ਪੁਸਤਕ ਬਾਰੇ ਡਾਃ ਗੁਲਜ਼ਾਰ ਸਿੰਘ ਪੰਧੇਰ ਨੇ ਪਰਚਾ ਪੜ੍ਹਿਆ
ਲੁਧਿਆਣਾ, 23 ਜੁਲਾਈ (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ ) ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਤੇ ਪੰਜਾਬੀ ਸੱਭਿਆਚਾਰਕ ਸੱਥ ਫਰੀਦਾਬਾਦ ਵੱਲੋਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਸਹਿਯੋਗ ਨਾਲ ਸਵਰਗੀ ਸਰਬ ਪੱਖੀ ਲੇਖਕ ਦਿਓਲ ਦੇ ਦੋ ਨਾਵਲਿਟਾਂ ਦੀ ਕਿਤਾਬ 'ਦੋ ਨਾਵਲਿਟ: ਚੌਦ੍ਹਾਂ ਨੰਬਰ ਗੰਨ, ਗੱਡੀਆਂ ਵਾਲੀ'ਪੰਜਾਬੀ ਭਵਨ ਲੁਧਿਆਣਾ ‘ਚ ਡਾਃ ਲਖਵਿੰਦਰ ਜੌਹਲ, ਗੁਰਭਜਨ ਗਿੱਲ, ਸੁਖਦੇਵ ਸਿੰਘ ਸਿਰਸਾ, ਬਲਵੰਤ ਸਿੰਘ ਰਾਮੂਵਾਲੀਆ ਤੇ ਮੰਗਲ ਸਿੰਘ ਔਜਲਾ ਨੇ ਸਾਥੀਆਂ ਦੇ ਸਹਿਯੋਗ ਨਾਲ ਲੋਕ ਅਰਪਨ ਕੀਤੀ।
ਇਸ ਕਿਤਾਬ ਬਾਰੇ ਪ੍ਰਗਤੀ਼ੀਲ ਲੇਖਕ ਸੰਘ ਦੇ ਜ਼ਿਲ੍ਹਾ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਪਰਚਾ ਪੜ੍ਹਦਿਆਂ ਕਿਹਾ ਕਿ ਦੋਨਾਂ ਨਾਵਲਿਟਾਂ ਦੀ ਲੇਖਣੀ ਤੇ ਪਟਕਥਾ ਗੁੰਦਵੀਂ ਹੈ।
ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ਼ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਦਿਓਲ ਵੱਖਰੀ ਇਤਿਹਾਸਕ ਚੇਤਨਾ ਤੇ ਕਾਵਿ ਸ਼ੈਲੀ ਵਾਲਾ ਕਵੀ ਸੀ। ਉਨ੍ਹਾਂ ਆਜ਼ਾਦੀ ਤੋਂ ਬਾਅਦ ਭਾਰਤੀ ਜਨ ਮਾਨਸ ਦੇ ਟੁੱਟ ਰਹੇ ਸੁਪਨਿਆਂ ਨੂੰ ਇਕ ਬਿਰਹਣੀ ਦੇ ਵਿਜੋਗ ਦੇ ਰੂਪਕ ਰਾਹੀਂ ਸਿਰਜਿਆ ਹੈ। ਉਨ੍ਹਾਂ ਭਾਰਤੀ ਮੱਧਵਰਗ ਦੀ ਉਦਾਸੀ, ਕੁੰਠਾ, ਇਕੱਲਤਾ ਨੂੰ ਇੱਕ ਵੇਸਵਾ ਤੇ ਸੱਤਾ ਦੇ ਇਸ਼ਾਰਿਆਂ 'ਤੇ ਜੀਂਦੇ ਮਨੁੱਖ ਦੇ ਬਿੰਬਾਂ ਚ ਢਾਲਿਆ ਹੈ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ਼. ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਦਿਉਲ ਨੇ ਫ਼ੌਜ ਦੀ ਘਟਨਾ ਨੂੰ 'ਚੌਦ੍ਹਾਂ ਨੰਬਰ ਗੰਨ' ਚ ਵੱਖਰੇ ਪ੍ਰਸੰਗ ਤੋਂ ਬਿਆਨਿਆ ਜੋ ਅਪਰੇਸ਼ਨ ਬਲਿਊ ਸਟਾਰ ਦੌਰਾਨ ਛੇ ਘੰਟੇ ਦੀ ਘਟਨਾ ਦੁਆਲੇ ਘੁੰਮਦੀ ਹੈ। ਬਹਿਸ ਚ ਹਿੱਸਾ ਲੈਂਦਿਆਂ ਬੂਟਾ ਸਿੰਘ ਚੌਹਾਨ (ਬਰਨਾਲਾ)ਨੇ ਕਿਹਾ ਨਾਵਲਿਟਾਂ ਦੀ ਬਣਤਰ ਪ੍ਰਸੰਗਿਕਤਾ ਨੂੰ ਉਭਾਰਦੀ ਹੈ।
ਸਾਬਕਾ ਕੇਂਦਰੀ ਮੰਤਰੀ ਸਃ ਬਲਵੰਤ ਸਿੰਘ ਰਾਮੂਵਾਲੀਆ ਨੇ ਲੇਖਕਾਂ ਨੂੰ ਸੱਤਾ ਚ ਆਏ ਵਿਕਾਰਾਂ ਖ਼ਿਲਾਫ਼ ਡਟਣ ਦਾ ਸੱਦਾ ਦਿੱਤਾ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦਿਉਲ ਦੇ ਜੀਵਨ ਸਫ਼ਰ ਬਾਰੇ ਜਿਕਰ ਕਰਦਿਆਂ ਕਿਹਾ ਕਿ ਸੈਨਾ ਤੋਂ ਸੇਵਾ ਮੁਕਤੀ ਉਪਰੰਤ ਉਹ ਜਗਰਾਉਂ ਨੇੜੇ ਅਖਾੜਾ ਪੁਲ ਤੇ ਮੈਡੀਕਲ ਸੇਵਾ ਕੇਂਦਰ ਚਲਾਉਂਦੇ ਰਹੇ। ਆਪਣੇ ਪੁੱਤਰਾ ਜਗਰਾਜ ਦਿਉਲ ਤੇ ਮਨਧੀਰ ਨੂੰ ਵੀ ਕਲਾ ਮਾਰਗ ਤੇ ਤੋਰਿਆ। ਉਨ੍ਹਾਂ ਦੀ ਨਾਵਲ ਨਿਗਾਰੀ ਤੋਂ ਪਹਿਲਾਂ ਉਹ ਸਮਰੱਥ ਸ਼ਾਇਰ ਦੇ ਰੂਪ ਵਿੱਚ ਜਾਣੇ ਪਛਾਣੇ ਚਿਹਰੇ ਸਨ। ਉਨ੍ਹਾ ਦੀ ਕਾਵਿ ਰਚਨਾ “ਹਿਜਰ ਵਸਲ ਦੀਆ ਘੜੀਆਂ” ਤੇ ਲੰਮੀ ਕਵਿਤਾ “ਪਿਆਸ” ਬਹੁਤ ਮੁੱਲਵਾਨ ਹਨ।
ਇਸ ਮੌਕੇ ਸੱਥ ਦੇ ਚੇਅਰਮੈਨ ਮੰਗਲ ਸਿੰਘ ਔਜਲਾ, ਸਾਬਕਾ ਮੰਤਰੀ ਸ. ਮਲਕੀਤ ਸਿੰਘ ਦਾਖਾ, ਕ੍ਰਿਸ਼ਨ ਕੁਮਾਰ ਬਾਵਾ, ਚੇਅਰਮੈਨ, ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ, ਸੁਖਜੀਤ ਮਾਛੀਵਾੜਾ ਕਹਾਣੀਕਾਰ,ਸੁਰਿੰਦਰਦੀਪ, ਭਗਵਾਨ ਢਿੱਲੋਂ, ਜਸਮੇਰ ਸਿੰਘ ਢੱਟ, ਡਾ. ਨਿਰਮਲ ਜੌੜਾ,ਮਨਧੀਰ ਸਿੰਘ ਦਿਓਲ, ਰਾਜਦੀਪ ਸਿੰਘ ਤੂਰ, ਪ੍ਰਿੰਸੀਪਲ ਦਲਜੀਤ ਕੌਰ ਹਠੂਰ, ਗੁਰਿੰਦਰ ਕਲਸੀ, ਦਿਉਲ ਦੇ ਗਿਰਾਈਂ ਗੀਤਕਾਰ ਜਗਦੇਵ ਮਾਨ (ਸੇ਼ਖਦੌਲਤ ) ਤ੍ਰੈਲੋਚਨ ਲੋਚੀ, ਜਗਮੇਲ ਸਿੰਘ ਸਿੱਧੂ(ਸੰਗਰੂਰ) ਡਾਃ ਗੁਰਇਕਬਾਲ ਸਿੰਘ ਜਨਰਲ ਸਕੱਤਰ, ਪੰਜਾਬੀ ਸਾਹਿੱਤ ਅਕਾਡਮੀ, ਲੁਧਿਆਣਾ, ਦੀਪ ਜਗਦੀਪ ਸਿੰਘ, ਜਸਬੀਰ ਝੱਜ,ਜਗਦੀਸ਼ਪਾਲ ਸਿੰਘ ਗਰੇਵਾਲ, ਸਰਪੰਚ ਪਿੰਡ ਦਾਦ, ਬਲਕਾਰ ਸਿੰਘ ਤੇ ਹੋਰ ਬੁਧੀਜੀਵੀਆਂ ਦੀ ਭਰਵੀਂ ਹਾਜ਼ਰੀ ਸੀ।ਮੰਚ ਸੰਚਾਲਨ ਪੰਜਾਬੀ ਸ਼ਾਇਰ ਪ੍ਰਭਜੋਤ ਸਿੰਘ ਸੋਹੀ ਨੇ ਬਹੁਤ ਜੀਵੰਤ ਅੰਦਾਜ਼ ਵਿੱਚ ਕੀਤਾ।