ਹੈਲਥ ਵੈਲਨੈਸ ਸੈਂਟਰ ਜੋਧਾਂ ਵਿਖੇ ਜਾਗਰੂਕਤਾ ਅਤੇ ਯੋਗ ਗਤੀਵਿਧੀ ਕਰਵਾਈ
ਜੋਧਾਂ, 6 ਅਗਸਤ ( ਦਲਜੀਤ ਸਿੰਘ ਰੰਧਾਵਾ ) - ਦੇਸ਼ ਵਿਚ ਦਿਨੋਂ ਦਿਨ ਫੈਲ ਰਹੀ ਅੱਖਾਂ ਦੀ ਲਾਗ ਨਾਲ ਸਬੰਧਤ ਬਿਮਾਰੀ ' ਆਈ ਫਲੂ ' ਬਾਰੇ ਲੋਕਾਂ, ਖਾਸ ਕਰਕੇ ਬੱਚਿਆਂ, ਨੂੰ ਜਾਣੂ ਕਰਾਉਣ ਅਤੇ ਯੋਗਾ ਦੇ ਮਹੱਤਵ ਬਾਰੇ ਦੱਸਣ ਦੇ ਮਕਸਦ ਨਾਲ ਸਥਾਨਕ ਮੁੱਢਲਾ ਸਿਹਤ ਕੇਂਦਰ ਦੇ ਹੈਲਥ ਵੈਲਨੈਸ ਸੈਂਟਰ ਵਿਖੇ ਜਾਗਰੂਕਤਾ ਗਤੀਵਿਧੀ ਕਰਵਾਈ ਗਈ। ਜਿਸ ਦੌਰਾਨ ਸੀ ਐੱਚ ਓ ਬਲਪ੍ਰੀਤ ਕੌਰ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਯੋਗ ਕਿਰਿਆਵਾਂ ਕਰਵਾਈਆਂ।
ਇਸ ਮੌਕੇ ਜਾਣਕਾਰੀ ਦਿੰਦਿਆਂ ਸੀ ਐੱਚ ਓ ਬਲਪ੍ਰੀਤ ਕੌਰ ਨੇ ਦੱਸਿਆ ਕਿ ਸਿਵਲ ਸਰਜਨ ਡਾਕਟਰ ਡਾਕਟਰ ਹਿਤਿੰਦਰ ਕੌਰ ਕਲੇਰ ਅਤੇ ਸੀ ਐੱਚ ਸੀ ਪੱਖੋਵਾਲ ਦੇ ਐਸ ਐਮ ਓ ਡਾਕਟਰ ਨੀਲਮ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਅਤੇ ਡਾਕਟਰ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਬਰਸਾਤ ਦੇ ਮੌਸਮ 'ਚ ਲੋਕ ਬਹੁਤ ਸਾਰੀਆਂ ਬੀਮਾਰੀਆਂ ਦਾ ਸ਼ਿਕਾਰ ਹੁੰਦੇ ਹਨ। ਬਰਸਾਤ ਕਾਰਨ ਬੈਕਟੀਰੀਆ ਦੀ ਗਿਣਤੀ ਵੱਧ ਜਾਂਦੀ ਹੈ, ਜਿਸ ਨਾਲ ਲੋਕਾਂ ਨੂੰ ਕੋਈ ਨਾ ਕੋਈ ਬੀਮਾਰੀ ਹੋ ਜਾਂਦੀ ਹੈ। ਆਈ ਫਲੂ ਇਨ੍ਹਾਂ 'ਚੋਂ ਇੱਕ ਬੀਮਾਰੀ ਹੈ। ਆਈ ਫਲੂ (Eye Flu) ਨੂੰ ਅੱਖਾਂ ਦਾ ਇੰਨਫੈਕਸ਼ਨ ਕਿਹਾ ਜਾਂਦਾ ਹੈ। ਇਸ ਨਾਲ ਅੱਖਾਂ 'ਚ ਜਲਨ, ਦਰਦ ਅਤੇ ਲਾਲੀ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਇਹ ਬੀਮਾਰੀ ਇੱਕ ਅੱਖ ਤੋਂ ਸ਼ੁਰੂ ਹੁੰਦੀ ਹੈ ਅਤੇ ਕੁਝ ਸਮੇਂ ਬਾਅਦ ਦੂਜੀ ਅੱਖ ਵੀ ਇਸ ਦੀ ਲਪੇਟ ਵਿੱਚ ਆ ਜਾਂਦੀ ਹੈ। ਆਈ ਫਲੂ ਨੂੰ ਪਿੰਕ ਆਈ ਤੇ ਕੰਜਕਟੀਵਾਈਟਿਸ ਵੀ ਕਿਹਾ ਜਾਂਦਾ ਹੈ। ਇਸ ਦਾ ਜ਼ਿਆਦਾ ਖ਼ਤਰਾ ਬੱਚੇ-ਬਜ਼ੁਰਗਾਂ ਨੂੰ ਹੈ, ਕਿਉਂਕਿ ਉਹਨਾਂ ਨੂੰ ਇਹ ਬੀਮਾਰੀ ਸਭ ਤੋਂ ਜ਼ਿਆਦਾ ਹੋ ਰਹੀ ਹੈ।
ਉਹਨਾਂ ਦੱਸਿਆ ਕਿ ਆਈ ਫਲੂ ਹੋਣ ਤੋਂ ਪਹਿਲਾਂ ਬਹੁਤ ਸਾਰੇ ਲੱਛਣ ਅਜਿਹੇ ਹਨ, ਜਿਸ ਤੋਂ ਇਸ ਬੀਮਾਰੀ ਦੇ ਹੋਣ ਦਾ ਪਤਾ ਲੱਗ ਜਾਂਦਾ ਹੈ। ਆਈ ਫਲੂ ਹੋਣ 'ਤੇ ਅੱਖਾਂ ਲਾਲ ਹੋ ਜਾਂਦੀਆਂ ਹਨ। ਅੱਖਾਂ 'ਚ ਪਾਣੀ ਆਉਣ ਦੇ ਕਾਰਨ ਜਲਨ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਸਮੱਸਿਆ ਦੀ ਸ਼ੁਰੂਆਤ 'ਚ ਪਲਕਾਂ 'ਤੇ ਪੀਲਾ ਅਤੇ ਚਿਪਚਿਪਾ ਤਰਲ ਜਮ੍ਹਾ ਹੋਣ ਲੱਗਦਾ ਹੈ। ਅੱਖਾਂ ਵਿੱਚ ਸੋਜ ਆਉਣੀ ਸ਼ੁਰੂ ਹੋ ਜਾਂਦੀ ਹੈ। ਅੱਖਾਂ ਵਿੱਚ ਪਾਣੀ ਆਉਣ ਨਾਲ ਖੁਜਲੀ ਹੋਣ ਲੱਗਦੀ ਹੈ।
ਆਈ ਫਲੂ ਤੋਂ ਰਾਹਤ ਪਾਉਣ ਲਈ ਡਾਕਟਰ ਦੀ ਸਲਾਹ ਲੈਣ ਤੋਂ ਬਾਅਦ ਤੁਸੀਂ ਐਂਟੀਬੈਕਟੀਰੀਅਲ ਮਲਮ ਅਤੇ ਲੁਬਰੀਕੇਟਿੰਗ ਆਈ ਡ੍ਰੌਪ ਲੈਣੀ ਚਾਹੀਦੀ ਹੈ। ਆਈ ਫਲੂ ਦੌਰਾਨ ਜਦੋਂ ਵੀ ਤੁਹਾਡਾ ਹੱਥ ਅੱਖਾਂ ਨੂੰ ਲੱਗ ਜਾਵੇ ਤਾਂ ਹੈਂਡਵਾਸ਼ ਨਾਲ ਨਿਯਮਿਤ ਤੌਰ 'ਤੇ ਆਪਣੇ ਹੱਥਾਂ ਨੂੰ ਸਾਫ਼ ਕਰਦੇ ਰਹਿਣਾ ਚਾਹੀਦਾ ਹੈ। ਆਈ ਫਲੂ ਦੇ ਸੰਕਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਤੋਂ ਬਚਣਾ ਚਾਹੀਦਾ ਹੈ।ਅੱਖਾਂ ਦੀ ਸਫਾਈ ਦਾ ਪੂਰਾ ਧਿਆਨ ਰੱਖੋ ਤੇ ਠੰਡੇ ਪਾਣੀ ਨਾਲ ਵਾਰ-ਵਾਰ ਅੱਖਾਂ ਨੂੰ ਧੋਣਾ ਚਾਹੀਦਾ ਹੈ। ਆਈ ਫਲੂ ਹੋਣ 'ਤੇ ਅੱਖਾਂ ਨੂੰ ਬਰਫ਼ ਦੀ ਟਕੋਰ ਕਰਨ ਨਾਲ ਜਲਣ ਅਤੇ ਦਰਦ ਤੋਂ ਰਾਹਤ ਮਿਲਦੀ ਹੈ। ਆਈ ਫਲੂ ਨਾਲ ਸੰਕਰਮਿਤ ਵਿਅਕਤੀ ਦੇ ਨਾਲ ਹੱਥ ਮਿਲਾਉਣ ਤੋਂ ਬਚਣਾ ਚਾਹੀਦਾ ਹੈ। ਆਈ ਫਲੂ ਦੌਰਾਨ ਸੰਕਰਮਿਤ ਚੀਜ਼ਾਂ ਜਿਵੇਂ ਐਨਕਾਂ, ਤੌਲੀਏ ਜਾਂ ਸਿਰਹਾਣੇ ਦੀ ਵਰਤੋਂ ਕਦੇ ਨਹੀਂ ਕਰਨੀ ਚਾਹੀਦੀ। ਟੀ.ਵੀ., ਮੋਬਾਈਲ ਫੋਨ ਤੋਂ ਦੂਰੀ ਬਣਾ ਕੇ ਰੱਖਣ ਦੇ ਨਾਲ ਨਾਲ ਅੱਖਾਂ 'ਤੇ ਕਾਲੇ ਰੰਗ ਦੀ ਐਨਕਾਂ ਜ਼ਰੂਰ ਲਗਾਉਣੀ ਚਾਹੀਦੀ ਹੈ।ਡਾਕਟਰ ਰੁਪਿੰਦਰ ਕੌਰ ਨੇ ਹੱਥ ਧੋਣ ਅਤੇ ਅੱਖਾਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਫਾਰਮੇਸੀ ਅਫ਼ਸਰ ਵੀਰਪਾਲ ਕੌਰ, ਏ ਐਨ ਐਮ ਅਮਰਜੀਤ ਕੌਰ ਅਤੇ ਹੋਰ ਹਾਜ਼ਰ ਸਨ।