ਲੁਧਿਆਣਾ

ਵੱਡੀ ਗਿਣਤੀ ਕਿਸਾਨਾ ਨੇ ਸਵੱਦੀ ਕਲਾਂ ਗ੍ਰਿਡ ਅੱਗੇ ਲਗਾਇਆ ਧਰਨਾ

ਮਾਮਲਾ ਮੋਟਰਾਂ ਵਾਲੀ ਬਿਜਲੀ ਨਾ ਆਉਣ ਦਾ

ਮੁੱਲਾਂਪੁਰ ਦਾਖਾ,6 ਅਪ੍ਰੈਲ( ਸਤਵਿੰਦਰ ਸਿੰਘ ਗਿੱਲ)—ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਸਾਰ ਹੀ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੁਧਿਆਣਾ ਜਿਲੇ ਦੇ ਕਸਬਾ ਸਵੱਦੀ ਕਲਾਂ ਦੇ ਬਿਜਲੀ ਗ੍ਰਿਡ ਦੇ ਅੱਗੇ ਅੱਜ ਵੱਡੀ ਗਿਣਤੀ ਕਿਸਾਨਾ ਵੱਲੋ ਧਰਨਾ ਦਿੱਤਾ ਗਿਆ ਜਿਸ ਵਿਚ ਉਹ ਮੰਗ ਕਰ ਰਹੇ ਸਨ ਕਿ ਬਿਜਲੀ ਮਹਿਕਮੇ ਵੱਲੋਂ ਉਹਨਾ ਨਾਲ ਸ਼ਰੇਆਮ ਚਿੱਟੇ ਦਿਨ ਧੱਕਾ ਕੀਤਾ ਜਾ ਰਿਹਾ ਹੈ। ਕਿਸਾਨ ਕੁਲਦੀਪ ਸਿੰਘ ਅਤੇ ਨੀਟੂ ਰਫਿਊਜੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾ ਨੂੰ ਮੋਟਰਾਂ ਵਾਲੀ ਬਿਜਲੀ ਨਹੀ ਮਿਲ ਰਹੀ ਹੈ,ਇਹਨਾ ਕਿਸਾਨਾ ਨੇ ਦਸਿਆ ਕਿ 48 ਘੰਟੇ ਵਿਚ 3 ਘੰਟੇ ਮੋਟਰਾਂ ਵਾਲੀ ਬਿਜਲੀ ਮਿਲ ਰਹੀ ਹੈ ਜਿਸ ਨਾਲ ਉਹਨਾ ਦੀਆਂ ਫ਼ਸਲਾਂ ਨੂੰ ਪਾਣੀ ਨਹੀ ਪੂਰਾ ਹੋ ਰਿਹਾ ਹੈ। ਇਹਨਾ ਕਿਸਾਨਾ ਨੇ ਕਿਹਾ ਕਿ 48 ਘੰਟੇ ਬਾਦ ਵੀ ਮਿਲਣ ਵਾਲੇ ਤਿੰਨ ਘੰਟਿਆਂ ਵਿੱਚੋ ਵੀ ਉਹਨਾ ਨੂੰ ਸਿਰਫ ਇਕ ਘੰਟਾ ਬਿਜਲੀ ਮਿਲੀ ਹੈ, ਜੌ ਕਿਸਾਨਾ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ। ਕਿਸਾਨ ਹਰਜਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤਾਂ ਆਖਦੇ ਸਨ ਕਿ ਸਾਡੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ,ਫੇਰ ਕਿਸਾਨਾ ਨਾਲ ਅਜਿਹਾ ਕਿਉ ਹੋ ਰਿਹਾ ਹੈ ? ਕਿਸਾਨਾ ਨੇ ਆਪ ਸਰਕਾਰ ਅਤੇ ਬਿਜਲੀ ਵਿਭਾਗ ਖਿਆਫ ਜੰਮ ਕੇ ਨਾਅਰੇਬਾਜ਼ੀ ਕੀਤੀ। ਵੱਡੀ ਗਿਣਤੀ ਕਿਸਾਨ ਇਹ ਆਖਦੇ ਵੀ ਦੇਖੇ ਗਏ ਕਿ ਅਗਾਮੀ ਝੋਨੇ ਦੇ ਸੀਜ਼ਨ ਵਿਚ ਬਿਜਲੀ ਵਿਭਾਗ ਕਿਸ ਤਰਾਂ ਬਿਜਲੀ ਦੇਵੇਗਾ ਜਦਕਿ ਹੁਣ 48 ਘੰਟੇ ਵਿਚੋ 3 ਘੰਟੇ ਬਿਜਲੀ ਸਪਲਾਈ ਨਹੀ ਮਿਲ ਰਹੀ ਹੈ। ਮੌਕੇ ਤੇ ਪੁੱਜੇ ਮਹਿਕਮੇ ਐਸ ਡੀ ਓ ਸਚਿਨ ਨੇ ਕਿਹਾ ਕਿ ਉਹਨਾ ਨੂੰ ਜੌ ਪਟਿਆਲਾ ਤੋ ਹੁਕਮ ਆਉਂਦੇ ਹਨ ਉਹ ਲਗੁ ਕੀਤੇ ਜਾਂਦੇ ਹਨ। ਉਹਨਾ ਨੇ ਵੀ ਮੰਨਿਆ ਕਿ 48 ਘੰਟੇ ਬਾਦ 3 ਘੰਟੇ ਮੋਟਰਾਂ ਵਾਲੀ ਬਿਜਲੀ ਸਪਲਾਈ ਦੇਣ ਦੇ ਹੁਕਮ ਹਨ।ਇਸ ਮੌਕੇ ਡਾਕਟਰ ਰੁਪਿੰਦਰ ਸਿੰਘ,ਨਛੱਤਰ ਸਿੰਘ,ਦਵਿੰਦਰ ਸਿੰਘ,ਗੁਰਵਿੰਦਰ ਸਿੰਘ,ਦਲਵਿੰਦਰ ਸਿੰਘ,ਤੇਜਿੰਦਰ ਸਿੰਘ,ਮਨਵੀਰ ਸਿੰਘ,ਸਤਨਾਮ ਸਿੰਘ,ਪਵਨਦੀਪ ਸਿੰਘ,ਮਨਪ੍ਰੀਤ ਸਿੰਘ,ਮੰਜਿਦਰਪਲ ਸਿੰਘ ਅਤੇ ਅਜਮੇਰ ਸਿੰਘ ਸ਼ਾਹ ਆਦਿ ਕਿਸਾਨਾ ਨੇ ਗ੍ਰਿਡ ਅੱਗੇ ਧਰਨਾ ਦਿੱਤਾ ਅਤੇ ਵਿਭਾਗ ਤੋ ਮੰਗ ਕੀਤੀ ਕੇ ਜੇਕਰ ਉਹਨਾ ਨੂੰ ਨਿਰਵਿਘਨ ਮੋਟਰਾਂ ਵੱਲੋ ਬਿਜਲੀ ਸਪਲਾਈ ਨਾ ਦਿੱਤੀ ਤਾਂ ਉਹ ਆਪਣਾ ਸ਼ੰਘਰਸ਼ ਹੋਰ ਤੇਜ ਕਰਨਗੇ।

ਨਾਮਜ਼ਦ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਲੱਗਾ ਪੱਕਾ ਧਰਨਾ 15ਵੇਂ ਦਿਨ 'ਚ ਸ਼ਾਮਲ 

8ਵੇਂ ਦਿਨ ਵੀ ਭੁੱਖ ਹੜਤਾਲ 'ਤੇ ਬੈਠੀ ਰਹੀ ਪੀੜ੍ਹਤ ਬਿਰਧ ਮਾਤਾ

 

ਜਗਰਾਉਂ 6 ਅਪ੍ਰੈਲ (ਮਨਜਿੰਦਰ ਗਿੱਲ/ ਗੁਰਕੀਰਤ ਜਗਰਾਉਂ )  ਗਰੀਬ ਪਰਿਵਾਰ ਨੂੰ ਨਜ਼ਾਇਜ਼ ਹਿਰਾਸਤ 'ਚ ਰੱਖਣ ਤੇ ਝੂਠਾ ਕੇਸ ਪਾਉਣ ਦੇ ਮਾਮਲੇ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਲਈ ਥਾਣਾ ਸਿਟੀ ਮੂਹਰੇ ਚੱਲ ਰਿਹਾ ਅਣਮਿਥੇ ਸਮੇਂ ਦਾ ਧਰਨਾ ਅੱਜ 15ਵੇਂ ਦਿਨ ਵੀ ਜਾਰੀ ਰਿਹਾ ਅੱਜ ਦੇ ਧਰਨੇ ਨੂੰ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਤੇ ਸਾਧੂ ਸਿੰਘ ਅੱਚਰਵਾਲ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਯੂਥ ਆਗੂ ਮਨੋਹਰ ਸਿੰਘ ਝੋਰੜਾਂ, ਮਨੀ ਜਗਰਾਉਂ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਦਲਜੀਤ ਸਿੰਘ ਨੇ ਸੰਬੋਧਨ ਕਰਦਿਆਂ ਪੁਰਜ਼ੋਰ ਮੰਗ ਕੀਤੀ ਕਿ ਜਦ ਦੋਸ਼ੀਆਂ ਖਿਲਾਫ਼ ਸੰਗੀਨ ਧਰਾਵਾਂ ਅਧੀਨ ਮੁਕੱਦਮਾ ਦਰਜ ਹੋ ਚੁੱਕਾ ਹੈ ਤਾਂ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨਾ ਬਣਦਾ ਹੈ। ਉਨ੍ਹਾਂ ਅਧਿਕਾਰੀਆਂ ਦੇ ਗ੍ਰਿਫਤਾਰੀ ਸਬੰਧੀ ਪੱਖਪਾਤੀ ਵਤੀਰੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਧਿਕਾਰੀ ਆਮ ਬੰਦੇ ਲਈ ਕਾਨੂੰਨ ਦੀ ਹੋਰ ਢੰਗ ਨਾਲ ਕਰਦੇ ਹਨ ਅਤੇ ਖਾਸ ਬੰਦੇ ਭਾਵ ਪੁਲਿਸ ਮੁਲ਼ਾਜ਼ਮ ਲਈ ਕਾਨੂੰਨ ਦੀ ਵਰਤੋਂ ਹੋਰ ਢੰਗ ਨਾਲ ਕਰਦੇ ਹਨ। ਪ੍ਰੈਸ ਨੂੰ ਜਾਰੀ ਬਿਆਨ ਵਿੱਚ ਤਰਲੋਚਨ ਸਿੰਘ ਝੋਰੜਾਂ ਤੇ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਆਮ ਬੰਦੇ ਤੇ ਮੁਕੱਦਮਾ ਹੋਣ ਦੀ ਹਾਲ਼ਤ ਵਿੱਚ ਤਾਂ ਪੁਲਿਸ ਸਾਰਾ ਟੱਬਰ ਚੁੱਕ ਲਿਆਂਉਦੀ ਹੈ ਜਦਕਿ ਇਥੇ ਮੁਲਜ਼ਮਾਂ ਤੇ ਗੈਰਜ਼ਮਾਨਤੀ ਧਾਰਾਵਾਂ ਅਧੀਨ ਮੁਕੱਦਮਾ ਦਰਜ ਹੋਏ ਨੂੰ 4 ਮਹੀਨੇ ਹੋਣ ਵਾਲੇ ਹਨ, ਦੋਸ਼ੀਆਂ ਗ੍ਰਿਫਤਾਰ ਤਾਂ ਕੀ ਕਰਨਾ ਸਗੋਂ ਮੁਕੱਦਮੇ ਨੂੰ ਹੀ ਖਾਰਜ਼ ਕਰਨ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ 17 ਸਾਲ ਪਹਿਲਾਂ ਮ੍ਰਿਤਕ ਕੁਲਵੰਤ ਕੌਰ ਅਤੇ ਮਾਤਾ ਸੁਰਿੰਦਰ ਕੌਰ ਨੂੰ, ਉਸ ਸਮੇਂ ਦਾ ਕਥਿਤ ਥਾਣਾਮੁਖੀ ਗੁਰਿੰਦਰ ਬੱਲ ਜੋਕਿ ਹੁਣ ਪੀਏਪੀ 'ਚ ਡੀਅੈਸਪੀ ਤਾਇਨਾਤ ਹੈ, ਘਰੋਂ ਜ਼ਬਰੀ ਚੁੱਕ ਲਿਆਇਆ ਸੀ ਅਤੇ ਥਾਣੇ ਵਿੱਚ ਰਾਤ ਨੂੰ ਅੰਨਾ ਤਸ਼ੱਦਦ ਕਰਦਿਆਂ ਕੁਲਵੰਤ ਕੌਰ ਨੂੰ ਕਰੰਟ ਲਗਾ ਜੇ ਨਕਾਰਾ ਕਰ ਦਿੱਤਾ ਸੀ ਅਤੇ ਕੁਲਵੰਤ ਅਪਾਹਜ਼ ਹੋ ਜੇ ਲੰਬਾ ਸਮਾਂ ਮੰਜੇ ਤੇ ਪਈ ਰਹੀ ਅੰਤ ਲੰਘੀ 10 ਦਸੰਬਰ ਨੂੰ  ਦੁਨੀਆਂ ਛੱਡ ਗਈ ਸੀ। ਪੁਲਿਸ ਨੇ 11 ਦਸੰਬਰ ਨੂੰ ਉਕਤ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ ਕੀਤਾ ਸੀ। ਇਸ ਸਮੇਂ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ, ਜਗਰੂਪ ਸਿੰਘ, ਜਿੰਦਰ ਸਿੰਘ ਮਾਣੂੰਕੇ, ਬਹਾਦਰ ਸਿੰਘ, ਮਲਕੀਅਤ ਸਿੰਘ, ਕੁਲਦੀਪ ਸਿੰਘ ਆਦਿ ਹ‍ਾਜ਼ਰ ਸਨ।

ਮੰਡੀ ਕਮਾਲਪੁਰ ਵਿਖੇ ਕਣਕ ਦੀ ਖਰੀਦ ਸ਼ੁਰੂ  

 

ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਕਿਸਾਨਾਂ ਦੀ ਫਸਲ ਨੂੰ ਲੈ ਕੇ ਨਹੀਂ ਆਉਣ ਦਿੱਤੀ ਜਾਵੇਗੀ -ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ  

 

ਹਠੂਰ , 06 ਅਪ੍ਰੈਲ  ( ਕੌਸ਼ਲ ਮੱਲਾ ) 

 

ਅੱਜ ਮੰਡੀ ਕਮਾਲਪੁਰ ਪਹੁੰਚੇ ਜਗਰਾਉਂ ਦੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਕੇ ਨੇ ਜਿੱਥੇ ਕਣਕ ਦੀ ਖ੍ਰੀਦ ਸੁਰੂ ਕਰਵਾਈ ਉੱਥੇ ਉਨ੍ਹਾਂ ਵੱਲੋਂ ਮੰਡੀ ਬੋਰਡ ਅਤੇ ਏਜੰਸੀਆਂ ਦੇ ਅਧਿਕਾਰੀਆਂ ਨੂੰ  ਸਖ਼ਤ ਹਦਾਇਤਾਂ ਕੀਤੀਆਂ ਗਈਆਂ ਕਿ ਕਿਸੇ ਵੀ ਕਿਸਮ ਦੀ ਮੰਡੀਆਂ ਵਿੱਚ ਕੋਈ ਵੀ ਸਮੱਸਿਆ ਨਾ ਆਵੇ । ਕਿਉਂਕਿ ਕਿਸਾਨ ਦੀ ਛੇ ਮਹੀਨਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਇਹ ਸਮਾਂ ਆਉਂਦਾ ਹੈ ਜਦੋਂ ਉਸ ਦੀ ਪੁੱਤਾਂ ਵਾਂਗੂ ਪਾਲੀ ਫ਼ਸਲ ਪ੍ਰਤੀ ਸਾਡਾ ਫਰਜ਼ ਬਣਦਾ ਹੈ ਕਿ ਉਸ ਨੂੰ ਸਹੀ ਸਮੇਂ ਸਿਰ ਸਹੀ ਤਰੀਕੇ ਦੇ ਨਾਲ ਬਿਨਾਂ ਕਿਸੇ ਭੇਦਭਾਵ ਤੋਂ ਨੇਪਰੇ ਚਾੜ੍ਹਿਆ ਜਾਵੇ । ਇਸ ਸਮੇਂ ਉਨ੍ਹਾਂ ਦੇ ਨਾਲ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਆੜ੍ਹਤੀਏ ਅਤੇ ਹੋਰ  ਦਰਜਾ ਬ ਦਰਜਾ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ ।

ਜ਼ਾਲਮ ਡੀ.ਐੱਸ.ਪੀ. ਬੱਲ ਦੀ ਫ਼ੌਰੀ ਗ੍ਰਿਫ਼ਤਾਰੀ ਲਈ ਸਾਂਝਾ ਘੋਲ਼ ਕੀਤਾ ਜਾਊ ਤੇਜ਼ -ਦਸਮੇਸ਼ ਯੂਨੀਅਨ 

 

ਮੁੱਲਾਂਪੁਰ ਦਾਖ 6 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) ਦਸ਼ਮੇਸ਼ ਕਿਸਾਨ-ਮਜ਼ਦੂਰ ਯੂਨੀਅਨ( ਚੌਂਕੀਮਾਨ ਟੋਲ)ਜ਼ਿਲ੍ਹਾ ਲੁਧਿਆਣਾ ਦੀ ਜਨਰਲ ਬਾਡੀ ਦਾ ਇੱਕ ਵਿਸ਼ਾਲ ਇਕੱਠ ਅੱਜ ਸਵੱਦੀ ਕਲਾਂ ਵਿਖੇ ਨੰਬਰਦਾਰ ਬਲਜੀਤ ਸਿੰਘ ਸਵੱਦੀ, ਗੁਰਦਿਆਲ ਸਿੰਘ ਤਲਵੰਡੀ, ਜਗਮੋਹਣ ਸਿੰਘ ਸਵੱਦੀ, ਜਥੇਦਾਰ ਰਣਜੀਤ ਸਿੰਘ ਗੁੜੇ ਤੇ ਨੰਬਰਦਾਰ ਮਨਮੋਹਣ ਸਿੰਘ ਪੰਡੋਰੀ ਦੀ ਸਾਂਝੀ ਪ੍ਰਧਾਨਗੀ ਹੇਠ ਹੋਇਆ, ਜਿਸ ਵਿਚ ਇਲਾਕੇ ਦੇ ਵੱਖ- ਵੱਖ ਪਿੰਡਾਂ ਦੀਆਂ ਇਕਾਈਆਂ 'ਚੋਂ ਯੂਨੀਅਨ ਦੇ ਮੈਂਬਰ ਵਧ ਚੜ੍ਹ  ਤੇ ਜੋਸ਼ੋ -ਖਰੋਸ਼ ਨਾਲ ਸ਼ਾਮਲ ਹੋਏ।

 ਅੱਜ ਦੀ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਸੂਝਵਾਨ ਬੁਲਾਰਿਆਂ -ਡਾ. ਗੁਰਮੇਲ ਸਿੰਘ ਕੁਲਾਰ, ਜਸਦੇਵ ਸਿੰਘ ਲਲਤੋਂ, ਰਣਜੀਤ ਸਿੰਘ ਗੁੜੇ, ਪ੍ਰਿਤਪਾਲ ਸਿੰਘ ਪੰਡੋਰੀ, ਇੰਦਰਜੀਤ ਸਿੰਘ ਖਾਲਸਾ ਪੱਬੀਆਂ ਕਾਲਾ ਡੱਬ ਮੁੱਲਾਂਪੁਰ, ਅਜਮੇਰ ਸ.ਤਲਵੰਡੀ ,ਗੁਰਵਿੰਦਰ ਸ. ਸੇਖੋਂ ਨੇ ਵੱਖ ਵੱਖ ਭਖਦੇ ਤੇ ਅਹਿਮ ਮੁੱਦਿਆਂ ਤੇ ਮਸਲਿਆਂ ਸਬੰਧੀ ਪਾਸ ਕੀਤੇ ਮਤਿਆਂ  ਦੀ ਰੋਸ਼ਨੀ ਵਿੱਚ ਨਿੱਗਰ ਤੇ ਡੂੰਘੇ ਵਿਚਾਰ ਪੇਸ਼ ਕੀਤੇ।

ਪਹਿਲੇ ਮਤੇ ਰਾਹੀਂ ਮਰਹੂਮ ਕੁਲਵੰਤ ਕੌਰ (ਰਸੂਲਪੁਰ) ਕੇਸ ਦੇ ਮੁੱਖ ਮੁਲਜ਼ਮ ਤੇ ਜ਼ਾਲਮ ਡੀਐੱਸ ਪੀ ਗੁਰਿੰਦਰ ਬੱਲ (ਭਵਾਨੀਗੜ੍ਹ) ਤੇ ਹੋਰ ਦੋਸ਼ੀਆਂ ਏਐਸਆਈ ਰਾਜਵੀਰ ਤੇ  ਸਾਬਕਾ ਸਰਪੰਚ ਹਰਜੀਤ ਨੂੰ ਸੀਖਾਂ ਪਿੱਛੇ ਬੰਦ ਕਰਵਾਉਣ ਲਈ 3 ਮਹੀਨੇ ਤੋਂ ਚੱਲ ਰਹੇ ਸਾਂਝੇ ਜਬਰ ਵਿਰੋਧੀ ਘੋਲ 'ਚ ਯੂਨੀਅਨ  ਦੇ ਜੱਥਿਆਂ ਵੱਲੋਂ ਲਗਾਤਾਰ ਨਿਭਾਏ ਜਾ ਰਹੇ ਰੋਲ 'ਤੇ  ਤਸੱਲੀ ਤੇ ਖੁਸ਼ੀ ਪ੍ਰਗਟ ਕੀਤੀ ਗਈ ।ਇਸ ਸਾਂਝੇ ਤੇ ਹੱਕੀ ਘੋਲ ਨੂੰ ਹੋਰ ਤੇਜ਼ ਤੇ ਵਿਸ਼ਾਲ ਕਰਨ 'ਚ ਯੂਨੀਅਨ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

 ਦੂਜੇ ਮਤੇ ਰਾਹੀਂ ਫੈਸਲਾ ਕੀਤਾ ਗਿਆ ਕਿ ਜਲਦੀ ਹੀ ਚੌਂਕੀਮਾਨ ਟੋਲ 'ਤੇ ਇਲਾਕੇ ਦਾ ਵੱਡਾ ਜਥੇਬੰਦਕ ਸਮਾਗਮ ਰਚਿਆ ਜਾਵੇਗਾ ,ਜਿਸ ਮੌਕੇ  ਸੰਯੁਕਤ ਕਿਸਾਨ ਮੋਰਚਾ ਭਾਰਤ (ਦਿੱਲੀ) ਦੇ  ਅਹਿਮ ਫੈਸਲਿਆਂ ਮੁਤਾਬਕ ਸਮੂਹ ਫ਼ਸਲਾਂ ਦੀ ਐੱਮਐੱਸਪੀ ਦਾ ਕੇਂਦਰੀ ਮੁੱਦਾ ਵੀ ਬੁਲੰਦ ਕੀਤਾ ਜਾਵੇਗਾ ਅਤੇ ਹੋਰ ਨਵੇਂ ਪ੍ਰੋਗਰਾਮਾਂ ਦਾ ਐਲਾਨ ਕੀਤਾ ਜਾਵੇਗਾ।

 ਤੀਜੇ ਮਤੇ ਰਾਹੀਂ ਐਲਾਨ ਕੀਤਾ ਗਿਆ ਹਰ ਇੱਕ ਪਿੰਡ  ਇਕਾਈ ਦੇ ਪ੍ਰਧਾਨ ਅਤੇ  ਕਾਰਜਕਾਰੀ ਕਮੇਟੀ ਦੀ ਅਗਵਾਈ 'ਚ ਪੂਰੇ ਪਿੰਡ ਦਾ ਵੱਡਾ ਲੋਕ- ਇਕੱਠ ਕਰਕੇ ਚਿਪ ਵਾਲੇ ਸਮਾਰਟ ਮੀਟਰਾਂ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ ਅਤੇ ਇਹ ਲੱਗਣ ਨਹੀਂ ਦਿੱਤੇ ਜਾਣਗੇ ।

 ਚੌਥੇ ਮਤੇ ਰਾਹੀਂ ਇਲਾਕੇ 'ਚ ਪਹਿਲੀਆਂ ਇਕਾਈਆਂ ਨੂੰ ਹੋਰ ਮਜ਼ਬੂਤ ਤੇ ਵੱਡਾ ਕਰਨ ਅਤੇ ਨਵੀਆਂ  ਇਕਾਈਆਂ  ਦੀ ਉਸਾਰੀ ਕਰਨ ਦੀ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਗਿਆ।

ਅੰਤ 'ਚ ਦਸਮੇਸ਼ ਕਿਸਾਨ  ਮਜ਼ਦੂਰ ਯੂਨੀਅਨ ਨੂੰ  ਹੋਰ ਤਾਕਤਵਰ ਤੇ ਅਸਰਦਾਰ ਬਣਾਉਣ ਲਈ ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਹੱਥ ਖੜ੍ਹੇ ਕਰਕੇ ਤੇ ਤਾੜੀਆਂ ਦੀ ਗੂੰਜ ਪਾ ਕੇ,ਨੰਬਰਦਾਰ ਗੁਰਦਿਆਲ ਸਿੰਘ ਤਲਵੰਡੀ ਕਲਾਂ ਨੂੰ ਕਾਰਜਕਾਰੀ ਪ੍ਰਧਾਨ ਤੇ ਨੰਬਰਦਾਰ ਮਨਮੋਹਣ ਸਿੰਘ ਪੰਡੋਰੀ ਨੂੰ ਕਾਰਜਕਾਰੀ  ਖਜ਼ਾਨਚੀ ਦੇ  ਰੂਪ 'ਚ ਨਿਯੁਕਤ ਕੀਤਾ ਗਿਆ ।

ਅੱਜ ਦੀ ਜਨਤਕ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਜਸਵੰਤ ਸਿੰਘ ਮਾਨ, ਸਰਵਿੰਦਰ ਸਿੰਘ ਸੁਧਾਰ, ਜਥੇਦਾਰ ਗੁਰਮੇਲ ਸਿੰਘ ਢੱਟ, ਡਾ. ਜਸਵਿੰਦਰ ਸਿੰਘ ਢੱਟ, ਬਿੰਦਰ ਸਿੰਘ ਪੱਬੀਆਂ,  ਕਰਤਾਰ ਸਿੰਘ ਕੁਲਾਰ, ਸੁਰਿੰਦਰ ਸਿੰਘ ਕਲਾਰ, ਅਜੀਤ ਸਿੰਘ ਕੁਲਾਰ, ਬਹਾਦਰ ਸਿੰਘ ਕੁਲਾਰ, ਗੁਰਮੇਲ ਸਿੰਘ ਅਕਾਲਗਡ਼੍ਹ, ਸੁਖਵਿੰਦਰ ਸ. ਸੁਧਾਰ, ਹਰਪਾਲ ਸ. ਸਵੱਦੀ, ਨਰਭਿੰਦਰ ਸ.  ਸਵੱਦੀ,ਕਰਨੈਲ  ਸ. ਸਵੱਦੀ,ਸੁਰਜੀਤ ਸ. ਸਵੱਦੀ ,ਚਰਨ ਸ. ਤਲਵੰਡੀ, ਅਵਤਾਰ ਸ. ਤਲਵੰਡੀ, ਨਿਰਭੈ ਸ. ਤਲਵੰਡੀ, ਜਸਬੀਰ ਸ. ਗੁੜੇ ,ਅਮਰ ਸ. ਖੰਜਰਵਾਲ, ਸੂਬੇਦਾਰ ਮਲਕੀਤ ਸ. ਵਿਰਕ ,ਮਾ. ਹਰਜਿੰਦਰਪਾਲ ਸ. ਵਿਰਕ, ਰਘਬੀਰ ਸ. ਮੋਰਕਰੀਮਾ, ਦਵਿੰਦਰ ਸ.ਮੋਰਕਰੀਮਾ, ਮਲਕੀਤ ਸ.ਬਦੋਵਾਲ,  ,ਹਰਦਿਆਲ ਸ.ਸੇਖੂਪੁਰਾ  ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।

ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ  

ਸਰਕਾਰੀ  ਸਰਕਾਰੀ ਮਿਡਲ ਸਕੂਲ ਸਵੱਦੀ ਖੁਰਦ ਦੇ ਵਿਦਿਆਰਥੀ ਜੋ ਅੱਠਵੀਂ ਸ਼੍ਰੇਣੀ ਦੇ ਪੇਪਰ ਦੇਣ ਜਾ ਰਹੇ ਹਨ ਸਕੂਲ ਵੱਲੋਂ ਉਨ੍ਹਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ। ਆਪਣੇ ਸੰਬੋਧਨ ਵਿੱਚ ਬੋਲਦੇ ਹੋਇਆਂ ਸਕੂਲ ਮੁਖ ਅਧਿਆਪਕ ਹਰਨਰਾਇਣ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਪਡ਼੍ਹਾਈ ਦੇ ਨਾਲ ਨਾਲ ਸਮਾਜ ਨੂੰ ਸੁਧਾਰਨ ਵਾਲੇ ਕੰਮ ਵੀ ਕਰਨੇ ਚਾਹੀਦੇ ਹਨ।  ਭ੍ਰਿਸ਼ਟਾਚਾਰ ਮੁਕਤ ਪ੍ਰਦੂਸ਼ਣ ਮੁਕਤ ਸਮਾਜ ਨੂੰ ਸਿਰਜਣ ਦੀ ਲੋੜ ਹੈ ।ਸਕੂਲ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਫਲਦਾਰ ਤੇ ਛਾਂਦਾਰ ਬੂਟੇ ਵੀ ਦਿੱਤੇ ਗਏ ਤਾਂ ਕਿ ਆਪਣੇ ਪਿੰਡ ਦਾ ਵਾਤਾਵਰਨ ਬਚਾਇਆ ਜਾ ਸਕੇ।  ਸ੍ਰੀ ਦਿਨੇਸ਼ ਗੁਪਤਾ ਜੀ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ  ਸਮੂਹ ਬੱਚਿਆਂ ਵੱਲੋਂ ਸਕੂਲ ਮੁਖੀ ਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਉਚੇਚੇ ਤੌਰ ਤੇ ਸਕੂਲ ਦੇ ਮੁੱਖ ਅਧਿਆਪਕ  ਹਰਨਰਾਇਣ ਸਿੰਘ ਵੱਲੋਂ ਬੱਚਿਆਂ ਨੂੰ ਸਕੂਲ ਵਿਚ ਵੱਧ ਤੋਂ ਵੱਧ ਦਾਖ਼ਲੇ ਕਰਵਾਉਣ ਦੀ ਅਪੀਲ ਵੀ ਕੀਤੀ ਗਈ ਇਲਾਕੇ ਅੰਦਰ ਬੱਚਿਆਂ ਦੇ ਮਾਪਿਆਂ ਨੂੰ ਵੀ ਬੇਨਤੀ ਕੀਤੀ ਗਈ ਕਿ ਉਹ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦੇ ਤੌਰ ਤਰੀਕੇ ਚ ਵੱਡੇ ਤਰੀਕੇ ਦਾ ਬਦਲਾਅ ਆਇਆ ਹੈ ਹੁਣ ਸਰਕਾਰੀ ਸਕੂਲ ਹਰੇਕ ਪੱਖ ਤੋਂ ਵਧੀਆ ਸਹੂਲਤਾਂ ਦੇ ਨਾਲ ਲੈਸ ਹਨ ਇਸ ਲਈ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਚ ਆਪਣੇ ਬੱਚਿਆਂ ਨੂੰ ਸਿੱਖਿਆ ਦੁਆ ਕੇ ਇਨ੍ਹਾਂ ਚੰਗੇ ਪ੍ਰਬੰਧਾਂ ਦਾ ਲਾਹਾ ਲੈਣ।

ਵਿਧਾਇਕ ਮਾਣੂੰਕੇ ਨੇ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ

ਮੀਟਿੰਗ ਦੌਰਾਨ ਵਿਧਾਇਕ ਮਾਣੂੰਕੇ ਦੀ ਅਫਸਰਾਂ ਦੀ ਝਾੜ-ਝੰਬ ਕੀਤੀ

ਇੱਕ ਹਫ਼ਤੇ ਵਿੱਚ ਇਲਾਕੇ ਵਿੱਚ ਚਿਤਾ, ਗੈਰ-ਕਾਨੂੰਨੀ ਮਾਈਨਿੰਗ, ਭ੍ਰਿਸ਼ਟਾਚਾਰ ਮਾਫੀਆ 'ਤੇ ਸ਼ਿਕੰਜਾ ਨਾ ਕੱਸਿਆ ਤਾਂ ਕਾਰਵਾਈ ਲਈ ਤਿਆਰ ਰਹੋ।

ਐਸਡੀਐਮ ਨੇ ਪੱਤਰਕਾਰਾਂ ਨੂੰ ਖੁਦ ਬੁਲਾ ਕੇ ਪੱਤਰਕਾਰਾਂ ਨੂੰ ਬਾਹਰ ਬੈਠਣ ਦੇ ਹੁਕਮ ਦਿੱਤੇ

ਮਾਮਲਾ ਵਧਦਾ ਦੇਖ ਵਿਧਾਇਕ ਮਾਣੂੰਕੇ ਨੇ ਮਾਮਲਾ ਸ਼ਾਂਤ ਕਰਵਾਇਆ

ਜਗਰਾਉ 5 ਅਪ੍ਰੈਲ (ਅਮਿਤਖੰਨਾ)ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜਗਰਾਓਂ ਤੋਂ ਦੂਜੀ ਵਾਰ ਜਿੱਤ ਕੇ ਵਿਧਾਇਕ ਬਣੀ ਸਰਬਜੀਤ ਕੌਰ ਮਾਣੂੰਕੇ ਐਕਸ਼ਨ ਦੇ ਮੂਡ 'ਚ ਨਜ਼ਰ ਆ ਰਹੀ ਹੈ ਤੇ ਪਹਿਲਾਂ ਹੀ ਆਪਣਾ ਸਖਤ ਸਟੈਂਡ ਲੈਂਦੀ ਹੋਈ ਹੈ। ਸੂਬਾ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਜੇਕਰ ਇਕ ਹਫਤੇ ਦੇ ਅੰਦਰ-ਅੰਦਰ ਇਲਾਕੇ 'ਚ ਚਿਤਾ, ਗੈਰ-ਕਾਨੂੰਨੀ ਮਾਈਨਿੰਗ, ਭ੍ਰਿਸ਼ਟਾਚਾਰ ਮਾਫੀਆ 'ਤੇ ਸ਼ਿਕੰਜਾ ਕੱਸਿਆ ਨਾ ਗਿਆ ਤਾਂ ਕਾਰਵਾਈ ਲਈ ਤਿਆਰ ਰਹੋ। ਮੀਟਿੰਗ ਦੌਰਾਨ ਵਿਧਾਇਕ ਮਾਣੂੰਕੇ ਨੇ ਕਿਹਾ ਕਿ ਪੰਜਾਬ ਅੰਦਰੋਂ ਗੰਦਗੀ ਦੇ ਢੇਰ ਨੂੰ ਖਤਮ ਕਰਨ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।ਉਨ੍ਹਾਂ ਕਿਸੇ ਦੀ ਸਿਫਾਰਿਸ਼ ਨਾ ਮੰਨਣ ਦੀ ਗੱਲ ਵੀ ਕਹੀ। ਉਨ੍ਹਾਂ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੰਦਿਆਂ ਕਿਹਾ ਕਿ ਅਧਿਕਾਰੀ ਲੋਕ ਸੇਵਕ ਬਣ ਕੇ ਆਪਣਾ ਕੰਮ ਪੂਰੀ ਪਾਰਦਰਸ਼ਤਾ ਨਾਲ ਕਰਨ।ਮੈਂ ਪਹਿਲ ਦੇ ਆਧਾਰ ’ਤੇ ਸਮੱਸਿਆ ਦਾ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ। ਅਤੇ ਦੂਜੇ ਪਾਸੇ ਗਿੱਲਾ ਖੇਤਰ ਵਿੱਚ ਹੋ ਰਹੀ ਨਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਉਨ੍ਹਾਂ ਅਧਿਕਾਰੀਆਂ ਨੂੰ ਤੁਰੰਤ ਸ਼ਿਕੰਜਾ ਕੱਸਣ ਲਈ ਕਿਹਾ। ਇਨ੍ਹਾਂ ਸਾਰੇ ਮੁੱਦਿਆਂ 'ਤੇ ਉਨ੍ਹਾਂ ਅਧਿਕਾਰੀਆਂ ਨੂੰ ਇਕ ਹਫ਼ਤੇ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਕੋਈ ਅਧਿਕਾਰੀ ਇਸ ਸਮਾਂ ਸੀਮਾ ਤੋਂ ਬਾਅਦ ਆਪਣਾ ਵਤੀਰਾ ਨਹੀਂ ਬਦਲਦਾ ਅਤੇ ਜੇਕਰ ਉਸ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ | ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਦੇ ਰਾਜ ਨੂੰ ਖਤਮ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਦਿੱਤੀ ਹੈ ਅਤੇ ਸਾਰੇ ਅਧਿਕਾਰੀਆਂ ਨੂੰ ਆਪਣੇ ਕੰਮ ਕਰਵਾਉਣ ਲਈ ਆਏ ਲੋਕਾਂ ਦੀ ਗੱਲ ਸੁਣਨੀ ਪਵੇਗੀ ਅਤੇ ਉਨ੍ਹਾਂ ਦੇ ਕੰਮਾਂ ਨੂੰ ਪੂਰਾ ਕਰਨਾ ਹੋਵੇਗਾ। ਪਹਿਲਕਦਮੀ ਦੇ ਅਧਾਰ 'ਤੇ ਤਾਂ ਜੋ ਆਪਣੇ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਮੀਟਿੰਗ ਦੌਰਾਨ ਵਿਧਾਇਕ ਮਾਣੂੰਕੇ ਨੇ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ ਦੇ ਨਾਲ-ਨਾਲ ਪਿੰਡਾਂ ਦੀਆਂ ਬਿਜਲੀ ਲਾਈਨਾਂ ਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਕਣਕ ਦੇ ਸੀਜ਼ਨ ਕਾਰਨ ਅੱਗ ਲੱਗਣ ਦੀ ਕੋਈ ਘਟਨਾ ਨਾ ਵਾਪਰ ਸਕੇ | ਉਨ੍ਹਾਂ ਸ਼ਹਿਰ ਵਿੱਚ ਬਰਸਾਤੀ ਪਾਣੀ ਜਮ੍ਹਾਂ ਹੋਣ ਦੇ ਮੁੱਦੇ ’ਤੇ ਨਗਰ ਕੌਂਸਲ ਦੇ ਈ.ਓ ਅਸ਼ੋਕ ਕੁਮਾਰ ਨੂੰ ਹਦਾਇਤ ਕੀਤੀ ਕਿ ਬਰਸਾਤ ਤੋਂ ਪਹਿਲਾਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਪੁਖਤਾ ਪ੍ਰਬੰਧ ਕੀਤੇ ਜਾਣ ਅਤੇ ਸ਼ਹਿਰ ਵਿੱਚ ਕੂੜਾ ਕਰਕਟ ਸੁੱਟਣ ਦਾ ਮਾਮਲਾ ਜਲਦੀ ਹੱਲ ਕੀਤਾ ਜਾਵੇ। ਪੰਜਾਬ ਸਰਕਾਰ ਵੱਲੋਂ ਘਰ-ਘਰ ਰਾਸ਼ਨ ਪਹੁੰਚਾਉਣ ਦੀ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਾਰਵਾਈ ਕਰਨ ਦੇ ਹੁਕਮ ਦਿੱਤੇ।ਮੀਟਿੰਗ ਤੋਂ ਪਹਿਲਾਂ ਵਿਧਾਇਕ ਮਾਣੂੰਕੇ ਨੇ ਸਥਾਨਕ ਸਬਜ਼ੀ ਮੰਡੀ ਦਾ ਦੌਰਾ ਕਰਕੇ ਉਨ੍ਹਾਂ ਦੀ ਸਫ਼ਾਈ ਕਰਵਾਈ। ਸਬਜ਼ੀ ਮੰਡੀ ਵਿੱਚ ਵਾਸ਼ਰੂਮ ਖੋਲ੍ਹਣ ਦੇ ਨਾਲ-ਨਾਲ ਵਾਸ਼ਰੂਮ ਦੇ ਬਾਹਰ 1 ਕਰਮਚਾਰੀ ਦੀ ਡਿਊਟੀ ਲਗਾਈ ਤਾਂ ਜੋ ਲੋਕਾਂ ਨੂੰ ਕੋਈ ਰਾਹਤ ਨਾ ਮਿਲੇ।ਮੀਟਿੰਗ ਦੌਰਾਨ ਏਡੀਸੀ ਨਯਨ ਜੱਸਲ, ਐਸਡੀਐਮ ਵਿਕਾਸ ਹੀਰਾ, ਤਹਿਸੀਲਦਾਰ ਮਨਮੋਹਨ ਕੌਸ਼ਿਕ, ਡੀਐਸਪੀ ਦਲਜੀਤ ਸਿੰਘ ਵਿਰਕ, ਡਾ. ਇਸ ਮੌਕੇ ਥਾਣਾ ਸਦਰ ਦੇ ਇੰਚਾਰਜ ਹੀਰਾ ਸਿੰਘ, ਥਾਣਾ ਇੰਚਾਰਜ ਕਮਲਪ੍ਰੀਤ ਕੌਰ, ਇੰਸਪੈਕਟਰ ਮੇਜਰ ਸਿੰਘ, ਐੱਫ.ਐੱਸ.ਓ ਬੇਅੰਤ ਸਿੰਘ, ਮਾਰਕੀਟ ਕਮੇਟੀ ਦੇ ਸਕੱਤਰ ਕਵਲਪ੍ਰੀਤ ਕਲਸੀ, ਪਾਵਰਕਾਮ ਦੇ ਐੱਸ. ਵਿਭਾਗ ਦੇ ਐਸ.ਡੀ.ਓ ਗੁਰਪ੍ਰੀਤ ਸਿੰਘ ਕੰਗ, ਸਿਵਲ ਹਸਪਤਾਲ ਦੇ ਐਸ.ਐਮ.ਓ ਡਾ.ਪ੍ਰਦੀਪ ਮਹਿੰਦਰਾ, ਪ੍ਰੀਤਮ ਸਿੰਘ ਅਖਾੜਾ, ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ, ਕੁਲਵਿੰਦਰ ਕਾਲਾ, ਸੁਖਦੇਵ ਸ਼ੇਰਪੁਰੀ ਆਦਿ ਹਾਜ਼ਰ ਸਨ।

 

 

 

ਐਸਡੀਐਮ ਨੇ ਪੱਤਰਕਾਰਾਂ ਨੂੰ ਖੁਦ ਬੁਲਾ ਕੇ ਪੱਤਰਕਾਰਾਂ ਨੂੰ ਬਾਹਰ ਬੈਠਣ ਦੇ ਹੁਕਮ ਦਿੱਤੇ।

ਮਾਮਲਾ ਵਧਦਾ ਦੇਖ ਵਿਧਾਇਕ ਮਾਣੂੰਕੇ ਨੇ ਮਾਮਲਾ ਸ਼ਾਂਤ ਕਰਵਾਇਆ।

ਵਿਧਾਇਕ ਮਾਣੂੰਕੇ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੀ ਕਵਰੇਜ ਲਈ ਐਸ.ਡੀ.ਐਮ ਵਿਕਾਸ ਹੀਰਾ ਵਲੋਂ ਮੀਡੀਆ ਕਰਮੀਆਂ ਨੂੰ ਵਿਸ਼ੇਸ਼ ਤੌਰ 'ਤੇ ਬੁਲਾਇਆ ਗਿਆ ਸੀ ਪਰ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਐਸ.ਡੀ.ਐਮ ਵਿਕਾਸ ਸਿਧਾਣਾ ਵਲੋਂ ਪੱਤਰਕਾਰਾਂ ਨੂੰ ਮੀਟਿੰਗ ਤੋਂ ਬਾਹਰ ਬੈਠਣ ਦਾ ਫਰਮਾਨ ਜਾਰੀ ਕਰ ਦਿੱਤਾ ਗਿਆ | ਜਿਸ ਨੂੰ ਮੀਡੀਆ ਕਰਮੀਆਂ ਨੇ ਵਧਾ ਦਿੱਤਾ।ਜਦੋਂ ਕਲੱਬ ਦੇ ਪ੍ਰਧਾਨ ਸੰਜੀਵ ਗੁਪਤਾ ਦੀ ਅਗਵਾਈ ਹੇਠ ਪੱਤਰਕਾਰਾਂ ਨੇ ਮੀਟਿੰਗ ਦਾ ਬਾਈਕਾਟ ਕਰਨ ਦੀ ਗੱਲ ਕੀਤੀ ਤਾਂ ਵਿਧਾਇਕ ਮਾਣੂੰਕੇ ਨੇ ਪਹਿਲਕਦਮੀ ਕਰਦਿਆਂ ਮਾਮਲਾ ਸ਼ਾਂਤ ਕਰਵਾਇਆ ਅਤੇ ਮੀਡੀਆ ਕਰਮੀਆਂ ਨੂੰ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਐਸ.ਡੀ.ਐਮ ਵਿਕਾਸ ਹੀਰਾ ਨੂੰ ਆਦੇਸ਼ ਜਾਰੀ ਕੀਤੇ। ਜਿਸ ਤੋਂ ਬਾਅਦ ਪੱਤਰਕਾਰਾਂ ਨੂੰ ਕਵਰੇਜ ਕਰਨ ਲਈ ਕਿਹਾ ਗਿਆ ਤਾਂ ਉਹ ਮੀਟਿੰਗ ਦੇ ਅੰਦਰ ਚਲੇ ਗਏ ਅਤੇ ਵਿਧਾਇਕ ਮਾਣੂੰਕੇ ਨੇ ਵੀ ਪੱਤਰਕਾਰਾਂ ਨੂੰ ਕਿਹਾ ਕਿ ਭਵਿੱਖ ਵਿੱਚ ਅਜਿਹਾ ਨਾ ਹੋਵੇ।

ਟ੍ਰੈਫਿਕ ਪੁਲਿਸ ਵੱਲੋਂ ਬਿਨਾਂ ਹੈਲਮਟ ਅਤੇ ਟਰੈਫਿਕ ਨਿਯਮਾਂ ਦੀ ਉਲੰਘਨਾ ਕਰਨ ਵਾਲੇਆਂ ਦੇ ਕੀਤੇ ਚਲਾਨ

ਜਗਰਾਉਂ 5 ਅਪ੍ਰੈਲ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)

ਅੱਜ ਇੱਥੇ ਟ੍ਰੈਫਿਕ ਨਿਯਮਾਂ ਦੀ ਉਲੰਘਨਾ ਕਰਨ ਵਾਲੇ ਮੋਟਰਸਾਈਕਲ ਸਵਾਰਾਂ ਨੂੰ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਪੁਲਿਸ ਵੱਲੋਂ ਬਿਨਾਂ ਹੈਲਮਟ ਘੁੰਮਣ ਵਾਲੇ ਮੋਟਰਸਾਈਕਲ ਸਵਾਰਾਂ ਨੂੰ ਰੋਕ ਕੇ ਉਨ੍ਹਾਂ ਦੇ ਚਲਾਨ ਕੱਟੇ ਗਏ। ਟ੍ਰੈਫਿਕ ਪੁਲਿਸ ਅਧਿਕਾਰੀ ਜਰਨੈਲ ਸਿੰਘ ਹੁਣਾਂ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਕਰੀਬ 12 ਚਲਾਨ (ਖ਼ਬਰ ਲਿਖਣ ਤੱਕ) ਕੱਟ ਚੁੱਕੇ ਹਨ, ਉਨ੍ਹਾਂ ਕਿਹਾ ਕਿ ਜਿਹੜੇ ਵੀ ਮੋਟਰਸਾਈਕਲ ਨਿਯਮਾਂ ਦੀ ਉਲੰਘਨਾ ਕਰਦਾ ਹੈ ਉਸ ਦੇ ਕਾਗਜ਼ ਪੱਤਰ ਚੈਕ ਕਰਨ ਤੇ ਜਾਂ ਬਿਨਾਂ ਹੈਲਮਟ ਘੁੰਮਣ ਵਾਲੇ ਮੋਟਰਸਾਈਕਲ ਸਵਾਰਾਂ ਦੇ ਹੀ ਚਲਾਨ ਕੱਟ ਚੁੱਕੇ ਹਨ। ਸ਼ਹਿਰ ਵਿਚ ਪਟਾਕੇ ਬਜਾਉਂਦਾ ਬੁੱਲਟ ਮੋਟਰਸਾਈਕਲ ਸਵਾਰ ਵੀ ਰੋਕ ਕੇ ਉਨ੍ਹਾਂ ਦੇ ਚਲਾਨ ਕੱਟੇ ਗਏ। ਇਸ ਮੌਕੇ ਤੇ ਸ ਜਰਨੈਲ ਸਿੰਘ,ਏ ਐਸ ਆਈ ਜਸਵਿੰਦਰ ਸਿੰਘ, ਏ ਐਸ ਆਈ ਕੁਮਾਰ, ਏ ਐਸ ਆਈ ਮਹਿੰਦਰ ਕੁਮਾਰ, ਅਤੇ ਮਨਜੀਤ ਕੋਰ ਹੋਲਦਾਰ ਸੁਰਿੰਦਰ ਸਿੰਘ ਹਾਜ਼ਰ ਸਨ।

ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰ ਹੁਣ ਹਫ਼ਤੇ ਦੇ 7 ਦਿਨ ਖੁੱਲੇ ਰਹਿਣਗੇ - ਵਧੀਕ ਡਿਪਟੀ ਕਮਿਸ਼ਨਰ (ਵਿਕਾਸ)

ਕਿਹਾ! ਆਮ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸਰਕਾਰ ਨੇ ਲਿਆ ਫੈਸਲਾ

 

ਜ਼ਿਲ੍ਹਾ ਪ੍ਰਸ਼ਾਸ਼ਨ ਲੋਕਾਂ ਨੂੰ ਮੁੱਢਲੀਆਂ ਪ੍ਰਸ਼ਾਸ਼ਨਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ - ਅਮਿਤ ਕੁਮਾਰ ਪੰਚਾਲ

 

ਲੁਧਿਆਣਾ, 05 ਅਪ੍ਰੈਲ (ਰਣਜੀਤ ਸਿੱਧਵਾਂ) :- ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਆਮ ਜਨਤਾ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਲੁਧਿਆਣਾ ਦੇ ਸੂਮਹ ਸੇਵਾ ਕੇਂਦਰ ਹੁਣ ਹਫ਼ਤੇ ਦੇ 7 ਦਿਨ ਖੁੱਲੇ ਰਹਿਣਗੇ। ਵਧੀਕ ਡਿਪਟੀ ਕਮਿਸ਼ਨਰ ਸ੍ਰੀ ਪੰਚਾਲ ਨੇ ਅੱਗੇ ਦੱਸਿਆ ਕਿ ਮਿਤੀ 07-04-2022 ਤੋਂ 07-05-2022 ਤੱਕ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰ ਰੋਜਾਨਾਂ ਖੁੱਲੇ ਰਹਿਣਗੇ। ਉਨ੍ਹਾਂ ਦੱਸਿਆ ਕਿ ਸੋਮਵਾਰ ਤੋਂ ਸੁ਼ੱਕਰਵਾਰ ਤੱਕ ਸੇਵਾ ਕੇਂਦਰਾਂ ਦਾ ਸਮਾਂ ਸਵੇਰੇ 08-00 ਵਜੇ ਤੋਂ ਸ਼ਾਮ 06-00 ਵਜੇ ਤੱਕ ਹੋਵੇਗਾ ਜਦਕਿ ਸ਼ਨੀਵਾਰ ਤੇ ਐਤਵਾਰ ਵਾਲੇ ਦਿਨ ਦਾ ਸਮਾਂ ਸਵੇਰੇ 08-00 ਵਜੇ ਤੋਂ ਸ਼ਾਮ 04-00 ਵਜੇ ਤੱਕ ਹੋਵੇਗਾ।

ਉਨ੍ਹਾਂ ਜ਼ਿਲ੍ਹੇ ਦੇ ਸਮੂਹ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਉਹ ਸਰਕਾਰ ਵੱਲੋਂ ਨਿਰਧਾਰਿਤ ਸਮੇਂ ਅਨੁਸਾਰ ਡਿਊਟੀ 'ਤੇ ਆਉਣਾ ਯਕੀਨੀ ਬਣਾਉਣ। ਉਨ੍ਹਾ ਕਿਹਾ ਕਿ ਆਮ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਾ ਆਵੇ ਅਤੇ ਬੇਨਿਯਮੀ ਜਾਂ ਢਿੱਲਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਆਪਣਾ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਬੈਠਣ ਲਈ ਕੁਰਸੀਆਂ, ਪੱਖੇ ਅਤੇ ਪੀਣ ਵਾਲੇ ਪਾਣੀ ਦਾ ਢੁੱਕਵਾਂ ਪ੍ਰਬੰਧ ਕੀਤਾ ਜਾਵੇ। ਵਧੀਕ ਡਿਪਟੀ ਕਮਿਸ਼ਨਰ ਨੇ ਆਮ ਜਨਤਾ ਨੂੰ ਅਪੀਲ ਕਰਦਿਆਂ ਕਿ ਸੂਬੇ ਵਿੱਚ 'ਆਮ ਆਦਮੀ ਪਾਰਟੀ' ਦੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਤਹਿਤ ਪ੍ਰਸ਼ਾਸ਼ਨ ਲੋਕਾਂ ਨੂੰ ਮੁੱਢਲੀਆਂ ਪ੍ਰਸ਼ਾਸ਼ਨਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਅਧਿਕਾਰੀ/ਕਰਮਚਾਰੀ ਆਮ ਲੋਕਾਂ ਪਾਸੋਂ ਕੰਮ ਕਰਵਾਉਣ ਦੇ ਬਦਲੇ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਐਂਟੀ ਕਰੱਪਸ਼ਨ ਐਕਸ਼ਨ ਲਾਈਨ ਤਹਿਤ ਜਾਰੀ ਵਟਸਐਪ ਨੰਬਰ 95012-00200 'ਤੇ ਵੀਡੀਓ/ਆਡੀਓ ਕਲਿੱਪ ਪਾ ਕੇ ਸ਼ਿਕਾਇਤ ਕੀਤੀ ਜਾ ਸਕਦੀ ਹੈ।

 

 

ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਲੇਬਰ ਸਕੂਲ, ਹੰਬੜਾਂ ਰੋਡ, ਲੁਧਿਆਣਾ ਅਤੇ ਸਿਵਲ ਹਸਪਤਾਲ ਲੁਧਿਆਣਾ ਵਿਖੇ ਲੰਗਰ ਦੀ ਸੇਵਾ ਸ਼ੁਰੂ ਕਰਨ ਦਾ ਕੀਤਾ ਉਦਘਾਟਨ

ਕਿਹਾ ! ਇਹ ਸੇਵਾ ਬਾਬਾ ਮਨਜੀਤ ਸਿੰਘ ਧੰਨ ਗੁਰੂ ਰਾਮ ਦਾਸ ਲੰਗਰ ਸੇਵਾ ਸੁਸਾਇਟੀ ਵੱਲੋਂ ਕੀਤੀ ਜਾ ਰਹੀ ਹੈ

 

ਲੁਧਿਆਣਾ 05 ਅਪ੍ਰੈਲ (ਰਣਜੀਤ ਸਿੱਧਵਾਂ) :  ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਲੇਬਰ ਸਕੂਲ, ਡੇਅਰੀ ਕੰਪਲੈਕਸ, ਨੇੜੇ ਤਹਿਸੀਲ ਦਫ਼ਤਰ, ਹੰਬੜਾਂ ਰੋਡ, ਲੁਧਿਆਣਾ ਵਿਖੇ ਲੰਗਰ ਦੀ ਸੇਵਾ ਸ਼ੁਰੂ ਕਰਨ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਸੇਵਾ ਬਾਬਾ ਮਨਜੀਤ ਸਿੰਘ ਜੀ ਧੰਨ ਗੁਰੂ ਰਾਮ ਦਾਸ ਲੰਗਰ ਸੇਵਾ ਸੁਸਾਇਟੀ ਵੱਲੋਂ ਤਨ-ਮਨ ਨਾਲ ਕੀਤੀ ਜਾ ਰਹੀ ਹੈ। ਇਸ ਮੌਕੇ ਐਡਵੋਕੇਟ ਹਰੀ ਓਮ ਜਿੰਦਲ, ਬੂਟਾ ਸਿੰਘ, ਸ੍ਰੀ ਮੱਖਣ ਸਿੰਘ ਯੂ.ਐੱਸ.ਏ., ਪ੍ਰਦੀਪ ਕਪੂਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਧੰਨ ਗੁਰੂ ਰਾਮ ਦਾਸ ਲੰਗਰ ਸੇਵਾ ਸੁਸਾਇਟੀ ਵੱਲੋਂ ਲੇਬਰ ਸਕੂਲ ਵਿੱਚ ਬੱਚਿਆਂ ਨੂੰ ਸਵੇਰ ਦਾ ਨਾਸ਼ਤਾ, ਦੁਪਿਹਰ ਦਾ ਖਾਣਾ ਮੁਫ਼ਤ, ਸਾਫ਼ ਸੁਥਰਾ ਅਤੇ ਤਾਜ਼ਾ ਦਿੱਤਾ ਜਾਵੇਗਾ।

ਇਸ ਤੋਂ ਉਪਰੰਤ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਬਾਬਾ ਮਨਜੀਤ ਸਿੰਘ ਜੀ ਧੰਨ ਗੁਰੂ ਰਾਮ ਦਾਸ ਲੰਗਰ ਸੇਵਾ ਸੁਸਾਇਟੀ ਵੱਲੋਂ ਸਿਵਲ ਹਸਪਤਾਲ ਲੁਧਿਆਣਾ ਵਿਖੇ ਲੰਗਰ ਦੀ ਸੇਵਾ ਸ਼ੁਰੂ ਕਰਨ ਦਾ ਉਦਘਾਟਨ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਸਿਵਲ ਹਸਪਤਾਲ 'ਚ ਦਾਖਲ ਮਰੀਜ਼ਾਂ ਦੇ ਨਾਲ ਲੋੜਵੰਦ ਵਿਅਕਤੀਆਂ ਨੂੰ ਆਪਣੇ ਹੱਥੀ ਪ੍ਰਸ਼ਾਦਾ ਵਰਤਾਇਆ ਗਿਆ। ਇਸ ਮੌਕੇ ਸਿਵਲ ਸਰਜਨ ਲੁਧਿਆਣਾ ਡਾ. ਐਸ.ਪੀ. ਸਿੰਘ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸੰਸਥਾ ਜਿਹੜੀ ਕਿ ਪੂਰੇ ਪੰਜਾਬ ਵਿੱਚ ਇਹ ਸੇਵਾ ਨਿਭਾਅ ਰਹੀ ਸੀ ਜਿਹੜੀ ਕਿ ਹੁਣ ਲੁਧਿਆਣਾ ਵਿੱਚ ਵੀ ਆਪਣੀ ਸੇਵਾ ਨਿਭਾਵੇਗੀ। ਡਿਪਟੀ ਕਮਿਸ਼ਨਰ ਲੁਧਿਆਣਾ ਨੇ ਦੱਸਿਆ ਕਿ ਇਸ ਸੰਸਥਾ ਵੱਲੋਂ ਪੂਰੇ ਪੰਜਾਬ ਦੇ ਸਿਵਲ ਹਸਪਤਾਲਾਂ ਵਿੱਚ ਲੰਗਰ ਦੀ ਸੇਵਾ ਨਿਸ਼ਕਾਮ ਭਾਵਨਾ ਨਾਲ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਲੰਗਰ ਸੇਵਾ ਨਾਲ ਸਿਵਲ ਹਸਪਤਾਲ ਲੁਧਿਆਣਾ ਦੇ ਮਰੀਜ਼ਾਂ ਨੂੰ ਬਹੁਤ ਸਹਾਇਤਾ ਮਿਲੇਗੀ। ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਧੰਨ ਗੁਰੂ ਰਾਮ ਦਾਸ ਸਾਹਿਬ ਜੀ ਲੰਗਰ ਸੇਵਾ ਸਥਾਨ, ਪੁਰ-ਹੀਰਾਂ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਮਾਹ ਫਰਵਰੀ -2019 ਨੂੰ ਵਿਚ ਇਹ ਲੰਗਰ ਸੇਵਾ ਆਰੰਭ ਹੋਈ, ਜਿਸ ਵਿੱਚ ਲੰਗਰ ਪ੍ਰਸ਼ਾਦਾ ਤਿਆਰ ਕਰਨ ਲਈ ਅਧੁਨਿਕ ਮਸ਼ੀਨਾਂ ਲਗਾਈਆਂ ਗਈਆਂ ਹਨ। ਇਸ ਲੰਗਰ ਸਥਾਨ ਵਿੱਚ ਸਵੱਛਤਾ ਦਾ ਪੂਰਨ ਧਿਆਨ ਰੱਖਦੇ ਹੋਏ ਸੰਗਤਾਂ ਲਈ ਸਵੇਰ ਦਾ ਨਾਸਤਾ, ਦੁਪਿਹਰ ਅਤੇ ਰਾਤ ਲਈ ਲੰਗਰ ਪ੍ਰਸਾਦਾ ਤਿਆਰ ਕੀਤਾ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਮਾਹ ਫਰਵਰੀ -2019 ਤੇ ਸਿਵਲ ਹਸਪਤਾਲ, ਗੁਰਦਾਸਪੁਰ, ਬਟਾਲਾ, ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਅਜਵਾਲ ( ਜਿਲ੍ਹਾ ਹੁਸ਼ਿਆਰਪੁਰ ) ਵਿਖੇ ਲੋੜਵੰਦ ਸੰਗਤਾਂ ਨੂੰ ਵੀ ਲੰਗਰ ਦੀ ਸੇਵਾ ਆਰੰਭ ਕੀਤੀ ਗਈ ਸੀ। ਇਸ ਲੰਗਰ ਸੇਵਾ ਵੱਲੋਂ ਫਰਵਰੀ 2019 ਤੋਂ ਲੈ ਕੇ ਮਾਝਾ ਤੇ ਦੁਆਬਾ ਵਿਖੇ ਪੌਦੇ ਸਮੂਹ ਸਿਵਲ ਹਸਪਤਾਲਾਂ ਬਟਾਲਾ, ਗੁਰਦਾਸਪੁਰ, ਮੁਕੇਰੀਆ, ਭੂੰਗਾ, ਗੜਦੀਵਾਲ, ਨਕੋਦਰ, ਫਿਲੌਰ, ਫਗਵਾੜਾ, ਕਪੂਰਥਲਾ, ਜਲੰਧਰ, ਗੜ੍ਹਸ਼ੰਕਰ, ਰੋਪੜ, ਸ੍ਰੀ ਅਨੰਦਪੁਰ ਸਾਹਿਬ, ਪਟਿਆਲਾ, ਖੰਨਾ ਅਤੇ ਅੰਮ੍ਰਿਤਸਰ ਵਿਖੇ ਵੀ ਲੰਗਰ ਸੇਵਾਵਾਂ ਚੱਲ ਰਹੀਆਂ ਹਨ। ਰੋਜਾਨਾ ਤਕਰੀਬਨ 82000 ਸੰਗਤਾਂ ਲਈ ਲੰਗਰ ਤਿਆਰ ਕੀਤਾ ਜਾਂਦਾ ਹੈ ਅਤੇ ਇਸ ਲੰਗਰ ਸਥਾਨ ਵਿਖੇ ਵੀ ਰੋਜਾਨਾ ਕਰੀਬ 700 ਸੰਗਤਾਂ ਪ੍ਰਸ਼ਾਦਾ ਛਕਦੀਆਂ ਹਨ। ਡਿਪਟੀ ਕਮਿਸ਼ਨਰ ਲੁਧਿਆਣਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਮਾਲਵਾ ਏਰੀਆ ਵਿੱਚ ਸ੍ਰੀ ਮੁਕਤਸਰ ਸਾਹਿਬ ( ਮਧੀਰ ) ਵਿਖੇ ਨਵਾਂ ਲੰਗਰ ਹਾਲ ਤਿਆਰ ਕਰਕੇ ਇਸ ਲੰਗਰ ਸੇਵਾ ਸਥਾਨ ਤੇ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ, ਫਾਜਿਲਕਾ, ਮਾਨਸਾ, ਅਬੋਹਰ, ਫਿਰੋਜਪੁਰ, ਜੀਰਾ, ਫਰੀਦਕੋਟ, ਮੋਗਾ, ਬਠਿੰਡਾ, ਸੰਗਰੂਰ ਅਤੇ ਬਰਨਾਲਾ ਵਿੱਚ ਵੀ ਲੰਗਰ ਸੇਵਾਵਾਂ ਚੱਲ ਰਹੀਆਂ ਹਨ। ਮਾਹ ਨਵੰਬਰ 2020 ਤੋਂ ਇਸ ਲੰਗਰ ਸੇਵਾ ਸਥਾਨ ਵੱਲੋਂ ਮੋਬਾਈਲ ਗੱਡੀਆਂ ਰਾਹੀਂ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਅਤੇ ਹੁਸ਼ਿਆਰਪੁਰ ਦੇ ਰੇਲਵੇ ਸਟੇਸ਼ਨਾਂ ਅਤੇ ਬੱਸ ਸਟੈਂਡਾਂ ਵਿਖੇ ਲੰਗਰ ਸੇਵਾ ਸ਼ੁਰੂ ਕੀਤੀ ਹੋਈ ਹੈ। ਇਨ੍ਹਾਂ ਗੱਡੀਆਂ ਰਾਹੀਂ ਰੋਜਾਨਾ ਕਰੀਬ 25000 ਸੰਗਤਾਂ ਨੂੰ ਚੱਲ ਫਿਰ ਕੇ ਵੱਖ-ਵੱਖ ਜਗ੍ਹਾ 'ਤੇ ਲੰਗਰ ਛਕਾਇਆ ਜਾ ਰਿਹਾ ਹੈ। ਮਾਰਚ 2020 ਵਿਚ ਕਰੋਨਾ ਵਾਇਰਸ ਕਾਰਨ ਫੈਲੀ ਮਹਾਂਮਾਰੀ ਦੌਰਾਨ ਰਾਜ ਸਰਕਾਰ ਵੱਲੋਂ ਅਹਿਤਿਆਤ ਵਜੋਂ ਲਗਾਏ ਗਏ ਕਰਫਿਊ ਕਾਰਨ ਆਮ ਜਨਤਾ ਨੂੰ ਰੋਟੀ ਦਾ ਪ੍ਰਬੰਧ ਕਰਨ ਵਿੱਚ ਬਹੁਤ ਮੁਸ਼ਕਿਲ ਪੇਸ਼ ਆ ਰਹੀ ਸੀ। ਉਸ ਸਮੇਂ ਇਸ ਲੰਗਰ ਸੇਵਾ ਸਥਾਨ ਵੱਲੋਂ ਲੋਕਾਂ ਨੂੰ ਪੇਸ਼ ਆ ਰਹੀ ਮੁਸ਼ਕਿਲ ਦਾ ਧਿਆਨ ਰੱਖਦੇ ਹੋਏ, ਰੋਜਾਨਾ ਕਰੀਬ 1,80,000 (ਇਕ ਲੱਖ, ਅੱਸੀ ਹਜਾਰ), ਸੰਗਤਾਂ ਲਈ ਲੰਗਰ ਤਿਆਰ ਕਰਕੇ ਲੋੜਵੰਦ ਜਗ੍ਹਾਵਾਂ 'ਤੇ ਲੰਗਰ ਪਹੁੰਚਾਉਣ ਲਈ ਆਪਣੀਆਂ 30 ਗੱਡੀਆਂ ਦਾ ਪ੍ਰਬੰਧ ਕਰਕੇ ਰੋਜਾਨਾ ਕਰੀਬ 11-12 ਲੱਖ ਰੁਪਏ ਦੇ ਖਰਚੇ ਨਾਲ ਸੰਗਤਾਂ ਨੂੰ ਵੀ ਲੰਗਰ ਛਕਾਇਆ ਜਾਂਦਾ ਰਿਹਾ ਹੈ।

ਡਿਪਟੀ ਕਮਿਸ਼ਨਰ ਲੁਧਿਆਣਾ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਇਸਦੇ ਆਸ - ਪਾਸ ਦੇ ਇਲਾਕੇ ਅਧੀਨ ਆਉਂਦੇ ਲੋੜਵੰਦ ਪਰਿਵਾਰਾਂ ਅਤੇ ਝੁੱਗੀ ਝੌਪੜੀ ਵਿੱਚ ਰਹਿਣ ਵਾਲੇ ਪਰਿਵਾਰਾਂ ਨੂੰ ਲੰਗਰ ਪ੍ਰਸ਼ਾਦਾ ਅਤੇ ਹੋਰ ਜ਼ਰੂਰੀ ਵਸਤਾਂ ਪਹੁੰਚਾਉਣ ਲਈ ਸੰਸਥਾ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੰਗਰ ਸੇਵਾ ਲਈ ਮੋਬਾਈਲ ਨੰ: 98552-53030 , 99143- 35125 'ਤੇ ਸੰਪਰਕ ਕੀਤਾ ਜਾ ਸਕਦਾ ਹੈ।

7ਵੇਂ ਦਿਨ ਵੀ ਭੁੱਖ ਹੜਤਾਲ 'ਤੇ ਬੈਠੀ ਰਹੀ ਪੀੜ੍ਹਤ ਬਜ਼ੁਰਗ ਮਾਤਾ

ਥਾਣੇ ਮੂਹਰੇ ਧਰਨੇ ਦਾ 14ਵਾਂ ਦਿਨ 

 

ਮਾਮਲਾ ਮੁਕੱਦਮੇ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਨਾਂ ਕਰਨ ਦਾ

 

ਹੁਣ ਮਾਤਾ ਲਿਖੇਗੀ 'ਮੁੱਖ ਮੰਤਰੀ ਭਗਵੰਤ ਮਾਨ'  ਨੂੰ ਖੂਨ ਨਾਲ ਚਿੱਠੀ !

 

ਜਗਰਾਉਂ 5 ਅਪ੍ਰੈਲ ( ਮਨਜਿੰਦਰ ਗਿੱਲ /ਗੁਰਕੀਰਤ ਜਗਰਾਉ ) ਸਥਾਨਕ ਪੁਲਿਸ ਦੇ ਤਸ਼ੱਦਦ ਕਾਰਨ ਮੌਤ ਦੇ ਮੂੰਹ ਜਾ ਪਈ ਨੇੜਲੇ ਪਿੰਡ ਰਸੂਲਪੁਰ ਦੀ ਗਰੀਬ ਧੀ ਕੁਲਵੰਤ ਕੌਰ ਨੂੰ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਇਲਾਕੇ ਦੀਆਂ ਜਨਤਕ ਜੱਥੇਬੰਦੀਆਂ ਵਲੋਂ ਸਿਟੀ ਥਾਣੇ ਮੂਹਰੇ ਸ਼ੁਰੂ ਕੀਤਾ ਅਣਮਿਥੇ ਸਮੇਂ ਦਾ ਧਰਨਾ ਅੱਜ 14ਵੇਂ ਦਿਨ ਵੀ ਜਾਰੀ ਰਿਹਾ। ਅੱਜ ਦੇ ਧਰਨੇ ਵਿੱਚ, ਜਿਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਕੰਢਾ ਸਿੰਘ ਕਾਉੰਕੇ ਤੇ ਜਗਸੀਰ ਸਿੰਘ ਲੀਲ਼ਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤਾਵਰ ਸਿੰਘ ਜਗਰਾਉਂ  ਹਾਜ਼ਰ ਰਹੇ, ਉਥੇ ਜੱਥੇਦਾਰ ਹਰੀ ਸਿਵੀਆਂ ਅੈਨ.ਆਰ.ਅਾਈ., ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਧਾਲੀਵਾਲ, ਨਿਰਮਲ ਸਿੰਘ ਧਾਲੀਵਾਲ ਕਿਸਾਨ ਸਭਾ, ਲੋਕ ਗਾਇਕ ਰਾਮ ਸਿੰਘ ਹਠੂਰ, ਰਾਮਤੀਰਥ ਸਿੰਘ ਲੀਲਾਂ, ਠੇਕੇਦਾਰ ਅਵਤਾਰ ਸਿੰਘ ਵੀ ਹਾਜ਼ਰ ਰਹੇ। ਇਸ ਸਮੇਂ ਭੁੱਖ ਹੜਤਾਲ ਤੇ ਬੈਠੀ ਮਾਤਾ ਸੁਰਿੰਦਰ ਕੌਰ ਨੇ ਕਿਹਾ ਕਿ ਉਹ 30 ਮਾਰਚ ਤੋਂ ਭੁੱਖ ਹੜਤਾਲ 'ਤੇ ਬੈਠੀ ਹੈ ਭਾਵੇਂ ਕਿ ਉਸ ਦੀ ਸਿਹਤ ਵਿਗੜ ਰਹੀ ਹੈ, ਫਿਰ ਵੀ ਉਸ ਦਾ ਹੌਸਲਾ ਬੁਲ਼ੰਦ ਹੈ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ  ਬੈਠੀ ਰਹੇਗੀ। ਮਾਤਾ ਨੇ ਅੱਗੇ ਕਿਹਾ ਕਿ 7 ਅਪ੍ਰੈਲ ਨੂੰ 12 ਵਜੇ ਉਸ ਵਲੋਂ ਮੁੱਖ ਮੰਤਰੀ ਪੰਜਾਬ ਨੂੰ ਆਪਣੇ ਖੂਨ ਨਾਲ ਚਿੱਠੀ ਲਿਖ ਇਨਸਾਫ਼ ਮੰਗਿਆ ਜਾਵੇਗਾ। ਜ਼ਿਕਰਯੋਗ ਹੈ ਕਿ ਸਾਲ 2005 ਵਿਚ ਹੀ ਮਾਤਾ ਸੁਰਿੰਦਰ ਕੌਰ ਅਤੇ ਉਸ ਦੀ ਮ੍ਰਿਤਕ ਧੀ ਕੁਲਵੰਤ ਕੌਰ ਨੂੰ ਡੀਅੈਸਪੀ ਗੁਰਿੰਦਰ ਬੱਲ  ਅਤੇ ਅੈਸਆਈ ਰਾਜਵੀਰ ਸਿੰਘ ਵਲੋਂ ਅੱਧੀ ਰਾਤ ਘਰੋਂ ਚੁੱਕ ਕੇ ਨਾਂ ਸਿਰਫ਼ ਨਜ਼ਾਇਜ਼ ਹਿਰਾਸਤ ਵਿੱਚ ਰੱਖਿਆ ਸਗੋਂ ਮਾਵਾਂ-ਧੀਆਂ ਨੂੰ ਥਾਣੇ ਵਿੱਚ ਕਰੰਟ ਲਗਾ ਕੇ ਅਣਮਨੁੱਖੀ ਤਸੀਹੇ ਵੀ ਦਿੱਤੇ ਸਨ  ਜਿਸ ਕਾਰਨ ਕੁਲਵੰਤ ਕੌਰ 15 ਸਾਲ ਨਾਕਾਰਾ ਹੋ ਕੇ ਮੰਜ਼ੇ ਪਈ ਰਹੀ ਅੰਤ 10ਦਸੰਬਰ ਨੂੰ ਰੱਬ ਨੂੰ ਪਿਆਰੀ ਹੋ ਗਈ ਅਤੇ ਮੌਤ ਤੋਂ ਦੋਸ਼ੀਆਂ ਖਿਲਾਫ਼ ਮੁਕੱਦਮਾ ਤਾਂ ਦਰਕ ਕਰ ਲਿਆ ਪਰ ਅਜੇ ਤੱਕ ਗ੍ਰਿਫਤਾਰੀ ਨਹੀਂ ਪਾਈ। ਇਸ ਮੌਕੇ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸਤਨਾਮ ਸਿੰਘ ਧਾਲੀਵਾਲ ਨੇ ਕਿਹਾ ਕਿ ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਅਤੇ ਮਾਤਾ ਸੁਰਿੰਦਰ ਕੌਰ ਰਸੂਲਪੁਰ ਨੂੰ ਨਜ਼ਾਇਜ਼ ਹਿਰਾਸਤ 'ਚ ਰੱਖਣ, ਅੱਤਿਆਚਾਰ ਕਰਨ ਸਬੰਧੀ ਦਰਜ ਕੀਤੇ ਮੁਕੱਦਮੇ ਦੇ ਦੋਸ਼ੀ ਡੀਅੈਸਪੀ ਗੁਰਿੰਦਰ ਬੱਲ ਤੇ ਅੈਸਆਈ ਰਾਜਵੀਰ ਅਤੇ ਝੂਠੇ ਗਵਾਹ ਹਰਜੀਤ ਸਰਪੰਚ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਉਨ੍ਹਾਂ ਇਹ ਕਿਹਾ ਕਿ ਜੇਕਰ ਮਾਤਾ ਦਾ ਕੋਈ ਜਾਨੀ ਨੁਕਸਾਨ ਹੋਈਆ ਤਾਂ ਇਸ ਸਰਕਾਰ ਤੇ ਪ੍ਰਸਾਸ਼ਨ ਸਿੱਧੇ ਰੂਪ ਵਿੱਚ ਜ਼ਿੰਮੇਵਾਰ ਹੋਣਗੇ।