You are here

ਪੰਜਾਬ

ਸਲੇਮਪੁਰੀ ਦੀ ਚੂੰਢੀ - ਪੰਜਾਬ ਕੇਸਰੀ ਦਾ ਕੌੜਾ ਸੱਚ! 

ਭਾਰਤੀ ਸੰਵਿਧਾਨ ਦੀ ਥਾਂ 'ਬ੍ਰਾਹਮਣਵਾਦੀ ਵਿਚਾਰਧਾਰਾ ' ਤਹਿਤ ਦੇਸ਼ ਨੂੰ ਚਲਾਉਣ ਦੀ ਅੜੀ ਜਾਰੀ

ਸਲੇਮਪੁਰੀ ਦੀ ਚੂੰਢੀ 

ਪੰਜਾਬ ਕੇਸਰੀ ਦਾ ਕੌੜਾ ਸੱਚ! 

22 ਦਸੰਬਰ 2019 ਨੂੰ ਪ੍ਰਕਾਸ਼ਿਤ ਸੰਪਾਦਕੀ ਵਿੱਚ ਪੰਜਾਬ ਕੇਸਰੀ ਨੇ 'ਬ੍ਰਾਹਮਣਵਾਦੀ ਵਿਚਾਰਧਾਰਾ 'ਦੇ ਸੱਚ ਨੂੰ ਉਜਾਗਰ ਕਰਕੇ ਸਿੱਧ ਕਰ ਦਿੱਤਾ ਕਿ ਜੇ ਭਾਰਤੀ ਸੰਵਿਧਾਨ ਦੀ ਥਾਂ 'ਬ੍ਰਾਹਮਣਵਾਦੀ ਵਿਚਾਰਧਾਰਾ ' ਤਹਿਤ ਦੇਸ਼ ਨੂੰ ਚਲਾਉਣ ਦੀ ਅੜੀ ਜਾਰੀ ਰਹੀ ਤਾਂ ਇਹ ਦੇਸ਼ ਅਤੇ ਦੇਸ਼ ਦੇ ਲੋਕਾਂ ਦੇ ਹਿੱਤ ਵਿੱਚ ਨਹੀਂ ਹੋਵੇਗਾ। ਪੰਜਾਬ ਕੇਸਰੀ ਲਿਖਦਾ ਹੈ ਕਿ ਦੇਸ਼ ਵਿੱਚ ਲਾਗੂ ਕੀਤਾ ਜਾ ਰਿਹਾ ' ਕੌਮੀ ਨਾਗਰਿਕਤਾ ਬਿੱਲ ' ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਬਹੁਤ ਵੱਡੀ ਕੰਧ ਖੜੀ ਕਰ ਦੇਵੇਗਾ, ਜੋ ਦੇਸ਼ ਲਈ ਘਾਤਕ ਸਿੱਧ ਹੋ ਨਿੱਬੜੇਗਾ। ਪੰਜਾਬ ਕੇਸਰੀ ਲਿਖਦਾ ਹੈ ਕਿ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਦੁਆਰਾ ਰਚਿਤ ਭਾਰਤੀ ਸੰਵਿਧਾਨ ਦੇ 400 ਤੋਂ ਵੱਧ ਪੰਨੇ ਹਨ, ਪਰ ਕਿਸੇ ਵੀ ਪੰਨੇ 'ਤੇ ਕਿਸੇ ਵੀ ਧਰਮ ਦਾ ਨਾਂ ਅੰਕਿਤ ਨਹੀਂ ਹੈ,ਹਾਂ ਪਿਛਲੇ ਹਜਾਰਾਂ ਸਾਲਾਂ ਤੋਂ ਸਮਾਜਿਕ, ਆਰਥਿਕ ਅਤੇ ਵਿੱਦਿਅਕ ਤੌਰ 'ਤੇ ਪੱਛੜੇ ਅਨੁਸੂਚਿਤ ਅਤੇ ਜਨ-ਜਾਤੀਆਂ ਨੂੰ ਰਾਹਤ ਦਿਵਾਉਣ ਲਈ ਵਿਸ਼ੇਸ਼ ਅੰਕਿਤ ਕੀਤਾ ਹੋਇਆ ਹੈ, ਕਿਉਂਕਿ ਡਾ ਅੰਬੇਦਕਰ ਉਹਨਾ ਨੂੰ ਨਰਕ ਭਰੀ ਜਿੰਦਗੀ ਤੋਂ ਬਾਹਰ ਕੱਢਣਾ ਚਾਹੁੰਦੇ ਸਨ। ਡਾ : ਅੰਬੇਦਕਰ ਜੋ ਸਮਾਜਿਕ, ਆਰਥਿਕ ਅਤੇ ਵਿੱਦਿਅਕ ਵਿਗਿਆਨੀ ਸਨ, ਭਲੀ ਭਾਂਤ ਜਾਣਦੇ ਸਨ ਕਿ ਇੰਨਾ ਲੋਕਾਂ ਦੀ ਜਿੰਦਗੀ ਪਸ਼ੂਆਂ ਵਰਗੀ ਹੋਣ ਦਾ ਕਾਰਨ ਬ੍ਰਾਹਮਣਵਾਦ ਹੈ। ਅਖਬਾਰ ਲਿਖਦਾ ਹੈ ਕਿ ਜਦੋਂ ਅਮਰੀਕਾ ਨੇ ਦੂਸਰੇ ਸੰਸਾਰ ਯੁੱਧ ਵੇਲੇ ਜਪਾਨ ਉਪਰ ਪ੍ਰਮਾਣੂ ਬੰਬ ਸੁੱਟੇ ਤਾਂ ਉਸ ਵੇਲੇ ਦੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ  ਨੇ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਕਿਹਾ ਸੀ ਕਿ ਸੀ ਕਿ 'ਮੈਂ ਤਾਂ ਅਮਰੀਕਾ ਨੂੰ ਬਹੁਤ ਸਿਆਣਾ ਸਮਝਦਾ ਸੀ, ਪਰ ਉਹ ਤਾਂ ਬਹੁਤ ਨਾਸਮਝਦਾਰ  ਨਿਕਲਿਆ ' । ਬਰਤਾਨਵੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਅਮਰੀਕਾ ਜਪਾਨ ਤੋਂ ਬਦਲਾ ਲੈਣ ਲਈ ਉਸ ਨੂੰ ਤਬਾਹ ਕਰਨਾ ਚਾਹੁੰਦਾ ਸੀ ਤਾਂ ਬੰਬ ਨਹੀਂ ਸੁੱਟਣੇ ਚਾਹੀਦੇ ਸੀ, ਸਗੋਂ ਭਾਰਤ ਤੋਂ ਚਾਰ ਬ੍ਰਾਹਮਣ ਲਿਜਾਕੇ ਉਥੇ ਛੱਡ ਆਉਣੇ ਚਾਹੀਦੇ ਸਨ, ਜਪਾਨ ਆਪਣੇ ਆਪ ਤਬਾਹ ਹੋ ਜਾਣਾ ਸੀ । ' ਬਰਤਾਨਵੀ ਪ੍ਰਧਾਨ ਮੰਤਰੀ ਨੇ ਦਿਲ ਦੀ ਗੱਲ ਕਰਦਿਆਂ ਦੱਸਿਆ ਕਿ ਜੇਕਰ ਬਰਤਾਨੀਆ ਨੇ ਭਾਰਤ ਉਪਰ 200 ਸਾਲ ਤੱਕ ਰਾਜ ਕੀਤਾ ਹੈ ਤਾਂ ਦੇਸ਼ ਵਿੱਚ ਲਾਗੂ ਬ੍ਰਾਹਮਣਵਾਦੀ ਵਿਚਾਰਧਾਰਾ ਕਰਕੇ ਹੀ ਕੀਤਾ ਹੈ ।' ਅਖਬਾਰ ਲਿਖਦਾ ਹੈ ਕਿ ਬਰਤਾਨਵੀ ਪ੍ਰਧਾਨ ਮੰਤਰੀ ਅਨੁਸਾਰ ਜੇ ਕਿਸੇ ਦੇਸ਼ ਨੂੰ ਤਬਾਹ ਕਰਨਾ ਹੈ ਤਾਂ ਉਥੇ ਬੰਬ ਸੁੱਟਣ ਦੀ ਕੋਈ ਲੋੜ ਨਹੀਂ ਹੈ, ਉਥੇ  ਬ੍ਰਾਹਮਣਵਾਦੀ ਵਿਚਾਰਧਾਰਾ ਨੂੰ ਲਾਗੂ ਕਰਨਾ ਹੀ ਬਹੁਤ ਵੱਡਾ ਬੰਬ ਹੈ। ਅਖਬਾਰ ਇਹ ਵੀ ਲਿਖਦਾ ਹੈ ਕਿ ਦੇਸ਼ ਵਿੱਚ ਜਿੰਨੇ ਵੀ ਹਿੰਦੂ ਹਨ ਉਹਨਾਂ  ਵਿੱਚ  74.5  ਫੀਸਦੀ ਤੋਂ ਵੱਧ ਅਨੁਸੂਚਿਤ ਜਾਤੀਆਂ, ਜਨ ਜਾਤੀਆਂ ਅਤੇ ਪੱਛੜੀਆਂ ਜਾਤੀਆਂ ਨਾਲ ਸਬੰਧਤ ਲੋਕ ਹਨ,ਭਾਵ 25.5 ਫੀਸਦੀ ਹੀ ਉੱਚ ਜਾਤੀਆਂ ਨਾਲ ਸਬੰਧਤ ਹਿੰਦੂ ਹਨ। ਅਖਬਾਰ ਮੁਤਾਬਿਕ ਬ੍ਰਾਹਮਣਵਾਦੀ ਵਿਚਾਰਧਾਰਾ ਦੇਸ਼ ਨੂੰ ਖੁਸ਼ਹਾਲੀ ਵੱਲ ਲਿਜਾਣ ਦੀ ਬਿਜਾਏ ਪਿਛਾਂਹ ਵੱਲ ਲਿਜਾ ਰਹੀ ਹੈ। 

ਬਾਬਾ ਸਾਹਿਬ ਡਾ ਅੰਬੇਦਕਰ ਇੱਕ ਉੱਘੇ ਸਮਾਜ ਵਿਗਿਆਨੀ ਸਨ, ਉਨ੍ਹਾਂ ਨੇ ਸਾਰੇ ਧਰਮਾਂ ਦਾ ਬਹੁਤ ਹੀ ਬਰੀਕੀ ਨਾਲ ਅਧਿਐਨ ਕੀਤਾ ਹੋਇਆ ਸੀ ਜਦੋਂ ਕਿ ਉਨ੍ਹਾਂ ਦਾ ਹਿੰਦੂ ਧਰਮ ਬਾਰੇ ਤਾਂ ਬਹੁਤ ਹੀ ਡੂੰਘਾ ਅਧਿਐਨ ਸੀ, ਜਿਸ ਕਰਕੇ ਉਹ ਕਹਿੰਦੇ ਸਨ ਕਿ 'ਮੈਂ ਹਿੰਦੂ ਧਰਮ ਵਿੱਚ ਪੈਦਾ ਜਰੂਰ ਹੋਇਆਂ ਹਾਂ, ਪਰ ਮਰਾਂਗਾ ਨਹੀਂ '।ਡਾ ਅੰਬੇਦਕਰ ਭਲੀ ਭਾਂਤ ਜਾਣ ਗਏ ਸਨ ਕਿ ਦੇਸ਼ ਵਿੱਚ ਅੱਜ ਜੇ ਦਲਿਤਾਂ ਦੀ ਜਿੰਦਗੀ ਨਰਕ ਭਰੀ ਹੋਈ ਹੈ ਤਾਂ ਇਹ ਹਿੰਦੂਵਾਦੀ ਵਿਵਸਥਾ ਕਰਕੇ ਹੈ, ਕਿਉਂਕਿ ਹਿੰਦੂਵਾਦ ਜਾਤ ਪਾਤ ਦੇ ਢਾਂਚੇ ਉੱਤੇ ਸਥਾਪਿਤ ਹੈ। ਮਨੂ-ਸਿਮਰਤੀ ਨੇ ਦੇਸ਼ ਵਿੱਚ ਜਾਤ ਪਾਤ ਦੀਆਂ ਉੱਚੀਆਂ ਉੱਚੀਆਂ ਕੰਧਾਂ ਖੜੀਆਂ ਕਰਕੇ ਸਮਾਜ ਨੂੰ ਖੋਖਲਾ ਕਰ ਕੇ ਰੱਖ ਦਿੱਤਾ ਹੈ। ਡਾ ਅੰਬੇਦਕਰ ਨੇ ਸਿੱਖ ਧਰਮ ਦਾ ਅਧਿਐਨ ਕਰਨ ਤੋਂ ਬਾਅਦ ਵੇਖਿਆ ਕਿ ਸਿੱਖ ਧਰਮ ਮਾਨਵਤਾ ਦੀ ਗੱਲ ਕਰਦਾ ਹੈ, ਇਸ ਲਈ ਲਈ ਉਨ੍ਹਾਂ ਨੇ ਸਿੱਖ ਧਰਮ ਗ੍ਰਹਿਣ ਕਰਨ ਲਈ ਮਨ ਤਿਆਰ ਕੀਤਾ, ਪਰ ਉਸ ਵੇਲੇ ਦੇ ਸਿੱਖ ਧਰਮ ਦੇ ਠੇਕੇਦਾਰਾਂ ਨੇ ਉਨ੍ਹਾਂ ਨੂੰ ਸਿੱਖ ਬਣਨ ਤੋਂ ਰੋਕਣ ਲਈ ਰਾਹ ਵਿੱਚ ਤਰਾਂ ਤਰਾਂ ਦੇ ਅੜਿੱਕੇ ਢਾਹੇ, ਜਿਸ ਕਰਕੇ ਉਹ ਸਿੱਖ ਧਰਮ ਵਿੱਚ ਪ੍ਰਵੇਸ਼ ਨਾ ਕਰ ਸਕੇ। ਉਸ ਵੇਲੇ ਜੇ ਡਾ ਅੰਬੇਦਕਰ ਸਿੱਖ ਬਣ ਜਾਂਦੇ ਤਾਂ ਅੱਜ ਪੂਰੇ ਭਾਰਤ ਵਿੱਚ ਸਿੱਖਾਂ ਦਾ ਬੋਲਬਾਲਾ ਹੋਣਾ ਸੀ। ਜਦੋ ਸਿੱਖ ਧਰਮ ਦੇ ਠੇਕੇਦਾਰਾਂ ਨੇ ਡਾ ਅੰਬੇਦਕਰ ਨੂੰ ਸਿੱਖ ਬਣਨ ਤੋਂ ਰੋਕਿਆ ਤਾਂ ਉਹ ਬੁੱਧ ਧਰਮ ਵਿੱਚ ਪ੍ਰਵੇਸ਼ ਕਰ ਗਏ, ਕਿਉਂਕਿ ਉਹਨਾਂ ਨੇ ਬੁੱਧ ਧਰਮ ਦਾ ਅਧਿਐਨ ਵੀ ਬਹੁਤ ਡੂੰਘਾਈ ਵਿਚ ਕੀਤਾ ਹੋਇਆ ਸੀ, ਕਿ ਬੁੱਧ ਧਰਮ ਮਾਨਵਤਾ ਦੀ ਭਲਾਈ ਉਪਰ ਖੜਾ ਹੈ, ਇਸ ਵਿਚ ਵਰਨ ਵਿਵਸਥਾ ਨਹੀਂ ਹੈ। 

ਸੱਚ ਤਾਂ ਇਹ ਹੈ ਕਿ ਜਦੋਂ ਤੱਕ ਦੇਸ਼ ਵਿੱਚ 'ਭਾਰਤੀ ਸੰਵਿਧਾਨ ' ਦੀ ਥਾਂ ਬ੍ਰਾਹਮਣਵਾਦੀ ਵਿਚਾਰਧਾਰਾ  ਦੀਆਂ ਨੀਂਹਾਂ ਪੱਕੀਆਂ ਕਰਨ ਵਾਲੀ ਮਨੂ-ਸਿਮਰਤੀ ਲਾਗੂ ਹੈ, ਦੇਸ਼ ਵਿੱਚ ਖੁਸ਼ਹਾਲੀ ਲਿਆਉਣਾ ਅਸੰਭਵ ਜਾਪਦਾ ਹੈ। ਮਨੂ-ਸਿਮਰਤੀ ਲਾਗੂ ਹੋਣ ਕਰਕੇ ਦੇਸ਼ ਵਿੱਚ ਕਦੀ ਧਰਮ ਦੇ ਨਾਂ 'ਤੇ ਕਦੀ ਜਾਤ ਪਾਤ ਦੇ ਨਾਂ 'ਤੇ ਅਤੇ ਕਦੀ ਇਲਾਕਾਵਾਦ ਦੇ ਨਾਂ 'ਤੇ ਦੰਗੇ ਫਸਾਦਾਂ ਦਾ ਸਿਲਸਲਾ ਚਲਦਾ ਰਹੇਗਾ। ਜਦੋਂਕਿ ਦੇਸ਼ ਵਿੱਚ ਏਕਤਾ ,ਅਖੰਡਤਾ ਅਤੇ ਭਾਈਚਾਰਕ ਸਾਂਝ ਬਣਾ ਕੇ ਰੱਖਣ ਲਈ ਡਾ ਅੰਬੇਦਕਰ ਦੁਆਰਾ ਰਚਿਤ 'ਭਾਰਤੀ ਸੰਵਿਧਾਨ ' ਨੂੰ ਸਹੀ ਢੰਗ ਨਾਲ ਲਾਗੂ ਕਰਨਾ ਚਾਹੀਦਾ ਹੈ। ਭਾਰਤੀ ਸੰਵਿਧਾਨ ਨੇ ਦੇਸ਼ ਨੂੰ ਇਕ ਮੁੱਠੀ ਵਿੱਚ ਬੰਦ ਕਰ ਕੇ ਰੱਖਿਆ ਹੋਇਆ ਹੈ। ਭਾਰਤੀ ਸੰਵਿਧਾਨ ਦੇਸ਼ ਦੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਲਈ ਪਾਬੰਦ ਹੈ। ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਪਿਛਲੇ 70-71ਸਾਲਾਂ ਤੋਂ ਦੇਸ਼ ਨੂੰ ਖੇਰੂੰ ਖੇਰੂੰ ਹੋਣ ਤੋਂ ਬਚਾ ਕੇ ਰੱਖਣ ਵਾਲੇ ' ਭਾਰਤੀ ਸੰਵਿਧਾਨ ' ਦੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ ਹੈ,ਜਦੋਂ ਕਿ ਭਾਰਤੀ ਸੰਵਿਧਾਨ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ। 

-ਸੁਖਦੇਵ ਸਲੇਮਪੁਰੀ 

09780620233

 

ਕੈਪਟਨ ਸਰਕਾਰ ਤੀਜੇ ਸਾਲ ਵੀ ਸੂਬੇ ਦੀ ਵਿੱਤੀ ਹਾਲਤ ਸੁਧਾਰਨ ਵਿਚ ਸਫਲ ਨਹੀਂ ਹੋਈ

ਚੰਡੀਗੜ੍ਹ, ਦਸੰਬਰ 2019- ( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

ਕੈਪਟਨ ਸਰਕਾਰ ਨੂੰ ਤੀਜੇ ਸਾਲ ਵੀ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਵਾਸਤੇ ਕਰਜ਼ਾ ਲੈਣ ਦਾ ਜੁਗਾੜ ਕਰਨਾ ਪੈ ਰਿਹਾ ਹੈ। ਸੂਬੇ ਸਿਰ ਕਰਜ਼ੇ ਦਾ ਬੋਝ ਸਵਾ ਦੋ ਲੱਖ ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ। ਸ਼ਰਾਬ ਸਮੇਤ ਹੋਰ ਸਾਧਨਾਂ ਤੋਂ ਮਾਲੀਆ ਵਧਣ ਦੀ ਜਗ੍ਹਾ ਘਟਿਆ ਹੈ। ਵਿੱਤ ਮੰਤਰੀ ਅਤੇ ਮੁੱਖ ਮੰਤਰੀ ਵੱਲੋਂ ਜੀਐੱਸਟੀ ਲਾਗੂ ਕਰਨ ਲਈ ਹੁੱਬ-ਹੁੱਬ ਕੇ ਕੀਤੀ ਗਈ ਹਮਾਇਤ ਦਾ ਕੋਈ ਨਤੀਜਾ ਨਹੀਂ ਨਿਕਲਿਆ, ਸਗੋਂ ਜੀਐੱਸਟੀ ਦਾ ਪੈਸਾ ਲੈਣ ਲਈ ਕੇਂਦਰ ਸਰਕਾਰ ਦੇ ਦਰ ’ਤੇ ਵਾਰ ਵਾਰ ਗੇੜੇ ਕੱਢਣੇ ਪੈ ਰਹੇ ਹਨ।
ਆਰਥਿਕ ਮੰਦਹਾਲੀ ਦੇ ਦੌਰ ਕਾਰਨ ਕੇਂਦਰ ਸਰਕਾਰ ਸੂਬਿਆਂ ਨੂੰ ਜੀਐੱਸਟੀ ਦਾ ਪੈਸਾ ਸਮੇਂ ਸਿਰ ਦੇਣ ਤੋਂ ਟਾਲਾ ਵੱਟਦੀ ਰਹਿੰਦੀ ਹੈ। ਪੰਜਾਬ ਸਰਕਾਰ ਨੇ ਕੇਂਦਰ ਕੋਲੋਂ 6100 ਕਰੋੜ ਰੁਪਏ ਲੈਣੇ ਹਨ ਪਰ ਹਾਲੇ ਤੱਕ ਇਸ ਦਾ ਤੀਜਾ ਹਿੱਸਾ ਹੀ ਦਿੱਤਾ ਗਿਆ ਹੈ। ਜਦੋਂ ਤੱਕ ਅਨਾਜ ਦੇ 31,000 ਕਰੋੜ ਰੁਪਏ ਦੇ ਕਰਜ਼ੇ ਦਾ ਨਿਪਟਾਰਾ ਨਹੀਂ ਹੁੰਦਾ, ਓਦੋਂ ਤੱਕ ਪੰਜਾਬ ਸਰਕਾਰ ਨੂੰ ਰਾਹਤ ਨਹੀਂ ਮਿਲੇਗੀ।
ਕੈਪਟਨ ਸਰਕਾਰ ਨੇ ਛੋਟੇ ਤੇ ਸੀਮਾਂਤ ਕਿਸਾਨਾਂ ਲਈ ਕਰਜ਼ਾ ਮੁਆਫੀ ਲਾਗੂ ਕਰ ਕੇ ਆਪਣੇ ਚੋਣ ਵਾਅਦੇ ਨੂੰ ਲਾਗੂ ਕਰਨ ਦੀ ਦਿਸ਼ਾ ’ਚ ਠੀਕ ਕਦਮ ਚੁੱਕਿਆ ਪਰ ਇਸ ਦੇ ਬਾਵਜੁੂਦ ਕਿਸਾਨਾਂ ਦੀਆਂ ਖੁਦਕੁਸ਼ੀਆਂ ਜਾਰੀ ਹਨ। ਇਸ ਕਰਕੇ ਖੁਦਕੁਸ਼ੀਆਂ ਦੇ ਵਰਤਾਰੇ ਨੂੰ ਰੋਕਣ ਲਈ ਕੁਝ ਹੋਰ ਕਰਨ ਦੀ ਲੋੜ ਹੈ। ਕਰਜ਼ਾ ਮੁਆਫੀ ਸਕੀਮ ਦਾ ਲਾਹਾ ਸਾਰੇ ਕਿਸਾਨਾਂ ਨੂੰ ਨਹੀਂ ਮਿਲ ਸਕਿਆ।
ਪਿਛਲੀ ਸਰਕਾਰ ਦੇ ਮੁਕਾਬਲੇ ਅਮਨ-ਕਾਨੂੰਨ ਦੀ ਸਥਿਤੀ ਵਿਚ ਸੁਧਾਰ ਹੋਇਆ ਹੈ ਤੇ ਨਾਮੀ ਗੈਂਗਸਟਰ ਜਾਂ ਤਾਂ ਮੁਕਾਬਲਿਆਂ ਵਿਚ ਮਾਰੇ ਗਏ ਜਾਂ ਜੇਲ੍ਹਾਂ ਵਿੱਚ ਬੰਦ ਹਨ ਤੇ ਜਾਂ ਦੁਬਕ ਗਏ ਹਨ। ਇਸ ਨਾਲ ਫਿਰੌਤੀਆਂ ਮੰਗਣ ਦੇ ਮਾਮਲਿਆਂ ਵਿੱਚ ਵੀ ਕਮੀ ਆਈ ਹੈ। ਜੇਲ੍ਹਾਂ ਦੀ ਸਥਿਤੀ ਵਿੱਚ ਵੀ ਪਿਛਲੀ ਸਰਕਾਰ ਦੇ ਮੁਕਾਬਲੇ ਸੁਧਾਰ ਹੋਇਆ ਹੈ। ਇਸ ਮਾਮਲੇ ’ਚ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਸਖ਼ਤੀ ਕੁਝ ਰੰਗ ਲਿਆਈ ਹੈ ਪਰ ਹਾਲੇ ਵੀ ਬਹੁਤ ਕੁਝ ਕਰਨ ਦੀ ਲੋੜ ਹੈ। ਬੇਅਦਬੀ ਵਰਗੇ ਸੰਵੇਦਨਸ਼ੀਲ ਮਾਮਲੇ ਸਿਰੇ ਨਹੀਂ ਲੱਗ ਸਕੇ, ਜਿਸ ਕਰਕੇ ਕੈਪਟਨ ਸਰਕਾਰ ਨੂੰ ਜਵਾਬਦੇਹ ਹੋਣਾ ਪੈ ਰਿਹਾ ਹੈ। ਬਰਗਾੜੀ ਮੋਰਚਾ ਉਠਾਉਣ ਸਮੇਂ ਕੀਤਾ ਵਾਅਦਾ ਵੀ ਵਫਾ ਨਹੀਂ ਹੋ ਸਕਿਆ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵੀ ਲਾਗੂ ਨਹੀਂ ਹੋ ਸਕੀ। ਬੇਅਦਬੀ ਦੇ ਮਾਮਲਿਆਂ ਬਾਰੇ ਇਕ ਪਾਸੇ ਪੰਜਾਬ ਪੁਲੀਸ ਦੀ ਟਾਸਕ ਫੋਰਸ ਅਤੇ ਦੂਜੇ ਪਾਸੇ ਸੀਬੀਆਈ ਵੱਲੋਂ ਜਾਂਚ ਜਾਰੀ ਹੈ। ਟਾਸਕ ਫੋਰਸ ਨੇ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਚ ਗੋਲੀਕਾਂਡ ਬਾਰੇ 80 ਫੀਸਦੀ ਚਲਾਨ ਫਰੀਦਕਟ ਦੀ ਅਦਾਲਤ ਵਿਚ ਪੇਸ਼ ਕਰ ਦਿੱਤਾ ਹੈ ਤੇ ਇਸ ਚਲਾਨ ਦਾ ਅਹਿਮ ਹਿੱਸਾ ਪੇਸ਼ ਕੀਤਾ ਜਾਣਾ ਹਾਲੇ ਬਾਕੀ ਹੈ। ਇਸ ਗੱਲ ਨੂੰ ਲੈ ਕੇ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਹ ਹਿੱਸਾ ਪੇਸ਼ ਕੀਤਾ ਜਾਵੇਗਾ ਜਾਂ ਨਹੀਂ।
ਕੈਪਟਨ ਨੇ ਵਾਅਦਾ ਕੀਤਾ ਸੀ ਕਿ 28 ਦਿਨਾਂ ਵਿੱਚ ਸੂਬੇ ’ਚੋਂ ਨਸ਼ਾ ਖ਼ਤਮ ਕਰ ਦਿੱਤਾ ਜਾਵੇਗਾ ਪਰ ਹੁਣ 28 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ ਪਰ ਹਾਲੇ ਨਸ਼ੇ ਦੀ ਸਮੱਸਿਆ ਸੂਬੇ ਵਿੱਚ ਓਸੇ ਤਰ੍ਹਾਂ ਬਰਕਰਾਰ ਹੈ। ਸਖਤੀ ਦੇ ਬਾਵਜੂਦ ਨਸ਼ੀਲੇ ਪਦਾਰਥਾਂ ਦੀ ਤਸਕਰੀ ਜਾਰੀ ਹੈ।
ਕੈਪਟਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪਾਰਦਰਸ਼ੀ ਪ੍ਰਬੰਧ ਦੇਣ, ਮਾਫੀਆ ਰਾਜ ਖਤਮ ਕਰਨ ਸਮੇਤ ਹੋਰ ਬਹੁਤ ਸਾਰੇ ਵਾਅਦੇ ਕੀਤੇ ਸਨ ਪਰ ਬਹੁਤੇ ਵਾਅਦੇ ਪੂਰੇ ਨਹੀਂ ਹੋ ਸਕੇ ਤੇ ਭ੍ਰਿਸ਼ਟਾਚਾਰ ਪਹਿਲਾਂ ਵਾਂਗ ਹੀ ਜਾਰੀ ਹੈ। ਇਸ ਗੱਲ ਨੂੰ ਕਾਂਗਰਸ ਦੇ ਕੁਝ ਵਿਧਾਇਕ ਤੇ ਮੰਤਰੀ ਪ੍ਰਵਾਨ ਵੀ ਕਰਦੇ ਹਨ। ਟਰਾਂਸਪੋਰਟ ਦੇ ਖੇਤਰ ਵਿੱਚ ਕੋਈ ਸੁਧਾਰ ਨਹੀਂ ਆਇਆ। ਰੇਤ ਮਾਫੀਆ ਦੀਆਂ ਅਕਸਰ ਰਿਪੋਰਟਾਂ ਛਪਦੀਆਂ ਰਹਿੰਦੀਆਂ ਹਨ। ਕੇਬਲ ਮਾਫੀਆ ਦਾ ਮਾਮਲਾ ਵੀ ਪਹਿਲਾਂ ਵਾਂਗ ਹੀ ਹੈ। ਬਿਜਲੀ ਸਮਝੌਤੇ ਮੁੜ ਨਾ ਵਿਚਾਰਨ ਕਰਕੇ ਲੋਕਾਂ ’ਤੇ ਬਿਜਲੀ ਦਰਾਂ ਦਾ ਵਾਧੂ ਭਾਰ ਪੈ ਗਿਆ ਹੈ। ਕਾਂਗਰਸ ਪਾਰਟੀ ਅਤੇ ਕੈਪਟਨ ਸਰਕਾਰ ਵਿਚਾਲੇ ਸਬੰਧ ਸ਼ੁਰੂ ਤੋਂ ਚਰਚਾ ਦਾ ਵਿਸ਼ਾ ਬਣੇ ਰਹੇ ਹਨ ਤੇ ਕਾਂਗਰਸ ਵਿਧਾਇਕਾਂ ਦੀਆਂ ਜਿੰਨੀਆਂ ਵੀ ਮੀਟਿੰਗਾਂ ਮੁੱਖ ਮੰਤਰੀ ਨਾਲ ਹੋਈਆਂ ਹਨ, ਲਗਭਗ ਹਰ ਮੀਟਿੰਗ ਵਿੱਚ ਅਫਸਰਸ਼ਾਹੀ ਦੇ ਭਾਰੂ ਰਹਿਣ ਦਾ ਮੁੱਦਾ ਸਾਹਮਣੇ ਆਇਆ ਹੈ। ਮੁੱਖ ਮੰਤਰੀ ਨੇ ਕੁੱਝ ਮੌਕਿਆਂ ’ਤੇ ਅਧਿਕਾਰੀਆਂ ਨੂੰ ਵਿਧਾਇਕਾਂ ਨੂੰ ਬਣਦਾ ਮਾਨ ਸਨਮਾਨ ਦੇਣ ਲਈ ਕਿਹਾ ਹੈ ਪਰ ਫਿਰ ਵੀ ਸਥਿਤੀ ਵਿੱਚ ਖਾਸ ਸੁਧਾਰ ਨਹੀਂ ਹੋਇਆ।

26 ਵਾਂ ਸਲਾਨਾ ਟੂਰਨਾਮੈਂਟ ਧੂਮ ਧੜੱਕੇ ਨਾਲ ਸੁਰੂ

ਥਾਣਾ ਮੁਖੀ ਮੋਹਰ ਸਿੰਘ ਨੇ ਕੀਤਾ ਉਦਘਾਟਨ

ਬਰਨਾਲਾ, ਦਸੰਬਰ(ਗੁਰਸੇਵਕ ਸਿੰਘ ਸੋਹੀ) ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਫੁੱਟਬਾਲ ਅਤੇ ਸਪੋਰਟਸ ਕਲੱਬ (ਰਜਿ:) ਮਹਿਲ ਕਲਾਂ ਸਮੂਹ ਐਨ ਆਰ ਆਈ ਵੀਰਾਂ ਅਤੇ ਨਗਰ ਨਿਵਾਸਆਿ ਦੇ ਸਹਿਯੋਗ ਨਾਲ 26 ਵਾਂ ਸਲਾਨਾ ਸਾਨਦਾਰ ਪੇਂਡੂ ਖੇਡ ਮੇਲਾ ਅੱਜ ਧੂਮ ਧੜੱਕੇ ਨਾਲ ਸੁਰੂ ਹੋ ਗਿਆ ਹੈ। ਜਿਸ ਦਾ ਉਦਘਾਟਨ  ਗੁਰਦੁਆਰਾ ਸਾਹਿਬ ਦੇ ਪ੍ਰਧਾਨ  ਸੇਰ ਸਿੰਘ ਖਾਲਸਾ ਦੇ ਅਰਦਾਸ ਕਰਨ ਉਪਰੰਤ  ਥਾਣਾ ਮਹਿਲ ਕਲਾਂ ਦੇ ਮੁੱਖ ਅਫਸਰ ਮੋਹਰ ਸਿੰਘ ਨੇ ਰੀਬਨ  ਕੱਟ ਅਤੇ ਹਵਾ ਵਿੱਚ ਗੁਬਾਰੇ ਛੱਡ ਕੇ ਕੀਤਾ। ਇਸ ਮੌਕੇ ਬੋਲਦਿਆਂ ਥਾਣਾ ਮੁਖੀ  ਮੋਹਰ ਸਿੰਘ ਨੇ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਹਿਮ ਅੰਗ ਸਾਨੂੰ ਭੈੜੇ ਨਸ਼ਿਆਂ ਦਾ ਤਿਆਗ ਕਰਕੇ  ਖੇਡਾਂ ਵੱਲ ਜਾਣਾ ਚਾਹੀਦਾ ਹੈ ।ਕਿਉਂਕਿ ਖੇਡਾਂ ਜਿੱਥੇ ਸਾਨੂੰ ਨਸ਼ਿਆਂ ਤੋਂ ਬਚਾਉਂਦੀਆਂ ਹਨ, ਉੱਥੇ ਸਾਡੇ ਸਰੀਰ ਨੂੰ ਬਿਮਾਰੀਆਂ ਤੋਂ ਦੂਰ ਰੱਖ   ਤੰਦਰੁਸਤ ਬਣਾਈ ਰੱਖਦੀਆਂ ਹਨ । ਇਸ ਮੌਕੇ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰੈੱਸ ਸਕੱਤਰ ਬਲਜਿੰਦਰ ਪ੍ਰਭੂ ਤੇ ਰਾਜੂ ਕੈਨੇਡਾ ਨੇ ਦੱਸਿਆ ਕਿ ਅੱਜ ਫੁੱਟਬਾਲ ਦੀਆਂ ਟੀਮਾਂ ਦੇ ਮੈਚ ਸ਼ੁਰੂ ਕਰਵਾਏ ਗਏ ਹਨl ਉਨ੍ਹਾਂ ਦੱਸਿਆ ਕਿ  27 ਦਸੰਬਰ ਨੂੰ ਫੁੱਟਬਾਲ ਦੇ ਮੁਕਾਬਲੇ, 28 ਦਸੰਬਰ ਕਬੱਡੀ 55 ਕਿਲੋਂ, ਵਾਲੀਬਾਲ ਸੂਟਿੰਗ , 29 ਦਸੰਬਰ ਨੂੰ ਕਬੱਡੀ 75 ਕਿਲੋਂ  ਅਤੇ ਟਰਾਲੀ ਬੈਕ ਅਤੇ ਅਖਰੀਲੇ ਦਿਨ 30ਦਸੰਬਰ ਨੂੰ ਕਬੱਡੀ ਓਪਨ ਦੇ ਮੈਚਾਂ ਚ ਪੰਜਾਬ ਦੇ ਨਾਮੀ ਖਿਡਾਰੀ ਆਪਣੀ ਕਲਾ ਦਾ ਪ੍ਰਦਰਸਨ ਕਰਨਗੇ। ਇਸ ਮੌਕੇ ਕਲੱਬ ਚੇਅਰਮੈਨ ਰਜਿੰਦਰ ਸਿੰਗਲਾ, ਕਨਵੀਨਰ ਵਰਿੰਦਰ ਪੱਪੂ, ਮੁੱਖ ਸਲਾਹਕਾਰ ਰਵਿੰਦਰ ਰਵੀ, ਵਾਇਸ ਚੇਅਰਮੈਨ ਬੱਬੂ ਸਰਮਾ, ਵਾਇਸ ਪਰਧਾਨ ਜਗਦੀਪ ਸਰਮਾ,ਖਜਾਨਚੀ ਹਰਪਾਲ ਸਿੰਘ ਪਾਲਾ, ਸੁਖਦੀਪ ਸੀਪਾ, ਟੋਨੀ ਸਿੱਧੂ, ਅਮਰੀਕ ਸਿੰਘ,ਮਨਦੀਪ ਸਿੰਘ, ਮਾਸਟਰ ਰਵਿੰਦਰ ਸਿੰਘ ਰਵੀ, ਕੋਚ ਗੁਰਦੀਪ ਸਿੰਘ, ਫੌਜੀ ਜਗਰੂਪ ਸਿੰਘ,  ਸੋਨੀ,ਮੋਟੋ,ਜਸਵੀਰ,ਹੈਪੀ,ਭੂਰੀ,ਬੱਬੂ,ਪ੍ਰਿੰਸ,ਜੱਸੀ,ਮਨੀ,ਲੱਕੀ ,ਹਰੀ ਸਿੰਘ ਚੀਮਾਂ ਆਦਿ ਕਲੱਬ ਅਹੁਦੇਦਾਰ ਹਾਜਰ ਸਨ।

70ਵੀਂ ਸੀਨੀਅਰ ਰਾਸ਼ਟਰੀ ਬਾਸਕਿਟਬਾਲ ਚੈਂਪੀਅਨਸ਼ਿਪ ਦੀ ਜੇਤੂ ਪੰਜਾਬ ਦੀ ਟੀਮ ਨੂੰ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਵੱਲੋਂ ਵਧਾਈ

ਸੂਬੇ ਦਾ ਨਾਮ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਚਮਕਾਉਣ ਵਾਲੇ ਖ਼ਿਡਾਰੀਆਂ ਨੂੰ ਸੂਬਾ ਸਰਕਾਰ ਨੌਕਰੀਆਂ ਨਾਲ ਨਿਵਾਜ਼ੇਗੀ-ਰਾਣਾ ਗੁਰਮੀਤ ਸਿੰਘ ਸੋਢੀ
ਲੁਧਿਆਣਾ, ਦਸੰਬਰ 2019- (ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਐਲਾਨ ਕੀਤਾ ਹੈ ਕਿ ਜੋ ਖ਼ਿਡਾਰੀ ਸੂਬੇ ਦਾ ਨਾਮ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਚਮਕਾਉਣਗੇ, ਉਨਾਂ ਖ਼ਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਨੌਕਰੀਆਂ ਅਤੇ ਨਗਦ ਇਨਾਮਾਂ ਨਾਲ ਨਿਵਾਜ਼ਿਆ ਜਾਵੇਗਾ। ਉਹ ਅੱਜ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਸੰਪੰਨ ਹੋਈ 70ਵੀਂ ਸੀਨੀਅਰ ਰਾਸ਼ਟਰੀ ਬਾਸਕਿਟਬਾਲ ਚੈਂਪੀਅਨਸ਼ਿਪ ਦੇ ਇਨਾਮ ਵੰਡ ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਇਸੇ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਉੱਚਤਮ ਦਰਜੇ ਦੀਆਂ ਖੇਡ ਸਹੂਲਤਾਂ ਮੁਹੱਈਆ ਕਰਵਾਉਣ ਲਈ ਦ੍ਰਿੜ ਵਚਨਬੱਧ ਹੈ ਤਾਂ ਜੋ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵਧੀਆ ਪ੍ਰਦਰਸ਼ਨ ਕਰਕੇ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕਰ ਸਕਣ। ਇਸ ਮੌਕੇ ਹਾਜ਼ਰ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਲੋਕ ਸਭਾ ਮੈਂਬਰ ਸ੍ਰੀ ਮਨੀਸ਼ ਤਿਵਾੜੀ ਨੇ ਪੰਜਾਬ ਦੀ ਲੜਕਿਆਂ ਦੀ ਜੇਤੂ ਰਹੇ ਟੀਮ ਸਮੇਤ ਹੋਰ ਸਾਰੀਆਂ ਟੀਮਾਂ ਨੂੰ ਵਧਾਈ ਦਿੱਤੀ। ਸੋਢੀ ਨੇ ਕਿਹਾ ਕਿ ਇਸ ਚੈਂਪੀਅਨਸ਼ਿਪ ਵਿੱਚ ਲੜਕਿਆਂ ਦੇ ਵਰਗ ਵਿੱਚ 30 ਟੀਮਾਂ ਅਤੇ ਲੜਕੀਆਂ ਦੇ ਵਰਗ ਵਿੱਚ 26 ਟੀਮਾਂ ਨੇ ਭਾਗ ਲਿਆ। ਪੂਰੀ ਚੈਂਪੀਅਨਸ਼ਿਪ ਦੌਰਾਨ 150 ਮੈਚ ਖੇਡੇ ਗਏ। ਇਸ ਚੈਂਪੀਅਨਸ਼ਿਪ ਲਈ ਭਾਰਤੀ ਬਾਸਕਿਟਬਾਲ ਫੈੱਡਰੇਸ਼ਨ ਵੱਲੋਂ 100 ਤਕਨੀਕੀ ਮਾਹਿਰਾਂ ਅਤੇ ਰੈਫਰੀਆਂ ਦੀ ਡਿਊਟੀ ਲਗਾਈ ਗਈ ਸੀ। ਅੱਜ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਦੇ ਫਾਈਨਲ ਮੁਕਾਬਲੇ ਕਰਵਾਏ ਗਏ। ਇਹ ਚੈਂਪੀਅਨਸ਼ਿਪ ਦੌਰਾਨ 21 ਤੋਂ 28 ਦਸੰਬਰ ਤੱਕ ਕਰਵਾਏ ਗਏ ਮੁਕਾਬਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਨ। ਲੜਕਿਆਂ ਦੇ ਫਾਈਨਲ ਮੁਕਾਬਲੇ ਵਿੱਚ ਪੰਜਾਬ ਨੇ ਤਾਮਿਲਨਾਡੂ ਦੀ ਟੀਮ ਨੂੰ 93-75 ਅੰਕਾਂ ਦੇ ਫਰਕ ਨਾਲ ਹਰਾਇਆ। ਪੰਜਾਬ ਦੀ ਟੀਮ ਵੱਲੋਂ ਅਰਸ਼ਪ੍ਰੀਤ ਸਿੰਘ ਭੁੱਲਰ ਵੱਲੋਂ 33 ਅੰਕ ਹਾਸਿਲ ਕੀਤੇ ਗਏ। ਲੜਕੀਆਂ ਦੇ ਵਰਗ ਵਿੱਚ ਭਾਰਤੀ ਰੇਲਵੇ ਦੀ ਟੀਮ ਨੇ ਕੇਰਲਾ ਨੂੰ 68-55 ਅੰਕਾਂ ਦੇ ਫਰਕ ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਬਾਸਕਿਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਰਾਜਦੀਪ ਸਿੰਘ ਗਿੱਲ, ਸਕੱਤਰ ਤੇਜਾ ਸਿੰਘ ਧਾਲੀਵਾਲ, ਪ੍ਰਬੰਧਕੀ ਸਕੱਤਰ ਕਮ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ, ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਚੇਅਰਮੈਨ ਪਵਨ ਦੀਵਾਨ, ਅਰਜੁਨਾ ਅਵਾਰਡੀ ਪਰਮਿੰਦਰ ਸਿੰਘ, ਸ੍ਰੀਮਤੀ ਸੁਮਨ ਸ਼ਰਮਾ, ਐੱਨ. ਬੀ. ਏ. ਖ਼ਿਡਾਰੀ ਸਤਨਾਮ ਸਿੰਘ ਭੰਮਰਾ, ਹਾਕੀ ਉਲੰਪੀਅਨ ਹਰਦੀਪ ਸਿੰਘ ਗਰੇਵਾਲ, ਦ੍ਰੋਣਾਚਾਰੀਆ ਅਵਾਰਡੀ ਬਲਦੇਵ ਸਿੰਘ ਸ਼ਾਹਬਾਦ ਮਾਰਕੰਡਾ, ਫਿਲਮ ਅਦਾਕਾਰਾ ਨਿਰਮਲ ਰਿਸ਼ੀ, ਸਮਾਜ ਸੇਵੀ ਐੱਸ. ਪੀ. ਐੱਸ. ਓਬਰਾਏ, ਗੁਰਜੀਤ ਸਿੰਘ ਰੋਮਾਣਾ, ਜੇ. ਪੀ. ਸਿੰਘ ਅਤੇ ਹੋਰ ਹਾਜ਼ਰ ਸਨ।

 

ਸਲੇਮਪੁਰੀ ਦੀ ਚੂੰਢੀ - ਉਪਮਾ ! 

ਸਲੇਮਪੁਰੀ ਦੀ ਚੂੰਢੀ -

ਉਪਮਾ ! 

ਹੇ ਗੁਰੂ ਗੋਬਿੰਦ ਸਿੰਘ ! 

ਤੇਰੀਆਂ ਲਾਸਾਨੀ ਕੁਰਬਾਨੀਆਂ 

ਦੀ ਉਪਮਾ ਲਈ 

ਸ਼ਬਦ ਕਿੱਥੋਂ ਲੱਭ ਲਿਆਵਾਂ? 

ਸਿਆਹੀ ਕਿਹੜੇ ਦੇਸ਼ੋਂ ਮੰਗਵਾਵਾਂ? 

ਕਿਥੋਂ ਕਾਗਜ ਢੂੰਡ ਲਿਆਵਾਂ? 

ਮਜ਼ਲੂਮਾਂ ਲਈ 

ਤੂੰ ਪਿਤਾ ਵਾਰਿਆ! 

ਪੁੱਤ ਵਾਰੇ! 

ਤੂੰ ਪਰਿਵਾਰ ਵਾਰਿਆ! 

ਤੂੰ ਸਰਬੰਸ ਵਾਰਿਆ!

 ਸੱਭ ਕੁੱਝ ਵਾਰਿਆ! 

ਤੂੰ ਸੱਭ ਕੁੱਝ ਲੁਟਾਇਆ !

ਸੱਭ ਕੁੱਝ ਗੁਆਇਆ! 

ਤੂੰ ਗਿੱਦੜਾਂ ਤੋਂ ਸ਼ੇਰ ਮਰਵਾਏ! 

ਤੂੰ ਚਿੜੀਆਂ ਤੋਂ ਬਾਜ ਬਣਾਏ! 

ਤੂੰ  ਕਦੀ 'ਸੀ' ਨਾ ਕੀਤੀ, 

ਤੂੰ ਆਪਾ ਵਾਰਿਆ!

ਤੂੰ ਜੰਗਲਾਂ 'ਚ

'ਕੱਲਾ ਘੁੰਮਿਆ , 

ਤੂੰ ਫਿਰ ਵੀ ਨਾ ਹਾਰਿਆ! 

ਹੇ! ਦਸਮ ਪਿਤਾ 

ਤੇਰੀਆਂ ਕੁਰਬਾਨੀਆਂ 

ਦੀ ਉਪਮਾ ਕਿਵੇਂ ਕਰਾਂ? 

ਕਾਗਜ਼ ਕਿਥੋਂ ਢੂੰਡ ਲਿਆਵਾਂ?    

ਸਿਆਹੀ ਕਿਥੋਂ ਦੱਸ ਮੰਗਵਾਵਾਂ? 

ਸ਼ਬਦ ਕਿੱਥੋਂ ਲੱਭ ਲਿਆਵਾਂ? 

ਸਾਰੀ ਧਰਤੀ ਕਾਗਜ ਬਣਾਵਾਂ, 

ਸੰਸਾਰ ਚੋਂ 

ਸਿਆਹੀ ਮੰਗ ਲਿਆਵਾਂ, 

 ਲਾਇਬ੍ਰੇਰੀਆਂ 'ਚੋਂ ਸ਼ਬਦ ਲਿਆਵਾਂ ,

ਤਾਂ ਵੀ ਉਪਮਾ 

ਕਰ ਨਾ ਪਾਵਾਂ! 

ਵਾਹ ਤੂੰ! 

ਵਾਹ ਤੇਰੀਆਂ ਕੁਰਬਾਨੀਆਂ!! 

ਤੇਰੇ ਜਿਹਾ 

ਕੋਈ ਹੋਰ ਨਾ ਡਿੱਠਾ!

ਤੂੰ ਹਰ ਭਾਣੇ ਨੂੰ, 

ਮੰਨਿਆ ਮਿੱਠਾ!!

ਤੇਰੇ ਜਿਹਾ, 

ਕੋਈ ਹੋਰ ਨਾ ਡਿੱਠਾ!!!

- ਸੁਖਦੇਵ ਸਲੇਮਪੁਰੀ    

ਦਸਮੇਸ਼ ਪੈਦਲ ਮਾਰਚ  ਸ੍ਰੀ ਚਮਕੌਰ ਸਾਹਿਬ ਤੋ ਅਗਲੇ ਪੜਾ ਵੱਲ Video

ਚਮਕੌਰ ਸਾਹਿਬ, ਦਸੰਬਰ 2019 -(ਇਕਬਲ ਸਿੰਘ ਸਿੱਧੂ/ਮਨਜਿੰਦਰ ਗਿੱਲ)-

ਸ੍ਰੀ ਅਨੰਦਪੁਰ ਸਾਹਿਬ ਤੋਂ ਗੁਰਦੁਆਰਾ ਮੈਹਦੇਆਣਾ ਸਾਹਿਬ ਲਈ 22 ਦਸੰਬਰ ਨੂੰ ਰਵਾਨਾ ਹੋਏ ਅਲੌਕਿਕ ਦਸਮੇਸ਼ ਪੈਦਲ ਮਾਰਚ ਦਾ ਬੀਤੀ ਰਾਤ ਸ੍ਰੀ ਚਮਕੌਰ ਸਾਹਿਬ ਪੁੱਜਣ 'ਤੇ ਭਰਵਾਂ ਸਵਾਗਤ ਕੀਤਾ ਗਿਆ । ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਅਤੇ ਗੁ: ਮੈਹਦੇਆਣਾ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਕੁਲਵੰਤ ਸਿੰਘ ਲੱਖਾ ਦੇ ਪ੍ਰਬੰਧਾਂ ਹੇਠ ਪੁੱਜੇ ਇਸ ਨਗਰ ਕੀਰਤਨ 'ਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਿਲ੍ਹਾ ਅਨੰਦਗੜ੍ਹ ਸਾਹਿਬ ਛੱਡਣ ਦੇ ਬਿਰਤਾਂਤ ਨੂੰ ਦਰਸਾਉਂਦੀਆਂ ਆਦਮ ਕੱਦ ਤਸਵੀਰਾਂ ਸਜੀਆਂ ਟਰਾਲੀਆਂ ਰਾਤ ਨੂੰ ਬਹੁਤ ਹੀ ਅਲੌਕਿਕ ਨਜ਼ਾਰਾ ਪੇਸ਼ ਕਰ ਰਹੀਆਂ ਸਨ । ਗੁਰਦੁਆਰਾ ਸ੍ਰੀ ਮਹਿਦੇਆਣਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਾਜਿੰਦਰ ਸਿੰਘ ਰਾਜਾ ਰਸੂਲਪੁਰੀ ਪੂਰੇ ਬਿਰਤਾਂਤ ਨੂੰ ਆਪਣੀ ਆਵਾਜ਼ ਵਿਚ ਪੇਸ਼ ਕਰਦੇ ਨਾਲ ਚੱਲ ਰਹੇ ਸਨ । ਇਸ ਮਾਰਚ 'ਚ ਹਾਥੀ ਘੋੜੇ, ਊਠ ਵੀ ਸ਼ਾਮਿਲ ਸਨ । ਇਹ ਪੈਦਲ ਮਾਰਚ ਮੰਗਲਵਾਰ ਰਾਤ ਨੂੰ ਨੇੜਲੇ ਪਿੰਡ ਦੁਗਰੀ ਵਿਖੇ ਰਾਤ ਦਾ ਵਿਸ਼ਰਾਮ ਕਰਨ ਉਪਰੰਤ ਬੁੱਧਵਾਰ ਦੇਰ ਰਾਤ ਇੱਥੇ ਪੁੱਜਾ ਤੇ ਰਾਤ ਦੇ ਵਿਸ਼ਰਾਮ ਤੋਂ ਬਾਦ ਅੱਜ ਦੁਪਹਿਰ 1 ਵਜੇ ਇੱਥੋਂ ਸ੍ਰੀ ਝਾੜ ਸਾਹਿਬ ਲਈ ਰਵਾਨਾ ਹੋਇਆ ਰਵਾਨਾ ਹੋਣ ਮੌਕੇ ਮੈਨੇਜਰ ਭਾਈ ਮਹਿੰਦਰ ਸਿੰਘ ਚੌਹਾਨਕੇ, ਹੈੱਡ ਗੰ੍ਰਥੀ ਗਿਆਨੀ ਮੇਜਰ ਸਿੰਘ, ਭਾਈ ਗੁਰਇਕਬਾਲ ਸਿੰਘ ਮਾਨ, ਭਾਈ ਮਨਜੀਤ ਸਿੰਘ, ਭਾਈ ਨਰਿੰਦਰ ਸਿੰਘ ਸੋਲਖੀਆਂ, ਜਸਵੀਰ ਸਿੰਘ ਸੈਦਪੁਰ, ਪ੍ਰਧਾਨ ਜਗੀਰ ਸਿੰਘ ਖੋਖਰ, ਕਰਨੈਲ ਸਿੰਘ ਫਤਿਹਪੁਰ ਬੇਟ, ਬਹਾਦਰ ਸਿੰਘ ਲੱਖਾ, ਜਸਵੀਰ ਸਿੰਘ ਮੁਲਾਂਪੁਰੀ, ਸੁਖਦੇਵ ਸਿੰਘ ਦੇੜਕਾ, ਅਜੈਬ ਸਿੰਘ ਯੁਪੀ, ਗੁਰਸੇਵਕ ਸਿੰਘ ਲੱਖਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ ।ਨਗਰ ਕੀਰਤਨ ਦੀ ਆਮਦ 'ਤੇ ਸਾਰੇ ਸਥਾਨਕ ਨਹਿਰ ਸਰਹਿੰਦ ਦੇ ਪੁਲ ਗੁ: ਸ੍ਰੀ ਅਮਰਗੜ੍ਹ ਸਾਹਿਬ ਦੇ ਪ੍ਰਬੰਧਕਾਂ ਵਲੋਂ ਦੁੱਧ ਆਦਿ ਦੇ ਲੰਗਰ ਲਗਾਏ ਹੋਏ ਸਨ । ਇਸੇ ਤਰ੍ਹਾਂ ਪਿੰਡ ਬਸੀ ਗੁਜਰਾਂ, ਰਾਏਪੁਰ, ਜੰਡ ਸਾਹਿਬ, ਧੋਲਰਾਂ, ਮੁੰਡੀਆਂ, ਗੱਗੋਂ, ਤਾਲਾਪੁਰ, ਸੱਲ੍ਹੋਮਾਜਰਾ ਪਿੰਡਾਂ ਵਿਚ ਵੀ ਭਰਵਾਂ ਸਵਾਗਤ ਕੀਤਾ ਗਿਆ ।

ਮਹੰਤ ਜੁਝਾਰ ਸਿੰਘ ਦੀ ਸਾਲਾਨਾ ਬਰਸੀ ਮਨਾਈ

ਠੀਕਰੀਵਾਲ ਪਰਿਵਾਰ ਨੇ ਹਮੇਸ਼ਾਂ ਲੋੜਵੰਦਾਂ ਦੀ ਮਦਦ , ਵਿੱਦਿਆ ਅਤੇ ਧਰਮ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਇਆ -ਧਾਰਮਿਕ ਆਗੁੂ

ਬਰਨਾਲਾ , ਦਸੰਬਰ 2019-(ਗੁਰਸੇਵਕ ਸਿੰਘ ਸੋਹੀ)-

ਨਿਰਮਲਾ ਡੇਰਾ ਪਿੰਡ ਠੀਕਰੀਵਾਲ ਵਿਖੇ ਡੇਰੇ ਦੇ ਮੁੱਖ ਸੇਵਾਦਾਰ ਮਹੰਤ ਗੁਰਮੀਤ ਸਿੰਘ ਠੀਕਰੀਵਾਲਾ ਦੀ ਅਗਵਾਈ ਹੇਠ ਗੁਰੂ ਮਹੰਤ ਜੁਝਾਰ ਸਿੰਘ ਦੀ ਸਾਲਾਨਾ 66 ਵੀਂ ਬਰਸੀ  ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਈ ਗਈ । ਜਿਸ ਵਿਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਤੋਂ ਇਲਾਵਾ ਪੰਜਾਬ ਦੇ ਵੱਖ -ਵੱਖ ਨਿਰਮਲ ਮੰਡਲ ਨਾਲ ਜੁੜੇ ਡੇਰਿਆਂ ਦੇ ਮੁਖੀਆਂ ਵੱਲੋਂ ਵੱਡੀ ਗਿਣਤੀ ਚ ਸ਼ਮੂਲੀਅਤ ਕੀਤੀ ਗਈ । ਸ੍ਰੀ ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ  ਭੋਗ ਪਾਏ ਗਏ । ਇਸ ਮੌਕੇ ਬੋਲਦਿਆਂ ਵੱਖ ਵੱਖ ਧਾਰਮਿਕ ਆਗੂਆਂ ਨੇ ਕਿਹਾ ਕਿ ਠੀਕਰੀਵਾਲ ਪਰਿਵਾਰ ਵਧਾਈ ਦਾ ਪਾਤਰ ਹੈ ਜੋ ਪਿਛਲੇ ਲੰਬੇ ਸਮੇਂ ਤੋਂ ਸਾਡੇ ਸਤਿਕਾਰਯੋਗ ਮਹੰਤ ਜੁਝਾਰ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ  ਲੈ ਕੇ ਬਰਸੀ  ਮਨਾਉਂਦੇ ਆ ਰਹੇ ਹਨ । ਉਨ੍ਹਾਂ ਕਿਹਾ ਕਿ ਅੱਜ ਦਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਮਹੰਤ ਗੁਰਮੀਤ ਸਿੰਘ ਜੀ ਦਾ ਸਮੁੱਚੇ ਪੰਜਾਬ ਵਿੱਚ ਕਿੰਨਾ ਪਿਆਰ ਹੈ l ਉਨ੍ਹਾਂ ਕਿਹਾ ਕਿ ਮਹੰਤ ਜੁਝਾਰ ਸਿੰਘ ਜੀ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਮਾਤਾ ਪ੍ਰੀਤਮ ਕੌਰ ,ਮਹੰਤ ਗੁਰਮੀਤ ਸਿੰਘ ਅਤੇ ਮਹੰਤ ਮਨਜੀਤ ਸਿੰਘ ਜਿੱਥੇ ਨਿਰਮਲਾ ਭੇਖ ਮੰਡਲ ਦੀਆਂ ਹਰ ਸੇਵਾਵਾਂ ਵਿੱਚ ਆਪਣਾ ਜਿਕਰਯੋਗ ਯੋਗਦਾਨ ਪਾਉਂਦੇ ਹਨ ਤੇ ਉਕਤ ਡੇਰੇ ਨੂੰ ਬੜੀ ਹੀ ਤਨਦੇਹੀ ਤੇ ਸ਼ਰਧਾ ਨਾਲ ਸੇਵਾ ਨਿਭਾ ਰਹੇ ਹਨ ,ਉੱਥੇ ਮਹੰਤ ਗੁਰਮੀਤ ਸਿੰਘ ਵੱਲੋਂ ਵਿੱਦਿਆ ਖੇਤਰ ਵਿਚ ਵੀ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ ।  ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਸਮੁੱਚਾ ਪਰਿਵਾਰ ਹਮੇਸ਼ਾ ਲੋੜਵੰਦ ਅਤੇ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਕੇ ਤਨੋ, ਮਨੋਂ ਅਤੇ ਧਨੋਂ ਜ਼ਿਕਰਯੋਗ ਯੋਗਦਾਨ ਪਾਉਂਦਾ ਆ ਰਿਹਾ ਹੈ । ਸਮਾਗਮ ਦੇ ਅਖੀਰ ਚ ਡੇਰੇ ਦੇ ਮੁੱਖ ਪ੍ਰਬੰਧਕ ਮਹੰਤ ਗੁਰਮੀਤ ਸਿੰਘ ਠੀਕਰੀਵਾਲ ਨੇ ਸਾਰੀਆਂ ਆਈਆਂ ਹੋਈਆਂ ਸੰਗਤਾਂ ਅਤੇ ਸਾਧੂ ਮਹੰਤਾਂ ਦਾ ਧੰਨਵਾਦ ਕੀਤਾ ।ਇਸ ਮੌਕੇ ਮਹੰਤ ਹਾਕਮ ਸਿੰਘ ਗੰਡਾਸਿੰਘਵਾਲਾ ,ਮਹੰਤ ਯਾਦਵਿੰਦਰ ਸਿੰਘ ਚੰਨਣਵਾਲ' ਮਹੰਤ ਈਸ਼ਰ ਸਿੰਘਾ ਮਹੰਤ ਬਲਦੇਵ ਸਿੰਘ ਸੰਘੇੜਾ, ਡੀਐਸਪੀ ਰਾਜੇਸ਼ ਛਿੱਬਰ, ਚੇਅਰਪਰਸਨ ਬਲਾਕ ਸੰਮਤੀ ਸਰਬਜੀਤ ਕੌਰ ਖੁੱਡੀ ,ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਹਰਦੇਵ ਸਿੰਘ ਸਰਾਂ, ਰਣਜੀਤ ਸਿੰਘ ਕਲਾਲਾ, ਬਲਾਕ ਪ੍ਰਧਾਨ ਕਾਂਗਰਸ ਤੇਜਪਾਲ ਸਿੰਘ ਸੱਦੋਵਾਲ, ਸਾਬਕਾ ਚੇਅਰਮੈਨ ਰਾਜਵਿੰਦਰ ਸਿੰਘ ਰਾਜੂ ਠੀਕਰੀਵਾਲ, ਐਸਐਚਓ ਬਲਜੀਤ ਸਿੰਘ ਢਿੱਲੋਂ, ਐਸਐਚਓ ਜਗਜੀਤ ਸਿੰਘ, ਕੁਲਦੀਪ ਸਿੰਘ ਸੰਧੂ, ਆੜ੍ਹਤੀਆ ਸੁਭਾਸ਼ ਕੁਮਾਰ ਕੁੁਰੜ ਵਾਲੇ ਸਮੇਤ ਵੱਡੀ ਗਿਣਤੀ ਵਿੱਚ ਸਾਧੂ, ਮਹੰਤ ਅਤੇ  ਪੰਜਾਬ ਭਰ ਦੀਆਂ ਸੰਗਤਾਂ ਹਾਜ਼ਰ ਸਨ ।

ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਦੇ ਧਾਰਮਿਕ ਦੀਵਾਨ 28 ਨੂੰ ਬਰਨਾਲਾ ਚ - ਪ੍ਰਧਾਨ ਸੰਧੂ

ਬਰਨਾਲਾ , ਦਸੰਬਰ 2019-(ਗੁਰਸੇਵਕ ਸਿੰਘ ਸੋਹੀ)- 

ਦਰਬਾਰ ਸੰਪ੍ਰਦਾਇ ਸੰਤ ਆਸ਼ਰਮ ਲੋਪੋ ਸਾਹਿਬ ਮੋਗਾ ਵਾਲਿਆਂ ਵੱਲੋਂ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਦੇ  ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ  ਪ੍ਰਕਾਸ਼ ਉਸਤਵ ਨੂੰ ਸਮਰਪਿਤ  "ਦਰਬਾਰ ਧਾਰਮਿਕ ਨੂਰੀ" ਦੀਵਾਨ 28 ਅਤੇ 29ਦਸੰਬਰ ਦਿਨ ਸ਼ਨੀਵਾਰ ਤੇ ਐਤਵਾਰ ਨੂੰ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਬਾਬਾ ਕਾਲਾ ਮਾਹਿਰ ਜੀ ਬਰਨਾਲਾ ਵਿਖੇ ਸਜਾਏ ਜਾ ਰਹੇ ਹਨ । ਇਹ ਜਾਣਕਾਰੀ ਪੱਤਰਕਾਰਾਂ ਨੂੰ ਦਿੰਦੇ ਗੁਰਦੁਆਰਾ ਕਮੇਟੀ ਪ੍ਰਧਾਨ ਸੁਰਜੀਤ ਸਿੰਘ ਸੰਧੂ ਖ਼ਜ਼ਾਨਚੀ ਦਵਿੰਦਰ ਸਿੰਘ ਅਤੇ ਅਕਾਊਂਟੈਂਟ ਗੁਰਜੰਟ ਸਿੰਘ ਨੇ ਦੱਸਿਆ ਕਿ 27 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ ਤੇ 29  ਦਸੰਬਰ ਨੂੰ ਭੋਗ ਪਾਏ ਜਾਣਗੇ।  ਉਨ੍ਹਾਂ ਦੱਸਿਆ ਕਿ ਮਿਤੀ 28ਅਤੇ 29 ਦਸੰਬਰ  ਨੂੰ ਢਾਡੀ ਤੇ ਕਵੀਸ਼ਰੀ ਜਥੇ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ1 ਵਜੇ ਤੱਕ ਗੁਰ ਇਤਿਹਾਸ ਸੁਣਾ ਕੇ ਸੰਗਤ ਨੂੰ ਨਿਹਾਲ ਕਰਨਗੇ,  ਉਪਰੰਤ ਸੰਤ ਜਗਜੀਤ ਸਿੰਘ ਜੀ ਲੋਪੋਂ ਵਾਲੇ ਅਮਰ ਕਥਾ ਕਰਨਗੇ । ਉਨ੍ਹਾਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਕਤ ਸਮਾਗਮ ਵਿੱਚ ਪਰਿਵਾਰਾਂ ਸਮੇਤ ਪੁੱਜ ਕੇ ਆਪਣਾ ਜੀਵਨ ਸਫਲ ਕਰੋ ।

 

ਅੱਜ ਦੇ ਦਿਨ ਦਾ ਇਤਿਹਾਸ : ਮਿਤੀ 26 ਦਸੰਬਰ, (11 ਪੋਹ) 

ਨਿੱਕੀਆਂ ਜ਼ਿੰਦਾਂ ਵੱਡਾ ਸਾਕਾ - ਸ਼ਹੀਦੀ ਸਾਕੇ ਦਾ ਛੇਵਾਂ ਦਿਨ 

ਅੱਜ ਦੇ ਦਿਨ ਦਾ ਇਤਿਹਾਸ : ਮਿਤੀ 26 ਦਸੰਬਰ, (11 ਪੋਹ) 

ਅੱਜ ਦੇ ਦਿਨ, ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਸੂਬੇਦਾਰ ਨਵਾਬ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। 

ਛੋਟੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖ਼ਾਨ ਨੇ ਧਰਮ ਬਦਲਣ ਲਈ ਡਰਾਇਆ ਅਤੇ ਲਾਲਚ ਵੀ ਦਿੱਤੇ ਪਰ ਉਹ ਨਿੱਕੀਆਂ ਜ਼ਿੰਦਾਂ ਅਡੋਲ ਰਹੀਆਂ। 

ਮੋਤੀ ਰਾਮ ਮਹਿਰਾ ਜੀ ਨੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਦੀ ਮਹਾਨ ਸੇਵਾ ਜਾਰੀ ਰੱਖੀ। ਮਾਤਾ ਜੀ ਅਤੇ ਸਾਹਿਬਜ਼ਾਦਿਆਂ ਤੱਕ ਪਹੁੰਚਣ ਦਾ ਪ੍ਰਬੰਧ ਕਰਨ ਲਈ ਉਸਨੇ ਆਪਣੀ ਘਰਵਾਲੀ ਦੇ ਗਹਿਣੇ ਅਤੇ ਘਰ ਤੱਕ ਵੇਚ ਦਿੱਤਾ।

ਮਾਤਾ ਗੁਜਰ ਕੌਰ ਜੀ ਨੇ ਪਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਿਆ ਅਤੇ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ) ਨਾਲ ਠੰਢੇ ਬੁਰਜ ਵਿੱਚ ਰਹੇ।

ਅੱਜ ਦੇ ਇਤਿਹਾਸ ਤੋਂ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ ਕਿ ਜਿਵੇਂ ਨਿੱਕੀਆਂ ਜ਼ਿੰਦਾਂ ਨੇ ਵਜ਼ੀਰ ਖਾਨ ਦੇ ਲਾਲਚ ਅਤੇ ਡਰਾਵੇ ਅੱਗੇ ਆਪਣਾ ਧਰਮ ਨਹੀਂ ਹਾਰਿਆ ਅਤੇ ਅਡੋਲ ਰਹੇ, ਇਸੇ ਤਰ੍ਹਾਂ ਸਾਨੂੰ ਵੀ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਲਈ ਦ੍ਰਿੜ੍ਹ ਹੋਣਾ ਚਾਹੀਦਾ ਹੈ। 

ਆਓ ਅੱਜ ਆਪਾਂ ਵੀ ਇਹ ਪ੍ਰਣ ਕਰੀਏ ਕਿ ਅਸੀਂ ਵੀ ਮਾਤਾ ਗੁਜਰ ਕੌਰ ਜੀ ਦੀ ਤਰ੍ਹਾਂ ਆਪਣੇ ਪਰਿਵਾਰਾਂ ਵਿੱਚ ਬੱਚਿਆਂ ਦੀ ਸੁਚੱਜੀ ਪਰਵਰਿਸ਼ ਕਰਨ ਦੀ ਜ਼ੁੰਮੇਵਾਰੀ ਨਿਭਾਵਾਂਗੇ ਤਾਂ ਜੋ ਸਾਡੇ ਬੱਚੇ ਵੀ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਦੀ ਤਰ੍ਹਾਂ ਗੁਰੂ ਕੌਮ ਦੀ ਸੇਵਾ ਲਈ ਆਪਾ ਵਾਰਨ ਲਈ ਤਿਆਰ ਬਰ ਤਿਆਰ ਹੋ ਸਕਣ। ਇਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। 

ਜੀਵੀਏ ਗੁਰਬਾਣੀ ਨਾਲ ਲਹਿਰ

ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ

officeatampargas@gmail.com

http://www.atampargas.org

99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022

 

ਜਨ ਸਕਤੀ ਨਿਉਜ ਬਹੁਤ ਧੰਨਵਾਦੀ ਹੈ ਜੀਵੀਏ ਗੁਰਬਾਣੀ ਨਾਲ ਲਹਿਰ ,ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ ਦਾ ਅਤੇ ਸ ਹਰਨਰਾਇਣ ਸਿੰਘ ਮੱਲ੍ਹੇਆਣਾ ਜੀ ਜਿਨ੍ਹਾਂ ਇਹ ਭਰਭੂਰ ਜਾਣਕਾਰੀ ਸਾਂਝੀ ਕੀਤੀ-

ਬੀਹਲਾ ਦਾ ਕਬੱਡੀ ਕੱਪ 18 ਜਨਵਰੀ ਤੋਂ ਸ਼ੁਰੂ -ਸਰਪੰਚ ਮਿੰਟੂ ਬੀਹਲਾ

ਬਰਨਾਲਾ,ਦਸੰਬਰ 2019-(/ਗੁਰਸੇਵਕ ਸਿੰਘ ਸੋਹੀ )- ਬਾਬਾ ਬੁੱਢਾ ਦੀ ਟੂਰਨਾਮੈਂਟ ਕਮੇਟੀ,ਯੁਵਕ ਸੇਵਾਵਾਂ ਕਲੱਬ ,ਗ੍ਰਾਮ ਪੰਚਾਇਤ ਸਮੂਹ ਨਗਰ ਨਿਵਾਸੀਆਂ ਤੇ ਐੱਨ ਆਰ ਆਈ  ਵੀਰਾਂ ਦੇ ਸਹਿਯੋਗ ਨਾਲ ਸਾਲਾਨਾ ਕਬੱਡੀ ਕੱਪ ਮਿਤੀ 18,19 ਅਤੇ 20 ਜਨਵਰੀ 2020  ਨੂੰ ਕਰਵਾਇਆ ਜਾ ਰਿਹਾ ਹੈ l ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ     ਉੱਘੇ ਖੇਡ ਪ੍ਰਮੋਟਰ ਤੇ  ਸਰਪੰਚ ਕਿਰਨਜੀਤ ਸਿੰਘ ਮਿੰਟੂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਟੂਰਨਾਮੈਂਟ ਸਭ ਦੇ ਸਹਿਯੋਗ ਨਾਲ ਪਿੰਡ ਬੀਹਲਾ  ਦੇ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ । ਜਿਸ ਵਿੱਚ ਪੰਜਾਬ ਦੀਆਂ ਚੋਟੀ ਦੀਆਂ ਟੀਮਾਂ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੀਆਂ। ਉਨ੍ਹਾਂ  ਸਮੂਹ ਕਬੱਡੀ ਪ੍ਰੇਮੀਆਂ ਨੂੰ ਇਸ ਕਬੱਡੀ ਕੱਪ ਵਿੱਚ ਵੱਡੀ ਗਿਣਤੀ ਵਿੱਚ ਪੁੱਜਣ ਦੀ ਅਪੀਲ ਕੀਤੀ ।

ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ ਵੰਡ ਰਿਹਾ ਹਲਕੇ ਚ ਵਿੱਦਿਆ ਰੂਪੀ ਚਾਨਣ- ਗੋਇਲ

ਬਰਨਾਲਾ, ਦਸੰਬਰ 2019 -(ਗੁਰਸੇਵਕ ਸਿੰਘ ਸੋਹੀ )-  ਹਲਕੇ ਦੀ ਮੰਨੀ ਪ੍ਰਮੰਨੀ ਨਾਮਵਰ ਵਿੱਦਿਅਕ ਸੰਸਥਾ ਤੇ ਆਧੁਨਿਕ ਸਹੂਲਤਾਂ ਨਾਲ ਲੈਸ ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਜੋ ਕਿ ਪੇਂਡੂ ਖੇਤਰ ਅੰਦਰ ਵਿੱਦਿਆ ਰੂਪੀ ਚਾਨ਼ਣ ਵੰਡ ਰਿਹਾ ਹੈl ਇਹ ਵਿਚਾਰ ਗੁਰਪ੍ਰੀਤ ਹੌਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਦੇ ਮੈਨੇਜਿੰਗ ਡਾਇਰੈਕਟਰ ਸੁਸ਼ੀਲ ਕੁਮਾਰ ਗੋਇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇl ਉਨ੍ਹਾਂ ਕਿਹਾ ਕਿ ਇਸ ਸੰਸਥਾ ਦਾ ਮਿਸ਼ਨ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣਾ ਹੈ, ਇਸ ਮਿਸ਼ਨ ਨੂੰ ਪੂਰਾ ਕਰਨ ਲਈ ਵਿਦਿਆਰਥੀਆਂ ਨੂੰ ਆਈਲੈਟਸ ਲੈਬ, ਸਾਇੰਸ ਲੈਬ, ਮੈਥ ਲੈਬ ,ਕੰਪਿਊਟਰ ਲੈਬ ,ਏਸੀ, ਬਿਲਡਿੰਗ  ( ਲਿਟਲਗੀਗਲਜ  ), ਲਾਇਬ੍ਰੇਰੀ ,ਮਿਊਜ਼ਿਕ ਰੂਮ ,ਆਰਟ ਰੂਮ, ਡਾਂਸ ਰੂਮ ਅਤੇ ਵਧੀਆ ਟਰਾਂਸਪੋਰਟ ਸਹੂਲਤ ਆਦਿ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ,ਜਿੱਥੇ ਤਜ਼ਰਬੇਕਾਰ ਸਟਾਫ਼ ਵੱਲੋਂ ਵਿਦਿਆਰਥੀਆਂ ਨੂੰ ਵਧੀਆ ਵਿੱਦਿਆ ਦਿੱਤੀ ਜਾਂਦੀ ਹੈ, ਉੱਥੇ ਤੰਦਰੁਸਤ ਸਿਹਤ ਨੂੰ ਧਿਆਨ ਚ ਰੱਖਦੇ ਹੋਏ ਹਰ ਸਾਲ  ਬਾਂਸਲ ਨੇ ਕਿਹਾ ਕਿ ਇਹ ਸੰਸਥਾ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਹਮੇਸ਼ਾਂ ਕੰਮ ਕਰਦੀ ਰਹੇਗੀ ਤੇ ਇਸ ਸਕੂਲ ਵਿੱਚ ਦੂਸਰੇ ਸਕੂਲਾਂ ਤੋਂ ਇਲਾਵਾ ਵਧੀਆ ਪੜ੍ਹਾਈ ਕਰਵਾਈ ਜਾ ਰਹੀ ਹੈ, ਇਸ ਸਕੂਲ ਦਾ ਨਤੀਜਾ ਹਰ ਸਾਲ ਸੌ ਪ੍ਰਤੀਸ਼ਤ ਆਉਂਦਾ ਹੈ ।

ਕਾਂਗਰਸੀ ਆਗੂਆਂ ਖੋਲ੍ਹਿਆ ਬੀਬੀ ਘਨੌਰੀ ਵਿਰੁੱਧ ਮੋਰਚਾ

ਆਉਂਦੇ ਦਿਨਾਂ ਚ ਮਹਿਲ ਕਲਾਂ ਵਿਖੇ ਹਜ਼ਾਰਾਂ ਵਰਕਰਾਂ ਦਾ ਇਕੱਠ ਕਰਕੇ ਕਰਾਂਗੇ ਅਗਲੇ ਸੰਘਰਸ਼ ਦਾ ਐਲਾਨ ਰਾਣਾ,ਠੀਕਰੀਵਾਲ, ਛੀਨੀਵਾਲ

ਬਰਨਾਲਾ, ਦਸੰਬਰ 2019 -(ਗੁਰਸੇਵਕ ਸਿੰਘ ਸੋਹੀ)-

ਹਲਕਾ ਇੰਚਾਰਜ ਮਹਿਲ ਕਲਾਂ ਬੀਬੀ ਹਰਚੰਦ ਕੌਰ ਘਨੌਰੀ ਵਿਰੁੱਧ ਅੱਜ ਪਿੰਡ ਕਲਾਲਾ ਵਿਖੇ ਕਾਂਗਰਸੀ ਆਗੂ ਤੇ ਵਰਕਰਾਂ ਦੀ ਹੰਗਾਮੀ ਮੀਟਿੰਗ ਸਾਬਕਾ ਸਰਪੰਚ ਰਣਜੀਤ ਸਿੰਘ  ਰਾਣਾ ਦੀ ਅਗਵਾਈ ਹੇਠ ਉਨ੍ਹਾਂ ਦੇ ਗ੍ਰਹਿ ਵਿਖੇ ਹੋਈ ।ਇਸ ਮੌਕੇ ਪੱਤਰਕਾਰਾਂ ਗੱਲਬਾਤ ਕਰਦਿਆਂ ਸਾਬਕਾ ਬਲਾਕ ਪ੍ਰਧਾਨ ਨਿਰਭੈ ਸਿੰਘ ਛੀਨੀਵਾਲ ,ਸਾਬਕਾ ਸਰਪੰਚ ਪ੍ਰਗਟ ਸਿੰਘ ਠੀਕਰੀਵਾਲ ,ਰਣਜੀਤ  ਸਿੰਘ ਕਲਾਲਾ ਨੇ ਕਿਹਾ ਕਿ ਮਹਿਲ ਕਲਾਂ ਦੀ ਜੋ ਹਲਕਾ ਇੰਚਾਰਜ ਹੈ ,ਉਹ ਪੁਰਾਣੇ ਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਵਾਲੇ ਵਰਕਰਾਂ ਦੀ ਅਣਦੇਖੀ ਕਰਕੇ ਅਹੁਦਿਆਂ ਦੇ ਭੁੱਖੇ, ਦਲ ਬਦਲੂ ਅਤੇ ਚਾਪਲੂਸੀ ਕਰਨ ਵਾਲੇ ਵਰਕਰਾਂ  ਨੂੰ ਤਰਜੀਹ ਦੇ ਰਹੀ ਹੈ । ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਜੋ  ਬਲਾਕ ਸੰਮਤੀ ਮਹਿਲ ਕਲਾਂ ਦੇ ਚੇਅਰਮੈਨ ਦੀ ਚੋਣ ਹੋਈ ਹੈ ਉਹ ਪੈਸੇ ਲੈ ਕੇ ਦਿੱਤੀ ਹੈ ,ਜਿਨ੍ਹਾਂ ਦਾ ਪਾਰਟੀ ਨਾਲ ਕੋਈ ਬਹੁਤ ਵਸਤਾ ਅਤੇ ਕੁਝ ਸਮਾਂ ਪਹਿਲਾਂ ਉਹ ਅਕਾਲੀ ਦਲ ਪਾਰਟੀ ਵਿੱਚੋਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ । ਉਨ੍ਹਾਂ ਕਿਹਾ ਕਿ ਅਸੀਂ ਪਾਰਟੀ ਪ੍ਰਧਾਨ ਸੁਨੀਲ ਜਾਖੜ ਕੋਲ ਪਾਰਟੀ ਵਰਕਰਾਂ ਨਾਲ ਮਿਲਣੀ ਸਮੇਂ ਇਹ ਗੱਲ ਕਹੀ ਸੀ ਕਿ ਚੇਅਰਮੈਨੀ ਪੈਸੇ ਲੈ ਕੇ ਦਿੱਤੀ ਗਈ ਹੈ ।ਪਰ ਅੱਜ ਕੁਝ ਅਖ਼ਬਾਰਾਂ ਵਿੱਚ ਉਨਾਂ  ਖ਼ਬਰਾਂ ਲੱਗਵਾਈਆਂ  ਹਨ ਕਿ ਅਸੀਂ ਚੇਅਰਮੈਨ ਲਈ ਕੋਈ 7 ਲੱਖ ਰੁਪਏ ਨਹੀਂ ਦਿੱਤੇ l ਜਿਸ ਤੋਂ ਸਾਬਤ ਹੋ ਗਿਆ ਹੈ ਕਿ ਚੇਅਰਮੈਨੀ ਪੈਸੇ ਲੈ ਕੇ ਦਿੱਤੀ ਗਈ ਹੈ ਅਤੇ ਮਿਹਨਤੀ ਕਾਂਗਰਸੀ ਵਰਕਰਾਂ ਦੀ ਬਲੀ ਦਿੱਤੀ ਗਈ ਹੈ । ਕਾਂਗਰਸੀ ਆਗੂਆਂ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਵਿੱਚ ਮਹਿਲ ਕਲਾਂ ਵਿਖੇ ਹਜ਼ਾਰਾਂ ਕਾਂਗਰਸੀ ਵਰਕਰਾਂ ਦਾ ਇਕੱਠ ਕਰਕੇ ਬੀਬੀ ਘਨੌਰੀ ਵਿਰੁੱਧ "ਹਲਕਾ ਇੰਚਾਰਜ ਭਜਾਓ ਕਾਂਗਰਸ ਬਚਾਓ ਦੇ ਨਾਅਰੇ"  ਹੇਠ ਸੰਘਰਸ਼ ਵਿੱਢਿਆ ਜਾਵੇਗਾ ਅਤੇ ਇਹ ਸੰਘਰਸ਼ ਤੱਕ ਜਾਰੀ ਰਹੇਗਾ ਜਦੋਂ ਤੱਕ ਹਲਕਾ ਇੰਚਾਰਜ ਦੀ ਬਦਲੀ ਨਹੀਂ ਹੋ ਜਾਂਦੀ ।ਉਨ੍ਹਾਂ ਕਿਹਾ ਕਿ ਕੁਝ ਦਿਨਾਂ ਚ ਕਾਂਗਰਸ ਦੇ ਪ੍ਰਧਾਨ ਸਿੰਘ ਜਾਖੜ ਨੂੰ ਵੀ ਮਿਲਿਆ ਜਾਵੇਗਾ ।ਇਸ ਮੌਕੇ ਸਾਬਕਾ ਪੰਚ ਹਰਭਜਨ ਸਿੰਘ ਕਲਾਲਾ, ਪੰਚ ਰਾਜਵਿੰਦਰ ਸਿੰਘ ਰਾਜੂ ,ਸੰਮਤੀ ਮੈਂਬਰ ਨਰੰਜਣ ਸਿੰਘ ਚੀਮਾ ,ਮਲਕੀਤ ਸਿੰਘ ਮਾਨ ਠੀਕਰੀਵਾਲ ,ਡਾਕਟਰ ਗੋਪਾਲ ਸਿੰਘ  , ਮਹੰਤ ਯਾਦਵਿੰਦਰ ਸਿੰਘ ਬੁੱਟਰ ਚੰਨਣਵਾਲ, ਕੁਲਵਿੰਦਰ ਸਿੰਘ, ਜਨਕ ਸਿੰਘ, ਬੂਟਾ ਸਿੰਘ, ਪੰਚ ਸੰਤੋਖ ਸਿੰਘ, ਸੁਖਬੀਰ ਸਿੰਘ, ਰਾਜ ਕੁਮਾਰ ਸਮੇਤ ਵੱਡੀ ਗਿਣਤੀ ਚ ਹਲਕੇ ਦੇ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ ।

ਭਦੌੜ ਵਿਖੇ ਸਾਲਾਨਾ ਚਲ ਰੋਜ਼ਾ ਧਾਰਮਿਕ ਸਮਾਗਮ 30 ਦਸੰਬਰ ਤੋਂ ਸ਼ੁਰੂ -ਮੈਨੇਜਰ ਗਹਿਲ, ਜਥੇਦਾਰ ਚੁੰਘਾਂ

ਬਰਨਾਲਾ, ਦਸੰਬਰ 2019-( ਗੁਰਸੇਵਕ ਸਿੰਘ ਸੋਹੀ)-  ਗੁਰਦੁਆਰਾ ਸਾਹਿਬ ਪਾਤਸ਼ਾਹੀ  ਦਸਵੀਂ ਭਦੌੜ ਵਿਖੇ ਸਾਲਾਨਾ 4 ਰੋਜ਼ਾ ਧਾਰਮਿਕ  ਸਮਾਗਮ ਤੇ ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ।ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ । ਇਹ ਜਾਣਕਾਰੀ ਪੱਤਰਕਾਰਾਂ ਨੂੰ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਅਮਰੀਕ ਸਿੰਘ ਗਹਿਲ ਅਤੇ ਜਥੇਦਾਰ ਬਲਦੇਵ ਸਿੰਘ ਚੂੰਘਾਂ ਨੇ ਦੱਸਿਆ ਕਿ 30 ਦਸੰਬਰ ਨੂੰ ਗੁਰਦੁਆਰਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ । ਜਿਸ ਵਿੱਚ ਗਤਕਾ ਪਾਰਟੀਆਂ, ਫੌਜੀ ਬੈਂਡ ਸਮੇਤ ਪੰਜਾਬ ਦੇ ਪ੍ਰਸਿੱਧ ਰਾਗੀ ਤੇ  ਢਾਡੀ ਜਥੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ ਤੇ । 31 ਦਸੰਬਰ ਨੂੰ  ਸਵੇਰ 10 ਵਜੇ 

 ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਹੋਣਗੇ ਅਤੇ 2 ਜਨਵਰੀ ਨੂੰ 11 ਵਜੇ ਭੋਗ ਪੈਣ ਉਪਰੰਤ ਢਾਡੀ ਦਰਬਾਰ ਸਜੇਗਾ ।ਸਿੱਖ ਆਗੂਆਂ ਨੇ ਦੱਸਿਆ ਕਿ ਮਿਤੀ 1ਜਨਵਰੀ 2020 ਨੂੰ ਅੰਮ੍ਰਿਤ ਸੰਚਾਰ ਵੀ ਕੀਤਾ ਜਾਵੇਗਾ ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ  ਵਿੱਚ ਅੰਮ੍ਰਿਤ ਛਕ  ਗੁਰੂ ਦੇ ਲੜ ਲੱਗ ਕੇ ਆਪਣਾ ਜੀਵਨ ਸਫਲ ਕਰਨ ।

ਅੱਜ ਦੇ ਦਿਨ ਦਾ ਇਤਿਹਾਸ: 10 ਪੋਹ (ਮਿਤੀ 25 ਦਸੰਬਰ) 

ਨਿੱਕੀਆਂ ਜ਼ਿੰਦਾਂ ਵੱਡਾ ਸਾਕਾ - ਸ਼ਹੀਦੀ ਸਾਕੇ ਦਾ ਪੰਜਵਾਂ ਦਿਨ 

ਅੱਜ ਦੇ ਦਿਨ ਦਾ ਇਤਿਹਾਸ: 10 ਪੋਹ (ਮਿਤੀ 25 ਦਸੰਬਰ) 

ਅੱਜ ਦੇ ਦਿਨ ਗੰਗੂ ਬ੍ਰਾਹਮਣ ਦੀ ਅਕ੍ਰਿਤਘਣਤਾ ਸਦਕਾ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ) ਨੂੰ ਮੋਰਿੰਡੇ ਦੇ ਥਾਣੇ ਤੋਂ ਸਰਹਿੰਦ ਵਿਖੇ ਵਜ਼ੀਰ ਖਾਨ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ।

ਅੱਜ ਦੀ ਰਾਤ ਮਾਤਾ ਗੁਜਰ ਕੌਰ ਜੀ ਨੇ ਛੋਟੇ ਸਾਹਿਬਜ਼ਾਦਿਆਂ ਨਾਲ, ਸੂਬਾ ਸਰਹਿੰਦ ਦੀ ਕੈਦ ਵਿੱਚ, ਠੰਢੇ ਬੁਰਜ ਵਿੱਚ ਬਤੀਤ ਕੀਤੀ ਅਤੇ ਰੱਬੀ ਭਾਣੇ ਨੂੰ ਮਿੱਠਾ ਕਰਕੇ ਮੰਨਿਆ।

ਮੋਤੀ ਰਾਮ ਮਹਿਰਾ ਜੀ ਨੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਦੀ ਮਹਾਨ ਸੇਵਾ ਕੀਤੀ। 

ਅੱਜ ਦੇ ਇਤਿਹਾਸ ਤੋਂ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ ਕਿ ਜਿਵੇਂ ਨਿੱਕੀਆਂ ਜ਼ਿੰਦਾਂ ਔਖੇ ਹਾਲਾਤਾਂ ਵਿੱਚ ਵੀ ਘਬਰਾਈਆਂ ਜਾਂ ਡਰੀਆਂ ਨਹੀਂ ਸਗੋਂ ਉਨ੍ਹਾਂ ਨੇ ਪਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਇਸੇ ਤਰ੍ਹਾਂ ਸਾਨੂੰ ਵੀ ਹਰ ਹਾਲਾਤ ਵਿੱਚ ਅਕਾਲ ਪੁਰਖ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਅਤੇ ਉਸਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਚਾਹੀਦਾ ਹੈ।

ਜੀਵੀਏ ਗੁਰਬਾਣੀ ਨਾਲ ਲਹਿਰ

ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ

officeatampargas@gmail.com

http://www.atampargas.org

99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022

ਜਨ ਸਕਤੀ ਨਿਉਜ ਬਹੁਤ ਧੰਨਵਾਦੀ ਹੈ ਜੀਵੀਏ ਗੁਰਬਾਣੀ ਨਾਲ ਲਹਿਰ ,ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ ਦਾ ਅਤੇ ਸ ਹਰਨਰਾਇਣ ਸਿੰਘ ਮੱਲ੍ਹੇਆਣਾ ਜੀ ਜਿਨ੍ਹਾਂ ਇਹ ਭਰਭੂਰ ਜਾਣਕਾਰੀ ਸਾਂਝੀ ਕੀਤੀ-

ਅੱਜ ਦੇ ਦਿਨ ਦਾ ਇਤਿਹਾਸ ਮਿਤੀ: 9 ਪੋਹ (24 ਦਸੰਬਰ)

ਨਿੱਕੀਆਂ ਜ਼ਿੰਦਾਂ ਵੱਡਾ ਸਾਕਾ - ਗੌਰਵਮਈ ਸ਼ਹੀਦੀ ਸਾਕੇ ਦਾ ਚੌਥਾ ਦਿਨ

ਅੱਜ ਦੇ ਦਿਨ ਦਾ ਇਤਿਹਾਸ ਮਿਤੀ: 9 ਪੋਹ (24 ਦਸੰਬਰ)

8 ਅਤੇ 9 ਪੋਹ ਦੀ ਵਿਚਕਾਰਲੀ ਅੱਧੀ ਰਾਤ ਨੂੰ  ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਪੰਜ ਪਿਆਰਿਆਂ ਦੀ ਬੇਨਤੀ ਨੂੰ ਸਵੀਕਾਰ ਕਰਕੇ, ਇੱਕ ਯੋਧੇ ਦੀ ਤਰ੍ਹਾਂ ਤਾੜੀ ਮਾਰ ਕੇ ਦੁਸ਼ਮਣ ਫ਼ੌਜਾਂ ਨੂੰ ਆਪਣੇ ਗੜ੍ਹੀ ਛੱਡਣ ਦਾ ਫੈਸਲਾ ਸੁਣਾ ਕੇ ਕਿ "ਗੁਰੂ ਗੋਬਿੰਦ ਸਿੰਘ ਗੜ੍ਹੀ ਛੱਡ ਕੇ ਜਾ ਰਿਹਾ ਹੈ, ਕੋਈ ਰੋਕ ਸਕਦਾ ਹੈ ਤਾਂ ਰੋਕ ਲਵੇ", ਮਾਛੀਵਾੜੇ ਨੂੰ ਚਲੇ ਗਏ।

ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਜੀ ਵੀ ਗੁਰੂ ਜੀ ਦੀ ਸੇਵਾ ਵਿੱਚ ਗੁਰੂ ਜੀ ਦੇ ਨਾਲ ਹੀ ਗੜ੍ਹੀ ਵਿੱਚੋਂ ਬਾਹਰ ਨਿਕਲੇ ਪਰ ਹਨੇਰੀ ਰਾਤ ਵਿੱਚ ਉਹ ਗੁਰੂ ਜੀ ਨਾਲੋਂ ਵਿਛੜ ਗਏ। 

 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਆਗਿਆ ਅਨੁਸਾਰ ਮਾਛੀਵਾੜੇ ਦੇ ਜੰਗਲ਼ ਵਿੱਚ ਪਹੁੰਚ ਕੇ ਅਰਾਮ ਕੀਤਾ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਵੀ ਸ਼ਾਮ ਤੱਕ ਗੁਰੂ ਜੀ ਕੋਲ ਪਹੁੰਚ ਗਏ।

ਦੂਜੇ ਪਾਸੇ ਗੰਗੂ ਬ੍ਰਾਹਮਣ ਨੇ ਮਾਇਆ ਦੇ ਲਾਲਚ ਵਿੱਚ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ) ਦੀ ਸੂਚਨਾ ਮੁਗਲ ਹਕੂਮਤ ਨੂੰ ਦੇ ਕੇ ਉਨ੍ਹਾਂ ਨੂੰ ਮੋਰਿੰਡੇ ਦੇ ਕੋਤਵਾਲ ਦੇ ਹਵਾਲੇ ਕਰ ਦਿੱਤਾ।

ਸਾਰੇ ਪਰਿਵਾਰ ਦਾ ਵਿਛੜਣਾ, ਵੱਡੇ ਪੁੱਤਰਾਂ ਦਾ ਜੰਗ ਵਿੱਚ ਸ਼ਹੀਦ ਹੋਣਾ, ਮਾਛੀਵਾੜੇ ਦੇ ਜੰਗਲ਼ ਵਿੱਚ ਪਹੁੰਚ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਗੁਰੂ ਜੀ ਦਾ ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਇਸ ਪਲ ਨੂੰ ਮਹਿਸੂਸ ਕਰੀਏ ਤਾਂ ਆਪ ਮੁਹਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਸੀਸ ਝੁਕ ਜਾਂਦਾ ਹੈ। 

ਆਓ ਪ੍ਰਣ ਕਰੀਏ, ਅਸੀਂ ਵੀ ਸਰਬੰਸਦਾਨੀ ਪਿਤਾ ਜੀ ਦੇ ਜੀਵਨ ਤੋਂ ਸੇਧ ਲੈ ਕੇ ਆਪਣੇ ਬੱਚਿਆਂ ਨੂੰ ਸੇਵਾ ਸਿਮਰਨ ਦੀ ਗੁੜ੍ਹਤੀ ਦੇ ਕੇ ਉਨ੍ਹਾਂ ਅੰਦਰ ਦੇਸ਼ ਕੌਮ ਲਈ ਕੁਰਬਾਨ ਹੋਣ ਦੀ ਭਾਵਨਾ ਪੈਦਾ ਕਰਾਂਗੇ। 

ਜੀਵੀਏ ਗੁਰਬਾਣੀ ਨਾਲ ਲਹਿਰ

ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ

officeatampargas@gmail.com

http://www.atampargas.org

99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022

ਜਨ ਸਕਤੀ ਨਿਉਜ ਬਹੁਤ ਧੰਨਵਾਦੀ ਹੈ ਜੀਵੀਏ ਗੁਰਬਾਣੀ ਨਾਲ ਲਹਿਰ ,ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ ਦਾ ਅਤੇ ਸ ਹਰਨਰਾਇਣ ਸਿੰਘ ਮੱਲ੍ਹੇਆਣਾ ਜੀ ਜਿਨ੍ਹਾਂ ਇਹ ਭਰਭੂਰ ਜਾਣਕਾਰੀ ਸਾਂਝੀ ਕੀਤੀ-

ਵਿਦੇਸ਼ ਚ ਵੱਸਦੇ ਪੰਜਾਬੀਆਂ ਦੇ ਮਨੋਵਿਗਿਆਨ ਨੂੰ ਸਮਝਣਾ ਚੁਣੌਤੀ ਭਰਪੂਰ ਕਾਰਜ- ਡਾ:ਐੱਸ ਪੀ ਸਿੰਘ

ਲੁਧਿਆਣਾ, ਦਸੰਬਰ 2019- (ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਐਡੀਲੇਡ(ਆਸਟਰੇਲੀਆ) ਵੱਸਦੇ ਪੰਜਾਬੀ ਮਨੋਵਿਗਿਆਨੀ ਤੇ ਵਾਰਤਕਕਾਰ ਰਿਸ਼ੀ ਗੁਲ੍ਹਾਟੀ ਦੀ ਪੁਸਤਕ ਜ਼ਿੰਦਗੀ ਅਜੇ ਬਾਕੀ ਹੈ ਨੂੰ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵੱਲੋਂ ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਵਿਖੇ ਲੋਕ ਅਪਰਨ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ: ਐੱਸ ਪੀ ਸਿੰਘ ਨੇ ਕਿਹਾ ਹੈ ਕਿ ਵਿਦੇਸ਼ਾਂ ਚ ਵੱਸਦੇ ਪੰਦਾਬੀਆਂ ਦੇ ਮਨੋਵਿਗਿਆਨ ਨੂੰ ਸਮਝਣਾ, ਗੁੰਝਲਾਂ ਨੂੰ ਸੁਲਝਾਉਣਾ ਏਨਾ ਸਹਿਲ ਕਾਰਜ ਨਹੀਂ ਹੈ। ਵਿਸ਼ੇਸ਼ ਸੰਮੋਹਨ ਮੁਹਾਰਤ ਵਿਧੀ ਨਾਲ ਰਿਸ਼ੀ ਗੁਲ੍ਹਾਟੀ ਨੇ ਇਸ ਵਿੱਚ ਮਹੱਤਵਪੂਰਨ ਸਥਾਨ ਬਣਾਇਆ ਹੈ ਅਤੇ ਆਪਣੇ ਤਜ਼ਰਬਿਆਂ ਦੇ ਆਧਾਰ ਤੇ ਜ਼ਿੰਦਗੀ ਅਜੇ ਬਾਕੀ ਹੈ ਪੁਸਤਕ ਦੀ ਸਿਰਜਣਾ ਕੀਤੀ ਹੈ। ਉਨਾਂ ਕਿਹਾ ਕਿ ਆਤਮ ਹੱਤਿਆ ਦੀ ਸੋਚ ,ਆਤਮ ਵਿਸ਼ਵਾਸ ਦੀ ਘਾਟ, ਗੁੱਸਾ, ਬੁਰੀਆਂ ਆਦਤਾਂ ਤੇ ਘਰੇਲੂ ਕਾਟੋ ਕਲੇਸ਼ ਨੇ 21ਵੀਂ ਸਦੀ ਨੂੰ ਪਹਿਲੇ ਦੋ ਦਹਾਕਿਆਂ ਚ ਹੀ ਅਮਰਵੇਲ ਵਾਂਗ ਘੇਰ ਲਿਆ ਹੈ, ਇਸ ਤੋਂ ਮੁਕਤੀ ਲਈ ਦੇਸ਼ ਬਦੇਸ਼ ਚ ਵੱਸਦੇ ਪੰਜਾਬੀਆਂ ਨੂੰ ਅਤਮ ਵਿਸ਼ਵਾਸ ਲਹਿਰ ਚਲਾਉਣ ਦੀ ਲੋੜ ਹੈ। ਇਸ ਮੌਕੇ ਪੁਸਤਕ ਨੂੰ ਆਸ਼ੀਰਵਾਦ ਦਿੰਦਿਆਂ ਪ੍ਰਸਿੱਧ ਇਤਿਹਾਸਕਾਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋ: ਵਾਈਸ ਚਾਂਸਲਰ ਪ੍ਰੋ: ਪਿਰਥੀਪਾਲ ਸਿੰਘ ਕਪੂਰ ਨੇ ਕਿਹਾ ਕਿ ਬਦੇਸ਼ਾਂ ਚ ਰਹਿ ਕੇ ਸਾਹਿੱਤ ਸਿਰਜਣਾ ਕਰਨਾ ਆਸਾਨ ਕੰਮ ਨਹੀਂ ਸਗੋਂ ਤਾਰ ਤੇ ਤੁਰਨ ਬਰਾਬਰ ਹੈ। ਅਸਲ ਚ ਇਹ ਲੋਕ ਮਾਂ ਬੋਲੀ ਦੇ ਪਰਦੇਸ ਚ ਅਣਐਲਾਨੇ ਰਾਜਦੂਤ ਹੁੰਦੇ ਹਨ ਜਿੰਨ੍ਹਾਂ ਦੀ ਸਰਾਹਣਾ ਕਰਨੀ ਬਣਦੀ ਹੈ। ਪਰਵਾਸੀ ਸਾਹਿੱਤ ਅਧਿਐਨ ਕੇਂਦਰ ਨੂੰ ਇਹੋ ਜਹੇ ਲੇਖਕਾਂ ਨਾਲ ਸੰਪਰਕ ਹੋਰ ਵਧਾਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੁਸਤਕ ਦੇ ਮੁੱਢਲੇ ਪੰਨਿਆਂ ਤੇ ਰੰਗੀਨ ਇਸ਼ਤਿਹਾਰਾਂ ਤੋਂ ਗੁਰੇਜ਼ ਕਰਨਾ ਚਾਹੀਦਾ ਸੀ ਕਿਉਂਕਿ ਇਸ ਨਾਲ ਪੁਸਤਕ ਦੀ ਪੜ੍ਹਨ ਵਾਲੇ ਦੀ ਬਿਰਤੀ ਖੰਡਿਤ ਹੁੰਦੀ ਹੈ। ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਅਸਲੋਂ ਨਵੇਂ ਵਿਸ਼ੇ ਤੇ ਪਰਦੇਸੀ ਪਰਿਵਾਰਾਂ ਲਈ ਇਹ ਕਿਤਾਬ ਸਫ਼ਲ ਮਾਰਗ ਦਰਸ਼ਕ ਬਣਨ ਦੀ ਸਮਰਥਾ ਰੱਖਦੀ ਹੈ ਪਰ ਮੁਸੀਬਤ ਇਹ ਹੈ ਕਿ ਬਦੇਸ਼ਾਂ ਚ ਵੱਸਦੀ ਨਵੀਂ ਪੀੜ੍ਹੀ ਗੁਰਮੁਖੀ ਅੱਖਰਾਂ ਤੋਂ ਪਰਹੇਜ਼ਗਾਰ ਹੈ। ਇਸ ਪੁਸਤਕ ਦਾ ਹਿੰਦੀ ਤੇ ਅੰਗਰੇਜ਼ੀ ਚ ਵੀ ਅਨੁਵਾਦ ਛਪਣਾ ਚਾਹੀਦਾ ਹੈ ਤਾਂ ਜੋ ਵਿਸ਼ਾਲ ਪਾਠਕ ਵਰਗ ਤੀਕ ਇਹ ਗਿਆਨ ਪੁੱਜ ਸਕੇ। ਉਨ੍ਹਾਂ ਇੰਡੋਜ਼ ਪੰਜਾਬੀ ਸਾਹਿੱਤ ਅਕਾਡਮੀ ਆਫ ਆਸਟਰੇਲੀਆ ਦੇ ਜਨਰਲ ਸਕੱਤਰ ਸਰਬਜੀਤ ਸੋਹੀ ਦਾ ਧੰਨਵਾਦ ਕੀਤਾ ਜਿੰਨ੍ਹਾਂ ਦੀ ਪ੍ਰੇਰਨਾ ਅਤੇ ਪਹਿਲਕਦਮੀ ਕਾਰਨ ਇਹ ਮਹੱਤਵਪੂਰਨ ਕਿਤਾਬ ਸਾਡੇ ਤੀਕ ਪਹੁੰਚੀ ਹ ਜਿਸ ਵਿੱਚ ਮਾਨਸਿਕ ਸਿਹਤ ਵਰਗੇ ਮਹੱਤਵਪੂਰਨ ਵਿਸ਼ੇ ਤੇ ਲਿਖ ਕੇ ਰਿਸ਼ੀ ਗੁਲ੍ਹਾਟੀ ਜੀ ਨੇ ਅਹਿਮ ਕੰਮ ਕੀਤਾ ਹੈ। ਕਾਲਿਜ ਦੇ ਪ੍ਰਿੰਸੀਪਲ ਡਾ: ਅਰਵਿੰਦਰ ਸਿੰਘ ਭੱਲਾ ਨੇ ਕਿਹਾ ਕਿ ਇਹ ਪੁਸਤਕ ਪਾਠ ਪੁਸਤਕ ਵਾਂਗ ਗਿਆਨ ਦੇ ਖਿੜਕੀਆਂ ਦਰਵਾਜ਼ੇ ਖੋਲ੍ਹ ਕੇ ਸਾਨੂੰ ਜੀਵਨ ਦੀ ਭਰਪੂਰਤਾ ਦੇ ਦਰਸ਼ਨ ਕਰਵਾਉਂਦੀ ਹੈ। ਉਨ੍ਹਾਂ ਕਿਹਾ ਕਿ ਬਦੇਸ਼ਾਂ ਚ ਰਹਿੰਦੇ ਲੇਖਕਾਂ ਲਈ ਇਹ ਕਾਲਿਜ ਤੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਲਗਾਤਾਰ ਕਾਰਜਸ਼ੀਲ ਰਹੇਗਾ। ਜੀ ਜੀ ਐੱਨ ਆਈ ਐੱਮ ਟੀ ਦੇ ਡਾਇਰੈਕਟਰ ਪ੍ਰੋ: ਮਨਜੀਤ ਸਿੰਘ ਛਾਬੜਾ, ਮੈਨੇਜਮੈਂਟ ਮੈਂਬਰ ਕੁਲਜੀਤ ਸਿੰਘ , ਹਰਦੀਪ ਸਿੰਘ ਤੇ ਹਰਸ਼ਰਨ ਸਿੰਘ ਨਰੂਲਾ (ਨਾਈਜੇਰੀਆ) ਨੇ ਵੀ ਰਿਸ਼ੀ ਗੁਲ੍ਹਾਟੀ ਜੀ ਨੂੰ ਖੂਬਸੂਰਤ ਕਿਤਾਬ ਲਿਖਣ ਲਈ ਮੁਬਾਰਕ ਭੇਂਟ ਕੀਤੀ। ਪੰਜਾਬੀ ਵਿਭਾਗ ਦੇ ਮੁਖੀ ਡਾ: ਭੁਪਿੰਦਰ ਸਿੰਘ, ਪ੍ਰੋ: ਸ਼ਰਨਜੀਤ ਕੌਰ ਤੇ ਡਾ: ਤੇਜਿੰਦਰ ਕੌਰ ਨੇ ਵੀ ਪੁਸਤਕ ਬਾਰੇ ਵਿਚਾਰ ਚਰਚਾ ਕਰਦਿਆਂ ਕਿਹਾ ਕਿ ਇਸ ਬਾਰੇ 23-24 ਜਨਵਰੀ ਨੂੰ ਜੀ ਜੀ ਐੱਨ ਖਾਲਸਾ ਕਾਲਿਜ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵੱਲੋਂ ਕਰਵਾਈ ਜਾਣ ਵਾਲੀ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਅਧਿਐਨ ਦਾ ਵਿਸ਼ਾ ਬਣਾਇਆ ਜਾਵੇਗਾ। ਇਸ ਪੁਸਤਕ ਨੂੰ ਚੇਤਨਾ ਪ੍ਰਕਾਸ਼ਨ , ਪੰਜਾਬੀ ਭਵਨ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ।

ਚੇਅਰਮੈਨ ਮਹਿੰਦਰ ਸਿੰਘ ਕੇ. ਪੀ. ਨੂੰ ਬੁੱਕੇ ਭੇਂਟ ਕਰਦੇ ਹੋਏ ਪੈਪਲੂ ਰੋਡਵੇਜ ਬੋਰਡ ਦੇ ਮੈਂਬਰ ਪ੍ਰਸ਼ੋਤਮ ਲਾਲ ਖਲੀਫਾ

ਜਗਰਾਓਂ/ਲੁਧਿਆਣਾ,ਦਸੰਬਰ  2019-(ਜਸਮੇਲ ਗਾਲਿਬ/ਮਨਜਿੰਦਰ ਗਿੱਲ )-

ਉੱਚੇਰੀ ਸਿੱਖਿਆ ਬੋਰਡ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਨ ਮੌਕੇ ਚੇਅਰਮੈਨ ਮਹਿੰਦਰ ਸਿੰਘ ਕੇ. ਪੀ. ਨੂੰ ਬੁੱਕੇ ਭੇਂਟ ਕਰਕੇ ਉਨ੍ਹਾਂ ਦਾ ਸਨਮਾਨ ਕਰਦੇ ਹੋਏ ਪੈਪਲੂ ਰੋਡਵੇਜ ਬੋਰਡ ਦੇ ਮੈਂਬਰ ਪ੍ਰਸ਼ੋਤਮ ਲਾਲ ਖਲੀਫਾ ਅਤੇ ਹੋਰ

ਲੋਕ ਇਨਸਾਫ ਪਾਰਟੀ ਦੇ ਵਫ਼ਦ ਵਲੋਂ ਓਡੀਸ਼ਾ ਦੇ ਰਾਜਪਾਲ ਨਾਲ ਮੁਲਾਕਾਤ

ਲੋਕ ਇਨਸਾਫ਼ ਪਾਰਟੀ ਵਲੋਂ ਚੌਕ ਸਟੇਸ਼ਨ ਸਕੇਅਰ ਭੁਵਨੇਸ਼ਵਰ ਵਿਖੇ ਰੋਸ ਧਰਨਾ ਵੀ ਦਿੱਤਾ ਗਿਆ

ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਪਾਵਨ ਅਸਥਾਨ ਮੰਗੂ ਮੱਠ ਢਾਹੇ ਜਾਣ ਸਬੰਧੀ ਅੱਜ ਲੋਕ ਇਨਸਾਫ਼ ਪਾਰਟੀ ਦਾ ਵਫ਼ਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਓਡੀਸ਼ਾ ਦੇ ਰਾਜਪਾਲ ਪ੍ਰੋਫੈਸਰ ਗਣੇਸ਼ੀ ਲਾਲ ਮਾਥੁਰ ਨੂੰ ਮਿਲਿਆ | ਇਸ ਸਬੰਧੀ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਮੰਗੂ ਮੱਠ ਢਾਹੇ ਜਾਣ ਤੋਂ ਇਲਾਵਾ ਨਾਨਕ ਮੱਠ ਅਤੇ ਬਾਉਲੀ ਮੱਠ ਨੂੰ ਢਾਹੁਣ ਦੀ ਕੀਤੀ ਜਾ ਰਹੀ ਤਿਆਰੀ ਬਾਬਤ ਰਾਜਪਾਲ ਮਾਥੁਰ ਕੋਲੋਂ ਮੰਗ ਕੀਤੀ ਗਈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਇਨ੍ਹਾਂ ਪਾਵਨ ਅਸਥਾਨਾਂ ਨਾਲ ਖ਼ਾਸ ਕਰਕੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ, ਜਿਸ ਕਾਰਨ ਮੰਗੂ ਮੱਠ ਦੀ ਮੁੜ ਉਸਾਰੀ ਕਰਵਾਉਣ ਤੋਂ ਇਲਾਵਾ ਨਾਨਕ ਮੱਠ 'ਚ ਤਾਇਨਾਤ ਕੀਤੀ ਗਈ ਸੀ. ਆਰ. ਪੀ. ਐੱਫ. ਨੂੰ ਬਾਹਰ ਕੀਤਾ ਜਾਵੇ ਅਤੇ ਬਾਉਲੀ ਮੱਠ ਨੂੰ ਸੁੰਦਰੀਕਰਨ ਦੀ ਆੜ ਹੇਠ ਤੋੜਨ ਦੀ ਪ੍ਰਕਿਰਿਆ ਨੂੰ ਤੁਰੰਤ ਰੋਕਿਆ ਜਾਵੇ | ਉਨ੍ਹਾਂ ਮੰਗ ਕੀਤੀ ਕਿ ਧਾਰਮਿਕ ਅਸਥਾਨਾਂ ਦੀ ਸਾਂਭ ਸੰਭਾਲ ਅਤੇ ਪ੍ਰਬੰਧ ਸ਼ੋ੍ਰਮਣੀ ਕਮੇਟੀ ਨੂੰ ਦਿੱਤਾ ਜਾਵੇ | ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਰਾਜਪਾਲ ਨੇ ਉਕਤ ਮੰਗਾਂ ਨੂੰ ਗੰਭੀਰਤਾ ਨਾਲ ਸੁਣਦੇ ਹੋਏ ਭਰੋਸਾ ਦੁਆਇਆ ਹੈ ਕਿ ਉਹ ਹਰ ਸੰਭਵ ਯਤਨ ਕਰਨਗੇ ਕਿ ਗੁਰੂ ਸਾਹਿਬ ਨਾਲ ਸਬੰਧਿਤ ਅਸਥਾਨਾਂ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਨੁਕਸਾਨ ਨਾ ਪਹੁੰਚਾਇਆ ਜਾਵੇ | ਇਸ ਦੌਰਾਨ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਅਦਾਲਤ 'ਚ ਵਿਚਾਰ ਅਧੀਨ ਉਕਤ ਮਾਮਲੇ ਵਿਚ ਪ੍ਰਭਾਵੀ ਤੌਰ 'ਤੇ ਪੱਖ ਰੱਖਣ ਲਈ ਲੋਕ ਇਨਸਾਫ਼ ਪਾਰਟੀ ਵਲੋਂ ਵੀ ਚਾਰਾਜੋਈ ਕੀਤੀ ਜਾਵੇਗੀ | ਇਸ ਤੋਂ ਪਹਿਲਾਂ ਲੋਕ ਇਨਸਾਫ਼ ਪਾਰਟੀ ਵਲੋਂ ਚੌਕ ਸਟੇਸ਼ਨ ਸਕੇਅਰ ਭੁਵਨੇਸ਼ਵਰ ਵਿਖੇ ਰੋਸ ਧਰਨਾ ਵੀ ਦਿੱਤਾ ਗਿਆ, ਜਿਸ ਵਿਚ ਸਥਾਨਕ ਲੋਕ ਵੀ ਸ਼ਾਮਿਲ ਹੋਏ | ਇਸ ਮੌਕੇ ਜਗਜੋਤ ਸਿੰਘ ਖ਼ਾਲਸਾ, ਜਸਵੰਤ ਸਿੰਘ, ਰਣਧੀਰ ਸਿੰਘ, ਜਸਵਿੰਦਰ ਸਿੰਘ ਖ਼ਾਲਸਾ, ਮੋਹਨ ਸਿੰਘ, ਐਡਵੋਕੇਟ ਸੁਖਵਿੰਦਰ ਕੌਰ, ਪ੍ਰੋਫੈਸਰ ਜਗਮੋਹਨ ਸਿੰਘ ਆਦਿ ਹਾਜ਼ਰ ਸਨ |

ਜੱਗ ਜਨਨੀ ਅਤੇ ਸਮਾਜ ਦੀ ਸੰਜੀਦਗੀ ?

ਜੱਗ ਜਨਨੀ ਅਤੇ ਸਮਾਜ ਦੀ ਸੰਜੀਦਗੀ ?
ਔਰਤਾਂ ਦੇ ਜਿਨਸ਼ੀ ਸ਼ੋਸ਼ਣ ਦੀਆਂ ਘਟਨਾਵਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਜੋਕੇ ਦੌਰ ਵਿੱਚ ਔਰਤਾਂ ਕਿਸੇ ਵੀ ਉਮਰ ਦੀਆਂ, ਕਿਸੇ ਵੀ ਰਿਸ਼ਤੇ
ਵਿੱਚ ਅਤੇ ਕਿਸੇ ਵੀ ਸਥਾਨ ਤੇ ਮਹਿਫੂਜ ਨਹੀਂ। ਸਾਲ 2010 ਵਿੱਚ ਬਲਾਤਕਾਰ ਦੇ 5,484 ਮਾਮਲੇ ਦਰਜ ਹੋਏ ਸੀ ਅਤੇ 2011 ਵਿੱਚ 29.7
ਫੀਸਦੀ ਦੇ ਵਾਧੇ ਨਾਲ ਦੇਸ਼ ਭਰ ਵਿੱਚ ਬਲਾਤਕਾਰ ਦੇ ਕੁੱਲ 7,112 ਮਾਮਲੇ ਸਾਹਮਣੇ ਆਏ। ਰਾਸ਼ਟਰੀ ਅਪਰਾਧ ਬਿਊਰੋ ਦੇ ਅੰਕੜਿਆਂ
ਮੁਤਾਬਕ ਭਾਰਤ ਵਿੱਚ ਹਰ ਦਿਨ 50 ਬਲਾਤਕਾਰ ਦੇ ਮਾਮਲੇ ਥਾਣਿਆਂ ਵਿੱਚ ਦਰਜ ਹੁੰਦੇ ਹਨ। 2018 ਵਿੱਚ ਬਲਾਤਕਾਰ ਦੇ 18 ਹਜ਼ਾਰ ਤੋਂ
ਜ਼ਿਆਦਾ ਮਾਮਲੇ ਦਰਜ ਕੀਤੇ ਗਏ ਅਤੇ ਬਹੁਤੇ ਅਜਿਹੇ ਮਾਮਲੇ ਵੀ ਹਨ ਜੋ ਥਾਣਿਆਂ ਤੱਕ ਨਹੀਂ ਪਹੁੰਚਦੇ।
ਤਾਜ਼ਾ ਘਟਨਾਕ੍ਰਮ ਵਿੱਚ ਹੈਦਰਾਬਾਦ ਵਿਖੇ ਪਸ਼ੂ ਡਾਕਟਰ ਨਾਲ ਚਾਰ ਦਰਿੰਦਿਆਂ ਦੁਆਰਾ ਅਤੇ ਝਾਰਖੰਡ ਵਿੱਚ ਕਾਨੂੰਨ ਦੀ ਵਿਦਿਆਰਥਣ ਨਾਲ
12 ਦਰਿੰਦਿਆਂ ਦੁਆਰਾ ਉਹਨਾਂ ਦੀ ਇੱਜ਼ਤ ਤਾਰ ਤਾਰ ਕੀਤੀ ਗਈ ਅਤੇ ਉਹਨਾਂ ਨੂੰ ਦਰਦਨਾਕ ਮੌਤ ਦੇ ਹਵਾਲੇ ਕਰ ਦਿੱਤਾ ਗਿਆ। ਉਨਾਵ
ਗੈਂਗਰੈਪ ਪੀੜਤਾ ਨੂੰ ਕੋਰਟ ਜਾਂਦਿਆਂ ਅੱਗ ਲਾਉਣਾ ਅਤੇ ਉਸਦੀ ਮੌਤ, ਕਠੂਆ ਗੈਂਗਰੇਪ ਮਾਮਲਾ ਜਦੋਂ ਮੁਲਜ਼ਮ ਦੇ ਸਮਰਥਨ 'ਚ ਖੁੱਲ੍ਹੇਆਮ
ਤਿਰੰਗਾ ਲਹਿਰਾਇਆ ਗਿਆ ਹੈ ਅਤੇ ਨਾਅਰੇ ਲਾਏ ਗਏ ਸਵਾਲੀਆਂ ਨਿਸ਼ਾਨ ਹਨ ਸਾਡੇ ਸਮਾਜ ਅਤੇ ਵਿਵਸਥਾ ਦੀ ਸੰਜੀਦਗੀ ਤੇ।
ਹੈਦਰਾਬਾਦ ਕਾਂਡ ਤੋਂ ਬਾਅਦ 80 ਲੱਖ ਲੋਕਾਂ ਨੇ ਪੌਰਨ ਸਾਇਟਾਂ ਤੇ ਡਾਕਟਰ ਨਾਲ ਰੇਪ ਜਾਂ ਯੌਨ ਸੰਬੰਧਾਂ ਨੂੰ ਸਰਚ ਕੀਤਾ। ਅਮਰੀਕੀ ਲੇਖਿਕਾ
ਰਾਬਿਨ ਮਾਰਗਨ ਨੇ 1974 ਵਿੱਚ ਲਿਖੇ ਆਪਣੇ ਪ੍ਰਸਿੱਧ ਲੇਖ ‘ਥਿਊਰੀ ਐਂਡ ਪ੍ਰੈਕਟਿਸ – ਪੌਰਨੋਗ੍ਰਾਫ਼ੀ ਐਂਡ ਰੇਪ’ ਵਿੱਚ ਲਿਖਿਆ ਸੀ ਕਿ
ਪੌਰਨੋਗ੍ਰਾਫ਼ੀ ਉਸ ਸਿਧਾਂਤ ਦੀ ਤਰ੍ਹਾਂ ਕੰਮ ਕਰਦਾ ਹੈ ਜਿਸਨੂੰ ਵਿਵਹਾਰਿਕ ਰੂਪ ਵਿੱਚ ਬਲਾਤਕਾਰ ਦੇ ਰੂਪ ਵਿੱਚ ਅੰਜਾਮ ਦਿੱਤਾ ਜਾਂਦਾ ਹੈ। ਇਸ
ਸੰਬੰਧੀ ਹੁਣ ਤੱਕ ਇਸਦੇ ਪੱਖ ਅਤੇ ਵਿਰੋਧ ਵਿੱਚ ਖੋਜ ਅਤੇ ਦਲੀਲਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ। ਇੱਕ ਰਿਪੋਰਟ ਦੇ ਮੁਤਾਬਕ ਅਮਰੀਕੀ
‘ਫੈਡਰਲ ਬਿਊਰੋ ਆੱਫ਼ ਇਨਵੈਸਟੀਗੇਸ਼ਨ’ ਨੇ ਆਪਣੇ ਆਪਰਾਧਿਕ ਅੰਕੜਿਆਂ ਦੇ ਵਿਸ਼ਲੇਸ਼ਣ ਵਿੱਚ ਪਾਇਆ ਕਿ ਯੌਨ ਹਿੰਸਾ ਦੇ 80%
ਮਾਮਲਿਆਂ ਵਿੱਚ ਪੌਰਨ (ਅਸ਼ਲੀਲ ਯੌਨ ਸਮੱਗਰੀ) ਦੀ ਮੌਜੂਦਗੀ ਦੇਖੀ ਗਈ।
ਇਹ ਕੋਈ ਅੱਤਕੱਥਨੀ ਨਹੀਂ ਕਿ ਔਰਤਾਂ ਸੰਬੰਧੀ ਅਪਰਾਧਾਂ ਦੀਆਂ ਘਟਨਾਵਾਂ ਵਿੱਚ ਇਨਸਾਫ਼, ਸੱਚ ਅਤੇ ਮਨੁੱਖਤਾ ਦੀ ਥਾਂ ਆਪਣੇ ਵਰਗ ਵਿਸ਼ੇਸ਼
ਪ੍ਰਤੀ ਪਹਿਲ, ਚੇਤੰਨਤਾ ਦੀ ਘਾਟ ਸਾਡੇ ਸਮਾਜ ਦਾ ਦੁਖਾਂਤ ਹੈ। ਸਮਾਜ ਅਤੇ ਮੀਡੀਆ ਦਾ ਦੋਗਲਾ ਘਿਨੌਣਾ ਚਿਹਰਾ ਜਾਤ, ਧਰਮ, ਪਾਰਟੀ ਅਤੇ
ਆਪਣੇ ਹਿੱਤਾਂ ਆਦਿ ਦੇ ਆਧਾਰ ਤੇ ਪੀੜਤ ਤੇ ਬਲਾਤਕਾਰੀ ਸੰਬੰਧੀ ਰਵੱਈਆ ਸਮੇਂ ਸਮੇਂ ਤੇ ਵੱਖੋ ਵੱਖਰਾ ਵੇਖਣ ਨੂੰ ਮਿਲਿਆ ਹੈ ਅਤੇ ਬਹੁਗਿਣਤੀ
ਦੀ ਭੀੜ ਵਿੱਚ ਘੱਟਗਿਣਤੀ ਦੀਆਂ ਕੂਕਾਂ ਕਿਤੇ ਗੁਆਚ ਜਾਂਦੀਆਂ ਹਨ।
ਭਾਰਤੀ ਸਮਾਜ ਅਤੇ ਵਿਵਸਥਾ ਦੀ ਨਲਾਇਕੀ ਹੀ ਕਿਹਾ ਜਾਵੇਗਾ ਕਿ ਪਿਛਲੇ ਸਾਲ ਜੂਨ ਵਿੱਚ ਅਮੇਜ਼ਨ ਇੰਡੀਆ ਦੀ
ਵੈੱਬਸਾਇਟ ਤੇ ਛਪੇ ਇੱਕ ਐਸ਼ ਟ੍ਰੇਅ ਯਾਨਿ ਸਿਗਰੇਟ ਦੀ ਰਾਖ ਝਾੜਨ ਵਾਲੀ ਟ੍ਰੇਅ ਦੇ ਇਸ਼ਤਿਹਾਰ ਵਿੱਚ ਔਰਤ ਨੂੰ,
ਜਿਹੜੀ ਦੇਖਣ ਵਿੱਚ ਕੁਝ ਅਜਿਹੀ ਹੈ ਜਿਵੇਂ ਇੱਕ ਨੰਗੀ ਮਹਿਲਾ ਟੱਬ ਵਿੱਚ ਲੱਤਾਂ ਫੈਲਾ ਕੇ ਲੰਮੀ ਪਈ ਹੋਵੇ ਦਿਖਾਇਆ
ਗਿਆ।
ਮਰਦਾਂ ਦੀ ਨੀਚ ਮਾਨਸਿਕਤਾ, ਨਸ਼ਾ, ਔਰਤਾਂ ਦਾ ਕਮਜ਼ੋਰ ਆਤਮ-ਵਿਸ਼ਵਾਸ ਅਤੇ ਸਖ਼ਤ ਕਾਨੂੰਨ ਦੀ ਘਾਟ ਬਲਾਤਕਾਰ ਦੇ ਮੁੱਖ ਕਾਰਨਾਂ ਵਿੱਚੋਂ
ਹਨ। ਸਿਰਫ਼ ਕਾਨੂੰਨ ਦੇ ਜ਼ਰੀਏ ਬਲਾਤਕਾਰ ਮੁਕਤ ਸਮਾਜ ਦੀ ਸਿਰਜਣਾ ਦਾ ਸੁਪਨਾ ਇੱਕ ਧੋਖੇ ਤੋਂ ਜ਼ਿਆਦਾ ਕੁਝ ਵੀ ਨਹੀਂ। ਕਿਸੇ ਔਰਤ ਦੇ
ਬਲਾਤਕਾਰ ਦੀ ਘਟਨਾ ਸੰਬੰਧੀ ਸਮਾਜ ਦਾ ਉਦਾਸੀਨ ਨਜਰੀਆ ਵੀ ਬਲਾਤਕਾਰੀ ਹੁੰਦਾ ਹੈ।
ਸਮੇਂ ਦੀ ਲੋੜ ਹੈ ਕਿ ਸਖ਼ਤ ਕਾਨੂੰਨਾਂ ਨੂੰ ਅਮਲੀ ਰੂਪ ਦੇਣ ਅਤੇ ਨਿਆਂ ਪ੍ਰਣਾਲੀ ਦੀ ਗਤੀ ਵਿੱਚ ਤੇਜ਼ੀ ਦੇ ਨਾਲ ਨਾਲ
ਸਮਾਜ ਅਤੇ ਮਰਦਾਂ ਨੂੰ ਆਪਣੇ ਨਜ਼ਰੀਏ ਵਿੱਚ ਸੁਧਾਰ ਕਰਨਾ ਲਾਜ਼ਮੀ ਹੈ, ਜਿਸਦੀ ਪਹਿਲ ਪਰਿਵਾਰਾਂ ਤੋਂ ਕੀਤੀ ਜਾ
ਸਕਦੀ ਹੈ ਤਾਂ ਜੋ ਬਲਾਤਕਾਰ ਵਰਗੇ ਘਿਨੌਣੇ ਜ਼ੁਰਮਾਂ ਤੋਂ ‘ਜੱਗ ਜਨਨੀ’ ਨੂੰ ਬਚਾਇਆ ਜਾ ਸਕੇ।

ਗੋਬਿੰਦਰ ਸਿੰਘ ‘ਬਰੜ੍ਹਵਾਲ’
ਪਿੰਡ ਤੇ ਡਾਕ. ਬਰੜ੍ਹਵਾਲ
ਤਹਿ. ਧੂਰੀ (ਸੰਗਰੂਰ)
ਈਮੇਲ – bardwal.gobinder@gmail.com

ਅੱਜ ਦੇ ਦਿਨ ਦਾ ਇਤਿਹਾਸ ਮਿਤੀ: 8 ਪੋਹ (23 ਦਸੰਬਰ)

ਨਿੱਕੀਆਂ ਜ਼ਿੰਦਾਂ-ਵੱਡਾ ਸਾਕਾ : ਗੌਰਵਮਈ ਸ਼ਹੀਦੀ ਸਾਕੇ ਦਾ ਤੀਜਾ ਦਿਨ

ਅੱਜ ਦੇ ਦਿਨ ਦਾ ਇਤਿਹਾਸ ਮਿਤੀ: 8 ਪੋਹ (23 ਦਸੰਬਰ)

ਅੱਜ ਦੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ (ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ); ਪੰਜ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਚਮਕੌਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੋ ਗਏ। ਅੱਜ ਦੀ ਇਸ ਜੰਗ ਵਿੱਚ ਭਾਈ ਜੀਵਨ ਸਿੰਘ ਜੀ ਰੰਗਰੇਟਾ ਵੀ ਹੋਰਨਾਂ ਸਿੰਘਾਂ ਸਮੇਤ ਸ਼ਹੀਦੀਆਂ ਪ੍ਰਾਪਤ ਕਰਕੇ ਆਪਣਾ ਜੀਵਨ ਸਫ਼ਲ ਕਰ ਗਏ। 

ਅੱਜ ਘਮਸਾਨ ਦੇ ਯੁੱਧ ਉਪਰੰਤ, ਗੁਰੂ ਜੀ ਨੇ ਅਗਲੀ ਸਵੇਰ ਖੁਦ ਜੰਗ ਦੇ ਮੈਦਾਨ ਵਿੱਚ ਨਿਤਰਨ ਦਾ ਫੈ਼ਸਲਾ ਲਿਆ।

ਗੜ੍ਹੀ ਵਿੱਚ ਮੌਜੂਦ ਸਿੰਘਾਂ ਨੇ ਗੁਰੂ ਜੀ ਦੇ ਇਸ ਫੈ਼ਸਲੇ ਨੂੰ ਪ੍ਰਵਾਨਗੀ ਨਾ ਦਿੱਤੀ ਅਤੇ ਪੰਜ ਪਿਆਰਿਆਂ ਨੇ ਇਕੱਤਰ ਹੋ ਕੇ ਗੁਰੂ ਜੀ ਨੂੰ ਖ਼ਾਲਸੇ ਦੀ ਇੱਛਾ ਮੁਤਾਬਕ ਗੜ੍ਹੀ ਛੱਡ ਕੇ ਜਾਣ ਦੀ ਬੇਨਤੀ ਕੀਤੀ।

ਦੂਜੇ ਪਾਸੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ) ਗੰਗੂ ਬ੍ਰਾਹਮਣ ਦੇ ਪਿੰਡ ਖੇੜੀ ਵਿਖੇ ਉਸ ਦੇ ਘਰ ਪਹੁੰਚ ਗਏ। ਰਾਤ ਨੂੰ ਗੰਗੂ ਬ੍ਰਾਹਮਣ ਨੇ ਮਾਤਾ ਜੀ ਦੀ ਸੋਨੇ ਦੀਆਂ ਮੋਹਰਾਂ ਵਾਲੀ ਥੈਲੀ ਚੋਰੀ ਕਰ ਲਈ।

ਆਓ ਪ੍ਰਣ ਕਰੀਏ ਕਿ ਅਸੀਂ ਆਪਣੇ ਬੱਚਿਆਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਜੀ ਦੇ ਪਾਏ ਪੂਰਨਿਆਂ ਤੇ ਚੱਲਣ ਦੇ ਸਮਰੱਥ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣਾਂਗੇ। ਇਹੀ ਉਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। 

ਜੀਵੀਏ ਗੁਰਬਾਣੀ ਨਾਲ ਲਹਿਰ

ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ

officeatampargas@gmail.com

http://www.atampargas.org

99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022

ਜਨ ਸਕਤੀ ਨਿਉਜ ਬਹੁਤ ਧੰਨਵਾਦੀ ਹੈ ਜੀਵੀਏ ਗੁਰਬਾਣੀ ਨਾਲ ਲਹਿਰ ,ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ ਦਾ ਅਤੇ ਸ ਹਰਨਰਾਇਣ ਸਿੰਘ ਮੱਲ੍ਹੇਆਣਾ ਜੀ ਜਿਨ੍ਹਾਂ ਇਹ ਭਰਭੂਰ ਜਾਣਕਾਰੀ ਸਾਂਝੀ ਕੀਤੀ-