ਤਲਵੰਡੀ ਸਾਬੋ, 30 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਕਲਗੀਧਰ ਟ੍ਰਸਟ ਬੜੂ ਸਾਹਿਬ ਦੁਆਰਾ ਚਲਾਈ ਜਾ ਰਹੀ ਅਕਾਲ ਅਕੈਡਮੀ ਦੇ ਸੰਸਥਾਪਕ ਵਿੱਦਿਆ ਮਾਰਤੰਡ, ਸ਼੍ਰੋਮਣੀ ਪੰਥ ਰਤਨ, ਪਦਮ ਸ਼੍ਰੀ ਸੰਤ ਬਾਬਾ ਇਕਬਾਲ ਸਿੰਘ ਜੀ ਦੇ 97ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸੰਤ ਸਮਾਗਮ ਹਿਮਾਚਲ ਪ੍ਰਦੇਸ਼ ਦੇ ਤਪ ਅਸਥਾਨ ਗੁਰਦੁਆਰਾ ਬੜੂ ਸਾਹਿਬ ਵਿਖੇ 1 ਮਈ 2023 ਨੂੰ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਤ ਸਮਾਗਮ ਵਿੱਚ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਤੋਂ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ, ਸਿੰਘ ਸਾਹਿਬਾਨ, ਕਥਾਵਾਚਕ, ਢਾਡੀ ਜਥੇ ਅਤੇ ਸੰਤ ਮਹਾਂਪੁਰਖ ਪੁੱਜ ਰਹੇ ਹਨ। ਇਸ ਮੌਕੇ 'ਤੇ ਅੰਮ੍ਰਿਤ ਅਭਿਲਾਖੀਆਂ ਨੂੰ ਅੰਮ੍ਰਿਤ ਸੰਚਾਰ ਦੁਆਰਾ ਗੁਰੂ ਦੇ ਲੜ ਵੀ ਲਾਇਆ ਜਾਵੇਗਾ। ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਅਤੇ ਸੰਤ ਤੇਜਾ ਸਿੰਘ ਜੀ ਦੇ ਵਰੋਸਾਏ ਸੰਤ ਬਾਬਾ ਇਕਬਾਲ ਸਿੰਘ ਜੀ ਨੇ ਆਪਣੇ ਜੀਵਨ-ਕਾਲ ਵਿੱਚ ਅਨੇਕਾਂ ਪ੍ਰਾਣੀਆਂ ਨੂੰ ਗੁਰਮਤਿ ਮਾਰਗ 'ਤੇ ਚੱਲਣ ਦੀ ਪ੍ਰੇਰਣਾ ਕਰਕੇ ਗੁਰੂ ਦੇ ਲੜ ਲਾਇਆ। ਵਿੱਦਿਆ ਅਤੇ ਸਮਾਜ ਸੇਵਾ ਦੇ ਖੇਤਰ 'ਚ ਬਾਬਾ ਜੀ ਨੇ 129 ਅਕਾਲ ਅਕੈਡਮੀਆਂ, 2 ਯੂਨੀਵਰਸਿਟੀਆਂ, ਹਸਪਤਾਲ, ਨਸ਼ਾ ਛੁਡਾਊ ਕੇਂਦਰ ਅਤੇ ਮਹਿਲਾ ਸਸ਼ਕਤੀਕਰਨ ਲਹਿਰ ਦੁਆਰਾ ਉੱਤਰੀ ਭਾਰਤ ਦੇ ਪੇਂਡੂ ਇਲਾਕਿਆਂ 'ਚ ਅਨੇਕਾਂ ਪ੍ਰਾਣੀਆਂ ਦੇ ਜੀਵਨ ਵਿੱਚ ਖੁਸ਼ਹਾਲੀ ਲਿਆਉਣ 'ਚ ਮਦਦ ਕੀਤੀ।