ਮੈਟ ’ਤੇ ਪਨੀਰੀ ਬੀਜਣ ਲਈ ਕਿਸਾਨ ਵੱਲੋਂ ਬਣਾਈ ਨਵੀਂ ਮਸ਼ੀਨ ਦਾ ਸਫਲ ਪ੍ਰਦਰਸ਼ਨ

ਕੈਪਸ਼ਨ :-ਮਸ਼ੀਨ ਦੀ ਪ੍ਰਦਰਸ਼ਨੀ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਨਾਜਰ ਸਿੰਘ ਅਤੇ ਖੇਤੀਬਾੜੀ ਅਫ਼ਸਰ ਡਾ. ਜਸਬੀਰ ਸਿੰਘ ਖਿੰਡਾ, ਡਾ. ਬਲਕਾਰ ਸਿੰਘ ਅਤੇ ਕਿਸਾਨਾਂ ਨੂੰ ਪਨੀਰੀ ਬੀਜ ਕੇ ਵਿਖਾਉਂਦਾ ਹੋਇਆ ਕਿਸਾਨ ਜਗਤਾਰ ਸਿੰਘ ਜੱਗਾ।

ਉੱਦਮੀ ਕਿਸਾਨ ਨੇ ਝੋਨੇ ਦੀ ਲਵਾਈ ਲਈ ਬਣਾਈ ਨਵੀਂ ਮਸ਼ੀਨ

ਇਕ ਦਿਨ ਵਿਚ 100 ਕਿੱਲੇ ਦੀ ਮੈਟ ਵਾਲੀ ਪਨੀਰੀ ਬੀਜ ਸਕਦੀ ਹੈ ਮਸ਼ੀਨ

ਕਪੂਰਥਲਾ , ਮਈ 2020 - (ਹਰਜੀਤ ਸਿੰਘ ਵਿਰਕ)-

ਕੋਵਿਡ-19 ਮਹਾਂਮਾਰੀ ਦੇ ਸਮੇਂ ਜਦ ਹਰ ਕੋਈ ਲੇਬਰ ਦੀ ਸਮੱਸਿਆ ਬਾਰੇ ਸੋਚ ਰਿਹਾ ਹੈ, ਤਾਂ ਜ਼ਿਲਾ ਕਪੂਰਥਲਾ ਦੇ ਪਿੰਡ ਨਾਨੋ ਮੱਲੀਆਂ ਦੇ ਉੱਦਮੀ ਕਿਸਾਨ ਜਗਤਾਰ ਸਿੰਘ ਜੱਗਾ ਨੇ ਪੈਡੀ ਟ੍ਰਾਂਸਪਲਾਂਟਰ ਮਸ਼ੀਨ ਲਈ ਮੈਟ ’ਤੇ ਪਨੀਰੀ ਬੀਜਣ ਲਈ ਇਕ ਨਵੀਂ ਮਸ਼ੀਨ ਤਿਆਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਕਿਸਾਨ ਨੇ ਦੱਸਿਆ ਕਿ ਇਹ ਮਸ਼ੀਨ ਟਰੈਕਟਰ ਨਾਲ ਚੱਲਦੀ ਹੈ ਅਤੇ ਇਕੋ ਵੇਲੇ ਪੰਜ ਕੰਮ ਕਰਦੀ ਹੈ, ਭਾਵ ਪਲਾਸਟਿਕ ਦੀ ਸ਼ੀਟ ਵਿਛਾਉਣਾ, ਛਾਣੀ ਹੋਈ ਮਿੱਟੀ ਨੂੰ ਸ਼ੀਟ ’ਤੇ ਪਾਉਣਾ, ਪਾਣੀ ਨਾਲ ਮਿੱਟੀ ਨੂੰ ਗਿੱਲਾ ਕਰਨਾ ਤਾਂ ਕਿ ਬੀਜ ਲਈ ਬੈੱਡ ਤਿਆਰ ਹੋ ਸਕੇ, ਫਿਰ ਇਸ ਬੈੱਡ ’ਤੇ ਬੀਜ ਪਾਉਣਾ ਤੇ ਅਖੀਰ ਵਿਚ ਬੈੱਡ ’ਤੇ ਪਏ ਬੀਜ ਨੂੰ ਹਲਕੀ ਮਿੱਟੀ ਦੀ ਪਰਤ ਨਾਲ ਢਕਣਾ। ਇਕ ਦਿਨ ਵਿਚ ਇਹ ਮਸ਼ੀਨ 100 ਕਿੱਲੇ ਦੀ ਮੈਟ ਵਾਲੀ ਪਨੀਰੀ ਬੀਜ ਸਕਦੀ ਹੈ। ਕਿਸਾਨਾਂ ਵੱਲੋਂ ਛਾਣੀ ਹੋਈ ਮਿੱਟੀ, ਬੀਜ ਅਤੇ ਲੇਬਰ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਤਰਾਂ 5 ਮਜ਼ਦੂਰ ਇਕ ਦਿਨ ਵਿਚ 100 ਏਕੜ ਤੱਕ ਦੀ ਪਨੀਰੀ ਬੀਜ ਸਕਦੇ ਹਨ। 

ਸਾਲ 2009 ਵਿਚ ਜਗਤਾਰ ਸਿੰਘ ਜੱਗਾ ਨੇ ਝੋਲਾ ਲਾਉਣ ਵਾਲੀ ਮਸ਼ੀਨ ਖ਼ਰੀਦੀ ਸੀ।  ਉਹ ਹਮੇਸ਼ਾ ਮਨੀਰੀ ਬੀਜਣ ਦੇ ਕੰਮ ਨੂੰ ਅਸਾਨ ਕਰਨ ਬਾਰੇ ਸੋਚਦਾ ਰਹਿੰਦਾ ਸੀ। ਇਸ ਤਰਾਂ ਉਸ ਨੇ ਦੋ ਸਾਲਾਂ ਦੀ ਸਖ਼ਤ ਮਿਹਨਤ ਅਤੇ ਲਗਨ ਨਾਲ ਇਸ ਮਸ਼ੀਨ ਨੂੰ ਤਿਆਰ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਕੋਰੋਨਾ ਬਿਮਾਰੀ ਕਰਕੇ ਲੱਗੇ ਲਾਕਡਾੳੂਨ ਸਮੇਂ ਵਿਚ ਜ਼ਿਆਦਾ ਵਿਹਲਾ ਸਮਾਂ ਮਿਲਣ ਕਰਕੇ ਉਹ ਇਸ ਕੰਮ ਨੂੰ ਤੇਜ਼ੀ ਨਾਲ ਕਰ ਸਕਿਆ ਹੈ। 

ਮੁੱਖ ਖੇਤੀਬਾੜੀ ਅਫ਼ਸਰ ਨਾਜਰ ਸਿੰਘ ਨੇ ਇਸ ਮਸ਼ੀਨ ਦੀ ਪ੍ਰਦਰਸ਼ਨੀ ਮੌਕੇ ਕਿਹਾ ਕਿ ਪੈਡੀ ਟ੍ਰਾਂਸਪਲਾਂਟਰ ਮਸ਼ੀਨ ਨਾਲ ਝੋਨਾ ਲਾਉਣ ਦਾ ਕੰਮ ਸਕੱਤਰ ਖੇਤੀਬਾੜੀ ਸ. ਕਾਹਨ ਸਿੰਘ ਪੰਨੂੰ ਵੱਲੋਂ ਸ਼ੁਰੂ ਕੀਤਾ ਗਿਆ ਸੀ। ਉਨਾਂ ਦੱਸਿਆ ਕਿ ਇਸ ਮਸ਼ੀਨ ਲਈ ਮੈਟ ਟਾਈਪ ਪਨੀਰੀ ਦੀ ਲੋੜ ਪੈਂਦੀ ਹੈ। ਉਨਾਂ ਦੱਸਿਆ ਕਿ ਜਗਤਾਰ ਸਿੰਘ ਜੱਗਾ ਵੱਲੋਂ ਤਿਆਰ ਕੀਤੀ ਇਹ ਨਵੀਂ ਮਸ਼ੀਨ ਪੱਧਰੀ ਜ਼ਮੀਨ ‘ਤੇ ਪਹਿਲਾਂ ਪਲਾਸਟਿਕ ਦੀ ਸ਼ੀਟ ਵਿਛਾਉਂਦੀ ਹੈ, ਫਿਰ ਉਸ ਉੱਪਰ ਇਕ ਇੰਚ ਤੋਂ ਸਵਾ ਇੰਚ ਤੱਕ ਮਿੱਟੀ ਦੀ ਤਹਿ ਵਿਧਾ ਦਿੰਦੀ ਹੈ, ਜਿਸ ਉੱਪਰ ਇਹ ਮਸ਼ੀਨ ਪਾਣੀ ਸਪਰੇਅ ਕਰਦੀ ਹੈ, ਫਿਰ ਬੀਜ ਖਿਲਾਰ ਦਿੰਦੀ ਹੈ, ਬੀਜ ਨੂੰ ਢਕਣ ਵਾਸਤੇ ਹਲਕੀ ਮਿੱਟੀ ਬੀਜ ਉੱਪਰ ਪਾ ਦਿੱਤੀ ਜਾਂਦੀ ਹੈ। ਮਸ਼ੀਨ ਨਾਲ ਬੀਜੀ ਪਨੀਰੀ ਨੂੰ ਗਿੱਲੀਆਂ ਬੋਰੀਆਂ ਨਾਲ ਢਕ ਦਿੱਤਾ ਜਾਂਦਾ ਹੈ ਅਤੇ ਬੋਰੀਆਂ ਨੂੰ ਗਿੱਲਾ ਰੱਖਿਆ ਜਾਂਦਾ ਹੈ ਅਤੇ ਦੋ-ਤਿੰਨ ਦਿਨਾਂ ਬਾਅਦ ਖੁੱਲਾ ਪਾਣੀ ਦਿੱਤਾ ਜਾਂਦਾ ਹੈ। ਇਸ ਮਸ਼ੀਨ ਨੇ ਮੈਟ ਟਾਈਪ ਪਨੀਰੀ ਬੀਜਣ ਦਾ ਕੰਮ ਅਸਾਨ ਕਰ ਦਿੱਤਾ ਹੈ। ਉਨਾਂ ਆਸ ਪ੍ਰਗਟ ਕੀਤੀ ਕਿ ਪੈਡੀ ਟ੍ਰਾਂਸਪਲਾਂਟਰ ਮਸ਼ੀਨ ਨਾਲ ਝੋਨੇ ਦੀ ਲਵਾਈ ਹੇਠ ਰਕਬਾ ਵਧਾਉਣ ਵਿਚ ਇਸ ਮਸ਼ੀਨ ਦਾ ਅਹਿਮ ਯੋਗਦਾਨ ਹੋਵੇਗਾ ਅਤੇ ਕਿਸਾਨਾਂ ਨੂੰ ਲੇਬਰ ਦੀ ਸਮੱਸਿਆ ਘੱਟ ਆਵੇਗੀ ਅਤੇ ਮੈਟ ’ਤੇ ਪਨੀਰੀ ਬੀਜਣਾ ਹੁਣ ਅਸਾਨ ਹੋਵੇਗਾ। ਉਨਾਂ ਦੱਸਿਆ ਕਿ ਇਸ ਮਸ਼ੀਨ ਨਾਲ ਹੁਣ ਤੱਕ 24 ਕਿਸਾਨਾਂ ਦੀ 450 ਏਕੜ ਰਕਬੇ ਵਾਸਤੇ ਝੋਨੇ ਦੀ ਪਨੀਰੀ ਬੀਜੀ ਜਾ ਚੁੱਕੀ ਹੈ।