ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਵੱਡੀ ਗਿਣਤੀ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵਰਕਰਾਂ ਦਾ ਹੋਇਆ ਇਕੱਠ
ਜਗਰਾਉਂ , ( ਗੁਰਕੀਰਤ ਜਗਰਾਉਂ ,ਮਨਜਿੰਦਰ ਗਿੱਲ ) ਸੰਯੁਕਤ ਕਿਸਾਨ ਮੋਰਚਾ ਵਲੋਂ ਕਿਸਾਨੀ ਮੰਗਾਂ ਦੀ ਪ੍ਰਾਪਤੀ ਲਈ ਉਲੀਕੇ ਪ੍ਰੋਗਰਾਮਾਂ ਨੂੰ ਲਾਗੂ ਕਰਵਾਉਣ ਲਈ ਪਿੰਡਾਂ ਚ ਠੋਸ ਲਾਮਬੰਦੀ ਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਅੱਜ ਇਤਿਹਾਸਕ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਜਿਲਾ ਪੱਧਰੀ ਕਨਵੈਨਸ਼ਨ ਕੀਤੀ ਗਈ। ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਚ ਕਨਵੈਨਸ਼ਨ ਤੋਂ ਪਹਿਲਾਂ ਜਗਰਾਂਓ , ਸਿੱਧਵਾਂਬੇਟ , ਹੰਬੜਾਂ, ਪਾਇਲ ਮਲੋਦ ਬਲਾਕਾਂ ਦੀਆਂ ਕਨਵੈਨਸ਼ਨਾਂ ਕੀਤੀਆਂ ਗਈਆਂ। ਅੱਜ ਦੀ ਕਨਵੈਨਸ਼ਨ ਚ ਜਿਲੇ ਭਰ ਤੋਂ ਵਿਸ਼ੇਸ਼ਕਰ ਰਾਏਕੋਟ ਬਲਾਕ ਚੋਂ ਵੱਡੀ ਗਿਣਤੀ ਕਿਸਾਨ ਵਰਕਰਾਂ ਨੇ ਭਾਗ ਲਿਆ। ਅੱਜ ਦੀ ਕਨਵੈਨਸ਼ਨ ਵਿੱਚ ਕਿਸਾਨ ਔਰਤਾਂ ਵੀ ਚੋਖੀ ਗਿਣਤੀ ਚ ਹਾਜਰ ਸਨ। ਸਭ ਤੋਂ ਪਹਿਲਾਂ ਜਥੇਬੰਦੀ ਦੇ ਬਾਨੀ ਪ੍ਰਧਾਨ ਮਰਹੂਮ ਬਲਕਾਰ ਸਿੰਘ ਡਕੌਂਦਾ ਨੂੰ ਕਨਵੈਨਸ਼ਨ ਵਲੋਂ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਕਨਵੈਨਸ਼ਨ ਵਿੱਚ ਵਿਸ਼ੇਸ਼ ਤੋਰ ਤੇ ਹਾਜਰ ਹੋਏ ਜਥੇਬੰਦੀ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਬੋਲਦਿਆਂ ਕੇਂਦਰ ਦੀ ਭਾਜਪਾ ਹਕੂਮਤ ਵਲੋਂ ਐਮ ਐਸ ਪੀ ਦੇ ਮੁੱਦੇ ਤੇ ਐਲਾਨੀ ਕਮੇਟੀ ਨੂੰ ਮੂਲੋਂ ਰੱਦ ਕਰਦਿਆਂ ਕਿਹਾ ਕਿ ਕਾਲੇ ਖੇਤੀ ਕਨੂੰਨਾਂ ਦੇ ਹੱਕ ਚ ਬੋਲਣ ਵਾਲੇ ਨੌਕਰਸ਼ਾਹ ਤੇ ਜਾਲੀ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆ ਨੂੰ ਸ਼ਾਮਲ ਕਰਕੇ ਬਣਾਈ ਇਸ ਕਮੇਟੀ ਕੋਲ ਐਮ ਐਸ ਪੀ ਦਾ ਕਨੂੰਨ ਬਨਾਉਣ ਦਾ ਅਧਿਕਾਰ ਹੀ ਨਹੀਂ ਹੈ।ਇਸ ਲਈ ਸੰਯੁਕਤ ਕਿਸਾਨ ਮੋਰਚਾ ਇਸ ਨੂੰ ਦੇਸ਼ ਦੇ ਕਿਸਾਨਾਂ ਨਾਲ ਨੰਗਾ ਚਿੱਟਾ ਧੋਖਾ ਕਰਾਰ ਦਿੱਤਾ।ਉਨਾਂ ਸਮੂਹ ਕਿਸਾਨਾਂ ਨੂੰ ਨਵੀਂ ਖੇਤੀ ਨੀਤੀ ਬਣਵਾਉਣ, ਪਾਣੀ ਅਤੇ ਵਾਤਾਵਰਣ ਤੇ ਠੋਸ ਨੀਤੀ ਬਨਵਾਉਣ, ਐਮ ਐਸ ਪੀ ਅਤੇ ਫਸਲਾਂ ਦੀ ਸਰਕਾਰੀ ਖਰੀਦ ਦੀ ਗਰੰਟੀ ਕਰਨ , ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ,ਪੂਰਨ ਕਰਜਾ ਮੁਕਤੀ ਹਾਸਿਲ ਕਰਨ, ਅੰਦੋਲਨ ਦੋਰਾਨ ਦਰਜ ਸਾਰੇ ਕੇਸ ਰੱਦ ਕਰਾਉਣ, ਸ਼ਹੀਦ ਕਿਸਾਨ ਪਰਿਵਾਰਾਂ ਨੂੰ ਮੁਆਵਜਾ ਤੇ ਨੌਕਰੀ ਦੇ ਬਕਾਏ ਕੇਸ ਨਿਪਟਾਉਣ, ਬਿਜਲੀ ਐਕਟ ਤੇ ਪ੍ਰਦਰਸ਼ਨ ਕਾਨੂੰਨ ਰੱਦ ਕਰਾਉਣ ਲਈ ਇਕ ਵੇਰ ਫਿਰ ਦਿੱਲੀ ਦੀ ਤਰਜ ਤੇ ਕਿਸਾਨ ਅੰਦੋਲਨ ਸ਼ੁਰੂ ਕਰਨ ਦਾ ਸੱਦਾ ਦਿੱਤਾ। ਇਸ ਸਮੇਂ ਅਪਣੇ ਸੰਬੋਧਨ ਚ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਾਰਾਇਣ ਦੱਤ ਨੇ ਸੰਬੋਧਨ ਕਰਦਿਆ ਕਿਹਾ ਕਿ ਮੋਦੀ ਦੀ ਫਾਸ਼ੀਵਾਦੀ ਤੇ ਕਾਰਪੋਰੇਟ ਦੀ ਦਲਾਲ ਹਕੂਮਤ ਜਿਥੇ ਵੱਡੇ ਕਾਰਪੋਰੇਟਾਂ ਨੂੰ ਸਰਕਾਰੀ ਅਦਾਰੇ ਕੋਡੀਆਂ ਦੇ ਭਾਅ ਵੇਚ ਰਹੀ ਹੈ ਉਥੇ ਉਨਾਂ ਦੇ ਬੈਂਕ ਕਰਜੇ ਰੱਦ ਕਰਕੇ ਕਰੋੜਾਂ ਰੁਪਏ ਦਾ ਫਾਇਦਾ ਪੁਚਾ ਰਹੀ ਹੈ। ਉਨਾਂ ਮੋਦੀ ਹਕੂਮਤ ਵਲੋਂ ਘੱਟਗਿਣਤੀ ਮੁਸਲਮਾਨਾਂ ਖਿਲਾਫ ਭੜਕਾਈ ਜਾ ਰਹੀ ਫਿਰਕੂ ਨਫ਼ਰਤ ਅਤੇ ਬੁਲਡੋਜਰੀ ਸਿਆਸਤ ਨੂੰ ਦੇਸ਼ ਦੇ ਕਿਰਤੀ ਵਰਗ ਲਈ ਵੱਡਾ ਖਤਰਾ ਕਰਾਰ ਦਿੰਦਿਆਂ ਲੋਕਪੱਖੀ ਚਿੰਤਕਾਂ ਪਤਰਕਾਰਾਂ ਹਿਮਾਸ਼ੂ ਕੁਮਾਰ, ਤੀਸਤਾ ਸੀਤਲਵਾੜ, ਮੁਹੰਮਦ ਜੂਬੈਰ ,ਮੇਘਾ ਪਾਟੇਕਰ ਆਦਿ ਨੂੰ ਝੂਠੇ ਕੇਸਾਂ ਚ ਜੇਲਾਂ ਚ ਡਕਣ ਨੂੰ ਮਨੁੱਖੀ ਅਧਿਕਾਰਾਂ ਤੇ ਵੱਡਾ ਹਕੂਮਤੀ ਹੱਲਾ ਕਰਾਰ ਦਿੰਦਿਆਂ ਇਸ ਹਮਲੇ ਖਿਲਾਫ ਆਵਾਜ ਉਠਾਉਣ ਦਾ ਸੱਦਾ ਦਿੱਤਾ। ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਮੋਦੀ ਹਕੂਮਤ ਜਰੂਰੀ ਵਸਤਾਂ ਦੀਆਂ ਕੀਮਤਾਂ ਵਧਾ ਕੇ, ਤੇਲ ,ਗੈਸ ਦੇ ਰੇਟਾਂ ਚ ਨਿਰੰਤਰ ਵਾਧੇ ਕਰਕੇ , ਹੁਣ ਦਾਲ ਆਟੇ, ਚੋਲਾਂ ਜਿਹੀਆਂ ਬੁਨਿਆਦੀ ਵਸਤਾਂ ਤੇ ਪੰਜ ਪ੍ਰਤੀਸ਼ਤ ਜੀ ਐਸ ਟੀ ਠੋਕ ਕੇ ਸਾਡੀ ਰੋਟੀ ਵੀ ਖੋਹਣ ਜਾ ਰਹੀ ਹੈ। ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਤਾਰਾ ਸਿੰਘ ਅੱਚਰਵਾਲ ਨੇ ਵਾਤਾਵਰਣ ਅਤੇ ਪਾਣੀ ਦੇ ਮੁੱਦੇ ਤੇ ਸਰਕਾਰ ਤੇ ਦਬਾਅ ਬਨਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ। ਦਰਿਆਈ ਪਾਣੀ ਬਚਾਉਣ, ਨਹਿਰੀ ਪ੍ਰਬੰਧ ਮਜਬੂਤ ਕਰਨ, ਸਨਅਤੀ ਇਕਾਈਆਂ ਵਲੋਂ ਪਰਦੁਸ਼ਤ ਕੀਤੇ ਜਾ ਰਹੇ ਪਾਣੀ ਨੂੰ ਬੰਨ ਮਾਰਨ, ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਜੰਗੀ ਪਧਰ ਤੇ ਫਸਲੀ ਚੱਕਰ ਬਦਲਾਉਣ ਲਈ ਆਵਾਜ ਉਠਾਉਣ ਅਤੇ ਪਾਣੀ ਦੀ ਸੰਜਮੀ ਵਰਤੋਂ ਕਰਨ, ਵਧ ਤੋਂ ਵੱਧ ਬੂਟੇ ਲਗਾਉਣ ਲਈ ਉੱਦਮ ਜੁਟਾਉਣ ਦਾ ਸੱਦਾ ਦਿੱਤਾ। ਬੁਲਾਰਿਆਂ ਚ ਔਰਤ ਆਗੂ ਹਰਜਿੰਦਰ ਕੌਰ, ਕਿਸਾਨ ਆਗੂਆਂ ਤਰਸੇਮ ਸਿੰਘ ਬੱਸੂਵਾਲ, ਸਤਿਬੀਰ ਸਿੰਘ ਬੋਪਾਰਾਏ ਖੁਰਦ, ਰਾਜਵੀਰ ਸਿੰਘ ਘੁਡਾਣੀ,ਸੁਖਚਰਨ ਪ੍ਰੀਤ ਸਿੰਘ ਝੋਰੜਾਂ ਨੇ ਕਿਸਾਨਾਂ ਨੂੰ 31 ਜੁਲਾਈ ਨੂੰ ਜਗਰਾਂਓ ਰੇਲਵੇ ਸਟੇਸ਼ਨ ਤੇ ਰੇਲ ਜਾਮ ਐਕਸ਼ਨ ਚ ਠੀਕ ਸਾਢੇ ਦਸ ਵਜੇ ਸਵੇਰੇ ਸ਼ਾਮਲ ਹੋਣ, 25 ਜੁਲਾਈ ਨੂੰ ਮੋਰਚੇ ਦੀ ਜਿਲਾ ਕਨਵੈਨਸ਼ਨ ਚ ਲੁਧਿਆਣਾ ਪੰਹੁਚਣ, 12 ਅਗਸਤ ਨੂੰ ਮਹਿਲਕਲਾਂ ਵਿਖੇ ਕਿਰਨਜੀਤ ਕੋਰ ਦੇ ਬਰਸੀ ਸਮਾਗਮ ਚ ਸ਼ਾਮਲ ਹੋਣ, 17 ਅਗਸਤ ਨੂੰ ਤਿੰਨ ਰੋਜਾ ਲਖੀਮਪੁਰ ਖੀਰੀ ਧਰਨੇ ਚ ਸ਼ਾਮਲ ਹੋਣ ਦੀ ਜੋਰਦਾਰ ਅਪੀਲ ਕੀਤੀ।ਇਸ ਸਮੇਂ ਪਿੰਡ ਗਾਲਬ ਕਲਾਂ ਦੇ ਕਿਸਾਨ ਆਗੂ ਤੇ ਹਰਮਨ ਪਿਆਰੇ ਗੀਤਕਾਰ ਜਗਨਨਾਥ ਸੰਘਰਾਉ ਦੇ ਗੀਤਾਂ ਦੀ ਕਿਤਾਬ "ਮਘਦੇ ਬੋਲ" ਰਲੀਜ ਕੀਤੀ ਗਈ। ਕਨਵੈਨਸ਼ਨ ਵਿੱਚ ਹਰਬਖਸ਼ੀਸ ਸਿੰਘ ਚੱਕ ਭਾਈ ਕੇ,ਸਰਬਜੀਤ ਸਿੰਘ ਗਿੱਲ ਸੁਧਾਰ ਬਲਾਕ ਪ੍ਰਧਾਨ, ਹਰਦੀਪ ਸਿੰਘ ਟੂਸੇ, ਅਮਰਜੀਤ ਸਿੰਘ ਲੀਲ, ਗੁਰਵਿੰਦਰ ਸਿੰਘ ਪੱਖੋਵਾਲ, ਕਮਲਜੀਤ ਸਿੰਘ ਸਹੋਲੀ ਹੈਪੀ ,ਦੇਵਿੰਦਰ ਸਿੰਘ ਕਾਉਂਕੇ , ਰਜਿੰਦਰ ਸਿੰਘ ਲੁਧਿਆਣਾ ਤੋ ਬਿਨਾਂ ਪਿੰਡ ਇਕਾਈਆਂ ਦੇ ਪ੍ਰਧਾਨ ਤੇ ਕਮੇਟੀ ਮੈਂਬਰ ਹਾਜਰ ਸਨ ।ਇਸ ਸਮੇਂ ਕਿਤਾਬਾਂ ਦਾ ਸਟਾਲ ਵੀ ਲਗਾਇਆ ਗਿਆ।