ਜਗਰਾਓ/ ਸਿੱਧਵਾਂ ਬੇਟ, 29 ਅਪ੍ਰੈਲ ( ਡਾ ਮਨਜੀਤ ਸਿੰਘ ਲੀਲਾ) -ਜਗਰਾਓਂ ਨੇੜਲੇ ਪਿੰਡ ਸੋਢੀਵਾਲ ਵਿਖੇ ਪ੍ਰੇਮ ਸਬੰਧਾਂ ਤੋਂ ਰੋਕਣ ’ਤੇ ਪ੍ਰੇਮਿਕਾ ਨਾਲ ਮਿਲ ਕੇ ਆਪਣੇ ਵੱਡੇ ਭਰਾ ਨੂੰ ਕੁੱਟ-ਕੁੱਟ ਕੇ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ। ਪੁਲਸ ਨੇ ਕਤਲ ਕਰਨ ਦੇ ਦੋਸ਼ ’ਚ ਪ੍ਰੇਮੀ-ਪ੍ਰੇਮਿਕਾ ਨੂੰ 4 ਘੰਟਿਆਂ ਵਿਚ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਕੁਲਦੀਪ ਸਿੰਘ (58) ਦੀ ਲੜਕੀ ਰਾਜਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਚਾਚਾ ਬਲਜੀਤ ਸਿੰਘ (52), ਜੋ ਕੁਆਰਾ ਹੈ ਤੇ ਬਚਪਨ ਤੋਂ ਪੋਲੀਓ ਹੋਣ ਕਾਰਨ ਬੈਸਾਖੀਆਂ ਨਾਲ ਤੁਰਦਾ ਹੈ ਅਤੇ ਪਿਛਲੇ ਤਕਰੀਬਨ 20 ਸਾਲਾਂ ਤੋਂ ਪਿੰਡ ਦੀ ਹੀ ਇਕ ਔਰਤ ਨਾਲ ਸਬੰਧ ਹਨ। ਉਹ ਅਕਸਰ ਉਸ ਦੇ ਚਾਚਾ ਬਲਜੀਤ ਸਿੰਘ ਨੂੰ ਮਿਲਣ ਲਈ ਆਉਂਦੀ ਸੀ, ਜਿਸ ’ਤੇ ਉਨ੍ਹਾਂ ਦਾ ਸਾਰਾ ਪਰਿਵਾਰ ਇਤਰਾਜ਼ ਕਰਦਾ ਸੀ। ਬੀਤੀ ਸ਼ਾਮ ਉਕਤ ਔਰਤ ਉਨ੍ਹਾਂ ਦੇ ਘਰ ਆਈ, ਜਿਸ ’ਤੇ ਮੇਰੇ ਪਿਤਾ ਕੁਲਦੀਪ ਸਿੰਘ ਨੇ ਮੇਰੇ ਚਾਚੇ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਮੇਰੇ ਚਾਚਾ ਬਲਜੀਤ ਸਿੰਘ ਨੇ ਤੈਸ਼ ’ਚ ਆ ਕੇ ਆਪਣੀ ਬੈਸਾਖੀ ਨਾਲ ਮੇਰੇ ਪਿਤਾ ਕੁਲਦੀਪ ਸਿੰਘ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਮੇਰਾ ਪਿਤਾ ਧਰਤੀ ’ਤੇ ਡਿੱਗ ਪਿਆ ਤੇ ਡਿੱਗੇ ਹੋਏ ਦੇ ਉਕਤ ਔਰਤ ਨੇ ਵੀ ਪੇਟ ’ਚ ਲੱਤਾਂ ਮਾਰੀਆਂ, ਜਿਸ ਨਾਲ ਮੇਰੇ ਪਿਤਾ ਦੀ ਮੌਤ ਹੋ ਗਈ । ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਕਰਮਜੀਤ ਸਿੰਘ ਨੇ ਦੱਸਿਆ ਕਿ ਕਥਿਤ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ, ਜਿਨ੍ਹਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ।