You are here

ਪੰਜਾਬ

ਵਿਜੀਲੈਂਸ ਬਿਊਰੋ ਨੇ ਸੰਗਰੂਰ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ ਮਨਜੀਤ ਸਿੰਘ 15,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ

ਚੰਡੀਗੜ੍ਹ , 03 ਨਵੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਥਾਣਾ ਸਿਟੀ ਸੰਗਰੂਰ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਮਨਜੀਤ ਸਿੰਘ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਹੈ।

 

ਨੈਸ਼ਨਲ ਲੋਕ ਅਦਾਲਤ 12 ਨਵੰਬਰ ਨੂੰ-ਸੈਸ਼ਨ ਜੱਜ ਮਨਦੀਪ ਪੰਨੂੰ

ਮੋਗਾ, 2 ਨਵੰਬਰ (ਕੁਲਦੀਪ ਸਿੰਘ ਦੌਧਰ  )ਨੈਸ਼ਨਲ ਲੀਗਲ ਸਰਵਿਸ ਅਥਾਰਟੀ ਨਵੀਂ ਦਿੱਲੀ, ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਮੋਹਾਲੀ ਦੇ ਦਿਸ਼ਾ-ਨਿਰਦੇਸ਼ਾਂ ਹੇਠ 12 ਨਵੰਬਰ, 2022 ਨੂੰ ਮੋਗਾ, ਨਿਹਾਲ ਸਿੰਘ ਵਾਲਾ ਅਤੇ ਬਾਘਾਪੁਰਾਣਾ ਵਿਖੇ ਨੈਸ਼ਨਲ ਲੋਕ ਅਦਾਲਤ ਲਗਾਈ ਜਾ ਰਹੀ ਹੈ। ਇਸ ਲੋਕ ਅਦਾਲਤ ਵਿਚ ਦੀਵਾਨੀ ਕੇਸ, ਘਰੇਲੂ ਝਗੜੇ, ਮੋਟਰ ਵਹੀਕਲ ਸੜਕ ਦੁਰਘਟਨਾਵਾਂ ਦੇ ਮੁਆਵਜ਼ੇ ਦੇ ਮਸਲੇ, ਜ਼ਮੀਨੀ ਝਗੜੇ ਦੇ ਮਸਲੇ, ਬਿਜਲੀ ਚੋਰੀ ਦੇ ਮਸਲੇ, ਚੈੱਕ ਬਾਉਂਸਿੰਗ ਦੇ ਮਸਲੇ, ਟ੍ਰੈਫਿਕ ਚਲਾਨ, ਰਿਕਵਰੀ ਸੂਟ, ਲੇਬਰ ਆਦਿ ਦੇ ਮਸਲੇ ਲਗਾਏ ਜਾ ਸਕਦੇ ਹਨ।

ਮੈਡਮ ਮਨਦੀਪ ਪੰਨੂੰ ਜੀ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੈਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਲੋਕ ਅਦਾਲਤਾਂ ਦੇ ਨਾਲ ਜਿੱਥੇ ਆਮ ਲੋਕਾਂ ਨੂੰ ਰਾਹਤ ਮਿਲਦੀ ਹੈ ਉੱਥੇ ਉਨ੍ਹਾਂ ਦੇ ਸਮਾਂ ਅਤੇ ਪੈਸੇ ਦੀ ਵੀ ਬੱਚਤ ਹੁੰਦੀ ਹੈ। ਲੋਕ ਅਦਾਲਤ ਦੁਆਰਾ ਦੋਨੋਂ ਪਾਰਟੀਆਂ ਵਿੱਚ ਆਪਸੀ ਦੁਸ਼ਮਣੀ ਖਤਮ ਹੋ ਜਾਂਦੀ ਹੈ ਅਤੇ ਭਾਈਚਾਰਾ ਵੱਧਦਾ ਹੈ। ਲੋਕ ਅਦਾਲਤ ਵਿੱਚ ਫੈਸਲਾ ਹੋਣ ਤੋਂ ਬਾਅਦ ਕੇਸ ਵਿੱਚ ਲੱਗੀ ਸਾਰੀ ਕੋਰਟ ਫੀਸ ਵੀ ਵਾਪਸ ਮਿਲ ਜਾਂਦੀ ਹੈ। ਇਸਦੇ ਫੈਸਲੇ ਨੂੰ ਦੀਵਾਨੀ ਅਦਾਲਤ ਦੀ ਡਿਗਰੀ ਦੀ ਮਾਨਤਾ ਪ੍ਰਾਪਤ ਹੈ। ਇਸ ਦੇ ਫੈਸਲੇ ਦੇ ਖਿਲਾਫ਼ ਕੋਈ ਅਪੀਲ ਨਹੀਂ ਹੋ ਸਕਦੀ।

ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਕੇਸਾਂ ਦਾ ਲੋਕ ਅਦਾਲਤ ਵਿੱਚ ਫੈਸਲਾ ਕਰਾ ਕੇ ਵੱਧ ਤੋਂ ਵੱਧ ਲਾਭ ਉਠਾੳਣ ਨੂੰ ਯਕੀਨੀ ਬਣਾਇਆ ਜਾਵੇ।

ਇਸ ਤੋਂ ਇਲਾਵਾ ਉਨ੍ਹਾਂ ਜਾਣਕਾਰੀ ਦਿੱਤੀ ਕਿ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਹਾਇਤਾ/ਸਲਾਹ ਲਈ 1968 ਡਾਇਲ ਕੀਤਾ ਜਾ ਸਕਦਾ ਹੈ ਜਾਂ ਦਫ਼ਤਰ ਦੇ ਫੋਨ ਨੰਬਰ 01636-235864 ਜਾਂ ਈ-ਮੇਲ ਆਈ.ਡੀ. dlsa.moga@punjab.gov.in ਤੇ ਸੰਪਰਕ ਕੀਤਾ ਜਾ ਸਕਦਾ ਹੈ।

ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਪਿਛਲੇ ਤਿੰਨ ਮਹੀਨੇ ਦੌਰਾਨ ਹੋਈਆਂ ਰਜਿਸਟਰੀਆਂ ਦਾ ਰਿਕਾਰਡ ਤਲਬ ਕੀਤਾ

- ਕੁਝ ਮਾਮਲਿਆਂ ਵਿੱਚ ਐਨ ਓ ਸੀ ਤੋਂ ਬਗੈਰ ਰਜਿਸਟਰੀਆਂ ਕਰਨ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲਿਆ

- ਚੁਣੇ ਨੁਮਾਇੰਦਿਆਂ ਨਾਲ ਟੀਮ ਦੀ ਤਰ੍ਹਾਂ ਕੰਮ ਕਰੇ ਪ੍ਰਸ਼ਾਸ਼ਨ - ਕੈਬਨਿਟ ਮੰਤਰੀ ਹਰਭਜਨ ਸਿੰਘ

- ਵਿਕਾਸ ਕਾਰਜਾਂ ਅਤੇ ਲੋਕ ਹਿੱਤ ਕਾਰਜਾਂ ਨੂੰ ਬਿਹਤਰ ਤਰੀਕੇ ਨਾਲ ਕਰਾਉਣ ਲਈ ਵਿਧਾਇਕਾਂ ਨਾਲ ਤਾਲਮੇਲ ਰੱਖਿਆ ਜਾਵੇ

- ਜ਼ਿਲ੍ਹਾ ਮੋਗਾ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਲੋਕ ਹਿਤ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ

ਮੋਗਾ, 2 ਨਵੰਬਰ (ਕੁਲਦੀਪ ਸਿੰਘ ਦੌਧਰ  ) ਪੰਜਾਬ ਦੇ ਲੋਕ ਨਿਰਮਾਣ ਵਿਭਾਗ ਅਤੇ ਬਿਜਲੀ ਵਿਭਾਗ ਦੇ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਨੇ ਜ਼ਿਲ੍ਹਾ ਮੋਗਾ ਵਿਚ ਕੁਝ ਮਾਮਲਿਆਂ ਵਿੱਚ ਐਨ ਓ ਸੀ ਤੋਂ ਬਗੈਰ ਰਜਿਸਟਰੀਆਂ ਕਰਨ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਪਿਛਲੇ ਤਿੰਨ ਮਹੀਨੇ ਦੌਰਾਨ ਹੋਈਆਂ ਰਜਿਸਟਰੀਆਂ ਦਾ ਰਿਕਾਰਡ ਤਲਬ ਕੀਤਾ ਹੈ। ਉਹਨਾਂ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਹਦਾਇਤ ਕੀਤੀ ਕਿ ਉਹ ਇਹਨਾਂ ਰਜਿਸਟਰੀਆਂ ਨੂੰ ਚੈੱਕ ਕਰਨ ਕਿ ਕਿਹੜੇ ਮਾਮਲਿਆਂ ਵਿੱਚ ਬਿਨਾ ਐਨ ਓ ਸੀ ਤੋਂ ਰਜਿਸਟਰੀਆਂ ਹੋਈਆਂ ਹਨ ਅਤੇ ਕਿਵੇਂ ਹੋਈਆਂ ਹਨ। ਉਹਨਾਂ ਕਿਹਾ ਕਿ ਪਤਾ ਲੱਗਾ ਹੈ ਕਿ ਕੁਝ ਮਾਮਲਿਆਂ ਵਿੱਚ ਬਿਨਾ ਐਨ ਓ ਸੀ ਤੋਂ ਵੀ ਰਜਿਸਟਰੀਆਂ ਕੀਤੀਆਂ ਜਾ ਰਹੀਆਂ ਹਨ ਜਦਕਿ ਕੁਝ ਵਿੱਚ ਮਨਾਹੀ ਕੀਤੀ ਜਾ ਰਹੀ ਹੈ।

ਉਹ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਲੋਕ ਹਿਤ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਆਏ ਸਨ। ਮੀਟਿੰਗ ਵਿੱਚ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਸ੍ਰ ਮਨਜੀਤ ਸਿੰਘ ਬਿਲਾਸਪੁਰ, ਜ਼ਿਲ੍ਹਾ ਪੁਲਿਸ ਮੁਖੀ ਸ੍ਰ ਗੁਲਨੀਤ ਸਿੰਘ ਖੁਰਾਣਾ, ਐੱਸ ਡੀ ਐੱਮ ਸ਼੍ਰੀਮਤੀ ਚਾਰੂਮਿਤਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

ਉਹਨਾਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਵਿਕਾਸ ਕਾਰਜਾਂ ਅਤੇ ਲੋਕ ਹਿੱਤ ਕਾਰਜਾਂ ਨੂੰ ਬਿਹਤਰ ਤਰੀਕੇ ਨਾਲ ਕਰਾਉਣ ਲਈ ਵਿਧਾਇਕਾਂ ਨਾਲ ਤਾਲਮੇਲ ਜਰੂਰ ਰੱਖਣ। ਪ੍ਰਸ਼ਾਸ਼ਨ ਨੂੰ ਚੁਣੇ ਨੁਮਾਇੰਦਿਆਂ ਨਾਲ ਟੀਮ ਦੀ ਤਰ੍ਹਾਂ ਕੰਮ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦਾ ਸਰਬਪੱਖੀ ਵਿਕਾਸ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ ਜੋ ਕਿ ਵਿਧਾਇਕਾਂ ਦੀ ਅਗਵਾਈ ਤੋਂ ਬਿਨਾ ਸੰਭਵ ਨਹੀਂ ਹੈ।

ਉਹਨਾਂ ਕਿਹਾ ਕਿ ਆਮ ਤੌਰ ਉੱਤੇ ਚੁਣੇ ਹੋਏ ਨੁਮਾਇੰਦਿਆਂ ਤੋਂ ਪਤਾ ਲਗਦਾ ਹੈ ਕਿ ਪ੍ਰਸ਼ਾਸ਼ਨ ਵੱਲੋਂ ਵਿਕਾਸ ਕਾਰਜਾਂ ਅਤੇ ਲੋਕ ਹਿੱਤ ਕਾਰਜਾਂ ਵਿੱਚ ਉਹਨਾਂ ਨਾਲ ਕੋਈ ਵੀ ਸਲਾਹ ਮਸ਼ਵਰਾ ਨਹੀਂ ਕੀਤਾ ਜਾਂਦਾ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਲੋਕ ਹਿਤ ਕਾਰਜਾਂ ਦਾ ਯੋਗ ਲਾਭਪਾਤਰੀਆਂ ਤੱਕ ਲਾਭ ਨਹੀਂ ਪਹੁੰਚਦਾ। ਇਹ ਸਭ ਯਕੀਨੀ ਬਣਾਉਣ ਲਈ ਪ੍ਰਸ਼ਾਸ਼ਨ ਦਾ ਵਿਧਾਇਕਾਂ ਨਾਲ ਤਾਲਮੇਲ ਜਰੂਰੀ ਹੈ। ਉਹਨਾਂ ਕਿਹਾ ਕਿ ਮਗਨਰੇਗਾ ਕੰਮਾਂ ਅਤੇ ਸੀ ਐਸ ਆਰ ਅਧੀਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਸਮੇਂ ਸਮੇਂ ਉੱਤੇ ਚੁਣੇ ਨੁਮਾਇੰਦਿਆਂ ਨੂੰ ਵੀ ਜਾਣੂ ਕਰਵਾਇਆ ਜਾਵੇ।

ਮੀਟਿੰਗ ਦੌਰਾਨ ਕੈਬਨਿਟ ਮੰਤਰੀ ਨੇ ਐਲਾਨ ਕੀਤਾ ਕਿ ਚਾਲੂ ਕੰਮ ਤੁਰੰਤ ਪੂਰੇ ਕਰਵਾਏ ਜਾਣਗੇ। ਉਹਨਾਂ ਕਿਹਾ ਕਿ ਹਰੇਕ ਪਿੰਡ ਵਿੱਚ ਮਗਨਰੇਗਾ ਤਹਿਤ ਛੱਪੜਾਂ ਦੀ ਸਫਾਈ ਕਰਵਾਈ ਜਾਵੇਗੀ। ਜਿਹੜੇ ਠੇਕੇਦਾਰ ਸਰਕਾਰੀ ਵਿਕਾਸ ਕੰਮਾਂ ਨੂੰ ਬਿਨਾ ਵਜ੍ਹਾ ਲੇਟ ਕਰਦੇ ਹਨ ਉਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਉਹਨਾਂ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚ ਬਿਜਲੀ ਦੀ ਸਪਲਾਈ ਨੂੰ ਦਰੁਸਤ ਕਰਨ ਲਈ ਓਵਰ ਲੋਡ ਗਰਿੱਡਾਂ ਉੱਤੇ ਨਵੇਂ ਟ੍ਰਾਂਸਫਾਰਮਰ ਰੱਖੇ ਜਾਣਗੇ। ਇਸ ਨਾਲ ਜ਼ਿਲ੍ਹਾ ਮੋਗਾ ਵਿੱਚ ਬਿਜਲੀ ਸਪਲਾਈ ਦਾ ਕੰਮ ਬਹੁਤ ਸੁਧਰ ਜਾਵੇਗਾ। ਸਰਕਾਰੀ ਸਕੂਲਾਂ ਸੀ ਸੀ ਟੀ ਵੀ ਲਗਾਉਣ ਦੀ ਵੀ ਰਿਪੋਰਟ ਮੰਗੀ ਗਈ। ਉਹਨਾਂ ਸਪੱਸ਼ਟ ਕੀਤਾ ਕਿ ਸਰਕਾਰੀ ਸਕੂਲਾਂ ਵਿਚੋਂ ਵਿਦਿਆਰਥੀਆਂ ਦੀ ਗਿਣਤੀ ਕਿਸੇ ਵੀ ਹਾਲ ਘਟਣੀ ਨਹੀਂ ਚਾਹੀਦੀ ਹੈ। ਉਹਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਉਹਨਾਂ ਸਾਰੇ ਹਸਪਤਾਲਾਂ ਦੀ ਸੂਚੀ ਨੂੰ ਥਾਂ ਥਾਂ ਉੱਤੇ ਡਿਸਪਲੇਅ ਕਰਨ ਜਿੱਥੇ ਕਿ ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਦੇ ਕਾਰਡ ਚੱਲਦੇ ਹਨ।

ਉਹਨਾਂ ਕਿਹਾ ਕਿ ਪਿਛਲੀ ਸਰਕਾਰ ਨੇ ਆਖਰੀ ਸਮੇਂ ਦੌਰਾਨ ਸਕੂਲ ਅਪਗ੍ਰੇਡ ਤਾਂ ਕਰ ਦਿੱਤੇ ਪਰ ਉਥੇ ਨਾ ਤਾਂ ਸਟਾਫ ਦਿੱਤਾ ਅਤੇ ਨਾ ਹੀ ਬੁਨਿਆਦੀ ਸਹੂਲਤਾਂ ਦਿੱਤੀਆਂ ਪਰ ਹੁਣ ਪੰਜਾਬ ਸਰਕਾਰ ਵੱਲੋਂ ਇਹਨਾਂ ਸਕੂਲਾਂ ਨੂੰ ਸਹੀ ਮਾਅਨਿਆਂ ਵਿੱਚ ਅਪਗ੍ਰੇਡ ਕੀਤਾ ਜਾ ਰਿਹਾ ਹੈ। ਉਹਨਾਂ ਹਦਾਇਤ ਕੀਤੀ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਤੇ ਹਰਗੋਬਿੰਦ ਖੁਰਾਣਾ ਵਜ਼ੀਫਾ ਸਕੀਮ ਦਾ ਵੱਧ ਤੋਂ ਵੱਧ ਬੱਚਿਆਂ ਨੂੰ ਲਾਭ ਦਿਵਾਇਆ ਜਾਵੇ।

ਉਹਨਾਂ ਕਿਹਾ ਕਿ ਲੇਬਰ ਵਾਲਿਆਂ ਦੇ ਕੈਂਪ ਲਗਾ ਕੇ ਲਾਭਪਾਤਰੀ ਕਾਰਡ ਬਣਾਏ ਜਾਣ ਤਾਂ ਜੌ ਮਜ਼ਦੂਰ ਵਰਗ ਵੱਧ ਤੋਂ ਵੱਧ ਆਰਥਿਕ ਲਾਭ ਲੈ ਸਕਣ। ਉਹਨਾਂ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਸਾਰੇ ਸਕੂਲਾਂ ਵਿੱਚ ਪਖਾਨਿਆਂ ਦੀ ਸਹੂਲਤ ਹੋਣੀ ਲਾਜ਼ਮੀ ਹੈ। ਉਹਨਾਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੂੰ ਕਿਹਾ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹਈਆ ਕਰਵਾਏ ਜਾਣ ਅਤੇ ਉਹਨਾਂ ਨੂੰ ਰੋਜ਼ਗਾਰ ਦੇ ਕਾਬਿਲ ਬਣਾਇਆ ਜਾਵੇ। ਇਸ ਮੌਕੇ ਉਹਨਾਂ ਨੇ ਵਧੀਆ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਸ਼ਾਬਾਸ਼ ਦਿੱਤੀ ਅਤੇ ਵਧੀਆ ਕੰਮ ਨਾ ਕਰਨ ਵਾਲੇ ਅਧਿਕਾਰੀਆਂ ਦੀ ਖਿਚਾਈ ਕੀਤੀ।

ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਪਿੰਡ ਲੁਹਾਰਾ ਵਿਖੇ ਫੱਕਰ ਬਾਬਾ ਦਾਮੂ ਸ਼ਾਹ ਜੀ ਦੀ ਮਜ਼ਾਰ ਉੱਤੇ ਸਿਜਦਾ ਕੀਤਾ ਅਤੇ ਆਸ਼ੀਰਵਾਦ ਲਿਆ

ਜ਼ਿਲ੍ਹਾ ਪ੍ਰਸ਼ਾਸ਼ਨ ਪਰਾਲੀ ਦੀਆਂ ਘਟਨਾਵਾਂ ਉੱਪਰ ਨਜ਼ਰ ਰੱਖਣ ਲਈ ਪੀ.ਸੀ.ਆਰ. ਮੁਲਾਜ਼ਮਾਂ ਦੀ ਕਰ ਰਿਹੈ ਤਾਇਨਾਤੀ

 

--ਐਪ ਵਿੱਚ ਦਰਜ ਘਟਨਾਵਾਂ ਦਾ ਡਿਪਟੀ ਕਮਿਸ਼ਨਰ ਨੇ ਨਿੱਜੀ ਤੌਰ 'ਤੇ ਕੀਤਾ ਨਿਰੀਖਣ

--ਡਿਪਟੀ ਕਮਿਸ਼ਨਰ ਵੱਲੋਂ ਸਬੰਧਤ ਵਿਭਾਗਾਂ ਨਾਲ ਹੰਗਾਮੀ ਮੀਟਿੰਗ, ਕਿਹਾ ! ਕਿਸੇ ਵੀ ਅਧਿਕਾਰੀ ਦੀ ਲਾਪਰਵਾਹੀ ਨਹੀਂ ਹੋਵੇਗੀ ਬਰਦਾਸ਼ਤ

--ਕਿਸਾਨ ਪਰਾਲੀ ਨੂੰ ਅੱਗ ਲਗਾ ਕੇ ਕਾਨੂੰਨੀ ਕਾਰਵਾਈ ਦੇ ਪਾਤਰ ਬਣਨ ਦੀ ਬਿਜਾਇ ਵਾਤਾਵਰਨ ਸ਼ੁੱਧਤਾ ਵਿੱਚ ਪਾਉਣ ਆਪਣਾ ਵੱਡਮੁੱਲਾ ਯੋਗਦਾਨ-ਡਿਪਟੀ ਕਮਿਸ਼ਨਰ

ਮੋਗਾ, 2 ਨਵੰਬਰ (ਕੁਲਦੀਪ ਸਿੰਘ ਦੌਧਰ  )ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਬੰਦ ਕਰਨ ਅਤੇ ਇਨ੍ਹਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਣ ਲਈ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਦੀ ਇੱਕ ਹੰਗਾਮੀ ਮੀਟਿੰਗ ਬੁਲਾਈ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ਼ ਚੰਦਰ, ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰੀਮਤੀ ਜਯੋਤੀ ਬਾਲਾ ਮੱਟੂ, ਉਪ ਮੰਡਲ ਮੈਜਿਸਟ੍ਰੇਟ ਰਾਮ ਸਿੰਘ, ਉਪ ਮੰਡਲ ਮੈਜਿਸਟ੍ਰੇਟ ਸ੍ਰੀਮਤੀ ਚਾਰੂ ਮਿਤਾ, ਸਹਾਇਕ ਕਮਿਸ਼ਨਰ ਸ੍ਰੀ ਸੁਜਾਵਲ ਜੱਗਾ, ਅਤੇ ਸਮੂਹ ਤਹਿਸੀਲਦਾਰ ਹਾਜ਼ਰ ਸਨ।

ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨੇ ਪਰਾਲੀ ਨੂੰ ਲਗਾਈਆਂ ਜਾ ਰਹੀਆਂ ਅੱਗਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਇਨ੍ਹਾਂ ਘਟਨਾਵਾਂ ਨੂੰ ਉੱਪਰ ਨਜ਼ਰ ਰੱਖਣ, ਕਾਰਵਾਈ ਕਰਨ ਲਈ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਵਿੱਚ ਨੋਡਲ ਅਫ਼ਸਰ ਅਤੇ ਕਲੱਸਟਰ ਅਫ਼ਸਰ ਨਿਯੁਕਤ ਕੀਤੇ ਗਏ ਹਨ ਅਤੇ ਫਾਇਰ ਬ੍ਰਿਗੇਡਾਂ ਨੂੰ ਵੀ ਤਾਇਨਾਤ ਕੀਤਾ ਜਾ ਰਿਹਾ ਹੈ, ਖੇਤੀਬਾੜੀ ਵਿਭਾਗ ਅਤੇ ਹੋਰ ਸਬੰਧਤ ਵਿਭਾਗ ਵੀ ਦਿਨ ਰਾਤ ਆਪਣੀ ਕੜੀ ਮਿਹਨਤ ਨਾਲ ਇਸ ਉੱਪਰ ਕੰਮ ਕਰ ਰਹੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਇਸ ਕੰਮ ਵਿੱਚ ਮਨੁੱਖੀ ਸ਼ਕਤੀ ਦਾ ਵਾਧਾ ਕਰਦਿਆਂ ਪੁਲਿਸ ਦੇ ਪੀ.ਸੀ.ਆਰ. ਮੁਲਾਜ਼ਮਾਂ ਨੂੰ ਵੀ ਲਗਾਇਆ ਜਾਵੇਗਾ। ਉਨ੍ਹਾਂ ਪੁਲਿਸ ਵਿਭਾਗ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਜਲਦ ਤੋਂ ਜਲਦ ਪੀ.ਸੀ.ਆਰ. ਮੁਲਾਜ਼ਮਾਂ ਦੀ ਤਾਇਨਤੀ ਜ਼ਿਲ੍ਹੇ ਦੇ ਵੱਧ ਤੋਂ ਵੱਧ ਸਥਾਨਾਂ ਜਾਂ ਮੇਨ ਸੜਕਾਂ ਉੱਪਰ ਕਰਨ। ਉਨ੍ਹਾਂ ਕਿਹਾ ਕਿ ਇਹ ਮੁਲਾਜ਼ਮ ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਣ ਤੇ ਤੁਰੰਤ ਸਿੱਧਾ ਤਹਿਸੀਲਦਾਰ ਨੂੰ ਸੂਚਿਤ ਕਰਨਗੇ ਅਤੇ ਉਹ ਜਲਦੀ ਤੋਂ ਜਲਦੀ ਸਬੰਧਤ ਕਿਸਾਨ ਤੇ ਲੋੜੀਂਦੀ ਕਾਰਵਾਈ ਕਰਨ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਇਨ੍ਹਾਂ ਘਟਨਾਵਾਂ ਨਾਲ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਿਆ ਜਾ ਸਕੇਗਾ ਅਤੇ ਕਾਰਵਾਈ ਵੀ ਜਲਦੀ ਤੋਂ ਜਲਦੀ ਹੋੇਵੇਗੀ।

ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਵਾਤਾਵਰਨ ਪੱਖੀ ਮਸ਼ੀਨਾਂ ਸਬਸਸਿਡੀ ਉੱਪਰ ਮੁਹੱਈਆ ਕਰਵਾਉਣ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਕਰਨ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਫਾਇਰ ਸਰਵਿਸਜ਼ ਦਾ ਵੀ ਰੀਵਿਊ ਇਸ ਮੀਟਿੰਗ ਜਰੀਏ ਲਿਆ। ਜ਼ਿਲ੍ਹੇ ਦੇ 45 ਹਾਟਸਪਾਟ ਇਲਾਕਿਆਂ ਵਿੱਚ ਬਾਜ਼ ਅੱਖ ਰੱਖਣ ਦੀ ਗੱਲ ਵੀ ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਕਹੀ।

ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨੇ ਏ.ਟੀ.ਆਰ. ਐਪ ਵਿੱਚ ਦਰਜ ਕੀਤੀਆਂ ਗਈਆਂ ਘਟਨਾਵਾਂ ਦਾ ਨਿੱਜੀ ਤੌਰ ਤੇ ਨਿਰੀਖਣ ਕੀਤਾ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਸਰਕਾਰੀ ਹਦਾਇਤਾਂ ਅਨੁਸਾਰ ਹੀ ਇਸ ਉੱਪਰ ਕੰਮ ਕਰਨ ਲਈ ਆਦੇਸ਼ ਜਾਰੀ ਕੀਤੇ।

ਅੰਤ ਉਨ੍ਹਾਂ ਹਾਜ਼ਰੀਨ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਜਾਰੀ ਕੀਤੀ ਕਿ ਇਸ ਕੰਮ ਵਿੱਚ ਕੋਈ ਵੀ ਲਾਪਰਵਾਹੀ ਜਾਂ ਕਾਰਵਾਈ ਵਿੱਚ ਹੋਈ ਦੇਰੀ ਮੁਆਫ਼ੀਯੋਗ ਨਹੀਂ ਹੋਵੇਗੀ ਅਤੇ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਉਨ੍ਹਾਂ ਜ਼ਿਲ੍ਹਾ ਦੇ ਕਿਸਾਨਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਸੂਬੇ ਨੂੰ ਜੀਰੋ ਸਟਬਲ ਬਰਨਿੰਗ ਸੂਬਾ ਬਣਾਉਣ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਬਹੁਤ ਹੀ ਗੰਭੀਰ ਹੈ ਇਸੇ ਲਈ ਹੀ ਜਾਗਰੂਕਤਾ ਗਤੀਵਿਧੀਆਂ ਪਿੰਡ ਪਿੰਡ ਚਲਾਈਆਂ ਜਾ ਰਹੀਆਂ ਹਨ ਅਤੇ ਵੱਡੀ ਸਬਸਿਡੀ ਉੱਪਰ ਵੱਡੀ ਮਾਤਰਾ ਵਿੱਚ ਵਾਤਾਵਰਨ ਖੇਤੀਬਾੜੀ ਸੰਦ ਵੀ ਕਿਸਾਨਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਹਨ ਇਸ ਲਈ ਕਿਸਾਨ ਪਰਾਲੀ ਨੂੰ ਅੱਗ ਲਗਾ ਕੇ ਕਿਸੇ ਵੀ ਕਾਨੂੰਨੀ ਕਾਰਵਾਈ ਦੇ ਪਾਤਰ ਨਾ ਬਣਨ ਸਗੋਂ ਵਾਤਾਵਰਨ ਸ਼ੁੱਧਤਾ ਵਿੱਚ ਯੋਗਦਾਨ ਪਾਉਣ ਨੂੰ ਆਪਣਾ ਫਰਜ਼ ਸਮਝਣ।

ਭ੍ਰਿਸ਼ਟਾਚਾਰ ਜਾਗਰੂਕਤਾ ਹਫ਼ਤਾ ਤਹਿਤ ਗੁਰੂ ਨਾਨਕ ਕਾਲਜ ਵਿਖੇ ਸੈਮੀਨਾਰ ਦਾ ਆਯੋਜਨ

ਮੋਗਾ, 1 ਨਵੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਕੇਂਦਰੀ ਵਿਜੀਲੈਂਸ ਕਮਿਸ਼ਨ ਨਵੀਂ ਦਿੱਲੀ ਦੀਆਂ ਹਦਾਇਤਾਂ, ਸ੍ਰੀ ਵਰਿੰਦਰ ਕੁਮਾਰ ਆਈ.ਪੀ.ਐਸ, ਮੁੱਖ ਡਾਇਰੈਕਟਰ, ਵਿਜੀਲੈਂਸ ਬਿਊਰੋ, ਪੰਜਾਬ, ਐਸ.ਏ.ਐਸ ਨਗਰ ਅਤੇ ਸ੍ਰੀ ਗੁਰਮੀਤ ਸਿੰਘ, ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ, ਫਿਰੋਜਪੁਰ ਰੇਂਜ, ਫਿਰੋਜ਼ਪੁਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਜੀਲੈਂਸ ਬਿਊਰੋ ਯੂਨਿਟ ਮੋਗਾ ਵੱਲੋਂ ਮਿਤੀ 31-10-2022 ਤੋਂ ਮਿਤੀ 06-11-2022 ਤੱਕ ਭ੍ਰਿਸ਼ਟਾਚਾਰ ਵਿਰੁੱਧ ਜਾਗਰੂਕਤਾ ਹਫਤਾ ਮਨਾਇਆ ਜਾ ਰਿਹਾ ਹੈ। ਇਸਦੇ ਸਬੰਧ ਵਿੱਚ ਵਿਜੀਲੈਂਸ ਬਿਊਰੋ ਯੂਨਿਟ ਮੋਗਾ ਵੱਲੋਂ ਅੱਜ ਗੁਰੂ ਨਾਨਕ ਕਾਲਜ ਮੋਗਾ ਵਿਖੇ ਸ੍ਰੀ ਜਸਵਿੰਦਰ ਸਿੰਘ (ਪੀ.ਪੀ.ਐਸ.) ਉਪ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ ਫਰੀਦਕੋਟ ਦੀ ਅਗਵਾਈ ਹੇਠ ਭ੍ਰਿਸ਼ਟਾਚਾਰ ਵਿਰੋਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਸ੍ਰੀ ਜਸਵਾਲ ਜੱਗਾ (ਆਈ.ਪੀ.ਐਸ.) ਮੋਗਾ, ਮਨਮੀਤ ਸਿੰਘ ਢਿੱਲੋਂ ਐਸ.ਪੀ. ਹੈੱਡ ਕੁਆਰਟਰ ਮੋਗਾ ਵੱਲੋਂ ਵਿਸ਼ੇਸ਼ ਤੌਰ ਤੇ ਸੈਮੀਨਾਰ ਵਿੱਚ ਸ਼ਿਰਕਤ ਕੀਤੀ ਗਈ ਅਤੇ ਇੰਸਪੈਕਟਰ ਅਜਮੇਰ ਸਿੰਘ ਵਿਜੀਲੈਂਸ ਬਿਊਰੋ ਯੂਨਿਟ ਮੋਗਾ ਸਮੇਤ ਸਟਾਫ ਤੋਂ ਇਲਾਵਾ ਗੁਰੂ ਨਾਨਕ ਕਾਲਜ ਦੇ ਪ੍ਰੋਫੈਸਰ ਸ: ਸਵਰਨਜੀਤ ਸਿੰਘ, ਸ੍ਰੀ ਸੁਰਿੰਦਰ ਸਿੰਘ ਬਾਵਾ ਚੇਅਰਮੈਨ ਯੂਨੀਵਰਸਲ ਹਿਊਮਨ ਰਾਈਟਸ ਐਸੋਸੀਏਸ਼ਨ ਮੋਗਾ ਸਮੇਤ ਸਮੂਹ ਮੈਬਰਾਨ, ਸ੍ਰੀ ਗੁਰਪ੍ਰੀਤ ਸਿੰਘ ਸੱਚਦੇਵਾ ਮਿਊਂਸੀਪਲ ਕੌਂਸਲਰ ਅਤੇ ਚੇਅਰਮੈਨ ਐਂਟੀ-ਕੁਰੱਪਸ਼ਨ ਅਵੇਰਨੈੱਸ ਔਰਗਨਾਈਜੇਸ਼ਨ ਪੰਜਾਬ ਸਮੇਤ ਸਮੂਹ ਮੈਬਰਾਨ ਵੱਲੋਂ ਸ਼ਾਮੂਲੀਅਤ ਕੀਤੀ ਗਈ। ਸੈਮੀਨਾਰ ਦੌਰਾਨ ਇੰਸਪੈਕਟਰ ਅਜਮੇਰ ਸਿੰਘ, ਵਿਜੀਲੈਂਸ ਬਿਊਰੋ ਯੂਨਿਟ ਮੋਗਾ ਵੱਲੋਂ ਰਿਸ਼ਵਤਖੋਰੀ ਵਿਰੁੱਧ ''ਭ੍ਰਿਸ਼ਟਾਚਾਰ ਮੁਕਤ ਭਾਰਤ-ਵਿਕਸਤ ਭਾਰਤ'' ਦੇ ਨਾਅਰੇ ਹੇਠ ਕਰਵਾਏ ਜਾ ਰਹੇ ਸੈਮੀਨਾਰ ਦੇ ਮੰਤਵ ਤੋਂ ਵਿਦਿਆਰਥੀਆਂ/ਆਮ ਪਬਲਿਕ ਨੂੰ ਜਾਗਰੂਕ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਜਾਰੀ ਕੀਤੇ ਐਂਟੀ-ਕੁਰੱਪਸ਼ਨ ਐਕਸ਼ਨ ਲਾਈਨ ਵੱਟਸਐਪ ਨੰਬਰ 9501-200-200 ਅਤੇ ਵਿਜੀਲੈਂਸ ਬਿਊਰੋ ਦੇ ਟੋਲਫਰੀ ਨੰਬਰ 1800-1800-1000 ਬਾਰੇ ਜਾਣੂੰ ਕਰਵਾਇਆ ਗਿਆ। ਸੈਮੀਨਾਰ ਵਿੱਚ ਸ੍ਰੀ ਜਸਵਾਲ ਜੱਗਾ, ਆਈ.ਪੀ.ਐਸ., ਮੋਗਾ, ਸ੍ਰੀ ਸੁਰਿੰਦਰ ਸਿੰਘ ਬਾਵਾ ਚੇਅਰਮੈਨ ਯੂਨੀਵਰਸਲ ਹਿਊਮਨ ਰਾਈਟਸ ਐਸੋਸੀਏਸ਼ਨ ਮੋਗਾ, ਸ੍ਰੀ ਗੁਰਪ੍ਰੀਤ ਸਿੰਘ ਸੱਚਦੇਵਾ ਮਿਊਂਸੀਪਲ ਕੌਂਸਲਰ ਅਤੇ ਚੇਅਰਮੈਨ ਐਂਟੀ-ਕੁਰੱਪਸ਼ਨ ਅਵੇਰਨੈੱਸ ਔਰਗਨਾਈਜੇਸ਼ਨ ਪੰਜਾਬ ਅਤੇ ਸ੍ਰੀ ਗੁਰਸੇਵਕ ਸਿੰਘ ਸਨਿਆਸੀ ਵੱਲੋਂ ਵੀ ਰਿਸ਼ਵਤਖੋਰੀ ਮੁਕਤ ਭਾਰਤ ਦੀ ਸਿਰਜਣਾ ਕਰਨ ਲਈ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਤੋਂ ਇਲਾਵਾ ਗੁਰੂ ਨਾਨਕ ਕਾਲਜ ਮੋਗਾ ਦੀ ਵਿਦਿਆਰਥਣ ਸਿਮਰਤ ਕੌਰ, ਹਰਜੀਤ ਕੌਰ, ਕੁਲਵਿੰਦਰ ਕੌਰ ਅਤੇ ਸ਼ਾਲੂ ਵੱਲੋਂ ਵੀ ਭ੍ਰਿਸ਼ਟਾਚਾਰ ਵਿਰੁੱਧ ਸਪੀਚ ਕੀਤੀ ਗਈ। ਡਾ. ਸਿਮਰਜੀਤ ਕੌਰ ਗਿੱਲ, ਪ੍ਰੋਫੈਸਰ, ਗੁਰੂ ਨਾਨਕ ਕਾਲਜ ਮੋਗਾ ਵੱਲੋਂ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਈ ਗਈ।

16 ਸਾਲਾਂ ਤੋਂ ਪਰਾਲੀ ਨੂੰ ਅੱਗ ਨਾ ਲਗਾ ਕੇ ਜੈਦੀਪ ਕਰ ਰਿਹੈ ਲਾਹੇਵੰਦ ਖੇਤੀ

ਵਾਤਾਵਰਨ ਦੇ ਹਿੱਤ ਵਾਲੀਆਂ ਤਕਨੀਕਾਂ ਵਰਤਣ ਨਾਲ ਉਸਦੀ ਫ਼ਸਲ ਦੇ ਝਾੜ ਅਤੇ ਆਮਦਨ ਵਿੱਚ ਹੋਇਆ ਵਾਧਾ-ਜੈਦੀਪ ਸਿੰਘ

ਡਿਪਟੀ ਕਮਿਸ਼ਨਰ ਨੇ ਵੀ ਕੀਤੀ ਜੈਦੀਪ ਕਿਸਾਨ ਦੀ ਸ਼ਲਾਘਾ

ਮੋਗਾ, 1 ਨਵੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਜ਼ਿਲ੍ਹਾ ਮੋਗਾ ਅਧੀਨ ਪਿੰਡ ਸੱਦਾ ਸਿੰਘ ਵਾਲਾ ਦਾ ਵਸਨੀਕ ਸ੍ਰ. ਜੈਦੀਪ ਸਿੰਘ ਇੱਕ ਅਗਾਂਹਵਧੂ ਕਿਸਾਨ ਹੈ, ਜਿਸ ਵੱਲੋਂ 40 ਏਕੜ ਰਕਬੇ ਉੱਪਰ ਝੋਨੇ ਅਤੇ ਕਣਕ ਦੀ ਰਵਾਇਤੀ ਖੇਤੀ ਕੀਤੀ ਜਾਂਦੀ ਹੈ। ਸਾਲ 2006 ਵਿੱਚ ਆਪਣੇ ਖੇਤ ਵਿਚਲੀ ਮਿੱਟੀ ਦੀ ਪਰਖ ਕਰਵਾਉਣ ਤੇ ਇਸ ਕਿਸਾਨ ਨੂੰ ਪਤਾ ਲੱਗਾ ਕਿ ਉਸਦੇ ਖੇਤ ਵਿੱਚ ਜੈਵਿਕ ਮਾਦੇ ਕਮੀ ਹੈ, ਇਸ ਗੱਲ ਦੀ ਚਰਚਾ ਮਾਹਿਰਾਂ ਨਾਲ ਕਰਨ ਤੋਂ ਬਾਅਦ ਇਸ ਕਿਸਾਨ ਨੇ ਝੋਨੇ ਅਤੇ ਕਣਕ ਦੀ ਰਹਿੰਦ-ਖੂੰਹਦ ਨੂੰ ਮਿੱਟੀ ਵਿੱਚ ਹੀ ਰਲਾਉਣ ਦਾ ਫੈਸਲਾ ਕੀਤਾ। ਕਿਸਾਨ ਜੈਦੀਪ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਝੋਨੇ ਅਤੇ ਕਣਕ ਦੀਆਂ ਸਿਫਾਰਿਸ਼ ਕੀਤੀਆਂ ਕਿਸਮਾਂ ਦੀ ਬਿਜਾਈ ਕਰਦਾ ਹੈ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਅਤੇ ਆਤਮਾ ਸਕੀਮ ਜ਼ਿਲ੍ਹਾ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 2006 ਤੋਂ ਝੋਨੇ ਦੀ ਪਰਾਲੀ ਨੂੰ ਮਿੱਟੀ ਵਿੱਚ ਮਿਲਾਕੇ ਵਧੀਆ ਢੰਗ ਨਾਲ ਸਾਂਭ-ਸੰਭਾਲ ਕਰ ਰਿਹਾ ਹੈ। ਉਸਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਦੀ ਸਮੱਸਿਆ ਦਾ ਹੱਲ ਕਰਨ ਤੋਂ ਇਲਾਵਾ ਪਰਾਲੀ ਜ਼ਮੀਨ ਵਿੱਚ ਮਿਲਾਉਣ ਨਾਲ ਕਣਕ ਦੀ ਬਿਜਾਈ ਲਗਭਗ ਇੱਕ ਹਫ਼ਤਾ ਅਗੇਤੀ ਹੋ ਜਾਂਦੀ ਹੈ, ਜਿਸ ਨਾਲ ਇਸ ਤੋਂ ਅਗਲੇਰੀ ਫ਼ਸਲ, ਬਹਾਰ ਰੁੱਤ ਦੀ ਮੱਕੀ ਦੀ ਬਿਜਾਈ ਵੀ ਸਮੇਂ ਸਿਰ ਹੋ ਜਾਂਦੀ ਹੈ। ਇਸ ਨਾਲ ਮਿੱਟੀ ਦੀ ਸਿਹਤ ਵਿੱਚ ਵੀ ਸੁਧਾਰ ਆਉਂਦਾ ਹੈ। ਉਸਨੇ ਅੱਗੇ ਦੱਸਿਆ ਕਿ ਮਿੱਟੀ ਦੀ ਸਿਹਤ ਵਿੱਚ ਸੁਧਾਰ ਆਉਂਦਾ ਹੈ ਅਤੇ ਇਸ ਤਕਨੀਕ ਨਾਲ ਮਿੱਟੀ ਵੀ ਪਾਣੀ ਨੂੰ ਵੱਧ ਸਮੇਂ ਤੱਕ ਸੰਭਾਲ ਕੇ ਰੱਖਦੀ ਹੈ, ਜਿਸ ਨਾਲ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਰਵਾਇਤੀ ਤਰੀਕੇ ਨਾਲ ਅੱਗ ਲਗਾਉਣ ਵਾਲੀ ਖੇਤੀ ਦੇ ਮੁਕਾਬਲੇ ਸੂਖਮ ਜੀਵਾਣੂਆਂ ਵਿੱਚ ਵੀ ਚੋਖਾ ਵਾਧਾ ਹੋਇਆ ਹੈ। ਜੈਦੀਪ ਸਿੰਘ ਅਨੁਸਾਰ ਵਾਤਾਵਰਨ ਦੇ ਹਿੱਤ ਵਾਲੀਆਂ ਤਕਨੀਕਾਂ ਵਰਤਣ ਕਾਰਣ ਉਸਦੀ ਫ਼ਸਲ ਦੇ ਝਾੜ ਅਤੇ ਉਸਦੀ ਆਮਦਨ ਵਿੱਚ ਵੀ ਵਾਧਾ ਹੋਇਆ ਹੈ। ਇਸ ਉਦਮੀ ਕਿਸਾਨ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਆਤਮਾ ਸਕੀਮ, ਜ਼ਿਲ੍ਹਾ ਮੋਗਾ ਵੱਲੋਂ ਸਮੇਂ ਸਮੇਂ ਤੇ ਕੀਤੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੇ ਨਾਲ ਨਾਲ ਬਾਕੀ ਕਿਸਾਨਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਜੈਦੀਪ ਸਿੰਘ ਨੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਬਿਜਾਇ ਵਾਤਾਵਰਨ ਪੱਖੀ ਖੇਤੀਬਾੜੀ ਸੰਦ ਵਰਤਣ ਨੂੰ ਤਰਜੀਹ ਦੇਣ ਤਾਂ ਕਿ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚਾਇਆ ਜਾ ਸਕੇ, ਇਸ ਨਾਲ ਕਿਸਾਨ ਉੱਪਰ ਆਰਥਿਕ ਬੋਝ ਵੀ ਨਹੀਂ ਪੈਂਦਾ। ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਜੈਦੀਪ ਸਿੰਘ ਦੀ ਪ੍ਰਸੰਸਾ ਕੀਤੀ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਜੈਦੀਪ ਸਿੰਘ ਵਰਗੇ ਅਗਾਂਹਵਧੂ ਕਿਸਾਨਾਂ ਦੇ ਰਾਹਾਂ ਉੱਪਰ ਤੁਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਨ ਪੱਖੀ ਖੇਤੀ ਕਰ ਰਹੇ ਹਨ ਉਨ੍ਹਾਂ ਨੂੰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ।

ਬੀਤੀ ਸ਼ਾਮ ਤੱਕ ਮੰਡੀਆਂ ਵਿੱਚ ਪਹੁੰਚਿਆ 5.78 ਲੱਖ ਐਮ.ਟੀ. ਝੋਨਾ

94 ਫੀਸਦੀ ਝੋਨੇ ਦੀ ਹੋਈ ਖਰੀਦ ਅਤੇ 70 ਫੀਸਦੀ ਲਿਫ਼ਟਿੰਗ-ਡਿਪਟੀ ਕਮਿਸ਼ਨਰ

ਮੋਗਾ, 1 ਨਵੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 5,77,951 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿੱਚੋਂ 5,44,270 ਮੀਟ੍ਰਿਕ ਟਨ ਝੋਨੇ ਦੀ ਖ੍ਰੀਦ ਕੀਤੀ ਜਾ ਚੁੱਕੀ ਹੈ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਨਹੀਂ ਪੇਸ਼ ਆਉਣ ਦਿੱਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਖਰੀਦ ਕੀਤੇ ਗਏ ਝੋਨੇ ਵਿੱਚੋਂ 70 ਫੀਸਦੀ ਝੋਨੇ ਦੀ ਲਿਫ਼ਟਿੰਗ ਵੀ ਕਰਵਾਈ ਜਾ ਚੁੱਕੀ ਹੈ। ਸ੍ਰ. ਕੁਲਵੰਤ ਸਿੰਘ ਨੇ ਵੱਖ-ਵੱਖ ਖ੍ਰੀਦ ਏਜੰਸੀਆਂ ਵੱਲੋਂ ਖ੍ਰੀਦ ਕੀਤੇ ਗਏ ਝੋਨੇ ਦਾ ਏਜੰਸੀ ਵਾਈਜ਼ ਵੇਰਵਾ ਦਿੰਦਿਆਂ ਦੱਸਿਆ ਕਿ ਪਨਗ੍ਰੇਨ ਵੱਲੋਂ 2,36,266 ਐਮ.ਟੀ., ਮਾਰਕਫ਼ੈਡ ਵੱਲੋਂ 1,41,981 ਐਮ.ਟੀ., ਪਨਸਪ ਵੱਲੋਂ 108128 ਐਮ.ਟੀ., ਵੇਅਰਹਾਊਸ ਵੱਲੋ 57,547 ਐਮ.ਟੀ. ਅਤੇ ਪ੍ਰਾਈਵੇਟ ਵਪਾਰੀਆਂ ਵੱਲੋਂ 348 ਕੁਇੰਟਲ ਝੋਨਾ ਖ੍ਰੀਦਿਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਝੋਨੇ ਦੀ ਕਟਾਈ ਉਪਰੰਤ ਪਰਾਲੀ ਨੂੰ ਅੱਗ ਲਗਾਉਣ ਦੀ ਸਮੱਸਿਆ ਨਾਲ ਕਾਰਗਰ ਢੰਗ ਨਾਲ ਹਰ ਹੀਲੇ ਨਿਪਟਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਨੋਡਲ ਅਫ਼ਸਰਾਂ/ਕਲੱਸਟਰ ਅਫ਼ਸਰਾਂ ਟੀਮਾਂ ਲਗਾਤਾਰ ਕੰਮ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਜਾਂ ਹੋਰ ਫ਼ਸਲੀ ਰਹਿੰਦ ਖੂੰਹਦ ਨੂੰ ਅੱਗ ਲਗਾਏ ਬਿਨ੍ਹਾਂ ਖੇਤੀ ਕਰਕੇ ਵਾਤਾਵਰਨ ਦੀ ਸ਼ੁੱਧਤਾ ਵਿੱਚ ਆਪਣਾ ਯੋਗਦਾਨ ਪਾਉਣ। ਇਸਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਐਸ.ਐਮ.ਐਸ. ਤੋਂ ਬਿਨ੍ਹਾਂ ਕੰਬਾਈਨਾਂ ਤੋਂ ਝੋਨੇ ਦੀ ਵਢਾਈ ਉੱਪਰ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ ਇਸ ਕਰਕੇ ਕਿਸਾਨ ਐਸ.ਐਮ.ਐਸ. ਲੱਗੀ ਕਬਾਈਨ ਤੋਂ ਹੀ ਆਪਣੇ ਝੋਨੇ ਦੀ ਕਟਾਈ ਕਰਵਾਉਣ ਨੂੰ ਯਕੀਨੀ ਬਣਾਉਣ।

ਹੁਣ ਵਟਸਐਪ ਰਾਹੀਂ ਮਿਲੇਗੀ 2 ਏਕੜ ਤੱਕ ਦੇ ਰਕਬੇ ਵਿੱਚੋਂ 3 ਫੁੱਟ ਤੱਕ ਮਿੱਟੀ ਦੀ ਪੁਟਾਈ ਸਬੰਧੀ ਪ੍ਰਵਾਨਗੀ- ਹਰਜੋਤ ਬੈਂਸ

ਵਿਭਾਗ ਤੋਂ ਪ੍ਰਵਾਨਗੀ ਲੈਣ ਲਈ ਵਟਸਐਪ ਨੰਬਰ 99140-09095 ਜਾਰੀ

ਚੰਡੀਗੜ੍ਹ, 31 ਅਕਤੂਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮਿੱਟੀ ਦੀ ਪੁਟਾਈ ਸਬੰਧੀ ਪ੍ਰਵਾਨਗੀ ਦੀ ਪ੍ਰੀਕਿਰਿਆ ਨੂੰ ਹੋਰ ਸੁਖਾਲਾ ਬਣਾ ਦਿੱਤਾ ਹੈ। ਮਾਨ ਸਰਕਾਰ ਦੇ ਇਸ ਫ਼ੈਸਲੇ ਨਾਲ ਪੰਜਾਬ ਰਾਜ ਵਿੱਚ ਹੁਣ 2 ਏਕੜ ਤੱਕ ਦੇ ਰਕਬੇ ਵਿੱਚੋਂ 3 ਫੁੱਟ ਤੱਕ ਮਿੱਟੀ ਦੀ ਪੁਟਾਈ ਸਬੰਧੀ ਪ੍ਰਵਾਨਗੀ ਵਟਸਐਪ ਮੈਸਜ਼ ਰਾਹੀਂ ਲਈ ਜਾ ਸਕੇਗੀ। ਇਹ ਜਾਣਕਾਰੀ ਪੰਜਾਬ ਰਾਜ ਦੇ ਖਣਨ ਤੇ ਭੂ-ਵਿਗਿਆਨ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਦਿੱਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਬੈਂਸ ਨੇ ਦੱਸਿਆ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਸੀ ਕਿ ਤਤਕਾਲੀਨ ਕਾਂਗਰਸ ਸਰਕਾਰ ਵੱਲੋਂ ਸੂਬੇ ਵਿੱਚ ‘ਸੈਂਡ ਐਂਡ ਗਰੇਵਲ ਮਾਨਿਇੰਗ ਪਾਲਿਸੀ-2021’ ਤਹਿਤ 2 ਏਕੜ ਤੱਕ ਦੇ ਖੇਤਰ ਵਿੱਚ 3 ਫੁੱਟ ਤੱਕ ਹੱਥੀਂ ਮਿੱਟੀ ਕੱਢਣ ਵਿੱਚ ਪ੍ਰਵਾਨਗੀ ਦਿੱਤੀ ਗਈ ਸੀ। ਜਿਸ ਕਾਰਨ ਲੋਕਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਦਫ਼ਤਰੀ ਚੱਕਰ ਵੀ ਲਗਾਉਣੇ ਪੈਂਦੇ ਸਨ। ਇਸ ਦੇ ਨਾਲ ਹੀ ਜੇਕਰ ਕੋਈ ਵਿਅਕਤੀ ਮਸ਼ੀਨ ਦੀ ਵਰਤੋਂ ਕਰਦਾ ਸੀ, ਤਾਂ ਉਸ ਖ਼ਿਲਾਫ਼ ਮਾਈਨਿੰਗ ਦਾ ਪਰਚਾ ਦਰਜ ਹੋ ਜਾਂਦਾ ਸੀ।
ਉਹਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਔਕੜ ਭਰੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਲਈ ਮਸ਼ੀਨਾਂ ਦੀ ਵਰਤੋਂ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਇਸ ਪ੍ਰਕਿਰਿਆ ਨੂੰ ਹੋਰ ਸੁਖਾਲਾ ਬਣਾਉਣ ਲਈ ਹੁਣ 2 ਏਕੜ ਤੱਕ ਦੇ ਰਕਬੇ ਵਿੱਚੋਂ 3 ਫੁੱਟ ਤੱਕ ਮਿੱਟੀ ਦੀ ਪੁਟਾਈ ਸਬੰਧੀ ਪ੍ਰਵਾਨਗੀ ਵਟਸਐਪ ਮੈਸਜ਼ ਰਾਹੀਂ ਦੇਣ ਦਾ ਦਫ਼ਤਰੀ ਹੁਕਮ ਜਾਰੀ ਕੀਤਾ ਗਿਆ ਹੈ। ਇਸ ਹੁਕਮ ਰਾਹੀਂ ਜਿਸ ਕਿਸੇ ਨੇ ਵੀ 2 ਏਕੜ ਤੱਕ ਦੇ ਰਕਬੇ ਵਿੱਚੋਂ 3 ਫੁੱਟ ਤੱਕ ਮਿੱਟੀ ਦੀ ਪੁਟਾਈ ਸਬੰਧੀ ਪ੍ਰਵਾਨਗੀ ਵਟਸਐਪ ਮੈਸਜ਼ ਰਾਹੀਂ ਮਿਲੇਗੀ। ਪ੍ਰਵਾਨਗੀ ਲੈਣ ਲਈ ਬੇਨਤੀ ਕਰਤਾ ਨੂੰ ਆਪਣਾ ਨਾਮ/ ਪਿਤਾ ਦਾ ਨਾਮ, ਪਿੰਡ ਦਾ ਨਾਮ, ਪਿੰਡ ਦੇ ਸਰਪੰਚ ਦਾ ਨਾਮ, ਤਹਿਸੀਲ/ ਜ਼ਿਲ੍ਹੇ ਦਾ ਨਾਮ, ਆਧਾਰ ਕਾਰਡ ਨੰਬਰ, ਮੋਬਾਈਲ ਨੰਬਰ ਅਤੇ ਜਿਸ ਥਾਂ ਦੀ ਖੁਦਾਈ ਕੀਤੀ ਜਾਣੀ , ਉਸ ਦੀ ਮਾਲ ਰਿਕਾਰਡ ਅਨੁਸਾਰ ਨੰਬਰ ਹਦਬਸਤ ਵਟਸਐਪ ਨੰਬਰ 99140-09095 ‘ਤੇ ਭੇਜੇਗਾ।
ਇਸ ਨਾਲ ਆਮ ਲੋਕਾਂ ਅਤੇ ਜਿੰਮੀਦਾਰਾਂ ਨੂੰ ਆਪਣੇ ਘਰਾਂ ਜਾਂ ਹੋਰ ਕੰਮਾਂ ਲਈ ਖੇਤਾਂ ਵਿੱਚੋਂ ਮਿੱਟੀ ਲੈ ਜਾਣਾ ਆਸਾਨ ਹੋ ਜਾਵੇਗਾ।
ਸ. ਬੈਂਸ ਨੇ ਦੱਸਿਆ ਕਿ ਸੂਚਨਾ ਮੁਕੰਮਲ ਤੇ ਸਹੀ ਹੋਣ ਦੀ ਸੂਰਤ ਵਿੱਚ ਨੋਡਲ ਅਫ਼ਸਰ ਬੇਨਤੀ ਕਰਤਾ ਨੂੰ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ ਵਟਸਟਐਪ ਜਾਂ ਟੈਕਸਟ ਮੈਸੇਜ ਰਾਹੀਂ ਜਾਰੀ ਕਰੇਗਾ।
ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਕੋਈ ਗਲਤ ਤੱਥ ਦੇ ਕੇ ਪੁਟਾਈ ਸੰਬਧੀ ਪ੍ਰਵਾਨਗੀ ਲਵੇਗਾ ਅਤੇ ਵਿਭਾਗੀ ਜਾਂਚ ਦੌਰਾਨ ਵੱਧ ਖੁਦਾਈ ਕਰਨ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਸਬੰਧਤ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਉਂਦੀ ਜਾਵੇਗੀ।

ਡਿਪਟੀ ਕਮਿਸ਼ਨਰ ਵੱਲੋਂ ਡੇਂਗੂ/ਮਲੇਰੀਆ/ਚਿਕਨਗੁਨੀਆ ਦੀ ਪ੍ਰਭਾਵਸ਼ਾਲੀ ਢੰਗ ਨਾਲ ਰੋਕਥਾਮ ਲਈ ਸਬੰਧਤ ਵਿਭਾਗਾਂ ਨਾਲ ਮੀਟਿੰਗ

ਰੋਕਥਾਮ ਅਤੇ ਜਾਗਰੂਕਤਾ ਗਤੀਵਿਧੀਆਂ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ-ਡਿਪਟੀ ਕਮਿਸ਼ਨਰ

ਮੋਗਾ 31 ਅਕਤੂਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਮਲੇਰੀਆ/ਡੇਂਗੂ/ਚਿਕਨਗੁਨੀਆ ਬਿਮਾਰੀਆਂ ਦੀ ਰੋਕਥਾਮ ਅਤੇ ਇਸ ਪ੍ਰਤੀ ਆਮ ਲੋਕਾਂ ਵਿੱਚ ਚਲਾਈਆਂ ਜਾ ਰਹੀਆਂ ਜਾਗਰੂਕਤਾ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਸਬੰਧਤ ਵਿਭਾਗਾਂ ਦੀ ਇੱਕ ਮੀਟਿੰਗ ਬੁਲਾਈ। ਇਸ ਮੀਟਿੰਗ ਵਿੱਚ ਸਿਹਤ ਵਿਭਾਗ, ਨਗਰ ਨਿਗਮ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤੋਂ ਇਲਾਵਾ ਪ੍ਰਾਈਵੇਟ ਬਲੱਡ ਬੈਂਕਾਂ ਦੇ ਨੁਮਾਇੰਦੇ ਹਾਜ਼ਰ ਸਨ। ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਲਈ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਦੀ ਜਰੂਰਤ ਹੈ। ਸਿਹਤ ਵਿਭਾਗ ਦੇ ਨੁਮਾਇੰਦਆਂ ਨੇ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਅਤੇ ਬਲਾਕ ਪੱਧਰ ਤੇ ਸਿਹਤ ਕਰਮਚਾਰੀਆਂ ਵੱਲੋਂ ਘਰ ਘਰ ਜਾ ਕੇ ਬੁਖਾਰ ਵਾਲੇ ਮਰੀਜ਼ਾਂ ਦਾ ਖੂਨ ਟੈਸਟ ਕੀਤਾ ਜਾਂਦਾ ਹੈ ਅਤੇ ਮਲੇਰੀਆ ਦੀ ਰਿਪੋਰਟ ਪਾਜੀਟਿਵ ਆਉਣ 'ਤੇ ਮਰੀਜ਼ਾਂ ਨੂੰ ਪੂਰਾ ਇਲਾਜ ਮੁਫ਼ਤ ਮੁਹੱਈਆ ਕਰਵਾਇਆ ਜਾਂਦਾ ਹੈ। ਮਲੇਰੀਆ ਅਤੇ ਡੇਂਗੂ ਪ੍ਰਭਾਵਿਤ ਇਲਾਕੇ ਵਿੱਚ ਫੀਵਰ ਸਰਵੇ ਅਤੇ ਸਪਰੇਅ ਕਰਵਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਆਦੇਸ਼ ਜਾਰੀ ਕੀਤੇ ਕਿ ਉਹ ਜ਼ਿਲ੍ਹੇ ਦੇ ਛੱਪੜਾਂ ਵਿੱਚ ਗੰਬੂਜੀਆ ਮੱਛੀਆਂ ਜੋ ਕਿ ਮੱਛਰਾਂ ਦਾ ਲਾਰਵਾ ਖਾਂਦੀਆਂ ਹਨ, ਨੂੰ ਛੱਡਣਾ ਯਕੀਨੀ ਬਣਾਉਣ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਤਿੰਨ ਪ੍ਰਾਈਵੇਟ ਹਸਪਤਾਲਾਂ ਨੂੰ ਪਲੇਟਲੇਟਸ ਵਧਾਉਣ ਲਈ ਸਰਕਾਰੀ ਹਸਪਤਾਲ ਨੂੰ ਸਹਿਯੋਗ ਦੇਣ ਲਈ ਕਿਹਾ। ਨਗਰ ਨਿਗਮ ਦੇ ਅਧਿਕਾਰੀਆਂ ਨੂੰ ਉਨ੍ਹਾਂ ਹਦਾਇਤ ਜਾਰੀ ਕੀਤੀ ਕਿ ਉਹ ਡੇਂਗੂ/ਚਿਕਨਗੁਨੀਆ/ਮਲੇਰੀਆ ਨੂੰ ਰੋਕਣ ਲਈ ਕਰਵਾਈ ਜਾਣ ਵਾਲੀ ਫਾਗਿੰਗ ਜਾਂ ਲਾਰਵੇ ਦੀ ਚੈਕਿੰਗ ਜਾਂ ਹੋਰ ਕਾਰਵਾਈ ਦਾ ਰੋਸਟਰ ਬਣਾ ਕੇ ਦਫ਼ਤਰ ਨੂੰ ਜਮ੍ਹਾਂ ਕਰਵਾਉਣ। ਉਨ੍ਹਾਂ ਦੱਸਿਆ ਕਿ ਏਡੀਜ਼ ਦੀ ਬ੍ਰੀਡਿੰਗ ਦੇ ਖਾਤਮੇ ਲਈ ਹਰ ਸ਼ੁੱਕਰਵਾਰ ਨੂੰ ਡ੍ਰਾਈ ਡੇ ਦੇ ਤੌਰ ਤੇ ਮਨਾਉਣ ਅਤੇ ਘਰਾਂ ਵਿੱਚ ਮੱਛਰਾਂ ਦੀ ਬ੍ਰੀਡਿੰਗ ਦੇ ਖਾਤਮੇ ਲਈ ਹਰ ਐਤਵਾਰ ਡੇਂਗੂ ਤੇ ਵਾਰ ਦਾ ਪ੍ਰਚਾਰ ਜੋਰਾਂ 'ਤੇ ਕੀਤਾ ਜਾਵੇ। ਇਸ ਦੌਰਾਨ ਘਰਾਂ ਵਿੱਚ ਪਏ ਪਾਣੀ ਸਟੋਰ ਕਰਨ ਵਾਲੇ ਬਰਤਨਾਂ ਜਾਂ ਕੰਨਟੇਨਰਾਂ ਨੂੰ ਢਕ ਕੇ ਰੱਖਿਆ ਜਾਵੇ ਅਤੇ ਘਰਾਂ ਵਿੱਚ ਪਏ ਖਾਲੀ ਕੰਨਟੇਨਰ, ਗਮਲੇ, ਟਾਇਰਾਂ, ਕੂਲਰ ਜਾਂ ਫਰਿਜਾਂ ਦੀਆਂ ਡਿਸਪੋਜ਼ਲ ਟ੍ਰੇਆਂ ਨੂੰ ਸਾਫ਼ ਕਰਵਾਇਆ ਜਾਵੇ। ਉਨ੍ਹਾਂ ਮਿਉਂਸਪਲ ਕਾਰਪੋਰੇਸ਼ਨ ਅਤੇ ਲੋਕਲ ਸਰਕਾਰੀ ਕਮੇਟੀਆਂ ਨੂੰ ਫਾਗਿੰਗ ਲਗਾਤਾਰ ਜਾਰੀ ਰੱਖਣ ਲਈ ਕਿਹਾ। ਉਨ੍ਹਾਂ ਕਿਹਾ ਕਿ ਏਡੀਜ਼ ਮੱਛਰ ਦਿਨ ਵੇਲੇ ਕੱਟਦਾ ਹੈ ਇਸ ਲਈ ਫਾਗਿੰਗ ਕਰਨ ਦਾ ਸਮਾਂ ਸਵੇਰੇ 9 ਤੋਂ 11 ਵਜੇ ਅਤੇ ਸ਼ਾਮ 4 ਤੋਂ 7 ਵਜੇ ਦੇ ਵਿੱਚ ਹੀ ਰੱਖਿਆ ਜਾਵੇ। ਅਖੀਰ ਉਨ੍ਹਾਂ ਸਮੂਹ ਵਿਭਾਗਾਂ ਨੂੰ ਆਦੇਸ਼ ਜਾਰੀ ਕੀਤੇ ਡੇਂਗੂ/ਚਿਕਨਗੁਨੀਆ/ਮਲੇਰੀਆ ਲਈ ਰੋਕਥਾਮ ਗਤੀਵਿਧੀਆਂ ਅਤੇ ਜਾਗਰੂਕਤਾ ਗਤੀਵਿਧੀਆਂ ਵਿੱਚ ਕੋਈ ਵੀ ਕਸਰ ਬਾਕੀ ਨਾ ਛੱਡੀ ਜਾਵੇ ਤਾਂ ਕਿ ਜ਼ਿਲ੍ਹੇ ਵਿੱਚ ਇਨ੍ਹਾਂ ਦੇ ਕੇਸਾਂ ਨੂੰ ਘਟਾਇਆ ਜਾ ਸਕੇ।

ਹੁਣ ਫਾਇਰ ਬ੍ਰਿਗੇਡ ਨਾਲ ਬੂਝਾਈਆਂ ਜਾਣਗੀਆਂ ਪਰਾਲੀ ਨੂੰ ਲਾਈਆਂ ਅੱਗਾਂ

ਚਾਰੋ ਤਹਿਸੀਲਾਂ ਵਿੱਚ ਤਾਇਨਾਤ ਹੋਣਗੇ ਫਾਇਰ ਟੈਂਡਰ - 45 ਹਾਟ ਸਪਾਟ ਉੱਤੇ ਰਹੇਗੀ ਤਿੱਖੀ ਨਜ਼ਰ - ਡਿਪਟੀ ਕਮਿਸ਼ਨਰ ਵੱਲੋਂ ਅੱਗ ਲੱਗਣ ਵਾਲੇ ਹਰੇਕ ਸਪਾਟ ਦਾ ਦੌਰਾ ਕਰਨ ਦੀ ਹਦਾਇਤ

ਮੋਗਾ, 31 ਅਕਤੂਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਜ਼ਿਲ੍ਹਾ ਮੋਗਾ ਵਿੱਚ ਹੁਣ ਤੋਂ ਬਾਅਦ ਲੱਗਣ ਵਾਲੀਆਂ ਪਰਾਲੀ ਦੀਆਂ ਅੱਗਾਂ ਨੂੰ ਫਾਇਰ ਬ੍ਰਿਗੇਡ ਗੱਡੀਆਂ ਨਾਲ ਬੁਝਾਇਆ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਹ ਸਖ਼ਤ ਕਦਮ ਦਿਨੋਂ ਦਿਨ ਵਧ ਰਹੀਆਂ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਲਿਆ ਗਿਆ ਹੈ। ਅੱਜ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨਾਲ ਵੀਡਿਓ ਕਾਨਫਰੰਸ ਕਰਨ ਉਪਰੰਤ ਸਬੰਧਤ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚ ਮਿਤੀ 30 ਨਵੰਬਰ ਤੱਕ 341 ਅੱਗਾਂ ਲੱਗਣ ਦੀ ਰਿਪੋਰਟ ਪ੍ਰਾਪਤ ਹੋਈ ਹੈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਭਾਵੇਂਕਿ ਘੱਟ ਹੈ ਪਰ ਇਸ ਵਿੱਚ ਅਗਲੇ ਦਿਨਾਂ ਦੌਰਾਨ ਤੇਜ਼ੀ ਆਉਣ ਦਾ ਖ਼ਦਸ਼ਾ ਹੈ। ਪਿਛਲੇ ਸਾਲ ਇਸ ਸਮੇਂ ਤੱਕ 390 ਤੋਂ ਵਧੇਰੇ ਅੱਗਾਂ ਲਾਈਆਂ ਗਈਆਂ ਸਨ। ਉਹਨਾਂ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚ ਇਸ ਵੇਲੇ ਚਾਰ ਫਾਇਰ ਟੈਂਡਰ ਮੌਜੂਦ ਹਨ, ਜਿਹਨਾਂ ਨੂੰ ਚਾਰੋ ਤਹਿਸੀਲਾਂ ਵਿੱਚ ਤਾਇਨਾਤ ਕੀਤਾ ਜਾਵੇਗਾ। ਜਿੱਥੇ ਕਿਤੇ ਪਰਾਲੀ ਨੂੰ ਅੱਗ ਲਾਉਣ ਦੀ ਘਟਨਾ ਦਾ ਪਤਾ ਲੱਗੇਗਾ ਤਾਂ ਇਹ ਉਥੇ ਜਾ ਕੇ ਤੁਰੰਤ ਅੱਗ ਬੁਝਾਉਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚ 45 ਦੇ ਕਰੀਬ ਹਾਟ ਸਪਾਟ ਹਨ, ਜਿਹਨਾਂ ਉੱਤੇ ਤਿੱਖੀ ਨਜ਼ਰ ਰੱਖੀ ਜਾਵੇਗੀ। ਉਹਨਾਂ ਸਪੱਸ਼ਟ ਕੀਤਾ ਕਿ ਜਿਸ ਖੇਤ ਵਿੱਚ ਫਾਇਰ ਟੈਂਡਰ ਵੱਲੋਂ ਅੱਗ ਬੁਝਾਈ ਜਾਵੇਗੀ ਉਸ ਖੇਤ ਦਾ ਜਲਦੀ ਸੁੱਕਣਾ ਸੰਭਵ ਨਹੀਂ ਹੋਵੇਗਾ। ਇਸ ਕਰਕੇ ਉਸ ਖੇਤ ਵਿੱਚ ਅਗਲੀ ਫਸਲ ਦੀ ਬਿਜਾਈ ਵੀ ਦੇਰੀ ਨਾਲ ਸੰਭਵ ਹੋ ਸਕੇਗੀ। ਕਿਸਾਨਾਂ ਨੂੰ ਇਸ ਦਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਆਪਣੇ ਖੇਤਾਂ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਹੈ। ਉਹਨਾਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਯਕੀਨੀ ਬਣਾਉਣ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਤੱਕ ਬਿਲਕੁਲ ਸਹੀ ਡਾਟਾ ਆਉਣਾ ਚਾਹੀਦਾ ਹੈ। ਉਹਨਾਂ ਨੋਡਲ ਅਫ਼ਸਰਾਂ ਅਤੇ ਕਲੱਸਟਰ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਜਿਹੜੇ ਖੇਤ ਵਿੱਚ ਅੱਗ ਲੱਗਦੀ ਹੈ ਤਾਂ ਇਹ ਯਕੀਨੀ ਬਣਾਇਆ ਜਾਵੇ ਕਿ ਅਗਲੇ 48 ਘੰਟੇ ਵਿੱਚ ਉਥੇ ਦਾ ਮੌਕਾ ਜ਼ਰੂਰ ਦੇਖਿਆ ਜਾਵੇ। ਅੱਗ ਲੱਗਣ ਦੀ ਘਟਨਾ ਸਹੀ ਪਾਈ ਜਾਣ ਉੱਤੇ ਸਬੰਧਤ ਕਿਸਾਨ ਦੇ ਮਾਲ ਰਿਕਾਰਡ ਵਿੱਚ ਰੈੱਡ ਐਂਟਰੀ ਅਤੇ ਜੁਰਮਾਨਾ ਪਾਉਣ ਵਾਲਾ ਕੰਮ ਤੁਰੰਤ ਕੀਤਾ ਜਾਵੇ। ਉਹਨਾਂ ਐਸ ਡੀ ਐਮਜ਼ ਨੂੰ ਕਿਹਾ ਕਿ ਨੋਡਲ ਅਫ਼ਸਰਾਂ ਅਤੇ ਕਲੱਸਟਰ ਅਫ਼ਸਰਾਂ ਨਾਲ ਲਗਾਤਾਰ ਮੀਟਿੰਗ ਕਰਕੇ ਰੀਵਿਊ ਕੀਤਾ ਜਾਵੇ।

''ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ'' ਲਈ ਅਰਜ਼ੀਆਂ ਦੀ ਮੰਗ

ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਮੋਗਾ ਵਿਖੇ 30 ਨਵੰਬਰ ਤੱਕ ਭੇਜੀਆਂ ਜਾ ਸਕਦੀਆਂ ਹਨ ਅਰਜੀਆਂ-ਡਿਪਟੀ ਕਮਿਸ਼ਨਰ

ਮੋਗਾ, 31 ਅਕਤੂਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ)  ਯੁਵਕ ਸੇਵਾਵਾਂ ਵਿਭਾਗ ਵੱਲੋਂ ਪੰਜਾਬ ਦੇ ਚੋਣਵੇਂ ਨੌਜਵਾਨਾਂ ਨੂੰ ''ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ'' ਸਾਲ 2021-22 ਦੇਣ ਦੀ ਤਜਵੀਜ਼ ਹੈ। ਇਸ ਪੁਰਸਕਾਰ ਲਈ ਚੁਣੇ ਗਏ ਨੌਜਵਾਨਾਂ ਨੂੰ ਮੈਡਲ, ਸਕਰੋਲ ਸਰਟੀਫਿਕੇਟ ਅਤੇ 51 ਹਜ਼ਾਰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ''ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਰਾਜ ਯੁਵਾ ਪੁਰਸਕਾਰ'', ਯੁਵਕ ਗਤੀਵਿਧੀਆਂ ਵਿੱਚ ਉੱਘਾ ਤੇ ਸ਼ਲਾਘਾਯੋਗ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੁਰਸਕਾਰ ਲਈ ਨੌਜਵਾਨ ਪਿਛਲੇ ਸਾਲਾਂ ਤੋਂ ਵੱਖ-ਵੱਖ ਯੁਵਕ ਗਤੀਵਿਧੀਆਂ ਜਿਵੇਂ ਯੁਵਕ ਭਲਾਈ ਗਤੀਵਿਧੀਆਂ, ਕੌਮੀ ਸੇਵਾ ਯੋਜਨਾ, ਐੱਨ.ਸੀ.ਸੀ., ਸੱਭਿਆਚਾਰਕ ਗਤੀਵਿਧੀਆਂ, ਪਰਬਤ ਰੋਹਣ, ਹਾਈਕਿੰਗ ਟਰੈਕਿੰਗ, ਖੇਡਾਂ, ਸਮਾਜ ਸੇਵਾ, ਰਾਸ਼ਟਰੀ ਏਕਤਾ, ਖੂਨਦਾਨ, ਨਸ਼ਿਆਂ ਵਿਰੁੱਧ ਜਾਗਰੂਕਤਾ, ਵਿੱਦਿਅਕ ਯੋਗਤਾ, ਬਹਾਦਰੀ ਦੇ ਕਾਰਨਾਮੇ, ਸਕਾਊਟਿੰਗ, ਗਾਈਡਿੰਗ ਅਤੇ ਸਾਹਸੀ ਗਤੀਵਿਧੀਆਂ ਵਿੱਚ ਹਿੱਸਾ ਲੈਂਦਾ ਰਿਹਾ ਹੋਵੇ। ਉਨ੍ਹਾਂ ਦੱਸਿਆ ਕਿ ਇਹ ਪੁਰਸਕਾਰ ਸਿਰਫ਼ ਪੰਜਾਬ ਦੇ ਨੌਜਵਾਨਾਂ ਲਈ ਹੈ ਅਤੇ ਉਮੀਦਵਾਰ ਦੀ ਉਮਰ ਮਿਤੀ 31 ਮਾਰਚ, 2022 ਨੂੰ 15 ਸਾਲ ਤੋਂ ਘੱਟ ਅਤੇ 35 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਮੀਦਵਾਰ ਯੁਵਕ ਭਲਾਈ ਗਤੀਵਿਧੀਆਂ ਜਾਂ ਸਮਾਜ ਸੇਵਾ ਵਿੱਚ ਸ਼ਾਮਲ ਹੁੰਦਾ ਰਿਹਾ ਹੋਵੇ ਅਤੇ ਪੁਰਸਕਾਰ ਪ੍ਰਾਪਤ ਹੋਣ ਉਪਰੰਤ ਵੀ 2 ਸਾਲ ਬਾਅਦ ਇਨ੍ਹਾਂ ਗਤੀਵਿਧੀਆਂ ਨੂੰ ਚਾਲੂ ਰੱਖਣ ਦਾ ਇਛੁੱਕ ਹੋਵੇ। ਇਹ ਗਤੀਵਿਧੀਆਂ ਸਮਾਜ ਸੇਵਾ ਅਤੇ ਨੌਜਵਾਨਾਂ ਦੇ ਵਿਕਾਸ ਵਿੱਚ ਸਹਾਈ ਹੋਣੀਆਂ ਚਾਹੀਦੀਆਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪੁਰਸਕਾਰ ਲਈ ਚੋਣ ਉਸ ਦੀ ਸਮਾਜ ਸੁਧਾਰ ਵਿੱਚ ਅਸਲ ਇੱਛਾ ਅਤੇ ਪ੍ਰਤੀਨਿਧਤਾ ਦੇ ਆਧਾਰ 'ਤੇ ਕੀਤੀ ਜਾਵੇਗੀ। ਇਸ ਪੁਰਸਕਾਰ ਲਈ ਯੋਗ ਉਮੀਦਵਾਰ ਆਪਣੀਆਂ ਅਰਜ਼ੀਆਂ ਅਤੇ ਪ੍ਰਾਪਤੀ ਸਬੰਧੀ ਆਪਣੀ ਪ੍ਰਤੀ ਬੇਨਤੀ (ਦਸਤਾਵੇਜ਼) ਦੀ ਫਾਈਲ ਜ਼ਿਲ੍ਹੇ ਦੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਮੋਗਾ ਜਿੰਨ੍ਹਾਂ ਦਾ ਦਫ਼ਤਰ ਇਨਡੋਰ ਖੇਡ ਸਟੇਡੀਅਮ, ਨੇੜੇ ਪੀ.ਡਬਲਿਊ.ਡੀ. ਰੈਸਟ ਹਾਊਸ, ਜੀ.ਟੀ. ਰੋਡ ਮੋਗਾ ਵਿਖੇ ਸਥਿਤ ਹੈ ਵਿਖੇ 30 ਨਵੰਬਰ, 2022 ਤੱਕ ਭੇਜ ਸਕਦੇ ਹਨ।ਵਧੇਰੇ ਜਾਣਕਾਰੀ ਲਈ ਦਵਿੰਦਰ ਸਿੰਘ ਲੋਟੇ, ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਦੇ ਮੋਬਾਇਲ ਨੰਬਰ 98554-01443 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ  251ਵੇਂ ਦਿਨ ਪਿੰਡ ਕਨੇਚ ਨੇ ਹਾਜ਼ਰੀ ਭਰੀ   

ਸਰਕਾਰਾਂ ਸਿੱਖਾਂ ਨੂੰ ਇਨਸਾਫ ਦੇਣ ਦੀ ਬਜਾਏ ਬੇਅਦਬੀਆਂ ਦੇ ਦੋਸ਼ੀਆਂ ਨੂੰ ਹੱਲਾਸ਼ੇਰੀ ਦੇਣ ਲੱਗੀਆਂ ਹੋਈਆਂ ਹਨ -ਜਥੇਦਾਰ ਕਨੇਚ  

ਸਰਾਭਾ / ਮੁੱਲਾਪੁਰ,30 ਅਕਤੂਬਰ  ( ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 251ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਕਨੇਚ ਜ਼ਿਲ੍ਹਾ ਲੁਧਿਆਣਾ ਤੋਂ  ਜਥੇਦਾਰ ਗੁਰਮੇਲ ਸਿੰਘ ਕਨੇਰ, ਬਾਪੂ ਸ਼ੇਰ ਸਿੰਘ ਕਨੇਚ,ਤਰਲੋਚਨ ਸਿੰਘ ਕਨੇਚ, ਅਜਮੇਰ ਸਿੰਘ ਕਨੇਚ, ਅਮਰਦੀਪ ਸਿੰਘ ਦੀਪਾ ਕਨੇਚ,ਗੁਰਮੇਲ ਸਿੰਘ ਕਨੇਚ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ।ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਬਾਪੂ ਸ਼ੇਰ ਸਿੰਘ ਕਨੇਚ ਜਥੇਦਾਰ ਗੁਰਮੇਲ ਸਿੰਘ ਕਨੇਚ ਨੇ ਆਖਿਆ ਕਿ ਸਰਸੇ ਵਾਲੇ ਪਾਖੰਡੀ ਸਾਧ ਨੂੰ ਵਾਰ ਵਾਰ ਪੈਰੋਲ ਤੇ ਰਿਹਾਅ ਕਰ ਕੇ ਸੈਂਟਰ ਸਰਕਾਰ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ। ਜੋ ਸਰਕਾਰਾਂ ਦੇ ਲੀਡਰ  ਕਾਤਲ,ਬਲਾਤਕਾਰੀ ਜੋਕਰ ਕਿਸਮ ਦੇ ਘਟੀਆ ਸੋਚ ਰੱਖਣ ਵਾਲੇ ਪਾਖੰਡੀ ਸਾਧ ਨੂੰ ਚੱਕ ਚਕਾ ਕੇ ਬਾਂਦਰ ਟਪੂਸੀਆਂ ਲਗਵਾ ਰਹੇ ਹਨ । ਜੋ ਸਿੱਖ ਵੀ ਅੱਗੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਮਸਲੇ ਤੇ   ਇਨਸਾਫ ਮਿਲਣ 'ਚ ਹੋ ਰਹੀ ਦੇਰੀ ਦੇ ਚਲਦਿਆਂ ਸਮੁੱਚੀ ਸਿੱਖ ਕੌਮ ਪਹਿਲਾਂ ਹੀ ਸਰਕਾਰਾਂ ਤੋਂ ਅੱਕੀ ਬੈਠੀ ਹੈ। ਸਰਕਾਰਾਂ ਸਿੱਖਾਂ ਨੂੰ ਇਨਸਾਫ ਦੇਣ ਦੀ ਬਜਾਏ ਬੇਅਦਬੀਆਂ ਦੇ ਦੋਸ਼ੀਆਂ ਨੂੰ ਹੱਲਾਸ਼ੇਰੀ ਦੇਣ ਲੱਗੀਆਂ ਹੋਈਆਂ ਹਨ। ਜਿਵੇਂ ਕਿ 1978 ਈ:ਨੂੰ  ਵਿਸਾਖੀ ਵਾਲੇ ਦਿਨ ਜੋ ਪਾਖੰਡੀ ਨਿਰੰਕਾਰੀ ਸਮਾਗਮ ਵੀ ਸਰਕਾਰਾਂ ਨੇ ਹੀ ਧੱਕੇ ਨਾਲ ਕਰਵਾਇਆ ਸੀ।ਜੋ ਨਿਰੰਕਾਰੀ ਗੁਰਬਚਨਾ ਵੀ ਉਸ ਸਮੇਂ  ਗੁਰੂ ਗ੍ਰੰਥ ਸਾਹਿਬ ਜੀ ਦੀਆਂ  ਬੇਅਦਬੀਆਂ ਕਰਵਾ ਰਿਹਾ ਸੀ। ਜਦੋਂ ਸਿੱਖ ਕੌਮ ਦੇ ਜੁਝਾਰੂ ਲੋਕ ਪਾਖੰਡੀ ਸਾਧ ਦਾ ਸਮਾਗਮ  ਬੰਦ ਕਰਵਾਉਣ ਲਈ ਜਾ ਰਹੇ ਸਨ ਤਾਂ ਨਿਰੰਕਾਰੀ ਗੁੰਡਿਆਂ ਨੇ 13 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਸੀ ਅਤੇ ਅਨੇਕਾਂ ਹੀ ਸਿੰਘ ਜ਼ਖ਼ਮੀ ਵੀ ਹੋ ਗਏ ਸਨ। ਉਸ ਤੋਂ ਬਾਅਦ ਨਿਰੰਕਾਰੀ ਗੁਰਬਚਨੇ ਨੂੰ ਸੋਧਾ ਲਾ ਕੇ ਸਿੱਖ ਸ਼ਹੀਦਾਂ ਦਾ ਬਦਲਾ ਲਿਆ । ਹੁਣ ਸਰਕਾਰਾਂ ਫਿਰ ਦੁਬਾਰਾ ਤੋਂ ਉਹੀ ਇਤਿਹਾਸ ਦੁਹਰਾ ਰਹੀਆਂ ਹਨ । ਜਿਸ ਵਿੱਚ ਪੰਜਾਬ ਸਰਕਾਰ ਵੀ ਪਾਖੰਡੀ ਸਾਧ ਸਰਸੇ ਵਾਲ਼ੇ ਦੇ ਆਨਲਾਈਨ ਸਤਿਸੰਗ ਕਰਵਾ ਕੇ ਪੰਜਾਬ ਦਾ ਮਾਹੌਲ ਫਿਰ ਤੋਂ ਖਰਾਬ ਕਰ ਰਹੀਆਂ ਹਨ ।ਸੋ ਪੰਜਾਬ ਸਰਕਾਰ ਇਸ ਪਾਖੰਡੀ ਦੇ ਪੰਜਾਬ ਵਿੱਚ ਸਮਾਗਮ ਪੂਰੀ ਤਰ੍ਹਾਂ ਬੰਦ ਕਰਨ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਂਤ ਮਈ ਪੰਜਾਬ ਨੂੰ ਅੱਗ ਲਾਉਣ ਵਿੱਚ ਪੰਜਾਬ ਸਰਕਾਰ ਦਾ ਅਹਿਮ ਰੋਲ ਹੋਵੇਗਾ। ਉਨ੍ਹਾਂ ਨੇ ਆਖਰ ਵਿੱਚ ਸਮੁੱਚੇ ਪੰਜਾਬ ਦੀਆਂ ਸੰਗਤਾਂ ਨੂੰ ਆਖਿਆ ਕਿ ਜੇਕਰ ਸੌਦਾ ਸਾਧ ਦੇ ਚੇਲੇ ਬਲਾਤਕਾਰੀ, ਕਾਤਲ ਲਈ ਇਕੱਠੇ ਹੋ ਸਕਦੇ ਹਨ ਤਾਂ ਫਿਰ ਤੁਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਪਾਪੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਘਰਾਂ ਤੋਂ ਨਿਕਲਣ 'ਚ ਦੇਰੀ ਕਿਉਂ ਕਰ ਰਹੇ ਹੋ ।ਇਸ ਲਈ ਸਿੱਖ ਕੌਮ ਦੀਆਂ ਹੱਕਾਂ ਲਈ ਜਲਦ ਚੱਲ ਰਹੇ ਸੰਘਰਸ਼ਾਂ ਵਿਚ ਪਹੁੰਚੇ ਤਾਂ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਵੀ ਜਲਦ ਰਿਹਾਅ ਕਰਵਾ ਸਕੇ। ਇਸ ਮੌਕਾ ਖਜ਼ਾਨਚੀ ਪਰਵਿੰਦਰ ਸਿੰਘ ਟੂਸੇ,ਨੰਬੜਦਾਰ ਜਸਮੇਲ ਸਿੰਘ ਜੰਡ,ਜਸਵਿੰਦਰ ਸਿੰਘ ਨਾਰੰਗਵਾਲ ਕਲਾਂ, ਇੰਦਰਪਾਲ ਸਿੰਘ ਨਾਰੰਗਵਾਲ ਕਲਾਂ,ਸੰਤੋਖ ਸਿੰਘ ਦੁਗਰੀ,ਸੁਖਮੰਦਰ ਸਿੰਘ ਅੱਬੂਵਾਲ,ਸਾਬਕਾ ਸਰਪੰਚ ਜਸਬੀਰ ਸਿੰਘ ਟੂਸੇ,ਬੰਤ ਸਿੰਘ ਸਰਾਭਾ,ਮੇਵਾ ਸਿੰਘ ਸਰਾਭਾ,ਹਰਬੰਸ ਸਿੰਘ ਪੰਮਾ ਹਿੱਸੋਵਾਲ,ਹਰਦੀਪ ਸਿੰਘ ਦੋਲੋ ਖੁਰਦ,ਕਾਕਾ ਜਸਰਾਜ ਸਿੰਘ ਜੰਡ, ਬੱਚੀ ਪ੍ਰਨੀਤ ਕੌਰ ਚੀਮਾ ਜੰਡ ਆਦਿ ਹਾਜ਼ਰੀ ਭਰੀ ।

ਏਕਤਾ ਮਨੁੱਖੀ ਅਧਿਕਾਰ ਬਿਊਰੋ ਹਰ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੇ ਪ੍ਰਸ਼ਾਸਨ ਤੋਂ ਪਹਿਲ ਦੇ ਆਧਾਰ ਤੇ ਹੱਲ ਕਰਵਾ ਰਹੀ ਹੈ-ਘੋਲੀਆ   

ਬਲਾਕ ਮਹਿਲ ਕਲਾਂ ਦੀ ਹੋਈ ਚੋਣ ਵਿੱਚ ਜਗਦੇਵ ਸਿੰਘ ਠੀਕਰੀਵਾਲ ਨੂੰ ਬਲਾਕ ਪ੍ਰਧਾਨ ਚੁਣਿਆ ਗਿਆ                                         

ਬਰਨਾਲਾ /ਮਹਿਲ ਕਲਾਂ 30 ਅਕਤੂਬਰ (ਗੁਰਸੇਵਕ ਸੋਹੀ ) ਏਕਤਾ ਮਨੁੱਖੀ ਅਧਿਕਾਰ ਬਿਊਰੋ ਮੁਲਾਜ਼ਮ ਜਥੇਬੰਦੀ ਦੀ ਜ਼ਿਲ੍ਹਾ ਬਰਨਾਲਾ ਇਕਾਈ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਠੁੱਲੀਵਾਲ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਛੇਵੀਂ ਪਾਤਸ਼ਾਹੀ ਕਸਬਾ ਮਹਿਲ ਕਲਾਂ ਵਿਖੇ ਹੋਈ। ਇਸ ਮੌਕੇ ਮਨੁੱਖੀ ਅਧਿਕਾਰ ਬਿਊਰੋ ਪੰਜਾਬ ਦੇ ਵਾਇਸ ਚੇਅਰਮੈਨ ਬਲਵਿੰਦਰ ਸਿੰਘ ਘੋਲੀਆ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਜਥੇਬੰਦੀ ਪਿਛਲੇ ਲੰਬੇ ਸਮੇਂ ਤੋਂ ਜਿੱਥੇ ਜਬਰ ਜ਼ੁਲਮ ਅਤੇ ਵਧੀਕੀਆਂ ਖ਼ਿਲਾਫ਼ ਅਵਾਜ ਬੁਲੰਦ ਕਰਦੀ ਆ ਰਹੀ ਹੈ ਉਥੇ ਕਿਸਾਨਾਂ ,ਮਜ਼ਦੂਰਾਂ, ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਲਈ ਵੀ ਦਿਨ ਰਾਤ ਇੱਕ ਕਰਕੇ ਕੇਂਦਰ ਤੇ ਰਾਜ ਸਰਕਾਰਾਂ ਉੱਪਰ ਦਬਾਅ ਬਣਾ ਕੇ ਉਨ੍ਹਾਂ ਦੇ ਬਣਦੇ ਹੱਕ ਦਿਵਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਕੇਦਰ ਤੇ ਰਾਜ ਸਰਕਾਰਾ ਦੀਆਂ ਗ਼ਲਤ ਨੀਤੀਆਂ ਕਾਰਨ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ ਅਤੇ   ਹਰ ਵਰਗ ਦੇ ਲੋਕਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਏਕਤਾ ਮਨੁੱਖੀ ਅਧਿਕਾਰ ਬਿਊਰੋ ਦਾ ਅੰਗ ਬਣ ਕੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਸਮੇਂ ਦੀ ਮੁੱਖ ਲੋੜ ਹੈ ।ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਲੰਬੇ ਸਮੇਂ ਤੋਂ ਮੁਲਾਜ਼ਮਾਂ ਦੀ ਲਟਕਦੀ ਆ ਰਹੀ ਪੁਰਾਣੀ ਪੈਨਸ਼ਨ ਨੂੰ ਲਾਗੂ ਕਰਨ ਲਈ ਤੁਰੰਤ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਸਕੂਲ ਵਿੱਚ ਪਾਰਟ ਟਾਈਮ ਕੰਮ ਕਰਨ ਵਾਲੇ ਕਾਮਿਆਂ ਨੂੰ  ਦਰਜਾ ਚਾਰ ਦੀਆਂ ਅਸਾਮੀਆਂ ਤੇ ਰੈਗੂਲਰ ਕੀਤਾ ਜਾਵੇ। ਮਿਡ ਡੇ ਮੀਲ ਵਰਕਰਾਂ ਦੀਆਂ ਤਨਖਾਹਾਂ ਵਿਚ ਵਾਧਾ ਕੀਤਾ ਜਾਵੇ ।ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਪਟਵਾਰੀ ਪ੍ਰੀਤਮ ਸਿੰਘ ਰਤਨ ਨੇ ਕਿਹਾ ਕਿ ਲਾਲ ਲਕੀਰ ਅੰਦਰ ਜੋ ਰਜਿਸਟਰੀਆਂ ਕਰਨ ਦੇ ਅਧਿਕਾਰ ਸਰਕਾਰ ਵੱਲੋਂ ਮਾਲ ਵਿਭਾਗ ਨੂੰ ਦਿੱਤੇ ਜਾਣ ਉਸ ਵਿੱਚ ਰਕਬੇ ਦੀ ਲੰਬਾਈ ਚੜ੍ਹਾਈ ਕੁੱਲ ਰਕਬਾ ਵਰਗੋ ਫੋਟੋ ਕੋਲੋਂ ਕਨਾਲ ਮਰਲਾ ਲਿਖਣਾ ਚਾਹੀਦਾ ਹੈ ਤੋਂ ਜੋ ਕਿ ਜ਼ਮੀਨ ਦੇ ਰਕਬੇ ਵਿਚ ਵੱਧ ਘੱਟ ਰਕਬੇ ਦੀ ਸ਼ਨਾਖ਼ਤ ਹੋ ਸਕੇ। ਉਨ੍ਹਾਂ ਕਿਹਾ ਕਿ ਰਜਿਸਟਰੀ ਤੇ ਇੰਤਕਾਲ ਖਾਨਾ ਨੰਬਰ 4ਹੋਣਾ ਚਾਹੀਦਾ ਹੈ ਮੌਕੇ ਜਥੇਬੰਦੀ ਦੇ ਮੁਲਾਜ਼ਮ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਠੁੱਲੀਵਾਲ ਨੇ ਕਿਹਾ ਕਿ ਸਰਕਾਰਾਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆਂ ਕਰਦੀਆਂ ਰਹੀਆਂ ਹਨ ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੰਗਾਂ ਮੰਨਣ ਦਾ ਐਲਾਨ ਤਾਂ ਕਰ ਚੁੱਕੀਆਂ ਹਨ ਪਰ ਹੁਣ ਤਕ ਉਨ੍ਹਾਂ ਦਾ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਦੇ ਹਿੱਤਾਂ ਲਈ ਲਏ ਫ਼ੈਸਲਿਆਂ ਦੇ ਤੁਰੰਤ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਇਸ ਮੌਕੇ ਏਕਤਾ ਮਨੁੱਖੀ ਅਧਿਕਾਰ ਬਿਊਰੋ ਦੀ ਬਲਾਕ ਮਹਿਲ ਕਲਾਂ ਇਕਾਈ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਸਰਬਸੰਮਤੀ ਨਾਲ ਚੋਣ ਕਰਵਾਈ ਗਈ। ਜਿਸ ਵਿੱਚ ਜਗਦੇਵ ਸਿੰਘ ਠੀਕਰੀਵਾਲ ਨੂੰ ਬਲਾਕ ਪ੍ਰਧਾਨ, ਗੁਰਜੰਟ ਸਿੰਘ ਅਮਲਾ ਸਿੰਘ ਵਾਲਾ ਨੂੰ ਮੀਤ ਪ੍ਰਧਾਨ, ਅਵਤਾਰ ਸਿੰਘ ਠੀਕਰੀਵਾਲ ਨੂੰ ਜਨਰਲ ਸਕੱਤਰ, ਪਵਨਦੀਪ ਕੌਰ ਸਹਿਜੜਾ ਨੂੰ ਸਕੱਤਰ, ਬਲਜੀਤ ਕੌਰ ਮਹਿਲ ਕਲਾਂ ਨੂੰ ਖ਼ਜ਼ਾਨਚੀ, ਬਲਜੀਤ ਕੌਰ ਮਹਿਲ ਖੁਰਦ, ਕਰਮਜੀਤ ਕੌਰ ਮਹਿਲ ਕਲਾਂ ਨੂੰ ਸਲਾਹਕਾਰ ਅਤੇ ਸਰਬਜੀਤ ਕੌਰ ਠੀਕਰੀਵਾਲ ਨੂੰ ਮੈਂਬਰ ਚੁਣਿਆ ਗਿਆ ।ਇਸ ਤੋਂ ਇਲਾਵਾ ਹੋਰ ਵਰਕਰ ਆਗੂ ਵੀ ਹਾਜ਼ਰ ਸਨ।

ਕੈਂਪ ਦੌਰਾਨ 500 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ

ਕਲੱਬ ਦਾ ਮੁੱਖ ਉਦੇਸ਼ ਮੋਤੀਆ ਬਿੰਦ ਮੁਕਤ ਰਾਮਾਂ ਮੰਡੀ- ਡਾ. ਕਲਿਆਣੀ

ਤਲਵੰਡੀ ਸਾਬੋ, 30 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਤੀਸ਼ ਕੁਮਾਰ ਗਰਗ ਰਿਟਾ. ਜੇ.ਈ. ਭਾਰਤ ਸੰਚਾਰ ਨਿਗਮ ਦੇ ਪਿਤਾ ਮਦਨ ਲਾਲ ਗਰਗ ਦੀ ਯਾਦ ਵਿਚ ਲੋੜਵੰਦ ਲੋਕਾਂ ਦੀ ਸੇਵਾ ਲਈ 24 ਘੰਟੇ ਤਿਆਰ ਰਹਿਣ ਵਾਲੀ ਐਨਜੀਓ ਦੀ ਰਾਮਾਂ ਸਹਾਰਾ ਵੈਲਫੇਅਰ ਕਲੱਬ (ਰਜਿ.) ਵੱਲੋਂ ਸੁਖਮਨੀ ਹਸਪਤਾਲ ਡੱਬਵਾਲੀ ਅਤੇ ਲਾਇਨ ਚੈਰੀਟੇਬਲ ਟਰੱਸਟ ਗੰਗਸਰ ਜੈਤੋ ਦੇ ਵਿਸ਼ੇਸ਼ ਸਹਿਯੋਗ ਨਾਲ ਅੱਖਾਂ ਦਾ ਮੁਫਤ ਚੈਕਅੱਪ ਕੈਂਪ ਅੱਜ ਹਿੰਦੂ ਸੀਨੀਅਰ ਸੈਕੰਡਰੀ ਸਕੂਲ ਰਾਮਾਂ ਵਿਖੇ ਲਗਾਇਆ ਗਿਆ। ਜਿਸਦਾ ਉਦਘਾਟਨ ਸਮਾਜਸੇਵੀ ਅਰੁਣ ਬਾਂਸਲ ਕਾਦੀ ਚੱਠਾ ਨੇ ਕੀਤਾ। ਕੈਂਪ ਦੌਰਾਨ ਸੁਖਮਨੀ ਹਸਪਤਾਲ ਡੱਬਵਾਲੀ ਦੇ ਅੱਖਾਂ  ਦੀ ਮਾਹਰ ਡਾ. ਨੀਤੀ ਵੱਲੋਂ 550 ਤੋਂ ਵੱਧ ਮਰੀਜਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ ਜਿਹਨਾਂ ਵਿੱਚੋਂ 120 ਦੇ ਲਗਭਗ ਚਿੱਟੇ ਮੋਤੀਏ ਦੇ ਮਰੀਜ਼ ਸਾਹਮਣੇ ਆਏ ਹਨ ਜਿਹਨਾਂ ਦੇ ਮੁਫਤ ਅਪਰੇਸ਼ਨ ਕਰਕੇ ਲੈਨਜ਼ ਪਾਏ ਜਾਣਗੇ ਅਤੇ ਬਾਕੀ ਮਰੀਜਾਂ ਨੂੰ ਲੋੜ ਅਨੁਸਾਰ ਦਵਾਈ ਅਤੇ ਐਨਕਾਂ ਮੁਫਤ ਦਿੱਤੀਆਂ ਗਈਆਂ। ਕੈਂਪ ਵਿੱਚ ਸਹਿਯੋਗ ਲਈ ਮੁੱਖ ਮਹਿਮਾਨ ਕਾਦੀ ਚੱਠਾ, ਡਾਕਟਰ ਨੀਤੀ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕਰਦੇ ਹੋਏ ਕਲੱਬ ਦੇ ਪ੍ਰਧਾਨ ਡਾ. ਸੋਹਨ ਲਾਲ ਕਲਿਆਣੀ ਨੇ ਕਿਹਾ ਕਿ ਕਲੱਬ ਦਾ ਮੁੱਖ ਉਦੇਸ਼ ਰਾਮਾਂ ਮੰਡੀ ਇਲਾਕੇ ਨੂੰ ਮੋਤੀਆ ਬਿੰਦ ਮੁਕਤ ਕਰਨਾ ਹੈ ਜਿਸਨੂੰ ਧਿਆਣ ’ਚ ਰੱਖਦੇ ਹੋਏ ਅੱਜ ਦੇ ਮਹਿੰਗੇ ਇਲਾਜ ਦੇ ਯੁੱਗ ਵਿੱਚ ਅੱਖਾਂ ਦੇ ਮਰੀਜਾਂ ਲਈ ਅੱਜ ਮੁਫ਼ਤ ਕੈਂਪ ਲਗਾਇਆ ਗਿਆ ਹੈ। ਉਹਨਾਂ ਅੱਖਾਂ ਦੇ ਰੋਗਾਂ ਤੋਂ ਬਚਾਓ ਲਈ ਕੈਂਪ ਵਿੱਚ ਆਏ ਮਰੀਜਾਂ ਨੂੰ ਦੱਸਿਆ ਅੱਖਾਂ ਸਰੀਰ ਦਾ ਸੱਭ ਤੋਂ ਮਹੱਤਵ ਪੂਰਨ ਅੰਗ ਹਨ ਇਸ ਲਈ ਅੱਖਾਂ ਦੀ ਸੰਭਾਲ ਸਭ ਤੋਂ ਵੱਧ ਜਰੂਰੀ ਹੈ। ਇਸ ਲਈ ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਅੱਖਾਂ ਵਿੱਚ ਕੋਈ ਦਵਾਈ ਨਹੀਂ ਪਾਉਣੀ ਚਾਹੀਦੀ। ਉਹਨਾਂ ਕਿਹਾ ਕਿ ਵੱਧਦੀ ਉਮਰ ਦੇ ਨਾਲ ਅੱਖਾਂ ਦੀ ਰੋਸ਼ਨੀ ਘਟਣੀ ਸ਼ੁਰੂ ਹੋ ਜਾਂਦੀ ਹੈ ਇਸ ਲਈ 40 ਸਾਲ ਦੀ ਉਮਰ ਤੋਂ ਬਾਅਦ ਸਮੇਂ ਸਮੇਂ ’ਤੇ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਅੱਖਾਂ ਜਿੱਥੇ ਜਿਉਂਦੇ ਜੀਅ ਆਦਮੀ ਨੂੰ ਸੰਸਾਰ ਵਿਖਾਉਦੀਆਂ ਹਨ ਉੱਥੇ ਮਰਨ ਤੋਂ ਬਾਅਦ ਵੀ ਦਾਨ ਕਰਕੇ ਨੇਤਰਦਾਨੀ ਬਣਾਉਂਦੀਆਂ ਹਨ। ਇਸ ਮੌਕੇ ਹਸਪਤਾਲ ਸਫਾਟ ਦੇ ਡਾ. ਨੀਤੀ, ਰਜਿੰਦਰ ਸਿੰਘ ਮੈਨੇਜਰ, ਸੁਖਜਿੰਦਰ ਸਿੰਘ ਫਾਰਮਾਸਿਸਟ, ਜੋਤ ਅਤੇ ਰਜਤ ਸਟਾਫ ਨਰਸਾਂ ਤੋਂ ਇਲਾਵਾ ਹਿੰਦੂ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਜਿੰਨੇਂਦਰ ਜੈਨ, ਸਰਪ੍ਰਸਤ ਰਜੇਸ਼ ਕੁਮਾਰ ਪਿੰਟੂ, ਸਹਾਰਾ ਕਲੱਬ ਦੇ ਪ੍ਰਧਾਨ ਡਾ. ਸੋਹਨ ਲਾਲ ਕਲਿਆਣੀ, ਸੁਰੇਸ਼ ਕਾਂਸਲ ਐਡਵੋਕੇਟ, ਸਤੀਸ਼ ਗਰਗ, ਅਮਿਤ ਲਹਿਰੀ, ਪੁਨੀਤ ਬਾਂਸਲ, ਵਿਕਰਾਂਤ ਗੋਇਲ ਐਡਵੋਕੇਟ, ਬੂਟਾ ਸਿੰਘ ਆਦਿ ਵਿਸ਼ੇਸ਼ ਤੌਰ ’ਤੇ ਹਾਜਰ ਸਨ।

ਪ੍ਰਭੂ ਰਤਨਾਕਰ ਸੈਨਾ ਵਲੋਂ ਪਾਵਨ ਵਾਲਮੀਕੀ ਵਿਜੈ ਦਿਵਸ ਤੇ ਸ਼ਾਸ਼ਤਰ ਪੂਜਨ 6 ਨਵੰਬਰ ਨੂੰ ਗੋਪਾਲ ਨਗਰ ਵਿੱਖੇ - ਬੀ.ਕੇ ਟਾਂਕ 

 ਲੁਧਿਆਣਾ 30ਅਕਤੂਬਰ (ਰਾਣਾ ਮੱਲ ਤੇਜੀ ) ਪ੍ਰਭੂ ਰਤਨਾਕਰ ਸੈਨਾ ਅਤੇ ਭਾਵਅਦਸ ਵੱਲੋਂ ਪਾਵਨ ਵਾਲਮੀਕੀ ਵਿਜੈ ਦਿਵਸ ਦੇ ਸਬੰਧ 'ਚ ਪ੍ਰਭੁ ਰਤਨਾਕਰ ਚੌਂਕ, ਗੋਪਾਲ ਨਗਰ, ਹੈਬੋਵਾਲ  ਵਿਖੇ ਪਾਵਨ ਸਤਸੰਗ, ਸ਼ਸਤ੍ਰ ਪੂਜਨ ਅਤੇ ਪ੍ਰਚਾਰ ਫ਼ੇਰੀ ਦਾ ਆਯੋਜਨ ਕਰਵਾਇਆ ਜਾ ਰਿਆ ਹੈ। ਇਸ ਸਮਾਗਮ ਦੀ  ਜਾਣਕਾਰੀ ਦਿੰਦਿਆਂ  ਵੀਰ ਬੀ. ਕੇ ਟਾਂਕ ਨੇ ਦੱਸਿਆ ਕਿ ਇਸ  ਸਮਾਗਮ ਵਿੱਚ ਵੱਖ ਵੱਖ ਪ੍ਰਾਂਤਾਂ ਤੋਂ ਸਾਧੂ ਸੰਤਾਂ ਤੋਂ ਇਲਾਵਾ ਸਮਾਜਿਕ ਅਤੇ ਰਾਜਨੀਤਕ ਹਸਤੀਆਂ ਵੀ ਪਹੁੰਚ  ਰਹੀਆਂ ਹਨ । ਇਸ ਮੌਕੇ ਉਨ੍ਹਾਂ ਨੇ ਸਮਾਗਮ ਦੀ ਪ੍ਰਚਾਰ ਸਮੱਗਰੀ ਵੀ ਜਾਰੀ ਕੀਤੀ ।ਉਨ੍ਹਾਂ  ਕਿਹਾ ਕਿ ਸ਼ਸਤਰ ਪੂਜਣ ਅਤੇ ਸਤਸੰਗ ਦਾ ਆਰੰਭ ਕਰਨ ਉਪਰੰਤ ਪ੍ਰਚਾਰ ਫ਼ੇਰੀ (ਸ਼ੋਭਾ ਯਾਤਰਾ) ਕੱਢੀ ਜਾਵੇਗੀ , ਇਸ ਮੋਕੇ ਸਮਾਜ ਸੇਵੀ ਵੀਰ ਰਵੀ ਬਾਲੀ, ਭਾਵਾਆਦਸ ਦੇ ਵੀਰ ਸੋਨੂੰ ਕੰਗ (ਕੇਂਦਰੀ ਪ੍ਰਚਾਰ ਮੰਤਰੀ), ਵੀਰ ਗੁਲਾਬ ਦੀਵੰਤਕ ਜਿਲ੍ਹਾ ਪ੍ਰਧਾਨ, ਵੀਰ ਹਰਪਾਲ ਆਦਿਵਾਸੀ, ਵੀਰ ਵਿੱਕੀ ਮਹਿਰੋਲੀਆ , ਵੀਰ ਅਰੁਣ ਬੋਹਤ, ਵੀਰ ਵਿਜੇਂਦਰ ਬੌਹਤ , ਵੀਰ ਰਾਜੀਵ ਰਾਜਾ,ਵੀਰ ਸੋਨੂੰ ਸੁਨਿਆਰਾ, ਵੀਰ ਪੰਕਜ ਟਾਂਕ , ਵਿਸ਼ਾਲ ਚੋਟਾਲਾ, ਵੀਰ ਸੁਮੀਤ ਜੀ, ਵੀਰ ਸਾਵਣ ਧੀਂਗਾਨ, ਵੀਰ ਸ਼ੁਭਮ ਮੱਟੂ ਅਤੇ ਹੋਰ ਸਾਥੀ ਹਾਜ਼ਰ ਸਨ।

ਜਨਮਦਿਨ ਦੀਆਂ ਮੁਬਾਰਕਾਂ

ਪੰਜਾਬੀ ਦੇ ਪ੍ਰਸਿੱਧ ਲੇਖਕ ਸਰਬਜੀਤ ਸਿੰਘ ਦੀ ਲਾਡਲੀ ਪੋਤੀ ਅਤੇ ਸ ਕੁਲਜੀਤ ਸਿੰਘ ਅਤੇ ਮਾਤਾ ਰਾਜਦੀਪ ਕੌਰ ਦੀ ਪਿਆਰੀ ਬੇਟੀ ਕੁਲਰਾਜ ਕੌਰ, ਖੁੱਡੀ ਖੁਰਦ, ਬਰਨਾਲਾ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਬਹੁਤ ਮੁਬਾਰਕਾਂ

ਸਵ: ਜਗਜੀਤ ਸਿੰਘ ਭੰਡਾਰੀ ਦੀ ਯਾਦ ਵਿਚ ਅੱਖਾਂ ਦਾ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ

                ਜਗਰਾਉਂ (ਅਮਿਤ ਖੰਨਾ ) ਧਾਰਮਿਕ ਸਮਾਜਕ ਤੇ ਰਾਜਨੀਤਕ ਸਫ਼ਾਂ ਵਿਚ ਜਾਣੇ ਪਛਾਣੇ ਚਿਹਰੇ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ ਤੇ ਦੀਪਇੰਦਰ ਸਿੰਘ ਭੰਡਾਰੀ ਵੱਲੋਂ ਆਪਣੇ ਸਵਰਗਵਾਸੀ ਪਿਤਾ ਸਰਦਾਰ ਜਗਜੀਤ ਸਿੰਘ ਭੰਡਾਰੀ ਦੀ ਯਾਦ ਵਿੱਚ ਲੋਕ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਅੱਜ ਅੱਖਾਂ ਦਾ ਕੈਂਪ ਚੈੱਕਅੱਪ ਤੇ ਅਪਰੇਸ਼ਨ ਕੈਂਪ ਲਗਾਇਆ ਗਿਆ।  ਲੋਕ ਸੇਵਾ ਸੁਸਾਇਟੀ ਦੇ ਪ੍ਰਧਾਨ ਤੇ ਸਵਰਗੀ ਜਗਜੀਤ ਸਿੰਘ ਭੰਡਾਰੀ ਦੇ ਸਪੁੱਤਰ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ ਅਤੇ ਅਕਾਲੀ ਆਗੂ ਦੀਪਇੰਦਰ ਸਿੰਘ ਭੰਡਾਰੀ ਦੇ ਭਰਪੂਰ ਯਤਨਾਂ ਸਦਕਾ ਲਗਾਏ ਕੈਂਪ ਦਾ ਕੈਂਪ ਦਾ ਉਦਘਾਟਨ ਕਰਦਿਆਂ ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ, ਸਾਬਕਾ ਵਿਧਾਇਕ ਐੱਸ ਆਰ ਕਲੇਰ , ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਅਤੇ ਰਾਜਿੰਦਰ ਜੈਨ ਨੇ ਕਿਹਾ ਕਿ ਬਜ਼ੁਰਗਾਂ ਦੀ ਯਾਦ ਨੂੰ ਮਨੁੱਖਤਾ ਦੇ ਭਲੇ ਲਈ ਕੰਮ ਕਰ ਕੇ ਮਨਾਉਣ ਬਜ਼ੁਰਗਾਂ ਤੋਂ ਮਿਲੇ ਚੰਗੇ ਸੰਸਕਾਰਾਂ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਭੰਡਾਰੀ ਪਰਿਵਾਰ ਹਮੇਸ਼ਾ ਹੀ ਸੇਵਾ ਕੰਮਾਂ ਦੇ ਪਹਿਲ ਦਿੱਤੀ ਹੈ। ਉਨ੍ਹਾਂ ਲੋਕ ਸੇਵਾ ਸੁਸਾਇਟੀ ਵੱਲੋਂ ਇਨਸਾਨੀਅਤ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਵੀ ਸ਼ਲਾਘਾ ਕੀਤੀ। ਲੰਮਿਆਂ ਵਾਲੇ ਬਾਗ਼ ਨੇੜੇ ਡੀ.ਏ.ਵੀ. ਕਾਲਜ ਜਗਰਾਓਂ ਵਿਖੇ ਲਗਾਏ ਕੈਂਪ ਵਿਚ ਸ਼ੰਕਰਾ ਆਈ ਹਸਪਤਾਲ ਮੁੱਲਾਂਪੁਰ ਦੇ ਅੱਖਾਂ ਦੇ ਮਾਹਿਰ ਡਾ: ਰਮਿੰਦਰ ਕੌਰ ਨੇ 347 ਚਿੱਟੇ ਮੋਤੀਏ ਵਾਲੇ ਮਰੀਜ਼ਾਂ ਦਾ ਚੈੱਕਅਪ ਕਰ ਕੇ ਉਨ੍ਹਾਂ ਚੋਂ 95 ਮਰੀਜ਼ਾਂ ਦੀ ਚੋਣ ਕੀਤੀ ਜਿਨ੍ਹਾਂ ਦੇ ਆਪ੍ਰੇਸ਼ਨ ਸ਼ੰਕਰਾ ਆਈ ਹਸਪਤਾਲ ਵਿਖੇ ਕੀਤੇ ਜਾਣਗੇ। ਕੈਂਪ ਵਿਚ ਸਿਵਲ ਹਸਪਤਾਲ ਜਗਰਾਓਂ ਦੇ ਜਸਪਾਲ ਸਿੰਘ, ਜਗਰਾਜ ਸਿੰਘ, ਕਮਲਜੀਤ ਕੌਰ ਤੇ ਸ਼ਰਨਜੀਤ ਕੌਰ ਦੀ ਟੀਮ ਨੇ 96 ਮਰੀਜ਼ਾਂ ਦਾ ਕੋਰੋਨਾ ਟੈੱਸਟ ਵੀ ਕੀਤਾ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ ਨੇ ਦੱਸਿਆ ਕਿ ਅਪਰੇਸ਼ਨ ਵਾਲੇ ਮਰੀਜ਼ ਅੱਜ ਲਈ ਹਸਪਤਾਲ ਭੇਜ ਦਿੱਤੇ ਜਾਣਗੇ ਅਤੇ ਅਪਰੇਸ਼ਨ ਕਰਵਾਉਣ ਤੋਂ ਬਾਅਦ ਮਰੀਜ਼ਾਂ ਇਸੇ ਜਗ੍ਹਾ ਛੱਡ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਰੀਜ਼ ਦਾ ਕੋਈ ਖਰਚਾ ਨਹੀਂ ਹੋਵੇਗਾ ਲਿਜਾਉਣ ਤੇ ਲਿਆਉਣ ਦੀ ਜ਼ਿੰਮੇਵਾਰੀ ਸੁਸਾਇਟੀ ਦੀ ਹੈ। ਇਸ ਮੌਕੇ ਸੁਸਾਇਟੀ ਦੇ ਕੈਸ਼ੀਅਰ ਮਨੋਹਰ ਸਿੰਘ ਟੱਕਰ, ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪੀ ਆਰ ਓ ਸੁਖਦੇਵ ਗਰਗ, ਸੀਨੀਅਰ ਵਾਈਸ ਪ੍ਰਧਾਨ ਕੰਵਲ ਕੱਕੜ, ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ, ਵਿਨੋਦ ਬਾਂਸਲ, ਲਾਕੇਸ਼ ਟੰਡਨ, ਸੁਨੀਲ ਅਰੋੜਾ, ਰਜਿੰਦਰ ਜੈਨ ਕਾਕਾ, ਮੁਕੇਸ਼ ਗੁਪਤਾ, ਪ੍ਰਵੀਨ ਮਿੱਤਲ, ਜਸਵੰਤ ਸਿੰਘ, ਡਾ ਭਾਰਤ ਭੂਸ਼ਣ ਬਾਂਸਲ, ਪ੍ਰਵੀਨ ਜੈਨ, ਨੀਰਜ ਮਿੱਤਲ, ਅਨਿਲ   ਮਲਹੋਤਰਾ, ਆਰ ਕੇ ਗੋਇਲ ਸਮੇਤ ਕੈਪਟਨ ਨਰੇਸ਼ ਵਰਮਾ, ਅਕਾਲੀ ਦਲ ਦੇ ਆਗੂ ਡਾ: ਚੰਦ ਸਿੰਘ ਡੱਲਾ, ਹਰਵਿੰਦਰ ਸਿੰਘ ਚਾਵਲਾ, ਅੰਕੁਸ਼ ਧੀਰ, ਰਵਿੰਦਰ ਸਿੰਘ ਵਰਮਾ, ਹਰਦੇਵ ਸਿੰਘ ਬੌਬੀ, ਸਤੀਸ਼ ਪੱਪੂ ਐੱਮ ਸੀ, ਰਵਿੰਦਰਪਾਲ ਸਿੰਘ ਮੈਦ, ਆਈ ਪੀ ਐੱਸ ਸਿੰਘ ਵਛੇਰ, ਤਰਲੋਕ ਸਿੰਘ ਸਿਡਾਨਾ, ਇੰਦਰਪਾਲ ਸਿੰਘ ਵਛੇਰ, ਦਵਿੰਦਰਜੀਤ ਸਿੰਘ ਸਿੱਧੂ, ਪੱਪੂ ਭੰਡਾਰੀਇਸ ਮੌਕੇ ਕੌਂਸਲਰ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ ਅਮਰਜੀਤ ਸਿੰਘ ਮਾਲਵਾ ਹਿਮਾਂਸ਼ੂ ਮਲਕ ਅਨਮੋਲ ਗੁਪਤਾ ਅਮਨ ਕਪੂਰ ਬੌਬੀ ਬਿੰਦਰ ਮਨੀਲਾ ਡਾ ਨਰਿੰਦਰ ਸਿੰਘ ਅਸ਼ਵਨੀ ਕੁਮਾਰ  ਆਦਿ ਹਾਜ਼ਰ ਸਨ।

ਲਿਫਟਿੰਗ ਦੀ ਰਫ਼ਤਾਰ ਮੱਠੀ ਹੋਣ ਕਾਰਨ ਝੋਨੇ ਨਾਲ ਨੱਕੋ- ਨੱਕ ਭਰੀ ਲਲਤੋਂ ਕਲਾਂ ਦੀ ਮੰਡੀ 

ਖਰੀਦ ਏਜੰਸੀਆਂ ਲਲਤੋਂ ਮੰਡੀ 'ਚੋਂ ਫੌਰੀ ਤੌਰ ਤੇ ਲਿਫਟਿੰਗ ਕਰਨ - ਕਿਸਾਨ ਆਗੂ 

ਜੋਧਾਂ/ ਸਰਾਭਾ 30 ਅਕਤੂਬਰ (ਦਲਜੀਤ ਸਿੰਘ ਰੰਧਾਵਾ/ ਲਵਜੋਤ ਰੰਧਾਵਾ) "ਇਕ ਪਾਸੇ ਅੰਨ- ਦਾਤਿਆਂ ਨੇ ਪੰਜ ਮਹੀਨਿਆਂ ਚ ਸੱਪਾਂ ਦੀਆਂ ਸਿਰੀਆਂ ਮਿੱਧ ਕੇ, ਸਾਉਣ- ਭਾਦੋਂ ਦੇ ਵੱਟ ਝੱਲ ਕੇ, ਬੇਮੌਸਮੀ ਪਛੇਤੀ ਬਾਰਸ਼ ਦੀ ਮਾਰ ਸਹਿ ਕੇ ਅੱਜ ਦੇ ਸੋਨੇ ਵਰਗੇ ਝੋਨੇ ਦੇ ਅੰਬਾਰ ਮੰਡੀਆਂ 'ਚ ਲਾ ਰੱਖੇ ਹਨ; ਤਾਂ ਦੂਜੇ ਪਾਸੇ ਪੰਜਾਬ ਸਰਕਾਰ ਦੇ ਸਬੰਧਤ ਮਹਿਕਮਿਆਂ ਦੇ ਸੁਸਤ ਅਧਿਕਾਰੀਆਂ ਵਲੋਂ ਝੋਨੇ ਦੀ ਚੁਕਾਈ ਦਾ ਕੰਮ ਕੀੜੀ ਚਾਲ ਨਾਲ ਕੀਤਾ ਜਾ ਰਿਹਾ ਹੈ। ਜਿਸ ਨੂੰ ਹੋਰ ਵਧੇਰੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਝੋਨੇ ਨਾਲ ਨੱਕੋ- ਨੱਕ ਭਰੀ ਪਈ ਲਲਤੋਂ ਕਲਾਂ ਮੰਡੀ ਦੀ, ਇਹ ਅੱਜ ਦੀ ਦਸ਼ਾ ਹੈ।" ਇਹ ਸੂਚਨਾ ਪ੍ਰੈੱਸ ਦੇ ਨਾਮ ਅੱਜ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਦੀਆਂ ਲਲਤੋਂ ਕਲਾਂ ਤੇ ਲਲਤੋਂ ਖੁਰਦ ਇਕਾਈਆਂ ਅਤੇ ਭਾਰਤੀ ਕਿਸਾਨ ਯੂਨੀਅਨ( ਡਕੌਂਦਾ) ਦੀ ਲਲਤੋਂ ਕਲਾਂ ਇਕਾਈ ਦੇ ਕਰਮਵਾਰ ਆਗੂਆਂ- ਗੁਰਜੰਟ ਸਿੰਘ ਲਲਤੋਂ ਕਲਾਂ, ਜਗਰਾਜ ਸਿੰਘ ਰਾਜਾ ਲਲਤੋਂ ਖੁਰਦ, ਅਮਨਦੀਪ ਸਿੰਘ ਲਲਤੋਂ ਕਲਾਂ ਅਤੇ ਜ਼ਿਲ੍ਹਾ ਸਕੱਤਰ- ਮਾਸਟਰ ਜਸਦੇਵ ਸਿੰਘ ਲਲਤੋਂ ਨੇ ਸਾਂਝੇ ਤੌਰ ਤੇ ਜਾਰੀ ਕੀਤੀ ਹੈ। ਆਗੂਆਂ ਨੇ ਟੈਲੀਫੋਨ ਰਾਹੀਂ ਸਬੰਧਤ ਪਨਗਰੇਨ ਇੰਸਪੈਕਟਰ ਅਤੇ ਮਾਰਕਫੈੱਡ ਮੈਨੇਜਰ ਸ੍ਰੀ ਮਾਨਸ਼ਾਹੀਆ ਨਾਲ ਉਚੇਚੇ ਤੌਰ ਤੇ ਬਕਾਇਦਾ ਵਾਰਤਾਲਾਪ ਕਰਕੇ ਫੌਰੀ ਲਿਫਟਿੰਗ ਕਰਨ ਦੀ ਜ਼ੋਰਦਾਰ ਚਿਤਾਵਨੀ ਦਿੱਤੀ ਹੈ। ਸਬੰਧਤ ਪਨਗ੍ਰੇਨ ਅਧਿਕਾਰੀ ਨੇ ਯਕੀਨ ਦੁਆਇਆ ਹੈ ਕਿ ਅੱਜ ਦੁਪਹਿਰ ਤੱਕ ਲਲਤੋਂ ਕਲਾਂ ਮੰਡੀ ਲਈ ਸ਼ੈੱਲਰ ਦੀ ਅਲਾਟਮੈਂਟ ਮੁਕੰਮਲ ਹੋ ਜਾਵੇਗੀ। ਮਾਰਕਫੈੱਡ ਅਧਿਕਾਰੀ ਨੇ ਦੱਸਿਆ ਕਿ ਅੱਜ 4 ਗੱਡੀਆਂ ਲਿਫਟਿੰਗ ਲਈ ਭੇਜ ਦਿੱਤੀਆਂ ਹਨ ਅਤੇ ਕੱਲ੍ਹ ਤੋਂ ਹੋਰ ਵਧੇਰੇ ਗੱਡੀਆਂ ਤਾਇਨਾਤ ਕੀਤੀਆਂ ਜਾਣਗੀਆਂ। ਦੋਵਾਂ ਜਥੇਬੰਦੀਆਂ ਵੱਲੋਂ ਕੱਲ੍ਹ ਨੂੰ ਮੰਡੀ 'ਚ ਵੱਡੀ ਕਿਸਾਨ- ਮਜ਼ਦੂਰ ਮੀਟਿੰਗ ਕਰਕੇ, ਅਗਲੇ ਐਕਸ਼ਨ ਦੀ ਤਿਆਰੀ ਕੀਤੀ ਜਾਵੇਗੀ।

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਅੰਤਰ ਸਕੂਲ ਯੁਵਕ ਮੇਲਾ 2022 ਆਯੋਜਿਤ

25 ਸਕੂਲਾਂ ਦੇ 250 ਵਿਦਿਆਰਥੀ ਹੋਏ ਸ਼ਾਮਲ

25 ਸਕੂਲਾਂ ਦੇ 250 ਵਿਦਿਆਰਥੀ ਹੋਏ ਸ਼ਾਮਲ

 ਵੱਡੇ ਨਿਸ਼ਾਨਿਆਂ ਨਾਲ ਹੀ ਵੱਡੀਆਂ ਪ੍ਰਾਪਤੀਆਂ ਹਾਸਲ ਹੁੰਦੀਆਂ ਹਨ- ਐਸ.ਡੀ.ਐਮ ਔਜਲਾ

ਤਲਵੰਡੀ ਸਾਬੋ,  30 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਸਥਾਂ 50ਵੇਂ ਸਥਾਪਨਾ ਵਰ੍ਹੇ ਨੂੰ ਸਮਰਪਿਤ ਅੰਤਰ ਸਕੂਲ ਯੁਵਕ ਮੇਲਾ ਸਥਾਨਕ ਖਾਲਸਾ ਸੀ.ਸੈ.ਸਕੂਲ (ਲੜਕੇ) ਵਿਖੇ ਕਰਵਾਇਆ ਗਿਆ। ਜਿਸ ਵਿਚ ਵੱਖ-ਵੱਖ 25 ਸਕੂਲਾਂ ਦੇ 250 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਵਿਦਿਆਰਥੀਆਂ ਦੇ ਕਵਿਤਾ ਉਚਾਰਣ, ਕੁਇਜ਼, ਦਸਤਾਰ ਸਜਾਉਣ ਅਤੇ ਕਵੀਸ਼ਰੀ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਕੀਰਤਨ ਦੁਆਰਾ ਹੋਈ। ਉਪਰੰਤ ਇੰਸਪੈਕਟਰ ਸ਼ਮਸ਼ੇਰ ਸਿੰਘ ਖੇਤਰ ਸਕੱਤਰ ਨੇ ਆਏ  ਹੋਏ ਸਮੂਹ ਵਿਦਿਆਰਥੀਆਂ ਅਤੇ ਪਤਵੰਤੇ ਸੱਜਣਾ ਨੂੰ ਜੀ ਆਇਆਂ ਆਖਿਆ। ਇਸ ਮੌਕੇ ਤੇ ਸ੍ਰ. ਸਾਰੰਗਪ੍ਰੀਤ ਸਿੰਘ ਔਜਲਾ ਐਸ.ਡੀ.ਐੱਮ ਤਲਵੰਡੀ ਸਾਬੋ ਮੁੱਖ ਮਹਿਮਾਨ ਵਜੋਂ  ਸ਼ਾਮਲ ਹੋਏ ਜਦਕਿ ਇੰਜ. ਮਲਕੀਤ ਸਿੰਘ ਮੋਹਾਲੀ ਤੇ ਬਿਕਰਮਜੀਤ ਸਿੰਘ ਪ੍ਰਿੰਸੀਪਲ ਖਾਲਸਾ ਸੀ.ਸੈ.ਸਕੂਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਤੋਂ ਇਲਾਵਾ ਭਾਈ ਭੋਲਾ ਸਿੰਘ ਇੰਚਾਰਜ਼ ਧਰਮ ਪ੍ਰਚਾਰ ਕਮੇਟੀ ਸਬ-ਆਫਿਸ,ਪ੍ਰਿੰਸੀਪਲ ਕਮਲਪ੍ਰੀਤ ਕੌਰ, ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਡਾ. ਗੁਰਜੀਤ ਸਿੰਘ ਗੁਰੂ ਕਾਸ਼ੀ ਯੂਨੀਵਰਸਿਟੀ, ਰਣਜੀਤ ਸਿੰਘ ਮਲਕਾਣਾ, ਸੁਰਿੰਦਰ ਸਿੰਘ ਸਿੱਧੂ ਨੇ ਵਿਸ਼ੇਸ਼ ਮਹਿਮਾਨਾਂ ਦੇ ਤੌਰ 'ਤੇ ਹਾਜ਼ਰੀ ਲਵਾਈ। ਇਸ ਦੌਰਾਨ ਸਟੱਡੀ ਸਰਕਲ ਵੱਲੋਂ ਕਰਵਾਏ ਗਏ ਨੈਤਿਕ ਇਮਤਿਹਾਨ 2022 ਵਿਚ ਵੱਖ-ਵੱਖ ਸਥਾਨਾਂ 'ਤੇ ਰਹਿਣ ਵਾਲੇ 75 ਵਿਦਿਆਰਥੀਆਂ ਨੂੰ ਨਗਦ ਇਨਾਮਾਂ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਨਾਮ ਵੰਡ ਸਮਾਗਮ ਵਿਚ ਮਹਿਮਾਨਾਂ ਤੋਂ ਇਲਾਵਾ ਪ੍ਰੋ. ਨਵਸੰਗੀਤ ਸਿੰਘ, ਉਸਤਾਦ ਰੇਵਤੀ ਪ੍ਰਸ਼ਾਦ, ਡਾ. ਦਰਸ਼ਨ ਸਿੰਘ ਭੰਮੇ, ਜੈਦੀਪ ਸਿੰਘ ਦਸਤਾਰ ਕੋਚ, ਅਮਨਦੀਪ ਸਿੰਘ ਗਿੱਦੜਬਾਹਾ ਆਦਿ ਹਾਜ਼ਰ ਸਨ। ਵੱਖ-ਵੱਖ ਮੁਕਾਬਲਿਆਂ ਦੇ ਨਤੀਜਿਆਂ ਤਹਿਤ ਕਵਿਤਾ ਮੁਕਾਬਲੇ ਵਿਚ ਰਾਜਵੀਰ ਕੌਰ ਸ.ਸੀ.ਸੈ.ਸਕੂਲ, ਤਲਵੰਡੀ ਸਾਬੋ ਨੇ ਪਹਿਲਾ, ਜਸਨੂਰ ਕੌਰ ਖਾਲਸਾ ਸੀ.ਸੈ.ਸਕੂਲ ਤਲਵੰਡੀ ਸਾਬੋ ਨੇ ਦੂਸਰਾ ਅਤੇ ਹਰਮਨਪ੍ਰੀਤ ਕੌਰ ਅਕਾਲ ਅਕੈਡਮੀ ਦਮਦਮਾ ਸਾਹਿਬ ਨੇ ਤੀਸਰਾ ਸਥਾਨ ਹਾਸਲ ਕੀਤਾ। ਕਵੀਸ਼ਰੀ ਮੁਕਾਬਲੇ ਵਿਚ ਗੁਰੂ ਨਾਨਕ ਸਕੂਲ ਸੀਂਗੋ ਦੀ ਟੀਮ ਨੇ ਪਹਿਲਾ, ਸਰਕਾਰੀ ਪ੍ਰਾਇਮਰੀ ਸਕੂਲ ਧਿੰਗੜ ਨੇ ਦੂਸਰਾ ਸਥਾਨ ਅਤੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜੀਏਟ ਸੀ.ਸੈ. ਸਕੂਲ ਤਲਵੰਡੀ ਸਾਬੋ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਦਸਤਾਰ ਮੁਕਾਬਲਾ ਜੂਨੀਅਰ ਵਿਚ ਗੁਰਕੀਰਤ ਸਿੰਘ ਐਫ.ਐਸ.ਡੀ ਸੀ.ਸੈ. ਸਕੂਲ ਜੌੜਕੀਆਂ ਨੇ ਪਹਿਲਾ ਸਥਾਨ, ਅਮਰਿੰਦਰ ਸਿੰਘ ਸਾਹਿਬਜਾਦਾ ਬਾਬਾ ਜ਼ੋਰਾਵਰ ਸਿੰਘ ਸਕੂਲ ਜੋਧਪੁਰ ਪਾਖਰ ਨੇ ਦੂਸਰਾ ਸਥਾਨ ਅਤੇ ਇਸੇ ਸਕੂਲ ਦੇ ਸ਼ਮਸ਼ੇਰ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਸੀਨੀਅਰ ਗਰੁੱਪ ਵਿਚ ਗੁਰਵਿੰਦਰ ਸਿੰਘ ਸਿਲਵਰ ਬੈੱਲਜ ਸਕੂਲ ਬਹਿਣੀਵਾਲ ਨੇ ਪਹਿਲਾ ਸਥਾਨ, ਜਸਨੂਰ ਸਿੰਘ, ਮਾਸਟਰ ਮਾਈਂਡ ਸਕੂਲ ਬੰਘੀ ਰੁਘੂ ਨੇ ਦੂਸਰਾ ਸਥਾਨ ਅਤੇ ਜੈਦੀਪ ਸਿੰਘ ਯੂਨੀਵਰਸਲ ਸਕੂਲ ਤਲਵੰਡੀ ਸਾਬੋ ਨੇ ਤੀਸਰਾ ਸਥਾਨ ਹਾਸਲ ਕੀਤਾ। ਦੁਮਾਲਾ ਮੁਕਾਬਲੇ ਵਿਚ ਗੁਰਪ੍ਰੀਤ ਕੌਰ ਅਤੇ ਅੰਮ੍ਰਿਤਪਾਲ ਕੌਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਅਤੇ ਹਰਮਨਪ੍ਰੀਤ ਕੌਰ, ਅਕਾਲ ਅਕੈਡਮੀ ਦਮਦਮਾ ਸਾਹਿਬ ਨੇ ਤੀਸਰਾ ਸਥਾਨ ਹਾਸਲ ਕੀਤਾ। ਕਥਾਵਾਚਕ ਭਾਈ ਕੁਲਵਿੰਦਰ ਸਿੰਘ ਗੋਨੇਆਣਾ ਵੱਲੋਂ ਕਰਵਾਏ ਗਏ ਕੁਇਜ ਮੁਕਾਬਲੇ ਵਿਚ ਮਾਸਟਰ ਮਾਈਂਡ ਪਬਲਿਕ ਸਕੂਲ ਬੰਗੀ ਰੁਘੂ ਨੇ ਪਹਿਲਾ ਸਥਾਨ, ਅਕਾਲ ਅਕੈਡਮੀ ਦਮਦਮਾ ਸਾਹਿਬ ਨੇ ਦੂਸਰਾ ਸਥਾਨ ਅਤੇ ਸ਼ਹੀਦ ਬਾਬਾ ਜ਼ੋਰਾਵਰ ਸਿੰਘ ਸਕੂਲ ਜੋਧਪੁਰ ਪਾਖਰ ਨੇ ਤੀਸਰਾ ਸਥਾਨ ਹਾਸਲ ਕੀਤਾ। ਅੰਤ ਵਿਚ ਐਸ.ਡੀ.ਐੱਮ ਸਾਹਿਬ ਵੱਲੋਂ ਜੇਤੂ ਵਿਦਿਆਰਥੀਆਂ ਸਨਮਾਨ ਚਿੰਨ ਭੇਂਟ ਕੀਤੇ ਗਏ। ਉਹਨਾਂ ਵਿਦਿਆਰਥੀਆਂ ਨੂੰ ਆਪਣੀ ਜਿੰਦਗੀ ਦਾ ਨਿਸ਼ਾਨਾ ਮਿਥਣ ਅਤੇ ਸਖ਼ਤ ਮਿਹਨਤ ਕਰਕੇ ਆਪਣਾ ਸੁਨਿਹਰਾ ਭਵਿੱਖ ਬਣਾਉਣ ਲਈ ਪ੍ਰੇਰਣਾ ਕੀਤੀ। ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਪਰਮਿੰਦਰ ਸਿੰਘ, ਗੁਰਜੰਟ ਸਿੰਘ ਨਥੇਹਾ, ਸੁਖਰਾਜ ਸਿੰਘ ਸੰਦੋਹਾ, ਜਸਦੀਪ ਸਿੰਘ ਨਥੇਹਾ, ਗੁਰਤੇਜ ਸਿੰਘ ਮਲਕਾਣਾ, ਪ੍ਰੋ. ਅਮਨ ਮਾਨ, ਬਿਕਰਮ ਸਿੰਘ ਖਾਲਸਾ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।

ਦਮਦਮਾ ਸਾਹਿਬ ਪ੍ਰੈਸ ਕਲੱਬ ਤਲਵੰਡੀ ਸਾਬੋ ਦੀ ਮਹੀਨਾਵਾਰ ਇਕੱਤਰਤਾ ਹੋਈ

ਤਲਵੰਡੀ ਸਾਬੋ, 30 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਦਮਦਮਾ ਸਾਹਿਬ ਪ੍ਰੈਸ ਕਲੱਬ ਤਲਵਡੀ ਸਾਬੋ ਦੀ ਇੱਕ ਅਹਿਮ ਮੀਟਿੰਗ ਸਥਾਨਕ ਪ੍ਰੈਸ ਕਲੱਬ ਦਫਤਰ ਵਿਖੇ ਕਲੱਬ ਪ੍ਰਧਾਨ ਜਗਜੀਤ ਸਿੰਘ ਸਿੱਧੂ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਫੀਲਡ ਵਿੱਚ ਕੰਮ ਕਰਦੇ ਸਮੇਂ ਪੱਤਰਕਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ 'ਤੇ ਵਿਚਾਰਾਂ ਕੀਤੀਆਂ ਗਈਆਂ ਤੇ ਕੁੱਝ ਅਹਿਮ ਮਤੇ ਪਾਏ ਗਏ ਜ਼ਿੰਨ੍ਹਾਂ ਨੂੰ ਹਾਜ਼ਰੀਨ ਨੇ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ। ਮੀਟਿੰਗ ਵਿੱਚ ਸਰਪ੍ਰਸਤ ਰਣਜੀਤ ਸਿੰਘ ਰਾਜੂ, ਮੁਨੀਸ਼ ਗਰਗ, ਲਕਵਿੰਦਰ ਸ਼ਰਮਾ, ਰਾਮ ਜਿੰਦਲ, ਭਾਈ ਮਾਨ ਸਿੰਘ, ਹਰਭਜਨ ਸਿੰਘ ਖਾਲਸਾ, ਗੁਰਜੰਟ ਸਿੰਘ ਨਥੇਹਾ, ਰਵਜੋਤ ਸਿੰਘ ਰਾਹੀ, ਗੁਰਸੇਵਕ ਸਿੰਘ ਮਾਨ, ਸੰਨੀ ਗੋਇਲ, ਕਮਲਪ੍ਰੀਤ ਸਿੰਘ, ਕੁਲਦੀਪ ਸਿੰਘ ਫੋਟੋਗ੍ਰਾਫਰ ਆਦਿ ਕਲੱਬ ਅਹੁਦੇਦਾਰ ਤੇ ਮੈਂਬਰ ਸ਼ਾਮਲ ਸਨ।