You are here

ਸਤਲੁਜ ਦਰਿਆ 'ਚ ਰੁੜ ਕੇ ਸਰਹੱਦ ਰਾਹੀ ਪਾਕਿਸਤਾਨ ਪੁੱਜੇ ਨੌਜਵਾਨਾਂ ਬਾਰੇ ਪਿੰਡ ਪਰਜੀਆਂ ਬਿਹਾਰੀਪੁਰ ਤੋਂ ਵੱਡੀ ਖਬਰ

ਪਾਕਿ ਰੇਜ਼ਰਾਂ ਨੇ ਮੀਟਿੰਗ ਦੌਰਾਨ BSF ਨੂੰ ਕਹੀ ਵੱਡੀ ਗੱਲ

ਤਫਤੀਸ਼ ਤੋਂ ਬਾਅਦ ਪਾਕਿ ਰੇਜਰਾਂ ਨੇ ਜਲਦੀ ਭਾਰਤ ਹਵਾਲੇ ਕਰਨ ਦਾ ਦਿੱਤਾ ਯਕੀਨ

ਜਗਰਾਉਂ, 31 ਜੁਲਾਈ (ਮਨਜਿੰਦਰ ਗਿੱਲ ) ਸਤਲੁਜ ਦਰਿਆ ਵਿਚ ਰੁੜ ਕੇ ਪਾਕਿਸਤਾਨ ਪੁੱਜੇ ਸਿੱਧਵਾਂ ਬੇਟ ਨੇੜਲੇ ਪਿੰਡਾਂ ਦੇ 2 ਨੌਜਵਾਨਾਂ ਦੀ ਘਰ ਵਾਪਸੀ ਦੀ ਆਸ ਦਿਖਾਈ ਦੇਣ ਲੱਗੀ ਹੈ। ਸੂਤਰਾਂ ਅਨੁਸਾਰ ਬੀਤੀ ਰਾਤ ਪਾਕਿ ਰੇਜ਼ਰਾਂ ਤੇ ਭਾਰਤੀ ਫੌਜ ਵਿਚਾਲੇ ਹੋਈ ਫਲੈਗ ਮੀਟਿੰਗ ਵਿਚ ਨੌਜਵਾਨਾਂ ਨੂੰ ਭਾਰਤ ਹਵਾਲੇ ਕਰਨ ਦਾ ਫ਼ੈਸਲਾ ਲਿਆ ਗਿਆ। ਪਿੰਡ ਪਰਜੀਆਂ ਬਿਹਾਰੀਪੁਰ ਦੇ ਸਰਪੰਚ ਜਸਵੀਰ ਸਿੰਘ ਜੱਸਾ ਤੇ ਸਰਪੰਚ ਨਾਹਰ ਸਿੰਘ ਕੰਨੀਆਂ ਹੂਸੈਨੀ ਨੇ ਦੱਸਿਆ ਕਿ ਅੱਜ ਉਹ ਨੌਜਵਾਨਾਂ ਦੀ ਪਾਕਿ ਤੋਂ ਰਿਹਾਈ ਲਈ ਫਿਰੋਜ਼ਪੁਰ ਗਏ ਸਨ ਜਿੱਥੇ ਉਨ੍ਹਾਂ ਦੀ ਬੀ.ਐਸ.ਐਫ. ਦੇ ਕਮਾਂਡਰ ਨਾਲ ਗੱਲ ਹੋਈ ਹੈ ਜਿਸ ਨੇ ਦੱਸਿਆ ਕਿ ਉਨ੍ਹਾਂ ਦੀ ਪਾਕਿ ਰੇਜ਼ਰਾਂ ਨਾਲ ਹੋਈ ਫਲੈਗ ਮੀਟਿੰਗ ਵਿਚ ਪਾਕਿ ਵਲੋਂ ਨੌਜਵਾਨਾਂ ਨੂੰ 2 ਅਗਸਤ ਨੂੰ ਭਾਰਤੀ ਫ਼ੌਜ ਹਵਾਲੇ ਕਰਨ ਦਾ ਵਿਸ਼ਵਾਸ਼ ਦਿਵਾਇਆ ਗਿਆ ਹੈ, ਜਿਨ੍ਹਾਂ ਨੂੰ ਹੂਸੈਨੀ ਵਾਲਾ ਬਾਰਡਰ ਰਾਹੀਂ ਵਾਪਸ ਲਿਆਂਦਾ ਜਾਵੇਗਾ।

ਪਿੰਡ ਪਰਜੀਆ 'ਚ ਹਰਵਿੰਦਰ ਦੇ ਘਰ ਤੇ ਪਿੰਡ ’ਚ ਸਹਿਮ ਤੇ ਡਰ ਦਾ ਮਾਹੌਲ

ਦੂਜੇ ਪਾਸੇ ਜਦੋਂ ਅੱਜ ਨੌਜਵਾਨ ਹਰਵਿੰਦਰ ਸਿੰਘ ਦੇ ਪਿੰਡ ਪਰਜੀਆਂ ਬਿਹਾਰੀਪੁਰ ਦਾ ਦੌਰਾ ਕੀਤਾ ਗਿਆ ਤਾਂ ਪਿੰਡ ਦੇ ਲੋਕਾਂ ਵਿਚ ਡਰ ਤੇ ਸਹਿਮ ਦਾ ਮਾਹੌਲ ਦੇਖਣ ਨੂੰ ਮਿਲਿਆ। ਲੋਕ ਹਰਵਿੰਦਰ ਦੇ ਪਾਕਿਸਤਾਨ ਪੁੱਜਣ ਦੀ ਖ਼ਬਰ ਨਾਲ ਹੈਰਾਨ ਤੇ ਚਿੰਤਤ ਦਿਖਾਈ ਦਿੱਤੇ। ਹਰਵਿੰਦਰ ਦਾ ਪਰਿਵਾਰ ਗਹਿਰੇ ਸਦਮੇ ਵਿਚ ਡੁੱਬਿਆ ਹੋਇਆ ਸੀ ਤੇ ਉਸ ਦੇ ਘਰ ਲੋਕਾਂ ਦਾ ਤਾਂਤਾ ਲੱਗਿਆ ਹੋਇਆ ਹੈ। ਹਰਵਿੰਦਰ ਦੀ ਪਤਨੀ ਸਿਕੰਦਰ ਕੌਰ ਨੇ ਦੱਸਿਆ ਕਿ ਉਹ 27 ਜੁਲਾਈ ਨੂੰ ਘਰੋਂ ਆਪਣੇ ਸਾਥੀ ਨਾਲ ਸ੍ਰੀ ਹਰਮਿੰਦਰ ਸਾਹਿਬ ਮੱਥਾ ਟੇਕਣ ਦਾ ਕਹਿ ਕੇ ਗਿਆ ਸੀ ਪਰ ਉਹ ਪਾਕਿਸਤਾਨ ਕਿਵੇਂ ਪਹੁਚ ਗਿਆ ਇਸ ਬਾਰੇ ਸਾਰੇ ਹੈਰਾਨ ਤੇ ਪ੍ਰੇਸ਼ਾਨ ਹਨ। ਪਰਿਵਾਰਿਕ ਮੈਂਬਰਾਂ ਦੇ ਪਿੰਡ ਵਾਸੀਆਂ ਨੇ ਪਾਕਿ ਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨੌਜਵਾਨਾਂ ਨੂੰ ਜਲਦੀ ਤੋਂ ਜਲਦੀ ਵਾਪਸ ਭੇਜਿਆ ਜਾਵੇ।

ਨੌਜਵਾਨਾਂ ਦਾ ਪਾਕਿ ਪੁੱਜਣਾ ਬਣਿਆ ਰਹੱਸ

ਭਾਵੇਂ ਕਿ ਇਨ੍ਹਾਂ ਨੌਜਵਾਨਾਂ ਦਾ ਗਜਨੀਵਾਲਾ ਨੇੜਿਓਂ ਸਤਲੁਜ ਦਰਿਆ ਵਿਚ ਰੁੜਨ ਨਾਲ ਪਾਕਿ ਪੁੱਜਣ ਦੀ ਚਰਚਾ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਉੱਥੇ ਡਬਲ ਕੰਡਿਆਲੀ ਤਾਰ ਲਗਾਉਣ ਦੇ ਇਲਾਵਾ ਭਾਰਤੀ ਫੌਜ ਵਲੋਂ ਕਾਫੀ ਸਖਤੀ ਵਰਤੀ ਜਾ ਰਹੀ ਹੈ ਤੇ ਹੋਰ ਪੁਖ਼ਤਾ ਪ੍ਰਬੰਧ ਹਨ। ਫਿਰ ਇਹ ਨੌਜਵਾਨ ਕਿਸ ਤਰੀਕੇ ਨਾਲ ਸਰਹੱਦ ਪਾਰ ਕਰ ਗਏ ਇਹ ਅਜੇ ਤੱਕ ਰਹੱਸ ਬਣਿਆ ਹੋਇਆ ਹੈ।

ਬੀ.ਐੱਸ.ਐੱਫ. ਤੇ ਪਾਕਿ ਰੇਜ਼ਰ ਕਰ ਰਹੇ ਹਨ ਜਾਂਚ

ਗੈਰ-ਸਰਕਾਰੀ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਪਾਕਿ ਰੇਜ਼ਰ ਤੇ ਬੀ.ਐੱਸ.ਐੱਫ. ਆਪਣੇ ਪੱਧਰ ’ਤੇ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਨੌਜਵਾਨ ਗਜ਼ਨੀਵਾਲਾ ਦਰਿਆ ਇਲਾਕੇ ’ਚ ਕਿਉਂ ਅਤੇ ਕਿਵੇਂ ਪਹੁੰਚੇ ਅਤੇ ਕਿਸ ਹਾਲਾਤ ’ਚ ਹੜ੍ਹ ਦੇ ਪਾਣੀ ’ਚ ਰੁੜ ਗਏ ਸਨ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਹੜ੍ਹ ਦੇ ਪਾਣੀ ’ਚ ਇਨ੍ਹਾਂ ਨੌਜਵਾਨਾਂ ਦਾ ਪਾਕਿਸਤਾਨ ਪਹੁੰਚਣਾ ਕੋਈ ਹਾਦਸਾ ਸੀ ਜਾਂ ਇਸ ਪਿੱਛੋਂ ਕਈ ਹੋਰ ਕਾਰਨ ਸੀ।