ਮੋਗਾ, 1 ਨਵੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 5,77,951 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿੱਚੋਂ 5,44,270 ਮੀਟ੍ਰਿਕ ਟਨ ਝੋਨੇ ਦੀ ਖ੍ਰੀਦ ਕੀਤੀ ਜਾ ਚੁੱਕੀ ਹੈ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਨਹੀਂ ਪੇਸ਼ ਆਉਣ ਦਿੱਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਖਰੀਦ ਕੀਤੇ ਗਏ ਝੋਨੇ ਵਿੱਚੋਂ 70 ਫੀਸਦੀ ਝੋਨੇ ਦੀ ਲਿਫ਼ਟਿੰਗ ਵੀ ਕਰਵਾਈ ਜਾ ਚੁੱਕੀ ਹੈ। ਸ੍ਰ. ਕੁਲਵੰਤ ਸਿੰਘ ਨੇ ਵੱਖ-ਵੱਖ ਖ੍ਰੀਦ ਏਜੰਸੀਆਂ ਵੱਲੋਂ ਖ੍ਰੀਦ ਕੀਤੇ ਗਏ ਝੋਨੇ ਦਾ ਏਜੰਸੀ ਵਾਈਜ਼ ਵੇਰਵਾ ਦਿੰਦਿਆਂ ਦੱਸਿਆ ਕਿ ਪਨਗ੍ਰੇਨ ਵੱਲੋਂ 2,36,266 ਐਮ.ਟੀ., ਮਾਰਕਫ਼ੈਡ ਵੱਲੋਂ 1,41,981 ਐਮ.ਟੀ., ਪਨਸਪ ਵੱਲੋਂ 108128 ਐਮ.ਟੀ., ਵੇਅਰਹਾਊਸ ਵੱਲੋ 57,547 ਐਮ.ਟੀ. ਅਤੇ ਪ੍ਰਾਈਵੇਟ ਵਪਾਰੀਆਂ ਵੱਲੋਂ 348 ਕੁਇੰਟਲ ਝੋਨਾ ਖ੍ਰੀਦਿਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਝੋਨੇ ਦੀ ਕਟਾਈ ਉਪਰੰਤ ਪਰਾਲੀ ਨੂੰ ਅੱਗ ਲਗਾਉਣ ਦੀ ਸਮੱਸਿਆ ਨਾਲ ਕਾਰਗਰ ਢੰਗ ਨਾਲ ਹਰ ਹੀਲੇ ਨਿਪਟਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਨੋਡਲ ਅਫ਼ਸਰਾਂ/ਕਲੱਸਟਰ ਅਫ਼ਸਰਾਂ ਟੀਮਾਂ ਲਗਾਤਾਰ ਕੰਮ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਜਾਂ ਹੋਰ ਫ਼ਸਲੀ ਰਹਿੰਦ ਖੂੰਹਦ ਨੂੰ ਅੱਗ ਲਗਾਏ ਬਿਨ੍ਹਾਂ ਖੇਤੀ ਕਰਕੇ ਵਾਤਾਵਰਨ ਦੀ ਸ਼ੁੱਧਤਾ ਵਿੱਚ ਆਪਣਾ ਯੋਗਦਾਨ ਪਾਉਣ। ਇਸਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਐਸ.ਐਮ.ਐਸ. ਤੋਂ ਬਿਨ੍ਹਾਂ ਕੰਬਾਈਨਾਂ ਤੋਂ ਝੋਨੇ ਦੀ ਵਢਾਈ ਉੱਪਰ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ ਇਸ ਕਰਕੇ ਕਿਸਾਨ ਐਸ.ਐਮ.ਐਸ. ਲੱਗੀ ਕਬਾਈਨ ਤੋਂ ਹੀ ਆਪਣੇ ਝੋਨੇ ਦੀ ਕਟਾਈ ਕਰਵਾਉਣ ਨੂੰ ਯਕੀਨੀ ਬਣਾਉਣ।