You are here

ਕੈਂਪ ਦੌਰਾਨ 500 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ

ਕਲੱਬ ਦਾ ਮੁੱਖ ਉਦੇਸ਼ ਮੋਤੀਆ ਬਿੰਦ ਮੁਕਤ ਰਾਮਾਂ ਮੰਡੀ- ਡਾ. ਕਲਿਆਣੀ

ਤਲਵੰਡੀ ਸਾਬੋ, 30 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਤੀਸ਼ ਕੁਮਾਰ ਗਰਗ ਰਿਟਾ. ਜੇ.ਈ. ਭਾਰਤ ਸੰਚਾਰ ਨਿਗਮ ਦੇ ਪਿਤਾ ਮਦਨ ਲਾਲ ਗਰਗ ਦੀ ਯਾਦ ਵਿਚ ਲੋੜਵੰਦ ਲੋਕਾਂ ਦੀ ਸੇਵਾ ਲਈ 24 ਘੰਟੇ ਤਿਆਰ ਰਹਿਣ ਵਾਲੀ ਐਨਜੀਓ ਦੀ ਰਾਮਾਂ ਸਹਾਰਾ ਵੈਲਫੇਅਰ ਕਲੱਬ (ਰਜਿ.) ਵੱਲੋਂ ਸੁਖਮਨੀ ਹਸਪਤਾਲ ਡੱਬਵਾਲੀ ਅਤੇ ਲਾਇਨ ਚੈਰੀਟੇਬਲ ਟਰੱਸਟ ਗੰਗਸਰ ਜੈਤੋ ਦੇ ਵਿਸ਼ੇਸ਼ ਸਹਿਯੋਗ ਨਾਲ ਅੱਖਾਂ ਦਾ ਮੁਫਤ ਚੈਕਅੱਪ ਕੈਂਪ ਅੱਜ ਹਿੰਦੂ ਸੀਨੀਅਰ ਸੈਕੰਡਰੀ ਸਕੂਲ ਰਾਮਾਂ ਵਿਖੇ ਲਗਾਇਆ ਗਿਆ। ਜਿਸਦਾ ਉਦਘਾਟਨ ਸਮਾਜਸੇਵੀ ਅਰੁਣ ਬਾਂਸਲ ਕਾਦੀ ਚੱਠਾ ਨੇ ਕੀਤਾ। ਕੈਂਪ ਦੌਰਾਨ ਸੁਖਮਨੀ ਹਸਪਤਾਲ ਡੱਬਵਾਲੀ ਦੇ ਅੱਖਾਂ  ਦੀ ਮਾਹਰ ਡਾ. ਨੀਤੀ ਵੱਲੋਂ 550 ਤੋਂ ਵੱਧ ਮਰੀਜਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ ਜਿਹਨਾਂ ਵਿੱਚੋਂ 120 ਦੇ ਲਗਭਗ ਚਿੱਟੇ ਮੋਤੀਏ ਦੇ ਮਰੀਜ਼ ਸਾਹਮਣੇ ਆਏ ਹਨ ਜਿਹਨਾਂ ਦੇ ਮੁਫਤ ਅਪਰੇਸ਼ਨ ਕਰਕੇ ਲੈਨਜ਼ ਪਾਏ ਜਾਣਗੇ ਅਤੇ ਬਾਕੀ ਮਰੀਜਾਂ ਨੂੰ ਲੋੜ ਅਨੁਸਾਰ ਦਵਾਈ ਅਤੇ ਐਨਕਾਂ ਮੁਫਤ ਦਿੱਤੀਆਂ ਗਈਆਂ। ਕੈਂਪ ਵਿੱਚ ਸਹਿਯੋਗ ਲਈ ਮੁੱਖ ਮਹਿਮਾਨ ਕਾਦੀ ਚੱਠਾ, ਡਾਕਟਰ ਨੀਤੀ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕਰਦੇ ਹੋਏ ਕਲੱਬ ਦੇ ਪ੍ਰਧਾਨ ਡਾ. ਸੋਹਨ ਲਾਲ ਕਲਿਆਣੀ ਨੇ ਕਿਹਾ ਕਿ ਕਲੱਬ ਦਾ ਮੁੱਖ ਉਦੇਸ਼ ਰਾਮਾਂ ਮੰਡੀ ਇਲਾਕੇ ਨੂੰ ਮੋਤੀਆ ਬਿੰਦ ਮੁਕਤ ਕਰਨਾ ਹੈ ਜਿਸਨੂੰ ਧਿਆਣ ’ਚ ਰੱਖਦੇ ਹੋਏ ਅੱਜ ਦੇ ਮਹਿੰਗੇ ਇਲਾਜ ਦੇ ਯੁੱਗ ਵਿੱਚ ਅੱਖਾਂ ਦੇ ਮਰੀਜਾਂ ਲਈ ਅੱਜ ਮੁਫ਼ਤ ਕੈਂਪ ਲਗਾਇਆ ਗਿਆ ਹੈ। ਉਹਨਾਂ ਅੱਖਾਂ ਦੇ ਰੋਗਾਂ ਤੋਂ ਬਚਾਓ ਲਈ ਕੈਂਪ ਵਿੱਚ ਆਏ ਮਰੀਜਾਂ ਨੂੰ ਦੱਸਿਆ ਅੱਖਾਂ ਸਰੀਰ ਦਾ ਸੱਭ ਤੋਂ ਮਹੱਤਵ ਪੂਰਨ ਅੰਗ ਹਨ ਇਸ ਲਈ ਅੱਖਾਂ ਦੀ ਸੰਭਾਲ ਸਭ ਤੋਂ ਵੱਧ ਜਰੂਰੀ ਹੈ। ਇਸ ਲਈ ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਅੱਖਾਂ ਵਿੱਚ ਕੋਈ ਦਵਾਈ ਨਹੀਂ ਪਾਉਣੀ ਚਾਹੀਦੀ। ਉਹਨਾਂ ਕਿਹਾ ਕਿ ਵੱਧਦੀ ਉਮਰ ਦੇ ਨਾਲ ਅੱਖਾਂ ਦੀ ਰੋਸ਼ਨੀ ਘਟਣੀ ਸ਼ੁਰੂ ਹੋ ਜਾਂਦੀ ਹੈ ਇਸ ਲਈ 40 ਸਾਲ ਦੀ ਉਮਰ ਤੋਂ ਬਾਅਦ ਸਮੇਂ ਸਮੇਂ ’ਤੇ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਅੱਖਾਂ ਜਿੱਥੇ ਜਿਉਂਦੇ ਜੀਅ ਆਦਮੀ ਨੂੰ ਸੰਸਾਰ ਵਿਖਾਉਦੀਆਂ ਹਨ ਉੱਥੇ ਮਰਨ ਤੋਂ ਬਾਅਦ ਵੀ ਦਾਨ ਕਰਕੇ ਨੇਤਰਦਾਨੀ ਬਣਾਉਂਦੀਆਂ ਹਨ। ਇਸ ਮੌਕੇ ਹਸਪਤਾਲ ਸਫਾਟ ਦੇ ਡਾ. ਨੀਤੀ, ਰਜਿੰਦਰ ਸਿੰਘ ਮੈਨੇਜਰ, ਸੁਖਜਿੰਦਰ ਸਿੰਘ ਫਾਰਮਾਸਿਸਟ, ਜੋਤ ਅਤੇ ਰਜਤ ਸਟਾਫ ਨਰਸਾਂ ਤੋਂ ਇਲਾਵਾ ਹਿੰਦੂ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਜਿੰਨੇਂਦਰ ਜੈਨ, ਸਰਪ੍ਰਸਤ ਰਜੇਸ਼ ਕੁਮਾਰ ਪਿੰਟੂ, ਸਹਾਰਾ ਕਲੱਬ ਦੇ ਪ੍ਰਧਾਨ ਡਾ. ਸੋਹਨ ਲਾਲ ਕਲਿਆਣੀ, ਸੁਰੇਸ਼ ਕਾਂਸਲ ਐਡਵੋਕੇਟ, ਸਤੀਸ਼ ਗਰਗ, ਅਮਿਤ ਲਹਿਰੀ, ਪੁਨੀਤ ਬਾਂਸਲ, ਵਿਕਰਾਂਤ ਗੋਇਲ ਐਡਵੋਕੇਟ, ਬੂਟਾ ਸਿੰਘ ਆਦਿ ਵਿਸ਼ੇਸ਼ ਤੌਰ ’ਤੇ ਹਾਜਰ ਸਨ।