ਜ਼ਾਲਮ ਡੀ.ਐੱਸ.ਪੀ. ਬੱਲ ਦੀ ਫ਼ੌਰੀ ਗ੍ਰਿਫ਼ਤਾਰੀ ਲਈ ਸਾਂਝਾ ਘੋਲ਼ ਕੀਤਾ ਜਾਊ ਤੇਜ਼ -ਦਸਮੇਸ਼ ਯੂਨੀਅਨ 

 

ਮੁੱਲਾਂਪੁਰ ਦਾਖ 6 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) ਦਸ਼ਮੇਸ਼ ਕਿਸਾਨ-ਮਜ਼ਦੂਰ ਯੂਨੀਅਨ( ਚੌਂਕੀਮਾਨ ਟੋਲ)ਜ਼ਿਲ੍ਹਾ ਲੁਧਿਆਣਾ ਦੀ ਜਨਰਲ ਬਾਡੀ ਦਾ ਇੱਕ ਵਿਸ਼ਾਲ ਇਕੱਠ ਅੱਜ ਸਵੱਦੀ ਕਲਾਂ ਵਿਖੇ ਨੰਬਰਦਾਰ ਬਲਜੀਤ ਸਿੰਘ ਸਵੱਦੀ, ਗੁਰਦਿਆਲ ਸਿੰਘ ਤਲਵੰਡੀ, ਜਗਮੋਹਣ ਸਿੰਘ ਸਵੱਦੀ, ਜਥੇਦਾਰ ਰਣਜੀਤ ਸਿੰਘ ਗੁੜੇ ਤੇ ਨੰਬਰਦਾਰ ਮਨਮੋਹਣ ਸਿੰਘ ਪੰਡੋਰੀ ਦੀ ਸਾਂਝੀ ਪ੍ਰਧਾਨਗੀ ਹੇਠ ਹੋਇਆ, ਜਿਸ ਵਿਚ ਇਲਾਕੇ ਦੇ ਵੱਖ- ਵੱਖ ਪਿੰਡਾਂ ਦੀਆਂ ਇਕਾਈਆਂ 'ਚੋਂ ਯੂਨੀਅਨ ਦੇ ਮੈਂਬਰ ਵਧ ਚੜ੍ਹ  ਤੇ ਜੋਸ਼ੋ -ਖਰੋਸ਼ ਨਾਲ ਸ਼ਾਮਲ ਹੋਏ।

 ਅੱਜ ਦੀ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਸੂਝਵਾਨ ਬੁਲਾਰਿਆਂ -ਡਾ. ਗੁਰਮੇਲ ਸਿੰਘ ਕੁਲਾਰ, ਜਸਦੇਵ ਸਿੰਘ ਲਲਤੋਂ, ਰਣਜੀਤ ਸਿੰਘ ਗੁੜੇ, ਪ੍ਰਿਤਪਾਲ ਸਿੰਘ ਪੰਡੋਰੀ, ਇੰਦਰਜੀਤ ਸਿੰਘ ਖਾਲਸਾ ਪੱਬੀਆਂ ਕਾਲਾ ਡੱਬ ਮੁੱਲਾਂਪੁਰ, ਅਜਮੇਰ ਸ.ਤਲਵੰਡੀ ,ਗੁਰਵਿੰਦਰ ਸ. ਸੇਖੋਂ ਨੇ ਵੱਖ ਵੱਖ ਭਖਦੇ ਤੇ ਅਹਿਮ ਮੁੱਦਿਆਂ ਤੇ ਮਸਲਿਆਂ ਸਬੰਧੀ ਪਾਸ ਕੀਤੇ ਮਤਿਆਂ  ਦੀ ਰੋਸ਼ਨੀ ਵਿੱਚ ਨਿੱਗਰ ਤੇ ਡੂੰਘੇ ਵਿਚਾਰ ਪੇਸ਼ ਕੀਤੇ।

ਪਹਿਲੇ ਮਤੇ ਰਾਹੀਂ ਮਰਹੂਮ ਕੁਲਵੰਤ ਕੌਰ (ਰਸੂਲਪੁਰ) ਕੇਸ ਦੇ ਮੁੱਖ ਮੁਲਜ਼ਮ ਤੇ ਜ਼ਾਲਮ ਡੀਐੱਸ ਪੀ ਗੁਰਿੰਦਰ ਬੱਲ (ਭਵਾਨੀਗੜ੍ਹ) ਤੇ ਹੋਰ ਦੋਸ਼ੀਆਂ ਏਐਸਆਈ ਰਾਜਵੀਰ ਤੇ  ਸਾਬਕਾ ਸਰਪੰਚ ਹਰਜੀਤ ਨੂੰ ਸੀਖਾਂ ਪਿੱਛੇ ਬੰਦ ਕਰਵਾਉਣ ਲਈ 3 ਮਹੀਨੇ ਤੋਂ ਚੱਲ ਰਹੇ ਸਾਂਝੇ ਜਬਰ ਵਿਰੋਧੀ ਘੋਲ 'ਚ ਯੂਨੀਅਨ  ਦੇ ਜੱਥਿਆਂ ਵੱਲੋਂ ਲਗਾਤਾਰ ਨਿਭਾਏ ਜਾ ਰਹੇ ਰੋਲ 'ਤੇ  ਤਸੱਲੀ ਤੇ ਖੁਸ਼ੀ ਪ੍ਰਗਟ ਕੀਤੀ ਗਈ ।ਇਸ ਸਾਂਝੇ ਤੇ ਹੱਕੀ ਘੋਲ ਨੂੰ ਹੋਰ ਤੇਜ਼ ਤੇ ਵਿਸ਼ਾਲ ਕਰਨ 'ਚ ਯੂਨੀਅਨ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

 ਦੂਜੇ ਮਤੇ ਰਾਹੀਂ ਫੈਸਲਾ ਕੀਤਾ ਗਿਆ ਕਿ ਜਲਦੀ ਹੀ ਚੌਂਕੀਮਾਨ ਟੋਲ 'ਤੇ ਇਲਾਕੇ ਦਾ ਵੱਡਾ ਜਥੇਬੰਦਕ ਸਮਾਗਮ ਰਚਿਆ ਜਾਵੇਗਾ ,ਜਿਸ ਮੌਕੇ  ਸੰਯੁਕਤ ਕਿਸਾਨ ਮੋਰਚਾ ਭਾਰਤ (ਦਿੱਲੀ) ਦੇ  ਅਹਿਮ ਫੈਸਲਿਆਂ ਮੁਤਾਬਕ ਸਮੂਹ ਫ਼ਸਲਾਂ ਦੀ ਐੱਮਐੱਸਪੀ ਦਾ ਕੇਂਦਰੀ ਮੁੱਦਾ ਵੀ ਬੁਲੰਦ ਕੀਤਾ ਜਾਵੇਗਾ ਅਤੇ ਹੋਰ ਨਵੇਂ ਪ੍ਰੋਗਰਾਮਾਂ ਦਾ ਐਲਾਨ ਕੀਤਾ ਜਾਵੇਗਾ।

 ਤੀਜੇ ਮਤੇ ਰਾਹੀਂ ਐਲਾਨ ਕੀਤਾ ਗਿਆ ਹਰ ਇੱਕ ਪਿੰਡ  ਇਕਾਈ ਦੇ ਪ੍ਰਧਾਨ ਅਤੇ  ਕਾਰਜਕਾਰੀ ਕਮੇਟੀ ਦੀ ਅਗਵਾਈ 'ਚ ਪੂਰੇ ਪਿੰਡ ਦਾ ਵੱਡਾ ਲੋਕ- ਇਕੱਠ ਕਰਕੇ ਚਿਪ ਵਾਲੇ ਸਮਾਰਟ ਮੀਟਰਾਂ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ ਅਤੇ ਇਹ ਲੱਗਣ ਨਹੀਂ ਦਿੱਤੇ ਜਾਣਗੇ ।

 ਚੌਥੇ ਮਤੇ ਰਾਹੀਂ ਇਲਾਕੇ 'ਚ ਪਹਿਲੀਆਂ ਇਕਾਈਆਂ ਨੂੰ ਹੋਰ ਮਜ਼ਬੂਤ ਤੇ ਵੱਡਾ ਕਰਨ ਅਤੇ ਨਵੀਆਂ  ਇਕਾਈਆਂ  ਦੀ ਉਸਾਰੀ ਕਰਨ ਦੀ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਗਿਆ।

ਅੰਤ 'ਚ ਦਸਮੇਸ਼ ਕਿਸਾਨ  ਮਜ਼ਦੂਰ ਯੂਨੀਅਨ ਨੂੰ  ਹੋਰ ਤਾਕਤਵਰ ਤੇ ਅਸਰਦਾਰ ਬਣਾਉਣ ਲਈ ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਹੱਥ ਖੜ੍ਹੇ ਕਰਕੇ ਤੇ ਤਾੜੀਆਂ ਦੀ ਗੂੰਜ ਪਾ ਕੇ,ਨੰਬਰਦਾਰ ਗੁਰਦਿਆਲ ਸਿੰਘ ਤਲਵੰਡੀ ਕਲਾਂ ਨੂੰ ਕਾਰਜਕਾਰੀ ਪ੍ਰਧਾਨ ਤੇ ਨੰਬਰਦਾਰ ਮਨਮੋਹਣ ਸਿੰਘ ਪੰਡੋਰੀ ਨੂੰ ਕਾਰਜਕਾਰੀ  ਖਜ਼ਾਨਚੀ ਦੇ  ਰੂਪ 'ਚ ਨਿਯੁਕਤ ਕੀਤਾ ਗਿਆ ।

ਅੱਜ ਦੀ ਜਨਤਕ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਜਸਵੰਤ ਸਿੰਘ ਮਾਨ, ਸਰਵਿੰਦਰ ਸਿੰਘ ਸੁਧਾਰ, ਜਥੇਦਾਰ ਗੁਰਮੇਲ ਸਿੰਘ ਢੱਟ, ਡਾ. ਜਸਵਿੰਦਰ ਸਿੰਘ ਢੱਟ, ਬਿੰਦਰ ਸਿੰਘ ਪੱਬੀਆਂ,  ਕਰਤਾਰ ਸਿੰਘ ਕੁਲਾਰ, ਸੁਰਿੰਦਰ ਸਿੰਘ ਕਲਾਰ, ਅਜੀਤ ਸਿੰਘ ਕੁਲਾਰ, ਬਹਾਦਰ ਸਿੰਘ ਕੁਲਾਰ, ਗੁਰਮੇਲ ਸਿੰਘ ਅਕਾਲਗਡ਼੍ਹ, ਸੁਖਵਿੰਦਰ ਸ. ਸੁਧਾਰ, ਹਰਪਾਲ ਸ. ਸਵੱਦੀ, ਨਰਭਿੰਦਰ ਸ.  ਸਵੱਦੀ,ਕਰਨੈਲ  ਸ. ਸਵੱਦੀ,ਸੁਰਜੀਤ ਸ. ਸਵੱਦੀ ,ਚਰਨ ਸ. ਤਲਵੰਡੀ, ਅਵਤਾਰ ਸ. ਤਲਵੰਡੀ, ਨਿਰਭੈ ਸ. ਤਲਵੰਡੀ, ਜਸਬੀਰ ਸ. ਗੁੜੇ ,ਅਮਰ ਸ. ਖੰਜਰਵਾਲ, ਸੂਬੇਦਾਰ ਮਲਕੀਤ ਸ. ਵਿਰਕ ,ਮਾ. ਹਰਜਿੰਦਰਪਾਲ ਸ. ਵਿਰਕ, ਰਘਬੀਰ ਸ. ਮੋਰਕਰੀਮਾ, ਦਵਿੰਦਰ ਸ.ਮੋਰਕਰੀਮਾ, ਮਲਕੀਤ ਸ.ਬਦੋਵਾਲ,  ,ਹਰਦਿਆਲ ਸ.ਸੇਖੂਪੁਰਾ  ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।