਿ ਜਾਈਦਾ,
 ਉਸ ਨੂੰ ਦਿਲ  ਦਾ ਦਰਦ ਸੁਣਾਈ ਦਾ! 
 ਪਹਿਲਾਂ ਪਰਿਵਾਰ ਨੂੰ  ਦਰਦ ਘਟਾਉਣ ਲਈ ਨਾਲ ਰਲਾਈ ਦਾ। ਜੇ ਕੋਈ ਵੀ ਨਾ ਮਿਲੇ ਤਾਂ ਰੁੱਖਾਂ ਕੋਲੇ ਚਲੇ ਜਾਈਦਾ!
ਉਨ੍ਹਾਂ ਨੂੰ ਗਲੇ ਲਾਈਦਾ!
 ਰੁੱਖ ਹਰ ਬੰਦੇ ਦਾ ਦੁੱਖ ਜਾਣਦੇ!
 ਸੱਭ ਨੂੰ ਦੇਣਾ ਸੁੱਖ ਜਾਣਦੇ!
ਜੇ ਦਿਮਾਗ 'ਤੇ ਕਿਸੇ ਗੱਲ ਦਾ ਬੋਝ ਹੋਵੇ ਤਾਂ ਨਕਾਰਤਮਿਕ ਸੋਚਣ ਦੀ ਬਜਾਏ ਹਮੇਸ਼ਾ ਸਕਾਰਾਤਮਕ ਸੋਚਣਾ ਚਾਹੀਦਾ ਕਿਉਂਕਿ ਨਕਾਰਾਤਮਕ ਸੋਚਣ ਨਾਲ   ਹਮੇਸ਼ਾ ਨਿਰਾਸ਼ਾ ਹੀ ਪੱਲੇ ਪੈਂਦੀ ਹੈ ਅਤੇ ਫਿਰ ਅੱਗੇ ਦੀ ਅੱਗੇ ਜੰਗਲ ਦੀ ਅੱਗ ਵਾਂਗੂੰ ਵੱਧਦੀ ਜਾਂਦੀ ਹੈ। ਸਕਾਰਾਤਮਕ ਸੋਚ ਰੱਖਣ ਵਾਲਾ  ਭਾਵੇਂ ਇਕੱਲਾ ਹੀ ਹੋਵੇ ਪਰ ਉਹ ਫਿਰ ਵੀ ਨਵੇਂ ਰਾਹ ਸਿਰਜਦਾ ਹੈ। ਕੁਦਰਤ ਦੀ ਬੁੱਕਲ ਵਿਚ ਬਹਿ ਕੇ ਖੁਸ਼ੀਆਂ ਪਾਉਣੀਆਂ ਚਾਹੀਦੀਆਂ ਹਨ, ਸਵੇਰੇ ਸਵੇਰੇ ਆਉਂਦੇ ਹਵਾ ਦੇ ਠੰਡੇ ਬੁੱਲ੍ਹਿਆਂ ਦਾ ਅਨੰਦ ਮਾਣਨਾ ਚਾਹੀਦਾ ਹੈ।  ਠੰਡੇ ਬੁੱਲ੍ਹੇ ਅਸ਼ਾਂਤ ਮਨ ਅੰਦਰ ਠੰਡ ਵਰਤਾਉੰਦੇ ਨੇ। ਅਕਾਸ਼ ਵਿੱਚ ਉੱਡਦੇ ਬੱਦਲਾਂ ਨੂੰ ਵੇਖਣ ਦੀ ਤਾਂਘ ਰੱਖਣੀ ਚਾਹੀਦੀ ਹੈ। ਮਨ ਦੀਆਂ ਕਲਪਨਾਵਾਂ ਨਾਲ ਉੱਡਦੇ ਬੱਦਲਾਂ ਵਿਚ 'ਆਪਣਿਆਂ' ਦੀਆਂ ਤਸਵੀਰਾਂ  ਬਣਾ ਕੇ ਉਨ੍ਹਾਂ ਨਾਲ ਗੱਲਾਂ ਕਰਨੀਆਂ ਚਾਹੀਦੀਆਂ, ਤਾਂ ਜੋ ਮਨ ਦਾ ਭਾਰ ਹੌਲਾ ਹੋ ਜਾਵੇ।  ਹਮੇਸ਼ਾ ਨਵੀਆਂ ਰਾਹਾਂ ਲੱਭਣੀਆਂ ਚਾਹੀਦੀਆਂ ਨੇ, ਭਟਕਣ ਦੀ ਬਜਾਏ ਰਾਹ ਦਸੇਰਾ ਬਣਨਾ ਚਾਹੀਦਾ ਹੈ ਤਾਂ ਜੋ ਸੱਥਾਂ ਵਿਚ ਬੈਠੇ ਲੋਕ ਵੀ ਸਿਆਣਪ ਦੀਆਂ ਕਹਾਣੀਆਂ ਪਾਉਣ, ਗੱਲਾਂ ਕਰਨ, ਵਡਿਆਈ ਦੇ ਫੁੱਲ ਵਰਸਾਉਣ । ਚੰਗੀ ਸੋਚ, ਚੰਗੇ ਵਿਚਾਰ, ਚੰਗੇ ਖਿਆਲ ਚੰਗੇ ਕੰਮ,  ਚੰਗੀਆਂ ਮਾਨਸਿਕ ਉਡਾਰੀਆਂ ਇੱਕ ਚੰਗੇ ਸਮਾਜ ਦੀ ਸਿਰਜਣਾ ਦਾ ਹਿੱਸਾ ਬਣਦੇ ਹਨ।  ਉਸਾਰੂ ਵਿਚਾਰਧਾਰਾ ਦੇ ਨਤੀਜੇ ਹਮੇਸ਼ਾ ਚੰਗੇ ਹੁੰਦੇ ਹਨ, ਸਾਰਥਕ ਹੁੰਦੇ ਹਨ। ਦਿਲ ਦਾ ਭਾਰ ਹੌਲਾ ਕਰਨ ਲਈ ਦਿਲ ਖੋਲ੍ਹ ਕੇ ਗੱਲਾਂ ਕਰਨੀਆਂ ਚਾਹੀਦੀਆਂ ਹਨ। ਦਿਲ ਵਿਚ ਦੱਬੀਆਂ ਭਾਵਨਾਵਾਂ /ਗੁੱਸੇ - ਗਿਲੇ ਕੇਵਲ ਸਰੀਰਕ ਅਤੇ ਮਾਨਸਿਕ ਸਿਹਤ ਉਪਰ ਹੀ ਨਹੀਂ ਬਲਕਿ ਸਮੁੱਚੇ ਆਲੇ-ਦੁਆਲੇ ਨੂੰ ਪ੍ਰਭਾਵਿਤ ਕਰਦੇ ਹਨ।ਉਦਾਸੀ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੀਦਾ, ਨਿਰਾਸ਼ਾ ਨੂੰ  ਆਪਣੇ ਉੱਤੇ ਭਾਰੂ ਨਹੀਂ ਬਣਨ ਦੇਣਾ ਚਾਹੀਦਾ। ਨਿਰਾਸ਼ਤਾ ਮਨ ਨੂੰ ਢਹਿੰਦੀ ਅਵਸਥਾ ਵਲ ਲਿਜਾਂਦੀ ਹੈ। ਆਸ਼ਾਵਾਦੀ ਭਾਵਨਾਵਾਂ ਮਨ ਨੂੰ ਚੜ੍ਹਦੀ ਕਲਾ ਵਿੱਚ ਲਿਜਾਂਦੀਆਂ ਹਨ, ਮਨ ਨੂੰ ਖੁਸ਼ੀਆਂ ਦਿੰਦੀਆਂ ਹਨ! 
-ਸੁਖਦੇਵ ਸਲੇਮਪੁਰੀ 
09780620233 
22 ਅਗਸਤ, 2022.