You are here

ਜੱਗ ਜਨਨੀ ਅਤੇ ਸਮਾਜ ਦੀ ਸੰਜੀਦਗੀ ?

ਜੱਗ ਜਨਨੀ ਅਤੇ ਸਮਾਜ ਦੀ ਸੰਜੀਦਗੀ ?
ਔਰਤਾਂ ਦੇ ਜਿਨਸ਼ੀ ਸ਼ੋਸ਼ਣ ਦੀਆਂ ਘਟਨਾਵਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਜੋਕੇ ਦੌਰ ਵਿੱਚ ਔਰਤਾਂ ਕਿਸੇ ਵੀ ਉਮਰ ਦੀਆਂ, ਕਿਸੇ ਵੀ ਰਿਸ਼ਤੇ
ਵਿੱਚ ਅਤੇ ਕਿਸੇ ਵੀ ਸਥਾਨ ਤੇ ਮਹਿਫੂਜ ਨਹੀਂ। ਸਾਲ 2010 ਵਿੱਚ ਬਲਾਤਕਾਰ ਦੇ 5,484 ਮਾਮਲੇ ਦਰਜ ਹੋਏ ਸੀ ਅਤੇ 2011 ਵਿੱਚ 29.7
ਫੀਸਦੀ ਦੇ ਵਾਧੇ ਨਾਲ ਦੇਸ਼ ਭਰ ਵਿੱਚ ਬਲਾਤਕਾਰ ਦੇ ਕੁੱਲ 7,112 ਮਾਮਲੇ ਸਾਹਮਣੇ ਆਏ। ਰਾਸ਼ਟਰੀ ਅਪਰਾਧ ਬਿਊਰੋ ਦੇ ਅੰਕੜਿਆਂ
ਮੁਤਾਬਕ ਭਾਰਤ ਵਿੱਚ ਹਰ ਦਿਨ 50 ਬਲਾਤਕਾਰ ਦੇ ਮਾਮਲੇ ਥਾਣਿਆਂ ਵਿੱਚ ਦਰਜ ਹੁੰਦੇ ਹਨ। 2018 ਵਿੱਚ ਬਲਾਤਕਾਰ ਦੇ 18 ਹਜ਼ਾਰ ਤੋਂ
ਜ਼ਿਆਦਾ ਮਾਮਲੇ ਦਰਜ ਕੀਤੇ ਗਏ ਅਤੇ ਬਹੁਤੇ ਅਜਿਹੇ ਮਾਮਲੇ ਵੀ ਹਨ ਜੋ ਥਾਣਿਆਂ ਤੱਕ ਨਹੀਂ ਪਹੁੰਚਦੇ।
ਤਾਜ਼ਾ ਘਟਨਾਕ੍ਰਮ ਵਿੱਚ ਹੈਦਰਾਬਾਦ ਵਿਖੇ ਪਸ਼ੂ ਡਾਕਟਰ ਨਾਲ ਚਾਰ ਦਰਿੰਦਿਆਂ ਦੁਆਰਾ ਅਤੇ ਝਾਰਖੰਡ ਵਿੱਚ ਕਾਨੂੰਨ ਦੀ ਵਿਦਿਆਰਥਣ ਨਾਲ
12 ਦਰਿੰਦਿਆਂ ਦੁਆਰਾ ਉਹਨਾਂ ਦੀ ਇੱਜ਼ਤ ਤਾਰ ਤਾਰ ਕੀਤੀ ਗਈ ਅਤੇ ਉਹਨਾਂ ਨੂੰ ਦਰਦਨਾਕ ਮੌਤ ਦੇ ਹਵਾਲੇ ਕਰ ਦਿੱਤਾ ਗਿਆ। ਉਨਾਵ
ਗੈਂਗਰੈਪ ਪੀੜਤਾ ਨੂੰ ਕੋਰਟ ਜਾਂਦਿਆਂ ਅੱਗ ਲਾਉਣਾ ਅਤੇ ਉਸਦੀ ਮੌਤ, ਕਠੂਆ ਗੈਂਗਰੇਪ ਮਾਮਲਾ ਜਦੋਂ ਮੁਲਜ਼ਮ ਦੇ ਸਮਰਥਨ 'ਚ ਖੁੱਲ੍ਹੇਆਮ
ਤਿਰੰਗਾ ਲਹਿਰਾਇਆ ਗਿਆ ਹੈ ਅਤੇ ਨਾਅਰੇ ਲਾਏ ਗਏ ਸਵਾਲੀਆਂ ਨਿਸ਼ਾਨ ਹਨ ਸਾਡੇ ਸਮਾਜ ਅਤੇ ਵਿਵਸਥਾ ਦੀ ਸੰਜੀਦਗੀ ਤੇ।
ਹੈਦਰਾਬਾਦ ਕਾਂਡ ਤੋਂ ਬਾਅਦ 80 ਲੱਖ ਲੋਕਾਂ ਨੇ ਪੌਰਨ ਸਾਇਟਾਂ ਤੇ ਡਾਕਟਰ ਨਾਲ ਰੇਪ ਜਾਂ ਯੌਨ ਸੰਬੰਧਾਂ ਨੂੰ ਸਰਚ ਕੀਤਾ। ਅਮਰੀਕੀ ਲੇਖਿਕਾ
ਰਾਬਿਨ ਮਾਰਗਨ ਨੇ 1974 ਵਿੱਚ ਲਿਖੇ ਆਪਣੇ ਪ੍ਰਸਿੱਧ ਲੇਖ ‘ਥਿਊਰੀ ਐਂਡ ਪ੍ਰੈਕਟਿਸ – ਪੌਰਨੋਗ੍ਰਾਫ਼ੀ ਐਂਡ ਰੇਪ’ ਵਿੱਚ ਲਿਖਿਆ ਸੀ ਕਿ
ਪੌਰਨੋਗ੍ਰਾਫ਼ੀ ਉਸ ਸਿਧਾਂਤ ਦੀ ਤਰ੍ਹਾਂ ਕੰਮ ਕਰਦਾ ਹੈ ਜਿਸਨੂੰ ਵਿਵਹਾਰਿਕ ਰੂਪ ਵਿੱਚ ਬਲਾਤਕਾਰ ਦੇ ਰੂਪ ਵਿੱਚ ਅੰਜਾਮ ਦਿੱਤਾ ਜਾਂਦਾ ਹੈ। ਇਸ
ਸੰਬੰਧੀ ਹੁਣ ਤੱਕ ਇਸਦੇ ਪੱਖ ਅਤੇ ਵਿਰੋਧ ਵਿੱਚ ਖੋਜ ਅਤੇ ਦਲੀਲਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ। ਇੱਕ ਰਿਪੋਰਟ ਦੇ ਮੁਤਾਬਕ ਅਮਰੀਕੀ
‘ਫੈਡਰਲ ਬਿਊਰੋ ਆੱਫ਼ ਇਨਵੈਸਟੀਗੇਸ਼ਨ’ ਨੇ ਆਪਣੇ ਆਪਰਾਧਿਕ ਅੰਕੜਿਆਂ ਦੇ ਵਿਸ਼ਲੇਸ਼ਣ ਵਿੱਚ ਪਾਇਆ ਕਿ ਯੌਨ ਹਿੰਸਾ ਦੇ 80%
ਮਾਮਲਿਆਂ ਵਿੱਚ ਪੌਰਨ (ਅਸ਼ਲੀਲ ਯੌਨ ਸਮੱਗਰੀ) ਦੀ ਮੌਜੂਦਗੀ ਦੇਖੀ ਗਈ।
ਇਹ ਕੋਈ ਅੱਤਕੱਥਨੀ ਨਹੀਂ ਕਿ ਔਰਤਾਂ ਸੰਬੰਧੀ ਅਪਰਾਧਾਂ ਦੀਆਂ ਘਟਨਾਵਾਂ ਵਿੱਚ ਇਨਸਾਫ਼, ਸੱਚ ਅਤੇ ਮਨੁੱਖਤਾ ਦੀ ਥਾਂ ਆਪਣੇ ਵਰਗ ਵਿਸ਼ੇਸ਼
ਪ੍ਰਤੀ ਪਹਿਲ, ਚੇਤੰਨਤਾ ਦੀ ਘਾਟ ਸਾਡੇ ਸਮਾਜ ਦਾ ਦੁਖਾਂਤ ਹੈ। ਸਮਾਜ ਅਤੇ ਮੀਡੀਆ ਦਾ ਦੋਗਲਾ ਘਿਨੌਣਾ ਚਿਹਰਾ ਜਾਤ, ਧਰਮ, ਪਾਰਟੀ ਅਤੇ
ਆਪਣੇ ਹਿੱਤਾਂ ਆਦਿ ਦੇ ਆਧਾਰ ਤੇ ਪੀੜਤ ਤੇ ਬਲਾਤਕਾਰੀ ਸੰਬੰਧੀ ਰਵੱਈਆ ਸਮੇਂ ਸਮੇਂ ਤੇ ਵੱਖੋ ਵੱਖਰਾ ਵੇਖਣ ਨੂੰ ਮਿਲਿਆ ਹੈ ਅਤੇ ਬਹੁਗਿਣਤੀ
ਦੀ ਭੀੜ ਵਿੱਚ ਘੱਟਗਿਣਤੀ ਦੀਆਂ ਕੂਕਾਂ ਕਿਤੇ ਗੁਆਚ ਜਾਂਦੀਆਂ ਹਨ।
ਭਾਰਤੀ ਸਮਾਜ ਅਤੇ ਵਿਵਸਥਾ ਦੀ ਨਲਾਇਕੀ ਹੀ ਕਿਹਾ ਜਾਵੇਗਾ ਕਿ ਪਿਛਲੇ ਸਾਲ ਜੂਨ ਵਿੱਚ ਅਮੇਜ਼ਨ ਇੰਡੀਆ ਦੀ
ਵੈੱਬਸਾਇਟ ਤੇ ਛਪੇ ਇੱਕ ਐਸ਼ ਟ੍ਰੇਅ ਯਾਨਿ ਸਿਗਰੇਟ ਦੀ ਰਾਖ ਝਾੜਨ ਵਾਲੀ ਟ੍ਰੇਅ ਦੇ ਇਸ਼ਤਿਹਾਰ ਵਿੱਚ ਔਰਤ ਨੂੰ,
ਜਿਹੜੀ ਦੇਖਣ ਵਿੱਚ ਕੁਝ ਅਜਿਹੀ ਹੈ ਜਿਵੇਂ ਇੱਕ ਨੰਗੀ ਮਹਿਲਾ ਟੱਬ ਵਿੱਚ ਲੱਤਾਂ ਫੈਲਾ ਕੇ ਲੰਮੀ ਪਈ ਹੋਵੇ ਦਿਖਾਇਆ
ਗਿਆ।
ਮਰਦਾਂ ਦੀ ਨੀਚ ਮਾਨਸਿਕਤਾ, ਨਸ਼ਾ, ਔਰਤਾਂ ਦਾ ਕਮਜ਼ੋਰ ਆਤਮ-ਵਿਸ਼ਵਾਸ ਅਤੇ ਸਖ਼ਤ ਕਾਨੂੰਨ ਦੀ ਘਾਟ ਬਲਾਤਕਾਰ ਦੇ ਮੁੱਖ ਕਾਰਨਾਂ ਵਿੱਚੋਂ
ਹਨ। ਸਿਰਫ਼ ਕਾਨੂੰਨ ਦੇ ਜ਼ਰੀਏ ਬਲਾਤਕਾਰ ਮੁਕਤ ਸਮਾਜ ਦੀ ਸਿਰਜਣਾ ਦਾ ਸੁਪਨਾ ਇੱਕ ਧੋਖੇ ਤੋਂ ਜ਼ਿਆਦਾ ਕੁਝ ਵੀ ਨਹੀਂ। ਕਿਸੇ ਔਰਤ ਦੇ
ਬਲਾਤਕਾਰ ਦੀ ਘਟਨਾ ਸੰਬੰਧੀ ਸਮਾਜ ਦਾ ਉਦਾਸੀਨ ਨਜਰੀਆ ਵੀ ਬਲਾਤਕਾਰੀ ਹੁੰਦਾ ਹੈ।
ਸਮੇਂ ਦੀ ਲੋੜ ਹੈ ਕਿ ਸਖ਼ਤ ਕਾਨੂੰਨਾਂ ਨੂੰ ਅਮਲੀ ਰੂਪ ਦੇਣ ਅਤੇ ਨਿਆਂ ਪ੍ਰਣਾਲੀ ਦੀ ਗਤੀ ਵਿੱਚ ਤੇਜ਼ੀ ਦੇ ਨਾਲ ਨਾਲ
ਸਮਾਜ ਅਤੇ ਮਰਦਾਂ ਨੂੰ ਆਪਣੇ ਨਜ਼ਰੀਏ ਵਿੱਚ ਸੁਧਾਰ ਕਰਨਾ ਲਾਜ਼ਮੀ ਹੈ, ਜਿਸਦੀ ਪਹਿਲ ਪਰਿਵਾਰਾਂ ਤੋਂ ਕੀਤੀ ਜਾ
ਸਕਦੀ ਹੈ ਤਾਂ ਜੋ ਬਲਾਤਕਾਰ ਵਰਗੇ ਘਿਨੌਣੇ ਜ਼ੁਰਮਾਂ ਤੋਂ ‘ਜੱਗ ਜਨਨੀ’ ਨੂੰ ਬਚਾਇਆ ਜਾ ਸਕੇ।

ਗੋਬਿੰਦਰ ਸਿੰਘ ‘ਬਰੜ੍ਹਵਾਲ’
ਪਿੰਡ ਤੇ ਡਾਕ. ਬਰੜ੍ਹਵਾਲ
ਤਹਿ. ਧੂਰੀ (ਸੰਗਰੂਰ)
ਈਮੇਲ – bardwal.gobinder@gmail.com