ਜਗਰਾਓਂ,16 ਜੁਲਾਈ -( ਬਲਦੇਵ ਸਿੰਘ ਸਿੱਖਿਆ ਪ੍ਰਤੀਨਿੱਧ, ਹਰਵਿੰਦਰ ਸਿੰਘ ਖੇਲਾ )ਗੋਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ) ਜ਼ਿਲ੍ਹਾ ਲੁਧਿਆਣਾ ਦਾ ਵਫ਼ਦ ਸ੍ਰ ਜਗਦੀਪ ਸਿੰਘ ਜੌਹਲ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਲੁਧਿਆਣਾ ਸ੍ਰੀ ਬਲਦੇਵ ਸਿੰਘ ਜੋਧਾਂ ਨੂੰ ਮਿਲ਼ਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਨਰਲ ਸਕੱਤਰ ਇਤਬਾਰ ਸਿੰਘ ਅਤੇ ਸੰਦੀਪ ਸਿੰਘ ਬਦੇਸ਼ਾ ਨੇ ਦੱਸਿਆ ਕਿ ਸਰਕਾਰ ਵੱਲੋਂ ਐੱਚ ਟੀ ਦੀਆਂ ਤਰੱਕੀਆਂ ਤੁਰੰਤ ਕਰਨ ਵਾਲ਼ੇ ਲਏ ਗਏ ਫੈਸਲੇ ਦੀ ਬਜਾਏ ਪਹਿਲਾਂ ਸੀ ਐੱਚ ਟੀ ਦੀਆਂ ਤਰੱਕੀਆਂ ਕੀਤੀਆਂ ਜਾਣ ਦੀ ਮੰਗ ਕੀਤੀ ਗਈ ਕਿਉਂਕਿ ਇਸ ਨਾਲ਼ ਜ਼ਿਲ੍ਹੇ ਨੂੰ ਘੱਟੋ-ਘੱਟ 40 ਤੋਂ 50 ਹੋਰ ਵਧੇਰੇ ਐੱਚ ਟੀ ਮਿਲਣਗੇ ! ਕਈ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧੇਰੇ ਹੋਣ ਦੇ ਬਾਵਜੂਦ ਈ-ਪੰਜਾਬ ਤੇ ਐੱਚ ਟੀ ਦੀ ਅਸਾਮੀ ਨਾ ਦਿਖਾਏ ਜਾਣ ਅਤੇ ਕਈਆਂ ਥਾਵਾਂ ਤੇ ਐੱਚ ਟੀ ਕੰਮ ਕਰਦਾ ਹੋਣ ਦੇ ਬਾਵਜੂਦ ਵੀ ਆਨ ਲਾਈਨ ਅਸਾਮੀ ਨਾ ਦਿਖਾਏ ਜਾਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਕਿਹਾ ਗਿਆ ।
ਅੰਗਹੀਣਾਂ ਕੋਟੇ ਦੀਆਂ ਤਰੱਕੀਆਂ ਲਈ ਬੈਕਲਾਗ ਪੂਰਾ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ । ਬੀ ਪੀ ਈ ਓ ਦਫਤਰਾਂ ਵਿਚੋਂ ਬਾਹਰ ਡੈਪੂਟੇਸ਼ਨ ਤੇ ਭੇਜੇ ਕਰਮਚਾਰੀਆਂ ਨੂੰ ਵਾਪਸ ਬੁਲਾਉਣ ਅਤੇ ਦਫ਼ਤਰੀ ਅਮਲੇ ਦੀਆਂ ਖ਼ਾਲੀ ਅਸਾਮੀਆਂ ਭਰਨ ਦੀ ਮੰਗ ਕੀਤੀ ਗਈ। ਇਸ ਵੇਲ਼ੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਮਨੋਜ ਕੁਮਾਰ, ਰਾਜਮਿੰਦਰਪਾਲ ਸਿੰਘ ਪਰਮਾਰ, ਜਸਵੀਰ ਸਿੰਘ, ਜਗਸੀਰ ਸਿੰਘ ਅਤੇ ਗੁਲਜ਼ਾਰ ਸ਼ਾਹ ਆਦਿ ਵੀ ਹਾਜ਼ਰ ਸਨ।