40 ਮੁਕਤਿਆਂ ਦਾ ਸ਼ਹੀਦੀ ਦਿਵਸ ਸ੍ਰੀ ਮੁਕਤਸਰ ਸਾਹਿਬ ’ਚ
ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਸ਼੍ਰੀ ਦਰਬਾਰ ਸਾਹਿਬ (ਗੁਰਦੁਆਰਾ ਟੁੱਟੀ ਗੰਢੀ ਸਾਹਿਬ) ਸ਼੍ਰੀ ਮੁਕਤਸਰ ਸਾਹਿਬ ਦੇ ਪਿੱਛੇ ਲਹਿੰਦੇ ਪਾਸੇ ਵੱਲ ਹੈ। ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥੀਂ ਚਿਖਾ (ਅੰਗੀਠਾ) ਤਿਆਰ ਕਰਕੇ 40 ਮੁਕਤੇ ਅਤੇ ਹੋਰ ਸ਼ਹੀਦ ਸਿੰਘਾਂ ਦਾ ਆਪਣੇ ਹੱਥੀਂ ਸਸਕਾਰ ਕੀਤਾ ਸੀ। 40 ਮੁਕਤਿਆਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 1, 2 ਅਤੇ 3 ਮਈ ਨੂੰ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ।
ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੰਨ 1704 ਈ: ਵਿੱਚ ਅਨੰਦਪੁਰ ਸਾਹਿਬ, ਕਿਲ੍ਹਾ ਅਨੰਦਗੜ੍ਹ ਵਿਖੇ ਮੁਗ਼ਲ ਫ਼ੌਜਾਂ ਨਾਲ ਯੁੱਧ ਲੜ ਰਹੇ ਸਨ। ਦੁਸ਼ਮਣ ਦੀਆਂ ਫ਼ੌਜਾਂ ਨੇ ਚਾਰੇ ਪਾਸੇ ਘੇਰਾ ਪਾ ਲਿਆ ਅਤੇ ਬਾਹਰੋਂ ਰਸਦ-ਪਾਣੀ ਅੰਦਰ ਨਾ ਜਾਣ ਦਿੱਤਾ, ਕਿਉਂਕਿ ਉਹਨਾਂ ਨੂੰ ਉਮੀਦ ਸੀ ਕਿ ਭੁੱਖ ਨਾਲ ਮਰਦੇ ਸਿੰਘ ਲੜਾਈ ਨਹੀਂ ਲੜ ਸਕਣਗੇ ਅਤੇ ਬਾਹਰ ਆ ਜਾਣਗੇ। ਜਦੋਂ ਕਾਫ਼ੀ ਲੰਮਾ ਸਮਾਂ ਕਿਲ੍ਹੇ ਨੂੰ ਘੇਰਾ ਪਿਆ ਰਿਹਾ ਤਾਂ ਭੁੱਖ ਤੋਂ ਤੰਗ ਆਏ ਸਿੰਘਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਜੰਗ ਨਹੀਂ ਲੜ ਸਕਦੇ ਅਤੇ ਉਹ ਘਰਾਂ ਨੂੰ ਜਾਣਾ ਚਾਹੁੰਦੇ ਹਨ। ਗੁਰੂ ਸਾਹਿਬ ਨੇ ਸਿੰਘਾਂ ਨੂੰ ਹੌਂਸਲਾ ਦਿੰਦੇ ਹੋਏ ਕਿਹਾ ਕਿ ਕੁਝ ਦਿਨਾਂ ਦੀ ਗੱਲ ਹੈ, ਪਰ ਸਿੰਘਾਂ ਨੇ ਉੱਤਰ ਦਿੱਤਾ, ‘‘ਅਸੀਂ ਲੜਦੇ ਹੋਏ ਸ਼ਹੀਦ ਹੋ ਸਕਦੇ ਹਾਂ ਪਰ ਭੁੱਖੇ ਮਰਨ ਲਈ ਤਿਆਰ ਨਹੀਂ।’’ ਸਿੰਘ ਜਦ ਆਪਣੀ ਜ਼ਿੱਦ ਤੇ ਅੜੇ ਰਹੇ ਤਾਂ ਗੁਰੂ ਜੀ ਨੇ ਕਿਹਾ ਕਿ ਜੇਕਰ ਤੁਸੀਂ ਜਾਣਾ ਹੈ ਤਾਂ ਜਾਉ ਪਰ ਇਹ ਲਿਖ ਕੇ ਦੇ ਜਾਉ ‘‘ਗੁਰੂ ਗੋਬਿੰਦ ਸਿੰਘ ਸਾਡਾ ਗੁਰੂ ਨਹੀਂ ਅਤੇ ਅਸੀਂ ਉਸ ਦੇ ਸਿੱਖ ਨਹੀਂ।’’ ਭਾਈ ਮਹਾਂ ਸਿੰਘ ਜੀ ਦੀ ਅਗਵਾਈ ਵਿੱਚ 40 ਸਿੰਘ ਗੁਰੂ ਜੀ ਨੂੰ ‘ਅਸੀਂ ਤੁਹਾਡੇ ਸਿੱਖ ਨਹੀਂ,’ ਤੁਸੀਂ ਸਾਡੇ ਗੁਰੂ ਨਹੀਂ’ ਬੇਦਾਵਾ ਲਿਖ ਕੇ ਦੇਣ ਉਪਰੰਤ ਘਰਾਂ ਨੂੰ ਵਾਪਸ ਆ ਗਏ।
ਗੁਰੂ ਜੀ ਨੇ ਮੁਗ਼ਲਾਂ ਦੇ ਵਿਸ਼ਵਾਸ ਦੇਣ ’ਤੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿੱਤਾ ਕਿ ਸਾਡੀ ਫ਼ੌਜ ਵਾਪਸ ਚਲੀ ਜਾਵੇਗੀ ਪਰ ਇਹ ਉਹਨਾਂ ਦੀ ਇੱਕ ਚਾਲ ਸੀ। ਗੁਰੂ ਜੀ ਸਰਸਾ ਨਦੀ ਪਾਰ ਕਰਕੇ ਚਮਕੌਰ ਸਾਹਿਬ ਪੁੱਜੇ। ਇਸੇ ਸਮੇਂ ਦੌਰਾਨ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਜੋ ਗੰਗੂ ਰਸੋਈਏ ਨਾਲ ਸਨ, ਗੁਰੂ ਸਾਹਿਬ ਤੋਂ ਵਿੱਛੜ ਗਏ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਗੁਰੂ ਸਾਹਿਬ ਦੇ ਨਾਲ ਸਨ। ਮੁਗ਼ਲ ਫ਼ੌਜ ਪਿੱਛਾ ਕਰਦੀ ਆ ਰਹੀ ਸੀ। ਚਮਕੌਰ ਸਾਹਿਬ ਵਿਖੇ ਬਹੁਤ ਭਾਰੀ ਯੁੱਧ ਹੋਇਆ। ਜਿੱਥੇ ਦੋਵੇਂ ਵੱਡੇ ਸਾਹਿਬਜ਼ਾਦੇ ਜੰਗ ਵਿੱਚ ਸ਼ਹੀਦ ਹੋ ਗਏ।
ਗੁਰੂ ਜੀ ਪੰਜ ਪਿਆਰਿਆਂ ਦਾ ਹੁਕਮ ਮੰਨ ਕੇ ਚਮਕੌਰ ਦੀ ਗੜ੍ਹੀ ਵਿੱਚੋਂ ਨਿਕਲ ਕੇ ਮਾਛੀਵਾੜਾ, ਰਾਏਕੋਟ, ਦੀਨਾ ਕਾਂਗੜ, ਭਾਈ ਭਗਤਾ, ਵਾਂਦਰ, ਬਰਗਾੜੀ, ਸਰਾਵਾਂ, ਜੈਤੋ, ਮਲੂਕਾ ਆਦਿ ਪਿੰਡਾਂ ਵਿੱਚੋਂ ਦੀ ਹੁੰਦੇ ਹੋਏ ਕੋਟਕਪੁੂਰਾ ਪੁੱਜੇ। ਕੋਟਕਪੂਰੇ ਦੇ ਚੌਧਰੀ (ਨਵਾਬ) ਕਪੂਰ ਸਿੰਘ ਤੋਂ ਗੁਰੂ ਜੀ ਨੇ ਕਿਲ੍ਹਾ ਮੰਗਿਆ। ਚੌਧਰੀ ਨੇ ਗੁਰੂ ਜੀ ਦੀ ਬਹੁਤ ਸੇਵਾ ਤੇ ਸਤਿਕਾਰ ਕੀਤਾ ਪਰ ਕਿਲ੍ਹਾ ਦੇਣ ਤੋਂ ਸਾਫ਼ ਨਾਂਹ ਕਰ ਦਿੱਤੀ। ਗੁਰੂ ਸਾਹਿਬ ਸਿੱਖ ਯੋਧਿਆਂ ਸਮੇਤ ਖਿਦਰਾਣੇ ਦੀ ਢਾਬ ਵੱਲ ਚੱਲ ਪਏ।
ਦੂਜੇ ਪਾਸੇ ਅਨੰਦਪੁਰ ਸਾਹਿਬ ਤੋਂ ਬੇਦਾਵਾ ਦੇਣ ਵਾਲੇ 40 ਸਿੰਘ ਜਦ ਆਪਣੇ ਘਰਾਂ ਨੂੰ ਚਲੇ ਗਏ ਅਤੇ ਘਰ ਜਾ ਕੇ ਸਾਰਾ ਹਾਲ ਸੁਣਾਇਆ ਤਾਂ ਉਹਨਾਂ ਦੀਆਂ ਪਤਨੀਆਂ, ਭੈਣਾਂ, ਮਾਵਾਂ ਤੇ ਰਿਸ਼ਤੇਦਾਰਾਂ ਨੇ ਬਹੁਤ ਤਾਅਨੇ-ਮਿਹਣੇ ਮਾਰ ਕੇ ਕਿਹਾ ਕਿ ਤੁਸੀਂ ਗੁਰੂ ਜੀ ਨੂੰ ਛੱਡ ਕੇ ਚੰਗਾ ਕੰਮ ਨਹੀਂ ਕੀਤਾ। ਤੁਸੀਂ ਗੁਰੂ ਜੀ ਤੋਂ ਬੇਮੁਖ ਹੋ ਕੇ ਆਏ ਹੋ। ਤੁਸੀਂ ਘਰਾਂ ਵਿੱਚ ਘੱਗਰੇ ਤੇ ਚੂੜੀਆਂ (ਵੰਗਾਂ) ਪਾ ਕੇ ਬੈਠੋ, ਅਸੀਂ ਜੰਗ ਲੜਨ ਜਾਂਦੀਆਂ ਹਾਂ। ਮਾਈ ਭਾਗੋ ਜੋ ਸੂਰਬੀਰ ਤੇ ਦਲੇਰ ਔਰਤ ਸੀ, ਉਸ ਦੀ ਪ੍ਰੇਰਨਾ ਨਾਲ ਇਹ 40 ਸਿੰਘ ਸਮੀਰ ਸਿੰਘ, ਸਰਜਾ ਸਿੰਘ, ਸੁਹੇਲ ਸਿੰਘ, ਸੁਲਤਾਨ ਸਿੰਘ, ਸੋਭਾ ਸਿੰਘ, ਸੰਤ ਸਿੰਘ, ਹਰਸਾ ਸਿੰਘ, ਗੰਗਾ ਸਿੰਘ, ਹਰੀ ਸਿੰਘ, ਕਰਨ ਸਿੰਘ, ਕਰਮ ਸਿੰਘ, ਕਾਲਾ ਸਿੰਘ, ਕੀਰਤੀ ਸਿੰਘ, ਕਿ੍ਪਾਲ ਸਿੰਘ, ਖੁਸ਼ਾਲ ਸਿੰਘ, ਗੁਲਾਬ ਸਿੰਘ, ਗੰਗਾ ਸਿੰਘ, ਗੰਡਾ ਸਿੰਘ, ਘਰਬਾਰਾ ਸਿੰਘ, ਚੰਬਾ ਸਿੰਘ, ਜਾਦੋ ਸਿੰਘ, ਜੋਗਾ ਸਿੰਘ, ਜੰਗ ਸਿੰਘ, ਦਿਆਲ ਸਿੰਘ, ਦਰਬਾਰਾ ਸਿੰਘ, ਦਿਲਬਾਗ ਸਿੰਘ, ਧਰਮ ਸਿੰਘ, ਧੰਨਾ ਸਿੰਘ, ਨਿਹਾਲ ਸਿੰਘ, ਨਿਧਾਨ ਸਿੰਘ, ਬੂੜ ਸਿੰਘ, ਭਾਗ ਸਿੰਘ, ਭੋਲਾ ਸਿੰਘ, ਭੰਗਾ ਸਿੰਘ, ਮਹਾਂ ਸਿੰਘ, ਮੱਜਾ ਸਿੰਘ, ਮਾਨ ਸਿੰਘ, ਮੈਯਾ ਸਿੰਘ, ਰਾਇ ਸਿੰਘ, ਲਛਮਣ ਸਿੰਘ (ਮਹਾਨ ਕੋਸ਼, ਚੌਥੀ ਵਾਰ, ਪੰਨਾ 981) ਗੁਰੂ ਜੀ ਦੀ ਭਾਲ ਕਰਦੇ ਹੋਏ ਖਿਦਰਾਣੇ ਦੀ ਢਾਬ ’ਤੇ ਪਹੁੰਚੇ। ਉਹਨਾਂ ਆਪਣੀ ਗਿਣਤੀ ਜ਼ਿਆਦਾ ਦਿਖਾਉਣ ਲਈ ਝਾੜੀਆਂ ਅਤੇ ਬੂਟੀਆਂ ਦੇ ਉੱਪਰ ਆਪਣੇ ਚਾਦਰੇ, ਪਰਨੇ ਅਤੇ ਹੋਰ ਕੱਪੜੇ ਪਾ ਕੇ ਤੰਬੂਆਂ ਦੀ ਸ਼ਕਲ ਵਿੱਚ ਬਦਲ ਦਿੱਤਾ। 40 ਸਿੰਘ ਮੁਗ਼ਲ ਫ਼ੌਜਾਂ ਨਾਲ ਜੁੂਝ ਕੇ ਲੜੇ।
ਯੁੱਧ ਖ਼ਤਮ ਹੋਣ ਤੋਂ ਬਾਅਦ ਗੁਰੂ ਜੀ ਜਦੋਂ ਲੜਾਈ ਦੇ ਮੈਦਾਨ ਵਿੱਚ ਪਹੁੰਚੇ, 39 ਸਿੰਘ ਸ਼ਹੀਦ ਹੋ ਚੁੱਕੇ ਸਨ। ਜਦੋਂ ਗੁਰੂ ਜੀ ਸਹਿਕ ਰਹੇ ਇੱਕ ਸਿੱਖ ਭਾਈ ਮਹਾਂ ਸਿੰਘ ਕੋਲ ਪਹੁੰਚੇ ਤਾਂ ਉਸ ਨੂੰ ਆਪਣੀ ਗੋਦੀ ਵਿੱਚ ਬਿਠਾਇਆ ਤੇ ਕੱਪੜੇ ਨਾਲ ਉਸ ਦਾ ਚਿਹਰਾ ਸਾਫ਼ ਕੀਤਾ। ਗੁਰੂ ਜੀ ਨੇ ਉਸ ਦੀ ਆਖ਼ਰੀ ਇੱਛਾ ਪੁੱਛੀ ਤੇ ਕਿਹਾ, ‘‘ਭਾਈ ਮਹਾਂ ਸਿੰਘ! ਤੁਸੀਂ ਮਹਾਨ ਕੁਰਬਾਨੀ ਕੀਤੀ ਹੈ, ਮੰਗ ਲੈ, ਜੋ ਮੰਗੇਗਾ, ਉਹ ਜ਼ਰੂਰ ਮਿਲੇਗਾ।’’
ਤਬ ਲੌ ਇਕ ਸਿਖ ਸਹਿਕਤ ਪਾਯੋ।
ਕਹਯੋ ਗੁਰੂ ਮਾਂਗੋ ਮਨ ਭਾਯੋ।
(ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ, ਪੰਨਾ 311)
ਸਿਸਕੀਆਂ ਭਰਦਿਆਂ ਭਾਈ ਮਹਾਂ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ ਜੇ ਤਰੁੱਠੇ ਹੋ ਤਾਂ ਅਨੰਦਪੁਰ ਸਾਹਿਬ ਵਿਖੇ ਜੰਗ ਸਮੇਂ ਅਸੀਂ 40 ਸਿੰਘ ਜੋ ਬੇਦਾਵਾ ਲਿਖ ਕੇ ਦੇ ਆਏ ਸੀ, ਉਹ ਪਾੜ ਦਿਉ ਅਤੇ ਸਾਡੀ ਟੁੱਟੀ ਗੰਢ ਦਿਉ। ਗੁਰੂ ਜੀ ਨੇ ਆਪਣੇ ਕਮਰਕੱਸੇ ਵਿੱਚੋਂ ਬੇਦਾਵਾ ਕੱਢ ਕੇ ਭਾਈ ਮਹਾਂ ਸਿੰਘ ਦੇ ਸਾਹਮਣੇ ਪਾੜ ਕੇ ਭਾਈ ਮਹਾਂ ਸਿੰਘ ਤੇ ਸ਼ਹੀਦ ਹੋਏ ਸਿੰਘਾਂ ਨਾਲ ਟੁੱਟੀ ਗੰਢ ਦਿੱਤੀ।
ਸਿੱਖੀ ਹਿਤ ਜਿਨ ਰਾਜਨ ਚਾਹਯੋ।
ਸਿਦਕ ਔਰ ਉਪਕਾਰ ਨਿਬਾਹਯੋ।
ਜੇਬ ਬੀਚ ਤੈ ਤਬੈ ਨਿਕਾਰਯੋ।
ਕਾਗਜ ਸਨਮੁਖ ਤਾਂਕੇ ਫਾਰਯੋ।
ਗੁਰੂ ਤੇ ਵਲੀ ਗੁਰੂ ਕੇ ਸਿਖ ਹੈਂ।
ਯਹਿ ਗੁਰੂ ਕਹਯੋ ਲਏ ਹਿਮ ਪਿਖ ਹੈਂ।
ਤੂਟੀ ਸਿੱਖੀ ਫੇਰ ਮਿਲਾਈ।
ਪਰਉਪਕਾਰ ਕਰਯੋ ਬਹੁਤਾਈ।
(ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ, ਪੰਨਾ 311)
ਗੁਰੂ ਜੀ ਨੇ ਫ਼ਰਮਾਇਆ ਕਿ ਇਹ ਥਾਂ ਹੁਣ ਖਿਦਰਾਣਾ ਨਹੀਂ ਸਗੋਂ ਮੁਕਤੀ ਦਾ ਅਸਥਾਨ ਹੈ।
ਮੁਕਤਯੋਂ ਕਾ ਪਦ ਉਨਕੋ ਦੀਨਾ।
ਖਿਦਰਾਣੇ ਕੋ ਮੁਕਤਸਰ ਕੀਨਾ।
(ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ, ਪੰਨਾ 312)
ਗੁਰੂ ਜੀ ਨੇ ਸ਼ਹੀਦ ਹੋਏ ਸਿੰਘਾਂ ਨੂੰ ਪੰਜ ਹਜ਼ਾਰੀ, ਦਸ ਹਜ਼ਾਰੀ ਅਤੇ ਹੋਰ ਵੱਡੇ-ਵੱਡੇ ਖਿਤਾਬ ਬਖ਼ਸ਼ੇ। ਇਹਨਾਂ 40 ਮੁਕਤਿਆਂ ਨੂੰ ਅਸੀਂ ਰੋਜ਼ਾਨਾ ਸਵੇਰੇ-ਸ਼ਾਮ ਅਰਦਾਸ ਕਰਨ ਸਮੇਂ ਯਾਦ ਕਰਦੇ ਹਾਂ।
ਗੁਰਦੁਆਰਾ ਸ਼ਹੀਦ ਗੰਜ ਸ਼੍ਰੀ ਮੁਕਤਸਰ ਸਾਹਿਬ ਵਿਖੇ ਹਰ ਸਮੇਂ ਅਖੰਡ-ਪਾਠਾਂ ਦੀ ਲੜੀ ਚੱਲਦੀ ਰਹਿੰਦੀ ਹੈ। ਇਸ ਅਸਥਾਨ ਤੇ ਹਰ ਸਾਲ 40 ਮੁਕਤਿਆਂ ਦਾ ਸ਼ਹੀਦੀ ਦਿਹਾੜਾ 1, 2, ਤੇ 3 ਮਈ ਨੂੰ ਬੜੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। 1 ਮਈ ਨੂੰ ਅਖੰਡ-ਪਾਠ ਆਰੰਭ ਹੋਣਗੇ। ਇਸੇ ਦਿਹਾੜੇ ਗੁਰਦੁਆਰਾ ਟਿੱਬੀ ਸਾਹਿਬ ਤੋਂ ਨਗਰ-ਕੀਰਤਨ ਸਜਾਇਆ ਜਾਵੇਗਾ। 3 ਮਈ ਨੂੰ ਅਖੰਡ-ਪਾਠਾਂ ਦੇ ਭੋਗ ਪਾਏ ਜਾਣਗੇ। ਤਿੰਨ ਰੋਜ਼ਾ ਸਮਾਗਮ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ, ਪ੍ਰਚਾਰਕ, ਢਾਡੀ ਗੁਰ ਇਤਿਹਾਸ, ਗੁਰਬਾਣੀ ਦੇ ਰਸ-ਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਕਰਨੈਲ ਸਿੰਘ ਐੱਮ.ਏ. ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ-1, ਚੰਡੀਗੜ੍ਹ ਰੋਡ,
ਜਮਾਲਪੁਰ ਲੁਧਿਆਣਾ