You are here

ਪੰਜਾਬ

ਮੱਛੀ ਪਾਲਣ ਕਿੱਤੇ ਨੂੰ ਹੁਲਾਰਾ ਦੇਣ ’ਤੇ ਦਿੱਤਾ ਜਾ ਰਿਹੈ ਜ਼ੋਰ- ਬੀਡੀਪੀਓ

ਪੰਚਾਇਤ ਸਕੱਤਰਾਂ ਨੂੰ ਮੱਛੀ ਪਾਲਣ ਸਬੰਧੀ ਦਿੱਤੀ ਸਿਖਲਾਈ

ਬਰਨਾਲਾ, 26 ਜੁਲਾਈ  (ਜਨ ਸ਼ਕਤੀ ਨਿਊਜ਼ ਬਿਊਰੋ ) ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਪਿੰਡਾਂ ਦੇ ਸੋਧੇ ਪਾਣੀ ਵਾਲੇ ਪੰਚਾਇਤੀ ਛੱਪੜਾਂ ਅਤੇ ਪ੍ਰਾਈਵੇਟ ਥਾਵਾਂ ’ਤੇ ਮੱਛੀ ਪਾਲਣ ਕਿੱਤੇ ਨੂੰ ਹੁਲਾਰਾ ਦੇਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਜਿਸ ਤਹਿਤ ਅੱਜ ਪੰਚਾਇਤੀ ਵਿਭਾਗ ਦੇ ਸਟਾਫ਼ ਅਤੇ ਪੰਚਾਇਤ ਸਕੱਤਰਾਂ ਨੂੰ ਬੀਡੀਪੀਓ ਦਫਤਰ ਬਰਨਾਲਾ ਵਿਖੇ ਟ੍ਰੇਨਿੰਗ ਦਿੱਤੀ ਗਈ। ਮੱਛੀ ਪਾਲਣ ਸਬੰਧੀ ਜਾਣਕਾਰੀ ਦਿੰਦੇ ਹੋਏ ਮੱਛੀ ਪਾਲਣ ਅਫਸਰ ਬਰਨਾਲਾ ਅਮਨਦੀਪ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਪੰਚਾਇਤੀ ਛੱਪੜਾਂ ਵਿੱਚ ਮੱਛੀ ਪਾਲਣ ਲਈ ਉਤਸ਼ਾਹਿਤ ਕੀਤਾ ਜਾਵੇ, ਜਿਸ ਨਾਲ ਪੰਚਾਇਤਾਂ ਨੂੰ ਵੀ ਆਮਦਨ ਹੋਵੇ ਅਤੇ ਕਿਸਾਨਾਂ ਦੀ ਆਮਦਨ ਵਿੱਚ ਵੀ ਇਜ਼ਾਫ਼ਾ ਹੋਵੇ। ਇਸ ਤੋਂ ਇਲਾਵਾ ਕਿਸਾਨ ਆਪਣੇ ਰਕਬੇ ਵਿੱਚ ਵੀ ਮੱਛੀ ਤਲਾਅ ਬਣਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਰੀਬ 1.0 ਹੈਕਟੇਅਰ ਨਵੇਂ ਮੱਛੀ ਤਲਾਅ ਦੀ ਉਸਾਰੀ ਸਮੇਤ ਹੋਰ ਕੰਪੋਨੈਂਟ ਏਰੀਏਟਰ, ਮੱਛੀ ਪੂੰਗ, ਬਿਜਲੀ ਆਦਿ ਸਾਰੇ ਇਨਪੁਟਸ ’ਤੇ ਵੱਧ ਤੋਂ ਵੱਧ 11 ਲੱਖ ਤੱਕ ਦਾ ਖਰਚਾ ਆ ਜਾਂਦਾ ਹੈ, ਜਿਸ ’ਤੇ ਸਰਕਾਰ ਵੱਲੋਂ ਜਨਰਲ ਕੈਟਾਗਿਰੀ ਨੂੰ 40 ਫੀਸਦੀ ਅਤੇ ਐਸਸੀ, ਐੱਸਟੀ ਸ਼੍ਰੇਣੀ ਤੇ ਔਰਤਾਂ ਨੂੰ 60 ਫ਼ੀਸਦੀ ਸਬਸਿਡੀ ਦਿੱਤੀ ਜਾਂਦੀ ਹੈੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਕਿੱਤੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਉਹ ਆਪਣੀ ਆਮਦਨ ਵਿੱਚ ਵਾਧਾ ਕਰ ਸਕਣ। ਇਸ ਮੌਕੇ ਬੀਡੀਪੀਓ ਸੁਖਦੀਪ ਸਿੰਘ, ਜੇਈ ਜਗਜੀਤ ਸਿੰਘ, ਟੀਸੀ ਗੁਰਪ੍ਰੀਤ ਸਿੰਘ, ਪੰਚਾਇਤ ਸਕੱਤਰ ਦੀਪ ਕੁਮਾਰ, ਧਰਮਿੰਦਰ, ਕ੍ਰਿਸ਼ਨ ਭਗਵਾਨ, ਵਿਲੇਜ ਡਿਵੈਲਮੈਂਟ ਅਫਸਰ ਪਰਮਜੀਤ ਭੁੱਲਰ, ਸਰਵਣ ਸਿੰਘ ਤੇ ਪਰਮਿੰਦਰ ਸਿੰਘ ਹਾਜ਼ਰ ਸਨ।

ਸਰਕਾਰੀ ਹਾਈ ਸਕੂਲ ਰਾਊਵਾਲ ਮੇਲਕ ਕੰਗਾਂ ਅਤੇ ਸਰਕਾਰੀ ਮਿਡਲ ਸਕੂਲ ਮੰਦਰ ਕਲਾਂ ਨੂੰ ਪੜ੍ਹਾਈ ਲਈ ਖੋਲ੍ਹਣ ਦੇ ਹੁਕਮ ਜਾਰੀ

ਸਥਿਤੀ ਪਹਿਲਾਂ ਨਾਲੋਂ ਬਿਹਤਰ ਹੋਣ ਕਾਰਨ ਹੁਣ ਇਨ੍ਹਾਂ ਸਕੂਲਾਂ ਦੇ ਬੱਚਿਆਂ ਦੀ ਪੜ੍ਹ਼ਾਈ ਵੀ ਜਾਰੀ ਰਹਿ ਸਕੇਗੀ-ਜ਼ਿਲ੍ਹਾ ਮੈਜਿਸਟ੍ਰੇਟ

ਮੋਗਾ, 26 ਜੁਲਾਈ (ਜਨ ਸ਼ਕਤੀ ਨਿਊਜ਼ ਬਿਊਰੋ )  ਹੜ੍ਹਾਂ ਕਾਰਣ ਜ਼ਿਲ੍ਹਾ ਮੋਗਾ ਦੇ ਬਲਾਕ ਧਰਮਕੋਟ ਦੇ ਸਤਲੁਜ ਦਰਿਆ ਲਾਗਲੇ ਪਿੰਡ ਜਿਆਦਾ ਪ੍ਰਭਾਵਿਤ ਹੋਏ ਹਨ। ਜ਼ਿਲ੍ਹਾ ਮੋਗਾ ਦੇ ਬਲਾਕ ਧਰਮਕੋਟ ਦੇ ਸਰਕਾਰੀ ਹਾਈ ਸਕੂਲ ਰਾਊਵਾਲ ਮੇਲਕ ਕੰਗਾਂ ਅਤੇ ਸਰਕਾਰੀ ਮਿਡਲ ਸਕੂਲ ਮੰਦਰ ਕਲਾਂ ਵਿੱਚ ਫਲੱਡ ਰੈਸਕਿਊ ਕੇਂਦਰ ਬਣਾਏ ਹੋਣ ਕਾਰਣ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਨ੍ਹਾਂ ਸਕੂਲਾਂ ਨੂੰ ਬੱਚਿਆਂ ਦੀ ਪੜ੍ਹਾਈ ਲਈ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਸਥਿਤੀ ਪਹਿਲਾਂ ਨਾਲੋਂ ਕਾਫ਼ੀ ਬਿਹਤਰ ਹੋਣ ਕਰਕੇ ਹੁਣ ਸਕੂਲ ਦਾ ਇੱਕ ਬਲਾਕ ਖਾਲੀ ਹੋ ਚੁੱਕਾ ਹੈ। ਬਿਹਤਰ ਸਥਿਤੀ ਅਤੇ ਬੱਚਿਆਂ ਦੀ ਪੜ੍ਹਾਈ ਦੀ ਮਹੱਤਤਾ ਦੇ ਮੱਦੇਨਜ਼ਰ ਸਰਕਾਰੀ ਹਾਈ ਸਕੂਲ ਰਾਊਵਾਲ ਮੇਲਕ ਕੰਗਾਂ ਅਤੇ ਸਰਕਾਰੀ ਮਿਡਲ ਸਕੂਲ ਮੰਦਰ ਕਲਾਂ ਨੂੰ ਮੁੜ ਤੋਂ ਬੱਚਿਆਂ ਦੀ ਪੜ੍ਹਾਈ ਲਈ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ।

ਸਬ ਜੇਲ੍ਹ ਮੋਗਾ ਦੇ 500 ਮੀਟਰ ਰੇਡੀਅਸ ਏਰੀਆ ਨੂੰ 'ਨੋ ਡਰੋਨ ਜੋਨ' ਘੋਸ਼ਿਤ ਕਰਨ ਦੇ ਆਦੇਸ਼ ਜਾਰੀ

ਹੁਕਮਾਂ ਦੀ ਉਲੰਘਣਾ 'ਤੇ ਹੋਵੇਗੀ ਸਖਤ ਕਾਨੂੰਨੀ ਕਾਰਵਾਈ-ਜ਼ਿਲ੍ਹਾ ਮੈਜਿਸਟ੍ਰੇਟ

ਮੋਗਾ, 26 ਜੁਲਾਈ (ਜਨ ਸ਼ਕਤੀ ਨਿਊਜ਼ ਬਿਊਰੋ ) ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਪੰਜਾਬ ਵੱਲੋਂ ਅਣਸੁਖਾਵੀਆਂ ਘਟਨਾਵਾਂ ਨੂੰ ਰੋਕਣ ਲਈ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਦੇ ਚਾਰੇ ਪਾਸੇ 500 ਮੀਟਰ ਦੇ ਏਰੀਆ ਨੂੰ 'ਨੋ ਡਰੋਨ ਜੋਨ' ਏਰੀਆ ਘੋਸ਼ਿਤ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਉਕਤ ਨੂੰ ਮੁੱਖ ਰੱਖਦੇ ਹੋਏ ਫੌਜ਼ਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਬ ਜੇਲ੍ਹ ਮੋਗਾ ਦੇ 500 ਮੀਟਰ ਰੇਡੀਅਸ ਏਰੀਆ ਨੂੰ 'ਨੋ ਡਰੋਨ ਜੋਨ' ਘੋਸ਼ਿਤ ਕਰਦੇ ਹੋਏ ਡਰੋਨ ਦੀ ਵਰਤੋਂ ਕਰਨ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਹ ਹੁਕਮ 23 ਸਤੰਬਰ, 2023 ਤੱਕ ਲਾਗੂ ਰਹਿਣਗੇ। ਜ਼ਿਲ੍ਹਾ ਮੈਜਿਸਟ੍ਰੇਟ ਨੇ ਆਮ ਲੋਕਾਂ ਨੂੰ ਦੱਸਿਆ ਕਿ ਉਕਤ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਜੇਕਰ ਕਿਸੇ ਵਿਅਕਤੀ ਵੱਲੋਂ ਉਕਤ ਆਦੇਸ਼ ਦੀ ਉਲੰਘਣਾ ਕਰਕੇ ਡਰੋਨ ਚਲਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਪ੍ਰਸਿੱਧ ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਦਾ ਹੋਇਆ ਦੇਹਾਂਤ

ਪ੍ਰਸਿੱਧ ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਦਾ ਦੇਹਾਂਤ ਹੋ ਗਿਆ ਹੈ । ਉਨ੍ਹਾਂ ਦਾ ਦੇਹਾਂਤ ਅੱਜ ਸਵੇਰੇ ਕਰੀਬ 6.30 ਵਜੇ ਹੋਇਆ। ਉਹ ਡੀ ਐਮ ਸੀ ਲੁਧਿਆਣਾ ਵਿਚ ਦਾਖ਼ਲ ਸਨ ।

ਸੁਰਿੰਦਰ ਸ਼ਿੰਦਾ ਦਾ ਪੰਜਾਬੀ ਸੰਗੀਤ ਵਿੱਚ ਯੋਗਦਾਨ ਸਿਰਫ਼ ਉਸ ਦੀਆਂ ਮਨਮੋਹਕ ਧੁਨਾਂ ਤੱਕ ਸੀਮਤ ਨਹੀਂ ਸੀ। ਉਨ੍ਹਾਂ ਨੇ ਆਪਣੇ ਸਮਕਾਲੀਆਂ ਅਤੇ ਕਲਾਕਾਰਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੋਵਾਂ ‘ਤੇ ਅਮਿੱਟ ਪ੍ਰਭਾਵ ਛੱਡ ਕੇ, ਪੰਜਾਬੀ ਸੰਗੀਤ ਦੇ ਦ੍ਰਿਸ਼ ਨੂੰ ਆਕਾਰ ਦੇਣ ਅਤੇ ਵਿਕਸਤ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ। ਉਨ੍ਹਾਂ ਦੀ ਕਲਾ ਪ੍ਰਤੀ ਸਮਰਪਣ ਅਤੇ ਪੰਜਾਬੀ ਸੰਗੀਤਕ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਣ ਲਈ ਅਟੁੱਟ ਵਚਨਬੱਧਤਾ ਨੇ ਉਨ੍ਹਾਂ ਨੂੰ ਉਦਯੋਗ ਵਿੱਚ ਇੱਕ ਆਈਕਨ ਬਣਾਇਆ ਹੈ।

ਸੁਰਿੰਦਰ ਸ਼ਿੰਦਾ ਦੀ ਮੌਤ ‘ਤੇ ਅੱਜ ਦੁਨੀਆ ਭਰ ਦੇ ਉਨ੍ਹਾਂ ਲੱਖਾਂ ਪ੍ਰਸ਼ੰਸਕਾਂ ਦੁਆਰਾ ਸੋਗ ਕਰ ਰਹੇ ਹਨ। ਸੁਰਿੰਦਰ ਸ਼ਿੰਦਾ ਦੀ ਯਾਦ ਪੰਜਾਬੀ ਸੰਗੀਤ ਦੇ ਇਤਿਹਾਸ ਵਿੱਚ ਸਦਾ ਲਈ ਉੱਕਰੀ ਰਹੇਗੀ। ਜਨ ਸ਼ਕਤੀ ਨਿਊਜ਼ ਇਸ ਔਖੀ ਘੜੀ ਵਿੱਚ ਸੁਰਿੰਦਰ ਸ਼ਿੰਦਾ ਦੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਾ ਹੈ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਅਤੇ ਉਨ੍ਹਾਂ ਦਾ ਸੰਗੀਤ ਸਦਾ ਲਈ ਜਿਉਂਦਾ ਰਹੇ, ਇਹੀ ਅਰਦਾਸ ਕਰਦੇ ਹਾਂ।

ਪੱਤਰਕਾਰ : ਕੌਸ਼ਲ ਮੱਲਾ, ਹਰਪਾਲ ਸਿੰਘ ਦਿਓਲ | 

ਬਲੌਜ਼ਮਜ਼ ਵਿਖੇ ‘ਮਾਸਟਰ ਸ਼ੈਫ’ ਮੁਕਾਬਲਾ

ਜਗਰਾਓਂ, 24 ਜੁਲਾਈ (ਕੁਲਦੀਪ ਸਿੰਘ ਕੋਮਲ /ਮੋਹਿਤ ਗੋਇਲ ) ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਤੀਸਰੀ ਜਮਾਤ ਦੇ ਵਿਿਦਆਰਥੀਆਂ ਵਿਚਕਾਰ ‘ਮਾਸਟਰ ਸ਼ੈਫ’ ਪ੍ਰਤੀਯੋਗਤਾ ਕਰਵਾਈ ਗਈ। ਜਿਸ ਵਿਚ ਉਹਨਾਂ ਵੱਲੋਂ ਬਿਨਾਂ ਅੱਗ ਦੇ ਅਲੱਗ-ਅਲੱਗ ਪਕਵਾਨ ਤਿਆਰ ਕੀਤੇ ਗਏ ਜੋ ਕਿ ਕਾਬਿਲ-ਏ-ਤਾਰੀਫ਼ ਸੀ। ਵਿਿਦਆਰਥੀਆਂ ਨੇ ਆਪੋ-ਆਪਣੀ ਕਲਾ ਪ੍ਰਦਰਸ਼ਿਤ ਕਰਦੇ ਹੋਏ ਖਾਣ-ਪੀਣ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ।ਇਸ ਮੁਕਾਬਲੇ ਵਿਚੋਂ ਮਹਿਤਾਬ ਸਿੰਘ (ਪਹਿਲੇ), ਬਲਪ੍ਰੀਤ ਕੌਰ (ਦੂਸਰੇ), ਪ੍ਰਵਾਨਵੀਰ ਸਿੰਘ (ਤੀਸਰੇ) ਸਥਾਨ ਤੇ ਰਹੇ। ਇਹਨਾਂ ਤੋਂ ਇਲਾਵਾ ਜੈਸਨੂਰ ਸਿੰਘ ਅਤੇ ਗੁਰਵੰਸ਼ ਸਿੰਘ ਨੂੰ ਕੌਂਸੋਲੇਸ਼ਨ ਇਨਾਮ ਦਿੱਤੇ ਗਏ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਵੱਲੋਂ ਬੱਚਿਆਂ ਦੀ ਤਾਰੀਫ਼ ਕਰਦੇ ਹੋਏ ਕਿਹਾ ਗਿਆ ਕਿ ਅੱਜ ਦਾ ਸਮਾਂ ਅਜਿਹਾ ਹੈ ਕਿ ਵਿਦੇਸ਼ਾਂ ਦੀ ਧਰਤੀ ਤੇ ਜਾਣ ਵਾਲੇ ਵਿਿਦਆਰਥੀ ਬਿਨਾਂ ਮਾਪਿਆਂ ਦੇ ਜਾ ਰਹੇ ਹਨ ਉਹਨਾਂ ਕੋਲ ਖਾਣਾ ਬਣਾਉਣ ਵਰਗਾ ਗੁਣ ਹੋਣਾ ਲਾਜ਼ਮੀ ਹੈ ਤਾਂ ਹੀ ਉਹ ਆਪਣੀ ਉੱਥੋ ਦੀ ਜ਼ਿੰਦਗੀ ਵਧੀਆ ਤਰੀਕੇ ਨਾਲ ਕੱਢ ਸਕਣਗੇ। ਇਸ ਮੌਕੇ ਸਕੂਲ ਦੇ ਚੇਅਰਮੈਨ ਸ:ਹਰਭਜਨ ਸਿੰਘ ਜੌਹਲ ਅਤੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਨੇ ਵੀ ਵਿਿਦਆਰਥੀਆਂ ਦੀ ਇਸ ਕੋਸ਼ਿਸ਼ ਲਈ ਤਾਰੀਫ਼ ਕੀਤੀ।

ਔਰਤਾਂ ਨਾਲ ਚੋਣਾਂ ਤੋਂ ਪਹਿਲਾਂ ਕੀਤਾ ਕੋਈ ਵਾਅਦਾ ‘ਆਪ’ ਸਰਕਾਰ ਨੇ ਨਹੀ ਕੀਤਾ ਪੂਰਾ- ਬੀਬੀ ਹਰਗੋਬਿੰਦ ਕੌਰ

ਕਿਹਾ ਹੜ੍ਹ ਪੀੜਿਤਾਂ ਨੂੰ ਮਦੱਦ ਪਹੁੰਚਾਉਣ ਚ ਅਸਫਲ ਰਹੀ ਸਰਕਾਰ,ਸੂਬੇ ਚ ਚਿੱਟੇ ਦਾ ਪ੍ਰਕੋਪ, ਰੇਤੇ ਦੀਆਂ ਕੀਮਤਾਂ ਵਧੀਆਂ।

ਤਲਵੰਡੀ ਸਾਬੋ, 23 ਜੁਲਾਈ (ਗੁਰਜੰਟ ਸਿੰਘ ਨਥੇਹਾ)- ਵੱਡੀ ਗਿਣਤੀ ਸੂਬੇ ਦੀਆਂ ਔਰਤਾਂ ਦੀਆਂ ਵੋਟਾਂ ਨਾਲ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਸਰਕਾਰ ਨੇ ਸੋਲ੍ਹਾਂ ਮਹੀਨੇ ਬੀਤੇ ਜਾਣ ਦੇ ਬਾਵਜ਼ੂਦ ਔਰਤਾਂ ਨਾਲ ਕੀਤਾ ਇੱਕ ਵੀ ਵਾਇਦਾ ਪੂਰਾ ਨਹੀ ਕੀਤਾ, ਔਰਤਾਂ ਨੂੰ ਇੱਕ ਹਜ਼ਾਰ ਰੁਪਿਆ ਮਹੀਨਾ ਤਾਂ ਕੀ ਦੇਣਾ ਸੀ ਸਗੋਂ ਸ਼ਗਨ ਸਕੀਮ ਬੰਦ ਪਈ ਹੈ ਅਤੇ ਵਿਧਵਾ ਅਤੇ ਬੁਢਾਪਾ ਪੈਨਸ਼ਨ ਤੇ ਵੱਡੀ ਪੱਧਰ ਤੇ ਕੱਟ ਲਾਏ ਜਾ ਰਹੇ ਹਨ।ਉਕਤ ਵਿਚਾਰਾਂ ਦਾ ਪ੍ਰਗਟਾਵਾ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨੇ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨਾਂ ਅੱਗੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਹਰ ਫਰੰਟ ਤੇ ਫੇਲ੍ਹ ਸਾਬਿਤ ਹੋਈ ਹੈ ਜਿੱਥੇ ਸੂਬੇ ਵਿੱਚ ‘ਚਿੱਟੇ’ ਨਾਲ ਅੱਜ ਵੀ ਆਏ ਦਿਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਉੱਥੇ ਰੇਤੇ ਦੀਆਂ ਕੀਮਤਾਂ ਚ ਭਾਰੀ ਵਾਧਾ ਹੋ ਗਿਆ। ਉਨਾਂ ਕਿਹਾ ਕਿ ਪੰਜਾਬ ਵਿੱਚ ਮੌਜੂਦਾ ਹੜ੍ਹਾਂ ਦੀ ਸਥਿਤੀ ਨੂੰ ਸੰਭਾਲਣ ਵਿੱਚ ਸਰਕਾਰ ਪੂਰੀ ਤਰ੍ਹਾਂ ਨਾਕਾਮਯਾਬ ਰਹੀ ਹੈ ਅਤੇ ਹੜ੍ਹ ਪੀੜਿਤ ਇਲਾਕਿਆਂ ਦੇ ਲੋਕਾਂ ਨੂੰ ਲੋੜੀਂਦੀ ਰਾਹਤ ਸਮੱਗਰੀ ਤੱਕ ਨਹੀ ਮਿਲ ਰਹੀ। ਉਨਾਂ ਦਾਅਵਾ ਕੀਤਾ ਕਿ ਪੰਜਾਬ ਦੇ ਹਰਿਆਣਾ ਨਾਲ ਲੱਗਦੇ ਕੁਝ ਹਿੱਸਿਆਂ ਵਿੱਚ ਹੜ੍ਹ ਆਉਣ ਤੇ ਬੰਨ੍ਹ ਮਾਰਨ ਲਈ ਲੋਕਾਂ ਨੂੰ ਸਰਕਾਰ ਨੇ ਜੇ.ਸੀ.ਬੀ ਮਸ਼ੀਨਾਂ ਤੱਕ ਉਪਲੱਬਧ ਨਹੀ ਕਰਵਾਈਆਂ ਅਤੇ ਮਜ਼ਬੂਰੀ ਚ ਲੋਕਾਂ ਨੂੰ ਹਰਿਆਣੇ ਚੋਂ ਕਿਰਾਏ ਤੇ ਜੇ.ਸੀ.ਬੀ ਮਸ਼ੀਨਾਂ ਮੰਗਵਾਉਣੀਆਂ ਪਈਆਂ।ਬੀਬੀ ਹਰਗੋਬਿੰਦ ਕੌਰ ਨੇ ਕਿਹਾ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਦੱਸਿਆ ਕਰਦੇ ਸਨ ਕਿ ਅਸੀਂ ਕਿੱਥੋਂ ਕਿੱਥੋਂ ਮਾਲੀਆ ਇਕੱਠਾ ਕਰਿਆ ਕਰਾਂਗੇ ਅਤੇ ਫਿਰ ਉਸ ਮਾਲੀਏ ਨਾਲ ਸੂਬੇ ਦਾ ਕਰਜ਼ਾ ਲਾਹਾਂਗੇ ਹੁਣ ਕੇਜਰੀਵਾਲ ਸਾਹਿਬ ਦੱਸਣ ਕਿ ਉਸ ਮਾਲੀਏ ਦਾ ਕੀ ਬਣਿਆ ਅਤੇ 16 ਮਹੀਨਿਆਂ 'ਚ ਉਨਾਂ ਨੇ ਸੂਬੇ ਦਾ ਕਿੰਨਾ ਕਰਜ਼ਾ ਮੋੜਿਆ ਹੈ।ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੂੰ ਵੀ ਹੁਣ ਸਮਝਣਾ ਚਾਹੀਦਾ ਹੈ ਕਿ ਉਹ ਸਟੇਜ ਨਹੀ ਸਗੋਂ ਸਟੇਟ ਚਲਾ ਰਹੇ ਹਨ ਅਤੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਇਦੇ ਪੂਰੇ ਕਰਨ।ਇਸ ਮੌਕੇ ਉਨਾਂ ਨਾਲ ਸੀ.ਅਕਾਲੀ ਆਗੂ ਚਰਨਜੀਤ ਸਿੰਘ ਬਰਾੜ,ਸ਼੍ਰੋਮਣੀ ਕਮੇਟੀ ਅੰਤ੍ਰਿਗ ਮੈਂਬਰ ਮੋਹਣ ਸਿੰਘ ਬੰਗੀ, ਪ੍ਰਕਾਸ਼ ਸਿੰਘ ਭੱਟੀ ਸਾਬਕਾ ਵਿਧਾਇਕ, ਇਕਬਾਲ ਸਿੰਘ ਬਬਲੀ ਢਿੱਲੋਂ ਆਦਿ ਆਗੂ ਮੌਜੂਦ ਸਨ।

ਯੂਰੀਆ ਖਾਦ ਦੀ ਕਿੱਲਤ ਇੱਕ ਆਫ਼ਤ ਵਾਂਗ - ਕਮਾਲਪੁਰਾ/ ਚੱਕ ਭਾਈ ਕਾ

ਤਿੰਨ ਦਿਨ ਵਿੱਚ ਯੂਰੀਆ ਦੀ ਕਿੱਲਤ ਨਾ ਹੱਲ ਕੀਤੀ ਤਾਂ ਵੱਡੇ ਸ਼ੰਘਰਸ ਦੀ ਦਿੱਤੀ ਚੇਤਾਵਨੀ
ਰਾਏਕੋਟ, 23 ਜੁਲਾਈ- (ਕੌਸ਼ਲ ਮੱਲਾ/ਗੁਰਕੀਰਤ ਜਗਰਾਉਂ )-
ਅੱਜ ਭਾਰਤੀ ਕਿਸਾਨ ਯੂਨੀਅਨ (ਡਕੌੰਦਾ) ਦੇ ਬਲਾਕ ਰਾਏਕੋਟ ਦੇ ਪਿੰਡ ਝੋਰੜਾਂ ਦੀ ਮੀਟਿੰਗ ਗੁਰਦੁਆਰਾ ਗੁਰਸਾਗਰ ਸਾਹਿਬ ਵਿਖੇ ਇਕਾਈ ਪ੍ਰਧਾਨ ਦਰਸ਼ਨ ਸਿੰਘ ਝੋਰੜਾਂ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ,ਜ਼ਿਲ੍ਹਾ ਪ੍ਰੈੱਸ ਸਕੱਤਰ ਹਰਬਖਸ਼ੀਸ਼ ਸਿੰਘ ਰਾਏ ਚੱਕ ਭਾਈ ਕਾ ਅਤੇ ਜ਼ਿਲ੍ਹਾ ਵਿੱਤ ਸਕੱਤਰ ਸਤਿਬੀਰ ਸਿੰਘ ਬੋਪਾਰਾਏ ਖੁਰਦ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਦੌਰਾਨ ਸੰਬੋਧਨ ਕਰਦਿਆ ਕਿਸਾਨ ਆਗੂਆਂ ਨੇ ਕਿਹਾ ਕਿ ਇਸ ਸਮੇਂ ਜਿੱਥੇ ਅੱਧੇ ਤੋਂ ਵੱਧ ਪੰਜਾਬ ਹੜ੍ਹ ਦੇ ਪਾਣੀ ਦੀ ਆਫ਼ਤ ਨਾਲ ਜੂਝ ਰਿਹਾ ਹੈ, ਉਁਥੇ ਬਾਕੀ ਬਚੇ ਪੰਜਾਬ ਦੀ ਕਿਰਸਾਨੀ ਯੂਰੀਆ ਖਾਦ ਦੀ ਵੱਡੀ ਘਾਟ ਨਾਲ ਜੂਝ ਰਹੀਂ ਹੈ। ਉਹਨਾਂ ਦੱਸਿਆ ਕਿ ਝੋਨੇ ਦੀ ਫ਼ਸਲ ਦੀ ਲਵਾਈ ਦੇ ਤੁਰੰਤ ਬਾਅਦ ਹੀ ਯੂਰੀਆ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਲਗਭਗ ਝੋਨੇ ਦੀ ਲਵਾਈ ਤੋਂ ਇੱਕ ਮਹੀਨੇ ਅੰਦਰ ਅੰਦਰ ਹੀ ਕਿਸਾਨ ਤਿੰਨ ਚਾਰ ਵਾਰ ਖਾਦ ਪਾਉਂਦੇ ਹਨ ਪਰ ਇਸ ਵਾਰ ਕਿਸਾਨਾਂ ਨੂੰ ਕੋਆਪ੍ਰੇਟਿਵ ਸੁਸਾਇਟੀ ਰਾਂਹੀ ਜੋ ਖਾਦ ਮਿਲ ਜਾਂਦੀ ਸੀ ਦੀ ਭਾਰੀ ਕਿੱਲਤ ਪੈ ਚੁੱਕੀ ਹੈ। ਜੇਕਰ ਪ੍ਰਾਈਵੇਟ ਦੁਕਾਨਦਾਰ ਤੋਂ ਕਿਸਾਨ ਖਾਦ ਖਰੀਦ ਦਾ ਹੈ ਤਾਂ ਉਹ ਜਾਣਬੁੱਝ ਕੇ ਬੇਫਾਲਤੂ ਦੀਆ ਚੀਜਾਂ ਧੱਕੇ ਨਾਲ ਕਿਸਾਨਾਂ ਸਿਰ ਮੜ੍ਹ ਰਹੇ ਹਨ। ਇਸ ਕਰਕੇ ਉਹਨਾਂ ਸਰਕਾਰ ਤੇ ਤੰਦ ਕਸਦਿਆਂ ਕਿਹਾ ਕਿ ਉਹ ਇਸ ਨੂੰ ਵੀਂ ਖਾਦ ਦੀ ਕਿੱਲਤ ਦੀ ਆਫ਼ਤ ਹੀ ਐਲਾਨ ਦੇਵੇ। ਉਹਨਾਂ ਸਰਕਾਰ ਨੂੰ ਚੇਤਾਵਨੀ ਦਿੰਦਿਆ ਕਿ ਤਿੰਨ ਦਿਨ ਦੀ ਅੰਦਰ ਅੰਦਰ ਖਾਦ ਹਰ ਸੁਸਾਇਟੀ ਨੂੰ ਮੁਹੱਈਆ ਕਰਵਾਏ ਨਹੀਂ ਤਾਂ ਵੱਡੇ ਤੇ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਸਰਕਾਰ ਤਿਆਰ ਰਹੇ। ਇਸ ਸਮੇਂ ਬਲਾਕ ਰਾਏਕੋਟ ਦੇ ਸੀਨੀਅਰ ਆਗੂ ਪ੍ਰਧਾਨ ਗੁਰਦੇਵ ਸਿੰਘ ਬੱਸੀਆਂ, ਮਾਸਟਰ ਕਰਨੈਲ ਸਿੰਘ ਹੇਰਾਂ,ਜਸਵਿੰਦਰ ਸਿੰਘ ਮਾਨ, ਬਲਵੀਰ ਸਿੰਘ ਮਾਨ, ਅੰਮ੍ਰਿਤਪਾਲ ਸਿੰਘ ਝੋਰੜਾਂ,ਸਾਧੂ ਸਿੰਘ ਚੱਕ ਭਾਈ ਕਾ,ਮਨਮੋਹਣ ਸਿੰਘ ਧਾਲੀਵਾਲ ਬੱਸੀਆ, ਲਾਇਨਮੈਨ ਰਣਜੀਤ ਸਿੰਘ ਬੋਪਾਰਾਏ ਖੁਰਦ, ਰਘਵੀਰ ਸਿੰਘ ਰਾਏਕੋਟ,ਸੁਖਚੈਨ ਸਿੰਘ ਧੂਰਕੋਟ ਆਦਿ ਆਗੂ ਹਾਜ਼ਰ ਸਨ।

ਨਹਿਰ ਵਿਚ ਛਾਲ ਮਾਰ ਕੇ ਕੀਤੀ ਜੀਵਨ ਲੀਲਾ ਖਤਮ

 ਹਠੂਰ,23 ਜੁਲਾਈ-(ਕੌਸ਼ਲ ਮੱਲ੍ਹਾ)-ਪਿੰਡ ਕਾਉਕੇ ਕਲਾਂ ਦੇ ਇੱਕ ਨੌਜਵਾਨ ਵੱਲੋ ਪਿੰਡ ਡੱਲਾ ਦੀ ਨਹਿਰ ਵਿਚ ਛਾਲ ਮਾਰ ਕੇ ਜੀਵਨ ਲੀਲਾ ਖਤਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਿਸ ਥਾਣਾ ਹਠੂਰ ਦੇ ਏ ਐਸ ਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਇੱਕ ਨੌਜਵਾਨ ਨੇ ਨਹਿਰ ਕਿਨਾਰੇ ਆਪਣਾ ਸਾਇਕਲ ਖੜ੍ਹਾ ਕਰਕੇ ਨਹਿਰ ਵਿਚ ਛਾਲ ਮਾਰ ਦਿੱਤੀ ਸੀ।ਇਸ ਨੌਜਵਾਨ ਦਾ ਪਤਾ ਲਗਾਉਣ ਲਈ ਗ੍ਰਾਮ ਪੰਚਾਇਤ ਡੱਲਾ ਵੱਲੋ ਇਲਾਕੇ ਦੇ ਪਿੰਡਾ ਦੇ ਗੁਰਦੁਆਰਾ ਸਾਹਿਬ ਤੋ ਅਨਾਊਸਮੈਟਾ ਕਰਵਾਈਆ ਗਈਆ ਅਤੇ ਸਾਇਕਲ ਦੀ ਸਨਾਖਤ ਕਰਵਾਈ ਗਈ।ਉਨ੍ਹਾ ਦੱਸਿਆ ਕਿ ਛਾਲ ਮਾਰਨ ਵਾਲੀ ਜਗ੍ਹਾ ਦੇ ਨੇੜਿਓ ਹੀ ਨੌਜਵਾਨ ਦੀ ਲਾਸ ਮਿਲ ਗਈ ਹੈ।ਜਿਸ ਦੀ ਸਨਾਖਤ ਲਵਜੀਤ ਸਿੰਘ (22) ਪੁੱਤਰ ਸਵ:ਕੁਲਦੀਪ ਸਿੰਘ ਵਾਸੀ ਕਾਉਕੇ ਕਲਾਂ ਵਜੋ ਹੋਈ ਹੈ ਜੋ ਆਪਣੇ ਪਿਤਾ ਦੀ ਮੌਤ ਤੋ ਬਾਅਦ ਆਪਣੇ ਨਾਨਕੇ ਪਿੰਡ ਕਾਉਕੇ ਕਲਾਂ ਵਿਖੇ ਰਹਿ ਰਿਹਾ ਸੀ ਅਤੇ ਬਾਬੇ ਕੇ ਕਾਲਜ ਦੌਧਰ ਵਿਖੇ ਜੀ ਏ ਐਨ ਐਮ ਦੀ ਪੜ੍ਹਾਈ ਕਰ ਰਿਹਾ ਸੀ ਪਰ ਘਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਰਕੇ ਪੜ੍ਹਾਈ ਦਾ ਬੋਝ ਦਿਮਾਗ ਤੇ ਰੱਖਦਾ ਸੀ।ਇਸ ਪ੍ਰੇਸਾਨੀ ਦੇ ਚੱਲਦਿਆ ਲਵਜੀਤ ਸਿੰਘ ਨੇ ਮੌਤ ਨੂੰ ਗਲੇ ਲਾਇਆ।ਉਨ੍ਹਾ ਦੱਸਿਆ ਕਿ ਮ੍ਰਿਤਕ ਦੀ ਮਾਤਾ ਸਰਬਜੀਤ ਕੌਰ ਅਤੇ ਮਾਮਾ ਹਰਦੀਪ ਸਿੰਘ ਦੇ ਬਿਆਨਾ ਦੇ ਅਧਾਰ ਤੇ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਲਵਜੀਤ ਸਿੰਘ ਦੀ ਲਾਸ ਨੂੰ ਕਬਜੇ ਵਿਚ ਲੈ ਕੇ ਸਰਕਾਰੀ ਹਸਪਤਾਲ ਜਗਰਾਉ ਵਿਖੇ ਪੋਸਟਮਾਰਟਮ ਕਰਨ ਲਈ ਭੇਜ ਦਿੱਤਾ ਹੈ। ਫੋਟੋ ਕੈਪਸ਼ਨ:-ਮ੍ਰਿਤਕ ਨੌਜਵਾਨ ਲਵਜੀਤ ਸਿੰਘ ਦੀ ਲਾਸ ਡੱਲਾ ਨਹਿਰ ਵਿਚੋ ਬਾਹਰ ਕੱਢਦੇ ਹੋਏ ਗੋਤਾਖੋਰ ਬੰਟੀ ਡੱਲਾ ਅਤੇ ਹੋਰ।

ਸਰਬ ਪੱਖੀ ਲੇਖਕ ਦਿਓਲ ਦੇ ਦੋ ਨਾਵਲਿਟਾਂ ਦੀ ਸਾਂਝੀ ਕਿਤਾਬ ਪੰਜਾਬੀ ਭਵਨ ਲੁਧਿਆਣਾ ਵਿਖੇ ਲੋਕ ਅਰਪਨ 

ਪੁਸਤਕ ਬਾਰੇ ਡਾਃ ਗੁਲਜ਼ਾਰ ਸਿੰਘ ਪੰਧੇਰ ਨੇ ਪਰਚਾ ਪੜ੍ਹਿਆ

ਲੁਧਿਆਣਾ, 23 ਜੁਲਾਈ (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ ) ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਤੇ ਪੰਜਾਬੀ ਸੱਭਿਆਚਾਰਕ ਸੱਥ ਫਰੀਦਾਬਾਦ ਵੱਲੋਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਸਹਿਯੋਗ ਨਾਲ ਸਵਰਗੀ ਸਰਬ ਪੱਖੀ ਲੇਖਕ ਦਿਓਲ ਦੇ ਦੋ ਨਾਵਲਿਟਾਂ ਦੀ ਕਿਤਾਬ 'ਦੋ ਨਾਵਲਿਟ: ਚੌਦ੍ਹਾਂ ਨੰਬਰ ਗੰਨ, ਗੱਡੀਆਂ ਵਾਲੀ'ਪੰਜਾਬੀ ਭਵਨ ਲੁਧਿਆਣਾ ‘ਚ ਡਾਃ ਲਖਵਿੰਦਰ ਜੌਹਲ, ਗੁਰਭਜਨ ਗਿੱਲ, ਸੁਖਦੇਵ ਸਿੰਘ ਸਿਰਸਾ, ਬਲਵੰਤ ਸਿੰਘ ਰਾਮੂਵਾਲੀਆ ਤੇ ਮੰਗਲ ਸਿੰਘ ਔਜਲਾ ਨੇ ਸਾਥੀਆਂ ਦੇ ਸਹਿਯੋਗ ਨਾਲ ਲੋਕ ਅਰਪਨ  ਕੀਤੀ। 
ਇਸ ਕਿਤਾਬ ਬਾਰੇ ਪ੍ਰਗਤੀ਼ੀਲ ਲੇਖਕ ਸੰਘ ਦੇ ਜ਼ਿਲ੍ਹਾ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਪਰਚਾ ਪੜ੍ਹਦਿਆਂ ਕਿਹਾ ਕਿ  ਦੋਨਾਂ ਨਾਵਲਿਟਾਂ ਦੀ ਲੇਖਣੀ ਤੇ ਪਟਕਥਾ ਗੁੰਦਵੀਂ ਹੈ।  
ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ਼ ਸੁਖਦੇਵ ਸਿੰਘ ਸਿਰਸਾ ਨੇ  ਕਿਹਾ ਕਿ ਦਿਓਲ ਵੱਖਰੀ ਇਤਿਹਾਸਕ ਚੇਤਨਾ ਤੇ ਕਾਵਿ ਸ਼ੈਲੀ ਵਾਲਾ ਕਵੀ ਸੀ। ਉਨ੍ਹਾਂ ਆਜ਼ਾਦੀ ਤੋਂ ਬਾਅਦ ਭਾਰਤੀ ਜਨ ਮਾਨਸ ਦੇ ਟੁੱਟ ਰਹੇ ਸੁਪਨਿਆਂ ਨੂੰ ਇਕ ਬਿਰਹਣੀ ਦੇ ਵਿਜੋਗ ਦੇ ਰੂਪਕ ਰਾਹੀਂ ਸਿਰਜਿਆ ਹੈ। ਉਨ੍ਹਾਂ ਭਾਰਤੀ ਮੱਧਵਰਗ ਦੀ ਉਦਾਸੀ, ਕੁੰਠਾ, ਇਕੱਲਤਾ ਨੂੰ ਇੱਕ ਵੇਸਵਾ ਤੇ ਸੱਤਾ ਦੇ ਇਸ਼ਾਰਿਆਂ 'ਤੇ ਜੀਂਦੇ ਮਨੁੱਖ ਦੇ ਬਿੰਬਾਂ ਚ ਢਾਲਿਆ ਹੈ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ਼. ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਦਿਉਲ ਨੇ ਫ਼ੌਜ ਦੀ ਘਟਨਾ ਨੂੰ 'ਚੌਦ੍ਹਾਂ ਨੰਬਰ ਗੰਨ'  ਚ ਵੱਖਰੇ ਪ੍ਰਸੰਗ ਤੋਂ ਬਿਆਨਿਆ ਜੋ ਅਪਰੇਸ਼ਨ ਬਲਿਊ ਸਟਾਰ ਦੌਰਾਨ ਛੇ ਘੰਟੇ ਦੀ ਘਟਨਾ ਦੁਆਲੇ ਘੁੰਮਦੀ ਹੈ।  ਬਹਿਸ ਚ ਹਿੱਸਾ ਲੈਂਦਿਆਂ ਬੂਟਾ ਸਿੰਘ ਚੌਹਾਨ (ਬਰਨਾਲਾ)ਨੇ ਕਿਹਾ ਨਾਵਲਿਟਾਂ ਦੀ ਬਣਤਰ ਪ੍ਰਸੰਗਿਕਤਾ ਨੂੰ ਉਭਾਰਦੀ ਹੈ। 
ਸਾਬਕਾ ਕੇਂਦਰੀ ਮੰਤਰੀ ਸਃ ਬਲਵੰਤ ਸਿੰਘ ਰਾਮੂਵਾਲੀਆ ਨੇ ਲੇਖਕਾਂ ਨੂੰ ਸੱਤਾ ਚ ਆਏ ਵਿਕਾਰਾਂ ਖ਼ਿਲਾਫ਼ ਡਟਣ ਦਾ ਸੱਦਾ ਦਿੱਤਾ। 
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦਿਉਲ ਦੇ ਜੀਵਨ ਸਫ਼ਰ ਬਾਰੇ ਜਿਕਰ ਕਰਦਿਆਂ ਕਿਹਾ ਕਿ ਸੈਨਾ ਤੋਂ ਸੇਵਾ ਮੁਕਤੀ ਉਪਰੰਤ ਉਹ ਜਗਰਾਉਂ ਨੇੜੇ ਅਖਾੜਾ ਪੁਲ ਤੇ ਮੈਡੀਕਲ ਸੇਵਾ ਕੇਂਦਰ ਚਲਾਉਂਦੇ ਰਹੇ। ਆਪਣੇ ਪੁੱਤਰਾ ਜਗਰਾਜ ਦਿਉਲ ਤੇ ਮਨਧੀਰ ਨੂੰ ਵੀ ਕਲਾ ਮਾਰਗ ਤੇ ਤੋਰਿਆ। ਉਨ੍ਹਾਂ ਦੀ ਨਾਵਲ ਨਿਗਾਰੀ ਤੋਂ ਪਹਿਲਾਂ ਉਹ ਸਮਰੱਥ ਸ਼ਾਇਰ ਦੇ ਰੂਪ ਵਿੱਚ ਜਾਣੇ ਪਛਾਣੇ  ਚਿਹਰੇ ਸਨ। ਉਨ੍ਹਾ ਦੀ ਕਾਵਿ ਰਚਨਾ “ਹਿਜਰ ਵਸਲ ਦੀਆ ਘੜੀਆਂ” ਤੇ ਲੰਮੀ ਕਵਿਤਾ “ਪਿਆਸ” ਬਹੁਤ ਮੁੱਲਵਾਨ ਹਨ। 
ਇਸ ਮੌਕੇ ਸੱਥ ਦੇ ਚੇਅਰਮੈਨ ਮੰਗਲ ਸਿੰਘ ਔਜਲਾ, ਸਾਬਕਾ ਮੰਤਰੀ ਸ. ਮਲਕੀਤ ਸਿੰਘ ਦਾਖਾ, ਕ੍ਰਿਸ਼ਨ ਕੁਮਾਰ ਬਾਵਾ, ਚੇਅਰਮੈਨ, ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ, ਸੁਖਜੀਤ ਮਾਛੀਵਾੜਾ ਕਹਾਣੀਕਾਰ,ਸੁਰਿੰਦਰਦੀਪ, ਭਗਵਾਨ ਢਿੱਲੋਂ, ਜਸਮੇਰ ਸਿੰਘ ਢੱਟ, ਡਾ. ਨਿਰਮਲ ਜੌੜਾ,ਮਨਧੀਰ ਸਿੰਘ ਦਿਓਲ, ਰਾਜਦੀਪ ਸਿੰਘ ਤੂਰ, ਪ੍ਰਿੰਸੀਪਲ ਦਲਜੀਤ ਕੌਰ ਹਠੂਰ, ਗੁਰਿੰਦਰ ਕਲਸੀ, ਦਿਉਲ ਦੇ ਗਿਰਾਈਂ ਗੀਤਕਾਰ ਜਗਦੇਵ ਮਾਨ (ਸੇ਼ਖਦੌਲਤ ) ਤ੍ਰੈਲੋਚਨ ਲੋਚੀ, ਜਗਮੇਲ ਸਿੰਘ ਸਿੱਧੂ(ਸੰਗਰੂਰ) ਡਾਃ ਗੁਰਇਕਬਾਲ ਸਿੰਘ ਜਨਰਲ ਸਕੱਤਰ, ਪੰਜਾਬੀ ਸਾਹਿੱਤ ਅਕਾਡਮੀ, ਲੁਧਿਆਣਾ, ਦੀਪ ਜਗਦੀਪ ਸਿੰਘ, ਜਸਬੀਰ ਝੱਜ,ਜਗਦੀਸ਼ਪਾਲ ਸਿੰਘ ਗਰੇਵਾਲ, ਸਰਪੰਚ ਪਿੰਡ ਦਾਦ, ਬਲਕਾਰ ਸਿੰਘ ਤੇ ਹੋਰ ਬੁਧੀਜੀਵੀਆਂ ਦੀ ਭਰਵੀਂ ਹਾਜ਼ਰੀ ਸੀ।ਮੰਚ ਸੰਚਾਲਨ ਪੰਜਾਬੀ ਸ਼ਾਇਰ ਪ੍ਰਭਜੋਤ ਸਿੰਘ ਸੋਹੀ ਨੇ ਬਹੁਤ ਜੀਵੰਤ ਅੰਦਾਜ਼ ਵਿੱਚ ਕੀਤਾ।

ਪੰਜਾਬ ਹਰਿਆਣਾ ਦੀ ਹੱਦ ’ਤੇ ਘੱਗਰ ‘ਤੇ ਬਣੇ ਚਾਂਦਪੁਰਾ ਬੰਨ੍ਹ ਦੇ ਟੁੱਟਣ ਕਾਰਨ ਦੋਹੀਂ ਪਾਸੀ ਆਏ ਹੜ੍ਹਾਂ ਨੇ ਪਿੰਡਾਂ ਦੇ ਪਿੰਡ ਡੋਬ ਦਿੱਤੇ

ਘੱਗਰ ਨੇ ਹਰਿਆਣਾ ਦੇ ਚਾਂਦਪੁਰਾ ’ਚ ਦਾਖ਼ਲ ਹੋਣ ਤੋਂ ਬਾਅਦ ਇੰਨੀ ਦਿਨੀਂ ਫਿਰ ਦਰਿੰਦਗੀ ਦਿਖਾਉਂਦੇ ਹੋਏ ਤਬਾਹੀ ਦਾ ਮੰਜ਼ਰ ਲਿਆ ਖੜ੍ਹਾ ਕੀਤਾ 

ਮਾਨਸਾ, 23 ਜੁਲਾਈ -(ਗੁਰਕੀਰਤ ਸਿੰਘ/ਮਨਜ਼ਿੰਦਰ ਗਿੱਲ) - ਘੱਗਰ ਨੇ ਹਰਿਆਣਾ ਦੇ ਚਾਂਦਪੁਰਾ ’ਚ ਦਾਖ਼ਲ ਹੋਣ ਤੋਂ ਬਾਅਦ ਫਿਰ ਦਰਿੰਦਗੀ ਦਿਖਾਉਂਦੇ ਹੋਏ ਤਬਾਹੀ ਦਾ ਮੰਜ਼ਰ ਲਿਆ ਖੜ੍ਹਾ ਕੀਤਾ ਹੈ। ਪੰਜਾਬ ਹਰਿਆਣਾ ਦੀ ਹੱਦ ’ਤੇ ਘੱਗਰ ‘ਤੇ ਬਣੇ ਚਾਂਦਪੁਰਾ ਬੰਨ੍ਹ ਦੇ ਟੁੱਟਣ ਕਾਰਨ ਦੋਹੀਂ ਪਾਸੀ ਬੇਲਗਾਮ ਹੋਏ ਪਾਣੀ ਕਾਰਨ ਆਏ ਹੜ੍ਹਾਂ ਨੇ ਪਿੰਡਾਂ ਦੇ ਪਿੰਡ ਡੋਬ ਦਿੱਤੇ ਹਨ। ਇਸ ਦੇ ਆਸਪਾਸ ਬਣੇ ਪਿੰਡਾਂ ਨੂੰ ਇਕ ਵਾਰ ਫਿਰ ਘੱਗਰ ਦੀ ਦਹਿਸ਼ਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਅਨੇਕਾਂ ਪਰਿਵਾਰਾਂ ਨੂੰ ਘਰੋਂ ਬੇਘਰ ਹੁੰਦਿਆਂ ਉਜਾੜੇ ਦਾ ਦਰਦ ਹੰਢਾਉਣਾ ਪੈ ਰਿਹਾ ਹੈ | 

ਭਾਰਤੀ ਸੈਨਾ ਐੱਨਡੀਆਰਐੱਫ ਦੀ ਮਦਦ ਨਾਲ ਲੋਕਾਂ ਨੂੰ ਬਚਾਉਣ ’ਚ ਲੱਗੀ ਹੋਈ ਹੈ, ਉਥੇ ਨਾਲ ਹੀ ਚਾਂਦਪੁਰਾ ਬੰਨ੍ਹ ਪੂਰਨ ਦੇ ਯਤਨ ਵੀ ਕੀਤੇ ਜਾ ਰਹੇ ਹਨ। ਲੋਕਾਂ ਨੂੰ ਕਿਸ਼ਤੀਆਂ ਰਾਹੀਂ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਰਿਹਾ ਹੈ। ਲੋੜਵੰਦਾਂ ਨੂੰ ਖਾਣ ਪੀਣ ਦੀਆਂ ਵਸਤੂਆਂ ਤੇ ਹੋਰ ਲੁੜੀਂਦਾ ਸਾਮਾਨ ਪਹੁੰਚਾਇਆ ਜਾ ਰਿਹਾ ਹੈ। ਬੇਸ਼ਕ ਇਸ ਬੰਨ੍ਹ ਦੇ ਟੁੱਟਣ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਤੇ ਲੋਕਾਂ ਦੁਆਰਾ ਦਿਨ, ਰਾਤ ਪਹਿਰੇਦਾਰੀ ਕੀਤੀ ਗਈ ਸੀ। ਪਰ ਮੰਦੇਭਾਗੀ ਬੰਨ੍ਹ ਟੁੱਟ ਗਿਆ ਜੋ ਕਿ ਇਲਾਕੇ ’ਚ ਭਾਰੀ ਤਬਾਹੀ ਦਾ ਕਾਰਨ ਬਣਿਆ ਹੈ। ਲੋਕਾਂ ’ਚ ਇਹ ਨਾਰਾਜ਼ਗੀ ਪਾਈ ਜਾ ਰਹੀ ਹੈ ਕਿ ਚਾਂਦਪੁਰਾ ਬੰਨ੍ਹ ’ਤੇ ਫਸ ਰਹੀਆਂ ਬੂਟੀ ਤੇ ਟਾਹਣਿਆਂ ਨੂੰ ਪੌਕਲੇਨ ਮਸ਼ੀਨਾਂ ਲਿਆ ਕੇ ਕੱਢਿਆ ਜਾਂਦਾ ਤੇ ਸਰਕਾਰਾਂ ਸਮੇਂ ਸਿਰ ਢੁੱਕਵੇਂ ਪ੍ਰਬੰਧ ਕਰ ਲੈਂਦੀਆਂ ਤਾਂ ਹੜ੍ਹਾਂ ਕਾਰਨ ਹੋਈ ਇਸ ਤਬਾਹੀ ਤੋਂ ਬਚਿਆ ਜਾ ਸਕਦਾ ਸੀ।

ਘੱਗਰ 1962, 1988, 1993 ’ਚ ਪਹਿਲਾਂ ਵੀ ਆਪਣੀ ਵਿਨਾਸ਼ਕਾਰੀ ਲੀਲ੍ਹਾ ਖੇਡਦਾ ਹੋਇਆ ਬੁਢਲਾਡਾ ਤੇ ਸਰਦੂਲਗੜ੍ਹ ਇਲਾਕਿਆਂ ਨੂੰ ਪ੍ਰਭਾਵਿਤ ਕਰ ਚੁੱਕਿਆ ਹੈ। ਪੰਜਾਬ ਤੇ ਹਰਿਆਣਾ ਦੀ ਹੱਦ ’ਤੇ ਸਰਦੂਲਗੜ੍ਹ ਦੇ ਪਿੰਡ ਰੋੜਕੀ ਤੇ ਝੰਡਾ ਕਲਾਂ ’ਚ ਪਾੜ ਪਿਆ ਤਾਂ ਆਸਪਾਸ ਪਾਣੀ ਭਰ ਗਿਆ ਤੇ ਫਿਰ ਪਿੰਡ ਸਾਧੂਵਾਲਾ ’ਚ ਪਾੜ ਪਿਆ। ਇਸ ਨਾਲ ਪੂਰੇ ਸਰਦੂਲਗੜ੍ਹ ਇਲਾਕੇ ’ਚ ਹੀ ਹਾਹਾਕਾਰ ਮੱਚ ਗਈ। ਪਿੰਡ ਸਾਧੂਵਾਲਾ, ਫੂਸਮੰਡੀ ਦੇ ਘਰਾਂ ਤੱਕ ਪਾਣੀ ਪਹੁੰਚ ਗਿਆ ਅਤੇ ਲੋਕ ਘਰਾਂ ’ਚ ਹੀ ਫਸ ਕੇ ਰਹਿ ਗਏ, ਜਦੋਂਕਿ ਸਰਦੂਲਗੜ੍ਹ ਸ਼ਹਿਰ ’ਚ ਵੀ ਪਾਣੀ ਦਾਖ਼ਲ ਹੋ ਗਿਆ। ਸਰਦੂਲਗੜ੍ਹ ’ਚ ਅਨਾਜ ਮੰਡੀ ਦੀ ਕੰਧ ਪਾਣੀ ਨੇ ਤੋੜ ਦਿੱਤੀ ਤੇ ਪਾਣੀ ਹੀ ਪਾਣੀ ਹੋ ਗਿਆ ਤੇ ਨੈਸ਼ਨਲ ਹਾਈਵੇ ਸਰਦੂਲਗੜ੍ਹ ਸਿਰਸਾ ’ਚ ਪਾਣੀ ਕਈ-ਕਈ ਫੁੱਟ ਜਮ੍ਹਾਂ ਹੋ ਗਿਆ। ਇਸ ਕਾਰਨ ਨੈਸ਼ਨਲ ਹਾਈਵੇ ਵੀ ਬੰਦ ਕਰ ਦਿੱਤਾ ਗਿਆ। ਇਸ ਦੇ ਇਕ ਪਾਸੇ ਪੂਰੀ ਤਰ੍ਹਾਂ ਪਾਣੀ ਭਰ ਗਿਆ, ਜਦੋਂਕਿ ਦੂਜੇ ਪਾਸੇ ਲੋਕਾਂ ਨੇ ਮਿੱਟੀ ਨਾਲ ਵੱਡੇ-ਵੱਡੇ ਬੰਨ੍ਹ ਬਣਾ ਕੇ ਇਹ ਪਾਣੀ ਨੂੰ ਰੋਕ ਲਿਆ। ਸਰਦੂਲਗੜ੍ਹ ’ਚ ਉਦੋਂ ਸਭ ਹੈਰਾਨ ਰਹਿ ਗਏ ਜਦ ਇਕ ਬਜ਼ੁਰਗ ਔਰਤ ਨੂੰ ਪਾਣੀ ਘਿਰੇ ਹੋਣ ’ਤੇ ਉਸ ਦੇ ਤਿੰਨ ਪੁੱਤਾਂ ’ਚੋਂ ਕੋਈ ਵੀ ਕੱਢਣ ਨਾ ਆਇਆ ਅਤੇ ਕੁਝ ਨੌਜਵਾਨਾਂ ਨੇ ਜਾ ਕੇ ਉਸ ਦੀ ਸਾਰ ਲਈ ਤੇ ਪਾਣੀ ’ਚੋਂ ਕੱਢ ਕੇ ਲਿਆਂਦਾ। 

ਹਰਿਆਣਾ ਪੰਜਾਬ ਦੇ ਕਈ ਪਿੰਡਾਂ ਦਾ ਆਪਸ ’ਚ ਟੁੱਟਿਆ ਸੰਪਰਕ ਹਰਿਆਣਾ ਦੇ ਚਾਂਦਪੁਰਾ ਤੋਂ ਟੁੱਟੇ ਬੰਨ੍ਹ ਦੇ ਕਾਰਨ ਪੰਜਾਬ ਦੇ ਲੱਗਦੇ ਪਿੰਡਾਂ ਦਾ ਆਪਸ ਵਿਚ ਸੰਪਰਕ ਟੁੱਟ ਗਿਆ ਹੈ, ਜਦੋਂਕਿ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਹੀ ਪਿੰਡਾਂ ’ਚ ਖੜ੍ਹੇ ਪਾਣੀ ਕਾਰਨ ਇਕ-ਦੂਜੇ ਕੋਲ ਪਹੁੰਚਣਾ ਮੁਸ਼ਕਿਲ ਹੋਇਆ ਪਿਆ ਹੈ। ਚੋਣਾਂ ਵੇਲੇ ਕੀਤੇ ਵਾਅਦੇ ਨਹੀਂ ਹੁੰਦੇ ਵਫ਼ਾ  ਘੱਗਰ ਦਰਿਆ ’ਚ ਆਉਂਦੇ ਹੜ੍ਹਾਂ ਦੇ ਸਥਾਈ ਹੱਲ ਨੂੰ ਲੈ ਕੇ ਹਰ ਵਾਰ ਚੋਣਾਂ ਨੇੜੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਫੋਕੀ ਬਿਆਨਬਾਜ਼ੀ ਕੀਤੀ ਜਾਂਦੀ ਹੈ। ਆਫ਼ਤ ਦੇ ਦਿਨਾਂ ਦੌਰਾਨ ਵੀ ਸਿਆਸੀ ਆਗੂਆਂ ਦੇ ਦੌਰੇ ਲੋਕਾਂ ਦੇ ਦਿਲਾਂ ’ਤੇ ਮੱਲ੍ਹਮ ਲਗਾਉਣ ਦੀ ਬਜਾਏ ਉਨ੍ਹਾਂ ਦੇ ਦਿਲਾਂ ’ਚ ਡੂੰਘੀ ਸੱਟ ਮਾਰ ਜਾਂਦੇ ਹਨ। ਘੱਗਰ ਦੇ ਨਾਲ ਵਸਦੇ ਪਿੰਡਾਂ ਲੋਕਾਂ ਦੇ ਦਿਲਾਂ ’ਚ ਅੱਜ ਵੀ ਇਹੀ ਚੀਸ ਨਿਕਲਦੀ ਹੈ ਕਿ ਹਕੂਮਤਾਂ ਬਦਲਦੀਆਂ ਰਹੀਆਂ, ਪਰ ਉਨ੍ਹਾਂ ਦੀ ਤਕਦੀਰ ਕਦੇ ਨਹੀਂ ਬਦਲੀ। ਪਰ ਸਮੇਂ ਦੀਆਂ ਹਕੂਮਤਾਂ ਵੱਲੋਂ ਧਿਆਨ ਨਾ ਦਿੱਤੇ ਜਾਣ ਕਾਰਨ ਇਹ ਲੋਕਾਂ ਲਈ ਸਰਾਪ ਬਣ ਗਿਆ ਹੈ। ਕਦੇ ਲੋਕਾਂ ਨੂੰ ਘੱਗਰ ਦੇ ਪਾਣੀ ਦੀ ਮਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਦੇ ਇਸ ਵਿਚ ਆਉਂਦੇ ਜ਼ਹਿਰੀਲੇ ਫੈਕਟਰੀਆਂ ਦੇ ਪਾਣੀ ਕਾਰਨ ਲੱਗਦੀਆਂ ਬਿਮਾਰੀਆਂ ਦਾ ਸੰਤਾਪ ਭੋਗਣਾ ਪੈ ਰਿਹਾ ਹੈ। ਲੋਕਾਂ ਨੂੰ ਕੈਂਸਰ, ਜਿਗਰ, ਹੈਪੇਟਾਈਟਸ ਬੀ, ਸਾਧਾਰਨ ਪੀਲੀਆ, ਚਮੜੀ, ਵਾਲ ਸਫ਼ੈਦ ਹੋਣਾ, ਦਮਾ ਤੇ ਦਿਲ ਦੀਆਂ ਬਿਮਾਰੀਆਂ ਘੇਰ ਰਹੀਆਂ ਹਨ। ਪਿੰਡਾਂ ’ਚ ਫੈਲ ਰਹੀ ਕੈਂਸਰ ਵਰਗੀ ਮਾਰੂ ਬਿਮਾਰੀ ਚਿੰਤਾ ਵਿਸ਼ਾ ਹੈ।

  ਪੰਜਾਬੀ ਲੋਕ ਬਿਪਤਾ ਸਮੇਂ ਹਮੇਸ਼ਾ ਦੂਜਿਆਂ ਦੀ ਮਦਦ ਕਰਦੇ ਆਏ ਹਨ ਇਸੇ ਪਿਰਤ ਨੂੰ ਕਾਇਮ ਰੱਖਦਿਆਂ ਸਮੁੱਚੇ ਪੰਜਾਬ ਦੇ ਪੰਜਾਬੀਆਂ ਤੇ ਬਾਹਰ ਵਿਦੇਸ਼ਾਂ ’ਚ ਵਸਦੇ ਪੰਜਾਬੀਆਂ ਨੇ ਹੜ੍ਹ ਪੀੜਤਾਂ ਲਈ ਦਿਲ ਖੋਲ੍ਹ ਦਿੱਤੇ ਹਨ ਅਤੇ ਦਰਿਆਦਿਲੀ ਨਾਲ ਉਨ੍ਹਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਭਾਵੇਂਕਿ ਇਸ ਦੇ ਨਾਲ ਹਰਿਆਣਾ ਰਾਜਸਥਾਨ ਤੇ ਹੋਰਾਂ ਵੱਲੋਂ ਮਦਦ ਕੀਤੀ ਜਾ ਰਹੀ ਹੈ। ਇੱਥੇ ਵੱਡੀ ਗਿਣਤੀ ’ਚ ਪੰਜਾਬ, ਰਾਜਸਥਾਨ ਤੇ ਹਰਿਆਣਾ ਤੋਂ ਵੀ ਲੋਕਾਂ ਨੂੰ ਸਮੱਗਰੀ ਦੇਣ ਲਈ ਪਹੁੰਚ ਰਹੇ ਹਨ, ਪਰ ਉਨ੍ਹਾਂ ਨੇ ਨਾਲ ਹੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਸਬੰਧਤ ਹੜ੍ਹ ਪ੍ਰਭਾਵਿਤ ਮੋਹਤਵਰਾਂ ਨਾਲ ਗੱਲਬਾਤ ਕਰ ਕੇ ਹੀ ਸਬੰਧਤ ਪਿੰਡਾਂ ਵਿਚ ਸਮੱਗਰੀ ਲੈ ਕੇ ਆਉਣ ਤਾਂ ਜੋ ਕੋਈ ਸਮੱਸਿਆ ਆਵੇ। ਇਕ ਕਿਸਾਨ ਨੇ 5 ਏਕੜ ’ਚੋਂ ਮਿੱਟੀ ਹੀ ਚੁਕਵਾ ਦਿੱਤੀ ਤੇ ਬੰਨ੍ਹ ਮਰਵਾਏ ਜਾ ਰਹੇ ਹਨ ਅਤੇ ਵੱਡੀ ਗਿਣਤੀ ’ਚ ਲੋਕ ਖ਼ੁਦ ਦੇ ਟਰੈਕਟਰ, ਟਰਾਲੀਆਂ ਲੈ ਕੇ ਪਹੁੰਚ ਰਹੇ ਹਨ। 

ਪਰਾਲੀ ਦੀ ਸਾਂਭ ਸੰਭਾਲ ਸਬੰਧੀ ਮਸ਼ੀਨਾਂ ਤੇ ਸਬਸਿਡੀ ਲਈ ਬਿਨੈ ਪੱਤਰ ਦੇਣ ਦੀ ਆਖਰੀ ਮਿਤੀ ਵਿੱਚ ਵਾਧਾ

ਹੁਣ ਕਿਸਾਨ 15 ਅਗਸਤ ਤੱਕ ਕਰ ਸਕਣਗੇ ਆਨਲਾਈਨ ਅਪਲਾਈ-ਮੁੱਖ ਖੇਤੀਬਾੜੀ ਅਫ਼ਸਰ

ਮੋਗਾ 21 ਜੁਲਾਈ-( ਜਸਵਿੰਦਰ  ਸਿੰਘ ਰੱਖਰਾ)-ਸਰਕਾਰ ਵਾਤਾਵਰਨ ਪੱਖੀ ਖੇਤੀਬਾੜੀ ਸੰਦ ਕਿਸਾਨਾਂ ਨੂੰ ਸਬਸਿਡੀ ਉੱਪਰ ਮੁਹੱਈਆ ਕਰਵਾ ਕੇ ਵਾਤਾਵਰਨ ਪੱਖੀ ਖੇਤੀਬਾੜੀ ਨੂੰ ਉਤਸ਼ਾਹਿਤ ਕਰ ਰਹੀ ਹੈ। ਨਵੀਆਂ ਵਾਤਾਵਰਨ ਪੱਖੀ ਖੇਤੀਬਾੜੀ ਮਸ਼ੀਨਾਂ ਝੋਨੇ ਦੀ ਪਰਾਲੀ ਅਤੇ ਹੋਰ ਫ਼ਸਲੀ ਰਹਿੰਦ ਖੂੰਹਦ ਦੇ ਯੋਗ ਨਿਪਟਾਰੇ ਦੇ ਸਮਰੱਥ ਹਨ ਜਿਹਨਾਂ ਨਾਲ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿੱਚ ਤਾਂ ਕਮੀ ਆਉਂਦੀ ਹੀ ਹੈ ਪ੍ਰੰਤੂ ਇਸਦੇ ਨਾਲ ਆਧੁਨਿਕ ਅਤੇ ਲਾਹੇਵੰਦ ਖੇਤੀਬਾੜੀ ਨਾਲ ਵੀ ਕਿਸਾਨ ਜੁੜ ਜਾਂਦੇ ਹਨ।

ਇਨਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਮਨਜੀਤ ਸਿੰਘ ਨੇ ਕੀਤਾ। ਉਨਾਂ ਦੱਸਿਆ ਕਿ ਉਕਤ ਦੇ ਮੱਦੇਨਜ਼ਰ ਆਧੁਨਿਕ ਖੇਤੀਬਾੜੀ ਨੂੰ ਉਤਸ਼ਾਹਿਤ ਅਤੇ ਪਰਾਲੀ ਦੀਆਂ ਘਟਨਾਵਾਂ ਨੂੰ ਘਟਾਉਣ ਲਈ ਪੰਜਾਬ ਸਰਕਾਰ ਵੱਲੋਂ ਸਾਉਣੀ 2023 ਦੌਰਾਨ ਪਰਾਲੀ ਦੀ ਸਾਂਭ ਸੰਭਾਲ ਲਈ ਸੀ.ਆਰ.ਐਮ. ਮਸ਼ੀਨਾਂ ਭਾਰੀ ਸਬਸਿਡੀ ਤੇ ਕਿਸਾਨਾਂ ਨੂੰ ਮੁਹੱਈਆ ਕਰਵਾ ਰਹੀ ਹੈ। ਸਕੀਮ ਤਹਿਤ ਸਬਸਿਡੀ ਉੱਪਰ ਮਸ਼ੀਨਾਂ ਲੈਣ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਵਿੱਚ ਸਰਕਾਰ ਵੱਲੋਂ ਵਾਧਾ ਵੀ ਕਰ ਦਿੱਤਾ ਗਿਆ ਹੈ, ਹੁਣ ਵਿਅਕਤੀਗਤ ਕਿਸਾਨ, ਰਜਿਸਟਰਡ ਕਿਸਾਨ ਗਰੁੱਪ, ਪੰਚਾਇਤ, ਸਹਿਕਾਰੀ ਸਭਾ, ਕਿਸਾਨ ਨਿਰਮਾਤਾ ਸੰਗਠਨ 15 ਅਗਸਤ, 2023 ਤੱਕ ਇਨਾਂ ਸਬਸਿਡੀ ਵਾਲੀਆਂ ਆਧੁਨਿਕ ਮਸ਼ੀਨਾਂ ਲਈ ਅਪਲਾਈ ਕਰ ਸਕਦੇ ਹਨ।

ਇਨਾਂ ਮਸ਼ੀਨਾਂ ਵਿੱਚ ਸੁਪਰ ਐਸ.ਐਮ.ਐਸ, ਹੈਪੀ ਸੀਡਰ, ਪੈਡੀ ਸਟਰਾਅ ਚੌਪਰ/ਸ਼ਰੈਡਰ/ਮਲਚਰ, ਸਪਾਰਟ ਸੀਡਰ, ਸੁਪਰ ਸੀਡਰ ਬੇਲਰ, ਰੇਕ, ਜ਼ੀਰੋ ਟਿੱਲ ਡਰਿੱਲ ਸਰਬ ਮਾਸਟਰ/ਰੋਟਰੀ ਸਲੈਸ਼ਰ, ਕਰਾਪ ਰੀਪਰ, ਉਲਟਾਵੇਂ ਪਲਾਅ ਆਦਿ ਸ਼ਾਮਿਲ ਹਨ।

ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਇਸ ਸਕੀਮ ਦਾ ਲਾਭ ਲੈਣ ਲਈ ਜ਼ਿਲੇ ਦੇ ਬਿਨੈਕਾਰ ਆਨਲਾਈਨ ਪੋਰਟਲ https://agrimachinerypb.com/ ਤੇ 15 ਅਗਸਤ 2023 ਤੱਕ ਅਪਲਾਈ ਕਰ ਸਕਦੇ ਹਨ। ਉਨਾਂ ਦੱਸਿਆ ਕਿ ਸਬਸਿਡੀ ਦੀ ਦਰ ਸਕੀਮ ਦੀਆਂ ਹਦਾਇਤਾਂ ਅਨੁਸਾਰ ਹੋਵੇਗੀ।

ਸੰਯੁਕਤ ਕਿਸਾਨ ਮੋਰਚਾ ਹੜ੍ਹ ਪੀੜਤ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਅਤੇ ਪਸ਼ੂਆਂ ਦਾ ਚਾਰਾ ਕਰਵਾਏਗਾ ਮੁਹੱਈਆ

ਕੇਂਦਰ ਅਤੇ ਪੰਜਾਬ ਸਰਕਾਰ ਹੜ੍ਹਾਂ ਨੂੰ ਕੁਦਰਤੀ ਆਫ਼ਤ ਘੋਸ਼ਤ ਕਰਕੇ ਫੌਰੀ ਤੌਰ ਤੇ ਕਿਸਾਨਾਂ ਦੀ ਬਾਂਹ ਫੜੇ

ਚੰਡੀਗੜ੍ਹ 16 ਜੁਲਾਈ( ਜਸਵਿੰਦਰ  ਸਿੰਘ  ਰੱਖਰਾ   )ਅੱਜ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀ ਅਹਿਮ ਮੀਟਿੰਗ ਫੁਰਮਾਨ ਸਿੰਘ ਸੰਧੂ,ਸਤਨਾਮ ਸਿੰਘ ਸਾਹਨੀ,ਐਡਵੋਕੇਟ ਕਿਰਨਜੀਤ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਕਿਸਾਨ ਭਵਨ ਚੰਡੀਗੜ੍ਹ ਵਿਖੇ ਹੋਈ,ਜਿਸ ਵਿੱਚ ਪੰਜਾਬ ਵਿੱਚ ਮੀਂਹ ਤੇ ਹੜਾਂ ਨਾਲ ਹੋਏ ਨੁਕਸਾਨ ਲਈ ਸੰਯੁਕਤ ਕਿਸਾਨ ਮੋਰਚਾ ਹੜ੍ਹ ਪੀੜਤ ਕਿਸਾਨਾਂ ਨੂੰ ਝੋਨੇ ਦੀ ਪਨੀਰੀ,ਪਸ਼ੂਆਂ ਦਾ ਚਾਰਾ ਦੇਣ ਦਾ ਜਲਦ ਪ੍ਰਬੰਧ ਕਰੇਗਾ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਹੜ੍ਹਾਂ ਨੂੰ ਕੁਦਰਤੀ ਆਫ਼ਤ ਘੋਸ਼ਤ ਕਰਕੇ ਫੌਰੀ ਤੌਰ ਤੇ ਕਿਸਾਨਾਂ ਦੀ ਬਾਂਹ ਫੜੇ,ਆਗੂਆਂ ਨੇ ਕਿਹਾ ਕੇ ਜੇਕਰ ਬੰਦ ਕੀਤੀਆਂ ਨਹਿਰਾਂ ਵਿੱਚ ਪਾਣੀ ਚਲਦਾ ਰਹਿੰਦਾ ਤਾਂ ਅੱਧਿਓਂ ਵੱਧ ਏਰੀਆ ਹੜਾਂ ਦੀ ਮਾਰ ਤੋਂ ਬਚ ਸਕਦਾ ਸੀ,ਅੱਗੇ ਐਸ.ਕੇ.ਐਮ ਨੇ ਐਲਾਨ ਕਰਦਿਆਂ ਕਿਹਾ ਕਿ 100 ਏਕੜ ਝੋਨੇ ਦੀ ਪਨੀਰੀ ਵੱਖ ਵੱਖ ਜ਼ਿਲ੍ਹਿਆਂ ਵਿੱਚ ਬੀਜੀ ਜਾਵੇਗੀ ਜੋ ਕੇ ਹੜ ਪ੍ਰਭਾਵਿਤ ਲੋਕਾਂ ਨੂੰ ਹੜਾਂ ਤੋਂ ਬਾਅਦ ਝੋਨਾ ਲਾਉਣ ਲਈ ਲੰਗਰ ਦੇ ਰੂਪ ਵਿੱਚ ਵੰਡੀ ਜਾਵੇਗੀ,ਅੱਗੇ ਉਹਨਾਂ ਕਿਹਾ ਕੇ ਸਰਕਾਰ ਬੀ ਬੀ ਐਮ ਬੀ ਵਿੱਚ ਪੰਜਾਬ ਦੀ ਨੁਮਾਇੰਦਗੀ ਬਹਾਲ ਕਰੇ ਤਾਂ ਕਿ ਪ੍ਰਬੰਧ ਠੀਕ ਕੀਤੇ ਜਾਣ,ਉਹਨਾਂ ਕਿਹਾ ਕੇ ਪੰਜਾਬ ਸਰਕਾਰ ਪਾਣੀ ਦੀ ਯੋਜਨਾ ਬੰਦੀ ਵਿੱਚ ਫੇਲ ਹੈ,ਨਹਿਰਾਂ ਬੰਦ ਕਰਨੀਆਂ ਗਲਤ ਹੈ ਅਤੇ ਪਾਣੀ ਦਾ ਨਿਕਾਸ ਬਿਲਕੁਲ ਵੀ ਠੀਕ ਨਹੀਂ ਹੈ ਹੜਾਂ ਦਾ ਮੁੱਖ ਕਾਰਨ ਨਦੀਆਂ ਨਾਲੀਆਂ ਅਤੇ ਡਰੇਨਾਂ ਦੀ ਸਫਾਈ ਸਮੇਂ ਸਿਰ ਨਹੀਂ ਕਰਵਾਈ ਗਈ,ਐਸ ਕੇ ਐਮ ਪੰਜਾਬ ਨੇ ਸਰਕਾਰ ਤੋਂ ਮੰਗ ਕੀਤੀ ਹੈ ਕੇ ਸਰਕਾਰ ਤੂੜੀ ਚਾਰਾਂ ਅਤੇ ਦਵਾਈਆਂ ਦਾ ਫੌਰੀ ਪ੍ਰਬੰਧ ਕਰੇ ਅਤੇ ਹੜ੍ਹ ਪ੍ਰਭਾਵਿਤ ਏਰੀਆ ਵਿੱਚ ਪ੍ਰਸ਼ਾਸਨ ਦੀਆਂ ਡਿਊਟੀਆਂ ਲਗਾ ਕੇ ਰਾਹਤ ਕਾਰਜ ਜਲਦ ਪਹੁੰਚਾਏ,ਇਸ ਮੌਕੇ ਹਰਿੰਦਰ ਸਿੰਘ ਲੱਖੋਵਾਲ, ਬਿੰਦਰ ਸਿੰਘ ਗੋਲੇ ਵਾਲਾ, ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਕੁਲਦੀਪ ਸਿੰਘ ਵਜੀਦਪੁਰ, ਵੀਰਪਾਲ ਸਿੰਘ ਢਿੱਲੋਂ,ਜੰਗਵੀਰ ਸਿੰਘ ਚੌਹਾਨ, ਨਿਰਭੈ ਸਿੰਘ ਢੁੱਡੀਕੇ,ਬਕਤਾਵਰ ਸਿੰਘ ਸਾਦਿਕ,ਰੁਲਦੂ ਸਿੰਘ ਮਾਨਸਾ, ਬੂਟਾ ਸਿੰਘ ਬੁਰਜ ਗਿੱਲ, ਗੁਰਜੀਤ ਸਿੰਘ ਕੰਢੀ,ਵੀਰ ਸਿੰਘ,ਗੁਰਪ੍ਰੀਤ ਸਿੰਘ,ਗੁਰਮੀਤ ਸਿੰਘ ਮਹਿਮਾ,ਬੂਟਾ ਸਿੰਘ ਬੁਰਜ ਗਿੱਲ,ਹਰਬੰਸ ਸਿੰਘ ਸੰਘਾ,ਰਾਜਵਿੰਦਰ ਕੌਰ ਅਤੇ ਸੁੱਖ ਗਿੱਲ ਮੋਗਾ ਹਾਜ਼ਰ ਸਨ!

ਜੀ ਟੀ ਯੂ ਵਿਗਿਆਨਕ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ਼ ਮੀਟਿੰਗ

ਜਗਰਾਓਂ,16 ਜੁਲਾਈ -( ਬਲਦੇਵ ਸਿੰਘ ਸਿੱਖਿਆ ਪ੍ਰਤੀਨਿੱਧ, ਹਰਵਿੰਦਰ ਸਿੰਘ ਖੇਲਾ )ਗੋਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ) ਜ਼ਿਲ੍ਹਾ ਲੁਧਿਆਣਾ ਦਾ ਵਫ਼ਦ ਸ੍ਰ ਜਗਦੀਪ ਸਿੰਘ ਜੌਹਲ ਦੀ ਅਗਵਾਈ ਹੇਠ  ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਲੁਧਿਆਣਾ ਸ੍ਰੀ ਬਲਦੇਵ ਸਿੰਘ ਜੋਧਾਂ ਨੂੰ ਮਿਲ਼ਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਨਰਲ ਸਕੱਤਰ  ਇਤਬਾਰ ਸਿੰਘ ਅਤੇ  ਸੰਦੀਪ ਸਿੰਘ ਬਦੇਸ਼ਾ ਨੇ ਦੱਸਿਆ ਕਿ ਸਰਕਾਰ ਵੱਲੋਂ ਐੱਚ ਟੀ ਦੀਆਂ ਤਰੱਕੀਆਂ ਤੁਰੰਤ ਕਰਨ ਵਾਲ਼ੇ ਲਏ ਗਏ ਫੈਸਲੇ ਦੀ ਬਜਾਏ ਪਹਿਲਾਂ ਸੀ ਐੱਚ ਟੀ ਦੀਆਂ ਤਰੱਕੀਆਂ ਕੀਤੀਆਂ ਜਾਣ ਦੀ ਮੰਗ ਕੀਤੀ ਗਈ ਕਿਉਂਕਿ ਇਸ ਨਾਲ਼ ਜ਼ਿਲ੍ਹੇ ਨੂੰ ਘੱਟੋ-ਘੱਟ 40 ਤੋਂ 50 ਹੋਰ ਵਧੇਰੇ ਐੱਚ ਟੀ ਮਿਲਣਗੇ ! ਕਈ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧੇਰੇ ਹੋਣ ਦੇ ਬਾਵਜੂਦ ਈ-ਪੰਜਾਬ ਤੇ ਐੱਚ ਟੀ ਦੀ ਅਸਾਮੀ ਨਾ ਦਿਖਾਏ ਜਾਣ ਅਤੇ ਕਈਆਂ ਥਾਵਾਂ ਤੇ ਐੱਚ ਟੀ ਕੰਮ ਕਰਦਾ ਹੋਣ ਦੇ ਬਾਵਜੂਦ ਵੀ ਆਨ ਲਾਈਨ ਅਸਾਮੀ ਨਾ ਦਿਖਾਏ ਜਾਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਕਿਹਾ ਗਿਆ ।
ਅੰਗਹੀਣਾਂ ਕੋਟੇ ਦੀਆਂ ਤਰੱਕੀਆਂ ਲਈ ਬੈਕਲਾਗ ਪੂਰਾ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ । ਬੀ ਪੀ ਈ ਓ ਦਫਤਰਾਂ ਵਿਚੋਂ ਬਾਹਰ ਡੈਪੂਟੇਸ਼ਨ ਤੇ ਭੇਜੇ ਕਰਮਚਾਰੀਆਂ ਨੂੰ ਵਾਪਸ ਬੁਲਾਉਣ ਅਤੇ ਦਫ਼ਤਰੀ ਅਮਲੇ ਦੀਆਂ ਖ਼ਾਲੀ ਅਸਾਮੀਆਂ ਭਰਨ ਦੀ ਮੰਗ ਕੀਤੀ ਗਈ। ਇਸ ਵੇਲ਼ੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਮਨੋਜ ਕੁਮਾਰ,  ਰਾਜਮਿੰਦਰਪਾਲ ਸਿੰਘ ਪਰਮਾਰ, ਜਸਵੀਰ ਸਿੰਘ, ਜਗਸੀਰ ਸਿੰਘ ਅਤੇ ਗੁਲਜ਼ਾਰ ਸ਼ਾਹ ਆਦਿ ਵੀ ਹਾਜ਼ਰ ਸਨ।

ਯੂਨੀਫਾਰਮ ਸਿਵਲ ਕੋਡ : ਫ਼ਿਰਕ ਫਾਸ਼ੀ ਹੱਲੇ ਦਾ ਤਿੱਖਾ ਵਾਰ- ਨਰਾਇਣ ਦੱਤ ਅਤੇ ਕੰਵਲਜੀਤ ਖੰਨਾ

ਪ੍ਰਧਾਨ ਮੰਤਰੀ ਮੋਦੀ ਵੱਲੋਂ ਇੱਕਸਾਰ ਸਿਵਲ ਕੋਡ ਲਾਗੂ ਕਰਨ ਦੇ ਫਿਰਕੂ ਫਾਸ਼ੀ ਹੱਲੇ ਉੱਪਰ ਇਨਕਲਾਬੀ ਕੇਂਦਰ ਪੰਜਾਬ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਇਹ ਬੀਜੇਪੀ  ਦੀ 2024 ਦੀਆਂ ਪਾਰਲੀਮੈਂਟ ਚੋਣਾਂ ‌ਜਿੱਤਣ ਲਈ ਫਿਰਕੂ ਪਾਲਾਬੰਦੀ ਕਰਕੇ ਹਕੂਮਤੀ ਗੱਦੀ ਹਾਸਲ ਕਰਨ ਦੀ ਮਸ਼ਕ ਹੈ। ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਇਨਕਲਾਬੀ ਕੇਂਦਰ ਦੇ ਆਗੂਆਂ ਨਰਾਇਣ ਦੱਤ ਅਤੇ ਕੰਵਲਜੀਤ ਖੰਨਾ ਨੇ ਦਲੀਲ ਸਹਿਤ ਗੱਲ ਰੱਖਦਿਆਂ ਕਿਹਾ ਕਿ ਇੱਕ ਸਾਰ ਸਿਵਲ ਕੋਡ ਬਾਰੇ ਸੰਵਿਧਾਨ ਵਿੱਚ ਦਰਜ ਹੈ ਕਿ ਕਿਉਂਕਿ ਭਾਰਤ ਇੱਕ ਕੌਮ ਨਹੀਂ ਸਗੋਂ ਵੱਖੋ-ਵੱਖ ਕੌਮਾਂ ਦਾ ਸਾਂਝਾ ਸਮੂਹ ਹੈ। ਇਸ ਬਾਰੇ ਉਸ ਸਮੇਂ ਤਹਿ ਕੀਤਾ ਸੀ ਕਿ ਅਜਿਹਾ ਕਰਨ ਦੀ ਕਿਸੇ ਸਮੇਂ ਲੋੜ ਪੈਣ ਮੌਕੇ ਗੰਭੀਰ ਵਿਚਾਰ ਚਰਚਾ ਕਰਨ ਦੀ ਲੋੜ ਹੋਵੇਗੀ। ਪਰ ਮੋਦੀ ਸਰਕਾਰ ਨੇ ਲੋਕਾਂ ਦੀ ਰਾਇ ਦੀ ਤਾਂ ਗੱਲ ਹੀ ਪਾਸੇ ਰਹੀ, ਪਾਰਲੀਮੈਂਟ ਅੰਦਰ ਬਹਿਸ ਕਰਾਉਣ ਦੀ ਵੀ ਮਹੱਤਵਪੂਰਨ ਮਸਲਿਆਂ ਤੇ ਜਰੂਰਤ ਵੀ ਨਹੀਂ ਸਮਝਦੀ। ਹਾਲਾਂ ਕਿ ਪਿਛਲੇ ਸਮੇਂ ਵਿੱਚ ਬਣਾਏ ਕਮਿਸ਼ਨ ਨੇ ਇੱਕਸਾਰ ਸਿਵਲ ਕੋਡ ਲਾਗੂ ਕਰਨ ਦੀ ਲੋੜ ਤੋਂ ਇਨਕਾਰ ਕੀਤਾ ਸੀ। ਮੋਦੀ ਸਰਕਾਰ ਦਾ ਇਕਸਾਰ ਸਿਵਲ ਕੋਡ ਲਿਆਉਣ ਦਾ ਮਕਸਦ ਅਜਿਹੀਆਂ ਖਰੀਆਂ ਧਰਮ-ਨਿਰਲੇਪ ਤੇ ਜਮਹੂਰੀ ਤਬਦੀਲੀਆਂ ਕਰਨਾ ਕਦਾਚਿਤ ਨਹੀਂ। ਭਾਜਪਾ-ਸੰਘ ਪਰਿਵਾਰ ਤਾਂ ਧਰਮ-ਨਿਰਪੱਖਤਾ ਦਾ ਕੱਟੜ ਵਿਰੋਧੀ ਹੈ। ਉਹ ਤਾਂ ਭਾਰਤ ਦੇ ਸੰਵਿਧਾਨ ਦੇ ਮੁੱਖਬੰਦ 'ਚੋਂ ਸੈਕਲੂਰ ਤੇ ਸ਼ੋਸ਼ਲਿਸਟ ਸ਼ਬਦਾਂ ਨੂੰ ਕੱਢਣ ਦੀ ਐਲਾਨੀਆ ਮੰਗ ਕਰ ਰਹੇ ਹਨ। ਮੋਦੀ ਹਕੂਮਤ ਆਪਣੇ ਕੰਮ-ਕਾਜ 'ਚ ਧਰਮ-ਨਿਰਲੇਪ ਰਹਿਣ ਦੀ ਥਾਂ ਹਿੰਦੂ ਧਰਮ ਦੀ ਜਨਤਕ ਤੌਰ 'ਤੇ ਪਾਲਣਾ ਕਰ ਰਹੀ ਹੈ। ਮੋਦੀ ਵੱਲੋਂ ਪ੍ਰਧਾਨ ਮੰਤਰੀ ਦੀ ਹੈਸੀਅਤ 'ਚ ਰਾਮ ਮੰਦਰ ਦੀ ਨੀਂਹ ਰੱਖਣਾ ਅਤੇ ਹਿੰਦੂ ਧਰਮ ਅਨੁਸਾਰ ਪੂਜਾ-ਪਾਠ ਕਰਨਾ, ਗੰਗਾ-ਪੂਜਾ ਦਾ ਜਨਤਕ ਬਰਾਡ ਕਾਸਟ ਆਦਿਕ ਅਨੇਕ ਮਿਸਾਲਾਂ ਗਿਣਾਈਆਂ ਜਾ ਸਕਦੀਆਂ ਹਨ ਜੋ ਰਾਜ ਅਤੇ ਧਰਮ ਨੂੰ ਰਲਗੱਡ ਕਰਕੇ ਚੱਲਣ ਦੀਆਂ ਜੱਗ-ਜ਼ਾਹਰ ਉਦਾਹਰਨਾਂ ਹਨ। ਫਰਾਂਸ ਤੋਂ ਰਾਫੇਲ ਜੰਗੀ ਜਹਾਜਾਂ ਦੀ ਪਹਿਲੀ ਖੇਪ ਹਾਸਲ ਕਰਨ ਵੇਲੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਉੱਥੇ ਹਿੰਦੂ ਰਹੁ-ਰੀਤਾਂ ਮੁਤਾਬਕ ਕੀਤੀ ਪੂਜਾ ਦੁਨੀਆ ਭਰ 'ਚ ਬਰਾਡਕਾਸਟ ਹੋਈ ਹੈ। 28 ਮਈ ਨੂੰ ਪਾਰਲੀਮੈਂਟ ਦੀ ਨਵੀਂ ਬਣੀ ਬਣੀ 1200 ਕਰੋੜੀ ਇਮਾਰਤ ਦੇ ਉਦਘਾਟਨ ਮੌਕੇ ਤਾਂ ਸਾਰੀਆਂ ਹੱਦਾਂ ਬੰਨ੍ਹੇ ਪਾਰ ਕਰਦਿਆਂ ਹਿੰਦੂ ਮੱਠਾਂ ਦੇ ਅਨੇਕਾਂ ਸਾਧਾਂ ਸੰਤਾਂ ਨੇ ਘੰਟਿਆਂ ਬੱਧੀ ਹਵਨ ਯੱਗ ਰਚਾਏ, ਪ੍ਰਧਾਨ ਮੰਤਰੀ ਮੋਦੀ ਨੂੰ ਜਜਮਾਨ ਬਣਾਇਆ , ਸਿਰੇ ਦਾ ਪਿਛਾਖੜੀ ਮੱਧਯੁੱਗੀ ਕਾਰਾ ਹੈ।

    ਭਾਜਪਾ-ਸੰਘ ਪਰਿਵਾਰ ਵੱਲੋਂ ਇਕਸਾਰ ਸਿਵਲ ਕੋਡ ਲਿਆਉਣ ਪਿੱਛੇ ਔਰਤਾਂ ਦੀ ਮੁਕਤੀ ਦੇ ਮਸਲੇ ਨਾਲ ਜੋ ਹੇਜ ਜਤਾਇਆ ਜਾ ਰਿਹਾ ਹੈ, ਉਹ ਵੀ ਪੂਰੀ ਤਰ੍ਹਾਂ ਦੰਭ ਹੈ। ਮੁਸਲਿਮ ਔਰਤਾਂ ਨੂੰ ਬਹੁਪਤਨੀ ਵਿਆਹ ਪ੍ਰਥਾ, ਤਿੰਨ ਤਲਾਕ, ਹਿਜਾਬ ਆਦਿਕ ਤੋਂ ਮੁਕਤ ਕਰਾਉਣ ਦੀ ਭਾਵਨਾ ਪਿੱਛੇ ਮੁੱਖ ਤੌਰ 'ਤੇ ਮੁਸਲਿਮ ਧਰਮ ਪ੍ਰਤੀ ਵਿਰੋਧ ਦੀ ਜ਼ੋਰਦਾਰ ਭਾਵਨਾ ਕਾਰਜਸ਼ੀਲ ਹੈ। ਇਸੇ ਸੰਘ ਲਾਣੇ ਦੇ ਸ਼ਿਸ਼ਕਰੇ ਹਿੰਦੂ ਫ਼ਿਰਕੂ-ਫਾਸ਼ੀ ਟੋਲੇ ਕਦੇ ਐਂਟੀ-ਰੋਮੀਓ ਸਕੁਐਡ ਬਣਾਕੇ ਤੇ ਕਦੇ ਲਵ-ਜਿਹਾਦ ਦੇ ਨਾਂ ਤੇ ਹਿੰਦੂ ਧਰਮ ਸਮੇਤ ਸਭਨਾਂ ਧਰਮਾਂ ਦੀਆਂ ਔਰਤਾਂ ਨੂੰ ਅਪਮਾਨਿਤ ਕਰਦੇ ਹਨ ਤੇ ਉਹਨਾਂ ਦਾ ਆਪਣੀ ਮਰਜੀ ਨਾਲ ਘੁੰਮਣ, ਆਪਣੀ ਪਸੰਦ ਦੀ ਡਰੈੱਸ ਪਹਿਨਣ ਜਾਂ ਪਸੰਦ ਦਾ ਜੀਵਨ-ਸਾਥੀ ਚੁਨਣ ਦਾ ਹੱਕ ਖੋਂਹਦੇ ਹਨ ਤੇ ਉਹਨਾਂ 'ਤੇ ਹਿੰਦੂ ਰੂੜੀਵਾਦੀ ਕਦਰਾਂ-ਕੀਮਤਾਂ ਜਬਰਨ ਠੋਸਦੇ ਹਨ। ਇਹੀ ਨਹੀਂ ਔਰਤਾਂ ਉੱਤੇ ਜਬਰ ਕਰਨ ਦੀਆਂ ਘਟਨਾਵਾਂ ਮੋਦੀ ਦੇ ਰਾਜ ਵਿੱਚ ਤੇਜੀ ਨਾਲ ਵਾਧਾ ਹੋ ਰਿਹਾ ਹੈ। ਉਨਾਓ ਕਾਡ, ਕਠੂਆ ਕਾਂਡ, ਨਿਰਭੈਆ ਕਾਂਡ, ਹਾਥਰਸ ਕਾਂਡ, ਹੁਣ ਪਹਿਲਵਾਨ ਖਿਡਾਰਨਾਂ ਨਾਲ ਸਰੀਰਕ ਛੇੜਛਾੜ ਕਰਨ ਵਾਲੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਬੀਜੇਪੀ ਦੇ ਐਮ ਪੀ ਬ੍ਰਿਜ ਭੂਸ਼ਨ ਸਰਨ ਸਿੰਘ ਦੀ ਕਰਤੂਤ ਕਿਸੇ ਕੋਲੋ ਗੁੱਝੀ ਨਹੀਂ। ਖੁਦ ਪਾਰਲੀਮੈਂਟ ਅੰਦਰ ਔਰਤਾਂ ਨਾਲ ਛੇੜਛਾੜ ਤੋਂ ਬਲਾਤਕਾਰ ਤੱਕ ਕਰਨ ਵਾਲੇ ਅਪਰਾਧੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਦੂਜੇ ਪਾਸੇ ਇਨ੍ਹਾਂ ਭੱਦਰਪੁਰਸ਼ਾਂ ( ਐਮਐਲਏ/ਐਮਪੀ ) ਦੇ ਮੁਕੱਮਦਿਆਂ ਦੇ ਨਿਬੇੜੇ ਲਈ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੇ ਕਾਇਮ ਕੀਤੀਆਂ ਵਿਸ਼ੇਸ਼ ਅਦਾਲਤਾਂ ਨੇ ਪੰਜ ਸਾਲਾਂ ਵਿੱਚ ਸਿਰਫ 6 % ਮੁਕੱਦਮ‌ਿਆਂ ਦਾ ਫੈਸਲਾ ਕੀਤਾ ਹੈ। 

    ਮੋਦੀ ਹਕੂਮਤ ਵੱਲੋਂ ਯੂਨੀਫਾਰਮ ਸਿਵਲ ਕੋਡ ਲਿਆਉਣ ਦਾ ਮਕਸਦ ਵੀ ਸਿਵਲ ਕੋਡ 'ਚ ਹਾਂ-ਪੱਖੀ ਤਬਦੀਲੀਆਂ ਕਰਕੇ ਇਸਨੂੰ ਸੁਧਾਰਨਾ ਤੇ ਸਮੇਂ ਦਾ ਹਾਣੀ ਬਨਾਉਣਾ ਨਹੀਂ ਸਗੋਂ ਇਸਦੀ ਆੜ 'ਚ ਹਿੰਦੂਤਵੀ ਕਦਰਾਂ-ਕੀਮਤਾਂ ਤੇ ਵਿਚਾਰਧਾਰਾ ਹੋਰਨਾਂ ਧਾਰਮਿਕ ਘੱਟ-ਗਿਣਤੀਆਂ ਅਤੇ ਜਨਜਾਤੀ ਭਾਈਚਾਰਿਆਂ ਉੱਪਰ ਹਕੂਮਤੀ ਤਾਕਤ ਦੇ ਜ਼ੋਰ ਜਬਰੀ ਠੋਸਣਾ ਹੈ। ਕਿਸੇ ਧਰਮ ਜਾਂ ਧਾਰਮਕ ਰਹੁ-ਰੀਤਾਂ 'ਚ ਸੁਧਾਰ ਜਾਂ ਪਰਿਵਰਤਨ ਕਰਨ ਦਾ ਮਸਲਾ ਉਸ ਧਰਮ ਦੇ ਲੋਕਾਂ ਦਾ ਆਪਣਾ ਮਸਲਾ ਹੈ। ਕਿਸੇ ਹਕੂਮਤ ਜਾਂ ਬਾਹਰੀ ਸ਼ਕਤੀ ਨੂੰ ਅਜਿਹੇ ਸੁਧਾਰਾਂ ਲਈ ਸਬੰਧਤ ਧਰਮ ਦੇ ਲੋਕਾਂ ਨੂੰ ਪ੍ਰੇਰਨ ਦਾ ਅਧਿਕਾਰ ਤਾਂ ਹੈ ਪਰ ਉਹ ਅਜਿਹੇ ਸੁਧਾਰ ਉਹਨਾਂ ਤੇ ਜਬਰਨ ਠੋਸ ਨਹੀਂ ਸਕਦੇ। ਮੋਦੀ ਦੀ ਅਗਵਾਈ ਹੇਠ ਭਾਜਪਾ ਹਿੰਦੂ ਮੁਸਲਮਾਨਾਂ ਦੇ ਆਧਾਰ ਤੇ ਫ਼ਿਰਕੂ ਪਾਲਾਬੰਦੀ ਕਰਕੇ ਹਕੂਮਤੀ ਤਾਕਤ ਹਥਿਆਉਣ ਦੀ ਖੇਡ ਪਿਛਲੇ ਤਿੰਨ ਚਾਰ ਦਹਾਕਿਆਂ ਤੋਂ ਸਫ਼ਲਤਾ ਨਾਲ ਖੇਡਦੀ ਆ ਰਹੀ ਹੈ। ਇਸ ਪਾਲਾਬੰਦੀ ਲਈ ਅੱਡ-ਅੱਡ ਮੌਕੇ ਅੱਡ-ਅੱਡ ਮਸਲਿਆਂ ਨੂੰ ਇਸ ਮਕਸਦ ਲਈ ਵਰਤਿਆ ਗਿਆ। ਪ੍ਰਧਾਨ ਮੰਤਰੀ ਮੋਦੀ ਦਾ ਤਾਜਾ ਬਿਆਨ ਸਾਲ 2024 ’ਚ ਹੋਣ ਵਾਲੀਆਂ ਸੰਸਦੀ ਚੋਣਾਂ ਲਈ ਫ਼ਿਰਕੂ ਲੀਹਾਂ ਤੇ ਪਾਲਾਬੰਦੀ ਦੇ ਇਸ ਅਮਲ ਨੂੰ ਜਾਰੀ ਰੱਖਣ ਲਈ ਹੋਰਨਾਂ ਗੱਲਾਂ ਦੇ ਨਾਲ-ਨਾਲ ਯੂਨੀਫਾਰਮ ਸਿਵਲ ਕੋਡ ਦੇ ਮਸਲੇ ਦੀ ਫ਼ਿਰਕੂ ਪਾਲਾਬੰਦੀ ਕਰ ਸਕਣ ਦੀ ਅਜ‌ਿਹੀ ਸਮਰੱਥਾ ਦੀ ਪਛਾਣ ਕਰਦਿਆਂ ਇਸਨੂੰ ਭੱਠੀ ਦੇ ਬਾਲਣ ਦੇ ਰੂਪ 'ਚ ਵਰਤਣ ਦੀਆਂ ਗੋਂਦਾਂ ਗੁੰਦਣ ਵਾਲਾ ਹੈ। ਮੋਦੀ ਹਕੂਮਤ ਦੇ ਇਹਨਾਂ ਨਾਪਾਕ ਮਨਸ਼ਿਆਂ ਨੂੰ ਪਛਾਨਣਾ, ਇਹਨਾਂ ਨੂੰ ਬੇਨਕਾਬ ਕਰਨਾ ਅਤੇ ਇਹਨਾਂ ਦਾ ਡਟਕੇ ਵਿਰੋਧ ਕਰਨਾ ਅੱਜ ਸਮੇਂ ਦੀ ਅਹਿਮ ਲੋੜ ਹੈ।ਉਨਾਂ ਸਮੂਹ ਜਮਹੂਰੀ ਸ਼ਕਤੀਆਂ ਨੂੰ ਇਸ ਗੰਭੀਰ ਮੁੱਦੇ ਤੇ ਆਵਾਜ ਉਠਾਉਣ ਲਈ ਇਕ ਜੁਟ  ਹੋਣ ਦੀ ਅਪੀਲ ਕੀਤੀ ਹੈ।

ਪੇਡੂ ਮਜਦੂਰ ਯੂਨੀਅਨ ( ਮਸਾਲ) ਦੀ ਮੀਟਿੰਗ ਹੋਈ

ਸਿੱਧਵਾਂ ਬੇਟ / ਜਗਰਾਉ ,16 ਜੁਲਾਈ( ਡਾਂ ਮਨਜੀਤ ਸਿੰਘ ਲੀਲਾਂ) ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆ ਪੇਂਡੂ ਮਜਦੂਰ ਯੂਨੀਅਨ (ਮਸ਼ਾਲ) ਦੇ ਇਲਾਕਾ ਜਗਰਾਉ  ਦੇ  ਜਥੇਬੰਦਕ ਸਕੱਤਰ ਡਾ.ਸੁਖਦੇਵ ਸਿੰਘ ਭੂੰਦੜੀ ਨੇ ਦੱਸਿਆ ਕਿ ਅੱਜ ਜਥੇਬੰਦੀ ਦੀ ਮੀਟਿੰਗ ਸ਼ਹੀਦ ਭਗਤ ਸਿੰਘ ਯਾਦਗਾਰੀ ਹਾਲ  ,ਭੂੰਦੜੀ ਵਿਖੇ ਹੋਈ। ਸਭ ਤੋ ਪਹਿਲਾ ਸਾਥੀ ਮਨਜੀਤ ਸਿੰਘ ਭੁਮਾਲ ਦੇ ਨੌਜਵਾਨ ਬੇਟੇ ਜੋ ਕਿ ਨਸ਼ਾ ਤਸਕਰਾ ਦੇ ਜਾਲ ਚ ਫਸ ਕੇ ਆਪਣੀ ਜਿ਼ੰਦਗੀ ਤੋ ਹਥ ਧੋ ਬੈਠਾ ਹੈ ਦੇ  ਦਰਦਨਾਕ ਵਿਛੋੜੇ ਤੇ ਸ਼ੋਕ ਜਾਹਰ ਕੀਤਾ ਗਿਆ ਤੇ  ਮੰਗ ਕੀਤੀ ਗਈ ਕਿ ਨਸ਼ਾ ਤਸਕਰਾ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਉਸ ਤੋ ਬਾਅਦ ਹੜਪੀੜਤਾ ਦੇ ਨਾਲ ਹਮਦਰਦੀ ਜਾਹਰ ਕਰਦੇ ਹੋਏ ਸਰਕਾਰ ਤੋ ਮੰਗ ਕੀਤੀ ਕਿ ਉਹਨਾ ਦੀ ਯੋਗ ਸਹਾਇਤਾ ਕੀਤੀ ਜਾਵੇ। ਤੇ ਹੜਾ ਦੀ ਜੁੰਮੇਵਾਰ ਸਰਕਾਰ ਦੀ ਨਿੰਦਾ ਕੀਤੀ ਗਈ ਜਿਸ ਨੇ ਕਿ ਹੜ ਨੂੰ ਰੋਕਣ ਲਈ ਢੁਕਵੇ ਪ੍ਰਬੰਧ,ਸੇਮਾ ਨਾਲਿਆਂ ਦੀ ਸਫਾਈ,ਦਰਿਆਵਾ ਦੇ ਧੁਸੀ ਬੰਨਾ ਨੂੰ ਮਜਬੂਤ ਕਰਨਾ,ਪਾਣੀ ਨੂੰ ਇਕਠਾ ਕਰਨ ਲਈ ਡੈਮ ਬਣਾਨੇ,ਥਾ ਥਾ ਤੇ ਪਾਣੀ ਚਾਰਜਿੰਗ ਦੇ ਪ੍ਰੋਜੈਕਟ ਲਾਣੇ ਆਦਿ ਪ੍ਰਬੰਧ ਕਰਨੇ ਚਾਹੀਦੇ ਹਨ। ਇਸ ਤੋ ਬਿਨਾ ਐਨ. ਆਰ.ਆਈ. ਦੀ ਕੋਠੀ ਨੱਪਣ ਵਾਲੀ ਜਗਰਾਉ  ਦੀ ਵਿਧਾਇਕਾ ਸਰਬਜੀਤ ਕੌਰ  ਅਤੇ ਉਸਦੇ ਸਹਿਯੋਗੀਆਂ ਖਿਲਾਫ ਜਾਅਲਸਾਜ਼ੀ ਦਾ ਪਰਚਾ ਦਰਜ ਕਰਾਣ ਲਈ  ਰਖੇ ਮਿਤੀ 31-7-23 ਦੇ ਐਸ.ਐਸ. ਪੀ ਦਫਤਰ  ਜਗਰਾਉ ਦੇ ਘਿਰਾਓ ਦੀਆ ਤਿਆਰੀਆ ਲਈ ਵਖ ਵਖ ਪਿੰਡਾ ਵਿੱਚ ਮੀਟਿੰਗਾ ਰਖੀਆ ਗਈਆ।  ਪਿੰਡ  ਖੁਦਾਈ ਚੱਕ  ਤੇ ਕੋਟਮਾਨਾ 20ਜੁਲਾਈ,21ਜੁਲਾੲਈ,ਲੀਹਾ,22ਜੁਲਾੲਈ ਬਲੀਪੁਰ ਖੁਰਦ,23ਜੁਲਾਈ ਰਾਮਪੁਰ ਕੋਟਲੀ,24ਜੁਲਾਈ ਰਾਣਕੇ ਭਠਾਧੂਆ,26ਜੁਲਾੲਈਂ ਭੂੰਦੜੀ ਅਤੇ 30ਜੁਲਾਈ ਘਮਣੇਵਾਲ ਰਖੀ ਗਈ।  ਇਸ ਮੌਕੇ ਹਾਜਰ ਸਨ ਜਸਵੀਰ ਸਿੰਘ ਸੀਰਾ,ਛਿੰਦਰਪਾਲ,ਜੋਗਿੰਦਰ ਸਿੰਘ,ਸੁਰਜੀਤ ਸਿੰਘ  ਤੇ ਮਖਣ ਸਿੰਘ ਭੂੰਦੜੀ,ਮਲਕੀਤ ਸਿੰਘ ਦਿਲਬਾਗ ਸਿੰਘ ਕੋਟਮਾਨਾ,ਮਹਿੰਦਰ ਸਿੰਘ,ਚੰਦ ਸਿੰਘ ਖੁਦਾਈ ਚੱਕ,ਕਰਤਾਰ ਸਿੰਘ ਲੀਹਾ,ਬਗਾ ਸਿੰਘ ਚੰਦ ਸਿੰਘ ਰਾਣਕੇ,ਕਸਮੀਰ ਸਿੰਘ,ਦਰਸ਼ਨ ਸਿੰਘ,ਪਾਲਾ ਸਿੰਘ ਰਾਮਪੁਰ,ਬੂਟਾ ਸਿੰਘ  ਤਲਵੰਡੀ ਨੌਆਬਾਦ, ਚਮਕੌਰ ਸਿੰਘ ਘਮਣੇਵਾਲ,ਸੂਬਾ ਸਿੰਘ ਭਠਾਧੂਆ ।

ਜਾਅਲੀ ਐਸ ਸੀ ਸਰਟੀਫਿਕੇਟ ਧਾਰਕਾਂ ਦੇ ਹਿੱਤ ਜਾਰੀ ਕੀਤੇ ਪੱਤਰ ਨੂੰ ਰੱਦ ਕਰਵਾਉਣ ਲਈ ਜਸਵੀਰ ਪਮਾਲੀ ਨੇ ਕਮੇਟੀ ਦੇ ਚੇਅਰਮੈਨ ਨੂੰ ਲਿਖਿਆ ਪੱਤਰ

ਸਰਕਾਰ  ਮੋਰਚੇ ਦੀਆਂ ਮੰਗਾਂ ਪੂਰੀਆਂ ਕਰੇ -ਜਸਵੀਰ ਸਿੰਘ ਪਮਾਲੀ
ਮੁੱਲਾਂਪੁਰ ਦਾਖਾ, 16 ਜੁਲਾਈ (ਸਤਵਿੰਦਰ ਸਿੰਘ ਗਿੱਲ)
ਡਾਇਰੈਕਟਰ ਭਲਾਈ ਵਿਭਾਗ ਦੇ ਮੋਹਾਲੀ ਸਥਿਤ ਦਫਤਰ ਦੇ ਬਾਹਰ ਲੱਗੇ ਰਿਜਰਵੇਸ਼ਨ ਚੋਰ ਫੜ੍ਹੋ ਪੱਕਾ ਮੋਰਚਾ ਦੇ ਸੰਸਥਾਪਕ ਅਤੇ ਕੋਰ ਕਮੇਟੀ ਮੈਂਬਰ ਜਸਵੀਰ ਸਿੰਘ ਪਮਾਲੀ ਨੇ ਅੱਜ ਕੈਬਨਿਟ ਦੀ ਸਬ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਤੱਤਕਾਲੀਨ ਸਕੱਤਰ ਸਮਾਜਿਕ ਨਿਆ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵੱਲੋ 15 ਜੁਲਾਈ 2021 ਨੂੰ ਜਾਰੀ ਕੀਤਾ ਗਿਆ ਗੈਰ ਸੰਵਿਧਾਨਿਕ ਪੱਤਰ ਕੀਤਾ ਗਿਆ ਹੈ, ਨੂੰ ਰੱਦ ਕੀਤਾ ਜਾਵੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਪਮਾਲੀ ਸੰਸਥਾਪਕ ਰਿਜਜਵੇਸ਼ਨ ਚੋਰ ਫੜੋ ਪੱਕਾ ਮੋਰਚਾ ਮੋਹਾਲੀ ਨੇ ਦੱਸਿਆ ਕਿ ਪੰਜਾਬ ਰਾਜ ਵਿੱਚ ਸਾਲ 2007 ਤੋ ਪਹਿਲਾ ਇੱਕ ਜਾਤੀ ਦੇ ਲੋਕਾਂ ਨੇ ਸਿਰਕੀਬੰਦ ਜਾਤੀ ਦੇ ਜਾਅਲੀ ਸਰਟੀਫਿਕੇਟ ਤਿਆਰ ਕਰਵਾਏ ਹਨ। ਜਿਸਦੀ ਵਰਤੋ ਕਰਕੇ ਉਹਨਾਂ ਨੇ 38 ਐਸ ਸੀ ਜਾਤੀਆਂ ਦੇ ਰਿਜਰਵੇਸ਼ਨ ਦੇ ਸੰਵਿਧਾਨਿਕ ਹੱਕ ਤੇ ਵੱਡਾ ਡਾਕਾ ਮਾਰਿਆ ਹੈ। ਪੱਤਰ ਜਾਰੀ ਕਰਕੇ ਪਿਛਲੀ ਸਰਕਾਰ ਨੇ  ਮਾਣਯੋਗ ਪਾਰਲੀਮੈਂਟ ਆਫ ਇੰਡੀਆਂ ਨੇ ਸੰਵਿਧਾਨ ਦੀ ਧਾਰਾ 341 ਦੀ ਸਰੇਆਮ ਉਲੰਘਣਾ ਕੀਤੀ ਹੈ। ਸੰਵਿਧਾਨ ਅਨੁਸਾਰ ਜਿਹੜੀ ਜਾਤੀ 2007 ਵਿੱਚ ਐਸ ਸੀ ਸ੍ਰੇਣੀ ਵਿੱਚ ਸਾਮਲ ਹੋਈ ਹੈ ਉਹ ਜਾਤੀ 2007 ਤੋ ਪਹਿਲਾਂ ਇਸਦਾ ਲਾਭ ਨਹੀ ਲੈ ਸਕਦੀ। 15 ਜੁਲਾਈ 2021 ਨੂੰ ਜਾਰੀ ਹੋਇਆ ਪੱਤਰ ਮਾਣਯੋਗ ਸੁਪਰੀਮ ਕੋਰਟ ਦੇ ਸੈਟਰਲਡ ਲਾਅ ਦੀ ਵੀ ਉਲੰਘਣਾ ਹੈ। ਪੱਤਰ ਵਿੱਚ 13 ਜੁਲਾਈ 2023 ਨੂੰ ਕੈਬਨਿਟ ਦੀ ਸਬ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਹੋਈ ਮੀਟਿੰਗ ਦਾ ਹਵਾਲਾ ਦਿੰਦਿਆਂ ਮੋਰਚੇ ਦੇ ਸੰਸਥਾਪਕ ਜਸਵੀਰ ਸਿੰਘ ਪਮਾਲੀ ਨੇ ਕਿਹਾ ਕਿ ਇਸ ਗੈਰ ਸੰਵਿਧਾਨਿਕ ਪੱਤਰ ਨੂੰ ਜਲਦ ਤੋ ਜਲਦ ਰੱਦ ਕੀਤਾ ਜਾਵੇ। ਪਮਾਲੀ ਨੇ ਅੱਗੇ ਕਿਹਾ ਕਿ ਜੇਕਰ ਸਰਕਾਰ ਨੇ ਮੋਰਚੇ ਦੀਆਂ ਮੰਗਾਂ ਅਤੇ ਖਾਸ ਕਰਕੇ ਇਸ ਪੱਤਰ ਨੂੰ ਰੱਦ ਕਰਵਾਉਣ ਲਈ ਟਾਲ ਮਟੋਲ ਦੀ ਨੀਤੀ ਨਾ ਛੱਡੀ ਤਾਂ ਆਉਣ ਵਾਲੇ ਦਿਨਾਂ ਵਿੱਚ ਮੋਰਚੇ ਵੱਲੋਂ ਸੂਬੇ ਅੰਦਰ ਵੱਡੇ ਪ੍ਰੋਗਰਾਮ ਦਿੱਤੇ ਜਾਣਗੇ। ਇਸ ਸਮੇ ਉਹਨਾਂ ਦੇ ਨਾਲ ਹਰਦਿਆਲ ਸਿੰਘ ਚੋਪੜ੍ਹਾ ਪ੍ਰਧਾਨ ਡਾ ਬੀ ਆਰ ਅੰਬੇਡਕਰ ਮਿਸ਼ਨ ਵੈਲਫੇਅਰ ਸੁਸਾਇਟੀ ਮੁੱਲਾਂਪੁਰ, ਹਰਦੇਵ ਸਿੰਘ ਬੋਪਾਰਾਏ, ਧਰਮਪਾਲ ਸਿੰਘ ਗਹੌਰ ਆਦਿ ਹਾਜਰ ਸਨ।

ਯੂਥ ਕਾਂਗਰਸ ਦੀਆਂ ਵੋਟਾਂ ਚ ਜਿੱਤ ਦਰਜ ਕਰਨ ਵਾਲੇ ਨੌਜਵਾਨਾਂ ਦਾ ਕੈਪਟਨ ਸੰਧੂ ਨੇ ਕੀਤਾ ਸਨਮਾਨ

ਅਰਮਾਨ ਢਿੱਲੋ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਣੇ
ਮੁੱਲਾਂਪੁਰ ਦਾਖਾ,13 ਜੁਲਾਈ(ਸਤਵਿੰਦਰ ਸਿੰਘ ਗਿੱਲ)
—ਅੱਜ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਵਲੋ ਯੂਥ ਕਾਂਗਰਸ ਦੀਆਂ ਚੋਣਾਂ ਜਿੱਤ ਚੁੱਕੇ ਨੌਜਵਾਨਾਂ ਦਾ ਵਿਸ਼ੇਸ਼ ਸਨਮਾਨ ਮੁੱਲਾਂਪੁਰ ਦਾਖਾ ਚ ਕੀਤਾ।ਇਸ ਮੌਕੇ ਤਨਵੀਰ ਜੋਧਾਂ ਨੂੰ ਯੂਥ ਕਾਂਗਰਸ ਹਲਕਾ ਦਾਖਾ ਦਾ ਪ੍ਰਧਾਨ ਬਣਨ ਤੇ ਅਤੇ ਅਰਮਾਨ ਢਿੱਲੋਂ ਦੇਤਵਾਲ ਨੂੰ ਜਿਲ੍ਹਾ ਕਾਂਗਰਸ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਹੋਣ ਅਤੇ ਗੁਰਪ੍ਰੀਤ ਸਿੰਘ ਖੰਡੂਰ ਤੇ ਗੈਰੀ ਕੋਟਮਾਂਨ ਨੂੰ ਵੀ ਮੀਤ ਪ੍ਰਧਾਨ ਚੁਣੇ ਜਾਣ ਕਰਕੇ ਅੱਜ ਹਲਕਾ ਇੰਚਾਰਜ ਸੰਧੂ ਵਲੋ ਇਹਨਾ ਆਗੂਆਂ ਦਾ ਵਿਸ਼ੇਸ਼ ਸਨਮਾਨ ਕੀਤਾ।ਇਸ ਮੌਕੇ ਜਿਲਾ ਪ੍ਰੀਸ਼ਦ ਮੈਬਰ ਕੁਲਦੀਪ ਸਿੰਘ ਬਦੋਵਾਲ,ਵਾਈਸ ਪ੍ਰਧਾਨ ਸ਼ਾਮ ਲਾਲ ਜਿੰਦਲ,ਬਲਾਕ ਪ੍ਰਧਾਨ ਪਰੇਮ ਸਿੰਘ ਸੇਖੋਂ,ਪ੍ਰਧਾਨ ਤੇਲੂ ਰਾਮ ਬਾਂਸਲ, ਮਲਵਿੰਦਰ ਸਿੰਘ ਸਰਪੰਚ ਗੁੜੇ,ਹਰਪ੍ਰੀਤ ਸਿੰਘ ਗੁੜੇ,ਜਿੰਦਰ ਹਾਂਸ ਕਲਾਂ,ਮਿੰਟੂ ਰੂੰਮੀ,ਤੇਜਾ ਸਿੰਘ ਹਾਂਸ ਕਲਾਂ,ਪਰਮਪਾਲ ਸਿੰਘ ਸੰਧੂ ਕੁਲਾਰ,ਪ੍ਰਧਾਨ ਬਲਾਕ ਪੱਖੋਵਾਲ ਗੀਤਾ ਰਾਣੀ ਮਿੰਨੀ ਛਪਾਰ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਗੋਲੂ ਪਮਾਲੀ,ਸੀਨੀਅਰ ਕਾਂਗਰਸੀ ਆਗੂ ਮਨਪ੍ਰੀਤ ਸਿੰਘ ਈਸੇਵਾਲ,ਸਾਬਕਾ ਪ੍ਰਧਾਨ ਭਜਨ ਸਿੰਘ ਦੇਤਵਾਲ,ਚੇਅਰਮੈਨ ਸੁਰਿੰਦਰ ਸਿੰਘ ਟੀਟੂ ਸਿੱਧਵਾਂ ਬੇਟ,ਕਮਲਜੀਤ ਸਿੰਘ ਬਿੱਟੂ ਸਰਪੰਚ ਦੇਤਵਾਲ, ਹਰਜਾਪ ਸਿੰਘ ਚੌਂਕੀਮਾਨ,ਕਮਲਜੀਤ ਸਿੰਘ ਕਿੱਕੀ ਲਤਾਲਾ,ਸਾਬਕਾ ਸਰਪੰਚ ਹਰਜੀਤ ਸਿੰਘ,ਸਾਬਕਾ ਸਰਪੰਚ ਕੁਲਵੰਤ ਸਿੰਘ ਬੋਪਾਰਾਏ ਕਲਾਂ,ਸਾਬਕਾ ਸਰਪੰਚ ਪ੍ਰਧਾਨ ਖੁਸ਼ਵਿੰਦਰ ਕੌਰ,ਸਰਪੰਚ ਸੁਰਿੰਦਰ ਸਿੰਘ ਡੀ ਪੀ ਢੱਟ,ਸਰਪੰਚ ਹਰਪ੍ਰੀਤ ਸਿੰਘ ਭੂੰਦੜੀ,ਕਰਨੈਲ ਸਿੰਘ ਗਿੱਲ ਡਾਇਰੈਕਟਰ ਮਾਰਕਫੈੱਡ,ਕਰਮਜੀਤ ਸਿੰਘ ਪਮਾਲੀ, ਜਗਦੀਸ਼ ਸਿੰਘ ਜੱਗੀ ਜਾਂਗਪੁਰ,ਸੇਵਾ ਸਿੰਘ ਖੇਲਾ ਤਲਵੰਡੀ ਖੁਰਦ,,ਤਰਲੋਕ ਸਿੰਘ ਸਵੱਦੀ ਕਲਾਂ,ਜਸਵਿੰਦਰ ਸਿੰਘ ਧੂਰਕੋਟ,ਹਿਮਤ ਸਿੰਘ ਮੋਹੀ,ਸੋਨੂੰ ਢੱਟ, ਕੇਹਰ ਸਿੰਘ ਬਾਨੀਏਵਾਲ,ਕਿਰਨਦੀਪ ਕੌਰ ਜਿਲ੍ਹਾ ਜਨਰਲ ਸਕੱਤਰ ਵੋਮੈਨ ਸੈੱਲ,ਰੂਬੀ ਬੱਲੋਵਾਲ,ਸਰਪੰਚ ਸੁਖਵਿੰਦਰ ਸਿੰਘ ਟੋਨੀ,,ਸਰਪੰਚ ਗੁਰਚਰਨ ਸਿੰਘ ਹਸਨਪੁਰ,ਨੰਬੜਦਾਰ ਹਰਵਿੰਦਰ ਸਿੰਘ ਭਠਾਧੁਹਾ,ਸਰਪੰਚ ਜਸਵੀਰ ਸਿੰਘ ਖੰਡੂਰ,ਸਰਪੰਚ ਰਣਵੀਰ ਸਿੰਘ ਰੁੜਕਾ,ਦਰਸ਼ਨ ਸਿੰਘ ਭਨੋਹੜ,ਸਰਪੰਚ ਗੂਰਚਨ ਸਿੰਘ ਗਿੱਲ ਤਲਵਾੜਾ,ਰਿੰਕੂ ਤਲਵਾੜਾ,ਜਸਵੀਰ ਸਿੰਘ ਤਲਵਾੜਾ,ਪਲਵਿੰਦਰ ਸਿੰਘ ਤਲਵਾੜਾ,ਲਖਵੀਰ ਸਿੰਘ ਤਲਵਾੜਾ,ਗੁਰਤੇਜ ਸਿੰਘ ਗੱਗੀ, ਦਵਿੰਦਰ ਢੇਸੀ ਵਲੀਪੁਰ ਕਲਾਂ,ਸਰਪੰਚ ਕੁਲਦੀਪ ਸਿੰਘ ਗੁੱਜਰਵਾਲ, ਰਾਣਾ ਬੀਕਾਨੇਰੀਆ,ਸਰਪੰਚ ਅਮਰਜੀਤ ਸਿੰਘ ਜੋਧਾਂ,ਜਸਵਿੰਦਰ ਸਿੰਘ ਹੈਪੀ ਕੌਂਸਲਰ,ਹਰਮਨ ਜੰਡੀ ਸੀਨੀਅਰ ਕਾਂਗਰਸੀ ਆਗੂ,ਸੁਰਿੰਦਰ ਸਿੰਘ ਕੇ ਡੀ,ਹਰਪ੍ਰੀਤ ਸਿੰਘ ਜੋਧਾਂ ਮੈਂਬਰ ਬਲਾਕ ਸੰਮਤੀ,ਗੁਰਪ੍ਰੀਤ ਸਿੰਘ ਚੱਕ,ਕੁਲਦੀਪ ਸਿੰਘ ਸਰਪੰਚ ਬੋਪਾਰਾਏ,ਗੁਰਦੇਵ ਸਿੰਘ ਚੰਡੀਗੜ੍ਹ ਛੰਨਾ,ਈਸ਼ਵਰ ਕੁਮਾਰ ਕਾਲ਼ਾ,ਦੀਪਾ ਰੰਗੂਵਾਲ,ਰਵੀ ਘਾਵਰੀਆ, ਸਤੀਸ਼ ਕੁਮਾਰ,ਦਵਿੰਦਰ ਨਾਗਰ ,ਪਰਵਿੰਦਰ ਸਿੰਘ ਮੁੱਲਾਂਪੁਰ ਅਤੇ ਕੁਲਜਿੰਦਰ ਸਿੱਧੂ ਆਦਿ ਹਾਜ਼ਰ ਸਨ ।ਅਖੀਰ ਵਿੱਚ ਬਲਾਕ ਪ੍ਰਧਾਨ ਪਰੇਮ ਸਿੰਘ ਸੇਖੋਂ ਅਤੇ ਦਫਤਰ ਇੰਚਾਰਜ ਲਖਵਿੰਦਰ ਸਿੰਘ ਸਪਰਾ ਨੇ ਸਭ ਦਾ ਧੰਨਵਾਦ ਕੀਤਾ।

ਮੋਗਾ ਵਿਧਾਨ ਸਭਾ ਦੇ 35 ਪਿੰਡਾਂ ਵਿੱਚ 15 ਜੁਲਾਈ ਤੋਂ ਫੂਕੇ ਜਾਣਗੇ ਵਿਧਾਇਕ ਦੇ ਪੁਤਲੇ - ਮਾਣੂੰਕੇ, ਗਿੱਲ

21 ਜੁਲਾਈ ਨੂੰ ਡੀ ਸੀ ਦਫਤਰ ਅੱਗੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੀਆਂ ਤਿਆਰੀਆਂ ਸ਼ੁਰੂ
ਹੜ੍ਹਾਂ ਦੇ ਮੱਦੇਨਜ਼ਰ ਮੁਲਤਵੀ ਕੀਤਾ ਸੰਘਰਸ਼ 15 ਤੋਂ ਫਿਰ ਸ਼ੁਰੂ
ਮੋਗਾ 12 ਜੁਲਾਈ ( ਜਸਵਿੰਦਰ  ਸਿੰਘ  ਰੱਖਰਾ ) 
ਜਬਰ ਵਿਰੋਧੀ ਲੋਕ ਸੰਘਰਸ਼ ਕਮੇਟੀ ਮੋਗਾ ਵੱਲੋਂ ਸਿਵਲ ਹਸਪਤਾਲ ਮੋਗਾ ਦੇ ਐਸ ਐਮ ਓ ਡਾ ਸੁਖਪ੍ਰੀਤ ਬਰਾੜ ਵੱਲੋਂ ਕੀਤੀ ਜਾ ਰਹੀ ਕੁਰੱਪਸ਼ਨ ਦੀ ਉਚ ਪੱਧਰੀ ਜਾਂਚ, ਸਿਵਲ ਹਸਪਤਾਲ ਮੋਗਾ ਵਿੱਚ ਖਤਮ ਹੋਈਆਂ ਦਵਾਈਆਂ, ਟੈਸਟ ਕਿੱਟਾਂ, ਐਕਸਰੇ ਫਿਲਮਾਂ, ਗਲੂਕੋਜ ਅਤੇ ਸਰਿੰਜਾਂ ਉਪਲੱਬਧ ਕਰਵਾਉਣ ਅਤੇ ਮਰੀਜ਼ਾਂ ਦੀ ਲੁੱਟ ਬੰਦ ਕਰਵਾਉਣ ਅਤੇ ਮਿਹਨਤੀ ਅਤੇ ਇਮਾਨਦਾਰ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ ਦੀ ਬਦਲਾ ਲਊ ਭਾਵਨਾ ਤਹਿਤ ਕੀਤੀ ਗਈ ਬਦਲੀ ਨੂੰ ਰੱਦ ਕਰਵਾਉਣ ਲਈ ਸ਼ੁਰੂ ਕੀਤਾ ਹੋਇਆ ਸੰਘਰਸ਼ ਚਰਮ ਤੇ ਪਹੁੰਚ ਚੁੱਕਾ ਹੈ ਤੇ ਸੰਘਰਸ਼ ਕਮੇਟੀ ਵੱਲੋਂ 21 ਜੁਲਾਈ ਨੂੰ ਡੀ ਸੀ ਦਫਤਰ ਮੋਗਾ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਉਸ ਦੀਆਂ ਤਿਆਰੀਆਂ ਵਜੋਂ 15 ਜੁਲਾਈ ਨੂੰ ਸਾਰੇ ਤਹਿਸੀਲ ਪੱਧਰਾਂ ਤੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ ਅਤੇ 20 ਜੁਲਾਈ ਤੱਕ ਮੋਗਾ ਵਿਧਾਨ ਸਭਾ ਹਲਕੇ ਦੇ 36 ਪਿੰਡਾਂ ਵਿੱਚ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ। ਇਸ ਸਬੰਧੀ ਅੱਜ ਜਬਰ ਵਿਰੋਧੀ ਲੋਕ ਸੰਘਰਸ਼ ਕਮੇਟੀ ਮੋਗਾ ਦੀ ਇੱਕ ਵਿਸੇਸ਼ ਮੀਟਿੰਗ ਕਾਮਰੇਡ ਨਛੱਤਰ ਸਿੰਘ ਭਵਨ ਮੋਗਾ ਵਿਖੇ ਜਿਲ੍ਹਾ ਕਨਵੀਨਰ ਡਾ ਇੰਦਰਵੀਰ ਗਿੱਲ ਅਤੇ ਕਰਮਜੀਤ ਮਾਣੂੰਕੇ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਵੱਖ ਵੱਖ ਜੱਥੇਬੰਦੀਆਂ ਤੋਂ 70 ਦੇ ਕਰੀਬ ਅਹੁਦੇਦਾਰ ਹਾਜ਼ਰ ਸਨ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਡਾ ਇੰਦਰਵੀਰ ਗਿੱਲ ਅਤੇ ਕਰਮਜੀਤ ਮਾਣੂੰਕੇ ਨੇ ਦੱਸਿਆ ਕਿ ਸਿਵਲ ਹਸਪਤਾਲ ਮੋਗਾ ਵਿੱਚ ਫੈਲੀ ਕੁਰੱਪਸ਼ਨ ਦੀ ਉਚ ਪੱਧਰੀ ਜਾਂਚ ਅਤੇ ਸਿਵਲ ਹਸਪਤਾਲ ਮੋਗਾ ਦਵਾਈਆਂ, ਐਕਸਰੇ ਫਿਲਮਾਂ, ਟੈਸਟ ਕਿੱਟਾਂ, ਗਲੂਕੋਜ ਅਤੇ ਸਰਿੰਜਾਂ ਦੀ ਘਾਟ ਨੂੰ ਪੂਰਾ ਕਰਵਾਉਣ ਅਤੇ ਸਿਹਤ ਸੇਵਾਵਾਂ ਨੂੰ ਆਮ ਲੋਕਾਂ ਦੀ ਪਹੁੰਚ ਅੰਦਰ ਕਰਨ, ਮਿਹਨਤੀ ਅਤੇ ਇਮਾਨਦਾਰ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ ਦੀ ਬਦਲਾ ਲਊ ਭਾਵਨਾ ਤਹਿਤ ਕੀਤੀ ਗਈ ਨਜਾਇਜ ਬਦਲੀ ਨੂੰ ਰੱਦ ਕਰਵਾਉਣ ਲਈ ਜਬਰ ਵਿਰੋਧੀ ਲੋਕ ਸੰਘਰਸ਼ ਕਮੇਟੀ ਮੋਗਾ ਵੱਲੋਂ 3 ਜੁਲਾਈ ਨੂੰ ਨੇਚਰ ਪਾਰਕ ਮੋਗਾ ਤੋਂ ਇੱਕ ਵਿਸ਼ਾਲ ਰੈਲੀ ਕੀਤੀ ਸੀ ਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਇੱਕ ਹਫਤੇ ਵਿੱਚ ਮੰਗਾਂ ਦੇ ਨਿਪਟਾਰੇ ਦਾ ਭਰੋਸਾ ਦਿੱਤਾ ਸੀ ਪਰ ਮਿਥੇ ਸਮੇਂ ਵਿੱਚ ਕੋਈ ਹੱਲ ਨਹੀਂ ਹੋਇਆ, ਜਿਸ ਕਾਰਨ 21 ਜੁਲਾਈ ਨੂੰ ਇੱਕ ਵੱਡਾ ਐਕਸ਼ਨ ਉਲੀਕਿਆ ਗਿਆ ਹੈ ਤੇ ਉਸ ਤੋਂ ਪਹਿਲਾਂ ਮੋਗਾ ਵਿਧਾਨ ਸਭਾ ਦੇ 36 ਪਿੰਡਾਂ ਵਿੱਚ ਵਿਧਾਇਕ ਅਮਨਦੀਪ ਕੌਰ ਅਰੋੜਾ ਦੇ ਪੁਤਲੇ ਫੂਕੇ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਹੜਾਂ ਦੀ ਮਾਰ ਕਾਰਨ ਪੁਤਲਾ ਫੂਕ ਪ੍ਰਦਰਸ਼ਨ  11 ਜੁਲਾਈ ਤੋਂ ਸ਼ੁਰੂ ਹੋਣਾ ਸੀ, ਉਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਤੇ ਹੁਣ 15 ਜੁਲਾਈ ਤੋਂ ਵੱਡੇ ਪੱਧਰ ਤੇ ਸੰਘਰਸ਼ ਸ਼ੁਰੂ ਹੋਣ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਸ਼ਾਂਤਮਈ ਹੋਵੇਗਾ ਪਰ ਜੇਕਰ ਜਿਲ੍ਹਾ ਪ੍ਰਸਾਸ਼ਨ ਨੇ ਰੁਕਾਵਟਾਂ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਸਿੱਟਿਆਂ ਦੀ ਜਿੰਮੇਵਾਰੀ ਜਿਲ੍ਹਾ ਪ੍ਰਸਾਸ਼ਨ ਦੀ ਹੋਵੇਗੀ। ਸੰਘਰਸ਼ ਕਮੇਟੀ ਵੱਲੋਂ ਅੱਜ 21 ਜੁਲਾਈ ਦੇ ਰੋਸ ਪ੍ਰਦਰਸ਼ਨ ਸਬੰਧੀ ਇਸ਼ਤਿਹਾਰ ਜਾਰੀ ਕੀਤਾ ਗਿਆ ਅਤੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਇਸ਼ਤਿਹਾਰ ਲਗਾਉਣ ਲਈ ਟੀਮਾਂ ਨੂੰ ਰਵਾਨਾ ਕੀਤਾ। ਇਸ ਮੌਕੇ ਜੱਥੇਬੰਦੀਆਂ ਨੂੰ 21 ਜੁਲਾਈ ਸਬੰਧੀ ਕੋਟੇ ਲਗਾਏ ਗਏ ਅਤੇ ਪਿੰਡਾਂ ਸ਼ਹਿਰਾਂ ਵਿੱਚ ਪੁਤਲੇ ਫੂਕਣ ਲਈ ਕਮੇਟੀਆਂ ਬਣਾਈਆਂ ਗਈਆਂ। ਹਾਜਰ ਜਥੇਬੰਦਕ ਆਗੂਆਂ ਨੇ ਇਸ ਰੋਸ ਪ੍ਰਦਰਸ਼ਨ ਨੂੰ ਕਾਮਯਾਬ ਬਨਾਉਣ ਅਤੇ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਦਾ ਭਰੋਸਾ ਦਿੱਤਾ। ਇਸ ਮੌਕੇ ਉਕਤ ਤੋਂ ਇਲਾਵਾ ਕੋ ਕਨਵੀਨਰ ਗੁਰਮੇਲ ਸਿੰਘ ਮਾਛੀਕੇ, ਬਲੌਰ ਸਿੰਘ ਘੱਲਕਲਾਂ, ਮਾ ਪ੍ਰੇਮ ਕੁਮਾਰ, ਰਾਜਿੰਦਰ ਸਿੰਘ ਰਿਆੜ, ਕੁਲਬੀਰ ਸਿੰਘ ਢਿੱਲੋਂ, ਕਿਰਤੀ ਕਿਸਾਨ ਯੂਨੀਅਨ ਆਗੂ ਪ੍ਰਗਟ ਸਿੰਘ ਸਾਫੂਵਾਲਾ, ਚਮਕੌਰ ਸਿੰਘ ਰੋਡੇ, ਕੁੱਲ ਹਿੰਦ ਕਿਸਾਨ ਸਭਾ ਆਗੂ ਕੁਲਦੀਪ ਭੋਲਾ, ਲਖਵੀਰ ਸਿੰਘ ਸਿੰਘਾਂਵਾਲਾ, ਗੁਰਸੇਵਕ ਸਿੰਘ ਸੰਨਿਆਸੀ, ਪ੍ਰੋਮਿਲਾ ਕੁਮਾਰੀ, ਡਾ ਅਜੀਤ ਸਿੰਘ, ਬਲਵਿੰਦਰ ਸ਼ਰਮਾ, ਡਾ ਜਗਸੀਰ, ਰਾਜਿੰਦਰ ਲੋਪੋ, ਡਾ ਕੁਲਦੀਪ ਸਿੰਘ, ਗੁਰਪਿਆਰ ਸਿੰਘ, ਈ ਟੀ ਟੀ ਯੂਨੀਅਨ ਪ੍ਰਧਾਨ ਮਨਮੀਤ ਸਿੰਘ, ਨਰੇਗਾ ਆਗੂ ਜਗਸੀਰ ਖੋਸਾ, ਅਮਰਜੀਤ ਸਿੰਘ ਜੱਸਲ, ਐਪਸੋ ਆਗੂ ਸਵਰਨ ਖੋਸਾ, ਡੀ ਟੀ ਐਫ ਆਗੂ ਯਾਦਵਿੰਦਰ ਕੁਮਾਰ, ਮਜਦੂਰ ਆਗੂ ਮੰਗਾ ਵੈਰੋਕੇ, ਤੀਰਥ ਚੜਿੱਕ, ਦਲਜਿੰਦਰ ਕੌਰ, ਹਰਭਜਨ ਸਿੰਘ ਬਹੋਨਾ, ਫੈਡਰੇਸ਼ਨ ਆਗੂ ਹਰਜਿੰਦਰ ਸਿੰਘ ਚੁਗਾਵਾਂ, ਐਨ ਜੀ ਓ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ ਅਤੇ ਜਗਤਾਰ ਸਿੰਘ ਜਾਨੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ ਵੱਖ ਜੱਥੇਬੰਦੀਆਂ ਦੇ ਆਗੂ ਹਾਜਰ ਸਨ।

ਪ੍ਰਿੰਸੀਪਲ ਸ ਸੁਰੈਣ ਸਿੰਘ ਸਿੱਧੂ ਦੇ ਪਰਿਵਾਰ ਨਾਲ ਵੱਖ- ਵੱਖ ਜੱਥੇਬੰਦਕ ਆਗੂਆਂ ਵੱਲੋਂ ਦੁੱਖ ਸਾਂਝਾ ਕੀਤਾ 

ਜਗਰਾਓਂ, ,09 ਜੁਲਾਈ -(ਬਲਦੇਵ ਸਿੰਘ ਸਿੱਖਿਆ ਪ੍ਰਤੀਨਿੱਧ, ਹਰਵਿੰਦਰ ਸਿੰਘ ਖੇਲਾ) ਸਿੱਖਿਆ ਜਗਤ ਤੇ ਜਗਰਾਉਂ ਇਲਾਕੇ ਦੀ ਪ੍ਰਸਿੱਧ ਹਸਤੀ ਪ੍ਰਿੰਸੀਪਲ ਸ ਸੁਰੈਣ ਸਿੰਘ ਸਿੱਧੂ ਜੋ ਕਿ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ,ਉਹਨਾਂ ਦੀ ਮੌਤ ਤੇ ਪਰਿਵਾਰ ਨਾਲ ਵੱਖ-ਵੱਖ ਅਧਿਆਪਕ,ਸਮਾਜਿਕ ਤੇ ਰਾਜਨੀਤਕ ਜੱਥੇਬੰਦੀਆਂ ਦੇ ਆਗੂਆਂ ਨੇ ਦੁੱਖ ਪ੍ਰਗਟ ਕੀਤਾ। ਅਧਿਆਪਕ ਜੱਥੇਬੰਦੀਆਂ ਡੈਮੋਕ੍ਰੇਟਿਕ ਟੀਚਰਜ ਫਰੰਟ ਪੰਜਾਬ ਦੇ ਆਗੂਆਂ ਵਿਕਰਮਦੇਵ ਸਿੰਘ, ਰਮਨਜੀਤ ਸਿੰਘ ਸੰਧੂ,ਸੁਖਚਰਨਜੀਤ ਸਿੰਘ,ਸੁਖਦੇਵ ਸਿੰਘ ਹਠੂਰ, ਬਲਵੀਰ ਸਿੰਘ ਬਾਸੀਆਂ, ਸਾਬਕਾ ਅਧਿਆਪਕ ਆਗੂ ਜੋਗਿੰਦਰ ਅਜਾਦ,ਚਰਨਜੀਤ ਭੰਡਾਰੀ, ਪ੍ਰਿੰਸੀਪਲ ਵਿਨੋਦ ਕੁਮਾਰ ਸ਼ਰਮਾ,ਬਲਦੇਵ ਸਿੰਘ ਲੈਕਚਰਾਰ ਸਰਪ੍ਰੀਤ ਸਿੰਘ,ਸਾਬਕਾ ਹੈੱਡ ਮਾਸਟਰ ਸੰਤੋਖ ਸਿੰਘ ਚੀਮਨਾ,ਸਾਬਕਾ ਹੈੱਡ ਮਾਸਟਰ ਹਰਚੰਦ ਸਿੰਘ,ਕੰਪਿਊਟਰ ਅਧਿਆਪਕ ਫਰੰਟ ਵੱਲੋਂ ਜਿਲ੍ਹਾ ਪ੍ਰਧਾਨ ਨਰਿੰਦਰ ਕੁਮਾਰ,ਗੁਰਪ੍ਰੀਤ ਸਿੰਘ ਬਾਸੀਆਂ, ਸੁਖਦੀਪ ਸਿੰਘ,ਸਵਰਨ ਸਿੰਘ,ਕੁਲਦੀਪ ਸਿੰਘ, ਹਰਮਿੰਦਰ ਸਿੰਘ,ਪਰਮਜੀਤ  ਦੁੱਗਲ,ਗੁਰਪ੍ਰੀਤ ਸਿੰਘ,ਮੈਡਮ ਪਰਮਜੀਤ ਕੌਰ, ਮੈਡਮ ਨਵਜੀਤ ਕੌਰ ਅਧਿਆਪਕਾਂ ਤੋਂ ਇਲਾਵਾ ਜਨ ਸ਼ਕਤੀ ਨਿਊਜ਼ ਦੇ ਐਡੀਟਰ ਅਮਨਜੀਤ ਸਿੰਘ ਖਹਿਰਾ, ਬਾਰ ਐਸੋਸੀਏਸ਼ਨ ਵੱਲੋਂ ਮਹਿੰਦਰ ਸਿੰਘ ਸਿੱਧਵਾਂ ਸਾਬਕਾ ਪ੍ਰਧਾਨ, ਐਡਵੋਕੇਟ ਰਘਬੀਰ ਸਿੰਘ ਤੂਰ ਸਾਬਕਾ ਪ੍ਰਧਾਨ, ਐਡਵੋਕੇਟ ਗੁਰਤੇਜ ਸਿੰਘ ਗਿੱਲ,ਐਡਵੋਕੇਟ ਬਿਕਰਮ ਸ਼ਰਮਾ ,ਐਡਵੋਕੇਟ ਸੰਦੀਪ ਗੁਪਤਾ, ਐਡਵੋਕੇਟ ਅਸ਼ੋਕ ਭੰਡਾਰੀ,ਐਡਵੋਕੇਟ ਅਸ਼ਵਨੀ ਭਾਰਦਵਾਜ ਸਮੇਤ  ਬਾਰ ਐਸੋਸੀਏਸ਼ਨ ਜਗਰਾਉਂ ਦੇ ਸਮੂਹ ਮੈਂਬਰਾਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਵਧਾਵਾ ਮੱਲ ਦੇ ਪਰਿਵਾਰ ਵੱਲੋਂ ਸ਼ਿਵ ਨਿਕੇਤਨ ਵਿਖੇ ਲੰਗਰ ਹਾਲ ਦੀ ਇਮਾਰਤ ਦੇ ਨਿਰਮਾਣ ਕਾਰਜ਼ ਕਰਵਾਏ ਸ਼ੁਰੂ

ਭੀਖੀ, 9 ਜੁਲਾਈ ( ਕਮਲ ਜਿੰਦਲ):ਨਗਰ ਦੇ ਮੋੜ੍ਹੀਗੱਡ ਅਤੇ ਸਮਾਜਸੇਵੀ ਵਧਾਵਾ ਮੱਲ ਖਾਨਦਾਨ ਦੇ ਵੰਸਿਜ਼ਾਂ ਮਨੋਜ ਕੁਮਾਰ ਸਿੰਗਲਾ, ਸੰਜੀਵ ਕੁਮਾਰ ਸਿੰਗਲਾ, ਐਡਵੋਕੇਟ ਵਰਿੰਦਰ ਸਿੰਗਲਾ ਬਿੱਟੂ, ਐਡਵੋਕੇਟ ਪੰਕਜ਼ ਸਿੰਗਲਾ ਅਤੇ ਅੰਕੁਰ ਸਿੰਗਲਾ ਵੱਲੋਂ ਆਪਣੇ ਪੁਰਖਿਆਂ ਨੋਹਰ ਚੰਦ, ਬਨਾਰਸੀ ਦਾਸ, ਵਿੱਦਿਆ ਦੇਵੀ, ਗਿਰਦਾਰੀ ਲਾਲ, ਮਾਸਟਰ ਚਿਮਨ ਲਾਲ ਅਤੇ ਸੁਸ਼ੀਲ ਕੁਮਾਰ ਦੀ ਯਾਦ ਵਿੱਚ ਸਥਾਨਕ ਸ਼ਿਵ ਨਿਕੇਤਨ ਮੰਦਿਰ ਵਿਖੇ ਸ਼੍ਰੀ ਸਨਾਤਨ ਧਰਮ ਪੰਜਾਬ ਮਹਾਂਬੀਰ ਦਲ ਦੇ ਸਹਿਯੋਗ ਨਾਲ ਸੰਤ ਬਾਬਾ ਰੁੱਖੜ ਦਾਸ ਜੀ ਦੀ ਯਾਦ ਵਿੱਚ ਉਸਾਰੇ ਜਾ ਰਹੇ ਲੰਗਰ ਹਾਲ ਦੀ ਸਮੁੱਚੀ ਕਾਰਸੇਵਾ ਦਾ ਸੰਕਲਪ ਲੈ ਕੇ ਨਿਰਮਾਣ ਕਾਰਜ਼ ਸ਼ੁਰੂ ਕਰਵਾਏ।ਇਸ ਮੋਕੇ ਮਨੋਜ ਕੁਮਾਰ ਸਿੰਗਲਾ ਨੇ ਕਿਹਾ ਕਿ ਭਾਵੇ ਅੱਜ ਦੇ ਭੋਤਿਕੀ ਯੁੱਗ ਵਿੱਚ ਮਨੱੁਖ ਆਪਣੀਆਂ ਜਰੂਰਤਾਂ ਪੂਰੀਆਂ ਕਰਨ ਵਿੱਚ ਹੀ ਉੱਮਰ ਕੱਢ ਲੈਦਾ ਹੈ ਪ੍ਰੰਤੂ ਸਮਾਜ ਸੇਵਾ ਅਤੇ ਲੋਕਾ ਨੂੰ ਅਧਿਆਤਮਕ ਧਾਰਾ ਨਾਲ ਜੋੜਨ ਲਈ ਧਾਰਮਿਕ ਕਾਰਜ਼ ਵੀ ਕਰਨੇ ਚਾਹੀਦੇ ਹਨ।ਉਨ੍ਹਾ ਸ਼ਿਵ ਮੰਦਿਰ ਕਮੇਟੀ ਵੱਲੋਂ ਕੀਤੇ ਜਾ ਰਹੇ ਧਾਰਮਿਕ ਅਤੇ ਮਨੱੁਖੀ ਕਲਿਆਣ ਲਈ ਕਾਰਜ਼ਾ ਦੀ ਸਲਾਘਾ ਕੀਤੀ ਅਤੇ ਆਪਣੇ ਪਰਿਵਾਰ ਵੱਲੋਂ ਹਰ ਮੁਮਕਿਨ ਮੱਦਦ ਦਾ ਭਰੋਸਾ ਦਿੱਤਾ।ਜਿਕਰਯੋਗ ਹੈ ਕਿ ਸਮੁੱਚਾ ਵਧਾਵਾ ਮੱਲ ਖਾਨਦਾਨ ਸ਼ਹਿਰ ਦੇ ਵਿਕਾਸ, ਧਾਰਿਮਕ ਅਤੇ ਮਨੱੁਖੀ ਭਲਾਈ ਦੇ ਕਾਰਜ਼ਾ ਵਿੱਚ ਦਿਲ ਖੋਲ ਕੇ ਮੱਦਦ ਕਰਦਾ ਹੈ।ਪਰਿਵਾਰ ਵੱਲੋਂ ਬੀਤੇ ਸਮੇ ਵਿੱਚ ਨਗਰ ਪੰਚਾਇਤ ਦੇ ਸਹਿਯੋਗ ਨਾਲ ਨਗਰ ਵਿੱਚ ਇੱਕ ਲਾਲਾ ਦੌਲਤ ਮੱਲ ਵਧਾਵੇ ਕੇ ਸੁੰਦਰ ਮਿਊਸਪਲ ਪਾਰਕ ਦਾ ਨਿਰਮਾਣ ਕਰਵਾਈਆਂ ਗਿਆ ਅਤੇ ਸ਼ਹਿਰ ਦੀਆਂ ਵਿੱਦਿਅਕ ਸੰਸਥਾਵਾ ਸ਼੍ਰੀ ਤਾਰਾ ਚੰਦ ਸਰਬਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਅਤੇ ਲੋੜਵੰਦ ਵਿਿਦਆਰਥੀਆਂ ਨੂੰ ਦਿਲ ਖੋਲ ਕੇ ਮੱਦਦ ਕਰਨ ਤੋਂ ਇਲਾਵਾ ਪਰਿਵਾਰ ਵੱਲੋਂ ਨਿੱਜੀ ਸਕੂਲ ਸ਼੍ਰੀ ਤਾਰਾ ਚੰਦ ਸਰਬਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਦੀ ਸਥਾਪਨਾ ਕਰਵਾਈ ਗਈ ਅਤੇ ਇਲਾਕੇ ਦੀ ਪ੍ਰਮੱੁਖ ਵਿੱਦਿਅਕ ਸੰਸਥਾ ਨੈਸ਼ਨਲ ਕਾਲਜ਼ ਦੀ ਉਸਾਰੀ ਸਮੇ ਵਿੱਤੀ ਮੱਦਦ ਕੀਤੀ ਅਤੇ ਸਰਕਾਰੀ ਸਕੂਲਾ ਦੀ ਵਿੱਤੀ ਮੱਦਦ ਤੋਂ ਇਲਾਵਾ ਇੰਨ੍ਹਾ ਸਕੂਲਾਂ ਦੇ ਲੋੜਵੰਦ ਵਿਿਦਆਰਥੀਆਂ ਨੂੰ ਸਮੇ-ਸਮੇ ਤੇ ਵਜ਼ੀਫਾ ਅਤੇ ਵਿਿਦਆਰਥੀਆਂ ਦੀ ਨਗਰ ਰਾਸ਼ੀ ਨਾਲ ਹੌਸਲਾ ਅਫਜਾਈ ਕੀਤੀ ਤੋਂ ਇਲਾਵਾ ਇਸ ਪਰਿਵਾਰ ਦੇ ਪ੍ਰਵਾਸੀ ਵੰਸ਼ਿਜ ਪਿਛਲੇ 10 ਸਾਲ੍ਹਾ ਤੋਂ ਲਗਾਤਾਰ ਅੱਖਾਂ ਦੀ ਜਾਂਚ ਦੇ ਮੱੁਫ਼ਤ ਕੈਂਪ ਲਗਵਾਏ ਗਏ ਜਿੰਨ੍ਹਾ ਵਿੱਚ ਸ਼ੈਕੜੇ ਲੋੜਵੰਦ ਮਰੀਜ਼ਾ ਨੂੰ ਮੱੁਫ਼ਤ ਲੈਂਨਜ਼ ਪਵਾਏ ਗਏ।ਇਸ ਅਵਸਰ ਤੇ ਸਮੂਹ ਮੰਦਿਰ ਕਮੇਟੀ ਵੱਲੋਂ ਪਰਿਵਾਰ ਦਾ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ ਕਿ ਮੰਦਿਰ ਦੇ ਧਾਰਮਿਕ ਕਾਰਜ਼ਾ, ਉਸਾਰੀ, ਧਰਮਸ਼ਾਲਾ ਦੇ ਨਿਰਮਾਣ ਆਦਿ ਕਾਰਜ਼ ਸ਼ਹਿਰ ਅਤੇ ਇਲਾਕੇ ਦੇ ਦਾਨੀ ਸੱਜ਼ਣਾ ਦੇ ਸਹਿਯੋਗ ਨਾਲ ਨਿਰੰਤਰ ਚਾਲੂ ਹਨ।ਉਨ੍ਹਾ ਕਿਹਾ ਕਿ ਮੰਦਿਰ ਦੀ ਡਿਊਡੀ, ਸਭਾ ਹਾਲ ਅਤੇ ਹੁਣ ਲੰਗਰ ਹਾਲ ਦੀ ਇਮਾਰਤ ਦਾ ਕਾਰਜ਼ ਆਰੰਭਿਆਂ ਗਿਆ ਹੈ।ਉਨ੍ਹਾ ਕਿਹਾ ਕਿ ਵਧਾਵਾ ਮੱਲ ਦੇ ਪਰਿਵਾਰ ਵੱਲੋਂ ਹਮੇਸ਼ਾ ਸਰਗਰਮ ਸਹਿਯੋਗ ਮਿਿਲਆ ਹੈ।ਇਸ ਅਵਸਰ ਤੇ ਕਮੇਟੀ ਵੱਲੋਂ ਪਰਿਵਾਰ ਦੇ ਮੈਂਬਰਾਂ ਨੂੰ ਛਾਲ ਅਤੇ ਮੂਰਤੀਆਂ ਭੇਂਟ ਕਰਕੇ ਸਨਮਾਨਿਤ ਕੀਤਾ।ਸਮਾਗਮ ਵਿੱਚ ਹੋਰਨਾ ਤੋਂ ਇਲਾਵਾ ਐਡਵੋਕੇਟ ਮਨੋਜ਼ ਕੁਮਾਰ ਰੋਕੀ, ਸੰਜੀਵ ਕੁਮਾਰ ਸਿੰਗਲਾ, ਵਿਨੋਦ ਕੁਮਾਰ ਸਿੰਗਲਾ, ਰਾਕੇਸ਼ ਕੁਮਾਰ ਸਿੰਗਲਾ, ਨਵੀਨ ਕੁਮਾਰ, ਛੋਟਾ ਲਾਲ, ਅਸ਼ੋਕ ਕੁਮਾਰ, ਸੰਦੀਪ ਕੁਮਾਰ ਸਿੰਗਲਾ, ਮਾਸਟਰ ਸਤੀਸ ਕੁਮਾਰ, ਸਰੋਜ਼ ਰਾਣੀ, ਡਾ ਵਿਜੈ ਕੁਮਾਰ ਜਿੰਦਲ, ਮਨੀਸ਼ ਕੁਮਾਰ ਜਿੰਦਲ, ਨਰਿੰਦਰ ਕੁਮਾਰ ਡੀ.ਸੀ, ਲਵਲੀਨ ਜਿੰਦਲ, ਵਿਪਨ ਕੁਮਾਰ ਗੰਡੀ, ਮਹੇਸ਼ ਕੁਮਾਰ ਸਿੰਗਲਾ, ਰਿੰਕੂ ਜਿੰਦਲ ਆਦਿ ਮੋਹਤਬਰ ਸੱਜਣ ਮੋਜੂਦ ਸਨ।   

ਫੋਟੋ ਕੈਪਸਨ:ਲੰਗਰ ਹਾਲ ਦੀ ਇਮਾਰਤ ਦੇ ਨਿਰਮਾਣ ਕਾਰਜ਼ ਸ਼ੁਰੂ ਕਰਦੇ ਸਮੇ ਧਰਤੀ ਪੂਜਨ ਕਰਦੇ ਹੋਏ ਸਮੂਹ ਪਰਿਵਾਰ।