ਖਰੀਦ ਏਜੰਸੀਆਂ ਲਲਤੋਂ ਮੰਡੀ 'ਚੋਂ ਫੌਰੀ ਤੌਰ ਤੇ ਲਿਫਟਿੰਗ ਕਰਨ - ਕਿਸਾਨ ਆਗੂ
ਜੋਧਾਂ/ ਸਰਾਭਾ 30 ਅਕਤੂਬਰ (ਦਲਜੀਤ ਸਿੰਘ ਰੰਧਾਵਾ/ ਲਵਜੋਤ ਰੰਧਾਵਾ) "ਇਕ ਪਾਸੇ ਅੰਨ- ਦਾਤਿਆਂ ਨੇ ਪੰਜ ਮਹੀਨਿਆਂ ਚ ਸੱਪਾਂ ਦੀਆਂ ਸਿਰੀਆਂ ਮਿੱਧ ਕੇ, ਸਾਉਣ- ਭਾਦੋਂ ਦੇ ਵੱਟ ਝੱਲ ਕੇ, ਬੇਮੌਸਮੀ ਪਛੇਤੀ ਬਾਰਸ਼ ਦੀ ਮਾਰ ਸਹਿ ਕੇ ਅੱਜ ਦੇ ਸੋਨੇ ਵਰਗੇ ਝੋਨੇ ਦੇ ਅੰਬਾਰ ਮੰਡੀਆਂ 'ਚ ਲਾ ਰੱਖੇ ਹਨ; ਤਾਂ ਦੂਜੇ ਪਾਸੇ ਪੰਜਾਬ ਸਰਕਾਰ ਦੇ ਸਬੰਧਤ ਮਹਿਕਮਿਆਂ ਦੇ ਸੁਸਤ ਅਧਿਕਾਰੀਆਂ ਵਲੋਂ ਝੋਨੇ ਦੀ ਚੁਕਾਈ ਦਾ ਕੰਮ ਕੀੜੀ ਚਾਲ ਨਾਲ ਕੀਤਾ ਜਾ ਰਿਹਾ ਹੈ। ਜਿਸ ਨੂੰ ਹੋਰ ਵਧੇਰੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਝੋਨੇ ਨਾਲ ਨੱਕੋ- ਨੱਕ ਭਰੀ ਪਈ ਲਲਤੋਂ ਕਲਾਂ ਮੰਡੀ ਦੀ, ਇਹ ਅੱਜ ਦੀ ਦਸ਼ਾ ਹੈ।" ਇਹ ਸੂਚਨਾ ਪ੍ਰੈੱਸ ਦੇ ਨਾਮ ਅੱਜ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਦੀਆਂ ਲਲਤੋਂ ਕਲਾਂ ਤੇ ਲਲਤੋਂ ਖੁਰਦ ਇਕਾਈਆਂ ਅਤੇ ਭਾਰਤੀ ਕਿਸਾਨ ਯੂਨੀਅਨ( ਡਕੌਂਦਾ) ਦੀ ਲਲਤੋਂ ਕਲਾਂ ਇਕਾਈ ਦੇ ਕਰਮਵਾਰ ਆਗੂਆਂ- ਗੁਰਜੰਟ ਸਿੰਘ ਲਲਤੋਂ ਕਲਾਂ, ਜਗਰਾਜ ਸਿੰਘ ਰਾਜਾ ਲਲਤੋਂ ਖੁਰਦ, ਅਮਨਦੀਪ ਸਿੰਘ ਲਲਤੋਂ ਕਲਾਂ ਅਤੇ ਜ਼ਿਲ੍ਹਾ ਸਕੱਤਰ- ਮਾਸਟਰ ਜਸਦੇਵ ਸਿੰਘ ਲਲਤੋਂ ਨੇ ਸਾਂਝੇ ਤੌਰ ਤੇ ਜਾਰੀ ਕੀਤੀ ਹੈ। ਆਗੂਆਂ ਨੇ ਟੈਲੀਫੋਨ ਰਾਹੀਂ ਸਬੰਧਤ ਪਨਗਰੇਨ ਇੰਸਪੈਕਟਰ ਅਤੇ ਮਾਰਕਫੈੱਡ ਮੈਨੇਜਰ ਸ੍ਰੀ ਮਾਨਸ਼ਾਹੀਆ ਨਾਲ ਉਚੇਚੇ ਤੌਰ ਤੇ ਬਕਾਇਦਾ ਵਾਰਤਾਲਾਪ ਕਰਕੇ ਫੌਰੀ ਲਿਫਟਿੰਗ ਕਰਨ ਦੀ ਜ਼ੋਰਦਾਰ ਚਿਤਾਵਨੀ ਦਿੱਤੀ ਹੈ। ਸਬੰਧਤ ਪਨਗ੍ਰੇਨ ਅਧਿਕਾਰੀ ਨੇ ਯਕੀਨ ਦੁਆਇਆ ਹੈ ਕਿ ਅੱਜ ਦੁਪਹਿਰ ਤੱਕ ਲਲਤੋਂ ਕਲਾਂ ਮੰਡੀ ਲਈ ਸ਼ੈੱਲਰ ਦੀ ਅਲਾਟਮੈਂਟ ਮੁਕੰਮਲ ਹੋ ਜਾਵੇਗੀ। ਮਾਰਕਫੈੱਡ ਅਧਿਕਾਰੀ ਨੇ ਦੱਸਿਆ ਕਿ ਅੱਜ 4 ਗੱਡੀਆਂ ਲਿਫਟਿੰਗ ਲਈ ਭੇਜ ਦਿੱਤੀਆਂ ਹਨ ਅਤੇ ਕੱਲ੍ਹ ਤੋਂ ਹੋਰ ਵਧੇਰੇ ਗੱਡੀਆਂ ਤਾਇਨਾਤ ਕੀਤੀਆਂ ਜਾਣਗੀਆਂ। ਦੋਵਾਂ ਜਥੇਬੰਦੀਆਂ ਵੱਲੋਂ ਕੱਲ੍ਹ ਨੂੰ ਮੰਡੀ 'ਚ ਵੱਡੀ ਕਿਸਾਨ- ਮਜ਼ਦੂਰ ਮੀਟਿੰਗ ਕਰਕੇ, ਅਗਲੇ ਐਕਸ਼ਨ ਦੀ ਤਿਆਰੀ ਕੀਤੀ ਜਾਵੇਗੀ।