ਕਿਸਾਨ ਦਾ ਪੁੱਤ ਟਰੈਕਟਰ ਖੇਤਾਂ ਦੇ ਨਾਲ ਨਾਲ ਖੇਡ ਮੇਲਿਆਂ ਦੀ ਵੀ ਸ਼ਾਨ ਬਣਿਆ
ਮਹਿਲ ਕਲਾਂ/ ਬਰਨਾਲਾ- 27 ਮਾਰਚ- (ਗੁਰਸੇਵਕ ਸਿੰਘ ਸੋਹੀ )- ਨੇੜਲੇ ਪਿੰਡ ਛੀਨੀਵਾਲ ਕਲਾਂ ਵਿਖੇ ਐਨ ਆਰ ਆਈ ਭਰਾਵਾਂ, ਗਰਾਮ ਪੰਚਾਇਤ ਅਤੇ ਸਮੂਹ ਕਲੱਬਾਂ ਦੇ ਸਹਿਯੋਗ ਨਾਲ ਟਰੈਕਟਰ ਟੋਚਨ ਮੁਕਾਬਲੇ ਕਰਵਾਏ ਗਏ। ਇਸ ਖੇਡ ਮੇਲੇ ਦਾ ਉਦਘਾਟਨ ਝੰਡਾ ਸੁੱਖੀ ਵੱਲੋਂ ਕੀਤਾ ਗਿਆ। ਇਨ੍ਹਾਂ ਟੋਚਨ ਮੁਕਾਬਲਿਆਂ ਵਿੱਚ ਭੁਪਿੰਦਰ ਸਿੰਘ (ਵਾਈਟ ਰੈਡ ਹਲਵਾਰਾ) ਨੇ ਪਹਿਲਾ ਸਥਾਨ ,ਪੱਪੀ ਲੱਡਾ (ਅਰਜਨ) ਨੇ ਦੂਸਰਾ,ਜੱਸੀ ਖੋਖਰ (ਸੋਨਾਲਿਕਾ) ਨੇ ਤੀਸਰਾ,ਅਤੇ ਜੱਸੀ ਬਰਨਾਲਾ (5310) ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਬਾਬਾ ਸਿੱਧ ਭੋਇੰ ਖੇਡ ਮੇਲਾ ਕਮੇਟੀ ਪਿੰਡ ਛੀਨੀਵਾਲ ਕਲਾਂ ਦੇ ਪ੍ਰਬੰਧਕਾਂ ਵੱਲੋਂ ਟਰੈਕਟਰ ਟੋਚਨ ਮੁਕਾਬਲਿਆਂ ਦੇ ਜੇਤੂਆਂ ਨੂੰ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸੁਖਮਿੰਦਰ ਸਿੰਘ ਧਾਲੀਵਾਲ,ਸੁਖਵਿੰਦਰ ਸਿੰਘ,ਬਿੱਟੀ, ਅਮਰ ਸਿੰਘ ,ਗੁਰਜੀਤ ਸਿੰਘ, ਕੌਰ ਸਿੰਘ ,ਨਾਜ਼ਮ, ਸੇਵਕ ਸਿੰਘ, ਗੁਰਵਿੰਦਰ ਸਿੰਘ, ਬਲਕਰਨ ਸਿੰਘ ਅਤੇ ਪਵਨ ਸਿੰਘ ਨੇ ਕਿਹਾ ਕਿ ਗੁਰੂਆਂ ਪੀਰਾਂ ਦੀ ਧਰਤੀ ਤੇ ਅਕਸਰ ਖੇਡ ਮੇਲੇ ਹੁੰਦੇ ਰਹਿੰਦੇ ਹਨ। ਟਰੈਕਟਰ ਟੋਚਨ ਮੁਕਾਬਲਿਆਂ ਦੀਆਂ ਖੇਡਾਂ ਦਰਸ਼ਕਾਂ ਨੂੰ ਮੋਂਹਦੀਆਂ ਹਨ ਅਤੇ ਦਰਸ਼ਕ ਉਤਸ਼ਾਹ ਨਾਲ ਟਰੈਕਟਰ ਟੋਚਨ ਮੁਕਾਬਲੇ ਦੇਖਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਦਾ ਪੁੱਤ ਟਰੈਕਟਰ ਖੇਤਾਂ ਦੇ ਨਾਲ ਨਾਲ ਖੇਡ ਮੇਲਿਆਂ ਦੀ ਵੀ ਸ਼ਾਨ ਬਣਿਆ ਹੈ। ਉਨ੍ਹਾਂ ਇਸ ਟਰੈਕਟਰ ਟੋਚਨ ਮੁਕਾਬਲਿਆਂ ਦੇ ਖੇਡ ਮੇਲੇ ਲਈ ਸਹਿਯੋਗ ਕਰਨ ਵਾਲੇ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਕੁਮੈਂਟੇਟਰ ਲਾਡੀ ਲੰਡੇਕੇ ਨੇ ਦਰਸ਼ਕਾਂ ਨੂੰ ਆਪਣੀ ਦਮਦਾਰ ਆਵਾਜ਼ ਨਾਲ ਕੀਲੀ ਰੱਖਿਆ। ਅਖੀਰ ਚ ਵੱਖ ਵੱਖ ਇਲਾਕਿਆਂ ਤੋਂ ਆਏ ਪਤਵੰਤਿਆਂ ਦਾ ਬਾਬਾ ਸਿੱਧ ਭੋਇ ਖੇਡ ਮੇਲਾ ਕਮੇਟੀ ਛੀਨੀਵਾਲ ਕਲਾਂ ਵੱਲੋਂ ਸਨਮਾਨ ਕੀਤਾ ਗਿਆ।