You are here

16 ਸਾਲਾਂ ਤੋਂ ਪਰਾਲੀ ਨੂੰ ਅੱਗ ਨਾ ਲਗਾ ਕੇ ਜੈਦੀਪ ਕਰ ਰਿਹੈ ਲਾਹੇਵੰਦ ਖੇਤੀ

ਵਾਤਾਵਰਨ ਦੇ ਹਿੱਤ ਵਾਲੀਆਂ ਤਕਨੀਕਾਂ ਵਰਤਣ ਨਾਲ ਉਸਦੀ ਫ਼ਸਲ ਦੇ ਝਾੜ ਅਤੇ ਆਮਦਨ ਵਿੱਚ ਹੋਇਆ ਵਾਧਾ-ਜੈਦੀਪ ਸਿੰਘ

ਡਿਪਟੀ ਕਮਿਸ਼ਨਰ ਨੇ ਵੀ ਕੀਤੀ ਜੈਦੀਪ ਕਿਸਾਨ ਦੀ ਸ਼ਲਾਘਾ

ਮੋਗਾ, 1 ਨਵੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਜ਼ਿਲ੍ਹਾ ਮੋਗਾ ਅਧੀਨ ਪਿੰਡ ਸੱਦਾ ਸਿੰਘ ਵਾਲਾ ਦਾ ਵਸਨੀਕ ਸ੍ਰ. ਜੈਦੀਪ ਸਿੰਘ ਇੱਕ ਅਗਾਂਹਵਧੂ ਕਿਸਾਨ ਹੈ, ਜਿਸ ਵੱਲੋਂ 40 ਏਕੜ ਰਕਬੇ ਉੱਪਰ ਝੋਨੇ ਅਤੇ ਕਣਕ ਦੀ ਰਵਾਇਤੀ ਖੇਤੀ ਕੀਤੀ ਜਾਂਦੀ ਹੈ। ਸਾਲ 2006 ਵਿੱਚ ਆਪਣੇ ਖੇਤ ਵਿਚਲੀ ਮਿੱਟੀ ਦੀ ਪਰਖ ਕਰਵਾਉਣ ਤੇ ਇਸ ਕਿਸਾਨ ਨੂੰ ਪਤਾ ਲੱਗਾ ਕਿ ਉਸਦੇ ਖੇਤ ਵਿੱਚ ਜੈਵਿਕ ਮਾਦੇ ਕਮੀ ਹੈ, ਇਸ ਗੱਲ ਦੀ ਚਰਚਾ ਮਾਹਿਰਾਂ ਨਾਲ ਕਰਨ ਤੋਂ ਬਾਅਦ ਇਸ ਕਿਸਾਨ ਨੇ ਝੋਨੇ ਅਤੇ ਕਣਕ ਦੀ ਰਹਿੰਦ-ਖੂੰਹਦ ਨੂੰ ਮਿੱਟੀ ਵਿੱਚ ਹੀ ਰਲਾਉਣ ਦਾ ਫੈਸਲਾ ਕੀਤਾ। ਕਿਸਾਨ ਜੈਦੀਪ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਝੋਨੇ ਅਤੇ ਕਣਕ ਦੀਆਂ ਸਿਫਾਰਿਸ਼ ਕੀਤੀਆਂ ਕਿਸਮਾਂ ਦੀ ਬਿਜਾਈ ਕਰਦਾ ਹੈ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਅਤੇ ਆਤਮਾ ਸਕੀਮ ਜ਼ਿਲ੍ਹਾ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 2006 ਤੋਂ ਝੋਨੇ ਦੀ ਪਰਾਲੀ ਨੂੰ ਮਿੱਟੀ ਵਿੱਚ ਮਿਲਾਕੇ ਵਧੀਆ ਢੰਗ ਨਾਲ ਸਾਂਭ-ਸੰਭਾਲ ਕਰ ਰਿਹਾ ਹੈ। ਉਸਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਦੀ ਸਮੱਸਿਆ ਦਾ ਹੱਲ ਕਰਨ ਤੋਂ ਇਲਾਵਾ ਪਰਾਲੀ ਜ਼ਮੀਨ ਵਿੱਚ ਮਿਲਾਉਣ ਨਾਲ ਕਣਕ ਦੀ ਬਿਜਾਈ ਲਗਭਗ ਇੱਕ ਹਫ਼ਤਾ ਅਗੇਤੀ ਹੋ ਜਾਂਦੀ ਹੈ, ਜਿਸ ਨਾਲ ਇਸ ਤੋਂ ਅਗਲੇਰੀ ਫ਼ਸਲ, ਬਹਾਰ ਰੁੱਤ ਦੀ ਮੱਕੀ ਦੀ ਬਿਜਾਈ ਵੀ ਸਮੇਂ ਸਿਰ ਹੋ ਜਾਂਦੀ ਹੈ। ਇਸ ਨਾਲ ਮਿੱਟੀ ਦੀ ਸਿਹਤ ਵਿੱਚ ਵੀ ਸੁਧਾਰ ਆਉਂਦਾ ਹੈ। ਉਸਨੇ ਅੱਗੇ ਦੱਸਿਆ ਕਿ ਮਿੱਟੀ ਦੀ ਸਿਹਤ ਵਿੱਚ ਸੁਧਾਰ ਆਉਂਦਾ ਹੈ ਅਤੇ ਇਸ ਤਕਨੀਕ ਨਾਲ ਮਿੱਟੀ ਵੀ ਪਾਣੀ ਨੂੰ ਵੱਧ ਸਮੇਂ ਤੱਕ ਸੰਭਾਲ ਕੇ ਰੱਖਦੀ ਹੈ, ਜਿਸ ਨਾਲ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਰਵਾਇਤੀ ਤਰੀਕੇ ਨਾਲ ਅੱਗ ਲਗਾਉਣ ਵਾਲੀ ਖੇਤੀ ਦੇ ਮੁਕਾਬਲੇ ਸੂਖਮ ਜੀਵਾਣੂਆਂ ਵਿੱਚ ਵੀ ਚੋਖਾ ਵਾਧਾ ਹੋਇਆ ਹੈ। ਜੈਦੀਪ ਸਿੰਘ ਅਨੁਸਾਰ ਵਾਤਾਵਰਨ ਦੇ ਹਿੱਤ ਵਾਲੀਆਂ ਤਕਨੀਕਾਂ ਵਰਤਣ ਕਾਰਣ ਉਸਦੀ ਫ਼ਸਲ ਦੇ ਝਾੜ ਅਤੇ ਉਸਦੀ ਆਮਦਨ ਵਿੱਚ ਵੀ ਵਾਧਾ ਹੋਇਆ ਹੈ। ਇਸ ਉਦਮੀ ਕਿਸਾਨ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਆਤਮਾ ਸਕੀਮ, ਜ਼ਿਲ੍ਹਾ ਮੋਗਾ ਵੱਲੋਂ ਸਮੇਂ ਸਮੇਂ ਤੇ ਕੀਤੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੇ ਨਾਲ ਨਾਲ ਬਾਕੀ ਕਿਸਾਨਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਜੈਦੀਪ ਸਿੰਘ ਨੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਬਿਜਾਇ ਵਾਤਾਵਰਨ ਪੱਖੀ ਖੇਤੀਬਾੜੀ ਸੰਦ ਵਰਤਣ ਨੂੰ ਤਰਜੀਹ ਦੇਣ ਤਾਂ ਕਿ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚਾਇਆ ਜਾ ਸਕੇ, ਇਸ ਨਾਲ ਕਿਸਾਨ ਉੱਪਰ ਆਰਥਿਕ ਬੋਝ ਵੀ ਨਹੀਂ ਪੈਂਦਾ। ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਜੈਦੀਪ ਸਿੰਘ ਦੀ ਪ੍ਰਸੰਸਾ ਕੀਤੀ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਜੈਦੀਪ ਸਿੰਘ ਵਰਗੇ ਅਗਾਂਹਵਧੂ ਕਿਸਾਨਾਂ ਦੇ ਰਾਹਾਂ ਉੱਪਰ ਤੁਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਨ ਪੱਖੀ ਖੇਤੀ ਕਰ ਰਹੇ ਹਨ ਉਨ੍ਹਾਂ ਨੂੰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ।