ਭਾਰਤੀ ਸੰਵਿਧਾਨ ਦੀ ਥਾਂ 'ਬ੍ਰਾਹਮਣਵਾਦੀ ਵਿਚਾਰਧਾਰਾ ' ਤਹਿਤ ਦੇਸ਼ ਨੂੰ ਚਲਾਉਣ ਦੀ ਅੜੀ ਜਾਰੀ
ਸਲੇਮਪੁਰੀ ਦੀ ਚੂੰਢੀ
ਪੰਜਾਬ ਕੇਸਰੀ ਦਾ ਕੌੜਾ ਸੱਚ!
22 ਦਸੰਬਰ 2019 ਨੂੰ ਪ੍ਰਕਾਸ਼ਿਤ ਸੰਪਾਦਕੀ ਵਿੱਚ ਪੰਜਾਬ ਕੇਸਰੀ ਨੇ 'ਬ੍ਰਾਹਮਣਵਾਦੀ ਵਿਚਾਰਧਾਰਾ 'ਦੇ ਸੱਚ ਨੂੰ ਉਜਾਗਰ ਕਰਕੇ ਸਿੱਧ ਕਰ ਦਿੱਤਾ ਕਿ ਜੇ ਭਾਰਤੀ ਸੰਵਿਧਾਨ ਦੀ ਥਾਂ 'ਬ੍ਰਾਹਮਣਵਾਦੀ ਵਿਚਾਰਧਾਰਾ ' ਤਹਿਤ ਦੇਸ਼ ਨੂੰ ਚਲਾਉਣ ਦੀ ਅੜੀ ਜਾਰੀ ਰਹੀ ਤਾਂ ਇਹ ਦੇਸ਼ ਅਤੇ ਦੇਸ਼ ਦੇ ਲੋਕਾਂ ਦੇ ਹਿੱਤ ਵਿੱਚ ਨਹੀਂ ਹੋਵੇਗਾ। ਪੰਜਾਬ ਕੇਸਰੀ ਲਿਖਦਾ ਹੈ ਕਿ ਦੇਸ਼ ਵਿੱਚ ਲਾਗੂ ਕੀਤਾ ਜਾ ਰਿਹਾ ' ਕੌਮੀ ਨਾਗਰਿਕਤਾ ਬਿੱਲ ' ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਬਹੁਤ ਵੱਡੀ ਕੰਧ ਖੜੀ ਕਰ ਦੇਵੇਗਾ, ਜੋ ਦੇਸ਼ ਲਈ ਘਾਤਕ ਸਿੱਧ ਹੋ ਨਿੱਬੜੇਗਾ। ਪੰਜਾਬ ਕੇਸਰੀ ਲਿਖਦਾ ਹੈ ਕਿ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਦੁਆਰਾ ਰਚਿਤ ਭਾਰਤੀ ਸੰਵਿਧਾਨ ਦੇ 400 ਤੋਂ ਵੱਧ ਪੰਨੇ ਹਨ, ਪਰ ਕਿਸੇ ਵੀ ਪੰਨੇ 'ਤੇ ਕਿਸੇ ਵੀ ਧਰਮ ਦਾ ਨਾਂ ਅੰਕਿਤ ਨਹੀਂ ਹੈ,ਹਾਂ ਪਿਛਲੇ ਹਜਾਰਾਂ ਸਾਲਾਂ ਤੋਂ ਸਮਾਜਿਕ, ਆਰਥਿਕ ਅਤੇ ਵਿੱਦਿਅਕ ਤੌਰ 'ਤੇ ਪੱਛੜੇ ਅਨੁਸੂਚਿਤ ਅਤੇ ਜਨ-ਜਾਤੀਆਂ ਨੂੰ ਰਾਹਤ ਦਿਵਾਉਣ ਲਈ ਵਿਸ਼ੇਸ਼ ਅੰਕਿਤ ਕੀਤਾ ਹੋਇਆ ਹੈ, ਕਿਉਂਕਿ ਡਾ ਅੰਬੇਦਕਰ ਉਹਨਾ ਨੂੰ ਨਰਕ ਭਰੀ ਜਿੰਦਗੀ ਤੋਂ ਬਾਹਰ ਕੱਢਣਾ ਚਾਹੁੰਦੇ ਸਨ। ਡਾ : ਅੰਬੇਦਕਰ ਜੋ ਸਮਾਜਿਕ, ਆਰਥਿਕ ਅਤੇ ਵਿੱਦਿਅਕ ਵਿਗਿਆਨੀ ਸਨ, ਭਲੀ ਭਾਂਤ ਜਾਣਦੇ ਸਨ ਕਿ ਇੰਨਾ ਲੋਕਾਂ ਦੀ ਜਿੰਦਗੀ ਪਸ਼ੂਆਂ ਵਰਗੀ ਹੋਣ ਦਾ ਕਾਰਨ ਬ੍ਰਾਹਮਣਵਾਦ ਹੈ। ਅਖਬਾਰ ਲਿਖਦਾ ਹੈ ਕਿ ਜਦੋਂ ਅਮਰੀਕਾ ਨੇ ਦੂਸਰੇ ਸੰਸਾਰ ਯੁੱਧ ਵੇਲੇ ਜਪਾਨ ਉਪਰ ਪ੍ਰਮਾਣੂ ਬੰਬ ਸੁੱਟੇ ਤਾਂ ਉਸ ਵੇਲੇ ਦੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਨੇ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਕਿਹਾ ਸੀ ਕਿ ਸੀ ਕਿ 'ਮੈਂ ਤਾਂ ਅਮਰੀਕਾ ਨੂੰ ਬਹੁਤ ਸਿਆਣਾ ਸਮਝਦਾ ਸੀ, ਪਰ ਉਹ ਤਾਂ ਬਹੁਤ ਨਾਸਮਝਦਾਰ ਨਿਕਲਿਆ ' । ਬਰਤਾਨਵੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਅਮਰੀਕਾ ਜਪਾਨ ਤੋਂ ਬਦਲਾ ਲੈਣ ਲਈ ਉਸ ਨੂੰ ਤਬਾਹ ਕਰਨਾ ਚਾਹੁੰਦਾ ਸੀ ਤਾਂ ਬੰਬ ਨਹੀਂ ਸੁੱਟਣੇ ਚਾਹੀਦੇ ਸੀ, ਸਗੋਂ ਭਾਰਤ ਤੋਂ ਚਾਰ ਬ੍ਰਾਹਮਣ ਲਿਜਾਕੇ ਉਥੇ ਛੱਡ ਆਉਣੇ ਚਾਹੀਦੇ ਸਨ, ਜਪਾਨ ਆਪਣੇ ਆਪ ਤਬਾਹ ਹੋ ਜਾਣਾ ਸੀ । ' ਬਰਤਾਨਵੀ ਪ੍ਰਧਾਨ ਮੰਤਰੀ ਨੇ ਦਿਲ ਦੀ ਗੱਲ ਕਰਦਿਆਂ ਦੱਸਿਆ ਕਿ ਜੇਕਰ ਬਰਤਾਨੀਆ ਨੇ ਭਾਰਤ ਉਪਰ 200 ਸਾਲ ਤੱਕ ਰਾਜ ਕੀਤਾ ਹੈ ਤਾਂ ਦੇਸ਼ ਵਿੱਚ ਲਾਗੂ ਬ੍ਰਾਹਮਣਵਾਦੀ ਵਿਚਾਰਧਾਰਾ ਕਰਕੇ ਹੀ ਕੀਤਾ ਹੈ ।' ਅਖਬਾਰ ਲਿਖਦਾ ਹੈ ਕਿ ਬਰਤਾਨਵੀ ਪ੍ਰਧਾਨ ਮੰਤਰੀ ਅਨੁਸਾਰ ਜੇ ਕਿਸੇ ਦੇਸ਼ ਨੂੰ ਤਬਾਹ ਕਰਨਾ ਹੈ ਤਾਂ ਉਥੇ ਬੰਬ ਸੁੱਟਣ ਦੀ ਕੋਈ ਲੋੜ ਨਹੀਂ ਹੈ, ਉਥੇ ਬ੍ਰਾਹਮਣਵਾਦੀ ਵਿਚਾਰਧਾਰਾ ਨੂੰ ਲਾਗੂ ਕਰਨਾ ਹੀ ਬਹੁਤ ਵੱਡਾ ਬੰਬ ਹੈ। ਅਖਬਾਰ ਇਹ ਵੀ ਲਿਖਦਾ ਹੈ ਕਿ ਦੇਸ਼ ਵਿੱਚ ਜਿੰਨੇ ਵੀ ਹਿੰਦੂ ਹਨ ਉਹਨਾਂ ਵਿੱਚ 74.5 ਫੀਸਦੀ ਤੋਂ ਵੱਧ ਅਨੁਸੂਚਿਤ ਜਾਤੀਆਂ, ਜਨ ਜਾਤੀਆਂ ਅਤੇ ਪੱਛੜੀਆਂ ਜਾਤੀਆਂ ਨਾਲ ਸਬੰਧਤ ਲੋਕ ਹਨ,ਭਾਵ 25.5 ਫੀਸਦੀ ਹੀ ਉੱਚ ਜਾਤੀਆਂ ਨਾਲ ਸਬੰਧਤ ਹਿੰਦੂ ਹਨ। ਅਖਬਾਰ ਮੁਤਾਬਿਕ ਬ੍ਰਾਹਮਣਵਾਦੀ ਵਿਚਾਰਧਾਰਾ ਦੇਸ਼ ਨੂੰ ਖੁਸ਼ਹਾਲੀ ਵੱਲ ਲਿਜਾਣ ਦੀ ਬਿਜਾਏ ਪਿਛਾਂਹ ਵੱਲ ਲਿਜਾ ਰਹੀ ਹੈ।
ਬਾਬਾ ਸਾਹਿਬ ਡਾ ਅੰਬੇਦਕਰ ਇੱਕ ਉੱਘੇ ਸਮਾਜ ਵਿਗਿਆਨੀ ਸਨ, ਉਨ੍ਹਾਂ ਨੇ ਸਾਰੇ ਧਰਮਾਂ ਦਾ ਬਹੁਤ ਹੀ ਬਰੀਕੀ ਨਾਲ ਅਧਿਐਨ ਕੀਤਾ ਹੋਇਆ ਸੀ ਜਦੋਂ ਕਿ ਉਨ੍ਹਾਂ ਦਾ ਹਿੰਦੂ ਧਰਮ ਬਾਰੇ ਤਾਂ ਬਹੁਤ ਹੀ ਡੂੰਘਾ ਅਧਿਐਨ ਸੀ, ਜਿਸ ਕਰਕੇ ਉਹ ਕਹਿੰਦੇ ਸਨ ਕਿ 'ਮੈਂ ਹਿੰਦੂ ਧਰਮ ਵਿੱਚ ਪੈਦਾ ਜਰੂਰ ਹੋਇਆਂ ਹਾਂ, ਪਰ ਮਰਾਂਗਾ ਨਹੀਂ '।ਡਾ ਅੰਬੇਦਕਰ ਭਲੀ ਭਾਂਤ ਜਾਣ ਗਏ ਸਨ ਕਿ ਦੇਸ਼ ਵਿੱਚ ਅੱਜ ਜੇ ਦਲਿਤਾਂ ਦੀ ਜਿੰਦਗੀ ਨਰਕ ਭਰੀ ਹੋਈ ਹੈ ਤਾਂ ਇਹ ਹਿੰਦੂਵਾਦੀ ਵਿਵਸਥਾ ਕਰਕੇ ਹੈ, ਕਿਉਂਕਿ ਹਿੰਦੂਵਾਦ ਜਾਤ ਪਾਤ ਦੇ ਢਾਂਚੇ ਉੱਤੇ ਸਥਾਪਿਤ ਹੈ। ਮਨੂ-ਸਿਮਰਤੀ ਨੇ ਦੇਸ਼ ਵਿੱਚ ਜਾਤ ਪਾਤ ਦੀਆਂ ਉੱਚੀਆਂ ਉੱਚੀਆਂ ਕੰਧਾਂ ਖੜੀਆਂ ਕਰਕੇ ਸਮਾਜ ਨੂੰ ਖੋਖਲਾ ਕਰ ਕੇ ਰੱਖ ਦਿੱਤਾ ਹੈ। ਡਾ ਅੰਬੇਦਕਰ ਨੇ ਸਿੱਖ ਧਰਮ ਦਾ ਅਧਿਐਨ ਕਰਨ ਤੋਂ ਬਾਅਦ ਵੇਖਿਆ ਕਿ ਸਿੱਖ ਧਰਮ ਮਾਨਵਤਾ ਦੀ ਗੱਲ ਕਰਦਾ ਹੈ, ਇਸ ਲਈ ਲਈ ਉਨ੍ਹਾਂ ਨੇ ਸਿੱਖ ਧਰਮ ਗ੍ਰਹਿਣ ਕਰਨ ਲਈ ਮਨ ਤਿਆਰ ਕੀਤਾ, ਪਰ ਉਸ ਵੇਲੇ ਦੇ ਸਿੱਖ ਧਰਮ ਦੇ ਠੇਕੇਦਾਰਾਂ ਨੇ ਉਨ੍ਹਾਂ ਨੂੰ ਸਿੱਖ ਬਣਨ ਤੋਂ ਰੋਕਣ ਲਈ ਰਾਹ ਵਿੱਚ ਤਰਾਂ ਤਰਾਂ ਦੇ ਅੜਿੱਕੇ ਢਾਹੇ, ਜਿਸ ਕਰਕੇ ਉਹ ਸਿੱਖ ਧਰਮ ਵਿੱਚ ਪ੍ਰਵੇਸ਼ ਨਾ ਕਰ ਸਕੇ। ਉਸ ਵੇਲੇ ਜੇ ਡਾ ਅੰਬੇਦਕਰ ਸਿੱਖ ਬਣ ਜਾਂਦੇ ਤਾਂ ਅੱਜ ਪੂਰੇ ਭਾਰਤ ਵਿੱਚ ਸਿੱਖਾਂ ਦਾ ਬੋਲਬਾਲਾ ਹੋਣਾ ਸੀ। ਜਦੋ ਸਿੱਖ ਧਰਮ ਦੇ ਠੇਕੇਦਾਰਾਂ ਨੇ ਡਾ ਅੰਬੇਦਕਰ ਨੂੰ ਸਿੱਖ ਬਣਨ ਤੋਂ ਰੋਕਿਆ ਤਾਂ ਉਹ ਬੁੱਧ ਧਰਮ ਵਿੱਚ ਪ੍ਰਵੇਸ਼ ਕਰ ਗਏ, ਕਿਉਂਕਿ ਉਹਨਾਂ ਨੇ ਬੁੱਧ ਧਰਮ ਦਾ ਅਧਿਐਨ ਵੀ ਬਹੁਤ ਡੂੰਘਾਈ ਵਿਚ ਕੀਤਾ ਹੋਇਆ ਸੀ, ਕਿ ਬੁੱਧ ਧਰਮ ਮਾਨਵਤਾ ਦੀ ਭਲਾਈ ਉਪਰ ਖੜਾ ਹੈ, ਇਸ ਵਿਚ ਵਰਨ ਵਿਵਸਥਾ ਨਹੀਂ ਹੈ।
ਸੱਚ ਤਾਂ ਇਹ ਹੈ ਕਿ ਜਦੋਂ ਤੱਕ ਦੇਸ਼ ਵਿੱਚ 'ਭਾਰਤੀ ਸੰਵਿਧਾਨ ' ਦੀ ਥਾਂ ਬ੍ਰਾਹਮਣਵਾਦੀ ਵਿਚਾਰਧਾਰਾ ਦੀਆਂ ਨੀਂਹਾਂ ਪੱਕੀਆਂ ਕਰਨ ਵਾਲੀ ਮਨੂ-ਸਿਮਰਤੀ ਲਾਗੂ ਹੈ, ਦੇਸ਼ ਵਿੱਚ ਖੁਸ਼ਹਾਲੀ ਲਿਆਉਣਾ ਅਸੰਭਵ ਜਾਪਦਾ ਹੈ। ਮਨੂ-ਸਿਮਰਤੀ ਲਾਗੂ ਹੋਣ ਕਰਕੇ ਦੇਸ਼ ਵਿੱਚ ਕਦੀ ਧਰਮ ਦੇ ਨਾਂ 'ਤੇ ਕਦੀ ਜਾਤ ਪਾਤ ਦੇ ਨਾਂ 'ਤੇ ਅਤੇ ਕਦੀ ਇਲਾਕਾਵਾਦ ਦੇ ਨਾਂ 'ਤੇ ਦੰਗੇ ਫਸਾਦਾਂ ਦਾ ਸਿਲਸਲਾ ਚਲਦਾ ਰਹੇਗਾ। ਜਦੋਂਕਿ ਦੇਸ਼ ਵਿੱਚ ਏਕਤਾ ,ਅਖੰਡਤਾ ਅਤੇ ਭਾਈਚਾਰਕ ਸਾਂਝ ਬਣਾ ਕੇ ਰੱਖਣ ਲਈ ਡਾ ਅੰਬੇਦਕਰ ਦੁਆਰਾ ਰਚਿਤ 'ਭਾਰਤੀ ਸੰਵਿਧਾਨ ' ਨੂੰ ਸਹੀ ਢੰਗ ਨਾਲ ਲਾਗੂ ਕਰਨਾ ਚਾਹੀਦਾ ਹੈ। ਭਾਰਤੀ ਸੰਵਿਧਾਨ ਨੇ ਦੇਸ਼ ਨੂੰ ਇਕ ਮੁੱਠੀ ਵਿੱਚ ਬੰਦ ਕਰ ਕੇ ਰੱਖਿਆ ਹੋਇਆ ਹੈ। ਭਾਰਤੀ ਸੰਵਿਧਾਨ ਦੇਸ਼ ਦੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਲਈ ਪਾਬੰਦ ਹੈ। ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਪਿਛਲੇ 70-71ਸਾਲਾਂ ਤੋਂ ਦੇਸ਼ ਨੂੰ ਖੇਰੂੰ ਖੇਰੂੰ ਹੋਣ ਤੋਂ ਬਚਾ ਕੇ ਰੱਖਣ ਵਾਲੇ ' ਭਾਰਤੀ ਸੰਵਿਧਾਨ ' ਦੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ ਹੈ,ਜਦੋਂ ਕਿ ਭਾਰਤੀ ਸੰਵਿਧਾਨ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ।
-ਸੁਖਦੇਵ ਸਲੇਮਪੁਰੀ
09780620233